Tuesday, March 12, 2013

Punjabi Kahani-ਪਿਲੋਰੀ (ਕਹਾਣੀ)!!!!!



ਪਿਲੋਰੀ (ਕਹਾਣੀ)

ਗੱਲ ਹਿਮਾਚਲ ਪ੍ਰਦੇਸ਼ ਦੇ ਪਿੰਡ ਬਰੂ ਦੀ ਹੈ। ਇਹ ਹਿਮਾਲੀਆ ਦੀਆਂ ਉੱਚੀਆਂ ਪਹਾੜੀਆਂ ਵਿੱਚ ਵੱਸਿਆ ਇੱਕ ਛੋਟਾ ਜਿਹਾ ਪਿੰਡ ਹੈ। ਪਿੰਡ ਦੁਆਲੇ ਸੰਘਣੇ ਦਿਓਦਾਰ ਅਤੇ ਚੀਲ ਦੇ ਦਰਖਤਾਂ ਦਾ ਕਈ ਕਿਲੋਮੀਟਰਾਂ ਵਿੱਚ ਪਸਰਿਆ ਸੰਘਣਾ ਜੰਗਲ ਸੀ। ਦਿਓਦਾਰ ਦੇ ਦਰਖਤ ਇੰਨੇ ਲੰਬੇ ਕਿ ਉਹਨਾਂ ਦੀਆਂ ਟੀਸੀਆਂ ਅਸਮਾਨ ਨੂੰ ਜਾ ਮਿਲਦੀਆਂ। ਇਹ ਉਹ ਇਲਾਕਾ ਹੈ ਜਦੋਂ ਜੂਨ ਜੁਲਾਈ ਮਹੀਨੇ ਵਿੱਚ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਪਿੰਡੇ ਨੂੰ ਲੂਹ ਦੇਣ ਵਾਲੀਆਂ ਲੋਆਂ ਵਗਦੀਆਂ ਤਾਂ ਇੱਥੇ ਤਨ ਨੂੰ ਠੰਡਕ ਦੇਣ ਵਾਲੀਆਂ ਹਵਾਵਾਂ ਮਨਾਂ ਵਿੱਚ ਸ਼ੀਤਲਤਾ ਪੈਦਾ ਕਰਦੀਆਂ।  ਸ਼ਿਵਾਲਿਕ ਪਹਾੜੀਆਂ ਅਤੇ ਕੁਦਰਤੀ ਨਜਾਰਿਆਂ ਨੂੰ ਮਾਨਣ ਵਾਲੇ ਕਈ ਦੇਸੀ ਅਤੇ ਵਿਦੇਸ਼ੀ ਯਾਤਰੀ ਇਸ ਪਿੰਡ ਵਿੱਚੋਂ ਹੋ ਕੇ ਅਗਾਹ ਉੱਚੇ ਬਰਫਾਂ ਲੱਦੇ ਪਹਾੜਾਂ ਵੱਲ ਨਿਕਲ ਜਾਂਦੇ। ਇਹ ਯਾਤਰੀ ਅਤੇ ਅਗਲੇ ਪਿੰਡਾਂ ਦੇ ਲੋਕ ਬਰੂ ਪਿੰਡ ਦੀਆਂ ਦੁਕਾਨਾਂ ਤੋਂ ਲੋੜੀਦੀਆਂ ਵਸਤਾਂ ਖਰੀਦਦੇ ਅਤੇ ਲੋੜ ਪੈਣ ਤੇ ਚਾਹ ਪਾਣੀ ਵੀ ਪੀਂਦੇ। ਇਸ ਤਰਾਂ ਪਿੰਡ ਦੇ ਲੋਕਾਂ ਦਾ ਗੁਜਾਰਾ ਚੱਲਦਾ।

ਇਸੇ ਬੂਰ ਪਿੰਡ ਵਿੱਚ ਇੱਕ ਨਿੱਕੇ ਜਿਹੇ ਘਰ ਵਿੱਚ ਇੱਕ ਪਿਲੋਰੀ ਨਾ ਦੀ ਕੁੜੀ ਰਹਿੰਦੀ ਸੀ। ਪਿਲੋਰੀ ਨੌਵੀ ਜਮਾਤ ਵਿੱਚ ਪੜਦੀ ਸੀ।  ਪਿਲੋਰੀ ਦੇ ਘਰ ਦੇ ਬਾਹਰ ਵੀ ਉਹਨਾਂ ਦੀ ਜਰੂਰੀ ਚੀਜਾਂ ਵੇਚਣ ਅਤੇ ਚਾਹ ਦੀ ਦੁਕਾਨ ਸੀ। ਪਿਲੋਰੀ ਦਾ ਬਾਪ ਬਿਮਾਰ ਰਹਿਣ ਕਰਕੇ ਦੁਕਾਨ ਤੇ ਨਾ ਬਹਿ ਸਕਦਾ ਇਸ ਲਈ ਪਿਲੋਰੀ ਦੇ ਸਕੂਲ ਜਾਣ ਤਕ ਦੁਕਾਨ ਦਾ ਕੰਮ ਉਹਦੀ ਮਾਂ ਦੇਖਦੀ ਅਤੇ ਸਕੂਲੋਂ ਆਉਣ ਬਾਅਦ ਪਿਲੋਰੀ ਦੁਕਾਨ ਤੇ ਡਿਉਟੀ ਦਿੰਦੀ। ਪਿਲੋਰੀ ਪੜਾਈ ਵਿੱਚ ਬੜੀ ਹੁਸ਼ਿਆਰ ਸੀ। ਉਹ ਗ੍ਰਾਹਕਾਂ ਨਾਲ ਵੀ ਬੜੇ ਸਲੀਕੇ ਨਾਲ ਗੱਲ ਕਰਦੀ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਦੁਕਾਨ ਦਾ ਕਾਰੋਬਾਰ ਦਿਨੋਂ ਦਿਨ ਘਟਦਾ ਜਾ ਰਿਹਾ ਸੀ। ਕਈ ਵਾਰ ਗ੍ਰਾਹਕ ਆਉਂਦੇ ਪਰ ਉਹ ਬਿਨਾਂ ਕੁਝ ਖਰੀਦਿਆਂ ਵਾਪਸ ਚਲੇ ਜਾਂਦੇ। ਪਿਲੋਰੀ ਤੇ ਉਸ ਦੀ ਮਾਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸਨ ਕਿ ਘਰ ਦਾ ਗੁਜਾਰਾ ਕਿਵੇਂ ਚਲੇਗਾ। ਪਿਲੋਰੀ ਦੀ ਮਾਂ ਪੁਰਾਣੇ ਖਿਆਲਾਂ ਦੀ ਸੀ ਉਹ ਸੋਚਦੀ ਕਿ ਸ਼ਾਇਦ ਉਹਨਾਂ ਦੇ ਕੰਮ ਕਾਰ ਨੂੰ ਕਿਸੇ ਦੀ ਬੁਰੀ ਨਜਰ ਲੱਗ ਗਈ ਹੈ ਜਾ ਕਿਸੇ ਨੇ ਜਾਦੂ ਟੂਣਾ ਕਰਕੇ ਉਹਨਾਂ ਦਾ ਕੰਮ ਬੰਨ ਦਿੱਤਾ ਹੈ। ਇਸ ਲਈ ਉਹਨੇ ਸ਼ਹਿਰ ਜਾ ਕੇ ਕਈ ਜੋਤਸ਼ੀਆਂ ਸਿਆਣਿਆਂ ਜਾਂ ਜਾਦੂਟੂਣਾ ਕਰਨ ਵਾਲਿਆਂ ਨਾਲ ਇਸ ਬਾਰੇ ਗੱਲ ਕੀਤੀ। ਉਹ ਲੋਕ ਕਾਰੋਬਾਰ ਠੀਕ ਕਰਨ ਦਾ ਉਪਾਅ ਕਰਨ ਦੇ ਪੈਸੇ ਲੈ ਲੈਂਦੇ ਪਰ ਹੁੰਦਾ ਕੁਝ ਨਾ।

ਐਤਵਾਰ ਦਾ ਦਿਨ ਸੀ ਪਿਲੋਰੀ ਆਪਣੀ ਦੁਕਾਨ ਤੇ ਬੈਠੀ ਹੋਈ ਸੀ। ਕੋਈ ਵਿਰਲਾ ਵਿਰਲਾ ਗ੍ਰਾਹਕ ਆਉਂਦਾ ਉਹ ਗ੍ਰਾਹਕ ਤੋਰ ਕੇ ਆਪਣਾ ਸਕੂਲ ਦਾ ਕੰਮ ਕਰਨ ਲੱਗ ਜਾਂਦੀ। ਉਸ ਨੇ ਦੇਖਿਆ ਇੱਕ ਖੱਦਰ ਦਾ ਖੁੱਲਾ ਡੁੱਲਾ ਕੁੜਤਾ ਪੰਜਾਮਾ ਪਾਈ ਇੱਕ ਅੱਧਖੜ ਉਮਰ ਦਾ ਵਿਅਕਤੀ ਉਹਦੀ ਦੁਕਾਨ ਤੇ ਆਇਆ। ਉਹਨੇ ਹੱਥ ਵਿੱਚ ਇੱਕ ਮੋਟੀ ਕਿਤਾਬ ਫੜੀ ਹੋਈ ਸੀ। ਇੱਕ ਕੱਪ ਚਾਹ ਤੇ ਬਿਸਕੁਟ ਦਾ ਆਰਡਰ ਦੇ ਕੇ ਦੁਕਾਨ ਦੇ ਬਾਹਰ ਪਈ ਕੁਰਸੀ ਤੇ ਜਾ ਬੈਠਾ। ਉਸ ਵਿਅਕਤੀ ਨੇ ਆਪਣੇ ਬੈਗ ਦੀ ਜੇਬ ਚੋ ਇੱਕ ਨਕਸ਼ਾ ਕੱਢਿਆ ਉਸ ਤੇ ਤਰਦੀ ਜਿਹੀ ਨਜਰ ਮਾਰੀ ਤੇ ਫਿਰ ਕਿਤਾਬ ਪੜਨ ਲੱਗ ਪਿਆ। ਪਿਲੋਰੀ ਉਸ ਨੂੰ ਚਾਹ ਅਤੇ ਬਿਸਕੁਟ ਦੇ ਕੇ ਚਲੀ ਗਈ। ਚਾਹ ਪੀਣ ਤੋਂ ਬਾਅਦ ਜਦੋਂ ਉਹ ਪੈਸੇ ਦੇਣ ਲਈ ਦੁਕਾਨ ਅੰਦਰ ਆਇਆ ਤਾਂ ਪਿਲੋਰੀ ਨੇ ਝਕਦਿਆਂ ਝਕਦਿਆਂ ਪੁਛਿਆ, 'ਸਰ ਤੁਸੀਂ ਮੈਂਨੂੰ ਗਿਆਨਵਾਨ ਪੁਰਸ਼ ਲੱਗਦੇ ਹੋ, ਜੇਕਰ ਤੁਹਾਨੂੰ ਇਤਰਾਜ ਨਾ ਹੋਵੇ ਤਾਂ ਇੱਕ ਗੱਲ ਪੁੱਛਾਂ? ਉਸ ਵਿਅਕਤੀ ਨੇ ਉਤਸੁਕਤਾ ਨਾਲ ਕਿਹਾ, 'ਪੁੱਛੋ?' ਪਿਲੋਰੀ ਨੇ ਪੁਛਿਆ 'ਸਾਡੇ ਘਰ ਵਿੱਚ ਮੇਰਾ ਬਾਪ ਬਿਮਾਰ ਰਹਿੰਦਾ ਹੈ, ਇਸ ਤੋਂ ਇਲਾਵਾ ਮੈਂ ਤੇ ਮੇਰੀ ਮਾਂ ਹਾਂ ਅਸੀਂ ਇਸ ਗੱਲੋਂ ਪ੍ਰੇਸ਼ਾਨ ਹਾਂ ਕਿ ਦੁਕਾਨ ਦਾ ਕੰਮ ਬਿਲਕੁਲ ਨਹੀਂ ਚੱਲ ਰਿਹਾ ਇਸ ਦਾ ਕੀ ਕਾਰਨ ਹੈ?'

