Thursday, June 28, 2012

ਪੰਜ ਦੋਸਤ.........Bal Kahaani!!!!!!!!!!

ਸੁਨੀਲ, ਅਨਿਲ, ਅਮਰੀਕ ਸਿੰਘ, ਨਰਿੰਦਰ ਸਿੰਘ ਤੇ ਹੈਪੀ¸ਇਹ ਸਾਰੇ ਹਮਉਮਰ ਸਨ। ਇਨ੍ਹਾਂ ਦੀ ਆਪਸ ਵਿਚ ਬਹੁਤ ਪੱਕੀ ਦੋਸਤੀ ਸੀ। ਇਹ ਇਕ ਹੀ ਕਾਲੋਨੀ ਵਿਚ ਰਹਿੰਦੇ ਸਨ ਅਤੇ ਸਬੱਬ ਨਾਲ ਇਕ ਹੀ ਸਕੂਲ ਵਿਚ ਪੜ੍ਹਦੇ ਸਨ। ਹੈਪੀ, ਅਮਰੀਕ ਸਿੰਘ ਉਰਫ਼ ਮੀਕਾ ਤੇ ਨਰਿੰਦਰ ਸਿੰਘ ਉਰਫ਼ ਨਿੰਦੂ¸ਇਹ ਤਿੰਨੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਸਨ, ਜਦਕਿ ਅਨਿਲ ਤੇ ਸੁਨੀਲ ਸੱਤਵੀਂ ਜਮਾਤ ਵਿਚ ਪੜ੍ਹਦੇ ਸਨ। ਇਹ ਸਾਰੇ ਲੱਗਭਗ ਇਕੱਠੇ ਹੀ ਸਕੂਲ ਨੂੰ ਪੜ੍ਹਨ ਲਈ ਜਾਇਆ ਕਰਦੇ ਸਨ ਅਤੇ ਇਕੱਠੇ ਹੀ ਸਕੂਲ ਤੋਂ ਵਾਪਿਸ ਆਇਆ ਕਰਦੇ ਸਨ। ਸ਼ਾਮ ਨੂੰ ਆਪੋ-ਆਪਣਾ ਹੋਮਵਰਕ ਕਰਕੇ ਕਾਲੋਨੀ ਦੇ ਵੱਡੇ ਮੈਦਾਨ ਵਿਚ ਕਦੇ ਇਕ ਖੇਡ ਖੇਡਦੇ, ਕਦੇ ਦੂਜੀ ਖੇਡ ਖੇਡਦੇ। ਕਾਲੋਨੀ ਦੇ ਹੋਰ ਬੱਚਿਆਂ ਨੂੰ ਵੀ ਆਪਣੇ ਨਾਲ ਖਿਡਾ ਲੈਂਦੇ। ਉਹ ਆਪਸ ਵਿਚ ਰਲ ਕੇ ਖੇਡਦੇ। ਉਹ ਪੰਜ ਦੋਸਤ ਆਪਸ ਵਿਚ ਤਾਂ ਖ਼ੂਬ ਹਾਸੇ-ਠੱਠੇ ਵਾਲੀਆਂ ਗੱਲਾਂ ਕਰ ਲੈਂਦੇ ਸਨ। ਐਪਰ ਹੋਰ ਬੱਚਿਆਂ ਨਾਲ ਠੱਠੇ-ਮਖੌਲ ਵਾਲੀਆਂ ਗੱਲਾਂ ਘੱਟ ਹੀ ਕਰਿਆ ਕਰਦੇ ਸਨ। ਹੋਰਾਂ ਨਾਲ ਕੋਈ ਸ਼ਰਾਰਤ, ਕੋਈ ਮਜ਼ਾਕ ਸੋਚ-ਸਮਝ ਕੇ ਕਰਦੇ ਸਨ। 
ਪੰਜੇ ਦੋਸਤ ਆਪਸ ਵਿਚ ਬਹੁਤ ਪਿਆਰ ਨਾਲ, ਦੋਸਤੀ ਨਾਲ ਰਹਿੰਦੇ ਸਨ। ਉਨ੍ਹਾਂ 'ਚੋਂ ਜੇਕਰ ਕੋਈ ਮਿੱਤਰ ਕਿਸੇ ਗੱਲ ਤੋਂ, ਕਿਸੇ ਕਾਰਨ ਰੁੱਸ ਜਾਂਦਾ ਤਾਂ ਦੂਜੇ ਮਿੱਤਰ ਉਸ ਨੂੰ ਝੱਟ ਹੀ ਮਨਾ ਲੈਂਦੇ। ਉਨ੍ਹਾਂ ਵਿਚਕਾਰ ਦੋਸਤੀ ਦਾ ਰੰਗ ਹੋਰ ਜ਼ਿਆਦਾ ਗੂੜ੍ਹਾ ਹੋ ਜਾਂਦਾ। ਉਹ ਸੋਚਦੇ ਕਿ ਸਾਡੀ ਕਾਲੋਨੀ ਦੇ ਵੱਡੇ ਲੋਕ ਅਤੇ ਸਾਡੇ ਮਾਤਾ-ਪਿਤਾ ਸਾਡੇ ਬੱਚਿਆਂ ਵਾਂਗ ਕਿਉਂ ਨਹੀਂ ਰਹਿੰਦੇ? ਇਹ ਕਿਉਂ ਇਕ-ਦੂਸਰੇ ਨੂੰ ਘੱਟ ਹੀ ਬੁਲਾਉਂਦੇ ਹਨ। ਆਪਸ ਵਿਚ ਹਾਸੇ-ਮਜ਼ਾਕ ਵਾਲੀਆਂ ਗੱਲਾਂ ਵੀ ਘੱਟ ਹੀ ਕਰਦੇ ਹਨ। ਇੰਝ ਲੱਗਦੈ, ਜਿਵੇਂ ਬਿਨਾਂ ਲੜੇ ਹੀ, ਬਿਨਾਂ ਕੋਈ ਖ਼ਾਸ ਵਜ੍ਹਾ ਦੇ ਇਹ ਵੱਡੀ ਉਮਰ ਦੇ ਲੋਕ ਆਪਸ ਵਿਚ ਰੁੱਸੇ, ਗੁੱਸੇ ਰਹਿੰਦੇ ਹਨ ਪਰ ਸਾਨੂੰ ਬੱਚਿਆਂ ਨੂੰ ਕੀ? ਸਾਡੀ ਸੁਣਦਾ ਹੀ ਕੌਣ ਹੈ? ਇਹ ਸੋਚ ਕੇ ਉਹ ਬੱਚੇ ਫਿਰ ਆਪੋ-ਆਪਣੀ ਪੜ੍ਹਾਈ ਵਿਚ ਮਗਨ ਹੋ ਜਾਂਦੇ। ਆਪਸ 'ਚ ਹਾਸਾ-ਮਜ਼ਾਕ ਕਰਦੇ ਹੋਏ ਖੇਡਣ 'ਚ ਮਸਤ ਹੋ ਜਾਂਦੇ ਜਾਂ ਸ਼ਰਾਰਤਾਂ ਕਰਦੇ ਰਹਿੰਦੇ। 
ਬੇਸ਼ੱਕ ਉਨ੍ਹਾਂ ਦੇ ਘਰਾਂ ਵਿਚ ਇਨਡੋਰ-ਗੇਮਜ਼, ਇੰਟਰਨੈੱਟ, ਵੀਡੀਓ-ਗੇਮਜ਼, ਟੀ. ਵੀ. ਆਦਿ ਸਮੇਤ ਕਈ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਸਨ ਪਰ ਉਹ ਪੰਜ ਦੋਸਤ ਆਊਟਡੋਰ ਗੇਮਜ਼ ਨੂੰ ਜ਼ਿਆਦਾ ਪਸੰਦ ਕਰਦੇ ਸਨ। ਉਨ੍ਹਾਂ ਨੂੰ ਆਪਣੇ ਅਧਿਆਪਕਾਂ ਵਲੋਂ ਦਿੱਤੀ ਗਈ ਸਿੱਖਿਆ ਕਾਰਨ ਅਤੇ ਕਿਤਾਬਾਂ 'ਚੋਂ ਹਾਸਿਲ ਕੀਤੇ ਗਿਆਨ ਸਦਕਾ ਪਤਾ ਸੀ ਕਿ ਆਊਟਡੋਰ ਗੇਮਜ਼ ਖੇਡਣ ਨਾਲ ਜਿਥੇ ਮਨੋਰੰਜਨ ਹੁੰਦਾ ਹੈ, ਉਥੇ ਨਾਲ ਹੀ ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਹੈ। ਕਈ ਇਨਡੋਰ-ਗੇਮਜ਼ ਸਿਰਫ਼ ਮਨੋਰੰਜਨ ਹੀ ਕਰਦੀਆਂ ਹਨ। ਇਨ੍ਹਾਂ ਨਾਲ ਲੋੜੀਂਦੀ ਸਰੀਰਕ ਕਸਰਤ ਨਹੀਂ ਹੁੰਦੀ। ਫਿਰ ਨਾ ਹੋਵੇਗੀ ਸਾਊਂਡ ਬੌਡੀ ਤੇ ਨਾ ਹੀ  ਹੋਵੇਗਾ ਸਾਊਂਡ ਮਾਈਂਡ। ਅੱਖਾਂ 'ਤੇ ਹੋਣੀਆਂ ਮੋਟੇ-ਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਤੇ ਸਾਡੇ ਸਰੀਰ ਹੋਣਗੇ ਭਾਰੇ-ਭਾਰੇ,  ਮੋਟੇ-ਮੋਟੇ। ਖੇਡਣਾ ਤਾਂ ਦੂਰ ਰਿਹਾ, ਫਿਰ ਤਾਂ ਸਾਡੇ ਕੋਲੋਂ ਚੱਜ ਨਾਲ ਤੁਰਿਆ ਵੀ ਨਹੀਂ ਜਾਣਾ। ਅਸੀਂ ਤਾਂ ਆਪਣੇ ਡੈਡੀਆਂ-ਮੰਮੀਆਂ ਵਾਂਗ ਹੀ ਫੁੱਲੇ ਹੋਏ ਭੁਕਾਨਿਆਂ (ਗੁਬਾਰਿਆਂ) ਵਾਂਗ ਨਜ਼ਰ ਆਵਾਂਗੇ। ਇਸ ਲਈ ਉਹ ਪੰਜ ਦੋਸਤ ਕਾਲੋਨੀ ਦੇ ਬਾਕੀ ਬੱਚਿਆਂ ਨਾਲ ਕਾਲੋਨੀ ਦੇ ਵੱਡੇ, ਖੁੱਲ੍ਹੇ ਮੈਦਾਨ ਵਿਚ ਰਲ ਕੇ ਕਦੇ ਫੁੱਟਬਾਲ ਖੇਡਦੇ, ਕਦੇ ਹਾਕੀ ਜਾਂ ਕ੍ਰਿਕਟ। ਕਦੇ ਵਾਲੀਬਾਲ ਜਾਂ ਕੋਈ ਹੋਰ ਕਸਰਤੀ ਖੇਡ। ਕਦੇ-ਕਦੇ ਬੈਡਮਿੰਟਨ ਵੀ ਖੇਡ ਲਿਆ ਕਰਦੇ। ਬੈਡਮਿੰਟਨ ਦੀ ਵਾਰੀ ਉਸ ਦਿਨ ਹੀ ਆਉਂਦੀ, ਜਿਸ ਦਿਨ ਖੇਡਣ ਵਾਲੇ ਬੱਚਿਆਂ ਦੀ ਗਿਣਤੀ ਕਾਫੀ ਘੱਟ ਹੁੰਦੀ। 
ਕਿਸੇ-ਕਿਸੇ ਦਿਨ ਸੁਨੀਲ, ਅਨਿਲ, ਅਮਰੀਕ ਸਿੰਘ, ਨਰਿੰਦਰ ਸਿੰਘ, ਹੈਪੀ ਕੋਈ ਖੇਡ ਖੇਡਣ ਤੋਂ ਬਾਅਦ ਥਕਾਵਟ ਦੂਰ ਕਰਨ  ਦੇ ਇਰਾਦੇ ਨਾਲ ਮੈਦਾਨ ਦੇ ਹਰੇ-ਹਰੇ ਘਾਹ 'ਤੇ ਬੈਠ ਕੇ ਆਪਸ 'ਚ ਗੱਲਾਂ ਕਰਨ ਲੱਗ ਪੈਂਦੇ। ਉਨ੍ਹਾਂ ਦੀ ਗੱਲਬਾਤ ਨਿੱਕੀ ਜਿਹੀ ਬੈਠਕ (ਮੀਟਿੰਗ) ਦਾ ਰੂਪ ਧਾਰ ਲੈਂਦੀ। ਬੇਸ਼ੱਕ ਉਨ੍ਹਾਂ ਨੂੰ ਕਈ ਗੱਲਾਂ ਦਾ ਪਤਾ ਨਹੀਂ ਹੁੰਦਾ ਸੀ, ਫਿਰ ਵੀ ਆਪੋ-ਆਪਣੀ ਪੜ੍ਹਾਈ 'ਚ ਲਾਇਕ ਹੋਣ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕਈ ਦੁਨਿਆਵੀ ਗੱਲਾਂ ਦਾ ਗਿਆਨ ਹੁੰਦਾ ਸੀ। ਜਾਣਕਾਰੀ ਹੁੰਦੀ ਸੀ। ਜੇਕਰ ਕਿਸੇ ਗੱਲ ਜਾਂ ਚੀਜ਼ ਬਾਰੇ ਪੂਰੀ ਜਾਣਕਾਰੀ ਨਾ ਹੁੰਦੀ ਤਾਂ ਉਸ ਬਾਰੇ ਆਪਣੇ ਮਾਪਿਆਂ ਨੂੰ ਜਾਂ ਅਧਿਆਪਕਾਂ ਨੂੰ ਪੁੱਛ ਲੈਂਦੇ। ਕਦੇ ਵੀ ਝਿਜਕਦੇ ਨਹੀਂ ਸਨ। ਉਨ੍ਹਾਂ ਦੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਨਾਲ ਦੋਸਤਾਨਾ ਸੰਬੰਧ ਸਨ। ਅੱਗੋਂ ਉਹ ਵੀ ਉਨ੍ਹਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਮੰਗੀ ਗਈ ਜਾਣਕਾਰੀ ਦੇ ਦਿਆ ਕਰਦੇ ਸਨ। 
