Friday, June 29, 2012

ਅੱਗ ਦਾ ਫਰਕ.......

ਇਕ ਸ਼ਰਾਬੀ ਡਾਕਟਰ ਤੋਂ ਦਵਾਈ ਲੈਣ ਗਿਆ. ਡਾਕਟਰ ਕਹਿੰਦਾ,’’ ਦੇਖ ਬਈ ਅਮਲੀਆ, ਠੀਕ ਤਾਂ ਤੂੰ ਹੋ ਜਾਵੇਂਗਾ ਪਰ ਸ਼ਰਾਬ ਛਡਨੀ ਪਾਉਗੀ ..’’
ਸ਼ਰਾਬੀ ਸੋਚੀ ਪੈ ਗਿਆ. ਪੰਜ ਕੁ ਮਿੰਟ ਬਾਦ ਕਹਿੰਦਾ,’’ ਡਾਕਟਰ ਸਾਬ, ਗੁੜ ਤਾਂ ਖਾ ਸਕਦਾ?’’
ਡਾਕਟਰ,’’ ਹਾਂ ਹਾਂ....ਗੁੜ ਜਿਨਾ ਮਰਜੀ ਖਾ..’’’
ਸ਼ਰਾਬੀ,’’ ਪਾਣੀ ਪੀਣ ਦਾ ਤਾਂ ਕੋਈ ਡਰ ਨਹੀਂ ?’’
ਡਾਕਟਰ,’’ ਯਾਰ, ਹੱਦ ਹੋ ਗਈ, ਪਾਣੀ ਸਾਰੀ ਦੁਨਿਆ ਪੀਂਦੀ ਆ ..ਪਾਣੀ ਬਿਨਾ ਜਿਓਂਦਾ ਕਿਵੇਂ ਰਹੇਂਗਾ.?..ਪਾਣੀ ਜਿਨਾ ਮਰਜੀ ਪੀ..’’’
ਸ਼ਰਾਬੀ,’’ ਫਿਰ ਜੇ ਮੈਂ ਉਹੀ ਗੁੜ ਨੂੰ ਪਾਣੀ ਚ’ ਖੋਲ ਕੇ, ਉਸਦੀ ਸ਼ਰਾਬ ਕੱਡ ਲਵਾਂ ..ਫੇਰ ?.’’.
ਡਾਕਟਰ ਚੁਪ......
ਸ਼ਰਾਬੀ (ਸਰਾਰਤ ਨਾਲ),’’ ਡਾਕਟਰ ਸਾਬ,,ਫਰਕ ਤਾਂ ਅੱਗ ਦਾ ਹੀ ਆ’’’

ਡਾਕਟਰ 10-15 ਮਿੰਟ ਸੋਚ ਕੇ ਕਹਿੰਦਾ,’’ ਚੱਲ ਮੰਨ ਲੈ ਤੂੰ ਥੱਲੇ ਖੜਾ ਅਤੇ ਮੈਂ ਉਪਰ ਪੰਜਵੀ ਮੰਜਿਲ ਤੇ’ ਖੜਾ ‘’
ਸ਼ਰਾਬੀ,’’ ਅਛਾ...’’’
ਡਾਕਟਰ,’’ ਮੈਂ ਤੇਰੇ ਸਿਰ ਉੱਤੇ ਇਕ ਪਾਣੀ ਦਾ ਗਿਲਾਸ ਡੋਲ ਦੇਵਾਂ, ਤੈਨੂੰ ਕੁਝ ਹੋਊ ?’’
ਸ਼ਰਾਬੀ,’’ ਲੈ ਦੱਸ...ਮੈਨੂੰ ਕੀ ਹੋਣਾ ??....ਮੇਰੀ ਘਰਵਾਲੀ ਮੇਰੇ ਤੇ’ ਰੋਜ ਬਾਲਟੀ ਪਾਣੀ ਦੀ ਮਾਰ ਕੇ ਸਵੇਰੇ ਉਠਾਉਂਦੀ ਆ, ਮੈਨੂੰ ਤਾਂ ਉਦੋਂ ਕੁਝ ਨਹੀਂ ਹੁੰਦਾ..’’
ਡਾਕਟਰ,’’ ਜੇ ਮੈਂ ਉਪਰੋਂ ਮੁਠੀ ਮਿੱਟੀ ਦੀ ਤੇਰੇ ਸਿਰ ਚ’ ਮਾਰਾ ....ਫੇਰ ਕੁਝ ਹੋਉਗਾ ??’’
ਸ਼ਰਾਬੀ,’’ ਨਾ ਜੀ...ਮਿੱਟੀ ਨੇ ਤਾਂ ਹਵਾ ਚ’ ਖਿਲਰ ਜਾਣਾ ..’’
ਡਾਕਟਰ,’’ ਹੁਣ ਜੇ ਉਹੀ ਮਿੱਟੀ ਵਿਚ ਪਾਣੀ ਘੋਲ ਕੇ, ਉਸਦੀ ਇੱਟ ਬਣਾ ਕੇ , ਪੰਜਵੀ ਮੰਜਿਲ ਤੋਂ ਤੇਰੇ ਸਿਰ ਵਿਚ ਮਾਰਾ.....ਫੇਰ?’’
ਸ਼ਰਾਬੀ ਚੁਪ......
.
.
.

ਡਾਕਟਰ,’’ ਨਾ ਹੁਣ ਬੋਲ .......ਫਰਕ ਤਾਂ ਅੱਗ ਦਾ ਹੀ ਆ....’’’

Thursday, June 28, 2012

ਪੰਜਾਬੀ ਕਹਾਣੀ- ਝਰੀਟਾਂ

ਹਰਦੇਵ ਹੋਰੀਂ ਕੁਝ ਹੀ ਸਮਾਂ ਪਹਿਲਾਂ ਦਿੱਲੀ ਆਏ ਸਨ। ਪੰਜਾਬ ਵਿਚ ਉਨ੍ਹਾਂ ਦਾ ਪਿੰਡ, ਹਰਮੀਤ ਹੋਰਾਂ ਦੇ ਪਿੰਡ ਦੇ ਨਾਲ ਹੀ ਸੀ। ਸਰਕਾਰੀ ਕੁਆਰਟਰਾਂ ਦੇ ਐਨ ਪਿੱਛੇ ਬਣੇ ਘਰਾਂ ਵਿਚ ਉਨ੍ਹਾਂ ਨੇ ਦੋ ਕਮਰੇ ਤੇ ਇਕ ਚੁਬਾਰਾ ਕਿਰਾਏ 'ਤੇ ਲੈ ਲਿਆ ਸੀ। ਹਰਮੀਤ ਨੇ ਹੀ ਭੱਜ-ਨੱਠ ਕਰਕੇ ਹਰਦੇਵ ਨੂੰ ਕੁੜੀਆਂ ਦੇ ਕਾਲਜ ਦਾਖਲ ਕਰਵਾਇਆ ਸੀ। ਏਸੇ ਲਈ ਦੂਜੇ-ਤੀਜੇ ਦਿਨ ਪੁੱਛਣ ਗਿੱਛਣ ਲਈ ਹਰਦੇਵ ਉਨ੍ਹਾਂ ਦੇ ਘਰ ਚਲੀ ਜਾਂਦੀ ਸੀ।
ਹਰਮੀਤ ਦੇ ਮਨ ਦੀ ਹਾਲਤ, ਮਨਬੀਰ ਦੇ ਮਨ ਦੀ ਹਾਲਤ ਨਾਲੋਂ ਕਿਤੇ ਵਧ ਡਾਵਾਂ-ਡੋਲ ਸੀ। ਉਹਦਾ ਕਾਲਜ ਜਾਣ ਨੂੰ ਚਿੱਤ ਨਾ ਕੀਤਾ ਤੇ ਘੁੰਮ-ਘੁਮਾ ਕੇ ਘਰ ਮੁੜ ਆਇਆ। ਮਨਬੀਰ ਅੱਖਾਂ ਭਰੀ ਬੈਠੀ ਸੀ। ਉਠੀ ਤੇ ਹਰਮੀਤ ਨੂੰ ਜੱਫੀ ਪਾ ਕੇ ਰੋਣ ਲੱਗ ਪਈ। ਇਕੋ ਗੱਲ-ਹਰਮੀਤ ਜੀ, ਸੌਰੀ, ਆਈ ਐਮ ਵੈਰੀ ਸੌਰੀ। ਮੈਂ ਤੁਹਾਨੂੰ ਪਤਾ ਨੀ ਕੀ-ਕੀ ਕਹਿ ਕੇ ਦੁਖੀ ਕੀਤਾ। ਪਲੀਜ਼ ਹਰਮੀਤ।'
...ਮਨਬੀਰ, ਸੌਰੀ ਵਾਲੀ ਇਸ ਵਿਚ ਕੋਈ ਗੱਲ ਨਹੀਂ। ਜੇ ਮੈਂ ਵੀ ਤੇਰੀ ਥਾਂ ਹੁੰਦਾ, ਅਜਿਹੀ ਸਥਿਤੀ ਵਿਚ ਇਹੋ ਜਿਹਾ ਕੁਝ ਸੋਚਦਾ-ਕਹਿੰਦਾ। ਪਰ ਦੁਖੀ ਮੈਂ ਜ਼ਰੂਰ ਹੋਇਆਂ, ਤੇਰੇ ਤੇ ਨਹੀਂ ਹਰਦੇਵ ਉਤੇ।'
...ਹਰਦੇਵ ਉਤੇ? ਕਿਉਂ? ਉਹ ਤਾਂ ਵਿਚਾਰੀ ਆਪ ਏਨੀ ਦੁਖੀ ਸੀ। ਕਿਵੇਂ ਉਹਦੇ ਕਮੀਨੇ ਭਰਾ ਨੇ ਸਾਰਾ ਪਿੰਡਾ ਝਰੀਟਾਂ ਨਾਲ ਭਰ ਦਿੱਤਾ ਸੀ।
...ਮਨਬੀਰ, ਜੇ ਉਹ ਦੀਪੋ ਵਾਲੇ ਰਾਹ ਪਈ ਹੁੰਦੀ, ਇਕ ਵੀ ਝਰੀਟ ਉਹਦੇ ਪਿੰਡੇ 'ਤੇ ਨਹੀਂ ਸੀ ਪੈਣੀ।
'ਦੀਪੋ? ਕੌਣ ਦੀਪੋ?'
...ਮੈਂਗਲ ਮਹਿਰੇ ਦੇ ਘਰ ਵਾਲੀ ਦੀਪੋ। ਮੈਂਗਲ ਏਨਾ ਸਾਊ ਸ਼ਰੀਫ਼ ਤੇ ਸੁਹਿਰਦ ਬੰਦਾ ਸੀ, ਜਿਹੜਾ ਕਿਸੇ ਨੂੰ 'ਨਾਂਹ' ਕਹਿਣ ਜਾਣਦਾ ਹੀ ਨਹੀਂ ਸੀ। ਪਰ ਇਸੇ ਮੈਂਗਲ ਨਾਲ ਦੋ ਬਹੁਤ ਮਾੜੀਆਂ ਗੱਲਾਂ ਹੋ ਗਈਆਂ ਸਨ। ਐਨੇ ਸਾਲ ਵਿਆਹ ਨੂੰ ਹੋ ਗਏ ਸੀ, ਕੋਈ ਜੁਆਕ-ਜੱਲਾ ਨਹੀਂ ਸੀ ਹੋਇਆ। ਅੰਤਾਂ ਦੀ ਗਰਮੀ ਤੇ ਲੋਹੜੇ ਦੀ ਲੂ ਵਿਚ ਮੈਂਗਲ ਨੂੰ ਤਾਪ ਚੜ੍ਹ ਗਿਆ। ਜਦੋਂ ਪਿੰਡ 'ਚ ਕੋਈ ਓਹੜ-ਪੋਹੜ ਨਹੀਂ ਹੋਇਆ, ਉਹਨੂੰ ਗੱਡੇ ਵਿਚ ਪਾਇਆ ਤੇ ਦੋ ਕੁ ਕੋਹ ਦੂਰ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ। ਹਸਪਤਾਲ ਜਾਂਦਿਆਂ ਹੀ ਮੈਂਗਲ ਨੇ ਦਮ ਤੋੜ ਦਿੱਤਾ। ਦੀਪੋ ਨੇ ਰੋ-ਰੋ ਤੇ ਪਿੱਟ-ਪਿੱਟ ਕੇ ਆਪਣਾ ਬੁਰਾ ਹਾਲ ਕਰ ਲਿਆ। ਕੌਣ ਮੰਨੇਗਾ ਕਿ ਮੈਂਗਲ ਦੀ ਮੌਤ ਕਾਰਨ ਪਿੰਡ ਦੇ ਕਿੰਨੇ ਹੀ ਘਰਾਂ ਨੇ ਚੁੱਲ੍ਹੇ ਅੱਗ ਨਹੀਂ ਸੀ ਪਾਈ।
ਮੈਂਗਲ ਦਾ ਸਿਵਾ ਠੰਢਾ ਨਹੀਂ ਸੀ ਹੋਇਆ ਕਿ ਦੀਪੋ ਨੇ ਸ਼ਾਂਤੀ ਨੂੰ ਆਪਣੇ ਘਰ ਵਾੜ ਲਿਆ। ਸ਼ਾਂਤੀ ਜਿਹੜਾ ਮਾਸਟਰ ਅਨੰਤ ਰਾਮ ਦਾ ਵੱਡਾ ਪੁੱਤਰ ਸੀ। ਮਾਸਟਰ ਅਨੰਤ ਰਾਮ ਜਿਹੜਾ ਪਿੰਡ ਦੀਆਂ ਤਿੰਨ ਪੀੜ੍ਹੀਆਂ ਨੂੰ ਪੜ੍ਹਾ ਕੇ ਪ੍ਰਾਇਮਰੀ ਸਕੂਲ ਵਿਚੋਂ ਰਿਟਾਇਰ ਹੋਇਆ ਸੀ। ਸ਼ਾਂਤੀ ਪੜ੍ਹਨ ਵਿਚ ਅਸਲੋਂ ਨਖਿੱਧ ਸੀ। ਹਾਰ ਕੇ ਮਾਸਟਰ ਅਨੰਤ ਰਾਮ ਨੇ ਉਹਨੂੰ ਉਹਦੇ ਨਾਨਕੇ ਭੇਜ ਦਿੱਤਾ, ਜਿਨ੍ਹਾਂ ਦਾ ਜੱਦੀ-ਪੁਸ਼ਤੀ ਕੰਮ ਹਲਵਾਈਪੁਣੇ ਦਾ ਸੀ। ਨਾਨਕਿਆਂ ਤੋਂ ਆ ਕੇ ਸ਼ਾਂਤੀ ਨੇ ਹੱਟੀ ਪਾ ਲਈ ਸੀ-ਗੁੜ੍ਹ, ਚਾਹ, ਲੂਣ, ਤੇਲ ਤੇ ਹੋਰ ਨਿੱਕ-ਸੁੱਕ, ਕੜਾਹੀ-ਕੜਛਾ-ਝਾਰਣੀ ਹੱਟੀ 'ਤੇ ਰੱਖ ਲਿਆ। ਮਾਸਟਰ ਅਨੰਤ ਰਾਮ ਨੇ ਸ਼ਾਂਤੀ ਦੇ ਵਿਆਹ ਲਈ ਕੋਈ ਕਸਰ ਨਹੀਂ ਸੀ ਛੱਡੀ ਪਰ ਕਾਲੇ ਕਲੋਟੇ ਤੇ ਥਥਲੇ ਸ਼ਾਂਤੀ ਨੂੰ ਕਿਧਰੋਂ ਰਿਸ਼ਤਾ ਨਾ ਆਇਆ। ਜਦੋਂ ਉਸ ਤੋਂ ਛੋਟਾ ਜਗਦੀਸ਼ ਦਸਵੀਂ ਪਿਛੋਂ ਓਵਰਸੀਰੀ ਕਰਕੇ ਇਕ ਠੇਕੇਦਾਰ ਦੇ ਘਰ ਵਿਆਹਿਆ ਗਿਆ ਤਾਂ ਸ਼ਾਂਤੀ ਨੇ ਘਰ ਜਾਣਾ ਉੱਕਾ ਹੀ ਬੰਦ ਕਰ ਦਿੱਤਾ ਸੀ।
ਦੀਪੋ ਦੇ ਏਸੇ ਸ਼ਾਂਤੀ ਨੂੰ ਘਰ ਵਾੜਨ ਨਾਲ ਪਿੰਡ ਵਿਚ ਰੌਲਾ ਤਾਂ ਪੈਣਾ ਹੀ ਸੀ।
'ਨੀਂ ਦੀਪੋ ਇਹ ਕੀ ਤੂੰ ਲੋਹੜਾ ਮਾਰਿਆ। ਤੈਨੂੰ ਇਹ ਕਾਰਾ ਕਰਦਿਆਂ ਸ਼ਰਮ ਨੀ ਆਈ। ਪਿੰਡ ਦੀਆਂ ਨੂੰਹਾਂ-ਧੀਆਂ ਕੀ ਆਖਣਗੀਆਂ, ਸੋਚਣਗੀਆਂ, ਕੁਛ ਤਾਂ ਸ਼ਰਮ ਕਰਨੀ ਸੀ।' ਜਦੋਂ ਪਿੰਡ ਦੀਆਂ ਵੱਡੀਆਂ-ਵਡੇਰੀਆਂ ਦੀਪੋ ਨੂੰ ਆਖਦੀਆਂ ਤਾਂ ਦੀਪੋ ਅੱਗੋਂ ਤਣ ਕੇ ਆਖਦੀ, ਮੈਂਗਲ ਕੀ ਮਰਿਆ, ਦੀਪੋ ਸ਼ਾਮ-ਲਾਟ ਹੋ 'ਗੀ। ਪਿੰਡ ਦੀਆਂ ਨੂੰਹਾਂ-ਧੀਆਂ ਉਦੋਂ ਕਿੱਥੇ ਸੀ ਜਦੋਂ ਮੇਰੇ ਪਿਓ ਦੇ ਸਾਲੇ ਸੀਟੀਆਂ ਮਾਰਦੇ ਸੀ, ਖੰਗੂਰੇ ਮਾਰਦੇ ਸੀ। ਚਾਰ-ਚਾਰ ਖਸਮ ਕਰਨ ਨਾਲੋਂ ਇਕ ਨੂੰ ਘਰ ਵਾੜ ਲਿਆ ਤਾਂ ਮੈਂ ਕੀ ਲੋਹੜਾ ਮਾਰ 'ਤਾ। ਭਾਗੇ ਕਾ ਲੰਗੜਾ ਜਿਹਾ ਤਾਰਾ ਲੰਘਦੀ ਕਰਦੀ ਨੂੰ ਭੀੜੀ ਗਲੀ 'ਚ ਮਿਲ ਗਿਆ, ਕਹਿਣ ਲੱਗਾ, 'ਦੀਪੋ, ਛਤਰੀ ਤੇ ਇਕੋ ਕਬੂਤਰ ਗੁਟਕੂੰ-ਗੁਟਕੂੰ ਕਰਦਾ ਚੰਗਾ ਲਗਦਾ। ਰੋਟੀ ਟੁੱਕ ਮੈਂ ਵੀ ਰੱਜਵਾਂ ਦਊਂ, ਦੋ-ਤਿੰਨ ਕਿੱਲੇ ਵੀ ਮੈਨੂੰ ਆਉਂਦੇ ਐ।'
ਮੈਂ ਕਿਹਾ, 'ਇਹ ਗੀਰੋ ਨੂੰ ਦੇਹ, ਜਿਹੜੀ ਕੰਧੀ-ਕੌਲੀਂ ਵਜਦੀ ਫਿਰਦੀ ਐ।' ਆਪਣੀ ਭੈਣ ਦਾ ਨਾਂਅ ਸੁਣ ਕੇ ਲੱਗਾ ਮੈਨੂੰ ਹੱਥ ਪਾਉਣ। ਮੈਂ ਟੁੱਟੀ ਜਿਹੀ ਇੱਟ ਚੁੱਕੀ, ਉਹਦੇ ਮੱਥੇ 'ਤੇ ਮਾਰੀ। ਬਾਹੁੜੀਆਂ ਪੌਂਦਾ ਪਿੱਛੇ ਨੂੰ ਭੱਜ ਗਿਆ। ਸਾਰੇ ਪਿੰਡ ਨੂੰ ਪਤਾ ਸੀ ਕਿ ਦੀਪੋ ਜੇਰੇ ਤੇ ਜਬ੍ਹੇ ਵਾਲੀ ਔਰਤ ਸੀ ਤੇ ਉਸ ਦੇ ਬੋਲ ਦੰਦਿਆਂ ਵਾਲੀ ਆਰੀ ਨਾਲੋਂ ਤਿੱਖੇ ਸਨ। ਮੈਂਗਲ ਦਾ ਸਾਊਪੁਣਾ ਵੀ ਸੀ ਪਰ ਬਹੁਤਾ ਕਰਕੇ ਦੀਪੋ ਦਾ ਦਬੰਗਪੁਣਾ ਹੀ ਸੀ ਕਿ ਬਣਦੀ-ਤਣਦੀ ਤੇ ਭਰ ਜਵਾਨ ਦੀਪੋ ਨੂੰ ਕਦੇ ਕਿਸੇ ਨੇ 'ਓਇ' ਤੱਕ ਨਹੀਂ ਸੀ ਕਿਹਾ।
ਬਹੁਤਾ ਰੌਲਾ ਪਿੰਡ ਦਾ ਸਰਪੰਚ ਜਾਗਰ ਸਿਉਂ ਪਾ ਰਿਹਾ ਸੀ, ਏਹੋ ਜਿਹੀ ਕੁਪੱਤੀ ਰੰਨ ਪਿੰਡ 'ਚ ਨੀ ਰਹਿਣ ਦੇਣੀ। ਦੀਪੋ ਨੂੰ ਵੀ ਪਤਾ ਨੀ ਕਿ ਜਾਗਰ ਅੱਗਾ ਵਲ ਰਿਹਾ ਸੀ। ਅਸਲ ਵਿਚ ਦੀਪੋ ਨੇ ਜਾਗਰ ਨੂੰ ਵੇਲੇ-ਕੁਵੇਲੇ ਦੇਬੋ ਕੋਲ ਆਉਂਦਾ-ਜਾਂਦਾ ਦੇਖ ਲਿਆ ਸੀ। ਜਾਗਰ ਨੂੰ ਪਤਾ ਸੀ ਕਿ ਦੀਪੋ ਨੇ ਪਿੰਡ 'ਚ ਡੌਂਡੀ ਪਿੱਟਣੋਂ ਨਹੀਂ ਹਟਣਾ। ਥਾਂ-ਥਾਂ ਭੰਡੂਗੀ। ਦੀਪੋ ਦੇ ਨਾਲ ਦਾ ਘਰ ਗੁਲਜ਼ਾਰੇ ਮਿਸਤਰੀ ਦਾ ਸੀ। ਗੁਲਜ਼ਾਰੇ ਦੀ ਪਤਨੀ ਤਾਰੋ, ਇਕੋ-ਇਕ ਪੁੱਤਰ ਖੇਮੇ ਨੂੰ ਪਿੱਛੇ ਛੱਡਕੇ ਚਲਾਣਾ ਕਰ ਗਈ ਸੀ। ਦਸਾਂ ਕੁ ਸਾਲਾਂ ਦੇ ਖੇਮੇ ਨੂੰ ਗੁਲਜ਼ਾਰਾ ਸਿਹੁੰ ਨੇ ਬੜੇ ਲਾਡ-ਪਿਆਰ ਨਾਲ ਪਾਲਿਆ। ਜਦੋਂ ਖੇਮਾ ਉਡਾਰੂ ਹੋਇਆ ਤਾਂ ਗੁਲਜ਼ਾਰੇ ਦਾ ਖੱਬਾ ਪਾਸਾ ਮਾਰਿਆ ਗਿਆ। ਉਹ ਤੁਰ-ਫਿਰ ਤਾਂ ਸਕਦਾ ਸੀ ਪਰ ਕੰਮਕਾਰ ਤੋਂ ਆਰੀ ਹੋ ਗਿਆ ਸੀ। ਹੁਣ ਤੱਕ ਗੁਲਜ਼ਾਰਾ ਸਿਹੁੰ ਨੇ ਇਕ ਤਰ੍ਹਾਂ ਜਾਗਰ ਦਾ ਗੋਲਪੁਣਾ ਕੀਤਾ ਸੀ। ਭੋਲੇ-ਭਾਲੇ ਸਾਊ ਤੇ ਸ਼ੀਨ ਸੁਭਾਅ ਵਾਲੇ ਖੇਮੇ ਨੂੰ ਸਾਕ ਲਿਆਉਣ ਵਾਲਾ ਜਾਗਰ ਹੀ ਸੀ। ਉਹਨੇ ਆਪਣੇ ਸਹੁਰਿਆਂ ਤੋਂ ਮਾੜੇ-ਥੁੜੇ ਘਰ ਦੀ ਧੀ ਦੇਬੋ ਨੂੰ ਖੇਮੇ ਦਾ ਵਿਆਹ ਕਰਵਾ ਦਿੱਤਾ ਸੀ। ਵਿਆਹ ਉਤੇ ਸਰਦਾ-ਪੁਜਦਾ ਖਰਚਾ ਵੀ ਜਾਗਰ ਨੇ ਹੀ ਕੀਤਾ ਸੀ। ਖੇਮੇ ਨਾਲ ਵਿਆਹੀ ਹੋਈ ਦੇਬੋ ਦੇ ਰੰਗ-ਰੂਪ ਤੇ ਹੁੰਦੜ-ਹੇਲ ਜਵਾਨੀ ਦੀ ਚਰਚਾ ਪਿੰਡ 'ਚ ਹੀ ਹੋਈ ਸੀ। ਸਾਰੇ ਪਿੰਡ ਨੂੰ ਪਤਾ ਸੀ ਕਿ ਜਾਗਰ ਅੰਦਰੋਂ ਬੜਾ ਖਚਰਾ, ਚਾਤੁਰ ਤੇ ਹੀਣਾ ਬੰਦਾ ਸੀ। ਉਹ ਦੂਜੇ-ਤੀਜੇ ਖੇਮੇ ਦੇ ਘਰ ਗੇੜੇ ਮਾਰਨ ਲੱਗ ਪਿਆ ਸੀ ਤੇ ਧੀ-ਧੀ ਕਰਦੀ ਦੇਬੋ ਨੂੰ 'ਰੰਨ' ਬਣਾ ਲਿਆ ਸੀ। ਪਿੰਡ 'ਚ ਇਹਦੀ ਚਰਚਾ ਤਾਂ ਸੀ ਪਰ ਦੀਪੋ ਨੂੰ ਤਾਂ ਇਹਦੀ ਪੂਰੀ ਬਿੜਕ ਸੀ। ਜੇ ਕਦੇ ਖੇਮਾ ਘਰੇ ਹੁੰਦਾ ਤਾਂ ਬੋਤਲ ਖੋਲ੍ਹ ਕੇ ਕਹਿੰਦਾ, ਕਿਵੇਂ ਮਿੱਟੀ ਨਾਲ ਮਿੱਟੀ ਹੋਇਐਂ ਫਿਰਦੈਂ, ਲੈ ਲਾਹ ਥਕੇਵਾਂ। ਜਾਣ ਲੱਗਿਆ 'ਸੌ ਪੰਜਾਹ ਰੁਪਏ ਵੀ ਦੇ ਜਾਣੇ। ਖੇਮਿਆ ਗੁਲਜ਼ਾਰੇ ਦੀ ਦੁਆ-ਦਾਰੂ ਦੀ ਚਿੰਤਾ ਨੀ ਕਰਨੀ, ਜਵਾਂ ਈ। ਮੈਂ ਤਾਂ ਸ਼ਹਿਰ ਜਾਂਦਾ ਰਹਿੰਦੈਂ, ਕੋਈ ਚੀਜ਼ ਵਸਤ ਮੰਗਾਉਣੀ ਹੋਵੇ ਨਿਸ਼ੰਗ ਦਸ ਦਿਆ ਕਰੋ।
ਦੀਪੋ ਨੂੰ ਪਤਾ ਸੀ ਕਿ ਦੀਪੋ ਨੂੰ ਜਰਕਾਉਣ ਲਈ ਜਾਗਰ ਨੇ ਪੰਚਾਇਤ ਸੱਦੀ ਸੀ। ਅਸਲ 'ਚ ਉਹਨੂੰ ਆਪਣਾ ਪਾਲਾ ਮਾਰ ਰਿਹਾ ਸੀ। ਹੋਰ ਦੋ ਮਹੀਨਿਆਂ ਨੂੰ ਪੰਚਾਇਤੀ ਚੋਣਾਂ ਵੀ ਹੋਣ ਵਾਲੀਆਂ ਸਨ। ਜਾਗਰ ਦੇ ਮੂੰਹ ਸਰਪੰਚੀ ਲੱਗੀ ਹੋਈ ਸੀ। ਉਧਰ ਪਿੰਡ ਦੇ ਮਹਾਜਨਾਂ ਨੇ ਸ਼ਾਂਤੀ ਨੂੰ ਸਮਝਾਉਣ ਦੀ ਪੂਰੀ ਵਾਹ ਲਾਈ ਪਰ ਸ਼ਾਂਤੀ ਜਦੋਂ ਕਹਿੰਦਾ ਮੈਨੂੰ ਛੱਡ ਕੇ ਘਰਦਿਆਂ ਨੇ ਜਦੋਂ ਜਗਦੀਸ਼ ਦਾ ਵਿਆਹ ਕੀਤਾ ਸੀ, ਉਦੋਂ ਤੁਸੀਂ ਕਿੱਥੇ ਗਏ ਸੀ? ਤਾਂ ਸਾਰੇ ਚੁੱਪ ਕਰਕੇ ਚਲੇ ਗਏ? ਤਾਂ ਸਾਰੇ ਚੁੱਪ ਕਰਕੇ ਚਲੇ ਜਾਂਦੇ।
'ਭਾਈ ਦੀਪੋ, ਅਸੀਂ ਤਾਂ ਦੋਵਾਂ ਨੂੰ ਸੱਦਿਆ ਸੀ ਤੂੰ ਆ 'ਗੀ ਕੱਲੀ।' ਤਾਇਆ ਸੀਤਾ ਰਾਮ ਪੰਚ ਨੇ ਕਿਹਾ।
'ਬਾਬਾ ਜੀ, ਸ਼ਾਂਤੀ ਨੂੰ ਮੈਂ ਘਰ ਵਾੜਿਆ, ਸ਼ਾਂਤੀ ਨੇ ਨ੍ਹੀਂ ਮੈਨੂੰ ਘਰ ਵਾੜਿਆ, ਫੇਰ ਸ਼ਾਂਤੀ ਨੇ ਆ ਕੇ ਕੀ ਕਰਨਾ ਸੀ।' ਦੀਪੋ ਨੇ ਨਿਡਰ ਹੋ ਕੇ ਉਤਰ ਦਿੱਤਾ। ਸਾਰਾ ਪੰਚਾਇਤ ਘਰ ਲੋਕਾਂ ਨਾਲ ਭਰਿਆ ਹੋਇਆ ਸੀ। ਅਸਲ 'ਚ ਏਹੋ ਜਿਹੀ ਘਟਨਾ ਪਿੰਡ ਵਿਚ ਪਹਿਲਾਂ ਹੋਈ ਹੀ ਨਹੀਂ ਸੀ।
'ਦੀਪੋ, ਕੰਨ ਖੋਲ੍ਹ ਕੇ ਸੁਣ ਲੈ, ਇਹ ਕੱਬੀ ਜੇਹੀ ਗੱਲ ਨੀ ਪੁਗਣੀ ਪਿੰਡ 'ਚ', ਸੁੱਚਾ ਸਿੰਘ ਪੰਚ ਨੇ ਦੀਪੋ ਨੂੰ ਝਿੜਕਦਿਆਂ ਕਿਹਾ।
'ਬਾਬਾ ਜੀ, ਮੈਂ ਤਾਂ ਸ਼ਾਂਤੀ ਨੇ ਮਰਜ਼ੀ ਨਾਲ ਇਹ ਕੱਬੀ ਗੱਲ ਕੀਤੀ ਐ। ਜਿਹੜੇ ਬਿਨਾਂ ਮਰਜ਼ੀ ਤੋਂ ਲੋਕਾਂ ਦੇ ਘਰ ਕੱਬੀਆਂ ਕਰੀ ਜਾਂਦੇ ਐ, ਉਹਦਾ ਕਿਸੇ ਨੇ ਕੀ ਬਿਗਾੜ ਲਿਐ।'
'ਕਿਹੜਾ ਏਹੋ ਜਿਹਾ ਫੇਰੇ ਦੇਣਾ' ਸੁੱਚਾ ਸਿੰਘ ਭਾਵੇਂ ਮਨ ਦਾ ਸੁੱਚਾ ਸੀ ਪਰ ਉਹਨੂੰ ਗਾਲ ਕੱਢ ਕੇ ਵੀ ਇਹ ਨਹੀਂ ਸੀ ਪਤਾ ਲਗਦਾ ਕਿ ਉਹ ਗਾਲ ਕੱਢ ਗਿਆ ਹੈ।
'ਇਕ ਤਾਂ ਫੇਰੇ ਦੇਣਾ ਤੇਰੇ ਕੋਲ ਬੈਠਾ ਸੱਜੇ ਪਾਸੇ', ਉਸਦਾ ਇਸ਼ਾਰਾ ਸਪੱਸ਼ਟ ਤੌਰ 'ਤੇ ਜਾਗਰ ਸਿੰਘ ਸਰਪੰਚ ਵੱਲ ਸੀ। ਦੀਪੋ ਨੇ ਇਨ੍ਹਾਂ ਸ਼ਬਦਾਂ ਨਾਲ ਸਰਪੰਚ ਦੇ ਵਿਰੋਧੀਆਂ ਵਿਚ ਹਾਸੜ ਮਚ ਗਈ।
'ਕੁੜੀਏ ਅਬਾ-ਤਬਾ ਨੀ ਬੋਲਣ ਦੀ ਲੋੜ, ਤੂੰ ਆਪਣੇ ਘਰ 'ਚ ਨ੍ਹੀਂ ਬੈਠੀ, ਪੰਚੈਤ 'ਚ ਬੈਠੀ ਐਂ', ਤਾਇਆ ਸੀਤਾ ਰਾਮ ਨੇ ਚਿਤਾਵਨੀ ਦਿੰਦਿਆਂ ਕਿਹਾ।
'ਮੈਂ ਤਾਂ ਸੁਣਾ 'ਈ ਪਿੰਡ ਤੇ ਪੰਚੈਤ ਨੂੰ ਰਹੀ ਆਂ, ਜੀਹਨੇ ਬਿਗਾੜਨਾ ਮੇਰਾ ਬਿਗਾੜ ਲੇ।'
'ਦੀਪੋ ਮੂੰਹ ਸੰਭਾਲ ਕੇ ਬੋਲ, ਝਾਟਾ ਜੇਹਾ ਪੱਟ ਕੇ ਪਿੰਡੋਂ ਬਾਹਰ ਨਾ ਕੱਢਤੀ ਤਾਂ ਮੇਰਾ ਨਾਂਅ ਜਾਗਰ ਸਿਹੁੰ ਸਰਪੰਚ ਨੀਂ।'
'ਲਿਆਵਾਂ ਦੇਬੋ ਨੂੰ ਸੱਦ ਕੇ ਜਿਹੜਾ ਤੇਰਾ ਪਾਪ ਚੁੱਕੀ ਫਿਰਦੀ ਐ।'
ਅਸਲ 'ਚ ਇਕ ਦਿਨ ਦੀਪੋ ਨੇ ਦੇਬੋ ਨੂੰ ਕਿਹਾ ਸੀ, ਤੂੰ ਏਸ ਚੌਰੇ ਦੀ ਦਾੜੀ ਕਿਉਂ ਨੀ ਫੜਦੀ, ਇਹਦਾ ਨਿੱਤ ਗੇੜੇ ਮਾਰਨ ਦਾ ਕੀ ਰਾਹ? ਖੇਮੇ ਨਾਲ ਗੱਲ ਕਰ, ਜੇ ਤੂੰ ਡਰਦੀ ਐਂ ਤਾਂ ਮੈਂ ਕਰਾਂ ਗੱਲ।'
'ਖੇਮਾ ਨੀ ਕਿਸੇ ਜੋਗਾ। ਮੈਨੂੰ ਤਾਂ ਦਸਦਿਆਂ ਵੀ ਸ਼ਰਮ ਆਉਂਦੀ ਐ', ਦੀਪੋ ਸੁਣ ਕੇ ਚੁੱਪ ਕਰ ਗਈ ਸੀ, ਉਹ ਸਭ ਸਮਝ ਗਈ ਸੀ।
'ਠਹਿਰ ਤੇਰੀ ਮਾਂ ਦੀ...' ਜਾਗਰ ਗਾਲੀ-ਗਲੋਚ 'ਤੇ ਆ ਗਿਆ ਸੀ।
ਦੀਪੋ ਨੂੰ ਜਿਵੇਂ ਚੰਡੀ ਚੜ੍ਹ ਗਈ ਹੋਵੇ। ਉਹਨੇ ਅੱਗਾ ਦੇਖਿਆ ਨਾ ਪਿੱਛਾ, ਭਰੀ ਪੰਚਾਇਤ ਵਿਚ ਜਾਗਰ ਦੀ ਦਾੜ੍ਹੀ ਨੂੰ ਜਾ ਹੱਥ ਪਾਇਆ। ਜੇ ਇਹ ਪੱਟ ਕੇ ਤੇਰੇ 'ਚ ਹੱਥ ਨਾ ਫੜਾ ਤੀ ਮੇਰਾ ਨਾਂਅ ਵੀ ਦੀਪੋ ਨਹੀਂ।'
'ਓਇ, ਮਾਰਤਾ, ਮੇਰੇ ਸਾਲੇ ਦੀਏ' ਲੋਕਾਂ ਨੇ ਬੜੀ ਮੁਸ਼ਕਿਲ ਨਾਲ ਉਹਦੀ ਦਾੜ੍ਹੀ ਛੁਡਾਈ।
'ਨਾ ਬਈ ਨਾ, ਤੀਵੀਂ-ਮਾਣੀ ਨਾਲ ਹੱਥੋ-ਪਾਈ ਹੋਣ ਦੀ ਲੋੜ ਨੀਂ। ਤੈਨੂੰ ਵੀ ਜਾਗਰਾ ਗਾਲ ਕੱਢਣ ਦੀ ਕੀ ਲੋੜ ਸੀ? ਪੰਚੈਤੀ ਫੈਸਲੇ ਗਾਲਾਂ ਨਾਲ ਨੀ ਹੁੰਦੇ।' ਸੁੱਚਾ ਸਿੰਘ, ਜਾਗਰ ਸਿਹੁੰ ਨੂੰ ਗੁੱਸੇ ਨਾਲ ਕਹਿ ਰਿਹਾ ਸੀ। ਕੁਝ ਲੋਕ ਜਾਗਰ ਨੂੰ ਪਰੇ ਲੈ ਗਏ ਸਨ। ਇਕ ਵਾਰ ਤਾਂ ਜਾਗਰ ਪੂਰੀ ਤਰ੍ਹਾਂ ਠਿੱਠ ਹੋ ਗਿਆ ਸੀ।
'ਚਲੋ ਬਈ, ਘਰੋ-ਘਰੀ, ਅਸੀਂ ਆਪੇ ਸ਼ਾਂਤੀ ਨਾਲ ਗੱਲ ਕਰ ਲਾਂਗੇ', ਤਾਇਆ ਸੀਤਾ ਰਾਮ ਨੇ ਵਿਚ-ਵਿਚਾਲਾ ਕਰਦਿਆਂ ਕਿਹਾ। ਸਾਰੇ ਪਿੰਡ ਵਿਚ ਦੀਪੋ ਦੀ ਚਰਚਾ ਹੋ ਰਹੀ ਸੀ।
ਅਗਲੇ ਦਿਨ ਸਵੇਰੇ ਹੀ ਸੂਬੇਦਾਰਾਂ ਦਾ ਮੇਜਰ ਦੀਪੋ ਦੇ ਘਰ ਚਲਿਆ ਗਿਆ। 'ਚਾਚੀ ਮੈਂ ਤਾਂ ਕਾਫ਼ੀ ਹਨੇਰੇ ਹੋਏ ਆਇਆ ਸੀ। ਮੈਨੂੰ ਤਾਂ ਸਵੇਰੇ ਈ ਪਤਾ ਲੱਗਾ ਚਾਚੀ, ਨਹੀਂ ਰੀਸਾਂ ਤੇਰੀਆਂ। ਇਕ ਵਾਰ ਤਾਂ ਪਿੰਡ ਦੀਆਂ ਨੂੰਹਾਂ-ਧੀਆਂ ਲਈ ਗਾਡੀ ਰਾਹ ਖੋਲ੍ਹਤਾ।' ਮੈਂ ਕਿਹਾ, 'ਚਾਚੀ ਨੂੰ ਸ਼ਾਬਾਸ਼ ਦੇ ਆਵਾਂ?' ਮੇਜਰ ਪਿੰਡੋਂ ਦੂਰ ਕਾਲਜ ਵਿਚ ਪੜ੍ਹਾਉਂਦਾ ਸੀ।
'ਮੇਜਰ ਸਿਹੁੰ ਝੇਡਾਂ ਕਰਦੈਂ, ਮਾਂ ਵਰਗੀ ਚਾਚੀ ਨਾਲ, ਤੂੰ ਤਾਂ ਭਾਈ ਥੱਬਾ ਜਮਾਤਾਂ ਦਾ ਪੜ੍ਹਿਆ ਹੋਇਐਂ, ਮੈਂ ਤਾਂ ਜਵਾਂ ਅਨਪੜ੍ਹ ਆਂ। ਮੇਰੇ ਕੋਲੋਂ ਕੋਰੇ ਕਾਗਜ਼ 'ਤੇ 'ਗੂਠਾ ਲੁਆ ਲੈ, ਜਿੰਨਾ ਚਿਰ ਤੀਵੀਂ ਆਪਣੀ ਆਈ 'ਤੇ ਨੀ ਆਉਂਦੀ, ਏਸ ਜਾਇ ਖਾਣੇ ਜੱਗ ਨੇ ਉਹਨੂੰ ਸੁਖੀ ਨੀਂ ਰਹਿਣ ਦੇਣਾ। ਜੇ ਮੈਂ ਉਹਦੀ ਦਾੜ੍ਹੀ ਨਾ ਪੱਟਦੀ, ਉਹਨੇ ਪਿੰਡ ਨੀ ਸੀ ਰਹਿਣ ਦੇਣਾ। ਪਿੰਡੋਂ ਕੱਢ ਕੇ ਸਾਹ ਲੈਣਾ ਸੀ। ਹੁਣ ਬਹਿ ਗਿਆ ਮੂਤ ਦੀ ਝੱਗ ਆਂਗੂ।'
ਮਨਬੀਰ ਸੁਣਦੀ ਰਹੀ, ਸੁਣਦੀ ਰਹੀ। ਹਰਮੀਤ ਦਾ ਬੋਲਦਿਆਂ-ਬੋਲਦਿਆਂ ਗਲ ਬੈਠ ਗਿਆ ਸੀ। 'ਮਨਬੀਰ, ਮੈਂ ਤੈਨੂੰ ਏਨੀ ਲੰਬੀ ਗੱਲ ਸੁਣਾਈ, ਨਾ ਹੂੰ, ਨਾ ਹਾਂ, ਨਾਂਹ ਨਾਂਹ ਕਿਉਂ ਤੇ ਨਾਂਹ ਕੀ?' ਨਾਂਹ ਚੰਗਾ, ਨਾਂਹ ਮੰਦਾ।'
'ਮੈਂ ਤਾਂ ਦੀਪੋ ਬਾਰੇ ਹੀ ਸੋਚ ਰਹੀ ਸੀ। ਹਰਦੇਵ ਦੀ ਗੱਲ ਛੱਡੋ। ਜੇ ਔਰਤ ਨੇ ਬਾਹਰਲੀਆਂ ਤੇ ਅੰਦਰਲੀਆਂ ਝਰੀਟਾਂ ਤੋਂ ਮੁਕਤ ਹੋਣਾ ਤਾਂ ਦੀਪੋ ਵਾਲਾ ਰਾਹ ਫੜਨਾ ਹੀ ਪਊ, ਮੈਂ ਤੁਹਾਡੇ ਨਾਲ ਸਹਿਮਤ ਹਾਂ।'
'ਯਕੀਨਨ! ਪਰ ਸ਼ਰਤ ਇਹ ਹੈ ਕਿ...'
'ਸ਼ਰਤ ਵੀ ਮੈਂ ਦਸ ਦਿੰਦੀ ਹਾਂ। ਜੇ ਮੈਂ ਤੁਹਾਡੇ ਵਾਂਗ ਕਹਾਣੀਆਂ ਲਿਖਦੀ ਨਹੀਂ, ਕਹਾਣੀਆਂ ਪੜ੍ਹਦੀ ਤੇ ਪੜ੍ਹਾਉਂਦੀ ਤਾਂ ਹਾਂ। ਝਰੀਟਾਂ ਤੋਂ ਬਚਣ ਲਈ ਔਰਤ ਕੋਲ ਬਚਾਓ ਕਰਨ ਦੀ ਥਾਂ ਲੋੜ ਪੈਣ 'ਤੇ ਦਾੜ੍ਹੀ ਨੂੰ ਹੱਥ ਪਾਉਣ ਦੀ ਪਹਿਲ ਕਰਨ ਦਾ ਜ਼ੇਰਾ ਹੋਣਾ ਚਾਹੀਦਾ ਹੈ। ਐਮ. ਆਈ. ਰਾਈਟ?'
'ਹੀਅਰ ਯੂ ਆਰ (ਇਹ ਹੋਈ ਨਾ ਅਸਲੀ ਗੱਲ)' ਇਹ ਕਹਿ ਕੇ ਹਰਮੀਤ ਨੇ ਮਨਬੀਰ ਨੂੰ ਆਪਣੀ ਜੱਫੀ ਵਿਚ ਲੈ ਲਿਆ। 

ਹਾਸ ਵਿਅੰਗ- ਤੂੰ ਸਾਰੇ ਈ ਲੈ ਜਾ ਭਾਈ...

ਨਿਮਾਣਾ ਸਿਹੁੰ ਇਹ ਗੱਲ ਭਲੀ-ਭਾਂਤ ਜਾਣਦਾ ਸੀ ਕਿ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ। ਨਿਮਾਣਾ ਸਿਹੁੰ ਨੂੰ ਵੀ ਆਪਣੇ ਇਲਾਕੇ ਵਿਚ ਦੌੜ-ਭੱਜ ਅਤੇ ਕੰਮ ਕਰਦਿਆਂ ਇਕ ਦਹਾਕੇ ਤੋਂ ਵੱਧ ਸਮਾਂ ਲੰਘ ਚੁੱਕਾ ਸੀ। ਇਲਾਕੇ ਵਿਚ ਹੁੰਦੇ ਸਮਾਗਮਾਂ 'ਚ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਵਰਤਾਉਣ ਜਾਂ ਪੰਡਾਲ ਲਾਉਣ ਵਾਲਿਆਂ ਨੂੰ ਹਰ ਸਮਾਗਮ 'ਤੇ ਸਨਮਾਨਿਤ ਕਰ ਦਿੱਤਾ ਜਾਂਦਾ ਪਰ ਨਿਮਾਣਾ ਸਿਹੁੰ ਦੀ ਕੋਈ ਸਿਫਾਰਸ਼ ਨਾ ਹੋਣ ਕਰਕੇ ਪ੍ਰਬੰਧਕਾਂ ਵੱਲੋਂ ਉਸ ਨੂੰ ਕੰਮਕਾਜ ਵਿਚ ਉਲਝਾਉਣ ਤੋਂ ਸਿਵਾਏ ਉਸ ਨੂੰ ਸਮਾਗਮ ਦੇ ਨੇੜੇ-ਤੇੜੇ ਢੁਕਣ ਦਾ ਮੌਕਾ ਵੀ ਨਾ ਦਿੱਤਾ ਜਾਂਦਾ।
'ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ' ਵਾਲੀ ਕਹਾਵਤ ਸੱਚ ਹੋਈ। ਰੱਬ ਨੇ ਸੁਣੀ, ਇਕ ਸਮਾਗਮ ਦੌਰਾਨ ਕਿਸੇ ਭਲੇ ਪੁਰਖ ਦੇ ਕਹਿਣ 'ਤੇ ਨਿਮਾਣਾ ਸਿਹੁੰ ਦਾ ਨਾਂਅ ਵੀ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਲਿਸਟ ਵਿਚ ਸ਼ਾਮਿਲ ਕਰ ਲਿਆ ਗਿਆ। ਨਿਮਾਣਾ ਸਿਹੁੰ ਨੂੰ ਪ੍ਰਬੰਧਕਾਂ ਵੱਲੋਂ ਕੁਝ ਰੁਪਏ ਦਿੱਤੇ ਗਏ ਅਤੇ ਬੜੀ ਬੇਰੁਖੀ ਆਵਾਜ਼ ਵਿਚ ਕਿਹਾ ਗਿਆ ਜੋ ਚੰਗਾ ਲਗਦਾ ਈ ਖਰੀਦ ਲਈਂ, ਪੈਕਿੰਗ ਪੇਪਰ ਵਿਚ ਪੈਕ ਕਰਕੇ ਅਤੇ ਉਪਰ ਆਪਣੇ ਨਾਂਅ ਦਾ ਸਟਿੱਕਰ ਲਗਾ ਕੇ ਸਾਨੂੰ ਫੜਾ ਦੇਵੀਂ, ਇਹੋ ਗਿਫਟ ਦੇ ਤੌਰ 'ਤੇ ਮੁੱਖ ਮਹਿਮਾਨ ਕੋਲੋਂ ਤੈਨੂੰ ਦਿਵਾ ਦਿੱਤਾ ਜਾਵੇਗਾ। ਨਿਮਾਣਾ ਸਿਹੁੰ ਦੀਆਂ ਵਾਛਾਂ ਖਿੜ ਗਈਆਂ, ਖੁਸ਼ੀ ਸੰਭਾਲੀ ਨਾ ਜਾਵੇ। ਨਿਮਾਣਾ ਸਿਹੁੰ ਦੇ ਚਿਹਰੇ ਦੀ ਖੁਸ਼ੀ ਅਤੇ ਪੈਰ ਭੁੰਜੇ ਨਾ ਲਗਦੇ ਦੇਖ ਹਰ ਸਾਲ ਸਨਮਾਨਿਤ ਹੋਣ ਵਾਲਿਆਂ ਨੇ ਤਾਂ ਇਹ ਟਕੋਰ ਵੀ ਕਰ ਦਿੱਤੀ ਕਿ ਮੁਫਤ ਦੀ ਤਾਂ ਚਪੇੜ ਵੀ ਮਾਣ ਨੀਂ ਹੁੰਦੀ, ਇਹ ਤਾਂ ਫਿਰ ਰੁਪਏ ਆ ਭਾਈ।
ਨਿਮਾਣਾ ਸਿਹੁੰ ਨੇ ਘਰ ਆ ਕੇ ਆਪਣੀ ਸ੍ਰੀਮਤੀ ਨੂੰ ਨਾਲ ਲਿਆ ਅਤੇ ਬਾਜ਼ਾਰ ਨੂੰ ਚਾਲੇ ਪਾ ਦਿੱਤੇ। ਹੋਰ ਰੁਪਏ ਕੋਲੋਂ ਪਾ ਕੇ ਆਪਣੀ ਮਰਜ਼ੀ ਦਾ ਸੂਟ ਲਿਆ। ਉਪਰੰਤ ਡੱਬੇ ਵਿਚ ਰੱਖ ਲਿਸ਼ਕਣੇ ਕਾਗਜ਼ ਵਿਚ ਪੈਕ ਕਰਵਾ ਕੇ ਆਪਣੇ ਨਾਂਅ ਦੀ ਉਸ ਉਪਰ ਚਿੱਟ ਲਗਵਾ ਕੇ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ। ਸਟੇਜ ਸਕੱਤਰ ਵੱਲੋਂ ਇਨਾਮੀਆਂ ਦੇ ਨਾਂਅ ਬੋਲਣੇ ਸ਼ੁਰੂ ਕਰ ਦਿੱਤੇ ਗਏ। ਨਿਮਾਣਾ ਸਿਹੁੰ ਨੂੰ ਸਟੇਜ ਉਪਰ ਚੜ੍ਹਦਿਆਂ ਇਕ ਇਨਾਮੀ ਨੇ ਉਸ ਦੀ ਟੁੱਟੀ ਬਾਂਹ ਤੋਂ ਫੜ ਕੇ ਇਸ ਤਰ੍ਹਾਂ ਖਿੱਚਿਆ ਜਿਵੇਂ ਨਲਕੇ ਦੀ ਹੱਥੀ ਬੈਕ ਮਾਰਦੀ ਹੈ। ਦਰਦ ਨਾਲ ਤ੍ਰਾਹ-ਤ੍ਰਾਹ ਕਰਦਾ ਨਿਮਾਣਾ ਸਿਹੁੰ ਵੀ ਇਨਾਮੀਆਂ ਦੀ ਕਤਾਰ ਵਿਚ ਜਾ ਖਲੋਤਾ। ਇਨਾਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਹਫੜਾ-ਦਫੜੀ ਵਿਚ ਗਿਫਟ ਪੈਕ ਇਕ ਦੂਜੇ ਨਾਲ ਵਟਾਏ ਗਏ। ਇਕ ਖਾਸ ਥਾਂ 'ਤੇ ਜਾ ਸਾਰਿਆਂ ਨੇ ਆਪਣੇ ਗਿਫਟ ਇਸ ਤਰ੍ਹਾਂ ਭੂਆਂ ਕੇ ਮਾਰੇ ਜਿਵੇਂ ਸਿਰ ਤੋਂ ਪੱਠਿਆਂ ਵਾਲੀ ਪੰਡ ਲਾਹ ਕੇ ਸੁੱਟੀ ਦੀ ਹੈ। 'ਤੂੰ ਨਹੀਂ ਸੁਟਦਾ, ਇਹਨੂੰ ਕੱਛੇ ਮਾਰੀ ਫਿਰਦਾ ਏਂ' ਇਕ ਸਾਥੀ ਨੇ ਨਿਮਾਣਾ ਸਿਹੁੰ ਦੀ ਕੱਛ ਵਿਚ ਮਾਰਿਆ ਗਿਫਟ ਕੱਢ ਕੇ ਵਗਾਹ ਮਾਰਿਆ। ਨਿਮਾਣਾ ਸਿਹੁੰ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਇਕ ਸੀਨੀਅਰ ਮੈਂਬਰ ਦਾ ਹੱਥ ਫੜ ਨਿਮਾਣਾ ਸਿਹੁੰ ਉਸ ਨੂੰ ਪਾਸੇ ਲੈ ਗਿਆ ਤੇ ਦੱਸਿਆ ਕਿ ਮੇਰਾ ਤਾਂ ਇਨ੍ਹਾਂ ਗਿਫਟ ਪੈਕਟਾਂ ਵਿਚ ਕੀਮਤੀ ਸੂਟ ਪੈਕ ਹੈ। ਉਹ ਖਿੜ-ਖਿੜਾ ਕੇ ਹੱਸਿਆ ਤੇ ਕਹਿਣ ਲੱਗਾ ਕਿ ਸੱਚੀਂ-ਮੁੱਚੀਂ ਕਮਲਾ ਈ ਆ, ਤੈਨੂੰ ਨਹੀਂ ਪਤਾ ਇਥੋਂ ਦੀ ਰਵਾਇਤ ਆ ਕੇ ਪੈਸੇ ਜੇਬੇ ਵਿਚ ਪਾਓ ਅਤੇ ਇਨਾਮ ਲੈਣ ਦੀ ਫਾਰਮੈਲਟੀ ਪੂਰੀ ਕਰਨ ਲਈ ਖਾਲੀ ਡੱਬੇ ਜਾਂ ਰੱਦੀ ਨੂੰ ਗਿਫਟ ਪੈਕ ਵਿਚ ਕਰ ਲਓ, ਤੂੰ ਇਸ ਤਰ੍ਹਾਂ ਨਹੀਂ ਕੀਤਾ? ਨਹੀਂ ਸਰ ਜੀ! ਮੇਰਾ ਤਾਂ ਕੀਮਤੀ ਸੂਟ ਹੈ ਇਨ੍ਹਾਂ ਵਿਚ। ਜਲਦੀ-ਜਲਦੀ ਲੱਭ ਜਾ ਕੇ। ਲੋਕ ਚਾਹ ਕੌਫ਼ੀ ਪਕੌੜੇ ਅਤੇ ਬਿਸਕੁਟਾਂ ਦਾ ਆਨੰਦ ਲੈ ਰਹੇ ਸਨ, ਨਿਮਾਣਾ ਸਿਹੁੰ ਢੇਰ ਫਰੋਲਣ ਵਾਲਿਆਂ ਵਾਂਗ ਗਿਫਟ ਪੈਕਾਂ ਨੂੰ ਖੋਲ੍ਹ-ਖੋਲ੍ਹ ਦੇਖਣ ਵਿਚ ਗੁਆਚਿਆ ਹੋਇਆ ਸੀ। ਉਧਰ ਇਨਾਮ ਲੈਣ ਵਾਲੇ ਬਾਕੀ ਸਿਫਾਰਸ਼ੀ ਕੌਫ਼ੀ ਦੀਆਂ ਚੁਸਕੀਆਂ ਲੈਂਦੇ ਮੱਥੇ 'ਤੇ ਤਿਊੜੀਆਂ ਅਤੇ ਲਾਲ-ਲਾਲ ਅੱਖਾਂ ਕੱਢਦਿਆਂ ਜਿਥੇ ਨਿਮਾਣਾ ਸਿਹੁੰ ਦੀ ਨਲਾਇਕੀ 'ਤੇ ਹੱਸ ਰਹੇ ਸਨ, ਉਥੇ ਆਪਣੀ ਹੁਸ਼ਿਆਰੀ 'ਤੇ ਵੱਖਰਾ ਜਿਹਾ ਨਸ਼ਾ ਮਹਿਸੂਸ ਕਰਦੇ ਦੱਬਵੀਂ ਆਵਾਜ਼ ਵਿਚ ਕਹਿ ਰਹੇ ਸਨ, ਤੂੰ ਸਾਰੇ ਈ ਲੈ ਜਾ ਭਾਈ...।
ਸੁਖਬੀਰ ਸਿੰਘ ਖੁਰਮਣੀਆਂ
-ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ-143002.
ਮੋਬਾਈਲ : 98555-12677

