Thursday, June 28, 2012

ਪੰਜਾਬੀ ਕਹਾਣੀ - ਅਨਮੋਲ ਤੋਹਫਾ

ਅਗਲੇ ਦਿਨ ਰਾਜੇ ਨੇ ਕਿਸਾਨ ਦੀ ਪਤਨੀ ਅਤੇ ਬੱਚਿਆਂ ਨੂੰ ਮਹੱਲ ਬੁਲਾਉਣ ਲਈ ਸ਼ਾਹੀ ਸਵਾਰੀ ਕਿਸਾਨ ਦੇ ਘਰ ਭੇਜ ਦਿੱਤੀ। ਕੁਝ ਹੀ ਦੇਰ 'ਚ ਸ਼ਾਹੀ ਸਵਾਰੀ 'ਚ ਕਿਸਾਨ ਦੀ ਪਤਨੀ ਅਤੇ ਬੱਚੇ ਮਹੱਲ 'ਚ ਦਾਖਲ ਹੋ ਗਏ। ਰਾਜੇ ਨੇ ਖੁਦ ਕਿਸਾਨ ਦੀ ਪਤਨੀ ਦਾ ਮਹੱਲ ਦੇ ਦਰਵਾਜ਼ੇ 'ਤੇ ਪਹੁੰਚ ਕੇ ਸਵਾਗਤ ਕੀਤਾ। 
ਖੁਸ਼ਹਾਲ ਨਗਰ ਦੇ ਨਿਵਾਸੀ ਸੱਚਮੁਚ ਖੁਸ਼ਹਾਲ ਸਨ। ਇਥੋਂ ਦਾ ਰਾਜਾ ਆਪਣੀ ਪਰਜਾ ਦਾ ਬਹੁਤ ਧਿਆਨ ਰੱਖਦਾ ਸੀ। ਅਕਸਰ ਕਈ-ਕਈ ਰਾਤਾਂ ਉਹ ਇਸੇ ਚਿੰਤਾ 'ਚ ਜਾਗ ਕੇ ਲੰਘਾ ਦਿੰਦਾ ਸੀ ਕਿ ਉਸ ਦੇ ਸ਼ਾਸਨ 'ਚ ਪਰਜਾ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ। 
ਖੁਸ਼ਹਾਲ ਨਗਰ 'ਚ ਕੋਈ ਵਿਅਕਤੀ ਆਪਣੇ ਘਰ 'ਚ ਤਾਲੇ ਨਹੀਂ ਲਗਾਉਂਦਾ ਸੀ। ਲੋਕ ਇਕ-ਦੂਜੇ ਦੇ ਸੁੱਖ-ਦੁੱਖ 'ਚ ਬਰਾਬਰ ਸ਼ਰੀਕ ਰਹਿੰਦੇ ਸਨ। ਇਕ ਵਾਰ ਦੀ ਗੱਲ ਹੈ ਰਾਜਾ ਜੰਗਲ 'ਚ ਸ਼ਿਕਾਰ ਖੇਡਣ ਗਿਆ। ਜੰਗਲ 'ਚ ਭਟਕਦੇ-ਭਟਕਦੇ ਸਵੇਰ ਤੋਂ ਸ਼ਾਮ ਹੋ ਗਈ ਪਰ ਉਸ ਨੂੰ ਕੋਈ ਜਾਨਵਰ ਨਹੀਂ ਮਿਲਿਆ। ਅਚਾਨਕ ਦੂਰ ਝਾੜੀ 'ਚ ਉਸ ਨੂੰ ਇਕ ਹਿਰਨ ਨਜ਼ਰ ਆਇਆ। ਰਾਜੇ ਨੇ ਉਸ ਵੱਲ ਆਪਣਾ ਘੋੜਾ ਦੌੜਾ ਦਿੱਤਾ।