ਇਕ ਦਿਨ ਉਹ ਪੰਜ ਦੋਸਤ ਪੁਲਸ ਵਲੋਂ ਉਨ੍ਹਾਂ ਨੂੰ ਦੋਪਹੀਆ ਵਾਹਨ ਨਾ ਚਲਾਉਣ ਦੀ ਦਿੱਤੀ ਗਈ ਚਿਤਾਵਨੀ ਅਤੇ ਕਹਿਣਾ ਨਾ ਮੰਨਣ ਦੀ ਸੂਰਤ ਵਿਚ ਚਲਾਨ ਕੱਟਣ ਦੀ ਦਿੱਤੀ ਗਈ ਧਮਕੀ ਬਾਰੇ ਆਪਸ 'ਚ ਗੱਲਬਾਤ ਕਰਨ ਲੱਗੇ। ਪੁਲਸ ਨੇ ਇਹ ਚਿਤਾਵਨੀ ਅਤੇ ਧਮਕੀ ਉਨ੍ਹਾਂ ਦੇ ਸਕੂਲ ਦੇ ਬਾਹਰ ਨਾਕਾ ਲਾ ਕੇ ਬਾਕੀ ਬੱਚਿਆਂ ਨੂੰ ਵੀ ਦਿੱਤੀ ਸੀ। 
''ਯਾਰੋ, ਪੁਲਸ ਵਾਲੇ ਸਾਨੂੰ ਦੋਪਹੀਆ ਵਾਹਨ ਚਲਾਉਣ ਤੋਂ ਕਿਉਂ ਰੋਕਦੇ ਹਨ?'' ਸੁਨੀਲ ਨੇ ਪੁੱਛਿਆ। 
''ਕਿਉਂਕਿ ਹਾਲੇ ਆਪਾਂ ਛੋਟੇ ਹਾਂ।'' ਮੀਕੇ ਨੇ ਕਿਹਾ। 
ਅਨਿਲ ਦਾ ਕੱਦ ਲੰਮਾ ਸੀ। ਉਹ ਉੱਠ ਕੇ ਖੜ੍ਹਾ ਹੋ ਗਿਆ ਤੇ ਪੈਰ ਦੇ ਪੰਜਿਆਂ ਦੇ ਭਾਰ ਉਤਾਂਹ ਨੂੰ ਹੋ ਕੇ ਕਹਿਣ ਲੱਗਿਆ, ''ਕੌਣ ਕਹਿੰਦਾ ਹੈ ਕਿ ਅਸੀਂ ਛੋਟੇ ਹਾਂ? ਆਹ ਵੇਖੋ, ਮੈਂ ਕਿੱਡਾ ਵੱਡਾ ਹਾਂ!''
ਉਸ ਦੀ ਗੱਲ ਸੁਣ ਕੇ ਸਾਰੇ ਹੱਸ ਪਏ।  ਨਿੰਦੂ ਨੇ ਉਸ ਨੂੰ ਹੱਥ ਤੋਂ ਫੜ ਕੇ ਘਾਹ 'ਤੇ ਦੁਬਾਰਾ ਬਿਠਾਉਂਦੇ ਹੋਏ ਕਿਹਾ, ''ਓਏ, ਬਹਿ ਜਾ ਹੇਠਾਂ! ਕੀ ਤੇਰੇ ਦਾੜ੍ਹੀ-ਮੁੱਛਾਂ ਆ ਗਈਆਂ?''
''ਦਾੜ੍ਹੀ-ਮੁੱਛਾਂ ਦਾ ਕੀ ਏ? ਨਕਲੀ ਲਾ ਲਿਆ ਕਰਾਂਗੇ।'' ਇਸ ਗੱਲ 'ਤੇ ਉਹ ਫਿਰ ਉੱਚੀ ਸਾਰੀ ਹੱਸ ਪਏ। 
ਹੈਪੀ ਨੇ ਗੱਲ ਦਾ ਸਿਰਾ ਫੜਦਿਆਂ ਅਗਾਂਹ ਗੱਲ ਤੋਰੀ, ''ਆਪਾਂ ਹਾਲੇ  ਬਾਲਗ ਨਹੀਂ ਹੋਏ। ਇਸ ਲਈ ਹਾਲੇ ਆਪਣੇ ਡਰਾਈਵਿੰਗ ਲਾਇਸੈਂਸ ਨਹੀਂ ਬਣ ਸਕਦੇ।''
''ਯਾਰੋ, ਬਾਲਗ ਦਾ ਕੀ ਮਤਲਬ ਹੁੰਦਾ ਏ?'' ਸੁਨੀਲ ਨੇ ਪੁੱਛਿਆ ਤੇ ਨਾਲ ਹੀ ਕਹਿ ਦਿੱਤਾ, ''ਜੇਕਰ ਅਸੀਂ ਹਾਲੇ ਬਾਲਗ ਨਹੀਂ ਹੋਏ ਤਾਂ ਕੀ ਹੋਇਆ? ਅਸੀਂ ਬੀਬੇ ਰਾਣੇ ਬਾਲਕ ਤਾਂ ਹਾਂ।'' 
