Friday, July 13, 2012

Punjabi Lekh-ਛੱਪੜਾਂ ਦੀ ਦੁਰਦਸ਼ਾ -ਚਿੰਤਾ ਦਾ ਵਿਸ਼ਾ


ਛੱਪੜਾਂ ਦੀ ਹੋ ਰਹੀ ਦੁਰਦਸ਼ਾ ਚਿੰਤਾ ਦਾ ਵਿਸ਼ਾ
ਮੈਂ ਆਪ ਦਾ ਧਿਆਨ ਛੱਪੜਾਂ ਦੀ ਹੋ ਰਹੀ ਦੁਰਦਸ਼ਾ ਵੱਲ ਦਿਵਾਉਣਾ ਚਾਹੁੰਦਾ ਹਾਂ ਜੋ ਕਿ ਅੱਜ ਦਾ ਭਖਵਾਂ ਮਸਲਾ ਹੈ। ਛੱਪੜ ਸ਼ਬਦ ਸਦੀਆਂ ਤੋਂ ਲੈ ਕੇ ਮਨੁੱਖ ਦੀ ਜ਼ਿੰਦਗੀ ਨਾਲ ਬੜਾ ਨੇੜਿਓਂ ਜੁੜਿਆ ਹੋਇਆ ਹੈ, ਕਿਉਂਕਿ ਜਿਥੇ ਵੀ ਮਨੁੱਖ ਆਪਣੀ ਰਿਹਾਇਸ਼ ਕਰਦਾ ਸੀ, ਸਭ ਤੋਂ ਪਹਿਲਾਂ ਉਥੇ ਪਾਣੀ ਦੇ ਪ੍ਰਬੰਧ ਨੂੰ ਦੇਖਦਾ ਸੀ। ਇਸ ਕਰਕੇ ਅੱਜ ਵੀ ਛੱਪੜ ਪਿੰਡਾਂ ਦੇ ਵਿਚਕਾਰ ਹੀ ਦੇਖੇ ਜਾ ਸਕਦੇ ਹਨ। ਕਿਸੇ ਸਮੇਂ ਛੱਪੜ ਪੀਣ ਵਾਲੇ ਪਾਣੀ ਦਾ ਮੁੱਖ ਸੋਮਾ ਹੋਇਆ ਕਰਦੇ ਸਨ। ਇਨ੍ਹਾਂ ਵਿਚ ਬਰਸਾਤਾਂ ਦਾ ਪਾਣੀ ਇਕੱਠਾ ਕਰਕੇ ਰੱਖਿਆ ਜਾਂਦਾ ਸੀ ਤੇ ਫਿਰ ਸਾਰਾ ਸਾਲ ਇਹ ਪਾਣੀ ਪੀਣ, ਨਹਾਉਣ, ਕੱਪੜੇ ਧੋਣ ਆਦਿ ਲਈ ਵਰਤਿਆ ਜਾਂਦਾ ਸੀ। ਹਰ ਸਾਲ ਇਨ੍ਹਾਂ ਦੀ ਸਫਾਈ ਕੀਤੀ ਜਾਂਦੀ ਸੀ। ਇਨ੍ਹਾਂ ਵਿਚੋਂ ਕੱਢੀ ਮਿੱਟੀ, ਜਿਸ ਨੂੰ ਚਿੱਕ ਕਿਹਾ ਜਾਂਦਾ ਸੀ, ਨਾਲ ਕੱਚੇ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਨੂੰ ਲਿੱਪਿਆ ਜਾਂਦਾ ਸੀ। ਹਰ ਸਾਲ ਕੱਸੀ ਦਾ ਨਵਾਂ ਪਾਣੀ ਵੀ ਇਨ੍ਹਾਂ ਵਿਚ ਭਰਿਆ ਜਾਂਦਾ ਸੀ। ਔਰਤਾਂ ਇਨ੍ਹਾਂ ਦੇ ਕਿਨਾਰੇ ਬੈਠ ਕੇ ਕੱਪੜੇ ਧੋਣ ਦੇ ਨਾਲ-ਨਾਲ ਗੱਲਾਂ ਕਰਕੇ ਆਪਣੇ ਮਨ ਦਾ ਭਾਰ ਹੌਲਾ ਕਰਦੀਆਂ ਸਨ। ਬੱਚੇ ਅਤੇ ਨੌਜਵਾਨ ਇਨ੍ਹਾਂ ਵਿਚ ਨਹਾ ਕੇ ਬੜੀ ਖੁਸ਼ੀ ਮਹਿਸੂਸ ਕਰਦੇ ਸਨ ਤੇ ਪਸ਼ੂ ਵੀ ਇਨ੍ਹਾਂ ਵਿਚ ਨਹਾਉਣ ਦਾ ਅਨੰਦ ਮਾਣਦੇ ਸਨ। ਇਨ੍ਹਾਂ ਕਿਨਾਰੇ ਲੱਗੇ ਪਿੱਪਲ, ਬੋਹੜਾਂ ਦੀ ਛਾਂ ਹੇਠਾਂ ਤਾਸ਼ ਖੇਡ ਕੇ ਬਜ਼ੁਰਗ ਵੀ ਆਪਣੇ-ਆਪ ਨੂੰ ਵਡਭਾਗਾ ਸਮਝਦੇ ਸਨ ਤੇ ਇਸੇ ਕਰਕੇ ਹੀ ਛੱਪੜਾਂ ਨੂੰ ਪੀਰਾਂ ਵਾਂਗ ਪੂਜਿਆ ਜਾਂਦਾ ਸੀ ਅਤੇ ਇਸ ਕੋਲੋਂ ਦੀ ਲੰਘਣ ਵਾਲਾ ਹਰ ਵਿਅਕਤੀ ਇਸ ਦੇ ਸਤਿਕਾਰ ਵਜੋਂ ਸਿਰ ਨਿਵਾ ਕੇ ਲੰਘਦਾ ਸੀ।
