Friday, July 13, 2012

Punjabi mini kahania...-ਨਸੀਬ


ਦੋ ਜਣੇ ਬੈਠੇ ਸਨ। ਗੱਲ ਬੱਚਿਆਂ ਦੀ ਚੱਲ ਰਹੀ ਸੀ, 'ਯਾਰ ਸਾਡੇ ਜੁਆਕ ਤਾਂ ਐਨੇ ਚੰਗੇ ਹਨ, ਐਨੇ ਚੰਗੇ ਕਿ ਉਨ੍ਹਾਂ ਦੀ ਸ਼ਲਾਘਾ ਜਿੰਨੀ ਕਰ ਲਓ ਥੋੜ੍ਹੀ ਹੀ ਥੋੜ੍ਹੀ। ਉਹ ਆਪਣੀ ਸਾਰੀ ਦੀ ਸਾਰੀ ਕਮਾਈ ਮੇਰੇ ਹੱਥਾਂ 'ਚ ਲਿਆ ਕੇ ਫੜਾਉਂਦੇ ਹਨ। ਫਿਰ ਆਪਣੀ ਲੋੜ ਮੁਤਾਬਿਕ ਮੈਥੋਂ ਮੰਗ ਲੈਂਦੇ ਹਨ। ਮਜਾਲ ਹੈ ਉਹ ਮੇਰੇ ਮੂਹਰੇ ਕੁਸਕ ਵੀ ਜਾਣ। ਮੇਰਾ ਪੂਰਾ ਸਨਮਾਨ ਕਰਦੇ ਹਨ। ਔਲਾਦ ਹੋਵੇ ਤਾਂ ਐਸੀ।'
'ਅੱਛਾ।'
'ਹਾਂ।'
'ਭਰਾ ਜੀ, ਇਥੇ ਤਾਂ ਊਤ ਦਾ ਆਵਾ ਹੀ ਵਿਗੜਿਆ ਹੋਇਆ ਹੈ। ਮੇਰੇ ਮੁੰਡੇ ਤਾਂ ਪਿਓ ਦੀ ਜਿੰਨੀ ਲੁੱਪਰੀ ਲਾਹ ਲੈਣ ਓਨੀ ਹੀ ਘੱਟ। ਸਾਰੇ ਦੇ ਸਾਰੇ ਆਪ-ਮੁਹਾਰੇ। ਰਤਾ ਵੀ ਪ੍ਰਵਾਹ ਨਹੀਂ ਉਨ੍ਹਾਂ ਨੂੰ ਮੇਰੀ।'
'ਇਸ ਦਾ ਇਕੋ ਇਕ ਹੱਲ ਹੈ ਕਿ ਤੁਸੀਂ ਆਪਣੀ ਮੁੱਠੀ ਬੰਦ ਰੱਖੋ। ਫੇਰ ਵੇਖਣਾ ਨਜ਼ਾਰਾ।'
'ਬਥੇਰਾ ਕੁਝ ਕਰਕੇ ਵੇਖ ਲਿਆ ਮੈਂ ਤਾਂ। ਉਹ ਤਾਂ ਸਭ ਦੇ ਸਭ ਆਪਣੇ ਪੈਰਾਂ 'ਤੇ ਪਾਣੀ ਨੀਂ ਪੈਣ ਦਿੰਦੇ। ਆਪਣਾ ਦੁਖੜਾ ਰੋਵਾਂ ਤਾਂ ਕਿਸ ਕੋਲ।'
'ਦੋਸਤ, ਗੱਲ ਸਮੇਂ ਦੀ ਏ। ਇਸ 'ਚ ਕਿਸੇ ਦਾ ਕੀ ਦੋਸ਼। ਇਹ ਤਾਂ ਆਵਦਾ-ਆਵਦਾ ਨਸੀਬ ਏ।'

