ਚਾਹ ਪਾਣੀ ਪੀਂਦਿਆਂ ਉਨ੍ਹਾਂ ਗੁਜ਼ਰੇ ਵਕਤ ਦੀਆਂ ਕਿੰਨੀਆਂ ਹੀ ਯਾਦਾਂ ਨੂੰ ਤਾਜ਼ਾ ਕੀਤਾ ਸੀ। ਕਦੇ ਪੜ੍ਹਾਈ ਬਾਰੇ, ਕਦੇ ਪੇਪਰਾਂ ਦੀ ਕੰਡੀਸ਼ਨ ਨੂੰ ਲੈ ਕੇ ਕੀਤੇ ਬਾਈਕਾਟ ਬਾਰੇ, ਕਦੇ ਮੈੱਸ ਦੇ ਮਾੜੇ ਖਾਣੇ ਬਾਰੇ। ਆਖ਼ਰ ਪੁਰਾਣੇ ਬੇਲੀਆਂ 'ਚੋਂ 'ਕੱਲੇ-'ਕੱਲੇ ਨੂੰ ਯਾਦ ਕਰਕੇ ਹੱਸੇ ਵੀ ਖੂਬ ਤੇ ਉਦਾਸ ਵੀ ਬਹੁਤ ਹੋਏ।
ਗੱਲਾਂ-ਗੱਲਾਂ 'ਚ ਹੀ ਗੁਰਮੀਤ ਨੇ ਸਵਾਲ ਕੀਤਾ, ''ਕੀ ਗੱਲ ਵਿਆਹ ਕਰਾਉਣ ਦਾ ਇਰਾਦਾ ਨੀਂ?''
''ਇਰਾਦਾ ਤਾਂ ਹੈ... ਕੋਈ ਕਰਾਵੇ ਵੀ... ਤੂੰ ਹੀ ਦੱਸ ਮੇਰੇ ਵਰਗੇ ਬੂਝੜ ਜੱਟ ਨੂੰ ਕੌਣ ਪਸੰਦ ਕਰੂ....?''
''ਨਹੀਂ  ਯਾਰ ਤੂੰ ਬੂਝੜ ਨਹੀਂ ਹੈਗਾ... ਬੂਝੜ ਤਾਂ ਕਮਲੇ ਬੋਲੇ ਨੂੰ ਕਹਿੰਦੇ ਐ... ਤੂੰ ਤਾਂ ਵਿਲੱਖਣ ਹੈਂ... ਚੱਲ ਐਂ ਦੱਸ ਗੇੜਾ ਮਾਰਿਆ ਤਾਂ ਸੁੱਖ ਨਾਲ ਹੀ ਐ?''
ਉਹ ਮੁਸਕੜੀਏ ਹੱਸਦਾ ਬੋਲਿਆ, 'ਸੁੱਖ ਤਾਂ ਹੈ ਈ... ਪਰ ਖ਼ਬਰੇ ਸੱਜਣਾ ਤੈਨੂੰ ਹੀ ਕੋਈ ਦੁੱਖ ਦੇਣਾ ਹੋਵੇ।''
''ਲੈ ਆਹ ਕੀ ਗੱਲ ਕਰਦੈ ਯਾਰ.. ਜੇ ਤੇਰੀ ਖ਼ਾਤਰ ਦੁੱਖ ਨੀਂ ਝੱਲਾਂਗੇ ਫ਼ੇਰ ਮਿੱਤਰ ਕਹਾਉਣ ਦਾ ਕੀ ਫ਼ਾਇਦਾ.... ਤੂੰ ਹੁਕਮ ਕਰਕੇ ਤਾਂ ਦੇਖ....?''
''ਮੈਂ ਸੋਚਿਆ, ਬਈ ਉਂ ਤਾਂ ਨ੍ਹੀਂ ਲੱਗਦਾ, ਬਈ ਕੋਈ ਕੁੜੀ ਪਸੰਦ ਕਰ ਲੂ... ਚਲੋ ਕੋਸ਼ਿਸ਼ ਕਰਕੇ ਦੇਖ ਲੈਂਦੇ ਆਂ। ਲੋਕਾਂ ਵਾਂਗ ਆਪਾਂ ਵੀ ਵਿਆਹ ਕਰਾਕੇ ਦੇਖ ਲਈਏ।''
''ਆਈ ਕੋਈ ਪਸੰਦ?''
''ਮੇਰੇ ਤਾਂ ਬਥੇਰੀਆਂ ਪਸੰਦ ਨੇ... ਕੋਈ ਮੈਨੂੰ ਵੀ ਕਰੇ?''
''ਤੂੰ ਪਹਿਲਾਂ ਹਾਂ ਤਾਂ ਕਰ... ਬਾਕੀ ਆਪੇ ਸਭ ਠੀਕ ਹੋ ਜਾਏਗਾ।''
''ਪਸੰਦ ਤਾਂ ਕਰੀ ਐ... ਤਾਂ ਹੀ ਤੇਰੇ ਕੋਲ ਆਏ ਆਂ।'' ਉਹ ਗੁਰਮੀਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਝਾਕਿਆ।
''ਕੌਣ ?''
''ਤੇਰੇ ਸਕੂਲ ਦੀ ਕਿਰਨ''
ਕਿਰਨ ਦਾ ਨਾਂ ਸੁਣ ਕੇ ਗੁਰਮੀਤ ਇਕ ਪਲ ਲਈ ਤਾਂ ਖ਼ਾਮੋਸ਼ ਜਿਹਾ ਹੋ ਗਿਆ।
ਫਿਰ ਇਹ ਸੋਚਦਿਆਂ ਕਿ ਸੁਖਵੰਤ ਖਬਰੇ ਉਸਦੀ ਉਦਾਸੀ ਦਾ ਕੀ ਅਰਥ ਲਏ, ਝੱਟ ਹੀ ਸੰਭਲਿਆ ਤੇ ਮੁਸਕਰਾਇਆ, ''ਉਹ ਵਾਹ... ਫੇਰ ਤਾਂ ਵਧਾਈਆਂ....''
''ਨਾ ਅਜੇ ਕੋਈ ਵਧਾਈਆਂ ਵਧੂਈਆਂ ਨ੍ਹੀਂ... ਖਬਰੇ ਅਗਲੀ ਮੈਨੂੰ ਹਾਂ ਕਰੇ ਖ਼ਬਰੇ ਨਾ.. ਮੈਨੂੰ ਨ੍ਹੀਂ ਪਤਾ ਬਈ ਮੇਰਾ ਘੁਸਾੜ ਕਿਹੋ ਜਿਹਾ...''
''ਉਹ ਨਈਂ ਯਾਰ.. ਬੰਦੇ ਦਾ ਮੁੱਲ ਗੁਣਾਂ ਨਾਲ ਪੈਂਦੈ। ਤੇਰੇ ਵਰਗਾ ਹੀਰਾ ਬੰਦਾ ਮਿਲਣੈ'' ਗੁਰਮੀਤ ਨੇ ਗੱਲ ਪਲਟੀ।
''ਉਹ ਲੈ ਤੈਨੂੰ ਹੀਰੇ ਵਾਲੀ ਗੱਲ ਵੀ ਦੱਸਦਾਂ... ਉਦੋਂ ਆਹ ਰਿਸ਼ਤੇ ਵੇਲੇ ਕੁੜੀਆਂ ਦੇਖਣ ਦਿਖਾਉਣ ਦਾ ਰਿਵਾਜ ਚੱਲਿਆ ਸੀ। ਸਾਡੇ ਪਿੰਡ ਇਕ ਮੁੰਡਾ ਸੀ ਮੇਰੇ ਨਾਲੋਂ ਵੀ ਵੱਧ ਕਾਲਾ, ਨਾਂ ਸੀ ਉਸਦਾ ਹੀਰਾ.. ਜਦੋਂ ਉਹਦੇ ਰਿਸ਼ਤੇ ਦੀ ਕਿਤੇ ਗੱਲ ਚੱਲੀ, ਆਪਣੇ ਬਾਪ ਨੂੰ ਕਹਿੰਦਾ ਮੈਂ ਤਾਂ ਪਹਿਲਾਂ ਕੁੜੀ ਦੇਖੂੰ... ਬਾਪ ਕਹਿੰਦਾ ਸਾਲਿਆ ਮੜਕ ਦਿਆ... ਜੇ ਕੁੜੀ ਨੇ ਤੈਨੂੰ ਨਫਿੱਟ ਕਰ ਤਾਂ... ਢੇਕਾ ਲਾਡ ਦਾ ਚੁੱਪ ਕਰਕੇ ਹਾਂ ਕਰਦੇ।'' ਸੁਖਵੰਤ ਦੀ ਗੱਲ ਸੁਣ ਕੇ ਗੁਰਮੀਤ ਦਾ ਹਾਸਾ ਨਿਕਲ ਗਿਆ।
ਉਸਦੀ ਖੁੱਲ੍ਹ ਕੇ ਹੱਸਣ ਵਾਲੀ ਆਦਤ ਨਹੀਂ ਸੀ ਗਈ। ਕਾਲਜ ਸਮੇਂ ਵੀ ਉਹ ਆਪਣੇ ਆਪ ਨੂੰ ਪਾਤਰ ਬਣਾ ਕੇ ਹੱਸਣ ਹਸਾਉਣ ਵਾਲੀ ਗੱਲ ਕਦੀ ਨਾ ਕਦੀ ਸੁਣਾ ਹੀ ਦਿੰਦਾ ਸੀ।
''ਸੋ ਵੱਡੇ ਵੀਰ... ਕਾਹਦਾ ਦੇਖਣ... ਦਿਖਾਉਣ, ਮੈਨੂੰ ਤਾਂ ਕਿਤੇ ਆਈਂ ਨਾ ਆਖ ਦੇਵੇ ਬਈ ਇਹ ਭੂੰਡ ਕਿਥੋਂ ਮੇਰੇ ਮਗਰ ਆ ਗਿਆ।''