ਪੰਜਾਬੀ ਕਹਾਣੀ- ਫੀਰੀ ਸ਼ਾਹ

ਫੀਰੀ ਸ਼ਾਹ ਉਰਫ ਭੰਬੀਰੀ ਸ਼ਾਹ ਉਰਫ ਕਸ਼ਮੀਰ ਚੰਦ ਦੀ ਵਾਕਫੀ ਦਾ ਘੇਰਾ ਹੀ ਵਿਸ਼ਾਲ ਨਹੀਂ ਸਗੋਂ ਉਹ ਵਿਸ਼ਾਲ ਹਿਰਦੇ ਦਾ ਮਾਲਕ ਵੀ ਹੈ। ਕੁਝ ਲੋਕੀਂ ਉਹਨੂੰ ਗੁਸੈਲਾ ਸਮਝਦੇ ਹਨ ਅਤੇ ਕੁਝ ਅੜ੍ਹਬ। ਜਦੋਂ ਕਿ ਉਹ ਪੂਰਾ ਹਿਸਾਬੀ ਅਤੇ ਕੋਰਾ ਕਰਾਰਾ ਬੰਦਾ ਹੈ। ਜਾਣੀ ਕਿ ਲੱਠਾ ਬੰਦਾ। ਪੂਰਾ ਢੱਠਾ ਬੰਦਾ। ਲਕੀਰ ਖਿੱਚ ਕੇ ਖੜ੍ਹਨ ਵਾਲਾ। ਮਨ ਦੀ ਮੌਜ ਵਿਚ ਰਹਿਣਾ ਪਸੰਦ ਕਰਨ ਕਰਕੇ ਕਈ ਲੋਕ ਉਸ ਨੂੰ ਮੌਜੀ ਠਾਕੁਰ ਵੀ ਕਹਿ ਛੱਡਦੇ ਹਨ।
ਉਂਝ ਮਾਂ ਨੇ ਉਹਦਾ ਨਾਂਅ ਤਾਂ ਕਸ਼ਮੀਰ ਚੰਦ ਰੱਖਿਆ ਸੀ। ਪਰ ਹੌਲੀ-ਹੌਲੀ ਲੋਕੀਂ ਉਹਨੂੰ ਕਸ਼ਮੀਰੀ ਕਹਿਣ ਲੱਗ ਪਏ। ਕਸ਼ਮੀਰੀ ਤੋਂ ਜੰਮੂ ਕਸ਼ਮੀਰ ਬਣਨ ਦੀ ਥਾਂ ਉਹ ਫੀਰੀ ਬਣ ਗਿਆ ਅਤੇ ਫੀਰੀ ਤੋਂ ਫੀਰੀ ਸ਼ਾਹ ਉਹ ਕਦੋਂ ਬਣਿਆ ਉਹਨੂੰ ਆਪ ਨੂੰ ਵੀ ਪਤਾ ਨਹੀਂ। ਉਂਝ ਆਪਣੇ-ਆਪ ਨੂੰ ਕਸ਼ਮੀਰ ਚੰਦ ਉਰਫ ਫੀਰੀ ਸ਼ਾਹ ਅਖਵਾ ਕੇ ਉਹ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਇਸ ਨੂੰ ਉਹ ਹਿੰਦ-ਪਾਕਿ ਏਕਤਾ ਦਾ ਪ੍ਰਤੀਕ ਸਮਝਦਾ ਹੈ।
ਬਹੁਤ ਸਾਰੇ ਲੋਕਾਂ ਨਾਲ ਮੇਲ-ਜੋਲ ਹੋਣ ਕਰਕੇ ਉਹ ਸਿਆਸਤ ਨੂੰ ਵੀ ਮੂੰਹ ਮਾਰ ਲੈਂਦਾ ਹੈ। ਵੱਡੇ-ਵੱਡੇ ਸਿਆਸੀ ਲੋਕਾਂ ਨਾਲ ਉਹਦੀ ਪੱਕੀ ਆੜੀ ਹੈ। ਜਿਹਦੇ ਨਾਲ ਖੜ੍ਹਦਾ ਹੈ ਬੱਸ ਉਹਦੇ ਨਾਲ ਢਿੱਡੋਂ ਖੜ੍ਹਦਾ ਹੈ। ਜਿਹਦੇ ਨਾਲ ਵਿਗੜਦਾ ਹੈ ਉਹਦੇ ਨਾਲ ਅਜਿਹੀ ਕੱਚੀ ਪਾਉਂਦਾ ਹੈ ਕਿ ਮੁੜ ਉਹਨੂੰ ਬੁਲਾਉਂਦਾ ਤੱਕ ਨਹੀਂ ਅਤੇ ਨਾ ਹੀ ਉਹਨੂੰ ਮੁੜ ਆਪਣੇ ਨੇੜੇ ਲੱਗਣ ਦਿੰਦਾ ਹੈ।
ਪਿੱਛੇ ਜਿਹੇ ਜਦੋਂ ਉਹਦੀ ਮਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਤਾਂ ਇਕ ਵੱਡਾ ਆਗੂ ਉਹਦਾ ਮਿੱਤਰ ਜਦੋਂ ਕਈ ਦਿਨ ਬੀਤ ਜਾਣ ਮਗਰੋਂ ਵੀ ਅਫ਼ਸੋਸ ਕਰਨ ਨਾ ਆਇਆ ਤਾਂ ਉਹਦੇ ਜਾਣੂ ਲੱਗੇ ਉਹਦੇ ਹੁੱਝਾਂ ਮਾਰਨ। ਅਖੇ ਜਿਹਦੇ ਲਈ ਲੋਕਾਂ ਨਾਲ ਵਿਗਾੜ ਪਾਉਂਦਾ ਰਿਹੈਂ, ਜਿਹਦੀ ਹਰ ਵੇਲੇ ਪੂਛ ਫੜ ਕੇ ਫਿਰਦਾ ਰਿਹੈਂ, ਉਹ ਤੇਰੇ ਨਾਲ ਦੁੱਖ ਸਾਂਝਾ ਕਰਨ ਤਾਂ ਪੁੱਜਾ ਨਹੀਂ। ਯਾਰ! ਕੰਮ ਧੰਦਿਆਂ 'ਚ ਫਸਿਆ ਹੋਣਾ ਉਹ ਜਦੋਂ ਵਿਹਲ ਲੱਗਾ ਉਹਨੇ ਆਪੇ ਆ ਜਾਣੈ। ਫੀਰੀ ਇੰਝ ਆਖ ਕੇ ਬਾਕੀਆਂ ਦੀ ਗੱਲ ਨੂੰ ਟਾਲ ਦਿੰਦਾ ਪਰ ਮਨ ਹੀ ਮਨ ਉਹ ਸੋਚਦਾ ਕਿ ਉਹ ਕਾਹਦਾ ਯਾਰ ਹੋਇਆ ਜਿਹੜਾ ਅਫਸੋਸ ਕਰਨ ਵੀ ਨਹੀਂ ਆਇਆ। ਫਿਰ ਇਹੋ ਜਿਹੇ ਨੂੰ ਰਗੜ ਕੇ ਫੋੜੇ ਉੱਤੇ ਲਾਉਣੈ।
ਅਫਸੋਸ ਲਈ ਹੋਰ ਬਥੇਰੇ ਆਏ ਪਰ ਉਹਦਾ ਯਾਰ ਲੀਡਰ ਨਾ ਆਇਆ। ਕੁਝ ਦਿਨਾਂ ਬਾਅਦ ਉਹਦਾ ਵਿਰੋਧੀ ਆਗੂ ਸਾਥੀਆਂ ਸਮੇਤ ਦੁੱਖ ਦਾ ਇਜ਼ਹਾਰ ਕਰਨ ਆਣ ਪੁੱਜਾ। ਕਹਿਣ ਲੱਗਾ ਯਾਰ ਫੀਰੀ ਬੜਾ ਹੀ ਮਾੜਾ ਹੋਇਆ। ਮਾਂ ਦੀ ਮੌਤ ਦਾ ਦੁੱਖ ਡਾਢਾ ਹੁੰਦੈ ਯਾਰ। ਮਾਂ ਪਿਉ ਬਜ਼ੁਰਗ ਸਭ ਦੇ ਸਾਂਝੇ ਹੁੰਦੇ ਨੇ। ਸੁਣ ਕੇ ਦੁੱਖ ਹੋਇਆ ਤੇ ਪਤਾ ਲੱਗਦਿਆਂ ਹੀ ਤੁਹਾਡੇ ਕੋਲ ਹਾਜ਼ਰੀ ਭਰਨ ਆ ਗਿਆਂ। ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ। ਪਰ ਕੁਝ ਵੀ ਕੀਤਾ ਨਹੀਂ ਜਾ ਸਕਦਾ। ਉਂਝ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ। ਜਿੰਨੇ ਜੋਗੇ ਹੋਏ ਹਮੇਸ਼ਾ ਤੁਹਾਡੇ ਅੰਗ-ਸੰਗ ਰਹਾਂਗੇ।
ਕੁਝ ਦਿਨਾਂ ਬਾਅਦ ਫੀਰੀ ਦੀ ਮਾਂ ਦੀ ਅੰਤਿਮ ਅਰਦਾਸ ਮੌਕੇ ਵਿਰੋਧੀ ਆਗੂ ਫਿਰ ਹਾਜ਼ਰੀ ਭਰ ਗਿਆ ਜਦੋਂ ਕਿ ਉਹਦਾ ਯਾਰ ਆਗੂ ਆਇਆ ਹੀ ਨਾ। ਫੀਰੀ ਨੂੰ ਬੜਾ ਗੁੱਸਾ ਆਇਆ ਕਿਉਂਕਿ ਲੋਕਾਂ ਦੀਆਂ ਗੱਲਾਂ ਨੇ ਉਹਦਾ ਜਿਊਣਾ ਮੁਹਾਲ ਕਰ ਦਿੱਤਾ ਸੀ। ਫੀਰੀ ਮੌਕੇ ਦੀ ਭਾਲ ਵਿਚ ਸੀ। ਸਬੱਬੀਂ ਚੋਣਾਂ ਦਾ ਬਿਗਲ ਵੱਜ ਗਿਆ। ਲੀਡਰਾਂ ਦੀ ਦੌੜ-ਭੱਜ ਸ਼ੁਰੂ ਹੋ ਗਈ। ਫੀਰੀ ਦਾ ਮਿੱਤਰ ਲੀਡਰ ਵੀ ਘੁਰਨੇ 'ਚੋਂ ਬਾਹਰ ਨਿਕਲਿਆ ਅਤੇ ਘੁੰਮਦਾ-ਫਿਰਦਾ ਫੀਰੀ ਕੋਲ ਆਣ ਪੁੱਜਾ। ਆ ਕੇ ਉਸ ਨੇ ਸੌ ਬਹਾਨੇ ਬਣਾਏ। ਮੁਆਫੀ ਮੰਗੀ। ਪਰ ਫੀਰੀ ਨੇ ਇਕ ਨਾ ਸੁਣੀ। ਸਗੋਂ ਕੋਰਾ ਜਵਾਬ ਦਿੰਦਿਆਂ ਉਹਦੇ ਨਾਲ ਤੁਰਨ ਤੋਂ ਇਨਕਾਰ ਕਰ ਦਿੱਤਾ।
ਫੀਰੀ ਕੋਲ ਕਾਫੀ ਵੋਟਾਂ ਹੋਣ ਕਰਕੇ ਆਗੂ ਨੇ ਬਥੇਰੇ ਵਾਸਤੇ ਪਾਏ। ਪਰ ਫੀਰੀ ਪੈਰ ਗੱਡ ਕੇ ਖੜ੍ਹ ਗਿਆ। ਆਗੂ ਨੂੰ ਖਰੀਆਂ ਖਰੀਆਂ ਸੁਣਾਉਂਦਾ ਹੋਇਆ ਕਹਿਣ ਲੱਗਾ ਕਿ, 'ਮੇਰੀ ਮਾਂ ਦੇ ਅਫਸੋਸ ਲਈ ਤੁਹਾਡੇ ਕੋਲ ਵਿਹਲ ਨਹੀਂ ਅਤੇ ਹੁਣ ਵੋਟਾਂ ਵੇਲੇ ਆ ਗਿਆ ਤੁਹਾਨੂੰ ਫੀਰੀ ਯਾਦ। ਜਿਹੜਾ ਸਾਡੇ ਦੁੱਖ-ਸੁੱਖ ਵਿਚ ਨਹੀਂ ਖੜ੍ਹਦਾ, ਉਹਦੇ ਨਾਲ ਤੁਰਨਾ ਸਾਨੂੰ ਕਿਸੇ ਵੀ ਕੀਮਤ 'ਤੇ ਪਸੰਦ ਨਹੀਂ। ਤੁਸੀਂ ਮੇਰੇ ਘਰ ਆਏ ਹੋ, ਇਸ ਤੋਂ ਵੱਧ ਮੈਂ ਕੁਝ ਹੋਰ ਕਹਿਣਾ ਵੀ ਨਹੀਂ ਚਾਹੁੰਦਾ।'
ਨਿਰਾਸ਼ ਜਿਹਾ ਹੋਇਆ ਆਗੂ ਕਹਿਣ ਲੱਗਾ ਕਿ ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰ ਲੈਣਾ ਕਿ ਹੋਰ ਜੋ ਮਰਜ਼ੀ ਕਰਿਉ ਪਰ ਹੁਣ ਤੁਸੀਂ ਮੇਰੇ ਵਿਰੋਧੀ ਨਾਲ ਨਾ ਤੁਰਿਉ। ਇਹ ਸੁਣ ਕੇ ਬੜੇ ਠਰ੍ਹੰਮੇ ਨਾਲ ਫੀਰੀ ਕਹਿਣ ਲੱਗਾ ਕਿ ਇਹ ਫੈਸਲਾ ਤੁਸੀਂ ਨਹੀਂ ਅਸੀਂ ਕਰਨਾ ਹੈ ਕਿ ਅਸੀਂ ਕਿਹਦੇ ਨਾਲ ਤੁਰਨਾ ਹੈ ਕਿਹਦੇ ਨਾਲ ਨਹੀਂ? ਉਂਝ ਗੱਲ ਬਹੁਤ ਹੀ ਸਪੱਸ਼ਟ ਹੈ ਕਿ ਅਸੀਂ ਉਹਦੇ ਨਾਲ ਤੁਰਨ ਦਾ ਪ੍ਰਣ ਕਰ ਚੱਕੇ ਹਾਂ ਜਿਸਨੇ ਸਾਡੇ ਦਰਦ ਨੂੰ ਆਪਣਾ ਦਰਦ ਸਮਝ ਕੇ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਤੁਸੀਂ ਇਹ ਗੱਲ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਫੀਰੀ ਕੋਈ ਵੀ ਫੈਸਲਾ ਕਰਕੇ ਕਦੇ ਪਿੱਛੇ ਨਹੀਂ ਹਟਿਆ। ਇਹ ਸੁਣ ਕੇ ਆਗੂ ਨੂੰ ਲੜਾਈ ਤੋਂ ਪਹਿਲਾਂ ਹੀ ਆਪਣੀ ਹਾਰ ਦਿਖਾਈ ਦੇਣ ਲੱਗ ਪਈ ਅਤੇ ਉਸ ਨੇ ਉੱਥੋਂ ਖਿਸਕਣ ਵਿਚ ਹੀ ਬਿਹਤਰੀ ਸਮਝੀ।
ਬਲਦੇਵ ਸਿੰਘ ਬੱਲੀ
ਪਿੰਡ: ਠਠਿਆਲਾ ਢਾਹਾ, ਤਹਿਸੀਲ: ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ। 
ਮੋਬਾਈਲ :98142-80838

ਪੰਜਾਬੀ ਕਹਾਣੀ- ਦਾਦੇ ਪੋਤੇ ਦੀ ਪ੍ਰੇਮ ਵਾਰਤਾ

ਕਾਲਜ ਪੜ੍ਹਦੇ ਪੋਤੇ ਨੇ ਹਲਕੇ-ਫੁਲਕੇ ਰੌਂਅ 'ਚ ਆਪਣੇ ਪਿਆਰੇ ਦਾਦੇ ਨੂੰ ਪੁੱਛਿਆ, 'ਦਾਦੂ, ਕੀ ਤੁਹਾਡੇ ਵੇਲਿਆਂ 'ਚ ਵੀ ਮੁੰਡੇ ਕੁੜੀਆਂ ਆਪਸ ਵਿਚ ਪ੍ਰੇਮ ਕਰਦੇ ਹੁੰਦੇ ਸੀ? ਕੀ ਕਰਦੇ ਹੁੰਦੇ ਸੀ ਉਹ ਉਦੋਂ?'
ਪੋਤੇ ਦਾ ਪ੍ਰਸ਼ਨ ਸੁਣਦਿਆਂ ਹੀ ਦਾਦੇ ਦੀ ਹਾਲਤ ਅਸਮਾਨੀ ਬਿਜਲੀ ਡਿੱਗੇ ਦਰੱਖਤ ਜਿਹੀ ਹੋ ਗਈ। ਪਲ ਦੀ ਪਲ ਤਾਂ ਉਸ ਨੂੰ ਇਉਂ ਲੱਗਿਆ ਜਿਵੇਂ ਉਸ ਦਾ ਹੱਥ ਚਾਰ ਸੌ ਚਾਲੀ ਵਾਟ ਦੀ ਨੰਗੀ ਤਾਰ ਨੂੰ ਲੱਗ ਗਿਆ ਹੋਵੇ। ਸ਼ਰਮ ਹਯਾ ਨਾਲ ਦਾਦੇ ਦਾ ਚਿਹਰਾ ਲਾਲ ਸੁਰਖ਼ ਹੋ ਗਿਆ। ਨੱਕ 'ਤੇ ਇਕਦਮ ਮੁੜ੍ਹਕਾ ਸਿੰਮ ਆਇਆ। ਦਾਦੇ ਦੀ ਪਤਲੀ ਪੈ ਗਈ ਹਾਲਤ ਦੇਖ ਕੇ ਪੋਤਾ ਇਕਦਮ ਘਬਰਾ ਗਿਆ। ਭੱਜ ਕੇ ਰਸੋਈ 'ਚੋਂ ਪਾਣੀ ਦਾ ਗਿਲਾਸ ਲਿਆ ਕੇ, ਦਾਦੇ ਨੂੰ ਫੜਾਇਆ। ਦਾਦਾ ਪਾਣੀ ਇਉਂ ਗਟਾਗਟ ਕਰਕੇ ਪੀ ਗਿਆ ਜਿਵੇਂ ਵਰ੍ਹਿਆਂ ਦਾ ਤਿਹਾਇਆ ਹੋਵੇ। ਪ੍ਰਸ਼ਨ ਦੇ ਝਟਕੇ ਤੋਂ ਸੰਭਲਦਿਆਂ, ਦਾਦੇ ਨੇ ਕੰਬਦੀ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ, 'ਪੋਤੇ, ਸਾਡੇ ਜ਼ਮਾਨੇ ਵਿਚ ਪ੍ਰੇਮ ਹੋਰ ਤਰ੍ਹਾਂ ਹੋਇਆ ਕਰਦਾ ਸੀ। ਅਸੀਂ ਲੁਕ-ਛਿਪ ਕੇ ਪ੍ਰੇਮ ਕਰਦੇ ਸੀ। ਕਈ ਕਈ ਵਰ੍ਹੇ ਕੁੜੀ ਨੂੰ ਪਤਾ ਹੀ ਨਹੀਂ ਸੀ ਲਗਦਾ ਕਿ ਫਲਾਂ ਮੁੰਡਾ ਉਸ ਨੂੰ ਪ੍ਰੇਮ ਕਰਦਾ ਹੈ। ਸਾਡਾ ਪ੍ਰੇਮ ਚੁੱਪ-ਚੁਪੀਤਾ ਹੁੰਦਾ ਸੀ। ਰੌਲੇ ਵਾਲਾ ਨ੍ਹੀਂ। ਕਈ ਕਈ ਚਿਰ ਤਾਂ ਮੁੰਡਿਆਂ ਦੀ ਜੁਰਅਤ ਨੀ ਸੀ ਪੈਂਦੀ ਕੁੜੀ ਨਾਲ ਗੱਲ ਕਰਨ ਦੀ। ਸ਼ੇਖ ਚਿੱਲੀ ਵਾਂਗ ਰੋਜ਼ ਘਰੋਂ ਮਤਾ ਪਕਾ ਕੇ ਜਾਂਦੇ ਸੀ ਆਪਣੇ ਦਿਲ ਦੀ ਗੱਲ ਕਹਿਣ ਨੂੰ, ਪਰ ਕੁੜੀ ਸਾਹਮਣੇ ਜਾਂਦਿਆਂ ਹੀ ਹਿੰਮਤ ਜਵਾਬ ਦੇ ਜਾਂਦੀ ਸੀ।'
'ਦਾਦੂ, ਤੁਸੀਂ ਲੁਕ-ਲੁਕ ਕੇ ਕਿਉਂ ਪ੍ਰੇਮ ਕਰਦੇ ਸੀ? ਮੁਗ਼ਲ-ਏ-ਆਜ਼ਮ ਫ਼ਿਲਮ ਦਾ ਇਹ ਗਾਣਾ ਵੀ ਤਾਂ ਤੁਹਾਡੇ ਵੇਲਿਆਂ ਦਾ ਹੀ ਸੀ, 'ਜਬ ਪਿਆਰ ਕੀਆ ਤੋ ਡਰਨਾ ਕਿਆ, ਪਿਆਰ ਕੀਆ ਕੋਈ ਚੋਰੀ ਨਹੀਂ ਕੀ, ਛੁਪ-ਛੁਪ ਆਹੇਂ ਭਰਨਾ ਕਿਆ, ਜਬ ਪਿਆਰ ਕੀਆ ਤੋ ਡਰਨਾ ਕਿਆ।'
ਦਾਦੂ ਹੁਣ ਠੰਢਾ ਪਾਣੀ ਪੀ ਲੈਣ ਕਰਕੇ ਹੌਸਲੇ 'ਚ ਆ ਗਿਆ ਹੋਇਆ ਸੀ। ਥੋੜ੍ਹਾ ਧੀਰਜ ਵੀ ਆ ਗਿਆ ਸੀ ਉਸ ਨੂੰ। ਕਹਿਣ ਲੱਗਾ, 'ਪੋਤੇ, ਅਸੀਂ ਉਦੋਂ ਬਦਨਾਮੀ ਤੋਂ ਬਹੁਤ ਡਰਦੇ ਹੁੰਦੇ ਸੀ। ਨਾਲੇ ਅਸੀਂ ਆਪਣੇ ਪ੍ਰੇਮੀ ਦੀ ਹੱਦੋਂ ਵੱਧ ਇੱਜ਼ਤ ਕਰਦੇ ਸੀ। ਅਸੀਂ ਤਾਂ ਆਪਣੇ ਪ੍ਰੇਮ ਦੀ ਭਾਫ ਨੀ ਸੀ ਨਿਕਲਣ ਦਿੰਦੇ। ਆਪਣੇ ਨੇੜਲੇ ਤੋਂ ਨੇੜਲੇ ਦੋਸਤ ਮਿੱਤਰ ਨੂੰ ਵੀ ਇਹ ਰਾਜ਼ ਉਜਾਗਰ ਨਹੀਂ ਸੀ ਹੋਣ ਦਿੰਦੇ। ਉਨ੍ਹਾਂ ਦਿਨਾਂ 'ਚ ਕੁੜੀਆਂ 'ਤੇ ਜੋ ਭੋਰਾ ਵੀ ਦਾਗ਼ ਲੱਗ ਜਾਂਦਾ ਤਾਂ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਸੀ।'
'ਦਾਦੂ, ਫੇਰ ਇਹ ਮੁਗ਼ਲ-ਏ-ਆਜ਼ਮ ਫ਼ਿਲਮ ਦਾ ਗਾਣਾ ਕਿਵੇਂ ਪਚਿਆ ਹੋਊ ਲੋਕਾਂ ਦੇ ਢਿੱਡ 'ਚ?' ਪੋਤੇ ਨੇ ਪੁੱਛਿਆ।
'ਦਾਦੇ ਕੋਲ ਇਸ ਸਵਾਲ ਦੇ ਤਾਂ ਕਈ ਜਵਾਬ ਸਨ। ਕਹਿਣ ਲੱਗਾ, 'ਪੋਤੇ, ਇਹ ਵਿਦਰੋਹ ਦੀ ਗੱਲ ਸੀ। ਸਾਡੇ ਵੇਲਿਆਂ 'ਚ ਵੀ ਇਕ ਅੱਧ ਪ੍ਰੇਮੀ ਜੋੜਾ ਵਿਦਰੋਹ ਕਰਦਾ ਸੀ। ਪਰ ਇਹ ਗੱਲ ਆਮ ਨਹੀਂ ਸੀ। ਨਾਲੇ ਮੁਗ਼ਲ-ਏ-ਆਜ਼ਮ ਵਾਲੀ ਗੱਲ ਬਾਦਸ਼ਾਹਾਂ ਨਾਲ ਜੁੜੀ ਹੋਈ ਸੀ। ਉਨ੍ਹਾਂ ਨੂੰ ਇਹੋ ਜਿਹੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਪਬਲਿਕ ਵੀ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤਾ ਨਹੀਂ ਸੀ ਸੋਚਦੀ ਹੁੰਦੀ। ਊਂ ਇਹ ਗਾਣਾ ਉਨ੍ਹਾਂ ਦਿਨਾਂ 'ਚ ਵੀ ਮੁੰਡਿਆਂ-ਕੁੜੀਆਂ ਨੂੰ ਬਹੁਤ ਵਧੀਆ ਲੱਗਾ ਸੀ। ਉਹ ਰਾਤੀਂ ਉੱਠ-ਉੱਠ ਇਹ ਗਾਣਾ ਗਾਉਣ ਲੱਗਦੇ ਸੀ।'
'ਪ੍ਰੇਮ ਦੇ ਮਾਮਲੇ 'ਚ ਤਾਂ ਫਿਰ ਦਾਦੂ ਤੁਸੀਂ ਡਰਪੋਕ ਹੀ ਸੀ। ਬਦਨਾਮ ਹੂਏ ਤੋ ਕਿਆ ਨਾਮ ਨਾ ਹੋਗਾ।' ਵਾਲੀ ਕਹਾਵਤ ਤਾਂ ਤੁਹਾਡੇ ਨੇੜੇ-ਤੇੜੇ ਨੀ ਸੀ ਢੁੱਕਦੀ। ਪ੍ਰੇਮ ਕਰਨ ਲਈ ਵੱਡਾ ਦਿਲ ਗੁਰਦਾ ਚਾਹੀਦਾ, ਜਿਹੜਾ ਤੁਹਾਡੇ ਵੇਲਿਆਂ ਦੇ ਮੁੰਡੇ-ਕੁੜੀਆਂ ਕੋਲ ਹੈਨੀ ਸੀ।'
ਪੋਤੇ ਦੇ ਇਸ ਚੈਲਿੰਜਨੁਮਾ ਸਵਾਲ 'ਤੇ ਦਾਦੇ ਨੂੰ ਗੁੱਸਾ ਤਾਂ ਆਇਆ ਪਰ ਉਹ ਪੁਰਾਣੀ ਆਦਤ ਮੂਜਬ ਪੀ ਹੀ ਗਿਆ। ਪਰ ਫਿਰ ਪੈਂਤਰਾ ਜਿਹਾ ਬਦਲ ਕੇ ਝੱਟ ਕਹਿਣ ਲੱਗਾ, 'ਪੋਤੇ, ਇਕ ਕਹਾਣੀ ਸੁਣ। ਤੈਨੂੰ ਗੱਲ ਸਮਝ ਆਜੂਗੀ। ਕਿਸੇ ਨੇ ਤੇਰੇ ਵਰਗੇ ਇਕ ਕਾਲਜੀਏਟ ਨੂੰ ਪੁੱਛਿਆ, 'ਕੀ ਤੁਸੀਂ ਕਿਸੇ ਨੂੰ ਪ੍ਰੇਮ ਕੀਤਾ ਹੈ?' ਮੁੰਡਾ ਝੱਟ ਦੇਣੇ ਬੋਲਿਆ, 'ਹਾਂ ਜੀ, ਕੀਤਾ ਐ।' 'ਕਿੰਨੀ ਕੁ ਸਫ਼ਲਤਾ ਮਿਲੀ ਫੇਰ?' 'ਫਿਫਟੀ ਪ੍ਰਸੈਂਟ ਯਾਨਿ ਪੰਜਾਹ ਫੀਸਦੀ'। 'ਉਹ ਕਿਵੇਂ? ਜ਼ਰਾ ਖੋਲ੍ਹ ਕੇ ਦੱਸੋ?' 'ਮਤਲਬ ਅਸੀਂ ਹੀ ਕਰਦੇ ਹਾਂ ਪ੍ਰੇਮ, ਕੁੜੀ ਨਹੀਂ ਕਰਦੀ।' 'ਸਾਡੇ ਵੇਲੇ ਤਾਂ ਇਹ ਹਾਲਤ ਸੀ ਕਿ ਅਸੀਂ ਤਾਂ ਲੁਕ-ਲੁਕ ਕੇ ਦੇਖਦੇ ਹੁੰਦੇ ਸੀ ਕੁੜੀ ਨੂੰ। ਕਦੀ ਨਜ਼ਰ ਨਹੀਂ ਮਿਲਾਈ ਸੀ। ਸੱਚ ਪੁੱਛੋ ਤਾਂ ਅਸੀਂ ਦਾਗ਼ ਲੱਗਣੋਂ ਡਰਦੇ ਸੀ।'
'ਪਰ ਦਾਦੂ ਪ੍ਰੇਮ ਤਾਂ ਕਹਿੰਦੇ ਹੁੰਦੇ ਆ ਬਈ ਰੱਬੀ ਦੇਣ ਹੁੰਦੀ ਐ। ਉੱਚੀ-ਸੁੱਚੀ ਚੀਜ਼ ਹੁੰਦੀ ਆ। ਫਿਰ ਤੁਸੀਂ ਏਨਾ ਕਾਹਤੋਂ ਡਰਦੇ ਹੁੰਦੇ ਸੀ?'
'ਪੋਤੇ, ਸਮਾਜ ਨਹੀਂ ਸੀ ਨਾ ਇਸਨੂੰ ਏਦਾਂ ਸਵੀਕਾਰ ਕਰਦਾ। ਸਾਡਾ ਵਾਹ ਤਾਂ ਦੁਨਿਆਵੀ ਲੋਕਾਂ ਨਾਲ ਪੈਂਦਾ ਸੀ, ਜੋ ਪ੍ਰੇਮ ਦੀ ਪ੍ਰੀਭਾਸ਼ਾ ਨਹੀਂ ਸੀ ਸਮਝਦੇ।'
ਪਰ ਸਾਡੇ ਵੇਲਿਆਂ 'ਚ ਤਾਂ ਏਦਾਂ ਨਹੀਂ ਹੁੰਦਾ। ਅਸੀਂ ਤਾਂ ਤੁਹਾਡੇ ਨਾਲੋਂ ਬਹਾਦਰ ਆਂ', ਪੋਤੇ ਨੇ ਛਾਤੀ ਤਾਣ ਕੇ ਆਖਿਆ।
ਪੋਤੇ ਦੇ ਇਉਂ ਆਖਣ 'ਤੇ ਦਾਦਾ ਖਿਝ ਗਿਆ। ਮੂੰਹ ਵਿਗਾੜ ਕੇ ਕਹਿਣ ਲੱਗਾ, 'ਤੁਸੀਂ ਸਾਡੇ ਨਾਲੋਂ ਬਹਾਦਰ ਨੀ, ਬੇਸ਼ਰਮ ਜ਼ਿਆਦਾ ਆਂ। ਅੱਜਕਲ੍ਹ ਤਾਂ ਮੁੰਡੇ-ਕੁੜੀਆਂ ਆਮ ਬੈਠੇ ਗੱਪਾਂ ਛੱਡਦੇ ਰਹਿੰਦੇ ਆ। ਭੋਰਾ ਕੁ ਨੇੜਤਾ ਹੋਣ 'ਤੇ ਹੀ ਝੱਟ ਕੰਟੀਨ ਜਾਂ ਸਿਨੇਮੇ ਜਾ ਵੜਦੇ ਆ। ਢੀਠਾਂ ਵਾਂਗ ਹਿਣਹਿਣ ਕਰ ਛੱਡਦੇ ਆ। ਮਾਪਿਆਂ ਦੀ ਇੱਜ਼ਤ/ਬੇਇਜ਼ਤੀ ਦਾ ਭੋਰਾ ਖਿਆਲ ਨਹੀਂ ਹੁੰਦਾ ਇਨ੍ਹਾਂ ਨੂੰ। ਅੱਜ ਭੋਰਾ ਕੁ ਮਿਲਦੇ ਆ, ਕੱਲ੍ਹ ਨੂੰ ਹੀ ਵਿਆਹ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ। ਮਾਪੇ ਡਰਦੇ ਚੀਂ-ਚਾਂ ਨੀ ਕਰਦੇ। ਸਾਡੇ ਵੇਲਿਆਂ 'ਚ ਪਿਆਰ ਪਵਿੱਤਰ ਹੁੰਦਾ ਸੀ। ਸਾਡੇ ਵੇਲੇ ਦੀ ਇਕ ਕਹਾਵਤ ਮਸ਼ਹੂਰ ਸੀ, 'ਲੁਕ ਛਿਪ ਕੇ ਖਾਈਏ, ਭਾਵੇਂ ਆਪਣਾ ਹੀ ਗੁੜ ਖਾਈਏ ਜੀ।' ਪੋਤੇ, ਤੁਸੀਂ ਸਾਡਾ ਮੁਕਾਬਲਾ ਨੀ ਕਰ ਸਕਦੇ।'
ਦਾਦੇ ਦੀ ਗੱਲ ਸੁਣ ਕੇ ਪੋਤਾ ਵੀ ਕੇਰਾਂ ਤਾਂ ਤੈਸ਼ ਵਿਚ ਆ ਗਿਆ ਸੀ। ਕਹਿਣ ਲੱਗਾ, 'ਦਾਦੂ, ਮੁਹੱਬਤ ਕਰਨ ਲਈ ਜ਼ੇਰਾ ਚਾਹੀਦਾ। ਜਿਹੜਾ ਤੁਹਾਡੇ ਵੇਲੇ ਦੇ ਨੌਜਵਾਨਾਂ ਕੋਲ ਹੈਨੀ ਸੀ। ਡਰੂ ਬੰਦਾ ਦੂਸਰੇ ਨੂੰ ਤਾਂ ਕੀ ਖੁਦ ਆਪਣੇ-ਆਪ ਨੂੰ ਪ੍ਰੇਮ ਨੀ ਕਰ ਸਕਦਾ। ਨਾਲੇ ਉਦੋਂ ਦੇ ਨੌਜਵਾਨਾਂ ਕੋਲ ਪ੍ਰੇਮਿਕਾ ਨੂੰ ਸਮੋਸੇ ਖਿਲਾਉਣ, ਫ਼ਿਲਮ ਦਿਖਾਉਣ ਜੋਗੇ ਪੈਸੇ ਸੀ ਕਿੱਥੇ ਹੁੰਦੇ ਸੀ। ਆਨਾ-ਟਕਾ ਤਾਂ ਮਿਲਦਾ ਹੁੰਦਾ ਵੀ ਜੇਬ੍ਹ ਖਰਚ। ਪ੍ਰੇਮ ਕਰਨ ਲਈ ਪੈਸਾ ਵੀ ਚਾਹੀਦਾ ਹੁੰਦਾ। ਨੰਗ-ਮਲੰਗ ਬੰਦਾ ਪ੍ਰੇਮ ਕਿੱਥੋਂ ਕਰ ਲੂ?'
ਦਾਦੇ ਕੋਲ ਪੋਤੇ ਦੇ ਇਸ ਤਰਕ ਦਾ ਕੋਈ ਜਵਾਬ ਨਹੀਂ ਸੀ। ਉਸ ਦਾ ਪ੍ਰੇਮ ਤਰਕ ਪੋਤੇ ਸਾਹਵੇਂ ਮਾਤ ਖਾ ਗਿਆ ਸੀ।

                                                                                            ਕੇ. ਐਲ. ਗਰਗ
                                                                                    ਮੋਬਾਈਲ : 94635-37050