ਕੁਝ ਦੂਰੀ 'ਤੇ ਰੁਕ ਕੇ ਰਾਜੇ ਨੇ ਹਿਰਨ ਨੂੰ ਨਿਸ਼ਾਨਾ ਬਣਾ ਕੇ ਤੀਰ ਚਲਾਇਆ। ਰਾਜੇ ਦਾ ਖੜਾਕ ਸੁਣ ਕੇ ਹਿਰਨ ਦੌੜ ਗਿਆ। ਉਦੋਂ ਇਕ ਦਰਦ ਭਰੀ ਚੀਕ ਝਾੜੀ ਪਿੱਛਿਓਂ ਵਾਤਾਵਰਣ 'ਚ ਗੂੰਜ ਉੱਠੀ। ਰਾਜਾ ਕਿਸੇ ਅਣਹੋਣੀ ਦੇ ਡਰ ਨਾਲ ਕੰਬ ਗਿਆ। ਘੋੜੇ ਤੋਂ ਉਤਰ ਕੇ ਰਾਜਾ ਤੁਰੰਤ ਝਾੜੀ ਦੇ ਪਿੱਛੇ ਗਿਆ। ਰਾਜੇ ਨੇ ਦੇਖਿਆ ਕਿ ਇਕ ਕਿਸਾਨ ਜ਼ਮੀਨ 'ਤੇ ਪਿਆ ਤੜਫ ਰਿਹਾ ਸੀ। ਰਾਜੇ ਦਾ ਛੱਡਿਆ ਤੀਰ ਖੇਤ ਜੋਤ ਰਹੇ ਉਸ ਕਿਸਾਨ ਦੀ ਛਾਤੀ 'ਚ ਜਾ ਲੱਗਾ ਸੀ।
ਰਾਜੇ ਨੂੰ ਆਪਣੇ ਸਾਹਮਣੇ ਦੇਖ ਕਿਸਾਨ ਹੈਰਾਨ ਰਹਿ ਗਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲ ਸਕਦਾ, ਰਾਜੇ ਨੇ ਕਿਸਾਨ ਦੇ ਪੈਰ ਫੜ ਲਏ ਅਤੇ ਕਹਿਣ ਲੱਗਾ, ''ਭਰਾਵਾ ਮੈਨੂੰ ਮੁਆਫ ਕਰ ਦੇ। ਤੇਰਾ ਦੋਸ਼ੀ ਮੈਂ ਹਾਂ। ਮੇਰੇ ਵਲੋਂ ਚਲਾਇਆ ਗਿਆ ਤੀਰ ਤੇਰੀ ਛਾਤੀ 'ਚ ਲੱਗਾ ਹੈ।''
ਰਾਜੇ ਦੇ ਇਸ ਵਤੀਰੇ ਤੋਂ ਕਿਸਾਨ ਹੈਰਾਨ ਰਹਿ ਗਿਆ। ਉਹ ਆਪਣਾ ਸਾਰਾ ਦਰਦ ਭੁੱਲ ਕੇ ਤੁਰੰਤ ਉੱਠ ਕੇ ਬੈਠ ਗਿਆ ਅਤੇ ਰਾਜੇ ਨੂੰ ਹੱਥ ਜੋੜ ਕੇ ਕਹਿਣ ਲੱਗਾ, ''ਮਹਾਰਾਜ, ਤੁਸੀਂ ਮੈਥੋਂ ਮੁਆਫੀ ਨਾ ਮੰਗੋ। ਤੁਸੀਂ ਸਾਡੇ ਅੰਨਦਾਤਾ ਹੋ। ਇਸ ਸਰੀਰ 'ਚ ਖੂਨ ਦੀ ਇਕ-ਇਕ ਬੂੰਦ ਤੁਹਾਡੀ ਹੀ ਹੈ। ਇਹ ਜਾਨ ਅਤੇ ਇਹ ਪੂਰਾ ਸਰੀਰ ਤੁਹਾਡਾ ਹੈ। ਤੁਹਾਡੇ ਵਰਗਾ ਰਾਜਾ ਪੂਰੀ ਦੁਨੀਆ 'ਚ ਨਹੀਂ, ਤੁਸੀਂ ਕਿਉਂ ਸ਼ਰਮਿੰਦਾ ਹੋ ਰਹੇ ਹੋ। ਮੈਂ ਤੁਹਾਨੂੰ ਤੁਹਾਡੇ ਇਸ ਗੁਨਾਹ ਲਈ ਮੁਆਫ ਕੀਤਾ, ਪਰ...'' ਕਹਿੰਦੇ-ਕਹਿੰਦੇ ਕਿਸਾਨ ਰੁਕ ਗਿਆ।
ਰਾਜੇ ਨੇ ਕਿਹਾ, ''ਦੱਸੋ, ਰੁਕੋ ਨਾ ਅਸੀਂ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਾਂਗੇ।''
''ਮਹਾਰਾਜ, ਮੈਨੂੰ ਆਪਣੀ ਮੌਤ ਦਾ ਜ਼ਰਾ ਵੀ ਅਫਸੋਸ ਨਹੀਂ ਪਰ ਆਪਣੀ ਪਤਨੀ ਦੀ ਚਿੰਤਾ ਵਧੇਰੇ ਹੈ। ਮੇਰੀ ਮੌਤ ਪਿੱਛੋਂ ਉਸ ਦਾ ਕੀ ਹੋਵੇਗਾ।''
''ਅਸੀਂ ਤੁਹਾਡੀ ਪਤਨੀ ਅਤੇ ਤੁਹਾਡੇ ਬੱਚਿਆਂ ਦਾ ਪੂਰਾ ਧਿਆਨ ਰੱਖਾਂਗੇ, ਤੁਸੀਂ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਾ ਕਰੋ।''
''ਨਹੀਂ-ਨਹੀਂ ਮਹਾਰਾਜ, ਤੁਸੀਂ ਅਜੇ ਕੁਝ ਨਹੀਂ ਜਾਣਦੇ।''
ਕਿਸਾਨ ਤੇ ਰਾਜੇ ਵਿਚਾਲੇ ਅਜੇ ਗੱਲਾਂ ਚੱਲ ਹੀ ਰਹੀਆਂ ਸਨ ਕਿ ਨਾਲ ਦੇ ਖੇਤਾਂ 'ਚ ਕੰਮ ਕਰ ਰਹੇ ਕਿਸਾਨ ਚੀਕ ਸੁਣ ਕੇ ਉਥੇ ਆ ਪਹੁੰਚੇ। ਰੋਂਦੀ-ਕੁਰਲਾਉਂਦੀ ਕਿਸਾਨ ਦੀ ਪਤਨੀ ਅਤੇ ਦੋ ਛੋਟੇ-ਛੋਟੇ ਬੱਚਿਆਂ ਨੇ ਆ ਕੇ ਉਥੋਂ ਦਾ ਵਾਤਾਵਰਣ ਹੋਰ ਗਮਗੀਨ ਕਰ ਦਿੱਤਾ।
ਕਿਸਾਨ ਦੀ ਪਤਨੀ ਕਿਸਾਨ ਦੇ ਪੈਰ ਫੜ ਕੇ ਰੋ-ਰੋ ਕੇ ਕਹਿਣ ਲੱਗੀ, ''ਤੁਹਾਡੇ ਤੋਂ ਬਾਅਦ ਮੇਰਾ ਕੀ ਹੋਵੇਗਾ। ਮੇਰੀ ਜ਼ਿੰਦਗੀ ਬੇਕਾਰ ਹੈ। ਮਹਾਰਾਜ, ਇਕ ਤੀਰ ਮੇਰੀ ਛਾਤੀ 'ਚ ਵੀ ਮਾਰ ਦਿਓ। ਮੈਂ ਇਨ੍ਹਾਂ ਤੋਂ ਬਿਨਾਂ ਨਹੀਂ ਜਿਊਣਾ।'' ਕਿਸਾਨ ਦੀ ਪਤਨੀ ਨੇ ਰਾਜੇ ਨੂੰ ਕਿਹਾ ਤਾਂ ਰਾਜੇ ਨੇ ਕਿਸਾਨ ਦੀ ਪਤਨੀ 'ਤੇ ਨਜ਼ਰ ਮਾਰੀ। ਰਾਜਾ ਕੰਬ ਗਿਆ ਕਿਉਂਕਿ ਕਿਸਾਨ ਦੀ ਪਤਨੀ ਅੰਨ੍ਹੀ ਸੀ। ਰਾਜਾ ਕਿਸਾਨ ਦੇ ਕਹੇ ਦਾ ਮਤਲਬ ਹੁਣ ਚੰਗੀ ਤਰ੍ਹਾਂ ਸਮਝ ਗਿਆ ਸੀ। ਰਾਜਾ ਅਜੇ ਕੁਝ ਸੋਚ ਹੀ ਰਿਹਾ ਸੀ ਕਿ ਕਿਸਾਨ ਨੇ ਆਪਣੇ ਪ੍ਰਾਣ ਤਿਆਗ ਦਿੱਤੇ।
