ਆਯੁਰਵੈਦਿਕ ਤਰੀਕੇ ਨਾਲ ਇਲਾਜ ਕਰਨ ਵਾਲੇ ਵੱਖ-ਵੱਖ ਮੌਕਿਆਂ 'ਤੇ ਸਰੀਰ ਦੀ ਕਲੀਂਜ਼ਿੰਗ ਕਰਨ ਦੀ ਸਲਾਹ ਦਿੰਦੇ ਹਨ ਤਾਂ ਕਿ ਸਰੀਰ ਦੇ ਜ਼ਹਿਰੀਲੇ ਤੱਤਾਂ ਕਾਰਨ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ। ਹਰੇਕ ਮੌਸਮ ਬਦਲਣ 'ਤੇ 30 ਦਿਨ ਦਾ ਇਕ ਡਿਟਾਕਸ ਪੂਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਸਰੀਰ ਦੀ ਊਰਜਾ ਦੇ ਪੱਧਰਾਂ ਨੂੰ ਮੇਂਟੇਨ ਰੱਖਿਆ ਜਾ ਸਕੇ ਅਤੇ ਸਰੀਰ ਦੀ ਅੰਦਰੂਨੀ ਪ੍ਰਣਾਲੀ ਨੂੰ ਰਸਾਇਣਾਂ ਤੋਂ ਮੁਕਤ ਰੱਖਿਆ ਜਾ ਸਕੇ। ਇਹ ਦੂਜੀਆਂ ਤੇਜ਼ੀ ਨਾਲ ਕੀਤੀਆਂ ਜਾਣ ਵਾਲੀ ਕਲੀਂਜ਼ਿੰਗਸ ਦੇ ਮੁਕਾਬਲੇ ਕਾਫੀ ਸਿੰਪਲ ਹੈ। ਕੋਈ ਵੀ ਸੁਰੱਖਿਅਤ ਢੰਗ ਨਾਲ ਆਯੁਰਵੈਦਿਕ ਕਲੀਂਜ਼ਿੰਗ ਪੂਰੀ ਕਰ ਸਕਦਾ ਹੈ।
ਧਿਆਨ 'ਚ ਰੱਖਣਯੋਗ ਗੱਲਾਂ
J ਆਯੁਰਵੈਦਿਕ ਕਲੀਂਜ਼ਿੰਗ ਦੀ ਸ਼ੁਰੂਆਤ ਉਨ੍ਹਾਂ ਚੀਜ਼ਾਂ ਪ੍ਰਤੀ ਜਾਗਰੂਕ ਹੋ ਕੇ ਕੀਤੀ ਜਾ ਸਕਦੀ ਹੈ, ਜਿਨ੍ਹਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਹਰ ਤਰ੍ਹਾਂ ਦਾ ਜੰਕ ਫੂਡ, ਪ੍ਰੀਜ਼ਰਵੇਟਿਵਸ ਜਾਂ ਖਾਦਾਂ-ਕੀਟਨਾਸ਼ਕਾਂ 'ਚ ਉੱਗੇ ਫਲਾਂ-ਸਬਜ਼ੀਆਂ ਦੀ ਵਰਤੋਂ ਬੰਦ ਕਰ ਦਿਓ। 30 ਦਿਨਾਂ ਤਕ ਕੱਚੇ ਖਾਧ, ਡੇਅਰੀ ਉਤਪਾਦ ਤੇ ਮੀਟ ਤੋਂ ਪੂਰੀ ਤਰ੍ਹਾਂ ਬਚੋ ਕਿਉਂਕਿ ਇਹ ਖਾਧ ਵਸਤੂਆਂ ਪਚਾਉਣ 'ਚ ਬਹੁਤ ਮੁਸ਼ਕਿਲ ਹੁੰਦੀ ਹੈ। ਕੈਫੀਨ ਤੇ ਅਲਕੋਹਲ ਦੀ ਵਰਤੋਂ ਨਾ ਕਰੋ। ਕਮਰੇ ਦੇ ਤਾਪਮਾਨ 'ਤੇ ਚਾਹ ਤੇ ਪਾਣੀ ਵੀ ਨਾ ਪੀਓ।
J ਪੂਰੀ ਤਰ੍ਹਾਂ ਆਰਗੈਨਿਕ ਹੋਲ ਫੂਡਸ ਦੀ ਚੋਣ ਕਰੋ, ਇਨ੍ਹਾਂ ਨੂੰ ਬੇਕ ਜਾਂ ਸਟੀਮ ਕਰੋ। ਆਪਣੇ ਭੋਜਨ ਦੀ ਵਰਤੋਂ ਕਮਰੇ ਦੇ ਤਾਪਾਮਨ 'ਤੇ ਹੀ ਕਰੋ। ਆਪਣੀ ਡਾਈਟ 'ਚ ਅਜਵਾਇਣ, ਬੰਦ ਗੋਭੀ, ਮੂਲੀ, ਸੇਬ, ਪਪੀਤਾ ਤੇ ਆੜੂ ਵਰਗੇ ਤਾਜ਼ੇ ਫਲ-ਸਬਜ਼ੀਆਂ ਸ਼ਾਮਲ ਕਰੋ ਜੋ ਕਲੀਂਜ਼ਿੰਗ ਦਾ ਕੰਮ ਕਰਦੀਆਂ ਹਨ। 30 ਦਿਨਾਂ ਦੀ ਆਪਣੀ ਆਯੁਰਵੈਦਿਕ ਕਲੀਂਜ਼ਿੰਗ ਲਈ ਫਲਾਂ ਤਕ ਨੂੰ ਵੀ ਥੋੜ੍ਹਾ ਬੇਕ ਜਾਂ ਸਟੀਮ ਕਰਨਾ ਨਾ ਭੁੱਲੋ।
J ਸਾਰਾ ਦਿਨ ਢੇਰ ਸਾਰਾ ਕੋਸਾ ਪਾਣੀ ਤੇ ਹਰਬਲ ਚਾਹ ਪੀਓ, ਇਸ ਨਾਲ ਤੁਹਾਡੇ ਸਰੀਰ 'ਚੋਂ ਅਸ਼ੁੱਧੀਆਂ ਦੂਰ ਹੋਣਗੀਆਂ ਤੇ ਡੀਟਾਕਸੀਫਿਕੇਸ਼ਨ 'ਚ ਮਦਦ ਮਿਲੇਗੀ। ਆਪਣੇ ਪਾਣੀ ਤੇ ਚਾਹ 'ਚ ਅਦਰਕ ਤੇ ਨਿੰਬੂ ਦਾ ਰਸ ਮਿਲਾਓ ਤਾਂ ਕਿ ਤੁਹਾਡੇ ਸਰੀਰ ਦੀ ਕਲੀਂਜ਼ਿੰਗ ਅਤੇ ਸ਼ੁੱਧੀਕਰਨ 'ਚ ਮਦਦ ਮਿਲ ਸਕੇ।
J ਰੋਜ਼ਾਨਾ ਤਿੰਨ ਵਾਰ ਭੋਜਨ ਕਰੋ। ਜਿੰਨਾ ਸੰਭਵ ਹੋਵੇ, ਉਨ੍ਹਾਂ ਦਾ ਸਮਾਂ ਤੈਅ ਕਰੋ। ਸਵੇਰੇ ਤੇ ਸ਼ਾਮ ਹਲਕਾ ਭੋਜਨ ਕਰੋ। ਦੁਪਹਿਰ ਦਾ ਸਮਾਂ ਭਾਰੀ ਭੋਜਨ ਲਈ ਰੱਖੋ।