ਇਸ ਵਾਰ ਉਨ੍ਹਾਂ ਦੋਸਤਾਂ ਵਿਚਕਾਰ ਫਿਰ ਹਾਸੜ ਮਚ ਗਈ। ਖੁੱਲ੍ਹ ਕੇ ਹੱਸ ਲੈਣ ਪਿੱਛੋਂ ਮੀਕੇ ਨੇ ਗੱਲ ਸਮਝਾਉਂਦਿਆਂ ਆਖਿਆ, ''ਅਠਾਰਾਂ ਸਾਲ ਤੋਂ ਛੋਟੇ ਬੱਚਿਆਂ ਨੂੰ ਨਾਬਾਲਗ ਤੇ ਇਸ ਤੋਂ ਵੱਡੀ ਉਮਰ ਵਾਲਿਆਂ ਨੂੰ ਬਾਲਗ ਕਿਹਾ ਜਾਂਦਾ ਹੈ।'' 
ਨਿੰਦੂ ਨੇ ਆਪਣਾ ਸੁਝਾਅ ਪੇਸ਼ ਕੀਤਾ, ''ਚਲੋ, ਆਪਾਂ ਸਾਰੇ ਆਪਸ 'ਚ ਵਾਅਦਾ ਕਰੀਏ ਕਿ ਆਪਾਂ ਵੱਡੇ ਹੋ ਕੇ ਹੀ ਦੋਪਹੀਆ ਤੇ ਚੌਪਹੀਆ ਵਾਹਨ ਚਲਾਇਆ ਕਰਾਂਗੇ। ਕਾਹਨੂੰ ਆਪਣੀ ਤੇ ਦੂਜਿਆਂ ਦੀ ਜਾਨ ਖ਼ਤਰੇ 'ਚ ਪਾਉਣੀ?''  
''ਹਾਂ, ਇਹ ਪੱਕਾ ਵਾਅਦਾ ਰਿਹਾ!'' ਬਾਕੀ ਦੋਸਤਾਂ ਨੇ ਹਾਮੀ ਭਰੀ ਤੇ ਇਕ-ਦੂਜੇ ਨਾਲ ਹੱਥ ਮਿਲਾ ਕੇ ਇਸ ਵਾਅਦੇ ਉਤੇ  ਪੱਕੀ ਮੋਹਰ ਲਾ ਦਿੱਤੀ। ਨਿੰਦੂ ਨੇ ਹੀ ਅੱਗੇ ਕਿਹਾ, ''ਉਂਝ ਵੀ ਸਭ ਲੋਕਾਂ ਨੂੰ ਘੱਟ ਤੋਂ ਘੱਟ ਮੋਟਰਗੱਡੀਆਂ ਚਲਾਉਣੀਆਂ ਚਾਹੀਦੀਆਂ ਹਨ ਕਿਉਂਕਿ ਧੂੰਏਂ ਦੇ ਪ੍ਰਦੂਸ਼ਣ ਕਾਰਨ ਚੌਗਿਰਦਾ ਖਰਾਬ ਹੁੰਦਾ ਜਾ ਰਿਹਾ ਹੈ। ਆਪਾਂ ਸਾਰੇ ਤੁਰ ਕੇ ਜਾਂ ਸਾਈਕਲਾਂ 'ਤੇ ਚੜ੍ਹ ਕੇ ਆਪਣੇ ਸਕੂਲੇ ਜਾਇਆ-ਆਇਆ ਕਰਾਂਗੇ। ਆਪਣਾ ਸਕੂਲ ਬਹੁਤ ਦੂਰ ਨਹੀਂ ਹੈ।''
''ਚੰਗਾ ਸਰ ਜੀ!'' ਹੈਪੀ ਨੇ ਟਿੱਚਰ ਨਾਲ ਕਿਹਾ, ''ਜੇਕਰ ਤੁਹਾਡਾ ਲੈਕਚਰ ਖਤਮ ਹੋ ਗਿਆ ਹੋਵੇ ਤਾਂ ਕੀ ਅਸੀਂ ਬੱਚੇ ਆਪੋ-ਆਪਣੇ ਘਰਾਂ ਨੂੰ ਜਾ ਸਕਦੇ ਹਾਂ? ਵੇਖੋ, ਨ੍ਹੇਰਾ ਹੁੰਦਾ ਜਾ ਰਿਹਾ ਹੈ! ਮੰਮੀ-ਡੈਡੀ ਗੁੱਸੇ ਹੋਣਗੇ।''
ਇਸ ਤੋਂ ਬਾਅਦ ਉਹ ਸਾਰੇ ਆਪੋ-ਆਪਣੇ ਘਰਾਂ ਵੱਲ ਤੁਰ ਪਏ।
ਉਨ੍ਹਾਂ ਦੀ ਪਿੰ੍ਰਸੀਪਲ ਸ਼੍ਰੀਮਤੀ ਰਸ਼ਮੀ ਨੇ ਇਕ ਦਿਨ ਲਿਖਤੀ ਫੁਰਮਾਨ ਸੇਵਾਦਾਰ ਰਾਹੀਂ ਸਕੂਲ ਦੇ ਹਰੇਕ ਅਧਿਆਪਕ, ਅਧਿਆਪਿਕਾ ਤਕ ਪਹੁੰਚਾਇਆ ਕਿ ਹੁਣ ਕੋਈ ਵੀ ਵਿਦਿਆਰਥੀ ਸਕੂਲ ਵਿਚ ਆਪਣੇ ਨਾਲ ਮੋਬਾਈਲ ਫੋਨ ਨਹੀਂ ਲਿਆਵੇਗਾ। ਟੀਚਰਸ ਸਕੂਲ ਸਮੇਂ ਦੌਰਾਨ ਆਪਣੇ ਮੋਬਾਈਲ ਫੋਨ ਬੰਦ ਰੱਖਿਆ ਕਰਨਗੇ। ਉਲੰਘਣਾ ਕਰਨ ਵਾਲੇ ਨੂੰ ਪੰਜ ਸੌ ਰੁਪਏ ਜੁਰਮਾਨਾ ਜਾਂ ਸਕੂਲ 'ਚੋਂ ਨਾਂ ਕੱਟ ਦੇਣ ਦੀ ਸਜ਼ਾ ਦਿੱਤੀ ਜਾਵੇਗੀ। ਮੋਬਾਈਲ ਫੋਨ ਸੁਣਨ ਅਤੇ ਕਾਲਾਂ ਕਰਨ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ 'ਚ ਖਲਲ (ਵਿਘਨ) ਪੈਂਦਾ ਹੈ। 
ਪਿੰ੍ਰਸੀਪਲ ਜੀ ਦੇ ਇਸ ਫੁਰਮਾਨ ਦਾ ਚਰਚਾ ਸਾਰੇ ਸਕੂਲ ਵਿਚ ਹੋਣ ਲੱਗਿਆ। ਉਨ੍ਹਾਂ ਪੰਜ ਦੋਸਤਾਂ ਦਰਮਿਆਨ ਵੀ ਇਸ ਉਪਰ ਵਿਚਾਰ-ਵਟਾਂਦਰਾ ਹੋਇਆ। ਅੱਧੀ ਛੁੱਟੀ ਵੇਲੇ ਉਹ ਸਕੂਲ ਦੀ ਕੰਟੀਨ 'ਚ ਇਕੱਠੇ ਹੀ ਬੈਠਦੇ ਸਨ। 
''ਮੈਨੂੰ ਇਹ ਪਾਬੰਦੀ ਚੰਗੀ ਨਹੀਂ ਲੱਗੀ।'' ਅਨਿਲ ਨੇ ਖਿਝ ਕੇ ਕਿਹਾ। 
''ਹੁਣ ਤਾਂ  ਬੱਚੂ, ਸਕੂਲ ਸਮੇਂ ਮੋਬਾਈਲ ਫੋਨ ਤੋਂ ਬਗੈਰ ਗੁਜ਼ਾਰਾ ਕਰਨਾ ਪਊ।'' ਮੀਕੇ ਨੇ ਕਿਹਾ, ''ਜਦੋਂ ਵੇਖੋ, ਉਦੋਂ ਤੂੰ ਕੰਨ ਨਾਲ ਫੋਨ ਲਾਈ ਰੱਖਦਾ ਏਂ।''
''ਯਾਰੋ, ਚੰਗਾ ਹੀ ਕੀਤਾ ਮੈਡਮ ਜੀ ਨੇ ਪਾਬੰਦੀ ਲਾ ਕੇ। ਸਾਡੇ ਟੀਚਰਸ ਵੀ ਮੋਬਾਈਲ ਫੋਨਜ਼ ਦੀ ਵਰਤੋਂ ਬਹੁਤ ਕਰਦੇ ਨੇ। ਸਾਡੀ ਪੜ੍ਹਾਈ ਦਾ ਕਾਫੀ ਸਮਾਂ  ਬਰਬਾਦ ਹੋ ਜਾਂਦਾ ਏ। ਹੁਣ ਨਾ ਹੋਵੇਗਾ ਫੋਨ, ਨਾ ਵੱਜੇਗੀ ਟ੍ਰਿਨ-ਟ੍ਰਿਨ ਘੰਟੀ। ਹੈਪੀ ਨੇ ਹੱਸਦੇ ਹੋਏ ਨੇ ਆਖਿਆ। 
''ਓਏ ਹੈਪੀ, ਤੂੰ ਜ਼ਿਆਦਾ ਹੈਪੀ ਯਾਨਿ ਖੁਸ਼ ਨਾ ਹੋ! ਫੋਨ ਦੀ ਵਰਤੋਂ ਤੂੰ ਵੀ ਕਾਫੀ ਕਰਦਾ ਏਂ।'' ਨਿੰਦੂ ਨੇ ਆਪਣਾ ਲੰਚ-ਬਾਕਸ ਬੰਦ ਕਰਦਿਆਂ ਕਿਹਾ। ਉਹ ਦੁਪਹਿਰ ਦਾ ਖਾਣਾ ਖਾ ਚੁੱਕਾ ਸੀ। ਉਸ ਨੇ ਫਿਰ ਰੁਮਾਲ ਨਾਲ ਆਪਣਾ ਮੂੰਹ ਸਾਫ਼ ਕਰਕੇ ਅਗਾਂਹ ਆਖਿਆ, ''ਮੇਰੇ ਮੰਮੀ-ਡੈਡੀ ਦਾ ਕਹਿਣਾ ਏ ਕਿ ਸਾਨੂੰ ਮੋਬਾਈਲ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦੀਆਂ ਤਰੰਗਾਂ ਨਾਲ ਦਿਮਾਗ 'ਤੇ  ਬੁਰਾ ਪ੍ਰਭਾਵ ਪੈਂਦਾ ਹੈ।''
