Thursday, June 28, 2012

ਖੁੱਲ੍ਹ ਗਈਆਂ ਅੱਖਾਂ......Bal kahani!!!!!!!

ਮੰਗਤ ਇਕ ਛੋਟੇ ਜਿਹੇ ਕਸਬੇ 'ਚ ਰਹਿੰਦਾ ਸੀ। ਉਸ ਦੇ ਪਿਤਾ ਜੀ ਇਕ ਸਰਕਾਰੀ ਵਿਭਾਗ 'ਚ ਛੋਟੇ ਜਿਹੇ ਕਰਮਚਾਰੀ ਸਨ। ਘਰ ਦਾ ਗੁਜ਼ਾਰਾ ਸਹੀ ਤਰ੍ਹਾਂ ਹੋ ਸਕੇ, ਇਸ ਦੇ ਲਈ ਮੰਗਤ ਦੀ ਮਾਂ ਵੀ ਘਰ 'ਚ ਹੀ ਸਿਲਾਈ-ਕਢਾਈ ਦਾ ਕੰਮ ਕਰਦੀ ਸੀ।
ਮੰਗਤ ਆਪਣੀ ਕਲਾਸ 'ਚ ਸਾਧਾਰਨ ਵਿਦਿਆਰਥੀਆਂ 'ਚ ਗਿਣਿਆ ਜਾਂਦਾ ਸੀ। ਸ਼ਰਾਰਤਾਂ ਕਰਨ 'ਚ ਉਹ ਬਹੁਤ ਤੇਜ਼ ਸੀ। ਕਈ ਵਾਰ ਮੰਗਤ ਆਪਣੇ ਕਿਸੇ ਦੋਸਤ ਦੀ ਸ਼ਰਟ ਪਿੱਛੇ ਕਾਗਜ਼ ਦੀ ਇਕ ਲੰਬੀ ਪੂਛ ਬਣਾ ਕੇ ਗੂੰਦ ਜਾਂ ਟੇਪ ਨਾਲ ਇੰਨੀ ਚਲਾਕੀ ਨਾਲ ਚਿਪਕਾਉਂਦਾ ਕਿ ਅੱਗੇ ਬੈਠੇ ਵਿਦਿਆਰਥੀ ਨੂੰ ਪਤਾ ਹੀ ਨਾ ਲੱਗਦਾ। ਜਦੋਂ ਉੱਠ ਕੇ ਜਾਣ ਲੱਗਦਾ ਤਾਂ ਕਾਗਜ਼ ਦੀ ਪੂਛ ਵੀ ਉਸ ਦੇ ਪਿੱਛੇ ਚਿਪਕੀ ਲਮਕਦੀ ਜਾਂਦੀ। ਇਹ ਦੇਖ ਕੇ ਕਲਾਸ 'ਚ ਬੜਾ ਹਾਸਾ ਪੈਂਦਾ। ਮਜ਼ਾਕ ਦਾ ਪਾਤਰ ਬਣਿਆ ਵਿਦਿਆਰਥੀ ਬੇਹੱਦ ਸ਼ਰਮਸਾਰ ਹੋ ਜਾਂਦਾ। ਮੰਗਤ ਦੀ ਫਿਰ ਸ਼ਿਕਾਇਤ ਲੱਗਦੀ। 
ਮੰਗਤ ਦੀਆਂ ਸ਼ਰਾਰਤਾਂ ਤੋਂ ਸਾਰੀ ਕਲਾਸ ਪ੍ਰੇਸ਼ਾਨ ਸੀ। ਜਦੋਂ ਇਕ ਦਿਨ ਮੰਗਤ ਦੇ ਪਿਤਾ ਜੀ ਦੀ ਬਦਲੀ ਕਿਸੇ ਦੂਰ ਦੇ ਸ਼ਹਿਰ 'ਚ ਹੋਣ ਦੀ ਖਬਰ ਪਹੁੰਚੀ ਤਾਂ ਉਸ ਦੇ ਸਤਾਏ ਸਹਿ-ਪਾਠੀਆਂ ਨੇ ਕਿਹਾ, ''ਸ਼ੁਕਰ ਹੈ, ਉਸ ਦੀਆਂ ਬਕਵਾਸ ਸ਼ਰਾਰਤਾਂ ਤੋਂ ਪਿੱਛਾ ਛੁੱਟੇਗਾ।'' 
