ਪੰਜਾਬੀ ਕਹਾਣੀ- ਲਾਜ
ਸਥਾਨ ਮੱਧ ਪ੍ਰਦੇਸ਼ ਦੇ ਸੱਤਪੁੜਾ ਪਹਾੜਾਂ ਦੀ ਰਾਣੀ ਪਚਪੜੀ। ਜੂਨ ਦਾ ਮਹੀਨਾ। ਸੈਨਾ ਸਿੱਖਿਆ ਕੋਰ ਦਾ ਟ੍ਰੇਨਿੰਗ ਸੈਂਟਰ। ਮੀਂਹਾਂ ਦਾ ਜ਼ੋਰ। ਵੱਡੇ ਹਾਲ ਵਿਚ ਮੈਂ ਰੰਗਰੂਟਾਂ ਨਾਲ ਮਲੇਸ਼ੀਆ ਉਤਾਰ ਕੇ ਪਹਿਲੀ ਵਾਰ ਔਲਿਵ ਗਰੀਨ ਵਰਦੀ ਪਾ ਕੇ ਜਦੋਂ ਸੈਂਟਰ ਕਮਾਂਡਰ ਨੂੰ ਜਨਰਲ ਸਲੂਟ ਦਿੱਤਾ ਤਾਂ ਵਰਦੀ ਦੇ ਮਾਣ ਤੇ ਜੋਸ਼ ਨਾਲ ਛਾਤੀ ਫੁਲ ਗਈ ਤੇ ਸਿਰ ਹਿਮਾਲਿਆ ਦੀਆਂ ਹਿੰਮ ਚੋਟੀਆਂ ਤੋਂ ਵੀ ਉੱਚਾ ਹੋ ਗਿਆ। ਸ਼ਹਾਦਤ ਦਾ ਜਾਮ ਪੀਤਾ ਗਿਆ। ਸਾਨੂੰ ਦੇਸ਼ ਲਈ ਮਰ ਮਿਟਣ ਦੀ ਸਹੁੰ ਚੁਕਾਈ ਗਈ ਤੇ ਸਾਥੋਂ ਵਰਦੀ ਦੀ ਲਾਜ ਰੱਖਣ ਦਾ ਪ੍ਰਣ ਲਿਆ ਗਿਆ। ਬੈਰਕ 'ਚ ਪੁੱਜ ਕੇ ਮੈਂ ਜਦੋਂ ਵਰਦੀ ਪਹਿਨੇ ਆਪਣੇ-ਆਪ ਨੂੰ ਆਦਮ ਕੱਦ ਸ਼ੀਸ਼ੇ ਰਾਹੀਂ ਤੱਕਿਆ ਤਾਂ ਚਾਅ ਸਾਂਭਿਆ ਨਹੀਂ ਸੀ ਜਾ ਰਿਹਾ। 26 ਸਾਲ ਤੋਂ ਵੱਧ ਸਮਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਤੇ ਫਿਰ ਵਰਦੀ ਨੂੰ ਆਪਣੀ ਇੱਜ਼ਤ-ਆਬਰੂ ਸਮਝਿਆ। ਇਥੇ ਹੀ ਬੱਸ ਨਹੀਂ ਸੇਵਾਮੁਕਤੀ ਮਗਰੋਂ ਵੀ ਸਮਾਜਿਕ ਜੀਵਨ ਦੇ ਖੇਤਰ ਵਿਚ ਵੀ ਉਨ੍ਹਾਂ ਹੀ ਇਖਲਾਕੀ ਕਦਰਾਂ-ਕੀਮਤਾਂ, ਦੇਸ਼-ਪਿਆਰ ਦੇ ਜਜ਼ਬੇ ਤੇ ਵਰਦੀ ਦੀ ਲਾਜ ਨੂੰ ਹਮੇਸ਼ਾ ਹੀ ਸੀਨੇ ਨਾਲ ਘੁੱਟ ਕੇ ਲਾਈ ਰੱਖਿਆ। ਬੱਸ ਇੱਜ਼ਤ-ਆਬਰੂ, ਅਣਖ, ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਤੇ ਵਰਦੀ ਦੀ ਲਾਜ ਹੀ ਤਾਂ ਹੈ, ਮੇਰੇ ਜੀਵਨ ਭਰ ਦੀ ਕਮਾਈ। ਮੇਰਾ ਵੱਡਮੁੱਲਾ ਵਿਰਸਾ।
