Wednesday, July 11, 2012

Punjabi kahani- ਜ਼ਿੰਦਗੀ ਦਾ ਇਮਤਿਹਾਨ

ਅੱਜ ਬੱਚਿਆਂ ਦਾ ਸਾਲਾਨਾ ਨਤੀਜਾ ਨਿਕਲਣਾ ਸੀ, ਜਿਸ ਕਰਕੇ ਸਕੂਲਾਂ ਵਿਚ ਬੜੀ ਗਹਿਮਾ-ਗਹਿਮੀ ਸੀ। ਸਾਰੇ ਬੱਚੇ ਬੜੇ ਸਜ-ਧਜ ਕੇ ਸਕੂਲ ਆ ਰਹੇ ਸਨ। ਬਹੁਤੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਂ-ਪਿਓ ਵੀ ਸਨ।
ਹੁਣ ਸਾਰੇ ਬੱਚੇ ਆਪੋ-ਆਪਣੀਆਂ ਕਲਾਸਾਂ ਵਿਚ ਜਾਣ ਲੱਗੇ, ਕਿਉਂਕਿ ਹਰ ਕਲਾਸ ਦੇ ਇੰਚਾਰਜ ਅਧਿਆਪਕ ਆਪਣੇ ਬੱਚਿਆਂ ਦੇ ਰਿਪੋਰਟ ਕਾਰਡ ਲੈ ਕੇ ਕਲਾਸਾਂ ਵੱਲ ਚੱਲ ਪਏ ਸਨ।
ਛੇਵੀਂ ਕਲਾਸ ਦੇ ਬੱਚਿਆਂ ਵਿਚ ਐਤਕੀਂ ਨਤੀਜੇ ਦੀ ਕੁਝ ਜ਼ਿਆਦਾ ਹੀ ਉਤਸੁਕਤਾ ਸੀ। ਸਾਰੇ ਬੱਚੇ ਕਹਿ ਰਹੇ ਸਨ ਕਿ ਐਤਕੀਂ ਕੋਮਲ ਪਹਿਲੇ ਨੰਬਰ ’ਤੇ ਆਏਗੀ। ਨਤੀਜਾ ਨਿਕਲਿਆ ਤਾਂ ਹਰ ਸਾਲ ਦੀ ਤਰ੍ਹਾਂ ਪੂਨਮ ਪਹਿਲੇ ਨੰਬਰ ’ਤੇ ਆਈ ਅਤੇ ਕੋਮਲ ਦੂਸਰੇ ਨੰਬਰ ’ਤੇ। ਸਾਰੇ ਬੱਚੇ ਅਤੇ ਅਧਿਆਪਕ ਵੀ ਬੜੇ ਹੈਰਾਨ ਹੋਏ, ਕਿਉਂਕਿ ਪੂਨਮ ਦੇ ਪਿਤਾ ਜੀ ਬੜੇ ਬਿਮਾਰ ਹੋ ਗਏ ਸਨ। ਮਹੀਨਾ-ਸਵਾ ਮਹੀਨਾ ਬਿਮਾਰ ਰਹਿਣ ਤੋਂ ਬਾਅਦ ਉਹ ਸਵਰਗਵਾਸ ਹੋ ਗਏ, ਜਿਸ ਕਰਕੇ ਪੂਨਮ ਦੋ ਮਹੀਨੇ ਸਕੂਲ ਨਾ ਆ ਸਕੀ। ਸਕੂਲ ਆਉਣ ਤੋਂ ਕੁਝ ਦਿਨ ਬਾਅਦ ਹੀ ਪੇਪਰ ਸ਼ੁਰੂ ਹੋ ਗਏ। ਪੂਨਮ ਦੀ ਪੂਰੀ ਤਿਆਰੀ ਨਾ ਹੋਣ ਕਾਰਨ ਸਾਰਿਆਂ ਨੇ ਸੋਚ ਲਿਆ ਕਿ ਐਤਕੀਂ ਕੋਮਲ ਪਹਿਲੇ ਨੰਬਰ ’ਤੇ ਆਏਗੀ।
ਕੋਮਲ ਅਤੇ ਪੂਨਮ ਦੋਵੇਂ ਹੀ ਬੜੀਆਂ ਲਾਇਕ ਕੁੜੀਆਂ ਸਨ। ਉਹ ਨਰਸਰੀ ਤੋਂ ਲੈ ਕੇ ਹੁਣ ਤੱਕ ਇਕੱਠੀਆਂ ਇਕੋ ਸਕੂਲ ਵਿਚ ਪੜ੍ਹਦੀਆਂ ਸਨ। ਦੋਵਾਂ ਦਾ ਆਪਸੀ ਪਿਆਰ ਪੱਕੇ ਸਹੇਲਪੁਣੇ ਵਿਚ ਬਦਲ ਗਿਆ। ਨਰਸਰੀ ਤੋਂ ਪੂਨਮ ਹਮੇਸ਼ਾ ਫਸਟ ਆਉਂਦੀ ਅਤੇ ਕੋਮਲ ਸੈਕਿੰਡ। ਇਹ ਗੱਲ ਕੋਮਲ ਨੇ ਕਦੀ ਵੀ ਮਹਿਸੂਸ ਨਹੀਂ ਸੀ ਕੀਤੀ। ਉਹ ਇਹ ਗੱਲ ਮੰਨਦੀ ਸੀ ਕਿ ਪੂਨਮ ਵਾਕਿਆ ਹੀ ਬਹੁਤ ਲਾਇਕ ਹੈ।