ਰਾਜਾ ਇਕ ਅਪਰਾਧੀ ਵਾਂਗ ਖੜ੍ਹਾ ਕਿਸਾਨ ਦੀ ਲਾਸ਼, ਉਸ ਦੀ ਪਤਨੀ ਅਤੇ ਬੱਚਿਆਂ ਨੂੰ ਦੇਖ ਰਿਹਾ ਸੀ। ਦੇਰ ਹੋਣ 'ਤੇ ਰਾਜੇ ਦੇ ਸਿਪਾਹੀ ਰਾਜੇ ਨੂੰ ਲੱਭਦੇ ਹੋਏ ਉਥੇ ਆ ਪਹੁੰਚੇ। ਰਾਜੇ ਨੇ ਸਿਪਾਹੀਆਂ ਨੂੰ ਤੁਰੰਤ ਕਿਸਾਨ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ਦਾ ਹੁਕਮ ਦਿੱਤਾ। ਥੋੜ੍ਹੀ ਹੀ ਦੇਰ 'ਚ ਸਾਰਾ ਪ੍ਰਬੰਧ ਹੋ ਗਿਆ।
ਕਿਸਾਨ ਦੀ ਪਤਨੀ ਨੇ ਕਿਸਾਨ ਨਾਲ ਸਤੀ ਹੋਣ ਦੀ ਆਪਣੀ ਇੱਛਾ ਰਾਜੇ ਸਾਹਮਣੇ ਰੋ-ਰੋ ਜ਼ਾਹਿਰ ਕੀਤੀ ਤਾਂ ਰਾਜੇ ਨੇ ਕਿਸਾਨ ਦੀ ਪਤਨੀ ਨੂੰ ਸਮਝਾਇਆ, ''ਤੁਸੀਂ ਹੁਣ ਆਪਣੇ ਬੱਚਿਆਂ ਦੀ ਚਿੰਤਾ ਕਰੋ। ਅਸੀਂ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਪੂਰਾ ਧਿਆਨ ਰੱਖਾਂਗੇ। ਤੁਹਾਡੇ ਨਾਲ ਪੂਰਾ ਨਿਆਂ ਹੋਵੇਗਾ।''
ਰਾਜਾ ਮਹੱਲ ਪਰਤ ਗਿਆ ਪਰ ਕੁਝ ਸਿਪਾਹੀਆਂ ਨੂੰ ਕਿਸਾਨ ਦੀ ਪਤਨੀ ਅਤੇ ਬੱਚਿਆਂ ਦੀ ਹਿਫਾਜ਼ਤ ਅਤੇ ਉਨ੍ਹਾਂ ਦੀ ਸੇਵਾ ਲਈ ਉਥੇ ਛੱਡ ਗਿਆ। ਮਹੱਲ 'ਚ ਆ ਕੇ ਰਾਜਾ ਉਦਾਸ ਰਹਿਣ ਲੱਗਾ। ਰਾਜਾ ਖੁਦ ਨੂੰ ਕਿਸਾਨ ਦਾ ਕਾਤਲ ਸਮਝਣ ਲੱਗਾ। ਰਾਣੀ ਅਤੇ ਦਰਬਾਰੀਆਂ ਨੇ ਰਾਜੇ ਨੂੰ ਬਹੁਤ ਸਮਝਾਇਆ ਪਰ ਰਾਜੇ ਦੀ ਉਦਾਸੀ ਨਹੀਂ ਗਈ।
