Friday, December 28, 2012

Punjabi kahani- ਪਾਟੀਆਂ ਜੁੱਲੀਆਂ!!!!!!!!!!


ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / (ਵਿਅੰਗ)
ਡਾ.ਸਾਧੂ ਰਾਮ ਲੰਗੇਆਣਾ
ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਕਾਰਨ ਮੌਕੇ ਦੀ ਹਾਕਮ ਸਰਕਾਰ ਨੇ ਗਰੀਬ ਲੋਕਾਂ ਦੇ ਘਰਾਂ ਵਿੱਚ ਪੱਕੇ ਪਖਾਨੇ ਬਣਾਉਣ ਦੀ ਸਹੂਲਤ ਜਾਰੀ ਕੀਤੀ। ਸਾਡੇ ਪਿੰਡ ਤਾਏ ਨਰਾਇਣੇਂ ਕੇ ਘਰ ਵੀ ਪੰਚਾਇਤ ਸੈਕਟਰੀ ਤੇ ਸਰਪੰਚ ਘਰਾਂ ਦਾ ਸਰਵਾ ਕਰਦੇ-ਕਰਦੇ ਪਹੁੰਚ ਗਏ

          ਆਓ ਬਈ ਜਵਾਨੋਂ…ਕਿਹੜੇ ਅਂੈ…ਕਿਮੇਂ ਆਉਣਾ ਹੋਇਐ ਥੋਡਾ, ਬੱਕਰੀਆਂ ਵਾਲੇ ਟੁੱਟੇ ਛੱਪਰ ਹੇਠ ਬੈਠੇ ਤਾਏ ਨਰਾਇਂਣੇ ਨੇ ਘਰ ਦੀ ਦੇਹਲੀ ਅੰਦਰ ਹੋਇਆਂ ਦੋਵਾਂ ਜਾਣਿਆਂ ਨੂੰ ਅੱਖਾਂ ਤੋਂ ਥੋੜਾ ਐਨਕ ਉਪਰ ਚੁੱਕਦਿਆਂ ਆਖਿਆ……, ਤਾਇਆ ਮੈਂ, ਸਰਪੰਚ ਕੋਕਾ ਸਿੰਘ ਤੇ ਮੇਰੇ ਨਾਲ ਸੈਕਟਰੀ……

        ਓ ਬੱਲੇ-ਬੱਲੇ ਅੱਜ ਖੜਪੰਚ (ਸਰਪੰਚ) ਸੈਬ ਨੂੰ ਕਿਮੇਂ ਦਿਸ ਗਈ। ਗਰੀਬ ਦੀ ਕੁੱਲੀ, ਸ਼ੁਕਰ ਐ… ਸ਼ੁਕਰ ਐ… ਜੇ ਕੀੜੀ ਘਰ ਨਰੈਂਣ ਆਏ ਨੇ, ਉਂਝ ਤਾਏ ਦੀ ਜਿੱਥੇ ਅੱਖਾਂ ਤੋਂ ਨਿਗ੍ਹਾ ਘੱਟ ਸੀ ਉੱਥੇ ਕੰਨਾਂ ਤੋਂ ਵੀ ਕੁਝ ਉੱਚਾ ਸੁਣਦਾ ਸੀ

ਸਰਪੰਚ:- ਤਾਇਆ ਤੇਰੇ ਲਈ ਖੁਸ਼ਖਬਰੀ ਹੈ, ਕਿ ਸਰਕਾਰ ਨੇ ਗਰੀਬ ਲੋਕਾਂ ਲਈ ਲੈਟਰੀਨਾਂ ਦੀ ਸਹੂਲਤ ਜਾਰੀ ਕੀਤੀ ਐ, ਤੇ ਇਹ ਸੈਕਟਰੀ ਅੱਜ ਆਇਆ ਸਕੀਮ ਦੇਣ

