Thursday, June 28, 2012

...ਤੇ ਉਹ ਵੀ ਪਿਤਾ ਸੀ......Sachi kahani!!!!!!

ਕੁਝ ਸਾਲ ਪਹਿਲਾਂ ਮੈਨੂੰ ਇਕ ਬਿਰਧ ਨਾਗਰਿਕ ਸੰਸਥਾ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਮੈਨੂੰ ਇਹ ਕੰਮ ਲੈ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਜਾਣਦੀ ਸੀ ਕਿ ਭਵਿੱਖ ਵਿਚ ਮੇਰੇ ਮੈਡੀਕਲ ਖੇਤਰ ਦੇ ਰੁਜ਼ਗਾਰ ਵਿਚ ਇਹ ਇਕ ਤਜਰਬੇ ਦੇ ਹਵਾਲੇ ਦੇ ਰੂਪ ਵਿਚ ਫਾਇਦੇਮੰਦ ਸਾਬਿਤ ਹੋਵੇਗਾ। ਮੇਰਾ ਪਹਿਲਾ ਦਿਨ ਸ਼ੁਰੂਆਤੀ ਸਰਦੀਆਂ ਦੀ ਸਵੇਰ ਸੀ, ਸ਼ਿਫਟ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਦੂਸਰੀ ਮੰਜ਼ਿਲ ਦੇ ਸਾਰੇ ਕਮਰੇ ਘੋਖਣ ਲਈ ਕਿਹਾ ਗਿਆ। ਪੂਰੀ ਮੰਜ਼ਿਲ ਬਜ਼ੁਰਗ ਲੋਕਾਂ ਨਾਲ ਭਰੀ ਪਈ ਸੀ, ਹਰ ਕਮਰੇ ਵਿਚ ਇਕ ਬਜ਼ੁਰਗ ਸੀ। ਇਹ  ਬਜ਼ੁਰਗ ਇਥੇ ਤਾਂ ਰਹਿੰਦੇ ਸਨ ਕਿਉਂਕਿ ਕੁਝ ਕੁ ਦੇ ਤਾਂ ਕੋਈ ਪਰਿਵਾਰ ਹੀ ਨਹੀਂ ਸੀ ਜਾਂ ਘਰ ਹੀ ਨਹੀਂ ਸੀ ਪਰ ਕਈ ਬਜ਼ੁਰਗ ਇਸ ਪਿੰਜਰੇ 'ਚ ਅਜਿਹੇ ਸਨ ਜਿਨ੍ਹਾਂ ਦੇ ਪਰਿਵਾਰਾਂ ਕੋਲ ਉਨ੍ਹਾਂ ਲਈ ਕੋਈ ਸਮਾਂ, ਕੋਈ ਜਗ੍ਹਾ ਹੀ ਨਹੀਂ ਸੀ ਇਨ੍ਹਾਂ ਬੁੱਢੜੇ ਹੱਡਾਂ ਲਈ। ਇਸ ਪੂਰੀ ਮੰਜ਼ਿਲ 'ਤੇ ਸਿਰਫ ਇਕ ਬਜ਼ੁਰਗ ਤੋਂ ਇਲਾਵਾ ਕੋਈ ਵੀ ਭਾਰਤੀ ਬੋਲੀ ਨਹੀਂ ਬੋਲਦਾ ਸੀ। ਉਹ ਆਮ ਤੌਰ 'ਤੇ ਚੁੱਪ-ਗੜੁੱਪ ਰਹਿੰਦਾ ਸੀ, ਕਿਉਂਕਿ  ਅੰਗਰੇਜ਼ੀ ਨਾ ਆਉਣ ਕਰਕੇ ਉਹ ਕਿਸੇ ਨਾਲ ਵੀ ਗੱਲਬਾਤ ਨਹੀਂ ਕਰ ਸਕਦਾ ਸੀ। ਉਹਦੀਆਂ ਅੱਖਾਂ   ਸ਼ਾਇਦ ਬੁੱਲ੍ਹਾਂ ਨਾਲੋਂ ਜ਼ਿਆਦਾ ਕਹਿ ਲੈਂਦੀਆਂ ਸਨ, ਕਿਉਂਕਿ ਅੱਖਾਂ ਨੂੰ ਬੋਲੀ ਦੀ ਲੋੜ ਨਹੀਂ ਹੁੰਦੀ।
ਜਦ ਵੀ ਮੈਂ ਉਸਨੂੰ ਦੇਖਦੀ ਉਹ ਸ਼ਾਂਤ, ਮੌਨ ਧਾਰੀ ਹੁੰਦਾ ਤੇ ਉਹ ਹਮੇਸ਼ਾ ਉਸੇ ਤਰ੍ਹਾਂ ਕਰਦਾ ਜਿਸ ਤਰ੍ਹਾਂ ਕਰਨ ਨੂੰ ਨਰਸਾਂ ਉਸ ਨੂੰ ਕਹਿੰਦੀਆਂ। ਉਹ ਬਸ ਇਸ਼ਾਰਿਆਂ ਦੇ ਨਾਲ-ਨਾਲ ਚਲਦਾ ਤੇ ਬਿਨਾਂ ਸ਼ੱਕ ਉਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਇਕ ਦਿਨ ਜਦੋਂ ਮੈਨੂੰ ਉਸਦੇ ਸਣੇ ਕੁਝ ਬਜ਼ੁਰਗਾਂ ਨੂੰ ਨਹਾਉਣ ਵਿਚ ਨਰਸਾਂ ਦੀ ਮਦਦ ਕਰਨ ਲਈ ਕਿਹਾ ਗਿਆ ਤਾਂ ਮੈਂ ਉਸ ਕੋਲ  ਸੂਚੀ ਦੇ ਕ੍ਰਮ ਅਨੁਸਾਰ ਗਈ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਇਕ ਵੀ ਸ਼ਬਦ ਕਹਿੰਦੀ ਉਸ ਨੇ ਹੌਲੀ ਜਿਹੇ ਆਪਣੇ ਸਿਰ ਤੋਂ ਪੱਗੜੀ ਉਤਾਰ ਦਿੱਤੀ ਕਿਉਂਕਿ ਉਹਨੂੰ ਨਿਤਨੇਮ ਦਾ ਪਤਾ ਸੀ।
''ਤੁਹਾਡੇ ਧੋਤੇ ਹੋਏ ਕੱਪੜੇ ਕਿੱਥੇ ਨੇ ਬਾਬਾ ਜੀ?'' ਮੈਂ ਪੁੱਛਿਆ। ਮੈਂ ਉਸਨੂੰ 'ਬਾਬਾ ਜੀ' ਕਹਿ ਕੇ ਬੁਲਾਇਆ ਸੀ ਕਿਉਂਕਿ ਇਕ ਭਾਰਤੀ ਮੂਲ ਦੀ ਹੋਣ ਕਰਕੇ ਮੈਨੂੰ ਇਹ ਸਿੱਖਿਆ ਦਿੱਤੀ ਗਈ ਸੀ ਕਿ ਕਿਸੇ ਵੀ ਬਜ਼ੁਰਗ ਨੂੰ ਨਾਂ ਲੈ ਕੇ ਨਹੀਂ ਬੁਲਾਉਣਾ ਚਾਹੀਦਾ ਚਾਹੇ ਉਹ ਅਜਨਬੀ ਹੀ ਕਿਉਂ ਨਾ ਹੋਵੇ। ਇਸ ਤਰ੍ਹਾਂ 'ਬਾਬਾ ਜੀ' ਕੋਈ ਵੀ ਬਜ਼ੁਰਗ ਹੋ ਸਕਦਾ ਹੈ ਜੋ ਮੇਰੇ ਦਾਦਾ ਜੀ ਦੀ ਉਮਰ ਦਾ ਹੋਵੇ ਜਾਂ ਦਾਦਾ ਜੀ ਆਪ ਵੀ ਹੋ ਸਕਦੇ ਨੇ।
