Thursday, June 28, 2012

ਸੁੰਦਰਤਾ....!!!!

ਇਕ ਵਾਰ ਦੀ ਗੱਲ ਹੈ। ਇਕ ਰਾਜਕੁਮਾਰ ਆਪਣੀ ਹੀ ਸੁੰਦਰਤਾ 'ਤੇ ਫਿਦਾ ਸੀ। ਜਦੋਂ ਵੀ ਕੋਈ ਯਾਤਰੀ ਉਸ ਦੇ ਮਹੱਲ 'ਚ ਆਉਂਦਾ ਤਾਂ ਉਹ ਉਸ ਨੂੰ ਪੁੱਛਦਾ, ''ਕੀ ਤੂੰ ਕੋਈ ਅਜਿਹਾ ਵਿਅਕਤੀ ਦੇਖਿਆ ਹੈ, ਜੋ ਮੇਰੇ ਵਾਂਗ ਸੁੰਦਰ ਹੋਵੇ।
ਕਿਸੇ ਨੇ ਉਸ ਵਰਗਾ ਸੁੰਦਰ ਵਿਅਕਤੀ ਨਹੀਂ ਦੇਖਿਆ ਸੀ। ਇਕ ਦਿਨ ਇਕ ਖੁਸ਼ਾਮਦੀ ਯਾਤਰੀ ਨੇ ਰਾਜਕੁਮਾਰ ਨੂੰ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਰੱਬ ਵੀ ਤੁਹਾਡੇ ਜਿੰਨਾ ਸੁੰਦਰ ਹੋਵੇਗਾ।''
ਇਹ ਸੁਣ ਕੇ ਰਾਜਕੁਮਾਰ ਬਹੁਤ ਖੁਸ਼ ਹੋਇਆ ਅਤੇ ਸਭ ਨੂੰ ਕਹਿਣ ਲੱਗਾ ਕਿ ਉਹ ਦੇਵਤਾ ਤੋਂ ਵੀ ਜ਼ਿਆਦਾ ਸੁੰਦਰ ਹੈ।
ਇਕ ਦਿਨ ਉਸ ਕੋਲ ਦੋ ਯਾਤਰੀ ਆਏ, ਜੋ ਖੁਦ ਨੂੰ ਰੱਬ ਦੱਸਦੇ ਸਨ। ਉਨ੍ਹਾਂ ਨੇ ਕਿਹਾ, ''ਅਸੀਂ ਇਹ ਦੇਖਣ ਆਏ ਹਾਂ ਕਿ ਕੀ ਤੁਸੀਂ ਸੱਚਮੁਚ ਸੁੰਦਰ ਹੋ, ਜਿਵੇਂ ਕਿ ਤੁਸੀਂ ਦਾਅਵਾ ਕਰਦੇ ਹੋ?''
ਉਸ ਨੇ ਪੁੱਛਿਆ, ''ਕੀ ਮੈਂ ਲੱਗਦਾ ਨਹੀਂ?''
ਉਨ੍ਹਾਂ 'ਚੋਂ ਇਕ ਦੇਵਤਾ ਨੇ ਕਿਹਾ, ''ਅਸੀਂ ਪਹਿਲਾਂ ਵੀ ਤੁਹਾਨੂੰ ਮਿਲਣ ਆਏ ਸੀ, ਜਦੋਂ ਤੁਸੀਂ ਸੌਂ ਰਹੇ ਸੀ। ਉਦੋਂ ਤੁਸੀਂ ਵਧੇਰੇ ਸੁੰਦਰ ਲੱਗ ਰਹੇ ਸੀ।''
''ਮੇਰੀ ਸੁੰਦਰਤਾ ਕੁਝ ਘੰਟਿਆਂ 'ਚ ਹੀ ਘਟ ਕਿਵੇਂ ਸਕਦੀ ਹੈ?'' ਰਾਜਕੁਮਾਰ ਨੇ ਕਿਹਾ ਅਤੇ ਆਪਣੇ ਨੌਕਰਾਂ ਵੱਲ ਦੇਖਣ ਲੱਗਾ।
ਉਸ ਨੇ ਪੁੱਛਿਆ, ''ਕੀ ਮੈਂ ਸਵੇਰੇ ਵਧੇਰੇ ਸੁੰਦਰ ਨਜ਼ਰ ਆ ਰਿਹਾ ਸੀ?''
ਨੌਕਰਾਂ ਨੇ ਕਿਹਾ, ''ਤੁਸੀਂ ਪਹਿਲਾਂ ਵਾਂਗ ਹੀ ਸੁੰਦਰ ਲੱਗ ਰਹੇ ਹੋ?''
ਉਨ੍ਹਾਂ ਯਾਤਰੀਆਂ 'ਚੋਂ ਇਕ ਨੇ ਕਿਹਾ, ''ਅਸੀਂ ਦੇਵਤਾ ਹਾਂ, ਅਸੀਂ ਉਹ ਦੇਖ ਸਕਦੇ ਹਾਂ, ਜੋ ਤੁਹਾਡੇ ਨੌਕਰ ਨਹੀਂ ਦੇਖ ਸਕਦੇ। ਉਨ੍ਹਾਂ ਦੀ ਦ੍ਰਿਸ਼ਟੀ ਸੰਪੂਰਨ ਨਹੀਂ ਹੈ ਅਤੇ ਅਸੀਂ ਇਸ ਦਾ ਸਬੂਤ ਤੁਹਾਨੂੰ ਦੇ ਸਕਦੇ ਹਾਂ। ਪਾਣੀ ਦਾ ਭਰਿਆ ਇਕ ਬਰਤਨ ਲਿਆਂਦਾ ਜਾਵੇ।''
ਪਾਣੀ ਦਾ ਭਰਿਆ ਬਰਤਨ ਲਿਆਂਦਾ ਗਿਆ। ਉਨ੍ਹਾਂ 'ਚੋਂ ਇਕ ਦੇਵਤਾ ਨੇ ਨੌਕਰ ਨੂੰ ਕਿਹਾ, ''ਇਸ ਨੂੰ ਧਿਆਨ ਨਾਲ ਦੇਖ।'' ਅਤੇ ਫਿਰ ਕਮਰੇ 'ਚੋਂ ਬਾਹਰ ਜਾਣ ਲਈ ਕਿਹਾ। ਜਦੋਂ ਨੌਕਰ ਉਥੋਂ ਚਲੇ ਗਏ ਤਾਂ ਉਸ ਨੇ ਪਾਣੀ ਦੇ ਬਰਤਨ 'ਚੋਂ ਅੱਧਾ ਚੱਮਚ ਕੱਢ ਲਿਆ। ਫਿਰ ਦੁਬਾਰਾ ਨੌਕਰ ਨੂੰ ਬੁਲਾਇਆ ਗਿਆ।
ਦੇਵਤਾ ਨੇ ਕਿਹਾ, ''ਕੀ ਤੈਨੂੰ ਇਸ 'ਚ ਕੋਈ ਤਬਦੀਲੀ ਨਜ਼ਰ ਆਈ?''
''ਨਹੀਂ।'' ਨੌਕਰ ਨੇ ਕਿਹਾ।
ਦੇਵਤਾ ਨੇ ਕਿਹਾ, ''ਨੌਕਰਾਂ ਨੇ ਇਹ ਨਹੀਂ ਦੇਖਿਆ ਕਿ ਪਾਣੀ ਘਟ ਗਿਆ ਹੈ। ਉਸੇ ਤਰ੍ਹਾਂ ਉਨ੍ਹਾਂ ਨੇ ਤੁਹਾਡੀ ਸੁੰਦਰਤਾ ਨੂੰ ਵੀ ਘੱਟ ਹੁੰਦਿਆਂ ਨਹੀਂ ਦੇਖਿਆ।'' 
ਇਹ ਸੁਣ ਕੇ ਰਾਜਕੁਮਾਰ ਜਿਵੇਂ ਸੁੰਨ ਹੋ ਗਿਆ। ਉਸ ਨੇ ਸੋਚਿਆ ਕਿ ਮੇਰੀ ਸੁੰਦਰਤਾ ਦਿਨੋ-ਦਿਨ ਘਟ ਰਹੀ ਹੈ। ਇਹ ਸਿਰਫ ਕੁਝ ਦੇਰ ਲਈ ਹੀ ਹੈ। ਮੈਂ ਉਸ ਚੀਜ਼ 'ਤੇ ਕਿਉਂ ਫਿਦਾ ਹਾਂ, ਜੋ ਖਤਮ ਹੋ ਜਾਣੀ ਹੈ? ਮੈਨੂੰ ਆਪਣੀ ਅੰਦਰੂਨੀ ਖੂਬਸੂਰਤੀ ਨਾਲ ਜੁੜਨਾ ਚਾਹੀਦੈ।''
ਉਸ ਨੇ ਫਿਰ ਕਦੇ ਦੁਬਾਰਾ ਸ਼ੀਸ਼ਾ ਨਹੀਂ ਦੇਖਿਆ। ਇਸੇ ਦੌਰਾਨ ਉਸ ਨੇ ਆਪਣਾ ਸਿੰਘਾਸਨ ਛੱਡ ਦਿੱਤਾ ਅਤੇ ਉਹ ਸਾਧੂ ਬਣ ਗਿਆ।

0 Comments:

Post a Comment

Subscribe to Post Comments [Atom]

<< Home