ਉਸ ਵਿਚਾਰਵਾਨ ਇਨਸਾਨ ਨੇ ਦੁਕਾਨ ਦੇ ਅੰਦਰ ਨਜਰ ਮਾਰੀ ਅਤੇ ਆਲਾ ਦੁਆਲਾ ਦੇਖਿਆ ਅਤੇ ਕਿਹਾ 'ਜਿੱਥੇ ਸਫਾਈ ਨਹੀਂ ਉੱਥੇ ਰਿਜਕ ਨਹੀਂ' ਇੰਨਾ ਕਹਿ ਕੇ ਉਹ ਯਾਤਰੀ ਆਪਣੇ ਰਾਹ ਪੈ ਗਿਆ। ਪਿਲੋਰੀ ਚਾਹੁੰਦਿਆਂ ਹੋਇਆਂ ਵੀ ਉਸ ਨੂੰ ਰੋਕ ਨਾ ਸਕੀ। ਯਾਤਰੀ ਦੇ ਜਾਣ ਤੋਂ ਬਾਅਦ ਪਿਲੋਰੀ ਡੂੰਘੀ ਸੋਚ ਵਿੱਚ ਡੁੱਬ ਗਈ ਉਸ ਨੇ ਯਾਤਰੀ ਦੀ ਕਹੀ ਗੱਲ ਆਪਣੀ ਮਾਂ ਨਾਲ ਸਾਝੀ ਕੀਤੀ। ਮਾਂ ਨੇ ਕਿਹਾ ਮੈਂ ਸਮਝ ਗਈ ਹਾਂ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਬਸ ਉਸ ਦਿਨ ਤੋਂ ਪਿਲੋਰੀ ਤੇ ਉਸ ਦੀ ਮਾਂ ਘਰ ਅਤੇ ਦੁਕਾਨ ਦੀ ਸਫਾਈ ਵਿੱਚ ਜੁੱਟ ਗਈਆਂ ਘਰ ਦੀ ਇੱਕ ਇੱਕ ਚੀਜ ਸਾਫ ਕੀਤੀ ਗਈ ਸਾਲਾਂ ਦਾ ਪਿਆ ਕਬਾੜ ਉਹਨਾਂ ਨੇ ਇੱਕ ਕਬਾੜੀਏ ਨੂੰ ਵੇਚ ਦਿੱਤਾ ਤੇ ਉਸ ਤੋਂ ਪੈਸੇ ਲੇ ਕੇ ਉਹ ਦੁਕਾਨ ਲਈ ਰੰਗ ਰੋਗਣ ਲੈ ਆਈਆਂ ਕਾਲੇ ਧੁਆਂਖੇ ਫਟੇ ਪਰਦੇ ਬਦਲ ਦਿੱਤੇ ਗਏ ਕੁਰਸੀਆਂ ਮੇਜਾਂ ਤੇ ਸਰਫ ਮਾਰ ਕੇ ਧੋ ਕੇ ਉਹਨਾਂ ਤੋਂ ਸਾਲਾਂ ਦੀ ਲੱਗੀ ਮੈਲ ਲਾਹ ਦਿੱਤੀ ਗਈ। ਦੁਕਾਨ ਦੇ ਬਾਹਰਵਾਰ ਕੁਝ ਬੂਟੇ ਲਗਾ ਦਿੱਤੇ ਗਏ ਅਤੇ ਕੁਝ ਗਮਲਿਆਂ ਵਾਲੇ ਬੂਟੇ ਵੀ ਲਿਆ ਕੇ ਰੱਖ ਦਿੱਤੇ ਗਏ। ਜਿਵੇਂ ਪਿਲੋਰੀ ਤੇ ਉਸ ਦੀ ਮਾਂ ਨੇ ਘਰ ਅਤੇ ਦੁਕਾਨ ਤੇ ਲੱਗੀ ਸਾਲਾਂ ਦੀ ਮੈਲ ਆਪਣੀ ਅਕਲ ਨਾਲ ਧੋ ਦਿੱਤੀ ਹੋਵੇ। ਕੁਝ ਦਿਨ ਤਾਂ ਉਹਨਾਂ ਨੂੰ ਯਕੀਨ ਨਾ ਹੋਇਆ ਕਿ ਇਹ ਉਹਨਾਂ ਦੀ ਹੀ ਦੁਕਾਨ ਹੈ। ਘਰ ਦੀ ਸਫਾਈ ਦੇ ਅਸਰ ਕਰਕੇ ਹੁਣ ਪਿਲੋਰੀ ਦਾ ਪਿਤਾ ਵੀ ਹੌਲੀ ਹੌਲੀ ਠੀਕ ਹੋਣ ਲੱਗ ਪਿਆ। ਹੁਣ ਪਹਾੜੀ ਯਾਤਰੀ ਦੂਰੋਂ ਆਉਂਦਿਆਂ ਹੀ ਉਹਨਾਂ ਦੀ ਦੁਕਾਨ ਦੀ ਦਿੱਖ ਵੇਖ ਖਿੱਚੇ ਚਲੇ ਆਉਂਦੇ। ਦੁਕਾਨ ਦਾ ਕੰਮ ਹੌਲੀ ਹੌਲੀ ਵਧੀਆ ਹੋਣ ਲੱਗ ਪਿਆ ਸੀ। ਪਿਲੋਰੀ ਤੇ ਉਸ ਦੀ ਮਾਂ ਖੁਸ਼ ਸਨ। ਉਹਨਾਂ ਨੂੰ ਜਿਵੇਂ ਜਿੰਗਦੀ ਜਿਉਣ ਦੀ ਤਰਕੀਬ ਮਿਲ ਗਈ ਹੋਵੇ। ਹੁਣ ਪਿਲੋਰੀ ਵਾਰ ਵਾਰ ਸੋਚਦੀ ਕਿ ਕਾਸ਼ ਕਦੇ ਉਹ ਵਿਚਾਰਵਾਨ ਯਾਤਰੀ ਇਧਰੋਂ ਦੁਬਾਰਾ ਗੁਜਰੇ ਤੇ ਮੈਂ ਉਸ ਦਾ ਧੰਨਵਾਦ ਕਰ ਸਕਾਂ।

ਗੁਰਚਰਨ ਨੂਰਪੁਰ   

Email: gurcharannoorpur@yahoo.com
Cell: +91 98550 51099
Address: ਨੇੜੇ ਮੌਜਦੀਨ
ਜੀਰਾ India

0 Comments:

Post a Comment

Subscribe to Post Comments [Atom]

<< Home