Friday, July 13, 2012

Punjabi lekh-ਬਾਬਾ ਜੀ ਦਾ ਆਸ਼ੀਰਵਾਦ


ਬਾਬਾ ਜੀ ਦਾ ਆਸ਼ੀਰਵਾਦ
ਕਦੀ ਭਾਰਤ ਵਰਸ਼ ਰਿਸ਼ੀਆਂ-ਮੁਨੀਆਂ ਦਾ ਦੇਸ਼ ਹੋਇਆ ਕਰਦਾ ਸੀ। ਮੁਨੀ ਲੋਕ ਸੰਸਾਰ ਤਿਆਗ ਕੇ ਜੰਗਲਾਂ ਵਿਚ ਨਿਵਾਸ ਕਰਦੇ ਸਨ। ਜੜ੍ਹੀਆਂ ਬੂਟੀਆਂ, ਪੱਤੇ ਤੇ ਘਾਹ-ਫੂਸ ਖਾ ਕੇ ਗੁਜ਼ਾਰਾ ਕਰਦੇ ਸਨ। ਤਪ, ਜਪ ਰਾਹੀਂ ਜੀਵਨ ਨੂੰ ਮੋਖਸ਼ ਵੱਲ ਧੱਕਦੇ ਸਨ। ਦੁਖੀ ਦੁਨਿਆਵੀ ਲੋਕ (ਰਾਜੇ-ਮਹਾਰਾਜੇ) ਆਪਣੇ ਸੰਕਟ ਮੋਚਨ ਲਈ ਮੁਨੀਆਂ ਦੀ ਕੁੱਲੀ ਦਾ ਬੂਹਾ ਖੜਕਾਉਂਦੇ ਸਨ। ਮੁਨੀ ਪ੍ਰਸੰਨ ਹੁੰਦੇ ਤਾਂ ਵਰ ਦਿੰਦੇ ਤੇ ਜੇ ਨਾਰਾਜ਼ ਹੋ ਜਾਂਦੇ ਤਾਂ ਕਦੀ-ਕਦੀ ਸਰਾਪ ਵੀ ਦੇ ਦਿੰਦੇ। ਲੇਲ੍ਹੜੀਆਂ ਕੱਢਣ 'ਤੇ ਉਹ ਸਰਾਪ ਨੂੰ ਟਾਲਣ ਦਾ ਢੰਗ-ਤਰੀਕਾ ਵੀ ਆਪ ਹੀ ਦੱਸ ਦਿੰਦੇ।
ਹੁਣ ਭਾਰਤ ਵਰਸ਼ ਬਾਬਿਆਂ ਦਾ ਦੇਸ਼ ਹੋ ਗਿਆ ਹੈ। ਥਾਂ-ਥਾਂ ਬਾਬੇ ਬੁੱਕਦੇ ਫਿਰਦੇ ਹਨ। ਆਸ਼ਰਮਾਂ ਦੀ ਥਾਂ ਡੇਰੇ ਆ ਗਏ ਹਨ। ਜਨਮ-ਜਨਮ ਦੇ ਫੇਰੇ ਆ ਗਏ ਹਨ। ਹੁਣ ਬਾਬੇ ਵਰ ਨਹੀਂ ਅਸ਼ੀਰਵਾਦ ਦਿੰਦੇ ਹਨ। ਜਨਤਾ ਦੁੱਖਾਂ ਨਾਲ ਘਿਰੀ ਹੋਈ ਹੈ। ਦੁਖੀਜਨਾਂ ਦੀ ਮੱਤ ਫਿਰੀ ਹੋਈ ਹੈ। ਬਾਬਿਆਂ ਨੂੰ ਮੂਰਖ ਮੰਡਲੀ ਮਿਲੀ ਹੋਈ ਹੈ। ਉਸਤਰਾ ਤਿੱਖਾ ਹੈ। ਮੌਕਾ ਹੈ, ਮੇਲ ਹੈ, ਬਾਬਿਆਂ ਦੀ ਚੱਲ ਰਹੀ ਰੇਲ ਹੈ। ਚੜ੍ਹ ਸਕੇ ਤੋਂ ਚੜ੍ਹ ਜਾ ਬੱਚਾ। ਸਥਾਨ ਨਹੀਂ ਮਿਲਾ ਤੋ ਖੜ੍ਹ ਜਾ ਬੱਚਾ। ਧੂਪ ਛਾਂਵ ਮੈਂ ਰੁੜ੍ਹ ਜਾ ਬੱਚਾ। ਖਾਲੀ ਗਗਰੀ ਡੂਬਤ ਜਾਇ, ਸੰਤਨ ਕੀ ਇਸ ਭੀੜ ਮੇਂ ਥਮ ਜਾ ਬੱਚਾ। ਬਾਬਾ ਜੀ ਕਾ ਕਾਰਾ ਹੈ, ਬਸ ਏਕ ਹੀ ਨਾਹਰਾ ਹੈ, 'ਮੂੰਡ ਸਕੇ ਤੋ ਮੂੰਡ ਲੇ ਬਾਬਾ, ਫੇਰ ਜੇ ਚਕਰੀ ਹਾਥ ਨਾ ਆਵਤ, ਬਿਰਥਾ ਟੇਮ ਬੀਤਤਾ ਜਾਵਤ, ਭਗ ਗਏ ਚੇਲੇ, ਭਗ ਗਈ ਚੇਲੀਆਂ, ਤਬ ਬਾਬਾ ਕੇ ਹਾਥ ਕੀ ਆਵਤ... ਮੂੰਡ ਸਕੇ ਤੋ ਮੂੰਡ... ਅੰਤ ਕਾਲ ਪਛਤਾਹੇਂ ਗੇ ਜਬ...।' ਮਹਾਤਮਾ ਬੁੱਧ ਜੀ ਨੇ ਫੁਰਮਾਇਆ ਹੈ, 'ਸੰਸਾਰ ਦੁੱਖਾਂ ਦਾ ਘਰ ਹੈ। ਇਛਾਵਾਂ ਦੁੱਖਾਂ ਦਾ ਮੂਲ ਸਵਰ ਹੈ। ਇੱਛਾ ਤਿਆਗੋ, ਦੁੱਖੋ ਭਾਗੋ।'
ਮੁਨਸ਼ੀ ਹੇਤ ਰਾਮ ਦਾ ਕਹਿਣਾ ਹੈ, 'ਕਬੀਲਦਾਰੀ ਚਲਾਉਣੀ ਹੈ ਤਾਂ ਇਛਾਵਾਂ ਤਾਂ ਰੱਖਣੀਆਂ ਹੀ ਪੈਣੀਆਂ ਹਨ। ਸੁਫਨੇ ਨਾ ਹੋਣ ਤਾਂ ਕਾਹਦੀ ਜ਼ਿੰਦਗਾਨੀ? ਇਛਾਵਾਂ ਪੂਰੀਆਂ ਕਰਨ ਲਈ ਭੱਜ-ਦੌੜ ਤਾਂ ਕਰਨੀ ਹੀ ਪੈਣੀ ਹੈ। ਦੁੱਖ ਆਉਂਦੇ ਹਨ ਤਾਂ ਬਾਬਾ ਜੀ ਕੋਲ ਜਾਵਾਂਗੇ। ਬਾਬਾ ਜੀ ਕੋਲ ਹੋਰ ਮਰਜ਼ ਦੀ ਦਵਾ ਹੈ।'
ਇਕ ਭੇਡ ਬਾਬਾ ਜੀ ਦੇ ਦਰਬਾਰ 'ਚ ਪਹੁੰਚਦੀ ਹੈ ਤਾਂ ਬਾਕੀ ਭੇਡਾਂ ਵੀ ਬੈਂ-ਬੈਂ ਕਰਕੇ ਪਹੁੰਚਣ ਲਈ ਤਰਲੋਮੱਛੀ ਹੋਣ ਲਗਦੀਆਂ ਹਨ। ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਇਕ-ਦੂਸਰੇ ਤੋਂ ਮੂਹਰੇ, ਇਕ-ਦੂਸਰੇ ਦੀਆਂ ਅੱਡੀਆਂ ਮਿੱਧ-ਮਿੱਧ,ਪਹੁੰਚਣ ਦਾ ਯਤਨ ਕਰਦੀਆਂ ਹਨ। ਮੈਂ ਵੀ ਆਗੀ ਬਾਬਾ ਜੀ, ਮੈਂ ਵੀ, ਮੈਂ ਵੀ...।' ਦਾ ਸ਼ੋਰ ਹੈ। ਸੁਣ ਕੇ ਬਾਬਾ ਜੀ ਆਨੰਦ ਵਿਭੋਰ ਹੈ। ਚਾਹੇ ਕੋਈ ਸਾਧ ਹੈ ਤੇ ਚਾਹੇ ਕੋਈ ਚੋਰ ਹੈ, ਬਾਬਾ ਜੀ ਨੂੰ ਚੜ੍ਹੀ ਪਈ ਲੋਰ ਹੈ। ਬਦਲੀ ਹੋਈ ਤੋਰ ਹੈ। ਕਾਏਂ ਕਾਏਂ ਕਰਦਾ ਮੋਰ ਹੈ। ਬਾਬਾ ਘੜੀ ਮੁੜੀ ਆਖੀ ਜਾਏ 'ਵੰਸ ਮੋਰ ਵੰਸ ਮੋਰ' ਹੈ।
ਇਕੱਠੀ ਹੋਈ ਦੁਖੀ ਭੀੜ ਨੂੰ ਦੇਖ ਕੇ ਬਾਬਾ ਜੀ ਫਰਮਾਉਂਦੇ ਹਨ, 'ਭਗਤ ਜਨੋ, ਇਸ ਕਲਯੁਗ ਵਿਚ ਮੁਫ਼ਤ ਕੁਝ ਨਹੀਂ ਮਿਲਦਾ। ਘਿਓ ਕੱਢਣਾ ਹੋਵੇ ਤਾਂ ਉਂਗਲੀ ਟੇਢੀ ਕਰਨੀ ਹੀ ਪੈਂਦੀ ਹੈ। ਜੇਬ ਢਿੱਲੀ ਕਰਨੀ ਹੁੰਦੀ ਹੈ। ਸਾਡੇ ਕੋਲ ਆਉਣ ਲਈ ਰਜਿਸਟ੍ਰੇਸ਼ਨ ਕਰਵਾ ਕੇ ਆਓ। ਤੁਹਾਡੇ ਦੁੱਖਾਂ ਦੀ ਦਾਰੂ ਰਜਿਸਟ੍ਰੇਸ਼ਨ ਵਿਚ ਸੁਰੱਖਿਅਤ ਪਈ ਹੋਈ ਹੈ। ਅੱਜ ਸੀਟ ਹੈ, ਕੱਲ੍ਹ ਦੀ ਉਪਰ ਵਾਲਾ ਜਾਣੇ। ਇਕ ਵਾਰ ਟਰੇਨ ਲੰਘ ਜਾਵੇ ਤਾਂ ਅਗਲੀ ਟਰੇਨ ਮਿਲਣ ਵਿਚ ਸਮਾਂ ਲਗਦਾ ਹੈ। ਖਾਤਾ ਨੰਬਰ 420 ਵਿਚ ਫੀਸ ਜਮ੍ਹਾ ਕਰਵਾਓ ਤੇ ਸੁੱਖ-ਸ਼ਾਂਤੀ ਪਾਓ।'
ਵਿਚਾਰੀਆਂ ਭੇਡਾਂ ਇਕ-ਦੂਸਰੀ ਦੇ ਪੈਰ ਮਿੱਧਦੀਆਂ ਅਗਾਂਹ ਵਧਣ ਦਾ ਯਤਨ ਕਰਦੀਆਂ ਹਨ। ਮੈਂ ਪਹਿਲਾਂ, ਮੈਂ ਪਹਿਲਾਂ, ਦੀ ਮੁਹਾਰਨੀ ਹੈ। ਸੀਟ ਮਿਲ ਜਾਵੇ ਤਾਂ ਰਾਣੀ ਹੈ, ਨਹੀਂ ਤਾਂ ਟਿੰਡ 'ਚ ਫਸੀ ਕਾਨੀ ਹੈ। ਬਾਬਾ ਜੀ ਹੋਰ ਵੀ ਕਹਿੰਦੇ ਹਨ, 'ਭਗਤ ਜਨੋਂ ਬਾਬਾ ਜੀ ਦਾ ਅਸ਼ੀਰਵਾਦ ਜਲਦੀ ਤੇ ਸੌਖੀ ਤਰ੍ਹਾਂ ਲੈਣਾ ਹੋਵੇ ਤਾਂ ਆਪਣੀ ਨੇਕ ਕਮਾਈ ਦਾ ਦਸਵੰਧ ਬਾਬਾ ਜੀ ਦੇ ਚਰਨਾਂ 'ਚ ਅਰਪਿਤ ਕਰੋ। ਅਸ਼ੀਰਵਾਦ ਨੱਸਿਆ ਆਵੇਗਾ। ਹੱਥ 'ਤੇ ਸਰ੍ਹੋਂ ਜਮਾ ਕੇ ਦੇਖੋ। ਅਗਲਾ ਜਨਮ ਕਮਾ ਕੇ ਦੇਖੋ, ਬਿਹਬਲ ਮਨ ਰਮਾ ਕੇ ਦੇਖੋ।'
