Friday, July 13, 2012

Punjabi Lekh-ਫ਼ਰਿਆਦ ਇਕ ਰੁੱਖ ਦੀ


ਫ਼ਰਿਆਦ ਇਕ ਰੁੱਖ ਦੀ
ਮੈਂ ਤੇਰੇ ਹੱਥ ਤਾਂ ਰੋਕ ਨਹੀਂ ਸਕਦਾ। ਤੇਰੇ ਤਿੱਖੇ ਕੁਹਾੜੇ ਦੀ ਝਾਲ ਵੀ ਨਹੀਂ ਝੱਲ ਸਕਦਾ, ਬਸ ਇਕ ਤਰਲਾ ਕਰ ਸਕਦਾ ਹਾਂ, 'ਤੂੰ ਮੈਨੂੰ ਵੱਢੀਂ ਨਾ।'
ਤੇਰੇ ਬਾਪ-ਦਾਦੇ ਨੇ ਮੈਨੂੰ ਆਪ ਹੱਥੀਂ ਲਾਇਆ ਸੀ। ਮੈਂ ਉਨ੍ਹਾਂ ਦੀ ਨਿਸ਼ਾਨੀ ਹਾਂ। ਉਨ੍ਹਾਂ ਵਾਂਗ ਹੀ ਤੇਰੇ ਪਰਿਵਾਰ ਦੀ ਪਾਲਣਾ ਕਰਦਾ ਆਇਆ ਹਾਂ। ਤੇਰੇ ਵਿਹੜੇ ਦੀ ਇਕ ਗਿੱਠ ਕੁ ਥਾਂ ਰੋਕੀ, ਅੰਬਰ ਤੋਂ ਵਰ੍ਹੇ ਅੰਗਿਆਰਾਂ ਦੀ ਝਾਲ ਝਲਦਾ ਹੋਇਆ ਤੇਰੇ ਵਿਹੜੇ ਵਿਚ ਠੰਢ ਬਿਖੇਰ ਰਿਹਾ ਹਾਂ। ਆਪਣੇ ਬੱਚਿਆਂ ਨੂੰ ਮੇਰੇ ਟਾਹਣਿਆਂ ਉੱਤੇ ਪੀਂਘਾਂ ਝੂਟਦੇ ਹੋਏ, ਤਾਜ਼ੀ ਹਵਾ ਦੇ ਬੁੱਲਿਆਂ ਦਾ ਅਨੰਦ ਮਾਣਨ ਤੋਂ ਵਿਰਵਾ ਨਾ ਕਰ। ਮੈਂ ਤੇਰੇ ਘਰ ਦੀ ਕਾਲੀ ਕਾਲਖ ਪੀ ਕੇ ਤੇਰੇ ਘਰ ਦੀ ਫਿਜ਼ਾ ਨੂੰ ਸੱਜਰੀ ਸਵੇਰ ਵਾਂਗ ਤਾਜ਼ਾ ਰੱਖਣ ਦਾ ਵਾਅਦਾ ਕਰਦਾ ਹਾਂ।
ਰੁੱਤ ਆਈ, ਮੇਰੇ 'ਤੇ ਰੰਗ-ਬਰੰਗੇ ਫੁੱਲਾਂ ਦੀ ਬਹਾਰ ਮਿਹਰਬਾਨ ਹੋਣ ਲਗਦੀ ਹੈ ਤਾਂ ਮੈਂ ਉਨ੍ਹਾਂ ਦੀ ਖੁਸ਼ਬੋਈ ਤੇਰੇ ਘਰ ਦੀ ਸਮੁੱਚੀ ਫਿਜ਼ਾ ਵਿਚ ਬਿਖੇਰ ਦਿੰਦਾ ਹਾਂ। ਮੇਰੀਆਂ ਟਾਹਣੀਆਂ ਰਸਭਿੰਨੇ ਫਲਾਂ ਨਾਲ ਭਰ ਜਾਂਦੀਆਂ ਹਨ। ਮੈਂ ਤੈਨੂੰ ਕਦੇ ਤੋੜਨ ਤੋਂ ਰੋਕਿਆ ਨਹੀਂ। ਤੂੰ ਤੇ ਤੇਰੇ ਬੱਚੇ ਜਦੋਂ ਮੇਰੇ ਫਲਾਂ ਦੇ ਸੁਆਦ ਨਾਲ ਵਿਸਮਾਦ ਹੋਏ ਹੁੰਦੇ ਹੋ ਤਾਂ ਮੈਂ ਵੀ ਵਿਸਮਾਦ ਹੋ ਜਾਂਦਾ ਹਾਂ। ਜਦੋਂ ਕਦੇ ਮੇਰੀਆਂ ਜੜ੍ਹਾਂ ਦੇ ਬੁੱਲ੍ਹ ਸੁੱਕਦੇ ਹਨ ਤਾਂ ਮੈਂ ਤੈਨੂੰ ਪਾਣੀ ਪਾਉਣ ਲਈ ਹੁਕਮ ਨਹੀਂ ਚਾੜ੍ਹਦਾ, ਸਗੋਂ ਫਰਿਆਦ ਕਰਦਾ ਹਾਂ।
ਚਿਰਾਂ ਤੋਂ ਪੰਖੇਰੂ ਮੇਰੇ ਪਿੰਡੇ ਉੱਤੇ ਆਪਣੇ ਬੋਟ ਪਾਲਦੇ ਰਹੇ ਹਨ। ਉਨ੍ਹਾਂ ਦੇ ਘਰ ਨਾ ਉਜਾੜ। ਉਨ੍ਹਾਂ ਦੇ ਮਧੁਰ ਸੰਗੀਤ ਦਾ ਅਨੰਦ ਤਾਂ ਤੂੰ ਵੀ ਮਾਣਿਆ ਹੋਵੇਗਾ। ਇਹ ਪੰਛੀ ਤੇਰੀਆਂ ਫਸਲਾਂ ਦੇ ਮਾਰੂ ਕੀੜਿਆਂ ਨੂੰ ਖਤਮ ਕਰਕੇ ਤੇਰੀ ਫਸਲ ਨੂੰ ਸਿਹਤਮੰਦ ਰੱਖਦੇ ਹਨ।
ਰਾਹੀਆਂ ਨੂੰ ਰਾਹੇ ਪਾਉਣ ਲਈ ਮੈਂ ਹਰ ਡੰਡੀ 'ਤੇ ਖੜੋਤਾ ਰਿਹਾ ਹਾਂ। ਪਲ ਕੁ ਰੁਕ ਕੇ ਸਾਹ ਲੈਣ ਲਈ ਪ੍ਰੇਰਦਾ ਹਾਂ ਤੇ ਤੁਰ ਗਿਆਂ ਨੂੰ ਦੂਰ ਤੱਕ ਤੱਕਦਾ ਰਹਿੰਦਾ ਹਾਂ। ਮੇਰੇ ਗਿਰਦ ਬਣਾਏ ਚੌਤੜੇ ਉੱਤੇ ਕਦੇ ਮਹਿਫ਼ਲਾਂ ਸਜਦੀਆਂ ਹੁੰਦੀਆਂ ਸਨ। ਉਨ੍ਹਾਂ ਮਹਿਫ਼ਲਾਂ ਨੂੰ ਇਕ ਵਾਰ ਫਿਰ ਜਮਾ ਕੇ ਤਾਂ ਦੇਖ, ਬਨਾਵਟੀ ਉਪਕਰਨਾਂ ਦੀ ਠੰਢਕ ਭੁੱਲ ਜਾਏਂਗਾ। ਤੋਤਾ-ਮੈਨਾ ਦੀ ਕਹਾਣੀ ਤਾਂ ਮੇਰੇ ਮਰਜੀਵੜਿਆਂ ਦੀ ਕਹਾਣੀ ਹੈ। ਕਦੇ ਇਨ੍ਹਾਂ ਮਹਿਫ਼ਲਾਂ ਵਿਚੋਂ ਹੀ ਮੈਂ ਸੋਹਣੀ-ਮਹੀਂਵਾਲ ਅਤੇ ਸੱਸੀ-ਪੁੰਨੂੰ ਦੇ ਕਿੱਸੇ ਸੁਣਿਆ ਕਰਦਾ ਸਾਂ। ਮੇਰੀ ਟਾਹਣੀ ਕਦੇ ਵਾਰਸ ਦੀ ਕਲਮ ਬਣੀ ਹੋਵੇਗੀ, ਜਿਸ ਨਾਲ ਲਿਖੀ ਹੀਰ-ਰਾਂਝੇ ਦੀ ਅਮਰ ਕਹਾਣੀ ਵਾਰਿਸ ਨੂੰ ਵੀ ਅਮਰ ਕਰ ਗਈ। ਰਚਣਹਾਰਿਆਂ ਦੀ ਕਲਮ ਤੋਂ ਪੁੱਛ ਕੇ ਤਾਂ ਦੇਖ, ਹਰ ਕਹਾਣੀ ਦਾ ਮੈਂ ਸਾਖ਼ਸ਼ਾਤ ਗਵਾਹ ਰਿਹਾ ਹਾਂ।
