Wednesday, July 11, 2012

Punjabi lekh- 'ਡੋਲੀ ਚੁੱਕ ਲਓ ਕਹਾਰੋ ਹੁਣ ਮੇਰੀ...' ਵਿਆਹ


Report By: Gurjeet Singh
Ludhiana
'ਡੋਲੀ ਚੁੱਕ ਲਓ ਕਹਾਰੋ ਹੁਣ ਮੇਰੀ...' ਵਿਆਹ - ਸੱਭਿਆਚਾਰ ਦਾ ਬਦਲਦਾ ਵਰਤਾਰਾ
ਪਿਛਲੇ ਕੁਝ ਦਹਾਕਿਆਂ ਵਿਚ ਪੰਜਾਬ ਦੇ ਪਿੰਡਾਂ ਵਿਚ ਵੀ ਵਿਆਹ-ਸੱਭਿਆਚਾਰ ਵਿਚ ਵੱਡੀ ਤਬਦੀਲੀ ਆਈ ਹੈ। ਇਸ ਨੂੰ ਇਨਕਲਾਬੀ ਤਬਦੀਲੀ ਦਾ ਨਾਂਅ ਦਿੱਤਾ ਜਾ ਰਿਹੈ। ਇਸ ਵੱਡੀ ਤਬਦੀਲੀ ਦੇ ਕਈ ਕਾਰਨ ਹਨ : ਆਵਾਜਾਈ ਦੇ ਸਾਧਨਾਂ ਵਿਚ ਵਾਧਾ, ਪਿੰਡੋਂ ਬਾਹਰੀ ਦੁਨੀਆ ਨਾਲ ਮੇਲ-ਜੋਲ, ਕੁੜੀਆਂ ਵਿਚ ਵਿੱਦਿਆ-ਪ੍ਰਾਪਤੀ ਕਰਕੇ ਚੇਤੰਨਤਾ, ਐਨ. ਆਰ. ਆਈ. ਸਰਮਾਏ ਅਤੇ ਦ੍ਰਿਸ਼ਟੀ ਦੀ ਆਮਦ, ਉਪਭੋਗਤਾਵਾਦ ਅਤੇ ਬਾਜ਼ਾਰਵਾਦ ਦੇ ਵਧਦੇ ਰੁਝਾਨ ਦੇਖਾ-ਦੇਖੀ ਦੀ ਫੈਸ਼ਨਪ੍ਰਸਤੀ, ਸਥਾਪਤ ਕਦਰਾਂ-ਕੀਮਤਾਂ ਦੀ ਵਿਰਚਨਾ ਅਤੇ ਵਿਕੇਂਦਰੀਕਰਨ ਆਦਿ। ਇਨ੍ਹਾਂ ਸਾਰੇ ਕਾਰਨਾਂ ਦੇ ਮੇਲ-ਸੁਮੇਲ ਅਤੇ ਕਿਰਿਆ ਪ੍ਰਤੀ-ਕਿਰਿਆ ਦੇ ਨਤੀਜੇ ਵਜੋਂ ਪੇਂਡੂ ਪੰਜਾਬ ਦੀ ਸਥਾਪਤ ਮਰਿਆਦਾ ਵਿਚ ਵੱਡੀ ਉਥਲ-ਪੁਥਲ ਵੇਖਣ ਵਿਚ ਮਿਲ ਰਹੀ ਹੈ। ਇਹ ਸੱਚ ਹੈ ਕਿ ਤਬਦੀਲੀ ਹਾਲਤਾਂ ਦੀ ਦੇਣ ਹੁੰਦੀ ਹੈ ਅਤੇ ਵਰਤਮਾਨ ਸਮੇਂ ਦੇ ਨਾਲ-ਨਾਲ ਚੱਲ ਰਹੀ ਪੀੜ੍ਹੀ ਨੂੰ ਉਸ ਵਿਚ ਕੁਝ ਵੀ ਓਪਰਾ ਨਹੀਂ ਲਗਦਾ, ਪੰ੍ਰਤੂ ਬੀਤਿਆ ਸਮਾਂ ਦੇਖ ਚੁੱਕੀ ਪੀੜ੍ਹੀ ਕੋਲ ਟਕਰਾਓ ਅਤੇ ਮੁਕਾਬਲਾ ਕਰਨ ਲਈ ਵਿਰਸਾ ਅਤੇ ਵਰਤਮਾਨ ਦੋਵੇਂ ਹੁੰਦੇ ਹਨ।
ਪੰਜਾਬ ਦੇ ਪੁਰਾਤਨ ਵਿਆਹ-ਸੰਸਾਰ ਵਿਚ ਵਿਆਂਦੜ੍ਹ ਮੁੰਡਾ ਜਾਂ ਕੁੜੀ ਵਿਆਹ ਦਾ ਕੇਂਦਰ-ਬਿੰਦੂ ਹੁੰਦੇ ਸਨ। ਕਈ ਦਿਨ ਪਹਿਲਾਂ ਹੀ ਵਿਆਹ ਦੀ ਉਡੀਕ ਸ਼ੁਰੂ ਹੋ ਜਾਂਦੀ ਸੀ। ਕੁੜੀ ਆਪਣੀਆਂ ਸਹੇਲੀਆਂ ਮਿਥਦੀ ਸੀ ਅਤੇ ਮੁੰਡਾ ਆਪਣਾ ਸਰਬਾਲਾ। ਸਾਰਾ ਹੀ ਪਿੰਡ ਵਿਆਹ ਵਿਚ ਕਿਸੇ ਨਾ ਕਿਸੇ ਤਰ੍ਹਾਂ ਸ਼ਾਮਿਲ ਹੁੰਦਾ ਸੀ। ਕਈ ਕਿਸਮ ਦੀਆਂ ਰਸਮਾਂ ਵਿਚ ਸ਼ਰੀਕੇ-ਬਰਾਦਰੀ ਨੂੰ ਸ਼ਾਮਿਲ ਕੀਤਾ ਜਾਂਦਾ ਸੀ। ਇਨ੍ਹਾਂ ਰਸਮਾਂ-ਰੀਤਾਂ ਵਿਚ ਕੁੜੀ-ਮੁੰਡਾ ਇਕ ਨਾਇਕ-ਨਾਇਕਾ ਵਾਂਗ ਵਿਚਰਦੇ ਸਨ। ਕਿਉਂਕਿ ਦੁਨੀਆ ਦੇ ਹੋਰ ਅਨੇਕਾਂ ਸੱਭਿਆਚਾਰਾਂ ਵਾਂਗ ਪੰਜਾਬ ਵਿਚ ਵੀ ਕਾਮ-ਵਾਸ਼ਨਾਵਾਂ ਨੂੰ ਬੰਧੇਜ ਵਿਚ ਰੱਖਣ ਦੀ ਮਰਿਆਦਾ ਰਹੀ ਹੈ, ਇਸ ਲਈ ਇਨ੍ਹਾਂ ਤੋਂ ਨਿਯਮਤ ਢੰਗ ਨਾਲ ਬੰਧੇਜ ਚੁੱਕਣ ਸਮੇਂ ਦੇ ਮੌਕੇ ਨੂੰ ਹਰ ਤਰ੍ਹਾਂ ਨਾਲ ਯਾਦਗਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਨੰਦਮਈ ਜੀਵਨ ਦੀ ਮੰਜ਼ਿਲ ਦੇ ਪ੍ਰਵੇਸ਼ ਦੁਆਰ ਦੇ ਕਰੀਬ ਲੜਕੇ-ਲੜਕੀ ਨੂੰ ਬੜੇ ਪਿਆਰ ਨਾਲ, ਬੜੇ ਉਚੇਚ ਨਾਲ, ਬੜੇ ਸ਼ਗਨਾਂ ਨਾਲ ਪਿਆਰਿਆ, ਦੁਲਾਰਿਆ ਅਤੇ ਸ਼ਿੰਗਾਰਿਆ ਜਾਂਦਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਪੈਰ-ਪੈਰ ’ਤੇ ਸ਼ਗਨ-ਅਪਸ਼ਗਨ ਵਿਚਾਰੇ ਜਾਂਦੇ ਰਹੇ ਹਨ। ਸਮਾਜਿਕ ਪ੍ਰਵਾਨਗੀ ਵਾਲੇ ਮਰਦ-ਔਰਤ ਸੰਬੰਧ ਕਾਇਮ ਕਰਨ ਹਿਤ ਸਾਰੇ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਸਨੇਹੀ ਵਿਆਹ ਪ੍ਰਕਿਰਿਆ ਵਿਚ ਸ਼ਾਮਿਲ ਹੋ ਕੇ ਵਿਆਹ-ਸੰਸਕਾਰਾਂ ਨੂੰ ਵਡਿਆਉਣ ਅਤੇ ਉਚਿਆਉਣ ਦਾ ਯਤਨ ਕਰਦੇ ਰਹੇ ਹਨ। ਸਮਾਜਿਕ ਤੌਰ ’ਤੇ ਵਰਜਿਤ ਰਿਸ਼ਤਿਆਂ ਨੂੰ ਅਪਣਾਉਣ ਅਤੇ ਹੰਢਾਉਣ ਨਾਲ ਜੁੜੀਆਂ ਆਨੰਦ-ਭਾਵਨਾਵਾਂ ਕਰਕੇ ਲੜਕੀ ਸੰਗ, ਸ਼ਰਮ, ਹਯਾ ਨਾਲ ਦੋਹਰੀ ਹੋ-ਹੋ ਪੈਂਦੀ ਹੈ।
ਇਥੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਮਾਜਿਕ ਵਰਜਨਾਵਾਂ ਦਾ ਇਕ ਬਹੁਤ ਵੱਡਾ ਮਨੋ-ਵਿਗਿਆਨਕ ਮਹੱਤਵ ਹੁੰਦਾ ਹੈ। ਵਰਜਨਾਵਾਂ ਅਤੇ ਬੰਧੇਜ ਹੀ ਤਾਂ ਚਾਹਣਾ ਅਤੇ ਭੋਗਣਾ ਦੀਆਂ ਵਾਸ਼ਨਾਵਾਂ ਅਤੇ ਕਾਮਨਾਵਾਂ ਉਤਪੰਨ ਕਰਦੇ ਹਨ ਅਤੇ ਸਰੀਰਕ ਸੰਬੰਧਾਂ ਨੂੰ ਉਚਤਾ ਅਤੇ ਮਾਨਤਾ ਪ੍ਰਾਪਤ ਕਰਦੇ ਹਨ। ਮਰਦ-ਔਰਤ ਦੀ ਆਪਸੀ ਖਿੱਚ ਜਿਥੇ ਪ੍ਰਾਕ੍ਰਿਤਕ ਵਰਤਾਰਾ ਹੈ, ਉਥੇ ਇਹ ਬਹੁਤ ਹੱਦ ਤੱਕ ਸਮਾਜਿਕ ਅਤੇ ਸੱਭਿਆਚਾਰਕ ਵੀ ਹੈ। ਮਨੁੱਖ ਉਸ ਚੀਜ਼ ਦੀ ਚਾਹਣਾ ਜ਼ਿਆਦਾ ਕਰਦਾ ਹੈ, ਜਿਸ ਦੀ ਪਹੁੰਚ ਦੂਰ ਹੁੰਦੀ ਹੈ। ਭੋਗਣ ਵਿਚ ਵੀ ਇਹੀ ਮਾਨਸਿਕਤਾ ਕਾਇਮ ਰਹਿੰਦੀ ਹੈ। ਇਸ ਤਰ੍ਹਾਂ ਸਮਾਜ ਵੱਲੋਂ ਲਾਈਆਂ ਗਈਆਂ ਜਾਇਜ਼ ਪਾਬੰਦੀਆਂ ਉਤਸੁਕਤਾ, ਉਕਸਾਹਟ, ਖਾਹਸ਼ ਅਤੇ ਚਾਹਣ ਦਾ ਅਨੰਦਮਈ ਸੰਸਕਾਰ ਸਿਰਜਦੀਆਂ ਹਨ। ਇਹੀ ਵਜ੍ਹਾ ਹੈ ਕਿ ਹਰ ਸਮਾਜ ਵਿਚ ਕੁਝ ਕਰਨਯੋਗ ਅਤੇ ਨਾ-ਕਰਨਯੋਗ ਭਾਵ ਕੁਝ ਉਚਿਤ ਅਤੇ ਕੁਝ ਅਣ-ਉਚਿਤ ਕਿਰਿਆਵਾਂ ਦੀ ਮਰਿਆਦਾ ਸਥਾਪਿਤ ਹੋ ਜਾਂਦੀ ਹੈ।
ਪੰਜਾਬੀ ਸੱਭਿਆਚਾਰ ਵਿਚ ਰਿਸ਼ਤੇਦਾਰੀਆਂ ਦਾ ਅਤੇ ਆਪਣੇ ਕਬੀਲੇ ਦਾ ਮੋਹ-ਪਿਆਰ ਅਤੇ ਖਿੱਚ ਪ੍ਰਭਾਵ ਬਹੁਤ ਗਹਿਰਾ ਅਤੇ ਘਨੇਰਾ ਰਿਹਾ ਹੈ। ਵਰਜਨਾਵਾਂ ਕਰਕੇ ਬਾਲਮ ਦੀਆਂ ਬਾਹਵਾਂ ਵਿਚ ਪਹੁੰਚਣ ਦੀ ਚਾਹਨਾ ਇਕ ਅੰਦਰੂਨੀ ਖਿੱਚ ਰਹੀ ਹੈ। ਇਹ ਚਾਹਨਾ ਅੰਦਰੋ-ਅੰਦਰੀ ਮਿੱਠਾ-ਪਿਆਰਾ ਸੁਆਦਲਾ ਅਹਿਸਾਸ ਤਾਂ ਜ਼ਰੂਰ ਘੋਲਦੀ ਰਹਿੰਦੀ ਹੈ ਪਰ ਇਸ ਨੂੰ ਸ਼ੇਖੀ ਅਤੇ ਸ਼ੋਖੀ ਵਿਚ ਦਰਸਾਉਣਾ ਹਮੇਸ਼ਾ ਅਣਉਚਿਤ ਰਿਹਾ ਹੈ। ਸਮਾਜਿਕ ਮਰਿਆਦਾ ਮਚਲਦੇ ਚਾਵਾਂ ਨੂੰ ਹਮੇਸ਼ਾ ਥਾਂ ਸਿਰ ਅਤੇ ਠੁੱਕ ਵਿਚ ਰੱਖਦੀ ਸੀ ਪਰ ਵੇਂਹਦਿਆਂ-ਵੇਂਹਦਿਆਂ ਹੀ ਇਹ ਸ਼ਰ੍ਹਾ-ਸ਼ਰਮ ਹੋਏ ਬੀਤੇ ਦੀ ਬਾਤ ਲੱਗਣ ਲੱਗੀ ਹੈ। ਮਹਿੰਦਰ ਸਿੰਘ ਰੰਧਾਵਾ ਦਾ ਇਹ ਕਥਨ ਕਿ ਜੇ ਕਦੀ ਕਿਸੇ ਨੇ ਆਪਣੀ ਮੌਤ ’ਤੇ ਆਪ ਕੀਰਨੇ ਪਾਏ ਹਨ ਤਾਂ ਉਹ ਹਨ ਡੋਲੀ ਚੜ੍ਹਦੀਆਂ ਪੰਜਾਬ ਦੀਆਂ ਕੁੜੀਆਂ, ਅੱਜ ਢੁਕਵਾਂ ਨਹੀਂ ਲੱਗਦਾ। ਅੱਜ ਦੇ ਯੁੱਗ ਵਿਚ ਕੋਈ ਕੁੜੀ ਬਾਪ ਦੀ ਗੋਲੀ ਬਣ ਕੇ ਡੋਲੀ ਇਕ ਦਿਹਾੜੀ ਰੱਖਣ ਦਾ ਵਾਸਤਾ ਪਾਉਣ ਦੀ ਸ਼ਿੱਦਤ ਮਹਿਸੂਸ ਨਹੀਂ ਕਰਦੀ।
