Thursday, June 28, 2012

ਪੰਜਾਬੀ ਕਹਾਣੀ- ਦਾਦੇ ਪੋਤੇ ਦੀ ਪ੍ਰੇਮ ਵਾਰਤਾ

ਕਾਲਜ ਪੜ੍ਹਦੇ ਪੋਤੇ ਨੇ ਹਲਕੇ-ਫੁਲਕੇ ਰੌਂਅ 'ਚ ਆਪਣੇ ਪਿਆਰੇ ਦਾਦੇ ਨੂੰ ਪੁੱਛਿਆ, 'ਦਾਦੂ, ਕੀ ਤੁਹਾਡੇ ਵੇਲਿਆਂ 'ਚ ਵੀ ਮੁੰਡੇ ਕੁੜੀਆਂ ਆਪਸ ਵਿਚ ਪ੍ਰੇਮ ਕਰਦੇ ਹੁੰਦੇ ਸੀ? ਕੀ ਕਰਦੇ ਹੁੰਦੇ ਸੀ ਉਹ ਉਦੋਂ?'
ਪੋਤੇ ਦਾ ਪ੍ਰਸ਼ਨ ਸੁਣਦਿਆਂ ਹੀ ਦਾਦੇ ਦੀ ਹਾਲਤ ਅਸਮਾਨੀ ਬਿਜਲੀ ਡਿੱਗੇ ਦਰੱਖਤ ਜਿਹੀ ਹੋ ਗਈ। ਪਲ ਦੀ ਪਲ ਤਾਂ ਉਸ ਨੂੰ ਇਉਂ ਲੱਗਿਆ ਜਿਵੇਂ ਉਸ ਦਾ ਹੱਥ ਚਾਰ ਸੌ ਚਾਲੀ ਵਾਟ ਦੀ ਨੰਗੀ ਤਾਰ ਨੂੰ ਲੱਗ ਗਿਆ ਹੋਵੇ। ਸ਼ਰਮ ਹਯਾ ਨਾਲ ਦਾਦੇ ਦਾ ਚਿਹਰਾ ਲਾਲ ਸੁਰਖ਼ ਹੋ ਗਿਆ। ਨੱਕ 'ਤੇ ਇਕਦਮ ਮੁੜ੍ਹਕਾ ਸਿੰਮ ਆਇਆ। ਦਾਦੇ ਦੀ ਪਤਲੀ ਪੈ ਗਈ ਹਾਲਤ ਦੇਖ ਕੇ ਪੋਤਾ ਇਕਦਮ ਘਬਰਾ ਗਿਆ। ਭੱਜ ਕੇ ਰਸੋਈ 'ਚੋਂ ਪਾਣੀ ਦਾ ਗਿਲਾਸ ਲਿਆ ਕੇ, ਦਾਦੇ ਨੂੰ ਫੜਾਇਆ। ਦਾਦਾ ਪਾਣੀ ਇਉਂ ਗਟਾਗਟ ਕਰਕੇ ਪੀ ਗਿਆ ਜਿਵੇਂ ਵਰ੍ਹਿਆਂ ਦਾ ਤਿਹਾਇਆ ਹੋਵੇ। ਪ੍ਰਸ਼ਨ ਦੇ ਝਟਕੇ ਤੋਂ ਸੰਭਲਦਿਆਂ, ਦਾਦੇ ਨੇ ਕੰਬਦੀ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ, 'ਪੋਤੇ, ਸਾਡੇ ਜ਼ਮਾਨੇ ਵਿਚ ਪ੍ਰੇਮ ਹੋਰ ਤਰ੍ਹਾਂ ਹੋਇਆ ਕਰਦਾ ਸੀ। ਅਸੀਂ ਲੁਕ-ਛਿਪ ਕੇ ਪ੍ਰੇਮ ਕਰਦੇ ਸੀ। ਕਈ ਕਈ ਵਰ੍ਹੇ ਕੁੜੀ ਨੂੰ ਪਤਾ ਹੀ ਨਹੀਂ ਸੀ ਲਗਦਾ ਕਿ ਫਲਾਂ ਮੁੰਡਾ ਉਸ ਨੂੰ ਪ੍ਰੇਮ ਕਰਦਾ ਹੈ। ਸਾਡਾ ਪ੍ਰੇਮ ਚੁੱਪ-ਚੁਪੀਤਾ ਹੁੰਦਾ ਸੀ। ਰੌਲੇ ਵਾਲਾ ਨ੍ਹੀਂ। ਕਈ ਕਈ ਚਿਰ ਤਾਂ ਮੁੰਡਿਆਂ ਦੀ ਜੁਰਅਤ ਨੀ ਸੀ ਪੈਂਦੀ ਕੁੜੀ ਨਾਲ ਗੱਲ ਕਰਨ ਦੀ। ਸ਼ੇਖ ਚਿੱਲੀ ਵਾਂਗ ਰੋਜ਼ ਘਰੋਂ ਮਤਾ ਪਕਾ ਕੇ ਜਾਂਦੇ ਸੀ ਆਪਣੇ ਦਿਲ ਦੀ ਗੱਲ ਕਹਿਣ ਨੂੰ, ਪਰ ਕੁੜੀ ਸਾਹਮਣੇ ਜਾਂਦਿਆਂ ਹੀ ਹਿੰਮਤ ਜਵਾਬ ਦੇ ਜਾਂਦੀ ਸੀ।'
'ਦਾਦੂ, ਤੁਸੀਂ ਲੁਕ-ਲੁਕ ਕੇ ਕਿਉਂ ਪ੍ਰੇਮ ਕਰਦੇ ਸੀ? ਮੁਗ਼ਲ-ਏ-ਆਜ਼ਮ ਫ਼ਿਲਮ ਦਾ ਇਹ ਗਾਣਾ ਵੀ ਤਾਂ ਤੁਹਾਡੇ ਵੇਲਿਆਂ ਦਾ ਹੀ ਸੀ, 'ਜਬ ਪਿਆਰ ਕੀਆ ਤੋ ਡਰਨਾ ਕਿਆ, ਪਿਆਰ ਕੀਆ ਕੋਈ ਚੋਰੀ ਨਹੀਂ ਕੀ, ਛੁਪ-ਛੁਪ ਆਹੇਂ ਭਰਨਾ ਕਿਆ, ਜਬ ਪਿਆਰ ਕੀਆ ਤੋ ਡਰਨਾ ਕਿਆ।'
ਦਾਦੂ ਹੁਣ ਠੰਢਾ ਪਾਣੀ ਪੀ ਲੈਣ ਕਰਕੇ ਹੌਸਲੇ 'ਚ ਆ ਗਿਆ ਹੋਇਆ ਸੀ। ਥੋੜ੍ਹਾ ਧੀਰਜ ਵੀ ਆ ਗਿਆ ਸੀ ਉਸ ਨੂੰ। ਕਹਿਣ ਲੱਗਾ, 'ਪੋਤੇ, ਅਸੀਂ ਉਦੋਂ ਬਦਨਾਮੀ ਤੋਂ ਬਹੁਤ ਡਰਦੇ ਹੁੰਦੇ ਸੀ। ਨਾਲੇ ਅਸੀਂ ਆਪਣੇ ਪ੍ਰੇਮੀ ਦੀ ਹੱਦੋਂ ਵੱਧ ਇੱਜ਼ਤ ਕਰਦੇ ਸੀ। ਅਸੀਂ ਤਾਂ ਆਪਣੇ ਪ੍ਰੇਮ ਦੀ ਭਾਫ ਨੀ ਸੀ ਨਿਕਲਣ ਦਿੰਦੇ। ਆਪਣੇ ਨੇੜਲੇ ਤੋਂ ਨੇੜਲੇ ਦੋਸਤ ਮਿੱਤਰ ਨੂੰ ਵੀ ਇਹ ਰਾਜ਼ ਉਜਾਗਰ ਨਹੀਂ ਸੀ ਹੋਣ ਦਿੰਦੇ। ਉਨ੍ਹਾਂ ਦਿਨਾਂ 'ਚ ਕੁੜੀਆਂ 'ਤੇ ਜੋ ਭੋਰਾ ਵੀ ਦਾਗ਼ ਲੱਗ ਜਾਂਦਾ ਤਾਂ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਸੀ।'
'ਦਾਦੂ, ਫੇਰ ਇਹ ਮੁਗ਼ਲ-ਏ-ਆਜ਼ਮ ਫ਼ਿਲਮ ਦਾ ਗਾਣਾ ਕਿਵੇਂ ਪਚਿਆ ਹੋਊ ਲੋਕਾਂ ਦੇ ਢਿੱਡ 'ਚ?' ਪੋਤੇ ਨੇ ਪੁੱਛਿਆ।
