Thursday, June 28, 2012

ਮੁਰਗੀ ਚੋਰ ...Not a story!!!!

....ਜੋ ਲਿਖਾਂਗਾ ਚੋਰੀ ਦਾ ਲਿਖਾਂਗਾ , ਚੋਰੀ ਤੋਂ ਸਿਵਾ ਹੋਰ ਕੁਝ ਨਹੀਂ ਲਿਖੂੰਗਾ ....... Sabhi Fatehpuri Gurjinder MangatPrabhjot Singh Buttar
ਮੈਂ ਆਪਣੇ ਕਮਰੇ ਚ ਕੰਪੂਟਰ ਤੇ ਬੁਥ੍ਥਾ -ਪੋਥੀ ਖੋਲੀ ਬੇਠਾ ਸੀ ਤਾਂ ਬਾਹਰ ਗਲੀ ਵਿਚ ਰੋਲਾ ਜਿਹਾ ਪੈਣ ਲੱਗ ਪਿਆ ,,ਮੁਰਗੀ ਚੋਰ ਓਏ ! ਮੁਰਗੀ ਚੋਰ ਫੜ ਲਿਆ " ਬਾਹਰ ਜਾ ਕੇ ਦੇਖਿਆ ਤਾਂ ਪੁਲਿਸ ਵੀ ਆ ਚੁਕੀ ਸੀ| ਤਮਾਸ਼ ਬਿਨਾ ਦੀ ਭੀੜ ਜਿਆਦਾ ਸੀ ਤੇ ਰੋਲਾ ਵੀ ਓਹਨਾ ਦਾ ਹੀ ਆ ਰਿਹਾ ਸੀ | ਗਲੀ ਵਿਚ ਫੜੇ ਮੁਰਗੀ ਚੋਰ ਨੂੰ ਸਾਬਤ ਕਰਦਿਤਾ ਕੇ ਓ ਚੋਰ ਹੈ ਪਰ ਅਫਸੋਸ ਉਸੇ ਵੇਲੇ ਖਿਆਲ ਪਲਟਿਆ ... ਉਹਨਾ ਨੂੰ ਚੋਰ ਕੋਣ ਕਹੁਗਾ , ਜੋ ਸ਼ਰੇਆਮ ਸਾਡੇ ਸਾਹਮਣੇ ਚੋਰੀ ਕਰ ਰਹੇ ਹਨ , 

ਅੱਜ ਕੱਲ੍ਹ ਟਿੱਕੀ ਚੋਰ, ਆਂਡਾ ਚੋਰ, ਗੰਡੇਰੀ ਚੋਰ, ਪੈੱਨ ਚੋਰ ਆਦਿ ਦੇ ਜ਼ਮਾਨੇ ਲੱਧ ਗਏ ਹਨ। ਮੁਰਗੀ ਚੋਰ ਤਾਂ ਬਿਲਕੁਲ ਹੀ ਅਲੋਪ ਹੋ ਗਏ ਹਨ, ਕਿਉਂਕਿ ਮੁਰਗੀਆਂ ਅੱਜ ਕੱਲ੍ਹ ਮੁਰਗੀ-ਖਾਨਿਆਂ ਵਿੱਚੋਂ ਬਾਹਰ ਹੀ ਨਹੀਂ ਨਿਕਲਦੀਆਂ। ਫਿਰ ਉਨ੍ਹਾਂ ਦੀ ਚੋਰੀ ਕਿਵੇਂ ਹੋਵੇਗੀ। ਆਂਡਾ ਚੋਰ ਤਾਂ ਅੱਜ ਕੱਲ੍ਹ ਨਜ਼ਰ ਹੀ ਨਹੀਂ ਆਉਂਦੇ। ਵਕਤ ਨੇ ਐਸੀ ਕਰਵੱਟ ਲਈ ਹੈ ਕਿ ਉਹ ਖ਼ੁਦ ਹੀ ਆਮਲੇਟ ਬਣ ਗਏ ਹਨ। ਹਾਂ, ਜੁੱਤੀ ਚੋਰ ਜ਼ਰੂਰ ਧਾਰਮਿਕ ਸਥਾਨਾਂ ਦੇ ਬਾਹਰ ਆਪਣੀ ਕਲਾ ਦਿਖਾ ਜਾਂਦੇ ਹਨ। ਅੱਜ ਕੱਲ੍ਹ ਤਾਂ ਅਜਿਹੇ ਛੋਟੇ-ਮੋਟੇ ਘਟੀਆ ਕਿਸਮ ਦੇ ਚੋਰਾਂ ਨੂੰ ਚੋਰ ਕਹਿਣ ’ਤੇ ਵੀ ਸ਼ਰਮ ਆਉਂਦੀ ਹੈ। 
ਅਜੋਕੇ ਸਮੇਂ ਵਿੱਚ ਵੱਡੇ-ਵੱਡੇ ਚੋਰਾਂ ਨੇ ਜਨਮ ਲੈ ਲਿਆ ਹੈ। ਇਨ੍ਹਾਂ ਕੋਲ ਵੱਡੀਆਂ-ਵੱਡੀਆਂ ਕੋਠੀਆਂ ਹਨ। ਕਈ-ਕਈ ਕਾਰਾਂ ਤੇ ਬੇਸ਼ੁਮਾਰ ਜਾਇਦਾਦ ਹੈ। ਲੋਕਾਂ ਵਿੱਚ ਇਨ੍ਹਾਂ ਨੂੰ ਘਿਰਣਾ ਨਾਲ ਨਹੀਂ, ਸਗੋਂ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਇਹ ਸਮਾਜ ਵਿੱਚ ਸੀਨਾ ਤਾਣ ਕੇ ਤੁਰਦੇ ਹਨ। ਮਜਾਲ ਹੈ ਕਿਸੇ ਕੜੇ-ਕਨੂੰਨ ਦੀ ਕਿ ਇਨ੍ਹਾਂ ਦੇ ਗਲੇ ਵਿੱਚ ਫੰਦਾ ਤਾਂ ਕੀ ਪਾਉਣਾ ਹੈ, ਇਨ੍ਹਾਂ ਦੇ ਗਲੇ ਦਾ ਨਾਪ ਵੀ ਲੈ ਸਕੇ।


ਸਾਡੇ ਦੇਸ ਵਿੱਚ ਚੋਰਾਂ ਦੀਆਂ ਅਨੇਕ ਪ੍ਰਜਾਤੀਆਂ ਹਨ। ਪੁਰਾਣੇ ਸਮਿਆਂ ਵਿੱਚ ਚਿੱਤ-ਚੋਰ ਹੋਇਆ ਕਰਦੇ ਸਨ। ਅੱਜ ਐਨੀ ਕਿਸਮ ਦੇ ਚੋਰ ਹੋ ਗਏ ਹਨ ਕਿ ਉਹ ਚਿੱਤ ਦੇ ਨਾਲ-ਨਾਲ ਵਿੱਤ ਲੈ ਕੇ ਵੀ ਰਫੂ-ਚੱਕਰ ਹੋ ਜਾਂਦੇ ਹਨ ਤੇ ਤਕੜੇ ਤੋਂ ਤਕੜੇ ਕਨੂੰਨ ਨੂੰ ਵੀ ਚੁਟਕੀ ਵਿੱਚ ਚਿੱਤ ਕਰਨ ਦੀ ਸਮਰੱਥਾ ਰੱਖਦੇ ਹਨ। ਸ਼ਰਾਫ਼ਤ ਦਾ ਚੋਲਾ ਪਾਈ ਸਾਡੇ ਚਾਰ-ਚੁਫ਼ੇਰੇ ਚੋਰ ਹੀ ਚੋਰ ਘੁੰਮ ਰਹੇ ਹਨ। ਇਨ੍ਹਾਂ ਤੋਂ ਬਚਣਾ ਵਾਕਿਆ ਹੀ ਬਹੁਤ ਮੁਸ਼ਕਲ ਹੈ, ਕਿਉਂਕਿ ਇਹ ਗੱਲਾਂ-ਬਾਤਾਂ ਵਿੱਚ ਮਨੁੱਖ ਨੂੰ ਐਨਾ ਭਰਮਾਉਂਦੇ ਹਨ ਕਿ ਉਸ ਦੀਆਂ ਖੁੱਲ੍ਹੀਆਂ ਅੱਖਾਂ ਦੇ ਸਾਹਮਣੇ ਹੀ ਕਲਾਕਾਰੀ ਕਰ ਜਾਂਦੇ ਹਨ। ਸਭ ਤੋਂ ਵੱਡੇ ਚੋਰ ਚਿੱਟੇ ਕੱਪੜਿਆਂ ਵਿੱਚ ਕਾਲੇ ਦਿਲ ਲਈ ਫਿਰਦੇ ਹਨ। ਲੋਕ ਇਹਨਾਂ ਨੂੰ ਹਰ ਪੰਜ ਸਾਲ ਬਾਅਦ ਕੋਈ ਹੋਰ ਵਿਕਲਪ ਨਾ ਹੋਣ ਕਾਰਨ ਜਨਤਕ ਦੇ ਧਨ ਦੀ ਚੋਰੀ ਕਰਨ ਅਤੇ ਡਾਕੇ ਮਾਰਨ ਲਈ ਤਖ਼ਤ ’ਤੇ ਮੁੜ ਬਿਠਾ ਦਿੰਦੇ ਹਨ। ਲੋਕ ਉਨ੍ਹਾਂ ਨੂੰ ਚੋਰੀਆਂ ਕਰਨ ਦਾ ਅਧਿਕਾਰ ਦੇ ਦਿੰਦੇ ਹਨ। ਸਭ ਕੁਝ ਪਤਾ ਹੋਣ ਦੇ ਬਾਵਜੂਦ ਲੋਕ ਮੂਰਖ ਬਣਦੇ ਹਨ। ਕਾਰਨ? ਉਹ ਬੇਵੱਸ ਹਨ-ਇਹ ਸਭ ਤੋਂ ਵੱਡੇ ਚੋਰ ਹਨ। ਇਹ ਚੋਰੀਆਂ ਹੀ ਨਹੀਂ ਕਰਦੇ, ਸਗੋਂ ਲੋਕਾਂ ਦੇ ਧਨ ’ਤੇ ਡਾਕੇ ਮਾਰਦੇ ਹਨ, ਪਰ ਢੀਠ ਐਨੇ ਹਨ ਕਿ ਆਪਣੇ ਆਪ ਨੂੰ ਬੜੀ ਬੇਸ਼ਰਮੀ ਨਾਲ ਪਾਕ-ਦਾਮਨ ਦਸਦੇ ਹੋਏ ਲੋਕਾਂ ਦੇ ਸੇਵਕ ਕਹਿੰਦੇ ਹਨ। ਇਨ੍ਹਾਂ ਦੇ ਝੋਲੀ-ਚੁੱਕ ਤੇ ਟੁੱਕੜਬੋਚ ਥਾਂ-ਥਾਂ ਇਨ੍ਹਾਂ ਦਾ ਸੁਆਗਤ ਕਰਦੇ ਹਨ। ਇਹ ਲੋਕਾਂ ਦੀਆਂ ਭਾਵਨਾਵਾਂ ਚੋਰੀ ਕਰਦੇ ਹਨ, ਉਮੀਦਾਂ ਦੀ ਚੋਰੀ, ਹੱਕਾਂ ਦੀ ਚੋਰੀ ਕਰਦੇ ਹਨ, ਲੋਕ ਭਲਾਈ ਸਕੀਮਾਂ ਦੀ ਚੋਰੀ ਕਰਦੇ ਹਨ, ਫੌਜੀਆਂ ਦੇ ਕਫਨਾਂ ਦੀ ਚੋਰੀ ਕਰਦੇ ਹਨ, ਕਿਸਾਨਾਂ ਦੇ ਝੋਨੇ ਦੀ ਚੋਰੀ ਕਰਦੇ ਹਨ, ਫ਼ੌਜੀ ਵਿਧਵਾਵਾਂ ਦੀ ਜ਼ਮੀਨ-ਜਾਇਦਾਦ ਦੀ ਚੋਰੀ ਕਰਦੇ ਹਨ। ਕਿਸੇ ਖੱਬੀ-ਖਾਂ ਦੀ ਮਜਾਲ ਨਹੀਂ ਕਿ ਇਨ੍ਹਾਂ ਦੀ ਵਾ ਵੱਲ ਵੀ ਝਾਕ ਸਕੇ। ਕਈ ਤਾਂ ਅਜਿਹੇ ਹਨ, ਜੋ ਪੁਲਸ ਦੇ ਕਾਗ਼ਜ਼ਾਂ ਵਿੱਚ ਭਗੌੜੇ ਹਨ, ਪਰ ਅਸੈਂਬਲੀ ਜਾਂ ਸੰਸਦ ਦੇ ਮੈਂਬਰ ਹਨ। ਇਨ੍ਹਾਂ ’ਤੇ ਕੋਈ ਕਨੂੰਨ ਲਾਗੂ ਨਹੀਂ ਹੁੰਦਾ। ਪੁਲਸ ਦੀ ਕੀ ਮਜਾਲ ਕਿ ਇਨ੍ਹਾਂ ਨੂੰ ਹੱਥ ਵੀ ਪਾ ਸਕੇ, ਜਦੋਂ ਕਿ ਇੱਕ ਆਮ ਚੋਰ ਨੂੰ ਕਾਬੂ ਕਰਨ ਲਈ ਉਸ ਦੇ ਪਰਵਾਰ ਤੋਂ ਇਲਾਵਾ ਉਨ੍ਹਾਂ ਦੇ ਪਸ਼ੂ-ਢਾਡਿਆਂ ਨੂੰ ਵੀ ਪੁਲਸ ਹੱਕ ਕੇ ਥਾਣੇ ਲੈ ਆਉਂਦੀ ਹੈ, ਪਰ ਸਰੇਆਮ ਦਨਦਨਾਉਂਦੇ ਫਿਰਦੇ ਇਨ੍ਹਾਂ ਵੱਡੇ ਚੋਰਾਂ ਨੂੰ ਪੁਲਸ ਸਲੂਟ ਮਾਰਦੀ ਹੈ। ਅਜਿਹੇ ਚੋਰਾਂ ਨੂੰ ਸੱਭਿਅਕ ਭਾਸ਼ਾ ਵਿੱਚ ਰਾਜਨੀਤਕ ਚੋਰ ਕਿਹਾ ਜਾਂਦਾ ਹੈ। 
ਸਰਕਾਰ ਨੇ ਰਾਜ ਦਾ ਕੰਮ-ਕਾਜ ਚਲਾਉਣ ਲਈ ਲੋਕਾਂ ’ਤੇ ਕਈ ਕਿਸਮ ਦੇ ਟੈਕਸ ਵਗੈਰਾ ਲਗਾ ਰੱਖੇ ਹਨ, ਜਿਨ੍ਹਾ ਨੂੰ ਰਾਜਸੀ ਭਾਸ਼ਾ ਵਿੱਚ ‘ਕਰ’ ਕਿਹਾ ਜਾਂਦਾ ਹੈ। ਵੈਸੇ ਕਰ ਦਾ ਇੱਕ ਅਰਥ ਹੁੰਦਾ ਹੈ ਕਰਮ ਜਾਂ ਕੰਮ, ਤੇ ਦੂਸਰਾ ਅਰਥ ਹੁੰਦਾ ਹੈ ਹੱਥ (ਕਰ-ਕਮਲ)। ਇਸ ਤਰ੍ਹਾਂ ਕਰ ਦਾ ਅਰਥ ਹੋਇਆ ਕਿ ਜੋ ਜਿੰਨੀ ਹੱਥ ਦੀ ਸਫ਼ਾਈ ਨਾਲ ਕਰ ਦੀ ਚੋਰੀ ਕਰੇ, ਉਹ ਉਨਾ ਹੀ ਸਿਆਣਾ ਕਰ ਚੋਰ ਹੁੰਦਾ ਹੈ। ਅਜਿਹੇ ਚੋਰਾਂ ਨੂੰ ਸਿਆਣੇ ਚੋਰ ਕਿਹਾ ਜਾਂਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਪੈਸਾ ਹੱਥ ਦੀ ਮੈਲ ਹੈ। ਮੈਲ ਕਿਸੇ ਵੀ ਕਿਸਮ ਦੀ ਹੋਵੇ, ਵਿਖਾਵੇ ਦੀ ਚੀਜ਼ ਨਹੀਂ ਹੁੰਦੀ। ਇਸ ਲਈ ਪੈਸੇ ਨੂੰ ਛੁਪਾ ਕੇ ਰੱਖਣਾ ਹੀ ਉੱਤਮ ਕਰ ਹੈ। ਇਸੇ ਲਈ ਸ਼ਾਤਰ ਵਪਾਰੀ ਲੋਕ ਪੈਸੇ ਨੂੰ ਛੁਪਾ ਲੈਂਦੇ ਹਨ। ਟੈਕਸ ਦੇਣ ਦੀ ਬਜਾਏ ਵਪਾਰੀ ਕਰ ਚੋਰੀ ’ਤੇ ਉਤਾਰੂ ਹੋ ਜਾਂਦਾ ਹੈ। ਇਹ ਵਪਾਰ ਕਰਦਾ ਹੈ, ਪਰ ਟੈਕਸ ਦੇਣ ਲਈ ਉਸ ਦਾ ਨਾਨਾ-ਨਾਨੀ ਨਾ ਸਹੀ, ਉਸ ਦੀ ਮਾਂ ਜ਼ਰੂਰ ਮਰਨ ਲੱਗ ਜਾਂਦੀ ਹੈ। 
ਇੱਕ ਚੋਰ ਹੁੰਦਾ ਹੈ ਬਿਜਲੀ ਚੋਰ। ਇਨ੍ਹਾਂ ਦੀ ਸੰਖਿਆ ਦੇਸ ਵਿੱਚ ਬਹੁਤ ਜ਼ਿਆਦਾ ਹੈ। ਹਰ ਗਲੀ-ਮੁਹੱਲੇ ਵਿੱਚ ਇਹ ਮਿਲ ਜਾਂਦੇ ਹਨ। ਅਫ਼ਸਰਾਂ ਦੀਆਂ ਸਰਕਾਰੀ ਤੇ ਪ੍ਰਾਈਵੇਟ ਰਿਹਾਇਸ਼ਾਂ ਥਾਣੇ, ਅਤੇ ਪ੍ਰਸ਼ਾਸਨਕ ਦਫ਼ਤਰ ਇਨ੍ਹਾਂ ਦਾ ਪੱਕਾ ਟਿਕਾਣਾ ਹੈ। ਇਹ ਬਿਜਲੀ ਦੀ ਵਰਤੋਂ ਤਾਂ ਅੰਧਾ-ਧੁੰਦ ਕਰਦੇ ਹਨ, ਪਰ ਜਦੋਂ ਬਿੱਲ ਵੇਖਦੇ ਹਨ ਤਾਂ ਇਨ੍ਹਾਂ ਦੇ ਦਿਲ ਦੀ ਬੱਤੀ ਗੁੱਲ ਹੋ ਜਾਂਦੀ ਹੈ। ਇਨ੍ਹਾਂ ਦੇ ਘਰਾਂ ਤੇ ਦਫ਼ਤਰਾਂ ਵਿੱਚ ਏ ਸੀ, ਫਰਿਜ ਤੇ ਹੋਰ ਕਈ ਕਿਸਮ ਦੇ ਬਿਜਲੀ ਉਪਕਰਨ ਹਨ । ਉਦਯੋਗਿਕ ਘਰਾਣੇ ਵੀ ਇਸ ਚੋਰੀ ਵਿੱਚ ਸ਼ਾਮਲ ਹਨ। ਅਜਿਹੇ ਚੋਰਾਂ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਹ ਆਪਣੇ ਘਰਾਂ ਤੇ ਫ਼ੈਕਟਰੀਆਂ ਨੂੰ ਚੋਰਾਂ ਤੋਂ ਬਚਾਉਣ ਲਈ ਬਿਜਲੀ ਨਾਲ ਚੱਲਣ ਵਾਲੇ ਆਧੁਨਿਕ ਯੰਤਰ ਲੁਆਉਂਦੇ ਹਨ। 
ਸਰਕਾਰ ਦੇ ਹਰ ਮਹਿਕਮੇ ਵਿੱਚ ਚੋਰਾਂ ਦੀ ਭਰਮਾਰ ਹੈ। ਕਚਹਿਰੀਆਂ-ਕੋਰਟਾਂ, ਪ੍ਰਸ਼ਾਸਨਕ ਦਫ਼ਤਰਾਂ, ਮਿਊਂਸਪਲ ਕਮੇਟੀਆਂ, ਹਸਪਤਾਲਾਂ, ਬਿਜਲੀ ਦਫ਼ਤਰਾਂ, ਖੇਤੀਬਾੜੀ ਦਫ਼ਤਰਾਂ, ਸਹਿਕਾਰੀ ਸਭਾਵਾਂ, ਮਾਲ ਵਿਭਾਗ ਦੇ ਦਫ਼ਤਰਾਂ, ਬੱਸ ਅੱਡਿਆਂ, ਸੁਵਿਧਾ ਕੇਂਦਰਾਂ, ਪੁਲਸ ਥਾਣਿਆਂ ਆਦਿ ਵਿੱਚ ਇਹ ਆਮ ਮੌਜੂਦ ਹੁੰਦੇ ਹਨ। ਬਜ਼ੁਰਗਾਂ ਦੇ ਕਹਿਣ ਅਨੁਸਾਰ ਜਿਸ ਨੂੰ ਨਾ ਵੇਖੋ, ਉਹੀ ਚੰਗਾ, ਵਰਨਾ ਚਾਰ-ਚੁਫ਼ੇਰੇ ਚੋਰ ਹੀ ਚੋਰ ਨਜ਼ਰ ਆ ਰਹੇ ਹਨ। 
ਸਾਡੇ ਦੇਸ ਵਿੱਚ ਅਜਿਹੇ ਵੀ ਚੋਰ ਹਨ, ਜੋ ਅਨਾਜ ਦੇ ਗੁਦਾਮਾਂ ਦੇ ਗੁਦਾਮ ਹੀ ਹੜੱਪ ਜਾਂਦੇ ਹਨ, ਪੁਲਾਂ ਦੇ ਪੁਲ ਚੋਰੀ ਕਰ ਜਾਂਦੇ ਹਨ, ਸੜਕਾਂ ਸਾਫ਼ ਕਰ ਜਾਂਦੇ ਹਨ। ਅਫ਼ਸਰ ਲੋਕ ਸਰਕਾਰੀ ਪੈਸੇ ਦੀ ਚੋਰੀ ਤਾਂ ਕਰਦੇ ਹੀ ਕਰਦੇ ਹਨ, ਨਾਲ ਦੀ ਨਾਲ ਸਰਕਾਰੀ ਸਮੇਂ ਦੀ ਵੀ ਚੋਰੀ ਰੱਜ ਕੇ ਕਰਦੇ ਹਨ। ਦਫ਼ਤਰ ਵਿੱਚ ਬੈਠਣ ਨੂੰ ਉਹ ਆਪਣੀ ਤੌਹੀਨ ਸਮਝਦੇ ਹਨ। ਥਾਣਿਆਂ ਵਿੱਚ ਵੱਡੇ ਚੋਰ ਤੱਕ ਪਹੁੰਚਣ ਲਈ ਪਹਿਲਾਂ ਛੋਟੇ ਚੋਰਾਂ ਤੋਂ ਜੇਬ ਕਟਵਾਉਣੀ ਪੈਂਦੀ ਹੈ। ਡਿਊਟੀ ਨਾਲ ਇਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ। ਇਹ ਆਪਣੇ ਸਿਆਸੀ ਪ੍ਰਭੂਆਂ ਦੀ ਚਾਪਲੂਸੀ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੇ। ਇਹ ਸਿਰਫ਼ ਪੈਸੇ ਚੋਰ ਹੀ ਨਹੀਂ, ਕੰਮ ਚੋਰ ਵੀ ਹਨ। ਗੱਲ ਕੀ, ਜਿਸ ਨੂੰ ਅਸੀਂ ਸਾਧ ਸਮਝਦੇ ਹਾਂ, ਉਹ ਵੀ ਭਗਵੇਂ ਕੱਪੜਿਆਂ ਵਿੱਚ ਚੋਰ ਹੈ। ਹਾਲਾਤ ਐਸੇ ਹਨ ਕਿ ਹਰ ਤਿਜੌਰੀ ਵਿੱਚ ਚੋਰੀ ਦਾ ਮਾਲ ਹੈ। ਅਫ਼ਸੋਸ ਇਹ ਹੈ ਕਿ ਚੋਰਾਂ ਨੂੰ ਫੜਨ ਵਾਲੀ ਖਾਕੀ ਸੈਨਾ ਤੇ ਉਨ੍ਹਾ ਦੀ ਪੁਸ਼ਤ-ਪਨਾਹੀ ਕਰਨ ਵਾਲੇ ਸਿਆਸੀ ਪ੍ਰਭੂ ਸਾਰੇ ਰਲੇ ਹੋਏ ਹਨ-ਯਾਨੀ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਅੱਜ ਚੋਰ ਤੇ ਸਾਧ ਦਾ ਅੰਤਰ ਕਰਨਾ ਮੁਸ਼ਕਲ ਹੋ ਗਿਆ ਹੈ। 

ਜੋ ਵੀ ਓਪ੍ਰੋਕਤ ਵਾਰਤਾ ਤੁਹਾਨੂੰ ਦਸੀ ਹੈ ਓਸ ਗੱਲ ਦਾ ਕਦੇ ਕੀਤੇ ਰੋਲਾ ਨੀ ਪਿਆ ਤੇ ਨਾ ਹੀ ਇਹਨਾ ਵਿਰੋਧ ਭੀੜ ਕਦੇ ਇਕਠੀ ਹੁੰਦੀ ਦੇਖੀ , ਤੇ ਸ਼ਾਇਦ ਕਦੇ ਇਹਨਾਂ ਨੂੰ ਚੋਰ ਕਿਹਾ ਵੀ ਨਹੀ ਜਾਵੇਗਾ ,, ਪਰ ਵਿਚਾਰਾ ਮੁਰਗੀ ਚੋਰ ਤਾਂ ਚੋਰ ਹੀ ਰਿਹਾ |

0 Comments:

Post a Comment

Subscribe to Post Comments [Atom]

<< Home