ਪੰਜਾਬੀ ਕਹਾਣੀ- ਲਾਜ

ਸਥਾਨ ਮੱਧ ਪ੍ਰਦੇਸ਼ ਦੇ ਸੱਤਪੁੜਾ ਪਹਾੜਾਂ ਦੀ ਰਾਣੀ ਪਚਪੜੀ। ਜੂਨ ਦਾ ਮਹੀਨਾ। ਸੈਨਾ ਸਿੱਖਿਆ ਕੋਰ ਦਾ ਟ੍ਰੇਨਿੰਗ ਸੈਂਟਰ। ਮੀਂਹਾਂ ਦਾ ਜ਼ੋਰ। ਵੱਡੇ ਹਾਲ ਵਿਚ ਮੈਂ ਰੰਗਰੂਟਾਂ ਨਾਲ ਮਲੇਸ਼ੀਆ ਉਤਾਰ ਕੇ ਪਹਿਲੀ ਵਾਰ ਔਲਿਵ ਗਰੀਨ ਵਰਦੀ ਪਾ ਕੇ ਜਦੋਂ ਸੈਂਟਰ ਕਮਾਂਡਰ ਨੂੰ ਜਨਰਲ ਸਲੂਟ ਦਿੱਤਾ ਤਾਂ ਵਰਦੀ ਦੇ ਮਾਣ ਤੇ ਜੋਸ਼ ਨਾਲ ਛਾਤੀ ਫੁਲ ਗਈ ਤੇ ਸਿਰ ਹਿਮਾਲਿਆ ਦੀਆਂ ਹਿੰਮ ਚੋਟੀਆਂ ਤੋਂ ਵੀ ਉੱਚਾ ਹੋ ਗਿਆ। ਸ਼ਹਾਦਤ ਦਾ ਜਾਮ ਪੀਤਾ ਗਿਆ। ਸਾਨੂੰ ਦੇਸ਼ ਲਈ ਮਰ ਮਿਟਣ ਦੀ ਸਹੁੰ ਚੁਕਾਈ ਗਈ ਤੇ ਸਾਥੋਂ ਵਰਦੀ ਦੀ ਲਾਜ ਰੱਖਣ ਦਾ ਪ੍ਰਣ ਲਿਆ ਗਿਆ। ਬੈਰਕ 'ਚ ਪੁੱਜ ਕੇ ਮੈਂ ਜਦੋਂ ਵਰਦੀ ਪਹਿਨੇ ਆਪਣੇ-ਆਪ ਨੂੰ ਆਦਮ ਕੱਦ ਸ਼ੀਸ਼ੇ ਰਾਹੀਂ ਤੱਕਿਆ ਤਾਂ ਚਾਅ ਸਾਂਭਿਆ ਨਹੀਂ ਸੀ ਜਾ ਰਿਹਾ। 26 ਸਾਲ ਤੋਂ ਵੱਧ ਸਮਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਤੇ ਫਿਰ ਵਰਦੀ ਨੂੰ ਆਪਣੀ ਇੱਜ਼ਤ-ਆਬਰੂ ਸਮਝਿਆ। ਇਥੇ ਹੀ ਬੱਸ ਨਹੀਂ ਸੇਵਾਮੁਕਤੀ ਮਗਰੋਂ ਵੀ ਸਮਾਜਿਕ ਜੀਵਨ ਦੇ ਖੇਤਰ ਵਿਚ ਵੀ ਉਨ੍ਹਾਂ ਹੀ ਇਖਲਾਕੀ ਕਦਰਾਂ-ਕੀਮਤਾਂ, ਦੇਸ਼-ਪਿਆਰ ਦੇ ਜਜ਼ਬੇ ਤੇ ਵਰਦੀ ਦੀ ਲਾਜ ਨੂੰ ਹਮੇਸ਼ਾ ਹੀ ਸੀਨੇ ਨਾਲ ਘੁੱਟ ਕੇ ਲਾਈ ਰੱਖਿਆ। ਬੱਸ ਇੱਜ਼ਤ-ਆਬਰੂ, ਅਣਖ, ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਤੇ ਵਰਦੀ ਦੀ ਲਾਜ ਹੀ ਤਾਂ ਹੈ, ਮੇਰੇ ਜੀਵਨ ਭਰ ਦੀ ਕਮਾਈ। ਮੇਰਾ ਵੱਡਮੁੱਲਾ ਵਿਰਸਾ।
ਤਿੰਨ ਮਹੀਨੇ ਪਹਿਲਾਂ ਦੀ ਘਟਨਾ ਹੈ। ਮੈਂ ਕਿਸੇ ਪ੍ਰਮਾਣ ਪੱਤਰ ਲਈ ਅਰਜ਼ੀ ਦਿੱਤੀ ਸੀ। ਪੁਲਿਸ ਰਿਪੋਰਟ ਉਪਰੰਤ ਹੀ ਮੈਨੂੰ ਪ੍ਰਮਾਣ ਪੱਤਰ ਮਿਲਣਾ ਸੀ। ਇਕ ਦਿਨ ਦੁਪਹਿਰ ਬਾਅਦ ਜਦੋਂ ਮੈਂ ਘਰ ਨਹੀਂ ਸਾਂ ਪੁਲਿਸ ਕਰਮਚਾਰੀ ਮੇਰੇ ਪਿੰਡ ਆਇਆ। ਉਸ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਤੇ ਪਿੰਡ ਦੇ ਸਰਪੰਚ ਪਾਸੋਂ ਰਿਪੋਰਟ 'ਤੇ ਦਸਤਖਤ ਕਰਵਾ ਕੇ ਲੈ ਗਿਆ। ਉਸ ਸਰਪੰਚ ਪਾਸੋਂ ਸੇਵਾ ਪਾਣੀ ਦੀ ਮੰਗ ਕੀਤੀ ਪਰ ਉਸ ਇਹ ਕਹਿ ਕੇ ਟਾਲ ਦਿੱਤਾ ਕਿ ਸੇਵਾ ਪਾਣੀ ਅਰਜ਼ੀ ਦੇਣ ਵਾਲੇ ਪਾਸੋਂ ਮੰਗੋ। ਰਾਸ਼ਨ ਕਾਰਡ ਦੀ ਕਾਪੀ ਕੱਲ੍ਹ ਥਾਣੇ ਭਿਜਵਾਉਣ ਦਾ ਸੁਨੇਹਾ ਦੇ ਉਹ ਮਾਯੂਸ ਜਿਹਾ ਵਾਪਸ ਪਰਤ ਗਿਆ।
ਅਗਲੀ ਸਵੇਰ ਮੇਰਾ ਟੈਲੀਫੋਨ ਵੱਜ ਉਠਿਆ। ਸਿਪਾਹੀ ਵੱਲੋਂ ਰਾਸ਼ਨ ਕਾਰਡ ਦੀ ਕਾਪੀ ਛੇਤੀ ਥਾਣੇ ਪਹੁੰਚਾਉਣ ਦਾ ਸੁਨੇਹਾ ਸੁਣ ਮਨ ਗਦਗਦ ਹੋ ਉਠਿਆ। ਕਿੰਨਾ ਫਿਕਰ ਹੈ ਇਕ ਸਿਪਾਹੀ ਨੂੰ ਆਪਣੀ ਡਿਊਟੀ ਪ੍ਰਤੀ, ਇਹ ਸੋਚ ਮੈਂ ਫਟਾਫਟ ਤਿਆਰ ਹੋਇਆ। ਸਕੂਟਰ 'ਤੇ ਲੱਤ ਰੱਖੀ ਤੇ ਥਾਣੇ ਦੇ ਰਾਹ ਪੈ ਗਿਆ। ਭਾਵੇਂ ਸਰਪੰਚ ਨੇ ਮੇਰੇ ਕੰਨ 'ਚ ਕੁਝ ਮੰਗਣ ਦੀ ਭਿਣਕ ਪਾ ਦਿੱਤੀ ਸੀ ਪਰ ਮੈਂ ਸਭ ਵਿਸਾਰ ਥਾਣੇ ਦੇ ਗੇਟ ਸਾਹਮਣੇ ਪੁੱਜ ਗਿਆ। ਬਾਹਰ ਖੜ੍ਹੇ ਕੁੱਝ ਵਰਦੀਧਾਰੀ ਸਿਪਾਹੀ ਧੁੱਪ ਸੇਕ ਰਹੇ ਸਨ। ਇਕ ਸਿਪਾਹੀ ਦੇ ਹੱਥ 'ਚ ਕਾਗਜ਼ਾਂ ਵਾਲਾ ਬੈਗ ਵੇਖ ਮੈਂ ਝੱਟ ਸਮਝ ਗਿਆ। ਉਹ ਹੁਸ਼ਿਆਰੀ 'ਚ ਕਿਹੜਾ ਘੱਟ ਸੀ। ਮੈਂ ਉਸ ਕੋਲ ਜਾ ਸਕੂਟਰ ਰੋਕਿਆ। ਹਾਲਾਂ ਮੇਰੀ ਇਕ ਲੱਤ ਸਕੂਟਰ 'ਤੇ ਹੀ ਸੀ ਕਿ ਉਸ ਨੇ 'ਸਾਡੀ ਸੇਵਾ' ਕਹਿੰਦਿਆਂ ਮੇਰਾ ਗੋਡਾ ਫੜ ਤਰਲਾ ਮਾਰਿਆ।
ਮੈਂ ਚਾਰ-ਚੁਫੇਰੇ ਨਜ਼ਰ ਮਾਰੀ, ਸਾਰਿਆਂ ਦੀਆਂ ਨਿਗਾਹਾਂ ਸਾਨੂੰ ਵੇਖ ਰਹੀਆਂ ਸਨ। 'ਮੈਂ ਨਾ ਕਿਸੇ ਤੋਂ ਸੇਵਾ ਕਰਵਾਈ ਹੈ ਤੇ ਨਾ ਹੀ ਕਦੀ ਕਿਸੇ ਦੀ ਕੀਤੀ ਹੈ', ਮੇਰਾ ਉਤਰ ਸੀ। ਪਰ ਉਹ ਮੈਥੋਂ ਬਖਸ਼ੀਸ਼ ਦੀ ਜ਼ਿੱਦ ਕਰੀ ਜਾ ਰਿਹਾ ਸੀ। ਉਸ ਸਾਹਵੇਂ ਮੈਂ ਬਥੇਰਾ ਵਰਦੀ ਦੀ ਲਾਜ ਤੇ ਅਣਖ ਦਾ ਵਾਸਤਾ ਪਾਇਆ ਪਰ ਉਹ ਗੋਡਾ ਫੜੀ ਹਾੜੇ ਜਿਹੇ ਕੱਢੀ ਗਿਆ। ਮੈਂ ਰਿਸ਼ਵਤ ਦੇਣ ਦਾ ਕੱਟੜ ਵਿਰੋਧੀ ਹਾਂ ਪਰ ਵਰਦੀ ਦੀ ਡੁੱਬਦੀ ਜਾ ਰਹੀ ਲਾਜ ਨੇ ਮੇਰਾ ਅੰਦਰਲਾ ਤੜਪਾ ਦਿੱਤਾ। ਮੈਂ ਵਰਦੀ ਦੀ ਲਾਜ ਲਈ ਉਸ ਨੂੰ ਸੌ ਦਾ ਨੋਟ ਦੇ ਦਿੱਤਾ। 'ਇਕ ਨੋਟ ਹੋਰ', ਉਸ ਦਾ ਢੀਠਾਂ ਵਾਲਾ ਤਰਲਾ ਸੀ। ਮੈਂ ਸ਼ਰਮਸਾਰ ਅੱਖਾਂ ਨਾਲ ਇਕ ਨੋਟ ਹੋਰ ਉਸ ਦੀ ਝੋਲੀ ਪਾ ਦਿੱਤਾ। ਉਸ ਮੇਰੇ ਗੋਡੇ ਛੱਡ ਦਿੱਤੇ ਤੇ ਕਾਗਜ਼ ਲੈ ਕੇ ਥਾਣੇ ਵੱਲ ਚੱਲ ਪਿਆ।
'ਕੀ ਐਸ. ਐਚ. ਓ. ਸਾਹਿਬ ਅੰਦਰ ਨੇ?' ਮੈਂ ਪੁੱਛ ਬੈਠਾ।
'ਕਿਉਂ?' ਉਸ ਝੁਕੀਆਂ ਅੱਖਾਂ ਨਾਲ ਪੁੱਛਿਆ।
'ਮੇਰਾ ਜੀਅ ਕਰਦਾ ਹੈ ਕਿ ਐਸ. ਐਚ. ਓ. ਸਾਹਿਬ ਨੂੰ ਪੁੱਛ ਕੇ ਇਕ ਵੱਡਾ ਸਮਾਰੋਹ ਰਚਾ ਕੇ ਤੇਰਾ ਸਨਮਾਨ ਕਰਾਂ ਕਿਉਂਕਿ ਤੂੰ ਵਰਦੀ ਦੀ ਲਾਜ ਰੱਖਣ 'ਚ ਵੱਡੀ ਸੂਰਬੀਰਤਾ ਦਿਖਾਈ ਹੈ।' ਉਸ ਮੇਰਾ ਵਿਅੰਗ ਸਮਝਦਿਆਂ ਝੱਟ ਮੇਰੇ ਗੋਡੇ ਫੜ ਲਏ। ਉਸ ਦੀਆਂ ਅੱਡੀਆਂ ਅੱਖਾਂ ਕਹਿੰਦੀਆਂ ਲੱਗ ਰਹੀਆਂ ਸਨ ਕਿ ਮੇਰੇ ਕੋਲੋਂ ਤਾਂ ਵਰਦੀ ਦੀ ਲਾਜ ਨਹੀਂ ਬਚਾਈ ਗਈ, ਹੁਣ ਤੁਸੀਂ ਇਸ 'ਤੇ ਖੇਹ ਨਾ ਸੁੱਟੋ। ਮੈਂ ਅੱਖਾਂ ਦੀ ਡੋਰ ਤੋੜ ਵਾਪਸ ਪਰਤ ਆਇਆ।
-ਮਿਹਰ ਸਿੰਘ ਰੰਧਾਵਾ
ਮੋਬਾਈਲ : 94646-75892.

ਪੱਛਮ ਵਿਚ ਭਾਰਤੀ ਬੱਚੇ...Not a Story!!!!

ਹਰੇਕ ਐਤਵਾਰ ਇਥੋਂ ਦੇ ਗੁਰਦੁਆਰਾ ਸਾਹਿਬ ਵਿਚ ਮੈਂ ਵੇਖਦਾ ਹਾਂ ਕਿ ਮਾਪੇ ਆਪਣੇ ਨਿੱਕੇ-ਨਿੱਕੇ ਬੱਚਿਆਂ ਦਾ ਹੱਥ ਫੜ ਕੇ ਮਹਾਰਾਜ ਦੀ ਹਜ਼ੂਰੀ ਵਿਚ ਉਨ੍ਹਾਂ ਨੂੰ ਨਿਮਰਤਾ, ਸ਼ਰਧਾ ਅਤੇ ਸਲੀਕੇ ਨਾਲ ਮੱਥਾ ਟੇਕਣਾ ਸਿਖਾ ਰਹੇ ਹੁੰਦੇ ਹਨ। ਕਈ ਵਾਰੀ ਮੈਂ ਇਵੇਂ ਵੀ ਵੇਖਿਆ ਹੈ ਕਿ ਸੋਟੀ ਦੇ ਸਹਾਰੇ ਜਾਂ ਵਾਕਰ ਦੀ ਮਦਦ ਨਾਲ ਚੱਲਣ ਵਾਲੇ ਬਜ਼ੁਰਗਾਂ ਨੂੰ ਉਨ੍ਹਾਂ ਦਾ ਅਮਰੀਕਾ ਵਿਚ ਜਨਮਿਆ ਪੋਤਾ ਜਾਂ ਪੋਤੀ ਗੁਰਦੁਆਰੇ ਅੰਦਰ ਲੈ ਕੇ ਆਉਂਦੀ ਹੈ। ਇਹ ਬੱਚੇ ਧਿਆਨ ਰੱਖਦੇ ਹਨ ਕਿ ਉਸ ਦੇ ਦਾਦੇ ਜਾਂ ਦਾਦੀ ਨੂੰ ਧੱਕਾ ਨਾ ਲੱਗੇ ਸੋ ਉਹ ਇਨ੍ਹਾਂ ਬਜ਼ੁਰਗਾਂ ਜਾਂ ਪੁਰਖਿਆਂ ਦਾ ਵਿਸ਼ੇਸ਼ ਧਿਆਨ ਰਖਦੇ ਹਨ। ਇਸ ਦੇ ਨਾਲ ਹੀ ਇਹ ਬੱਚੇ ਗੁਰੂ ਗ੍ਰੰਥ ਸਾਹਿਬ ਅੱਗੇ, ਆਪਣੀ ਬਾਲੜੀ ਉਮਰ ਦੇ ਬਾਵਜੂਦ, ਵੱਡਿਆਂ ਵਾਂਗ ਸਤਿਕਾਰ ਅਤੇ ਸ਼ਰਧਾ ਨਾਲ ਮੱਥਾ ਟੇਕਦੇ ਹਨ। ਅਜਿਹੇ ਬੱਚੇ ਗੁਰਦੁਆਰਾ ਸਾਹਿਬ ਅੰਦਰ ਸਮੁੱਚੀ ਕਾਰਵਾਈ ਦੌਰਾਨ ਬਜ਼ੁਰਗਾਂ ਦੇ ਕੋਲ ਰਹਿੰਦੇ ਹਨ ਅਤੇ ਕਈ ਵਾਰੀ ਇਹ ਆਪਣੇ ਸਾਥੀਆਂ ਦਾ ਸਾਥ ਮਾਣਨ ਦੀ ਵੀ ਕੁਰਬਾਨੀ ਕਰਦੇ ਹਨ। ਨਿਰਸੰਦੇਹ ਹੋਰ ਬੱਚਿਆਂ ਵਾਂਗ ਇਹ ਵੀ ਇਥੇ ਆ ਵਸੇ ਪ੍ਰਵਾਸੀ ਮਾਪਿਆਂ ਦੀ ਸੰਤਾਨ ਹੋਣ ਕਰਕੇ ਉਨ੍ਹਾਂ ਹੀ ਸਕੂਲਾਂ ਵਿਚ ਜਾਂਦੇ ਹਨ ਜਿਥੇ ਅਮਰੀਕਨ ਮਾਪਿਆਂ ਦੇ ਬੱਚੇ ਜਾਂਦੇ ਹਨ। ਜਿਥੋਂ ਤਕ ਆਪਣੇ ਪੁਰਖਿਆਂ ਦੀ ਦੇਖਭਾਲ ਦਾ ਸਬੰਧ ਹੈ, ਇਨ੍ਹਾਂ ਪ੍ਰਵਾਸੀ ਮਾਪਿਆਂ ਦੇ ਬੱਚਿਆਂ ਅਤੇ ਅਮਰੀਕਨ ਮਾਪਿਆਂ ਦੇ ਬੱਚਿਆਂ ਵਿਚਕਾਰ ਜ਼ਮੀਨ-ਅਸਮਾਨ ਜਿੰਨਾ ਅੰਤਰ ਵਿਖਾਈ ਦਿੰਦਾ ਹੈ। ਅਸਲ ਵਿਚ ਇਹ ਅੰਤਰ ਹੀ ਹੈ ਜਿਸ ਨੇ ਮੈਨੂੰ ਇਹ ਸ਼ਬਦ ਲਿਖਣ ਲਈ ਪ੍ਰੇਰਿਆ ਹੈ।
ਪੱਛਮੀ ਜੀਵਨ-ਪ੍ਰਣਾਲੀ ਦੇ ਸ਼ਕਤੀਸ਼ਾਲੀ ਪ੍ਰਭਾਵਾਂ ਸਦਕਾ ਭਾਰਤ ਵਿਚ ਭਾਰਤੀਆਂ ਦਾ ਜੀਵਨ ਅਤੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਦਾ ਜੀਵਨ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਪੱਛਮੀ ਸੱਭਿਆਚਾਰ ਵਿਚਲਾ 'ਮੈਂ, ਕੇਵਲ ਮੈਂ, ਸਭ ਤੋਂ ਪਹਿਲਾਂ ਮੈਂ ਅਤੇ ਸਭ ਕੁਝ ਮੇਰੇ ਲਈ', ਵਾਲੀ ਜੀਵਨ-ਜਾਚ ਇਕ ਅਜਿਹਾ ਚੁੰਬਕ ਹੈ ਜਿਸ ਵੱਲ ਹਰ ਕੋਈ ਖਿੱਚਿਆ ਜਾ ਰਿਹਾ ਹੈ ਅਤੇ ਹਰ ਕੋਈ ਸਵੈ-ਕੇਂਦਰਿਤ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਵਾਨ ਅਤੇ ਜਵਾਨੀ ਉਤੇ ਅਧਿਕ ਬਲ ਵੀ ਇਸ ਸੱਭਿਆਚਾਰ ਦਾ ਖਾਸਾ ਹੈ। ਅਜਿਹੀਆਂ ਸੋਚਾਂ ਕਾਰਨ ਇਸ ਜੀਵਨ-ਜਾਚ ਦਾ ਸੱਭਿਆਚਾਰਕ ਅਤੇ ਆਰਥਿਕ ਪੱਖ ਪਾਪ-ਮੁਕਤ ਹੋ ਗਿਆ ਹੈ। ਇਹ ਇਥੋਂ ਦੀ ਸਵੈ-ਕੇਂਦਰਿਤ ਵਿਅਕਤੀ-ਆਧਾਰਿਤ ਜੀਵਨ-ਜਾਚ ਹੀ ਹੈ ਜਿਹੜੀ ਸੰਸਾਰ ਭਰ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਕਦਰਾਂ-ਕੀਮਤਾਂ, ਆਦਰਸ਼ ਅਤੇ ਉਦੇਸ਼ ਅਸੀਂ ਆਪਣੇ ਦੇਸ਼ਾਂ ਤੋਂ ਇਥੇ ਲੈ ਕੇ ਆਏ ਸੀ, ਉਹ ਲੋਪ ਹੋ ਰਹੇ ਹਨ। ਪੂਰਬੀ ਜੀਵਨ-ਪ੍ਰਣਾਲੀ ਵਿਚ ਪੀੜ੍ਹੀ-ਦਰ-ਪੀੜ੍ਹੀ ਜਿਹੜੀ ਗੱਲ ਸਾਡੇ ਵਿਰਸੇ ਦਾ ਭਾਗ ਬਣੀ ਰਹੀ ਹੈ, ਉਹ ਹੈ ਆਪਣੇ ਮਾਪਿਆਂ, ਬਜ਼ੁਰਗਾਂ ਅਤੇ ਪੁਰਖਿਆਂ ਪ੍ਰਤੀ ਸਤਿਕਾਰ ਅਤੇ ਸ਼ਰਧਾ ਦੀ ਭਾਵਨਾ। ਜਿਉਂ-ਜਿਉਂ ਅਸੀਂ ਇਥੋਂ ਦੀ ਅਮਰੀਕਨ ਜੀਵਨ-ਜਾਚ ਅਪਣਾਉਂਦੇ ਜਾ ਰਹੇ ਹਾਂ, ਤਿਉਂ ਤਿਉਂ ਸਾਡਾ ਇਹ ਸੱਭਿਆਚਾਰਕ ਖਜ਼ਾਨਾ ਸਾਡੇ ਤੋਂ ਗੁਆਚਦਾ ਜਾ ਰਿਹਾ ਹੈ। ਇਹ ਇਕ ਵਿਸ਼ਵਵਿਆਪੀ ਸਚਾਈ ਹੈ ਕਿ ਬੱਚੇ ਜੋ ਦੂਜਿਆਂ ਨੂੰ ਕਰਦਿਆਂ ਵੇਖਦੇ ਹਨ, ਉਵੇਂ ਕਰਨ ਲਗ ਪੈਂਦੇ ਹਨ। ਸਾਡੇ ਦੇਸ਼ ਵਿਚ ਸਦੀਆਂ ਤੋਂ ਸਾਂਝੀ ਟੱਬਰਦਾਰੀ ਵਿਚ ਬਜ਼ੁਰਗਾਂ ਨੁੰ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਅਤੇ ਘਰੇਲੂ ਮਾਮਲਿਆਂ ਵਿਚ ਉਨ੍ਹਾਂ ਦੀ ਸਲਾਹ ਖਿੜੇ-ਮੱਥੇ ਮੰਨੀ ਜਾਂਦੀ ਰਹੀ ਹੈ ਅਤੇ ਇਸ ਵਰਤਾਰੇ ਦਾ ਬੱਚਿਆਂ ਉਤੇ ਬੜਾ ਚੰਗਾ ਪ੍ਰਭਾਵ ਪੈਂਦਾ ਰਿਹਾ ਹੈ ਅਤੇ ਬੱਚੇ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਅਤੇ ਦਾਦੇ-ਦਾਦੀ ਜਾਂ ਨਾਨੇ-ਨਾਨੀ ਦਾ ਸਤਿਕਾਰ ਕਰਨਾ ਸਿੱਖਦੇ ਰਹੇ ਹਨ। ਇਵੇਂ ਦਾਦੇ-ਦਾਦੀ ਨੂੰ ਵੀ ਆਪਣੇ ਪੋਤਿਆਂ-ਪੋਤੀਆਂ ਦੇ ਪਾਲਣ-ਪੋਸਣ ਵਿਚ ਨਿੱਘੇ ਅਤੇ ਉਸਾਰੂ ਰੋਲ ਨਿਭਾਉਣ ਦੀ ਮੌਜ ਮਾਣਨ ਦਾ ਅਵਸਰ ਮਿਲਦਾ ਰਹਿੰਦਾ ਹੈ।
ਆਪਣੇ ਦੇਸ਼ ਤੋਂ ਪ੍ਰਵਾਸ ਕਰਕੇ ਆਏ ਜਵਾਨ ਮਾਪਿਆਂ ਨੂੰ ਨਵੀਂ ਧਰਤੀ ਉਤੇ ਆਪਣੇ-ਆਪ ਨੂੰ ਸਥਾਪਿਤ ਕਰਨ ਵਿਚ ਬੜੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਆਪਣੀ ਪਿਛਲੀ ਜਨਮ-ਭੌਂ ਦੇ ਮੁਕਾਬਲੇ ਚੰਗੇਰੀ ਜੀਵਨ-ਪੱਧਰ ਸਥਾਪਿਤ ਕਰਨ ਲਈ ਅਕਸਰ ਦੋਵੇਂ ਮਾਪਿਆਂ ਨੂੰ ਕੰਮ ਕਰਨ ਦੀ ਮਜਬੂਰੀ ਆਣ ਬਣਦੀ ਹੈ। ਨਾ ਕੇਵਲ ਮਾਪਿਆਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ ਸਗੋਂ ਉਨ੍ਹਾਂ ਨੂੰ ਦਿਨ ਦਾ ਵਡੇਰਾ ਭਾਗ ਘਰੋਂ ਗ਼ੈਰ-ਹਾਜ਼ਰ ਅਤੇ ਬੱਚਿਆਂ ਤੋਂ ਦੂਰ ਵੀ ਰਹਿਣਾ ਪੈਂਦਾ ਹੈ। ਇਸ ਹਾਲਤ ਦਾ ਸਭ ਤੋਂ ਮਾੜਾ ਪ੍ਰਭਾਵ ਉਨ੍ਹਾਂ ਬੱਚਿਆਂ 'ਤੇ ਪੈਂਦਾ ਹੈ ਜਿਨ੍ਹਾਂ ਨੂੰ ਇਕ ਮਾਪੇ ਨਾਲ ਰਹਿਣ ਦੀ ਮਜਬੂਰੀ ਹੁੰਦੀ ਹੈ ਜਾਂ ਬਹੁਤਾ ਸਮਾਂ ਬੇਬੀ-ਸਿਟਰ ਨਾਲ ਗੁਜ਼ਾਰਨਾ ਪੈਂਦਾ ਹੈ ਜਾਂ ਇਕੱਲਿਆਂ ਘਰ ਵਿਚ ਰਹਿਣਾ ਪੈਂਦਾ ਹੈ। ਇਹ ਆਮ ਵੇਖਿਆ ਗਿਆ ਹੈ ਜਿਥੇ ਬੱਚੇ ਮਾਪਿਆਂ ਜਾਂ ਕਿਸੇ ਜ਼ਿੰਮੇਵਾਰ ਵਿਅਕਤੀ ਦੀ ਦੇਖ-ਰੇਖ ਵਿਚ ਨਾ ਹੋਣ ਉਥੇ ਗੰਭੀਰ ਸਮੱਸਿਆਵਾਂ ਦਾ ਉਪਜਣਾ ਬੜਾ ਸੁਭਾਵਿਕ ਹੈ। ਸਮਾਜਿਕ ਪੱਖੋਂ ਇਹ ਬੱਚੇ ਨਿੱਘੇ ਪਿਆਰ ਤੋਂ ਵਿਰਵੇ ਹੋਣ ਕਰਕੇ ਪੀੜਤ ਮਹਿਸੂਸ ਕਰਦੇ ਹਨ ਅਤੇ ਭਾਵੇਂ ਇਨ੍ਹਾਂ ਨੂੰ ਲਗ ਰਹੀ ਠੇਸ ਦਿਸਦੀ ਨਹੀਂ ਪਰ ਇਹ ਆਪਣਾ ਅਸਰ ਨਿਰੰਤਰ ਪਾਉਂਦੀ ਰਹਿੰਦੀ ਹੈ। ਜੇਕਰ ਘਰ ਵਿਚ ਬਜ਼ੁਰਗ ਜਾਂ ਮਾਪਿਆਂ ਦੇ ਮਾਪੇ ਹੋਣ ਤਾਂ ਨਾ ਕੇਵਲ ਮਾਪਿਆਂ ਦੀ ਗ਼ੈਰ-ਹਾਜ਼ਰੀ ਵਿਚ ਬੱਚਿਆਂ ਦਾ ਧਿਆਨ ਹੀ ਰੱਖਿਆ ਜਾਂਦਾ ਹੈ ਸਗੋਂ ਇਵੇਂ ਹੋਣ ਨਾਲ ਦਾਦਾ-ਦਾਦੀ ਵੀ ਆਪਣੇ ਪੋਤੇ-ਪੋਤੀ ਦੇ ਨੇੜੇ ਮਹਿਸੂਸ ਕਰਦੇ ਹਨ। ਦਾਦੇ-ਦਾਦੀ ਜਾਂ ਨਾਨੇ-ਨਾਨੀ ਦਾ ਪਿਆਰ ਇਕ ਅਜਿਹੀ ਨਿਆਮਤ ਹੈ ਜਿਸ ਨੂੰ ਪੈਸੇ ਨਾਲ ਕਿਸੇ ਵੀ ਕੀਮਤ 'ਤੇ ਖਰੀਦਿਆ ਨਹੀਂ ਜਾ ਸਕਦਾ।

