Friday, July 13, 2012

Punjabi lekh-ਬਦਲ ਗਿਐ ਵਿਆਹਾਂ ਦਾ ਸਰੂਪ


ਬਦਲ ਗਿਐ ਵਿਆਹਾਂ ਦਾ ਸਰੂਪ
ਸਮੇਂ ਦੇ ਪਰਿਵਰਤਨ ਨਾਲ ਵਿਆਹ-ਸ਼ਾਦੀ ਦੇ ਰਸਮੋ-ਰਿਵਾਜ ਵਿਚ ਵੀ ਤਬਦੀਲੀ ਆ ਰਹੀ ਹੈ। ਪੁਰਾਣੇ ਸਮੇਂ ਵਿਚ ਬਰਾਤਾਂ ਰਾਤ ਰਹਿੰਦੀਆਂ ਸਨ। ਬਰਾਤਾਂ ਘੋੜੀਆਂ 'ਤੇ ਜਾਂਦੀਆਂ। ਜਿਸ ਪਿੰਡ ਬਰਾਤ ਨੇ ਢੁਕਾਅ ਕਰਨਾ ਹੁੰਦਾ, ਉਹ ਸਾਰਾ ਪਿੰਡ ਬਰਾਤ ਦੇ ਸਵਾਗਤ ਲਈ ਪਿੰਡ ਦੀ ਫਿਰਨੀ 'ਤੇ ਆ ਕੇ ਆਈ ਬਰਾਤ ਨੂੰ ਜੀ ਆਇਆਂ ਆਖਦਾ। ਘੋੜੀਆਂ ਨੂੰ ਪਿੰਡ ਵਾਸੀ ਆਪੋ-ਆਪਣੇ ਘਰਾਂ ਵਿਚ ਲੈ ਜਾਂਦੇ ਤੇ ਉਨ੍ਹਾਂ ਦੀ ਸੇਵਾ ਕਰਦੇ।
ਲਾਵਾਂ ਹੋਣ ਤੋਂ ਬਾਅਦ ਲੜਕੇ ਵਲੋਂ ਇਕ ਆਦਮੀ ਉਠ ਕੇ ਸਿਹਰਾ ਪੜ੍ਹਦਾ। ਕਈ ਵਾਰ ਸਿਹਰਾ ਪੜ੍ਹਨ ਵਾਲਾ ਸਪੈਸ਼ਲ ਸੱਦਿਆ ਜਾਂਦਾ। ਲੜਕੀ ਦੇ ਪਰਿਵਾਰ ਵਲੋਂ ਸਿੱਖਿਆ ਪੜ੍ਹੀ ਜਾਂਦੀ। ਇਹ ਸਭ ਅੱਜ ਦੇ ਸਮੇਂ ਵਿਚ ਨਹੀਂ ਰਿਹਾ। ਪੈਲੇਸਾਂ ਵਿਚ ਵੱਜਦੇ ਡੀ. ਜੇ. ਤੇ ਸੱਭਿਆਚਾਰ ਗਰੁੱਪ ਦੇ ਨਾਂਅ 'ਤੇ ਪਰੋਸੇ ਜਾ ਰਹੇ ਅਸ਼ਲੀਲ ਗੀਤਾਂ ਨੇ ਇਸ ਰਸਮੋ-ਰਿਵਾਜ਼ ਨੂੰ ਦੱਬ ਦਿੱਤਾ ਹੈ। ਪਹਿਲੇ ਵੇਲਿਆਂ ਵਿਚ ਅਗਲੇ ਦਿਨ ਬਰਾਤ ਜਦੋਂ ਤਿਆਰ ਹੋ ਕੇ ਦੁਪਹਿਰ ਦੀ ਰੋਟੀ ਖਾਣ ਲਈ ਆਉਂਦੀ ਤਾਂ ਕੁੜੀਆਂ ਜੰਞ ਬੰਨ੍ਹਦੀਆਂ। ਬਰਾਤ ਵਿਚ ਆਇਆ ਕੋਈ ਸਿਆਣਾ ਬਰਾਤੀ ਛੰਦ ਸੁਣਾ ਕੇ ਬੰਝੀ ਜੰਞ ਛੁਡਵਾਉਂਦਾ। ਰੋਟੀ ਖਾਣ ਤੋਂ ਬਾਅਦ ਮੁੰਡੇ ਨੂੰ ਪਲੰਘ 'ਤੇ ਬਿਠਾਇਆ ਜਾਂਦਾ ਤੇ ਕੁੜੀ ਨੂੰ ਪੀੜ੍ਹੀ 'ਤੇ। ਭਾਈਚਾਰੇ ਦੀਆਂ ਜ਼ਨਾਨੀਆਂ ਵਿਆਹ ਵਾਲੇ ਮੁੰਡੇ ਨੂੰ ਸ਼ਗਨ ਦਿੰਦੀਆਂ ਤੇ ਨਾਲ ਬੁਰਕੀਆਂ ਦਿੰਦੀਆਂ। ਕਈ ਤਰ੍ਹਾਂ ਦੇ ਹਾਸੇ-ਠੱਠੇ, ਮਖੌਲ ਕਰਦੀਆਂ। ਸਾਲੀਆਂ ਜੀਜੇ ਤੋਂ ਛੰਦ ਸੁਣਦੀਆਂ। ਸ਼ਾਮ ਨੂੰ ਡੋਲੀ ਜਾਣ ਸਮੇਂ ਲੜਕੀ ਨਾਲ ਨੈਣ (ਰਾਣੀ) ਭੇਜੀ ਜਾਂਦੀ। ਬਸ ਤਿਆਰ ਹੋ ਕੇ ਪੈਲੇਸ ਵਿਚ ਪਹੁੰਚਣਾ ਹੁੰਦਾ ਹੈ। ਰਿਸ਼ਤੇਦਾਰਾਂ ਤੇ ਸਾਕ-ਸਬੰਧੀਆਂ, ਸ਼ਰੀਕੇ-ਭਾਈਚਾਰੇ ਨੂੰ ਵੀ ਕਾਰਡ ਉੱਤੇ ਪੈਲੇਸ ਦਾ ਹੀ ਪਤਾ ਦੱਸਿਆ ਹੁੰਦਾ ਹੈ। ਪੈਲੇਸ ਵਿਚ ਕੰਨ-ਪਾੜਵੇਂ ਡੀ. ਜੇ. ਤੇ ਸੱਭਿਆਚਾਰ ਗਰੁੱਪ ਨੇ ਐਸਾ ਰੰਗ ਦਿਖਾਇਆ ਹੁੰਦਾ ਹੈ ਕਿ ਕਿਸੇ ਨੂੰ ਘੜਮੱਸ ਵਿਚ ਕੋਈ ਖ਼ਬਰ ਨਹੀਂ ਕੌਣ ਆਇਆ, ਕੌਣ ਗਿਆ। ਘਰ ਵਾਲੇ ਆਪ ਏਨੇ ਕੁ ਰੁੱਝੇ ਹੁੰਦੇ ਹਨ ਕਿ ਕਈ ਰਿਸ਼ਤੇਦਾਰਾਂ ਦਾ ਤਾਂ ਪਤਾ ਹੀ ਨਹੀਂ ਲਗਦਾ ਕਿ ਕੌਣ ਆਇਆ, ਕੌਣ ਨਹੀਂ।
ਬਰਾਤ 1-2 ਵਜੇ ਪਹੁੰਚਦੀ, ਚਾਹ-ਪਾਣੀ ਪੀ ਕੇ ਉਹ ਲਾਵਾਂ ਫੇਰੇ ਕਰਨ ਲਈ ਚਲੀ ਜਾਂਦੀ। 4 ਵਜੇ ਪੈਲੇਸ ਵਾਲੇ ਕੁਰਸੀਆਂ ਸਾਂਭਣ ਲੱਗ ਜਾਂਦੇ। ਡੋਲੀ ਤੋਰਨ ਵੇਲੇ ਬਸ ਲੈ-ਦੇ ਕੇ ਦੋ-ਚਾਰ ਮੈਂਬਰ ਘਰ ਦੇ ਤੇ ਸਿਵਾਏ ਪੈਲੇਸ ਦੇ ਵੇਟਰ ਤੇ ਹਲਵਾਈ ਹੀ ਰਹਿ ਜਾਂਦੇ। ਰਿਸ਼ਤੇਦਾਰ ਤਾਂ ਏਨੀ ਕਾਹਲ ਵਿਚ ਹੁੰਦੇ ਕਿ ਕਈ ਵਾਰ ਸ਼ਗਨ ਦਾ ਲਿਫ਼ਾਫ਼ਾ ਵੀ ਘਰ ਵਾਲਿਆਂ ਨੂੰ ਫੜਾਉਣ ਦੀ ਬਜਾਏ ਕਿਸੇ ਹੋਰ ਜਾਣ-ਪਛਾਣ ਵਾਲੇ ਨੂੰ ਫੜਾ ਕੇ ਚਲਦੇ ਬਣਦੇ।
