Friday, August 3, 2012

Punjabi kahani- ਤਾਈ ਨਿਹਾਲੀ ਦਾ ਗਿਫਟ ਪੈਕ


                               ਤਾਈ ਨਿਹਾਲੀ ਦਾ ਗਿਫਟ ਪੈਕ 
                                   (ਡਾ.ਸਾਧੂ ਰਾਮ ਲੰਗੇਆਣਾ, ਪਿੰਡ:- ਲੰਗੇਆਣਾ ਕਲਾਂ (ਮੋਗਾ), 98781-17285 )

ਇੱਕ ਵਾਰ ਤਾਈ ਨਿਹਾਲੀ ਕਿਆਂ ਨੂੰ ਪੁਲੀਸ ਥਾਣੇ ਵਿੱਚ ਕੋਈ ਕੰਮ ਪੈ ਗਿਆ ਤਾਇਆ ਨਰੈਣਾ ਤਾਈ ਨੂੰ ਕਹਿਣ ਲੱਗਾ ਬਈ ਮੈਂ ਜ਼ਰਾ ਥਾਣੇ ਜਾ ਆਵਾਂ

  ਨਹੀਂ…ਨਹੀਂ… ਨਰੈਣਿਆਂ ਠਾਣੇ ਤੂੰ ਕੱਲਾ ਨਾਂ ਜਾਵੀਂ ਮੈਂ ਵੀ ਤੇਰੇ ਨਾਲ ਚੱਲਾਂਗੀ ਕੱਲ ਬੰਸੋ ਕੇ ਦੀਪੇ ਨੇ ਮੈਨੂੰ ਦੱਸਿਆ ਸੀ ਕਿ ਵਈ ਪੁਲਿਸ ਦੀ ਭਰਤੀ ਖੁੱਲ੍ਹੀ ਐ ਤੇ ਆਪਾਂ ਵੀ ਜ਼ਰਾ ਹੀਲਾ-ਵਸੀਲਾ ਕਰੀਏ ਕਿ ਵਈ ਆਪਣਾ ਪੁੱਤ ਛਿੰਦਾ ਵੀ ਪੁਲਿਸ ਚ ਈ ਭਰਤੀ ਹੋ ਜਾਵੇ ਨਾਲੇ ਮੈਨੂੰ ਦਲੀਪੇ ਕਾ ਜਿੰਦਰ  ਮੈਨੂੰ ਕਹਿੰਦਾ ਸੀ ਬਈ ਸਾਡਾ ਦੋਹਤ ਜਵਾਈ ਹੁਣ ਆਪਣੇ ਵਾਲੇ ਥਾਣੇ ਚ ਵੱਡਾ ਠਾਣੇਦਾਰ ਸਿਪਾਹੀ ਲੱਗਾ ਏ ਤੇ ਮੈਨੂੰ ਕਹਿੰਦਾ ਸੀ ਕਿ ਵਈ ਤਾਈ ਜੇ ਕੋਈ ਕੰਮ ਹੋਵੇ ਤਾਂ ਦੱਸ ਦੇਣਾ ਤੇ ਨਰੈਣਿਆਂ ਤੂੰ ਐਂ ਕਰ ਵਈ ਜਿੰਦਰ ਨੂੰ ਵੀ ਸੁਨੇਹਾ ਘੱਲ ਕਿ ਸਾਡੇ ਨਾਲ ਚੱਲੇ ਤੇ ਮੈਂ ਵੀ ਥੋਡੇ ਨਾਲ ਠਾਣੇਦਾਰ ਕੋਲੇ ਜਾਵਾਂਗੀ …

    ਦਲੀਪੇ ਕੇ ਜਿੰਦਰ ਨੂੰ ਤਾਂ ਕੋਈ ਕੰਮ ਸੀ ਤਾਈ ਤੇ ਤਾਇਆ ਦੋਵੇਂ ਹੀ ਥਾਣੇਦਾਰ ਕੋਲ ਜਾ ਪੁੱਜੇ ਥਾਣੇਦਾਰ ਨਾਲ ਤਾਈ ਨੇ ਪੇਂਡੂ ਔਰਤਾਂ ਦੇ ਖੁੱਲੇ ਸੁਭਾਅ ਮੁਤਾਬਕ ਝੱਟ ਜਿੰਦਰੇ ਕਿਆਂ ਵਾਲੀ ਰਿਸ਼ਤੇਦਾਰੀ ਦਾ ਪੋਲ ਖੋਲ੍ਹ ਦਿੱਤਾ ਤੇ ਥਾਣੇਦਾਰ ਨੇ ਵੀ ਉਹਨਾਂ ਦਾ ਚੰਗਾ ਸਤਿਕਾਰ ਕਰਦਿਆਂ ਉਹਨਾਂ ਦਾ ਕੰਮ ਵੀ, ਤੇ ਚਾਹ-ਪਾਣੀ ਵੀ ਪਿਲਾਇਆ

  ਨਾਲੇ ਤਾਂ ਉਨ੍ਹਾਂ ਨੇ ਬੇਝਿਜਕ ਹੋ ਕੇ ਥਾਣੇਦਾਰ ਤੋਂ ਆਪਣਾ ਕੰਮ ਕਰਵਾ ਲਿਆ ਨਾਲੇ ਉਸਨੂੰ ਸਿਫਾਰਿਸ਼ ਕੀਤੀ ਕਿ ਬਈ ਉਹ ਉਹਨਾਂ ਦੇ ਛਿੰਦੇ ਪੁੱਤ ਨੂੰ ਵੀ ਪੁਲਿਸ ਚ ਭਰਤੀ ਕਰਵਾ ਦੇਵੇ

  ਤਾਏ-ਤਾਈ ਦੇ ਬੈਠਿਆਂ-ਬੈਠਿਆਂ ਹੀ ਥਾਣੇਦਾਰ ਨੇ ਆਪਣੇ ਸਹਾਇਕ ਥਾਣੇਦਾਰਾਂ, ਹੌਲਦਾਰਾਂ ਨੂੰ ਵਾਰੋ-ਵਾਰੀ ਫੋਨ ਕੀਤੇ, ਕਿ ਬਈ ਗੁਰਿੰਦਰ ਸਿੰਹਾ ਫਲਾਣੇ ਟੈਕਸੀ ਸਟੈਂਡ ਵਾਲਿਆਂ ਦਾ ਤੈਨੂੰ ਮਹੀਨਾ ਆ ਗਿਆ ਐ ਹੌਲਦਾਰ ਰਾਜਿੰਦਰ ਸਿੰਹਾ ਤੈਨੂੰ ਫਲਾਣੇ...