ਇਸ ਤੋਂ ਬਾਅਦ ਉਹ ਸਾਰੇ ਆਪੋ-ਆਪਣਾ ਦੁਪਹਿਰ ਦਾ ਖਾਣਾ ਖਾ ਕੇ ਉੱਠ ਖੜ੍ਹੇ ਹੋਏ। ਕਦੇ-ਕਦੇ ਉਹ ਇਕ-ਦੂਜੇ ਦਾ ਭੋਜਨ ਰਲ-ਮਿਲ ਕੇ ਵੀ ਖਾ ਲਿਆ ਕਰਦੇ ਸਨ। 
ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਰੁਝੇਵਿਆਂ ਕਾਰਨ ਅਤੇ ਆਲਸ ਕਰਕੇ ਘੱਟ ਹੀ ਕੋਈ ਕਸਰਤ ਕਰਿਆ ਕਰਦੇ ਸਨ। ਸੁਬ੍ਹਾ ਜਾਂ ਸ਼ਾਮ ਵੇਲੇ ਸੈਰ ਵੀ ਕੋਈ-ਕੋਈ ਹੀ ਕਰਦਾ ਸੀ। ਨਤੀਜਤਨ ਕੋਈ ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗਾਂ ਤੋਂ ਪੀੜਤ ਸੀ ਅਤੇ ਕੋਈ ਹੋਰ ਸ਼ੱਕਰ ਰੋਗ ਭਾਵ ਸ਼ੂਗਰ, ਮੋਟਾਪੇ ਤੋਂ ਪੀੜਤ ਸੀ। ਸੁਨੀਲ ਦੇ ਪਿਤਾ ਜੀ, ਜੋ ਕਿ ਬੈਂਕ ਅਫ਼ਸਰ ਸਨ, ਉਹ ਸ਼ੱਕਰ ਰੋਗ ਦੇ ਰੋਗੀ ਸਨ। ਇਕ ਦਿਨ ਅਚਾਨਕ ਉਨ੍ਹਾਂ ਦੀ ਸ਼ੂਗਰ ਕਾਫੀ ਵਧ ਗਈ ਤੇ ਉਹ ਬੇਹੋਸ਼ ਹੋ ਗਏ।Œਸੁਨੀਲ ਦੀ ਮੰਮੀ ਪਹਿਲਾਂ ਤਾਂ  ਬਹੁਤ ਘਬਰਾ ਗਈ। ਫਿਰ ਗੁਆਂਢੀਆਂ ਦੀ ਮਦਦ ਲੈ ਕੇ ਉਨ੍ਹਾਂ ਨੂੰ ਇਕ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ। ਸੁਨੀਲ ਵੀ ਰੋਂਦਾ-ਰੋਂਦਾ ਨਾਲ ਹੀ ਗਿਆ। ਪਤਾ ਲੱਗਣ 'ਤੇ ਉਸ ਦੇ ਦੋਸਤ ਅਤੇ ਉਨ੍ਹਾਂ ਦੇ ਮੰਮੀ-ਡੈਡੀ ਵੀ ਫਟਾਫਟ ਹਸਪਤਾਲ ਵਿਖੇ ਪਹੁੰਚ ਗਏ। ਉਂਝ ਕਾਲੋਨੀ ਦੇ ਵੱਡੀ ਉਮਰ ਦੇ ਲੋਕ ਇਕ-ਦੂਜੇ ਨੂੰ ਘੱਟ ਹੀ  ਬੁਲਾਉਂਦੇ ਸਨ ਪਰ ਉਨ੍ਹਾਂ 'ਚ ਇਕ ਖ਼ਾਸੀਅਤ ਸੀ ਕਿ ਦੁੱਖ ਵੇਲੇ, ਮੁਸੀਬਤ ਮੌਕੇ ਉਹ ਹਮਦਰਦੀ ਜ਼ਰੂਰ ਜ਼ਾਹਿਰ ਕਰਦੇ ਸਨ। 
ਉਥੇ ਹਸਪਤਾਲ ਦੇ ਵਰਾਂਡੇ ਵਿਚ ਇਕ ਕੁਰਸੀ 'ਤੇ ਬੈਠਾ ਸੁਨੀਲ ਰੋਈ ਜਾਵੇ। ਉਸ ਦੇ ਦੋਸਤ ਉਸ ਦੇ ਕੋਲ ਖੜ੍ਹੇ ਉਸ ਨੂੰ ਦਿਲਾਸਾ ਦੇ ਰਹੇ ਸਨ। ਸੁਨੀਲ ਦੇ ਮੰਮੀ ਜੀ ਵੀ ਰੋ ਰਹੇ ਸਨ। ਉਨ੍ਹਾਂ ਨੂੰ ਦੂਜੇ ਲੋਕ ਚੁੱਪ ਕਰਾ ਰਹੇ ਸਨ ਤੇ ਹੌਸਲਾ ਰੱਖਣ ਲਈ ਕਹਿ ਰਹੇ ਸਨ। ਹਰ ਕੋਈ ਚਿੰਤਤ ਸੀ। ਦੁਖੀ ਸੀ। 