ਤਿੰਨ ਮਹੀਨੇ ਪਹਿਲਾਂ ਦੀ ਘਟਨਾ ਹੈ। ਮੈਂ ਕਿਸੇ ਪ੍ਰਮਾਣ ਪੱਤਰ ਲਈ ਅਰਜ਼ੀ ਦਿੱਤੀ ਸੀ। ਪੁਲਿਸ ਰਿਪੋਰਟ ਉਪਰੰਤ ਹੀ ਮੈਨੂੰ ਪ੍ਰਮਾਣ ਪੱਤਰ ਮਿਲਣਾ ਸੀ। ਇਕ ਦਿਨ ਦੁਪਹਿਰ ਬਾਅਦ ਜਦੋਂ ਮੈਂ ਘਰ ਨਹੀਂ ਸਾਂ ਪੁਲਿਸ ਕਰਮਚਾਰੀ ਮੇਰੇ ਪਿੰਡ ਆਇਆ। ਉਸ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਤੇ ਪਿੰਡ ਦੇ ਸਰਪੰਚ ਪਾਸੋਂ ਰਿਪੋਰਟ 'ਤੇ ਦਸਤਖਤ ਕਰਵਾ ਕੇ ਲੈ ਗਿਆ। ਉਸ ਸਰਪੰਚ ਪਾਸੋਂ ਸੇਵਾ ਪਾਣੀ ਦੀ ਮੰਗ ਕੀਤੀ ਪਰ ਉਸ ਇਹ ਕਹਿ ਕੇ ਟਾਲ ਦਿੱਤਾ ਕਿ ਸੇਵਾ ਪਾਣੀ ਅਰਜ਼ੀ ਦੇਣ ਵਾਲੇ ਪਾਸੋਂ ਮੰਗੋ। ਰਾਸ਼ਨ ਕਾਰਡ ਦੀ ਕਾਪੀ ਕੱਲ੍ਹ ਥਾਣੇ ਭਿਜਵਾਉਣ ਦਾ ਸੁਨੇਹਾ ਦੇ ਉਹ ਮਾਯੂਸ ਜਿਹਾ ਵਾਪਸ ਪਰਤ ਗਿਆ।
ਅਗਲੀ ਸਵੇਰ ਮੇਰਾ ਟੈਲੀਫੋਨ ਵੱਜ ਉਠਿਆ। ਸਿਪਾਹੀ ਵੱਲੋਂ ਰਾਸ਼ਨ ਕਾਰਡ ਦੀ ਕਾਪੀ ਛੇਤੀ ਥਾਣੇ ਪਹੁੰਚਾਉਣ ਦਾ ਸੁਨੇਹਾ ਸੁਣ ਮਨ ਗਦਗਦ ਹੋ ਉਠਿਆ। ਕਿੰਨਾ ਫਿਕਰ ਹੈ ਇਕ ਸਿਪਾਹੀ ਨੂੰ ਆਪਣੀ ਡਿਊਟੀ ਪ੍ਰਤੀ, ਇਹ ਸੋਚ ਮੈਂ ਫਟਾਫਟ ਤਿਆਰ ਹੋਇਆ। ਸਕੂਟਰ 'ਤੇ ਲੱਤ ਰੱਖੀ ਤੇ ਥਾਣੇ ਦੇ ਰਾਹ ਪੈ ਗਿਆ। ਭਾਵੇਂ ਸਰਪੰਚ ਨੇ ਮੇਰੇ ਕੰਨ 'ਚ ਕੁਝ ਮੰਗਣ ਦੀ ਭਿਣਕ ਪਾ ਦਿੱਤੀ ਸੀ ਪਰ ਮੈਂ ਸਭ ਵਿਸਾਰ ਥਾਣੇ ਦੇ ਗੇਟ ਸਾਹਮਣੇ ਪੁੱਜ ਗਿਆ। ਬਾਹਰ ਖੜ੍ਹੇ ਕੁੱਝ ਵਰਦੀਧਾਰੀ ਸਿਪਾਹੀ ਧੁੱਪ ਸੇਕ ਰਹੇ ਸਨ। ਇਕ ਸਿਪਾਹੀ ਦੇ ਹੱਥ 'ਚ ਕਾਗਜ਼ਾਂ ਵਾਲਾ ਬੈਗ ਵੇਖ ਮੈਂ ਝੱਟ ਸਮਝ ਗਿਆ। ਉਹ ਹੁਸ਼ਿਆਰੀ 'ਚ ਕਿਹੜਾ ਘੱਟ ਸੀ। ਮੈਂ ਉਸ ਕੋਲ ਜਾ ਸਕੂਟਰ ਰੋਕਿਆ। ਹਾਲਾਂ ਮੇਰੀ ਇਕ ਲੱਤ ਸਕੂਟਰ 'ਤੇ ਹੀ ਸੀ ਕਿ ਉਸ ਨੇ 'ਸਾਡੀ ਸੇਵਾ' ਕਹਿੰਦਿਆਂ ਮੇਰਾ ਗੋਡਾ ਫੜ ਤਰਲਾ ਮਾਰਿਆ।
ਮੈਂ ਚਾਰ-ਚੁਫੇਰੇ ਨਜ਼ਰ ਮਾਰੀ, ਸਾਰਿਆਂ ਦੀਆਂ ਨਿਗਾਹਾਂ ਸਾਨੂੰ ਵੇਖ ਰਹੀਆਂ ਸਨ। 'ਮੈਂ ਨਾ ਕਿਸੇ ਤੋਂ ਸੇਵਾ ਕਰਵਾਈ ਹੈ ਤੇ ਨਾ ਹੀ ਕਦੀ ਕਿਸੇ ਦੀ ਕੀਤੀ ਹੈ', ਮੇਰਾ ਉਤਰ ਸੀ। ਪਰ ਉਹ ਮੈਥੋਂ ਬਖਸ਼ੀਸ਼ ਦੀ ਜ਼ਿੱਦ ਕਰੀ ਜਾ ਰਿਹਾ ਸੀ। ਉਸ ਸਾਹਵੇਂ ਮੈਂ ਬਥੇਰਾ ਵਰਦੀ ਦੀ ਲਾਜ ਤੇ ਅਣਖ ਦਾ ਵਾਸਤਾ ਪਾਇਆ ਪਰ ਉਹ ਗੋਡਾ ਫੜੀ ਹਾੜੇ ਜਿਹੇ ਕੱਢੀ ਗਿਆ। ਮੈਂ ਰਿਸ਼ਵਤ ਦੇਣ ਦਾ ਕੱਟੜ ਵਿਰੋਧੀ ਹਾਂ ਪਰ ਵਰਦੀ ਦੀ ਡੁੱਬਦੀ ਜਾ ਰਹੀ ਲਾਜ ਨੇ ਮੇਰਾ ਅੰਦਰਲਾ ਤੜਪਾ ਦਿੱਤਾ। ਮੈਂ ਵਰਦੀ ਦੀ ਲਾਜ ਲਈ ਉਸ ਨੂੰ ਸੌ ਦਾ ਨੋਟ ਦੇ ਦਿੱਤਾ। 'ਇਕ ਨੋਟ ਹੋਰ', ਉਸ ਦਾ ਢੀਠਾਂ ਵਾਲਾ ਤਰਲਾ ਸੀ। ਮੈਂ ਸ਼ਰਮਸਾਰ ਅੱਖਾਂ ਨਾਲ ਇਕ ਨੋਟ ਹੋਰ ਉਸ ਦੀ ਝੋਲੀ ਪਾ ਦਿੱਤਾ। ਉਸ ਮੇਰੇ ਗੋਡੇ ਛੱਡ ਦਿੱਤੇ ਤੇ ਕਾਗਜ਼ ਲੈ ਕੇ ਥਾਣੇ ਵੱਲ ਚੱਲ ਪਿਆ।
'ਕੀ ਐਸ. ਐਚ. ਓ. ਸਾਹਿਬ ਅੰਦਰ ਨੇ?' ਮੈਂ ਪੁੱਛ ਬੈਠਾ।
'ਕਿਉਂ?' ਉਸ ਝੁਕੀਆਂ ਅੱਖਾਂ ਨਾਲ ਪੁੱਛਿਆ।
'ਮੇਰਾ ਜੀਅ ਕਰਦਾ ਹੈ ਕਿ ਐਸ. ਐਚ. ਓ. ਸਾਹਿਬ ਨੂੰ ਪੁੱਛ ਕੇ ਇਕ ਵੱਡਾ ਸਮਾਰੋਹ ਰਚਾ ਕੇ ਤੇਰਾ ਸਨਮਾਨ ਕਰਾਂ ਕਿਉਂਕਿ ਤੂੰ ਵਰਦੀ ਦੀ ਲਾਜ ਰੱਖਣ 'ਚ ਵੱਡੀ ਸੂਰਬੀਰਤਾ ਦਿਖਾਈ ਹੈ।' ਉਸ ਮੇਰਾ ਵਿਅੰਗ ਸਮਝਦਿਆਂ ਝੱਟ ਮੇਰੇ ਗੋਡੇ ਫੜ ਲਏ। ਉਸ ਦੀਆਂ ਅੱਡੀਆਂ ਅੱਖਾਂ ਕਹਿੰਦੀਆਂ ਲੱਗ ਰਹੀਆਂ ਸਨ ਕਿ ਮੇਰੇ ਕੋਲੋਂ ਤਾਂ ਵਰਦੀ ਦੀ ਲਾਜ ਨਹੀਂ ਬਚਾਈ ਗਈ, ਹੁਣ ਤੁਸੀਂ ਇਸ 'ਤੇ ਖੇਹ ਨਾ ਸੁੱਟੋ। ਮੈਂ ਅੱਖਾਂ ਦੀ ਡੋਰ ਤੋੜ ਵਾਪਸ ਪਰਤ ਆਇਆ।
-ਮਿਹਰ ਸਿੰਘ ਰੰਧਾਵਾ
ਮੋਬਾਈਲ : 94646-75892.
ਮੋਬਾਈਲ : 94646-75892.
0 Comments:
Post a Comment
Subscribe to Post Comments [Atom]
<< Home