''ਜਸ, ਕਲਾਦ, ਬਾਕਸ'' ਉਹਨੇ ਪੂਰੇ ਵਾਕ ਵਿਚੋਂ ਟੁੱਟੇ-ਫੁੱਟੇ ਅੰਗਰੇਜ਼ੀ ਦੇ ਕੁਝ ਇਕ ਸ਼ਬਦ ਬੋਲੇ ਹੋਏ  ਉਂਗਲ ਨਾਲ  ਅਲਮਾਰੀ ਵੱਲ ਇਸ਼ਾਰਾ ਕੀਤਾ। 
ਭਾਵੇਂ ਇੰਝ ਲਗਦਾ ਸੀ ਕਿ ਉਸ ਕੋਲ ਕਹਿਣ ਨੂੰ ਦਿਲ ਵਿਚ ਬਹੁਤ ਕੁਝ ਹੈ ਤੇ ਸ਼ਾਇਦ ਉਸਨੇ ਇਹ ਸੋਚਿਆ ਕਿ ਮੈਂ ਵੀ ਹੋਰਨਾਂ ਨਰਸਾਂ ਵਰਗੀ ਹਾਂ ਜੋ ਉਸ ਨਾਲ ਸਿਰਫ ਅੰਗਰੇਜ਼ੀ ਵਿਚ ਹੀ ਗੱਲ ਕਰਦੀਆਂ ਨੇ। 
''ਮੈਂ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰ ਸਕਦੀ ਹਾਂ ਬਾਬਾ ਜੀ'' ਮੈਂ ਉਸਨੂੰ ਉਸੇ ਦੀ ਬੋਲੀ ਵਿਚ ਦੁਬਾਰਾ ਕਿਹਾ। ਉਹਨੇ ਮੇਰੇ ਵੱਲ ਹੈਰਾਨੀ ਤੇ ਉਮੜਦੀਆਂ ਭਾਵਨਾਵਾਂ ਨਾਲ ਦੇਖਿਆ ਜੋ ਮੈਨੂੰ ਉਸ ਪਲ ਜ਼ਿਆਦਾ ਕੁਝ ਨਾ ਸਮਝ ਆਇਆ। ਮੈਂ ਕੁਝ ਪਲ ਹੋਰ ਉਸ ਕੋਲ ਰੁਕੀ ਜਦੋਂ ਤਕ ਕਿ ਸੂਚੀ ਵਿਚਲੇ ਅਗਲੇ ਬਾਸ਼ਿੰਦੇ ਦੀ ਵਾਰੀ ਨਾ ਆਈ। ਤਾਜ਼ੇ ਨਿੱਘੇ ਇਸ਼ਨਾਨ  ਤੋਂ ਬਾਅਦ ਉਸ ਨੇ ਮੇਰੇ ਨਾਲ ਆਪਣੀ ਜ਼ਿੰਦਗੀ ਬਾਰੇ, ਆਪਣੇ ਪੜ੍ਹੇ-ਲਿਖੇ ਬੱਚਿਆਂ ਬਾਰੇ, ਆਪਣੇ ਸੋਹਣੇ ਘਰ ਬਾਰੇ ਜੋ ਕਦੇ ਉਹਦਾ ਹੁੰਦਾ ਸੀ, ਬਹੁਤ ਗੱਲਾਂ ਕੀਤੀਆਂ। ਇੰਝ ਲਗਦਾ ਸੀ ਜਿਵੇਂ ਉਹ ਦੁਨੀਆ ਦੀਆਂ ਸਾਰੀਆਂ ਗੱਲਾਂ ਉਸੇ ਘੰਟੇ ਵਿਚ ਉਗਲ ਦੇਣਾ ਚਾਹੁੰਦਾ ਸੀ। ਇਹ ਗੱਲ ਇਥੇ ਜ਼ਿਕਰਯੋਗ ਹੈ ਕਿ ਉਸ ਦੀ ਵੇਰਵੇ ਸਾਰਣੀ ਮੁਤਾਬਕ ਉਹ ਬਹੁਤ ਸ਼ਾਂਤ ਬੰਦਾ ਸੀ ਜੋ ਉਥੋਂ ਦੇ ਕਿਸੇ ਹੋਰ ਬਾਸ਼ਿੰਦੇ ਨਾਲ ਕਿਸੇ ਵੀ ਕਾਰਜ ਵਿਚ ਹਿੱਸਾ ਨਹੀਂ ਲੈਂਦਾ ਸੀ। 