ਇਕ ਦਿਨ ਰਾਜਾ ਦਰਬਾਰ 'ਚ ਪਹੁੰਚਿਆ ਅਤੇ ਆਪਣੇ ਮੰਤਰੀਆਂ ਨਾਲ ਗੱਲਬਾਤ ਕੀਤੀ। ਰਾਜੇ ਦੀ ਗੱਲ ਸੁਣ ਕੇ ਮੰਤਰੀਆਂ ਨੇ ਕਿਹਾ, ''ਮਹਾਰਾਜ, ਇਹ ਗੱਲ ਤੁਸੀਂ ਪਹਿਲਾਂ ਰਾਣੀ ਸਾਹਿਬਾ ਤੋਂ ਪੁੱਛੋ ਕਿਉਂਕਿ ਇਸ ਦੇ ਲਈ ਰਾਣੀ ਸਾਹਿਬਾ ਦੀ ਸਲਾਹ ਸਾਡੇ ਨਾਲੋਂ ਵਧੇਰੇ ਜ਼ਰੂਰੀ ਹੈ। ਇਸ 'ਤੇ ਅਸੀਂ ਆਪਣੀ ਸਲਾਹ ਬਾਅਦ 'ਚ ਦੱਸਾਂਗੇ।''
ਰਾਜੇ ਨੇ ਰਾਣੀ ਨੂੰ ਜਾ ਕੇ ਸਾਰਾ ਕਿੱਸਾ ਦੱਸਿਆ ਤਾਂ ਰਾਣੀ ਕਹਿਣ ਲੱਗੀ, ''ਮੈਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਬਹੁਤ ਹੀ ਚੰਗਾ ਫੈਸਲਾ ਕੀਤਾ ਹੈ।''
ਅਗਲੇ ਦਿਨ ਰਾਜੇ ਨੇ ਕਿਸਾਨ ਦੀ ਪਤਨੀ ਅਤੇ ਬੱਚਿਆਂ ਨੂੰ ਮਹੱਲ ਬੁਲਾਉਣ ਲਈ ਸ਼ਾਹੀ ਸਵਾਰੀ ਕਿਸਾਨ ਦੇ ਘਰ ਭੇਜ ਦਿੱਤੀ। ਕੁਝ ਹੀ ਦੇਰ 'ਚ ਸ਼ਾਹੀ ਸਵਾਰੀ 'ਚ ਕਿਸਾਨ ਦੀ ਪਤਨੀ ਅਤੇ ਬੱਚੇ ਮਹੱਲ 'ਚ ਦਾਖਲ ਹੋ ਗਏ। ਰਾਜੇ ਨੇ ਖੁਦ ਕਿਸਾਨ ਦੀ ਪਤਨੀ ਦਾ ਮਹੱਲ ਦੇ ਦਰਵਾਜ਼ੇ 'ਤੇ ਪਹੁੰਚ ਕੇ ਸਵਾਗਤ ਕੀਤਾ। ਰਾਜੇ ਨੇ ਕਿਸਾਨ ਦੇ ਬੱਚਿਆਂ ਨੂੰ ਗੋਦੀ 'ਚ ਚੁੱਕ ਕੇ ਪਿਆਰ ਕੀਤਾ ਅਤੇ ਮਹੱਲ 'ਚ ਲੈ ਆਇਆ।
ਮਹੱਲ 'ਚ ਆ ਕੇ ਕਿਸਾਨ ਦੀ ਪਤਨੀ ਨੇ ਰਾਜੇ ਤੋਂ ਪੁੱਛਿਆ, ''ਮਹਾਰਾਜ, ਸਾਨੂੰ ਇਥੇ ਕਿਉਂ ਲਿਆਂਦਾ ਗਿਆ ਹੈ?''
''ਅੱਜ ਰੱਖੜੀ ਦਾ ਤਿਉਹਾਰ ਹੈ। ਇਕ ਭੈਣ ਆਪਣੇ ਭਰਾ ਨੂੰ ਇਥੇ ਰੱਖੜੀ ਬੰਨ੍ਹਣ ਆਈ ਹੈ। ਕੀ ਤੁਸੀਂ ਮੈਨੂੰ ਆਪਣਾ ਭਰਾ ਬਣਾਉਣਾ ਪਸੰਦ ਕਰੋਗੇ?''