ਗੁਰਮੀਤ ਨੂੰ ਸੁਖਵੰਤ ਦੀ ਗੱਲ ਸਮਝਣ 'ਚ ਦੇਰ ਨਾ ਲੱਗੀ।
ਉਨ੍ਹਾਂ ਨੂੰ ਕੋਰਸ ਕਰਿਆਂ ਚਾਰ ਪੰਜ ਸਾਲ ਹੋਣ ਵਾਲੇ ਸਨ। ਭਾਵੇਂ ਗੁਰਮੀਤ ਅਤੇ ਕਿਰਨ ਨੂੰ ਤਾਂ ਰਿਜ਼ਲਟ ਆਉਂਦਿਆਂ ਹੀ ਨੌਕਰੀ ਮਿਲ ਗਈ ਸੀ ਪਰ ਸੁਖਵੰਤ ਨੂੰ ਹਾਲੇ  ਪਿਛਲੇ ਸਾਲ ਹੀ ਮਿਲੀ ਸੀ, ਉਹ ਪਟਿਆਲੇ ਜ਼ਿਲੇ ਦਾ ਰਹਿਣ ਵਾਲਾ ਸੀ ਤੇ ਹੁਣ ਸ਼ਹਿਰ ਦੇ ਨੇੜੇ ਹੀ ਨਿਯੁਕਤ ਸੀ।
ਪਰ ਕਈ ਗੱਲਾਂ ਬਾਰੇ ਗੁਰਮੀਤ ਅਜੇ ਵੀ ਖਿਚੋਤਾਣ ਜਿਹੀ 'ਚ ਸੀ।
ਉਹ ਸੋਚਦਾ ਸੀ ਤਾਂ ਕੀ ਸੁਖਵੰਤ ਕਿਰਨ ਬਾਰੇ ਪੁੱਛ ਪੜਤਾਲ ਕਰਨ ਆਇਆ ਸੀ ਜਾਂ ਫ਼ਿਰ ਕਿਰਨ ਵਲੋਂ ਉਹਦੇ ਬਾਰੇ ਕੀਤੀ ਟਿੱਪਣੀ ਵਗੈਰਾ ਸੁਣਨ ਆਇਆ ਸੀ।'
ਇਸੇ ਕਰਕੇ ਗੱਲਬਾਤ ਕਰਦਿਆਂ ਗੁਰਮੀਤ ਨੇ ਬੜੇ ਹੀ ਸੰਜਮ ਤੋਂ ਕੰਮ ਲਿਆ ਸੀ। ਉਸਨੂੰ ਤਾਂ ਇਸ ਗੱਲ ਦਾ ਡਰ ਸੀ ਕਿ ਕਿਤੇ ਹਾਸੇ ਹਾਸੇ 'ਚ ਹੀ ਨਾ ਏਧਰ-ਓਧਰ ਦੀ ਗੱਲਬਤ ਮੂੰਹੋਂ ਨਿਕਲ ਜਾਵੇ।
ਖ਼ਾਮੋਸ਼ੀ ਨੂੰ ਤੋੜਦਿਆਂ ਸੁਖਵੰਤ ਬੋਲਿਆ ਸੀ, ''ਗੱਲ ਇਉਂ ਐਂ ਯਾਰ! ਬਈ ਪਤਾ ਨ੍ਹੀਂ  ਤੂੰ ਵੀ ਮੇਰੇ ਬਾਰੇ ਕੀ ਕੀ ਸੋਚਦਾ ਹੋਵੇਂਗਾ। ਬਈ ਕਿਵੇਂ ਅਨਪੜ੍ਹਾਂ ਵਾਂਗੂੰ ਪਿੱਛਾ ਕਰਦਾ ਫ਼ਿਰਦਾ। ਹੁਣ ਮੈਂ ਕਿਹੜਾ ਜਾਣਦਾ 'ਨ੍ਹੀਂ-ਪਰ ਫ਼ੇਰ ਵੀ ਯਾਰ ਕੀ ਪਤਾ ਲੱਗਦੈ... ਮੈਂ ਆਖਿਆ ਮਿੱਤਰ ਕੋਲ ਚਲਦੇ ਆਂ... ਤੈਨੂੰ ਤਾਂ ਗੱਲ ਦਾ ਇਲਮ ਐ... ਸੋਚਦਾ ਹਾਂ ਜੇ ਕੋਈ ਉੱਨੀ ਇੱਕੀ ਦਾ ਫ਼ਰਕ ਹੋਇਆ... ਤੂੰ ਹੀ ਕਹਾਣੀ ਸਿਰੇ ਲਾ ਸਕਦੈਂ।''
ਗੁਰਮੀਤ ਸਹਿਜ ਮਤੇ ਬੋਲਿਆ ਸੀ, ''ਦੇਖ ਇਹ ਬੜੀ ਵਧੀਆ ਗੱਲ ਹੈ ਕਿ ਤੁਸੀਂ ਇਕ ਦੂਜੇ ਨੂੰ ਜਾਣਦੇ ਓ....ਤੈਨੂੰ ਪਤਾ ਹੀ ਹੈ ਉਹ ਹੈ ਖੁੱਲ੍ਹੇ-ਡੁੱਲੇ ਸੁਭਾਅ ਵਾਲੀ......ਅਗਾਂਹਵਧੂ ਵਿਚਾਰਾਂ ਵਾਲੀ.....ਪਿਛਾਂਹਖਿੱਚੂ ਇਹਨੂੰ ਕੁਝ ਵੀ ਸਮਝ ਲਵੇ....ਬਾਕੀ ਬੱਚਾ ਜਿਹੋ ਜਿਹਾ ਮਾਹੌਲ 'ਚ ਪਲਿਆ ਹੁੰਦੈ, ਉਹੋ ਜਿਹਾ ਹੀ ਰਹਿਣ ਸਹਿਣ ਬੋਲਣ ਚੱਲਣ ਬਣ ਜਾਂਦੈ। ਇਹ ਪੜ੍ਹੇ ਲਿਖੇ ਅਗਾਂਹਵਧੂ ਪਰਿਵਾਰ ਦੀ ਲੜਕੀ ਹੈ...ਬਾਕੀ ਜੇ ਕੋਈ ਐਵੇਂ ਹੀ ਊਟ ਪਟਾਂਗ ਸੋਚੀ ਜਾਵੇ, ਪਿਆ ਸੋਚੀ ਜਾਵੇ....ਦੁਨੀਆ ਸੌ ਤਰ੍ਹਾਂ ਦੀ ਹੈ,..ਜਿੰਨੇ ਮੂੰਹ ਓਹਨੀਆਂ ਗੱਲਾਂ.....ਕੌਨਫੀਡੈਂਸ ਵਾਲੀ ਕੁੜੀ ਐ...ਬੰਦਿਆਂ ਵਰਗਾ ਜ਼ੇਰਾ...ਮੈਂ ਤਾਂ ਕਹਿਣਾ ਵੀਰ ਜੇ ਠੀਕ ਲੱਗਦੈ ਫੇਰ ਪਾਧਾ ਨਾਂ ਪੁੱਛ..ਚਿੰਤਾ ਨਾ ਕਰ ਕਿਸੇ ਗੱਲ ਦੀ....''
'ਪਰ ਕਿਰਨ ਨੂੰ ਕਿਸ ਚਿੰਤਾ ਨੇ ਘੇਰ ਰੱਖਿਆ ਸੀ?'
....ਗੁਰਮੀਤ ਨੂੰ ਤਾਂ ਫਿਲਹਾਲ ਇਹੀ ਚਿੰਤਾ ਖਾਈ ਜਾ ਰਹੀ ਸੀ। ਅੱਜ ਪੰਦਰਾਂ ਦਿਨ ਹੋ ਗਏ ਸਨ, ਸੁਖਵੰਤ ਕੰਨੀਓਂ ਕੋਈ ਹਾਂ-ਨਾ ਦਾ ਸੁਨੇਹਾ ਨਹੀਂ ਸੀ। ਗੁਰਮੀਤ ਨੇ ਸੁਖਵੰਤ ਤੋਂ ਤੇ ਕਿਰਨ ਤੋਂ ਕੁਝ ਵੀ ਪੁੱਛਣ ਦੀ ਜ਼ਰੂਰਤ ਨਹੀਂ ਸੀਸ ਸਮਝੀ।
ਜਿਥੋਂ ਤਕ ਗੁਰਮੀਤ ਨੂੰ ਯਾਦ ਹੈ ਉਸ ਨੇ ਤਾਂ ਕੋਈ ਵਾਧੂ-ਘਾਟੂ ਗੱਲ ਕੀਤੀ ਵੀ ਨਹੀਂ ਸੀ। ਇਹ ਸੋਚਦਿਆਂ ਉਹ ਸਾਰੀ ਹੋਈ ਗੱਲਬਾਤ ਨੂੰ ਵਾਰ-ਵਾਰ ਉਧੇੜਦਾ। ਪਰ ਉਸਨੂੰ ਤਾਂ ਚਿੰਤਾ ਇਸ ਗੱਲ ਦੀ ਸੀ ਕਿ ਖਬਰੇ ਕਿਸੇ ਨੇ ਐਵੇਂ ਹੀ ਨਾ ਮੂੰਹ ਹਿਲਾ ਦਿੱਤਾ ਹੋਵੇ। ਲੋਕਾਂ ਦੀ ਕਿਹੜਾ ਜ਼ੁਬਾਨ ਫੜ ਲੈਣੀ ਐ.... ਉਸਦੇ ਅੰਦਰੋਂ ਫਿਰ ਸਵਾਲ ਉੱਠਿਆ...ਸੁਖਵੰਤ, ਉਸੇ ਨੂੰ ਹੀ ਕਿਉਂ ਪੁੱਛਣ ਆਇਆ ਸੀ?
