Thursday, June 28, 2012

ਕੋਆਲਾ ........Science story!!!!!!!

ਕੋਆਲਾ ਇਕ ਬਹੁਤ ਹੀ ਪਿਆਰਾ ਜਾਨਵਰ ਹੈ। ਸਾਰਾ ਦਿਨ ਸੁਸਤ ਰਹਿਣ ਵਾਲੇ ਕੋਆਲਾ ਖਾਸ ਤਰ੍ਹਾਂ ਦੇ ਮਾਰਸੂਪੀਅਲ (ਜਿਹੜੇ ਜਾਨਵਰਾਂ ਦੀਆਂ ਮਾਦਾਵਾਂ ਦੇ ਪੇਟ 'ਤੇ ਥੈਲੀ ਹੁੰਦੀ ਹੈ) ਦੀ ਆਖਰੀ ਬਚੀ ਕਿਸਮ ਦੇ ਜਾਨਵਰ ਹਨ, ਜੋ ਸਿਰਫ ਆਸਟ੍ਰੇਲੀਆ 'ਚ ਹੀ ਪਾਏ ਜਾਂਦੇ ਹਨ। ਇਹ ਦਿਨ 'ਚ ਸਿਰਫ 5 ਘੰਟਿਆਂ ਲਈ ਹੀ ਸਰਗਰਮ ਹੁੰਦੇ ਹਨ ਅਤੇ ਸਾਰਾ ਦਿਨ ਖੂਬ ਆਰਾਮ ਫੁਰਮਾਉਂਦੇ ਹਨ। ਇਨ੍ਹਾਂ ਨੂੰ ਇਕਾਂਤ ਬਹੁਤ ਪਸੰਦ ਹੈ ਅਤੇ ਡਰ ਜਾਣ 'ਤੇ ਖੂਬ ਉੱਚੀ-ਉੱਚੀ ਚੀਕਦੇ ਹਨ।
ਜਿਥੇ ਨਰ ਕੋਆਲਾ ਦੀ ਔਸਤ ਲੰਬਾਈ 31 ਇੰਚ ਤਕ ਹੁੰਦੀ ਹੈ, ਉਥੇ ਹੀ ਮਾਦਾ ਕੋਆਲਾ ਦੀ ਲੰਬਾਈ 28 ਇੰਚ ਤਕ ਹੋ ਸਕਦੀ ਹੈ। ਨਰ ਦਾ ਭਾਰ 12 ਕਿਲੋ, ਜਦਕਿ ਮਾਦਾ ਦਾ 8 ਕਿਲੋ ਦੇ ਲੱਗਭਗ ਹੁੰਦਾ ਹੈ।
ਕੰਗਾਰੂਆਂ ਵਾਂਗ ਹੀ ਮਾਦਾ ਕੋਆਲਾ ਆਪਣੇ ਬੱਚਿਆਂ ਨੂੰ ਵੱਡੇ ਹੋਣ ਤਕ ਆਪਣੀ ਥੈਲੀ 'ਚ ਹੀ ਰੱਖਦੀਆਂ ਹਨ। ਇਨ੍ਹਾਂ ਦੇ ਨੰਨ੍ਹੇ ਬੱਚੇ ਲੱਗਭਗ 6 ਮਹੀਨਿਆਂ ਤਕ ਆਪਣੀ ਮਾਂ ਦੇ ਪੇਟ 'ਤੇ ਬਣੀ ਥੈਲੀ 'ਚ ਸੁਰੱਖਿਅਤ ਰਹਿੰਦੇ ਹਨ ਅਤੇ ਉਸ ਪਿੱਛੋਂ ਹੀ ਬਾਹਰ ਦੀ ਦੁਨੀਆ 'ਚ ਕਦਮ ਰੱਖਦੇ ਹਨ। ਆਮ ਤੌਰ 'ਤੇ ਰਾਤ ਵੇਲੇ ਭੋਜਨ ਦੀ ਭਾਲ 'ਚ ਨਿਕਲਣ ਵਾਲੇ ਕੋਆਲਾ ਦਾ ਮਨਪਸੰਦ ਭੋਜਨ ਸਫੈਦੇ ਦੀਆਂ ਪੱਤੀਆਂ ਹਨ, ਜੋ ਆਸਟ੍ਰੇਲੀਆ 'ਚ ਕਾਫੀ ਪਾਏ ਜਾਂਦੇ ਹਨ।
