Punjabi Kahani- ਮੋਰ ਦੇ ਖੰਭ
ਪਿੰਟੂ ਬੜਾ ਚੁਸਤ ਤੇ ਫ਼ੁਰਤੀਲਾ ਲੜਕਾ ਸੀ। ਘਰ ਬਾਹਰ ਦੇ ਕੰਮ ਅਤੇ ਖੇਡਾਂ ਵਿਚ ਉਡਿਆ ਫਿਰਦਾ ਸੀ ਪਰ ਉਹ ਪੜ੍ਹਾਈ ਵਲੋਂ ਬੜਾ ਕੰਮਚੋਰ ਸੀ। ਇਸ ਕਰਕੇ ਉਸ ਦੀ ਗਿਣਤੀ ਜਮਾਤ ਦੇ ਕਮਜ਼ੋਰ ਬੱਚਿਆਂ ਵਿਚ ਹੁੰਦੀ ਸੀ। ਉਹ ਅਕਸਰ ਸੋਚਦਾ ਕਿ ਉਸ ਕੋਲ ਅਜਿਹਾ ਜਾਦੂ ਹੋਵੇ, ਜਿਸ ਨਾਲ ਉਹ ਪੜ੍ਹਾਈ ਵਿਚ ਹੁਸ਼ਿਆਰ ਹੋ ਜਾਵੇ ਪਰ ਉਸ ਦੀ ਇਹ ਇੱਛਾ ਪੂਰੀ ਨਾ ਹੋ ਸਕੀ। ਇਕ ਦਿਨ ਉਸ ਨੂੰ ਕਿਤੋਂ ਪਤਾ ਲੱਗਿਆ ਕਿ ਪੁਸਤਕਾਂ ਵਿਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਆਉਣ ਲਗਦੀ ਹੈ, ਬੱਸ ਫਿਰ ਕੀ ਸੀ, ਦੂਜੇ ਹੀ ਦਿਨ ਉਹ ਆਪਣੇ ਖੇਤਾਂ ਵਿਚ ਗਿਆ। ਉਸ ਨੂੰ ਪਤਾ ਸੀ ਕਿ ਉਨ੍ਹਾਂ ਦੇ ਖੇਤਾਂ ਵਿਚ ਮੋਰ ਰਹਿੰਦੇ ਹਨ।
ਖੇਤ ਪਹੁੰਚ ਕੇ ਉਹ ਕੁਝ ਮੋਰਾਂ ਦੇ ਪਿੱਛੇ ਪੈ ਗਿਆ। ਮੋਰ ਆਪਣੇ ਬਚਾਓ ਲਈ ਕਈ ਵਾਰ ਦੂਰ-ਦੂਰ ਉਡੇ ਪਰ ਪਿੰਟੂ ਵੀ ਛੇਤੀ ਹਥਿਆਰ ਸੁੱਟਣ ਵਾਲਾ ਨਹੀਂ ਸੀ। ਬਰਾਬਰ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ। ਥੱਕੇ ਟੁੱਟੇ ਦੋ ਮੋਰ ਆਖ਼ਰ ਇਕ ਰੁੱਖ ’ਤੇ ਜਾ ਬੈਠੇ। ਉਨ੍ਹਾਂ ਦੇ ਖੰਭ ਰੁੱਖ ਦੀਆਂ ਸੰਘਣੀਆਂ ਟਾਹਣੀਆਂ ਵਿਚ ਉਲਝ ਗਏ ਅਤੇ ਉਨ੍ਹਾਂ ਵਿਚੋਂ ਕੁਝ ਹੇਠਾਂ ਡਿੱਗ ਪਏ। ਪਿੰਟੂ ਦੀ ਖ਼ੁਸ਼ੀ ਦੀ ਹੱਦ ਨਾ ਰਹੀ। ਉਸ ਨੂੰ ਗੁਜ਼ਾਰੇ ਜੋਗੇ ਖੰਭ ਮਿਲ ਗਏ।
ਰਸਤੇ ਵਿਚ ਉਸ ਨੂੰ ਆਪਣਾ ਅਧਿਆਪਕ ਆਉਂਦਾ ਦਿਖਾਈ ਦਿੱਤਾ। ਉਨ੍ਹਾਂ ਨੂੰ ਦੇਖਦਿਆਂ ਹੀ ਪਿੰਟੂ ਕੁਝ ਘਬਰਾ ਗਿਆ। ਉਹ ਖੰਭਾਂ ਨੂੰ ਕਿਧਰੇ ਛੁਪਾਉਣਾ ਚਾਹੁੰਦਾ ਸੀ ਪਰ ਇੰਨੇ ਨੂੰ ਅਧਿਆਪਕ ਕੋਲ ਆ ਪਹੁੰਚਾ। ‘‘ਇਹ ਮੋਰ ਦੇ ਖੰਭ ਕਿਸ ਲਈ ਲਿਆ ਰਿਹਾ ਹੈਂ, ਪਿੰਟੂ...? ਅੱਜ ਛੁੱਟੀ ਏ, ਘਰ ਬਹਿ ਕੇ ਕੁਝ ਪੜ੍ਹ ਲਿਖ ਲੈਣਾ ਸੀ।’’ ਅਧਿਆਪਕ ਨੇ ਉਸ ਨੂੰ ਰੋਕ ਕੇ ਕਿਹਾ।
‘‘ਜੀ...ਜੀ’’, ਪਿੰਟੂ ਦਾ ਸਾਹ ਸੁੱਕ ਗਿਆ।
ਅਧਿਆਪਕ ਉਸ ਦੀ ਗੱਲ ਵਿਚ ਕੱਟਦੇ ਹੋਏ ਪੁੱਛਣ ਲੱਗੇ, ‘‘ਹਾਂ ਹਾਂ ਦੱਸ, ਕਾਹਦੇ ਲਈ ਲੈ ਕੇ ਆਇਆ ਏਂ ਇਹ ਖੰਭ? ਘਰ ਸਜਾਉਣਾ ਏਂ ਜਾਂ ਕਿਸੇ ਹੋਰ ਕੰਮ ਲਈ ਲੈ ਕੇ ਆਇਐਂ?’’