ਬਾਲ ਕਹਾਣੀ- ਚੂਹੇ-ਚੂਹੀਆਂ ਅਤੇ ਹਾਥੀ

ਚੂਹਿਆਂ 'ਤੇ ਵੱਡੀ ਮੁਸੀਬਤ ਆ ਪਈ। ਹਜ਼ਾਰਾਂ-ਲੱਖਾਂ ਚੂਹੇ ਮਰ ਗਏ। ਵੈਦ ਚੂਹਿਆਂ ਨੇ ਜ਼ਖਮੀਆਂ ਦੀ ਸੰਭਾਲ ਅਤੇ ਉਨ੍ਹਾਂ ਦੀ ਸੇਵਾ ਕੀਤੀ। ਚੂਹਿਆਂ ਦੇ ਸ਼ਹਿਰ ਵਿਚ ਅਜਿਹੀ ਭਿਆਨਕ ਆਫ਼ਤ ਪਹਿਲਾਂ ਕਦੇ ਨਹੀਂ ਆਈ ਸੀ। ਇਸ ਆਫ਼ਤ ਤੋਂ ਬਚਣ ਲਈ ਕੀ ਉਪਾਅ ਕੀਤਾ ਜਾਵੇ? ਇਸ ਲਈ ਚੂਹਿਆਂ ਨੇ ਇਕ ਸਭਾ ਬੁਲਾਈ। ਸਭਾ ਵਿਚ ਕਈ ਘੰਟੇ ਗੱਲਬਾਤ ਹੁੰਦੀ ਰਹੀ। ਅੰਤ ਵਿਚ ਇਕ ਸਮਝਦਾਰ ਬੁੱਢੇ ਚੂਹੇ ਨੇ ਕਿਹਾ, 'ਸਾਨੂੰ ਹਾਥੀਆਂ ਦੇ ਰਾਜੇ ਕੋਲ ਜਾ ਕੇ ਇਸ ਘਟਨਾ ਬਾਰੇ ਦੱਸਣਾ ਚਾਹੀਦਾ ਹੈ। ਉਹੀ ਸ਼ਹਿਰ ਦੇ ਰਸਤੇ ਆਪਣੇ ਝੁੰਡ ਦਾ ਆਉਣਾ-ਜਾਣਾ ਬੰਦ ਕਰਵਾ ਸਕਦਾ ਹੈ।' ਬੁੱਢੇ ਚੂਹੇ ਦੀ ਗੱਲ ਮੰਨ ਲਈ ਗਈ। ਹਾਥੀ ਰਾਜਾ ਕੋਲ ਜਾਣ ਲਈ ਤਿੰਨ ਚੂਹੇ ਚੁਣੇ ਗਏ। ਤਿੰਨੇ ਚੂਹੇ ਹਾਥੀ ਰਾਜਾ ਕੋਲ ਗਏ ਅਤੇ ਉਸ ਨੂੰ ਪ੍ਰਣਾਮ ਕਰਕੇ ਬੋਲੇ, 'ਮਹਾਰਾਜ! ਤੁਸੀਂ ਤਾਕਤਵਰ ਵੀ ਹੋ ਅਤੇ ਵੱਡੇ ਵੀ। ਜਦੋਂ ਤੁਸੀਂ ਅਤੇ ਤੁਹਾਡੇ ਸਾਥੀ ਹਾਥੀ ਇਸ ਸ਼ਹਿਰ ਵਿਚੋਂ ਲੰਘਦੇ ਹਨ ਤਾਂ ਸਾਡਾ ਬਹੁਤ ਨੁਕਸਾਨ ਹੋ ਜਾਂਦਾ ਹੈ। ਅਸੀਂ ਲੋਕ ਬਹੁਤ ਹੀ ਬੇਵੱਸ ਅਤੇ ਛੋਟੇ ਹਾਂ। ਤੁਹਾਡੇ ਪੈਰਾਂ ਥੱਲੇ ਆ ਜਾਣ ਨਾਲ ਹਜ਼ਾਰਾਂ ਚੂਹੇ ਕੁਚਲੇ ਗਏ ਅਤੇ ਲੱਖਾਂ ਜ਼ਖਮੀ ਹੋ ਗਏ ਹਨ। ਜੇ ਤੁਸੀਂ ਫਿਰ ਸਾਡੇ ਸ਼ਹਿਰ ਰਾਹੀਂ ਹੋ ਕੇ ਜਾਓਗੇ ਤਾਂ ਸਾਡੇ ਵਿਚੋਂ ਕੋਈ ਵੀ ਜਿਉਂਦਾ ਨਹੀਂ ਬਚੇਗਾ। ਇਸ ਲਈ ਅਸੀਂ ਤੁਹਾਨੂੰ ਇਹ ਕਹਿਣ ਆਏ ਹਾਂ ਕਿ ਮਹਾਰਾਜ, ਜਦੋਂ ਤੁਸੀਂ ਜੰਗਲ ਵਿਚ ਵਾਪਸ ਜਾਓ ਤਾਂ ਕਿਰਪਾ ਕਰਕੇ ਕਿਸੇ ਦੂਜੇ ਰਸਤੇ ਚਲੇ ਜਾਓ। ਤੁਹਾਡੀ ਇਸ ਕਿਰਪਾ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ ਅਤੇ ਸਦਾ ਤੁਹਾਡੇ ਦੋਸਤ ਬਣੇ ਰਹਾਂਗੇ। ਦੇਖਣ ਵਿਚ ਤਾਂ ਅਸੀਂ ਲੋਕ ਬਹੁਤ ਛੋਟੇ ਹਾਂ, ਫਿਰ ਵੀ ਕਦੇ ਨਾ ਕਦੇ ਤੁਹਾਡੇ ਕੰਮ ਆ ਸਕਦੇ ਹਾਂ।'
ਹਾਥੀ ਰਾਜਾ ਨੇ ਚੂਹਿਆਂ ਦੀ ਗੱਲ 'ਤੇ ਗੌਰ ਕੀਤਾ ਅਤੇ ਕਿਹਾ, 'ਤੁਸੀਂ ਠੀਕ ਕਹਿੰਦੇ ਹੋ, ਜਾਓ ਫਿਕਰ ਨਾ ਕਰੋ, ਹੁਣ ਅਸੀਂ ਤੁਹਾਡੇ ਸ਼ਹਿਰ ਰਾਹੀਂ ਨਹੀਂ ਜਾਵਾਂਗੇ।'
ਕਈ ਸਾਲਾਂ ਬਾਅਦ ਇਕ ਰਾਜਾ ਨੂੰ ਆਪਣੀ ਫੌਜ ਲਈ ਹਾਥੀਆਂ ਦੀ ਲੋੜ ਪਈ। ਉਸ ਨੇ ਵੱਧ ਤੋਂ ਵੱਧ ਹਾਥੀ ਫੜਨ ਲਈ ਕਈ ਆਦਮੀ ਜੰਗਲ ਵਿਚ ਭੇਜੇ। ਰਾਜੇ ਦੇ ਆਦਮੀ ਉਸੇ ਜੰਗਲ ਵਿਚ ਆਏ, ਜਿਥੇ ਹਾਥੀ ਰਾਜਾ ਅਤੇ ਉਸ ਦੇ ਸਾਥੀ ਰਹਿੰਦੇ ਸਨ। ਉਨ੍ਹਾਂ ਨੇ ਜੰਗਲ ਵਿਚ ਕਈ ਵੱਡੇ-ਵੱਡੇ ਟੋਏ ਪੁੱਟੇ ਅਤੇ ਉਨ੍ਹਾਂ ਨੂੰ ਦਰੱਖਤਾਂ ਦੀਆਂ ਟਹਿਣੀਆਂ ਅਤੇ ਪੱਤਿਆਂ ਨਾਲ ਢਕ ਦਿੱਤਾ। ਹਾਥੀ ਰਾਜਾ ਅਤੇ ਉਸ ਦੇ ਬਹੁਤ ਸਾਰੇ ਸਾਥੀ ਉਨ੍ਹਾਂ ਟੋਇਆਂ ਵਿਚ ਡਿਗ ਪਏ ਅਤੇ ਫਸ ਗਏ। ਉਨ੍ਹਾਂ ਨੇ ਬਾਹਰ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਨਿਕਲ ਨਹੀਂ ਸਕੇ। ਥੋੜ੍ਹੀ ਦੇਰ ਬਾਅਦ ਰਾਜਾ ਦੇ ਆਦਮੀ ਕਈ ਪਾਲਤੂ ਹਾਥੀਆਂ ਨੂੰ ਲੈ ਕੇ ਆਏ। ਪਾਲਤੂ ਹਾਥੀਆਂ ਨੇ ਵੱਡੇ-ਵੱਡੇ ਮਜ਼ਬੂਤ ਰੱਸਿਆਂ ਦੀ ਮਦਦ ਨਾਲ ਜੰਗਲੀ ਹਾਥੀਆਂ ਨੂੰ ਟੋਇਆਂ ਵਿਚੋਂ ਕੱਢਿਆ। ਫਿਰ ਰਾਜਾ ਦੇ ਆਦਮੀਆਂ ਨੇ ਉਨ੍ਹਾਂ ਨੂੰ ਰੱਸਿਆਂ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਹ ਸਾਰਾ ਹਾਲ ਰਾਜਾ ਨੂੰ ਦੱਸਣ ਲਈ ਰਾਜ ਮਹਿਲ ਵਾਪਸ ਚਲੇ ਗਏ। ਉਹ ਜਾਂਦੇ ਹੋਏ ਆਪਣੇ ਨਾਲ ਪਾਲਤੂ ਹਾਥੀਆਂ ਨੂੰ ਵੀ ਲੈ ਗਏ। ਰੁੱਖਾਂ ਨਾਲ ਬੰਨ੍ਹੇ ਜੰਗਲੀ ਹਾਥੀ ਪ੍ਰੇਸ਼ਾਨ ਅਤੇ ਘਬਰਾਏ ਹੋਏ ਸਨ। ਆਪਣੇ ਝੁੰਡ ਦੇ ਏਨੇ ਹਾਥੀਆਂ ਨੂੰ ਫਸੇ ਦੇਖ ਕੇ ਰਾਜਾ ਬਹੁਤ ਦੁਖੀ ਹੋਇਆ। ਉਸ ਨੇ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਬਹੁਤ ਸੋਚਿਆ। ਉਦੋਂ ਹੀ ਉਸ ਨੂੰ ਉਸ ਉਜੜੇ ਹੋਏ ਸ਼ਹਿਰ ਦੇ ਚੂਹਿਆਂ ਦਾ ਚੇਤਾ ਆਇਆ। ਝੁੰਡ ਦੇ ਕੁਝ ਹਾਥੀ ਟੋਏ ਵਿਚ ਫਸਣ ਤੋਂ ਬਚ ਗਏ ਸਨ। ਉਨ੍ਹਾਂ ਵਿਚ ਹਾਥੀ ਰਾਜਾ ਦੀ ਰਾਣੀ ਵੀ ਸੀ। ਹਾਥੀ ਰਾਜਾ ਨੇ ਆਪਣੀ ਰਾਣੀ ਨੂੰ ਤੁਰੰਤ ਚੂਹਿਆਂ ਦੇ ਸ਼ਹਿਰ ਜਾਣ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸਣ ਲਈ ਕਿਹਾ।
ਰਾਣੀ ਤੁਰੰਤ ਚੂਹਿਆਂ ਦੇ ਸ਼ਹਿਰ ਵੱਲ ਤੁਰ ਪਈ। ਸ਼ਹਿਰ ਵਿਚ ਪਹੁੰਚ ਕੇ ਉਸ ਨੇ ਚੂਹਿਆਂ ਨੂੰ ਹਾਥੀਆਂ ਦੇ ਫੜੇ ਜਾਣ ਦੀ ਖਬਰ ਸੁਣਾਈ। ਹਾਥੀਆਂ ਦੀ ਮੁਸੀਬਤ ਬਾਰੇ ਸੁਣ ਕੇ ਚੂਹੇ ਬਹੁਤ ਦੁਖੀ ਹੋਏ। ਹਜ਼ਾਰਾਂ ਚੂਹੇ ਲਾਈਨਾਂ ਬਣਾ ਕੇ ਬੰਨ੍ਹੇ ਹੋਏ ਹਾਥੀਆਂ ਨੂੰ ਛੁਡਾਉਣ ਤੁਰ ਪਏ। ਜੰਗਲ ਪਹੁੰਚਦਿਆਂ ਹੀ ਹਰ ਹਾਥੀ ਦੀ ਰੱਸੀ 'ਤੇ ਸੈਂਕੜੇ ਚੂਹੇ ਇਕੱਠੇ ਟੁੱਟ ਕੇ ਪੈ ਗਏ। ਉਨ੍ਹਾਂ ਨੇ ਆਪਣੇ ਤਿੱਖੇ ਦੰਦਾਂ ਨਾਲ ਸਾਰੀਆਂ ਰੱਸੀਆਂ ਵੱਢ ਦਿੱਤੀਆਂ। ਹਾਥੀ ਆਜ਼ਾਦ ਹੋ ਗਏ। ਹੁਣ ਹਾਥੀ ਅਤੇ ਚੂਹੇ ਦੋਵੇਂ ਹੀ ਬਹੁਤ ਖੁਸ਼ ਸਨ। ਚੂਹੇ ਖੁਸ਼ ਸਨ ਕਿ ਉਹ ਆਪਣੇ ਦੋਸਤਾਂ ਦੇ ਕੰਮ ਆਏ ਹਨ। ਚੂਹਿਆਂ ਨੇ ਕਿਹਾ, 'ਅੱਜ ਤੱਕ ਅਸੀਂ ਜਿੰਨੇ ਤਿਉਹਾਰ ਮਨਾਏ ਹਨ, ਉਨ੍ਹਾਂ ਦੇ ਮੁਕਾਬਲੇ ਅੱਜ ਸਭ ਤੋਂ ਜ਼ਿਆਦਾ ਮਜ਼ਾ ਆਇਆ ਹੈ, ਕਿਉਂਕਿ ਅੱਜ ਦੋਸਤੀ ਦਾ ਤਿਉਹਾਰ ਹੈ।' ਉਸ ਦਿਨ ਤੋਂ ਚੂਹਿਆਂ ਅਤੇ ਹਾਥੀਆਂ ਦੀ ਦੋਸਤੀ ਹੋਰ ਡੂੰਘੀ ਹੋ ਗਈ ਅਤੇ ਉਹ ਮਿਲ-ਜੁਲ ਕੇ ਅਨੰਦ ਨਾਲ ਰਹਿਣ ਲੱਗੇ

ਪੰਜਾਬੀ ਕਹਾਣੀ- ਗਮਲਿਆਂ ਵਾਲਾ ਘਰ

''ਬੇਟਾ, ਕਦੇ ਵੀ ਆਪਣੇ ਆਪ ਨੂੰ ਗਰੀਬ ਨਾ ਸਮਝੋ। ਤੂੰ ਥੋੜ੍ਹੀ-ਥੋੜ੍ਹੀ ਬੱਚਤ ਕਰਕੇ ਇਕ-ਇਕ ਬੂਟਾ, ਗਮਲਾ ਖਰੀਦ ਸਕਦਾ ਏਂ। ਖੂਬ ਮਿਹਨਤ ਨਾਲ ਪੜ੍ਹ। ਵੱਡਾ ਅਫਸਰ ਬਣ। ਫਿਰ ਤੇਰੇ ਕੋਲ ਬਹੁਤ ਸਾਰੇ ਪੈਸੇ ਹੋਣਗੇ ਤੇ ਫਿਰ ਤੂੰੰ ਬਹੁਤ ਸਾਰੇ ਬੂਟੇ ਅਤੇ ਗਮਲੇ ਵੀ ਖਰੀਦ ਸਕੇਂਗਾ। ਜ਼ਮੀਨ ਖਰੀਦ ਕੇ ਉਸ ਵਿਚ ਵੀ ਤੂੰ ਰੁੱਖ ਪਾਲ ਸਕੇਂਗਾ।''
ਗੁਰਮੇਲ ਨੂੰ ਇਹ ਨਹੀਂ ਪਤਾ ਸੀ ਕਿ ਇਸ  ਘਰ ਵਿਚ ਉਸ ਅੱਧਖੜ੍ਹ ਉਮਰ ਵਾਲੇ ਆਦਮੀ ਤੋਂ ਬਿਨਾਂ ਹੋਰ ਕੌਣ-ਕੌਣ ਰਹਿੰਦਾ ਹੈ, ਜਿਹੜਾ ਕਿ ਲੱਗਭਗ ਹਰ ਰੋਜ਼ ਗਮਲਿਆਂ ਵਿਚ ਉਗਾਏ ਗਏ ਬੂਟਿਆਂ ਦੀ ਦੇਖਭਾਲ ਕਰਦਾ ਹੈ। ਉਸ ਆਦਮੀ ਨੇ ਆਪਣੇ ਸਿਰ ਦੇ ਵਾਲ ਤੇਲ ਲਾ ਕੇ ਸਿੱਧੇ ਵਾਹੇ  ਹੁੰਦੇ ਸਨ। ਵਾਲਾਂ ਵਿਚ ਕੋਈ ਚੀਰ ਨਹੀਂ ਕੱਢਿਆ ਹੁੰਦਾ ਸੀ। ਅੱਖਾਂ ਉਪਰ ਨਜ਼ਰ ਵਾਲੀਆਂ ਕਾਲੀਆਂ ਐਨਕਾਂ ਲਾਈਆਂ ਹੁੰਦੀਆਂ ਸਨ।  ਇਹੋ ਜਿਹੀਆਂ ਐਨਕਾਂ ਗੁਰਮੇਲ ਦੇ ਪਿਤਾ ਜੀ ਵੀ ਲਾਇਆ ਕਰਦੇ ਸਨ।
ਕਾਲੀਆਂ ਐਨਕਾਂ ਵਾਲੇ ਉਸ ਆਦਮੀ ਦੇ ਹੱਥ ਵਿਚ ਕਦੇ ਇਕ ਰੰਬੀ ਫੜੀ ਹੁੰਦੀ, ਜਿਸ ਨਾਲ ਉਹ ਗਮਲਿਆਂ ਵਿਚ ਉਗਾਏ ਹੋਏ ਬੂਟਿਆਂ ਦੀ ਗੋਡੀ ਕਰ ਰਿਹਾ ਹੁੰਦਾ। ਕਦੇ-ਕਦੇ ਇਕ ਕੈਂਚੀ ਫੜੀ ਹੁੰਦੀ, ਜਿਸ ਨਾਲ ਬੂਟਿਆਂ ਦੀ ਕਟਾਈ-ਛੰਗਾਈ ਦਾ ਕੰਮ ਕਰ ਰਿਹਾ ਹੁੰਦਾ। ਇਕ ਬਾਲਟੀ ਵਿਚੋਂ ਮੱਗ ਨਾਲ ਬੂਟਿਆਂ ਨੂੰ ਪਾਣੀ ਪਾਉਂਦਿਆਂ ਤੇ ਉਨ੍ਹਾਂ ਦੇ ਪੱਤਿਆਂ ਨੂੰ ਪਾਣੀ ਦੇ ਛਿੱਟੇ ਮਾਰ-ਮਾਰ ਕੇ ਧੋਂਦਿਆਂ ਤਾਂ ਗੁਰਮੇਲ ਉਸ ਆਦਮੀ ਨੂੰ ਅਕਸਰ ਹੀ ਵੇਖਿਆ ਕਰਦਾ ਸੀ। ਮਨ ਹੀ ਮਨ ਵਿਚ ਉਹ ਉਸ ਦਾ ਆਪਣੇ ਪਿਤਾ ਜੀ ਦੇ ਸਮਾਨ ਬਹੁਤ ਸਤਿਕਾਰ ਕਰਨ ਲੱਗ ਪਿਆ ਸੀ। ਉਸ ਨੂੰ ਬੂਟਿਆਂ ਦੇ ਪੱਤੇ ਧੋਂਦਿਆਂ ਵੇਖ ਕੇ ਆਪ-ਮੁਹਾਰੇ ਹੀ ਹੱਸ ਪੈਂਦਾ। ਉਹ ਇਸ ਕਿਰਿਆ ਨੂੰ 'ਬੂਟਿਆਂ ਦਾ ਇਸ਼ਨਾਨ' ਕਿਹਾ ਕਰਦਾ। ਉਦੋਂ ਗੁਰਮੇਲ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ।
ਉਸ ਆਦਮੀ ਦੇ ਘਰ ਦੇ ਦੋ ਪਾਸਿਆਂ ਨਾਲ ਦੋ ਗਲੀਆਂ ਲੱਗਦੀਆਂ ਸਨ। ਇਕ ਗਲੀ ਵੱਡੀ ਸੀ ਤੇ ਦੂਜੀ ਛੋਟੀ। ਘਰ ਦੇ ਦੋਵੇਂ ਪਾਸੇ ਇਕ-ਇਕ ਬੂਹਾ ਬਾਹਰ ਵੱਲ ਨੂੰ ਖੁੱਲ੍ਹਦਾ ਸੀ। ਸਕੂਲੇ ਪੜ੍ਹਨ ਜਾਣ ਅਤੇ ਆਉਣ ਸਮੇਂ ਗੁਰਮੇਲ ਵੱਡੀ ਗਲੀ ਵਿਚੋਂ ਹੋ ਕੇ ਲੰਘਦਾ ਸੀ। ਉਹ ਪੈਦਲ ਹੀ ਸਕੂਲੇ ਜਾਇਆ ਕਰਦਾ ਸੀ। ਉਸ ਘਰ ਦੇ ਅੱਗੇ ਦੋਹੀਂ ਪਾਸਿਆਂ ਵੱਲ ਤਾਂ ਗਮਲੇ ਰੱਖੇ ਹੀ ਹੋਏ ਸਨ, ਸਗੋਂ ਘਰ ਦੇ ਚੌੜੇ ਬਨੇਰਿਆਂ ਉਪਰ  ਵੀ ਗਮਲੇ ਸਜਾ ਕੇ ਰੱਖੇ ਹੋਏ ਸਨ। ਕੁਝ ਗਮਲੇ ਛੋਟੇ ਆਕਾਰ ਦੇ ਸਨ ਤੇ ਕੁਝ ਹੋਰ ਜ਼ਰਾ ਵੱਡੇ ਸਨ। ਵੱਖ-ਵੱਖ ਗਮਲਿਆਂ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਉਗਾਏ ਗਏ ਹੁੰਦੇ। ਕੁਝ ਸਜਾਵਟੀ  ਬੂਟੇ ਜ਼ਿਆਦਾ ਚਿਰ ਤਕ ਹਰੇ-ਭਰੇ ਰਹਿਣ ਵਾਲੇ ਹੁੰਦੇ। ਕਈ ਬੂਟੇ ਮੌਸਮੀ ਹੁੰਦੇ, ਜਿਨ੍ਹਾਂ ਉਪਰ ਰੰਗ-ਬਿਰੰਗੇ ਮੌਸਮੀ ਫੁੱਲ ਖਿੜਿਆ ਕਰਦੇ ਸਨ। ਇਹ ਫੁੱਲ ਗੁਰਮੇਲ ਨੂੰ ਬੜੇ ਸੋਹਣੇ ਤੇ ਪਿਆਰੇ ਲੱਗਦੇ। ਉਸ ਨੇ ਕਦੇ ਵੀ ਕੋਈ ਫੁੱਲ ਨਹੀਂ ਤੋੜਿਆ ਸੀ। ਗੁਰਮੇਲ ਨੂੰ ਆਪਣੇ ਅਧਿਆਪਕਾਂ ਦੀ ਦਿੱਤੀ ਹੋਈ ਸਿੱਖਿਆ ਯਾਦ ਸੀ ਕਿ ਕਦੇ ਵੀ ਕੋਈ ਫੁੱਲ ਨਾ ਤੋੜੋ! ਫੁੱਲ ਖਿੜੇ ਹੋਏ ਅਤੇ ਮਹਿਕਦੇ ਹੀ ਚੰਗੇ ਲੱਗਦੇ ਹਨ। ਟਹਿਣੀਆਂ ਨਾਲੋਂ ਟੁੱਟੇ  ਫੁੱਲ ਜਲਦੀ ਮੁਰਝਾ ਜਾਂਦੇ ਹਨ।
ਗੁਰਮੇਲ ਨੇ ਉਸ ਘਰ ਦਾ ਨਾਂ 'ਗਮਲਿਆਂ ਵਾਲਾ ਘਰ' ਅਤੇ ਉਸ ਆਦਮੀ ਦਾ ਨਾਂ 'ਗਮਲਿਆਂ ਵਾਲੇ  ਅੰਕਲ  ਜੀ' ਰੱਖਿਆ ਹੋਇਆ ਸੀ। ਉਨ੍ਹਾਂ ਗਮਲਿਆਂ ਵਿਚ ਰੰਗ-ਬਿਰੰਗੇ ਫੁੱਲਾਂ ਵਾਲੇ ਅਤੇ ਸਜਾਵਟੀ ਬੂਟੇ ਲੱਗੇ ਹੋਏ ਤਾਂ ਹੁੰਦੇ ਹੀ ਸਨ, ਸਗੋਂ ਲਾਲ, ਹਰੇ, ਪੀਲੇ, ਨੀਲੇ ਆਦਿ ਰੰਗਾਂ ਨਾਲ ਗਮਲਿਆਂ ਨੂੰ ਰੰਗਿਆ ਵੀ ਗਿਆ ਹੁੰਦਾ ਸੀ। ਉਨ੍ਹਾਂ 'ਤੇ ਵਾਹੀਆਂ ਰੰਗਦਾਰ ਧਾਰੀਆਂ ਸਤਰੰਗੀ ਪੀਂਘਾਂ ਵਾਂਗ ਸੋਹਣੀਆਂ ਲੱਗਦੀਆਂ ਸਨ। ਖਿੜੇ ਹੋਏ ਫੁੱਲ ਅਤੇ ਰੰਗਦਾਰ ਗਮਲੇ ਵੇਖ ਕੇ ਗੁਰਮੇਲ ਬਹੁਤ ਖੁਸ਼ ਹੁੰਦਾ। ਉਹ ਸੋਚਦਾ ਕਿ ਕਾਸ਼! ਸਾਡਾ ਵੀ ਵੱਡਾ ਸਾਰਾ ਘਰ ਹੁੰਦਾ ਤੇ ਸਾਡੇ ਕੋਲ ਵੀ ਬਹੁਤ ਸਾਰੇ ਪੈਸੇ ਹੁੰਦੇ ਤਾਂ ੱਅਸੀਂ ਵੀ ਇਸ ਤਰ੍ਹਾਂ ਹੀ ਰੰਗਦਾਰ ਗਮਲਿਆਂ ਨਾਲ ਆਪਣੇ ਘਰ ਨੂੰ ਸਜਾਉਂਦੇ।
ਗੁਰਮੇਲ ਨੂੰ ਆਪਣੇ ਗਮਲਿਆਂ ਤੇ ਉਨ੍ਹਾਂ ਵਿਚਲੇ ਬੂਟਿਆਂ ਵੱਲ ਤੱਕਦਿਆਂ ਵੇਖ ਕੇ ਉਸ 'ਗਮਲਿਆਂ ਵਾਲੇ ਅੰਕਲ' ਨੇ ਇਕ ਦਿਨ ਗੁਰਮੇਲ ਨੂੰ ਕਿਹਾ, 
''ਮੈਂ ਨੋਟ ਕੀਤਾ ਹੈ ਕਿ ਤੂੰ ਬੜੇ ਧਿਆਨ ਨਾਲ ਬੂਟਿਆਂ ਨੂੰ ਵੇਖਦਾ ਹੈਂ। ਕੀ ਤੈਨੂੰ ਇਹ ਚੰਗੇ ਲੱਗਦੇ ਹਨ?''
''ਹਾਂ, ਅੰਕਲ ਜੀ। ਸਾਡੇ ਅਧਿਆਪਕ ਦੱਸਦੇ ਹਨ ਕਿ ਸਾਨੂੰ ਵੱਧ ਤੋਂ ਵੱਧ ਰੁੱਖ-ਬੂਟੇ ਲਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਵਾਤਾਵਰਣ ਸੁਰੱਖਿਅਤ ਰਹਿ ਸਕੇ। ਧਰਤੀ ਨੂੰ ਬਚਾਉਣ ਲਈ ਓਜ਼ੋਨ ਪਰਤ ਪਤਲੀ ਨਾ ਪੈ ਜਾਵੇ।''
''ਤੈਨੂੰ ਪਤੈ, ਓਜ਼ੋਨ ਪਰਤ ਕੀ ਕੰਮ ਕਰਦੀ ਏ?'
''ਹਾਂ, ਜੀ! ਇਹ ਪਰਤ ਸੂਰਜ ਦੀਆਂ ਮਾਰੂ ਪਰਾਬੈਂਗਣੀ ਕਿਰਨਾਂ ਨੂੰ ਧਰਤੀ ਉਪਰ ਆਉਣ ਤੋਂ ਰੋਕਦੀ ਹੈ। ਪਰਾਵੈਂਗਣੀ ਕਿਰਨਾਂ ਖਤਰਨਾਕ ਹੁੰਦੀਆਂ ਹਨ।'' 
''ਰੁੱਖਾਂ ਤੇ ਬੂਟਿਆਂ ਨਾਲ ਹੀ ਇਸ ਧਰਤੀ ਦੀ ਹੋਂਦ ਕਾਇਮ ਰਹਿ ਸਕਦੀ ਹੈ।'' ਉਸ ਅੰਕਲ ਜੀ ਨੇ ਆਖਿਆ।
''ਹਾਂ, ਅੰਕਲ ਜੀ, ਤੁਸੀਂ ਠੀਕ ਕਹਿੰਦੇ ਹੋ! ਰੁੱਖ-ਬੂਟੇ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਕਾਰਬਨਡਾਈਆਕਸਾਈਡ ਨੂੰ ਘੱਟ ਕਰਦੇ ਹਨ। ਇਹ ਵਾਤਾਵਰਣ ਨੂੰ ਸੁਖਾਵਾਂ ਤੇ ਠੰਡਾ ਰੱਖਦੇ ਹਨ।''
'ਸ਼ਾਬਾਸ਼! ਬੇਟਾ। ਤੂੰ ਤਾਂ ਬੜਾ ਸਿਆਣਾ ਮੁੰਡਾ ਏਂ। ਕੀ ਤੂੰ ਵੀ ਜਾਂ ਤੇਰੇ ਪਿਤਾ ਜੀ ਵੀ ਬੂਟੇ ਪਾਲਣ ਦਾ ਸ਼ੌਕ ਰੱਖਦੇ ਹਨ?''
ਗੁਰਮੇਲ ਨੇ ਉਦਾਸ ਹੋ ਕੇ ਜਵਾਬ ਦਿੱਤਾ, ''ਅੰਕਲ ਜੀ, ਅਸੀਂ ਗਰੀਬ ਹਾਂ। ਸਾਡੇ ਕੋਲ ਇੰਨੇ ਪੈਸੇ ਨਹੀਂ ਹੁੰਦੇ।''
''ਬੇਟਾ, ਕਦੇ ਵੀ ਆਪਣੇ ਆਪ ਨੂੰ ਗਰੀਬ ਨਾ ਸਮਝੋ। ਤੂੰ ਥੋੜ੍ਹੀ-ਥੋੜ੍ਹੀ ਬੱਚਤ ਕਰਕੇ ਇਕ-ਇਕ ਬੂਟਾ, ਗਮਲਾ ਖਰੀਦ ਸਕਦਾ ਏਂ। ਖੂਬ ਮਿਹਨਤ ਨਾਲ ਪੜ੍ਹ। ਵੱਡਾ ਅਫਸਰ ਬਣ। ਫਿਰ ਤੇਰੇ ਕੋਲ ਬਹੁਤ ਸਾਰੇ ਪੈਸੇ ਹੋਣਗੇ ਤੇ ਫਿਰ ਤੂੰੰ ਬਹੁਤ ਸਾਰੇ ਬੂਟੇ ਅਤੇ ਗਮਲੇ ਵੀ ਖਰੀਦ ਸਕੇਂਗਾ। ਜ਼ਮੀਨ ਖਰੀਦ ਕੇ ਉਸ ਵਿਚ ਵੀ ਤੂੰ ਰੁੱਖ ਪਾਲ ਸਕੇਂਗਾ।''
ਇਸ ਤਰ੍ਹਾਂ  ਗੁਰਮੇਲ ਅਤੇ ਗਮਲਿਆਂ ਵਾਲੇ ਅੰਕਲ ਵਿਚਕਾਰ ਕਦੇ-ਕਦੇ ਗੱਲਬਾਤ ਹੁੰਦੀ ਰਹਿੰਦੀ। ਗੁਰਮੇਲ ਨੂੰ ਉਸ ਅੰਕਲ ਜੀ ਕੋਲੋਂ ਖੂਬ ਉਤਸ਼ਾਹ ਮਿਲਦਾ ਰਹਿੰਦਾ।
ਗੁਰਮੇਲ ਜਦੋਂ ਇਹ ਸੋਚਦਾ ਕਿ ਕਾਸ਼! ਉਹ ਗਰੀਬ ਨਾ ਹੁੰਦੇ ਤੇ ਉਨ੍ਹਾਂ ਦਾ ਇਕ ਵੱਡਾ ਸਾਰਾ ਸੋਹਣਾ ਘਰ ਹੁੰਦਾ, ਤਾਂ ਉਸ ਸਮੇਂ ਉਹ ਸੋਚਣ ਇਹ ਵੀ ਲੱਗਾ ਕਿ ਉਹਦਾ ਇਹ ਸੁਪਨਾ ਕਿਵੇਂ ਪੂਰਾ ਹੋ ਸਕਦਾ ਹੈ? ਇਹੀ ਕੁਝ ਸੋਚਦਿਆਂ ਉਹ ਘਰ ਤੋਂ ਸਕੂਲ ਨੂੰ ਜਾਂਦਾ ਅਤੇ ਸਕੂਲ ਤੋਂ ਘਰ ਨੂੰ ਆਉਂਦਾ। ਕਦੇ-ਕਦੇ ਤਾਂ ਗੁਰਮੇਲ ਸਕੂਲ ਵਿਚ ਪੜ੍ਹਨ ਸਮੇਂ ਵੀ ਵੱਡੇ ਘਰ ਦੇ ਸੁਪਨੇ ਵਿਚ ਗੁਆਚ ਜਾਂਦਾ। ਉਸ ਘਰ ਦੇ ਸੁਪਨੇ ਵਿਚ, ਜਿਸ ਨੂੰ ਖੂਬਸੂਰਤ ਗਮਲਿਆਂ ਨਾਲ ਸਜਾਇਆ ਗਿਆ ਹੋਵੇ। ਵਿਚਾਰਾਂ ਵਿਚ ਮਗਨ ਉਹ ਭੁੱਲ ਜਾਂਦਾ ਕਿ ਉਹ ਆਪਣੀ ਜਮਾਤ ਵਿਚ ਬੈਠਾ ਏ ਤੇ ਉਹਦਾ ਧਿਆਨ ਪੜ੍ਹਾਈ ਵੱਲ ਨਹੀਂ ਹੈ। ਇਕ ਦਿਨ ਹਿਸਾਬ ਦੇ ਅਧਿਆਪਕ ਸ਼੍ਰੀ ਕੁਲਦੀਪ ਰਾਏ ਜੀ ਨੇ ਉਸ ਨੂੰ ਝਿੜਕਦਿਆਂ ਕਿਹਾ, ''ਗੁਰਮੇਲ, ਅੱਜਕਲ ਤੈਨੂੰ ਕੀ ਹੋ ਗਿਆ ਹੈ? ਤੂੰ ਹੁਣ ਆਪਣੀ ਪੜ੍ਹਾਈ ਮਨ ਲਾ ਕੇ ਨਹੀਂ ਕਰ ਰਿਹਾ ਏਂ ਤੇ ਸਵਾਲ ਵੀ ਸਹੀ ਢੰਗ ਨਾਲ ਹੱਲ ਨਹੀਂ ਕਰ ਰਿਹਾ  ਏਂ। ਕਿਥੇ ਗੁਆਚਾ ਰਹਿੰਦਾ ਏਂ?'' ''ਸਰ, ਉਹ ਮੈਂ... ਨਾ...। ਸਰ...।'' ਗੁਰਮੇਲ ਘਬਰਾ ਗਿਆ। ਉਹ ਫਟਾਫਟ ਕੋਈ ਉੱਤਰ ਨਾ ਦੇ ਸਕਿਆ।
''ਸੁਣੋ, ਧਿਆਨ ਨਾਲ ਸੁਣੋ ਬੇਟਾ''  ਸ਼੍ਰੀ ਕੁਲਦੀਪ ਰਾਏ ਜੀ ਜਦੋਂ ਉਸ ਨੂੰ ਕੁਝ ਕਹਿਣ ਲੱਗੇ, ਉਦੋਂ ਪੂਰੀ ਜਮਾਤ ਉਨ੍ਹਾਂ ਵੱਲ ਵੇਖਣ ਲੱਗੀ। ਉਨ੍ਹਾਂ ਨੇ ਅੱਗੇ ਕਿਹਾ, ''ਗੁਰਮੇਲ, ਤੂੰ ਇਕ ਲਾਇਕ ਵਿਦਿਆਰਥੀ ਏਂ। ਧਿਆਨ ਲਾ ਕੇ, ਪੂਰਾ ਮਨ ਲਾ ਕੇ ਪੜ੍ਹੇਂਗਾ ਤਾਂ ਇਕ ਦਿਨ ਨੂੰ ਬਹੁਤ ਵੱਡਾ ਅਫਸਰ ਬਣ ਸਕੇਂਗਾ।  ਫਿਰ ਤੂੰ ਆਪਣਾ ਹਰ ਇਕ ਸੁਪਨਾ ਪੂਰਾ ਕਰ ਸਕੇਂਗਾ।'' ਫਿਰ ਉਨ੍ਹਾਂ ਨੇ ਪੂਰੀ ਜਮਾਤ ਨੂੰ ਆਖਿਆ, ''ਇਹੀ ਗੱਲ ਮੈਂ ਤੁਹਾਨੂੰ ਸਾਰੇ ਵਿਦਿਆਰਥੀਆਂ ਨੂੰ ਵੀ ਕਹਿੰਦਾ ਹਾਂ। ਖੂਬ ਪੜ੍ਹ-ਲਿਖ ਕੇ ਅਸੀਂ ਆਪਣਾ, ਆਪਣੇ ਪਰਿਵਾਰ ਦਾ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਾਂ। ਬਹੁਤ ਸਾਰਾ ਧਨ ਵੀ ਕਮਾ ਸਕਦੇ  ਹਾਂ।  ਅੱਜਕਲ ਭਾਰਤੀ ਲੋਕਾਂ ਨੇ ਵਿਦੇਸ਼ਾਂ ਵਿਚ ਵੀ ਉਚੇਰੀ ਪੜ੍ਹਾਈ ਅਤੇ ਗਿਆਨ-ਵਿਗਿਆਨ ਦੇ ਖੇਤਰ ਵਿਚ ਭਾਰਤ ਦਾ ਲੋਹਾ ਮੰਨਿਆ ਹੈ।''
ਗੁਰਮੇਲ ਅਤੇ ਬਾਕੀ ਸਾਰੇ ਵਿਦਿਆਰਥੀ ਆਪਣੇ ਅਧਿਆਪਕ ਜੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੇ ਸਨ।
ਅਜਿਹੀਆਂ ਗੱਲਾਂ, ਜੀਵਨ ਵਿਚ ਤਰੱਕੀ ਕਰਨ ਦੀਆਂ ਗੱਲਾਂ ਉਨ੍ਹਾਂ ਨੂੰ ਵਿਗਿਆਨ ਦਾ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕ ਸ਼੍ਰੀ ਜੀਵਨ ਪ੍ਰਕਾਸ਼ ਜੀ ਵੀ ਦੱਸਿਆ ਕਰਦੇ ਸਨ। ਗੁਰਮੇਲ ਨੂੰ ਤਾਂ 'ਗਮਲਿਆਂ ਵਾਲੇ ਅੰਕਲ ਜੀ' ਦੀਆਂ ਦੱਸੀਆਂ ਗੱਲਾਂ ਵੀ ਬਹੁਤ ਚੰਗੀਆਂ ਲੱਗਦੀਆਂ ਸਨ। ਉਸ ਨੂੰ ਯਾਦ ਸੀ ਕਿ ਉਨ੍ਹਾਂ ਨੇ ਇਕ ਦਿਨ ਇਹ ਵੀ ਕਿਹਾ ਸੀ, ''ਬੇਟਾ, ਕਦੇ ਵੀ ਖੁਦ ਨੂੰ ਗਰੀਬ ਨਾ ਸਮਝੋ। ਖੂਬ ਮਿਹਨਤ ਤੇ ਲਗਨ ਨਾਲ ਪੜ੍ਹੋ। ਵੱਡੇ ਅਫਸਰ ਬਣੋ। ਫਿਰ ਤੁਹਾਡੇ ਕੋਲ ਬਹੁਤ ਸਾਰਾ ਧਨ ਹੋਵੇਗਾ ਤੇ ਤੁਸੀਂ ਬਹੁਤ ਸਾਰੇ ਬੂਟੇ ਅਤੇ ਗਮਲੇ ਖਰੀਦ ਸਕੋਗੇ। ਜ਼ਮੀਨ ਖਰੀਦ ਕੇ ਉਸ ਵਿਚ ਰੁੱਖ ਵੀ ਉਗਾ ਸਕੋਗੇ।''
ਉਸ ਨੂੰ ਮਨ ਲਾ ਕੇ ਪੜ੍ਹਦਿਆਂ-ਲਿਖਦਿਆਂ ਵੇਖ ਕੇ ਗੁਰਮੇਲ ਦੇ ਮੰਮੀ-ਡੈਡੀ ਬਹੁਤ ਖੁਸ਼ ਹੁੰਦੇ। ਉਹ ਪਹਿਲਾਂ ਹੀ ਉਸ ਦੀ ਹਰੇਕ ਜ਼ਰੂਰਤ ਦਾ ਖਿਆਲ ਰੱਖਦੇ ਸਨ। ਹੁਣ ਉਸ ਦੀ ਖੁਰਾਕ ਵੱਲ ਵੀ ਖਾਸ ਧਿਆਨ ਦੇਣ ਲੱਗ ਪਏ। ਹੁਣ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਮੇਲ ਨੂੰ ਪੀਣ ਲਈ ਇਕ ਦੁੱਧ ਦਾ ਗਲਾਸ ਮਿਲਣ ੱਲੱਗਾ। ਨਾਲ ਖਾਣ ਨੂੰ ਕੁਝ ਬਦਾਮ ਵੀ। ਬੇਸ਼ੱਕ ਉਸ ਦੇ ਮੰਮੀ-ਡੈਡੀ ਗਰੀਬ ਸਨ ਪਰ ਉਹ ਢਿੱਡ ਘੁੱਟ ਕੇ ਉਸ ਨੂੰ ਪੜ੍ਹਾ ਰਹੇ ਸਨ।
ਸਕੂਲ ਨੂੰ ਜਾਣ ਸਮੇਂ ਅਤੇ ਉਥੋਂ ਵਾਪਸ ਪਰਤਦੇ ਸਮੇਂ ਗੁਰਮੇਲ 'ਗਮਲਿਆਂ ਵਾਲੇ ਘਰ' ਕੋਲ ਕੁਝ ਚਿਰ ਜ਼ਰੂਰ ਰੁਕ ਜਾਂਦਾ ਸੀ। ਉਹ ਘਰ ਉਸ ਨੂੰ ਬਹੁਤ ਪਿਆਰਾ ਘਰ ਲੱਗਦਾ ਸੀ। 'ਗਮਲਿਆਂ ਵਾਲੇ ਅੰਕਲ ਜੀ' ਨਾਲ ਮੁਲਾਕਾਤ ਹੋਣ 'ਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਦਾ। ਬਾਲਪੁਣੇ ਵਾਲੀ ਝਿਜਕ ਹੁਣ ਉਸ ਵਿਚ ਪਹਿਲਾਂ ਜਿੰਨੀ ਨਹੀਂ ਰਹੀ ਸੀ। ਉਹ ਬਿਨਾਂ ਝਿਜਕ ਤੋਂ ਹੁਣ ਉਸ ਅੰਕਲ ਜੀ ਨਾਲ ਗੱਲਾਂ ਕਰ ਲਿਆ ਕਰਦਾ ਸੀ। ਉਸ ਅੰਕਲ ਜੀ ਤੋਂ ਉਸ ਨੂੰ ਆਪਣੇ ਅਧਿਆਪਕਾਂ, ੰੰਮੰਮੀ-ਡੈਡੀ ਵਰਗਾ ਹੀ ਮੋਹ, ਪਿਆਰ ਤੇ ਉਤਸ਼ਾਹ ਮਿਲਣ ਲੱਗਿਆ ਸੀ। ਇੰਝ ਲੱਗਦਾ ਸੀ, ਜਿਵੇਂ ਉਸ ਨੇ 'ਗਮਲਿਆਂ ਵਾਲੇ ਘਰ' ਨੂੰ ਅਤੇ 'ਗਮਲਿਆਂ ਵਾਲੇ ਅੰਕਲ ਜੀ' ਨੂੰ ਆਪਣਾ ਜੀਵਨ ਆਦਰਸ਼ ਬਣਾ ਲਿਆ ਹੋਵੇ।
ਉਸ ਆਦਮੀ ਵਲੋਂ ਮਿਲੇ ਉਤਸ਼ਾਹ ਕਾਰਨ ਗੁਰਮੇਲ ਖੂਬ ਮਿਹਨਤ ਨਾਲ ਅਤੇ ਮਨ-ਚਿੱਤ ਲਾ ਕੇ ਪੜ੍ਹਾਈ ਕਰਨ ਲੱਗਿਆ। ਸਕੂਲ ਦੀ ਪੜ੍ਹਾਈ ਮੁਕੰਮਲ ਕਰਕੇ ਫਿਰ ਇਕ ਕਾਲਜ ਵਿਚ ਦਾਖਲ ਹੋ ਗਿਆ। ਉਚੇਰੀ ਵਿੱਦਿਆ ਪ੍ਰਾਪਤ ਕਰਕੇ ਉਹ ਇਕ ਵੱਡਾ ਅਫਸਰ ਬਣ ਗਿਆ। ਫਿਰ ਉਸ ਨੇ ਇਕ ਵੱਡੀ ਸਾਰੀ ਕੋਠੀ ਛੱਤ ਲਈ ਤੇ ਇਕ ਆਪਣੀ ਨਿੱਜੀ ਕਾਰ ਵੀ ਖਰੀਦ ਲਈ। ਇਕ ਕਾਰ ਤੇ ਡਰਾਈਵਰ ਦੀਆਂ ਸੇਵਾਵਾਂ ਉਸ ਨੂੰ ਸਰਕਾਰ ਵਲੋਂ ਮਿਲ ਗਈਆਂ ਸਨ।
ਹੁਣ ਉਸ ਦੀ ਕੋਠੀ ਵਿਚ ਛੋਟੇ-ਵੱਡੇ ਆਕਾਰ ਦੇ ਰੰਗ-ਬਿਰੰਗੇ ਅਨੇਕ ਗਮਲੇ ਹਨ। ਇਨ੍ਹਾਂ ਗਮਲਿਆਂ ਵਿਚ ਤਰ੍ਹਾਂ-ਤਰ੍ਹਾਂ ਦੇ ਖੂਬਸੂਰਤ ਬੂਟੇ ਲੱਗੇ ਹੋਏ ਹਨ। ਕੋਠੀ ਦੇ ਲਾਅਨ  ਵਿਚ ਹਰਾ-ਹਰਾ ਮਖਮਲੀ ਘਾਹ ਵੀ ਹੈ। ਖਾਲੀ ਜਗ੍ਹਾ ਵਿਚ ਰੁੱਖ ਵੀ ਲੱਗੇ ਹੋਏ ਹਨ। ਉਂਝ ਤਾਂ ਗੁਰਮੇਲ ਨੇ ਇਕ ਮਾਲੀ ਵੀ ਰੱਖਿਆ ਹੋਇਆ ਹੈ, ਜੋ ਕਿ ਹਰ ਰੋਜ਼ ਸਵੇਰੇ ਆ ਕੇ ਰੁੱਖਾਂ ਤੇ ਬੂਟਿਆਂ ਦੀ ਦੇਖਭਾਲ ਕਰਦਾ ਹੈ। ਐਪਰ ਜਦੋਂ ਉਹ ਖੁਦ ਰੁੱਖਾਂ ਅਤੇ ਬੂਟਿਆਂ ਨੂੰ ਪਾਣੀ, ਖਾਦ ਵਗੈਰਾ ਪਾਉਂਦਾ ਹੈ ਤਾਂ ਉਸ ਨੂੰ 'ਗਮਲਿਆਂ ਵਾਲੇ ਘਰ' ਦੇ ਉਸ ਅੰਕਲ ਜੀ ਦੀ ਬਹੁਤ ਯਾਦ ਆਉਂਦੀ ਹੈ। ਉਹ ਉਸ ਆਦਮੀ ਨੂੰ ਕਦੇ ਵੀ ਭੁੱਲ ਨਹੀਂ ਸਕਦਾ।   

