ਲਓ ਹੁਣ ਵੱਡੀ ਭੈਣ ਵੀ ਸਬੱਬ ਨਾਲ ਆ ਗਈ ਹੈ। ਵੇ ਭਾਈ ਤਾਏ ਨੂੰ ਤਾਂ ਓਪਰੀ ਕਸਰ ਹੋਈ ਵੀ ਐ। ਹੱਦ ਹੋ ਗਈ ਇਹ ਵੀ ਮੁਫਤ ਮਸ਼ਵਰਿਆਂ ਦੀ ਪਟਾਰੀ ਖੋਲ੍ਹ ਕੇ ਬਹਿ ਗਈ ਹੈ। ਓਪਰੀ ਕਸਰ ਕਰਕੇ ਦਵਾ ਦਾਰੂ ਅਸਰ ਨਹੀਂ ਕਰਦੀ । ਤੂੰ ਤਾਏ ਨੂੰ ਸਾਡੇ ਪਿੰਡ ਚੌਕੀਆਂ 'ਤੇ ਲੈ ਆ ਤੇ ਪੁੱਛਿਆ ਕਢਾ ਲੈ। ਮੈਂ ਤਾਏ ਨੂੰ ਚੁੱਕਿਆ ਤੇ ਚੌਕੀਆਂ 'ਤੇ ਲੈ ਗਿਆ ਹਾਂ, ਅੱਗੋਂ ਬਾਬਾ ਤਾਂ ਸਿਰ ਮਾਰ ਕੇ ਲੱਗ ਪਿਆ ਖੇਖਣ ਕਰਨ। ਹੂੰ...ਇਸ ਨੇ ਤਾਂ ਕਿਸੇ ਪੀਰ ਦੀ ਮਟੀ ਮੂਹਰੇ ਮੂਤ ਕੀਤਾ ਸੀ। ਰੱਬ ਰੱਖਿਆ ਕਰੇ ਇਨ੍ਹਾਂ ਪਾਖੰਡੀਆਂ ਤੋਂ ਚੰਗਾ ਛੂ-ਛੜੱਕਾ ਕਰਕੇ ਛੇ ਸੌ ਲੈ ਕੇ ਬਾਬੇ ਨੇ ਤਾਏ 'ਚੋਂ ਓਪਰੀ ਕਸਰ ਕੱਢ ਦਿੱਤੀ ਹੈ। ਦੋਸਤੋ ਛੇ ਚੌਕੀਆਂ ਹੋਰ ਭਰਨ ਦਾ ਹੁਕਮਨਾਮਾ ਵੀ ਜਾਰੀ ਕਰ ਦਿੱਤਾ ਹੈ। ਸੱਚ ਜਾਣਿਓ ਜੀ ਇਸੇ ਚੱਕ ਚਕਾਈ ਵਿਚ ਤਾਇਆ ਤਾਂ ਮੇਰੇ ਹੱਥਾਂ ਵਿਚ ਚੱਕਵੇਂ ਚੁੱਲ੍ਹੇ ਵਾਂਗ ਭੁਰ ਗਿਆ ਹੈ। ਤੀਜੀ ਚੌਕੀ 'ਤੇ ਹੀ ਜਗ ਜਹਾਨ ਤੋਂ ਤੁਰ ਗਿਆ ਹੈ। ਤਾਇਆ ਐਨੀ ਛੇਤੀ ਤੁਰਨ ਵਾਲਾ ਨਹੀਂ ਸੀ। ਇਹ ਤਾਂ ਮੁਫਤ ਦੇ ਮਸ਼ਵਰਿਆਂ ਨੇ ਹੀ ਮਾਰ ਮੁਕਾਇਆ ਹੈ।
ਹੇ ਰੱਬ ਜੀ ਹੁਣ ਇਕ ਹੋਰ ਨਵੀਂ ਭਸੂੜੀ ਵੀ ਆਣ ਪਈ ਹੈ। ਲੋਕਾਂ ਨੂੰ ਚੰਗਾ ਭਲਾ ਪਤਾ ਹੈ ਕਿ ਤਾਇਆ ਖੰਘ ਅਤੇ ਅਧਰੰਗ ਕਰਕੇ ਮਰਿਆ ਹੈ। ਫਿਰ ਵੀ ਵਾਰ-ਵਾਰ ਇਹੋ ਪੁੱਛੀ ਜਾਂਦੇ ਐ ਕਿ ਦੇਵਾ ਸਿਆਂ ਤਾਇਆ ਕਿਵੇਂ ਮਰ ਗਿਆŒ। ਬੇਬੇ ਅੱਡ ਬੌਂਦਲੀ ਪਈ ਹੈ। ਮੈਂ ਤਾਂ ਜੀ ਫੋਕੇ ਫੈਂਟਰ ਮਾਰ ਕੇ ਭੂਆ ਨੂੰ ਮੂਹਰੇ ਤੇ ਬੇਬੇ ਨੂੰ ਪਿੱਛੇ ਕਰ ਦਿੱਤਾ। ਭੂਆ ਜੀ ਘਰ 'ਚੋਂ ਵੱਡੀ ਤੇ ਸਿਆਣੀ ਬਿਆਣੀ ਤੂੰ ਹੀ ਤਾਂ ਹੈ। ਹੁਣ ਇਨ੍ਹਾਂ ਮਕਾਣਾਂ ਨੂੰ ਤੂੰ ਹੀ ਸਾਂਭਣਾ ਹੈ। ਗੁਰਮੁਖੋ ਮਰਗ ਵਿਚ ਮੜੈਲਣ ਭੂਆ ਤਾਂ 'ਕੱਠੀਆਂ ਦੋ-ਦੋ ਮਾਈਆਂ ਨੂੰ ਦੋਹੇਂ ਮੋਢਿਆਂ ਨਾਲ ਲਾ ਕੇ ਸਾਰੀਆਂ ਦਾ ਕਜਲਾ ਝਾੜ ਕੇ ਤੋਰੀ ਜਾਂਦੀ ਐ।