ਨਤੀਜੇ ਤੋਂ ਅਗਲੇ ਦਿਨ ਇੰਚਾਰਜ ਅਧਿਆਪਕ ਨੇ ਕੋਮਲ ਦੇ ਪੇਪਰ ਮੁੜ ਕੇ ਕੱਢੇ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਉਸ ਨੇ ਦੇਖਿਆ ਕਿ ਬੜੇ ਸੌਖੇ-ਸੌਖੇ ਸਵਾਲਾਂ ਦੇ ਕੋਮਲ ਨੇ ਜਵਾਹ ਹੀ ਨਹੀਂ ਲਿਖੇ, ਜਿਸ ਕਰਕੇ ਉਸ ਦੇ ਨੰਬਰ ਘੱਟ ਆਏ ਹਨ। ਅਧਿਆਪਕ ਨੇ ਕੋਮਲ ਨੂੰ ਵੱਖਰਾ ਬੁਲਾ ਕੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ, ‘ਪੂਨਮ ਉ¤ਪਰ ਐਡੀ ਵੱਡੀ ਬਿਪਤਾ ਆ ਪਈ, ਜਿਸ ਕਰਕੇ ਉਸ ਕੋਲੋਂ ਪੜ੍ਹਾਈ ਨਹੀਂ ਹੋ ਸਕੀ। ਮੈਂ ਜੇ ਸਾਰੇ ਸਵਾਲਾਂ ਦੇ ਜਵਾਬ ਲਿਖ ਦਿੰਦੀ ਤਾਂ ਮੈਂ ਫਸਟ ਆ ਜਾਂਦੀ ਪਰ ਇਸ ਤਰ੍ਹਾਂ ਫਸਟ ਆਉਣਾ ਮੈਨੂੰ ਚੰਗਾ ਨਹੀਂ ਸੀ ਲੱਗਣਾ। ਉਸ ਦੇ ਪਿਤਾ ਜੀ ਪੂਰੇ ਹੋ ਗਏ, ਜਿਸ ਕਰਕੇ ਉਹ ਬਹੁਤ ਦੁਖੀ ਹੈ। ਉਹ ਕਿਉਂਕਿ ਸ਼ੁਰੂ ਤੋਂ ਫਸਟ ਆਉਂਦੀ ਰਹੀ ਹੈ, ਇਸ ਕਰਕੇ ਜੇ ਉਹ ਸੈਕਿੰਡ ਆ ਜਾਂਦੀ ਤਾਂ ਉਸ ਦਾ ਦੁੱਖ ਹੋਰ ਵਧ ਜਾਣਾ ਸੀ। ਇਸ ਕਰਕੇ ਮੈਂ ਕੁਝ ਸਵਾਲਾਂ ਦੇ ਜਵਾਬ ਨਹੀਂ ਸੀ ਲਿਖੇ। ਮੈਡਮ ਜੀ! ਮੇਰੀ ਇਕ ਬੇਨਤੀ ਹੈ ਕਿ ਇਹ ਗੱਲ ਤੁਸੀਂ ਸਿਰਫ ਆਪਣੇ ਤੱਕ ਹੀ ਰੱਖਣਾ। ਜੇ ਇਹ ਗੱਲ ਬਾਹਰ ਚਲੀ ਗਈ ਅਤੇ ਪੂਨਮ ਤੱਕ ਪਹੁੰਚ ਗਈ ਤਾਂ ਉਸ ਨੂੰ ਜਿਹੜੀ ਥੋੜ੍ਹੀ ਜਿਹੀ ਖੁਸ਼ੀ ਮਿਲੀ ਹੈ, ਉਹ ਫਿਰ ਦੁੱਖ ਵਿਚ ਬਦਲ ਜਾਵੇਗੀ।’
ਇੰਚਾਰਜ ਮੈਡਮ ਨੇ ਕਿਹਾ, ‘ਬੇਟਾ ਕੋਮਲ! ਤੂੰ ਭਾਵੇਂ ਇਮਤਿਹਾਨ ਵਿਚੋਂ ਸੈਕਿੰਡ ਆਈ ਹੈਂ ਪਰ ਤੇਰਾ ਹਿਰਦਾ ਤੇਰੇ ਨਾਂਅ ਵਾਂਗ ਹੀ ਬਹੁਤ ਕੋਮਲ ਹੈ ਅਤੇ ਜਿਹੜੀ ਭਾਵਨਾ ਤੂੰ ਦਿਖਾਈ ਹੈ, ਉਸ ਨਾਲ ਤੂੰ ਜ਼ਿੰਦਗੀ ਦੇ ਇਮਤਿਹਾਨ ਵਿਚੋਂ ਫਸਟ ਆ ਗਈ ਹੈਂ। -
ਕੁਲਬੀਰ ਸਿੰਘ ਸੂਰੀ
ਅੰਮ੍ਰਿਤਸਰ।

0 Comments:

Post a Comment

Subscribe to Post Comments [Atom]

<< Home