ਤਾਇਆ:- ਓ… ਬੱਲੇ ਓਏ ਸ਼ੇਰ ਬੱਗਿਆ, ਸ਼ਾਬਾਸ਼ੇ ਤੇਰੇ…ਤੂੰਂ ਕਹਿ ਦਿੱਤਾ, ਬੱਸ ਸਭ ਕੁਝ ਆ ਗਿਆ, ਲੱਖ ਮਣਾਂ, ਪਰ ਮੇਰਾ ਇਰਾਦਾ ਨਈਂ ਐਂ, ਐਹੋ ਜਿਹੀ ਲੈਟ-ਲੂਟ ਦੇ ਝਮੇਲੇ ਵਿੱਚ ਪੈਣ ਦਾ, ਐਂਵੇ ਕਿਤੇ ਹੱਥ ਲੱਗ ਗਿਆ ਤਾਂ ਹੋਰ ਜਾਹ ਜਾਂਦੀ ਹੋਓੂ

    ਸਾਨੂੰ ਤਾਂ ਗਰੀਬਾਂ ਨੂੰ ਸਰੋਂ ਦੇ ਤੇਲ ਵਾਲਾ ਦੀਵਾ ਜਾਂ ਮਿੱਟੀ ਦੇ ਤੇਲ ਵਾਲੀ ਲਾਲਟੈਣ ਈ ਚੰਗੀ ਐ, ਅਸੀਂ ਕਿਹੜਾ ਹੁਣ ਬੁੱਢੇ ਬਾਰੇ ਲੈਟਾਂ ਲਵਾ ਕੇ ਰਾਤਾਂ ਨੂੰ ਮੋਤੀ ਪਰੋਣੇਂ ਹੁੰਦੇ ਨੇ

ਸਰਪੰਚ:- (ਮੁਸਕੜੀ ਹੱਸ ਜ਼ਰਾ ਜ਼ੋਰ ਦੇ ਕੇ ਬੋਲਦਾ ਹੋਇਆ) ਤਾਇਆ ਲਾਇਟ ਨਹੀਂ, ਲੈਟਰੀਨ ਐ ਲੈਟਰੀਨ…

ਤਾਇਆ:- ਓ ਸ਼ੇਰ ਬੱਗਿਆ, ਮੈਂ ਖਿਆ ਸਾਰੀ ਉਮਰ ਬਥੇਰੀਆਂ ਪਾਈਆਂ ਨੇ… ਕਦੇ ਨ੍ਹੀਂ ਇਹਨਾਂ ਕੰਜਰ ਦੀਆਂ ਲੈਟਰੀਆਂ ਚੋਂ ਪੰਜ ਪੈਸੇ ਵੀ ਨਿਕਲੇ, ਬੱਸ ਕੇਰਾਂ 'ਨਿਗਾਹੇ' ਦੇ ਮੇਲੇ ਚੋਂ ਦੋ ਸਿੱਲਾਂ ਵਾਲੀ ਬੈਟਰੀ ਨਿਕਲੀ ਸੀ, ਇਹ ਤਾਂ ਕਿਸਮਤ ਦੇ ਗੇੜ ਹੁੰਦੇ ਨੇ, ਨਹੀਂ ਤਾਂ ਬਾਕੀ ਸਾਰੀਆਂ ਸੁੱਕੀਆਂ ਹੀ ਗਈਆਂ ਲੈਟਰੀਆਂ