ਪੰਜਾਬੀ ਕਹਾਣੀ- ਪ੍ਰਾਸ਼ਚਿਤ

''ਗੱਲ ਇਥੇ ਹੀ ਖਤਮ ਹੋ ਗਈ। 
ਇਸ ਦੇ ਦੋ ਦਿਨ ਬਾਅਦ ਦੀ ਗੱਲ ਹੈ। ਲੰਚ ਕਰਨ ਤੋਂ ਬਾਅਦ ਤਿੰਨੋਂ ਦੋਸਤ ਬਾਹਰ ਗਰਾਊਂਡ 'ਚ ਖੇਡਣ 'ਚ ਰੁੱਝ ਗਏ। ਥੋੜ੍ਹੀ ਹੀ ਦੇਰ ਬਾਅਦ ਸਚਿਨ ਨੇ ਸੌਰਭ ਨੂੰ ਕਿਹਾ, ''ਸੌਰਭ ਤੂੰ ਜ਼ਰਾ ਕਲਾਸ 'ਚ ਜਾ ਕੇ ਸਾਡੇ ਤਿੰਨਾਂ ਦੇ ਬਸਤੇ 'ਤੇ ਨਜ਼ਰ ਮਾਰ ਕੇ ਆ। ਕੀ ਪਤਾ ਸਾਡੇ ਬਸਤੇ 'ਚੋਂ ਵੀ ਕੁਝ ਗਾਇਬ ਹੋ ਜਾਏ।''
''ਰਾਹੁਲ ਨੂੰ ਹੁਣ ਤਕ ਤਾਂ ਮੁੜ ਆਉਣਾ ਚਾਹੀਦਾ ਸੀ।'' ਸੌਰਭ ਨੇ ਮਨ ਹੀ ਮਨ ਸੋਚਿਆ ਅਤੇ ਸਚਿਨ ਨੂੰ ਕਿਹਾ, ''ਮੈਂ ਜ਼ਰਾ ਰਾਹੁਲ ਨੂੰ ਦੇਖਦਾ ਹਾਂ ਪਤਾ ਨਹੀਂ ਕੀ ਕਰਨ ਲੱਗਿਆ?''
''ਹਾਂ, ਦੇਖ ਤਾਂ।'' ਸਚਿਨ ਬੋਲਿਆ।
ਸੌਰਭ ਦੌੜਦੇ ਹੋਏ ਕਲਾਸ ਵੱਲ ਗਿਆ ਗਿਆ ਪਰ ਕਲਾਸ ਦੇ ਦਰਵਾਜ਼ੇ 'ਤੇ ਪਹੁੰਚ ਕੇ ਉਹ ਹੱਕਾ-ਬੱਕਾ ਰਹਿ ਗਿਆ। ਉਸ ਨੇ ਦੇਖਿਆ ਕਿ ਰਾਹੁਲ ਨੇ ਆਪਣੀ ਪਿਛਲੀ ਲਾਈਨ 'ਚ ਪਏ ਇਕ ਬਸਤੇ 'ਚੋਂ ਕਿਤਾਬ ਕੱਢ ਕੇ ਆਪਣੇ ਬਸਤੇ 'ਚ ਪਾ ਲਈ।
ਸੌਰਭ ਨੂੰ ਮਾਜਰਾ ਸਮਝਦਿਆਂ ਦੇਰ ਨਾ ਲੱਗੀ ਕਿ ਰਾਹੁਲ ਨੇ ਕਿਤਾਬ ਚੋਰੀ ਕਰ ਲਈ ਹੈ। ਖੈਰ, ਸੌਰਭ ਕੁਝ ਨਹੀਂ ਬੋਲਿਆ ਅਤੇ ਦੱਬੇ ਪੈਰੀਂ  ਪਰਤ ਆਇਆ ਅਤੇ ਸਚਿਨ ਨੂੰ ਸਾਰੀ ਗੱਲ ਸੁਣਾਈ। ਸੁਣ ਕੇ ਸਚਿਨ ਨੇ ਹੈਰਾਨੀ ਨਾਲ ਪੁੱਛਿਆ, ''ਕੀ ਸੱਚਮੁਚ?''
''ਹਾਂ ਸਚਿਨ।'' ਸੌਰਭ ਨੇ ਵਿਸ਼ਵਾਸ ਭਰੇ ਸੁਰ 'ਚ ਕਿਹਾ, ''ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਕੇ ਆ ਰਿਹਾ ਹਾਂ।''
ਸਚਿਨ ਨੇ ਕੁਝ ਸੋਚਿਆ ਅਤੇ ਸੌਰਭ ਨੇ ਕਿਹਾ, ''ਕਿਤੇ ਅਜਿਹਾ ਤਾਂ ਨਹੀਂ ਕਿ ਰਾਹੁਲ ਨੇ ਹੀ ਸਾਡੀ ਕਲਾਸ 'ਚ ਰੌਲਾ ਮਚਾਇਆ ਹੋਇਆ ਹੈ।''
''ਹਾਂ ਮੈਨੂੰ ਵੀ ਅਜਿਹਾ ਹੀ ਲੱਗ ਰਿਹਾ ਹੈ।'' ਸੌਰਭ ਬੋਲਿਆ, ''ਰੋਜ਼ ਸਚਿਨ ਕਿਸੇ ਨਾ ਕਿਸੇ ਬਹਾਨੇ ਲੰਚ ਦੇ ਸਮੇਂ ਕਲਾਸ 'ਚ ਜਾਂਦਾ ਹੈ, ਜਦੋਂ ਬਾਕੀ ਸਭ ਲੜਕੇ ਬਾਹਰ ਖੇਡ ਰਹੇ ਹੁੰਦੇ ਹਨ।''
ਸਚਿਨ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਰਾਹੁਲ ਅਜਿਹਾ ਵੀ ਕਰ ਸਕਦਾ ਹੈ, ਇਸ ਲਈ ਉਸ ਨੇ ਸੌਰਭ ਨੂੰ ਕਿਹਾ, ''ਸਾਨੂੰ ਰਾਹੁਲ ਨੂੰ ਇਸ ਤਰ੍ਹਾਂ ਚੋਰ ਨਹੀਂ ਸਮਝਣਾ ਚਾਹੀਦਾ। ਹੋ ਸਕਦਾ ਹੈ ਕਿ ਤੈਨੂੰ ਦੇਖਣ 'ਚ ਕੋਈ ਭੁਲੇਖਾ ਲੱਗਾ ਹੋਵੇ।''
ਇਸ 'ਤੇ ਸੌਰਭ ਗੁੱਸੇ 'ਚ ਆ ਗਿਆ ਅਤੇ ਬੋਲਿਆ, ''ਠੀਕ ਹੈ ਹੁਣ ਤੋਂ ਮੈਂ ਉਸ 'ਤੇ ਨਜ਼ਰ ਰੱਖਾਂਗਾ। ਜੇਕਰ ਮੇਰੀ ਗੱਲ ਸੱਚ ਨਾ ਹੋਈ ਤਾਂ ਕਹਿਣਾ।''
''ਅਤੇ ਤੇਰੀ ਗੱਲ ਸੱਚ ਨਿਕਲੀ ਤਾਂ ਅਸੀਂ ਦੋਵੇਂ ਮਿਲ ਕੇ ਉਸ ਨੂੰ ਅਜਿਹੀ ਸਜ਼ਾ ਦੇਵਾਂਗੇ ਕਿ ਉਸ ਦੀ ਇਹ ਆਦਤ ਹਮੇਸ਼ਾ ਲਈ ਛੁੱਟ ਜਾਵੇਗੀ।''
ਸਚਿਨ, ਸੌਰਭ ਅਤੇ ਰਾਹੁਲ ਤਿੰਨੋਂ ਛੇਵੀਂ ਕਲਾਸ 'ਚ ਪੜ੍ਹਦੇ ਸਨ। ਉਨ੍ਹਾਂ ਦੇ ਘਰ ਵੀ ਕੋਲ-ਕੋਲ ਸਨ, ਇਸ ਲਈ ਤਿੰਨੋਂ ਇਕੱਠੇ ਸਕੂਲ ਆਉਂਦੇ ਅਤੇ ਇਕੱਠੇ ਹੀ ਜਾਂਦੇ। ਸਕੂਲ 'ਚ ਜਦੋਂ ਲੰਚ ਹੁੰਦਾ ਤਾਂ ਤਿੰਨੋਂ ਨਾਲ ਬੈਠ ਕੇ ਲੰਚ ਕਰਦੇ ਅਤੇ ਬਾਕੀ ਸਮਾਂ ਬਾਹਰ ਗਰਾਊਂਡ 'ਚ ਖੇਡਦੇ।''
ਪਿਛਲੇ ਕੁਝ ਦਿਨਾਂ 'ਚ ਕਲਾਸ 'ਚ ਕਿਸੇ ਨਾ ਕਿਸੇ ਵਿਦਿਆਰਥੀ ਦੀ ਕੋਈ ਨਾ ਕੋਈ  ਚੀਜ਼ ਰੋਜ਼ ਚੋਰੀ ਹੋ ਰਹੀ ਸੀ।
ਕੰਪਾਸ, ਕਾਪੀ, ਕਿਤਾਬ, ਪੈੱਨ ਆਦਿ ਦਾ ਗੁੰਮ ਹੋਣਾ ਰੋਜ਼ ਦੀ ਗੱਲ ਹੋ ਗਈ ਸੀ। ਇਨ੍ਹਾਂ ਘਟਨਾਵਾਂ ਕਰਕੇ ਕਲਾਸ ਅਧਿਆਪਕ ਸਮੇਤ ਸਾਰੇ ਵਿਦਿਆਰਥੀ ਪ੍ਰੇਸ਼ਾਨ ਸਨ। ਚੋਰ ਦਾ ਪਤਾ ਲਗਾਉਣ ਦੀ ਹਾਲਾਂਕਿ  ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ।
ਰੋਜ਼ ਦੀ ਤਰ੍ਹਾਂ ਅੱਜ ਵੀ ਤਿੰਨੋਂ ਦੋਸਤ ਇਕੱਠੇ ਹੀ ਸਕੂਲ ਤੋਂ ਆ ਰਹੇ ਸਨ ਕਿ ਸਚਿਨ ਨੇ ਸੌਰਭ ਨੂੰ ਕਿਹਾ, ''ਸੌਰਭ ਮੇਰੀ ਤਾਂ ਸਮਝ 'ਚ ਨਹੀਂ ਆ ਰਿਹਾ ਕਿ ਆਖਰ ਸਾਡੀ ਕਲਾਸ 'ਚੋਂ ਰੋਜ਼ ਚੋਰੀ ਕੌਣ ਕਰ ਰਿਹਾ ਹੈ?''
''ਮੇਰੀ ਵੀ ਸਮਝ 'ਚ ਨਹੀਂ ਆ ਰਿਹਾ ''  ਸੌਰਭ ਨੇ ਕਿਹਾ, ''ਆਖਰ ਕੌਣ ਹੋ ਸਕਦਾ ਹੈ?''
''ਜਿਨ੍ਹਾਂ ਦੀਆਂ ਕਾਪੀਆਂ ਚੋਰੀ  ਹੋ ਗਈਆਂ ਹਨ, ਉਨ੍ਹਾਂ ਨੂੰ ਤਾਂ ਮੁੜ ਕਾਪੀ ਤਿਆਰ ਕਰਨ 'ਚ ਵੀ ਬਹੁਤ ਪ੍ਰੇਸ਼ਾਨੀ ਆਉਂਦੀ ਹੋਵੇਗੀ।''
''ਹਾਂ ਇਹ ਤਾਂ ਹੈ।'' ਸੌਰਭ ਬੋਲਿਆ, ''ਘਰ 'ਚ ਉਨ੍ਹਾਂ ਵਿਚਾਰਿਆਂ ਨੂੰ ਆਪਣੇ ਮੰਮੀ-ਪਾਪਾ ਦੀਆਂ ਝਿੜਕਾਂ ਵੀ ਖਾਣੀਆਂ ਪੈਂਦੀਆਂ ਹੋਣਗੀਆਂ।''
ਹੁਣ ਤਕ ਚੁੱਪਚਾਪ ਚੱਲ ਰਿਹਾ ਰਾਹੁਲ ਅਚਾਨਕ ਬੋਲ ਹੀ ਪਿਆ, ''ਤੁਸੀਂ ਇਹ ਬੇਮਤਲਬੀਆਂ ਗੱਲਾਂ ਕਿਉਂ ਲੈ ਕੇ ਬੈਠੇ ਹੋ। ਜਿਨ੍ਹਾਂ ਦਾ ਸਾਮਾਨ ਚੋਰੀ ਹੋ ਗਿਆ, ਉਹ ਜਾਣਨ, ਅਸੀਂ ਕਿਉਂ ਟੈਨਸ਼ਨ ਲਈਏ?''
''ਰਾਹੁਲ, ਤੇਰਾ ਕਹਿਣਾ ਸਹੀ ਹੈ ਪਰ ਸੋਚ  ਕਿ ਹੁਣ ਤਕ ਤਾਂ ਦੂਜਿਆਂ ਦੀਆਂ ਚੀਜ਼ਾਂ ਚੋਰੀ ਹੋਈਆਂ ਹਨ, ਕਲ ਨੂੰ ਸਾਡੀ ਵੀ ਤਾਂ ਹੋ ਸਕਦੀ ਹੈ।'' ਸਚਿਨ ਬੋਲਿਆ।
''ਦੇਖ ਸਚਿਨ, ਚੋਰ ਚਾਹੇ ਕੋਈ ਵੀ ਹੋਵੇ ਪਰ ਉਸ ਦੀ ਇੰਨੀ ਮਜ਼ਾਲ ਨਹੀਂ ਕਿ ਸਾਡੇ ਤਿੰਨਾਂ ਦੇ ਬਸਤੇ 'ਚ ਹੱਥ ਪਾ ਸਕੇ।'' ਰਾਹੁਲ ਨੇ ਕਿਹਾ।
ਗੱਲ ਇਥੇ ਹੀ ਖਤਮ ਹੋ ਗਈ। ਇਸ ਦੇ ਦੋ ਦਿਨ ਬਾਅਦ ਦੀ ਗੱਲ ਹੈ। ਲੰਚ ਕਰਨ ਤੋਂ ਬਾਅਦ ਤਿੰਨੋਂ ਦੋਸਤ ਬਾਹਰ ਗਰਾਊਂਡ 'ਚ ਖੇਡਣ 'ਚ ਰੁੱਝ ਗਏ। ਥੋੜ੍ਹੀ ਹੀ ਦੇਰ ਬਾਅਦ ਸਚਿਨ ਨੇ ਸੌਰਭ ਨੂੰ ਕਿਹਾ, ''ਸੌਰਭ ਤੂੰ ਜ਼ਰਾ ਕਲਾਸ 'ਚ ਜਾ ਕੇ ਸਾਡੇ ਤਿੰਨਾਂ ਦੇ ਬਸਤੇ 'ਤੇ ਨਜ਼ਰ ਮਾਰ ਕੇ ਆ। ਕੀ ਪਤਾ ਸਾਡੇ ਬਸਤੇ 'ਚੋਂ ਵੀ ਕੁਝ ਗਾਇਬ ਹੋ ਜਾਏ।''
''ਹਾਂ, ਮੈਂ ਹੁਣੇ ਦੇਖ ਕੇ ਆਉਂਦਾ ਹਾਂ।'' ਸੌਰਭ ਬੋਲਿਆ।
ਸੌਰਭ ਜਿਵੇਂ ਹੀ ਕਲਾਸ ਵੱਲ ਜਾਣ ਲੱਗਾ, ਰਾਹੁਲ ਝੱਟ ਦੇਣੀ ਬੋਲਿਆ, ''ਤੂੰ ਠਹਿਰ ਸੌਰਭ, ਮੈਂ ਦੇਖ ਕੇ ਆਉਂਦਾ ਹਾਂ।''
''ਠੀਕ ਹੈ, ਤੂੰ ਜਾ।'' ਸੌਰਭ ਬੋਲਿਆ।
ਸੌਰਭ ਦੇ ਕਹਿਣ 'ਤੇ ਰਾਹੁਲ ਕਲਾਸ ਵੱਲ  ਚਲਾ ਗਿਆ ਪਰ ਕੁਝ ਦੇਰ ਬਾਅਦ ਵੀ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਦੋਵੇਂ ਚਿੰਤਤ ਹੋ ਗਏ। ਅਗਲੇ ਦਿਨ ਵੀ ਸੌਰਭ ਦੇ ਸਚਿਨ ਨੂੰ ਕਹਿਣ 'ਤੇ ਰਾਹੁਲ ਹੀ ਜਾਣ ਨੂੰ ਤਿਆਰ ਹੋ ਗਿਆ। ਫਿਰ ਕੀ? ਸੌਰਭ ਨੂੰ ਤਾਂ ਇਸ ਮੌਕੇ ਦੀ ਭਾਲ ਸੀ ਕਿ ਉਹ ਰਾਹੁਲ ਨੂੰ ਚੋਰ ਸਾਬਤ ਕਰ ਸਕੇ।
ਸੌਰਭ ਵੀ ਸਚਿਨ ਨੂੰ ਲੈ ਕੇ ਰਾਹੁਲ ਦੇ ਪਿੱਛੇ-ਪਿੱਛੇ ਗਿਆ ਅਤੇ ਕਲਾਸ ਦੇ ਦਰਵਾਜ਼ੇ 'ਤੇ ਪਹੁੰਚ ਕੇ ਦੋਵੇਂ ਚੁੱਪਚਾਪ ਇਕ ਪਾਸੇ ਲੁਕ ਕੇ ਖੜ੍ਹੇ ਹੋ ਗਏ। ਦੋਵਾਂ ਨੇ ਦੇਖਿਆ ਕਿ ਰਾਹੁਲ ਨੇ ਹੌਲੀ ਦੇਣੀ ਕਿਸੇ ਦੇ ਬਸਤੇ 'ਚੋਂ ਕੋਈ ਸਾਮਾਨ ਕੱਢਿਆ ਅਤੇ ਆਪਣੇ ਬਸਤੇ 'ਚ ਰੱਖ ਲਿਆ। ਹੁਣ ਤਾਂ ਸਚਿਨ ਨੂੰ ਵੀ ਯਕੀਨ ਹੋ ਗਿਆ ਸੀ ਕਿ ਕਲਾਸ 'ਚ ਚੋਰੀ ਰਾਹੁਲ ਹੀ ਕਰ ਰਿਹਾ ਹੈ।
ਦੋਵਾਂ ਨੇ ਮਿਲ ਕੇ ਰਾਹੁਲ ਨੂੰ ਸਬਕ ਸਿਖਾਉਣ ਦੀ ਠਾਣ ਲਈ ਅਤੇ ਅਗਲੇ ਦਿਨ ਰਾਹੁਲ ਦੇ ਬਸਤੇ 'ਚੋਂ ਤਿੰਨ ਕਿਤਾਬਾਂ ਗਾਇਬ ਕਰ ਦਿਤੀਆਂ। ਅਗਲੀ ਸਵੇਰ ਜਦੋਂ ਰੋਜ਼ ਦੀ ਤਰ੍ਹਾਂ ਰਾਹੁਲ ਸਚਿਨ ਦੇ ਘਰ ਸਕੂਲ ਜਾਣ ਲਈ ਆਇਆ ਤਾਂ ਰਾਹੁਲ ਕੁਝ ਉਦਾਸ ਜਿਹਾ ਸੀ। ਸੌਰਭ ਨੇ ਉਸ ਤੋਂ ਪੁੱਛ ਲਿਆ, ''ਰਾਹੁਲ ਕੀ ਗੱਲ ਹੈ, ਅੱਜ ਤੂੰ ਕੁਝ ਉਦਾਸ ਜਿਹਾ ਲੱਗ ਰਿਹਾ ਹੈਂ?''
ਰਾਹੁਲ ਨੇ ਰੋਣਾ ਜਿਹਾ  ਮੂੰਹ ਬਣਾ ਕੇ ਕਿਹਾ, ''ਯਾਰ, ਕਲ ਕਲਾਸ 'ਚੋਂ ਮੇਰੀਆਂ ਤਿੰਨ ਕਿਤਾਬਾਂ ਚੋਰੀ ਹੋ ਗਈਆਂ ਹਨ। ਪਾਪਾ ਨੂੰ ਪਤਾ ਚੱਲੇਗਾ ਤਾਂ ਉਹ ਤਾਂ ਮੇਰੀ ਖੱਲ ਖਿੱਚ ਦੇਣਗੇ।''
''ਆਖਰ ਕਲਾਸ ਵਾਲੇ ਚੋਰ ਨੇ ਤੈਨੂੰ ਵੀ ਨਹੀਂ ਛੱਡਿਆ ਨਾ।'' ਸੌਰਭ ਬੋਲਿਆ ਅਤੇ ਰਾਹੁਲ ਦੇ ਚਿਹਰੇ ਦੇ ਹਾਵ-ਭਾਵ ਪੜ੍ਹਨ ਦੀ ਕੋਸ਼ਿਸ਼ ਕਰਨ  ਲੱਗਾ ਪਰ ਰਾਹੁਲ ਨੇ ਕੋਈ ਟਿੱਪਣੀ ਕੀਤੇ ਬਿਨਾਂ ਸਿਰ ਝੁਕਾ ਲਿਆ।
ਹੁਣ ਸੌਰਭ ਬੋਲਿਆ, ''ਰਾਹੁਲ, ਅੱਜ ਤੇਰੀਆਂ ਕਿਤਾਬਾਂ ਚੋਰੀ ਹੋ ਗਈਆਂ ਤਾਂ ਤੈਨੂੰ ਆਪਣੇ ਪਾਪਾ ਦੀ ਪਿਟਾਈ ਦਾ ਡਰ ਲੱਗ ਰਿਹਾ ਹੈ ਪਰ ਜ਼ਰਾ ਸੋਚ ਕਿ ਜਿਨ੍ਹਾਂ ਦੀਆਂ ਕਾਪੀਆਂ-ਕਿਤਾਬਾਂ ਆਦਿ ਤੂੰ ਚੋਰੀ ਕੀਤੀਆਂ ਸਨ, ਉਨ੍ਹਾਂ ਨੂੰ ਆਪਣੇ ਘਰ ਵਾਲਿਆਂ ਦੀਆਂ ਕਿੰਨੀਆਂ  ਝਿੜਕਾਂ ਸੁਣਨੀਆਂ ਪਈਆਂ ਅਤੇ ਮਾਰ ਖਾਣੀ ਪਈ  ਹੋਵੇਗੀ। ਉਨ੍ਹਾਂ ਨੇ ਮੁੜ ਆਪਣੀ ਨਵੀਂ ਕਾਪੀ ਤਿਆਰ ਕਰਨ ਲਈ ਕਿੰਨੀ ਮਿਹਨਤ ਕੀਤੀ ਹੋਵੇਗੀ।''
''ਸ...ਸ...ਸੌਰਭ, ਇਹ ਤੂੰ ਕੀ ਕਹਿ ਰਿਹਾ ਹੈਂ? ਮੈਂ ਭਲਾ ਚੋਰੀ ਕਿਉਂ ਕਰਾਂਗਾ?''
''ਹੁਣ ਲੁਕਣ ਦੀ ਕੋਸ਼ਿਸ਼ ਨਾ ਕਰ। ਅਸੀਂ ਤੈਨੂੰ  ਆਪਣੀਆਂ ਅੱਖਾਂ ਨਾਲ ਦੇਖ ਚੁੱਕੇ ਹਾਂ।'' ਸਚਿਨ ਨੇ ਕਿਹਾ ਤਾਂ ਰਾਹੁਲ ਦੀ ਬੋਲਤੀ ਬੰਦ ਹੋ ਗਈ।
''ਅਤੇ ਤੈਨੂੰ ਸਬਕ ਸਿਖਾਉਣ ਲਈ ਤੇਰੀਆਂ ਕਿਤਾਬਾਂ ਅਸੀਂ ਹੀ ਕੱਢੀਆਂ ਹਨ।''
ਰਾਹੁਲ ਚੁੱਪਚਾਪ ਦੋਹਾਂ ਦੋਸਤਾਂ ਨੂੰ ਦੇਖਣ ਲੱਗਾ।