5 ਵਜੇ ਡੋਲੀ ਤੋਰ ਕੇ ਘਰ ਵਾਲੇ ਠੱਗੇ ਜਿਹੇ ਮਹਿਸੂਸ ਕਰਦੇ। ਵਧਿਆ ਸਾਮਾਨ ਟਰਾਲੀ ਵਿਚ ਲੱਦ ਕੇ ਘਰ ਨੂੰ ਤੁਰੇ ਆਉਂਦੇ। ਹਫ਼ਤਾ ਭਰ ਚੱਲਣ ਵਾਲੇ ਵਿਆਹ ਨੂੰ ਚਾਰ ਘੰਟਿਆਂ ਵਿਚ ਸੁੱਖੀਂ-ਸਾਂਦੀਂ ਨੇਪਰੇ ਚਾੜ੍ਹ ਕੇ ਰੱਬ ਦਾ ਸ਼ੁਕਰ ਕਰਦੇ। ਜਿਸ ਘਰ ਵਿਚ ਇਕ ਦਿਨ ਪਹਿਲਾਂ ਵਿਆਹ ਦੀਆਂ ਕਾਹਲੀਆਂ ਪਈਆਂ ਹੁੰਦੀਆਂ, ਉਹੋ ਘਰ ਉਸ ਦਿਨ ਸ਼ਾਮ ਨੂੰ ਸੱਖਣਾ-ਸੱਖਣਾ ਜਿਹਾ ਬਣਿਆ ਹੁੰਦਾ ਹੈ। ਪਰ ਇਹ ਸਭ ਕੁਝ ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ਕਾਰਨ ਆਏ ਬਦਲਾਅ ਦਾ ਹੀ ਹਿੱਸਾ ਹੈ।
ਹੁਣ ਤਾਂ ਦੁਨੀਆ ਹੋਰ ਵੀ 'ਅਡਵਾਂਸ' ਹੋ ਗਈ ਹੈ ਕਿ ਇਕੋ ਦਿਨ ਤਿੰਨ ਸ਼ਗਨ ਕਰ ਲੈਂਦੇ ਹਨ। ਸਵੇਰੇ ਪੈਲੇਸ ਵਿਚ ਕੁੜੀ-ਮੁੰਡੇ ਨੂੰ ਇਕੱਠਾ ਸ਼ਗਨ ਲਾਉਂਦੇ, ਫਿਰ ਦੁਪਹਿਰ ਵੇਲੇ ਲਾਵਾਂ ਫੇਰੇ ਤੇ ਸ਼ਾਮ ਨੂੰ ਪੈਲੇਸ ਤੋਂ ਦੋ ਕਿਲੋਮੀਟਰ ਦੀ ਦੂਰੀ ਤੋਂ ਚੱਕਰ ਲਗਾ ਕੇ ਮੁਕਲਾਵਾ ਵੀ ਕਰ ਲੈਂਦੇ ਹਨ।
ਦਿਲਬਾਗ ਸਿੰਘ ਘਰਿਆਲਾ
-ਸ: ਹਾ: ਸਕੂਲ, ਸੁਰ ਸਿੰਘ (ਤਰਨ ਤਾਰਨ)।
ਮੋਬਾ: 98723-67922

0 Comments:

Post a Comment

Subscribe to Post Comments [Atom]

<< Home