ਮੰਗਤ ਦਾ ਦਿਲ ਸਕੂਲ ਛੱਡਣ ਨੂੰ ਨਹੀਂ ਕਰਦਾ ਸੀ ਪਰ ਮਜਬੂਰੀ ਸੀ, ਜਾਣਾ ਹੀ ਪੈਣਾ ਸੀ। ਇਸ ਲਈ ਸਾਰੇ ਪਰਿਵਾਰ ਨੇ ਆਪਣੇ ਘਰ ਦਾ ਸਾਮਾਨ ਇਕ ਟਰੱਕ 'ਚ ਲੱਦਿਆ ਅਤੇ ਅਗਲੇ ਸ਼ਹਿਰ ਲਈ ਰਵਾਨਾ ਹੋ ਗਏ।
ਮੰਗਤ ਦਾ ਕਈ ਦਿਨਾਂ ਤਕ ਨਵੇਂ ਸ਼ਹਿਰ 'ਚ ਜਾ ਕੇ ਮਨ ਨਾ ਲੱਗਾ, ਕਿਉਂਕਿ ਸ਼ਹਿਰ ਵੀ ਨਵਾਂ ਸੀ ਅਤੇ ਜਿਸ ਸਕੂਲ 'ਚ ਉਸ ਨੇ ਦਾਖਲਾ ਲਿਆ ਸੀ, ਉਹ ਵੀ ਉਸ ਲਈ ਨਵਾਂ ਸੀ। ਹੋਰ ਤਾਂ ਹੋਰ ਸਹਿ-ਪਾਠੀ ਵੀ ਨਵੇਂ ਸਨ।
ਮੰਗਤ ਦਾ ਘਰ ਸਕੂਲ ਤੋਂ ਕਾਫੀ ਦੂਰ ਸੀ ਪਰ ਉਹ ਪੜ੍ਹਨ ਲਈ ਪੈਦਲ ਹੀ ਜਾਂਦਾ। ਬਾਜ਼ਾਰ 'ਚ ਇਕ ਮੋੜ 'ਤੇ ਪਿੱਪਲ ਦੇ ਰੁੱਖ ਹੇਠਾਂ ਇਕ ਲਾਟਰੀ ਵਾਲਾ ਉੱਚੀਆਂ ਆਵਾਜ਼ਾਂ ਮਾਰਦਾ ਉਸ ਨੂੰ ਨਜ਼ਰ ਆਉਂਦਾ, ''ਆਓ ਜਾਓ, ਲਾਟਰੀ ਦੀ ਟਿਕਟ ਖਰੀਦੋ। ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ, ਅੱਜ ਤੁਸੀਂ ਪੈਦਲ ਜਾ ਰਹੇ ਹੋ, ਹੋ ਸਕਦੈ ਕਿ ਕਲ ਤੁਸੀਂ ਕਾਰ ਵਾਲੇ ਬਣ ਜਾਓ। ਛੱਪਰ ਪਾੜ ਕੇ ਧਨ ਮਿਲੇਗਾ, ਇਸ ਲਈ ਛੇਤੀ ਆਓ ਅਤੇ ਕਿਸਮਤ ਅਜ਼ਮਾਓ।'' 
ਲਾਟਰੀ ਵਾਲੇ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੰਗਤ ਕਈ ਦਿਨ ਤਾਂ ਉਸ ਨੂੰ ਨਜ਼ਰਅੰਦਾਜ਼ ਕਰਕੇ ਨਿਕਲਦਾ ਰਿਹਾ ਪਰ ਲਾਲਚ ਬੁਰੀ ਬਲਾ ਹੁੰਦੀ ਹੈ। ਮੰਗਤ ਸੋਚਣ ਲੱਗਾ, ''ਜੇਕਰ ਮੈਂ ਵੀ ਲਾਟਰੀ ਦੀ ਟਿਕਟ ਖਰੀਦ ਲਵਾਂ ਤਾਂ ਹੋ ਸਕਦੈ ਕਿ ਪਹਿਲਾ ਇਨਾਮ ਮੇਰਾ ਹੀ ਨਿਕਲ ਆਏ। ਫਿਰ ਮਜ਼ਾ ਹੀ ਆ ਜਾਏਗਾ।'' ਪਰ ਜਦੋਂ ਉਹ ਜੇਬ ਵੱਲ ਨਜ਼ਰ ਮਾਰਦਾ ਤਾਂ ਨਿਰਾਸ਼ ਹੋ ਜਾਂਦਾ। ਉਸ ਦੀ ਜੇਬ 'ਚ ਮੁਸ਼ਕਲ ਨਾਲ 10-15 ਰੁਪਏ ਹੁੰਦੇ ਸਨ, ਜਦਕਿ ਲਾਟਰੀ ਦੀ ਇਕ ਟਿਕਟ ਦੀ ਕੀਮਤ 50 ਰੁਪਏ ਸੀ।
ਇਕ ਦਿਨ ਮੰਗਤ ਦੀ ਭੂਆ ਮਿਲਣ ਆਈ। ਅਗਲੇ ਦਿਨ ਜਾਣ ਵੇਲੇ ਮੰਗਤ ਨੂੰ 50 ਰੁਪਏ ਦੇ ਗਈ। 50 ਰੁਪਏ ਮਿਲਣ 'ਤੇ ਮੰਗਤ ਦੇ ਪੈਰ ਧਰਤੀ 'ਤੇ ਨਹੀਂ ਲੱਗ ਰਹੇ ਸਨ। ਉਹ ਸਾਰੀ ਰਾਤ ਇਸੇ ਸ਼ਸ਼ੋਪੰਜ 'ਚ ਰਿਹਾ ਕਿ ਇਨ੍ਹਾਂ ਦਾ ਕੀ ਖਰੀਦੇ ਅਤੇ ਕੀ ਨਾ ਖਰੀਦੇ। ਉਸ ਨੇ 50 ਰੁਪਏ ਦਾ ਨੋਟ ਆਪਣੀ ਪੰਜਾਬੀ ਦੀ ਕਿਤਾਬ ਵਿਚ ਰੱਖ ਲਿਆ। 
ਅਗਲੇ ਦਿਨ ਮੰਗਤ ਸਕੂਲ ਜਾਣ ਲਈ ਤਿਆਰ ਹੋਇਆ। ਉਸ ਨੇ ਰਸਤੇ 'ਚ ਕਿਤਾਬ ਕੱਢ ਕੇ ਦੇਖੀ, 50 ਦਾ ਨੋਟ ਸਹੀ-ਸਲਾਮਤ ਸੀ। ਉਸ ਨੇ ਦੂਰੋਂ ਦੇਖਿਆ ਪਿੱਪਲ ਹੇਠਾਂ ਲਾਟਰੀ ਵਾਲਾ ਵਿਅਕਤੀ ਪਹਿਲਾਂ ਵਾਂਗ ਹੀ ਬੈਠਾ ਹੋਇਆ ਸੀ। ਉਹ ਤੇਜ਼-ਤੇਜ਼ ਕਦਮਾਂ ਨਾਲ ਉਸ ਕੋਲੋਂ ਲੰਘਣ ਲੱਗਾ ਤਾਂ ਉਸ ਦੀਆਂ ਲਲਚਾਉਣ ਵਾਲੀਆਂ ਗੱਲਾਂ ਨੇ ਉਸ ਦੇ ਦਿਮਾਗ 'ਤੇ ਅਜਿਹਾ ਜਾਦੂ ਕੀਤਾ ਕਿ ਉਹ ਆਪਣੇ ਕਦਮ ਅੱਗੇ ਨਾ ਵਧਾ ਸਕਿਆ। ਉਹ ਬਹੁਤ ਕੁਝ ਸੋਚਦਾ ਹੋਇਆ ਹੌਲੀ-ਹੌਲੀ ਲਾਟਰੀ ਵਾਲੇ ਵੱਲ ਵਧਣ ਲੱਗਾ। 