ਇਹੋ ਜਿਹੇ ਵੇਲੇ ਇਹ ਪੱਤਰਕਾਰ ਨਾਂਅ ਦੀ ਚੀਜ਼ ਪਤਾ ਨਹੀਂ ਕਿੱਥੋਂ ਆ ਜਾਂਦੇ ਹਨ। ਬਾਬਾ ਜੀ ਨੂੰ ਪ੍ਰਸ਼ਨ ਕਰਦੇ ਹਨ, 'ਬਾਬਾ ਜੀ, ਅਸ਼ੀਰਵਾਦ ਮੁੱਲ ਵੇਚ ਰਹੇ ਹੋ? ਇਹ ਤਾਂ ਕਲਿਆਣ ਦੀ ਚੀਜ਼ ਹੁੰਦੀ ਹੈ। ਮੁਫ਼ਤ ਹੁੰਦੀ ਆਈ ਹੈ।'
ਬਾਬਾ ਜੀ ਮੁਸਕਰਾ ਕੇ ਆਖਦੇ ਹਨ, 'ਬੱਚਾ, ਪੰਜ ਤਾਰਾ ਹੋਟਲ ਦਾ ਕਿਰਾਇਆ ਹੈ, ਮੀਡੀਏ ਦਾ ਪਸਾਰਾ ਹੈ, ਬਿਨ ਪੈਸੇ ਸਭ ਖਾਰਾ ਹੈ, ਪੈਸੇ ਬਗੈਰ ਦਿਨੇ ਦਿਸਦਾ ਤਾਰਾ ਹੈ। ਪੈਸੇ ਬਗੈਰ ਤਾਂ ਸਾਧੂ ਸੰਤ ਵਿਚਾਰਾ ਹੈ। ਇਹ ਵਸਤਾਂ ਫਰੀ ਮਿਲ ਜਾਣ ਤਾਂ ਬਾਬਾ ਅਸ਼ੀਰਵਾਦ ਵੀ ਫਰੀ ਦੇਣ ਲੱਗ ਪੈਣਗੇ। ਕੀ ਸਮਝੇ, ਸਮਝੇ ਕੁਸ਼ ਕਿ...?'
ਪੈਸੇ ਬਗੈਰ ਨਾ ਘੋੜੀ ਤੁਰਦੀ, ਪੈਸੇ ਬਗੈਰ ਨਾ ਝੋਟੀ ਮਿਲਦੀ, ਬੋਲੋ ਤਾਰਾ...ਰਾ...ਤਾਰਾ...।
ਬਾਬਾ ਜੀ ਦੀਨ-ਦੁਖੀਆਂ ਨਾਲ ਸੰਵਾਦ ਰਚਾਉਂਦੇ ਹਨ, ਰੱਜ ਕੇ ਧਨ ਕਮਾਉਂਦੇ ਹਨ, ਭੁੱਖਿਆਂ ਦਾ ਮਨ ਗੱਲਾਂ ਨਾਲ ਰਮਾਉਂਦੇ ਹਨ, 'ਦੁਖੀ ਭਗਤ ਜਨ, 'ਬਾਬਾ ਜੀ, ਸ਼ੂਗਰ ਰੋਗ ਤੋਂ ਦੁਖੀ ਹਾਂ। ਉਖੜਿਆ-ਉਖੜਿਆ ਰਹਿੰਦਾ ਹਾਂ। ਰਾਤੀਂ ਨੀਂਦ ਨਹੀਂ ਦਿਨੇ ਚੈਨ ਨਹੀਂ...।'
ਬਾਬਾ ਜੀ, 'ਪਤਾ ਨੀਂ ਕਿਧਰੋਂ ਖੀਰ ਆ ਰਹੀ ਹੈ। ਕਦੀ ਖੀਰ ਖਾਧੀ ਹੈ?'
ਭਗਤ ਜਨ, 'ਨਹੀਂ ਬਾਬਾ ਜੀ... ਨਹੀਂ ਖਾਧੀ ਖੀਰ...'