‘‘ਜੀ, ਇਨ੍ਹਾਂ ਨੂੰ ਆਪਣੀਆਂ ਪੁਸਤਕਾਂ ਵਿਚ ਰੱਖਾਂਗਾ।’’ ਪਿੰਟੂ ਨੇ ਆਖ਼ਰ ਗੱਲ ਕਹਿ ਹੀ ਦਿੱਤੀ।
‘‘ਪੁਸਤਕਾਂ ਵਿਚ ਕਾਹਦੇ ਲਈ ਰੱਖੇਂਗਾ?’’ ਅਧਿਆਪਕ ਜਾਣਦੇ ਹੋਏ ਵੀ ਉਸ ਨੂੰ ਪੁੱਛਣ ਲੱਗੇ।
ਨੀਵੀਂ ਪਾਈਂ ਖੜ੍ਹੇ ਪਿੰਟੂ ਨੇ ਜਵਾਬ ਦਿੱਤਾ, ‘‘ਜੀ ਇਨ੍ਹਾਂ ਨੂੰ ਪੁਸਤਕਾਂ ਵਿਚ ਰੱਖਣ ਨਾਲ ਪੜ੍ਹਾਈ ਆਉਣ ਲਗਦੀ ਏ। ਇਸ ਲਈ...।’’
ਅਧਿਆਪਕ ਹੱਸ ਪਏ ਤੇ ਪਿੰਟੂ ਨੂੰ ਕਲਾਵੇ ਵਿਚ ਲੈ ਕੇ ਕਹਿਣ ਲੱਗੇ, ਪਿੰਟੂ ਪੁੱਤਰ ਮੋਰ ਦੇ ਖੰਭਾਂ ਨੂੰ ਪੁਸਤਕਾਂ ਵਿਚ ਰੱਖਣ ਨਾਲ ਹੀ ਪੜ੍ਹਾਈ ਆਉਣ ਲੱਗ ਜਾਵੇ ਤਾਂ ਬੱਚੇ ਸਕੂਲ ਕਾਹਦੇ ਲਈ ਆਉਣ? ਫੇਰ ਕੁਝ ਚਿਰ ਬਾਅਦ ਉਹ ਪਿੰਟੂ ਨੂੰ ਪਿਆਰ ਨਾਲ ਕਹਿਣ ਲੱਗੇ, ‘‘ਪਿੰਟੂ ਪੁੱਤਰ, ਇਹੋ ਜਿਹੀਆਂ ਗੱਲਾਂ ਤਾਂ ਕੇਵਲ ਅਣਜਾਣ ਅਤੇ ਕੰਮਚੋਰ ਵਿਦਿਆਰਥੀ ਹੀ ਸੋਚਦੇ ਨੇ। ਮਿਹਨਤੀ ਵਿਦਿਆਰਥੀ ਇਹੋ ਜਿਹੇ ਫ਼ੋਕੇ ਵਹਿਮਾਂ ਵਿਚ ਉ¤ਕਾ ਨਹੀਂ ਪਿਆ ਕਰਦੇ। ਤੈਨੂੰ ਇਸ ਤਰ੍ਹਾਂ ਦਾ ਵਿਦਿਆਰਥੀ ਨਹੀਂ ਬਣਨਾ ਚਾਹੀਦਾ।’’
ਪਿੰਟੂ ਨੇ ਭਾਵੇਂ ਨੀਵੀਂ ਪਾਈ ਹੋਈ ਪਰ ਅਧਿਆਪਕ ਦੀਆਂ ਗੱਲਾਂ ਉਹ ਬੜੇ ਧਿਆਨ ਨਾਲ ਸੁਣਾ ਰਿਹਾ ਸੀ। ਅਧਿਆਪਕ ਉਸ ਦੀ ਪਿੱਠ ਥਾਪੜਦੇ ਹੋਏ ਬੋਲੇ, ‘‘ਪੁੱਤਰ, ਤੈਨੂੰ ਮੋਰ ਦੇ ਖੰਭਾਂ ਨਾਲ ਨਹੀਂ ਸਗੋਂ ਮਿਹਨਤ ਦੇ ਖੰਡਾਂ ਨਾਲ ਪੜ੍ਹਾਈ ਆਉਣੀ ਏ। ਜਿੰਨੀ ਤੂੰ ਮਿਹਨਤ ਕਰੇਂਗਾ, ਓਨੀ ਹੀ ਤੈਨੂੰ ਪੜ੍ਹਾਈ ਆਵੇਗੀ। ਮੋਰ ਖੰਭ ਤਾਂ ਸੁੰਦਰਤਾ ਅਤੇ ਵਿਦਿਆ ਦੀ ਇੱਜ਼ਤ ਦੀ ਨਿਸ਼ਾਨੀ ਨੇ।’’