ਸਰਪੰਚ:_ (ਅੱਗੇ ਨਾਲੋਂ ਮੁਸਕਰਾਹਟ ਜ਼ਿਆਦਾ ਪਰ ਖਸਿਆਨਾ ਜਿਹੇ ਲਹਿਜੇ ਚ ਪਹਿਲਾਂ ਨਾਲੋਂ ਫਿਰ ਜ਼ੋਰ ਦੇ ਕੇ ਤਾਏ ਦੇ ਕੰਨ ਕੋਲ ਕਹਿਣ ਲੱਗਾ) ਤਾਇਆ ਉਹ ਲਾਟਰੀ ਨਹੀਂ, ਇਹ ਲੈਟਰੀਨ ਦਾ ਮਤਲਬ ਐ, ਥੋਡੇ ਘਰ ਵਿੱਚ ਪੱਕੀ ਟੱਟੀ ਬਣਾਈ ਜਾਣੀ ਐ, ਟੱਟੀ… ਤੇ ਇਹ ਅਫਸਰ ਤਾਹੀਂ ਆਇਐ, ਸਕੀਮ ਦੇ ਕਾਗਜ਼ ਭਰਨ… ਤੇ ਲਾਦੇ ਕੇਰਾਂ ਫਿਰ ਖੱਬੇ ਹੱਥ ਦਾ ਅੰਗੂਠਾ ਫਾਰਮਾਂ ਤੇ, ੧੫੦੦ ਦੀ ਰਕਮ ਹੋਣੀ ਐ ਮੰਨਜੂਰ…

ਤਾਇਆ:- ਓਏ, ਸ਼ੇਰ ਬੱਗਿਆ ਸਾਡੇ ਗਰੀਬਾਂ ਦੀਆਂ ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ ਤੇ ਅਸੀਂ ਤਰਸ-ਤਰਸ ਕੇ ਖਾਂਦੇ ਹਾਂ ਬੇਹੀਆਂ ਗੁੱਲੀਆਂ, ਜੇ ਸਾਡੀ ਸਵਾਤ ਦੀ ਛੱਤ ਤੇ ਚਿੜੀ ਵੀ ਮੂਤ ਜਾਵੇ, ਤਾਂ ਪਰਲ…ਪਰਲ… ਚੋਂਣ (ਚਿਉਣ) ਲੱਗ ਪੈਂਦੀ ਐ…

   ਬੱਕਰੀਆਂ ਤੇ ਜੰਤਰ ਦੇ ਕਾਨਿਆਂ ਦਾ ਸਿਰ ਅਢਕਾ ਕੀਤਾ ਏ, ਤੇ ਜੇ ਤੂੰ ਸਾਡੇ ਪਾਣੀ ਵਾਲੇ ਪੰਪ ਵੱਲ ਜਾਂ ਖੰਡ,ਘਿਓ,ਦਾਲਾਂ ਵਾਲੇ ਖਾਲੀ ਡੱਬਿਆਂ ਵੱਲ ਝਾਤ ਮਾਰ ਕੇ ਦੇਖ ਲਵੇਂ, ਤਾਂ ਹੋ ਸਕਦਾ, ਤੈਨੂੰ ਵੀ ਕਬਜ਼ੀ ਹੋ ਜਾਵੇ, ਨਾਲੇ ਅਸੀਂ ਗਰੀਬਾਂ ਨੇ ਕਦੇ ਢਿੱਡ ਭਰ ਕੇ ਤਾਂ ਚੰਗੀ ਤਰ੍ਹਾਂ ਦੇਖਿਆ ਈ ਕਦੇ ਨੀਂ, ਅੰਦਰੋਂ ਪੋਟਾ ਤਾਂ ਸੁੱਕ ਕੇ ਇਉਂ ਕਾਲਜੇ ਨਾਲ ਲੱਗਾ ਪਿਆ, ਜਿਵੇਂ ਸ਼ਤੀਰ ਨਾਲ ਕਿਰਲੀ ਚੰਬੜੀ ਹੋਵੇ, ਬੁਢਾਪਾ ਪੈਨਸ਼ਨ ਵੀ ੫-੫ ਮਹੀਨਿਆਂ  ਤੋਂ ਨਹੀਂ ਮਿਲਦੀ ਤੇ ਕਬਜ਼ੀ ਤਾਂ ਸਾਨੂੰ ਹੋਈ ਰਹਿੰਦੀ ਐ, ਟੱਟੀ ਸਾਨੂੰ ਸਵਾਹ ਆਉਣੀ ਐ, ਤੇ ਨਾਲੇ ਪਹਿਲਾਂ ਸਾਡੇ ਖੂਹੀ ਵਾਲੀ ਟੱਟੀ ਬਣੀ ਹੋਈ ਐ, ਦੋ ਮਰਲਿਆਂ ਚ ਤਾਂ ਪਹਿਲਾਂ ਈ ਬੈਠੇ ਆਂ…