ਬਾਲ ਕਹਾਣੀ- ਬਗਲਿਆਂ ਦੀ ਦਰਿਆਦਿਲੀ

ਬਗਲਿਆਂ ਦੀ ਦਰਿਆਦਿਲੀ

 

ਬਗਲਿਆਂ ਦੀ ਦਰਿਆਦਿਲੀ

ਸਟੇਸ਼ਨ ਕੋਲ ਦੋ ਵੱਡੇ ਰੁੱਖ ਸਨ। ਇਕ ਬੋਹੜ ਦਾ ਤੇ ਦੂਜਾ ਪਿੱਪਲ ਦਾ। ਪਿੱਪਲ 'ਤੇ ਬਗਲਿਆਂ ਦੇ ਆਲ੍ਹਣੇ ਸਨ, ਜਦਕਿ ਬੋਹੜ 'ਤੇ ਕਾਵਾਂ ਦਾ ਰਾਜ ਸੀ। ਦੋਵੇਂ ਗੁਆਂਢੀ ਸਨ ਪਰ ਆਪਸ 'ਚ ਮੇਲ-ਮਿਲਾਪ ਨਹੀਂ ਸੀ। ਬਗਲੇ ਪਿੱਪਲ 'ਤੇ ਰੌਲਾ ਪਾਉਂਦੇ ਤਾਂ ਬੋਹੜ ਦੀ ਟਾਹਣੀ 'ਤੇ ਕਾਂ ਵੀ 'ਕਾਂ-ਕਾਂ' ਕਰਕੇ ਉਨ੍ਹਾਂ ਨੂੰ ਖਿਝਾਉਂਦੇ।
ਇਕ ਦਿਨ ਪੱਛਮ ਦਿਸ਼ਾ ਤੋਂ ਤੇਜ਼ ਹਵਾ ਚੱਲੀ। ਗਰਮ ਹਵਾ ਨਾਲ ਧੂੜ ਤੇ ਰੇਤ ਦੇ ਕਣਾਂ ਨੇ ਬਗਲਿਆਂ ਨੂੰ ਪ੍ਰੇਸ਼ਾਨ ਕਰ ਦਿੱਤਾ। ਉਨ੍ਹਾਂ ਨੇ ਕਾਵਾਂ ਨੂੰ ਕਿਹਾ, ''ਭਰਾ ਆ ਜਾਈਏ ਬੋਹੜ 'ਤੇ? ਇਥੇ ਰਹਿਣਾ ਮੁਸ਼ਕਲ ਹੋ ਰਿਹਾ ਹੈ।''
ਬੋਹੜ ਦਾ ਰੁੱਖ ਪਿੱਪਲ ਦੇ ਅੱਗੇ ਸੀ, ਇਸ ਲਈ ਉਸ 'ਤੇ ਹਵਾ ਦੇ ਬੁੱਲਿਆਂ ਦਾ ਅਸਰ ਘੱਟ ਹੋ ਰਿਹਾ ਸੀ। ਕਾਂ ਬੇਫਿਕਰੇ ਸਨ। ਉਨ੍ਹਾਂ ਨੂੰ ਬਗਲਿਆਂ ਦੀਆਂ ਪ੍ਰੇਸ਼ਾਨੀਆਂ ਨਾਲ ਕੋਈ ਮਤਲਬ ਨਹੀਂ ਸੀ। ਅਖੀਰ ਉਨ੍ਹਾਂ ਨੇ ਰੁੱਖੀ ਆਵਾਜ਼ 'ਚ ਕਿਹਾ, ''ਨਹੀਂ...ਨਹੀਂ... ਇਥੇ ਆਉਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਆਪਣੀ ਜਗ੍ਹਾ ਰਹੋ। ਅਸੀਂ ਆਪਣੀ ਜਗ੍ਹਾ ਰਹਾਂਗੇ।'' ਬਗਲੇ ਵਿਚਾਰੇ ਚੁੱਪ ਰਹਿ ਗਏ। ਹਵਾ ਦੀ ਰਫਤਾਰ ਹੋਰ ਵਧ ਗਈ। ਪਿੱਪਲ  ਦੀਆਂ ਟਾਹਣੀਆਂ ਜ਼ੋਰ-ਜ਼ੋਰ ਨਾਲ ਡੋਲਣ ਲੱਗੀਆਂ। ਹਵਾ ਹਨੇਰੀ ਬਣ ਚੁੱਕੀ ਸੀ। ਬਗਲਿਆਂ ਦੇ ਆਲ੍ਹਣੇ ਤਬਾਹ ਹੋਣ ਲੱਗੇ। ਉਨ੍ਹਾਂ ਨੇ ਫਿਰ ਬੇਨਤੀ ਕੀਤੀ, ''ਆ ਜਾਈਏ, ਤੂਫਾਨ ਆਉਣ ਵਾਲਾ ਹੈ? ਇਥੇ ਰਹਿਣਾ ਮੁਸ਼ਕਲ ਹੋ ਰਿਹਾ ਹੈ।''
''ਤੂਫਾਨ ਆਏ ਜਾਂ ਭੂਚਾਲ ਉਥੇ ਰਹੋ। ਇਥੇ ਆਉਣ ਦੀ ਕੋਈ ਲੋੜ ਨਹੀਂ ਹੈ।''ਕਾਵਾਂ ਨੇ ਰੁੱਖੀ ਆਵਾਜ਼ 'ਚ ਕਿਹਾ, ''ਤੁਸੀਂ ਮਰੋ ਜਾਂ ਜਿਊਂਦੇ ਰਹੋ, ਸਾਨੂੰ ਇਸ ਨਾਲ ਕੋਈ ਮਤਲਬ ਨਹੀਂ।''
ਬਗਲਿਆਂ ਨੇ ਫਿਰ ਖੁਸ਼ਾਮਦ ਕੀਤੀ, ''ਜ਼ਿਆਦਾ ਦੇਰ ਤਕ ਨਹੀਂ ਰਹਾਂਗੇ। ਤੂਫਾਨ ਦੇ ਲੰਘਦਿਆਂ ਹੀ ਵਾਪਸ ਆ ਜਾਵਾਂਗੇ।''
ਕਾਵਾਂ ਨੇ ਫਿਰ ਮੂੰਹ ਫੇਰ ਲਏ। ਬਗਲੇ ਕਹਿਣ ਲੱਗੇ, ''ਇੰਨੇ ਨਿਰਦਈ ਨਾ ਬਣੋ। ਮੰਨ ਜਾਓ ਭਰਾ। ਦੁਖੀਆਂ ਨੂੰ ਸ਼ਰਨ ਦੇ ਦਿਓ। ਬਸ ਕੁਝ ਸਮੇਂ ਲਈ ਹੀ ਉਥੇ ਰਹਾਂਗੇ।''
ਕਾਵਾਂ ਨੇ ਕਿਹਾ, ''ਮਿੰਟ ਭਰ ਵੀ ਇਥੇ ਨਹੀਂ ਰਹਿਣ ਦੇਵਾਂਗੇ। ਬੋਹੜ ਸਾਡਾ ਹੈ, ਇਸ 'ਤੇ ਤੁਹਾਨੂੰ ਨਹੀਂ ਆਉਣ ਦੇਵਾਂਗੇ।''
ਬਗਲੇ ਨਿਰਾਸ਼ ਹੋ ਗਏ। ਉਸ ਭਿਆਨਕ  ਹਨੇਰੀ 'ਚ ਉਡ ਕੇ ਦੂਜੇ ਥਾਂ ਜਾਣਾ ਵੀ ਨਾਮੁਮਕਿਨ ਸੀ, ਇਸ ਲਈ ਉਹ ਚੁੱਪਚਾਪ ਵਧਦੀ ਹਨੇਰੀ ਨੂੰ ਦੇਖਦੇ ਰਹੇ।
ਦੇਖਦਿਆਂ ਹੀ ਦੇਖਦਿਆਂ ਹਨੇਰੀ ਤੂਫਾਨ ਬਣ ਗਈ। ਪਿੱਪਲ ਦੀਆਂ ਟਾਹਣੀਆਂ ਤੇਜ਼-ਤੇਜ਼ ਡੋਲਣ ਲੱਗੀਆਂ। ਬਗਲਿਆਂ ਦੇ ਆਲ੍ਹਣੇ ਉੱਜੜ ਗਏ। ਉਸ ਦੇ ਬੱਚੇ ਟਾਹਣੀਆਂ ਨਾਲ ਚਿਪਕ ਕੇ ਰੋਣ ਲੱਗੇ। ਕਈ ਬੁੱਢੇ ਬਗਲਿਆਂ ਨੇ ਫਿਰ ਖੁਸ਼ਾਮਦ ਕੀਤੀ, ''ਭਰਾ ਰਹਿਮ ਕਰੋ। ਘੱਟੋ-ਘੱਟ ਬੱਚਿਆਂ ਨੂੰ ਹੀ ਬੋਹੜ 'ਤੇ ਸ਼ਰਨ ਦੇ ਦਿਓ।''
''ਕਦੇ ਨਹੀਂ। ਕਦੇ ਨਹੀਂ'' ਕਾਵਾਂ ਨੇ ਮਜ਼ਾਕੀਆ ਹਾਸਾ ਹੱਸਦੇ ਹੋਏ ਕਿਹਾ, ''ਦੁਸ਼ਮਣ ਦੇ ਬੱਚੇ ਵੀ ਦੁਸ਼ਮਣ ਹੁੰਦੇ ਹਨ। ਉਨ੍ਹਾਂ ਨੂੰ ਵੀ ਸ਼ਰਨ ਨਹੀਂ ਦੇਵਾਂਗੇ।''
ਤੂਫਾਨ ਹੋਰ ਖਤਰਨਾਕ ਹੋ ਗਿਆ। ਕਈ ਬਗਲੇ ਜ਼ਬਰਦਸਤੀ ਬੋਹੜ 'ਤੇ ਜਾ ਬੈਠੇ ਪਰ ਕਾਵਾਂ ਨੂੰ ਉਨ੍ਹਾਂ ਦਾ ਬੈਠਣਾ ਸਹਿਣ ਨਾ ਹੋ ਸਕਿਆ। ਉਨ੍ਹਾਂ ਨੇ ਚੁੰਝ ਮਾਰ-ਮਾਰ ਕੇ ਬਗਲਿਆਂ ਨੂੰ ਭਜਾ ਦਿੱਤਾ।
ਫਟਕਾਰ ਤੇ ਮਾਰ ਖਾ ਕੇ ਉਹ ਪਿੱਪਲ 'ਤੇ ਪਰਤ ਆਏ। ਤੂਫਾਨ ਭਿਆਨਕ ਰੂਪ ਲੈ ਚੁੱਕਾ ਸੀ। ਉਨ੍ਹਾਂ ਦੇ ਬੱਚੇ ਜ਼ਮੀਨ 'ਤੇ ਡਿਗ ਗਏ। ਕੁਝ ਦੀਆਂ ਹੱਡੀਆਂ ਟੁੱਟ ਗਈਆਂ, ਕੁਝ ਦੇ ਖੰਭ ਮੁੜ ਗਏ, ਕੁਝ ਦੀਆਂ ਗਰਦਨਾਂ ਮੁੜ ਗਈਆਂ, ਕਈ ਜ਼ਖਮੀ ਹੋ ਗਏ, ਫਿਰ ਵੀ ਕਾਵਾਂ ਨੂੰ ਉਨ੍ਹਾਂ 'ਤੇ ਰਹਿਮ ਨਹੀਂ ਆਇਆ। ਉਹ ਬੋਹੜ ਦੀ ਟਾਹਣੀ 'ਤੇ ਬੈਠੇ ਬਗਲਿਆਂ ਨੂੰ ਤੜਫਦੇ ਤੇ ਰੋਂਦੇ-ਕੁਰਲਾਉਂਦੇ ਦੇਖਦੇ ਰਹੇ। ਉਨ੍ਹਾਂ 'ਤੇ ਹੱਸਦੇ ਰਹੇ।
ਤੂਫਾਨ ਲੰਘ ਗਿਆ। ਬਗਲਿਆਂ ਨੇ ਕੁਝ ਚੈਨ ਦਾ ਸਾਹ ਲਿਆ। ਉਨ੍ਹਾਂ ਨੇ ਜ਼ਖਮੀ ਬੱਚਿਆਂ ਦਾ ਇਲਾਜ ਕਰਵਾਇਆ। ਫਿਰ ਸਾਰੇ ਆਲ੍ਹਣਿਆਂ ਦੀ ਤਿਆਰੀ 'ਚ ਜੁਟ ਗਏ। ਦੁਖ ਦੇ ਦਿਨ ਲੰਘ ਗਏ ਸਨ।
ਗਰਮੀ ਤੋਂ ਬਾਅਦ ਮੀਂਹ ਆਇਆ। ਇਕ ਦਿਨ ਅਚਾਨਕ ਪੂਰਬ ਵਲੋਂ ਤੇਜ਼ ਹਨੇਰੀ ਚੱਲਣ ਲੱਗੀ। ਬੋਹੜ ਦਾ ਰੁੱਖ ਹਿੱਲ ਗਿਆ। ਟਾਹਣੀਆਂ ਹਵਾ 'ਚ ਝੂਲਣ ਲੱਗੀਆਂ। ਕਾਵਾਂ ਦੇ ਆਲ੍ਹਣੇ ਉੱਜੜਨ ਲੱਗੇ। ਇਸ ਵਾਰ ਪਿੱਪਲ ਦਾ ਰੁੱਖ ਬੋਹੜ ਦੇ ਅੱਗੇ ਸੀ, ਇਸ ਲਈ ਹਨੇਰੀ ਦਾ ਅਸਰ ਉਸ 'ਤੇ ਬਹੁਤ ਘੱਟ ਹੋ ਰਿਹਾ ਸੀ। ਬਗਲੇ ਪੂਰੀ ਤਰ੍ਹਾਂ ਸੁਰੱਖਿਅਤ ਸਨ। ਫਿਰ ਵੀ ਉਨ੍ਹਾਂ ਤੋਂ ਗੁਆਂਢੀਆਂ ਦਾ ਦੁੱਖ ਦੇਖਿਆ ਨਾ ਗਿਆ। ਉਨ੍ਹਾਂ ਕਿਹਾ, ''ਆ ਜਾਓ। ਇਧਰ ਆ ਜਾਓ, ਭਰਾ! ਹਨੇਰੀ ਦੇ ਨਾਲ ਮੀਂਹ ਵੀ ਆਉਣ ਵਾਲਾ ਹੈ। ਬੱਚਿਆਂ ਨੂੰ ਲੈ ਕੇ ਇਥੇ ਆ ਜਾਓ।''
ਕਾਵਾਂ ਨੇ ਸਮਝਿਆ ਕਿ ਬਗਲੇ ਸਾਡਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਨੇ ਗਰਦਨ ਘੁਮਾਉਂਦੇ ਹੋਏ ਕਿਹਾ, ''ਅਸੀਂ ਡਰਪੋਕ ਨਹੀਂ ਹਾਂ। ਤੂਫਾਨ-ਮੀਂਹ ਸਭ ਦਾ ਮੁਕਾਬਲਾ ਕਰ ਲਵਾਂਗੇ।'' ਬਗਲੇ ਚੁੱਪ ਹੋ ਗਏ। ਹਨੇਰੀ ਹੁਣ ਤੂਫਾਨ ਬਣ ਚੁੱਕੀ ਸੀ। ਬੋਹੜ ਦੀਆਂ ਟਾਹਣੀਆਂ ਤੇਜ਼-ਤੇਜ਼ ਹੇਠਾਂ-ਉੱਪਰ ਝੂਲਣ ਲੱਗੀਆਂ। ਫਿਰ ਮੀਂਹ ਸ਼ੁਰੂ ਹੋ ਗਿਆ। ਇਸ ਤਰ੍ਹਾਂ ਤੂਫਾਨ ਵਾਵਰੋਲਾ ਹੋ ਗਿਆ। ਵਾਵਰੋਲਾ ਬੋਹੜ ਨੂੰ ਝੰਜੋੜਨ ਲੱਗਾ। ਉਸ ਦੀਆਂ ਕਈ ਟਾਹਣੀਆਂ ਟੁੱਟ ਗਈਆਂ। ਕਾਵਾਂ ਦੇ ਸਾਰੇ ਆਲ੍ਹਣੇ ਉੱਜੜ ਗਏ। ਉਨ੍ਹਾਂ ਦੇ ਬੱਚੇ ਟਾਹਣੀ ਨਾਲ ਚਿਪਕ ਕੇ ਰੋਣ ਲੱਗੇ। ਬਗਲਿਆਂ ਨੇ ਫਿਰ ਕਿਹਾ, ''ਭਰਾ ਆਕੜ ਛੱਡੋ। ਹੁਣ ਵੀ ਮੌਕਾ ਹੈ। ਬੱਚਿਆਂ ਨੂੰ ਲੈ ਕੇ ਇਥੇ ਆ ਜਾਓ।''
ਕਾਵਾਂ ਤੋਂ ਕੁਝ ਕਿਹਾ ਨਾ ਗਿਆ। ਸ਼ਰਮ ਨਾਲ ਵਿਚਾਰਿਆਂ ਦਾ ਬੁਰਾ ਹਾਲ ਸੀ। ਉਹ ਸਹਿਮੀਆਂ ਨਜ਼ਰਾਂ ਨਾਲ ਚੁੱਪਚਾਪ ਵਾਵਰੋਲੇ ਨੂੰ ਦੇਖਣ ਲੱਗੇ। ਬਗਲਿਆਂ ਨੂੰ ਉਨ੍ਹਾਂ 'ਤੇ ਰਹਿਮ ਆ ਗਿਆ। ਉਹ ਜ਼ਬਰਦਸਤੀ ਕਾਵਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਪਿੱਪਲ 'ਤੇ ਲੈ ਆਏ।
ਵਾਵਰੋਲਾ ਹੋਰ ਖਤਰਨਾਕ ਹੋ ਗਿਆ। ਬਗਲਿਆਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲ ਆਲ੍ਹਣੇ 'ਚ ਬਿਠਾ ਲਿਆ। ਉਨ੍ਹਾਂ ਨੂੰ ਖਾਣਾ ਵੀ ਦਿੱਤਾ। ਕਾਵਾਂ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਨੇ ਭਰੇ ਗਲੇ ਨਾਲ ਕਿਹਾ, ''ਤੁਸੀਂ ਸਾਨੂੰ ਬਚਾਅ ਲਿਆ। ਨਹੀਂ ਤਾਂ ਅੱਜ ਮਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।''
ਬਗਲੇ ਕਹਿਣ ਲੱਗੇ, ''ਅਸੀਂ ਤਾਂ ਸਿਰਫ ਆਪਣਾ ਫਰਜ਼ ਨਿਭਾਇਆ ਹੈ।''
''ਪਰ ਅਜਿਹੇ ਚੰਗੇ ਵਤੀਰੇ ਦੀ ਆਸ ਨਹੀਂ ਸੀ।'' ਕਾਵਾਂ ਨੇ ਕਿਹਾ, ''ਅਸੀਂ ਤੁਹਾਡੇ ਨਾਲ ਮਾੜਾ ਵਤੀਰਾ ਕੀਤਾ ਸੀ, ਇਸ ਲਈ ਬਦਲਾ ਲੈਣ ਦਾ ਤੁਹਾਨੂੰ ਪੂਰਾ ਹੱਕ ਸੀ।'' ''ਆਪਣੇ ਹੱਕ ਦੀ ਹੀ ਤਾਂ ਵਰਤੋਂ ਕੀਤੀ ਹੈ ਅਸੀਂ। ਬੁਰਾਈ ਦਾ ਬਦਲਾ ਚੰਗਿਆਈ ਨਾਲ ਦਿੱਤਾ। ਮਾੜਾ ਵਤੀਰੇ ਨੂੰ ਚੰਗੇ ਵਤੀਰੇ ਨਾਲ ਹਰਾ ਦਿੱਤਾ। ਗੁਆਂਢੀ ਹੋਣ ਦਾ ਫਰਜ਼ ਨਿਭਾਇਆ, ਹੋਰ ਕੀ?''
ਉਸ ਚੰਗੇ ਸਲੂਕ ਦੇ ਸਨਮਾਨ 'ਚ ਕਾਵਾਂ ਨੇ ਖੰਭ ਜੋੜ ਦਿੱਤੇ। ਕਹਿਣ ਲੱਗੇ, ''ਅਸੀਂ ਆਪਣੇ ਮਾੜੇ ਕੰਮ 'ਤੇ ਸ਼ਰਮਿੰਦੇ ਹਾਂ ਤੇ ਤੁਹਾਡੇ ਸਾਰਿਆਂ ਤੋਂ ਮਾਫੀ ਚਾਹੁੰਦੇ ਹਾਂ।'' ਬਗਲਿਆਂ ਨੇ ਕਿਹਾ, ''ਸ਼ਰਮਿੰਦੇ ਹੋਣ ਤੇ ਮਾਫੀ ਮੰਗਣ ਦੀ ਲੋੜ ਨਹੀਂ ਹੈ। ਆਪਣੇ ਵਿਚਾਰਾਂ ਨੂੰ ਬਦਲੋ। ਦੂਜਿਆਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਬੁਰਾਈ ਦੇ ਬਦਲੇ 'ਚ ਚੰਗਿਆਈ ਕਰਨ ਦੀ ਧਾਰਨਾ ਅਪਣਾਓ।''
ਕਾਵਾਂ ਨੇ ਗੱਲ ਮੰਨ ਲਈ। ਵਾਵਰੋਲਾ ਲੰਘ ਗਿਆ। ਉਹ ਖੁਸ਼ੀ-ਖੁਸ਼ੀ ਆਪਣੇ ਟੁੱਟੇ-ਫੁੱਟੇ ਆਲ੍ਹਣੇ ਠੀਕ ਕਰਨ 'ਚ ਪੂਰੀ ਮਿਹਨਤ ਨਾਲ ਜੁਟ ਗਏ। ਅੱਜ ਉਨ੍ਹਾਂ ਨੂੰ ਆਪਣੇ ਆਲ੍ਹਣੇ ਉੱਜੜਨ ਦੀ ਕੋਈ ਚਿੰਤਾ ਤੇ ਅਫਸੋਸ ਨਹੀਂ ਸੀ ਕਿਉਂਕਿ ਵਾਵਰੋਲੇ ਨੇ ਉਨ੍ਹਾਂ ਨੂੰ ਥੋੜ੍ਹੇ ਜਿਹੇ ਨੁਕਸਾਨ ਦੇ ਬਦਲੇ ਸਦਭਾਵਨਾ ਦਾ ਅਨਮੋਲ ਗਿਆਨ ਸਿਖਾ ਦਿੱਤਾ ਸੀ।

