ਪੰਜਾਬੀ ਕਹਾਣੀ- ਫੀਰੀ ਸ਼ਾਹ
ਫੀਰੀ ਸ਼ਾਹ ਉਰਫ ਭੰਬੀਰੀ ਸ਼ਾਹ ਉਰਫ ਕਸ਼ਮੀਰ ਚੰਦ ਦੀ ਵਾਕਫੀ ਦਾ ਘੇਰਾ ਹੀ ਵਿਸ਼ਾਲ ਨਹੀਂ ਸਗੋਂ ਉਹ ਵਿਸ਼ਾਲ ਹਿਰਦੇ ਦਾ ਮਾਲਕ ਵੀ ਹੈ। ਕੁਝ ਲੋਕੀਂ ਉਹਨੂੰ ਗੁਸੈਲਾ ਸਮਝਦੇ ਹਨ ਅਤੇ ਕੁਝ ਅੜ੍ਹਬ। ਜਦੋਂ ਕਿ ਉਹ ਪੂਰਾ ਹਿਸਾਬੀ ਅਤੇ ਕੋਰਾ ਕਰਾਰਾ ਬੰਦਾ ਹੈ। ਜਾਣੀ ਕਿ ਲੱਠਾ ਬੰਦਾ। ਪੂਰਾ ਢੱਠਾ ਬੰਦਾ। ਲਕੀਰ ਖਿੱਚ ਕੇ ਖੜ੍ਹਨ ਵਾਲਾ। ਮਨ ਦੀ ਮੌਜ ਵਿਚ ਰਹਿਣਾ ਪਸੰਦ ਕਰਨ ਕਰਕੇ ਕਈ ਲੋਕ ਉਸ ਨੂੰ ਮੌਜੀ ਠਾਕੁਰ ਵੀ ਕਹਿ ਛੱਡਦੇ ਹਨ।
ਉਂਝ ਮਾਂ ਨੇ ਉਹਦਾ ਨਾਂਅ ਤਾਂ ਕਸ਼ਮੀਰ ਚੰਦ ਰੱਖਿਆ ਸੀ। ਪਰ ਹੌਲੀ-ਹੌਲੀ ਲੋਕੀਂ ਉਹਨੂੰ ਕਸ਼ਮੀਰੀ ਕਹਿਣ ਲੱਗ ਪਏ। ਕਸ਼ਮੀਰੀ ਤੋਂ ਜੰਮੂ ਕਸ਼ਮੀਰ ਬਣਨ ਦੀ ਥਾਂ ਉਹ ਫੀਰੀ ਬਣ ਗਿਆ ਅਤੇ ਫੀਰੀ ਤੋਂ ਫੀਰੀ ਸ਼ਾਹ ਉਹ ਕਦੋਂ ਬਣਿਆ ਉਹਨੂੰ ਆਪ ਨੂੰ ਵੀ ਪਤਾ ਨਹੀਂ। ਉਂਝ ਆਪਣੇ-ਆਪ ਨੂੰ ਕਸ਼ਮੀਰ ਚੰਦ ਉਰਫ ਫੀਰੀ ਸ਼ਾਹ ਅਖਵਾ ਕੇ ਉਹ ਮਾਣ ਮਹਿਸੂਸ ਕਰਦਾ ਹੈ ਕਿਉਂਕਿ ਇਸ ਨੂੰ ਉਹ ਹਿੰਦ-ਪਾਕਿ ਏਕਤਾ ਦਾ ਪ੍ਰਤੀਕ ਸਮਝਦਾ ਹੈ।
ਬਹੁਤ ਸਾਰੇ ਲੋਕਾਂ ਨਾਲ ਮੇਲ-ਜੋਲ ਹੋਣ ਕਰਕੇ ਉਹ ਸਿਆਸਤ ਨੂੰ ਵੀ ਮੂੰਹ ਮਾਰ ਲੈਂਦਾ ਹੈ। ਵੱਡੇ-ਵੱਡੇ ਸਿਆਸੀ ਲੋਕਾਂ ਨਾਲ ਉਹਦੀ ਪੱਕੀ ਆੜੀ ਹੈ। ਜਿਹਦੇ ਨਾਲ ਖੜ੍ਹਦਾ ਹੈ ਬੱਸ ਉਹਦੇ ਨਾਲ ਢਿੱਡੋਂ ਖੜ੍ਹਦਾ ਹੈ। ਜਿਹਦੇ ਨਾਲ ਵਿਗੜਦਾ ਹੈ ਉਹਦੇ ਨਾਲ ਅਜਿਹੀ ਕੱਚੀ ਪਾਉਂਦਾ ਹੈ ਕਿ ਮੁੜ ਉਹਨੂੰ ਬੁਲਾਉਂਦਾ ਤੱਕ ਨਹੀਂ ਅਤੇ ਨਾ ਹੀ ਉਹਨੂੰ ਮੁੜ ਆਪਣੇ ਨੇੜੇ ਲੱਗਣ ਦਿੰਦਾ ਹੈ।
ਪਿੱਛੇ ਜਿਹੇ ਜਦੋਂ ਉਹਦੀ ਮਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਤਾਂ ਇਕ ਵੱਡਾ ਆਗੂ ਉਹਦਾ ਮਿੱਤਰ ਜਦੋਂ ਕਈ ਦਿਨ ਬੀਤ ਜਾਣ ਮਗਰੋਂ ਵੀ ਅਫ਼ਸੋਸ ਕਰਨ ਨਾ ਆਇਆ ਤਾਂ ਉਹਦੇ ਜਾਣੂ ਲੱਗੇ ਉਹਦੇ ਹੁੱਝਾਂ ਮਾਰਨ। ਅਖੇ ਜਿਹਦੇ ਲਈ ਲੋਕਾਂ ਨਾਲ ਵਿਗਾੜ ਪਾਉਂਦਾ ਰਿਹੈਂ, ਜਿਹਦੀ ਹਰ ਵੇਲੇ ਪੂਛ ਫੜ ਕੇ ਫਿਰਦਾ ਰਿਹੈਂ, ਉਹ ਤੇਰੇ ਨਾਲ ਦੁੱਖ ਸਾਂਝਾ ਕਰਨ ਤਾਂ ਪੁੱਜਾ ਨਹੀਂ। ਯਾਰ! ਕੰਮ ਧੰਦਿਆਂ 'ਚ ਫਸਿਆ ਹੋਣਾ ਉਹ ਜਦੋਂ ਵਿਹਲ ਲੱਗਾ ਉਹਨੇ ਆਪੇ ਆ ਜਾਣੈ। ਫੀਰੀ ਇੰਝ ਆਖ ਕੇ ਬਾਕੀਆਂ ਦੀ ਗੱਲ ਨੂੰ ਟਾਲ ਦਿੰਦਾ ਪਰ ਮਨ ਹੀ ਮਨ ਉਹ ਸੋਚਦਾ ਕਿ ਉਹ ਕਾਹਦਾ ਯਾਰ ਹੋਇਆ ਜਿਹੜਾ ਅਫਸੋਸ ਕਰਨ ਵੀ ਨਹੀਂ ਆਇਆ। ਫਿਰ ਇਹੋ ਜਿਹੇ ਨੂੰ ਰਗੜ ਕੇ ਫੋੜੇ ਉੱਤੇ ਲਾਉਣੈ।
ਅਫਸੋਸ ਲਈ ਹੋਰ ਬਥੇਰੇ ਆਏ ਪਰ ਉਹਦਾ ਯਾਰ ਲੀਡਰ ਨਾ ਆਇਆ। ਕੁਝ ਦਿਨਾਂ ਬਾਅਦ ਉਹਦਾ ਵਿਰੋਧੀ ਆਗੂ ਸਾਥੀਆਂ ਸਮੇਤ ਦੁੱਖ ਦਾ ਇਜ਼ਹਾਰ ਕਰਨ ਆਣ ਪੁੱਜਾ। ਕਹਿਣ ਲੱਗਾ ਯਾਰ ਫੀਰੀ ਬੜਾ ਹੀ ਮਾੜਾ ਹੋਇਆ। ਮਾਂ ਦੀ ਮੌਤ ਦਾ ਦੁੱਖ ਡਾਢਾ ਹੁੰਦੈ ਯਾਰ। ਮਾਂ ਪਿਉ ਬਜ਼ੁਰਗ ਸਭ ਦੇ ਸਾਂਝੇ ਹੁੰਦੇ ਨੇ। ਸੁਣ ਕੇ ਦੁੱਖ ਹੋਇਆ ਤੇ ਪਤਾ ਲੱਗਦਿਆਂ ਹੀ ਤੁਹਾਡੇ ਕੋਲ ਹਾਜ਼ਰੀ ਭਰਨ ਆ ਗਿਆਂ। ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ। ਪਰ ਕੁਝ ਵੀ ਕੀਤਾ ਨਹੀਂ ਜਾ ਸਕਦਾ। ਉਂਝ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ। ਜਿੰਨੇ ਜੋਗੇ ਹੋਏ ਹਮੇਸ਼ਾ ਤੁਹਾਡੇ ਅੰਗ-ਸੰਗ ਰਹਾਂਗੇ।
ਕੁਝ ਦਿਨਾਂ ਬਾਅਦ ਫੀਰੀ ਦੀ ਮਾਂ ਦੀ ਅੰਤਿਮ ਅਰਦਾਸ ਮੌਕੇ ਵਿਰੋਧੀ ਆਗੂ ਫਿਰ ਹਾਜ਼ਰੀ ਭਰ ਗਿਆ ਜਦੋਂ ਕਿ ਉਹਦਾ ਯਾਰ ਆਗੂ ਆਇਆ ਹੀ ਨਾ। ਫੀਰੀ ਨੂੰ ਬੜਾ ਗੁੱਸਾ ਆਇਆ ਕਿਉਂਕਿ ਲੋਕਾਂ ਦੀਆਂ ਗੱਲਾਂ ਨੇ ਉਹਦਾ ਜਿਊਣਾ ਮੁਹਾਲ ਕਰ ਦਿੱਤਾ ਸੀ। ਫੀਰੀ ਮੌਕੇ ਦੀ ਭਾਲ ਵਿਚ ਸੀ। ਸਬੱਬੀਂ ਚੋਣਾਂ ਦਾ ਬਿਗਲ ਵੱਜ ਗਿਆ। ਲੀਡਰਾਂ ਦੀ ਦੌੜ-ਭੱਜ ਸ਼ੁਰੂ ਹੋ ਗਈ। ਫੀਰੀ ਦਾ ਮਿੱਤਰ ਲੀਡਰ ਵੀ ਘੁਰਨੇ 'ਚੋਂ ਬਾਹਰ ਨਿਕਲਿਆ ਅਤੇ ਘੁੰਮਦਾ-ਫਿਰਦਾ ਫੀਰੀ ਕੋਲ ਆਣ ਪੁੱਜਾ। ਆ ਕੇ ਉਸ ਨੇ ਸੌ ਬਹਾਨੇ ਬਣਾਏ। ਮੁਆਫੀ ਮੰਗੀ। ਪਰ ਫੀਰੀ ਨੇ ਇਕ ਨਾ ਸੁਣੀ। ਸਗੋਂ ਕੋਰਾ ਜਵਾਬ ਦਿੰਦਿਆਂ ਉਹਦੇ ਨਾਲ ਤੁਰਨ ਤੋਂ ਇਨਕਾਰ ਕਰ ਦਿੱਤਾ।
ਫੀਰੀ ਕੋਲ ਕਾਫੀ ਵੋਟਾਂ ਹੋਣ ਕਰਕੇ ਆਗੂ ਨੇ ਬਥੇਰੇ ਵਾਸਤੇ ਪਾਏ। ਪਰ ਫੀਰੀ ਪੈਰ ਗੱਡ ਕੇ ਖੜ੍ਹ ਗਿਆ। ਆਗੂ ਨੂੰ ਖਰੀਆਂ ਖਰੀਆਂ ਸੁਣਾਉਂਦਾ ਹੋਇਆ ਕਹਿਣ ਲੱਗਾ ਕਿ, 'ਮੇਰੀ ਮਾਂ ਦੇ ਅਫਸੋਸ ਲਈ ਤੁਹਾਡੇ ਕੋਲ ਵਿਹਲ ਨਹੀਂ ਅਤੇ ਹੁਣ ਵੋਟਾਂ ਵੇਲੇ ਆ ਗਿਆ ਤੁਹਾਨੂੰ ਫੀਰੀ ਯਾਦ। ਜਿਹੜਾ ਸਾਡੇ ਦੁੱਖ-ਸੁੱਖ ਵਿਚ ਨਹੀਂ ਖੜ੍ਹਦਾ, ਉਹਦੇ ਨਾਲ ਤੁਰਨਾ ਸਾਨੂੰ ਕਿਸੇ ਵੀ ਕੀਮਤ 'ਤੇ ਪਸੰਦ ਨਹੀਂ। ਤੁਸੀਂ ਮੇਰੇ ਘਰ ਆਏ ਹੋ, ਇਸ ਤੋਂ ਵੱਧ ਮੈਂ ਕੁਝ ਹੋਰ ਕਹਿਣਾ ਵੀ ਨਹੀਂ ਚਾਹੁੰਦਾ।'