-ਡਾ: ਮਨੋਹਰ ਸਿੰਗਲ
ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ-152025.
ਮੋਬਾਈਲ : 94175-30266



ਇਕ ਵਾਰ ਰਾਮ ਲਾਲ ਨੂੰ ਬਾਹਰ ਜਾਣ ਦਾ ਸੱਦਾ ਮਿਲਿਆ। ਕੱਪੜੇ, ਆਣ-ਜਾਣ ਦਾ ਕਿਰਾਇਆ, ਰਸਤੇ ਲਈ ਖਰਚਾ, ਕੰਮ ਵੱਲੋਂ ਨੁਕਸਾਨ, ਖੇਚਲ ਆਦਿ ਮੁਸ਼ਕਿਲਾਂ ਨੂੰ ਸੋਚਦਿਆਂ ਉਹ ਸ਼ੰਸ਼ੋਪੰਜ ਵਿਚ ਪੈ ਗਿਆ ਕਿ ਜਾਵਾਂ ਕਿ ਨਾ ਜਾਵਾਂ? ਉਸ ਦੀ ਪਤਨੀ ਨੇ ਉਸ ਨੂੰ ਕੁਝ ਦਿਨਾਂ ਤੋਂ ਗੁੰਮ-ਸੁੰਮ ਤੇ ਪ੍ਰੇਸ਼ਾਨ ਦੇਖਿਆ ਤਾਂ ਸਲਾਹ ਦਿੱਤੀ ਕਿ ਨਾਲ ਵਾਲੇ ਪਿੰਡ ਇਕ ਸਿਆਣਾ ਰਹਿੰਦਾ ਹੈ। ਸਭ ਉਸ ਤੋਂ ਸਲਾਹ ਲੈਂਦੇ ਹਨ, ਤੁਸੀਂ ਵੀ ਉਸ ਨਾਲ ਮਸ਼ਵਰਾ ਕਰ ਲਵੋ।
ਸੋ, ਰਾਮ ਲਾਲ ਉਸ ਸਿਆਣੇ ਕੋਲ ਗਿਆ। ਸਾਰੀ ਗੱਲ ਦੱਸ ਕੇ ਸਲਾਹ ਮੰਗਣ ਜਾਵਾਂ ਕਿ ਨਾ ਜਾਵਾਂ? ਉਸ ਸਿਆਣੇ ਨੇ ਹਫ਼ਤੇ ਬਾਅਦ ਆਉਣ ਲਈ ਕਿਹਾ। ਜਦ ਹਫ਼ਤੇ ਬਾਅਦ ਰਾਮ ਲਾਲ ਗਿਆ ਤਾਂ ਉਸ ਸਿਆਣੇ ਨੇ ਕਿਹਾ ਕਿ 'ਮੈਂ ਤੇਰੇ ਬਾਬਤ ਪੂਰਾ ਇਕ ਹਫ਼ਤਾ ਸੋਚਦਾ ਰਿਹਾ ਹਾਂ ਮੇਰੀ ਨੇਕ ਸਲਾਹ ਇਹ ਹੈਕਿ ਜੇ ਤੂੰ ਜਾਣਾ ਹੈ ਤਾਂ ਜ਼ਰੂਰ ਜਾ, ਜੇ ਨਹੀਂ ਜਾਣਾਤਾਂ ਮਤ ਜਾ।'
ਇਹ ਸੁਣ ਕੇ ਰਾਮ ਲਾਲ ਹੋਰ ਸ਼ੰਸ਼ੋਪੰਜ ਵਿਚ ਪੈ ਗਿਆ ਕਿ ਸਿਆਣੇ ਦੀ ਇਸ ਨੇਕ ਸਲਾਹ ਨਾਲ ਉਲਝਣ ਘਟੀ ਹੈ ਜਾਂ ਹੋਰ ਵਧ ਗਈ ਹੈ।
-ਗੁਰਦੀਪ ਸਿੰਘ
302, ਕਿਦਵਾਈ ਨਗਰ, ਲੁਧਿਆਣਾ।
ਮੋਬਾਈਲ : 98881-26690

