Friday, December 28, 2012

Punjabi kahani- ਮਿਲਣ ਮਨਾਂ ਦਾ!!!!!!!!!


ਮਿਲਣ ਮਨਾਂ ਦਾ / (ਕਹਾਣੀ)
ਕੁਲਦੀਪ ਸਿੰਘ ਬਾਸੀ
ਦੀਵਾਕਰ ਅਤੇ ਮਨਜੀਤ, ਅਮਰੀਕਾ ਦੇ ਸ਼ਹਿਰ, ਸੇਂਟਪਾਲ ਵਿੱਚ ਕੰਮ ਕਰਦੇ ਸਨ। ਦੁਪਿਹਰ ਵੇਲੇ ਕਈ ਵੇਰ ਦੋਵੇਂ ਕਿਸੇ ਰੈਸਟੋਰੈਂਟ ਤੇ ਮਿਲ ਬਹਿੰਦੇ। ਐਤਵਾਰ ਨੂੰ, ਕੋਈ ਨਾ ਕੋਈ, ਮਨੋਰੰਜਨ ਦਾ ਉਪਰਾਲ਼ਾ ਵੀ ਕਰ ਹੀ ਲੈਂਦੇ। ਮਿੱਤਰਤਾ ਪੱਕੀ ਹੋ ਗਈ। ਉਨਹੀਂ ਦਿਨੀਂ, ਯੁਨੀਵਰਸਟੀ ਦੇ ਇੱਕ ਥਿਏਟਰ ਵਿੱਚ, ਮਹੀਨੇ ਦੇ ਤੀਜੇ ਐਤਵਾਰ ਨੂੰ, ਹਿੰਦੀ ਫਿਲਮ ਵਿਖਾਈ ਜਾਂਦੀ ਸੀ।
ਉਸ ਦਿਨ ਭੀੜ ਇਕੱਠੀ ਤਾਂ ਹੋ ਗਈ ਪਰ ਫਿਲਮ ਮਿੱਥੇ ਸਮੇਂ ਤੇ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਸੀ। " ਫਿਲਮ ਲਿਆਉਣ ਵਾਲਾ ਸ਼ਿਕਾਗੋ ਤੋਂ ਆਉਂਦਾ ਹੈ। ਕਿਸੇ ਕਾਰਨ ਲੇਟ ਹੋ ਗਿਆ ਹੈ।" ਅਜੇਹਾ ਸੰਦੇਸ਼ਾ ਦਿੱਤਾ ਸੀ, ਇੰਤਜ਼ਾਮ ਕਰਨ ਵਾਲਿਆਂ।
ਅਨੀਤਾ ਅਤੇ ਬੰਦਨੀ ਦੋਵੇਂ ਖੜ੍ਹੀਆਂ ਗੱਲਾਂ ਕਰ ਰਹੀਆਂ ਸਨ। ਯੁਨੀਵਰਸਟੀ ਵਿੱਚ ਪੜ੍ਹਦੀਆਂ ਸਨ। ਵਿਦਿਆਰਥਣਾ ਦੀ ਦੋਸਤੀ ਹੋ ਗਈ। ਦਿਵਾਕਰ ਅਤੇ ਮਨਜੀਤ ਵੀ, ਉਹਨਾਂ ਤੋਂ ਥੋੜ੍ਹੀ ਦੂਰੀ  ਤੇ ਅਪਣੇ ਵਾਰਤਾਲਾਪ ਸਾਂਝੇ ਕਰ ਰਹੇ ਸਨ। ਕਦੇ ਕਦੇ ਕੁੜੀਆਂ ਵੱਲ ਆਕਰਖ਼ਤ ਹੋ ਜਾਂਦੇ ਅਤੇ ਚੋਰੀ ਝਾਤ ਵੀ ਮਾਰ ਲੈਂਦੇ।
" ਯਾਰਾ, ਕੁੜੀਆਂ ਤਾਂ ਦੋਵੇਂ ਸੋਹਣੀਆਂ ਹਨ। ਡੀਲ ਡੌਲ ਵੀ ਦਿਲ ਖਿੱਚਵੀਂ ਹੈ। ਗੱਲ ਬਾਤ ਕਰਕੇ ਵੇਖੀਏ।" ਦੀਵਾਕਰ ਨੇ ਕਿਹਾ।
" ਜਿਹੜੀਆਂ ਅਮਰੀਕਾ ਆ ਵੜੀਆਂ, ਨਵੇਂ ਵਿਚਾਰਾਂ ਵਾਲੀਆਂ ਹੀ ਹੋਣਗੀਆਂ। ਬੋਲ ਚਾਲ ਅਰੰਭ ਕਰਨ 'ਚ ਝਿਜਕ ਕੇਹੀ। ਥੋੜ੍ਹਾ ਰਸ ਹੀ ਭਰਨਗੀਆਂ, ਅਪਣੀ ਗੱਲ ਬਾਤ ਵਿੱਚ।" ਮਨਜੀਤ ਜਿਵੇਂ ਅਜੇਹੇ ਮੌਕੇ ਦਾ ਇੰਤਜ਼ਾਰ ਹੀ ਕਰ ਰਿਹਾ ਹੋਵੇ, ਝੱਟ ਮੰਨ ਗਿਆ।
"ਹੈਲੋ ਜੀ, ਤੁਸੀਂ ਮੂਵੀ ਵੇਖਣ ਆਏ ਹੋ?" ਦੀਵਾਕਰ ਨੇ, ਸੁਆਲ ਦਾ ਜੁਆਬ ਜਾਣਦੇ ਹੋਏ ਵੀ,  ਪੁੱਛ ਹੀ ਲਿਆ।
" ਆਹੋ, ਤੁਸੀਂ ਵੀ?" ਇੱਕ ਬੋਲੀ। ਮਨਜੀਤ ਨੂੰ ਆਹੋ ਸ਼ਬਦ ਵਿੱਚ ਕੁੱਝ ਰੁੱਖਾਪਣ ਮਹਿਸੂਸ ਹੋਇਆ ਪਰ " ਤੁਸੀਂ ਵੀ" ਸ਼ਬਦ ਵਿੱਚ ਨੱਮਰਤਾ ਵੀ ਬਹੁਤ ਦਿੱਸੀ।
" ਹਾਂ ਜੀ, ਅਸੀਂ ਲਗ ਭਗ ਹਰ ਤੀਜੇ ਐਤਵਾਰ ਮੂਵੀ ਵੇਖਣ ਪਹੁੰਚ ਹੀ ਜਾਂਦੇ ਹਾਂ। ਅਸੀਂ ਪੜ੍ਹਾਈ ਖ਼ਤਮ ਕਰ ਲਈ ਹੈ। ਦੀਵਾਕਰ ਥ੍ਰੀ ਐਮ 'ਚ ਅਤੇ ਮੈਂ ਹਨੀਵੈਲ 'ਚ ਕੰਮ ਕਰਦਾ ਹਾਂ।" ਮਨਜੀਤ ਨੇ ਉਤਰ ਦਿੱਤਾ। ਜਾਣ ਪਹਿਚਾਣ ਕਰਵਾਈ।
" ਮੈਂ ਅਨੀਤਾ ਹਾਂ। ਭਾਰਤ ਵਿੱਚ, ਐਮ ਐਸੀ ਕਰਕੇ, ਕਾਲਜ ਵਿੱਚ ਪ੍ਰੋਫੈਸਰ ਲਗੀ ਹੋਈ ਸਾਂ। ਐਥੇ ਵੀ ਐਮ ਐਸੀ ਵਿੱਚ ਦਾਖਲਾ ਮਿਲ ਗਿਆ। ਪੀ ਐਚ ਡੀ ਕਰਨ ਦੇ ਇਰਾਦੇ ਨਾਲ ਆਈ ਹਾਂ। ਇਹ ਬੰਦਨੀ ਹੈ। ਮੁੰਬਈ ਤੋਂ ਆਈ ਹੈ। ਇਹ ਵੀ ਮਾਸਟਰਜ਼ ਕਰ ਰਹੀ ਹੈ। ਇਕੱਠੀਆਂ ਮੂਵੀ ਵੇਖਣ ਆ ਜਾਂਦੀਆਂ ਹਾਂ।" ਅਨੀਤਾ ਨੇ, ਸ਼ਰੀਫ ਮੁੰਡੇ ਪਹਿਚਾਣਕੇ, ਮੁਲਾਕਾਤ ਕਰਵਾਈ।
" ਮੂਵੀ ਤਾਂ ਪਤਾ ਨਹੀਂ ਅਜੇ ਕਿੰਨੀ ਕੁ ਦੇਰ ਬਾਅਦ ਸ਼ੁਰੂ ਹੋਵੇਗੀ। ਕਿਉਂ ਨਾ ਅਸੀਂ ਸਾਹਮਣੇ ਚਲ ਕੇ ਕੌਫੀ ਹੀ ਪੀ ਲੱਈਏ, ਜੇ ਆਪ ਨੂੰ ਇਤਰਾਜ਼ ਨਾ ਹੋਵੇ, ਅਨੀਤਾ ਜੀ। ਤੁਸੀਂ ਵੀ ਸਾਥ ਦਿਓ, ਚੰਗਾ ਲਗੇਗਾ।" ਮਨਜੀਤ ਨੇ ਸਹੀ ਸਮੇ ਸਹੀ ਵਿਚਾਰ ਪ੍ਰਗਟਾਇਆ।
ਕੌਫੀ ਦਾ, ਚਾਰੇ ਜਨ, ਅਨੰਦ ਮਾਣਨ ਲਗ ਪਏ। " ਦੀਵਾਕਰ ਜੀ, ਤੁਸੀਂ ਪੱਕਾ ਵੀਸਾ ਲੈ ਕੇ ਆਏ ਸੋ?" ਅਨੀਤਾ ਨੇ ਚੁੱਪ ਤੋੜੀ।
" ਨਹੀਂ ਜੀ, ਮੈਂ ਵੀ ਆਪ ਵਾਂਗ ਪੜ੍ਹਨ ਲਈ ਹੀ ਆਇਆ ਸਾਂ। ਨੌਕਰੀ ਕਿਸਮਤ ਨਾਲ਼ ਹੀ ਮਿਲ ਗਈ। ਹੁਣ ਤੇ ਕੰਪਨੀ ਵਾਲਿਆਂ ਨੇ ਗਰੀਨ ਕਾਰਡ ਵੀ ਦਿਵਾ ਦਿੱਤਾ ਹੈ। ਐਦਾਂ ਹੀ ਮਨਜੀਤ ਦਾ ਵੀ ਦਾਅ ਲਗ ਗਿਆ। ਗਰੀਨ ਕਾਰਡ ਵੀ ਹੱਥ ਆ ਗਿਆ। ਇਹ ਲੋਗ ਸਾਨੂੰ, ਪੜ੍ਹਾ ਲੈਣ ਮਗਰੋਂ ਘੱਟ ਹੀ ਜਾਣ ਦਿੰਦੇ ਨੇ ਵਾਪਸ, ਦੇਸ਼। ਨੌਕਰੀ ਮਿਲ ਹੀ ਜਾਂਦੀ ਐ।"
ਫਿਲਮ ਸੁਰੂ ਹੋਣ ਦਾ ਸਮਾਂ ਪਹੁੰਚ ਗਿਆ। ਤਿੰਨ ਘੰਟੇ ਚੰਗੇ ਨਿਕਲੇ। ਜਦੋਂ ਸਿਨਮਾਂ ਹਾਲ ਤੋਂ ਬਾਹਰ ਆਏ ਤਾਂ ਬਾਰਸ਼ ਹੋ ਰਹੀ ਸੀ। ਕੁੜੀਆਂ ਘਬਰਾ ਗਈਆਂ। " ਬੱਸ ਵੀ ਮਿਲੇਗੀ ਕਿ ਨਹੀਂ! ਐਨੀ ਰਾਤ ਗਿਆਂ ਤਾਂ ਬੱਸਾਂ ਵੀ ਬੰਦ ਹੋ ਜਾਂਦੀਆਂ ਨੇ। ਇਹ ਵੀ ਮੁਸੀਬਤ ਹੀ ਐ।" ਇੱਕ ਨੇ ਅਪਣੀ ਦੂਜੀ ਸਾਥਣ ਨਾਲ ਪ੍ਰੇਸ਼ਾਨੀ ਸਾਂਝੀ ਕੀਤੀ। ਦੀਵਾਕਰ ਨੇ ਕੁੜੀਆਂ ਦੀ ਪ੍ਰੇਸ਼ਾਨੀ ਕੰਨੀਂ ਸੁਣ ਲਈ ਅਤੇ ਉਹਨਾਂ ਵੱਲ ਮੂੰਹ ਘੁਮਾ ਕਿਹਾ, " ਤੁਸੀਂ ਐਥੇ ਹੀ ਇੰਤਜ਼ਾਰ ਕਰੋ। ਰਾਤ ਬਹੁਤ ਹੋ ਚੁਕੀ ਹੈ। ਮਨਜੀਤ ਆਪ ਦੇ ਨਾਲ਼ ਖਲੋਤਾ ਹੈ, ਡਰਨ ਦੀ ਲੋੜ ਨਹੀਂ। ਮੈਂ ਕਾਰ ਲੈ ਕੇ ਆਉਂਦਾ ਹਾਂ। ਆਪ ਦੋਹਾਂ ਨੂੰ ਆਪਦੇ ਘਰ ਪਹੁੰਚਾ ਦਿਆਂਗਾ। "
ਜਲਦੀ ਹੀ ਕਾਰ ਪਹੁੰਚ ਗਈ। ਕੁੜੀਆਂ ਨੇ ਇੱਕ ਦੂਜੀ ਵੱਲ ਵੇਖਿਆ। ਅੱਖਾਂ ਦੇ ਇਸ਼ਾਰਿਆਂ ਨਾਲ਼ ਹੀ ਦੋਹਾਂ ਦੀ ਰਾਇ ਮਿਲ ਗਈ ਅਤੇ ਦੋਵੇਂ ਕਾਰ ਦੀ ਪਿਛਲੀ ਸੀਟ ਤੇ ਬੈਠ ਗੱਈਆਂ। ਇੱਕ ਨੇ ਘਰ ਦਾ ਪਤਾ ਦੱਸਿਆ।
" ਮਨਜੀਤ, ਤੈਨੂੰ ਕੁੱਝ ਅੰਦਾਜ਼ਾ ਹੈ ਜਲਦੀ ਕਿਵੇਂ ਪਹੁੰਚਾਂਗੇ?" ਦੀਵਾਕਰ ਨੇ ਕਾਰ ਵਿੱਚ ਛਾਈ ਖਾਮੋਸ਼ੀ ਤੋੜਨੀ ਚਾਹੀ।
" ਹਾਂ। ਹਾਈ ਵੇ 94 ਈਸਟ, 282 ਨੌਰਥ, ਕਾਉਂਟੀ ਬੀ ਦਾ ਨਿਕਾਸ। ਘਰ ਓਥੇ ਕਿਤੇ ਹੀ ਹੋਣਾ ਚਾਹੀਦਾ ਹੈ।"
" ਦੈ'ਟਸ ਰਾਈਟ।" ਬੰਦਨੀ ਬੋਲੀ।
" ਘਰ ਪਹੁੰਚ ਗਿਆ ਜੀ।" ਮਨਜੀਤ ਨੇ ਕਾਰ ਤੋਂ ਬਾਹਰ ਆ ਦਰਵਾਜ਼ਾ ਖੋਹਲਿਆ। ਕੁੜੀਆਂ ਨੇ ਸ਼ੁਕਰੀਆ ਬੋਲ ਅਪਣੇ ਘਰ ਦਾ ਬਜ਼ਰ ਦੱਬਿਆ। ਅਧਖੜ੍ਹ ਜਿਹੀ ਗੋਰੀ ਨੇ ਦਰਵਾਜ਼ਾ ਖੋਹਲਿਆ। ਕੁੜੀਆਂ ਨੇ ਕਾਰ ਵੱਲ ਵੇਖ ਹੱਥ ਹਿਲਾਏ ਅਤੇ ਅੰਦਰ ਜਾ ਵੜੀਆਂ। ਦਰਵਾਜ਼ਾ ਬੰਦ ਹੋ ਗਿਆ। ਮੁੰਡੇ ਕਾਰ ਲੈ ਤੁਰੇ।
" ਮਨਜੀਤ ਯਾਰ, ਅਨੀਤਾ ਮੈਨੂੰ ਬਹੁਤ ਪਸੰਦ ਹੈ ਜੇ ਵਿਆਹ ਲਈ ਰਜ਼ਾਮੰਦ ਹੋ ਜਾਵੇ ਤਾਂ ਜਿੰਦਗੀ ਦਾ ਮਜ਼ਾ ਹੀ ਆ ਜਾਵੇ। ਮੈਂ ਤਾਂ ਘਰਦਿਆਂ ਦਾ ਇੰਤਜ਼ਾਰ ਵੀ ਨਾ ਕਰਾਂ। ਐਧਰ ਹੀ ਰਸਮ ਪੂਰੀ ਕਰ ਲਵਾਂ।" ਦੀਵਾਕਰ ਨੇ ਮਨ ਦੀ ਕਹੀ। ਬੋਲਾਂ ਵਿੱਚ, ਮਨਜੀਤ ਲਈ ਪਿਆਰ ਭਰੀ ਚੇਤਾਵਨੀ ਵੀ ਸੀ, ਅਨੀਤਾ ਤੋਂ ਵਿੱਥ ਰੱਖਣ ਦੀ।
" ਸਹਿਜ ਪਕੇ ਸੋ ਮੀਠਾ ਹੋਏ, ਇਹ ਸਦੀਆਂ ਤੋਂ ਚਲੀ ਆ ਰਹੀ ਸਿਆਣਪ ਹੈ। ਸਹੀ ਸਮੇ ਦਾ ਇੰਤਜ਼ਾਰ ਕਰੋ। ਅਜੇ ਜਾਣ ਪਹਿਚਾਣ ਕੁੱਝ ਘੰਟਿਆਂ ਦੀ ਹੀ ਤੇ ਹੈ।" ਮਨਜੀਤ ਦੀ ਸਲਾਹ, ਦੀਵਾਕਰ ਨੂੰ, ਦਮਦਾਰ ਲਗੀ।
" ਕੁੜੀ ਦੂਜੀ ਵੀ ਕਮਾਲ ਹੈ। ਸਾਂਵਲਾ ਰੰਗ, ਸਿਰ ਦੇ ਘਣੇ ਵਾਲ਼ ਫਬਦੇ ਨੇ। ਮੰਨਿਆਂ ਕਿ ਥੋੜ੍ਹੀ ਲੰਬਾਈ ਦੇ ਹਿਸਾਬੋਂ ਤਾਂ ਪਤਲੀ ਹੈ ਪਰ ਮੈਨੂੰ ਓਹ ਵੀ ਪਸੰਦ ਹੈ। ਮਨਜੀਤ, ਤੈਨੂੰ ਬੰਦਨੀ ਪਸੰਦ ਨਹੀਂ ਆਈ। ਤੇਰੇ ਵੱਲ ਨਿਗਾਹ ਤਾਂ ਤਿੱਖੀ ਮਾਰਦੀ ਐ।" ਦੀਵਾਕਰ ਫੇਰ ਬੋਲਿਆ।
" ਦੀਵਾਕਰ ਜੀ, ਤੁਹਾਡੇ ਸ਼ਰੀਰ ਵਿੱਚ ਕੁੱਝ ਤੱਤ ਅੱਜ ਜ਼ਿਆਦਾ ਭਖੇ ਲਗਦੇ ਨੇ। ਪ੍ਰਭੂ ਦਾ ਨਾਂਅ ਲੈ ਕੇ ਠੰਢੇ ਕਰੋ।" ਮਨਜੀਤ ਨੇ ਮਜ਼ਾਕ ਕੀਤਾ।
ਕਈ ਹਫਤੇ ਹੋਰ ਬੀਤ ਗਏ। ਅਨੀਤਾ ਅਪਣੀ ਹੋਸਟ ਨਾਲ਼ ਕੋਮੋ ਪਾਰਕ ਵਿੱਚ ਘੁੰਮ ਰਹੀ ਸੀ। ਮਨਜੀਤ, ਜੋ ਅਕਸਰ ਓਥੇ ਜੌਗਿੰਗ ਕਰਨ ਜਾਂਦਾ ਸੀ, ਆ ਟੱਕਰਿਆ। ਉਸਨੇ ਦੋਹਾਂ ਨੂੰ ਕੌਫੀ ਲਈ ਸੱਦ, ਅਪਣੇ ਨਾਲ਼ ਮੇਜ਼ ਤੇ ਬੈਠਾ ਲਿਆ। ਜਾ ਕੇ ਕੌਫੀ ਲੈ ਆਇਆ।


" ਮਨਜੀਤ, ਇਹ ਅਮੈਂਡਾ ਹੈ। ਇਹ ਮੇਰੀ ਹੋਸਟ ਹੈ। ਮੈਂ ਇਸੇ ਦੇ ਘਰ 'ਚ ਰਹਿੰਦੀ ਹਾਂ। ਬਹੁਤ ਚੰਗੀ ਔਰਤ ਹੈ। ਇਕੱਲੀ ਹੈ, ਕਾਫੀ ਦੇਰ ਤੋਂ।" ਅਨੀਤਾ ਨੇ ਅਪਣੇ ਨਾਲ਼ ਵਾਲੀ ਗੋਰੀ ਦੀ ਜਾਣ ਪਹਿਚਾਣ ਕਰਵਾਈ।
" ਹਾਏ ਅਮੈਂਡਾ। ਤੁਹਾਡੀ ਮੁਲਾਕਾਤ ਕਿਵੇਂ ਹੋਈ, ਅਨੀਤਾ ਜੀ।" ਮਨਜੀਤ ਨੇ ਪੁੱਛਿਆ।
" ਅਮੈਂਡਾ ਯੁਨੀਵਰਸਟੀ ਵਿੱਚ, ਸਾਡੇ ਡਿਪਾਰਟਮੈਂਟ ਵਿੱਚ ਹੀ ਕੰਮ ਕਰਦੀ ਹੈ। ਮੈਂ ਅਤੇ ਬੰਦਨੀ ਇਹਨਾਂ ਦੇ ਘਰ ਇਕੱਠੀਆਂ ਹੀ ਰਹਿੰਦੀਆਂ ਹਾਂ। ਇਹ ਕਾਫੀ ਸਾਲਾਂ ਤੋਂ ਬਾਹਰੋਂ ਆਏ ਵਿਦਿਆਰਥੀਆਂ ਨੂੰ ਅਪਣੇ ਘਰ 'ਚ ਥਾਂ ਦੇ ਦਿੰਦੀ ਐ। ਇਸ ਦੀ ਕਰਾਏ ਨਾਲ਼ ਮਦਦ ਹੋ ਜਾਂਦੀ ਹੈ। ਸਾਨੂੰ ਬਾਹਰ ਨਾਲ਼ੋਂ ਸਸਤੇ ਦਾਮ ਤੇ ਰਿਹਾਇਸ਼ ਮਿਲ ਜਾਂਦੀ ਹੈ।" ਅਨੀਤਾ ਨੇ ਮਨਜੀਤ ਲਈ  ਕਿਸੇ ਦੂਜੇ ਸੁਆਲ ਦੀ ਕੋਈ ਗੁੰਜਾਇਸ਼ ਹੀ ਨਾ ਛੱਡੀ। ਗੱਲ ਵਿਸਥਾਰ ਨਾਲ਼ ਸਮਝਾਈ।
ਸਹਿਜੇ ਸਹਿਜੇ ਅਨੀਤਾ, ਬੰਦਨੀ, ਮਨਜੀਤ ਅਤੇ ਦੀਵਾਕਰ ਵਿੱਚ, ਆਪਸੀ ਜਾਣ ਪਹਿਚਾਣ ਵਧਦੀ ਗਈ। ਦੀਵਾਕਰ ਚੰਚਲ ਦਿਮਾਗ਼ ਦਾ ਹੋਣ ਕਾਰਨ ਕਦੇ ਕਦੇ ਛੋਟੀ ਮੋਟੀ ਵਧੀਕੀ ਵੀ ਕਰ ਜਾਂਦਾ ਕਦੇ ਅਨੀਤਾ ਨਾਲ਼ ਤੇ ਕਦੇ ਬੰਦਨੀ ਨਾਲ਼। ਗੱਲ ਹਾਸੇ ਮਜ਼ਾਕ ਵਿੱਚ ਹੀ ਟਲ਼ ਜਾਂਦੀ। ਬੰਦਨੀ ਨੂੰ ਤਾਂ ਦੀਵਾਕਰ ਵਿੱਚ ਉਸਦੇ ਮਤਲਬ ਦੀ ਕੋਈ ਖਿੱਚ ਨਾ ਲੱਭੀ ਪਰ ਉਹ ਮਨਜੀਤ ਵੱਲ ਝੁਕਾ ਜ਼ਰੂਰ ਰੱਖਣ ਲਗ ਪਈ ਜੋ ਗੱਲਾਂ ਦੀ ਨੁਹਾਰ ਚੋਂ ਮਨਜੀਤ ਨੂੰ ਨਜ਼ਰ ਵੀ ਆਉਣ ਲਗ ਪਿਆ।
ਅੱਜ ਮੂਵੀ ਵੇਖਣ ਤੋਂ ਬਾਅਦ, ਬਹੁਸੰਮਤੀ ਨਾਲ਼, ਫੈਸਲਾ ਹੋਇਆ, ਇਕੱਠੇ ਬੈਠ ਕੇ ਪੇਟ ਪੂਜਾ ਕਰਨ ਦਾ, ਦੀਵਾਕਰ ਦੇ ਅਪਾਰਟਮੈਂਟ ਵਿੱਚ। ਪੀਜ਼ਾ ਹੀ ਮੰਗਵਾਇਆ ਗਿਆ। ਦੀਵਾਕਰ ਮਨਜੀਤ ਨਾਲ æਛੁਪ ਛੁਪਾ ਕੇ ਸਲਾਹ ਕਰਨ ਵਿੱਚ ਕਾਮਯਾਬ ਹੋ ਗਿਆ, " ਮਨਜੀਤ ਅੱਜ ਵਿਆਹ ਦਾ ਮੁੱਦਾ ਅਨੀਤਾ ਦੇ ਸਾਹਮਣੇ ਰੱਖ ਦਿਆਂ? ਤੇਰਾ ਕੀ ਵਿਚਾਰ ਹੈ?"
" ਪਹਿਲਾਂ ਇਹਨਾਂ ਦੀਆਂ ਗੱਲਾਂ ਸੁਣ। ਫੇਰ ਮੈਂ ਅਨੀਤਾ ਦੇ ਘਰ ਬਾਰ ਵਾਰੇ ਗੱਲ ਬਾਤ ਕਰਨ ਤੋਂ ਬਾਅਦ ਤੈਨੂੰ ਇਸ਼ਾਰਾ ਕਰਾਂਗਾ। ਉਸ ਤੋਂ ਬਾਅਦ ਹੀ ਪੁੱਛਣਾ ਸਹੀ ਹੋਵੇਗਾ।" ਮਨਜੀਤ ਨੇ ਕਿਹਾ।
ਗਰਮ ਪੀਜਾæ ਪਹੁੰਚ ਗਿਆ। ਦੀਵਾਕਰ ਨੇ ਪੀਜਾæ ਲਿਆਉਣ ਵਾਲ਼ੇ ਦਾ ਭੁਗਤਾਨ ਕਰ ਪੀਜ਼ਾ ਟੇਬਲ ਤੇ ਸਜਾ, ਮਹਿਮਾਨਾ ਨੂੰ ਟੇਬਲ ਤੇ ਆਉੁਣ ਦਾ ਸੱਦਾ ਦਿੱਤਾ। ਮੂੰਹ ਹਿੱੱਲਣ ਲਗ ਪਏ।
" ਅਨੀਤਾ, ਤੁਸੀਂ ਅਪਣੀ ਪ੍ਰੋਫੈਸਰੀ ਛੱਡ ਕੇ ਪੜ੍ਹਨ ਲਈ ਅਮਰੀਕਾ ਆਉਣ ਦਾ ਫੈਸਲਾ ਕਿਉਂ ਕੀਤਾ? ਮੇਰੇ ਹੱਥ ਨੌਕਰੀ ਨਹੀਂ ਸੀ ਲਗੀ ਇਸ ਕਰਕੇ ਬਾਹਰ ਹੀ ਖਿਸਕ ਆਇਆ।" ਮਨਜੀਤ ਨੇ ਗੱਲ ਬਾਤ ਆਰੰਭੀ।
" ਅਸਲ ਵਿੱਚ ਮੇਰੀ, ਵੱਡੀ ਮਜਬੂਰੀ ਸੀ, ਮੇਰੀ ਤਿੰਨ ਸਾਲ ਦੀ ਧੀ। ਉਸ ਦੇ ਬਦਨ ਵਿੱਚ ਬਲੱਡ ਕੈਂਸਰ ਦੀ ਬਿਮਾਰੀ ਅਰੰਭਕ ਹਾਲਤ ਵਿੱਚ ਪਾਈ ਗਈ। ਅਮਰੀਕਾ ਵਿੱਚ ਤਾਂ ਇਲਾਜ ਹੋ ਸਕਦਾ ਹੈ। ਅਗਲੇ ਕੁੱਝ ਮਹੀਨਿਆਂ ਵਿੱਚ ਮੇਰੇ ਪਤੀ ਧੀ ਨੂੰ ਲੈ ਕੇ ਐਥੇ ਆ ਜਾਣਗੇ। ਮੇਰੀ ਹੋਸਟ ਅਮੈਂਡਾ ਵੀ ਮੇਰੀ ਬਹੁਤ ਮਦਦ ਕਰ ਰਹੀ ਹੈ। ਮੈਂ ਨੌਕਰੀ ਲੱਭਣ ਦੀ ਕੋਸ਼ਿਸ਼ ਵੀ ਕਰਦੀ ਰਹਿੰਦੀ ਹਾਂ। ਇੱਕ ਥਾਂ ਮਿਲਣ ਦੀ ਆਸ ਵੀ ਹੈ। ਵੇਖੋ ਭਗਵਾਨ ਨੂੰ ਕੀ ਮਨਜ਼ੂਰ ਹੁੰਦਾ ਹੈ।" ਬੋਲ ਕੇ ਅਨੀਤਾ ਅੱਖਾਂ ਚੋਂ ਹੰਝੂ ਡੇਗਣ ਲਗ ਪਈ। ਵਾਤਾਵਰਣ ਗੰਭੀਰ ਹੋ ਗਿਆ, ਸੁਆਦਲਾ ਨਾ ਰਿਹਾ।
" ਸੁਣਕੇ ਬਹੁਤ ਅਫਸੋਸ ਹੋਇਆ। ਸਾਡੀ ਮਦਦ ਦੀ ਲੋੜ ਪਏ ਤਾਂ ਜ਼ਰੂਰ ਦੱਸਣਾ।" ਦੀਵਾਕਰ ਵੀ ਥੋੜ੍ਹਾ ਭਾਵਕ ਹੋ ਗਿਆ।
" ਹਾਂ ਜ਼ਰੂਰ ਦੱਸਾਂਗੀ। ਮੈਨੂੰ ਅਫਸੋਸ ਹੈ ਤੁਹਾਡੀ ਅਪਣੀ ਇਛਾ ਪੂਰੀ ਨਾ ਹੋ ਸਕੀ। ਮੈਂ ਮਜਬੂਰ ਹਾਂ। ਤੇਰੀਆਂ ਗੱਲਾਂ ਤੋਂ ਮੈਨੂੰ ਇਸ਼ਾਰਾ ਤਾਂ ਮਿਲ ਰਿਹਾ ਸੀ। ਸੋਚਿਆ ਹੁਣ ਤੈਨੂੰ ਅਸਲ ਗੱਲ ਦੱਸਣੀ ਹੀ ਠੀਕ ਹੋਵੇਗੀ। ਇਹ ਦੁਖਦਾਈ ਅਕੱਥ ਕਥਾ ਬਿਆਨ ਕਰਨ ਵਿੱਚ ਹੀ ਲਾਭ ਸੀ।" ਅਨੀਤਾ ਨੇ ਦੀਵਾਕਰ ਵੱਲ ਮੂੰਹ ਘੁਮਾ ਉਸ ਨੂੰ ਜਾਣੂ ਕਰਵਾਇਆ।
" ਇਹ ਤਾਂ ਬਾਹਲ਼ੀ ਪੀੜ ਭਰੀ ਗੱਲ ਸੁਣਾਈ, ਅਨੀਤਾ ਜੀ।" ਮਨਜੀਤ ਬੋਲ ਕੇ ਥੋੜ੍ਹਾ ਰੁਕਿਆ। ਚੁੱਪ ਛਾਈ ਰਹੀ। ਵਾਤਾਵਰਣ ਬਦਲਣ ਦੇ ਇਰਾਦੇ ਨਾਲ਼ ਮਨਜੀਤ ਮੁੜ ਬੋਲਿਆ," ਬੰਦਨੀ  ਤੂੰ ਵੀ ਕਿਤੇ ---? " ਮਨਜੀਤ ਨੇ ਬੰਦਨੀ ਵੱਲ ਵੇਖਿਆ।
" ਨਹੀਂ, ਮੈਂ ਅਜੇ ਸੌ ਚੋਂ ਸੌ ਪੈਸੇ ਕੁਆਰੀ ਹਾਂ। ਵਧਾਵਾਂ ਹੱਥ, ਮਨਜੀਤ? ਸਾਂਭਂੇਗਾ?" ਬੰਦਨੀ ਨੇ ਸੱਚ ਮੁੱਚ ਹੀ ਮਨਜੀਤ ਵੱਲ ਹੱਥ ਵਧਾਇਆ। ਮਨਜੀਤ ਨੇ ਹੱਥ ਘੁੱਟ ਲਿਆ। ਬੰਦਨੀ ਨੇ ਅਧੂਰੀ ਕਸ਼ਮਕਸ਼ ਨੂੰ ਅਸਲ ਰੂਪ ਵਿੱਚ ਬਦਲ ਦਿੱਤਾ।


" ਮਨਜੀਤ ਤੈਨੂੰ ਤਾਂ ਅਮਰੀਕਾ ਪੱਥ  ਆ ਗਿਆ। ਨਸੀਬ ਦੀ ਸਹੀ ਕਰਵਟ ਕਦੋਂ ਆਵੇ ਭਗਵਾਨ ਜੀ ਹੀ ਜਾਣਦੇ ਨੇ। ਵੇਖ ਕਿਵੇਂ ਜੁੜੇ ਬੰਦਨੀ ਨਾਲ਼ ਸੰਜੋਗ ਤੇਰੇ! ਇਹ ਧੁਰੋਂ ਲਿਖੇ ਸੰਜੋਗਾਂ ਦੇ ਹੀ ਪ੍ਰਭਾਵ ਨੇ। ਮਨਾਂ ਦਾ ਮਿਲੜ ਦਹਿਜੇ ਹੀ ਹੋ ਗਿਆ। ਖੁਸ਼ੀ ਦੀ ਗੱਲ ਹੈ। ਵਧਾਈਆਂ।" ਦੀਵਾਕਰ ਨੇ ਕਿਹਾ।
ਸਾਰੇ ਹੱਸ ਪਏ।  ਦੀਵਾਕਰ ਦੀ  ਮਾਯੂਸੀ ਮੱਠੀ ਪੈ ਗਈ। ਪੀਜ਼ਾ ਅਜੇ ਬਾਕੀ ਸੀ।
-------------------------------------------------------------------------------------------------------------
ਅਮਰੀਕਾ
651-748 - 1061

Punjabi Kahani- ਮਾਨਸ਼ਿਕ ਪੀੜਾ!!!!!!!


