Punjabi Lekh- ਇਲਾਕੇ ਦੀ ਕਾਇਆ ਕਲਪ ਕਰਨ ਵਾਲੀ ਬੀਬੀ ਵਜ਼ੀਰ ਬੇਗਮ
ਇਲਾਕੇ ਦੀ ਕਾਇਆ ਕਲਪ ਕਰਨ ਵਾਲੀ ਬੀਬੀ ਵਜ਼ੀਰ ਬੇਗਮ
ਬੀਬੀ ਵਜ਼ੀਰ ਬੇਗਮ ਆਪਣੇ ਪਰਿਵਾਰ ਨਾਲ
80 ਸਾਲਾਂ ਦੀ ਤੰਦਰੁਸਤ ਕ੍ਰਾਂਤੀਕਾਰੀ ਬੀਬੀ ਵਜ਼ੀਰ ਬੇਗ਼ਮ ਪਿੰਡ ਧੂਨਾਂ ਲਾਟੀ, ਤਹਿ: ਰਾਮ ਨਗਰ,
ਊਧਮਪੁਰ (ਜੰਮੂ-ਕਸ਼ਮੀਰ) ਦੀ ਰਹਿਣ ਵਾਲੀ ਹੈ। ਬੀਬੀ ਵਜ਼ੀਰ ਬੇਗਮ ਲਗਭਗ 32 ਸਾਲ ਸਰਪੰਚ ਰਹੀ। ਉਸ ਨੇ
ਪਛੜੇ ਪਹਾੜੀ ਇਲਾਕੇ ਨੂੰ ਤਰੱਕੀ ਦੀ ਹਰ ਮੰਜ਼ਿਲ ਨੂੰ ਖੁਸ਼ਹਾਲੀ ਵਿਚ ਤਬਦੀਲ ਕਰਨ ਵਿਚ ਅੱਡੀ-ਚੋਟੀ
ਦਾ ਜ਼ੋਰ ਲਗਾ ਦਿੱਤਾ। ਆਪਣੀ ਸਾਰੀ ਉਮਰ ਇਲਾਕੇ ਦੀ ਤਰੱਕੀ ਲਈ ਕੁਰਬਾਨ ਕੀਤੀ। ਉਸ ਨੇ ਦਿਨ-ਰਾਤ ਇਕ
ਕਰਕੇ ਕਈ ਕਿਲੋਮੀਟਰ ਪਹਾੜੀ ਤੰਗ, ਟੇਢੇ-ਮੇਢੇ ਰਸਤਿਆਂ ਨੂੰ ਸੜਕ ਵਿਚ ਤਬਦੀਲ ਕਰਵਾਇਆ। ਸ਼ਹਿਰ ਤੋਂ
ਪਿੰਡ ਤੱਕ ਆਉਣ ਲਈ ਪੈਦਲ ਚੱਲ ਕੇ ਦੋ ਦਿਨ ਲਗਦੇ ਸਨ। ਰਸਤੇ ਵਿਚ ਇਕ ਦਿਨ ਗੁਜ਼ਾਰਨਾ ਪੈਂਦਾ ਸੀ। ਇਸ
ਪੈਦਲ ਚੱਲ ਕੇ ਪਿੰਡ ਤੱਕ ਆਉਣ ਦੀ ਨੌਬਤ ਨੂੰ ਉਸ ਨੇ ਪ੍ਰਸ਼ਾਸਨ ਦੀ ਮਦਦ ਨਾਲ ਪੱਕੀ ਸੜਕ ਵਿਚ ਤਬਦੀਲ
ਕਰਵਾ ਕੇ ਪਹਾੜੀ ਲੋਕਾਂ ਨੂੰ ਨਵੀਂ ਜ਼ਿੰਦਗੀ ਬਖਸ਼ੀ।
ਬੀਬੀ ਵਜ਼ੀਰ ਬੇਗਮ ਆਪਣੇ ਪਰਿਵਾਰ ਨਾਲ