''ਮੇਰੇ ਵੱਡੇ ਮੁੰਡੇ ਦਾ ਘਰ ਮਹਿਲਾਂ ਵਰਗਾ ਆ'' ਇਕ ਦਿਨ ਜੇਤੂਆਂ ਵਾਲੀ ਮੁਸਕਾਨ ਲਈ ਉਹ ਆਦਮੀ ਮੈਨੂੰ ਦੱਸ ਰਿਹਾ ਸੀ, ਭਾਵੇਂ ਉਸ ਨੂੰ ਆਪਣੇ ਮੁੰਡੇ ਦੇ ਇਸ ਮਹੱਲ ਵਿਚ ਇਕ ਕੋਨਾ ਵੀ ਹਿੱਸੇ ਨਹੀਂ ਆਇਆ ਸੀ। ਅਸਲ ਗੱਲ ਤਾਂ ਇਹ ਸੀ ਕਿ ਮੈਂ ਉਸ ਨੂੰ ਕਦੇ ਵੀ ਆਪਣੇ ਬੱਚਿਆਂ ਬਾਰੇ ਜਾਂ ਇਸ ਜਗ੍ਹਾ 'ਤੇ ਛੱਡੇ ਜਾਣ ਬਾਰੇ ਸ਼ਿਕਾਇਤ ਕਰਦਿਆਂ ਨਹੀਂ ਸੁਣਿਆ ਸੀ।
''ਕੀ ਤੂੰ ਇਥੇ ਰੋਜ਼ ਆਇਆ ਕਰੇਂਗੀ?'' ਉਸਨੇ ਮੈਨੂੰ ਜਗਿਆਸਾ  ਨਾਲ ਪੁੱਛਿਆ। ''ਨਹੀਂ, ਕਦੇ-ਕਦੇ ਆਇਆ ਕਰੂੰਗੀ'' ਮੈਂ ਜਵਾਬ ਦਿੱਤਾ।
''ਜਦੋਂ ਤੂੰ   ਆਉਂਦੀ ਏ ਤਾਂ ਚੰਗਾ ਲੱਗਦਾ।'' ਹੰਝੂਆਂ 'ਚ ਭਿੱਜੀਆਂ ਅੱਖਾਂ ਤੇ ਮੁਸਕਰਾਉਂਦੇ ਚਿਹਰੇ ਨਾਲ ਉਹਨੇ ਮੇਰਾ ਹੱਥ ਫੜਦਿਆਂ ਅੱਗੇ ਕਿਹਾ। ਮੇਰੇ 200 ਘੰਟੇ ਦੇ ਕੰਮ ਦੌਰਾਨ ਮੈਂ ਉਸ ਸੰਸਥਾ ਵਿਚ ਰੋਜ਼ ਜਾਂਦੀ ਸੀ ਤੇ ਉਹ ਹਮੇਸ਼ਾ ਮੈਨੂੰ ਦੇਖ ਕੇ ਖੁਸ਼ ਹੋਇਆ ਕਰਦਾ। ਉਸਨੂੰ ਹਮੇਸ਼ਾ ਮੇਰੇ ਦੁਬਾਰਾ ਆਉਣ ਦੀ ਤਾਂਘ ਲੱਗੀ ਰਹਿੰਦੀ ਸੀ ਕਿਉਂਕਿ ਮੈਂ ਉਸ ਲਈ ਉਹ ਰਿਵਾਇਤੀ ਭੋਜਨ ਲੈ ਕੇ ਆਉਂਦੀ ਸੀ ਜੋ ਉਹ ਸਾਰੀ ਉਮਰ ਖਾਂਦਾ ਰਿਹਾ ਸੀ  ਤੇ ਮੈਂ ਉਸ ਨੂੰ ਇਹ ਖਾਣਾ ਖਾਂਦਿਆਂ ਤੇ ਆਨੰਦ ਮਾਣਦਿਆਂ ਦੇਖਦੀ ਹੁੰਦੀ ਸੀ।