ਗੁਰਮੀਤ ਨੂੰ ਡਰ ਸੀ ਕਿ ਕਿਤੇ ਉਸਨੂੰ ਉਨ੍ਹਾਂ ਦੀ ਗੁੱਝੀ ਸਾਂਝ ਬਾਰੇ ਇਲਮ ਨਾ ਹੋਵੇ।
'ਪਰ ਉਸਨੇ ਤਾਂ ਹੋਰਾਂ ਮੁੰਡਿਆਂ ਵਾਂਗ ਮਜ਼ਾਕ-ਮਜ਼ਾਕ 'ਚ ਵੀ ਕੁਝ ਨਹੀਂ ਸੀ ਪੁੱਛਿਆ...ਮੈਂ ਤਾਂ ਐਵੇਂ ਹੀ ਆਪਣੇ ਪਾਲੇ ਤੋਂ ਡਰੀ ਜਾਨਾਂ ਆਖੇ ਚੋਰ ਦੀ ਮਾਂ ਕੋਠੀ 'ਚ ਮੂੰਹ....ਸੁਖਵੰਤ ਆਖਰ ਸਮਝਦਾਰ ਹੈ... ਜੇ ਐਨਾ ਹੀ ਕੱਚਾ ਹੁੰਦਾ ਤਾਂ ਕਿਰਨ ਨਾਲ ਗੱਲ ਹੀ ਨਹੀਂ ਸੀ ਤੋਰਨੀ, ਉਹ ਮਨ ਨੂੰ ਧਰਵਾਸ ਦਿੰਦਾ। ਪਰ ਉਸਦਾ ਧਰਵਾਸ ਛੇਤੀ ਹੀ ਤਿੜਕ ਗਿਆ। ਅੰਤਰ ਆਤਮਾ ਹਲੂਣਨ ਲੱਗੀ...ਆਖਰ ਕਿਹੋ ਜਿਹਾ ਆਦਮੀ ਹੈ ਤੂੰ? ਕਾਹਦੀ ਦੋਸਤੀ ਹੈ ਤੇਰੀ...ਸਾਰਾ ਸਮਾਂ ਐਵੇਂ ਇਧਰ-ਓਧਰ ਦੀਆਂ ਸੋਚਦਿਆਂ ਲੰਘਾ ਦਿੱਤਾ... ਕੀ ਏਨਾ ਕੁ ਹੀ ਲਗਾਉ ਸੀ ਤੇਰਾ ਉਸ ਨਾਲ....ਕੀ ਤੇਰਾ ਫਰਜ਼ ਨ੍ਹੀਂ ਸੀ ਬਣਦਾ ਕਿ ਤੂੰ ਕੋਲ ਜਾ ਕੇ ਦੁੱਖ ਪੁੱਛੇਂ?...ਤੈਨੂੰ ਡਰ ਕਿਸ ਗੱਲ ਦਾ ਹੈ?...ਕੀ ਕਦੇ ਪਹਿਲਾਂ ਨਹੀਂ ਕਿਰਨ ਦੇ ਨਜ਼ਦੀਕ ਹੋ ਕੇ ਗੱਲ ਕੀਤੀ? ਲਾਹਨਤ ਹੈ ਤੇਰੀ ਅਜਿਹੀ ਦੋਸਤੀ 'ਤੇ...ਕੀ ਸੋਚਦੀ ਹੋਵੇਗੀ ਉਹ ਕਿ ਜਿਸ ਨੂੰ ਨੇੜੇ ਲਾਇਆ ਸੀ ਉਹ ਵੀ ਦੁੱਖ ਸਾਂਝਾ ਨਹੀਂ ਕਰਦਾ।
ਸੋਚਦਿਆਂ ਉਹ ਕੁਰਸੀ ਤੋਂ ਉੱਠ ਖੜ੍ਹਾ ਹੋਇਆ। ਉਸਨੇ ਦੇਖਿਆ ਕਮਰਿਆਂ ਤੋਂ ਦੂਰ ਕਿਰਨਦੀਪ ਪਾਰਕ ਵਿਚ ਇਕ ਨਿੰਮ ਦੇ ਦਰੱਖਤ ਹੇਠ ਕੁਰਸੀ 'ਤੇ ਬੈਠੀ ਹੈ। ਧੜਕਦੇ ਦਿਲ ਨਾਲ ਉਹ ਉਧਰੇ ਨੂੰ ਹੀ ਹੋ ਤੁਰਿਆ।
ਗੁਰਮੀਤ ਨੂੰ ਆਪਣੇ ਵੱਲ ਆਉਂਦਿਆਂ ਦੇਖ ਉਹ ਸੰਭਲੀ।
ਉਹ ਕੋਲ ਹੀ ਪਈ ਇਕ ਖਾਲੀ ਕੁਰਸੀ 'ਤੇ ਬੈਠ ਗਿਆ।
ਉਨ੍ਹਾਂ ਦੇ ਨੇੜੇ-ਤੇੜੇ ਨਾ ਕੋਈ ਅਧਿਆਪਕ ਤੇ ਨਾ ਹੀ ਵਿਦਿਆਰਥੀ ਸੀ। ਇਹ ਅੜਤਲਾ ਹੀ ਅਜਿਹਾ ਸੀ। ਇੱਥੋਂ ਬੈਠੇ ਉਹ ਦੂਰੋਂ ਹੀ ਹਰੀ ਕਚਾਰ ਵੇਲ ਦੀ ਵਾੜ ਉਪਰ ਦੀ ਕਿਸੇ ਨੂੰ ਦੇਖ ਸਕਦੇ ਸਨ। ਪਰ ਉਨ੍ਹਾਂ 'ਚ ਚੱਲਦੀ ਗੱਲਬਾਤ ਦਾ ਪਤਾ ਨਹੀਂ ਸੀ ਚੱਲਦਾ।
