Wednesday, July 11, 2012

Punjabi ਬਾਲ ਕਹਾਣੀ : ਮੈਂ ਸ਼ਰਮਿੰਦਾ ਹਾਂ

ਪਾਲਾ ਤੇ ਬਲਜੀਤ ਇਕ ਕਸਬੇ ਵਿਚ ਰਹਿੰਦੇ ਸਨ। ਦੋਵੇਂ ਚੌਥੀ ਵਿਚ ਪੜ੍ਹਦੇ ਸਨ। ਪਾਲੇ ਦੇ ਪਿਤਾ ਮੋਚੀ ਸਨ। ਬਲਜੀਤ ਦੇ ਪਿਤਾ ਕੋਲ ਬਹੁਤ ਸਾਰੀ ਜ਼ਮੀਨ ਸੀ। ਬਲਜੀਤ ਫ਼ਜ਼ੂਲ ਖ਼ਰਚੀ ਕਰਦਾ ਰਹਿੰਦਾ। ਉਹ ਪਾਲੇ ਨੂੰ ਚੰਗਾ ਨਹੀਂ ਸੀ ਸਮਝਦਾ। ਉਹ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦਾ ਰਹਿੰਦਾ। ਘਰ ਦੀ ਮਾਲੀ ਹਾਲਤ ਬਹੁਤ ਮਾੜੀ ਹੋਣ ਕਾਰਨ ਜਿਸ ਦਿਨ ਵਾਲੇ ਨੂੰ ਸਕੂਲੋਂ ਹਟਾ ਲਿਆ ਗਿਆ ਸੀ, ਉਸ ਦਿਨ ਬਲਜੀਤ ਬੜਾ ਖੁਸ਼ ਨਜ਼ਰ ਆ ਰਿਹਾ ਸੀ। ਗਰੀਬਾਂ ਦੇ ਕਰਮਾਂ ਵਿਚ ਪੜ੍ਹਾਈਆਂ ਕਿੱਥੇ? ਇਕ ਦਿਨ ਬਲਜੀਤ ਨੇ ਆਪਣੇ ਕਿਸੇ ਮਿੱਤਰ ਨੂੰ ਉਚੀ ਆਵਾਜ਼ ਵਿਚ ਕਿਹਾ। ਇਹ ਗੱਲ ਉਸ ਨੇ ਉਦੋਂ ਆਖੀ ਜਦੋਂ ਪਾਲਾ ਉਹਦੇ ਕੋਲੋਂ ¦ਘ ਰਿਹਾ ਸੀ। ਪਾਲਾ ਉਸ ਦੇ ਇਸ ਮਿਹਣੇ ਨੂੰ ਵਿਚੋਂ ਵਿਚੀ ਪੀ ਗਿਆ। ਇਸ ਤਰ੍ਹਾਂ ਇਕ ਵਾਰ ਨਹੀਂ ਕਈ ਵਾਰ ਹੋਇਆ ਸੀ। ਪਾਲਾ ਹੁਣ ਬੱਸ ਅੱਡੇ ’ਤੇ ਆਪਣੇ ਪਿਤਾ ਨਾਲ ਕੰਮ ਵਿਚ ਹੱਥ ਵਟਾਉਣ ਲੱਗ ਪਿਆ ਸੀ। ਪਾਲੇ ਨੂੰ ਨਿੱਕੇ ਨਿੱਕੇ ਹੱਥਾਂ ਨਾਲ ਜੁੱਤੀ ਵਿਚੋਂ ਤੇਜ਼ੀ ਨਾਲ ਸੂੁਈ ਕੱਢਦਿਆਂ ਤੱਕ ਕੇ ਉਹਦਾ ਪਿਤਾ ਉਸ ਨੂੰ ਥਾਪੀ ਦਿੰਦਾ, ‘ਵਾਹ ਮੇਰਾ ਪੁੱਤ! ਹੱਥੀਂ ਕੰਮ ਕਰਕੇ ਕਮਾਉਣ ਦੀ ਕੋਈ ਰੀਸ ਨਹੀਂ। ਇਸੇ ਤਰ੍ਹਾਂ ਮਿਹਨਤ ਕਰੀਂ। ਬਰਕਤ ਪੈਂਦੀ ਹੈ। ਪਿਤਾ ਦੇ ਅਜਿਹੇ ਬੋਲ ਸੁਣ ਕੇ ਪਾਲਾ ਹੋਰ ਵੀ ਹੌਂਸਲੇ ਵਿਚ ਆ ਜਾਂਦਾ। ਕਈ ਵਾਰ ਬਲਜੀਤ ਸਕੂਲੋਂ ਕੋਈ ਪੀਰੀਅਡ ਨਾ ਲਾਉਂਦਾ ਤੇ ਆਪਣੇ ਵਰਗੇ ਇਕ ਹੋਰ ਮਿੱਤਰ ਨਾਲ ਬੱਸ ਅੱਡੇ ਆ ਜਾਂਦਾ। ਜਿਸ ਨਿੰਮ ਦੇ ਰੁੱਖ ਹੇਠ ਪਾਲਾ ਕੰਮ ਕਰਦਾ ਸੀ, ਬਲਜੀਤ ਉਸ ਦੇ ਦੇ ਨੇੜਿਓਂ ਹੀ ਕੋਈ ‘ਠੰਡਾ’ ਲੈ ਕੇ ਆਪ ਵੀ ਪੀਂਦਾ ਤੇ ਦੋਸਤ ਨੂੰ ਵੀ ਪਿਆਉਂਦਾ ਪਰ ਨਾਲ ਹੀ ਪਾਲੇ ਵੱਲ ਵੇਖ ਕੇ ਕੋਈ ਮਜ਼ਾਕ ਕਰ ਦਿੰਦਾ। ਪਾਲਾ ਉਨ੍ਹਾਂ ਵੱਲ ਬਹੁਤਾ ਧਿਆਨ ਨਾ ਦਿੰਦਾ ਕਿਉਂਕਿ ਉਹ ਬਲਜੀਤ ਦੇ ਆਪਣੇ ਪ੍ਰਤੀ ਵਿਵਹਾਰ ਬਾਰੇ ਪਹਿਲਾਂ ਹੀ ਜਾਣਦਾ ਸੀ। ਉਹ ਕੰਮ ਵਿਚ ਮਗਨ ਰਹਿੰਦਾ। 
ਬਲਜੀਤ ਦੀਆਂ ਆਦਤਾਂ ਹੋਰ ਵਧੇਰੇ ਵਿਗੜਨ ਲੱਗੀਆਂ। ਘਰੋਂ ਤਾਂ ਉਹ ਸਕੂਲੇ ਪੜ੍ਹਨ ਆਉਂਦਾ ਸੀ ਪਰ ਉਹ ਮੌਕਾ ਪਾ ਕੇ ਲਾਗਲੇ ਸ਼ਹਿਰ ਦੇ ਸਿਨੇਮਾ ਘਰ ਫ਼ਿਲਮ ਦੇਖਣ ਚਲਾ ਜਾਂਦਾ। ਬਸਤਾ ਇਕ ਜਾਣ ਪਛਾਣ ਵਾਲੇ ਦੀ ਦੁਕਾਨ ’ਤੇ ਰੱਖ ਜਾਂਦਾ ਸੀ। ਕਈ ਵਾਰ ਉਹਦੇ ਨਾਲ ਉਹਦਾ ਕੋਈ ਦੋਸਤ ਹੁੰਦਾ ਪਰ ਕਈ ਵਾਰ ਉਹ ਇਕੱਲਾ ਹੀ ਹੁੰਦਾ। ਉਹ ਬੱਸ ਵਿਚ ਕਈ ਵਾਰ ਟਿਕਟ ਵੀ ਨਹੀਂ ਸੀ ਕਟਵਾਉਂਦਾ ਹੁੰਦਾ। ਇਕ ਦੋ ਵਾਰੀ ਤਾਂ ਉਸ ਨੂੰ ਚੈਕਰ ਨੇ ਖ਼ੂੁਬ ਡਾਂਟਿਆ ਵੀ ਸੀ ਪਰ ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਸ਼ਨੀਵਾਰ ਦਾ ਦਿਨ ਸੀ। ਸਕੂਲੋਂ ਸਾਢੇ ਕੁ ਬਾਰਾਂ ਵਜੇ ਛੁੱਟੀ ਹੋ ਜਾਣੀ ਸੀ। ਉਹ ਬੱਸ ਅੱਡੇ ’ਤੇ ਆਇਆ ਤਾਂ ਜੋ ਉਥੋਂ ਕਿਸੇ ਦੁਕਾਨ ’ਤੇ ਬਸਤਾ ਰੱਖ ਕੇ ਸ਼ਹਿਰ ਫ਼ਿਲਮ ਵੇਖਣ ਜਾ ਸਕੇ। ਸ਼ਹਿਰ ਨੂੰ ਜਾਣ ਵਾਲੀਆਂ ਸਵਾਰੀਆਂ ਦੀ ਕਾਫ਼ੀ ਭੀੜ ਸੀ। ਬਲਜੀਤ ਅਗਲੀ ਤਾਕੀ ਰਾਹੀਂ ਬੱਸ ਵਿਚ ਚੜ੍ਹ ਕੇ ਇਕ ਸੀਟ ’ਤੇ ਜਾ ਬੈਠਾ। ਪਾਲਾ ਵੀ ਪਿਛਲੀ ਸੀਟ ਰਾਹੀਂ ਬੱਸ ਵਿਚ ਸਵਾਰ ਹੋ ਗਿਆ ਤੇ ਬਲਜੀਤ ਤੋਂ ਤਿੰਨ ਚਾਰ ਸੀਟਾਂ ਪਿਛਾਂਹ ਬਹਿ ਗਿਆ। ਪਾਲੇ ਨੇ ਟਿਕਟ ਕਟਾ ਲਈ। ਬੱਸ ਵਿਚ ਭੀੜ ਦਾ ਫ਼ਾਇਦਾ ਉਠਾ ਕੇ ਬਲਜੀਤ ਨੇ ਟਿਕਟ ਨਾ ਕਟਾਈ। ਜਦੋਂ ਸ਼ਹਿਰ ਦੋ ਕੁ ਕਿਲੋਮੀਟਰ ਦੀ ਦੂਰ ’ਤੇ ਰਹਿ ਗਿਆ ਤਾਂ ਬੱਸ ਵਿਚ ਚੈਕਰ ਚੜ੍ਹ ਆਇਆ। ਉਸ ਨੂੰ ਤੱਕ ਕੇ ਬਲਜੀਤ ਦਾ ਇਕ ਦਮ ਰੰਗ ਉਡ ਗਿਆ। ਚੈਕਰ ਟਿਕਟਾਂ ਕੱਟਣ ਲੱਗਾ। 
‘ਟਿਕਟ ਵਿਖਾ ਕਾਕਾ।’ ਚੈਕਰ ਨੇ ਬਲਜੀਤ ਕੋਲ ਆ ਕੇ ਕਿਹਾ।
ਟਿਕਟ? ਟਿਕਟ? ਬਲਜੀਤ ਨੂੰ ਗੱਲ ਨਾ ਔੜੀ। 
‘ਹਾਂ ਹਾਂ ਟਿਕਟ। ਜਲਦੀ ਕਰ।’ ਚੈਕਰ ਨੇ ਅੱਖਾਂ ਕੱਢੀਆਂ। 
‘ਟਿਕਟ ਤਾਂ ਮੈਂ ਲਈ ਸੀ। ਇਥੇ ਕਿਤੇ ਡਿਗ ਗਈ ਹੈ ਜੀ...।’ ਬਲਜੀਤ ਸੀਟ ਤੋਂ ਖੜ੍ਹਾ ਹੋ ਕੇ ਸੀਟ ਹੇਠਾਂ ਤੱਕਣ ਦਾ ਢੌਂਗ ਰਚਣ ਲੱਗਾ। 
‘ਲਿਆ ਕੱਢ ਦਸ ਗੁਣਾ ਜੁਰਮਾਨਾ...।’ ਚੈਕਰ ਨੇ ਉਸ ਦਾ ਕੰਨ ਫੜ ਲਿਆ। 
‘ਮੈਂ....ਮੈਂ.....।’ ਬਲਜੀਤ ਘਾਬਰ ਗਿਆ। 
‘ਮੇੈਂ ਤੈਨੂੰ ਪਛਾਣ ਲਿਆ ਕਾਕਾ। ਰੋਜ ਇਹੀ ਕੰਮ ਕਰਦਾ ਮੈਂ। ਇਕ ਵਾਰ ਤੈਨੂੰ ਬੱਚਾ ਸਮਝ ਕੇ ਛੱਡ ਦਿੱਤਾ ਸੀ ਪਰ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਛੇਤੀ ਕੱਢ ਪੈਸੇ ਨਹੀਂ ਤਾਂ ਥਾਣੇ ’ਚ ਲੈ ਕੇ ਜਾਊਂ।’ ਚੈਕਰ ਅੜਿਆ ਹੋਇਆ ਸੀ। ਸਵਾਰੀਆਂ ਬਲਜੀਤ ਵੱਲ ਤੱਕਣ ਲੱਗ ਪਈਆਂ। ਉਹਦੀ ਬਦਨਾਮੀ ਹੋ ਰਹੀ ਸੀ। ਥਾਣੇ ਦਾ ਨਾਂ ਸੁਣ ਕੇ ਜਿਵੇਂ ਉਹਦੇ ਖਾਨਿਓਂ ਗਈ। ਉਸ ਨੇ ਜੇਬ ਵਿਚ ਹੱਥ ਮਾਰਿਆ। ਉਸ ਕੋਲ ਸਿਰਫ਼ ਪੰਜਾਹ ਰੁਪਏ ਸਨ ਜਦਕਿ ਦਸ ਗੁਣਾ ਜੁਰਮਾਨਾ ਸੱਤਰ ਰੁਪਏ ਬਣਦਾ ਸੀ। 
