Thursday, June 28, 2012

ਹਾਸ ਵਿਅੰਗ- ਤੂੰ ਸਾਰੇ ਈ ਲੈ ਜਾ ਭਾਈ...

ਨਿਮਾਣਾ ਸਿਹੁੰ ਇਹ ਗੱਲ ਭਲੀ-ਭਾਂਤ ਜਾਣਦਾ ਸੀ ਕਿ ਬਾਰਾਂ ਸਾਲਾਂ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਹੈ। ਨਿਮਾਣਾ ਸਿਹੁੰ ਨੂੰ ਵੀ ਆਪਣੇ ਇਲਾਕੇ ਵਿਚ ਦੌੜ-ਭੱਜ ਅਤੇ ਕੰਮ ਕਰਦਿਆਂ ਇਕ ਦਹਾਕੇ ਤੋਂ ਵੱਧ ਸਮਾਂ ਲੰਘ ਚੁੱਕਾ ਸੀ। ਇਲਾਕੇ ਵਿਚ ਹੁੰਦੇ ਸਮਾਗਮਾਂ 'ਚ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਵਰਤਾਉਣ ਜਾਂ ਪੰਡਾਲ ਲਾਉਣ ਵਾਲਿਆਂ ਨੂੰ ਹਰ ਸਮਾਗਮ 'ਤੇ ਸਨਮਾਨਿਤ ਕਰ ਦਿੱਤਾ ਜਾਂਦਾ ਪਰ ਨਿਮਾਣਾ ਸਿਹੁੰ ਦੀ ਕੋਈ ਸਿਫਾਰਸ਼ ਨਾ ਹੋਣ ਕਰਕੇ ਪ੍ਰਬੰਧਕਾਂ ਵੱਲੋਂ ਉਸ ਨੂੰ ਕੰਮਕਾਜ ਵਿਚ ਉਲਝਾਉਣ ਤੋਂ ਸਿਵਾਏ ਉਸ ਨੂੰ ਸਮਾਗਮ ਦੇ ਨੇੜੇ-ਤੇੜੇ ਢੁਕਣ ਦਾ ਮੌਕਾ ਵੀ ਨਾ ਦਿੱਤਾ ਜਾਂਦਾ।
'ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ' ਵਾਲੀ ਕਹਾਵਤ ਸੱਚ ਹੋਈ। ਰੱਬ ਨੇ ਸੁਣੀ, ਇਕ ਸਮਾਗਮ ਦੌਰਾਨ ਕਿਸੇ ਭਲੇ ਪੁਰਖ ਦੇ ਕਹਿਣ 'ਤੇ ਨਿਮਾਣਾ ਸਿਹੁੰ ਦਾ ਨਾਂਅ ਵੀ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਲਿਸਟ ਵਿਚ ਸ਼ਾਮਿਲ ਕਰ ਲਿਆ ਗਿਆ। ਨਿਮਾਣਾ ਸਿਹੁੰ ਨੂੰ ਪ੍ਰਬੰਧਕਾਂ ਵੱਲੋਂ ਕੁਝ ਰੁਪਏ ਦਿੱਤੇ ਗਏ ਅਤੇ ਬੜੀ ਬੇਰੁਖੀ ਆਵਾਜ਼ ਵਿਚ ਕਿਹਾ ਗਿਆ ਜੋ ਚੰਗਾ ਲਗਦਾ ਈ ਖਰੀਦ ਲਈਂ, ਪੈਕਿੰਗ ਪੇਪਰ ਵਿਚ ਪੈਕ ਕਰਕੇ ਅਤੇ ਉਪਰ ਆਪਣੇ ਨਾਂਅ ਦਾ ਸਟਿੱਕਰ ਲਗਾ ਕੇ ਸਾਨੂੰ ਫੜਾ ਦੇਵੀਂ, ਇਹੋ ਗਿਫਟ ਦੇ ਤੌਰ 'ਤੇ ਮੁੱਖ ਮਹਿਮਾਨ ਕੋਲੋਂ ਤੈਨੂੰ ਦਿਵਾ ਦਿੱਤਾ ਜਾਵੇਗਾ। ਨਿਮਾਣਾ ਸਿਹੁੰ ਦੀਆਂ ਵਾਛਾਂ ਖਿੜ ਗਈਆਂ, ਖੁਸ਼ੀ ਸੰਭਾਲੀ ਨਾ ਜਾਵੇ। ਨਿਮਾਣਾ ਸਿਹੁੰ ਦੇ ਚਿਹਰੇ ਦੀ ਖੁਸ਼ੀ ਅਤੇ ਪੈਰ ਭੁੰਜੇ ਨਾ ਲਗਦੇ ਦੇਖ ਹਰ ਸਾਲ ਸਨਮਾਨਿਤ ਹੋਣ ਵਾਲਿਆਂ ਨੇ ਤਾਂ ਇਹ ਟਕੋਰ ਵੀ ਕਰ ਦਿੱਤੀ ਕਿ ਮੁਫਤ ਦੀ ਤਾਂ ਚਪੇੜ ਵੀ ਮਾਣ ਨੀਂ ਹੁੰਦੀ, ਇਹ ਤਾਂ ਫਿਰ ਰੁਪਏ ਆ ਭਾਈ।
ਨਿਮਾਣਾ ਸਿਹੁੰ ਨੇ ਘਰ ਆ ਕੇ ਆਪਣੀ ਸ੍ਰੀਮਤੀ ਨੂੰ ਨਾਲ ਲਿਆ ਅਤੇ ਬਾਜ਼ਾਰ ਨੂੰ ਚਾਲੇ ਪਾ ਦਿੱਤੇ। ਹੋਰ ਰੁਪਏ ਕੋਲੋਂ ਪਾ ਕੇ ਆਪਣੀ ਮਰਜ਼ੀ ਦਾ ਸੂਟ ਲਿਆ। ਉਪਰੰਤ ਡੱਬੇ ਵਿਚ ਰੱਖ ਲਿਸ਼ਕਣੇ ਕਾਗਜ਼ ਵਿਚ ਪੈਕ ਕਰਵਾ ਕੇ ਆਪਣੇ ਨਾਂਅ ਦੀ ਉਸ ਉਪਰ ਚਿੱਟ ਲਗਵਾ ਕੇ ਪ੍ਰਬੰਧਕਾਂ ਦੇ ਹਵਾਲੇ ਕਰ ਦਿੱਤਾ। ਸਟੇਜ ਸਕੱਤਰ ਵੱਲੋਂ ਇਨਾਮੀਆਂ ਦੇ ਨਾਂਅ ਬੋਲਣੇ ਸ਼ੁਰੂ ਕਰ ਦਿੱਤੇ ਗਏ। ਨਿਮਾਣਾ ਸਿਹੁੰ ਨੂੰ ਸਟੇਜ ਉਪਰ ਚੜ੍ਹਦਿਆਂ ਇਕ ਇਨਾਮੀ ਨੇ ਉਸ ਦੀ ਟੁੱਟੀ ਬਾਂਹ ਤੋਂ ਫੜ ਕੇ ਇਸ ਤਰ੍ਹਾਂ ਖਿੱਚਿਆ ਜਿਵੇਂ ਨਲਕੇ ਦੀ ਹੱਥੀ ਬੈਕ ਮਾਰਦੀ ਹੈ। ਦਰਦ ਨਾਲ ਤ੍ਰਾਹ-ਤ੍ਰਾਹ ਕਰਦਾ ਨਿਮਾਣਾ ਸਿਹੁੰ ਵੀ ਇਨਾਮੀਆਂ ਦੀ ਕਤਾਰ ਵਿਚ ਜਾ ਖਲੋਤਾ। ਇਨਾਮੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਹਫੜਾ-ਦਫੜੀ ਵਿਚ ਗਿਫਟ ਪੈਕ ਇਕ ਦੂਜੇ ਨਾਲ ਵਟਾਏ ਗਏ। ਇਕ ਖਾਸ ਥਾਂ 'ਤੇ ਜਾ ਸਾਰਿਆਂ ਨੇ ਆਪਣੇ ਗਿਫਟ ਇਸ ਤਰ੍ਹਾਂ ਭੂਆਂ ਕੇ ਮਾਰੇ ਜਿਵੇਂ ਸਿਰ ਤੋਂ ਪੱਠਿਆਂ ਵਾਲੀ ਪੰਡ ਲਾਹ ਕੇ ਸੁੱਟੀ ਦੀ ਹੈ। 