ਗੁਰਮੀਤ ਬੋਲਿਆ, ''ਕੀ ਗੱਲ ਜਨਾਬ ਬੜੇ ਉਦਾਸ ਹੋ, ਉਂਝ ਤਾਂ ਸੁੱਖ ਸਾਂਦ ਹੈ?'' ਗੱਲ ਸੁਣ ਕੇ ਉਹ ਕੁਝ ਨਾ ਬੋਲੀ, ਬਸ ਇਕ ਨਜ਼ਰ ਗੁਰਮੀਤ ਵੱਲ ਝਾਕੀ।
ਫਿਰ ਹੱਥਲੀਆਂ ਕਿਤਾਬਾਂ ਹੇਠ ਉਤੇ ਕਰਦੀ ਬੋਲੀ, ''ਕਈ ਸੁੱਖਾਂ ਸਾਂਦਾਂ ਵੀ ਅਜਿਹੀਆਂ ਹੁੰਦੀਆਂ ਹਨ ਕਿ ਬੰਦੇ ਨੂੰ ਉਦਾਸ ਕਰ ਜਾਂਦੀਆਂ ਨੇ?'' ਕਿਰਨ ਦੀ ਗੱਲ ਸੁਣਦਿਆਂ ਗੁਰਮੀਤ ਸੁੰਨ ਜਿਹਾ ਹੋ ਗਿਆ। ਉਸਨੂੰ ਲੱਗਿਆ ਕਿ ਹੁਣ ਸਮਾਂ ਮਜ਼ਾਕ ਵਾਲਾ ਨਹੀਂ। ਉਹ ਆਪਣੀ ਗੱਲ ਕਰਨ ਦੇ ਅੰਦਾਜ਼ ਬਾਰੇ ਪਛਤਾਇਆ।
ਉਹ ਉਸ ਵੱਲ ਦੇਖਦਾ ਹੀ ਰਿਹਾ ਪਰ ਮੁਖੋਂ ਕੁਝ ਨਾ ਬੋਲਿਆ।
ਕਿਰਨ ਨੇ ਇਕ ਠੰਡਾ ਹਉਕਾ ਭਰਿਆ ਤੇ ਬੋਲੀ, ''ਜਦੋਂ ਤੁਹਾਡੇ ਵਰਗੇ ਦੋਸਤਾਂ ਨਾਲ ਵਾਹ ਪਿਆ ਹੋਵੇ... ਭਲਾ ਫੇਰ ਘਬਰਾਉਣ ਦੀ ਕੀ ਲੋੜ ਐ....''
'ਅੱਛਿਆ ਐਨਾ ਵਿਸ਼ਵਾਸ ਹੈ ਨਾਚੀਜ਼ ਦੀ ਦੋਸਤੀ 'ਤੇ?''
''ਦੋਸਤੀ ਵਿਸ਼ਵਾਸ ਦੇ ਸਿਰ 'ਤੇ ਹੀ ਹੁੰਦੀ ਹੈ...ਜੇ ਵਿਸ਼ਵਾਸ ਸੀ ਤਦੇ ਹੀ ਤਾਂ ਹੱਥ ਮਿਲਾਇਆ ਸੀ, ਨਹੀਂ ਭਲਾ ਕੋਈ ਇਸ ਤਰ੍ਹਾਂ ਸਾਂਝ ਬਣਾਉਂਦਾ ਹੈ?''
ਗੁਰਮੀਤ ਨੂੰ ਉਸਦੇ ਬੋਲਾਂ ਨੇ ਸ਼ਾਂਤੀ ਦਿੱਤੀ ਸੀ। ਮਨ ਨੂੰ ਸਕੂਨ ਜਿਹਾ ਮਿਲਿਆ ਸੀ। ਧਰਵਾਸ ਫਿਰ ਤਕੜਾ ਹੋਇਆ ਸੀ। ਉਸਦਾ ਉਸਦੀ ਦੋਸਤੀ ਅੱਗੇ ਸਿਰ ਝੁਕ ਗਿਆ ਸੀ। ਉਹ ਸੋਚਦਾ ਸੀ ਜੇ ਵਿਸ਼ਵਾਸ ਵੱਡਾ ਹੋਵੇ ਤਾਂ ਸ਼ੱਕ ਨਹੀਂ ਪੈਦਾ ਹੁੰਦਾ।
ਭਾਵੇਂ ਗੁਰਮੀਤ ਨੇ ਅਜੇ ਤੱਕ ਸੁਖਵੰਤ ਨਾਲ ਹੋਈ ਗੱਲਬਾਤ ਦਾ ਜਾਣਬੁੱਝ ਕੇ ਜ਼ਿਕਰ ਨਹੀਂ ਸੀ ਕੀਤਾ ਪਰ ਫਿਰ ਵੀ ਉਸਦੀ ਆਮਦ ਦਾ ਪਤਾ ਲੱਗ ਹੀ ਗਿਆ ਸੀ ਤਦੇ ਹੀ ਤਾਂ ਉਹ ਇਸ ਮੁਲਾਕਾਤ ਨੂੰ ਕੁਰੇਦਣਾ ਚਾਹੁੰਦੀ ਸੀ।
ਉਹ ਮਜ਼ਾਕੀਆ ਲਹਿਜ਼ੇ 'ਚ ਬੋਲੀ, ''ਕੀ ਪੜਤਾਲ ਕੀਤੀ ਫਿਰ ਤੁਹਾਡੇ ਮਿੱਤਰ ਸੁਖਵੰਤ ਨੇ ਮੇਰੇ ਬਾਰੇ?''