‘ਇਹੀ ਨੇ ਜੀ ਮੇਰੇ ਕੋਲ।’ ਬਲਜੀਤ ਬੋਲਿਆ। 
‘ਸਿੱਧਾ ਹੋ ਕੇ ਵੀਹ ਰੁਪਏ ਵੀ ਕੱਢ ਨਹੀਂ ਤਾਂ ਤੇਰੇ ਮਾਪੇ ਆ ਕੇ ਥਾਣੇ ’ਚੋਂ ਲੈ ਜਾਣਗੇ ਤੈਨੂੰ।’ ਚੈਕਰ ਨੇ ਫਿਰ ਘੂਰਿਆ। ਤਦ ਤੱਕ ਬਲਜੀਤ ਦੇ ਪਿੱਛੇ ਬੈਠੇ ਪਾਲੇ ਨੂੰ ਸਾਰੀ ਘਟਨਾ ਦਾ ਪਤਾ ਲੱਗ ਗਿਆ ਸੀ। ਉਹ ਇਕਦਮ ਆਪਣੀ ਸੀਟ ਤੋਂ ਉਠਿਆ ਅਤੇ ਆਪਣੀ ਜੇਬ ਵਿਚੋਂ ਪੰਜਾਹ ਰੁਪਏ ਦਾ ਨੋਟ ਚੈਕਰ ਨੂੰ ਦਿੰਦਿਆਂ ਬੋਲਿਆ, ‘ਅੰਕਲ ਜੀ ਬਾਕੀ ਪੈਸੇ ਮੇਰੇ ਕੋਲੋਂ ਲੈ ਲਵੋ...।’ 
ਚੈਕਰ ਨੇ ਉਸ ਵੱਲ ਹੈਰਾਨੀ ਨਾਲ ਤੱਕ ਕੇ ਪੁੱਛਿਆ, ‘ਤੂੰ ਜਾਣਦੈਂ ਇਹਨੂੰ?’
‘ਜੀ ਇਹ ਮੇਰਾ ਦੋਸਤ ਹੈ। ਅਸੀਂ ਇਕੋ ਪਿੰਡ ਦੇ ਹਾਂ...।’ ਪਾਲੇ ਨੇ ਕਿਹਾ। 
‘ਤੈਨੂੰ ਪਤੈ ਤੇਰਾ ਦੋਸਤ ਕਿਹੋ ਜਿਹੈ?’ ਚੈਕਰ ਦਾ ਸਵਾਲ ਸੀ।
‘ਜੀ ਅਣਜਾਣੇ ਵਿਚ ਗਲਤੀ ਹੋ ਗਈ ਹੋਣੀ ਐ। ਇਹਦੀ ਥਾਂ ਮੈਨੂੰ ਮਾਫ਼ੀ ਦੇ ਦਿਓ।’ ਪਾਲੇ ਨੇ ਬਲਜੀਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ। ਤਦ ਤੱਕ ਸਵਾਰੀਆਂ ਨੇ ਵਿਚਾਲੇ ਪੈ ਕੇ ਸਮਝੌਤਾ ਕਰਵਾ ਦਿੱਤਾ। 
ਸਹਿਰ ਦਾ ਬੱਸ ਅੱਡਾ ਆ ਗਿਆ ਸੀ। ਬਲਜੀਤ ਤੇ ਪਾਲਾ ਬੱਸ ਵਿਚੋਂ ਉਤਰੇ।
‘ਬਲਜੀਤ, ਆ ਜਾ ਆਪਾਂ ਚਾਹ ਪੀਈਏ।’ ਪਾਲਾ ਬਲਜੀਤ ਦਾ ਹੱਥ ਫੜ ਕੇ ਉਸ ਨੂੰ ਨੇੜੇ ਦੇ ਇਕ ਢਾਬੇ ਵੰਨੀਂ ਲੈ ਗਿਆ। 
ਬਲਜੀਤ ਨੇ ਕੰਬਦੇ ਹੱਥਾਂ ਨਾਲ ਪਾਲੇ ਦਾ ਹੱਥ ਘੁੱਟ ਲਿਆ। 
ਪਾਲੇ ਨੇ ਵੇਖਿਆ, ਬਲਜੀਤ ਦੀਆਂ ਅੱਖਾਂ ਭਰ ਪਈਆਂ ਸਨ। 
ਦਰਸ਼ਨ ਸਿੰਘ ਆਸ਼ਟ (ਡਾ.)

0 Comments:

Post a Comment

Subscribe to Post Comments [Atom]

<< Home