ਪਾਣੀ ਭਰੇ ਵਾਵਰੋਲਿਆਂ ਨੂੰ ਧਰਤ ਸੁਹਾਵੀ 'ਤੇ ਵਰਸਣ ਲਈ ਮੈਂ ਹੀ ਮਜਬੂਰ ਕਰਦਾ ਰਿਹਾ ਹਾਂ। ਤੇਰੇ ਵਲੋਂ ਮੇਰੇ ਕਟੁੰਬ ਦੀ ਬੇਤਹਾਸ਼ਾ ਕਟਾਈ ਬੇਰੁਖ਼ ਹੋਏ ਬੱਦਲਾਂ ਦਾ ਰੁਖ਼ ਕਿਵੇਂ ਬਦਲੇ। ਧਰਤੀ ਮਾਂ ਦੀ ਕੁੱਖ ਦਾ ਪਾਣੀ ਪਤਾਲ ਤੱਕ ਉਤਰ ਗਿਆ ਹੈ। ਲੋਕਾਈ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੀ ਹੈ। ਧਰਤੀ ਮਾਂ ਦੇ ਪੈਰਾਂ ਦੀਆਂ ਫਟੀਆਂ ਬਿਆਈਆਂ ਵੱਲ ਦੇਖ ਲੈ ਤੇ ਮੇਰੇ 'ਤੇ ਤਰਸ ਕਰ। ਮੈਂ ਤੇਰੇ ਖੇਤਾਂ ਨੂੰ ਹਰਿਆ-ਭਰਿਆ ਕਰਨ ਲਈ ਮੋੜ ਲਿਆਵਾਂਗਾ, ਰੁੱਸ ਕੇ ਗਏ ਇੰਦਰ ਦੇਵਤਾ ਨੂੰ।
ਮੈਂ ਤੇਰੇ ਘਰ ਦਾ ਪਹਿਰੇਦਾਰ ਵੀ ਹਾਂ। ਰਾਤ-ਬਰਾਤੇ ਮੇਰੇ ਕੋਲੋਂ ਲੰਘਦਾ ਹੋਇਆ ਐਰਾ-ਗੈਰਾ ਭੈਅ ਖਾਂਦਾ ਹੈ। ਮੈਂ ਹਮੇਸ਼ਾ ਬੇਵਕਤ ਬੰਦਿਆਂ ਦੀ ਤੈਨੂੰ ਬਿੜਕ ਦਿੰਦਾ ਰਿਹਾ ਹਾਂ। ਮੈਨੂੰ ਘਰ ਦਾ ਇਕ ਮੈਂਬਰ ਹੀ ਸਮਝ। ਰੋਕ ਆਪਣਾ ਕੁਹਾੜਾ ਤੇ ਕਾਇਮ ਰਹਿਣ ਦੇ ਮੇਰੇ ਵਜੂਦ ਨੂੰ, ਨਹੀਂ ਤਾਂ ਮੇਰੀਆਂ ਗੱਲਾਂ ਯਾਦ ਕਰ-ਕਰ ਰੋਇਆ ਕਰੇਂਗਾ।
ਸੰਤੋਖ ਸਿੰਘ ਜਗਪਾਲ
-ਸਾਬਕਾ ਲੈਕਚਰਾਰ, 24/75, ਗਾਰਡਨ ਕਾਲੋਨੀ,
ਮਾਡਲ ਟਾਊਨ, ਜਲੰਧਰ। 98157-24175

0 Comments:

Post a Comment

Subscribe to Post Comments [Atom]

<< Home