ਰਾਜੇ ਦੀ ਗੱਲ ਸੁਣ ਕੇ ਕਿਸਾਨ ਦੀ ਪਤਨੀ ਹੈਰਾਨ ਹੋ ਗਈ ਅਤੇ ਰਾਜੇ ਨੂੰ ਕਹਿਣ ਲੱਗੀ, ''ਮਹਾਰਾਜ, ਕੀ ਇਕ ਗਰੀਬ ਕਿਸਾਨ ਦੀ ਪਤਨੀ ਕਿਸੇ ਰਾਜੇ ਦੀ ਭੈਣ ਹੋ ਸਕਦੀ ਹੈ?''
''ਹਾਂ, ਅੱਜ ਇੰਝ ਹੀ ਹੋਵੇਗਾ।'' ਕਹਿੰਦਿਆਂ ਰਾਜੇ ਨੇ ਕਿਸਾਨ ਦੀ ਪਤਨੀ ਵੱਲ ਆਪਣਾ ਹੱਥ ਵਧਾ ਦਿੱਤਾ। ਰਾਣੀ ਨੇ ਕਿਸਾਨ ਦੀ ਪਤਨੀ ਨੂੰ ਫੜ ਕੇ ਰਾਜੇ ਦੇ ਹੱਥ ਦੇ ਨੇੜੇ ਕੀਤਾ। ਕਿਸਾਨ ਦੀ ਪਤਨੀ ਦੀਆਂ ਅੱਖਾਂ ਭਰ ਗਈਆਂ। ਉਸ ਨੇ ਤੁਰੰਤ ਰਾਜੇ ਦੇ ਹੱਥ 'ਤੇ ਰੱਖੜੀ ਦਾ ਰੇਸ਼ਮੀ ਧਾਗਾ ਬੰਨ੍ਹ ਕੇ ਰਾਜੇ ਨੂੰ ਤਿਲਕ ਲਗਾ ਦਿੱਤਾ।
ਰਾਜੇ ਨੇ ਰੱਖੜ੍ਹੀ ਬੰਨ੍ਹਵਾਉਣ ਪਿੱਛੋਂ ਐਲਾਨ ਕੀਤਾ ਕਿ ਅੱਜ ਰੱਖੜੀ ਦੇ ਇਸ ਅਨਮੋਲ ਤੋਹਫੇ ਦੀ ਕੀਮਤ ਅਸੀਂ ਅਦਾ ਤਾਂ ਨਹੀਂ ਕਰ ਸਕਦੇ ਪਰ ਅਸੀਂ ਇਸ ਦੇ ਸ਼ਗਨ ਦੇ ਰੂਪ 'ਚ ਆਪਣੀ ਭੈਣ ਅਤੇ ਇਸ ਦੇ ਬੱਚਿਆਂ ਦੀ ਜ਼ਿੰਦਗੀ ਦੀ ਸਾਰੀ ਉਮਰ ਰੱਖਿਆ ਕਰਨ ਦੀ ਕਸਮ ਖਾਂਦੇ ਹਾਂ ਅਤੇ ਇਹ ਐਲਾਨ ਕਰਦੇ ਹਾਂ ਕਿ ਅੱਜ ਤੋਂ ਬਾਅਦ ਸਾਡੀ ਭੈਣ ਅਤੇ ਸਾਡੇ ਦੋਵੇਂ ਭਾਣਜੇ ਸਾਡੇ ਨਾਲ ਮਹੱਲ 'ਚ ਰਹਿਣਗੇ। ਅੱਜ ਤੋਂ ਬਾਅਦ ਇਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਸਾਡੀ ਹੋਵੇਗੀ।''
ਰਾਜੇ ਦੀ ਇਹ ਗੱਲ ਸੁਣ ਕੇ ਪੂਰੇ ਦਰਬਾਰ 'ਚ ਉਸ ਦੀ ਜੈ-ਜੈਕਾਰ ਦੇ ਨਾਅਰੇ ਗੂੰਜ ਉਠੇ। ਰਾਜੇ ਦੇ ਇਸ ਨਿਆਂ ਨਾਲ ਇਕ ਵਾਰ ਫਿਰ ਰਾਜੇ ਦੀ ਪ੍ਰਸਿੱਧੀ ਰਾਜ ਦੇ ਚਾਰੇ ਪਾਸੇ ਫੈਲ ਗਈ।

0 Comments:

Post a Comment

Subscribe to Post Comments [Atom]

<< Home