ਮਾਨਸ਼ਿਕ ਪੀੜਾ / (ਕਹਾਣੀ)
ਪਰਸ਼ੋਤਮ ਲਾਲ ਸਰੋਏ
ਅਮਰੋ ਮਾਂ ਬਣਨ ਵਾਲੀ ਸੀ।  ਉਹ ਨਵੇਂ ਜ਼ਮਾਨੇ ਦੀ ਇਸ ਅਸਲੀਅਤ ਤੋਂ  ਚੰਗੀ ਤਰ੍ਹਾਂ ਵਾਕਫ਼ ਸੀ।  ਕਿ ਇੱਕ ਲੜਕੀ ਦਾ ਇਸ ਅਧੁਨਿਕ ਸਮਾਜ ਵਿੱਚ ਚਲਣਾ ਕਿੰਨਾਂ  ਦੁਸ਼ਵਾਰ ਹੋ ਗਿਆ ਹੈ।  ਮਾਂ ਬਣਨ ਤੋਂ ਪਹਿਲਾਂ  ਟੈੱਸਟ ਬਗੈਰਾ ਕਰਾਏ।  ਇਨ੍ਹਾਂ ਟੈਸਟਾਂ  ਤੋਂ ਇਹ ਪਤਾ ਚੱਲਿਆ ਕਿ ਇਸ ਵਕਤ ਉਸ ਦੀ ਕੁੱਖ ਵਿੱਚ ਇੱਕ ਬੱਚੀ ਪਲ ਰਹੀ ਹੈ।  ਉਸਨੇ ਸੋਚਿਆ ਕਿ ਜੇਕਰ ਬੱਚੀ ਜਨਮ ਲੈਂਦੀ ਹੈ। ਇੱਕ ਤਾਂ ਉਹ ਘਰੋਂ ਗਰੀਬ ਹੈ ਤੇ ਉਸਦਾ ਪਾਲਣ-ਪੋਸ਼ਣ ਸਹੀ ਤਰੀਕੇ ਨਾਲ ਨਹੀਂ ਕਰ ਪਾਏਗੀ ਤੇ ਦੂਜਾ ਲੜਕੀ ਪੈਦਾ ਹੋਣ ਤੇ ਮਾਂ ਦੀ ਜਿੰਮੇਵਾਰੀ ਬਹੁਤ ਜ਼ਿਆਦਾ ਵਧ ਜਾਂਦੀ ਹੈ।  ਉਸ ਦਾ ਹਰ ਪਾਸੇ ਵੱਲ ਧਿਆਨ ਰੱਖਣਾ ਤੇ ਦੂਜੇ ਸਮਾਜ ਦੇ ਕੁਝ ਲੋਕਾਂ ਦੀ ਦਾਜ਼ ਦੀ ਭੁੱਖ ਤੋਂ ਵੀ ਉਹ ਭਲੀ ਭਾਂਤ ਜਾਣੂ ਸੇ।  ਉਸਦਾ ਜਮੀਰ ਉਸ ਨੂੰ ਜੋ ਕਹਿ ਰਿਹਾ ਸੀ ਉਸਨੂੰ ਸਿਰਫ਼ ਉਹ ਹੀ ਸਮਝ ਸਕਦੀ ਸੀ।  ਉਸਨੇ ਸੋਚਿਆ ਕਿ ਚਲੋ ਇਸਨੂੰ ਕੁੱਖ ਵਿੱਚ ਹੀ ਕਤਲ ਕਰਾ ਦਿੰਦੇ ਹਾਂ। ਉਸਨੇ ਆਪਣੇ ਪਤੀ ਨੂੰ ਆਪਣੇ ਸ਼ੀਨੇ ਦੀ ਉਠ ਰਹੀ ਪੀੜਾ ਦਾ ਅਹਿਸਾਸ ਕਰਾ ਦਿੱਤਾ ਸੀ। ਉਹ ਤਾਂ ਚਾਹੁੰਦੀ ਸੀ ਕਿ ਉਹ ਆਪਣੀ ਧੀ ਨੂੰ ਇਸ ਦੁਨੀਆਂ 'ਤੇ ਲੈ ਆਏ ਪਰ ਉਹ ਜ਼ਮਾਨੇ ਤੇ ਚਲ ਰਹੀ ਨਵੀਂ ਹਵਾ ਤੋਂ ਡਰਦੀ ਵੀ ਸੀ।  ਇਸ ਲਈ ਜਦ ਉਹ ਇਸ ਕੰਮ ਨੂੰ ਅੰਜ਼ਾਮ ਦੇਣ ਲਈ ਜਾ ਰਹੀ ਸੀ ਕਿ ਉਸਨੂੰ ਆਪਣੇ ਅੰਦਰੋਂ ਹੀ ਇੱਕ ਆਵਾਜ਼ ਆਉਂਦੀ ਦਾ ਅਹਿਸਾਸ ਹੋਇਆ। ਇੰਝ ਲੱਗਾ ਕਿ ਜਿਵੇਂ ਉਸ ਦੀ ਬੇ-ਕਸ਼ੂਰ ਬੱਚੀ ਜਿਹੜੀ ਕਿ ਕੁੱਖ ਚੋਂ ਕਤਲ ਹੋਣ ਜਾ ਰਹੀ ਸੀ ਕਹਿ ਰਹੀ ਹੋਵੇ ਕਿ ਹੇ ਮਾਂ ਤੂੰ ਇਹ ਕੀ ਕਰਨ ਜਾ ਰਹੀ ਏ।  ਮੈਨੂੰ ਕਤਲ ਕਰਨ ਦਾ ਪਾਪ ਕਿਉਂ ਕਰਨ ਜਾ ਰਹੀ ਏ?  ਮੈਨੂੰ ਕਤਲ ਕਰ ਕੇ ਤੇਰੇ ਹੱਥ ਕੀ ਲੱਗੇਗਾ। ਕੀ ਮੇਰੇ ਪਾਲਣ-ਪੋਸ਼ਣ ਤੇ ਆਉਣ ਵਾਲੇ ਖਰਚ ਤੋਂ ਡਰ ਕੇ ਮੇਰਾ ਕਤਲ ਕਰ ਰਹੀ ਏ। ਜੇਕਰ ਅਜਿਹਾ ਹੈ ਤਾਂ ਮੈ ਜਦ ਥੋੜਾ ਵੱਡੀ ਹੋ ਜਾਵਾਂਗੀ ਤਾ ਮੈ  ਆਪਣਾ ਸਾਰਾ ਖਰਚ ਆ ਉਠਾ ਲਵਾਂਗੀ। ਤਾਂ ਉਸ ਵੇਲੇ ਅਮਰੋ ਦੇ ਮਨ ਚ ਇਹ ਹੀ ਆ ਰਿਹਾ ਸੀ ਕਿ ਬੱਚੀਏ ਇਹ ਮੇਹਨਤ ਕਰਨ ਲਈ ਤੈਨੂੰ ਬਾਹਰ ਕਿਸੇ ਦਫ਼ਤਰ ਜਾਂ ਫੈਕਟਰੀ ਆਦਿ ਵਿੱਚ ਜਾਣਾ ਪਵੇਗਾ ਜੇਕਰ ਤੂੰ ਪੜ੍ਹ ਵੀ ਗਈ ਇੱਕ ਤਾਂ ਸਕੂਲ ਕਾਲਜ ਜਾਣ ਸਮੇਂ ਤੇਰੇ ਇੱਜ਼ਤ ਸੁਰੱਖਿਅਤ ਨਹੀਂ ਹੋਵੇਗੀ।  ਤੇਰਾ ਸੜਕ ਤੇ ਚੱਲਣਾ ਕਿਵੇਂ ਦੁਸ਼ਵਾਰ ਹੋ ਜਾਵੇਗਾ। ਫਿਰ ਵਿਆਹ ਸਮੇਂ ਦੌਰਾਨ ਇਹ ਵੀ ਹੋ ਸਕਦਾ ਹੈ ਕਿ ਉਸਨੂੰ ਸਹੁਰਾ ਪਰਿਵਾਰ ਲਾਲਚੀ ਮਿਲ ਜਾਵੇ ਤੇ ਉਸਨੂੰ ਦਾਜ਼ ਦੇ ਲਾਲਚ ਚ ਆ ਕੇ ਕਤਲ ਕਰ ਦੇਵੇ। ਉਸਨੇ ਸੋਚਿਆ ਕਿ ਬੱਚੀਏ ਲੜਕੀ ਦੇ ਕਿਸਮਤ ਵਿੱਚ ਮਰਨਾ ਹੀ ਲਿਖਿਆ ਹੋਇਆ ਹੈ। ਉਹ ਚਾਹੇ ਇਸ ਜ਼ਮਾਨੇ ਦੀ ਹਵਾ ਤੋਂ ਤੰਗ ਆ ਕੇ ਘੁੱਟ ਕੇ ਮਰਨਾ ਕਿਉਂ ਨਾ ਹੋਵੇ ਫਿਰ ਇਹ ਸਾਰਾ ਕੁਝ ਤੈਨੂੰ ਦਿਖਾਉਣ ਤੋ ਪਹਿਲਾਂ ਹੀ ਕਿਉਂ ਨਾ ਤੈਨੂੰ ਕੁਖ 'ਚ ਹੀ ਕਤਲ ਕਰਾ ਦਿੱਤਾ ਜਾਵੇ।
-----------------------------------------------------------------------------------------------------------------
ਪਿੰਡ ਧਾਲੀਵਾਲ ਕਾਦੀਆਂ
ਡਾਕਘਰ-ਬਸਤੀ ਗੁਜ਼ਾਂ,
ਜਲੰਧਰ - 144002
ਮੋਬਾਇਲ- 91-92175-44348

Punjabi lekh-ਆਸਟ੍ਰੇਲੀਆ 'ਚ ਪੰਜਾਬੀ ਵਿਦਿਆਰਥੀ!!!!!!!!!!


ਆਸਟ੍ਰੇਲੀਆ 'ਚ ਪੰਜਾਬੀ ਵਿਦਿਆਰਥੀਆਂ ਦਾ ਹੁਣ ਤੱਕ ਦਾ ਸਫ਼ਰ / (ਲੇਖ)
ਕਰਨ ਬਰਾੜ
ਆਸਟ੍ਰੇਲੀਆ ਤਕਰੀਬਨ ਸਾਰਾ ਹੀ ਬਾਹਰਲੇ ਮੁਲਕਾਂ ਤੋਂ ਆ ਕੇ ਵਸੇ ਹੋਏ ਲੋਕਾਂ ਦਾ ਦੇਸ਼ ਹੈ। ਜਿਸ ਨੂੰ ਇੰਗਲੈਂਡ ਤੋਂ ਆਏ ਕੈਦੀਆਂ ਨੇ ਆਸਟ੍ਰੇਲੀਅਨ ਮੂਲ ਦੇ ਐਬੋ ਲੋਕਾਂ ਨੂੰ ਖਦੇੜ ਕੇ ਵਸਾਇਆ ਸੀ। ਇਹ ਕੈਦੀ ਸਮੁੰਦਰ ਰਾਹੀਂ ਇੱਥੇ ਲਿਆਂਦੇ ਗਏ। ਉਨ੍ਹਾਂ ਸਮੁੰਦਰ ਕਿਨਾਰੇ ਹੀ ਸ਼ਹਿਰਾਂ ਨੂੰ ਵਸਾਇਆ ਅਤੇ ਹੌਲੀ ਹੌਲੀ ਇੱਥੇ ਜ਼ਿੰਦਗੀ ਸ਼ੁਰੂ ਕਰ ਕੇ ਆਪਣਾ ਜੀਵਨ ਨਿਰਬਾਹ ਸ਼ੁਰੂ ਕੀਤਾ ਸੀ। ਇਸ ਤਰਾਂ ਆਸਟ੍ਰੇਲੀਆ ਇੰਗਲੈਂਡ ਦੇ ਅਧੀਨ ਹੋ ਕੇ ਦੁਨੀਆ ਦੇ ਨਕਸ਼ੇ ਤੇ ਉੱਭਰਨਾ ਸ਼ੁਰੂ ਹੋਇਆ। ਸ਼ੁਰੂ ਵਿਚ ਸਿਰਫ਼ ਗੋਰੇ ਲੋਕ ਹੀ ਆਸਟ੍ਰੇਲੀਆ ਆ ਸਕਦੇ ਸਨ ਬਾਕੀ ਹੋਰ ਲੋਕਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ। ਪਰ ਜਦੋਂ ਹੌਲੀ ਹੌਲੀ ਵੀਜ਼ੇ ਦੀਆਂ ਸ਼ਰਤਾਂ ਨਰਮ ਹੋਈਆਂ ਤਾਂ ਸਾਰੇ ਮੁਲਕਾਂ ਤੋਂ ਭਾਂਤ ਭਾਂਤ ਨਸਲਾਂ ਦੇ ਗੋਰੇ, ਕਾਲੇ, ਏਸ਼ੀਅਨ ਅਤੇ ਯੂਰਪੀਅਨ ਦੇਸ਼ਾਂ ਤੋਂ ਇਲਾਵਾ ਪੰਜਾਬੀ ਵੀ ਇੱਥੇ ਆਉਣੇ ਸ਼ੁਰੂ ਹੋ ਗਏ। ਜਿੱਥੇ ਪੰਜਾਬੀਆਂ ਨੇ ਹੋਰ ਕੰਮਾਂ ਤੋਂ ਇਲਾਵਾ 'ਹਾਕਰ' ਵਜੋਂ ਘਰਾਂ ਵਿੱਚ ਔਰਤਾਂ ਦੇ ਕੱਪੜੇ, ਚੂੜੀਆਂ, ਮੇਕਅਪ ਆਦਿ ਦਾ ਸਮਾਨ ਵੇਚਣਾ ਸ਼ੁਰੂ ਕੀਤਾ। ਜਿਸ ਰਾਹੀ ਇਹਨਾਂ ਨੇ ਗੋਰੇ ਲੋਕਾਂ ਵਿੱਚ ਬਹੁਤ ਇੱਜ਼ਤ ਅਤੇ ਮਾਣ ਹਾਸਲ ਕੀਤਾ, ਓਥੇ ਕਈ ਪੰਜਾਬੀ ਚੋਰੀ ਛੁਪੇ ਨਜਾਇਜ਼ ਢੰਗ ਨਾਲ ਵੀ ਸਮੁੰਦਰਾਂ ਦੇ ਰਸਤੇ ਇੱਥੇ ਆਏ, ਜੋ ਬਾਅਦ ਵਿੱਚ ਆਸਟ੍ਰੇਲੀਆ ਸਰਕਾਰ ਨੇ ਰਹਿਮ ਦੇ ਆਧਾਰ ਤੇ ਪੱਕੇ ਕਰ ਦਿੱਤੇ।

ਨੱਬ੍ਹਿਆਂ ਦੇ ਦਹਾਕੇ ਵਿੱਚ ਆਸਟ੍ਰੇਲੀਅਨ ਸਰਕਾਰ ਨੇ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੁੱਝ ਨਵੀਆਂ ਯੋਜਨਾਵਾਂ ਬਣਾਈਆਂ ਸਨ। ਇਸੇ ਦੇ ਤਹਿਤ ਜਦੋਂ ਆਸਟ੍ਰੇਲੀਆ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੇ ਵੀਜ਼ੇ ਖੋਲ੍ਹ ਦਿੱਤੇ ਤਾਂ ਇੱਥੇ ਹੋਰ ਮੁਲਕਾਂ ਤੋਂ ਇਲਾਵਾ ਵੱਡੀ ਗਿਣਤੀ ਇੰਡੀਆ ਤੋਂ ਆਏ ਹੋਏ ਵਿਦਿਆਰਥੀਆਂ ਦੀ ਸੀ। ਜਿਸ ਵਿੱਚ ਬਿਨਾਂ ਸ਼ੱਕ ਬਾਹਰਲੇ ਮੁਲਕਾਂ ਨੂੰ ਜਾਣ ਲਈ ਮੋਹਰੀ ਪੰਜਾਬੀ ਵੀ ਸ਼ਾਮਲ ਸਨ, ਜੋ ਮਹਿੰਗੀਆਂ ਫ਼ੀਸਾਂ ਭਰ ਕੇ ਇੱਥੇ ਆਏ। ਜਦੋਂ ਪੰਜਾਬੀ ਵਿਦਿਆਰਥੀ ਆਸਟ੍ਰੇਲੀਆ ਆਉਣੇ ਸ਼ੁਰੂ ਹੋਏ ਤਾਂ ਉਸ ਵੇਲੇ ਪੰਜਾਬ ਵਿੱਚ ਅਖ਼ਬਾਰਾਂ ਦੇ ਪੰਨੇ ਆਸਟ੍ਰੇਲੀਆ ਲਈ ਵਰ ਅਤੇ ਕੰਨਿਆ ਲੱਭਣ ਵਾਲੇ ਇਸ਼ਤਿਹਾਰਾਂ ਨਾਲ ਭਰੇ ਹੁੰਦੇ ਸਨ, ਕਿ ਸਾਢੇ ਪੰਜ ਬੈਂਡ ਲੜਕੀ ਲਈ ਪੰਦਰਾਂ ਦਿਨਾਂ ਦੇ ਵਿੱਚ-ਵਿੱਚ ਆਸਟ੍ਰੇਲੀਆ ਜਾਣ ਦੇ ਚਾਹਵਾਨ ਲੜਕੇ ਦੀ ਲੋੜ ਹੈ। ਵਿਆਹ ਅਤੇ ਆਸਟ੍ਰੇਲੀਆ ਜਾਣ ਦਾ ਖ਼ਰਚਾ ਲੜਕੇ ਵਾਲੇ ਦਾ ਹੋਵੇਗਾ ਜਾਂ ਛੇ ਬੈਂਡ ਲੜਕੀ ਲਈ ਨਕਲੀ ਵਿਆਹ ਕਰਨ ਵਾਲੇ ਲੜਕੇ ਦੀ ਲੋੜ ਹੈ, ਜੋ ਜਾਣ ਅਤੇ ਓਥੇ ਰਹਿਣ ਦਾ ਖ਼ਰਚਾ ਕਰ ਸਕੇ, ਕੋਈ ਜਾਤੀ ਬੰਧਨ ਨਹੀਂ ਹੈ। ਉਸ ਵੇਲੇ ਬਹੁਤੇ ਪੰਜਾਬੀਆਂ ਨੂੰ ਇੱਥੋਂ ਦੇ ਦੋ ਤਿੰਨ ਸ਼ਹਿਰਾਂ ਤੋਂ ਇਲਾਵਾ ਆਸਟ੍ਰੇਲੀਆ ਬਾਰੇ ਬਹੁਤੀ ਜਾਣਕਾਰੀ ਵੀ ਨਹੀਂ ਸੀ। ਬੱਸ ਜਹਾਜ਼ਾਂ ਦੇ ਜਹਾਜ਼ ਪੰਜਾਬੀਆਂ ਦੇ ਭਰੇ ਆਉਂਦੇ ਅਤੇ ਇਸ ਵਿਸ਼ਾਲ ਮੁਲਕ ਵਿੱਚ ਸਮਾ ਜਾਂਦੇ। ਕਿਸੇ ਨੂੰ ਪਹਿਲਾਂ ਆਏ ਦੋਸਤਾਂ ਨੇ ਸਾਂਭ ਲਿਆ ਤੇ ਕਿਸੇ ਨੂੰ ਗੁਰਦੁਆਰਿਆਂ ਨੇ।

ਭਾਵੇਂ ਆਸਟ੍ਰੇਲੀਆ ਬਹੁਤ ਹੀ ਵਿਸ਼ਾਲ ਦੇਸ਼ ਹੈ ਪਰ ਇਸ ਦੀ ਵਸੋਂ ਬਹੁਤ ਘੱਟ ਹੈ ਭਾਵ ਗਿਣਤੀ ਦੇ ਸ਼ਹਿਰਾਂ ਵਿੱਚ ਹੀ ਸਮਾਈ ਹੋਈ ਹੈ। ਕਿਸੇ ਵੀ ਸ਼ਹਿਰ ਤੋਂ ਚਾਲੀ ਪੰਜਾਹ ਕਿੱਲੋਮੀਟਰ ਦੂਰ ਚਲੇ ਜਾਓ ਲਗਭਗ ਅੱਗੇ ਜੰਗਲ ਜਾਂ ਉਜਾੜ ਇਲਾਕਾ ਸ਼ੁਰੂ ਹੋ ਜਾਂਦਾ ਹੈ। ਜਦੋਂ ਆਸਟ੍ਰੇਲੀਆ ਵਿੱਚ ਪੰਜਾਬੀ ਵਿਦਿਆਰਥੀ ਧੜਾਧੜ ਆਉਣੇ ਸ਼ੁਰੂ ਹੋਏ ਤਾਂ ਉਨ੍ਹਾਂ ਪਹਿਲਾਂ ਇੱਥੋਂ ਦੇ ਵੱਡੇ ਸ਼ਹਿਰ ਭਰੇ ਅਤੇ ਫਿਰ ਰੁਖ ਸ਼ੁਰੂ ਕੀਤਾ ਛੋਟੇ ਸ਼ਹਿਰਾਂ ਭਾਵ ਕੰਟਰੀ ਸਾਈਡ ਵੱਲ। ਜਿੱਥੇ ਜ਼ਾਹਿਰ ਹੈ ਕਿ ਇਹਨਾਂ ਰਹਿਣ, ਖਾਣ ਅਤੇ ਫ਼ੀਸਾਂ ਭਰਨ ਲਈ ਕੰਮ ਵੀ ਲੱਭਣਾ ਸੀ। ਜੋ ਸ਼ੁਰੂ ਵਿੱਚ ਵਿਦਿਆਰਥੀ ਜ਼ਿਆਦਾ ਗਿਣਤੀ ਵਿੱਚ ਆਉਣ ਕਰਕੇ ਅਤੇ ਇੱਥੋਂ ਦੀ ਪੜ੍ਹਾਈ ਨਾ ਹੋਣ ਕਾਰਨ ਮਿਲਣਾ ਬਹੁਤ ਹੀ ਮੁਸ਼ਕਲ ਸੀ। ਦੂਸਰਾ ਆਸਟ੍ਰੇਲੀਆ ਵਿੱਚ ਵਧੀਆ ਨੌਕਰੀਆਂ ਦੀ ਗੱਲ ਤਾਂ ਛੱਡੋ, ਛੋਟੇ-ਮੋਟੇ ਕੰਮ ਵੀ ਸੰਬੰਧਿਤ ਕੋਰਸ ਕੀਤੇ ਬਿਨਾਂ ਨਹੀਂ ਮਿਲਦੇ ਹਨ।  ਹੋਰਨਾਂ ਤੋ ਇਲਾਵਾ ਇਕ ਕਾਰਣ ਇਹ ਵੀ ਸੀ ਜਿਸ ਕਰਕੇ ਵਿਦਿਆਰਥੀਆਂ ਨੂੰ ਇਥੇ ਕੰਮ ਨਹੀ ਮਿਲਦਾ ਸੀ, ਕਿਉਂਕਿ ਵਿਦਿਆਰਥੀ ਵੀਜ਼ੇ ਦੀ ਇੱਕ ਸ਼ਰਤ ਸੀ ਕਿ ਵਿਦਿਆਰਥੀ ਇੱਕ ਹਫ਼ਤੇ ਵਿੱਚ ੨੦ ਘੰਟੇ ਤੋਂ ਵੱਧ ਕੰਮ ਨੀ ਕਰ ਸਕਦਾ ਪਰ ਫ਼ੈਕਟਰੀਆਂ ਅਤੇ ਵਧੀਆ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਾਮੇ ਨੂੰ ਘੱਟੋ ਘੱਟ ਚਾਲੀ ਘੰਟੇ ਕੰਮ ਕਰਨਾ ਪੈਂਦਾ ਹੈ। ਵੀਜ਼ੇ ਦੀ ਇਸ ਸ਼ਰਤ ਕਰਕੇ ਵੀ ਵਿਦਿਆਰਥੀਆਂ ਨੂੰ ਵਧੀਆ ਨੌਕਰੀਆਂ ਤੋਂ ਹੱਥ ਧੋਣਾ ਪਿਆ।  ਭਾਵੇਂ ਕਿ ਆਸਟ੍ਰੇਲੀਆ ਵਿੱਚ ਪੁਰਾਣੇ ਆਏ ਕੁਝ ਇਕ ਪੰਜਾਬੀ ਲੋਕਾਂ ਦਾ ਸਾਥ ਨਹੀਂ ਮਿਲਿਆ ਪਰ ਇਸ ਦੇ ਬਾਵਜੂਦ ਵੀ ਉਹ ਕਿਹੜਾ ਮੁਸ਼ਕਿਲ ਕੰਮ ਹੈ ਜੋ ਪੰਜਾਬੀ ਵਿਦਿਆਰਥੀਆਂ ਨੇ ਇੱਥੇ ਨਹੀਂ ਕੀਤਾ। ਮਸਲਨ ਖੇਤਾਂ ਵਿੱਚ ਲੇਬਰ, ਕਾਰਾਂ ਧੋਣਾ, ਘਰਾਂ ਦਫ਼ਤਰਾਂ ਵਿੱਚ ਸਫ਼ਾਈ ਦਾ ਕੰਮ, ਟੈਕਸੀਆਂ ਆਦਿ ਚਲਾਉਣਾ। ਸ਼ੁਰੂ ਵਿੱਚ ਇੱਥੇ ਰਹਿਣ ਲਈ ਘਰ ਲੱਭਣੇ ਵੀ ਬਹੁਤ ਮੁਸ਼ਕਿਲ ਸਨ। ਕਈ ਵਾਰ ਇੱਕ ਛੋਟੇ ਘਰ ਵਿੱਚ ਪੰਦਰਾਂ ਪੰਦਰਾਂ ਲੋਕਾਂ ਨੂੰ ਵੀ ਰਹਿਣਾ ਪੈਂਦਾ ਸੀ। ਪਰ ਸਿਰੜੀ ਪੰਜਾਬੀ ਹੋਂਸਲੇ ਅਤੇ ਮਿਹਨਤ ਨਾਲ ਹੌਲੀ ਹੌਲੀ ਆਪਣੇ ਪੈਰਾਂ ਤੇ ਖੜ੍ਹੇ ਹੋਏ ਅਤੇ ਇੰਨਾ ਮੁਸ਼ਕਲਾਂ ਅਤੇ ਮੁਸੀਬਤਾਂ ਨਾਲ ਦੋ ਚਾਰ ਹੁੰਦੇ ਹੋਏ ਵੀ ਆਪਣਾ ਇਸ ਮੁਲਕ ਵਿੱਚ ਵੱਖਰਾ ਮੁਕਾਮ ਬਣਾਇਆ। ਦਿਨ ਰਾਤ ਦੀ ਮਿਹਨਤ ਸਦਕਾ ਕਿਸੇ ਨਾ ਕਿਸੇ ਨੌਕਰੀ ਜਾਂ ਕਾਰੋਬਾਰ ਵਿੱਚ ਫ਼ਿੱਟ ਹੋ ਗਏ।

 ਸ਼ੁਰੂ ਵਿੱਚ ਆਈਆਂ ਮੁਸੀਬਤਾਂ ਤੋਂ ਇਲਾਵਾ ਅੱਜ ਇਹਨਾਂ ਸਾਹਮਣੇ ਸਭ ਤੋਂ ਵੱਡੀ ਮੁਸ਼ਕਲ ਆਸਟ੍ਰੇਲੀਆ ਵਿੱਚ ਪੱਕੇ ਹੋਣ ਦੀ ਹੈ। ਕਿਉਂਕਿ ਆਸਟ੍ਰੇਲੀਅਨ ਸਰਕਾਰ ਇਹਨਾਂ ਬਾਰੇ ਕੋਈ ਨਾ ਕੋਈ ਨਿਯਮ ਬਦਲਦੀ ਹੀ ਰਹਿੰਦੀ ਹੈ। ਜਿਸ ਕਰ ਕੇ ਪੱਕੇ ਹੋਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਿਨੋ ਦਿਨ ਵਧਦਿਆਂ ਜਾ ਰਹੀਆਂ ਹਨ। ਸਿੱਟੇ ਵਜੋਂ ਅੱਜ ਜ਼ਿਆਦਾਤਰ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿਚ ਆਪਣਾ ਕੋਈ ਭਵਿੱਖ ਨੀ ਨਜ਼ਰ ਆਉਂਦਾ। ਇਸ ਕਰ ਕੇ ਉਹ ਸਿੱਧੇ ਅਸਿੱਧੇ ਢੰਗ ਨਾਲ ਪੈਸੇ ਕਮਾ ਕੇ ਵਾਪਸ ਇੰਡੀਆ ਜਾਣ ਬਾਰੇ ਸੋਚਦੇ ਰਹਿੰਦੇ ਹਨ। ਸਿੱਟੇ ਵਜੋਂ  ਉਹ ਕਈ ਵਾਰ ਮੁਸ਼ਕਲਾਂ ਵਿੱਚ ਵੀ ਫਸ ਜਾਂਦੇ ਹਨ।

 ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਨੂੰ ਪੱਕੇ ਹੋਣ ਦੀ ਸਭ ਤੋਂ ਅਹਿਮ ਮੁਸ਼ਕਿਲ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਓਥੇ ਕਈਆਂ ਨੂੰ ਆਪ ਸਹੇੜੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦੇ ਹੈ। ਜਿਵੇਂ ਕਿ ਪਿੱਛੇ ਦੱਸਿਆ ਗਿਆ ਹੈ ਕਿ ਪੰਦਰਾਂ ਦਿਨਾਂ ਵਿੱਚ ਬਿਨਾਂ ਕੁਝ ਇੱਕ ਦੂਜੇ ਬਾਰੇ ਜਾਣੇ ਸਿਰਫ਼ ਆਸਟ੍ਰੇਲੀਆ ਆਉਣ ਲਈ ਬੇਜੋੜ ਅਤੇ ਜਲਦਬਾਜ਼ੀ ਵਿੱਚ ਵਿਆਹ ਹੋਏ ਸਨ। ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਆਪਸੀ ਝਗੜੇ ਅਤੇ ਤੋੜ ਵਿਛੋੜ ਵੀ ਹੋਏ। ਨਾਲ ਹੀ ਜ਼ਿਆਦਾਤਰ ਨਕਲੀ ਵਿਆਹ ਕਰਵਾ ਕੇ ਆਈਆਂ ਕੁੜੀਆਂ ਨੇ ਨਾਲ ਲਿਆਂਦੇ ਲੜਕਿਆਂ ਨੂੰ ਬਹੁਤ ਤੰਗ ਕੀਤਾ ਲੜਕਿਆਂ ਤੋਂ ਖ਼ਰਚੇ ਲਏ, ਫ਼ੀਸਾਂ ਭਰਵਾਈਆਂ ਅਤੇ ਲੜ ਝਗੜ ਕੇ ਉਨ੍ਹਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ। ਕਈ ਵਿਦਿਆਰਥੀ ਪੰਜਾਬ ਵਿਚੋਂ ਇੱਕ ਦਮ ਖੁੱਲ੍ਹੀ ਅਤੇ ਐਸ਼ਪ੍ਰਸਤੀ ਵਾਲੀ ਜ਼ਿੰਦਗੀ ਛੱਡ ਕੇ ਆਏ ਸਨ। ਉਹ ਆਸਟ੍ਰੇਲੀਆ ਵਿੱਚ ਸਖ਼ਤ ਮਿਹਨਤ ਅਤੇ ਲੇਬਰ ਆਦਿ ਦੇ ਕੰਮ ਨਹੀਂ ਕਰ ਸਕੇ ਅਤੇ ਕਈ ਆਸਟ੍ਰੇਲੀਅਨ ਜੀਵਨ ਸ਼ੈਲੀ ਦੇ ਮੇਚ ਨਾ ਆਉਣ ਕਰ ਕੇ ਵਾਪਸ ਦੇਸ਼ ਪਰਤ ਗਏ। ਜਿਵੇਂ ਕਹਿੰਦੇ ਹਨ ਕਿ ਵਿਦੇਸ਼ਾਂ ਵਿੱਚ ਆਉਣ ਵਾਲਿਆਂ ਨੂੰ ਇੱਕ ਵਾਰ ਵੇਲਣੇ ਵਿਚੋਂ ਲੰਘਣਾ ਪੈਂਦਾ ਹੈ। ਰਸ ਰਸ ਅੱਗੇ ਨਿਕਲ ਜਾਂਦਾ ਹੈ ਤੇ ਫੋਕ ਪਿੱਛੇ ਰਹਿ ਜਾਂਦੀ ਹੈ। ਪਿੱਛੇ ਮੁੜੀ ਫੋਕ ਨੇ ਇੰਡੀਆ ਵਿੱਚ ਬੇਤੁਕਿਆਂ ਗੱਲਾਂ ਅਤੇ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਆਸਟ੍ਰੇਲੀਆ ਵਿੱਚ ਹਾਲਾਤ ਬਹੁਤ ਖ਼ਰਾਬ ਹਨ ਅਤੇ ਓਥੇ ਰਹਿਣ ਲਈ ਘਰ ਅਤੇ ਕੰਮ ਦਾ ਮਿਲਣਾ ਬਹੁਤ ਹੀ ਮੁਸ਼ਕਲ ਹੈ। ਗੋਰੇ ਲੋਕ ਸਾਨੂੰ ਰਾਤਾਂ ਨੂੰ ਕੁੱਟਦੇ ਅਤੇ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੇਖਦੇ ਹਨ। ਇਸ ਤਰ੍ਹਾਂ ਦੀਆਂ ਗ਼ਲਤ ਗੱਲਾਂ ਨੇ ਪੰਜਾਬ ਦੇ ਲੋਕਾਂ ਵਿੱਚ ਆਸਟ੍ਰੇਲੀਆ ਦੀ ਤਸਵੀਰ ਬਹੁਤ ਹੀ ਮਾੜੀ ਬਣਾ ਦਿੱਤੀ। ਜਿਸ ਵਿੱਚ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ ਆਪਣੇ ਹੀ ਉਨ੍ਹਾਂ ਲੋਕਾਂ ਨੇ ਜੋ ਚਾਹੁੰਦੇ ਸਨ ਕਿ ਵਿਦਿਆਰਥੀ ਤਬਕਾ ਆਸਟ੍ਰੇਲੀਆ 'ਚ ਆਪਣੀ ਲਗਨ ਅਤੇ ਮਿਹਨਤ ਨਾਲ ਕਾਮਯਾਬ ਨਾ ਹੋ ਜਾਵੇ। ਉਨ੍ਹਾਂ ਇਕਾ ਦੁੱਕਾ ਮਾਮੂਲੀ ਘਟਨਾਵਾਂ ਨੂੰ ਨਸਲੀ ਵਿਤਕਰੇ ਦਾ ਨਾਂ ਦੇ ਕੇ ਪੂਰੀ ਦੁਨੀਆ ਵਿੱਚ ਇਸ ਦਾ ਰੌਲਾ ਪਾਇਆ।

ਪੰਜਾਬ ਵਿੱਚ ਉਸ ਸਮੇਂ ਕੋਈ ਵੀ ਅਖ਼ਬਾਰ ਅਜਿਹਾ ਨਹੀਂ ਹੁੰਦਾ ਸੀ ਜਿਸ ਵਿੱਚ ਆਸਟ੍ਰੇਲੀਆ 'ਚ ਹੁੰਦੇ ਲੜਾਈ ਝਗੜੇ, ਸਾੜ ਫੂਕ ਅਤੇ ਨਸਲੀ ਵਿਤਕਰੇ ਦੀਆਂ ਖ਼ਬਰਾਂ ਨਾ ਲੱਗਦੀਆਂ ਹੋਣ ਜੋ ਸਰਾਸਰ ਝੂਠ ਅਤੇ ਬੇਬੁਨਿਆਦ ਸਨ। ਵੱਡੇ ਵੱਡੇ ਲੇਖਕਾਂ ਦੀਆਂ ਬਿਨਾਂ ਸੱਚ ਜਾਣੇ ਅਖ਼ਬਾਰਾਂ ਵਿਚ ਆਸਟ੍ਰੇਲੀਆ ਬਾਰੇ ਰਿਪੋਰਟਾਂ ਲੱਗੀਆਂ ਸਨ ਕਿ ਓਥੇ ਹਰ ਤੀਜਾ ਲੜਕਾ ਚੋਰ ਅਤੇ ਹਰ ਦੂਜੀ  ਲੜਕੀ ਵੇਸਵਾ ਹੈ। ਉਸ ਸਮੇਂ ਆਸਟ੍ਰੇਲੀਆ ਨੂੰ ਪੂਰੀ ਦੁਨੀਆ ਵਿੱਚ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਣ ਲੱਗਾ ਸੀ। ਆਸਟ੍ਰੇਲੀਆ ਵਿੱਚ ਵੀ ਜਵਾਨ ਖ਼ੂਨ ਨੇ ਸਭ ਕੁੱਝ ਨਾ ਸਮਝਦੇ ਹੋਏ ਇੰਡੀਆ ਵਾਂਗੂੰ ਮੁਜ਼ਾਹਰੇ ਕੀਤੇ, ਬੱਸਾਂ ਅਤੇ ਰੇਲਾਂ ਰੋਕੀਆਂ, ਸ਼ੀਸ਼ੇ ਭੰਨੇ ਅਤੇ ਰੁਜ਼ਗਾਰ ਦੇ ਕੰਮਾਂ ਵਿੱਚ ਵਿਘਨ ਪਾਇਆ ਗਿਆ। ਜੋ ਇੱਥੋਂ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਚੰਗਾ ਨਹੀ ਲੱਗਿਆ। ਜਿਸ ਨਾਲ ਪੰਜਾਬੀ ਆਪਣੇ ਆਪ ਹੀ ਇੱਥੋਂ ਦੀਆਂ ਸਰਕਾਰਾਂ ਦੀ ਨਜ਼ਰੀਂ ਚੜ੍ਹ ਗਏ। ਸ਼ਾਇਦ ਉਨ੍ਹਾਂ ਗ਼ਲਤੀਆਂ ਦਾ ਨਤੀਜਾ ਹੀ ਅੱਜ ਨਿੱਤ ਨਵੇਂ ਬਦਲਦੇ ਨਿਯਮਾਂ ਅਤੇ ਪੱਕੇ ਹੋਣ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਰੂਪ ਵਿੱਚ ਅਸੀਂ ਤਾਰ ਰਹੇ ਹਾਂ। ਪਰ ਫਿਰ ਵੀ ਮਿਹਨਤ ਅਤੇ ਸਹੀ ਢੰਗ ਨਾਲ ਪੜ੍ਹੇ ਹੋਏ, ਇੱਥੋਂ ਦੇ ਨਿਯਮਾਂ ਮੁਤਾਬਿਕ ਚੱਲੇ ਵਿਦਿਆਰਥੀ ਨਾ ਸਿਰਫ਼ ਪੱਕੇ ਹੀ ਹੋ ਰਹੇ ਹਨ ਸਗੋਂ ਉਨ੍ਹਾਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਲੈ ਕੇ ਚੰਗੀਆਂ ਨੌਕਰੀਆਂ ਪ੍ਰਾਪਤ ਕੀਤੀਆਂ ਹਨ ਜਾਂ ਆਪੋ ਆਪਣੇ ਛੋਟੇ ਵੱਡੇ ਕਾਰੋਬਾਰ ਖੋਲ੍ਹ ਰੱਖੇ ਹਨ। ਕਈ ਵੱਡੇ ਕਾਰੋਬਾਰਾਂ, ਟੈਕਸੀਆਂ, ਟਰੱਕਾਂ, ਰੈਸਟੋਰੈਂਟਾਂ ਦੇ ਮਾਲਕ ਹਨ ਜੋ ਹੋਰ ਲੋਕਾਂ ਲਈ ਵੀ ਕਾਰੋਬਾਰ ਦਾ ਸਾਧਨ ਬਣਦੇ ਹਨ। ਕੁਝ ਇਕ ਤਾਂ ਕੌਂਸਲ, ਐਮ ਪੀ ਦੀਆਂ ਵੋਟਾਂ ਲਈ ਵੀ ਆਪਣੇ ਪਰ ਤੋਲ ਰਹੇ ਹਨ। ਵਿਦਿਆਰਥੀਆਂ ਦੁਆਰਾ ਦਿਨ ਰਾਤ ਕੀਤੀ ਅਣਥੱਕ ਮਿਹਨਤ ਸਦਕਾ ਲਗਭਗ ਸਾਰੀਆਂ ਨੂੰ ਇੱਥੋਂ ਦੀਆਂ ਵਧੀਆ ਸੁੱਖ ਸਹੂਲਤਾਂ ਪ੍ਰਾਪਤ ਹਨ। ਇਸੇ ਲਈ ਹੁਣ ਆਸਟ੍ਰੇਲੀਆ ਵਿਚ ਕੋਈ ਵੀ ਅਜਿਹਾ ਦਿਨ ਨਹੀਂ ਹੁੰਦਾ ਜਦੋਂ ਇੱਥੋਂ ਦੇ ਸ਼ਹਿਰਾਂ ਵਿੱਚ ਖੇਡ ਮੇਲਾ, ਪੰਜਾਬੀ ਕਲਾਕਾਰਾਂ ਦਾ ਪ੍ਰੋਗਰਾਮ, ਨਾਟਕ, ਕਵੀ ਦਰਬਾਰ ਜਾਂ ਗੀਤ ਸੰਗੀਤ ਦਾ ਪ੍ਰੋਗਰਾਮ ਨਾ ਹੁੰਦਾ ਹੋਵੇ।

ਇੱਕ ਵੰਨਗੀ ਹੋਰ ਹੈ ਜਿਸ ਨੇ ਪੂਰੇ ਵਿਸ਼ਵ ਵਿਚੋਂ ਪੰਜਾਬੀ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਹ ਹੈ ਆਸਟ੍ਰੇਲੀਅਨ ਪੰਜਾਬੀ ਮੀਡੀਆ। ਅੱਜ ਵਿਸ਼ਵ ਦਾ ਕੋਈ ਵੀ ਪੰਜਾਬੀ ਅਖ਼ਬਾਰ ਜਾਂ ਮੈਗਜ਼ੀਨ ਅਜਿਹਾ ਨਹੀਂ ਹੁੰਦਾ ਜਿਸ ਵਿੱਚ ਹਰ ਦਿਨ ਆਸਟ੍ਰੇਲੀਆ ਦੇ ਨੌਜਵਾਨ ਪੰਜਾਬੀ ਰਿਪੋਰਟਰਾਂ ਦੀਆਂ ਖ਼ਬਰਾਂ ਜਾਂ ਆਰਟੀਕਲ ਨਾ ਛਪਦੇ ਹੋਣ। ਨੌਜਵਾਨ ਪੂਰੀ ਤਨਦੇਹੀ ਨਾਲ ਆਸਟ੍ਰੇਲੀਆ ਦੀ ਪਲ ਪਲ ਦੀ ਖ਼ਬਰ ਅਤੇ ਸਹੀ ਤਸਵੀਰ ਦੁਨੀਆ ਸਾਹਮਣੇ ਰੱਖ ਰਹੇ ਹਨ। ਆਸਟ੍ਰੇਲੀਆ ਵਿੱਚ ਹਾਲੇ ਪੰਜਾਬੀਆਂ ਦੀ ਸ਼ੁਰੂਆਤ ਦੇ ਬਾਵਜੂਦ ਹਰ ਸ਼ਹਿਰ ਵਿੱਚ ਪੰਜਾਬੀ ਅਖ਼ਬਾਰ, ਮੈਗਜ਼ੀਨ, ਰੇਡੀਉ, ਟੀ ਵੀ ਪ੍ਰੋਗਰਾਮ ਸ਼ੁਰੂ ਹੋ ਰਹੇ ਹਨ। ਜੋ ਮਨੋਰੰਜਨ ਦੇ ਨਾਲ ਨਾਲ ਹਰ ਤਰ੍ਹਾਂ ਦੀ ਜਾਣਕਾਰੀ ਵੀ ਮੁਹੱਈਆ ਕਰਵਾ ਰਹੇ ਹਨ। ਆਸਟ੍ਰੇਲੀਆ ਵਿੱਚ ਸਾਹਿੱਤ ਕਲਾ ਦੇ ਖੇਤਰ ਵਿੱਚ ਵੀ ਨੌਜਵਾਨ ਤਬਕਾ ਉੱਤਰ ਕੇ ਸਾਹਮਣੇ ਆ ਰਿਹਾ ਹੈ। ਜੋ ਹੱਡ-ਭੰਨਵੀਂ ਮਿਹਨਤ ਕਰ ਕੇ ਬਚਦੇ ਵਕਤ ਵਿਚੋਂ ਬਹੁਤ ਖ਼ੂਬਸੂਰਤ ਨਾਟਕ, ਕਹਾਣੀ, ਕਵਿਤਾ ਆਦਿ ਵੰਨਗੀਆਂ ਦੀ ਰਚਨਾ ਕਰਦੇ ਹੋਏ ਇਸ ਖੇਤਰ ਵਿੱਚ ਆਪਣਾ ਪੈਰ ਬਾਖ਼ੂਬੀ ਪਸਾਰ ਰਹੇ ਹਨ।
ਭਾਵੇਂ ਕਿ ਆਸਟ੍ਰੇਲੀਆ ਵਿੱਚ ਪੜ੍ਹਾਈ ਜਰੀਏ ਜ਼ਿਆਦਾਤਰ ਨੌਜਵਾਨ ਤਬਕਾ ਹੀ ਇਥੇ ਆਇਆ ਪਰ ਹੁਣ ਇਹਨਾਂ ਵਿਦਿਆਰਥੀਆਂ ਦੁਆਰਾ ਆਪਣੇ ਮਾਂ ਬਾਪ ਨੂੰ ਆਸਟ੍ਰੇਲੀਆ ਬੁਲਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਪਹਿਲੀ ਗੱਲ ਤਾਂ ਵਿਦਿਆਰਥੀ ਆਪਣੇ ਮਾਂ ਬਾਪ ਨੂੰ ਸਿਰਫ਼ ਤਿੰਨ ਜਾਂ ਛੇ ਮਹੀਨਿਆਂ ਦੇ ਵਿਜ਼ਟਰ ਵੀਜ਼ੇ ਤੇ ਹੀ ਬੁਲਾ ਸਕਦੇ ਹਨ। ਜੋ ਬਹੁਤ ਹੀ ਥੋੜਾ ਸਮਾਂ ਹੈ ਤੇ ਇਹ ਵੀਜ਼ਾ ਮਿਲਦਾ ਵੀ ਬਹੁਤ ਘੱਟ ਹੈ। ਦੂਸਰਾ ਕੋਈ ਪੱਕਾ ਜਾਂ ਸਿਟੀਜ਼ਨ ਬੰਦਾ ਵੀ ਆਪਣੇ ਮਾਂ ਬਾਪ ਨੂੰ ਪੱਕੇ ਤੌਰ ਤੇ ਇਥੇ ਨਹੀਂ ਬੁਲਾ ਸਕਦਾ। ਪਰ ਫਿਰ ਵੀ ਜੇ ਕਿਸੇ ਨੇ ਆਪਣੇ ਮਾਂ ਬਾਪ ਨੂੰ ਪੱਕੇ ਤੌਰ ਤੇ ਇਥੇ ਬੁਲਾਉਣਾ ਹੈ ਤਾਂ ਉਸ ਨੂੰ ਆਸਟ੍ਰੇਲੀਅਨ ਸਰਕਾਰ ਕੋਲ ੪੦ ਹਜ਼ਾਰ ਡਾਲਰ ਜਾਮਾਂ ਕਰਵਾਉਣੇ ਪੈਂਦੇ ਹਨ, ਜੋ ਕਿ ਬਹੁਤ ਹੀ ਜਿਆਦਾ ਹਨ। ਪਰ ਫਿਰ ਵੀ ਇਹਨਾਂ ਵੱਲੋਂ ਪੰਜਾਬ 'ਚ ਰਹਿੰਦੇ ਆਪਣੇ ਬੇਬੇ ਬਾਪੂਆਂ ਦੇ ਵੀਜ਼ੇ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਗਾਹੇ ਵਗਾਹੇ ਸੜਕਾਂ, ਪਾਰਕਾਂ ਜਾਂ ਗੁਰੂ ਘਰਾਂ ਵਿੱਚ ਬਾਬਿਆਂ ਦੀਆਂ ਸਰ੍ਹੋਂ ਫੁੱਲੀਆਂ ਪੱਗਾਂ ਅਤੇ ਬੀਬੀਆਂ ਦੀਆਂ ਨਸਵਾਰੀ ਚੁੰਨੀਆਂ ਦੇ ਝਲਕਾਰੇ ਆਮ ਹੀ ਦੇਖਣ ਨੂੰ ਮਿਲ ਜਾਣਗੇ। ਪਰ ਜਿੱਥੇ ਪੰਜਾਬੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਆਪਣੇ ਨਾਲ ਮਿਹਨਤੀ ਸੁਭਾ ਅਤੇ ਸਫਲ ਹੋਣ ਦਾ ਇਰਾਦਾ ਲੈ ਕੇ ਆਏ, ਓਥੇ ਆਪਣੇ ਨਾਲ ਪੰਜਾਬੀਆਂ ਵਾਲੀ ਲਾਪਰਵਾਹ ਬਿਰਤੀ ਅਤੇ ਹੋਰ ਭੈੜੀਆਂ ਆਦਤਾਂ ਵੀ ਨਾਲ ਲੈ ਕੇ ਆਏ। ਜਿਵੇਂ ਸਫ਼ਾਈ ਨਾ ਰੱਖਣਾ, ਸਮੇਂ ਦੇ ਪਾਬੰਦ ਨਾ ਹੋਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨੀ ਅਤੇ ਕਈ ਤਾਂ ਆਪਣੀਆਂ ਗੱਡੀਆਂ ਪਿੱਛੇ ਮੋਟੇ ਮੋਟੇ ਅੱਖਰਾਂ ਵਿੱਚ ''ਅੰਗਰੇਜ਼ ਖੰਘੇ ਸੀ ਤਾਂਹੀਓਂ ਟੰਗੇ ਸੀ'' ਲਿਖਾਉਣ ਵਾਲਾ ਆਪਣਾ ਅਣਖੀ ਪੁਣਾ ਵੀ ਨਾਲ ਲੈ ਕੇ ਆਏ ਹਨ।

ਕਈ ਸ਼ਹਿਰਾਂ ਵਿੱਚ ਤਾਂ ਕਤਲ ਦੀਆਂ ਘਟਨਾਵਾਂ ਵੀ ਹੋਈਆਂ ਅਤੇ ਹੋ ਵੀ ਰਹੀਆਂ ਹਨ। ਜੋ ਆਪਣੇ ਹੀ ਪੰਜਾਬੀਆਂ ਨੇ ਆਪਣਿਆਂ ਦੀਆਂ ਹੀ ਕੀਤੀਆਂ ਹਨ। ਇਸ ਦੌਰਾਨ ਪੰਜਾਬੀਆਂ ਵਿੱਚ ਨਸ਼ੇ ਆਦਿ ਦਾ ਰੁਝਾਨ ਵੀ ਵਧਿਆ ਹੈ ਜੋ ਬਿਨਾਂ ਸ਼ੱਕ ਆਪਣੇ ਹੀ ਆਪਣਿਆਂ ਨੂੰ ਸਪਲਾਈ ਕਰਦੇ ਹਨ। ਇੱਕ ਹੋਰ ਬਿਮਾਰੀ ਹੈ ਜੋ ਪੀੜ੍ਹੀਆਂ ਤੋਂ ਪੰਜਾਬੀਆਂ ਦੇ ਨਾਲ ਚੱਲੀ ਆ ਰਹੀ ਹੈ ਉਹ ਹੈ ਈਰਖਾ ਅਤੇ ਸਾੜੇ ਦੀ। ਹਰ ਸ਼ਹਿਰ ਵਿੱਚ ਮੀਡੀਆ ਦੀਆਂ, ਐਸੋਸੀਏਸ਼ਨਾਂ ਦੀਆਂ, ਧਾਰਮਿਕ ਸੰਸਥਾਵਾਂ ਦੀਆਂ ਧੜੇਬੰਦੀਆਂ ਕਾਇਮ ਨੇ ਜੋ ਹਰ ਵੇਲੇ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਤਿਆਰ ਰਹਿੰਦੀਆਂ ਹਨ। ਇਹ ਧੜੇਬੰਦੀਆਂ ਕਿਸੇ ਕਲਾਕਾਰ ਦੇ ਪ੍ਰੋਗਰਾਮ ਮੌਕੇ ਧਾਰਮਿਕ ਸੰਸਥਾਵਾਂ ਦੇ ਦਿਵਾਨਾਂ ਜਾਂ ਮੇਲਿਆਂ ਦੇ ਮੌਕੇ ਬਹੁਤ ਹੀ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਕਈ ਵਾਰ ਤਾਂ ਬਹੁਤ ਹਾਸੋਹੀਣੀ ਸਥਿਤੀ ਬਣ ਜਾਂਦੀ ਹੈ।
ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਦੀ ਸ਼ੁਰੂਆਤ ਮੌਕੇ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਸਹਿਯੋਗੀ ਬਣ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਦੁਨੀਆ ਸਾਹਮਣੇ ਮਿਸਾਲ ਕਾਇਮ ਕੀਤੀ ਜਾ ਸਕੇ। ਇਹ ਗੱਲਾਂ ਤਾਂ ਕੁਝ ਝਲਕ ਮਾਤਰ ਹੀ ਹਨ ਜਿੰਨਾ ਬਾਰੇ ਪੰਜਾਬੀਆਂ ਨੂੰ ਡੂੰਘੀ ਸੋਚ ਵਿਚਾਰ ਦੀ ਲੋੜ ਹੈ। ਨਾਲ ਹੀ ਇੱਥੋਂ ਦੇ ਸਿਸਟਮ ਮੁਤਾਬਿਕ ਆਪਣੇ ਆਪ ਨੂੰ ਬਦਲਿਆ ਜਾਵੇ ਅਤੇ ਇਸ ਦੇਸ਼ ਨੂੰ ਆਪਣਾ ਦੇਸ਼ ਸਮਝ ਇਸ ਦੀ ਬਿਹਤਰੀ ਲਈ ਕੋਸ਼ਿਸ਼ ਕੀਤੀ ਜਾਵੇ। ਅੱਜ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਤੋਂ ਬਾਅਦ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਸ਼ੁਰੂਆਤ ਹੈ। ਆਸਟ੍ਰੇਲੀਆ ਵਰਗੇ ਦੇਸ਼ ਵਿੱਚ ਬਹੁਤ ਸੰਭਾਵਨਾਵਾਂ ਮੌਜੂਦ ਹਨ। ਬੱਸ ਲੋੜ ਸਮਝਦਾਰੀ ਅਤੇ ਮਿਹਨਤ ਨਾਲ ਕਾਮਯਾਬ ਹੋਣ ਦੀ ਹੈ। ਆਸਟ੍ਰੇਲੀਆ ਕਿਸੇ ਵੀ ਗੱਲੋਂ ਬਾਕੀ ਵਿਕਸਿਤ ਮੁਲਕਾਂ ਤੋਂ ਘੱਟ ਨਹੀਂ ਸਗੋਂ ਵਿਸ਼ਾਲ ਖੇਤਰਫਲ, ਘੱਟ ਵਸੋਂ, ਜ਼ਿਆਦਾ ਰੁਜ਼ਗਾਰ ਦੇ ਸਾਧਨ ਅਤੇ ਵਧੀਆ ਤਨਖ਼ਾਹਾਂ ਕਰ ਕੇ ਹੋਰ ਦੇਸ਼ਾਂ ਤੋਂ ਅੱਗੇ ਹੈ। ਆਮ ਸਧਾਰਨ ਕਾਮਾ ਵੀ ਵਧੀਆ ਪੈਸੇ ਕਮਾ ਕੇ ਇੱਕ ਸੁੱਖ ਸਹੂਲਤਾਂ ਭਰੀ ਜ਼ਿੰਦਗੀ ਜਿਉਂ ਸਕਦਾ ਹੈ। ਅੱਜ ਆਸਟ੍ਰੇਲੀਅਨ ਡਾਲਰ ਦੀ ਕੀਮਤ ਲਗਭਗ ਸਾਰੇ ਦੇਸ਼ਾਂ ਤੋਂ ਜ਼ਿਆਦਾ ਹੈ।

ਇਹ ਉਹ ਗੱਲਾਂ ਹਨ ਜੋ ਹੋਰ ਮੁਲਕਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਹੱਕ ਵਿੱਚ ਜਾਂਦੀਆਂ ਹਨ। ਬੱਸ ਲੋੜ ਹੈ ਦੁਨੀਆ ਦੇ ਸਭ ਤੋਂ ਸੋਹਣੇ ਮੁਲਕਾਂ ਵਿੱਚ ਸ਼ੁਮਾਰ ਆਸਟ੍ਰੇਲੀਆ ਅੰਦਰ ਸਮਝਦਾਰੀ, ਇੱਕ ਚੰਗੀ ਸੋਚ ਅਤੇ ਮਿਹਨਤ ਨਾਲ ਆਪਣੇ ਪੈਰ ਜਮਾਉਣ ਦੀ ਹੈ। ਆਸਟ੍ਰੇਲੀਅਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬੀਆਂ ਦੇ ਜੱਦੀ ਪੁਸ਼ਤੀ ਕਿੱਤੇ ਖੇਤੀ ਵਿੱਚ ਇਹਨਾਂ ਤੋਂ ਸਹਿਯੋਗ ਲਿਆ ਜਾਵੇ। ਨਾਲ ਦੀ ਨਾਲ ਆਸਟ੍ਰੇਲੀਅਨ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਵਿਦਿਆਰਥੀਆਂ ਦੇ ਪੱਕੇ ਹੋਣ ਦੀਆਂ ਸ਼ਰਤਾਂ ਨੂੰ ਨਰਮ ਕੀਤਾ ਜਾਵੇ ਤਾਂ ਜੋ ਇੰਨੀ ਮਿਹਨਤ ਅਤੇ ਜੱਦੋ-ਜਹਿਦ ਬਾਅਦ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਇਥੇ ਰਹਿਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਆਸਟ੍ਰੇਲੀਆ ਦੇ ਬਾਸ਼ਿੰਦੇ ਬਣ ਕੇ ਇਸ ਦੀ ਤਰੱਕੀ ਅਤੇ ਬਿਹਤਰੀ ਲਈ ਹੋਰ ਵੀ ਯੋਗਦਾਨ ਪਾ ਸਕਣ।
------------------------------------------------------------------------------------------------------
ਐਡੀਲੇਡ
੦੪੩੦੮੫੦੦੪੫

Punjabi kahani- ਪਾਟੀਆਂ ਜੁੱਲੀਆਂ!!!!!!!!!!


ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ, ਖਾਂਦੇ ਹਾਂ ਬੇਹੀਆਂ ਗੁੱਲੀਆਂ / (ਵਿਅੰਗ)
ਡਾ.ਸਾਧੂ ਰਾਮ ਲੰਗੇਆਣਾ
ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹੋਣ ਕਾਰਨ ਮੌਕੇ ਦੀ ਹਾਕਮ ਸਰਕਾਰ ਨੇ ਗਰੀਬ ਲੋਕਾਂ ਦੇ ਘਰਾਂ ਵਿੱਚ ਪੱਕੇ ਪਖਾਨੇ ਬਣਾਉਣ ਦੀ ਸਹੂਲਤ ਜਾਰੀ ਕੀਤੀ। ਸਾਡੇ ਪਿੰਡ ਤਾਏ ਨਰਾਇਣੇਂ ਕੇ ਘਰ ਵੀ ਪੰਚਾਇਤ ਸੈਕਟਰੀ ਤੇ ਸਰਪੰਚ ਘਰਾਂ ਦਾ ਸਰਵਾ ਕਰਦੇ-ਕਰਦੇ ਪਹੁੰਚ ਗਏ

          ਆਓ ਬਈ ਜਵਾਨੋਂ…ਕਿਹੜੇ ਅਂੈ…ਕਿਮੇਂ ਆਉਣਾ ਹੋਇਐ ਥੋਡਾ, ਬੱਕਰੀਆਂ ਵਾਲੇ ਟੁੱਟੇ ਛੱਪਰ ਹੇਠ ਬੈਠੇ ਤਾਏ ਨਰਾਇਂਣੇ ਨੇ ਘਰ ਦੀ ਦੇਹਲੀ ਅੰਦਰ ਹੋਇਆਂ ਦੋਵਾਂ ਜਾਣਿਆਂ ਨੂੰ ਅੱਖਾਂ ਤੋਂ ਥੋੜਾ ਐਨਕ ਉਪਰ ਚੁੱਕਦਿਆਂ ਆਖਿਆ……, ਤਾਇਆ ਮੈਂ, ਸਰਪੰਚ ਕੋਕਾ ਸਿੰਘ ਤੇ ਮੇਰੇ ਨਾਲ ਸੈਕਟਰੀ……

        ਓ ਬੱਲੇ-ਬੱਲੇ ਅੱਜ ਖੜਪੰਚ (ਸਰਪੰਚ) ਸੈਬ ਨੂੰ ਕਿਮੇਂ ਦਿਸ ਗਈ। ਗਰੀਬ ਦੀ ਕੁੱਲੀ, ਸ਼ੁਕਰ ਐ… ਸ਼ੁਕਰ ਐ… ਜੇ ਕੀੜੀ ਘਰ ਨਰੈਂਣ ਆਏ ਨੇ, ਉਂਝ ਤਾਏ ਦੀ ਜਿੱਥੇ ਅੱਖਾਂ ਤੋਂ ਨਿਗ੍ਹਾ ਘੱਟ ਸੀ ਉੱਥੇ ਕੰਨਾਂ ਤੋਂ ਵੀ ਕੁਝ ਉੱਚਾ ਸੁਣਦਾ ਸੀ

ਸਰਪੰਚ:- ਤਾਇਆ ਤੇਰੇ ਲਈ ਖੁਸ਼ਖਬਰੀ ਹੈ, ਕਿ ਸਰਕਾਰ ਨੇ ਗਰੀਬ ਲੋਕਾਂ ਲਈ ਲੈਟਰੀਨਾਂ ਦੀ ਸਹੂਲਤ ਜਾਰੀ ਕੀਤੀ ਐ, ਤੇ ਇਹ ਸੈਕਟਰੀ ਅੱਜ ਆਇਆ ਸਕੀਮ ਦੇਣ

ਤਾਇਆ:- ਓ… ਬੱਲੇ ਓਏ ਸ਼ੇਰ ਬੱਗਿਆ, ਸ਼ਾਬਾਸ਼ੇ ਤੇਰੇ…ਤੂੰਂ ਕਹਿ ਦਿੱਤਾ, ਬੱਸ ਸਭ ਕੁਝ ਆ ਗਿਆ, ਲੱਖ ਮਣਾਂ, ਪਰ ਮੇਰਾ ਇਰਾਦਾ ਨਈਂ ਐਂ, ਐਹੋ ਜਿਹੀ ਲੈਟ-ਲੂਟ ਦੇ ਝਮੇਲੇ ਵਿੱਚ ਪੈਣ ਦਾ, ਐਂਵੇ ਕਿਤੇ ਹੱਥ ਲੱਗ ਗਿਆ ਤਾਂ ਹੋਰ ਜਾਹ ਜਾਂਦੀ ਹੋਓੂ

    ਸਾਨੂੰ ਤਾਂ ਗਰੀਬਾਂ ਨੂੰ ਸਰੋਂ ਦੇ ਤੇਲ ਵਾਲਾ ਦੀਵਾ ਜਾਂ ਮਿੱਟੀ ਦੇ ਤੇਲ ਵਾਲੀ ਲਾਲਟੈਣ ਈ ਚੰਗੀ ਐ, ਅਸੀਂ ਕਿਹੜਾ ਹੁਣ ਬੁੱਢੇ ਬਾਰੇ ਲੈਟਾਂ ਲਵਾ ਕੇ ਰਾਤਾਂ ਨੂੰ ਮੋਤੀ ਪਰੋਣੇਂ ਹੁੰਦੇ ਨੇ

ਸਰਪੰਚ:- (ਮੁਸਕੜੀ ਹੱਸ ਜ਼ਰਾ ਜ਼ੋਰ ਦੇ ਕੇ ਬੋਲਦਾ ਹੋਇਆ) ਤਾਇਆ ਲਾਇਟ ਨਹੀਂ, ਲੈਟਰੀਨ ਐ ਲੈਟਰੀਨ…

ਤਾਇਆ:- ਓ ਸ਼ੇਰ ਬੱਗਿਆ, ਮੈਂ ਖਿਆ ਸਾਰੀ ਉਮਰ ਬਥੇਰੀਆਂ ਪਾਈਆਂ ਨੇ… ਕਦੇ ਨ੍ਹੀਂ ਇਹਨਾਂ ਕੰਜਰ ਦੀਆਂ ਲੈਟਰੀਆਂ ਚੋਂ ਪੰਜ ਪੈਸੇ ਵੀ ਨਿਕਲੇ, ਬੱਸ ਕੇਰਾਂ 'ਨਿਗਾਹੇ' ਦੇ ਮੇਲੇ ਚੋਂ ਦੋ ਸਿੱਲਾਂ ਵਾਲੀ ਬੈਟਰੀ ਨਿਕਲੀ ਸੀ, ਇਹ ਤਾਂ ਕਿਸਮਤ ਦੇ ਗੇੜ ਹੁੰਦੇ ਨੇ, ਨਹੀਂ ਤਾਂ ਬਾਕੀ ਸਾਰੀਆਂ ਸੁੱਕੀਆਂ ਹੀ ਗਈਆਂ ਲੈਟਰੀਆਂ

ਸਰਪੰਚ:_ (ਅੱਗੇ ਨਾਲੋਂ ਮੁਸਕਰਾਹਟ ਜ਼ਿਆਦਾ ਪਰ ਖਸਿਆਨਾ ਜਿਹੇ ਲਹਿਜੇ ਚ ਪਹਿਲਾਂ ਨਾਲੋਂ ਫਿਰ ਜ਼ੋਰ ਦੇ ਕੇ ਤਾਏ ਦੇ ਕੰਨ ਕੋਲ ਕਹਿਣ ਲੱਗਾ) ਤਾਇਆ ਉਹ ਲਾਟਰੀ ਨਹੀਂ, ਇਹ ਲੈਟਰੀਨ ਦਾ ਮਤਲਬ ਐ, ਥੋਡੇ ਘਰ ਵਿੱਚ ਪੱਕੀ ਟੱਟੀ ਬਣਾਈ ਜਾਣੀ ਐ, ਟੱਟੀ… ਤੇ ਇਹ ਅਫਸਰ ਤਾਹੀਂ ਆਇਐ, ਸਕੀਮ ਦੇ ਕਾਗਜ਼ ਭਰਨ… ਤੇ ਲਾਦੇ ਕੇਰਾਂ ਫਿਰ ਖੱਬੇ ਹੱਥ ਦਾ ਅੰਗੂਠਾ ਫਾਰਮਾਂ ਤੇ, ੧੫੦੦ ਦੀ ਰਕਮ ਹੋਣੀ ਐ ਮੰਨਜੂਰ…

ਤਾਇਆ:- ਓਏ, ਸ਼ੇਰ ਬੱਗਿਆ ਸਾਡੇ ਗਰੀਬਾਂ ਦੀਆਂ ਪਾਟੀਆਂ ਜੁੱਲੀਆਂ, ਢੱਠੀਆਂ ਕੁੱਲੀਆਂ ਤੇ ਅਸੀਂ ਤਰਸ-ਤਰਸ ਕੇ ਖਾਂਦੇ ਹਾਂ ਬੇਹੀਆਂ ਗੁੱਲੀਆਂ, ਜੇ ਸਾਡੀ ਸਵਾਤ ਦੀ ਛੱਤ ਤੇ ਚਿੜੀ ਵੀ ਮੂਤ ਜਾਵੇ, ਤਾਂ ਪਰਲ…ਪਰਲ… ਚੋਂਣ (ਚਿਉਣ) ਲੱਗ ਪੈਂਦੀ ਐ…

   ਬੱਕਰੀਆਂ ਤੇ ਜੰਤਰ ਦੇ ਕਾਨਿਆਂ ਦਾ ਸਿਰ ਅਢਕਾ ਕੀਤਾ ਏ, ਤੇ ਜੇ ਤੂੰ ਸਾਡੇ ਪਾਣੀ ਵਾਲੇ ਪੰਪ ਵੱਲ ਜਾਂ ਖੰਡ,ਘਿਓ,ਦਾਲਾਂ ਵਾਲੇ ਖਾਲੀ ਡੱਬਿਆਂ ਵੱਲ ਝਾਤ ਮਾਰ ਕੇ ਦੇਖ ਲਵੇਂ, ਤਾਂ ਹੋ ਸਕਦਾ, ਤੈਨੂੰ ਵੀ ਕਬਜ਼ੀ ਹੋ ਜਾਵੇ, ਨਾਲੇ ਅਸੀਂ ਗਰੀਬਾਂ ਨੇ ਕਦੇ ਢਿੱਡ ਭਰ ਕੇ ਤਾਂ ਚੰਗੀ ਤਰ੍ਹਾਂ ਦੇਖਿਆ ਈ ਕਦੇ ਨੀਂ, ਅੰਦਰੋਂ ਪੋਟਾ ਤਾਂ ਸੁੱਕ ਕੇ ਇਉਂ ਕਾਲਜੇ ਨਾਲ ਲੱਗਾ ਪਿਆ, ਜਿਵੇਂ ਸ਼ਤੀਰ ਨਾਲ ਕਿਰਲੀ ਚੰਬੜੀ ਹੋਵੇ, ਬੁਢਾਪਾ ਪੈਨਸ਼ਨ ਵੀ ੫-੫ ਮਹੀਨਿਆਂ  ਤੋਂ ਨਹੀਂ ਮਿਲਦੀ ਤੇ ਕਬਜ਼ੀ ਤਾਂ ਸਾਨੂੰ ਹੋਈ ਰਹਿੰਦੀ ਐ, ਟੱਟੀ ਸਾਨੂੰ ਸਵਾਹ ਆਉਣੀ ਐ, ਤੇ ਨਾਲੇ ਪਹਿਲਾਂ ਸਾਡੇ ਖੂਹੀ ਵਾਲੀ ਟੱਟੀ ਬਣੀ ਹੋਈ ਐ, ਦੋ ਮਰਲਿਆਂ ਚ ਤਾਂ ਪਹਿਲਾਂ ਈ ਬੈਠੇ ਆਂ…

  ਤੁਸੀਂ ਪਹਿਲਾਂ ਗਰੀਬਾਂ ਦੇ ਢਿੱਡ ਭਰਨ ਦਾ ਕੋਈ ਬੰਦੋਬਸਤ ਕਰੋ, ਢਿੱਡ ਭਰੂਗਾ, ਕਬਜ਼ੀ ਖੁੱਲੂਗੀ, ਫੇਰ ਅਸੀਂ ਟੱਟੀ ਜਾਵਾਂਗੇ (ਤਾਇਆ ਢਿੱਡ ਦੀ ਸੱਚੀ ਭੜਾਸ ਲਗਾਤਾਰ ਹੀ ਸਰਪੰਚ ਤੇ ਇਓੁਂ ਕੱਢ ਗਿਆ ਜਿਵੇਂ ਸਰਪੰਚ ਸਹੂਲਤ ਨਹੀਂ ਸਗੋਂ ਬਲਦੀ ਤੇ ਪੈਟਰੋਲ ਪਾਉਣ ਆਇਆ ਹੋਵੇ) 

ਸਰਪੰਚ:- ਨਹੀ.ਨਹੀ. ਤਾਇਆ ਤੂੰ ਸਾਡੀ ਗੱਲ ਸਮਝਣ ਦੀ ਕੋਸ਼ਿਸ਼ ਕਰ, ਤੇ ਅਸੀਂ ਹੋਰਨਾਂ ਘਰਾਂ ਚ ਵੀ ਜਾਣਾ ਐ, ਉਤੋਂ ਬੀ.ਡੀ.ਪੀ.ਓ. ਨੇ ਵੀ ਫੇਰ ਚੈਕਿੰਗ ਕਰਨ ਆਉਣੈਂ, ਤੂੰ ਜ਼ਰਾ ਅੰਗੂਠਾ ਲਾ ਫਾਰਮ ਤੇ ਸਾਡਾ ਕੰਮ ਨਬੇੜ, ਐਂਵੇਂ ਸਾਡੀ ਪੰਚਾਇਤ ਦੀ ਖਿਚਾਈ ਹੋਊਗੀ

ਤਾਇਆ:- ਦੋਵੇਂ ਹੱਥ ਜੋੜ ਕੇ (ਬੀ.ਡੀ.ਪੀ.ਓ.ਨੂੰ) ਚਾਹੇ ਆਵੇ ਕੋਈ ਬੀੜੀਆਂ ਪੀਣ ਵਾਲਾ ਚਿੱਕ ਕਰਨ, ਤੇ ਚਾਹੇ ਆਵੇ ਚਿਲਮ ਪੀਣ ਵਾਲਾ, ਪਰ ਸ਼ੇਰੋ ਥੋਡੇ ਮੂਹਰੇ ਬੰਨੇ ਹੱਥ… ਗਾਂਹ ਨੂੰ ਵੋਟਾਂ ਵੀ ਥੋਨੂੰ ਈ ਪਾਵਾਂਗੇ, ਪਰ ਹੁਣ ਮੈਂ ਵਿਹੜਾ ਨਹੀਂ ਪਟਵਾਉਣਾ… ਨਾਲੇ ਮੈਂ ਥੋਨੂੰ ਇੱਕ ਨੇਕ ਸਲਾਹ ਦਿੰਨੈ, ਵਈ ਖੜਪੰਚਾ ਮੈਨੂੰ ਪਤਾ ਤੁਸੀਂ ਵੀ ਕਿਹੜਾ ਅਪਸਰਾਂ (ਅਫਸਰਾਂ) ਦਾ ਢਿੱਡ ਗੀਸੇ ਚੋਂ ਭਰਨਾਂ ਹੁੰਦੈ, ਬਈ ਤੂੰ ਐਂ ਕਰ ਲੈ, ਕਿ ਬਈ ਜਿਹੜੀ ਆਪਾਂ ਰਕਮ ਖਰਾਬ ਕਰਨੀ ਐਂ ਤੁਸੀਂ ਉਹਦੇ ਚੋਂ ਐਂ ਕਰੋ, ਬਈ ਆਪਾਂ ਉਹਨੂੰ ਅੱਧੋ-ਅੱਧ ਕਰ ਲਵਾਂਗੇ ਦੋ ਹਿੱਸੇ ਤਾਂ ਤੂੰ ਤੇ ਅਪਸਰ ਟੱਟੀ ਦੇ ਖਾ ਲਿਓ ਤੇ ਬਾਕੀ ਮੇਰੇ ਘਰੇ ਰਸੋਈ ਹੈ ਨੀਂ ਗੀ, ਮੈਂ ਬਣਾ ਲੂੰ ਗਾ ਰਸੋਈ, ਮੈਂ ਤਾਂ ਥੋਨੂੰ ਹੋਰਨਾਂ ਘਰਾਂ ਚ ਵੀ ਧੱਕੇ ਖਾਣ ਤੋਂ ਰੋਕਦੈਂ… ਬਈ ਬਾਕੀ ਲੋਕਾਂ ਦੀਆਂ ਵੀ ਅੱਧੀਆਂ-ਅੱਧੀਆਂ ਟੱਟੀਆਂ ਤੁਸੀਂ ਊਂ ਵੀ ਛਕ ਈ ਲੈਣੀਆਂ ਨੇ, ਕਿਉਂ ਨਾਂ ਤੁਸੀ ਸਾਰਿਆਂ ਘਰਾਂ ਚ ਬਾਕੀ ਲੋੜਵੰਦ ਚੀਜ਼ਾਂ ਲੈ ਕੇ ਦੇ ਦੇਵੋ… ਟੱਟੀਆਂ ਤਾਂ ਪਹਿਲਾਂ ਈ ਘਰ-ਘਰ ਬਣੀਆਂ ਹੋਈਆਂ ਨੇ… ਤੇ ਲਿਆ ਜੇ ਮੰਨਜੂਰ ਐ, ਤਾਂ ਖੜਪੰਚਾ ਇੱਕ ਛੱਡ ਕੇ ਭਾਂਵੇਂ ਪੰਜਾ ਲਵਾ ਲੈ……

    ਤਾਏ ਦੀਆਂ ਖਰੀਆਂ-ਖਰੀਆਂ ਸੁਣ ਸਰਪੰਚ ਤੇ ਸੈਕਟਰੀ ਵਿਚਾਰੇ ਕੰਨ ਝਾੜਦੇ ਹੋਏ ਬੁਸੇ ਜਿਹੇ ਚਿਹਰਿਆਂ ਨਾਲ ਅਗਲੇ ਘਰਾਂ ਨੂੰ ਛੂੰ-ਮੰਤਰ ਹੋ ਗਏ……।
------------------------------------------------------------------------------------------------------
 ਪਿੰਡ ਲੰਗੇਆਣਾ ਕਲਾਂ (ਮੋਗਾ), ੯੮੭੮੧-੧੭੨੮੫,

Punjabi Lekh- ਨਵੀਆਂ ਆਸਾਂ ਤੇ ਉਮੰਗਾਂ ਦਾ ਨਵਾਂ ਸਾਲ!!!!!!!!!


ਨਵੀਆਂ ਆਸਾਂ ਤੇ ਉਮੰਗਾਂ ਦਾ ਪ੍ਰਤੀਕ ਹੈ ਨਵਾਂ ਸਾਲ / (ਲੇਖ)
ਦਲਵੀਰ ਸਿੰਘ ਲੁਧਿਆਣਵੀ
ਸਿਆਣੇ ਕਹਿੰਦੇ ਨੇ ਕਿ ਸਮਾਂ ਹੀ ਧਨ ਹੈ। ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹ ਤਾਂ ਹੀਰੇ-ਮੋਤੀਆਂ, ਜਵਾਹਰਾਤ, ਸੋਨੇ, ਚਾਂਦੀ, ਆਦਿ ਤੋਂ ਵੀ ਕੀਮਤੀ ਹੈ, ਅਰਥਾਤ ਇਹ ਅਨਮੋਲ ਵਸਤੂ ਹੈ। ਇਸ ਗੱਲ ਤੋਂ ਤਾਂ ਸਾਰੇ ਹੀ ਭਲੀ-ਭਾਂਤ ਜਾਣੂ ਹਨ ਕਿ ਬੀਤਿਆ ਪਲ ਵਾਪਿਸ ਨਹੀਂ ਆਉਂਦਾ, ਭਾਵੇਂ ਕੋਈ ਜਿੰਨਾ ਮਰਜੀ ਜ਼ੋਰ ਲਗਾ ਲਵੇ। ਸਮਾਂ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦੇ ਅੱਗੇ ਹਰ ਕੋਈ ਝੁੱਕ ਜਾਂਦਾ ਹੈ, ਅਮੀਰ-ਗ਼ਰੀਬ, ਰਾਜੇ-ਮਹਾਂਰਾਜੇ ਸਭ ਇਸ ਨੂੰ ਸਲਾਮ ਕਰਦੇ ਹਨ। ਇਹ ਕਿਸੇ ਦੇ ਕਹਿਣੇ 'ਤੇ ਨਹੀਂ ਚਲਦਾ ਅਤੇ ਨਾ ਹੀ ਕਿਸੇ ਦੇ ਅੱਗੇ ਰੁਕਦਾ ਹੈ। ਇਹ ਤਾਂ ਵਹਿੰਦੇ ਦਰਿਆ ਦੀ ਤਰ੍ਹਾਂ ਹੈ ਜਾਂ ਇੰਜ ਕਹਿ ਲਈਏ ਕਿ ਇਸ ਨੇ ਕਿਸੇ ਨੂੰ ਨਹੀਂ ਬਖਸ਼ਿਆ, ਭਾਵ ਸਮਾਂ ਬਲਵਾਨ ਹੈ।
ਹੁਣੇ ਜਿਹੇ ਸਾਲ ੨੦੧੨ ਚੜ੍ਹਿਆ ਸੀ, ਯਾਨੀ ੩੬੫ ਦਿਨ ਬੀਤ ਗਏ। ਓਦੋਂ ਸਾਡੀਆਂ ਆਸਾਂ ਤੇ ਉਮੰਗਾਂ ਕੀ ਸਨ? ਉਨ੍ਹਾਂ ਵਿੱਚੋਂ ਕਿਹੜੇ ਟੀਚੇ ਹਾਸਿਲ ਕੀਤੇ ਅਤੇ ਕਿਹੜੇ ਬਾਕੀ ਰਹਿ ਗਏ ਹਨ? ਕਿੰਨੀ ਕੁ ਸਾਡੀ ਮਿਹਨਤ ਰੰਗ ਲਿਆਈ ਏ ਤੇ ਸਾਨੂੰ ਕਿੰਨੀ ਕੁ ਹੋਰ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਬਾਕੀ ਰਹਿੰਦੇ ਤੇ ਨਵੇਂ ਟੀਚਿਆਂ ਨੂੰ ਹਾਸਿਲ ਕਰ ਸਕੀਏ।
ਭ੍ਰਿਸ਼ਟਾਚਾਰ ਤਾਂ ਮਿੱਠਾ ਜ਼ਹਿਰ ਹੈ। ਇਸ ਨੇ ਕਈ ਘਰ ਬਰਬਾਦ ਕਰ ਦਿੱਤੇ ਤੇ ਕਈਆਂ ਦਾ ਨੰਬਰ ਆਉਣਾ ਬਾਕੀ ਹੈ। ਇਸ ਵਿਚ 'ਕੱਲੇ ਨੇਤਾ ਹੀ ਨਹੀਂ, ਸਗੋਂ ਅਧਿਕਾਰੀ ਤੇ ਛੋਟੇ ਮੁਲਾਜ਼ਮ ਵੀ ਫਸੇ ਹੋਏ ਨੇ। ਇਹ ਸਮੇਂ ਦਾ ਸਭ ਤੋਂ ਭਖਦਾ ਮਸਲਾ  ਹੈ। ਇਸ ਦੇ ਕਾਰਣ ਹੀ ਦੇਸ਼ ਦਾ ਤਾਣਾ-ਬਾਣਾ ਹਿੱਲ ਗਿਆ ਹੈ, ਰਾਜਨੀਤਕ ਪਾਰਟੀਆਂ ਵਿਚ ਅਸਥਿਰਤਾ ਆਈ ਹੋਈ ਏ, ਮਹਿੰਗਾਈ ਅੰਬਰਾਂ ਨੂੰ ਛੂਹ ਰਹੀ ਹੈ ਤੇ ਲੋਕ ਭੁੱਖੇ ਮਰ ਰਹੇ ਹਨ। ਇਸ ਗੱਲ ਤੋਂ ਸਾਰੇ ਹੀ ਭਲੀ-ਭਾਂਤ ਜਾਣੂ ਹੋ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ ਜੰਗ ਸ਼ੁਰੂ ਕਰਨ ਲਈ ਸਿਰਫ਼ ਇੱਕ ਚੰਗਿਆੜੀ ਦੀ ਲੋੜ ਹੈ। ਪਰ, ਕੌਣ ਬੰਨ੍ਹੇ ਸ਼ੇਰ ਦੇ ਗਲ਼ ਟੱਲੇ? ਸਰਕਾਰ ਨੂੰ ਸਮੇਂ ਦੇ ਦੀ ਨਬਜ਼ ਪਛਾਣਦਿਆਂ ਹੋਇਆ ਸਾਰੇ ਹੀ ਖਿੱਤੇ  ਲੋਕਪਾਲ ਬਿੱਲ ਵਿੱਚ ਸ਼ਾਮਿਲ ਕਰਕੇ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। 
ਪ੍ਰਦੂਸ਼ਣ ਦਿਨ-ਪ੍ਰਤੀ-ਦਿਨ ਵੱਧ ਰਿਹਾ ਹੈ, ਜਿਸ ਦੇ ਫਲਸਰੂਪ ਵਾਤਾਵਰਣ 'ਚ ਤਪਸ਼ ਵੱਧ ਰਹੀ ਹੈ, ਪਾਣੀ ਦੂਸ਼ਿਤ ਹੋ ਰਿਹਾ ਹੈ, ਧਰਤੀ-ਮਾਂ ਬੰਜਰ ਬਣਦੀ ਜਾ ਰਹੀ ਹੈ ਅਤੇ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਬੇਰੁਜ਼ਗਾਰੀ ਆਪਣੇ ਪੈਰ ਪਸਾਰ ਰਹੀ ਹੈ, ਜਵਾਨੀ ਨਸ਼ਿਆਂ ਵਿੱਚ ਗਹਿਰਾਉਂਦੀ ਜਾ ਰਹੀ ਹੈ ਤੇ ਨਤੀਜੇ ਵਜੋਂ ਅੱਜ ਉਹ ਪੁੱਠੇ ਪੈਰੀਂ ਚੱਲ ਪਈ ਹੈ; ਲੁੱਟਾਂ-ਖੋਹਾਂ, ਚੋਰੀਆਂ, ਡਾਕੇ, ਝਪਟਾਂ ਮਾਰਨੀਆਂ ਆਦਿ ਕੀ ਕੀ ਦੱਸਾਂ?  ਦੱਸਦਿਆਂ ਵੀ ਸ਼ਰਮ ਆਉਂਦੀ ਏ। ਜ਼ਰਾ ਸੋਚੋ ਤਾਂ ਸਹੀ ਕੀ ਖੱਟਿਆ ਤੇ ਕੀ ਗਵਾਇਆ ਹੈ? ਭਾਵੇਂ ਆਪਣੇ ਦੇਸ਼ ਨੇ ਹਰ ਖੇਤਰ ਵਿਚ ਵੱਧ ਚੜ੍ਹ ਕੇ ਮੱਲਾਂ ਮਾਰੀਆਂ ਨੇ, ਪਰ ਕੀ ਕਰਨਾ ਇਨ੍ਹਾਂ ਸਭ ਕਾਸੇ ਨੂੰ ਜਦੋਂ ਮਨੁੱਖ ਹੀ ਖ਼ੁਸ਼ ਨਾ ਹੋਇਆ। ਇਨ੍ਹਾਂ ਸਾਰੇ ਮਸਲਿਆਂ ਨੂੰ ਧਿਆਨ ਗੋਚਰੇ ਰੱਖ ਕੇ ਸਰਕਾਰ ਨੂੰ ਆਪਣੀ ਨੀਤ ਤੇ ਨੀਤੀ ਬਦਲਣੀ ਚਾਹੀਦੀ ਹੈ।
ਵਾਤਾਵਰਣ 'ਚ ਆ ਰਹੀਆਂ ਤਬਦੀਲੀਆਂ ਦੇ ਕਾਰਨ ਹੀ ਸੰਸਾਰ ਦਾ ਹਰ ਪ੍ਰਾਣੀ ਚਿੰਤਾਤੁਰ ਹੈ। ਕਦੇ ਸੁਨਾਮੀ ਲਹਿਰਾਂ ਤੇ ਕਦੇ ਸੈਂਡੀ ਜਾਂ ਨੀਲਮ ਤੂਫ਼ਾਨ ਆ ਭੜਥੂ ਪਾਉਂਦੇ ਨੇ, ਸਾਰਾ ਕੁਝ ਹੀ ਤਹਿਸ-ਨਹਿਸ ਕਰ ਜਾਂਦੇ ਹਨ। ਕੋਪਨਹੇਗਨ (ਡੈਨਮਾਰਕ) ਵਿਖੇ ੭ ਦਸੰਬਰ, ੨੦੦੯ ਨੂੰ ਇੱਕ ਕੌਮਾਂਤਰੀ ਕਾਨਫ਼ਰੰਸ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਸੀ ਜੇ ਵਾਤਾਵਰਣ ਨੂੰ ਸਾਫ਼ ਤੇ ਸਵੱਛ ਬਣਾ ਕੇ ਰੱਖਣਾ ਹੈ ਤਾਂ ਊਰਜਾ ਪੈਦਾ ਕਰਨ ਲਈ ਵੱਧ ਤੋਂ ਵੱਧ ਕੁਦਰਤੀ ਸੋਮਿਆਂ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ੨੧ਵੀਂ ਸਦੀ ਨਿਊਕਲੀਅਰ ਊਰਜਾ ਦਾ ਜ਼ਮਾਨਾ ਹੈ; ਸੂਰਜੀ ਊਰਜਾ, ਹਵਾ ਤੇ ਹਾਈਡਰੋਜਨ ਬਾਲਣ ਦਾ ਸਮਾਂ ਹੈ । ਸੰਨ ੨੦੦੪ ਤੋਂ ਕੈਨੇਡਾ ਵਿੱਚ ੭੫ ਫ਼ੀਸਦੀ  ਗੱਡੀਆਂ ਬਦਲਵੇਂ ਊਰਜਾ ਦੇ ਬਾਲਣ ਨਾਲ ਚੱਲ ਰਹੀਆਂ ਹਨ। ਨਵੀਂ ਤਰ੍ਹਾਂ ਦੇ ਇੰਝਣ ਈਜਾਦ ਜੋ ਮੈਥਨੋਲ ਅਤੇ ਇਥਨੋਲ ਨਾਲ ਚੱਲਦੇ ਅਤੇ ਬਹੁਤ ਹੀ ਘੱਟ ਪ੍ਰਦੂਸ਼ਣ ਪੈਦਾ ਕਰਦੇ ਨੇ। ਭਾਵੇਂ ਸਰਕਾਰ ਵੀ ਸੂਰਜੀ ਊਰਜਾ, ਗੋਬਰ ਗੈਸ ਪਲਾਂਟ ਲਗਾਉਣ ਦੇ ਨਾਲ-ਨਾਲ ਕਾਗਜ਼, ਰਬੜ, ਧਾਤਾਂ, ਸ਼ੀਸ਼ਾ, ਫਾਲਤੂ ਸਾਮਾਨ, ਆਦਿ ਨੂੰ ਦੁਬਾਰਾ ਵਰਤੋਂ ਵਿੱਚ ਲਿਆ ਕੇ ਗਲੋਬਿਲ ਵਾਰਮਿੰਗ ਨੂੰ ਘਟਾਉਣ ਦਾ ਯਤਨ ਕਰ ਰਹੀ ਹੈ, ਪਰ ਇਹ ਕਾਫ਼ੀ ਨਹੀਂ ਹੈ।
ਨਵਾਂ ਸਾਲ ਤਾਂ ਸਾਰੇ ਸੰਸਾਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਇੱਕ ਦੇਸ਼, ਪ੍ਰਾਂਤ ਜਾਂ ਇਲਾਕੇ ਦਾ ਆਪੋ-ਆਪਣਾ ਸੱਭਿਆਚਾਰ ਹੁੰਦਾ ਏ ਤੇ ਉਹ ਆਪੋ-ਆਪਣੇ ਵਿਰਸੇ ਦੇ ਹਿਸਾਬ ਨਾਲ ਮਨਾਉਂਦੇ ਨੇ। ਹਰ ਇੱਕ ਦੇ ਮਨ ਵਿੱਚ ਨਵੀਆਂ ਆਸਾਂ ਤੇ ਉਮੰਗਾਂ ਹੁੰਦੀਆਂ ਨੇ ਜੋ ਨਵੇਂ ਸਾਲ ਵਿੱਚ ਉਹ ਪੂਰੀਆਂ ਕਰਨਾ ਲੋਚਦੇ ਹਨ। ਜੋ ਰਹਿ ਗਈਆਂ ਉਹ ਅਗਲੇ ਸਾਲ ਸਹੀ। ਮਨੁੱਖ ਆਸਾਂ ਨਾਲ ਹੀ ਜਿਊਂਦਾ ਹੈ। ਹਰ ਇੱਕ ਨੂੰ ਤਨੋਂ-ਮਨੋਂ ਮਿਹਨਤ ਕਰਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ; ਕੁਝ ਇਹੋ ਜਿਹਾ ਕੰਮ ਕਰ ਜਾਓ, ਜਿਸ ਤੋਂ ਸਮਾਜ ਸੇਧ ਲੈ ਸਕੇ। 
ਭਾਰਤ ਦਾ ਆਪਣਾ ਹੀ ਇੱਕ ਗੌਰਵਮਈ ਵਿਰਸਾ ਹੈ। ਇੱਥੇ ਤਾਂ ਨਵਾਂ ਸਾਲ ਪਹਿਲੀ ਚੇਤਰ ਤੋਂ ਸ਼ੁਰੂ ਹੁੰਦਾ ਏ। ਪਰ,  ਇੱਥੋਂ ਦੇ ਵਸਨੀਕ ਪੱਛਮੀ ਸ਼ੈਲੀ ਮੁਤਾਬਕ ਅੱਜ ਕਿਸੇ ਤੋਂ ਪਿੱਛੇ ਨਹੀਂ ਹਨ ਤੇ ਸਿੱਟੇ ਵਜੋਂ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੀ  ਖੁਸ਼ੀ ਮਨਾਈ ਜਾਂਦੀ ਹੈ। ਇਸ ਖੁਸ਼ੀ ਭਰੇ ਮੌਕੇ 'ਤੇ ਕਈ ਦਿਨ ਪਹਿਲਾਂ ਤੋਂ ਸ਼ੁਰੂ ਹੋ ਕਿ ੩੧ ਦਸੰਬਰ ਦੀ ਰਾਤ ਦੇ ੧੨ ਵੱਜੇ ਤੱਕ ਇੱਕ ਦੂਜੇ ਨੂੰ ਵਧਾਈਆਂ ਤੇ ਤੋਹਫ਼ੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਰੰਗ-ਬਰੰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। 
ਸੰਸਾਰ ਦੇ ਲਗਭੱਗ ਸਾਰੇ ਹੀ ਦੇਸ਼ ਨਵੇਂ ਸਾਲ ਦੀ ਆਮਦ 'ਤੇ ਖ਼ੂਬ ਖੁਸ਼ੀ ਮਨਾਉਂਦੇ ਨੇ। ਇੰਗਲੈਂਡ ਤੇ ਅਮਰੀਕਾ ਵਿੱਚ ਨਵੇਂ ਸਾਲ ਦਾ ਸਵਾਗਤ ਬੜੇ ਹੀ ਜੋਸ਼-ਖਰੋਸ਼ ਨਾਲ ਕੀਤਾ ਜਾਂਦਾ ਹੈ। ਯੂਗੋਸਲਾਵੀਆ ਵਿਚ ਦੀਵਾਲੀ ਦੇ ਤਿਉਹਾਰ ਵਾਂਗ ਅਤੇ ਸਕਾਟਲੈਂਡ 'ਚ 'ਰੇਸਲੇ ਡੇ' ਵਜੋਂ ਮਨਾਇਆ ਜਾਂਦਾ ਨੇ। ਜਦਕਿ ਇਰਾਨ ਵਿੱਚ ਨਵੇਂ ਸਾਲ ਦਾ ਸਵਾਗਤ ੨੧ ਮਾਰਚ ਨੂੰ ਅਤੇ ਜਰਮਨੀ ਵਿੱਚ ਇਸ ਦਿਨ ਧੀਆਂ ਨੂੰ ਕੀਮਤੀ ਤੋਹਫੇ ਦਿੱਤੇ ਜਾਂਦੇ ਹਨ। ਗੱਲ ਕੀ, ਇਹ ਦਿਨ ਤਾਂ 'ਖੁਸ਼ਹਾਲੀ ਦਾ ਪ੍ਰਤੀਕ' ਵਜੋਂ ਮਨਾਇਆ ਜਾਂਦਾ ਹੈ। 
ਦੁਨੀਆਂ ਭਰ ਦੇ ਲੋਕ ਆਪਣੀਆਂ ਉਮੰਗਾਂ ਅਤੇ ਆਸਾਂ ਦੀ ਪੰਡ ਸਜਾ ਕੇ ਨਵੇਂ ਸਾਲ ਦੇ ਆਗਮਨ ਦੀ ਖੁਸ਼ੀ ਵਿੱਚ ਇੱਕ-ਦੂਜੇ ਨੂੰ ਵਧਾਈਆਂ ਦਿੰਦੇ ਨੇ ਅਤੇ ਆਸ ਕਰਦੇ ਨੇ ਕਿ ਇਹ ਸਾਲ ਸਭ ਲਈ ਖੁਸ਼ੀਆਂ ਭਰਿਆਂ ਹੋਵੇ। ਸਾਰੇ ਹੀ ਲੋਕ ਆਪਸੀ ਭਾਈਚਾਰਕ ਸਾਂਝ ਅਤੇ ਮਿਲਵਰਤਨ ਦੀ ਡੋਰੀ ਵਿੱਚ ਬੱਝੇ ਰਹਿਣ ਤਾਂ ਜੋ ਚਾਰੇ ਪਾਸੇ ਪਿਆਰ ਹੀ ਪਿਆਰ ਹੋਵੇ ਅਤੇ ਸਾਰੀ ਦੁਨੀਆਂ ਹੀ ਫੁੱਲਾਂ ਵਾਂਗ ਮੁਸਕਰਾਉਂਦੀ ਰਹੇ। ਉੱਘੇ ਗ਼ਜ਼ਲਗੋ ਤ੍ਰੈਲੋਚਨ ਲੋਚੀ ਦਾ ਸ਼ਿਅਰ ਹੈ :
ਬਾਲ਼ ਕੇ ਰਾਹ  ਵਿਚ ਦੀਵੇ ਰੱਖੀਂ।
ਰਾਹੀਆਂ ਲਈ ਇਹ ਤੋਹਫ਼ੇ ਰੱਖੀਂ।
------------------------------------------------------------------------------------------------

Punjabi Kahani- ਪਿੰਡ ਦੀ ਕੁੜੀ!!!!!!!!