ਜੇਕਰ ਮੇਰਾ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲ ਆਏ ਤਾਂ ਕੀ ਕਹਿਣੇ! ਘਰ ਦੀ ਗਰੀਬੀ ਦੂਰ ਹੋ ਜਾਏਗੀ। ਮੰਮੀ ਸਵੇਰ ਤੋਂ ਲੈ ਕੇ ਸ਼ਾਮ ਤਕ ਸਿਲਾਈ-ਕਢਾਈ ਦੇ ਕੰਮ 'ਚ ਰੁੱਝੀ ਰਹਿੰਦੀ ਹੈ, ਉਹ ਵੀ ਆਰਾਮ ਕਰਿਆ ਕਰੇਗੀ। ਫਿਰ ਸੋਚਣ ਲੱਗਾ, ''ਪੰਜਾਹ ਹਜ਼ਾਰ ਰੁਪਏ ਦਾ ਇਨਾਮ ਨਿਕਲ ਜਾਏ ਤਾਂ ਵੀ ਕੁਝ ਮਾੜਾ ਨਹੀਂ।''
ਅਖੀਰ 'ਚ ਉਹ ਮਨ ਹੀ ਮਨ ਕਹਿਣ ਲੱਗਾ, ''ਖੈਰ, ਵੀਹ ਹਜ਼ਾਰ ਰੁਪਏ ਦਾ ਛੋਟਾ ਇਨਾਮ ਹੀ ਨਿਕਲ ਆਏ ਤਾਂ ਵੀ ਚੱਲੇਗਾ। ਮੈਂ ਸਭ ਤੋਂ ਪਹਿਲਾਂ ਇਕ ਮੋਪੇਡ ਖਰੀਦਾਂਗਾ, ਸ਼ੌਂਕੀ, ਜੋਤੀ, ਪਵਨ ਅਤੇ ਹੈਪੀ ਵੀ ਤਾਂ ਮੋਪੇਡਾਂ 'ਤੇ ਸਕੂਲ ਪੜ੍ਹਨ ਆਉਂਦੇ ਹਨ। ਜਦੋਂ ਮੈਂ ਨਵੀਂ ਮੋਪੇਡ ਲੈ ਕੇ ਉਨ੍ਹਾਂ ਕੋਲੋਂ ਲੰਘਿਆ ਕਰਾਂਗਾ ਤਾਂ ਸਾਰੇ ਈਰਖਾ ਨਾਲ ਸੜ-ਭੁੱਜ ਜਾਣਗੇ। ਮੇਰੀ ਨਵੀਂ ਮੋਪੇਡ ਦਾ ਮੁਕਾਬਲਾ ਭਲਾ ਕੌਣ ਕਰੇਗਾ? ਕੋਈ ਕਹੇਗਾ, ''ਮੰਗਤ ਪਲੀਜ਼, ਮੈਨੂੰ ਵੀ ਬਿਠਾ ਕੇ ਲੈ ਜਾ ਪਰ ਮੈਂ ਕਿਸੇ ਦੀ ਵੀ ਪਰਵਾਹ ਨਹੀਂ ਕਰਾਂਗਾ। ਕਿੰਨੇ ਹੀ ਦੋਸਤ ਮੇਰੇ ਅੱਗੇ ਗਿੜਗਿੜਾਉਣਗੇ।'' ਇਹ ਸਭ ਸੋਚ ਕੇ ਉਹ ਇਕੱਲਾ ਹੀ ਹੱਸ ਪਿਆ ਅਤੇ ਇਸ ਤਰ੍ਹਾਂ ਮਨ ਹੀ ਮਨ ਵੱਡੇ-ਵੱਡੇ ਸੁਪਨਿਆਂ ਦੇ ਮਹਿਲ ਬਣਾਉਂਦਾ ਹੋਇਆ  ਲਾਟਰੀ ਵਾਲੇ ਦੇ ਸਾਹਮਣੇ ਕਦੋਂ ਜਾ ਖੜ੍ਹਾ ਹੋਇਆ, ਉਸ ਨੂੰ ਪਤਾ ਹੀ ਨਾ ਲੱਗਾ।
ਲਾਟਰੀ ਵਾਲੇ ਨੇ ਮੰਗਤ ਨੂੰ ਆਪਣੇ ਕੋਲ ਆਇਆ ਦੇਖ ਕੇ ਉਸ ਦੀ ਟਿਕਟ ਖਰੀਦਣ ਦੀ ਚਾਹਤ ਮਹਿਸੂਸ ਕਰਕੇ ਪੁੱਛਿਆ, ''ਹਾਂ ਹਾਂ! ਆਓ ਬੇਟਾ, ਕੀ ਟਿਕਟ ਖਰੀਦਣੀ ਹੈ?''
