Wednesday, July 11, 2012

Punjabi kahani- ਜੋਤਸ਼ੀ

ਜੋਤਸ਼ੀ ਧਰਮਦੀਨ ਦੀ ਚਾਰੇ ਪਾਸੇ ਬੱਲੇ-ਬੱਲੇ ਸੀ। ਹਰੇਕ ਅਖ਼ਬਾਰ, ਪੂਰੇ ਟੀ. ਵੀ. ਚੈਨਲ, ਆਪਣੇ ਭਵਿੱਖ ਦਾ ਸਾਰਾ ਤਾਣਾ-ਬਾਣਾ ਧਰਮਦੀਨ ਤੋਂ ਹੀ ਪੁੱਛਦੇ। ਕੋਈ ਆਪਣੇ ਪ੍ਰੇਮ ਵਿਆਹ ਦੀ ਗੱਲ ਕਰਦਾ, ਕੋਈ ਵਾਅਦੇ ਕਰਕੇ ਭੱਜੇ ਮੁੰਡੇ ਬਾਰੇ ਪੁੱਛਦੀ, ਕੋਈ ਪਤਨੀ ਦੇ ਰੋਜ਼ ਦੇ ਕਲੇਸ਼ ਤੋਂ ਦੁਖੀ, ਕੋਈ ਪਤਨੀ ਰਾਤ ਦੇ ਬਾਰਾਂ-ਬਾਰਾਂ ਵਜੇ ਘਰ ਮੁੜਦੇ ਪਤੀ ਲਈ ਉਪਾਏ ਕਰਵਾਉਣ ਲਈ ਫੋਨ ਕਰਦੀ। ਧਰਮਦੀਨ ਜੋਤਸ਼ੀ ਤਾਂ ਏਨਾ ਮਸ਼ਹੂਰ ਹੋ ਗਿਆ ਸੀ ਕਿ ਉਹ ਆਦਮੀ ਔਰਤ ਦੀ ਮੌਤ ਦਾ ਸਮਾਂ ਦੱਸ ਸਕਦਾ ਸੀ। ਲੋਕਾਈ ਉਸ ਨੂੰ ਜੋਤਸ਼ੀ ਘੱਟ ਤੇ ਰੱਬ ਵੱਧ ਕਹਿਣ ਲੱਗ ਪਈ ਸੀ। ਹੁਣ ਤਾਂ ਫੋਨ ’ਤੇ ਸਮਾਂ ਲੈਣਾ ਪੈਂਦਾ ਸੀ ਕਿਉਂਕਿ ਲੋਕਾਂ ਦੀਆਂ ਹੱਥ ਲਕੀਰਾਂ ਨਾਲ ਮੱਥਾ ਮਾਰਦਾ-ਮਾਰਦਾ ਵਿਚਾਰਾ ਥੱਕ ਜਾਂਦਾ ਸੀ। ਐਤਵਾਰ ਤਾਂ ਉਸ ਦਾ ਘਰ ਦੀ ਅਗਲੀ ਬੈਠਕ ’ਚ ਬਣਾਇਆ ਜੋਤਿਸ਼ ਕੇਂਦਰ ਕਿਸੇ ਵੱਡੇ ਹਸਪਤਾਲ ਵਾਂਗ ਭੀੜ-ਭੜੱਕੇ ਨਾਲ ਪੂਰਾ ਭਰਿਆ ਹੁੰਦਾ। ਜਨਤਾ ਉਬਾਸੀਆਂ ਲੈ-ਲੈ ਕੇ ਵਾਰੀ ਦੀ ਉਡੀਕ ਕਰਦੀ ਕਿਉਂਕਿ ਇਸ ਦਿਨ ਪੜ੍ਹੇ-ਲਿਖੇ ਵਰਗ ਦੇ ਲੋਕ ਮੋਟੀਆਂ ਰਕਮਾਂ ਰਾਹੀਂ ਆਪਣੀ ਜੀਵਨ ਕੁੰਡਲੀ ਬਣਵਾਉਂਦੇ। ਆਪਣੀ ਪਤਨੀ ਦੀ ਜ਼ਿੱਦ ਅੱਗੇ ਮੇਰੀ ਵੀ ਕੋਈ ਪੇਸ਼ ਨਾ ਗਈ। ਸੋਚਿਆ ਜੇ ਇਸ ਦੇ ਕਹਿਣੇ ਨਾ ਲੱਗਿਆ, ਦੋ ਰੋਟੀਆਂ ਤੋਂ ਵੀ ਵਾਂਝਾ ਨਾ ਹੋ ਜਾਵਾਂ। ਮੈਂ ਵੀ ਆਪਣੀ ਕੁੰਡਲੀ ਦਿਖਵਾਉਣ ਜਾ ਦਿੱਤਾ ਧਰਨਾ। ਬੱਲੇ-ਬੱਲੇ ਅੰਤਾਂ ਦੀ ਭੀੜ। ਮੈਂ ਦੋ-ਚਾਰਾਂ ਨੂੰ ਪੁੱਛਿਆ, ਜਿਹੜੇ ਅੰਦਰੋਂ ਨਿਕਲੇ ਸੀ, ਬਾਈ ਕਿਵੇਂ ਐਂ? ਕੀ ਪੁੱਛਦਾ ਬਾਈਂ ਅੰਤਰਜਾਮੀ ਐ ਅੰਤਰਾਜਮੀ ਕਈ ਘੰਟਿਆਂ ਬਾਅਦ ਬੈਂਕ ’ਚੋਂ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਵਾਂਗ ਮੈਂ ਵੀ ਅੰਦਰਲੇ ਦਰਵਾਜ਼ੇ ਕੋਲ ਪਹੁੰਚ ਹੀ ਗਿਆ। ਇਕ ਔਰਤ ਉਪਰਲੀ ਮੰਜ਼ਿਲ ਤੋਂ ਹਫੀ-ਹਫ਼ੀ ਸਭ ਨੂੰ ਪਿਛੇ ਧੱਕਦੀ ਹੋਈ ਕੰਨਿਆ ਦਾ ਹੱਥ ਫੜੀ ਬੈਠੇ ਜੋਤਸ਼ੀ ਨੂੰ ਕਾਲਰੋਂ ਘਸੀਟਦੀ ਹੋਈ ਬਾਹਰ ਨੂੰ ਖਿੱਚਦੀ ਕਹਿ ਰਹੀ ਸੀ, ‘ਲੋਕਾਂ ਦੇ ਭਵਿੱਖ ਦਿਆ ਰਖਵਾਲਿਆ ਫੋਨ ਆਇਐ, ਆਪਣੀ ਰੇਖਾ ਨੇ ਬਿਹਾਰ ਦੇ ਮਜ਼ਦੂਰ ਨਾਲ ਵਿਆਹ ਕਰਵਾ ਲਿਐ ਤੇ ਉਹ ਦਿੱਲੀ ਟੱਪ ਗਏ ਨੇ।’ ਸਾਰੇ ਲੋਕ ਬਿਟਰ-ਬਿਟਰ ਅੰਤਰਜਾਮੀ ਵੱਲ ਦੇਖਣ ਲੱਗੇ।
-ਜਗਸੀਰ ਸਿੰਘ ਲੁਹਾਰਾ

0 Comments:

Post a Comment

Subscribe to Post Comments [Atom]

<< Home