ਪਿੰਡ ਦੀ ਕੁੜੀ / (ਕਹਾਣੀ)
ਬਲਬੀਰ ਸਿੰਘ ਮੋਮੀ
ਪਹਿਰ ਰਾਤ ਰਹਿੰਦਿਆਂ ਚੰਨੋ ਦਾ ਪਿਉ ਤੇ ਭਰਾ ਹਰਨਾਲੀਆਂ ਲੈ ਗਏ ਸਨ। ਕੱਤੇਂ ਦੀ ਬਿਜਾਈ ਤੇ ਦੇਸੀ ਕਪਾਹ ਦੀ ਚੁਗਾਈ ਸ਼ੁਰੂ ਸੀæ ਚੰਨੋ ਵੀ ਹਲਾਂ ਜਾਣ ਦੇ ਨਾਲ ਦੀ ਉੱਠੀ ਹੋਈ ਸੀ ਤੇ ਲੋਅ ਲੱਗਣ ਤੋਂ ਪਹਿਲਾਂ ਪਹਿਲਾਂ ਉਸ ਗੋਹਾ ਕੂੜਾ ਸੁੱਟ ਕੇ ਧਾਰਾਂ ਵੀ ਕੱਢ ਲਈਆਂ ਸਨ। ਅਜੇ ਉਹ ਚੌਂਕਾ ਚੁੱਲ੍ਹਾ ਬਹੁਕਰ ਈ ਰਹੀ ਸੀ ਕਿ ਉਹਦੀ ਮਾਂ ਵੀ ਉੱਠੀ। ਆਪਣੀ ਨੂੰਹ ਨੂੰ ਸੁੱਤੀ ਪਿਆਂ ਵੇਖ ਕੇ ਉਹਦੇ ਦਿਲ ਵਿਚ ਥੋੜ੍ਹਾ ਜਿਹਾ ਕ੍ਰੋਧ ਤਾਂ ਜ਼ਰੂਰ ਆਇਆ ਪਰ ਫੇਰ ਉਹਦੇ ਦਿਨਾਂ ਦਾ ਖ਼ਿਆਲ ਆਉਂਦਿਆਂ ਈ ਕ੍ਰੋਧ ਪਿਆਰ ਵਿਚ ਵੱਟ ਗਿਆ। ਮੂੰਹ ਹੱਥ ਧੋ ਕੇ ਉਹਨੇ ਦਾਣਿਆਂ ਦੀ ਕੌਲੀ ਬੁੱਕਲ ਵਿਚ ਲਈ ਅਤੇ ਗੁਰਦੁਆਰੇ ਜਾਂਦੀ ਜਾਂਦੀ ਚੰਨੋ ਨੂੰ ਕਹਿ ਗਈ, "ਜਦੋਂ ਤੇਰੀ ਭਾਬੀ ਜਾਗ ਪਈ ਤਾਂ ਉਹਨੂੰ ਦੁੱਧ ਰਿੜਕਣ ਲਾ ਦੇਈਂ ਤੇ ਆਪ ਸਲੂਣਾ ਚਾੜ੍ਹ ਕੇ ਆਟਾ ਗੁੰਨ੍ਹ ਲਵੀਂ। ਤੇਰਾ ਬਾਪੂ ਤੇ ਭਰਾ ਅੱਜ ਅਗਲੇ ਮੁਰੱਬੇ ਹਲ ਲੈ ਕੇ ਗਏ ਨੇ, ਰੋਟੀਆਂ ਤੇ ਲੱਸੀ ਤੁਸਾਂ ਦੋਹਾਂ ਨੇ ਖੜਨੀ ਆ ਤੇ ਨਾਲੇ ਦੇਸੀ ਦੀਆਂ ਫੁੱਟੀਆਂ ਚੁਗੀ ਲਿਆਇਓ।"

ਰੋਟੀਆਂ ਲਿਜਾਣ ਦੀ ਗੱਲ ਸੁਣ ਕੇ ਚੰਨੋ ਨੂੰ ਅੱਗ ਲੱਗ ਗਈ ਤੇ ਉਸ ਆਪਣੀ ਮਾਂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਮਾਂ ਮੂੰਹ ਵਿਚ ਚੰਨੋ ਦੀ ਚੁੱਪ ਬਾਰੇ ਬੁੜ ਬੁੜ ਕਰਦੀ ਦਰਵਾਜ਼ਿਓਂ ਬਾਹਰ ਨਿਕਲ ਗਈ। ਜਦੋਂ ਮਾਂ ਬਾਹਰ ਨਿਕਲ ਗਈ ਤਾਂ ਚੰਨੋ ਨੇ ਤੰਦੂਰ ਉੱਤੇ ਪੱਬ ਧਰ ਕੇ ਨਾਲ ਕੀ ਕੰਧ ਉਤੋਂ ਝਾਕ ਕੇ ਵੇਖਿਆ। ਮਾਸਟਰ ਅਜੇ ਤਾਈਂ ਚਿੱਟਾ ਖੇਸ ਤਾਣੀਂ ਬਰਾਂਡੇ ਵਿਚ ਸੁੱਤਾ ਪਿਆ ਸੀ। ਸੁੱਤਾ ਵੇਖ ਉਹਨੂੰ ਆਖਰਾਂ ਦਾ ਚਾਅ ਚੜ੍ਹ ਗਿਆ। ਉਸ ਕੰਧ ਤੋਂ ਈ ਇਕ ਵੱਡਾ ਸਾਰਾ ਰੋੜਾ ਉਖੇੜ ਕੇ ਜ਼ੋਰ ਦੀ ਉਹਦੇ ਮੰਜੇ ਤੇ ਮਾਰਿਆ। ਨਿਸ਼ਾਨਾ ਠੀਕ ਲੱਗਾ ਸੀ। ਜਦੋਂ ਉਹ ਅੱਭੜਵਾਹੇ ਉੱਠਿਆ ਤਾਂ ਚੰਨੋ ਮੁਸਕਰਾ ਕੇ ਕੰਧ ਤੋਂ ਨੀਵੀਂ ਹੋ ਗਈ। ਰੋੜਾ ਫੜ੍ਹ ਕੇ ਉਸ ਕੰਧ ਵੱਲ ਵੇਖਿਆ ਪਰ ਉਹਨੂੰ ਕੋਈ ਨਾ ਦਿੱਸਿਆ। ਖੇਸ ਤਾਣ ਕੇ ਉਹ ਫਿਰ ਉਵੇਂ ਈ ਸੌਂ ਗਿਆ। ਚੰਨੋਂ ਨੇ ਫਿਰ ਉਤਾਂਹ ਹੋ ਕੇ ਵੇਖਿਆ, "ਅੱਛਾ…ਮੁੜ ਸੌਂ ਗਿਆ ਏ, ਬੜੀ ਨੀਂਦਰ ਆਈ ਆ…ਰਾਤੀਂ ਪਾਣੀ ਜੁ ਲਾਉਂਦਾ ਰਿਹਾ ਏ…æ" ਚੰਨੋ ਨੇ ਦਿਲ ਈ ਦਿਲ ਵਿਚ ਆਖਿਆ। ਫੇਰ ਉਹ ਤੰਦੂਰ ਤੋਂ ਥੱਲੇ ਉੱਤਰ ਆਈ ਤੇ ਭੱਜ ਕੇ ਪਾਣੀ ਦਾ ਗਲਾਸ ਭਰ ਲਿਆਈ। ਉਹ ਅਜੇ ਵੀ ਸੁੱਤਾ ਪਿਆ ਸੀ। ਉਸ ਨਿਸ਼ਾਨਾ ਬੰਨ੍ਹ ਕੇ ਪਾਣੀ ਦਾ ਗਲਾਸ ਉਸ ਉੱਤੇ ਵਗਾਹ ਮਾਰਿਆ। ਉਹ ਫੇਰ ਭਰਿਆ ਪੀਤਾ ਉੱਠਿਆ ਤੇ ਕੰਧ ਵੱਲ ਘੂਰ ਕੇ ਵੇਖਿਆ। ਚੰਨੋ ਉਹਨੂੰ ਅੰਗੂਠਾ ਵਿਖਾਉਂਦੀ ਨੀਵੀਂ ਹੋ ਗਈ। ਉਹ ਗਿੱਲਾ ਖੇਸ ਪਵਾਂਦੀ ਸੁੱਟ ਕੇ ਬਾਹਰ ਨਿਕਲ ਗਿਆ।

ਮਹਿੰਦਰ ਕੌਰ, ਚੰਨੋ ਦੀ ਭਰਜਾਈ ਆਪੇ ਈ ਉੱਠ ਕੇ ਦੁੱਧ ਰਿੜਕਣ ਲੱਗ ਪਈ ਸੀ। ਚੰਨੋ ਨੇ ਉਹਨੂੰ ਆਟਾ ਗੁੰਨ੍ਹਣ ਲਈ ਆਖਿਆ ਤੇ ਆਪ ਦੁੱਧ ਰਿੜਕਣ ਲੱਗ ਪਈ। ਦੁੱਧ ਰਿੜਕਣ ਤੇ ਕੁਝ ਜ਼ਿਆਦਾ ਜ਼ੋਰ ਲੱਗਦਾ ਸੀ ਪਰ ਆਟਾ ਗੁੰਨ੍ਹਣਾ ਸੌਖਾ ਸੀ।

"ਕੱਟਾ ਬੰਨ੍ਹ ਆਵਾਂ, ਮੱਝ ਨੂੰ ਟਿਕਣ ਨਹੀਂ ਦਿੰਦਾ ਹੋਣਾ," ਇਹ ਆਖ ਚੰਨੋ ਅੰਦਰ ਵੜੀ ਤੇ ਬੁੱਕਲ ਵਿਚ ਅਧਰਿੜਕੇ ਦਾ ਵੱਡਾ ਗਲਾਸ, ਵਿਚ ਵੱਡਾ ਸਾਰਾ ਮੱਖਣ ਦਾ ਪੇੜਾ ਸੁੱਟ, ਲੁਕਾ ਕੇ ਹਵੇਲੀ ਵਿਚ ਚਲੀ ਗਈ।

ਮਾਸਟਰ ਦੀ ਬੈਠਕ ਏਸੇ ਹਵੇਲੀ ਵਿਚ ਈ ਸੀ, ਜਿੱਥੇ ਉਹ ਪਿੰਡ ਦੇ ਸਕੂਲ ਵਿਚ ਮੁੰਡੇ ਪੜ੍ਹਾ ਕੇ ਆ ਕੇ ਰਹਿੰਦਾ ਸੀ। ਅਜੇ ਉਹ ਬਾਹਰੋਂ ਪਰਤਿਆ ਨਹੀਂ ਸੀ। ਗਲਾਸ ਮੇਜ਼ ਤੇ ਰੱਖ ਕੇ ਚੰਨੋ ਨੇ ਮਾਸਟਰ ਦੀ ਕਿਤਾਬ ਨੂੰ ਮੇਜ਼ ਤੋਂ ਚੁੱਕ ਕੇ ਹਿੱਕ ਨਾਲ ਘੁੱਟ ਲਿਆ। ਕੁਝ ਚਿਰ ਉਹਦੇ ਕਮਰੇ ਵਿਚ ਇਕ ਚਾਅ ਦੇ ਅਸਰ ਹੇਠਾਂ ਖੜ੍ਹੀ ਰਹੀ ਤੇ ਫੇਰ ਅਤਿਅੰਤ ਖ਼ੁਸ਼ੀ ਵਿਚ ਬਰਾਂਡਾ ਟੱਪ ਕੇ ਡਿਉੜੀ ਵਿਚ ਆ ਗਈ। ਕੱਟਾ ਮੱਝ ਦੇ ਢੁੱਡਾਂ ਮਾਰ ਮਾਰ ਥਣਾਂ ਵਿਚੋਂ ਦੁੱਧ ਦੀਆਂ ਆਖ਼ਰੀ ਧਾਰਾਂ ਵੀ ਚੁੰਘਣ ਦੀ ਕੋਸ਼ਿਸ਼ ਕਰ ਰਿਹਾ ਸੀ।

"ਹਟ ਪਿੱਛੇ ਵੇ ਮਰ ਜਾਣਿਆਂ, ਐਵੇਂ ਵਿਚਾਰੀ ਨੂੰ ਦੁਖੀ ਕਰੀ ਜਾਂਦਾ ਏਂ," ਤੇ ਕੱਟੇ ਦਾ ਰੱਸਾ ਫੜ੍ਹ ਕੇ ਚੰਨੋ ਨੇ ਉਹਨੂੰ ਬਾਹਰ ਵਿਹੜੇ ਵਿਚ ਗੱਡੇ ਹੋਏ ਕਿੱਲੇ ਨਾਲ ਬੰਨ੍ਹ ਦਿੱਤਾ। ਜਦੋਂ ਉਹ ਡਿਉੜੀ ਦੇ ਵਿਹੜੇ ਵਾਲੇ ਦਰਵਾਜ਼ਿਓਂ ਅੰਦਰ ਵੜੀ ਤਾਂ ਗਲੀ ਵਾਲੇ ਦਰਵਾਜ਼ਿਓਂ ਮਾਸਟਰ ਵੀ ਅੰਦਰ ਆ ਗਿਆ। ਡਿਉੜੀ ਦੇ ਵਿਚਕਾਰ ਦੋਹਾਂ ਦਾ ਟਕਰਾ ਹੋਇਆ। ਮਾਸਟਰ ਉਹਦੇ ਵੱਲ ਬਿਨਾਂ ਵੇਖੇ ਅਗਾਂਹ ਹੋ ਗਿਆ। ਚੰਨੋ ਨੇ ਮੁੜ ਕੇ ਵਿੰਹਦਿਆਂ ਥੋੜ੍ਹਾ ਜਿਹਾ ਉੱਚੀ ਕਿਹਾ, "ਗੱਲ ਸੁਣ," ਉਹ ਗੱਲ ਸੁਣੀ ਅਣਸੁਣੀ ਕਰ ਕੇ ਵਿਹੜਾ ਤੇ ਬਰਾਂਡਾ ਟੱਪ ਅੰਦਰ ਆਪਣੀ ਬੈਠਕ ਵਿਚ ਪਹੁੰਚ ਗਿਆ। ਚੰਨੋ ਕੁਝ ਚਿਰ ਡਿਉੜੀ ਵਿਚ ਖੜ੍ਹੀ ਰਹੀ, ਖੜ੍ਹੀ ਰਹੀæ ਫੇਰ ਬਾਹਰ ਗਲੀ ਵਿਚ ਆ ਗਈ। ਫੇਰ ਗਲੀ ਵਿਚ ਡਿਉੜੀ ਦੇ ਨਾਲ ਲੱਗਦੇ ਬੂਹੇ ਵਿਚੋਂ ਚੌਂਕੇ ਵਿਚ ਨਿਗਾਹ ਮਾਰੀ। ਉਹਦੀ ਭਰਜਾਈ ਆਟਾ ਗੁੰਨ੍ਹ ਕੇ ਬੈਂਗਨ ਚੀਰ ਰਹੀ ਸੀ। ਉਹ ਧੜਕਦੇ ਦਿਲ ਨਾਲ ਕਾਹਲੀ ਕਾਹਲੀ ਫਿਰ ਡਿਊੜੀ ਤੇ ਵਿਹੜਾ ਟੱਪ ਕੇ ਅੰਦਰ ਬੈਠਕ ਵਿਚ ਪਹੁੰਚ ਗਈ। ਮਾਸਟਰ ਚੁੱਪ ਚੁਪੀਤਾ ਕੁਰਸੀ ਤੇ ਬੈਠਾ ਰਿਹਾ।

"ਤੂੰ ਗੱਲ ਕਿਉਂ ਨਹੀਂ ਕਰਦਾ?" ਚੰਨੋ ਨੇ ਬੜੇ ਤਰਲੇ ਨਾਲ ਉਹਦੀ ਕੁਰਸੀ ਪਿੱਛੇ ਖਲੋਤਿਆਂ ਉਹਦੇ ਗਲ ਵਿਚ ਬਾਹਾਂ ਪਾ ਕੇ ਆਖਿਆ।

"ਤੈਨੂੰ ਤਾਂ ਆਪਣੀ ਇੱਜ਼ਤ ਦਾ ਡਰ ਨਹੀਂ, ਮੈਨੂੰ ਤਾਂ ਹੈ ਨਾ," ਇਹ ਕਹਿੰਦਿਆਂ ਉਹਨੇ ਚੰਨੋ ਦੀਆਂ ਬਾਹਾਂ ਆਪਣੇ ਗਲੋਂ ਲਾਹ ਸੁੱਟੀਆਂ।

ਚੰਨੋ ਦੀਆਂ ਅੱਖਾਂ ਵਿਚ ਬੇਚਾਰਗੀ ਆ ਗਈ। "ਤੈਨੂੰ ਕੋਈ ਕੁਝ ਨਹੀਂ ਕਹਿ ਸਕਦਾ, ਤੂੰ ਡਰ ਨਾ, ਤੂੰ ਮਰਦ ਕਾਹਦਾ ਏਂ, ਡਰਦਾ ਏਂ?"

"ਤੈਨੂੰ ਤੇ ਕਿਸੇ ਕੁਝ ਨਹੀਂ ਆਖਣਾ, ਸਿਰ ਤੇ ਮੇਰਾ ਈ ਪਾਟਣਾ ਏਂ, ਮੇਰਾ ਤਾਂ ਪਰਦੇਸ ਵਿਚ ਹੈ ਵੀ ਕੋਈ ਨਹੀਂ।"

"ਮੈਂ ਜੁ ਤੇਰੀ ਆਂ--, ਇਹ ਕਹਿੰਦਿਆਂ ਚੰਨੋ ਦੀਆਂ ਅੱਖਾਂ ਭਰ ਆਈਆਂ ਤੇ ਆਵਾਜ਼ ਭਾਰੀ ਹੋ ਗਈ।

ਮਾਸਟਰ ਨੇ ਮੁੜ ਕੇ ਉਹਦੀਆਂ ਅੱਖਾਂ ਵੱਲ ਵਿੰਹਦਿਆਂ ਹੌਲੀ ਜਹੀ ਕਿਹਾ, "ਤੈਨੂੰ ਮੇਰੇ ਨਾਲ ਕਿੰਨਾ ਕੁ ਪਿਆਰ ਹੈ?"

ਚੰਨੋ ਦੀਆਂ ਅੱਖਾਂ ਵਿਚ ਇਕਦਮ ਚਮਕ ਆ ਗਈ ਤੇ ਕਹਿਣ ਲੱਗੀ, "ਦਿਲ ਚੀਰ ਕੇ ਵੇਖ, ਉੱਤੇ ਤੇਰਾ ਨਾਂ ਲਿਖਿਆ ਹੋਊਗਾ, ਫੀਮ ਦਾ ਗੋਲਾ ਆਪਣੇ ਹੱਥ ਨਾਲ ਦੇ ਦੇ, ਖਾ ਕੇ ਮਰ ਜੂੰਗੀ। ਵਿਆਹ ਲਈ ਮੰਨ, ਤਕਾਲਾਂ ਤੋਂ ਪਹਿਲਾਂ ਮਾਪਿਆਂ ਨੂੰ ਮਨਾ ਲਵਾਂਗੀ। ਨਿਕਲ ਜਾਣ ਲਈ ਕਹੁ, ਅੱਧੀ ਰਾਤੀਂ ਤੇਰੇ ਨਾਲ ਨਿਕਲ ਜਾਵਾਂਗੀ। ਭੁੱਖੀ ਰੱਖੀਂ, ਤਿਹਾਈ ਰੱਖੀਂ, ਜੇ ਕਦੀ ਕੂ ਗਈ ਤਾਂ ਭਾਵੇਂ ਜਾਨ ਕੱਢ ਦੇਵੀਂ।"

ਮਾਸਟਰ ਨੇ ਆਪਣੇ ਹੱਥ ਦੀਆਂ ਉਂਗਲਾਂ ਚੰਨੋ ਦੇ ਮੂੰਹ ਅੱਗੇ ਰੱਖ ਦਿੱਤੀਆਂ।

"ਜੇ ਤੈਨੂੰ ਮੇਰੇ ਨਾਲ ਏਨਾ ਈ ਪਿਆਰ ਹੈ ਤਾਂ ਮੇਰੀ ਇਕ ਗੱਲ ਮੰਨੇਂਗੀ?" ਮਾਸਟਰ ਨੇ ਚੰਨੋ ਦੀਆਂ ਅੱਖਾਂ ਵਿਚ ਦੂਰ ਤੱਕ ਉਤਰਦਿਆਂ ਕਿਹਾ।

"ਤੂੰ ਇਕ ਗੱਲ ਆਂਹਦਾ ਏਂ, ਮੈਂ ਤਾਂ ਤੇਰੀਆਂ ਸੌ ਗੱਲਾਂ ਮੰਨਣ ਲਈ ਤਿਆਰ ਹਾਂ। ਕੁਝ ਆਖੇ ਨਾ, ਤੂੰ ਤੇ ਆਂਹਦਾ ਈ ਕੁਝ ਨਹੀਂ।"

"ਮੈਂ ਤੈਨੂੰ ਇਕੋ ਈ ਗੱਲ ਆਂਹਦਾ ਹਾਂ ਤੇ ਉਹ ਇਹ ਹੈ ਕਿ ਤੂੰ ਏਥੋਂ ਛੇਤੀ ਤੋਂ ਛੇਤੀ ਚਲੀ ਜਾਹ।"

ਚੰਨੋ ਜਾਣ ਤੇ ਮਜਬੂਰ ਹੋ ਗਈ। ਅਜੇ ਉਹ ਘਰੇ ਪਹੁੰਚੀ ਈ ਸੀ ਕਿ ਉਹਦੀ ਮਾਂ ਵੀ ਗੁਰਦੁਆਰਿਓਂ ਆ ਗਈ। ਸਲੂਣਾ ਚੁੱਲ੍ਹੇ ਤੇ ਰਿੱਝ ਰਿਹਾ ਸੀ। ਚੰਨੋ ਤੇ ਉਹਦੀ ਮਾਂ ਨੇ ਲੋਹ ਤਾਅ ਕੇ ਰੋਟੀਆਂ ਲਾਹੁਣੀਆਂ ਸ਼ੁਰੂ ਕਰ ਦਿੱਤੀਆਂ। ਚੰਨੋ ਨੇ ਤਿੰਨ ਚਾਰ ਰੋਟੀਆਂ ਹੱਥ ਲਾ ਕੇ ਲਾਹ ਲਈਆਂ। ਲੱਸੀ ਮੱਘੇ ਵਿਚ ਪੈ ਗਈ। ਭਾਜੀ ਛੰਨੇ ਵਿਚ ਤੇ ਰੋਟੀਆਂ ਪੋਣੇ ਵਿਚ ਬੱਝ ਗਈਆਂ। ਚੰਨੋ ਅੰਦਰ ਜਾ ਕੇ ਮੰਜੇ ਤੇ ਪੈ ਗਈ। ਦਿਨ ਦੋ ਹੱਥ ਤੋਂ ਵੱਧ ਚੜ੍ਹ ਚੁੱਕਾ ਸੀ।

"ਚੰਨੋ ਕਿਧਰ ਮਰ ਗਈ ਏਂ, ਜਾਹ ਆਪਣੀ ਭਾਬੀ ਨਾਲ ਮੁਰੱਬੇ ਰੋਟੀ ਦੇ ਆæ" ਚੰਨੋ ਦੀ ਮਾਂ ਨੇ ਉੱਚੀ ਆਵਾਜ਼ ਵਿਚ ਸੱਦਿਆ।

"ਬੇਬੇ ਮੇਰੇ ਢਿੱਡ ਪੀੜ ਹੁੰਦੀ ਆ, ਤੂੰ ਚਲੀ ਜਾਹ।"

ਚੰਨੋ ਦੀ ਮਾਂ ਨੂੰ ਜਾਣਾ ਈ ਪਿਆ। ਜਾਂਦੀ ਜਾਂਦੀ ਉਹ ਕਹਿ ਗਈ, "ਚਾਹ ਬਣਾ ਕੇ ਨਾਲ ਜਵੈਣ ਦਾ ਫੱਕਾ ਮਾਰ ਲਈਂ।"

"ਚੰਗਾ," ਅੰਦਰੋਂ ਚੰਨੋ ਦੀ ਮਰੀ ਜਹੀ ਆਵਾਜ਼ ਆਈ।

ਜਦੋਂ ਮਾਂ ਤੇ ਭਰਜਾਈ ਚਲੀਆਂ ਗਈਆਂ ਤਾਂ ਚੰਨੋ ਉੱਠੀ। ਬਾਹਰ ਦਾ ਬੂਹਾ ਅੰਦਰੋਂ ਬੰਦ ਕੀਤਾ, ਪਸ਼ੂਆਂ ਅੱਗੇ ਪੱਠੇ ਸੁੱਟੇ ਤੇ ਕੰਧ ਟੱਪ ਕੇ ਮਾਸਟਰ ਕੋਲ ਚਲੀ ਗਈ। ਉਹ ਜਾਂਦਿਆਂ ਨੂੰ ਪੜ੍ਹ ਰਿਹਾ ਸੀ।

"ਕੀ ਪੜ੍ਹਦਾ ਏਂ?"