'ਦਾਦੇ ਕੋਲ ਇਸ ਸਵਾਲ ਦੇ ਤਾਂ ਕਈ ਜਵਾਬ ਸਨ। ਕਹਿਣ ਲੱਗਾ, 'ਪੋਤੇ, ਇਹ ਵਿਦਰੋਹ ਦੀ ਗੱਲ ਸੀ। ਸਾਡੇ ਵੇਲਿਆਂ 'ਚ ਵੀ ਇਕ ਅੱਧ ਪ੍ਰੇਮੀ ਜੋੜਾ ਵਿਦਰੋਹ ਕਰਦਾ ਸੀ। ਪਰ ਇਹ ਗੱਲ ਆਮ ਨਹੀਂ ਸੀ। ਨਾਲੇ ਮੁਗ਼ਲ-ਏ-ਆਜ਼ਮ ਵਾਲੀ ਗੱਲ ਬਾਦਸ਼ਾਹਾਂ ਨਾਲ ਜੁੜੀ ਹੋਈ ਸੀ। ਉਨ੍ਹਾਂ ਨੂੰ ਇਹੋ ਜਿਹੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਪਬਲਿਕ ਵੀ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤਾ ਨਹੀਂ ਸੀ ਸੋਚਦੀ ਹੁੰਦੀ। ਊਂ ਇਹ ਗਾਣਾ ਉਨ੍ਹਾਂ ਦਿਨਾਂ 'ਚ ਵੀ ਮੁੰਡਿਆਂ-ਕੁੜੀਆਂ ਨੂੰ ਬਹੁਤ ਵਧੀਆ ਲੱਗਾ ਸੀ। ਉਹ ਰਾਤੀਂ ਉੱਠ-ਉੱਠ ਇਹ ਗਾਣਾ ਗਾਉਣ ਲੱਗਦੇ ਸੀ।'
'ਪ੍ਰੇਮ ਦੇ ਮਾਮਲੇ 'ਚ ਤਾਂ ਫਿਰ ਦਾਦੂ ਤੁਸੀਂ ਡਰਪੋਕ ਹੀ ਸੀ। ਬਦਨਾਮ ਹੂਏ ਤੋ ਕਿਆ ਨਾਮ ਨਾ ਹੋਗਾ।' ਵਾਲੀ ਕਹਾਵਤ ਤਾਂ ਤੁਹਾਡੇ ਨੇੜੇ-ਤੇੜੇ ਨੀ ਸੀ ਢੁੱਕਦੀ। ਪ੍ਰੇਮ ਕਰਨ ਲਈ ਵੱਡਾ ਦਿਲ ਗੁਰਦਾ ਚਾਹੀਦਾ, ਜਿਹੜਾ ਤੁਹਾਡੇ ਵੇਲਿਆਂ ਦੇ ਮੁੰਡੇ-ਕੁੜੀਆਂ ਕੋਲ ਹੈਨੀ ਸੀ।'
ਪੋਤੇ ਦੇ ਇਸ ਚੈਲਿੰਜਨੁਮਾ ਸਵਾਲ 'ਤੇ ਦਾਦੇ ਨੂੰ ਗੁੱਸਾ ਤਾਂ ਆਇਆ ਪਰ ਉਹ ਪੁਰਾਣੀ ਆਦਤ ਮੂਜਬ ਪੀ ਹੀ ਗਿਆ। ਪਰ ਫਿਰ ਪੈਂਤਰਾ ਜਿਹਾ ਬਦਲ ਕੇ ਝੱਟ ਕਹਿਣ ਲੱਗਾ, 'ਪੋਤੇ, ਇਕ ਕਹਾਣੀ ਸੁਣ। ਤੈਨੂੰ ਗੱਲ ਸਮਝ ਆਜੂਗੀ। ਕਿਸੇ ਨੇ ਤੇਰੇ ਵਰਗੇ ਇਕ ਕਾਲਜੀਏਟ ਨੂੰ ਪੁੱਛਿਆ, 'ਕੀ ਤੁਸੀਂ ਕਿਸੇ ਨੂੰ ਪ੍ਰੇਮ ਕੀਤਾ ਹੈ?' ਮੁੰਡਾ ਝੱਟ ਦੇਣੇ ਬੋਲਿਆ, 'ਹਾਂ ਜੀ, ਕੀਤਾ ਐ।' 'ਕਿੰਨੀ ਕੁ ਸਫ਼ਲਤਾ ਮਿਲੀ ਫੇਰ?' 'ਫਿਫਟੀ ਪ੍ਰਸੈਂਟ ਯਾਨਿ ਪੰਜਾਹ ਫੀਸਦੀ'। 