Wednesday, July 11, 2012

Punjabi ਕਹਾਣੀ - ਦੋਸਤ ਕੋਲ ਝੂਠ ਬੋਲਣ ਦਾ ਫ਼ਲ

ਇਕ ਵਾਰ ਦੀ ਗੱਲ ਹੈ ਕਿ ਐਨਾ ਭਿਆਨਕ ਸੋਕਾ ਪਿਆ ਕਿ ਦੂਰ-ਦੂਰ ਤੱਕ ਕੁਝ ਵੀ ਖਾਣ-ਪੀਣ ਨੂੰ ਨਾ ਰਿਹਾ, ਜਿਥੇ ਦੂਸਰੇ ਸਾਰੇ ਭੁੱਖ ਤ੍ਰੇਹ ਨਾਲ ਤੰਗ ਸਨ। ਇਹੀ ਹਾਲਤ ਦੋ ਗੂੜ੍ਹੇ ਦੋਸਤਾਂ ਮਗਰਮੱਛ ਅਤੇ ਕੱਛੂ ਦੀ ਵੀ ਸੀ। ਦੋਨੋਂ ਸਵੇਰ ਵੇਲੇ ਨਿਵਾਸ ਤੋਂ ਨਿਕਲਦੇ ਸ਼ਾਮ ਤਕ ਖਾਣ ਪੀਣ ਦੀ ਤਲਾਸ਼ ਕਰਦੇ ਹੋਰ ਵੀ ਭੁੱਖੇ ਪਿਆਸੇ ਹੋ ਜਾਂਦੇ। ਇਕ ਦਿਨ ਕੱਛੂ ਬਿਮਾਰ ਪੈ ਗਿਆ, ਮਗਰਮੱਛ ਇਕੱਲਾ ਹੀ ਖਾਣੇ ਦੀ ਤਲਾਸ਼ ਵਿਚ ਨਿਕਲ ਗਿਆ। 
ਲੁਕ-ਛੁਪ ਕੇ ਤੁਰਦਿਆਂ-ਤੁਰਦਿਆਂ ਉਸ ਨੂੰ ਇਕ ਕਿਸਾਨ ਦਾ ਮੱਛੀਆਂ ਵਾਲਾ ਤਲਾਬ ਮਿਲ ਗਿਆ। ਉਸ ਨੇ ਪਿਆਸ ਮਿਟਾਈ, ਭੁੱਖ ਮਿਟਾਈ ਅਤੇ ਵਾਪਸ ਆ ਗਿਆ। ਨਿਵਾਸ ’ਤੇ ਆ ਕੇ ਬਿਮਾਰ ਕੱਛੂ ਨੂੰ ਉਸ ਨੇ ਸਾਰੀ ਵਾਰਤਾ ਸੁਣਾਈ। ਇਹ ਵੀ ਕਿਹਾ ਕਿ ਕਿਸਾਨ ਤਾਂ ਮੇਰਾ ਗੂੜਾ ਮਿੱਤਰ ਨਿਕਲ ਆਇਆ। ਉਸ ਨੇ ਮੇਰੀ ਬਹੁਤ ਖ਼ਾਤਰਦਾਰੀ ਕੀਤੀ ਹੈ। ਉਸ ਨੇ ਤਾਂ ਇਹ ਵੀ ਕਿਹਾ ਹੈ ਕਿ ਤੂੰ ਉਹਦੇ ਕੋਲ ਹੀ ਆ ਕੇ ਰਹਿ, ਫਿਰ ਮੈਂ ਤੇਰਾ ਜ਼ਿਕਰ ਕੀਤਾ ਤਾਂ ਉਸ ਨੇ ਕਿਹਾ ਕਿ ਕੋਈ ਗੱਲ ਨਹੀਂ ਤੇਰਾ ਮਿੱਤਰ ਕੀ ਅਤੇ ਮੇਰਾ ਮਿੱਤਰ ਕੀ। ਤੁੂੰ ਉਸ ਨੂੰ ਵੀ ਇਥੇ ਹੀ ਲੈ ਆ। ਨਾਲੇ ਮੈਨੂੰ ਬਾਹਰ ਅੰਦਰ ਜਾਣਾ ਪੈਂਦਾ ਹੈ, ਮਗਰੋਂ ਇਕੱਲੀ ਮੁਟਿਆਰ ਲੜਕੀ ਘਰ ਰਹਿ ਜਾਂਦੀ ਹੈ, ਤੁਸੀਂ ਕੋਲ ਹੋਵੋਗੇ ਤਾਂ ਮੈਂ ਬੇ ਫ਼ਿਕਰ ਰਹਾਂਗਾ। ਖਾਣ ਹੰਢਾਣ ਦੀ ਕੋਈ ਚਿੰਤਾ ਨਾ ਕਰੋ, ਬਥੇਰਾ ਕੁਝ ਹੈ ਸੁੱਖ ਨਾਲ ਆਪਣੇ ਕੋਲ। 
ਉਹਦੀਆਂ ਗੱਲਾਂ ਸੁਣ ਕੇ ਕੱਛੂ ਨੂੰ ਇਉਂ ਲੱਗਿਆ, ਜਿਵੇਂ ਉਹ ਤਾਂ ਠੀਕ ਠਾਕ ਹੈ। ਐਵੇਂ ਬਿਮਾਰੀ ਆਖੀ ਜਾਂਦੇ ਸੀ। ਰਾਤ ਨੂੰ ਦੋਨੋਂ ਗੱਲਾਂ ਕਰਦੇ ਰਹੇ। ਮਗਰਮੱਛ ਸੇਖੀਆਂ ਮਾਰਦਾ ਰਿਹਾ। ਅਖ਼ੀਰ ਸੌਣ ਤੋਂ ਪਹਿਲਾਂ ਇਹ ਪ੍ਰੋਗਰਾਮ ਬਣ ਗਿਆ ਕਿ ਕੱਲ੍ਹ ਨੂੰ ਠੰਢੇ-ਠੰਢੇ ਉਹ ਕਿਸਾਨ ਕੋਲ ਪਹੁੰਚ ਜਾਣਗੇ। ਸਵੇਰੇ ਚਲਦੇ-ਚਲਦੇ ਜਦੋਂ ਉਹ ਉਥੇ ਪਹੁੰਚੇ ਤਾਂ ਉਥੇ ਕਿਸਾਨ ਹਾਜ਼ਰ ਨਹੀਂ ਸੀ ਪਰ ਉਸ ਦੀ ਲੜਕੀ ਤਲਾਬ ਲਾਗੇ ਕੱਪੜੇ ਧੋ ਰਹੀ ਸੀ। ਦੋਨੋਂ ਲੜਕੀ ਦੀ ਨਜ਼ਰ ਤੋਂ ਬਚ ਕੇ ਹੌਲੇ ਜਿਹੇ ਤਲਾਬ ਵਿਚ ਵੜ ਗਏ। ਥੋੜ੍ਹੀ ਦੇਰ ਬਾਅਦ ਕਿਸਾਨ ਵੀ ਉਥੇ ਆ ਗਿਆ। ਮਗਰਮੱਛ ਨੇ ਸੋਚਿਆ ਕਿ ਐਨਾ ਵਧੀਆ ਖਾਣ ਪੀਣ, ਰਹਿਣ ਸਹਿਣ ਦਾ ਮੌਕਾ ਕੱਛੂ ਨੂੰ ਕਿਉਂ ਦਿੱਤਾ ਜਾਵੇ? ਉਸ ਨੇ ਕੱਛੂ ਨੂੰ ਕਿਹਾ ਕਿ ਤੂੰ ਕਿਸਾਨ ਨੂੰ ਜਾ ਕੇ ਮਿਲ ਆ। ਕੱਛੂ, ਮਗਰਮੱਛ ਦੋਸਤ ਦੇ ਆਖੇ ਲੱਗ ਮਿਲਣ ਚਲਾ ਗਿਆ। ਕਿਸਾਨ ਨੇ ਕੱਛੂ ਨੂੰ ਵੇਖਿਆ ਅਤੇ ਗੁੱਸੇ ਵਿਚ ਆਉਂਦਿਆਂ ਹੀ ਫੜ ਕੇ ਕਿੱਲੇ ਨਾਲ ਬੰਨ੍ਹ ਲਿਆ। ਏਨੇ ਵਿਚ ਮਗਰਮੱਛ ਉਥੋਂ ਖਿਸਕ ਗਿਆ। ਕੱਛੂ ਨੂੰ ਮਗਰਮੱਛ ਦੀ ਮਕਾਰੀ ਅਤੇ ਝੂਠ ਦਾ ਪਤਾ ਲੱਗ ਗਿਆ। ਉਸ ਨੂੰ ਸੱਚੇ ਅਤੇ ਫਰੇਬੀ ਮਿੱਤਰ ਦਾ ਵੀ ਗਿਆਨ ਹੋ ਗਿਆ। 
ਏਨੇ ਨੂੰ ਉਧਰ ਮਗਰਮੱਛ ਦੇ ਖ਼ਿਆਲ ਵਿਚ ਇਹ ਗੱਲ ਆਈ ਕਿ ਕੱਛੂ ਦੀ ਹਾਲਤ ਤਾਂ ਵੇਖ ਆਵੇ। ਮਗਰਮੱਛ ਨੇ ਕਿਸਾਨ ਤੋਂ ਅੱਖ ਬਚਾ ਕੇ ਕੱਛੂ ਤੋਂ ਪੁੱਛਿਆ ਕਿ ਸੁਣਾ ਬਈ ਮਿੱਤਰਾ! ਕੀ ਬਣੂ ਤੇਰਾ ਹੁਣ? ਮੇਰੇ ਤੋਂ ਇਹ ਖੁਰਾਕ ਮੁਕਣੀ ਨਹੀਂ, ਤੈਨੂੰ ਕਿਸਾਨ ਨੇ ਮੁਕਾ ਦੇਣਾ ਹੈ, ਨਾਲੇ ਤੈਨੂੰ ਬੰਨ੍ਹਿਆ ਕਿਉਂ ਹੈ? ਮੇਰੇ ਦੋਸਤਾ ਤੂੰ ਸੱਚਾ ਦੋਸਤ ਹੈਂ, ਜਿਹੜਾ ਮੇਰਾ ਪਤਾ ਕਰਨ ਲਈ ਆਇਆ ਏਂ, ਨਹੀਂ ਤਾਂ ਕੌਣ ਕਿਸ ਨੂੰ ਪੁੱਛਦਾ ਹੈ। ਰਹੀ ਗੱਲ ਮੈਨੂੰ ਬੰਨ੍ਹਣ ਦੀ ਇਸ ਵਿਚ ਮੈਂ ਫਸ ਗਿਆ ਹਾਂ। ਕਿਸਾਨ ਨੇ ਦੋ-ਤਿੰਨ ਵਾਰ ਮੈਨੂੰ ਪੁੱਛਿਆ ਕਿ ਦੱਸ ਤੂੰ ਉਸ ਦੀ ਇਕਲੌਤੀ ਧੀ ਨਾਲ ਵਿਆਹ ਕਰਵਾਉਣਾ ਹੈ ਜਾਂ ਨਹੀਂ? ਮੈਂ ਜਵਾਬ ਦੇ ਦਿੱਤਾ ਹੈ, ਹੁਣ ਉਹ ਬਾਹਰੋਂ ਆ ਕੇ ਇਕ ਵਾਰ ਫਿਰ ਪੁੱਛੇਗਾ, ਜੇ ਮੈਂ ਇਨਕਾਰ ਕਰ ਦਿੱਤਾ ਤਾਂ ਮੇਰੀ ਖ਼ੈਰ ਨਹੀਂ। ਤੂੰ ਹੀ ਦੱਸ ਵੱਡੇ ਭਰਾ ਵਰਗਾ ਦੋਸਤ ਅਜੇ ਵਿਆਹਿਆ ਨਾ ਹੋਵੇ ਤੇ ਮੈਂ ਉਸ ਤੋਂ ਪਹਿਲਾਂ ਕਿਵੇਂ ਵਿਆਹ ਕਰਵਾ ਲਵਾਂ। ਕੱਛੂ ਦੀਆਂ ਗੱਲਾਂ ਉਸ ਨੇ ਧਿਆਨ ਨਾਲ ਸੁਣੀਆਂ ਅਤੇ ਸੋਚਿਆ ਕਿ ਕਿੱਡਾ ਮੂਰਖ ਹੈ, ਵਿਆਹ ਹੋ ਰਿਹਾ ਹੈ, ਕਿੰਨਾ ਖਾਣ ਪੀਣ ਦਾ ਸਮਾਨ ਮਿਲ ਰਿਹਾ ਹੈ।
ਜੇ ਤੂੰ ਵਿਆਹ ਨਹੀਂ ਕਰਵਾਉਣਾ ਤਾਂ ਮੈਂ ਕਰਵਾ ਲੈਂਦਾ ਹਾਂ। ਕੱਛੂ ਵਲੋਂ ਸਹਿਮਤੀ ਦੇਣ ’ਤੇ ਮਗਰਮੱਛ ਨੇ ਕੱਛੂ ਨੂੰ ਜਾ ਖੋਲ੍ਹਿਆ ਅਤੇ ਕੱਛੂ ਨੇ ਉਸ ਨੂੰ ਉਥੇ ਹੀ ਬੰਨ੍ਹ ਦਿੱਤਾ। ਕਿਸਾਨ ਨੇ ਆ ਕੇ ਵੱਡਾ ਸ਼ਿਕਾਰ ਵੇਖਿਆ ਤਾਂ ਉਹ ਬਹੁਤ ਖੁਸ਼ ਹੋਇਆ। ਕਿਸਾਨ ਨੇ ਕੁਹਾੜੀ ਚੁੱਕ ਲਈ, ਮਗਰਮੱਛ ਵਾਰ-ਵਾਰ ਵਿਆਹ ਕਰਵਾਉਣ ਦੀ ਸਹਿਮਤੀ ਵਾਲੀ ਗੱਲ ਕਹਿੰਦਾ ਰਿਹਾ। ਉਧਰੋਂ ਕੱਛੂ ਨੇ ਉਚੀ ਆਵਾਜ਼ ਵਿਚ ਕਿਹਾ ਕਿ ਤੂੰ ਦੋਸਤ ਨਾਲ ਝੂਠ ਬੋਲਿਆ ਸੀ, ਧੋਖਾ ਕੀਤਾ ਸੀ, ਹੁਣ ਕਿਸਾਨ ਹੀ ਕੁਹਾੜੀ ਨਾਲ ਤੇਰੇ ਬੰਨੂ ਸਿਹਰਾ। ਮਗਰਮੱਛ ਅਜੇ ਕੱਛੂ ਦੀਆਂ ਗੱਲਾਂ ਸੁਣ ਹੀ ਰਿਹਾ ਸੀ ਕਿ ਕਿਸਾਨ ਨੇ ਦੋ-ਤਿੰਨ ਕੁਹਾੜੀਆਂ ਓਹਦੇ ਸਿਰ ਵਿਚ ਜੜ ਦਿੱਤੀਆਂ ਅਤੇ ਮੌਤ ਨਾਲ ਲਾਵਾਂ ਹੋ ਗਈਆਂ, ਫੇਰੇ ਹੋ ਗਏ। 
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)

0 Comments:

Post a Comment

Subscribe to Post Comments [Atom]

<< Home