"ਮੈਂ ਇਕ ਕਵਿਤਾ ਪੜ੍ਹ ਰਿਹਾ ਹਾਂ"

"ਮੈਨੂੰ ਵੀ ਸੁਣਾ"

"ਤੇਰੀ ਸਮਝ ਵਿਚ ਨਹੀਂ ਆਉਣੀ"

"ਤੂੰ ਸੁਣਾ ਤੇ ਸਹੀ"

"ਲਿਖਿਆ ਏ, ਨਦੀ ਦੀਆਂ ਸ਼ਾਂਤ ਲਹਿਰਾਂ ਚੰਦ ਦੀਆਂ ਕਿਰਨਾਂ ਨਾਲ ਚਮਕ ਪਈਆਂ ਨੇ ਅਤੇ ਚਨਾਰ ਦੇ ਰੁੱਖਾਂ ਦੇ ਲੰਮੇ ਸਾਏ ਦੂਰ ਤਕ ਪਾਣੀ ਵਿਚ ਦਿਸ ਰਹੇ ਹਨ। ਪ੍ਰੀਤਮਾ, ਤੇਰੇ ਵਾਲਾਂ ਵਿਚੋਂ ਮੌਲਸਰੀ ਦੀ ਖ਼ੁਸ਼ਬੋ ਆ ਰਹੀ ਏ ਤੇ ਮੈਂ ਦਿਸਹੱਦੇ ਤੋਂ ਦੂਰ ਕਿਧਰੇ ਪਤਾ ਨਹੀਂ ਕੀ ਵੇਖ ਰਿਹਾ ਹਾਂ।"

"ਮੇਰੀ ਸਮਝ ਵਿਚ ਕੁਝ ਨਹੀਂ ਆਇਆ।" ਚੰਨੋ ਨੇ ਝੱਟ ਆਖਿਆ ਤੇ ਕਿਤਾਬ ਉਹਦੇ ਹੱਥੋਂ ਖੋਹ ਲਈ।

"ਮੈਂ ਤੈਨੂੰ ਕਿਹਾ ਸੀ ਨਾ ਕਿ ਤੂੰ ਮੁੜ ਕੇ ਨਾ ਆਈਂ।"

"ਤੈਨੂੰ ਤਾਂ ਖਵਰੇ ਕੀ ਹੋਇਆ ਹੋਇਆ ਏ। ਹਰ ਵੇਲੇ ਚੁੱਪ ਚਾਪ ਈ ਰਹਿੰਦਾ ਏਂ।"

"ਮੇਰੇ ਕੋਲ ਪਿਆਰ ਕਰਨ ਲਈ ਵਕਤ ਨਹੀਂ ਹੈ।"

"ਵਿਹਲਾ ਤਾਂ ਰਹਿੰਦਾ ਏਂ ਸਾਰਾ ਦਿਨ।"

"ਤੂੰ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੀ, ਜਾਹ ਚਲੀ ਜਾਹ।"

"ਚੰਗਾ ਮੈਂ ਤੇਰੇ ਲਈ ਰੋਟੀ ਲਿਆਉਂਦੀ ਹਾਂ।" ਮਾਸਟਰ ਚੁੱਪ ਰਿਹਾ ਤੇ ਸੋਚਣ ਲੱਗਾ, 'ਚਲੋ ਮਗਰੋਂ ਤਾਂ ਲੱਥੀ,' ਨਹਾ ਧੋ ਕੇ ਉਹ ਸਕੂਲ ਲਈ ਤਿਆਰ ਹੋ ਗਿਆ। ਚੰਨੋ ਨੇ ਮੇਜ਼ ਤੇ ਲਿਆ ਕੇ ਰੋਟੀ ਰੱਖ ਦਿੱਤੀ। ਸਲੂਣੇ ਵਿਚ ਨਿਰਾ ਮੱਖਣ, ਚੋਂਦੇ ਘਿਉ ਦੀ ਚੂਰੀ ਦੇ ਨਾਲ ਕੱਚੇ ਦੁੱਧ ਦਾ ਗਲਾਸ। ਮਾਸਟਰ ਦੇ ਮੂੰਹ ਵਿਚ ਚੂਰੀ ਦੀ ਬੁਰਕੀ ਪਾਉਂਦਿਆਂ ਚੰਨੋ ਨੇ ਆਖਿਆ, "ਹੀਰ ਬੇਲੇ ਵਿਚ ਜਾ ਕੇ ਰਾਂਝੇ ਦੇ ਮੂੰਹ ਵਿਚ ਇੰਜ ਈ ਚੂਰੀ ਪਾਉਂਦੀ ਹੋਵੇਗੀ।"

"ਚੰਨੋ, ਮੈਂ ਤੁਹਾਡੇ ਘਰ ਰਹਿੰਦਾ ਹਾਂ, ਜਦੋਂ ਤੇਰੇ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਦੇ ਦਿਲਾਂ ਨੂੰ ਕਿੰਨੀ ਸੱਟ ਵੱਜੇਗੀ ਕਿ ਮੈਂ ਤੁਹਾਡੇ ਘਰ ਵਿਚ ਰਹਿ ਕੇ, ਤੁਹਾਡੇ ਘਰ ਦਾ ਖਾ ਕੇ, ਉਸੇ ਭਾਂਡੇ ਵਿਚ ਈ ਛੇਕ ਕਰ ਦਿੱਤਾ। ਤੈਨੂੰ ਕੁਝ ਸਮਝ ਕਰਨੀ ਚਾਹੀਦੀ ਹੈ, ਮੈਂ ਤੈਨੂੰ ਪਿਆਰ ਨਹੀਂ ਕਰ ਸਕਦਾ ਤੇ ਨਾ ਹੀ ਝੂਠਾ ਲਾਰਾ ਈ ਲਾ ਸਕਦਾ ਹਾਂ।"

ਚੰਨੋ ਚੁੱਪ ਰਹੀ। ਮਾਸਟਰ ਨੇ ਰੋਟੀ ਖਾ ਲਈ ਤੇ ਸਕੂਲ ਲਈ ਚੱਲ ਪਿਆ। ਡਿਓੜੀ ਲੰਘਦਿਆਂ ਚੰਨੋ ਨੇ ਉਹਦੀ ਕੰਡ ਤੇ ਜ਼ੋਰ ਦੀ ਮੁੱਕਾ ਮਾਰਿਆ ਤੇ ਭੱਜ ਗਈ।

ਸ਼ਾਮੀ ਮਾਸਟਰ ਦੇਰ ਤੱਕ ਨਾ ਆਇਆ। ਤਕਾਲਾਂ ਪੈ ਗਈਆਂ। ਚੰਨੋ ਨੇ ਅਸ਼ਨਾਨ ਕੀਤਾ ਹੋਇਆ ਸੀ। ਕੰਘੀ ਪੱਟੀ ਕਰ ਕੇ ਚਾਂਦੀ ਦਾ ਕਲਿੱਪ ਚਮਕਾਇਆ ਹੋਇਆ ਸੀ। ਦੰਦਾਸੇ ਨਾਲ ਬੁੱਲ੍ਹ ਸੂਹੇ ਕੀਤੇ ਹੋਏ ਸਨ ਤੇ ਉਹਦੇ ਦੰਦਾਂ ਦੀ ਚਮਕ ਸੂਹੇ ਬੁੱਲ੍ਹਾਂ ਵਿਚੋਂ ਡੁਲ੍ਹ ਡੁਲ੍ਹ ਪੈ ਰਹੀ ਸੀ। ਹੱਥਾਂ ਤੇ ਮਹਿੰਦੀ ਦੇ ਟਿਮਕਣੇ ਲਾਏ ਹੋਏ ਸਨ। ਨਵਾਂ ਸੂਟ ਪਾਇਆ ਤੇ ਕੰਨਾਂ ਵਿਚ ਭਰਜਾਈ ਦੇ ਵਾਲੇ ਲਟਕਾਏ ਹੋਏ ਸਨ। ਫੁੱਟਦੀ ਲਗਰ ਆਪਣੇ ਆਪ ਵਿਚ ਮਿਉਂਦੀ ਤਕ ਨਹੀਂ ਸੀ।

ਸ਼ਾਮ ਦੇ ਘੁਸਮੁਸੇ ਵਿਚ ਮਾਸਟਰ ਆਇਆ। ਚੰਨੋ ਧਾਰ ਕੱਢਣ ਦੇ ਬਹਾਨੇ ਮਾਸਟਰ ਕੋਲ ਚਲੀ ਗਈ।

"ਸਾਰਾ ਸਾਰਾ ਦਿਨ ਬਾਹਰ ਰਹਿਣਾ ਕੋਈ ਚੰਗੀ ਗੱਲ ਆ, ਏਹ ਵੀ ਖ਼ਿਆਲ ਰੱਖਿਆ ਕਰ ਕਿ ਕੋਈ ਉਡੀਕਣ ਵਾਲੀ ਵੀ ਹੈ।"

ਮਾਸਟਰ ਚੁੱਪ ਰਿਹਾ।

"ਦੱਸ ਏਨਾ ਚਿਰ ਕਿੱਥੇ ਲਾ ਕੇ ਆਇਆ ਏਂ?"

"ਤੇਰਾ ਪਿਉ ਤੇ ਭਰਾ ਘਰ ਹਨ। ਜਾਹ ਚਲੀ ਜਾਹ, ਨਾਲੇ ਮੇਰਾ ਸਿਰ ਭੀ ਸਖ਼ਤ ਦਰਦ ਕਰ ਰਿਹਾ ਹੈ।"

"ਮੈਂ ਹੁਣੇ ਤੇਰੇ ਲਈ ਚਾਹ ਬਣਾ ਕੇ ਤੇ ਟਿੱਕੀ ਲੈ ਕੇ ਆਉਂਦੀ ਹਾਂ। ਬਾਪੂ ਤੇ ਭਰਾ ਤਾਂ ਆਏ ਮਾਮੇ ਨਾਲ ਦਾਰੂ ਪੀ ਰਹੇ ਹਨ।" ਇਹ ਕਹਿ ਕੇ ਉਹ ਚਲੀ ਗਈ। ਮਾਸਟਰ ਸਿਰ ਫੜ੍ਹ ਕੇ ਕੁਰਸੀ ਤੇ ਬੈਠ ਗਿਆ। ਦੋ ਦਿਨ ਦੀ ਛੁੱਟੀ ਉਸ ਮਨਜ਼ੂਰ ਕਰਾ ਲਈ ਸੀ। ਸ਼ਨਿੱਚਰ ਐਤ ਨਾਲ ਲੱਗਦੇ ਸਨ ਤੇ ਸਵੇਰੇ ਡਿਊਟੀ ਦੇ ਕੇ ਉਹਨੇ ਸ਼ਹਿਰ ਚਲੇ ਜਾਣਾ ਸੀ, ਜਿੱਥੇ ਉਹਦੀ ਮੰਗੇਤਰ ਬੇਸਿਕ ਕਰ ਰਹੀ ਸੀ।

ਕੁਝ ਚਿਰ ਪਿਛੋਂ ਚੰਨੋ ਦਾ ਛੋਟਾ ਭਰਾ ਚਾਹ ਦੀ ਗੜਵੀ ਤੇ ਐਸਪਰੋ ਦੀ ਗੋਲੀ ਫੜਾ ਗਿਆ। ਜਾਂਦੇ ਮੁੰਡੇ ਨੂੰ ਮਾਸਟਰ ਨੇ ਰੋਟੀ ਨਾ ਭੇਜਣ ਦੀ ਤਾਕੀਦ ਕਰ ਦਿੱਤੀ, ਉਹਨੂੰ ਭੁੱਖ ਨਹੀਂ ਸੀ।

ਜਦੋਂ ਰਾਤ ਦੇ ਬਾਰਾਂ ਵੱਜ ਗਏ, ਚੰਦ ਛਿਪ ਗਿਆ ਤਾਂ ਚੰਨੋ ਯਾਰ ਦੇ ਉਲਾਂਭੇ ਲਾਹੁਣ ਨਹੀਂ, ਸਗੋਂ ਯਾਰ ਨੂੰ ਉਲਾਂਭੇ ਦੇਣ ਲਈ ਕੰਧ ਟੱਪ ਗਈ। ਮਿੱਠੀ ਮਿੱਠੀ ਠੰਡ ਕਾਰਨ ਮਾਸਟਰ ਬਰਾਂਡੇ ਦੀ ਬਜਾਏ ਕਮਰੇ ਵਿਚ ਸੁੱਤਾ ਪਿਆ ਸੀ। ਚੰਨੋ ਨੇ ਉਸ ਨੂੰ ਜਗਾਇਆ। ਮਾਸਟਰ ਦਾ ਉਤਲਾ ਸਾਹ ਉਪਰ ਤੇ ਥੱਲੇ ਵਾਲਾ ਥੱਲੇ ਰਹਿ ਗਿਆ।

"ਜਾਹ ਚਲੀ ਜਾਹ ਨਹੀਂ ਤਾਂ…æ" ਮਾਸਟਰ ਨੇ ਗੁੱਸੇ ਵਿਚ ਪਰ ਉੱਚੀ ਆਵਾਜ਼ ਵਿਚ ਨਾ ਕਿਹਾ, ਤਾਂ ਜੋ ਆਵਾਜ਼ ਕਿਤੇ ਦੂਰ ਤੱਕ ਨਾ ਚਲੀ ਜਾਵੇ।

"ਨਹੀਂ ਤਾਂ ਕੀ ਕਰੇਂਗਾ?"

"ਤੇਰਾ ਗਲ ਘੁੱਟ ਦਿਆਂਗਾ"

"ਆਹ ਲੈ ਘੁੱਟ ਦੇ" ਉਹਨੇ ਮਾਸਟਰ ਦੇ ਹੱਥ ਫੜ੍ਹ ਕੇ ਆਪਣੇ ਗਲ ਦੁਆਲੇ ਵਲ ਦਿੱਤੇ।

"ਨਹੀਂ…ਨਹੀਂ…ਮੇਰੇ ਕੋਲੋਂ ਇਹ ਵੀ ਨਹੀਂ ਹੋ ਸਕਦਾ। ਦੱਸ ਤੂੰ ਕੀ ਚਾਹੁੰਦੀ ਏਂ?"

"ਮੇਰੀਆਂ ਹੱਡੀਆਂ ਤੋੜ ਦੇ, ਮੇਰੀਆਂ ਬਾਹਾਂ ਮਰੋੜ ਸੁੱਟ, ਵੇਖ ਮੇਰੀ ਜਵਾਨੀ, ਸਾਰੇ ਪਿੰਡ ਦੇ ਮੁੰਡੇ ਮੇਰੀਆਂ ਰਾਹਾਂ ਤੇ ਬੈਠੇ ਰਹਿੰਦੇ ਹਨ।"

"ਜਾਹ ਚਲੀ ਜਾਹ…æ" ਮਾਸਟਰ ਨੇ ਬੜੀ ਨਿਮਰਤਾਈ ਨਾਲ ਆਖਿਆ।

"ਮੈਂ ਨਹੀਂ ਜਾਵਾਂਗੀ, ਚੱਲ ਕਿਧਰੇ ਟੁਰ ਚੱਲੀਏ।"

"ਚਲੀ ਜਾ," ਮਾਸਟਰ ਨੇ ਉਹਨੂੰ ਬੂਹੇ ਵਿਚੋਂ ਬਾਹਰ ਧੱਕਦਿਆਂ ਕਿਹਾ।

"ਮੈਂ ਡਾਢੀ ਤਿਹਾਈ ਹਾਂ, ਰੱਬ ਦੇ ਵਾਸਤੇ ਮੇਰੇ ਬੁੱਲ੍ਹਾਂ ਨੂੰ ਪਾਣੀ ਦਾ ਗਲਾਸ ਲਾ ਦੇ"

"ਮੈਂ ਕਹਿੰਦਾਂ ਦਫ਼ਾ ਹੋ ਜਾ," ਮਾਸਟਰ ਨੇ ਉਹਨੂੰ ਧੱਕਾ ਦੇ ਕੇ ਆਖਿਆ।

"ਕਿਉਂ ਧੱਕੇ ਦਿਨਾਂ ਜ਼ਾਲਮਾ, ਮੈਂ ਤਾਂ ਤੇਰੀ ਹੋਈ ਮਰਦੀ ਆਂ। ਆਪਣੇ ਪੈਰਾਂ ਵਿਚ ਈ ਥਾਂ ਦੇ ਦੇ," ਚੰਨੋ ਮਾਸਟਰ ਦੇ ਪੈਰਾਂ ਨਾਲ ਚਿੰਬੜ ਗਈ। ਮਾਸਟਰ ਨੇ ਪੈਰਾਂ ਦਾ ਠੁੱਡਾ ਮਾਰਿਆ। ਚੰਨੋ ਦੀ ਹਿੱਕ ਕੋਲ ਵੱਜਾ। ਉਹਨੇ ਉਹਦਾ ਪੈਰ ਈ ਹਿੱਕ ਨਾਲ ਘੁੱਟ ਲਿਆ।

"ਹੋਰ ਮਾਰ ਜ਼ਾਲਮਾ, ਤੇਰੇ ਹੱਥੋਂ ਮਰਨ ਦਾ ਵੀ ਸਵਾਦ ਆਉਂਦਾ ਏਂ।"

ਮਾਸਟਰ ਨੇ ਚੰਨੋ ਨੂੰ ਉਤਾਂਹ ਚੁੱਕਿਆ ਤੇ ਆਪਣੇ ਦੋਹਾਂ ਹੱਥਾਂ ਨਾਲ ਉਹਦਾ ਗਲ ਘੁੱਟਣਾ ਸ਼ੁਰੂ ਕਰ ਦਿੱਤਾæ

"ਮਾਰ ਦੇ…ਮਾਰ ਦੇ…ਲੱਖ ਲਾਹਨਤ ਮੇਰੇ ਪਿਆਰ ਦੇ ਜੇ ਬੋਲ ਵੀ ਜਾਵਾਂ ਤਾਂ"

"ਹੁਣ ਤੂੰ ਚਲੀ ਜਾਹ…ਆਹ ਵੇਖ ਕਿਸੇ ਦੇ ਖੰਘਣ ਦੀ ਆਵਾਜ਼ ਆਉਂਦੀ ਏ"

"ਪਿਆਰ ਕਰਨ ਵਾਲੇ ਡਰਦੇ ਨਹੀਂ ਹੁੰਦੇ। ਸੋਹਣੀ ਯਾਰ ਮਹੀਂਵਾਲ ਨੂੰ ਮਿਲਣ ਲਈ ਕੱਚੇ ਘੜੇ ਤੇ ਠਿੱਲ ਗਈ ਸੀ"

ਮਾਸਟਰ ਚੁੱਪ ਚਾਪ ਆਪਣੇ ਬਿਸਤਰੇ ਤੇ ਲੰਮਾ ਪੈ ਗਿਆ। ਚੰਨੋ ਢੇਰ ਚਿਰ ਤਾਈਂ ਬੂਹੇ ਵਿਚ ਖੜ੍ਹੀ ਰਹੀ। ਮਾਸਟਰ ਦੇਰ ਤਕ ਉਸਲਵੱਟੇ ਭੰਨਦਾ ਰਿਹਾ। ਚੰਨੋ ਫੇਰ ਉਹਦੇ ਸਰਹਾਣੇ ਜਾ ਕੇ ਬੈਠ ਗਈ ਤੇ ਉਹਦੇ ਕੰਨਾਂ ਵਿਚ ਹੌਲੀ ਜਹੀ ਕਿਹਾ, "ਭੈੜਿਆ, ਫੋਕੇ ਪਿਆਰ ਦਾ ਝੂਠਾ ਦਿਲਾਸਾ ਈ ਦੇ ਛੱਡਦੋਂ,"

ਪਰ ਅੱਗੋਂ ਕੋਈ ਜਵਾਬ ਨਾ ਮਿਲਿਆ। ਸ਼ਾਇਦ ਉਹ ਸੌਂ ਗਿਆ ਸੀ। ਸੁੱਤੇ ਪਏ ਮਾਸਟਰ ਦੇ ਉਹਨੇ ਵਾਲ ਚੁੰਮੇ, ਅੱਖਾਂ ਚੁੰਮੀਆਂ, ਬੁੱਲ੍ਹ ਚੁੰਮੇ, ਹੱਥਾਂ ਦੀਆਂ ਉਂਗਲਾਂ ਤੇ ਪੈਰਾਂ ਦੇ ਪੱਬ ਚੁੰਮੇ। ਫਿਰ ਉਹ ਹੌਲੀ ਹੌਲੀ ਵਾਪਸ ਚਲੀ ਗਈ।

ਸਵੇਰੇ ਗੱਲੀਂ ਗੱਲੀਂ ਮਾਸਟਰ ਨੇ ਚੰਨੋ ਦੇ ਪਿਉ ਅੱਗੇ ਗੱਲ ਕਰ ਦਿੱਤੀ। "ਜਵਾਨ ਜਹਾਨ ਧੀਆਂ ਨੂੰ ਬਹੁਤਾ ਚਿਰ ਬਿਠਾਈ ਰੱਖਣਾ ਸਿਆਣਪ ਨਹੀਂ ਹੁੰਦੀ, ਪਰਾਇਆ ਧੰਨ ਹੋਇਆ, ਇਹਨਾਂ ਦਾ ਕਾਹਦਾ ਮਾਣ ਆ"

ਉਹਦਾ ਪਿਉ ਗੱਲ ਦੀ ਤਹਿ ਤੱਕ ਨਾ ਗਿਆ। ਐਵੇਂ ਸਰਸਰੀ ਜਿਹਾ ਜਵਾਬ ਦੇ ਦਿੱਤਾ, "ਐਤਕੀਂ ਸਿਆਲਾਂ ਵਿਚ ਕੋਈ ਮੁੰਡਾ ਵੇਖਾਂਗੇ।"

ਪਰ ਚੰਨੋ ਦੀ ਮਾਂ ਨੇ ਉਹਦੇ ਪਿਓ ਵੱਲੋਂ ਮਾਸਟਰ ਦੀ ਇਸ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਚੰਨੋ ਨੂੰ ਅੰਦਰ ਵਾੜ ਕੇ ਕਈ ਗੱਲਾਂ ਸਮਝਾਈਆਂ। ਮਾਸਟਰ ਦੇ ਹੁੰਦਿਆਂ ਬਹੁਤਾ ਹਵੇਲੀ ਵਿਚ ਨਾ ਜਾਣ ਦੀ ਤਾੜਨਾ ਵੀ ਕੀਤੀ।

ਸਕੂਲੋਂ ਪਰਤ ਜਦੋਂ ਮਾਸਟਰ ਆਪਣੇ ਕਮਰੇ ਵਿਚ ਸ਼ਹਿਰ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਚੰਨੋ ਪਸ਼ੂਆਂ ਲਈ ਗੁਤਾਵਾ ਕਰਨ ਦੇ ਬਹਾਨੇ ਉਹਦੇ ਕੋਲ ਚਲੀ ਗਈ ਤੇ ਬੜੇ ਨਿਹੋਰੇ ਵਿਚ ਕਹਿਣ ਲੱਗੀ, "ਮੇਰੇ ਘਰਦਿਆਂ ਅੱਗੇ ਗੱਲ ਕਰ ਕੇ ਕੀ ਲੈ ਲਿਆ ਈ, ਚਾਰ ਝਾੜਾਂ ਈ ਨੇ ਨਾ ਜਿਹੜੀਆਂ ਮਾਂ ਨੇ ਪਾ ਦਿੱਤੀਆਂ ਨੇ। ਧਰਮ ਨਾਲ ਤੂੰ ਏਨਾ ਬੇਕਦਰਾ ਏਂ, ਜੀਅ ਕਰਦਾ ਏ ਟੋਕਾ ਮਾਰ ਕੇ ਤੇਰੀ ਧੌਣ ਲਾਹ ਸੁੱਟਾਂ ਤੇ ਫੇਰ ਤੇਰੇ ਧੜ ਨਾਲ ਜੱਫੀ ਪਾ ਕੇ ਰੋਵਾਂ, "ਵੇ ਇਕ ਵਾਰਾਂ ਉੱਠ ਕੇ ਆਪਣੀ ਰੰਡੀ ਦੇ ਵੈਣ ਤਾਂ ਸੁਣ ਲਾ ਜ਼ਾਲਮਾ"।
-------------------------------------------------------------------------------------------------------------

Punjabi Kahani- ਇਕ ਅਨ੍ਹੇ ਖੁਹ ਦਾ ਗਿਲਾ!!!!!!!!!!!


ਇਕ ਅਨ੍ਹੇ ਖੁਹ ਦਾ ਗਿਲਾ / (ਲੇਖ)
ਰਵੇਲ ਸਿੰਘ ਇਟਲੀ
 ਐ ਮੇਰੇ ਪਿੰਡ ਦੇ ਲੋਕੋ ,ਹੁਣ ਤਸੀਂ ਸਾਰੇ ਚੁਪ ਚਾਪ ਪਾਸਾ ਵੱਟ ਕੇ ਮੇਰੋ ਕੋਲੋਂ ਲੰਘ ਜਾਂਦੇ ਹੋ ,ਪਰ ਮੈਂ ਤੁਹਾਨੂੰ ਅਪਣਾ ਦੁਖ ਦਸੱਣ ਲਈ ਤੁਹਾਡੇ ਨਾਲ ਕੁਝ ਗਿਲਾ ਕਰਨਾ ਨੂੰ ਤਰਸਦਾ ਰਹਿੰਦਾ ਹਾਂ , ਪਰ ਕਿਸੇ ਪਾਸ ਇਸ ਕੰਮ ਲਈ ਵੇਹਲ ਨਹੀਂ ,ਇਸ ਲਈ ਮੈਂ ਕੱਲਾ ਹੀ ਬੁੜਬੁੜਾ ਰਿਹਾ ਹਾਂ ,ਕੋਈ ਸੁਣੇ ਜਾਂ ਨਾ ਸੁਣੇ ,ਤੁਹਾਡੀ ਮਰਜ਼ੀ ਹੈ ।ਕਿਓਂਕਿ ਮੇਰੇ ਵਾਂਗ ਪਿੰਡ ਦੇ ਕਈ ਹੋਰ ਬਜ਼ੁਰਗਾਂ ਦਾ ਹਾਲ ਵੀ ਇਵੇਂ ਹੀ ਹੋਵੇ ਗਾ ਪਰ ਅੱਜ ਮੈਂ ਅਪਣੇ ਮਨ ਦਾ ਗੁਬਾਰ ਕੱਢਦਾ ਤੁਹਾਡੇ ਨਾਲ ਗਿਲਾ ਕਰ ਰਿਹਾ ਹਾਂ ਸੁਣੋ ।

       ਖੋਰੇ ਤੁਹਾਨੂੰ ਪਤਾ ਨਹੀਂ ਜਦੋਂ ਇਸ ਪਿੰਡ ਦੇ ਲੋਕ ਕਈ ਮੀਲਾਂ ਤੋਂ ਛੱਪੜਾਂ ,ਢਾਬਿਆਂ ੋ ,ਆਦਿ ਤੋਂ  ਪਾਣੀ ਦੇ ਘੜੇ ਭਰਕੇ ਸਿਰ ਤੇ ਚੱਕ ਕੇ  ਪੀਣ ਲਈ  ਲਿਆਇਆ ਕਰਦੇ ਸਨ ,ਤੁਹਾਡੇ ਕਈ ਪਸੂ ਕਿੱਲਿਆਂ ਤੇ ਬੱਝੇ ਪਾਣੀ ਨੂੰ ਘੜੀਆਂ ਬਦੀ ਤਰਸਦੇ  ਰਹਿੰਦੇ ਸਨ , ਓਦੋ ਤੁਹਾਡੀ ਹਾਲਤ ਤੇ ਤਰਸ ਕਰਕੇ , ਕਿਸੇ ਪਰ ਉਪਕਾਰੀ ਪੁਰਸ਼ ਕਾਰਣ ਮਾਲਕ ਦੀ ਮੇਹਰ  ਸਦਕਾ ਮੇਰਾ ਜਨਮ ਹੋਇਆ , ਤੇ ਮੇਰੀ ਹਿੱਕ ਵਿਚੋਂ ਠੰਡੇ ਮਿੱਠੇ ਜਲ ਨੇ ਤੁਹਾਡੀ ਪਿਆਸ ਇਸ ਪਿੰਡ ਵਿਚ ਹੀ ਬੁਝਾਉਣ ਦਾ ਮੈਂ ਉਪਰਾਲਾ ਬਣਿਆ ,ਜੇ ਯਕੀਨ ਨਹੀਂ ਆਉਂਦਾ ਤਾਂ ਮੇਰੀ ਵੱਖੀ ਵਿਚ ਲੱਗੀ ਸਿਲ ਤੇ ਉੱਕਰਿਆ ਉਸ ਪਰ ਉਪਕਾਰੀ ਪੁਰਸ਼ ਦਾ ਨਾਂ ਅਤੇ ਮੇਰੀ ਜਨਮ ਤਾਰੀਖ ਤੁਸੀਂ ਉਸ ਤੋਂ ਪੜ੍ਹ ਸੱਕਦੇ ਹੋ,ਮੈਂ ਤੁਹਾਨੂੰ ਲਗ ਪਗ ਤੁਹਾਡੀਆਂ ਚਾਰ ਪੀੜ੍ਹੀਆਂ ਤੱਕ ਤੁਹਾਡੀ ੱਿeੱਕ ਮਾਂ ਵਾਂਗਰ ਅਪਣੀ ਹਿੱਕ ਵਿਚੋਂ ਠੰਡਾ ਠਾਰ ਪਾਣੀ ਪਿਆ ਕੇ ਤੁਹਾਡੀ ਪਿਆਸ ਬੁਝਾਉਂਦਾ ਰਿਹਾ  ਜਿਸ  ਗੁਰੂ ਬਾਬੇ ਨੇ ਪਾਣੀ ਨੂੰ ਪਿਤਾ ਕਹਿਕੇ ਸਤਿਕਾਰਿਆ ਉਸ ਨਾਲ ਮੈਂ ਪੂਰੀ ਵਾਹ ਲਾਹਕੇ ਤੁਹਾਡੇ ਨਾਲ ਸਾਂਝ ਪਾਉਣ ਦਾ ਪੂਰਾ ਯਤਨ ਕੀਤਾ ਤੇ ਤੁਸੀਂ ਵੀ ।ਜਦੋਂਵੀ  ਕੰਮਾਂ ਕਾਰਾਂ ਵਿਚ ਥੱਕੇ ਹੋਏ ਲੋਕ ਘਰ ਪਰਤੇ ਮੇਰੇ ਠੰਡੇ ਜਲ ਨਾਲ ਤੁਹਾਡੀ ਪਿਆਸ ਤੇ ਥਕਾਵਟ ਦੂਰ ਹੁੰਦੀ ।

         ਸ਼ਵੇਰੇ ਸ਼ਾਮ ਕੁੜੀਆਂ ਨੱਢੀਆਂ ਮੁਟਿਆਰਾਂ ਦੀ ਪਾਣੀ  ਭਰਨ ਦੀ ਭੀੜ ਦੀ ਰੌਣਕ ਲੱਗੀ ਰਹਿੰਦੀ , ਘੜਿਆਂ ਨਾਲ ਘੜੇ ਖਹਿੰਦੇ ,ਮੇਰੇ ਅੰਦਰ ਪਾਣੀ ਲਈ ਆਉਂਦੀਆਂ ਜਾਂਦੀਆਂ ਬਾਲਟੀਆਂ ਖੜਕਦੀਆਂ ਦੀ ਅਤੇ ਕੁੜੀਆਂ ,ਮੁਟਿਆਰਾਂ ਦੇ ਹਾਸਿਆਂ ਦੀ ਛਣਕਾਰ ਵਿਚ ਮੈਂ ਬੜਾ ਖੁਸ਼ ਰਹਿੰਦਾ ਮੇਰੀ ਹਿੱਕ ਤੇ ਘੜਿਆਂ ਦੀ ਘਾਸਰ ਦੇ ਨਿਸ਼ਾਨ ਅਜੇ ਵੀ ਤੁਸੀਂ ਵੇਖ ਸਕਦੇ ਹੋ , ਮੈਂ ਕਦੇ ਸੀ ਨਹੀਂ ਸੀ ਕੀਤੀ ,ਪਰ ਹੁਣ ਤਾਂ ਸ਼ਾਇਦ ਕੋਈ ਹੀ ਏਨੀ ਵੱਡੀ ਉਮਰ ਦੇ ਲੋਕ ਹੋਣਗੇ ਜਿਨ੍ਹ੍ਹਾਂ ਨੇ ਇਹ ਸੱਭ ਕੁਝ ਮੇਰੇ ਵਾਂਗ ਅੱਖੀਂ ਵੇਖਿਆ ਯਾਦ ਹੋਵੇਗਾ ,ਮੈਨੂੰ ਚੰਗੀ ਤਰ੍ਹਾਂ ਯਾਦ ਹੈ , ਜਦੋਂ ਮੀਂਹ ਹਨੇਰੀਆ ਕਾਰਣ ਜਾਂ ਕਈ ਵਾਰ ਮੇਰੇ ੇਵਿਚ ਔੜ ਕਰਕੇ ਅਤੇ ਮੀਂਹ ਹਨੇਰੀਆਂ ਕਰਕੇ ਗਾਰ ਇੱਕਠੀ ਹੋ ਜਾਂਦੀ ਸੀ ਤਾਂ ਪਿੰਡ ਦੇ ਕੁਝ ਉਦਮੀ ਲੋਕ ਬੜੀ ਹਿੰਮਤ ਨਾਲ ਮੇਰੇ ਹੇਠਾਂ ਉਤਰ ਕੇ ਗਾਰ ਕੱਢ ਕੇ  ਮੇਰੇ ਪਾਣੀ ਨੂੰ ਸਾਫ ਕਰਨ ਦਾ ਉੱਦਮ ਕਰਕੇ ਸਾਫ ਪਾਣੀ ਪ੍ਰਾਪਤ ਕਰਨ ਦਾ ਹੀਲਾ ਕਰਦੇ ਸਨ , ਮੇਰੀ ਸਾਂਝ ਤੁਹਾਡੇ ਨਾਲ ਸੀ ਤੇ ਤੁਹਾਡੀ ਮੇਰੇ ਨਾਲ । ਇੱਕ ਦੂਜੇ ਨਾਲ ਆਪਸੀ ਜੀਵਣ ਜੁੜਿਆਂ ਹੋਇਆ ਸੀ ।

        ਕਦੇ ਸਮਾ ਸੀ ਜਦੋ ਮੇਰਾ ਭਰਿਆ ਜਲ ਲੈ ਜਾਕੇ  ਤੁਸੀਂ ਮੰਦਰਾਂ ਵਿਚ ਪੂਜਾ ਆਰਤੀਆਂ ਉਤਾਰਦੇ ਅਪਣੇ ਠਾਕੁਰ  ਨੂੰ ਖੁਸ਼ ਕਰਕੇ ਅਸੀਸਾਂ ਲੈਂਦੇ  ਸੀ ,ਅਤੇ ਲਗ ਪਗ ਮੇਰੇ ਹੀ ਹਾਣ ਦੇ ਮੇਰੇ ਨਾਲ ਹੀ ਲਗਾਏ ਪਿੱਪਲ  ਦੇ ਹੱਥੀਂ ਲਾਏ ਰੁੱਖ ਨੂੰ  ਇਸ ਠੰਡੇ ਜਲ ਦੀਆਂ ਗੜਵੀਆਂ ਪਾਕੇ ਉਸ ਨੂੰ ਵੱਡਾ ਕਰਕੇ ਉਸ ਦੀ ਠੰਡੀ ਮਿਠੀ ਛਾਂ ਮਾਣਦੇ ਸੀ ,ਉਸ ਹੇਠਾਂ ਗਰਮੀ ਦੇ ਦਿਨਾਂ ਵਿਚ ਮੰਜੇ ਡਾਹ ਕੇ ਹੱਸਦੇ ਗੱਪਾਂ ਮਾਰਦੇ ਤੇ ਕਦੇ ਗਾੜ੍ਹੀ ਨੀਂਦੇ ਸੱਤੇ ਕਿੰਨੇ ਚੰਗੇ ਲaਦੇ ਸਾਓ ਮੈਨੂੰ ਸਾਰ , ਪੰਛੀ ਵੀ ਉਸ ਵੱਡੇ ਪਿੱਪਲ ਤੇ ਕਲੋਲਾਂ ਕਰਦੇ,  ਕਿੰਨੇ ਚੰਗੇ ਦਿਨ ਸਨ ਉਹ ।ਫਿਰ ਸਮੇਂ ਨੇ ਇੱਕ ਨਵੀਂ ਕਰਵਟ ਬਦਲੀ ,