ਦੇਖਣ ਨੂੰ ਕੋਆਲਾ ਭਾਲੂ ਵਰਗੇ ਲੱਗਦੇ ਹਨ, ਇਸ ਲਈ ਕਈ ਲੋਕ ਇਨ੍ਹਾਂ ਨੂੰ 'ਕੋਆਲਾ ਬੀਅਰ' ਵੀ ਕਹਿੰਦੇ ਹਨ। ਆਸਟ੍ਰੇਲੀਆ 'ਚ ਇਹ ਪੂਰਬੀ ਅਤੇ ਦੱਖਣੀ ਤੱਟੀ ਹਿੱਸਿਆਂ 'ਚ ਪਾਏ ਜਾਂਦੇ ਹਨ ਭਾਵ ਇਥੋਂ ਦੇ ਵਿਕਟੋਰੀਆ, ਕੁਈਨਸਲੈਂਡ, ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ 'ਚ ਕੋਆਲਾ ਖੂਬ ਦੇਖੇ ਜਾ ਸਕਦੇ ਹਨ।
ਦੱਖਣੀ ਹਿੱਸਿਆਂ 'ਚ ਪਾਏ ਜਾਣ ਵਾਲੇ ਜ਼ਿਆਦਾਤਰ ਕੋਆਲਾ ਦੇ ਸਰੀਰ 'ਤੇ ਮੋਟੀ ਫਰ ਹੁੰਦੀ ਹੈ। ਹਲਕੇ ਜਾਂ ਭੂਰੇ ਰੰਗ ਦੇ ਕੋਆਲਾ ਦੇ ਲੱਕ ਦੇ ਵਿਚਕਾਰ ਚਾਕਲੇਟ ਬ੍ਰਾਊਨ ਰੰਗ ਦੀ ਫਰ ਦੀ ਮੋਟੀ ਰੇਖਾ ਹੁੰਦੀ ਹੈ। ਉੱਤਰੀ ਆਸਟ੍ਰੇਲੀਆ 'ਚ ਪਾਏ ਜਾਣ ਵਾਲੇ ਕੋਆਲਾ ਦੇ ਸਰੀਰ 'ਤੇ ਛੋਟੀ-ਛੋਟੀ ਫਰ ਹੁੰਦੀ ਹੈ। ਇਨ੍ਹਾਂ ਦੇ ਕੰਨਾਂ 'ਤੇ ਆਮ ਤੌਰ 'ਤੇ ਸਫੈਦ ਫਰ ਦਾ ਇਕ ਗੁੱਛਾ ਜਿਹਾ ਹੁੰਦਾ ਹੈ, ਜਦਕਿ ਕੰਨ ਕਾਫੀ ਵੱਡੇ ਹੁੰਦੇ ਹਨ। ਇਨ੍ਹਾਂ ਦੇ ਪੈਰ ਸਾਧਾਰਨ ਨਾਲੋਂ ਕੁਝ ਵਧੇਰੇ ਲੰਬੇ ਹੁੰਦੇ ਹਨ ਅਤੇ ਤਿੱਖੇ ਨਹੁੰਆਂ ਸਮੇਤ ਪੰਜੇ ਕਾਫੀ ਮਜ਼ਬੂਤ ਹੁੰਦੇ ਹਨ। ਇਨ੍ਹਾਂ ਦੀਆਂ 5 'ਚੋਂ 2 ਉਂਗਲੀਆਂ ਅੰਗੂਠੇ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਇਹ ਆਸਾਨੀ ਨਾਲ ਰੁੱਖ 'ਤੇ ਚੜ੍ਹ ਜਾਂਦੇ ਹਨ। ਇਕ ਖਾਸ ਗੱਲ ਹੈ ਕਿ ਇਨ੍ਹਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਵੀ ਇਨਸਾਨਾਂ ਵਾਂਗ ਪਛਾਣੇ ਜਾ ਸਕਦੇ ਹਨ।
ਕੁਈਨਸਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਬਾਹਰੀ ਹਿੱਸੇ 'ਚ ਸਥਿਤ ਲੋਨ ਪਾਈਨ ਕੋਆਲਾ ਰੱਖ 'ਚ ਸੈਲਾਨੀ ਇਸ ਅਨੋਖੇ ਜੀਵ ਨੂੰ ਗਲੇ ਲਗਾਉਣ ਦਾ ਆਨੰਦ ਵੀ ਮਾਣ ਸਕਦੇ ਹਨ। ਇਥੇ 14 ਕੋਆਲਾ ਅਜਿਹੇ ਹਨ, ਜਿਨ੍ਹਾਂ ਨਾਲ ਸੈਲਾਨੀਆਂ ਨੂੰ ਫੋਟੋ ਖਿਚਵਾਉਣ ਦੀ ਮਨਜ਼ੂਰੀ ਹੈ। ਇਨ੍ਹਾਂ 'ਚੋਂ ਹਰੇਕ ਨੂੰ ਸੈਲਾਨੀਆਂ ਨਾਲ ਅੱਧੇ ਘੰਟੇ ਲਈ ਮਿਲਣ ਦਿੱਤਾ ਜਾਂਦਾ ਹੈ ਤਾਂ ਕਿ ਉਹ ਥੱਕ ਨਾ ਜਾਣ। ਵਧੇਰੇ ਗਿਣਤੀ 'ਚ ਸੈਲਾਨੀਆਂ ਦੇ ਇਥੇ ਆਉਣ ਨਾਲ ਕੋਆਲਾ ਨੂੰ ਗਲੇ ਲਗਾਉਣ ਦੇ ਚਾਹਵਾਨ ਸੈਲਾਨੀਆਂ ਦੀ ਲੰਬੀ ਲਾਈਨ ਲੱਗ ਜਾਂਦੀ ਹੈ।
ਸੰਨ 1927 'ਚ ਦੋ ਕੋਆਲਾ ਨਾਲ ਇਹ ਰੱਖ ਸਥਾਪਿਤ ਕੀਤੀ ਗਈ ਸੀ। ਲੱਗਭਗ 20 ਸਾਲ ਪਹਿਲਾਂ ਤਕ ਇਸ ਰੱਖ ਦਾ ਉਦੇਸ਼ ਕੋਆਲਾ ਨੂੰ ਅਲੋਪ ਹੋਣ ਤੋਂ ਬਚਾਉਣਾ ਹੀ ਸੀ।
ਉਂਝ ਤਾਂ ਕੁਲ 130 ਕੋਆਲਾ ਵਾਲੀ ਇਸ ਰੱਖ 'ਚ ਆਸਟ੍ਰੇਲੀਆ 'ਚ ਪਾਏ ਜਾਣ ਵਾਲੇ ਹਰ ਤਰ੍ਹਾਂ ਦੇ ਜਾਨਵਰ ਰੱਖੇ ਗਏ ਹਨ ਪਰ ਇਸ ਰੱਖ ਦੇ ਅਸਲੀ ਸਟਾਰ ਤਾਂ ਇਹ ਕੋਆਲਾ ਹੀ ਹਨ। ਖਾਸ ਗੱਲ ਇਹ ਹੈ ਕਿ ਇਸ ਰੱਖ 'ਚ ਬਹੁਤ ਛੋਟੇ ਕੋਆਲਾ ਲਈ ਇਕ ਕਿੰਡਰਗਾਰਟਨ ਹੈ, ਜਦਕਿ 12 ਸਾਲ ਤੋਂ ਵੱਡੀ ਉਮਰ ਵਾਲੇ ਕੋਆਲਾ ਲਈ ਇਥੇ ਇਕ ਬਿਰਧ ਆਸ਼ਰਮ ਵੀ ਬਣਾਇਆ ਗਿਆ ਹੈ, ਇਸ ਲਈ ਇਥੇ ਕੋਆਲਾ ਔਸਤ ਉਮਰ ਤੋਂ ਵਧੇਰੇ ਜਿਊਂਦੇ ਹਨ।
ਰੱਖ ਦੀ ਅਧਿਕਾਰੀ ਕੈਲੀ ਲਿੰਡਸੇ ਦੱਸਦੀ ਹੈ ਕਿ ਇਥੇ ਕੋਆਲਾ ਨੂੰ ਖਾਣ ਲਈ ਸਭ ਤੋਂ ਵਧੀਆ ਪੱਤੀਆਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਚਿੱਥਣਾ ਕਾਫੀ ਸੌਖਾ ਹੁੰਦੈ, ਜਦਕਿ ਜੰਗਲ 'ਚ ਕਾਫੀ ਸਾਰੇ ਕੋਆਲਾ ਇਸ ਲਈ ਮਾਰੇ ਜਾਂਦੇ ਹਨ ਕਿਉਂਕਿ ਬੁਢਾਪੇ 'ਚ ਪੱਤੀਆਂ ਚਿੱਥਣ ਲਈ ਉਨ੍ਹਾਂ ਦੇ ਦੰਦ ਹੀ ਨਹੀਂ ਰਹਿੰਦੇ।

0 Comments:

Post a Comment

Subscribe to Post Comments [Atom]

<< Home