ਬਾਬਾ ਜੀ, 'ਮਿੱਠੀ ਖੀਰ ਨਹੀਂ ਖਾਂਦੇ ਤਾਂ ਅਸ਼ੀਰਵਾਦ ਕਿਵੇਂ ਮਿਲੇਗਾ, ਜ਼ਿਆਦਾ ਖੰਡ ਵਾਲੀ ਖੀਰ ਦੱਬ ਕੇ ਖਾਓ, ਦੋਸਤਾਂ-ਮਿੱਤਰਾਂ ਨੂੰ ਵੀ ਖਲਾਓ, ਅਸ਼ੀਰਵਾਦ ਆ ਜਾਵੇਗਾ। ਅਸ਼ੀਰਵਾਦ ਮਿਲ ਜਾਏਗਾ।'
ਇਕ ਹੋਰ ਭਗਤ ਜਨ ਪੇਸ਼ ਹੁੰਦੇ ਹਨ, 'ਬਾਬਾ ਜੀ, ਦਿਲ ਦਾ ਰੋਗ ਹੋ ਗਿਆ ਹੈ। ਬਲੱਡ ਪ੍ਰੈਸ਼ਰ ਵਧਿਆ ਰਹਿੰਦਾ ਹੈ। ਦੁਖੀ ਹਾਂ ਬਾਬਾ ਜੀ...।'
'ਇਹ ਮੱਖਣ ਕਿਥੋਂ ਆ ਰਿਹਾ ਹੈ। ਮੱਖਣ ਆ ਰਿਹਾ ਹੈ। ਖਾਂਦੇ ਹੋ ਮੱਖਣ?'
'ਨਹੀਂ ਬਾਬਾ ਜੀ, ਡਾਕਟਰ ਨੇ ਮਨ੍ਹਾ ਕੀਤਾ ਹੋਇਆ ਹੈ।'
'ਮਰਜ਼ ਡਾਕਟਰ ਜਾਣਦਾ ਹੈ ਕਿ ਬਾਬਾ ਜੀ? ਜਾਓ ਰੱਜ-ਰੱਜ ਕੇ ਮੱਖਣ ਖਾਓ, ਅਸ਼ੀਰਵਾਦ ਮਿਲ ਜਾਵੇਗਾ।'
'ਜੀ ਬਾਬਾ ਜੀ...'
ਗੁੱਲੀ-ਡੰਡਾ ਪਲੇਅਰ ਵਾਂਗ ਬਾਬਾ ਜੀ ਗੁੱਲੀ ਨੂੰ ਟੁੱਲੇ 'ਤੇ ਟੁੱਲੇ ਮਾਰੀ ਜਾਂਦੇ ਹਨ। ਦੁਖੀ ਜਨਤਾ ਟੁੱਲੇ ਖਾਈ ਜਾਂਦੀ ਹੈ, ਦਿਨ-ਰਾਤ ਭਰਮਾਈ ਜਾਂਦੀ ਹੈ। ਬਾਬਾ ਜੀ ਦੀ ਜੈ ਹੋ... ਜੈ ਹੋ...।
ਬਾਬਾ ਜੀ ਕੋਲ ਕੁਝ ਟਰੇਂਡ ਤੇ ਪੇਡ ਭੇਡਾਂ ਵੀ ਹਨ ਜੋ ਕੈਮਰੇ ਮੂਹਰੇ ਮੂੰਹ ਕਰ-ਕਰ ਵਖਾਣ ਕਰਦੀਆਂ ਹਨ, 'ਬਾਬਾ ਜੀ, ਮੈਂ ਬਹੁਤ ਦੁਖੀ ਸੀ। ਤੁਹਾਡੇ ਕੋਲ ਆ ਕੇ ਸੁਖੀ ਹੋ ਗਏ। ਆਪਣਾ ਅਸ਼ੀਰਵਾਦ ਬਣਾਈ ਰੱਖਣਾ ਜੀ।'
'ਬਾਬਾ ਜੀ, ਮੇਰੇ ਬੇਟੇ ਨੂੰ ਡਾਕਟਰੀ 'ਚ ਐਡਮਿਸ਼ਨ ਨਹੀਂ ਸੀ ਮਿਲ ਰਿਹਾ। ਤੁਹਾਡੇ ਅਸ਼ੀਰਵਾਦ ਨਾਲ ਉਸ ਦਾ ਐਡਮਿਸ਼ਨ ਹੋ ਗਿਆ ਹੈ। ਧੰਨ ਹੋ ਬਾਬਾ ਜੀ।'
ਬਾਬਾ ਜੀ ਦੀ ਦੁਕਾਨ ਚੱਲ ਰਹੀ ਹੈ। ਅਸ਼ੀਰਵਾਦ ਧੜੱਲੇ ਨਾਲ ਵਿਕ ਰਿਹਾ ਹੈ। ਇਹੋ ਜਿਹੀ ਜਨਤਾ ਹੋਵੇ ਤਾਂ ਘਾਟਾ ਕਿਸ ਗੱਲ ਦਾ। ਜੈ ਹੋ.. ਜੈ ਹੋ...ਬੋਲੋ ਤਾ...ਰਾ...ਰਾ...ਰਾ...।
ਕੇ. ਐਲ. ਗਰਗ
-ਮੋਬਾਈਲ : 94635-37050.

0 Comments:

Post a Comment

Subscribe to Post Comments [Atom]

<< Home