Wednesday, July 11, 2012

Punjabi ਬਾਲ ਕਹਾਣੀ - ਨਕਲ ਦੇ ਨੰਬਰ

ਅੰਮ੍ਰਿਤਪਾਲ ਅਠਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਦਾ ਪੜ੍ਹਾਈ ਵਿਚ ਦਿਮਾਗ ਤਾਂ ਚੰਗਾ ਸੀ ਪਰ ਉਹ ਪੜ੍ਹਾਈ ਵਿਚ ਬਹੁਤੀ ਦਿਲਚਸਪੀ ਨਹੀਂ ਸੀ ਲੈਂਦਾ। ਉਹ ਪ੍ਰੀਖਿਆ ਦੇ ਨੇੜੇ ਆ ਕੇ ਭਾਵੇਂ ਥੋੜ੍ਹਾ-ਬਹੁਤ ਪੜ੍ਹ ਲੈਂਦਾ ਸੀ ਪਰ ਉਸ ਦਾ ਜ਼ਿਆਦਾ ਧਿਆਨ ਨਕਲ ਵਿਚ ਰਹਿੰਦਾ ਸੀ। ਉਹ ਨਕਲ ਦੇ ਸਹਾਰੇ ਚੰਗੇ ਨੰਬਰ ਲੈਣ ਦਾ ਯਤਨ ਕਰਦਾ ਸੀ। ਉਸ ਦੀ ਅਠਵੀਂ ਜਮਾਤ ਦੀ ਪ੍ਰੀਖਿਆ ਸ਼ੁਰੂ ਹੋਣ ਨੂੰ ਮਹੀਨਾ ਕੁ ਬਾਕੀ ਰਹਿ ਗਿਆ ਸੀ। ਉਹ ਪੜ੍ਹਦਾ ਬਹੁਤ ਘੱਟ ਸੀ। ਉਸ ਦੇ ਮਾਤਾ-ਪਿਤਾ ਉਸ ਨੂੰ ਵਾਰ-ਵਾਰ ਪੜ੍ਹਨ ਲਈ ਕਹਿ ਰਹੇ ਸਨ ਪਰ ਉਹ ਉਨ੍ਹਾਂ ਦੀ ਨਸੀਹਤ ਵੱਲ ਕੋਈ ਧਿਆਨ ਨਹੀਂ ਸੀ ਦੇ ਰਿਹਾ। ਉਸ ਨੇ ਆਪਣੇ ਜਮਾਤੀਆਂ ਨਾਲ ਪ੍ਰੀਖਿਆ ਵਿਚ ਨਕਲ ਮਾਰਨ ਦੀ ਯੋਜਨਾ ਬਣਾਉਣੀ ਆਰੰਭ ਕਰ ਦਿੱਤੀ ਸੀ। ਉਸ ਨੇ ਆਪਣੀ ਜਮਾਤ ਦੇ ਹੁਸ਼ਿਆਰ ਵਿਦਿਆਰਥੀ ਨਾਲ ਵੀ ਗੱਲਬਾਤ ਕਰ ਲਈ ਕਿ ਉਹ ਉਸ ਨੂੰ ਪ੍ਰੀਖਿਆ ਵਿਚ ਨਕਲ ਕਰਵਾ ਦੇਣ। ਉਸ ਨੇ ਨਕਲ ਲਈ ਪਰਚੀਆਂ ਲਿਜਾਣ ਦੀ ਤਿਆਰੀ ਵੀ ਕਰ ਲਈ।
ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੇ ਇਹ ਵੀ ਪਤਾ ਕਰ ਲਿਆ ਕਿ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਵਿਚ ਕਿਹੜੇ-ਕਿਹੜੇ ਅਧਿਆਪਕ ਦੀ ਡਿਊਟੀ ਲੱਗੀ ਹੈ। ਪ੍ਰੀਖਿਆ ਆਰੰਭ ਹੋ ਗਈ। ਉਸ ਨੇ ਅਧਿਆਪਕਾਂ ਤੋਂ ਚੋਰੀ ਆਪਣੇ ਆਲੇ-ਦੁਆਲੇ ਬੈਠੇ ਹੁਸ਼ਿਆਰ ਵਿਦਿਆਰਥੀਆਂ ਤੋਂ ਕਾਫੀ ਕੁਝ ਪੁੱਛ ਲਿਆ, ਪਰਚੀਆਂ ਵੀ ਚਲਾ ਲਈਆਂ। ਉਸ ਨੂੰ ਪ੍ਰੀਖਿਆ ਵਿਚ ਡਿਊਟੀ ਦੇ ਰਹੇ ਅਧਿਆਪਕ ਅਤੇ ਉਡਣ ਦਸਤੇ ਫੜ ਨਾ ਸਕੇ। ਉਹ ਪ੍ਰੀਖਿਆ ਵਿਚ ਨਕਲ ਕਰਕੇ ਬਹੁਤ ਖੁਸ਼ ਸੀ। ਪ੍ਰੀਖਿਆ ਖਤਮ ਹੋਣ ਤੋਂ ਬਾਅਦ ਉਹ ਆਪਣੇ ਮਾਸੀ ਜੀ ਕੋਲ ਚਲਾ ਗਿਆ। ਉਸ ਦੇ ਮਾਸੀ ਜੀ ਨੇ ਉਸ ਤੋਂ ਪੁੱਛਿਆ, ‘ਅੰਮ੍ਰਿਤਪਾਲ, ਕਿਸ ਤਰ੍ਹਾਂ ਦੇ ਹੋਏ ਨੇ ਤੇਰੇ ਪਰਚੇ, ਅਠਵੀਂ ਜਮਾਤ ਦੀ ਪ੍ਰੀਖਿਆ ਵਿਚੋਂ ਤੇਰੇ ਕਿੰਨੇ ਕੁ ਨੰਬਰ ਆ ਜਾਣਗੇ?’ ਉਸ ਨੇ ਹੌਲੇ ਜਿਹੇ ਜਵਾਬ ਦਿੱਤਾ, ‘ਠੀਕ ਹੋਏ ਨੇ ਮਾਸੀ ਜੀ।’
ਅੰਮ੍ਰਿਤਪਾਲ ਦੇ ਮਾਸੀ ਜੀ ਦਾ ਬੇਟਾ ਬਾਰ੍ਹਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਦੀ ਪ੍ਰੀਖਿਆ ਸ਼ੁਰੂ ਹੋਣ ਵਿਚ ਥੋੜ੍ਹੇ ਦਿਨ ਬਾਕੀ ਸਨ। ਉਸ ਨੇ ਪ੍ਰੀਖਿਆ ਦੀ ਤਿਆਰੀ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ। ਉਹ ਨਾ ਖੇਡਦਾ ਸੀ ਤੇ ਨਾ ਹੀ ਟੈਲੀਵਿਜ਼ਨ ਦੇਖਦਾ ਸੀ। ਅੰਮ੍ਰਿਤਪਾਲ ਉਸ ਨੂੰ ਪੜ੍ਹਦਿਆਂ ਦੇਖ ਬਹੁਤ ਹੈਰਾਨ ਸੀ। ਇਕ ਦਿਨ ਉਹ ਦੋਵੇਂ ਬੈਠੇ ਖਾਣਾ ਖਾ ਰਹੇ ਸਨ। ਉਸ ਨੇ ਝਕਦਿਆਂ-ਝਕਦਿਆਂ ਆਪਣੇ ਮਾਸੀ ਜੀ ਦੇ ਬੇਟੇ ਪ੍ਰਿਤਪਾਲ ਨੂੰ ਪ੍ਰਸ਼ਨ ਕੀਤਾ, ‘ਵੀਰ ਜੀ, ਤੁਸੀਂ ਤਾਂ ਪੜ੍ਹਦੇ ਹੀ ਬਹੁਤ ਹੋ। ਮੈਂ ਤਾਂ ਅੱਜ ਤੱਕ ਐਨਾ ਕਦੇ ਪੜ੍ਹਿਆ ਹੀ ਨਹੀਂ।’ ਪ੍ਰਿਤਪਾਲ ਨੇ ਹੱਸ ਕੇ ਉਸ ਨੂੰ ਪੁੱਛਿਆ, ‘ਤੂੰ ਜੇਕਰ ਪੜ੍ਹਦਾ ਨਹੀਂ ਤਾਂ ਪਾਸ ਕਿਵੇਂ ਹੁੰਦੈਂ?’ ਅੰਮ੍ਰਿਤਪਾਲ ਨੇ ਅੱਗੋਂ ਕਿਹਾ, ‘ਮੈਂ ਪੜ੍ਹਦਾ ਤਾਂ ਹਾਂ ਪਰ ਤੇਰੇ ਜਿੰਨਾ ਨਹੀਂ। ਬਸ, ਪ੍ਰੀਖਿਆ ਦੇ ਕੋਲ ਜਿਹੇ ਆ ਕੇ ਗੁਜ਼ਾਰੇ ਯੋਗਾ ਪੜ੍ਹ ਲਈਦੈ। ਜੋ ਕੁਝ ਪਰਚਿਆਂ ਵਿਚ ਆਉਂਦਾ ਹੁੰਦੈ, ਉਹ ਕਰ ਛੱਡੀਦੈ, ਜੋ ਕੁਝ ਨਹੀਂ ਆਉਂਦਾ ਹੁੰਦੈ, ਉਹ ਕੁਝ ਨਕਲ ਨਾਲ ਕਰ ਲਈਦੈ।’ ਉਸ ਦੀਆਂ ਗੱਲਾਂ ਉਸ ਤੋਂ ਥੋੜ੍ਹੀ ਦੂਰ ਬੈਠੀ ਉਸ ਦੇ ਮਾਸੀ ਜੀ ਦੀ ਕੁੜੀ ਪ੍ਰਭਜੋਤ ਵੀ ਸੁਣ ਰਹੀ ਸੀ। ਉਸ ਨੇ ਉਸ ਦੀਆਂ ਗੱਲਾਂ ਸੁਣ ਕੇ ਉਸ ਨੂੰ ਪ੍ਰਸ਼ਨ ਕੀਤਾ, ‘ਵੀਰ ਜੀ, ਪ੍ਰੀਖਿਆ ਵਿਚ ਤੁਹਾਡੇ ਨੰਬਰ ਕਿਵੇਂ ਆਉਂਦੇ ਨੇ?’ ਅੰਮ੍ਰਿਤਪਾਲ ਸ਼ੇਖੀ ਮਾਰਦਿਆਂ ਬੋਲਿਆ, ‘ਦੀਦੀ, ਆਪਾਂ ਨਕਲ ਹੀ ਇਸ ਤਰ੍ਹਾਂ ਮਾਰਦੇ ਹਾਂ ਕਿ ਸਾਡੇ ਨੰਬਰ ਵੀ ਕਾਫੀ ਆ ਜਾਂਦੇ ਹਨ।’ ਪ੍ਰਭਜੋਤ ਬੋਲਣ ਹੀ ਲੱਗੀ ਸੀ ਕਿ ਐਨੇ ਨੂੰ ਉਸ ਦੇ ਮੰਮੀ ਬੋਲ ਪਏ। ਉਨ੍ਹਾਂ ਨੇ ਕਿਹਾ, ‘ਪੁੱਤਰ, ਤੂੰ ਨਕਲ ਦੀਆਂ ਗੱਲਾਂ ਤਾਂ ਕਰੀ ਜਾਂਦੈਂ, ਕੀ ਤੂੰ ਇਹ ਵੀ ਜਾਣਦੈਂ ਕਿ ਨਕਲ ਦੇ ਨੰਬਰਾਂ ਦੀ ਕੀਮਤ ਕੁਝ ਨਹੀਂ ਹੁੰਦੀ। ਉਨ੍ਹਾਂ ਨੰਬਰਾਂ ਨਾਲ ਨਾ ਤੇਰੇ ਪੱਲੇ ਗਿਆਨ ਹੋਵੇਗਾ, ਨਾ ਤੇਰੇ ਕੋਲੋਂ ਕੋਈ ਦਾਖਲਾ ਟੈਸਟ ਪਾਸ ਹੋ ਸਕੇਗਾ ਤੇ ਨਾ ਹੀ ਤੈਨੂੰ ਕੋਈ ਨੌਕਰੀ ਮਿਲੇਗੀ।’ ਅੰਮ੍ਰਿਤਪਾਲ ਆਪਣੇ ਮਾਸੀ ਜੀ ਦੀਆਂ ਗੱਲਾਂ ਸੁਣ ਕੇ ਕੋਈ ਜਵਾਬ ਨਹੀਂ ਦੇ ਸਕਿਆ। ਉਹ ਸੋਚਣ ਲਈ ਮਜਬੂਰ ਹੋ ਗਿਆ ਕਿ ਨਕਲ ਦੇ ਨੰਬਰਾਂ ਦੀ ਕੋਈ ਕੀਮਤ ਨਹੀਂ ਹੁੰਦੀ।
-ਵਿਜੈ ਕੁਮਾਰ (ਲੈਕਚਰਾਰ),
ਡੀ-7, ਨੰਗਲ ਟਾਊਨਸ਼ਿਪ (ਰੋਪੜ)

0 Comments:

Post a Comment

Subscribe to Post Comments [Atom]

<< Home