'ਤੂੰ ਨਹੀਂ ਸੁਟਦਾ, ਇਹਨੂੰ ਕੱਛੇ ਮਾਰੀ ਫਿਰਦਾ ਏਂ' ਇਕ ਸਾਥੀ ਨੇ ਨਿਮਾਣਾ ਸਿਹੁੰ ਦੀ ਕੱਛ ਵਿਚ ਮਾਰਿਆ ਗਿਫਟ ਕੱਢ ਕੇ ਵਗਾਹ ਮਾਰਿਆ। ਨਿਮਾਣਾ ਸਿਹੁੰ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਇਕ ਸੀਨੀਅਰ ਮੈਂਬਰ ਦਾ ਹੱਥ ਫੜ ਨਿਮਾਣਾ ਸਿਹੁੰ ਉਸ ਨੂੰ ਪਾਸੇ ਲੈ ਗਿਆ ਤੇ ਦੱਸਿਆ ਕਿ ਮੇਰਾ ਤਾਂ ਇਨ੍ਹਾਂ ਗਿਫਟ ਪੈਕਟਾਂ ਵਿਚ ਕੀਮਤੀ ਸੂਟ ਪੈਕ ਹੈ। ਉਹ ਖਿੜ-ਖਿੜਾ ਕੇ ਹੱਸਿਆ ਤੇ ਕਹਿਣ ਲੱਗਾ ਕਿ ਸੱਚੀਂ-ਮੁੱਚੀਂ ਕਮਲਾ ਈ ਆ, ਤੈਨੂੰ ਨਹੀਂ ਪਤਾ ਇਥੋਂ ਦੀ ਰਵਾਇਤ ਆ ਕੇ ਪੈਸੇ ਜੇਬੇ ਵਿਚ ਪਾਓ ਅਤੇ ਇਨਾਮ ਲੈਣ ਦੀ ਫਾਰਮੈਲਟੀ ਪੂਰੀ ਕਰਨ ਲਈ ਖਾਲੀ ਡੱਬੇ ਜਾਂ ਰੱਦੀ ਨੂੰ ਗਿਫਟ ਪੈਕ ਵਿਚ ਕਰ ਲਓ, ਤੂੰ ਇਸ ਤਰ੍ਹਾਂ ਨਹੀਂ ਕੀਤਾ? ਨਹੀਂ ਸਰ ਜੀ! ਮੇਰਾ ਤਾਂ ਕੀਮਤੀ ਸੂਟ ਹੈ ਇਨ੍ਹਾਂ ਵਿਚ। ਜਲਦੀ-ਜਲਦੀ ਲੱਭ ਜਾ ਕੇ। ਲੋਕ ਚਾਹ ਕੌਫ਼ੀ ਪਕੌੜੇ ਅਤੇ ਬਿਸਕੁਟਾਂ ਦਾ ਆਨੰਦ ਲੈ ਰਹੇ ਸਨ, ਨਿਮਾਣਾ ਸਿਹੁੰ ਢੇਰ ਫਰੋਲਣ ਵਾਲਿਆਂ ਵਾਂਗ ਗਿਫਟ ਪੈਕਾਂ ਨੂੰ ਖੋਲ੍ਹ-ਖੋਲ੍ਹ ਦੇਖਣ ਵਿਚ ਗੁਆਚਿਆ ਹੋਇਆ ਸੀ। ਉਧਰ ਇਨਾਮ ਲੈਣ ਵਾਲੇ ਬਾਕੀ ਸਿਫਾਰਸ਼ੀ ਕੌਫ਼ੀ ਦੀਆਂ ਚੁਸਕੀਆਂ ਲੈਂਦੇ ਮੱਥੇ 'ਤੇ ਤਿਊੜੀਆਂ ਅਤੇ ਲਾਲ-ਲਾਲ ਅੱਖਾਂ ਕੱਢਦਿਆਂ ਜਿਥੇ ਨਿਮਾਣਾ ਸਿਹੁੰ ਦੀ ਨਲਾਇਕੀ 'ਤੇ ਹੱਸ ਰਹੇ ਸਨ, ਉਥੇ ਆਪਣੀ ਹੁਸ਼ਿਆਰੀ 'ਤੇ ਵੱਖਰਾ ਜਿਹਾ ਨਸ਼ਾ ਮਹਿਸੂਸ ਕਰਦੇ ਦੱਬਵੀਂ ਆਵਾਜ਼ ਵਿਚ ਕਹਿ ਰਹੇ ਸਨ, ਤੂੰ ਸਾਰੇ ਈ ਲੈ ਜਾ ਭਾਈ...।
ਸੁਖਬੀਰ ਸਿੰਘ ਖੁਰਮਣੀਆਂ
-ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ-143002.
ਮੋਬਾਈਲ : 98555-12677

0 Comments:

Post a Comment

Subscribe to Post Comments [Atom]

<< Home