ਦੀਵਾਲੀ ਦੇ ਦਿਨ ਇਨ੍ਹਾਂ ਕਿਨਾਰੇ ਕੀਤੀ ਹੋਈ ਦੀਪਮਾਲਾ ਦਾ ਅਦਭੁੱਤ ਨਜ਼ਾਰਾ ਦੇਖਣ ਵਾਲਾ ਹੁੰਦਾ ਸੀ। ਸਮਾਂ ਬੀਤਦਾ ਗਿਆ ਤੇ ਛੱਪੜਾਂ ਦੀਆਂ ਇਹ ਖੁਸ਼ੀਆਂ ਅਲੋਪ ਹੋਣੀਆਂ ਸ਼ੁਰੂ ਹੋ ਗਈਆਂ। ਕਿਸੇ ਸਮੇਂ ਪੂਜੇ ਜਾਣ ਵਾਲੇ ਇਹ ਸੋਮੇ ਅੱਜ ਗੰਦਗੀ ਦਾ ਭੰਡਾਰ ਬਣ ਕੇ ਰਹਿ ਗਏ ਹਨ। ਪਿੰਡਾਂ ਦਾ ਸਾਰਾ ਗੰਦ ਅੱਜ ਇਨ੍ਹਾਂ ਵਿਚ ਇਕੱਠਾ ਹੁੰਦਾ ਹੈ ਤੇ ਇਸ ਕਰਕੇ ਹੀ ਇਨ੍ਹਾਂ ਵਿਚ ਸਰਕੜਾ, ਜਲਬੂਟੀ ਅਤੇ ਪਲਾਸਟਿਕ ਦੇ ਲਿਫ਼ਾਫ਼ੇ ਆਦਿ ਨੇ ਇਨ੍ਹਾਂ ਦੀ ਹੋਂਦ ਨੂੰ ਖਤਰੇ ਵਿਚ ਪਾ ਦਿੱਤਾ ਅਤੇ ਅੱਜ ਇਨ੍ਹਾਂ ਵਿਚੋਂ ਗੰਦਗੀ ਦਾ ਏਨਾ ਮੁਸ਼ਕ ਆਉਂਦਾ ਹੈ ਕਿ ਇਨ੍ਹਾਂ ਕੋਲੋਂ ਲੰਘਣ ਵਾਲਾ ਹਰ ਵਿਅਕਤੀ ਨੱਕ-ਮੂੰਹ ਘੁੱਟ ਕੇ ਲੰਘਦਾ ਹੈ। ਰਹਿੰਦੀ-ਖੂੰਹਦੀ ਕਸਰ ਸਾਡੇ ਸਿਆਸੀ ਨੇਤਾਵਾਂ ਨੇ ਕੱਢ ਦਿੱਤੀ ਹੈ। ਉਹ ਵੋਟਾਂ ਦੇ ਲਾਲਚ ਵੱਸ ਇਨ੍ਹਾਂ ਉੱਪਰ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਉਤਸ਼ਾਹਿਤ ਕਰ ਰਹੇ ਹਨ। ਧਰਮ ਦੀ ਆੜ ਹੇਠ ਵੀ ਇਨ੍ਹਾਂ 'ਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ। ਇਹ ਵਰਤਾਰਾ ਪੰਜਾਬ ਵਿਚ ਹੀ ਨਹੀਂ, ਲਗਭਗ ਪੂਰੇ ਭਾਰਤ ਵਿਚ ਦੇਖਿਆ ਜਾ ਸਕਦਾ ਹੈ ਪਰ ਸਾਡੇ ਸ਼ਾਸਕ, ਸਿਆਸੀ ਆਗੂ ਤੇ ਸਰਕਾਰੀ ਅਧਿਕਾਰੀ ਇਹ ਸਾਰਾ ਕੁਝ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ। ਛੱਪੜ ਸਾਡੇ ਕੁਦਰਤੀ ਸੋਮੇ ਹਨ, ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਖ ਫਰਜ਼ ਹੈ। ਇਨ੍ਹਾਂ ਦੀ ਦਿੱਖ ਨੂੰ ਵਿਗਾੜਨ ਦੀ ਬਜਾਏ ਸੰਵਾਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਸੁਖਰਾਜ ਗੋਂਦਾਰਾ
-ਪਿੰਡ ਬਰਗਾੜੀ (ਫਰੀਦਕੋਟ)। ਮੋਬਾ: 94632-74529

0 Comments:

Post a Comment

Subscribe to Post Comments [Atom]

<< Home