ਇਸ ਘਟਨਾ ਤੋਂ ਬਾਅਦ ਪਿੰਟੂ ਇਕਦਮ ਬਦਲ ਗਿਆ। ਪੜ੍ਹਨ ਤੇ ਲਿਖਣ ਦੇ ਕੰਮ ਵਿਚ ਉਸ ਦੀ ਦਿਲਚਸਪੀ ਵਧ ਗਈ। ਹੁਣ ਤਾਂ ਉਹ ਸਗੋਂ ਆਪਣੇ ਫ਼ਾਲਤੂ ਸਮੇਂ ਵਿਚ ਮਾਪਿਆਂ ਦੇ ਕੰਮਾਂ ਵਿਚ ਵੀ ਹੱਥ ਵਟਾਉਂਦਾ। ਉਸ ਦੇ ਪਿਤਾ ਲੱਕੜੀ ਦੇ ਕੰਮ ਦੇ ਮੰਨੇ ਹੋਏ ਕਾਰੀਗਰ ਸਨ। ਪਿੰਟੂ ਵੀ ਆਪਣੀ ਪੜ੍ਹਾਈ ਆਦਿ ਦੇ ਕੰਮਾਂ ਤੋਂ ਬਚਦੇ ਸਮੇਂ ਵਿਚ ਉਨ੍ਹਾਂ ਦੀ ਮਦਦ ਕਰਦਾ ਤੇ ਦਿਨਾਂ ਵਿਚ ਹੀ ਉਸ ਨੂੰ ਸੋਹਣੇ ਖਿਡੌਣੇ ਬਣਾਉਣ ਦੀ ਜਾਚ ਆ ਗਈ। ਨਿਕੜੇ ਤੇ ਪਿਆਰੇ-ਪਿਆਰੇ ਹਾਥੀ, ਟਰੈਕਟਰ, ਜਹਾਜ਼, ਕਾਰਾਂ ਅਤੇ ਘੋੜੇ ਆਦਿ। ਬਣਾਈਆਂ ਵੰਨਗੀਆਂ ਉਹ ਨੇੜਲੇ ਪਿੰਡ ਦੇ ਮੇਲੇ ਵਿਚ ਲੈ ਗਿਆ। ਉਸ ਨੇ ਕਿੰਨੇ ਸਾਰੇ ਪੈਸੇ ਵੀ ਵੱਟੇ। ਪਿੰਟੂ ਹੁਣ ਕਿਤਾਬਾਂ ਵਿਚ ਮੋਰ ਦੇ ਖੰਭ ਨਹੀਂ ਸੀ ਰੱਖਦਾ। ਸਕੂਲੋਂ ਘਰ ਆ ਕੇ ਉਹ ਨੇਮ ਨਾਲ ਪੜ੍ਹਾਈ ਵਿਚ ਜੁਟ ਜਾਂਦਾ। ਇੰਨਾ ਸੋਹਣਾ ਉਹ ਪਹਿਲਾਂ ਕਦੇ ਨਹੀਂ ਸੀ ਲਿਖਦਾ। ਉਸ ਨੂੰ ਲੱਗਾ, ਉਹਦੇ ਅੱਖਰਾਂ ਨੂੰ ਮੋਰ ਖੰਭ ਨਿਕਲ ਆਏ ਸਨ।
ਦਰਸ਼ਨ ਸਿੰਘ ਆਸ਼ਟ (ਡਾ.)
0 Comments:
Post a Comment
Subscribe to Post Comments [Atom]
<< Home