ਕੁਲਦੀਪ ਮਾਣਕ ਨੂੰ ਮੈਂ ਬਾਪੂ ਆਖਦਾ ਤੇ ਉਹ ਮੈਨੂੰ ਲਾਡ ਨਾਲ ਕਦੇ-ਕਦੇ 'ਕਤਰਾ' ਜਾਂ ਮਰਾਸੀ ਕਹਿ ਛੱਡਦਾ। ਲੰਮਾ ਸਮਾਂ ਬਾਪੂ ਨਾਲ ਬਿਤਾਉਂਦਿਆਂ ਅਨੇਕਾਂ ਕੁਝ ਜ਼ਿੰਦਗੀ ਦੇ ਲੜ ਬੰਨ੍ਹਿਆ ਗਿਆ। ਇਕ ਦਿਨ ਮੈਂ ਬਾਪੂ (ਮਾਣਕ) ਦੇ ਜੀਵਨ 'ਤੇ ਲਿਖੀ ਕਿਤਾਬ ਦੇ ਕੱਚੇ ਖਰੜੇ ਨੂੰ ਪੱਕਾ ਰੂਪ ਦੇ ਰਿਹਾ ਸਾਂ ਤਾਂ ਉਤੋਂ ਬਾਪੂ ਵੀ ਸਰ੍ਹਾਣੇ ਆਣ ਖੜ੍ਹਿਆ। ਮੈਨੂੰ ਕੰਮ ਕਰਦਿਆਂ ਦੇਖ ਆਖਣ ਲੱਗਿਆ, 'ਆਹ ਦੇਖ ਲੋ ਮਰਾਸੀ ਨੂੰ... ਕੰਜਰ ਕੋਲ ਪਤਾ ਨ੍ਹੀ ਕੀ ਗਿੱਦੜਸਿੰਗੀ ਆ, ਕਿੰਨਿਆਂ ਨੂੰ ਮਗਰ ਲਾਈ ਫਿਰਦਾ ਏ... ਓ ਜੱਸੋਵਾਲ (ਸ: ਜਗਦੇਵ ਸਿੰਘ ਜੱਸੋਵਾਲ) ਰੱਬ ਜਿੱਡਾ ਬੰਦਾ, ਇਹਦੇ ਗੁਣ ਨੀ ਗਾਉਣੋਂ ਹਟਦਾ, ਜੇ ਦੇਵ (ਦੇਵ ਥਰੀਕੇ ਵਾਲਾ) ਕੋਲ ਬਹਿਜਾਂ ਉਹ ਤੋਰ ਲੈਂਦੈ ਇਹਦੀਆਂ ਗੱਲਾਂ। ਆਖੂ, ਬੜਾ ਮਿਹਨਤੀ ਮੁੰਡਾ ਏ, ਬੜੀ ਰੀਝ ਨਾਲ ਤਿਆਰ ਕਰ ਰਿਹਾ ਏ, ਮਾਣਕਾ ਤੇਰੀ ਜੀਵਨੀ... ਅੰਤਾਂ ਦਾ ਸਿਆਣਾ ਏ...' ਕਦੇ-ਕਦੇ ਚਿੱਤ ਕਰਦਾ ਏ ਦੇਵ ਨੂੰ ਪੁੱਛਾਂ, ਭਲਾਂ ਜੇ ਸਿਆਣਾ ਹੁੰਦਾ ਤਾਂ ਲਿਖਾਰੀ ਬਣਦਾ...?' ਮੈਂ ਇਨ੍ਹਾਂ ਸਭ ਨੂੰ ਕਿਵੇਂ ਦੱਸਾਂ ਕਿ ਮੇਰੇ ਪੋਤੜਿਆਂ ਦਾ ਭੇਤੀ ਹੋਈ ਜਾਂਦਾ ਏ... ਜਿਹੜੇ ਪਰਦੇ ਕਦੇ ਸਰਬਜੀਤ (ਆਪਣੀ ਜੀਵਨ ਸਾਥਣ) ਕੋਲੇ ਨਹੀਂ ਫੋਲੇ, ਓ ਇਹਦੇ ਕੋਲੇ ਮੱਲੋ-ਮੱਲੀ ਫੋਲੇ ਜਾਂਦੇ ਆ... ਮਾੜਾ ਜਿਹਾ ਆਵਾਂ ਇਹਦੇ ਵੱਲ ਨੂੰ... ਓਦੋਂ ਈ ਹੋ ਜਾਂਦਾ 'ਟੇਪ' ਜਿਹੀ ਲੈ ਕੇ ਦੁਆਲੇ...