ਮੰਗਤ ਕਹਿਣ ਲੱਗਾ, ''ਅੰਕਲ ਸੋਚ ਤਾਂ ਰਿਹਾ ਹਾਂ।''
ਲਾਟਰੀ ਵਾਲਾ ਇਕਦਮ ਕਹਿਣ ਲੱਗਾ, ''ਬੇਟਾ ਸੋਚਣ ਵਾਲੀ ਕਿਹੜੀ ਗੱਲ ਹੈ? ਪੈਸਾ ਲਗਾਓ ਅਤੇ ਟਿਕਟ ਖਰੀਦੋ। ਇਹ ਦੇਖੋ ਪਹਿਲਾ ਇਨਾਮ ਇਕ ਲੱਖ ਰੁਪਏ ਦਾ, ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ।''
ਮੰਗਤ ਨੇ ਉਤਸੁਕਤਾ ਨਾਲ ਪੁੱਛਿਆ, ''ਕਿੰਨੇ ਰੁਪਏ ਦੀ ਟਿਕਟ ਹੈ?''
ਲਾਟਰੀ ਵਾਲਾ ਕਹਿਣ ਲੱਗਾ, ''ਕੋਈ ਬਹੁਤੀ ਮਹਿੰਗੀ ਨਹੀਂ, ਸਿਰਫ 50 ਰੁਪਏ ਦੀ ਹੈ। 50 ਰੁਪਏ 'ਚ 1 ਲੱਖ ਰੁਪਏ ਵੀ ਨਿਕਲ ਸਕਦੇ ਹਨ, 50 ਹਜ਼ਾਰ ਵੀ, 20 ਹਜ਼ਾਰ ਜਾਂ 10 ਹਜ਼ਾਰ ਵੀ। ਛੋਟੇ-ਛੋਟੇ ਇਨਾਮ ਤਾਂ ਬਹੁਤ ਹਨ।''
ਲਾਟਰੀ ਵਾਲੇ ਦੀਆਂ ਗੱਲਾਂ 'ਚ ਆ ਕੇ ਆਖਿਰ ਮੰਗਤ ਨੇ 50 ਰੁਪਏ ਦੀ ਇਕ ਟਿਕਟ ਖਰੀਦ ਹੀ ਲਈ ਅਤੇ ਉਸ ਨੂੰ ਸੰਭਾਲ ਕੇ ਆਪਣੇ ਬੈਗ 'ਚ ਰੱਖ ਲਿਆ। ਫਿਰ ਮਨ ਹੀ ਮਨ ਸੁਪਨਿਆਂ ਦੇ ਮਹਿਲ ਬਣਾਉਂਦਾ ਉਹ ਕਦੋਂ ਸਕੂਲ ਜਾ ਪਹੁੰਚਿਆ, ਉਸ ਨੂੰ ਪਤਾ ਨਾ ਲੱਗਾ।
ਪਹਿਲਾ ਪੀਰੀਅਡ ਸਾਇੰਸ ਦਾ ਸੀ। ਊਸ਼ਾ ਮੈਡਮ ਕਲਾਸ 'ਚ ਆਏ। ਸਾਰੇ ਵਿਦਿਆਰਥੀ ਚੁੱਪ ਹੋ ਗਏ। ਪਿਛਲੀ ਬੈਂਚ 'ਤੇ ਬੈਠਾ ਮੰਗਤ ਮੂੰਹ ਹੇਠਾਂ ਕਰਕੇ ਆਪਣੇ ਬੈਗ 'ਚੋਂ ਲਾਟਰੀ ਦੀ ਟਿਕਟ ਕੱਢ ਕੇ ਕਾਪੀ 'ਤੇ ਨੰਬਰ ਨੋਟ ਕਰ ਰਿਹਾ ਸੀ ਕਿ ਅਚਾਨਕ ਹੀ ਪੱਖੇ ਦੀ ਤੇਜ਼ ਹਵਾ ਕਾਰਨ ਟਿਕਟ ਉਸ ਦੇ ਹੱਥੋਂ ਛੁੱਟ ਗਈ ਅਤੇ ਡੈਸਕਾਂ ਦੇ ਹੇਠੋਂ ਹੁੰਦੀ ਹੋਈ ਮੈਡਮ ਦੀ ਕੁਰਸੀ ਦੇ ਕੋਲ ਆ ਡਿੱਗੀ। ਮੰਗਤ ਇਹ ਦੇਖ ਕੇ ਘਬਰਾ ਗਿਆ। ਮੈਡਮ ਨੇ ਟਿਕਟ ਚੁੱਕੀ ਅਤੇ ਉਸ ਨੂੰ ਬੜੇ ਗੌਰ ਨਾਲ ਦੇਖਿਆ।
''ਇਹ ਲਾਟਰੀ ਦੀ ਟਿਕਟ ਕਿਸ ਦੀ ਹੈ?'' ਉਨ੍ਹਾਂ ਨੇ ਵਿਦਿਆਰਥੀਆਂ ਨੂੰ ਟਿਕਟ ਦਿਖਾਉਂਦਿਆਂ ਪੁੱਛਿਆ।