ਤਰੱਕੀ ਦਾ ਦੌਰ ਸ਼ੁਰੂ ਹੋਇਆ , ਹੌਲੀ ੨ ਘਰਾਂ ੁਵਿਚ  ਨਲਕੇ ਲੱਗਣ ਕਰਕੇ  ਦਿਨੋ ਦਿਨ ਮੇਰੀ ਕਦਰ ਘਟਣ ਲੱਗੀ , ਫਿਰ ਬਿਜਲੀ ਦੇ ਪ੍ਰਸਾਰ ਨੇ ਨਲਕਿਆਂ ਤੇ  ਮੋਟਰਾਂ ਲਾਕੇ ਤੇ  ਮੋਟਰਾਂ ਦੀ ਥਾਂ ਸਮਰਸੀ ਬਲ ਪੰਪ ਲਾ ਕੇ ਮੈਨੂੰ ਹੋਰ ਅਣਗੌਲਿਆ ਕਰ ਦਿੱਤਾ ਤੇ ਬੰਬੀਆਂ ਲੱਗ ਜਾਣੈ ਕਾਰਣ ਮੇਰੇ ਵੱਲ ਪੂਰੀ ਬੇਧਿਆਨੀ ਹੋਣ ਕਰਕੇ ਮੇਰੀ ਹਿੱਕ ਖੁਸ਼ਕ ਹੋ ਕੇ ਰਹਿ ਗਈ ਮੇਰੇ ਆਲੇ ਦੁਆਲੇ ਦੀਆਂ ਰੌਣਕਾਂ ਵੇਖਦੇ ੨ ਹੀ ਅਲੋਪ ਹੋ ਗਈਆਂ ,ਤੇ ਅੱਖਾਂ ਦਾ ਪਾਣੀ ਬੀਤੇ ਨੂੰ ਯਾਦ ਕਰਦੇ ੨ ਰੋਂਦੇ ੨ ਮੁੱਕ ਜਾਣ ਕਰਕੇ ਮੇਰੀਆਂ ਅੱਖਾਂ ਦੀ ਰੌਸ਼ਣੀ ਚਲੀ ਗਈ ,ਜਿਸ ਕਰਕੇ ਸਾਰੇ ਮੈਨੂੰ ਹੁਣ ਅਨ੍ਹਾ ਖੂਹ ਕਹਿੰਦੇ ਹਨ ,ਸਮੇਂ ਨੇ ਮੈਨੂੰ ਹੁਣ ਕਿਸੇ ਥਾਂ ਜੋਗਾ ਨਹੀਂ ਰਹਿਣ ਦਿੱਤਾ ,ਇਸ ਤੋਂ ਭੈੜੀ ਹਾਲਤ ਤਾਂ ਮੇਰੀ ਉਮਰ ਦੇ ਉਸ ਲੋਕਾਂ ਦੇ ਹੱਥੀ ਪਾਣੀ ਪਾ ਪਾ ਵੱਡੇ ਕੀਤੇ ਬਿਰਧ ਪਿੱਪਲ ਨਾਲ ਹੋਈ ਜਦੋਂ ਪਿੰਡ ਦੇ ਸਿਆਣੇ ਬਿਆਣੇ ਲੋਕਾਂ ਨੇ ਉਸ ਨੂੰ ਕਸਾਈ ਲੱਕੜ ਦੇ ਕਾਰੋ ਬਾਰੀਆਂ ਕੋਲ ਅਪਣੇ ਕਿਸੇ ਹੋਰ ਮੰਤਵ ਲਈ ਵੇਚ ਕੇ ਦਿਨ ਦਿਹਾੜੇ ਬੇ ੋਲੋੜਾ ਸਮਝ ਕੇ ਕਤਲ ਕਰਵਾਇਆ ,ਜਦੋਂ ਉਸ ਨਿਰਦੋਸ਼ ਦੇ   ਜਿਸਮ ਨੂੰ ਆਰੀਆਂ ਕੁਹਾੜਿਆਂ ਨਾਲ ਉਸ ਦਾ ਅੰਗ ੨ ਕੱਟਿਆ ਜਾ ਰਿਹਾ ਸੀ ਤਦ ਉਸ ਦੀਆਂ ਦਰਦ ਭਰੀਆਂ ਚੀਕਾਂ ਤੇ ਖੜਾਕ ਨੇ ਮੇਰਾ ਅੰਦਰ ਵੀ ਹਿਲਾ ਦਿੱਤਾ ।ਲੋਕ ਤਾਂ ਹੁਣ ਉਸ ਵਿਚਾਰੇ ਦੀ ਯਾਦ ਵੀ ਹੁਣ ਭੁਲ ਗਏ ਹਨ ,ਪਰ ਮੇਰੇ ਨਾਲ ਜੋ ਹੁਣ ਹੋ ਰਹੀ ਹੈ , ਉਹ ਸ਼ਾਇਦ ਉਸ ਵਿਚਾਰੇ ਨਾਲੋਂ ਵੀ ਕਿਤੇ ਵੱਧ ਹੈ ,ਮੇਰੀ ਹੋਂਦ ਨੂੰ ਮਿਟਾaੁਣ ਦਾ ਲੋਕਾਂ ਨੇ ਹੁਣ ਬੜਾ ਭੱਧਾ ਤਰੀਕਾ ਲਭਿਆ ਹੈ , ਮੇਰੀ ਹਿੱਕ ਤੇ ਰੋਜ਼ ਕੁਝ ਵੇਹਲੜ ਮੰਢੀਰ ਦਾਰੂ ਨਸ਼ਿਆਂ ਨਾਲ ਹੋਸ਼ ਗੁਆ ਕੇ ਅੱਧੀ ੨ ਰਾਤ ਗਏ ਤੱਕ ਗੰਦ ਮੰਦ ਬੋਲਦੀ ਰਹਿੰਦੀ ਹੈ ,ਜਿਸ ਕਰਕੇ ਪਿੰਡ ਦੀਆਂ ਧੀਆਂ ਭੇਣਾਂ ਨੂੰ ਇੱਥੋਂ ਆਉਣ ਜਾਣ ਤੋਂ ਸਦਾ ਝਿਜਕ ਆਉਂਦੀ ਹੈ , ਮੈਨੂੰ ਅਨ੍ਹੇ ਮੂਰੇ ਹੋਏ ਨੂੰ ਪੂਰ ਕੇ ਖਤਮ ਕਰਨ ਲਈ ਮੇਰੇ ਅਮਦਰ , ਨਾਲ ਦੇ ਘਰ ੱਿਮਟੀ ਘੱਟਾ ਕੂੜਾ ਕਰਕਟ ,ਗੰਦ ਤੇ ਹੋਰ ਕਈ ਕੁਝ ਖੇਹ ਸੁਟ ਕੇ ਮੈਨੂ ਖਤਮ ਕਰਨ ਲਈ ਆਪਣਾ ਆਲਾ ਦੁਆਲਾ ਵੀ ਪ੍ਰਦੂਸ਼ਿਤ ਕਰ ਰਹੇ ਹਨ ,ਤੇ ਰੀਸੋ ਰੀਸੀ ਇਸ ਕੰਮ ਵਿਚ ਸਾਰੇ ਹੀ ਇਕ ਦੂਜੇ ਤੌਂ ਅੱਗੇ ਹਨ ,ਕੋਈ ਕਿਸੇ ਨੂੰ ਕਹਿਣ ਵਾਲਾ ਨਹੀਂ ,ਮੈਂ ਬੇ ਵੱਸਾ ਜੇਹਾ ਹੋਕੋ ਸੱਭ ਕੁਝ ਅਪਨੇ ਸਿਰ ਤੇ ਜਰ ਰਿਹਾ ਹਾਂ ,ਬੱਸ ਮੇਰੀ ਤਾਂ ਹੁਣ ਇਹੋ ਫਰਿਆਦ ਪਿੰਡ ਦੇ ਲੋਕਾਂ ਅੱਗੇ ਹੈ ਕਿ ਮੇਰੀ ਹੁਣ ਹੋਰ ਬੇ ਪਤੀ ਹੋਣ ਤੋਂ , ਮੇਰਾ ਮੂੰਹ ਕਿਸੇ ਭਾਰੀ ਸਿਲ ਆਦਿ ਨਾਲ ਸਦਾ ਲਈ ਬੰਦ ਕਰ ਦਿੱਤਾ ਜਾਵੇ ,ਕਿਉਕਿ ਨੇਤ੍ਰ ਹੀਣ ਤਾਂ ਮੈੰ ਪਹਿਲਾਂ ਹੀ ਕਾਫੀ ਸਮੇਂ ਤੋਂ ਹੋ ਚੁਕਾਂ ਹਾਂ , ਮੇਰਾ ਮੂੰਹ ਬੰਦ ਕਰਕੇ ਮੇਰੀ ਬੋਲਣ ਅਤੇ ਸੁਨਣ ਸ਼ਕਤੀ ਵੀ ਸਦਾ ਲਈ ਬੰਦ ਕਰ ਦਿਤੀ ਜਾਵੇ ਮੈਂ ਤਹਾਥੋਂ ਤੁਹਾਡੇ ਤੇ ਔਖੇ ਵੇਲ ਕੀਤੇ ਗਏ ਕਿਸੇ ਉਪਕਾਰ ਬਦਲੇ ਹੋਰ ਕੁਝ ਨਹੀਂ ਮੰਗਦਾ ਹਾਂ।

        ਇਹ  ਖੇਚਲ ਵੀ ਮੈਂ  ਵੀ ਤੁਹਾਨੂੰ ਇਸ ਕਰਕੇ ਦੇ ਰਿਹਾ ਕਿ ਸਮੇਂ ਦਾ ਕੋਈ ਪਤਾ ਨਹੀਂ ਕਿ ਉਹ ਫਿਰ ਅਪਨੀ ਕਰਵਟ ਕਦੋਂ ਪਿੱਛੇ ਨੂੰ  ਮੁੜ ਕਿਸ ਵੇਲੇ ਬਦਲੇ ਤੇ ਫਿਰ ਮੈਂ ਤੁਹਡੇ ਔਖੇ ਵੇਲੇ ਕਿਸੇ ਕੰਮ ਆ ਸਕਾਂ , ਮੈਂ ਇਹ ਗਿਲਾ ਤੁਹਾਡੇ ਨਾਲ ਅਪਨੇ ਸਮਝ ਕੇ ਹੀ ਕਰ ਰਿਹਾ ਹਾਂ ਕਿਉਂਕਿ ਗਿਲੇ ਤਾਂ ਆਖਿਰ ਆਪਣਿਆਂ ਨਾਲ ਹੀ ਹੁੰਦੇ ਹਨ ਨਾ ,ਨਹੀਂ ਤਾਂ ਮੇਰ ਵਰਗੇ ਨੇਤ੍ਰ ਹੀਣ  ਬੇ ਬੱਸ ਅਨ੍ਹੇ ਖੁਹ ਨੇ ਤਹਾਡਾ ਹੁਨ ਇਸ ਹਾਲ ਵਿਚ ਕੀ ਸੁਵਾਰਨਾ ਹੈ ।
--------------------------------------------------------------------------------------------------------------

Punjabi Lekh- ਅਸੀਂ ਸਾਰੇ ਚਮਾਰ ਹਾਂ ?


ਅਸੀਂ ਸਾਰੇ ਚਮਾਰ ਹਾਂ ?/ (ਲੇਖ)

ਬਲਕਰਨ ਗਰੇਵਾਲ
ਅੱਜ ਮੈਨੂੰ ‘ਚਮਾਰਾਂ’ ਬਾਰੇ ਪੜਨ ਦਾ ਮੌਕਾ ਮਿਲਿਆ.ਮੈਨੂੰ ਪਤਾ ਲਗਿਆ ਕੀ ਚਮਾਰ ਉਹ ਲੋਕ ਹੁੰਦੇ ਨੇ ਜੋ ਚਮੜੀ ਦੀ ਪਰਖ ਕਰਦੇ ਨੇ. ਪੁਰਾਣੇ ਜਮਾਨੇ ਵਿਚ ਜੋ ਅਸਲ ਚਮਾਰ ਹੁੰਦੇ ਸੀ ਉਹ ਹਮੇਸ਼ਾ ਚਮੜੀ ਬਾਰੇ ਹੀ ਸੋਚਦੇ ਸੀ. ਉਹ ਬੰਦੇ ਦੀ ਸ਼੍ਕਲ ਦੇਖਣ ਤੋਂ ਪਹਿਲਾਂ ਉਸਦੀ ਜੁੱਤੀ ਦੇਖਦੇ ਸੀ ਤਾਂ ਜੋ ਉਸਦੀ ਪਰਖ ਕਰ ਸਕਣ. ਜੇ ਜੁੱਤੀ ਵਧਿਆ ਚਮੜੇ ਦੀ ਬਣੀ ਹੁੰਦੀ ਤਾਂ ਮਤਲਬ ਬੰਦਾ ਵੀ ਕਿਸੇ ਚੰਗੇ ਖਾਨਦਾਨ ਨਾਲ ਸਬੰਧ ਰਖਦਾ ਹੋਵੇਗਾ, ਨਹੀਂ ਤਾਂ ਹੋਣਾ ਕੋਈ ਲੰਡੂ-ਪਚੂ ..ਕੋਈ ਡੰਗਰ-ਪਸ਼ੁ ਖਰੀਦਣ-ਵੇਚਣ ਵੇਲੇ ਵੀ ਉਹ ਚਮੜੀ ਵੱਲ ਜਿਆਦਾ ਧਿਆਨ ਦਿੰਦੇ . ਮਤਲਬ ਕੀ ਕੀ ਚਮੜੀ ਉਹਨਾ ਦੀ ਜਿੰਦਗੀ ਦਾ ਇਕ ਖਾਸ ਅੰਗ ਬਣ ਜਾਂਦੀ ਸੀ.
ਇਹ ਸਭ ਪੜਨ ਤੋਂ ਬਾਦ ਮੈਨੂੰ ਲਗਿਆ ਕਿ ਇਸ ਤਰਾਂ ਤਾਂ ਆਪਾਂ ਸਾਰੇ ਹੀ ਚਮਾਰ ਹਾਂ, ਕਿਉਂਕਿ ਅਸੀਂ ਵੀ ਤਾਂ ਹਮੇਸ਼ਾ ਚਮੜੀ ਦੀ ਹੀ ਪਰਖ ਕਰਦੇ ਹਾਂ.ਵਿਆਹ ਕਰਵਾਉਣ ਤੋਂ ਪਹਿਲਾਂ ਇਹ ਦੇਖਿਆ ਜਾਣਦਾ ਕਿ ਮੁੰਡੇ ਜਾਂ ਕੁੜੀ ਦੀ ਚਮੜੀ ਦਾ ਰੰਗ ਗੋਰਾ ਹੈ ਜਾਂ ਕਾਲਾ, ਕਿਤੇ ਚਮੜੀ ਤੇ ਕੋਈ ਦਾਗ-ਧੱਬਾ ਤਾਂ ਨਹੀ..ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਦੀ ਸੋਚ ਕਿਨੀ ਉਚੀ ਏ ,ਕਿਸੇ ਦਾ ਦਿਲ ਕਿਨਾ ਸਾਫ਼ ਏ ...ਸਾਨੂੰ ਤਾਂ ਬਸ ਚਮੜੀ ਚੰਗੀ ਚਾਹੀਦੀ ਹੈ. ਮੈਂ ਇਕ ਕੁੜੀ ਨੂੰ ਜਾਣਦਾ ਹਾਂ ਜੋ ਡਿਗਰੀ ਕਰਨ ਤੋਂ ਬਾਦ ਇਕ ਮਲਟੀ-ਨੈਸ਼ਨਲ ਕੰਪਨੀ ਵਿਚ ਨੌਕਰੀ ਕਰਦੀ ਸੀ ਪਰ ਉਹ ਇਕਲੀ ਬੈਠ ਕੇ ਰੋਂਦੀ ਸੀ ਕਿਉਂਕਿ ਉਸਦਾ ਵਿਆਹ ਨਹੀਂ ਸੀ ਹੋ ਰਿਹਾ. ਕਾਰਨ ??..ਕਾਰਨ ਬਸ ਇਹਨਾ ਕਿ ਫੁਲਵੈਰੀ ਦੇ ਕਾਰਨ ਉਸਦੇ ਮੁੰਹ ਤੇ’ ਕੁਝ ਦਾਗ ਸਨ ਅਤੇ ਚਮੜੀ ਦੇ ਪਾਰਖੂਆਂ ਨੂੰ ਤਾਂ ਬਸ ਬਹਾਨਾ ਚਾਹੀਦਾ ਸੀ ਕੁੜੀ ਵਿਚ ਨੁਕਸ਼ ਕੱਡਣ ਦਾ....ਜਦਕਿ ਕੁੜੀ ਇਹਨੀ ਪੜੀ ਲਿਖੀ ਅਤੇ ਸਮਝਦਾਰ ਸੀ ਕਿ ਇਕਲੀ ਆਪਣੇ ਪੂਰੇ ਪਰਿਵਾਰ ਦਾ ਢਿਡ ਭਰ ਸਕਦੀ ਸੀ. ਪਰ ਉਸਦੀ ਕਾਬਿਲੀਅਤ ਨਾਲ  ਕੋਈ ਲੈਣ ਦੇਣ ਨਹੀਂ ਸੀ...
ਮੈਂ ਅਗਲੀ ਵਾਰ ਕਿਸੇ ਨੂੰ ਚਮਾਰ ਕਹਿਣ ਤੋਂ ਪਹਿਲਾਂ ਆਪਣੇ ਆਪ ਵੱਲ ਜਰੂਰ ਦੇਖੂਂਗਾ,, ਤੁਸੀਂ ਵੀ ਆਪਣੇ ਅੰਦਰ ਝਾਤ ਮਾਰਿਓ ਕਿਤੇ ਇਹ ਨਾ ਹੋਵੇ ਕਿ ਉਸ ਤੋਂ ਬੜਾ ਚਮਾਰ ਤੁਹਾਨੂੰ ਤੁਹਾਡੇ ਅੰਦਰ ਹੀ ਮਿਲ ਜਾਵੇ.
-------------------------------------------------------------------------------------------------
ਆਕਲੈਂਡ .ਨਿਊਜੀਲੈੰਡ

Punjabi Kavita- ਨਵੇਂ ਸਾਲ ਦੀ ਨਿਸ਼ਾਨੀ!!!!!!!


ਨਵੇਂ ਸਾਲ ਦੀ ਨਿਸ਼ਾਨੀ / (ਕਵਿਤਾ)

ਮਲਕੀਅਤ "ਸੁਹਲ"

ਨਵੇਂ ਸਾਲ ਦੀ ਨਿਸ਼ਾਨੀ , ਮੇਰੇ ਗਲ ਤੇਰੀ ਗਾਨੀ ।

                      ਭੁੱਲ  ਨਾ  ਤੂੰ  ਜਾਵੀਂ , ਸੁਣ ਮੇਰੇ  ਦਿਲ ਜਾਨੀ ।



                      ਜੋ ਬੀਤੀਆਂ ਬਿਤਾਈਆਂ,ਹੁਣ ਹੋਰ ਨਾ ਤੂੰ ਛੇੜੀਂ ।

                      ਤੂੰ ਪਿਆਰ ਦੀਆਂ ਗੱਲਾਂ ਕਰ, ਮੁੱਖ ਮੇਰਾ ਖੇੜੀਂ ।

                      ਫੇਰ  ਨਵੀਆਂ ਬਹਾਰਾਂ ਵਿਚ  ਖ਼ਿੜੇ  ਜ਼ਿੰਦਗਾਨੀ ,

                      ਨਵੇਂ ਸਾਲ ਦੀ ਨਿਸ਼ਾਨੀ , ਮੇਰੇ ਗਲ ਤੇਰੀ ਗਾਨੀ ।

                      ਭੁੱਲ ਨਾ ਤੂੰ ਜਾਵੀਂ.......................................।



                      ਜੇ ਪੱਤਝੜ ਲੰਘੀ , ਹੁਣ  ਆਊਗੀ  ਬਹਾਰ  ਵੇ।

                      ਤੇਰੇ ਬਿਨਾ  ਹੋਇਆ ਚੰਨਾ,  ਸੁੱਨਾ  ਸੰਸਾਰ ਵੇ ।

                      ਤੁੰ  ਇਕ ਵਾਰੀ ਤੱਕ , ਮੇਰੀ  ਚੜ੍ਹਦੀ  ਜਵਾਨੀ ,

                      ਨਵੇਂ ਸਾਲ ਦੀ ਨਿਸਾਨੀ , ਮੇਰੇ ਗਲ ਤੇਰੀ ਗਾਨੀ।

                      ਭੁੱਲ ਨਾ ਤੂੰ ਜਾਵੀਂ .....................................।



                      ਲਾਲ ਸੂਹੇ  ਫ਼ੁੱਲ ਵਾਂਗ , ਸੋਹਣਾ ਮੇਰਾ  ਮੁੱਖ ਵੇ।

                      ਦਿਨੇ ਰਾਤ ਮੰਗਦੀ  ਹਾਂ , ਚੰਨਾ  ਤੇਰੀ ਸੁੱਖ ਵੇ ।

                      ਵੇ ਤੇਰਿਆਂ ਖ਼ੁਆਬਾਂ 'ਚ ਮੈਂ, ਹੋਈ ਹਾਂ  ਦੀਵਾਨੀ,

                      ਨਵੇਂ ਸਾਲ ਦੀ ਨਿਸ਼ਾਨੀ , ਮੇਰੇ ਗਲ ਤੇਰੀ ਗਾਨੀ।

                      ਭੁੱਲ ਨਾ ਤੂੰ ਜਾਵੀਂ......................................।



                      ਜੇ "ਸੁਹਲ" ਨੁਸ਼ਹਿਰੇ ਵਾਲਾ, ਆ ਜਾਏ ਅੱਜ ਵੇ।

                      ਮੁੱਖ਼ ਉਹਦਾ ਚੁੱਮ-ਚੁੱਮ , ਕਰ ਲਊਂਗੀ ਰੱਜ ਵੇ ।

                      ਇਹ ਦਿਲ ਦੁੱਖੜੇ ਦਾ , ਹੋਰ ਨਾ  ਕੋਈ  ਸਾਨੀ ,

                      ਨਵੇਂ ਸਾਲ ਦੀ ਨਿਸ਼ਾਨੀ , ਮੇਰੇ ਗਲ ਤੇਰੀ ਗਾਨੀ।

                      ਭੁੱਲ ਨਾ  ਤੂੰ ਜਾਵੀਂ,  ਸੁਣ  ਮੇਰੇ  ਦਿਲ  ਜਾਨੀ।
---------------------------------------------------------------------------------------------------------------------
ਨੁਸ਼ਹਿਰਾ ਬਹਾਦਰ,
ਡਾ:ਤਿੱਬੜੀ (ਗੁਰਦਾਸਪੁਰ)
੯੮੭੨੮-੪੮੬੧੦

Monday, December 3, 2012

Punjabi Kahani-ਜ਼ਮਾਨੇ ਦੀ ਗੱਲ

ਜ਼ਮਾਨੇ ਦੀ ਗੱਲ (ਲੇਖ ) / ਕੁਲਦੀਪ ਸਿੰਘ ਢਿੱਲੋਂMinimize
ਜ਼ਮਾਨੇ ਦੀ ਗੱਲ
ਨਾ ਜਹਾਜ ਨੇ ਉਡਣੇ ਤੇ ਨਾ ਫੋੜ ਨੇ ਗੇਅਰ ਫੜ੍ਹਨਾ / (ਲੇਖ )
ਕੁਲਦੀਪ ਸਿੰਘ ਢਿੱਲੋਂ
      ਆ ਬਈ ਪਾੜ੍ਹਿਆ, ਸੁਣਾ ਕੋਈ ਗੱਲ  ਬਾਤ ਅੱਜ ਦੇ ਜ਼ਮਾਨੇ ਦੀ , ਆਹ 'ਖਬਾਰ ਕੀ ਕਹਿੰਦਾ ਜਿਹੜਾ ਹੱਥ ਵਿਚ ਲਈ ਫਿਰਦੈਂ, ਏਹਨੇ ਤਾਇਆ ਕੀ ਕਹਿਣੈ, ਅੱਜ ਤਾਂ ਮੁਕਾਬਲੇ ਦਾ ਯੁੱਗ ਐ, ਅੱਜ ਤਾਂ ਹਰ ਕੋਈ ਮੁਕਾਬਲੇ ਵਿਚ ਭੱਜਿਆ ਫਿਰਦੈ , ਇਹ ਤਾਂ ਪੁੱਤਰਾ ਤੇਰੀ ਗੱਲ ਠੀਕ ਐ, '' ਅੱਜ ਤਾਂ ਮੁਕਾਬਲੇਬਾਜ਼ੀ ਕਰਨ ਹਰ ਕੋਈ ਆਪੋ ਧਾਪੀ ਹੋਇਆ ਫਿਰਦੈ, ਪੱਕੀ ਗੱਲ ਐ ਤਾਇਆ, ਆਹ ਦੇਖ ਅੱਜ ਦੇ ਅਖ਼ਬਾਰ ਵਿਚ ਆਹ ਸਰਕਾਰ ਨੇ ਮੁਕਾਬਲੇ ਵਿਚ ਹਿੱਸਾ ਲੈ ਕੇ ਇੱਕ ਹੋਰ ਮਾਅਰਕਾ ਮਾਰਿਐ, ਆਹ ਦੇਖ ਲੈ ਤਾਇਆ ਸਰਕਾਰ ਨੇ ਆਵਦਾ ਹੀ ਰਕਾਡ ਤੋੜਤਾ, ਤੇ ਤੋੜਿਆ ਵੀ ਆਪ ਹੀ , ਆਹ ਦੇਖ ਲੈ ਸਰਕਾਰ ਨੇ ਇੱਕ ਸੌ ਛਿਆਸੀ ਕਰੋੜ ਦਾ ਘਪਲਾ ਕਰਤਾ, ਤੇ ਹੁਣ ਮੰਨਦੀ ਵੀ ਨਹੀਂ , ਇਹਨਾਂ ਮੁਕਾਬਲਿਆਂ ਬਾਰੇ ਤਾਂ ਪਾੜ੍ਹਿਆ ਥੋਨੂੰ ਹੀ ਪਤੈ, ਪਰ ਸਾਡੇ  ਵੇਲੇ ਮੁਕਾਬਲੇ ਕੁਝ ਹੋਰ ਹੁੰਦੇ ਸੀ। ਉਹ ਭਾਂਵੇ ਕਿਵੇਂ ਤਾਇਆ , ਲੈ ਫਿਰ ਸੁਣ ਬਈ ਪੁੱਤਰਾ ਮੁਕਾਬਲੇ ਕੀ , ਹਰ ਇੱਕ ਕੰਮ ਇੱਕ ਦੂਜ਼ੇ ਨਾਲ ਜਿੱਦ ਜਿੱਦ ਕੇ ਕਰੀਦਾ ਸੀ । ਤੇ ਜਦੋਂ ਕੋਈ ਕੰਮ ਜਿੱਦ ਜਿੱਦ ਕੇ ਕਰੀਦਾ ਸੀ ਤਾਂ ਖਾਣ ਪੀਣ ਵੇਲੇ ਵੀ ਕਈ ਵਾਰ ਇੱਕ ਦੂਜ਼ੇ ਨਾਲ ਸ਼ਰਤਾਂ ਲਾ ਲੈਂਦੇ ਸੀ । ਉਹਨਾਂ ਵੇਲਿਆਂ ਵਿਚ ਸ਼ਰਤ ਇਹ ਹੁੰਦੀ ਸੀ, ਕਿ ਫਲਾਣਾ ਸਿਆਂ ਤੂੰ ਕਿੰਨਾ ਘਿਉ ਪੀ ਜਾਵੇਗਾਂ, ਕਿੰਨਾ ਦੁੱਧ ਪੀ ਜਾਏਗਾਂ ਤੇ ਕਿੰਨਾ ਗੁੜ ਖਾ ਜੇ ਗਾ ਆਦਿ , ਜਾਂ ਫਿਰ ਜਦ ਕਿਤੇ ਤਿਰਕਾਲਾਂ ਵੇਲੇ ਅਖਾੜਿਆਂ ਵਿਚ 'ਕੱਠੇ ਹੋਣਾ ਤਾਂ ਇੱਕ ਦੂਜ਼ੇ ਨਾਲ ਹਿੰਢ ਹਿੰਢ ਕਰਕੇ ਕਰਕੇ ਭਾਰ ਚੱਕਣਾ , ਮੂੰਗਲੀਆਂ ਫੇਰਨੀਆਂ ਤੇ ਕੁਸ਼ਤੀਆਂ ਲੜਨੀਆਂ , ਤੇ ਕਈ ਗੱਭਰੂ ਅਜਿਹੇ ਜਰਵਾਨੇ ਹੁੰਦੇ ਸਨ , ਜਿੰਨਾਂ ਤੇ ਸਾਰੇ ਪਿੰਡ ਨੂੰ ਮਾਣ ਹੁੰਦਾ ਸੀ , ਤੇ ਉਹ ਮਿੱਟੀ ਦੀ ਭਰੀ ਬੋਰੀ ਚੁੱਕ ਕੇ ਵਗਾਹ ਮਾਰਦੈ ਸਨ। ਇਹ ਉਹਨਾਂ ਦੇ ਤਕੜੇ ਜੁੱਸੇ ਦੀਆਂ ਕਰਾਮਾਂਤਾਂ ਸਨ, ਪਾੜਿਆਂ , ਕਈ ਵਾਰ ਜਦੋਂ ਕਿਸੇ ਗੱਭਰੂ ਨੇ ਆਪਣੇ ਵਿੱਤ ਤੋਂ ਵੱਧ ਭਾਰ ਚੁੱਕਣ ਦੀ ਗੱਲ ਕਰਨੀ ਤਾਂ ਉਹਨਾਂ ਦਿਨਾਂ ਵਿਚ ਦਾਰਾ ਸਿੰਘ ਦੀ ਚੜ੍ਹਤ ਹੋਣ ਕਾਰਨ ਇਹ ਵੀ ਕਿਹਾ ਜਾਂਦਾ ਸੀ ਕਿ ਤੂੰ ਕਿਹੜਾ ਦਾਰਾ ਸਿੰਘ ਐਂ
      ਖੁੰਢ ਤੇ ਚੁੱਪ ਬੈਠਾ ਘੋਗੜ ਅਮਲੀ ਦੀ ਪੀਣਕ ਟੁੱਟੀ ਤੇ ਅੱਬੜਵਾਹੇ ਹੀ ਬੋਲਿਆ ,''ਲੈ ਆਹ ਕਿਹੜੀਆਂ  ਸ਼ਰਤਾ ਦੀਆਂ ਗੱਲਾਂ ਕਰਦਿਉਂ ਤਾਇਆ , ਆਹ ਪਾੜੇ ਨੂੰ ਪੁੱਛ ਕੇ ਦੇਖ ਇਹ ਵੀ ਸ਼ਰਤਾਂ ਲਾਓਦੇਆ , ਅਮਲੀ ਦੀ ਗੱਲ ਸੁਣ ਕੇ ਪਾੜੇ ਨੂੰ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਲੱਗੀ , ਕੀ ਆਵਦੀਆਂ ਮਾਰੀ ਜਾਨੈਂ ਅਮਲੀਆਂ , ਭਲਾਂ ਅਸੀ ਕਿਹੜੀਆਂ ਸ਼ਰਤਾਂ ਲਾਉਣੇ ਆਂ, ਲੈ ਫਿਰ ਸੁਣ ਲੈ ਪਾੜ੍ਹਿਆ ਮੈਂ ਪਰਸੋਂ ਗੁੱਡੀ ਦੀ ਬੀਬੀ ਦੀ ਦਵਾਈ ਲੈਣ ਸ਼ਹਿਰ ਗਿਆ ਸੀ ,ਤਾਂ ਮੇਰੇ ਸਰੀਰ ਨੂੰ ਕੜੱਲ ਜੇ ਪੈਣ ਲੱਗ ਗਏ ਸਹੁਰੇ ਦੇ ਨਸ਼ੇ ਨਹੀਂ ਖਿੜੇ ਸੀ , ਪਰ ਇਹਨਾਂ ਨੂੰ ਪਤਾ ਨਹੀਂ ਲੱਗਿਆ , ਇਹ ਬੋਲਦੇ ਸੀ , ਪਾੜ੍ਹਾ ਮੂੰਹ ਜਾ ਬਣਾ ਕੇ ਬੋਲਿਆ ਦੱਸ ਖਾਂ ਘੋਗੜਾ ਅਸੀ ਕੀ ਬੋਲਦੇ ਸੀ , ਲੈ ਫਿਰ ਸੁਣ, ''ਤੇਰੇ ਨਾਲ ਬੈਠਾ ਝੰਡੇ ਕਿਆਂ ਆਲਾ ਕਹਿੰਦਾ ਸੀ, ਅਖੇ ਮੇਰੇ ਨਾਲ ਲਓ ਸ਼ਰਤ ਮੈਂ ਤਾਂ ਕੈਪਸੂਲਾਂ ਦੇ ਦੋ ਪੱਤੇ ਕੱਠੇ ਇੱਕੋ ਵਾਰ ਰਗੜ ਜਾਨੈਂ ਤੇ ਪਾਣੀ ਵੀ ਨਹੀਂ ਪੀਦਾਂ ।
     ਤਾਇਆ ਝੰਡੇ ਕਿਆਂ ਆਲਾ ਉਹਨਾਂ ਕੈਪਸੂਲਾਂ ਦੇ ਪੱਤਿਆਂ ਦੀ ਗੱਲ ਕਰਦਾ ਸੀ ਜਿਹੜੇ ਕਿਸੇ ਅਪਰੇਸ਼ਨ ਵਾਲੇ ਮਰੀਜ਼ ਨੂੰ ਦਿੱਤੇ ਜਾਣ ਜਿਹਨੂੰ ਦਰਦ ਜਿਆਦਾ ਹੁੰਦਾ ਹੋਵੇ। ਤੇ ਜਿਹੜੇ ਆਮ ਬੰਦੇ ਦੀ ਭੰਬੀਰੀ ਘੁੰਮਾ ਦਿੰਦੇ ਹਨ। '' ਤੇ ਤਾਇਆ ਮੈਂ ਤਾਂ ਭੁੱਕੀ ਹੀ ਖਾਨੈ , ਜਿਹੜੀ ਓਹ ਵੀ ਸ਼ੁੱਧ ਨਹੀਂ ਮਿਲਦੀ , ਤੇ ਕਈ ਵਾਰ ਤੋੜੇ ਵਿਚ ਤਾਂ ਘੱਟ ਵੀ ਖਾਣੀ ਪੈ ਜਾਂਦੀ ਐ, ਪਰ ਇਹਨਾਂ ਦੇ ਕੈਪਸੂਲ, ਜਿਹੜੇ ਨਿਰ੍ਹਾ ਖੂਨ ਹੀ ਸਾੜਦੇ ਆ, ਤਾਂਹੀ ਤਾਂ ਅੱਜ ਕੱਲ੍ਹ ਵਾਲਿਆਂ ਦੇ ਮੂੰਹ ਤੇ ਲਾਲੀ ਦੀ ਥਾਂ ਤੇ ਪਲੱਤਣ ਛਾਈ ਪਈ ਐ। ਤੇ ਜਦੋਂ ਝੰਡਿਆਂ ਕਿਆਂ ਆਲਾ ਕੈਪਸੂਲ ਕੈਪਸੂਲ ਕਰੀ ਜਾਂਦਾ ਸੀ ਤਾਂ ਇੱਕ ਮਤੀਰੇ ਸਿਰੇ ਜੇ ਨੇ ਉਹਦੇ ਹੁੱਝ ਮਾਰ ਕੇ ਕਿਹਾ ਸੀ , '' ਕਿਉਂ ਸਾਰਿਆਂ ਨੂੰ ਪਤਾ ਲਵਾਉਣੈ, ਤੈਥੋਂ ਫੋਰਡ ਨਹੀਂ ਕਿਹਾ ਜਾਂਦ, ।
      ਤਾਇਆ ਇਹਨਾਂ ਨੇ ਉਹਨਾਂ ਦਾ ਰੰਗ ਨੀਲੇ ਹੋਣ ਕਰਕੇ ਕੈਪਸੂਲਾਂ ਦਾ ਨਾਂ 3600 ਫੋਰਡ ਦੇ ਨਾਂ ਤੇ  ਫੋਰਡ ਹੀ ਰੱਖ ਦਿੱਤਾ। ਤਾਂ ਆਹੀ ਗੱਲ ਐ ਅਮਲੀਆ , ਮੈਂ ਵੀਂ ਕਹਾਂ ਆਹ ਪਿੰਡ ਵਿਚ ਜਹਾਜ਼ ਉਤਰਨ ਵਾਲਾ ਕੀ ਰੌਲਾ ਪਿਆ ? ਪਰਸੋਂ ਧੁਰਲੇ ਕਿਆਂ ਆਲਾ ਕਹਿੰਦਾ ਸੀ ਅਖੇ , ਅੱਜ ਫਿਰਨੀ ਤੇ ਜਹਾਜ਼ ਉਤਰਿਆ , ਭਲਾਂ ਉਹ ਕੀ ਮਾਮਲੇ , ਅਮਲੀਆ , ਉਹ ਵੀ ਤਾਇਆ ਅਮਲੀਆਂ ਦਾ ਕੰਮ ਸਾਰਨਾ ਆਉਦੇਂ ਜਿਹੜੇ ਦੁੱਧ ਵਾਲੀਆਂ ਢੋਲੀਆਂ ਚ ਦੁੱਧ ਦੀ ਥਾਂ ਪੋਸਤ ਰੱਖਦੇ , ਉਹਨੂੰ ਪਿੰਡ ਦੇ ਸਾਰੇ ਅਮਲੀ ਜਹਾਜ ਉਤਰਨਾ ਕਹਿੰਦੇ ਆ, ਅੱਛਾ ਅਮਲੀਆ ਤਾ ਆਹ ਗੱਲਾਂ , '' ਬਈ ਫੋਰਡ ਤੇ ਜਹਾਜ ਹੁਣ ਐਂ ਹੀ ਤੁਰੇ ਫਿਰਦੇ ਆ, ਪਰ ਜਿੱਦਣ ਏਨਾਂ ਦੀ ਫੂਕ ਨਿਕਲਗੀ ਨਾਂ ਜਹਾਜ ਨੇ ਉਡੱਣੇ ਤੇ ਨਾ ਫੋਰਡ ਨੇ ਟਾਪ ਗੇਅਰ ਫੜ੍ਹਨਾ , ਏਹ ਤਾਂ ਫਿਰ ਹੈਗਾ ਈ ਤਾਇਆ ।
----------------------------------------------------------------------------------------------------------
ਜੰਡਵਾਲਾ ਚੜ੍ਹਤ ਸਿੰਘ 
ਤਹਿ ਮਲੋਟ
ਸ਼੍ਰੀ ਮੁਕਤਸਰ ਸਾਹਿਬ