ਪਤਾ ਨ੍ਹੀਂ ਕੀ ਖਾਂਦਾ ਏ... ਸਾਰਾ ਦਿਨ ਬੋਲੀ ਜਾਊ... ਵਿਹੜੇ ਪਤਾ ਨ੍ਹੀਂ ਕਿਉਂ ਨੀ ਵੜਦੀ ਇਹਦੀ ਜੀਭ...।' ਵਿਹੜੇ ਖੜ੍ਹੇ ਨਲਕੇ ਦੀ ਜੜ੍ਹ ਪੈਂਦੇ ਪਣੀ ਨੂੰ ਵੇਖ ਆਖਣ ਲੱਗਿਆ, 'ਇਉਂ ਕਰ ਉਥੋਂ ਮਿੱਟੀ ਚੁੱਕ ਨਲਕੇ ਦੀਆਂ ਜੜ੍ਹਾਂ ਪਾ ਚੰਗੀ ਤਰ੍ਹਾਂ ਕੁੱਟ ਦੇ...' ਮੈਂ ਥੋੜ੍ਹੇ ਮਜ਼ਾਕੀਆ ਲਹਿਜ਼ੇ 'ਚ ਕਿਹਾ, 'ਬਾਪੂ! ਚੰਗੀ ਤਰ੍ਹਾਂ ਈ ਕੁੱਟਦਾਂ ਅੱਜ ਮਿੱਟੀ...।' ਬਾਪੂ ਏਨਾ ਸੁਣ ਭੜਕ ਉਠਿਆ, ਸ਼ਾਇਦ ਮੇਰੇ ਮਨ ਵਿਚਲੀ ਬੁੱਝ ਗਿਆ ਸੀ। ਮੈਂ ਚੁੱਪ ਧਾਰ ਕੇ ਕਰੇ ਅਨੁਸਾਰ ਮਿੱਟੀ ਪਾਈ ਤੇ ਇੱਟ ਨਾਲ ਲੱਗ ਗਿਆ ਹੌਲੇ-ਹੌਲੇ ਕੁੱਟਣ... ਕੁਝ ਪਾਣੀ ਖੜ੍ਹਿਆ ਹੋਣ ਕਰਕੇ ਮਿੱਟੀ ਚਿਕੜੀ ਦਾ ਰੂਪ ਧਾਰ ਚੁੱਕੀ ਸੀ... ਮੈਨੂੰ ਹੌਲੇ-ਹੌਲੇ ਕੁੱਟਦਿਆਂ ਦੇਖ ਬਾਪੂ ਫੇਰ ਲੱਗਿਆ ਬੋਲਣ, 'ਓ ਮਰਾਸੀ ਚੰਗੀ ਤਰ੍ਹਾਂ ਕੁੱਟ ਦੇ... ਤੇਰੇ ਹੱਥ ਦੁਖਦੇ ਆ...?' ਮੈਂ ਜਦੋਂ ਥੋੜ੍ਹੀ ਦੱਬ ਕੇ ਇੱਟ ਮਾਰੀ ਤਾਂ ਉਹ ਚਿਕੜੀ ਬਾਪੂ ਦੇ ਕਾਲੇ ਕੁੜਤੇ-ਚਾਦਰੇ 'ਤੇ ਜਾ ਪਈ ਜਿਵੇਂ ਵੇਲ-ਬੂਟੀਆਂ ਪਾਈਆਂ ਹੋਣ... ਨਾਲੇ ਬਾਪੂ... ਆਪਣੇ ਮੂੰਹ ਨੂੰ ਹੱਥਾਂ ਨਾਲ ਸਾਫ਼ ਕਰੇ ਤੇ ਨਾਲ-ਨਾਲ ਮੈਨੂੰ ਗਾਲ੍ਹਾਂ ਕੱਢੇ, ਕੁੱਤਿਆ ਆਹ ਰਹਿੰਦੀ ਸੀ ਕਸਰ...। ਕੰਜਰਾ ਪ੍ਰੋਗਰਾਮ 'ਤੇ ਜਾਣਾ ਸੀ... ਸੱਤਿਆਨਾਸ ਕਰਤਾ ਸਾਰੇ ਕੱਪੜਿਆਂ ਦਾ... ਓਏ ਤੂੰ ਨ੍ਹੀਂ ਕਿਸੇ ਕੰਮ ਦਾ... ਮੈਂ ਭਿੱਜੀ ਬਿੱਲੀ ਵਾਂਗ ਸਹਿਮਿਆ ਬੈਠਿਆ ਸੀ।
-ਅਲੀ ਰਾਜਪੁਰਾ
ਗੁਰੂ ਨਾਨਕ ਨਗਰ ਨਲਾਸ ਰੋਡ, ਰਾਜਪੁਰਾ-140401. ਮੋ: 094176-79302, 99886-49302.
ਟਾਮੋ, 'ਸੰਤੂ ਬਾਈ! ਅੱਜ ਤਾਂ ਕਮਾਲ ਹੋ ਗੀ। ਹਿੰਦੀ ਵਾਲੇ ਮੈਡਮ ਮੈਨੂੰ ਪੁੱਛਦੇ ਕਿ ਤੂੰ ਅੱਜ ਨਹਾ ਕੇ ਨਹੀਂ ਆਇਆ। ਉਨ੍ਹਾਂ ਨੂੰ ਦੋ ਦਿਨ ਪਹਿਲਾਂ ਦਾ ਪਤਾ ਨੀਂ ਨਹੀਂ ਲੱਗਾ। ਹਾ... ਹਾ...।'
ਸੰਤੂ : 'ਟਾਮੋ, ਉਨ੍ਹਾਂ ਨੂੰ ਸ਼ੱਕ ਤਾਂ ਮੇਰੇ ਉਪਰ ਵੀ ਪਿਆ ਸੀ।'
ਟਾਮੋ : 'ਫਿਰ ਤੂੰ ਕੀ ਕਿਹਾ?'
ਸੰਤੂ : 'ਮੈਂ ਕਿਹਾ, ਮੈਡਮ ਜੀ, ਤੁਸੀਂ ਕਈ ਦਿਨਾਂ ਤੋਂ ਪੁੱਛਿਆ ਹੀ ਨਹੀਂ, ਹਾ... ਹਾ...। ਫਿਰ ਕਹਿੰਦੇ, ਕੱਲ੍ਹ ਨੂੰ ਨਾ ਨਹਾ ਕੇ ਆਇਆ, ਫਿਰ ਦੱਸਾਂਗੀ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਕੱਲ੍ਹ ਐਤਵਾਰ ਹੈ ਹਾ...ਹਾ...।'
-ਗੁਰਨਾਮ ਸਿੰਘ ਸੀਤਲ
ਮੋਬਾਈਲ : 98761-05647


0 Comments:

Post a Comment

Subscribe to Post Comments [Atom]

<< Home