ਮਕਾਣਾਂ ਮਗਰੋਂ ਮੈਂ ਸਾਧਾਰਨ ਪਾਠ ਰਖਵਾਉਣ ਦੀ ਗੱਲ ਤੋਰੀ ਤਾਂ ਭਰਿੰਡਾਂ ਵਾਂਗ ਕੁੜੀਆਂ ਤਾਂ ਮੇਰੇ ਮਗਰ ਦੀ ਪੈ ਗਈਆਂ। ਦੇਖੀ ਵੇ ਵੀਰਾ ਕਿਤੇ ਸ਼ਰੀਕੇ ਵਿਚ ਸਾਡੀ ਹੇਠੀ ਹੀ ਨਾ ਕਰਵਾ ਦੇਵੀਂ। ਅਸੀਂ ਵੀ ਤਾਂ ਆਪਣੀਆਂ ਦਰਾਣੀਆਂ-ਜੇਠਾਣੀਆਂ ਦੇ ਪੇਕੀਂ ਖਾ ਕੇ ਆਉਂਦੀਆਂ ਹਾਂ। ਇਹ ਆੜ ਤਾਂ ਆਪਾਂ ਨੂੰ ਵੀ ਸਿਰੋਂ ਲਾਹੁਣਾ ਹੀ ਪੈਣਾ ਹੈ। ਤਾਏ ਦਾ ਤਾਂ ਗੱਜ-ਵੱਜ ਕੇ ਆਪਾਂ ਵੱਡਾ ਕਰਨੈ? ਪਿਆਰਿਓ ਇਹ ਤਾਂ ਗੱਲ ਪਿਆ ਢੋਲ ਵਜਾਉਣਾ ਪੈਣੇ। ਮੈਂ ਸਵੇਰ ਹੀ ਆੜ੍ਹਤੀਏ ਦੀ ਹੱਟੀ ਪਹੁੰਚ ਗਿਆ। ਅਜੇ ਸੇਠ ਆਇਆ ਨਹੀਂ। ਮੈਂ ਗੱਦੀ 'ਤੇ ਹੀ ਟੇਢਾ ਹੋ ਗਿਆ ਹਾਂ। ਮੇਰੇ ਸਾਹਮਣੇ ਕੰਧ 'ਤੇ ਵੀ ਇਕ ਪੁਰਾਣਾ ਕਲੰਡਰ ਟੇਢਾ ਹੀ ਲਮਕੀ ਜਾਂਦੈ। ਮੇਰਾ ਤਾਂ ਜੀ ਆਪ ਮੁਹਾਰੇ ਹਾਸਾ ਨਿਕਲ ਗਿਆ। ਉਏ ਜੱਟਾ ਤੂੰ ਵੀ ਇਸ ਕਲੰਡਰ ਵਾਂਗ ਟੇਢਾ ਲਮਕੀ ਜਾਨੈ?
ਰੱਬ ਝੂਠ ਨਾ ਬੁਲਾਵੇ ਜੀ ਆੜ੍ਹਤੀਏ ਤੋਂ ਬਿਨਾਂ ਹੋਰ ਵੀ ਹੂਲੇ ਫੱਕ ਕੇ ਮੈਂ ਸਿਰੋਂ ਆੜ ਲਾਹ ਹੀ ਦਿੱਤਾ। ਕੁੜੀਆਂ ਦੀਆਂ ਸੱਸਾਂ ਅਤੇ ਦਰਾਣੀਆਂ-ਜੇਠਾਣੀਆਂ ਨੂੰ ਦੋ-ਦੋ ਤਿਉਰ ਦੇ ਦਿੱਤੇ ਹਨ। ਸਹੁਰੇ ਅਤੇ ਦਿਉਰ-ਜੇਠਾਂ ਨੂੰ ਗਰਮ ਭੂਰੇ ਵੀ ਦੇ ਦਿੱਤੇ।  ਜੁਆਕਾਂ ਨੂੰ ਝੱਗੇ ਚੁੰਨੀਆਂ ਤੇ ਹੋਰ ਨਿਕ ਸੁੱਕ ਦੇ ਕੇ ਕੁੜੀਆਂ ਦੇ ਸ਼ਰੀਕੇ ਵਿਚ ਬੱਲੇ-ਬੱਲੇ ਕਰਵਾ ਦਿੱਤੀ ਹੈ। ਦੋਸਤੋ ਕੁੜਮਤ ਨਿਰੀ ਘੜਮੱਸ, ਕੁੜਮਾਂ  ਦਾ ਵੀ ਮੂੰਹ ਮੱਥਾ ਡੁਮ੍ਹਣਾ ਪਿਆ। ਤਾਇਆ ਮਰ ਗਿਆ ਤੇ ਜੱਟ ਦਾ ਕੁੰਡਾ ਕਰ ਗਿਆ। ਭਗਵਾਨ ਭਲੀ ਕਰੇ ਜੀ ਸਿਆਣਿਆਂ ਦਾ ਸੱਚ ਹੈ ਅਖਾਣ। ਮਰੇ ਦੀ ਮਕਾਣ ਤੇ ਜੀਊਂਦਿਆਂ ਦਾ ਘਾਣ।