ਉਸਦਾ ਲਹਿਜ਼ਾ ਤਿੱਖਾ ਸੀ। ਗੁਰਮੀਤ ਨੀਵੀਂ ਪਾਈ ਬੈਠਾ ਰਿਹਾ।
ਇਕ ਪਲ ਤਾਂ ਉਸ ਨੂੰ ਇੰਝ ਲੱਗਿਆ ਜਿਵੇਂ ਉਹ ਸਮੁੱਚੀ ਮਰਦ ਜਾਤ 'ਤੇ ਹੀ ਵਿਅੰਗ ਕੱਸ ਰਹੀ ਹੋਵੇ।
ਉਹ ਸੋਚੀਂ ਪੈ ਗਿਆ, ''ਕੀ ਸੁਖਵੰਤ ਦੀ ਆਮਦ ਬਾਰੇ ਨਾ ਦੱਸਣ ਕਰਕੇ ਮੇਰੇ ਨਾਲ ਨਾਰਾਜ਼ ਤਾਂ ਨ੍ਹੀਂ?'
ਕਿਰਨ ਨੇ ਇਕ ਤਿੱਖਾ ਤੀਰ ਹੋਰ ਦਾਗਿਆ, ''ਇਸ ਸਮਾਜ ਵਿਚ ਮਰਦ ਹੀ ਭਲਾ ਕਿਉਂ ਲੜਕੀਆਂ ਦੀ ਏਨੀ ਪੁੱਛ ਪੜਤਾਲ ਕਰਦੇ ਹਨ? ਲੜਕੀਆਂ ਨੂੰ ਇਹ ਅਧਿਕਾਰ ਕਿਉਂ ਨਹੀਂ?''
''ਤੁਸੀਂ ਵੀ ਕਰ ਲਓ ਪੜਤਾਲ?''
''ਅਸੀਂ ਕੀ ਕਰਨੀ ਐ, ਸਾਡਾ ਤਾਂ ਚਿੜੀਆਂ ਦਾ ਚੰਬਾ ਵੇ....'' ਉਸ ਨੇ ਹੱਥ ਨੂੰ ਹਵਾ ਵਿਚ ਘੁੰਮਾਇਆ।
''ਇਕ ਗਲ ਦੱਸ ਕਿਰਨ... ਕੀ ਮੇਰੇ ਨਾਲ ਕੋਈ ਨਾਰਾਜ਼ਗੀ ਐ...ਕੋਈ ਮੈਥੋਂ ਤਾਂ ਨ੍ਹੀਂ ਤੇਰੀ ਸ਼ਾਨ ਦੇ ਖਿਲਾਫ ਸ਼ਬਦ ਨਿਕਲ ਗਿਆ... ਅੱਜ ਤੈਨੂੰ ਉਦਾਸ ਦੇਖ ਕੇ ਮੇਰਾ ਚਿੱਤ ਬਹੁਤ ਉਦਾਸ ਐ...।''
ਉਸ ਨੇ ਚਿਹਰਾ ਘੁੰਮਾਇਆ ਤੇ ਫਿਰ ਗੁਰਮੀਤ ਨਾਲ ਨਜ਼ਰਾਂ ਮਿਲਾਈਆਂ ਪਰ ਬੋਲੀ ਕੁਝ ਨਾ। ਉਸ ਦੀ ਖਾਮੋਸ਼ੀ ਬਹੁਤ ਕੁਝ ਆਖ ਰਹੀ ਸੀ।
ਉਸ ਦੇ ਨੈਣਾਂ ਵਿਚ ਪਾਣੀ ਉਤਰ ਆਇਆ ਸੀ।
ਚੁੱਪ ਤੋੜਦਿਆਂ ਗੁਰਮੀਤ ਉਸ ਦੀ ਆਖੀ ਗੱਲ ਵਲ  ਆਇਆ, ''ਕਿਰਨ ਤੈਨੂੰ ਸਾਰੀ ਗੱਲ ਦਾ ਪਤੈ ਤੇ ਤੂੰ ਆਪ ਸਿਆਣੀ ਐ... ਸੁਖਵੰਤ ਆਇਆ ਤਾਂ ਸੀ ਪਰ ਆਹ ਜਿਹੜੀ ਤੂੰ ਪੜਤਾਲ ਵਾਲੀ ਗੱਲ ਕੀਤੀ ਐ... ਅਜਿਹੀ ਕੋਈ ਗੱਲ ਨਹੀਂ... ਤੂੰ ਕਿਹੜਾ ਭੁੱਲੀਂ ਐਂ ਸੁਖਵੰਤ ਬਾਰੇ... ਸੁਖਵੰਤ ਆਮ ਮੁੰੁਡਿਆਂ ਵਰਗਾ ਮੁੰਡਾ ਨਹੀਂ... ਸ਼ਾਇਦ ਤੈਨੂੰ ਉਹਦੀ ਆਮਦ ਬਾਰੇ ਕੋਈ ਭੁਲੇਖਾ ਹੋਵੇ... ਉਹ ਕੋਈ ਪੜਤਾਲ ਕਰਨ ਨਹੀਂ ਸਗੋਂ ਇਹ ਚਿੰਤਾ ਮਨ ਵਿਚ ਲੈ ਕੇ ਆਇਆ ਸੀ ਕਿ ਕੀ ਕਿਰਨ ਮੈਨੂੰ ਹਾਂ ਵੀ ਕਰ ਦੇਵੇਗੀ?''