  ਤੁਸੀਂ ਪਹਿਲਾਂ ਗਰੀਬਾਂ ਦੇ ਢਿੱਡ ਭਰਨ ਦਾ ਕੋਈ ਬੰਦੋਬਸਤ ਕਰੋ, ਢਿੱਡ ਭਰੂਗਾ, ਕਬਜ਼ੀ ਖੁੱਲੂਗੀ, ਫੇਰ ਅਸੀਂ ਟੱਟੀ ਜਾਵਾਂਗੇ (ਤਾਇਆ ਢਿੱਡ ਦੀ ਸੱਚੀ ਭੜਾਸ ਲਗਾਤਾਰ ਹੀ ਸਰਪੰਚ ਤੇ ਇਓੁਂ ਕੱਢ ਗਿਆ ਜਿਵੇਂ ਸਰਪੰਚ ਸਹੂਲਤ ਨਹੀਂ ਸਗੋਂ ਬਲਦੀ ਤੇ ਪੈਟਰੋਲ ਪਾਉਣ ਆਇਆ ਹੋਵੇ) 

ਸਰਪੰਚ:- ਨਹੀ.ਨਹੀ. ਤਾਇਆ ਤੂੰ ਸਾਡੀ ਗੱਲ ਸਮਝਣ ਦੀ ਕੋਸ਼ਿਸ਼ ਕਰ, ਤੇ ਅਸੀਂ ਹੋਰਨਾਂ ਘਰਾਂ ਚ ਵੀ ਜਾਣਾ ਐ, ਉਤੋਂ ਬੀ.ਡੀ.ਪੀ.ਓ. ਨੇ ਵੀ ਫੇਰ ਚੈਕਿੰਗ ਕਰਨ ਆਉਣੈਂ, ਤੂੰ ਜ਼ਰਾ ਅੰਗੂਠਾ ਲਾ ਫਾਰਮ ਤੇ ਸਾਡਾ ਕੰਮ ਨਬੇੜ, ਐਂਵੇਂ ਸਾਡੀ ਪੰਚਾਇਤ ਦੀ ਖਿਚਾਈ ਹੋਊਗੀ

ਤਾਇਆ:- ਦੋਵੇਂ ਹੱਥ ਜੋੜ ਕੇ (ਬੀ.ਡੀ.ਪੀ.ਓ.ਨੂੰ) ਚਾਹੇ ਆਵੇ ਕੋਈ ਬੀੜੀਆਂ ਪੀਣ ਵਾਲਾ ਚਿੱਕ ਕਰਨ, ਤੇ ਚਾਹੇ ਆਵੇ ਚਿਲਮ ਪੀਣ ਵਾਲਾ, ਪਰ ਸ਼ੇਰੋ ਥੋਡੇ ਮੂਹਰੇ ਬੰਨੇ ਹੱਥ… ਗਾਂਹ ਨੂੰ ਵੋਟਾਂ ਵੀ ਥੋਨੂੰ ਈ ਪਾਵਾਂਗੇ, ਪਰ ਹੁਣ ਮੈਂ ਵਿਹੜਾ ਨਹੀਂ ਪਟਵਾਉਣਾ… ਨਾਲੇ ਮੈਂ ਥੋਨੂੰ ਇੱਕ ਨੇਕ ਸਲਾਹ ਦਿੰਨੈ, ਵਈ ਖੜਪੰਚਾ ਮੈਨੂੰ ਪਤਾ ਤੁਸੀਂ ਵੀ ਕਿਹੜਾ ਅਪਸਰਾਂ (ਅਫਸਰਾਂ) ਦਾ ਢਿੱਡ ਗੀਸੇ ਚੋਂ ਭਰਨਾਂ ਹੁੰਦੈ, ਬਈ ਤੂੰ ਐਂ ਕਰ ਲੈ, ਕਿ ਬਈ ਜਿਹੜੀ ਆਪਾਂ ਰਕਮ ਖਰਾਬ ਕਰਨੀ ਐਂ ਤੁਸੀਂ ਉਹਦੇ ਚੋਂ ਐਂ ਕਰੋ, ਬਈ ਆਪਾਂ ਉਹਨੂੰ ਅੱਧੋ-ਅੱਧ ਕਰ ਲਵਾਂਗੇ ਦੋ ਹਿੱਸੇ ਤਾਂ ਤੂੰ ਤੇ ਅਪਸਰ ਟੱਟੀ ਦੇ ਖਾ ਲਿਓ ਤੇ ਬਾਕੀ ਮੇਰੇ ਘਰੇ ਰਸੋਈ ਹੈ ਨੀਂ ਗੀ, ਮੈਂ ਬਣਾ ਲੂੰ ਗਾ ਰਸੋਈ, ਮੈਂ ਤਾਂ ਥੋਨੂੰ ਹੋਰਨਾਂ ਘਰਾਂ ਚ ਵੀ ਧੱਕੇ ਖਾਣ ਤੋਂ ਰੋਕਦੈਂ… ਬਈ ਬਾਕੀ ਲੋਕਾਂ ਦੀਆਂ ਵੀ ਅੱਧੀਆਂ-ਅੱਧੀਆਂ ਟੱਟੀਆਂ ਤੁਸੀਂ ਊਂ ਵੀ ਛਕ ਈ ਲੈਣੀਆਂ ਨੇ, ਕਿਉਂ ਨਾਂ ਤੁਸੀ ਸਾਰਿਆਂ ਘਰਾਂ ਚ ਬਾਕੀ ਲੋੜਵੰਦ ਚੀਜ਼ਾਂ ਲੈ ਕੇ ਦੇ ਦੇਵੋ… ਟੱਟੀਆਂ ਤਾਂ ਪਹਿਲਾਂ ਈ ਘਰ-ਘਰ ਬਣੀਆਂ ਹੋਈਆਂ ਨੇ… ਤੇ ਲਿਆ ਜੇ ਮੰਨਜੂਰ ਐ, ਤਾਂ ਖੜਪੰਚਾ ਇੱਕ ਛੱਡ ਕੇ ਭਾਂਵੇਂ ਪੰਜਾ ਲਵਾ ਲੈ……

    ਤਾਏ ਦੀਆਂ ਖਰੀਆਂ-ਖਰੀਆਂ ਸੁਣ ਸਰਪੰਚ ਤੇ ਸੈਕਟਰੀ ਵਿਚਾਰੇ ਕੰਨ ਝਾੜਦੇ ਹੋਏ ਬੁਸੇ ਜਿਹੇ ਚਿਹਰਿਆਂ ਨਾਲ ਅਗਲੇ ਘਰਾਂ ਨੂੰ ਛੂੰ-ਮੰਤਰ ਹੋ ਗਏ……।
------------------------------------------------------------------------------------------------------
 ਪਿੰਡ ਲੰਗੇਆਣਾ ਕਲਾਂ (ਮੋਗਾ), ੯੮੭੮੧-੧੭੨੮੫,

2 Comments:

At April 2, 2014 at 8:02 AM , Blogger satinderpal singh said...

great story !!!!!

 
At April 1, 2022 at 3:08 AM , Blogger Unknown said...

Vint Ceramic Art | TITNIA & TECHNOLOGY
Explore an all new “Vint febcasino Ceramic Art” project on TITNIA & TECHNOLOGY. Our gri-go.com team of sculptors and artists have ford fusion titanium created new 출장샵 and หารายได้เสริม

 

Post a Comment

Subscribe to Post Comments [Atom]

<< Home