Wednesday, July 11, 2012

ਦਾਦੀ ਮਾਂ ਦੀਆਂ ਕਹਾਣੀਆਂ- ‘ਉਪਕਾਰ’

ਇਕ ਜੰਗਲ ਵਿਚ ਕੁਝ ਲੋਕਾਂ ਨੇ ਰਲ ਕੇ ਜਾਨਵਰਾਂ ਨੂੰ ਫੜਨ ਲਈ ਇਕ ਵੱਡਾ ਸਾਰਾ ਟੋਇਆ ਪੁੱਟਿਆ ਹੋਇਆ ਸੀ। ਟੋਏ ਦੇ ਚਾਰੇ ਪਾਸੇ ਗੋਲ ਲੱਕੜਾਂ ਦੇ ਸਿਰਿਆਂ ਨੂੰ ਤਿੱਖਾ ਕਰਕੇ ਪਿਛਲਾ ਪਾਸਾ ਗੱਡਿਆ ਹੋਇਆ ਸੀ ਤਾਂ ਜੋ ਜਿਹੜਾ ਜਾਨਵਰ ਟੋਏ ਵਿਚ ਡਿੱਗੇ, ਉਹ ਬਾਹਰ ਨਾ ਨਿਕਲ ਸਕੇ। ਟੋਏ ਦੇ ਉ¤ਪਰ ਉਹ ਦਰੱਖਤਾਂ ਦੀਆਂ ਟਾਹਣੀਆਂ ਵਗੈਰਾ ਰੱਖ ਦਿੰਦੇ ਸਨ ਤਾਂ ਜੋ ਜਾਨਵਰਾਂ ਨੂੰ ਟੋਏ ਦਾ ਪਤਾ ਨਾ ਲੱਗੇ।
ਇਕ ਸ਼ਿਕਾਰੀ ਜੰਗਲ ਵਿਚ ਘੁੰਮਦਾ ਹੋਇਆ ਉਸ ਪਾਸੇ ਚਲਾ ਗਿਆ ਜਿਥੇ ਟੋਇਆ ਪੁੱਟਿਆ ਹੋਇਆ ਸੀ। ਉਸ ਨੇ ਦੇਖਿਆ ਕਿ ਇਕ ਸ਼ੇਰ ਟੋਏ ਵਿਚ ਡਿੱਗਾ ਹੋਇਆ ਹੈ, ਉਹ ਬਾਹਰ ਨਿਕਲਣ ਦੀ ਬੜੀ ਕੋਸ਼ਿਸ਼ ਕਰ ਰਿਹਾ ਹੈ ਪਰ ਜਦੋਂ ਵੀ ਉਹ ਨਿਕਲਣ ਲਗਦਾ ਹੈ, ਤਿੱਖੀਆਂ ਲੱਕੜਾਂ ਦੇ ਸਿਰੇ ਉਸ ਨੂੰ ਚੁੱਭਦੇ ਹਨ ਅਤੇ ਉਹ ਫਿਰ ਬੈਠ ਜਾਂਦਾ ਹੈ।
ਸ਼ੇਰ, ਸ਼ਿਕਾਰੀ ਨੂੰ ਦੇਖ ਕੇ ਗਰਜਿਆ। ਉਹ ਸ਼ਾਇਦ ਉਸ ਨੂੰ ਬਾਹਰ ਕੱਢਣ ਲਈ ਕਹਿ ਰਿਹਾ ਸੀ। ਬਹਾਦਰ ਲੋਕ ਕਿਸੇ ਨੂੰ ਮੁਸੀਬਤ ਵਿਚ ਫਸੇ ਦਾ ਨਜਾਇਜ਼ ਫਾਇਦਾ ਨਹੀਂ ਉਠਾਉਂਦੇ, ਸਗੋਂ ਉਸ ਦੀ ਮਦਦ ਕਰਦੇ ਹਨ। ਸ਼ਿਕਾਰੀ ਵੀ ਬੜੇ ਚੰਗੇ ਦਿਲ ਦਾ ਇਨਸਾਨ ਸੀ। ਉਸ ਨੇ ਸ਼ੇਰ ਦੀ ਮਦਦ ਕਰਨੀ ਚਾਹੀ।
ਸ਼ਿਕਾਰੀ ਨੇ ਆਪਣੇ ਬੈਗ ਵਿਚੋਂ ਇਕ ਰੱਸੀ ਕੱਢੀ ਅਤੇ ਉਸ ਨੂੰ ਇਕ ਲੱਕੜ ਨਾਲ ਬੰਨ੍ਹ ਕੇ ਜ਼ੋਰ ਦੀ ਖਿੱਚਿਆ। ਉਹ ਲੱਕੜ ਪੁੱਟੀ ਗਈ। ਉਸ ਨੇ ਹੌਲੀ-ਹੌਲੀ ਤਿੰਨ ਲੱਕੜਾਂ ਪੁੱਟ ਦਿੱਤੀਆਂ। ਜਦੋਂ ਉਹ ਚੌਥੀ ਲੱਕੜ ਪੁੱਟਣ ਲੱਗਾ ਤਾਂ ਉਹ ਨਾਲ ਵਾਲੇ ਦਰੱਖਤ ਉ¤ਪਰ ਚੜ੍ਹ ਗਿਆ, ਕਿਉਂਕਿ ਚੌਥੀ ਲੱਕੜ ਦੇ ਪੁੱਟੇ ਜਾਣ ਨਾਲ ਸ਼ੇਰ ਦੇ ਬਾਹਰ ਨਿਕਲਣ ਦਾ ਰਸਤਾ ਬਣ ਜਾਣਾ ਸੀ ਅਤੇ ਸ਼ਿਕਾਰੀ ਨੂੰ ਡਰ ਸੀ ਕਿ ਸ਼ੇਰ ਬਾਹਰ ਨਿਕਲ ਕੇ ਉਸ ਨੂੰ ਖਾ ਨਾ ਲਵੇ। ਇਸ ਕਰਕੇ ਉਸ ਨੇ ਦਰੱਖਤ ਉ¤ਪਰ ਚੜ੍ਹ ਕੇ ਜ਼ੋਰ ਦੀ ਰੱਸੀ ਖਿੱਚੀ ਅਤੇ ਚੌਥੀ ਲੱਕੜ ਵੀ ਪੁੱਟੀ ਗਈ।
ਸ਼ੇਰ ਸਾਰਾ ਕੁਝ ਦੇਖ ਰਿਹਾ ਸੀ। ਹੁਣ ਸ਼ੇਰ ਉਠਿਆ ਅਤੇ ਟੋਏ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਉਸ ਦੀ ਕੋਸ਼ਿਸ਼ ਸਫਲ ਹੋ ਗਈ। ਸ਼ੇਰ ਨੇ ਬਾਹਰ ਨਿਕਲ ਕੇ ਦਰੱਖਤ ਉ¤ਪਰ ਚੜ੍ਹੇ ਸ਼ਿਕਾਰੀ ਵੱਲ ਅਤੇ ਜੰਗਲ ਵੱਲ ਤੁਰ ਪਿਆ। 
ਸ਼ੇਰ ਦੇ ਜਾਣ ਤੋਂ ਕੁਝ ਦੇਰ ਬਾਅਦ ਸ਼ਿਕਾਰੀ ਵੀ ਦਰੱਖਤ ਤੋਂ ਥੱਲੇ ਉਤਰਿਆ ਅਤੇ ਆਪਣੇ ਘਰ ਵੱਲ ਤੁਰ ਪਿਆ। ਉਸ ਨੂੰ ਬੜੀ ਤਸੱਲੀ ਸੀ ਕਿ ਉਸ ਨੇ ਅੱਜ ਇਕ ਨੇਕ ਕੰਮ ਕੀਤਾ ਹੈ। 
ਉਹੋ ਸ਼ਿਕਾਰੀ ਕੁਝ ਦਿਨਾਂ ਬਾਅਦ ਫਿਰ ਸਵੇਰੇ-ਸਵੇਰੇ ਜੰਗਲ ਵਿਚ ਆਇਆ। ਜੰਗਲ ਵਿਚ ਘੁੰਮਦਿਆਂ ਉਸ ਨੂੰ ਦੁਪਹਿਰ ਹੋ ਗਈ ਪਰ ਕੋਈ ਵੀ ਸ਼ਿਕਾਰ ਉਸ ਦੀ ਨਜ਼ਰ ਨਾ ਪਿਆ। ਅਖੀਰ ਉਹ ਝਰਨੇ ਵਾਲੇ ਪਾਸੇ ਗਿਆ, ਉਥੇ ਉਸ ਨੇ ਆਪਣੀ ਬੰਦੂਕ ਅਤੇ ਬੈਗ ਇਕ ਪਾਸੇ ਰੱਖ ਕੇ ਝਰਨੇ ਦਾ ਠੰਢਾ ਪਾਣੀ ਪੀਤਾ। ਪਾਣੀ ਪੀ ਕੇ ਉਸ ਨੇ ਮੂੰਹ-ਹੱਥ ਧੋਤਾ। ਮੂੰਹ-ਹੱਥ ਧੋ ਕੇ ਉਹ ਆਪਣੀ ਬੰਦੂਕ ਅਤੇ ਬੈਗ ਵੱਲ ਮੁੜਨ ਲੱਗਾ ਤਾਂ ਪਿਛਲੇ ਪਾਸਿਓਂ ਇਕ ਚੀਤਾ ਦੌੜ ਕੇ ਆਇਆ ਅਤੇ ਉਸ ਦੇ ਉ¤ਪਰ ਹਮਲਾ ਕਰਨ ਹੀ ਲੱਗਾ ਸੀ ਕਿ ਇਕ ਸ਼ੇਰ ਬੜੀ ਜ਼ੋਰ ਦੀ ਗਰਜਿਆ। ਸ਼ੇਰ ਦੀ ਆਵਾਜ਼ ਸੁਣ ਕੇ ਚੀਤਾ ਇਕਦਮ ਠਠੰਬਰ ਗਿਆ ਅਤੇ ਦੂਸਰੇ ਪਾਸੇ ਦੌੜਨ ਲੱਗਾ। ਏਨੀ ਦੇਰ ਵਿਚ ਸ਼ੇਰ ਬੜੀ ਤੇਜ਼ ਦੌੜਦਾ ਚੀਤੇ ਵੱਲ ਕੁੱਦਿਆ ਅਤੇ ਕੁਝ ਸਕਿੰਟਾਂ ਵਿਚ ਹੀ ਉਸ ਨੇ ਚੀਤੇ ਨੂੰ ਢਾਹ ਲਿਆ। 
ਸ਼ਿਕਾਰੀ ਬਹੁਤ ਡਰਿਆ। ਉਸ ਨੇ ਸੋਚਿਆ ਚੀਤੇ ਨੂੰ ਮਾਰਨ ਤੋਂ ਬਾਅਦ ਹੁਣ ਮੇਰੀ ਵਾਰੀ ਆਵੇਗੀ। ਸ਼ਿਕਾਰੀ ਐਨਾ ਘਬਰਾ ਗਿਆ ਸੀ ਕਿ ਉਹ ਆਪਣੀ ਬੰਦੂਕ ਅਤੇ ਬੈਗ ਵੀ ਨਾ ਚੁੱਕ ਸਕਿਆ। ਸ਼ੇਰ ਨੇ ਚੀਤੇ ਨੂੰ ਮਾਰ ਦਿੱਤਾ। ਹੁਣ ਉਹ ਹੌਲੀ-ਹੌਲੀ ਸ਼ਿਕਾਰੀ ਵੱਲ ਆ ਰਿਹਾ ਸੀ। ਸ਼ਿਕਾਰੀ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸ਼ੇਰ ਜਦੋਂ ਸ਼ਿਕਾਰੀ ਦੇ ਨੇੜੇ ਆਇਆ ਤਾਂ ਉਸ ਨੇ ਪਿਆਰ ਨਾਲ ਆਪਣੀ ਪੂਛ ਹਿਲਾਉਣੀ ਸ਼ੁਰੂ ਕਰ ਦਿੱਤੀ। ਪੂਛ ਹਿਲਾਉਂਦਾ-ਹਿਲਾਉਂਦਾ ਉਹ ਸ਼ਿਕਾਰੀ ਦੇ ਨੇੜੇ ਆ ਕੇ ਬੈਠ ਗਿਆ।
ਸ਼ਿਕਾਰੀ ਨੇ ਪਛਾਣ ਲਿਆ ਕਿ ਇਹ ਤਾਂ ਉਹੋ ਹੀ ਸ਼ੇਰ ਹੈ ਜਿਸ ਨੂੰ ਉਸ ਨੇ ਟੋਏ ਵਿਚੋਂ ਕੱਢਣ ਦੀ ਮਦਦ ਕੀਤੀ ਸੀ। ਹੁਣ ਸ਼ਿਕਾਰੀ ਸ਼ੇਰ ਦੇ ਪਿੰਡੇ ਉ¤ਤੇ ਬੜੇ ਪਿਆਰ ਨਾਲ ਹੱਥ ਫੇਰ ਰਿਹਾ ਸੀ ਅਤੇ ਸ਼ੇਰ ਸ਼ਿਕਾਰੀ ਦੇ ਨਾਲ ਲੱਗਾ ਆਪਣੀ ਪੂਛ ਹਿਲਾਈ ਜਾ ਰਿਹਾ ਹੈ। 
ਸ਼ੇਰ ਨੇ ਸ਼ਿਕਾਰੀ ਦੇ ਉਪਕਾਰ ਦਾ ਬਦਲਾ ਚੁਕਾ ਦਿੱਤਾ ਸੀ। 
ਕੁਲਬੀਰ ਸਿੰਘ ਸੂਰੀ
404, ਗ੍ਰੀਨ ਐਵੀਨਿਊ, ਅੰਮ੍ਰਿਤਸਰ।

0 Comments:

Post a Comment

Subscribe to Post Comments [Atom]

<< Home