''ਤਾਂ ਤੁਹਾਡੇ ਕੋਲੋਂ ਸਿਫਾਰਸ਼ ਕਰਾਉਣ ਆਇਆ ਸੀ?''
''ਜਿਮੇਂ ਮਰਜ਼ੀ ਸਮਝ ਲਓ ਮਹਾਰਾਜ... ਬਾਕੀ ਠੀਕ ਹੈ। ਉਹ ਸ਼ਕਲ ਸੂਰਤ ਪੱਖੋਂ ਤੇਰੇ ਮਾਪ ਤਾਂ ਨਹੀਂ ਪਰ ਕਿਰਨ ਜ਼ਿੰਦਗੀ ਸ਼ਕਲਾਂ ਨਾਲ ਨਹੀਂ ਅਕਲਾਂ ਨਾਲ ਚਲਦੀ ਐ... ਜੇ ਇਹ ਘਟੀਆ ਵਿਚਾਰਾਂ ਦਾ ਮੁੰਡਾ ਹੁੰਦਾ ਛੇਤੀ ਤਾਂ ਮੈਂ ਵੀ ਮੂੰਹ ਨਹੀਂ ਸੀ ਲਾਉਣਾ...''
''ਨਹੀਂ ਇਹੀ ਜਿਹੀ ਤਾਂ ਕੋਈ ਗੱਲ ਨਹੀਂ... ਮੈਂ ਤਾਂ ਬਸ ਐਵੇਂ ਮਜ਼ਾਕ ਕਰਨ ਲੱਗ ਪਈ ਆਂ... ਦਰਅਸਲ ਮੈਂ ਤਾਂ ਤੁਹਾਡਾ ਧੰਨਵਾਦ ਕਰਦੀ ਹਾਂ... ਮੈਨੂੰ ਤੁਹਾਡੇ ਤੋਂ ਇਹੀ ਆਸ ਸੀ... ਮੈਨੂੰ ਤਾਂ ਸਭ ਪਤਾ ਲੱਗ ਗਿਆ, ਜੋ ਤੁਸੀਂ ਮੇਰੀ ਸ਼ਖਸੀਅਤ ਬਾਰੇ ਕਿਹੈ... ਸ਼ਾਇਦ ਵਧ ਹੀ ਤਾਰੀਫ ਕਰ ਦਿੱਤੀ...''
ਬੋਲਦੀ-ਬੋਲਦੀ ਉਹ ਰੁਕੀ। ਸ਼ਾਇਦ ਸ਼ਬਦ ਉਸਦਾ ਸਾਥ ਨਹੀਂ ਸਨ ਦੇ ਰਹੇ।
ਕੁਝ ਪਲ ਦੋਵਾਂ ਵਿਚਕਾਰ ਚੁੱਪ ਪਸਰੀ ਰਹੀ।
ਫਿਰ ਰੁਮਾਲ ਨਾਲ ਝੱਟ ਦੇਣੇ ਅੱਖਾਂ ਸਾਫ ਕਰਕੇ ਬੋਲੀ, ''ਉਹ ਕਲ ਆਏ ਸਨ... ਚਾਰ ਕੁ ਜਣੇ... ਮੈਨੂੰ ਸ਼ਗਨ ਪਾ ਗਏ ਨੇ... ਤੁਹਾਡਾ ਬਹੁਤ ਬਹੁਤ ਸ਼ੁਕਰੀਆ... '' ਕਹਿ ਕੇ ਉਹ ਇਕ ਦਮ ਖੜ੍ਹੀ ਹੋਈ ਤੇ ਮਿਲਾਉਣ ਲਈ ਸੱਜਾ ਹੱਥ ਗੁਰਮੀਤ ਵਲ ਵਧਾਇਆ।
ਜਿਉਂ ਹੀ ਗੁਰਮੀਤ ਨੇ ਆਪਣਾ ਹੱਥ ਵਧਾਇਆ ਤਾਂ ਕਿਰਨਦੀਪ ਨੇ ਹੱਥ ਫੜ ਕੇ ਗੁਰਮੀਤ ਦੀ ਦਿੱਤੀ ਹੋਈ ਅੰਗੂਠੀ ਆਪਣੀ ਉਂਗਲ 'ਚੋਂ ਉਤਾਰ ਕੇ ਮੁੜ ਉਸਦੀ ਚੀਚੀ 'ਚ ਪਾ ਦਿੱਤੀ।