ਬਾਲ ਕਹਾਣੀ- ਮਿੱਕੀ ਦੀ ਚਿੰਤਾ

ਅੱਜ  ਕਲਾਸ ’ਚ ਇਕ ਵਾਰ ਫਿਰ ਮਠਿਆਈ ਵੰਡੀ ਗਈ ਸੀ ਕਿਉਂਕਿ ਪਿੰ੍ਰਸ ਦਾ ਜਨਮ ਦਿਨ ਸੀ। ਅਜੇ ਪਿਛਲੇ ਹਫਤੇ ਹੀ ਤਾਂ ਪਿੰਟੂ ਨੇ ਸਾਰੀ ਕਲਾਸ ਨੂੰ ਰਸਗੁੱਲੇ ਖੁਆਏ ਸਨ ਕਿਉਂਕਿ ਉਸ ਦਿਨ ਉਸ ਦਾ ਜਨਮ ਦਿਨ  ਸੀ। ਇਸ ਸਕੂਲ ’ਚ ਇਸ ਤਰ੍ਹਾਂ ਦਾ ਰੁਝਾਨ ਦੇਖ ਕੇ ਮਿੱਕੀ ਨੂੰ ਖੁਸ਼ੀ ਵੀ ਹੁੰਦੀ ਹੈ ਤੇ ਅਫਸੋਸ ਵੀ। ਖੁਸ਼ੀ ਇਸ ਗੱਲ ਦੀ ਕਿ ਮਹੀਨੇ ’ਚ 2-3 ਵਾਰ ਮੁਫਤ ’ਚ ਹੀ ਕੁਝ ਨਾ ਕੁਝ ਖਾਣ ਨੂੰ ਮਿਲ ਜਾਂਦਾ ਹੈ। ਕਈ ਵਾਰ ਤਾਂ ਇਕ ਹਫਤੇ ’ਚ ਹੀ 2-2, 3-3 ਬੱਚਿਆਂ ਦੇ ਜਨਮ ਦਿਨ ਆ ਜਾਂਦੇ ਹਨ ਪਰ ਅਕਸਰ ਮਿੱਕੀ ਦਾ ਮਨ ਉਦਾਸ ਹੋ ਜਾਂਦਾ ਕਿ ਜਦੋਂ ਉਸ ਦਾ ਜਨਮ ਦਿਨ ਆਏਗਾ ਉਦੋਂ ਉਹ ਕੀ ਕਰੇਗਾ? ਉਸ ਦੇ ਮਾਂ-ਬਾਪ ਤਾਂ ਇੰਨਾ ਖਰਚ ਨਹੀਂ ਕਰ ਸਕਣਗੇ। ਉਹ ਤਾਂ ਉਸ ਦੀ ਫੀਸ ਤੇ ਕਾਪੀਆਂ-ਕਿਤਾਬਾਂ ਦਾ ਖਰਚ ਹੀ ਮੁਸ਼ਕਲ ਨਾਲ ਕੱਢ ਪਾਉਂਦੇ ਹਨ। ਮਿੱਕੀ ਦੇ ਪਿਤਾ ਜੀ ਇਕ ਪ੍ਰਾਈਵੇਟ ਕੰਪਨੀ ’ਚ ਕੰਮ ਕਰਦੇ ਹਨ। ਗਰਮੀਆਂ ’ਚ ਵੀ ਉਨ੍ਹਾਂ ਨੂੰ ਲੋਹਾ ਪਿਘਲਾਉਣ ਵਾਲੀਆਂ ਭੱਠੀਆਂ ’ਤੇ ਕੰਮ ਕਰਨ ਜਾਣਾ ਪੈਂਦਾ ਹੈ। ਉਸ ਦੀ ਮਾਂ ਹੌਜ਼ਰੀਆਂ ਵਿਚੋਂ ਜਰਸੀਆਂ ਲਿਆ ਕੇ ਉਨ੍ਹਾਂ ’ਤੇ ਬਟਨ ਲਗਾਉਣ ਦਾ ਕੰਮ ਕਰਦੀ ਹੈ ਤਾਂ ਕਿ ਪਰਿਵਾਰ ਦੀ ਆਮਦਨ ’ਚ ਕੁਝ ਵਾਧਾ ਹੋ ਸਕੇ। ਮਕਾਨ ਵੀ ਕਿਰਾਏ ਦਾ ਹੈ ਤੇ ਫਿਰ ਅੱਜਕਲ ਮਕਾਨਾਂ ਦੇ ਕਿਰਾਏ ਕਿਹੜਾ ਘੱਟ ਹਨ।
ਮਿੱਕੀ ਦੇ ਮਨ ’ਚ ਅਕਸਰ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ। ਖਾਸਕਰ ਜਦੋਂ ਵੀ ਕੋਈ ਬੱਚਾ ਆਪਣੇ ਜਨਮ ਦਿਨ ਮੌਕੇ ਕਲਾਸ ’ਚ ਮਠਿਆਈ ਵੰਡਦਾ ਤਾਂ ਕਈ-ਕਈ ਦਿਨ ਤਕ ਉਹ ਬੇਚੈਨ ਰਹਿੰਦਾ। ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਇਹ ਸਵਾਲ ਅਕਸਰ ਉਸ ਦੇ ਦਿਮਾਗ ’ਚ ਘੁੰਮਦਾ ਰਹਿੰਦਾ ਸੀ ਕਿ ਪਰਿਵਾਰ ਵਾਲੇ ਉਸ ਦਾ ਜਨਮ ਦਿਨ ਕਿਉਂ ਨਹੀਂ ਮਨਾਉਂਦੇ?
ਦੂਜੇ ਸਾਰੇ ਖਰਚੇ ਵੀ ਤਾਂ ਕਰਦੇ ਹੀ ਹਨ। ਮਿੱਕੀ ਅਕਸਰ ਸੋਚਦਾ ਰਹਿੰਦਾ ਕਿ ਜੇਕਰ ਉਸ ਦੇ ਘਰ ਵਾਲੇ ਮੰਨ ਜਾਣ ਤਾਂ ਉਹ ਵੀ ਇਸ ਵਾਰ ਹੋਰ ਬੱਚਿਆਂ ਵਾਂਗ ਕਲਾਸ ’ਚ ਮਠਿਆਈ ਵੰਡ ਕੇ ਆਪਣਾ ਜਨਮ ਦਿਨ ਮਨਾਏਗਾ। ਇਸ ਤਰ੍ਹਾਂ ਉਸ ਦੀ ਕਲਾਸ ’ਚ ਟੌਹਰ ਬਣ ਜਾਏਗੀ, ਪਰ ਅਗਲੇ ਹੀ ਪਲ ਪਰਿਵਾਰ ਦੀ ਆਰਥਿਕ ਸਥਿਤੀ ਦਾ ਵਿਚਾਰ ਆਉਂਦੇ ਹੀ ਉਸ ਦਾ ਜੋਸ਼ ਠੰਡਾ ਪੈ ਜਾਂਦਾ। 
ਪਹਿਲਾਂ ਮਿੱਕੀ ਸਰਕਾਰੀ ਸਕੂਲ ’ਚ ਪੜ੍ਹਦਾ ਸੀ। ਉਥੇ ਸ਼ਾਇਦ ਹੀ ਕਦੇ ਕਿਸੇ ਨੇ ਇਸ ਤਰ੍ਹਾਂ ਸਾਰੀ ਕਲਾਸ ’ਚ ਮਠਿਆਈ ਵੰਡ ਕੇ ਆਪਣਾ ਜਨਮ ਦਿਨ ਮਨਾਇਆ ਹੋਵੇ। ਜੇਕਰ ਕੋਈ ਵਿਦਿਆਰਥੀ ਆਪਣਾ ਜਨਮ ਦਿਨ ਮਨਾਉਂਦਾ ਵੀ ਤਾਂ ਆਪਣੇ 2-4 ਪੱਕੇ ਦੋਸਤਾਂ ਨੂੰ ਅੱਧੀ ਛੁੱਟੀ ਸਮੇਂ ਸਕੂਲ ਦੀ ਕੰਟੀਨ ’ਚ ਸਮੋਸੇ ਜਾਂ ਟਿੱਕੀਆਂ ਖੁਆ ਦਿੰਦਾ ਸੀ। ਉਥੇ ਅਜਿਹਾ ਤਾਂ ਕਦੇ ਨਹੀਂ ਹੋਇਆ ਸੀ ਕਿ ਸਾਰੀ ਕਲਾਸ ਨੂੰ ਹੀ ਕੁਝ ਨਾ ਕੁਝ ਖੁਆਇਆ ਜਾਏ। ਪਰ ਅੱਠਵੀਂ ਕਲਾਸ ਪਾਸ ਕਰਨ ਤੋਂ ਬਾਅਦ ਉਸ ਦੇ ਚੰਗੇ ਨੰਬਰ ਆਉਣ ਕਾਰਨ ਮਿੱਕੀ ਨੂੰ ਇਸ ਸਕੂਲ ’ਚ ਦਾਖਲਾ ਮਿਲ ਗਿਆ ਸੀ। ਇਸ ਸਕੂਲ ਦੀ ਪੜ੍ਹਾਈ ਤਾਂ ਪਹਿਲਾਂ ਵਾਲੇ ਸਕੂਲ ਦੇ ਮੁਕਾਬਲੇ ਵਧੀਆ ਸੀ ਪਰ ਇਹ ਜਨਮ ਦਿਨ ਮਨਾਉਣ ਵਾਲਾ ਅਜੀਬ ਜਿਹਾ ਰੁਝਾਨ ਦੇਖ ਕੇ ਮਿੱਕੀ ਨੂੰ ਕਾਫੀ ਹੈਰਾਨੀ ਹੋਈ ਸੀ।
ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਚੰਗੀ ਨਾ ਹੋਣ ਕਾਰਨ ਭਾਵੇਂ ਮਿੱਕੀ ਮਨ ਮਾਰ ਕੇ ਰਹਿ ਜਾਂਦਾ ਸੀ, ਪਰ ਜਦੋਂ ਵੀ ਕੋਈ ਬੱਚਾ  ਜਨਮ ਦਿਨ ਮਨਾਉਂਦਾ ਤਾਂ ਉਸ ਦੇ ਮਨ ’ਚ ਦੱਬੇ ਸੁਪਨੇ ਮੁੜ ਜਾਗ ਉ¤ਠਦੇ ਸਨ। ਜਦੋਂ ਸਾਰੇ ਵਿਦਿਆਰਥੀ ਉਸ ਬੱਚੇ ਨੂੰ ਇਕ ਆਵਾਜ਼ ’ਚ ‘ਹੈਪੀ ਬਰਥ-ਡੇ ਟੂ ਯੂ’ ਕਹਿੰਦੇ ਤਾਂ ਬਦੋਬਦੀ ਮਿੱਕੀ ਦੇ ਮਨ ’ਚ ਵੀ ਵਿਚਾਰ ਘੁੰਮਣ ਲੱਗਦੇ ਕਿ ਕਾਸ਼! ਉਹ ਵੀ ਕਲਾਸ ’ਚ ਆਪਣਾ ਜਨਮ ਦਿਨ ਮਨਾਏ ਤੇ ਸਾਰੇ ਸਹਿਪਾਠੀ ਖੁਸ਼ ਹੋ ਕੇ ਇਕ ਆਵਾਜ਼ ’ਚ ਉਸ ਨੂੰ ਕਹਿਣ ‘ਹੈਪੀ ਬਰਥ-ਡੇ ਟੂ ਯੂ ਮਿੱਕੀ’।
      ਜਿਵੇਂ-ਜਿਵੇਂ ਮਿੱਕੀ ਦਾ ਜਨਮ ਦਿਨ ਨੇੜੇ ਆ ਰਿਹਾ ਸੀ, ਆਪਣੇ ਆਪ ’ਤੇ ਕਾਬੂ ਰੱਖ ਪਾਉਣਾ ਉਸ ਦੇ ਲਈ ਮੁਸ਼ਕਲ ਹੋ ਰਿਹਾ ਸੀ।
...ਫਿਰ ਇਕ ਦਿਨ ਉਸ ਨੇ ਆਪਣੇ ਪਿਤਾ ਜੀ ਨੂੰ ਆਪਣੇ ਮਨ ਦੀ ਗੱਲ ਕਹਿ ਹੀ ਦਿੱਤੀ।
‘‘ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ?’’ ਮਿੱਕੀ ਦੇ ਪਿਤਾ ਜੀ ਥੋੜ੍ਹਾ ਗੁੱਸਾ ਹੋ ਕੇ ਕਹਿਣ ਲੱਗੇ, ‘‘ਇਥੇ ਦੋ ਵੇਲੇ ਦੀ ਰੋਟੀ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਤੇ ਤੈਨੂੰ ਜਨਮ ਦਿਨ ਮਨਾਉਣ ਦੀ ਪਈ ਹੈ।’’
ਮਿੱਕੀ ਦੀ ਮੰਮੀ ਨੇ ਵੀ ਉਸ ਨੂੰ ਸਮਝਾਉਂਦੇ ਹੋਏ ਕਿਹਾ, ‘‘ਬੇਟਾ, ਤੂੰ ਤਾਂ ਬੜਾ ਸਿਆਣਾ ਬੱਚਾ ਏਂ। ਤੈਥੋਂ ਕੁਝ ਲੁਕਿਆ ਹੋਇਆ ਤਾਂ ਹੈ ਨਹੀਂ। ਘਰ ਦੇ ਹਾਲਾਤ ਤੋਂ ਵੀ ਚੰਗੀ ਤਰ੍ਹਾਂ ਜਾਣੂ ਏਂ। ਤੇਰੀ ਪੜ੍ਹਾਈ ਤੋਂ ਇਲਾਵਾ ਗੁੱਡੀ ਦੀ ਪੜ੍ਹਾਈ ’ਤੇ ਵੀ ਖਰਚ ਕਰਨਾ ਪੈਂਦਾ ਹੈ।’’
ਪਰ ਨਾ ਤਾਂ ਆਪਣੇ ਮਾਤਾ-ਪਿਤਾ ਦੇ ਸਮਝਾਉਣ ਦਾ ਤੇ ਨਾ ਹੀ ਉਨ੍ਹਾਂ ਦੀਆਂ ਦਲੀਲਾਂ ਦਾ ਮਿੱਕੀ ’ਤੇ ਕੋਈ ਅਸਰ ਪਿਆ ਸੀ। ਉਸ ਨੇ ਤਾਂ ਮਨ ’ਚ ਠਾਣ ਲਈ ਸੀ ਕਿ ਉਹ ਆਪਣਾ ਜਨਮ ਦਿਨ ਜ਼ਰੂਰ ਮਨਾਏਗਾ, ਚਾਹੇ ਕੁਝ ਵੀ ਹੋ ਜਾਏ। ਫਿਰ ਜਨਮ ਦਿਨ ਕਿਹੜਾ ਹਰ ਰੋਜ਼ ਆਉਂਦਾ ਹੈ। ਮੁਸ਼ਕਲ ਨਾਲ ਸਾਲ ’ਚ ਇਕ ਵਾਰ ਅਤੇ ਉਹ ਵੀ ਬਿਨਾਂ ਮਨਾਏ ਨਿਕਲ ਜਾਏ, ਇਸ ਤੋਂ ਤਾਂ ਚੰਗਾ ਹੈ ਕਿ ਜਨਮ ਦਿਨ ਆਏ ਹੀ ਨਾ।
ਮਿੱਕੀ ਨੂੰ ਆਪਣੀ ਮੰਮੀ ’ਤੇ ਵੀ ਗੁੱਸਾ ਆ ਰਿਹਾ ਸੀ। ਇਹ ਕਿਹੋ ਜਿਹਾ ਢੰਗ ਹੋਇਆ ਜਨਮ ਦਿਨ ਮਨਾਉਣ ਦਾ! ਹਰ ਸਾਲ ਜਨਮ ਦਿਨ ਵਾਲੇ ਦਿਨ ਥਾਲੀ ’ਚ ਥੋੜ੍ਹੇ ਜਿਹੇ ਚੌਲ ਤੇ ਇਕ ਗਿਲਾਸ ’ਚ ਦੁੱਧ ਪਾ ਕੇ ਦੇ ਦੇਣਗੇ ਤੇ ਕਹਿਣਗੇ, ‘‘ਜਾ ਬੇਟੇ ਮੰਦਰ ’ਚ ਚੜ੍ਹਾ ਆ, ਪੁਜਾਰੀ ਜੀ ਦੇ ਪੈਰ ਛੂਹ ਕੇ ਆਸ਼ੀਰਵਾਦ ਵੀ ਲੈ ਲਈਂ।’’
ਪਰ ਇਸ ਵਾਰ ਉਸ ਨੇ ਪੱਕਾ ਫੈਸਲਾ ਕਰ ਲਿਆ ਸੀ ਕਿ ਜਾਂ ਤਾਂ ਜਨਮ ਦਿਨ ਉਸੇ ਤਰ੍ਹਾਂ ਮਨਾਏਗਾ ਜਿਸ ਤਰ੍ਹਾਂ ਕਲਾਸ ਦੇ ਬਾਕੀ ਬੱਚੇ ਮਨਾਉਂਦੇ ਹਨ ਨਹੀਂ ਤਾਂ ਦੁੱਧ-ਚੌਲ ਲੈ ਕੇ ਮੰਦਰ ਵੀ ਨਹੀਂ ਜਾਏਗਾ।
ਉਸ ਦੀ ਜ਼ਿੱਦ ਕਾਰਨ ਘਰ ਦੀ ਸ਼ਾਂਤੀ ਜਿਵੇਂ ਭੰਗ ਹੀ ਹੋ ਗਈ ਸੀ। ਉਂਝ ਹੀ ਬਿਨਾਂ ਕਾਰਨ ਮੰਮੀ-ਪਾਪਾ ਆਪਸ ’ਚ ਲੜਨ ਲੱਗੇ ਸਨ। ਮੰਮੀ ਤਾਂ ਚਾਹੁੰਦੀ ਸੀ ਕਿ ਜਿਸ ਤਰ੍ਹਾਂ ਮਿੱਕੀ ਚਾਹੁੰਦਾ ਹੈ ਉਂਝ ਹੀ ਕਰ ਦਿੱਤਾ ਜਾਵੇ। ਪਰ ਪਾਪਾ ਆਪਣੇ ਢੰਗ ਨਾਲ ਸੋਚਦੇ ਸਨ ਕਿ ਇਸ ਤਰ੍ਹਾਂ ਤਾਂ ਬੇਕਾਰ ’ਚ ਹੀ ਦੋ-ਢਾਈ ਸੌ ਰੁਪਏ ਖਰਚ ਹੋ ਜਾਣਗੇ।
ਆਖਿਰ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਪਾਪਾ ਥੋੜ੍ਹਾ ਸ਼ਾਂਤ ਹੋ ਗਏ ਸਨ। ਉਨ੍ਹਾਂ ਨੇ ਪਿਆਰ ਨਾਲ ਮਿੱਕੀ ਨੂੰ ਸਮਝਾਉਂਦਿਆਂ ਕਿਹਾ, ‘‘ਬੇਕਾਰ ’ਚ ਆਪਣੀ ਵਾਹ-ਵਾਹ ਕਰਵਾਉਣ ਲਈ ਪੈਸੇ ਖਰਚ ਕਰਨਾ ਸਾਡੇ ਵੱਸ ’ਚ ਨਹੀਂ। ਇਹ ਸਾਰੇ ਤਾਂ ਅਮੀਰਾਂ ਦੇ ਚੋਚਲੇ ਹਨ। ਸਾਡੇ ਜਿਹੇ ਲੋਕਾਂ ਲਈ ਤਾਂ ਦੋ ਵੇਲੇ ਦੀ ਰੋਟੀ ਚਲਾਉਣ ਦੇ ਹੀ ਲਾਲੇ ਪਏ ਰਹਿੰਦੇ ਹਨ।’’
ਇਕ ਪਲ ਰੁਕ ਕੇ ਉਨ੍ਹਾਂ ਕਿਹਾ, ‘‘ਅਜਿਹਾ ਕਰਦੇ ਹਾਂ, ਥੋੜ੍ਹਾ ਅਸੀਂ ਤੇਰੀ ਗੱਲ ਮੰਨ ਲੈਂਦੇ ਹਾਂ, ਥੋੜ੍ਹਾ ਤੂੰ ਮੰਨ ਜਾ। ਇਹ ਲੈ ਪੰਜਾਹ ਰੁਪਏ... ਕੱਲ ਆਪਣੇ ਦੋ-ਚਾਰ ਦੋਸਤਾਂ ਨਾਲ ਪਾਰਟੀ ਕਰ ਲਈਂ... ਚਾਹੋ ਤਾਂ ਸ਼ਾਮ ਨੂੰ ਆਪਣੇ ਘਰ  ਹੀ ਬੁਲਾ ਲਈਂ।... ਘਰ ਦੀ ਹਾਲਤ ਤਾਂ ਤੂੰ ਜਾਣਦਾ ਹੀ ਏਂ। ਸਾਰੀ ਕਲਾਸ ਨੂੰ ਪਾਰਟੀ ਕਰਾਉਣਾ ਤਾਂ ਸਾਡੀ ਸਮਰੱਥਾ ਤੋਂ ਬਾਹਰ ਹੈ।’’
ਉਨ੍ਹਾਂ ਦੇ ਸਮਝਾਉਣ ਦਾ ਮਿੱਕੀ ’ਤੇ ਥੋੜ੍ਹਾ ਅਸਰ ਹੋਣ ਲੱਗਾ ਸੀ। ਉਹ ਸੋਚਣ ਲੱਗਾ ਕਿ ਚਲੋ ਇਸ ਵਾਰ ਇੰਨਾ ਹੀ ਸਹੀ। ਪੂਰੀ ਕਲਾਸ ਨੂੰ ਪਾਰਟੀ ਅਗਲੇ ਸਾਲ ਦੇ ਦੇਵਾਂਗਾ।... ਅਤੇ ਉਸ ਨੇ ਮਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਸ਼ਾਮ ਨੂੰ ਉਹ ਆਪਣੇ ਪੱਕੇ ਦੋਸਤਾਂ ਨੂੰ ਘਰ ਬੁਲਾ ਕੇ ਪਾਰਟੀ ਕਰ ਲਏਗਾ।
ਉਹ ਸੋਚਣ ਲੱਗਾ ਸੀ ਕਿ ਕਿਸ-ਕਿਸ ਨੂੰ ਬੁਲਾਏ। ਚਿੰਟੂ ਤੇ ਸੋਨੂੰ ਨੂੰ ਤਾਂ ਜ਼ਰੂਰ ਬੁਲਾਏਗਾ। ਲੋੜ ਪੈਣ ’ਤੇ ਉਹ ਉਸ ਨੂੰ ਹੋਮਵਰਕ ਦੀਆਂ ਕਾਪੀਆਂ ਦੇ ਦਿੰਦੇ ਹਨ। ਵਿੱਕੀ ਨੂੰ ਨਹੀਂ ਬੁਲਾਏਗਾ। ਉਹ ਤਾਂ ਬਹੁਤ ਅਮੀਰ ਹੈ। ਕਿਤੇ ਉਸ ਦੇ ਘਰ ਦੀ ਤਰਸਯੋਗ ਹਾਲਤ ਦੇਖ ਕੇ ਬਾਅਦ ’ਚ ਉਸ ਦਾ ਮਜ਼ਾਕ ਨਾ ਉਡਾਏ।
ਖੈਰ! ਉਸ ਨੇ ਮਨ ਹੀ ਮਨ ਆਪਣੇ 2-3 ਦੋਸਤਾਂ ਨੂੰ ਬੁਲਾਉਣ ਦਾ ਫੈਸਲਾ ਕਰ ਲਿਆ ਸੀ।
ਅਗਲੇ ਦਿਨ ਮਤਲਬ ਜਨਮ ਦਿਨ ਵਾਲੇ ਦਿਨ ਜਦੋਂ ਸ਼ਾਮ ਨੂੰ ਉਹ ਖਾਣ-ਪੀਣ ਲਈ ਕੁਝ ਲਿਆਉਣ ਲਈ ਘਰ ਤੋਂ ਨਿਕਲਿਆ ਉਦੋਂ ਆਕਾਸ਼ ’ਤੇ ਕਾਲੇ ਬੱਦਲ ਛਾਏ ਹੋਏ ਸਨ। ਉਹ ਦਰੇਸੀ ਦੇ ਮੈਦਾਨ ਕੋਲ ਹਲਵਾਈ ਦੀ ਦੁਕਾਨ ਤੋਂ ਸਮੋਸੇ ਤੇ ਗੁਲਾਬ ਜਾਮੁਨ ਲਿਆਉਣਾ ਚਾਹੁੰਦਾ ਸੀ। ਉਸ ਹਲਵਾਈ  ਦੇ ਪਕਵਾਨ ਬਹੁਤ ਮਸ਼ਹੂਰ ਸਨ।
ਅਜੇ ਉਹ ਦੁਕਾਨ ਤੋਂ ਕੁਝ ਦੂਰ ਹੀ ਸੀ ਕਿ ਇਕਦਮ ਬਾਰਿਸ਼ ਸ਼ੁਰੂ ਹੋ ਗਈ। ਲੋਕ ਬਚਣ ਲਈ ਇਧਰ-ਉਧਰ ਭੱਜਣ ਲੱਗੇ। ਮਿੱਕੀ ਵੀ ਭੱਜ ਕੇ ਇਕ ਘਰ ਦੇ ਅੱਗੇ ਰੁਕ ਗਿਆ। ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਉਹ ਬਾਰਿਸ਼ ਤੋਂ ਬਚਣ ਲਈ ਦਰਵਾਜ਼ੇ ਕੋਲ ਰੁਕ ਗਿਆ। ਉਸੇ ਸਮੇਂ ਅੰਦਰੋਂ ਆਵਾਜ਼ ਆਈ, ‘‘ਬੇਟਾ ਅੰਦਰ ਆ ਜਾ। ਕਿਤੇ ਬਾਰਿਸ਼ ’ਚ ਭਿੱਜ ਕੇ ਬੀਮਾਰ ਨਾ ਪੈ ਜਾਈਂ।’’
ਮਿੱਕੀ ਅੰਦਰ ਚਲਾ ਗਿਆ। ਘਰ ਖਸਤਾ ਹਾਲਤ ’ਚ ਸੀ। ਕਮਰੇ ਦੀਆਂ ਕੰਧਾਂ ਤੋਂ ਪਲਸਤਰ ਉਤਰਿਆ ਹੋਇਆ ਸੀ। ਇਧਰ-ਉਧਰ ਕੂੜਾ ਤੇ ਕਬਾੜ ਪਿਆ ਸੀ। ਕੋਲ ਹੀ ਮੰਜੀ ’ਤੇ ਇਕ 10-12 ਸਾਲ ਦਾ ਲੜਕਾ ¦ਮਾ ਪਿਆ ਸੀ, ਜੋ ਖੰਘ ਰਿਹਾ ਸੀ।
‘‘ਤੁਸੀਂ ਇਸ ਦੇ ਲਈ ਕੋਈ ਦਵਾਈ ਕਿਉਂ ਨਹੀਂ ਲਿਆਉਂਦੇ। ਖੰਘ-ਖੰਘ ਕੇ ਇਸ ਦੀ ਬੁਰੀ ਹਾਲਤ ਹੋ ਗਈ ਹੈ। ਸਵੇਰ ਤੋਂ ਕਿੰਨਾ ਤੇਜ਼ ਬੁਖਾਰ ਹੈ ਇਸ ਨੂੰ।’’ ਉਥੇ ਬੈਠੀ ਔਰਤ ਨੇ ਕਿਹਾ ਤਾਂ ਉਹ ਆਦਮੀ ਥੋੜ੍ਹਾ ਗੁੱਸਾ ਹੋ ਕੇ ਕਹਿਣ ਲੱਗਾ, ‘‘ਦਵਾਈ ਕਿੱਥੋਂ ਲਿਆਵਾਂ। ਜੇਬ ’ਚ ਤਾਂ ਫੁੱਟੀ ਕੌਡੀ ਵੀ ਨਹੀਂ। ਚਾਹ ’ਚ ਤੁਲਸੀ ਦੇ ਪੱਤੇ ਉਬਾਲ ਕੇ ਪਿਲਾ ਦੇ.... ਆਪੇ ਬੁਖਾਰ ਉਤਰ ਜਾਏਗਾ...।’’
‘‘ਪਰ ਚਾਹ ਵੀ ਕਿਵੇਂ ਬਣਾਵਾਂ। ਨਾ ਘਰ ’ਚ ਖੰਡ ਹੈ ਨਾ ਦੁੱਧ।’’ ਕਹਿੰਦਿਆਂ ਉਸ ਔਰਤ ਦੀਆਂ ਜਿਵੇਂ ਅੱਖਾਂ ਭਰ ਆਈਆਂ ਸਨ।
‘‘ਪਰ ਮੈਂ ਵੀ ਕੀ ਕਰਾਂ। ਇਸ ਮੀਂਹ ਦਾ ਸੱਤਿਆਨਾਸ਼ ਹੋਵੇ। ਦੋ ਦਿਨ ਤੋਂ ਦਿਹਾੜੀ ਹੀ ਨਹੀਂ ਲੱਗੀ। ਭਗਵਾਨ ਵੀ ਜਿਵੇਂ ਸਾਡੇ ਗਰੀਬਾਂ ਦੀ ਪ੍ਰੀਖਿਆ ਲੈ ਰਿਹਾ ਹੈ।’’ ਕਹਿੰਦਿਆਂ ਉਸ ਆਦਮੀ ਦੀ ਆਵਾਜ਼ ਵੀ ਭਰ ਗਈ ਸੀ। 
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮਿੱਕੀ ਤਾਂ ਜਿਵੇਂ ਹੈਰਾਨ ਰਹਿ ਗਿਆ। ਉਸ ਨੂੰ ਲੱਗਾ ਕਿ ਉਸ ਦੇ ਪਾਪਾ ਸਹੀ ਹੀ ਕਹਿੰਦੇ ਹਨ ਕਿ ਪਾਰਟੀਆਂ ਕਰਨਾ ਤਾਂ ਅਮੀਰ ਲੋਕਾਂ ਦੇ ਚੋਚਲੇ ਹਨ। ਆਮ ਆਦਮੀ ਨੂੰ ਤਾਂ ਦੋ ਵੇਲੇ ਦੀ ਰੋਟੀ ਦੇ ਹੀ ਲਾਲੇ ਪਏ ਰਹਿੰਦੇ ਹਨ।
ਉਹ ਕੁਝ ਪਲ ਸੋਚਦਾ ਰਿਹਾ। ਅਖੀਰ ਉਸ ਨੇ ਪੰਜਾਹ ਦਾ ਨੋਟ ਉਸ ਆਦਮੀ ਵੱਲ ਵਧਾਉਂਦੇ ਹੋਏ ਕਿਹਾ, ‘‘ਅੰਕਲ ਜੀ, ਤੁਸੀਂ ਇਨ੍ਹਾਂ ਪੈਸਿਆਂ ਨਾਲ ਇਸ ਦੇ ਲਈ ਦਵਾਈ ਲੈ ਆਓ।’’
‘‘ਓਏ ਨਹੀਂ ਬੇਟੇ... ਭਗਵਾਨ ਖੁਦ ਹੀ ਕੋਈ ਹੱਲ ਲੱਭ ਦੇਵੇਗਾ। ਤੂੰ ਕਿਉਂ ਚਿੰਤਾ ਕਰਦਾ ਏਂ।’’
‘‘ਨਹੀਂ ਅੰਕਲ ਜੀ, ਚਿੰਤਾ ਵਾਲੀ ਤਾਂ ਕੋਈ ਗੱਲ ਨਹੀਂ ਅਤੇ ਫਿਰ ਅੱਜ ਤਾਂ ਮੇਰਾ ਜਨਮ ਦਿਨ ਹੈ। ਮੈਂ ਖੁਸ਼ ਹੋ ਕੇ ਆਪਣੇ ਛੋਟੇ ਭਰਾ ਨੂੰ ਦੇ ਰਿਹਾ ਹਾਂ...’’, ਪਤਾ ਨਹੀਂ ਕਿਉਂ ਇੰਝ ਕਹਿੰਦੇ ਹੋਏ ਮਿੱਕੀ ਵੀ ਭਾਵੁਕ ਹੋ ਉ¤ਠਿਆ।
ਕੁਝ ਸਮੇਂ ਬਾਅਦ ਬਾਰਿਸ਼ ਬੰਦ ਹੋ ਗਈ ਤਾਂ ਮਿੱਕੀ ਵੀ ਆਪਣੇ ਘਰ ਵੱਲ ਪਰਤ ਗਿਆ ਪਰ ਉਸ ਦਾ ਮਨ ਖੁਸ਼ੀ ਨਾਲ ਫੁੱਲਾ ਨਹੀਂ ਸਮਾ ਰਿਹਾ ਸੀ। ਇਕ ਲੋੜਵੰਦ ਦੀ ਮਦਦ ਕਰਨ ਨਾਲ ਉਸ ਨੂੰ ਇੰਝ ਮਹਿਸੂਸ ਹੋਣ ਲੱਗਾ ਸੀ ਜਿਵੇਂ ਉਹ ਆਪਣੇ ਜਨਮ ਦਿਨ ਦੀ ਪਾਰਟੀ ਕਿਸੇ ਬਹੁਤ ਵੱਡੇ ਹੋਟਲ ’ਚ ਕਰਕੇ ਆ ਰਿਹਾ ਹੋਵੇ।