''ਮੈਂ ਇਕ ਨਿੱਕੀ ਜਿਹੀ ਕੁੜੀ ਦੇਖੀ ਜੋ ਬਿਲਕੁਲ ਮੇਰੀ ਪੋਤੀ ਵਰਗੀ ਦਿਸਦੀ ਸੀ; ਉਹ ਆਪਣੀ ਮਾਂ ਨਾਲ ਇਥੇ ਕਿਸੇ ਨੂੰ ਮਿਲਣ ਆਈ ਸੀ।'' ਉਹਨੇ ਮੈਨੂੰ ਦੱਸਿਆ ਜਦੋਂ ਮੈਂ ਸਵੇਰ ਨੂੰ ਕੰਮ ਅਜੇ ਸ਼ੁਰੂ ਹੀ ਕਰਨ ਲੱਗੀ ਸੀ। ''ਸੱਚੀ! ਤਾਂ ਫਿਰ ਤੁਸੀਂ ਆਪਣੀ ਪੋਤੀ ਨੂੰ ਯਾਦ ਕਰਦੇ ਹੋ?'' ਮੈਂ ਸਵਾਲ ਕੀਤਾ। ''ਉਹ ਮੈਨੂੰ ਕਿਤੇ-ਕਿਤੇ ਮਿਲਣ ਆਉਂਦੀ ਹੁੰਦੀ ਆ, ਮੈਨੂੰ ਪਤਾ ਉਹ ਜ਼ਰੂਰ ਆਪਣੀ ਮਾਂ ਕੋਲ ਮੈਨੂੰ ਰੋਜ਼ ਮਿਲਣ ਆਉਣ ਦੀ ਜ਼ਿੱਦ ਕਰਦੀ ਹੋਣੀ ਆ, ਉਹ ਮੇਰਾ ਬੜਾ ਮੋਹ ਕਰਦੀ ਆ ਪਤਾ।''
''ਇਹ ਤਾਂ ਬੜੀ ਚੰਗੀ ਗੱਲ ਆ।'' ਮੈਂ ਝੂਠੇ ਤੇ ਰਸਮੀ ਜਿਹੇ ਹਾਸੇ ਨਾਲ ਜਵਾਬ ਦਿੱਤਾ ਕਿਉਂਕਿ ਮੈਨੂੰ ਉਸ ਦੀ ਵੇਰਵਾ ਸਾਰਣੀ ਤੋਂ ਪਤਾ ਸੀ ਕਿ ਪਿਛਲੇ ਦੋ ਸਾਲਾਂ ਤੋਂ ਕੋਈ ਵੀ ਉਹਨੂੰ ਮਿਲਣ ਨਹੀਂ ਆਇਆ ਸੀ, ਕਿਉਂਕਿ ਬੱਚੇ ਜ਼ਰੂਰ ਆਪੋ-ਆਪਣੀ ਜ਼ਿੰਦਗੀ, ਬੱਚਿਆਂ ਤੇ ਆਪਣੇ ਬੁਢਾਪੇ ਲਈ ਦੌਲਤ ਇਕੱਠੀ ਕਰਨ 'ਚ ਮਸਰੂਫ ਹੋਣਗੇ। ਉਸ ਦਿਨ ਪਹਿਲੀ ਵਾਰ ਮੈਨੂੰ ਇਹ ਅਹਿਸਾਸ ਹੋਇਆ ਕਿ ਉਮਰ ਦੇ ਇਸ ਮੁਕਾਮ 'ਤੇ ਪਰਿਵਾਰ ਦਾ ਪਿਆਰ ਤੇ ਹਿਫਾਜ਼ਤ ਹੀ ਅਸਲ ਸੰਤੁਲਿਤ ਖੁਰਾਕ ਹੈ। ਸਮਾਂ ਗੁਜ਼ਾਰਿਆ ਤੇ ਮੇਰਾ ਉਸ ਸੰਸਥਾ ਵਿਚ ਕੰਮ ਖਤਮ ਹੋ ਗਿਆ ਤੇ ਮੈਂ ਅਜੇ ਵੀ ਉਸ ਨੂੰ ਮਿਲਣ ਜਾਂਦੀ ਸੀ ਪਰ ਪਹਿਲਾਂ ਜਿੰਨਾ ਨਹੀਂ। ਜਦੋਂ ਮੈਂ ਕਿਸੇ ਹੋਰ ਕੰਮ ਵਿਚ ਵਿਅਸਤ ਹੋਣ ਕਾਰਨ ਕਿਸੇ ਦਿਨ ਨਾ ਜਾ ਸਕਦੀ ਤਾਂ ਉਹ ਦੂਸਰੇ ਦਿਨ ਮੈਨੂੰ ਸ਼ਿਕਾਇਤ ਕਰਦਾ ਤੇ ਕੁਝ ਪਲਾਂ ਲਈ ਮੇਰੇ ਨਾਲ ਗੁੱਸੇ ਹੋ ਜਾਂਦਾ। ਫਿਰ ਕੁਝ ਪਲਾਂ ਬਾਅਦ ਹੀ ਉਹ ਮੈਨੂੰ ਉਹੀ ਪੁਰਾਣੀਆਂ ਕਈ ਵਾਰ ਦੁਹਰਾਈਆਂ ਹੋਈਆਂ ਕਹਾਣੀਆਂ ਬਿਨਾਂ ਕਿਸੇ ਲੜੀ ਦੇ ਸੁਣਾਉਣ ਲੱਗ ਪੈਂਦਾ ਪਰ ਮੈਨੂੰ ਉਸ ਨੂੰ ਖੁਸ਼ ਦੇਖ ਕੇ ਅਜੀਬ ਤਸੱਲੀ ਹੁੰਦੀ ਸੀ। ਮੈਂ ਆਪਣੇ ਫੁੱਲ ਟਾਈਮ ਸਕੂਲ ਤੇ ਪਾਰਟ ਟਾਈਮ ਕੰਮ ਵਿਚ ਹੋਰ ਜ਼ਿਆਦਾ ਮਸਰੂਫ ਹੋ ਗਈ ਸੀ ਤੇ ਮੈਂ ਫਿਰ ਵੀ ਮਹੀਨੇ ਦੋ ਮਹੀਨੇ ਬਾਅਦ ਉਸ ਨੂੰ ਦੇਖਣ ਜਾਂਦੀ ਰਹੀ, ਹਰ ਵਾਰ ਮੈਨੂੰ ਉਹ ਪਹਿਲਾਂ ਨਾਲੋਂ ਹੋਰ ਜ਼ਿਆਦਾ ਕਮਜ਼ੋਰ  ਤੇ ਡੂੰਘੀ ਚੁੱਪ ਦਾ ਸਤਾਇਆ ਹੋਇਆ ਲਗਦਾ! ਫਿਰ ਮੈਂ 5 ਕੁ ਮਹੀਨਿਆਂ ਲਈ ਉਸਨੂੰ ਮਿਲਣ ਬਿਲਕੁਲ ਹੀ ਨਾ ਜਾ ਸਕੀ ਤੇ ਇਹ ਇਕ ਬਹੁਤ ਵੱਡਾ ਵਕਫਾ ਸੀ। ਜਦੋਂ ਮੈਂ ਅਖੀਰ ਇਕ ਦਿਨ ਉਸ ਸੰਸਥਾ ਵਿਚ ਪਹੁੰਚੀ, ਉਸੇ ਤਰ੍ਹਾਂ ਦੇ ਸਵਾਗਤ ਅਤੇ ਮੋਹ ਦੀ ਆਸ ਵਿਚ ਪਰ ਇਸ ਵਾਰ ਇਹ ਵੱਖਰਾ ਸੀ। ਮੈਨੂੰ ਵੱਡੀ ਨਰਸ ਨੇ ਦੱਸਿਆ ਕਿ ਉਹ ਇਕ ਹਫਤਾ ਪਹਿਲਾਂ ਹੀ ਚੱਲ ਵਸਿਆ ਸੀ। ਮੈਂ ਸਦਮੇ ਨਾਲ ਸੁੰਨ ਹੋ ਗਈ, ਮੇਰੇ ਕੋਲ ਕਹਿਣ-ਸੁਣਨ ਜਾਂ ਬਿਆਨ ਕਰਨ ਨੂੰ ਕੋਈ ਸ਼ਬਦ ਨਹੀਂ ਸਨ। ਉਹ ਚੱਲ ਵਸਿਆ ਸੀ, ਕੋਈ ਨਹੀਂ ਜਾਣਦਾ ਸੀ ਕਿ ਉਸਦੇ ਦਿਲ ਦੀਆਂ ਡੂੰਘਾਈਆਂ ਵਿਚ ਕਹਿਣ ਨੂੰ ਕਿੰਨਾ ਕੁਝ ਸੀ!  

0 Comments:

Post a Comment

Subscribe to Post Comments [Atom]

<< Home