Punjabi kahani-ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਕੋਰਤ
ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਕੋਰਤ
ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਅੰਗਰੇਜ਼ਾਂ ਦੀ ਫੌਜ ਦੇ ਟਾਕਰੇ ਵਿਚ ਹਰ ਪੱਖੋਂ ਤਿਆਰ
ਰੱਖਣ ਲਈ ਬਹੁਤ ਸਾਰੇ ਯੂਰਪੀਨ ਅਫਸਰਾਂ ਨੂੰ ਖਾਲਸਾ ਫੌਜ ਦੀ ਸਿਖਲਾਈ ਲਈ ਨੌਕਰ ਰੱਖਿਆ ਹੋਇਆ ਸੀ।
19ਵੀਂ ਸਦੀ ਦੇ ਪਹਿਲੇ ਅੱਧ ਵਿਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਸਖਤ ਦੁਸ਼ਮਣੀ ਹੋਣ ਕਾਰਨ
ਰਣਜੀਤ ਸਿੰਘ ਨੇ ਆਪਣੇ ਯੂਰਪੀਨ ਅਫਸਰਾਂ ਵਿਚ ਬਹੁਤੇ ਫਰਾਂਸੀਸੀਆਂ ਦੀ ਭਰਤੀ ਕੀਤੀ ਸੀ ਤਾਂ ਜੋ
ਅੰਗਰੇਜ਼ਾਂ ਨਾਲ ਕਿਸੇ ਵੀ ਸੰਭਵ ਟੱਕਰ ਸਮੇਂ ਉਹ ਅੰਗਰੇਜ਼ਾਂ ਨਾਲ ਮਿਲ ਕੇ ਖਾਲਸਾ ਫੌਜ ਦਾ ਨੁਕਸਾਨ
ਨਾ ਕਰ ਸਕਣ। 
ਕੋਰਤ ਦਾ ਜਨਮ ਫਰਾਂਸ ਵਿਚ 1793 ਵਿਚ ਹੋਇਆ ਸੀ। ਰੂਸ ਅਤੇ ਜਰਮਨੀ ਦੇ ਫਰਾਂਸ ਉੱਤੇ ਸਾਂਝੇ ਹਮਲੇ ਸਮੇਂ ਉਹ ਸਰਗਰਮ ਫੌਜੀ ਸੇਵਾਵਾਂ ਦਿੰਦਾ ਰਿਹਾ ਪਰ ਨੈਪੋਲੀਅਨ ਦੀ ਹਾਰ ਤੋਂ ਬਾਅਦ ਉਸ ਨੇ ਫੌਜ ਤੋਂ ਤਿਆਗ-ਪੱਤਰ ਦੇ ਦਿੱਤਾ ਅਤੇ ਪੂਰਬੀ ਦੇਸ਼ਾਂ ਵੱਲ ਇਕ ਫੌਜੀ ਦੀ ਹੈਸੀਅਤ ਵਿਚ ਆਪਣੇ ਨਸੀਬ ਅਜ਼ਮਾਉਣ ਚੱਲ ਪਿਆ। ਮਹਾਰਾਜਾ ਰਣਜੀਤ ਸਿੰਘ ਅਧੀਨ ਫੌਜੀ ਨੌਕਰੀ ਦੀਆਂ ਵਿਸ਼ਾਲ ਸੰਭਾਵਨਾਵਾਂ ਸੁਣ ਕੇ ਉਹ ਲਾਹੌਰ ਪਹੁੰਚਿਆ। ਮਹਾਰਾਜੇ ਨਾਲ ਮੁਲਾਕਾਤ ਸਮੇਂ ਉਸ ਨੇ ਆਪਣੇ ਫੌਜੀ ਤਜਰਬਿਆਂ ਅਤੇ ਖਾਲਸਾ ਫੌਜ ਨੂੰ ਯੂਰਪ ਦੀ ਕਿਸੇ ਵੀ ਫੌਜ ਦੇ ਟਾਕਰੇ ਵਿਚ ਨਵੀਨ ਸਿਖਲਾਈ ਅਨੁਸਾਰ ਤਿਆਰ ਕਰਨ ਦੀ ਆਪਣੀ ਯੋਗਤਾ ਬਾਰੇ ਦੱਸਿਆ। ਪ੍ਰਭਾਵਿਤ ਹੋ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ।