J ਤਣਾਅ ਤੇ ਦਬਾਅ ਤੋਂ ਛੁਟਕਾਰਾ ਪਾਉਣ ਲਈ ਲੋੜੀਂਦਾ ਆਰਾਮ ਕਰੋ ਤੇ ਧਿਆਨ ਲਗਾਓ ਤਾਂ ਕਿ ਤੁਹਾਡਾ ਸਰੀਰ ਡਿਟਾਕਸ ਹੋ ਕੇ  ਰੀਚਾਰਜ ਹੋ ਸਕੇ। ਆਪਣੀ ਆਯੁਰਵੈਦਿਕ ਕਲੀਂਜ਼ਿੰਗ ਦੌਰਾਨ ਜਲਦੀ ਸੌਣਾ ਤੇ ਜਲਦੀ ਉੱਠਣਾ ਬਹੁਤ ਮਹੱਤਵਪੂਰਨ ਹੈ। ਦਿਨ ਸਮੇਂ ਝਪਕੀ ਲੈਣ ਤੋਂ ਬਚੋ। ਜੇਕਰ ਤੁਹਾਨੂੰ ਝਪਕੀ ਲੈਣ ਦੀ ਲੋੜ ਮਹਿਸੂਸ ਹੋਵੇ ਤਾਂ ਇਸ ਦੀ ਬਜਾਏ ਧਿਆਨ ਲਗਾਓ।
J ਰੋਜ਼ਾਨਾ ਸਵੇਰ ਵੇਲੇ ਕਸਰਤ ਕਰੋ। ਅਜਿਹੀ ਕਸਰਤ ਕਰਨ ਦੀ ਕੋਸ਼ਿਸ਼ ਕਰੋ ਜੋ ਤੁਹਾਡੀ ਸਾਹ ਪ੍ਰਣਾਲੀ ਨਾਲ ਸੰਬੰਧਤ ਹੋਵੇ ਜਿਵੇਂ ਯੋਗਾ, ਤਾਈ ਚੀ ਤੇ ਇਥੋਂ ਤਕ ਕਿ ਸੈਰ ਕਰਨਾ। ਆਪਣੀ 30 ਦਿਨ ਦੀ ਆਯੁਰਵੈਦਿਕ ਕਲੀਂਜ਼ਿੰਗ ਦੌਰਾਨ ਜਦੋਂ ਵੀ ਸੰਭਵ ਹੋ ਸਕੇ ਇਕ ਹੀਲਿੰਗ ਮਸਾਜ ਲਈ ਜਾਓ। ਮਸਾਜ, ਕਸਰਤ ਤੇ ਆਕਸੀਜਨ ਦੀ ਖਪਤ ਵਧਾਉਣ ਨਾਲ ਤੁਹਾਡੇ ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲੇਗੀ।
J 30 ਦਿਨਾਂ ਬਾਅਦ ਆਪਣੀ ਰੈਗੂਲਰ ਸਿਹਤਮੰਦ ਡਾਈਟ 'ਤੇ ਵਾਪਸ ਆਓ। ਹੌਲੀ-ਹੌਲੀ ਇਸ ਵਿਚ ਕੱਚੇ ਖਾਧ ਅਤੇ ਭਾਰੀ ਭੋਜਨ ਸ਼ਾਮਲ ਕਰੋ। ਅਗਲੀ ਵਾਰ ਮੌਸਮ ਬਦਲਣ 'ਤੇ ਆਪਣੀ ਆਯੁਰਵੈਦਿਕ ਕਲੀਂਜ਼ਿੰਗ ਨੂੰ ਦੁਹਰਾਓ ਤਾਂ ਕਿ ਤੁਹਾਡਾ ਸਰੀਰ ਜ਼ਹਿਰੀਲੇ ਤੱਤਾਂ ਤੋਂ ਛੁਟਕਾਰਾ ਪਾ ਸਕੇ ਅਤੇ ਉਸ ਵਿਚ ਊਰਜਾ ਵਧੇ।