''ਜੇਕਰ ਡੈਡੀ ਜੀ ਨੂੰ ਕੁਝ ਹੋ ਗਿਆ ਤਾਂ ਮੈਂ ਵੀ ਮਰ ਜਾਵਾਂਗਾ!'' ਸੁਨੀਲ ਨੇ ਰੋਂਦੇ-ਰੋਂਦੇ ਕਿਹਾ। 
''ਨਾ ਮੇਰਾ ਬੇਟਾ, ਇੰਝ ਨਹੀਂ ਕਹੀਦਾ। ਤੇਰੇ ਡੈਡੀ ਜੀ ਠੀਕ ਹੋ ਜਾਣਗੇ। ਤੂੰ ਫਿਕਰ ਨਾ ਕਰ!'' ਮੀਕੇ ਦੀ ਮੰਮੀ ਨੇ ਉਸ ਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ। 
ਸਮੇਂ ਸਿਰ ਹਸਪਤਾਲ ਪਹੁੰਚਾ ਦੇਣ ਕਾਰਨ ਅਤੇ ਵਧੀਆ ਇਲਾਜ ਮਿਲਣ ਕਾਰਨ ਸੁਨੀਲ ਦੇ ਪਿਤਾ ਜੀ ਹੋਸ਼ ਵਿਚ ਆ ਗਏ ਤੇ ਠੀਕ ਹੋਣ ਲੱਗੇ। ਸੁਨੀਲ ਦੀ ਮੰਮੀ ਦੇ ਚਿਹਰੇ 'ਤੇ ਰੌਣਕ ਵਾਪਿਸ ਮੁੜ ਆਈ ਤੇ ਸੁਨੀਲ ਵੀ ਚੁੱਪ ਕਰ ਗਿਆ। ਉਹ ਹੁਣ ਖੁਸ਼ ਸੀ। 
ਉਥੇ ਨਿੰਦੂ ਦੇ ਪਿਤਾ ਜੀ ਸ. ਅਵਿਨਾਸ਼ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ, ''ਸਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਜਾਂ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਹੋ ਗੱਲ ਡਾਕਟਰ ਵੀ ਆਖਦੇ ਹਨ। ਸਿਰਫ਼ ਦਵਾਈਆਂ ਖਾ-ਖਾ ਕੇ ਤੰਦਰੁਸਤ ਨਹੀਂ ਰਿਹਾ ਜਾ ਸਕਦਾ।''
ਹੁਣ ਸੁਨੀਲ ਦੇ ਡੈਡੀ ਜੀ ਬਿਲਕੁਲ ਠੀਕ ਹਨ ਤੇ ਰੋਜ਼ਾਨਾ ਸੁਬ੍ਹਾ ਦੀ ਸੈਰ ਕਰਨ ਲੱਗ ਪਏ ਹਨ। ਉਸ ਕਾਲੋਨੀ ਦੇ ਵੱਡੀ ਉਮਰ ਦੇ ਲੱਗਭਗ ਸਾਰੇ ਲੋਕ ਹੁਣ ਸੁਬ੍ਹਾ ਜਾਂ ਸ਼ਾਮ ਦੀ ਸੈਰ ਜਾਂ ਕੋਈ ਨਾ ਕੋਈ ਸਰੀਰਕ ਕਸਰਤ ਜ਼ਰੂਰ ਕਰਨ ਲੱਗ ਪਏ ਹਨ। ਕੁਝ ਤਾਂ ਜਿਮਨੇਜੀਅਮ 'ਚ ਵੀ ਜਾਣ ਲੱਗ ਪਏ ਹਨ।

0 Comments:

Post a Comment

Subscribe to Post Comments [Atom]

<< Home