'ਉਹ ਕਿਵੇਂ? ਜ਼ਰਾ ਖੋਲ੍ਹ ਕੇ ਦੱਸੋ?' 'ਮਤਲਬ ਅਸੀਂ ਹੀ ਕਰਦੇ ਹਾਂ ਪ੍ਰੇਮ, ਕੁੜੀ ਨਹੀਂ ਕਰਦੀ।' 'ਸਾਡੇ ਵੇਲੇ ਤਾਂ ਇਹ ਹਾਲਤ ਸੀ ਕਿ ਅਸੀਂ ਤਾਂ ਲੁਕ-ਲੁਕ ਕੇ ਦੇਖਦੇ ਹੁੰਦੇ ਸੀ ਕੁੜੀ ਨੂੰ। ਕਦੀ ਨਜ਼ਰ ਨਹੀਂ ਮਿਲਾਈ ਸੀ। ਸੱਚ ਪੁੱਛੋ ਤਾਂ ਅਸੀਂ ਦਾਗ਼ ਲੱਗਣੋਂ ਡਰਦੇ ਸੀ।'
'ਪਰ ਦਾਦੂ ਪ੍ਰੇਮ ਤਾਂ ਕਹਿੰਦੇ ਹੁੰਦੇ ਆ ਬਈ ਰੱਬੀ ਦੇਣ ਹੁੰਦੀ ਐ। ਉੱਚੀ-ਸੁੱਚੀ ਚੀਜ਼ ਹੁੰਦੀ ਆ। ਫਿਰ ਤੁਸੀਂ ਏਨਾ ਕਾਹਤੋਂ ਡਰਦੇ ਹੁੰਦੇ ਸੀ?'
'ਪੋਤੇ, ਸਮਾਜ ਨਹੀਂ ਸੀ ਨਾ ਇਸਨੂੰ ਏਦਾਂ ਸਵੀਕਾਰ ਕਰਦਾ। ਸਾਡਾ ਵਾਹ ਤਾਂ ਦੁਨਿਆਵੀ ਲੋਕਾਂ ਨਾਲ ਪੈਂਦਾ ਸੀ, ਜੋ ਪ੍ਰੇਮ ਦੀ ਪ੍ਰੀਭਾਸ਼ਾ ਨਹੀਂ ਸੀ ਸਮਝਦੇ।'
ਪਰ ਸਾਡੇ ਵੇਲਿਆਂ 'ਚ ਤਾਂ ਏਦਾਂ ਨਹੀਂ ਹੁੰਦਾ। ਅਸੀਂ ਤਾਂ ਤੁਹਾਡੇ ਨਾਲੋਂ ਬਹਾਦਰ ਆਂ', ਪੋਤੇ ਨੇ ਛਾਤੀ ਤਾਣ ਕੇ ਆਖਿਆ।
ਪੋਤੇ ਦੇ ਇਉਂ ਆਖਣ 'ਤੇ ਦਾਦਾ ਖਿਝ ਗਿਆ। ਮੂੰਹ ਵਿਗਾੜ ਕੇ ਕਹਿਣ ਲੱਗਾ, 'ਤੁਸੀਂ ਸਾਡੇ ਨਾਲੋਂ ਬਹਾਦਰ ਨੀ, ਬੇਸ਼ਰਮ ਜ਼ਿਆਦਾ ਆਂ। ਅੱਜਕਲ੍ਹ ਤਾਂ ਮੁੰਡੇ-ਕੁੜੀਆਂ ਆਮ ਬੈਠੇ ਗੱਪਾਂ ਛੱਡਦੇ ਰਹਿੰਦੇ ਆ। ਭੋਰਾ ਕੁ ਨੇੜਤਾ ਹੋਣ 'ਤੇ ਹੀ ਝੱਟ ਕੰਟੀਨ ਜਾਂ ਸਿਨੇਮੇ ਜਾ ਵੜਦੇ ਆ। ਢੀਠਾਂ ਵਾਂਗ ਹਿਣਹਿਣ ਕਰ ਛੱਡਦੇ ਆ। ਮਾਪਿਆਂ ਦੀ ਇੱਜ਼ਤ/ਬੇਇਜ਼ਤੀ ਦਾ ਭੋਰਾ ਖਿਆਲ ਨਹੀਂ ਹੁੰਦਾ ਇਨ੍ਹਾਂ ਨੂੰ। ਅੱਜ ਭੋਰਾ ਕੁ ਮਿਲਦੇ ਆ, ਕੱਲ੍ਹ ਨੂੰ ਹੀ ਵਿਆਹ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ। ਮਾਪੇ ਡਰਦੇ ਚੀਂ-ਚਾਂ ਨੀ ਕਰਦੇ। ਸਾਡੇ ਵੇਲਿਆਂ 'ਚ ਪਿਆਰ ਪਵਿੱਤਰ ਹੁੰਦਾ ਸੀ। ਸਾਡੇ ਵੇਲੇ ਦੀ ਇਕ ਕਹਾਵਤ ਮਸ਼ਹੂਰ ਸੀ, 'ਲੁਕ ਛਿਪ ਕੇ ਖਾਈਏ, ਭਾਵੇਂ ਆਪਣਾ ਹੀ ਗੁੜ ਖਾਈਏ ਜੀ।' ਪੋਤੇ, ਤੁਸੀਂ ਸਾਡਾ ਮੁਕਾਬਲਾ ਨੀ ਕਰ ਸਕਦੇ।'
ਦਾਦੇ ਦੀ ਗੱਲ ਸੁਣ ਕੇ ਪੋਤਾ ਵੀ ਕੇਰਾਂ ਤਾਂ ਤੈਸ਼ ਵਿਚ ਆ ਗਿਆ ਸੀ। ਕਹਿਣ ਲੱਗਾ, 'ਦਾਦੂ, ਮੁਹੱਬਤ ਕਰਨ ਲਈ ਜ਼ੇਰਾ ਚਾਹੀਦਾ। ਜਿਹੜਾ ਤੁਹਾਡੇ ਵੇਲੇ ਦੇ ਨੌਜਵਾਨਾਂ ਕੋਲ ਹੈਨੀ ਸੀ। ਡਰੂ ਬੰਦਾ ਦੂਸਰੇ ਨੂੰ ਤਾਂ ਕੀ ਖੁਦ ਆਪਣੇ-ਆਪ ਨੂੰ ਪ੍ਰੇਮ ਨੀ ਕਰ ਸਕਦਾ। ਨਾਲੇ ਉਦੋਂ ਦੇ ਨੌਜਵਾਨਾਂ ਕੋਲ ਪ੍ਰੇਮਿਕਾ ਨੂੰ ਸਮੋਸੇ ਖਿਲਾਉਣ, ਫ਼ਿਲਮ ਦਿਖਾਉਣ ਜੋਗੇ ਪੈਸੇ ਸੀ ਕਿੱਥੇ ਹੁੰਦੇ ਸੀ। ਆਨਾ-ਟਕਾ ਤਾਂ ਮਿਲਦਾ ਹੁੰਦਾ ਵੀ ਜੇਬ੍ਹ ਖਰਚ। ਪ੍ਰੇਮ ਕਰਨ ਲਈ ਪੈਸਾ ਵੀ ਚਾਹੀਦਾ ਹੁੰਦਾ। ਨੰਗ-ਮਲੰਗ ਬੰਦਾ ਪ੍ਰੇਮ ਕਿੱਥੋਂ ਕਰ ਲੂ?'
ਦਾਦੇ ਕੋਲ ਪੋਤੇ ਦੇ ਇਸ ਤਰਕ ਦਾ ਕੋਈ ਜਵਾਬ ਨਹੀਂ ਸੀ। ਉਸ ਦਾ ਪ੍ਰੇਮ ਤਰਕ ਪੋਤੇ ਸਾਹਵੇਂ ਮਾਤ ਖਾ ਗਿਆ ਸੀ।

                                                                                            ਕੇ. ਐਲ. ਗਰਗ
                                                                                    ਮੋਬਾਈਲ : 94635-37050

0 Comments:

Post a Comment

Subscribe to Post Comments [Atom]

<< Home