ਅਸਲ ਵਿਚ ਆਧੁਨਿਕ ਸਮਿਆਂ ਵਿਚ ਵਿਆਹ-ਸੱਭਿਆਚਾਰ ਦੇ ਬਦਲਦੇ ਵਰਤਾਰੇ ਵਿਚ ਸਭ ਤੋਂ ਅਹਿਮ ਤਬਦੀਲੀ ਔਰਤ ਦੇ ਰੋਲ ਵਿਚ ਆਈ ਹੈ, ਖਾਸ ਤੌਰ ’ਤੇ ਵਿਆਂਦੜ੍ਹ ਕੁੜੀ ਦੇ ਰੋਲ ਵਿਚ। ਕੁੜੀ-ਮੁੰਡੇ ਦੇ ਵਿਆਹ ਦੇ ਜਸ਼ਨਾਂ ਦੀ ਸ਼ਾਨੋ-ਸ਼ੌਕਤ ਵਿਚ ਪਾੜਾ ਹੁਣ ਕਾਫ਼ੀ ਹੱਦ ਤੱਕ ਘਟ ਗਿਐ। ਕੁੜੀਆਂ ਦੇ ਵਿਆਹਾਂ ’ਤੇ ਵੀ ਮੁੰਡੇ ਦੇ ਵਿਆਹ ਵਾਲੇ ਸਾਰੇ ਟਸ਼ਨ-ਵਸ਼ਨ ਹੁੰਦੇ ਨਜ਼ਰ ਆਉਂਦੇ ਹਨ। ਬਹੁਤ ਵੱਡੇ ਖਰਚੇ ਲੜਕਿਆਂ ਵੱਲੋਂ ਠੋਸੇ ਜਾਂ ਸੁਝਾਏ ਨਹੀਂ ਜਾਂਦੇ ਸਗੋਂ ਵੇਖਾ-ਵੇਖੀ ਦੀ ਫੈਸ਼ਨ-ਪ੍ਰਸਤੀ ਕਰਕੇ ਹੋ ਰਹੇ ਹਨ ਜਾਂ ਫਿਰ ਲੜਕੀ ਵੱਲੋਂ ਲੜਕੇ ਦੀ ਬਰਾਬਰੀ ਦੇ ਸੰਕਲਪ ਵਿਚੋਂ ਉਭਰੇ ਹਨ। ਕੁੜੀਆਂ ਦੇ ਵਿਆਹਾਂ ’ਤੇ ਵੀ ਮਹਿੰਗੇ ਕਾਰਡ ਛਪਦੇ ਹਨ, ਮਠਿਆਈਆਂ ਵੰਡੀਆਂ ਜਾਂਦੀਆਂ ਹਨ, ਵਿਆਹ ਤੋਂ ਪਹਿਲੀ ਰਾਤ ਜਾਗੋ ਨਿਕਲਦੀਆਂ ਹਨ, ਖੂਬ ਭੰਗੜੇ ਪੈਂਦੇ ਹਨ ਅਤੇ ਸ਼ਰਾਬ ਦੇ ਦੌਰ ਚਲਦੇ ਹਨ।
ਜਿਥੇ ਵਿਆਹ ਦਾ ਜ਼ਿਕਰ ਹੋਣ ’ਤੇ ਹੀ ਲੜਕੀਆਂ ਲਾਲ-ਸੂਹੀਆਂ ਹੋ-ਹੋ ਜਾਂਦੀਆਂ ਸਨ ਜਾਂ ਫਿਰ ਸਿਰ ਨਿਵਾ ਲੈਂਦੀਆਂ ਸਨ, ਹੁਣ ਸਭ ਕੁਝ ਸਹਿਜ ਅਤੇ ਸੁਭਾਵਿਕ ਤੌਰ ’ਤੇ ਲੈਂਦੀਆਂ ਹਨ। ਅਸਲ ਵਿਚ ਵਿਆਹ ਨਾਲ ਸੰਬੰਧਿਤ ਕਾਮ ਦੀਆਂ ਗੱਲਾਂ ਨਾਲ ਸੰਬੰਧਿਤ ਦ੍ਰਿਸ਼ ਤਾਂ ਮੀਡੀਏ ਨੇ ਪਹਿਲਾਂ ਹੀ ਬੇਹਯਾਈ ਦੀ ਹੱਦ ਤੱਕ ਆਮ ਕਰ ਦਿੱਤੇ ਹਨ, ਹੁਣ ਇਹ ਕਾਮਨਾਵਾਂ ਲੁਕਾ-ਛੁਪਾ ਦੀ ਗੱਲ ਨਹੀਂ ਰਹੀ। ਬੁਆਏ ਫਰੈਂਡ, ਗਰਲ ਫਰੈਂਡ ਦੇ ਰਿਸ਼ਤਿਆਂ ਨੂੰ ਸਮਾਜਿਕ ਸਵੀਕ੍ਰਿਤੀ ਵੀ ਮਿਲਣੀ ਸ਼ੁਰੂ ਹੋ ਗਈ ਹੈ। ਮੰਗਣੀ ਹੋਣ ’ਤੇ ਕੁੜੀਆਂ ਸ਼ਰੇਆਮ ਆਪਣੀ ਕਲਾਸ ਨੂੰ ਪਾਰਟੀਆਂ ਫੈਂਕਦੀਆਂ ਹਨ। ਵਿਆਹ ਵਾਲੇ ਦਿਨ ਵੀ ਇਹੀ ਨਿਸ਼ੰਗ ਰੁਝਾਨ ਨਜ਼ਰੀਂ ਪੈਂਦੇ ਹਨ। ਵਿਆਂਦੜ੍ਹ ਕੁੜੀ ਸਾਰੇ ਵਿਆਹ-ਸੰਸਕਾਰਾਂ ਵਿਚ ਡਟ ਕੇ ਵਿਚਰਦੀ ਹੈ। ਪੂਰੇ ਵਿਸ਼ਵਾਸ ਵਿਚ ਅਤੇ ਕਿਤੇ-ਕਿਤੇ ਲੋੜੋਂ ਵੱਧ ਆਤਮ-ਵਿਸ਼ਵਾਸ ਵਿਚ। ਬਰਾਬਰੀ ਦੇ ਰੌਂਅ ਵਿਚ ਜਿਥੇ-ਜਿਥੇ ਵੀ ਲੜਕੀ ਦੀ ਜਾਂ ਲੜਕੇ ਵਾਲਿਆਂ ਦੀ ਪੰ੍ਰਪਰਾਗਤ ਚੜ੍ਹਤ ਸੀ, ਉਥੇ-ਉਥੇ ਹੀ ਚੈਲੰਜ ਸਾਹਮਣੇ ਆ ਰਹੇ ਹਨ। ਇਸ ਦੀ ਚਰਮ-ਸੀਮਾ ਤਾਂ ਉਸ ਵੇਲੇ ਹੋ ਗਈ ਜਦੋਂ ਬਰਾਬਰੀ ਦੇ ਸੰਕਲਪ ਅਧੀਨ ਇਕ ਪੰਜਾਬਣ ਕੁੜੀ ਨੇ ਪਿਛਲੇ ਸਾਲ ਦੋ ਲਾਵਾਂ ਲਾੜੇ ਦੇ ਲੜ ਲੱਗ ਕੇ ਪਿਛੇ ਚੱਲ ਕੇ ਲਈਆਂ ਅਤੇ ਦੋ ਲਾਵਾਂ ਲਾੜੇ ਨੂੰ ਆਪਣੇ ਲੜ ਲਾ ਕੇ ਅੱਗੇ ਲੱਗ ਕੇ ਲਈਆਂ।
ਕੋਈ ਸਮਾਂ ਹੁੰਦਾ ਸੀ, ਲੜਕੀ ਨੂੰ ਵੇਖ ਸਕਣ ਦੀ ਬੜੀ ਉਤਸੁਕਤਾ ਹੁੰਦੀ ਸੀ। ਉਹ ਕੇਵਲ ਫੇਰਿਆਂ ’ਤੇ ਹੀ ਹਾਜ਼ਰ ਹੁੰਦੀ ਸੀ, ਜਿਸ ਕਰਕੇ ਲਾਵਾਂ ਦਾ ਮੌਕਾ ਬਹੁਤ ਮਹੱਤਵਪੂਰਨ ਹੁੰਦਾ ਸੀ। ਅੱਜ ਦੇ ਵਿਆਹ ਵਿਚ ਕਿਸੇ ਬਰਾਤੀ ਨੂੰ ਵਹੁਟੀ-ਕੁੜੀ ਦੇ ਦਰਸ਼ਨਾਂ ਦੀ ਪ੍ਰਬਲਤਾ ਨਹੀਂ ਹੁੰਦੀ ਕਿਉਂਕਿ ਉਹ ਤਾਂ ਸਟੇਜ ’ਤੇ ਨੰਗੇ ਸਿਰ ਸਲੀਵਲੈ¤ਸ ਕਮੀਜ਼ ਪਾਈ ਸਭ ਨੂੰ ਦਰਸ਼ਨ-ਦੀਦਾਰੇ ਦੇ ਰਹੀ ਹੁੰਦੀ ਹੈ। ਆਪਣੇ ਵਿਆਹ ਦੀ ਖੁਸ਼ੀ ਵਿਚ ਹਰ ਆਉਂਦੇ-ਜਾਂਦੇ ਨੂੰ ਮੁਸਕਰਾਹਟਾਂ ਬਖੇਰ ਰਹੀ ਹੁੰਦੀ ਹੈ।
ਏਥੇ ਹੀ ਬੱਸ ਨਹੀਂ, ਉਸ ਨੂੰ ਸ਼ਰਾਬੀ ਰਿਸ਼ਤੇਦਾਰਾਂ ਨਾਲ ਨਚਾਇਆ ਵੀ ਜਾਂਦਾ ਹੈ। ਉ¤ਚੀ ਸਟੇਜ ’ਤੇ ਨੰਗੇ ਸਿਰ ਨਿਸ਼ੰਗ ਬੈਠੀ ਲਾੜੀ ਦੀ ਨਿਸ਼ੰਗਤਾ ਨੇ ਲਾੜੇ-ਲਾੜੀ ਨੂੰ ਵਿਆਹ-ਸੰਸਾਰ ਦੇ ਕੇਂਦਰ-ਬਿੰਦੂ ਤੋਂ ਪਾਸੇ ਧਕੇਲ ਦਿੱਤਾ ਹੈ। ਵਿਆਹ ਦੇ ਵੱਡੇ ਰੌਲੇ-ਰੱਪੇ ਅਤੇ ਢੋਲ-ਢਮੱਕੇ ਵਿਚ ਵਿਆਂਦੜ੍ਹ ਕੁੜੀ ਦੇ ਚਿਹਰੇ ’ਤੇ ਉਹ ਮੋਨਾਲਿਜ਼ਾ ਪ੍ਰਭਾਵ ਕਿਤੇ ਨਜ਼ਰ ਨਹੀਂ ਆਉਂਦੇ ਜੋ ਉਨ੍ਹਾਂ ਭਾਵਨਾਵਾਂ ਅਤੇ ਕਾਮਨਾਵਾਂ ਦਾ ਮੁਜੱਸਮਾ ਹੁੰਦੇ ਹਨ ਜੋ ਇਸ ਮੰਜ਼ਰ ’ਤੇ ਖਲੋਤੀ ਪੰਜਾਬਣ ਵਹੁਟੀ ਦੇ ਕਦੀ ਹੁੰਦੇ ਸਨ। ਜਿਨ੍ਹਾਂ ਵਿਚ ਮਰਦ-ਔਰਤ ਦੇ ਮੂਲਕ ਰਿਸ਼ਤਿਆਂ ਦੀ ਅਣਛੋਹ ਸ਼ੁਰੂਆਤ ਹੁੰਦੀ ਹੈ, ਸਿਰਜਨਾਤਮਿਕ ਮੰਜ਼ਿਲ ਦੇ ਆਗਾਜ਼ ਦੀ ਭਾਵਨਾ ਪ੍ਰਚੰਡ ਹੁੰਦੀ ਹੈ, ਅਣਦੇਖੇ-ਅਣਜਾਣੇ ਵੱਲ ਜਾਣ ਦੀ ਉਤਸੁਕਤਾ ਹੁੰਦੀ ਹੈ, ਇਲਾਹੀ ਅਨੰਦ ਅਤੇ ਸੁਖਦ ਅਹਿਸਾਸ ਦੀ ਸ਼ਿੱਦਤ ਹੁੰਦੀ ਹੈ, ਏਕ ਜੋਤਿ-ਦੋਇ ਮੂਰਤੀ ਹੁੰਦਿਆਂ ਸਰੀਰਾਂ ਰਾਹੀਂ ਰੂਹਾਂ ਤੱਕ ਪਹੁੰਚਣ ਦੀ ਸਹਿਜ ਪ੍ਰਬਲਤਾ ਹੁੰਦੀ ਹੈ, ਬਾਬਲ-ਅੰਮੀ , ਵੀਰਾਂ-ਭੈਣਾਂ ਦੇ ਘਰੋਂ ਲੰਬੇ ਗਹਿਰੇ ਬਚਪਨ ਦੀਆਂ ਯਾਦਾਂ ਨਾਲ ਲਬਰੇਜ਼ ਰੂਹ ਨੂੰ ਤੋੜ-ਵਿਛੋੜ ਕੇ ਕਿਸੇ ਅਣਜਾਣੇ ਪੁਰਖ-ਪਰਿਵਾਰ ਨਾਲ ਜੁੜਨ ਦੀ ਦੁਬਿਧਾ ਹੁੰਦੀ ਹੈ।
ਉ¤ਚੇ ਸੁਰਾਂ ਵਿਚ ਚਲਦੇ ਗੀਤ-ਸੰਗੀਤ ਅਤੇ ਖਾਣ-ਪੀਣ ਦੇ ਇਸ ਸਾਰੇ ਮਾਹੌਲ ਵਿਚੋਂ ਸੰਜੀਦਗੀ ਅਤੇ ਸ਼ਾਇਸਤਗੀ ਖਾਰਜ ਹੋ ਗਈ ਲਗਦੀ ਹੈ। ਹੁਣ ਬਾਬਲ ਨੂੰ ਵੀ ਧੀ ਦਾ ਡੋਲਾ ਤੋਰਨ ਮੌਕੇ ਕਿਸੇ ਮਹੱਲ ਜਾਂ ਗਲੀ ਦੀ ਇੱਟ ਪੁਟਾਉਣ ਦੀ ਲੋੜ ਨਹੀਂ ਪੈਂਦੀ, ਨਾ ਕਿਸੇ ਬਾਗ਼ ਦਾ ਰੁੱਖ਼ ਕਟਵਾਉਣਾ ਪੈਂਦਾ ਹੈ। ਨਾ ਵੀਰਾਂ ਨੂੰ ਡੋਲੀ ਦਾ ਭਾਰ ਚੁੱਕਣਾ ਪੈਂਦਾ ਹੈ, ਨਾ ਚਾਚਿਆਂ, ਤਾਇਆਂ, ਮਾਮਿਆਂ ਨੂੰ। ਉਨ੍ਹਾਂ ਨੇ ਵੀ ਦੋ-ਦੋ, ਚਾਰ-ਚਾਰ ਪੈ¤ਗ ਲਾਏ ਹੁੰਦੇ ਹਨ। ਬਹੁਤ ਵਾਰੀ ਡੋਲਾ ਮੈਰਿਜ ਪੈਲੇਸ ਵਿਚੋਂ ਹੀ ਪੰਜਾਬ ਦੇ ਜੁਗਾਂ-ਜੁਗਾਂਤਰਾਂ ਤੋਂ ਚਲੇ ਆਉਂਦੇ ਲੋਕ-ਗੀਤਾਂ ਅਤੇ ਵਿਦਾਈ-ਸ਼ਗਨਾਂ ਨੂੰ ਗ਼ੈਰ-ਪ੍ਰਸੰਗਿਕ ਅਤੇ ਅਰਥ-ਵਿਹੂਣੇ ਕਰਦਾ ਹੋਇਆ ਘੂੰ-ਊਂ ਕਰਦਾ ਔਹ ਗਿਆ, ਔਹ ਗਿਆ ਹੋ ਜਾਂਦਾ ਹੈ।
ਆਸਾ ਸਿੰਘ ਘੁੰਮਣ
-ਅੰਗਰੇਜ਼ੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ (ਕਪੂਰਥਲਾ)।

0 Comments:

Post a Comment

Subscribe to Post Comments [Atom]

<< Home