ਨਿਰਾਸ਼ ਜਿਹਾ ਹੋਇਆ ਆਗੂ ਕਹਿਣ ਲੱਗਾ ਕਿ ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰ ਲੈਣਾ ਕਿ ਹੋਰ ਜੋ ਮਰਜ਼ੀ ਕਰਿਉ ਪਰ ਹੁਣ ਤੁਸੀਂ ਮੇਰੇ ਵਿਰੋਧੀ ਨਾਲ ਨਾ ਤੁਰਿਉ। ਇਹ ਸੁਣ ਕੇ ਬੜੇ ਠਰ੍ਹੰਮੇ ਨਾਲ ਫੀਰੀ ਕਹਿਣ ਲੱਗਾ ਕਿ ਇਹ ਫੈਸਲਾ ਤੁਸੀਂ ਨਹੀਂ ਅਸੀਂ ਕਰਨਾ ਹੈ ਕਿ ਅਸੀਂ ਕਿਹਦੇ ਨਾਲ ਤੁਰਨਾ ਹੈ ਕਿਹਦੇ ਨਾਲ ਨਹੀਂ? ਉਂਝ ਗੱਲ ਬਹੁਤ ਹੀ ਸਪੱਸ਼ਟ ਹੈ ਕਿ ਅਸੀਂ ਉਹਦੇ ਨਾਲ ਤੁਰਨ ਦਾ ਪ੍ਰਣ ਕਰ ਚੱਕੇ ਹਾਂ ਜਿਸਨੇ ਸਾਡੇ ਦਰਦ ਨੂੰ ਆਪਣਾ ਦਰਦ ਸਮਝ ਕੇ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਤੁਸੀਂ ਇਹ ਗੱਲ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਫੀਰੀ ਕੋਈ ਵੀ ਫੈਸਲਾ ਕਰਕੇ ਕਦੇ ਪਿੱਛੇ ਨਹੀਂ ਹਟਿਆ। ਇਹ ਸੁਣ ਕੇ ਆਗੂ ਨੂੰ ਲੜਾਈ ਤੋਂ ਪਹਿਲਾਂ ਹੀ ਆਪਣੀ ਹਾਰ ਦਿਖਾਈ ਦੇਣ ਲੱਗ ਪਈ ਅਤੇ ਉਸ ਨੇ ਉੱਥੋਂ ਖਿਸਕਣ ਵਿਚ ਹੀ ਬਿਹਤਰੀ ਸਮਝੀ।
ਬਲਦੇਵ ਸਿੰਘ ਬੱਲੀ
ਪਿੰਡ: ਠਠਿਆਲਾ ਢਾਹਾ, ਤਹਿਸੀਲ: ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ :98142-80838
ਪਿੰਡ: ਠਠਿਆਲਾ ਢਾਹਾ, ਤਹਿਸੀਲ: ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ :98142-80838
0 Comments:
Post a Comment
Subscribe to Post Comments [Atom]
<< Home