ਬੀਬੀ ਵਜ਼ੀਰ ਬੇਗਮ ਨੇ ਮਾਨਤਲਾਈ ਤੋਂ ਲੈ ਕੇ ਗੁੱਡੂ ਤੱਕ ਸੜਕ ਦਾ ਨਿਰਮਾਣ, ਬਿਜਲੀ, ਪਾਣੀ, ਪੁਲ, ਫੂਡ ਸਟੋਰ, ਡਿਸਪੈਂਸਰੀਆਂ, ਪ੍ਰਾਇਮਰੀ ਅਤੇ ਹਾਇਰ ਸੈਕੰਡਰੀ ਸਕੂਲ ਆਦਿ ਦੀਆਂ ਸਹੂਲਤਾਂ ਇਲਾਕੇ ਨੂੰ ਦਿਵਾ ਕੇ ਇਲਾਕੇ ਦੀ ਕਾਇਆ ਪਲਟ ਕਰ ਦਿੱਤੀ ਹੈ। ਬੀਬੀ ਵਜ਼ੀਰ ਬੇਗਮ ਨੇ ਦੱਸਿਆ ਕਿ ਉਸ ਨੇ ਲਗਭਗ 28 ਸਾਲ ਝੰਡਾ ਲਹਿਰਾਇਆ ਹੈ, 15 ਅਗਸਤ ਮੌਕੇ। ਉਸ ਨੇ ਆਪਣੀ ਜ਼ਮੀਨ ਵਿਚ ਸਕੂਲ ਖੁਲ੍ਹਵਾਇਆ ਹੈ। ਅੱਜ ਇਸ ਇਲਾਕੇ ਦੇ ਸਾਰੇ ਘਰਾਂ ਵਿਚ ਲੋਕ ਮੁਲਾਜ਼ਮ ਹਨ। ਡਾਕਟਰ, ਵਕੀਲ, ਇੰਜੀਨੀਅਰ, ਅਧਿਆਪਕ ਆਦਿ ਉੱਚ ਅਹੁਦਿਆਂ 'ਤੇ ਲੜਕੇ-ਲੜਕੀਆਂ ਮੌਜੂਦ ਹਨ। ਇਸ ਇਲਾਕੇ ਵੱਲ ਮਹਾਜਨ, ਬ੍ਰਾਹਮਣ, ਹਰੀਜਨ ਅਤੇ ਜ਼ਿਆਦਾ ਮੁਸਲਮਾਨ ਬਰਾਦਰੀ ਦੇ ਲੋਕ ਮਿਲ-ਜੁਲ ਕੇ ਆਪਸੀ ਭਾਈਚਾਰੇ ਵਿਚ ਰਹਿ ਕੇ ਤਰੱਕੀ ਦੀਆਂ ਮੰਜ਼ਿਲਾਂ ਛੂਹ ਰਹੇ ਹਨ। ਪਿੰਡ ਲਾਟੀ ਧੂਨਾਂ ਪਟਨੀਟਾਪ ਤੋਂ ਇਕ ਪਾਸੇ ਵੱਲ ਪੈਂਦਾ ਹੈ। ਇਹ ਇਲਾਕਾ ਲਗਭਗ 6500 ਫੁੱਟ ਉਚਾਈ ਉੱਪਰ ਹੈ, ਜਿਥੇ ਗਰਮੀਆਂ ਵਿਚ ਵੀ ਮੌਸਮ ਠੰਢਾ ਦਿਲਦਾਰ ਹੁੰਦਾ ਹੈ। ਇਹ ਪਿੰਡ ਮੁਸਲਮਾਨ ਰਾਜਪੂਤ ਮਲਿਕਾਂ ਦਾ ਪਿੰਡ ਹੈ। ਮਲਿਕ ਜਾਤੀ ਦੇ ਮੁਸਲਮਾਨ ਜ਼ਿਆਦਾ ਹਨ।
ਖੁਸ਼ੀ ਦੀ ਗੱਲ ਹੈ ਕਿ ਬੀਬੀ ਵਜ਼ੀਰ ਬੇਗਮ ਦਾ ਦਾਮਾਦ ਉਰਦੂ, ਪੰਜਾਬੀ ਦਾ ਵਿਸ਼ਵ ਪ੍ਰਸਿੱਧ ਕਹਾਣੀਕਾਰ ਹੈ ਜਨਾਬ ਖਾਲਿਦ ਹੁਸੈਨ।
ਇਸ ਪਿੰਡ ਵਿਖੇ ਬਹੁਤ ਹੀ ਮਿਹਨਤੀ ਮਹਿਲਾ ਮੰਡਲ ਦਾ ਗਰੁੱਪ ਹੈ, ਜਿਸ ਦੀ ਪ੍ਰਧਾਨ ਸਫ਼ੀਆ ਬੇਗਮ ਉਰਫ ਬਿੱਲੋ ਹੈ। ਇਸ ਮਹਿਲਾ ਨੇ ਮਹਿਲਾਵਾਂ ਵਿਚ ਜਾਗ੍ਰਿਤੀ ਪੈਦਾ ਕਰਕੇ ਨਵੀਆਂ-ਨਵੀਆਂ ਯੋਜਨਾਵਾਂ ਨਾਲ ਮਹਿਲਾਵਾਂ ਨੂੰ ਜੋੜਨ ਦਾ ਯਤਨ ਜਾਰੀ ਰੱਖਿਆ ਹੋਇਆ ਹੈ।
ਬੀਬੀ ਵਜ਼ੀਰ ਬੇਗਮ ਨੇ ਦੱਸਿਆ ਕਿ ਹੁਣ ਇਲਾਕੇ ਵਿਚ ਉੱਚੀਆਂ-ਉੱਚੀਆਂ ਪਹਾੜੀਆਂ ਅਤੇ ਮੁਸ਼ਕਿਲ ਰਸਤਿਆਂ ਵਾਲੇ ਘਰਾਂ ਵਿਚ ਵੀ ਪਾਣੀ, ਬਿਜਲੀ, ਫਲੱਸ਼, ਬੱਸਾਂ, ਟੈਕਸੀਆਂ ਆਦਿ ਦੀ ਸਹੂਲਤ ਹੈ। ਖੇਤੀਬਾੜੀ ਵਿਚ ਵੀ ਬਹੁਤ ਤਰੱਕੀ ਕਰਵਾਈ ਹੈ।
ਜੰਮੂ-ਕਸ਼ਮੀਰ ਦੀ ਉੱਚ ਕਮਾਂਡ ਤੱਕ ਬੀਬੀ ਵਜ਼ੀਰ ਬੇਗਮ ਦੀ ਪਹੁੰਚ ਸੀ, ਜਿਸ ਦੀ ਬਦੌਲਤ ਉਸ ਨੇ ਇਲਾਕੇ ਦੀ ਤਰੱਕੀ ਨੂੰ ਚਾਰ ਚੰਨ ਲਗਾ ਦਿੱਤੇ। ਧੀਰੇਂਦਰ ਬ੍ਰਹਮਚਾਰੀ ਜੋ ਕਿ ਮਾਨਤਲਾਈ ਆਸ਼ਰਮ ਚਲਾਉਂਦੇ ਹਨ, ਉਨ੍ਹਾਂ ਦੇ ਹਸਪਾਤਲ ਦੀ ਇਜਾਜ਼ਤ ਲੈਣ ਲਈ ਵੀ ਬੀਬੀ ਵਜ਼ੀਰ ਬੇਗਮ ਨੇ ਸਹਿਯੋਗ ਦਿੱਤਾ। ਇਸ ਤਰ੍ਹਾਂ ਦੀਆਂ ਮਹਾਨ ਕ੍ਰਾਂਤੀਕਾਰੀ ਔਰਤਾਂ ਸਮਾਜ ਲਈ ਇਹ ਉਦਾਹਰਨ ਹਨ।
ਬਲਵਿੰਦਰ ਬਾਲਮ ਗੁਰਦਾਸਪੁਰ
-ਉਂਕਾਰ ਨਗਰ, ਗੁਰਦਾਸਪੁਰ। ਮੋਬਾ: 98156-25409
-ਉਂਕਾਰ ਨਗਰ, ਗੁਰਦਾਸਪੁਰ। ਮੋਬਾ: 98156-25409
0 Comments:
Post a Comment
Subscribe to Post Comments [Atom]
<< Home