ਅਰੰਭ ਵਿਚ ਕੋਰਤ ਨੂੰ 500 ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਸੀ ਪਰ ਚਾਰ ਵਰ੍ਹਿਆਂ ਵਿਚ ਹੀ ਇਹ ਵਧਾ ਕੇ 2500 ਰੁਪਏ ਕਰ ਦਿੱਤੀ ਗਈ। ਗੋਲਾ ਬਾਰੂਦ ਅਤੇ ਤੋਪਾਂ ਬਣਾਉਣ ਸਬੰਧੀ ਕੋਰਤ ਦੇ ਗਿਆਨ ਅਤੇ ਨਿਗਰਾਨੀ ਨੇ ਜਲਦੀ ਹੀ ਸਿੱਖ ਫੌਜਾਂ ਨੂੰ ਤੋਪਖਾਨੇ ਦੇ ਪੱਖੋਂ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ। ਕੋਰਤ ਤੋਂ ਪਹਿਲਾਂ ਸਿੱਖ ਫੌਜ ਲਈ ਕੇਵਲ ਪਿੱਤਲ ਦੇ ਗੋਲੇ ਹੀ ਬਣਾਏ ਜਾਂਦੇ ਸਨ, ਜੋ ਬਹੁਤ ਮਹਿੰਗੇ ਪੈਂਦੇ ਸਨ ਪਰ ਕੋਰਤ ਨੇ ਲੋਹੇ ਅਤੇ ਪਿੱਤਲ ਦੀ ਮਿਲਾਵਟ ਨਾਲ ਤੋਪ ਦੇ ਗੋਲੇ ਬਣਾਉਣੇ ਅਰੰਭ ਕੀਤੇ, ਜੋ ਕੀਮਤ ਵਿਚ ਬਹੁਤ ਸਸਤੇ ਪੈਂਦੇ ਸਨ। ਅੰਗਰੇਜ਼, ਜਰਨੈਲ ਕੋਰਤ ਦੀ ਨਿਗਰਾਨੀ ਹੇਠ ਸਿੱਖਾਂ ਦੇ ਤੋਪਖਾਨੇ ਦੀ ਵਿਸ਼ਾਲ ਜੰਗੀ ਤਾਕਤ ਤੋਂ ਜਾਣੂ ਸਨ। ਲਾਰਡ ਐਲਨਬਰੋ ਨੇ 'ਸੀਕਰਟ ਕਮੇਟੀ' ਨੂੰ 11 ਫਰਵਰੀ, 1844 ਦੇ ਇਕ ਖਤ ਵਿਚ ਲਿਖਦਿਆਂ ਇਹ ਸਲਾਹ ਦਿੱਤੀ ਸੀ ਕਿ ਸਿੱਖਾਂ ਨਾਲ ਟੱਕਰ ਨੂੰ ਉਸ ਸਮੇਂ ਤੱਕ ਅੱਗੇ ਪਾ ਦਿੱਤਾ ਜਾਵੇ, ਜਿਸ ਸਮੇਂ ਤੱਕ ਅੰਗਰੇਜ਼ ਆਪਣੇ ਤੋਪਖਾਨੇ ਨੂੰ ਸਿੱਖਾਂ ਦੇ ਤੋਪਖਾਨੇ ਦੀ ਜੰਗੀ ਤਾਕਤ ਦੇ ਬਰਾਬਰ ਨਾ ਬਣਾ ਲੈਣ। ਜਰਨੈਲ ਕੋਰਤ ਨੂੰ ਆਪਣੀ ਕਸ਼ਮੀਰਨ ਪਤਨੀ ਨਾਲ ਖੜ੍ਹਾ ਦਰਸਾਉਂਦਾ ਇਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਦਸੂਹਾ ਵਿਖੇ ਕੁੰਦਨ ਲਾਲ ਦੇ ਘਰ ਦੀ ਕੰਧ ਉੱਤੇ ਬਣਿਆ ਸੀ, ਜਿਸ ਦੀ ਫੋਟੋ ਲੇਖਕ ਨੇ 1971 ਵਿਚ ਖਿੱਚੀ ਸੀ।
ਡਾ:ਕੰਵਰਜੀਤ ਸਿੰਘ ਕੰਗ
-2011, ਫੇਜ਼ 10, ਮੋਹਾਲੀ। ਮੋਬਾ: 98728-33604
kanwar_kang@yahoo.com
-2011, ਫੇਜ਼ 10, ਮੋਹਾਲੀ। ਮੋਬਾ: 98728-33604
kanwar_kang@yahoo.com
0 Comments:
Post a Comment
Subscribe to Post Comments [Atom]
<< Home