ਪਹਿਲਾਂ ਤਾਂ ਮੰਗਤ ਕੁਝ ਡਰ ਗਿਆ ਪਰ ਜਦੋਂ ਮੈਡਮ ਨੇ ਦੂਜੀ ਵਾਰ ਪੁੱਛਿਆ ਤਾਂ ਉਹ ਕਹਿਣ ਲੱਗਾ, ''ਮੈਡਮ, ਇਹ ਮੇਰੀ ਹੈ।''
''ਤੂੰ ਕਦੋਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦਣ ਲੱਗਾ? ਕਿੱਥੋਂ ਖਰੀਦੀ ਹੈ ਇਹ?'' ਮੈਡਮ ਨੇ ਫਿਰ ਪੁੱਛਿਆ।
''ਬਾਜ਼ਾਰ ਦੇ ਮੋੜ 'ਤੇ ਪਿੱਪਲ ਹੇਠਾਂ ਖੜ੍ਹੇ ਇਕ ਆਦਮੀ ਤੋਂ ਖਰੀਦੀ ਹੈ।'' ਝਿਜਕਦੀ ਜਿਹੀ ਆਵਾਜ਼ 'ਚ ਮੰਗਤ ਕਹਿਣ ਲੱਗਾ।
'ਕਿੰਨੇ ਦੀ?'' ਮੈਡਮ ਨੇ ਜਾਣਦਿਆਂ ਵੀ ਅਣਜਾਣ ਬਣ ਕੇ ਪੁੱਛਿਆ।
''ਜੀ 50 ਰੁਪਏ ਦੀ।'' ਮੰਗਤ ਅਜੇ ਵੀ ਡਰ ਰਿਹਾ ਸੀ।
''ਇਹ ਟਿਕਟ ਮੇਰੇ ਕੋਲ ਹੈ। ਪੀਰੀਅਡ ਖਤਮ ਹੋਣ ਪਿੱਛੋਂ ਮੈਨੂੰ ਸਟਾਫ ਰੂਮ 'ਚ ਮਿਲੀਂ।'' ਇਹ ਕਹਿ ਕੇ ਊਸ਼ਾ ਮੈਡਮ ਨੇ ਟਿਕਟ ਆਪਣੇ ਪਰਸ 'ਚ ਸੰਭਾਲ ਲਈ। ਪੀਰੀਅਡ ਖਤਮ ਹੋਇਆ।
ਅਗਲਾ ਪੀਰੀਅਡ ਖਾਲੀ ਸੀ। ਮੰਗਤ ਅੰਦਰ ਹੀ ਅੰਦਰ ਕੰਬਦਾ ਹੋਇਆ ਸੋਚ ਰਿਹਾ ਸੀ ਕਿ ਪਤਾ ਨਹੀਂ ਮੈਡਮ ਉਸ ਨਾਲ ਕਿਹੋ ਜਿਹਾ ਸਲੂਕ ਕਰੇਗੀ। 
ਮੰਗਤ ਨੇ ਮਨ ਹੀ ਮਨ ਡਰਦਿਆਂ ਸਟਾਫ ਰੂਮ 'ਚ ਬੈਠੀ ਊਸ਼ਾ ਮੈਡਮ ਤੋਂ ਅੰਦਰ ਆਉਣ ਦੀ ਇਜਾਜ਼ਤ ਮੰਗੀ। ਮੈਡਮ ਦੇ ਹਾਂ ਕਹਿਣ 'ਤੇ ਉਹ ਅੰਦਰ ਆਇਆ। ''ਮੰਗਤ, ਸ਼ਾਇਦ ਤੈਨੂੰ ਨਹੀਂ ਪਤਾ ਕਿ ਜਿਸ ਆਦਮੀ ਤੋਂ ਤੂੰ ਇਹ ਟਿਕਟ ਖਰੀਦੀ ਹੈ, ਉਹ ਮੇਰਾ ਹੀ ਸਕਾ ਭਰਾ ਹੈ।'' ਊਸ਼ਾ ਮੈਡਮ ਨੇ ਕਿਹਾ।
''ਸੱਚ ਮੈਡਮ?'' ਮੰਗਤ ਨੇ ਹੈਰਾਨੀ ਨਾਲ ਪੁੱਛਿਆ। 
''ਮੈਂ ਕਦੇ ਝੂਠ ਨਹੀਂ ਬੋਲਿਆ।'' ਮੈਡਮ ਨੇ ਕਿਹਾ। ਉਨ੍ਹਾਂ ਨੇ ਮੰਗਤ ਨੂੰ ਅਗਲਾ ਸਵਾਲ ਪੁੱਛਿਆ, ''ਤੂੰ ਉਸ ਦੀ ਹਾਲਤ ਵੀ ਦੇਖੀ ਹੋਵੇਗੀ?'' 
''ਹਾਂ ਜੀ, ਉਸ ਦੇ ਕੱਪੜੇ ਪਾਟੇ-ਪੁਰਾਣੇ ਸੀ। ਟੁੱਟੀ ਜਿਹੀ ਵੀ-ਸ਼ੇਪ ਦੀ ਚੱਪਲ। ਲੱਗਦਾ ਸੀ ਜਿਵੇਂ ਨਸ਼ੇੜੀ ਹੋਵੇ।'' ਮੰਗਤ ਨੇ ਦੱਸਿਆ।
''ਤੂੰ ਬਿਲਕੁਲ ਠੀਕ ਦੱਸਿਆ।'' ਇਹ ਕਹਿ ਕੇ ਮੈਡਮ ਕੁਝ ਸਮੇਂ ਲਈ ਚੁੱਪ ਹੋ ਗਈ ਅਤੇ ਕਹਿਣ ਲੱਗੀ, ''ਕੁਝ ਸਾਲ ਪਹਿਲਾਂ ਉਹ ਕਾਲਜ ਦਾ ਇਕ ਬਹੁਤ ਹੁਸ਼ਿਆਰ ਵਿਦਿਆਰਥੀ ਸੀ ਪਰ ਜਦੋਂ ਪੜ੍ਹਾਈ ਦੌਰਾਨ ਲਾਟਰੀ ਦੀ ਟਿਕਟ ਖਰੀਦ ਕੇ ਇਕਦਮ ਅਮੀਰ ਬਣਨ ਦਾ ਉਸ 'ਤੇ ਭੂਤ ਸਵਾਰ ਹੋਇਆ ਤਾਂ ਉਸ ਨੇ ਆਪਣੀ ਜ਼ਿੰਦਗੀ ਹੀ ਬਰਬਾਦ ਕਰ ਲਈ।''
''ਉਹ ਕਿਵੇਂ ਮੈਡਮ?'' ਮੰਗਤ ਨੇ ਉਤਸੁਕਤਾਵੱਸ ਪੁੱਛਿਆ।
ਮੈਡਮ ਨੇ ਇਕ ਲੰਬਾ ਸਾਹ ਲਿਆ ਅਤੇ ਕਹਿਣ ਲੱਗੇ, ''ਇਕ ਵਾਰ ਲਾਟਰੀ 'ਚ ਉਸ ਦੇ ਪੰਜ ਹਜ਼ਾਰ ਰੁਪਏ ਨਿਕਲ ਆਏ ਸਨ। ਫਿਰ ਉਸ ਨੇ ਚੋਰੀ-ਛੁਪੇ ਪੰਜ ਹਜ਼ਾਰ ਰੁਪਏ ਦੀਆਂ ਵੀ ਟਿਕਟਾਂ ਖਰੀਦ ਲਈਆਂ। ਉਸ ਨੂੰ ਲਾਲਚ ਹੋ ਗਿਆ ਸੀ ਕਿ ਸ਼ਾਇਦ ਇਸ ਤੋਂ ਵੀ ਵੱਡਾ ਇਨਾਮ ਨਿਕਲ ਆਏ।'' 
ਇੰਨਾ ਕਹਿ ਕੇ ਮੈਡਮ ਨੇ ਪਾਣੀ ਪੀਤਾ ਅਤੇ ਫਿਰ ਕਹਿਣ ਲੱਗੇ, ''ਪਰ ਸਿਵਾਏ ਕੁਝ ਛੋਟੇ-ਮੋਟੇ ਇਨਾਮਾਂ ਦੇ ਉਸ ਦਾ ਕੋਈ ਵੱਡਾ ਇਨਾਮ ਨਾ ਨਿਕਲਿਆ। ਨਤੀਜਾ ਇਹ ਹੋਇਆ ਕਿ ਉਸ ਦੇ ਜੋ ਛੋਟੇ ਇਨਾਮ ਨਿਕਲੇ ਸਨ, ਉਨ੍ਹਾਂ ਦੀਆਂ ਵੀ ਉਸ ਨੇ ਲਾਲਚਵੱਸ ਲਾਟਰੀ ਦੀਆਂ ਟਿਕਟਾਂ ਖਰੀਦ ਲਈਆਂ। ਇਸ ਤਰ੍ਹਾਂ ਉਹ ਲਾਟਰੀਆਂ 'ਚ ਰੁਪਏ ਖਰਚ ਕਰਦਾ ਰਿਹਾ। ਸਾਰਾ ਪਰਿਵਾਰ ਉਸ ਨੂੰ ਸਮਝਾ-ਸਮਝਾ ਕੇ ਥੱਕ ਗਿਆ ਪਰ ਜਦੋਂ ਕੋਈ ਬੁਰੀਆਂ ਆਦਤਾਂ 'ਚ ਫਸ ਜਾਂਦਾ ਹੈ ਤਾਂ ਉਸ ਨੂੰ ਵਾਪਸ ਲਿਆਉਣਾ ਮੁਸ਼ਕਲ ਹੋ ਜਾਂਦਾ ਹੈ।''
ਮੈਡਮ ਦੀਆਂ ਅੱਖਾਂ ਛਲਕ ਪਈਆਂ। ਅੱਖਾਂ ਪੂੰਝਦਿਆਂ ਉਨ੍ਹਾਂ ਨੇ ਫਿਰ ਮੰਗਤ ਨੂੰ ਕਿਹਾ, ''ਤੇਰੇ ਵਰਗੇ ਵਿਦਿਆਰਥੀਆਂ ਨੂੰ ਅਮੀਰ ਬਣਨ ਦੇ ਲਾਲਚ 'ਚ ਆ ਕੇ ਅਜਿਹੀਆਂ ਆਦਤਾਂ 'ਚ ਨਹੀਂ ਫਸਣਾ ਚਾਹੀਦਾ, ਸਗੋਂ ਮਿਹਨਤ ਨਾਲ ਪੜ੍ਹਾਈ ਕਰਕੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਹੁਣ ਫੈਸਲਾ ਤੇਰੇ ਹੱਥਾਂ 'ਚ ਹੈ। ਇਹ ਫੜ ਆਪਣੀ ਟਿਕਟ।''
ਮੰਗਤ ਕੁਝ ਦੇਰ ਤਕ ਸੋਚਦਾ ਰਿਹਾ, ਫਿਰ ਪਤਾ ਨਹੀਂ ਉਸ ਨੂੰ ਕੀ ਸੁੱਝੀ, ਉਸ ਨੇ ਟਿਕਟ ਦੇ ਕਈ ਟੁਕੜੇ ਕਰ ਦਿੱਤੇ ਅਤੇ ਡਸਟਬਿਨ 'ਚ ਸੁੱਟ ਕੇ ਮੈਡਮ ਨੂੰ ਕਹਿਣ ਲੱਗਾ, ''ਮੈਡਮ, ਮੇਰੀਆਂ ਅੱਖਾਂ ਖੁੱਲ੍ਹ ਗਈਆਂ ਹਨ। ਹੁਣ ਮੈਂ ਇਕ ਚੰਗਾ ਵਿਦਿਆਰਥੀ ਬਣਨ ਦੀ ਕੋਸ਼ਿਸ਼ ਕਰਾਂਗਾ।'' ਊਸ਼ਾ ਮੈਡਮ ਇਹ ਦੇਖ ਕੇ ਮੁਸਕਰਾ ਪਈ।

0 Comments:

Post a Comment

Subscribe to Post Comments [Atom]

<< Home