Punjabi Kahani-ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ (ਹਾਸ ਵਿਅੰਗ)

ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ (ਹਾਸ ਵਿਅੰਗ) / ਡਾ.ਸਾਧੂ ਰਾਮ ਲੰਗੇਆਣਾMinimize


ਤਾਏ ਨਰੈਂਣੇ ਦਾ ਵਿਦੇਸ਼ੀ ਸੁਫ਼ਨਾ
(ਡਾ.ਸਾਧੂ ਰਾਮ ਲੰਗੇਆਣਾ, ਪਿੰਡ:- ਲੰਗੇਆਣਾ ਕਲਾਂ (ਮੋਗਾ), 98781-17285 ) 

ਤਾਏ ਨਰੈਂਣੇ ਨੇ ਦੁਬਈ ਜਾਣਾ ਸੀ ਕਈ ਦਿਨਾਂ ਤੋਂ ਉਹ ਆਪਣਾ ਵੀਜ਼ਾ ਆਉਣ ਦੇ ਇੰਤਜ਼ਾਰ ਵਿੱਚ ਸੀ ਤਾਇਆ ਕਦੇ-ਕਦੇ ਗਜ਼ਲਾਂ, ਸ਼ੇਅਰ ਲਿਖਣ ਵਿੱਚ ਵੀ ਦਿਲਚਸਪੀ ਤਾਂ ਰੱਖਦਾ ਸੀ ਪਰ ਰੱਖਦਾ ਘੱਟ ਵੱਧ ਹੀ ਸੀ ਅੱਜ ਉਹ ਪਹਿਲੀ ਵਾਰ ਸਾਹਿਤ ਸਭਾ ਦੀ ਮੀਟਿੰਗ ਵਿੱਚ ਜਾ ਕੇ ਆਇਆ ਸੀ ਮੀਟਿੰਗ ਖਤਮ ਹੋਣ ਉਪਰੰਤ ਬਾਕੀ ਬਾਜ਼ਾਰ ਦੇ ਕੰਮ ਕਰਦਿਆਂ ਉਸਨੂੰ ਕਾਫੀ ਹਨੇਰਾ ਹੋ ਗਿਆ ਸੀ ਠੰਡ ਦਾ ਮੌਸਮ ਹੋਣ ਕਾਰਨ ਤਾਏ ਨੇ ਬੱਸ ਚੜਨ ਤੋਂ ਪਹਿਲਾਂ ਹੀ ਸ਼ਹਿਰ ਦੇ ਠੇਕੇ ਤੋਂ ਇੱਕ ਅਧੀਆ ਲੈ ਠੰਡ ਨੂੰ ਦੂਰ ਕਰਦਿਆਂ ਦੋ ਕੁ ਲੰਡੂ ਜਿਹੇ ਪੈੱਗਾਂ ਨਾਲ ਹੀ ਅਧੀਆ ਖਾਲੀ ਕਰ ਦਿੱਤਾ ਤੇ ਆਖਰ ਰਾਤੀ 7 ਵਜੇ ਵਾਲੀ ਬਰਾੜ ਮਿੰਨੀ ਬੱਸ ਤੇ ਚੜ ਘਰ ਪਹੁੰਚ ਗਿਆ 
        ਘਰ ਆਉਣ ਸਾਰ ਤਾਈ ਨਿਹਾਲੀ ਨੇ ਤਾਏ ਨੂੰ ਪਾਣੀ ਦਾ ਗਿਲਾਸ ਫੜਾਉਣ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ, ‘ਨਰੈਂਣਿਆਂ ਅੱਜ ਵੀਜ਼ਾ ਪੱਕਾ ਈ ਆ ਗਿਐ ਐ’
      ਵੀਜ਼ੇ ਦਾ ਨਾਂਅ ਸੁਣਦੇ ਸਾਰ ਹੀ ਤਾਏ ਨੇ ਅਲਮਾਰੀ ਚੋਂ ਰੂੜੀ ਮਾਰਕਾ ਸ਼ਰਾਬ ਦੀ ਬੋਤਲ ਫਟਾਫਟ ਕੱਢੀ ਤੇ ਆਪਣੇ ਮੰਜੇ ਤੇ ਬੈਠ ਕੇ ਕਾਫੀ ਸਾਰੀ ਬੋਤਲ ਚੋਂ ਤਾਇਆ ਸੁੱਕੀ ਦਾਰੂ ਹੀ ਚਾੜ੍ਹ ਗਿਆ ਤੇ ਫੁੱਲ ਸ਼ਰਾਬੀ ਹੋ ਗਿਆ ਤਾਏ ਕੇ ਘਰ ਦੀ ਜਗ੍ਹਾ ਸਿਰਫ ਦੋ ਕੁ ਮਰਲੇ ਜਿਹੇ ਹੋਣ ਕਾਰਨ ਉਹ ਮੰਜੇ ਉਪਰ ਮੰਜਾ ਡਾਹ ਕੇ ਰਾਤੀਂ ਸੌਂਦੇ ਹੁੰਦੇ ਸੀ ਸ਼ਰਾਬੀ ਹਾਲਤ ਚ ਸੁੱਤਾ ਤਾਇਆ ਘੁਰਾੜੇ ਤੇ ਘੁਰੜਾ ਛੱਡਣ ਲੱਗ ਪਿਆ ਤੇ ਕੰਮ ਕਾਰ ਨਬੇੜਨ ਉਪਰੰਤ ਤਾਈ ਨਿਹਾਲੀ ਵੀ ਆਪਣੇ ਦੋਵੇਂ ਪੁੱਤਰਾਂ ਛਿੰਦੇ ਤੇ ਭਿੰਦੇ ਨੂੰ ਲੈ ਕੇ ਤਾਏ ਦੇ ਮੰਜੇ ਹੇਠਲੇ ਡੱਠੇ ਮੰਜੇ ਉਪਰ ਸੌਂ ਗਏ 
       ਕੁਝ ਟਾਇਮ ਬਾਅਦ ਸ਼ਰਾਬੀ ਤਾਇਆ ਸਾਹਿਤ ਸਭਾ ਦੇ ਦਿਨ ਵਾਲੇ ਗੁਜ਼ਰੇ ਪਲ ਨੂੰ ਲੈ ਕੇ ਬੜਬੜਾਉਣ ਲੱਗ ਪਿਆ ਤੇ ਸ਼ੇਅਰ ਪੁਕਾਰਨ ਲੱਗ ਪਿਆ… ‘ਅਖੇ ਚੰਦ ਆਉਂਦਾ-ਆਉਂਦਾ ਬੱਦਲ ਉਹਲੇ ਛਿਪ ਗਿਆ” ਜਦੋਂ ਤਾਏ ਨਰੈਂਣੇ ਨੇ ਲਗਾਤਾਰ ਤਿੰਨ-ਚਾਰ ਵਾਰ ਇਹ ਉੱਚੀ-ਉੱਚੀ ਸ਼ੇਅਰ ਦਾ ਮੁੱਖੜਾ ਬੋਲਿਆ ਤਾਂ ਨੀਂਦ ਖਰਾਬ ਹੁੰਦੀ ਦੇਖ ਤਾਈ ਵੀ ਚਿੜਚੜਾਉਂਦੀ ਹੋਈ ਬੋਲੀ, ‘ਵੇ ਜੈ ਖਾਣਿਆਂ ਦਿਆ ਰੱਬ ਤੇ ਫਿਰਦੇ ਚੰਦ ਨੇ ਆਖਰ ਬੱਦਲਾਂ ਉਹਲੇ ਹੀ ਲੁਕਣਾਂ ਸੀ, ਤੇਰੀ ਰਜ਼ਾਈ ਚ ਤਾਂ ਨਹੀ ਸੀ ਵੜਨਾ, ਜਿਵੇਂ ਤੂੰ ਰਜ਼ਾਈ ਚ ਛਿਪਿਆ ਪਿਐ ਉਵੇਂ ਚੰਦ…
      ਉਪਰੰਤ ਤਾਏ ਨੇ ਫਿਰ ਰਚਨਾਵਾਂ ਨੂੰ ਦਾਦ ਦਿੰਦਿਆਂ ਕਿਹਾ ਇੱਕ ਰੁਬਾਈ ਹੋਰ…ਇੱਕ ਰੁਬਾਈ ਹੋਰ…ਇੱਕ ਰੁਬਾਈ ਹੋਰ ਹੋ ਜਾਏ…, ਤਾਂ ਤਾਈ ਨੇ ਸੋਚਿਆ ਬਈ ਇਹਨੂੰ ਅੱਜ ਕੁਝ ਠੰਡ ਜ਼ਿਆਦਾ ਈ ਲੱਗਦੀ ਹੋਣੀਂ ਐ ਤਾਂ ਉਹ ਫਟਾਫਟ ਆਪਣੇ ਬਿਸਤਰੇ ਚੋਂ ਉੱਠੀ ਤੇ ਅੰਦਰੋਂ ਉਸਨੇ ਇੱਕ ਹੋਰ ਰਜਾਈ ਲਿਆ ਕੇ ਤਾਏ ਦੇ ਉਪਰ ਪਾ ਦਿੱਤੀ ਨਾਲੇ ਆਖੀ ਜਾਵੇ ਇਸ ਮੇਰੀ ਸੌਂਕਣ ਨੂੰ ਘੱਟ ਡੱਫਿਆ ਕਰ ਇਹ ਤਾਂ ਖੁਨ ਤੋਂ ਪਾਣੀ ਕਰ ਦਿੰਦੀ ਐ ਹੁਣ ਰਜਾਈ ਤੇ ਰਜਾਈ ਮੰਗੀ ਜਾਨੈਂ…
        ਉਪਰੰਤ ਥੋੜੇ ਚਿਰ ਬਾਅਦ ਤਾਇਆ ਫਿਰ ਰਚਨਾਵਾਂ ਨੂੰ ਦਾਦ ਦੇਣ ਲੱਗ ਪਿਆ, ਅਖੇ ਇੱਕ ਸ਼ੇਅਰ ਹੋਰ ਆਇਆ…ਇੱਕ ਸ਼ੇਅਰ ਹੋਰ… 
    ਜਿਉਂ ਹੀ ਤਾਏ ਨੇ ਸ਼ੇਅਰ-ਸ਼ੇਅਰ ਕੀਤਾ ਤਾਂ ਤਾਏ ਦੇ ਦੋਵੇਂ ਨਿਆਣੇਂ ਪੁੱਤ ਲੇਰਾਂ ਮਾਰਨ ਲੱਗ ਪਏ 
       ਉਧਰੋਂ ਤਾਇਆ ਉੱਚੀ-ਉੱਚੀ ਸ਼ੇਅਰ-ਸ਼ੇਅਰ ਆਖੀ ਜਾਵੇ ਉਧਰੋਂ ਮੁੰਡੇ ਲੇਰ ਤੇ ਲੇਰ ਮਾਰੀ ਜਾਣ ਉਹ ਸਮਝਣ ਕਿ ਕਿਤੇ ਉਹਨਾਂ ਦੇ ਘਰ ਸ਼ੇਰ ਆ ਵੜਿਐ ਅਖੀਰ ਤਾਈ ਨੇ ਦੋਵਾਂ ਨੂੰ ਚੁੱਕਿਆ ਤੇ ਪਸ਼ੂਆਂ ਵਾਲੇ ਢਾਰੇ ਵਿੱਚ ਪਏ ਨਰੈਂਣੇ ਦੇ ਬਾਪੂ ਨਾਲ ਪਾ ਆਈ, ਸਮਾਂ ਅੱਧੀ ਰਾਤ ਤੋਂ ਜ਼ਿਆਦਾ ਲੰਘ ਚੁੱਕਾ ਸੀ 
  ਏਨੇ ਨੂੰ ਤਾਏ ਦੀ ਸੁਰਤੀ ਸਾਹਿਤਕਾਰਾਂ ਨਾਲੋਂ ਟੁੱਟੀ ਅਤੇ ਉਹ ਆਏ ਵੀਜ਼ੇ ਦੇ ਚਾਅ ਦੇ ਸੁਪਨੇ ਲੈਂਦਾ ਹੋਇਆ ਜਹਾਜ਼ ਚੜ ਗਿਆ ਤੇ ਏਅਰ ਹੋਸਟ ਤੇ ਰੋਅਬ ਅਜਮਾਉਣ ਲੱਗਾ, ‘ਅਰੇ ਉਏ ਤੂੰ ਤਾਂ ਸਾਡੇ ਰਾਮੂ ਭਾਈਏ ਕੀ ਬੀਵੀ ਜੈਸੀ ਐ ਮੇਰੇ ਨਾਲ ਏਥੇ ਕਤਰ-ਬਤਰ ਕੀ ਬੋਲੀ ਜਾਨੀਂ ਐਂ. ਜ਼ਰਾ ਸੋਚ ਸਮਝ ਕੇ ਬੋਲ ਤੇਰੇ ਜੈਸੀ ਤਾਂ ਸਾਡੇ ਘਰ ਗੋਹਾ ਕੂੜਾ ਕਰਨ ਤੇ ਰੱਖੀ ਹੋਈ ਐ।
 ਏਅਰ ਹੋਸਟਲ:- ਪਲੀਜ਼ ਕਿਊਜ਼ ਮੀਂ. ਪਲੀਜ਼ ਕਿਊਜ਼ ਮੀਂ  
ਤਾਇਆ:- ਮੈਨੂੰ ਪੁਲੀਸ ਪਲੁਸ ਦਾ ਕੋਈ ਡਰ ਨਹੀਂ ਨਾਲੇ ਜਹਾਜ਼ ਚ ਕਿਹੜੇ ਤੇਰੇ ਪਿਉ ਨੇ ਥਾਣਾ ਬਣਿਆ ਜਿੱਥੋਂ ਪੁਲਿਸ ਭੱਜੀ ਆਊ 
   ਉਪਰੰਤ ਜਹਾਜ਼ ਦੇ ਸਫਰ ਦੇ ਸੁਫਨੇ ਚ ਖੁੱਬ੍ਹੇ ਹੋਏ ਤਾਏ ਨੂੰ ਪੇਸ਼ਾਬ ਕਰਨ ਦਾ ਜ਼ੋਰ ਪਿਆ, ਤਾਇਆ ਜਹਾਜ਼ ਦੇ ਪਿਛਲੇ ਪਾਸੇ ਪੇਸ਼ਾਬ ਘਰ ਉਰਫ ਆਪਣੇ ਮੰਜੇ ਦੀ ਪੈਂਦ ਵਾਲੇ ਪਾਸੇ ਪੇਸ਼ਾਬ ਕਰਨ ਲਈ ਖੜਾ ਹੋ ਗਿਆ। ਪੇਸ਼ਾਬ ਕਰਨ ਸਮੇਂ ਤਾਏ ਦੇ ਬਚਪਨ ਵਾਲੀ ਇੱਕ ਗੱਲ ਯਾਦ ਆ ਗਈ ਕਿ ਜਦੋਂ ਉਹ ਆਪਣੇ ਬਾਪੂ ਨਾਲ ਆਪਣੇ ਖੇਤੋਂ ਗੱਡੇ ਉਪਰ ਪਸ਼ੂਆਂ ਲਈ ਪੱਠੇ ਲੈ ਕੇ ਘਰ ਨੂੰ ਆ ਰਹੇ ਸਨ ਤੇ ਉਦੋਂ ਉਹਨੂੰ ਰਸਤੇ ਚ ਪੇਸ਼ਾਬ ਦਾ ਜ਼ੋਰ ਪੈ ਗਿਆ ਸੀ ਤਾਂ ਉਹ ਆਪਣੇ ਬਾਪੂ ਨੂੰ ਦੱਸੇ ਬਗੈਰ ਗੱਡੇ ਦੇ ਪਿਛਵਾੜੇ ਵੱਲ ਜਾ ਕੇ ਉਪਰ ਹੀ ਖੜ ਜਦੋਂ ਪੇਸ਼ਾਬ ਕਰਨ ਲੱਗਾ ਸੀ ਤਾਂ ਪਿਛਵਾੜੇ ਵੱਲ ਵੱਧ ਭਾਰ ਹੋ ਜਾਣ ਤੇ ਗੱਡਾ ਉੱਲਰ ਗਿਆ ਸੀ ਤੇ ਉਧਰੋਂ ਤਾਂ ਂ ਬਲਦ ਗੱਡੇ ਹੇਠੋਂ ਨਿਕਲ ਗਏ ਸਨ ਤੇ ਉਹ ਆਪ ਵੀ ਹੇਠਾਂ ਤੇ ਬਾਪੂ ਅਤੇ ਪੱਠੇ ਵੀ ਹੇਠਾਂ ਡਿੱਗ ਪਏ ਸਨ, ਅਜੇ ਉਹ ਮੰਜੇ ਦੀ ਪੈਂਦ ਤੇ ਖੜ ਕੇ ਪੁਰਾਣੀ ਯਾਦਦਸ਼ਤ ਨੂੰ ਤਾਜ਼ਾ ਕਰ ਹੀ ਰਿਹਾ ਸੀ ਕਿ ਏਨੇ ਨੂੰ ਘੁਲਾੜੀ ਚੋਂ ਨਿਕਲਦੇ ਗੰਨੇ ਦੇ ਜੂਸ ਦੀ ਧਾਰ ਵਾਂਗ ਉਸਦੇ ਪੇਸ਼ਾਬ ਦੀ ਧਾਰ ਵੀ ਹੇਠਲੇ ਮੰਜੇ ਤੇ ਸੌਂ ਰਹੀ ਤਾਈ ਨਿਹਾਲੀ ਦੇ ਐਨ ਨੱਕ ਤੇ ਜਾ ਪਈ 
   ‘ਬੂਹ ਜੈ ਵੱਢੀ ਦਿਆ… ਤੇਰੇ ਮਰਨ ਤੈਨੂੰ ਜੰਮਣ ਵਾਲੇ…’ ਐਨਾ ਆਖ ਬੁੜਬੁੜ ਕਰਦੀ ਹੋਈ ਨੀਂਦ ਚ ਮਧੋਲੀ ਹੋਈ ਤਾਈ ਨਿਹਾਲੀ ਨੇ ਇਕਦਮ ਆਪਣਾ ਮੰਜਾ ਜਿਉਂ ਹੀ ਘੜੀਸਣ ਦੀ ਕੋਸ਼ਿਸ਼ ਕੀਤੀ ਤਾਂ ਨਾਲੋ-ਨਾਲ ਹੀ ਉਪਰਲਾ ਤਾਏ ਦਾ ਮੰਜਾ ਵੀ ਖਿਸਕ ਗਿਆ ਤੇ ਤਾਇਆ ਧੜੰਮ ਦੇਣੇਂ ਹੇਠਾਂ ਡਿੱਗ ਪਿਆ…
   ‘ਸਹੁਰੇ ਦੀਏ ਯਬਲੀਏ, ਕਿਸੇ ਥਾਂ ਦੀਏ, ਕੀ ਹੋਇਆ ਐ ਅੱਜ ਤੈਨੂੰ… ਰੱਖਤਾ ਸੀ  ਜਾਨੋਂ ਮਾਰ ਕੇ… ਸੁੱਤੇ ਪਏ ਨੂੰ ਹੀ… ‘ਕਿਧਰ ਖਿੱਚਣ ਲੱਗ ਪਈ ਐਂ, ਅੱਜ ਕੋਈ ਤੈਨੂੰ ਡਰਾਉਣਾ ਸੁਫਨਾ ਤਾਂ ਨਹੀਂ ਕਿਤੇ ਆਇਆ”
ਤਾਈ ਦੇ ਪੈਰਾਂ ਚ ਪਏ ਤਾਏ ਨੇ ਤਾਈ ਤੇ ਰੋਅਬ ਜਿਹਾ ਝਾੜਦਿਆਂ ਕਿਹਾ ਤੇ ਨਾਲੋ-ਨਾਲ ਉਸਦਾ ਹੁਣ ਨਸ਼ਾ ਵੀ ਲੱਥ ਚੁੱਕਾ ਸੀ ਤੇ ਦਿਨ ਵੀ ਚੜਨ ਵਾਲਾ ਹੋ ਗਿਆ ਸੀ 
ਨਿਹਾਲੀ:- ਨਰੈਂਣਿਆ ਸੁਫਨਾ ਮੈਨੂੰ ਨਹੀਂ ਤੈਨੂੰ ਆਇਐ ਤੈਨੂੰ…ਪਹਿਲਾਂ ਤਾਂ ਸਾਰੀ ਰਾਤ ਤੂੰ ਕਦੇ ਰਜਾਈਆਂ ਮੰਗਦਾ ਰਿਹਾ ਕਦੇ ਸ਼ੇਰ-ਸ਼ੁਰ ਜਿਹੇ ਚੇਤੇ ਕਰਦਾ ਰਿਹਾ ਤੇ ਆਖੀਰ ਐਹ ਚੰਨ ਚੜਵਾ ਦਿੱਤਾ ਮੇਰੇ ਨੱਕ ਤੇ ਮੂਤ ਕੇ… ਨਿਹਾਲੀ ਨੇ ਆਪਣੇ ਚਿਹਰੇ ਨੂੰ ਚੁੰਨੀ ਨਾਲ ਪੂੰਝਦਿਆਂ ਕਿਹਾ, ‘ਥੋੜੀ ਡੱਫ ਲੈਂਦਾ ਇਸ ਚੰਦਰੀ ਨਾਲ ਕਿਹੜਾ ਢਿੱਡ ਭਰਨਾ ਹੁੰਦੈ 
ਨਰੈਂਣਾ:- ਚੱਲ ਹੁਣ ਤਾਂ ਨਿਹਾਲੀਏ ਹੋਰ ਚਾਰ ਦਿਨ ਐ ਦੁਬਈ ਚਲਾ ਈ ਜਾਣਾ ਐ ਚੰਗਾ ਲਿਆ ਤੂੰ ਫਟਾਫਟ ਵੀਜ਼ਾ ਤਾਂ ਦਿਖਾ ਕੇਰਾਂ ਮੈਨੂੰ ਲਿਆ ਕੇ…ਖਸਿਆਨਾ ਜਿਹੇ ਲਹਿਜ਼ੇ ਵਿੱਚ ਤਾਏ ਨੇ ਤਾਈ ਨੂੰ ਕਿਹਾ…
ਨਿਹਾਲੀ:- ਪਰ ਨਰੈਂਣਿਆ ਤੂੰ ਮੈਨੂੰ ਵੀਜ਼ਾ ਕਦੋਂ ਫੜਾਇਆ ਸੀ ਜਿਹੜਾ ਹੁਣ ਮੈਥੋਂ ਮੰਗੀ ਜਾਨੈਂ… ਤਾਈ ਨੇ ਭਾਵੁਕ ਜਿਹੀ ਹੁੰਦੀ ਨੇ ਕਿਹਾ 
        ਉਏ ਕਮਲੀਏ ਤੂੰ ਆਪ ਤਾਂ ਮੈਨੂੰ ਰਾਂਤੀ ਬਾਹਰੋਂ ਆਏ ਨੂੰ ਦੱਸਿਆ ਸੀ ਕਿ ਬਈ ਵੀਜ਼ਾ ਆ ਗਿਐ ਐ ਤੇ ਏਸੇ ਚਾਅ ਚ ਤਾਂ ਮੈਂ ਕੁਝ ਜ਼ਿਆਦਾ ਈ ਪੀ ਲਈ ਸੀ… 
ਨਿਹਾਲੀ:- ਓ ਜਾਹ ਵੇ ਭੋਂਦੂ ਨਰੈਂਣਿਆਂ… ਮੈਂ ਤੈਨੂੰ ਇਹ ਥੋੜੋ ਕਿਹਾ ਸੀ ਕਿ ਬਈ ਤੇਰੇ ਦੁਬਈ ਜਾਣ ਦਾ ਵੀਜ਼ਾ ਆ ਗਿਐ… ਮੈਂ ਤਾਂ ਤੈਨੂੰ ਦੱਸਿਆ ਸੀ ਕਿ ਬਈ ਵੇਦ ਪੰਡਤ ਦਾ ਮੁੰਡਾ ਵਿਜੇ ਕੁਮਾਰ ਵੀਜਾ ਫੌਜ ਚੋਂ ਲਟਾਇਰ (ਰਿਟਾਇਰ) ਹੋ ਕੇ ਹੁਣ ਪੱਕਾ ਈ ਘਰ ਆ ਗਿਐ 
       ਓਏ ਨਿਹਾਲੀਏ ਧੱਤ ਤੇਰੇ ਦੀ… ਤਾਂ ਫਿਰ ਸੁਫਨਾ ਤੈਨੂੰ ਨਹੀਂ ਮੈਨੂੰ ਹੀ ਆਇਆ ਹੋਣੈਂ… ਕਿ ਜੇ ਕਿਤੇ ਅੱਜ ਉਸਦੇ ਭਾਰ ਕਾਰਨ ਜਹਾਜ਼ ਹੀ ਉਲਾਰ ਹੋ ਗਿਆ ਤਾਂ ਫੇਰ…
                                                                 ਲੇਖਕ:- ਡਾ.ਸਾਧੂ ਰਾਮ ਲੰਗੇਆਣਾ
                                                                 ਪਿੰਡ:- ਲੰਗੇਆਣਾ ਕਲਾਂ (ਮੋਗਾ)
                                                                98781-17285,92173-89370