   ਏ.ਐੱਸ.ਆਈ ਕਿੱਕਰ ਸਿੰਹਾ ਤੈਨੂੰ …

ਨਾਲੇ ਫਲਾਣੇ ਸ਼ਰਾਬ ਦੇ ਠੇਕੇਦਾਰ ਤੋਂ ੩ ਮਹੀਨੇ ਹੋ ਗਏ ਪੁੱਛੋ ਬਈ ਮਹੀਨਾ ਮੈਨੂੰ ਵੀ ਨਹੀ ਆਇਆ

ਮੁਨਸ਼ੀ ਜਗਜੀਤ ਸਿੰਹਾ ਤੈਨੂੰ…

 ਆਦਿ ਸਾਰਿਆਂ ਨੂੰ ਮਹੀਨਾ ਆਉਣ ਬਾਰੇ ਪੁੱਛਿਆ

ਕਈਆਂ ਨੇ ਮਹੀਨਾ ਆਇਆ ਤੇ ਕਈਆਂ ਨੇ ਮਹੀਨਾ ਨਾਂ ਆਉਣ ਬਾਰੇ ਅੱਗੋਂ ਜਵਾਬ ਦਿੱਤੇ

 ਥਾਣੇਦਾਰ ਦੀ ਜਵਾਬਤਲਬੀ ਸੁਣ ਤਾਈ ਨਿਹਾਲੀ ਬੜੀ ਹੈਰਾਨ ਪ੍ਰੇਸ਼ਾਨ ਹੋਈ

ਥਾਣੇਦਾਰ ਦੇ ਫੋਨ ਕੱਟਣ ਤੇ ਉਹਨਾਂ ਥਾਣੇਦਾਰ ਤੋਂ ਕੀਤੇ ਗਏ ਕੰਮ ਦੀ ਸੇਵਾ ਪੁੱਛੀ... ਤਾਂ ਅੱਗੋਂ ਥਾਣੇਦਾਰ ਕਹਿੰਦਾ...

ਕੋਈ ਗੱਲ ਨਹੀਂ ਨਰੈਣ ਸਿੰਹਾ ਸੇਵਾ ਸੂਵਾ ਦੀ ਕੀ ਗੱਲ ਕਰਦੇ ਓ ਮੇਰੀ ਤਾਂ ਕੋਈ ਗੱਲ ਨਹੀ ਤੁਸੀ ਔਹ ਮੁਨਸ਼ੀ ਨੂੰ ਕੋਈ ਗਿਫਟ ਵਗੈਰਾ ਭੇਜ ਦੇਣਾ ਦਿਵਾਲੀ ਦੇ ਦਿਨ ਐਂ…

ਤਾਇਆ-ਤਾਈ ਦੋਵੇਂ ਥਾਣੇ ਚੋਂ ਬਾਹਰ ਨਿਕਲੇ ਤੇ ਤਾਇਆ ਕਹਿਣ ਲੱਗਾ ਬਈ ਫਲਾਣੀ ਸ਼ਰਾਬ ਦੀ ਬੋਤਲ ਜਾਂ ਬਰੀਫ ਕੇਸ ਜਾਂ ਕੋਈ ਹੋਰ ਚੀਜ਼ ਪੈਕ ਕਰਵਾ ਕੇ ਮੁਨਸ਼ੀ ਨੂੰ ਨਿਹਾਲੀਏ ਭੇਜ ਦੇਈਏ

  ਨਹੀਂ… ਨਰੈਣਿਆਂ ਤੂੰ ਇਹ ਕੰਮ ਮੈਨੂੰ ਕਰਨ ਦੇ ਇਹ ਕੰਮ ਤੇਰਾ ਨਹੀਂ ਤੂੰ ਠਾਣੇਦਾਰ ਦੇ ਸਿਪਾਹੀਆਂ ਨੂੰ ਕੀਤੇ ਫੋਨ  ਧਿਆਨ ਨਾਲ ਨਹੀਂ ਸੁਣੇਂ, ਇੰਨ੍ਹਾ ਗੱਲਾਂ ਦਾ ਮੈਨੂੰ ਈ ਪਤੈ ਵਿਚਾਰੇ ਕਿਵੇਂ ਤੰਗ-ਪ੍ਰੇਸ਼ਾਨ ਹੋਣਗੇ ਤੇ ਤੂੰ ਜ਼ਰਾ ਆਹ ਥਾਣੇ ਮੂਹਰੇ ਲੱਗੇ ਪਿੱਪਲ ਹੇਠਾਂ ਰੁਕ ਮੈਂ ਆਪੇ ਸਭ ਕੁਝ ਪੈਕ ਕਰਵਾ ਲਿਆਉਣੀ ਐਂ ਤੈਨੂੰ ਬੁੜੀਆਂ ਵਾਲੇ ਕੰਮਾਂ ਦਾ ਜ਼ਿਆਦੇ ਪਤਾ ਨਹੀਂ ਐ

 ਤਾਈ ਫਟਾਫਟ ਚੌਂਕ ਕੋਲ ਜੰਡ ਵਾਲੇ ਜੀ.ਐੱਮ.ਮੈਡੀਕਲ ਸਟੋਰ ਤੇ ਗਈ ਤੇ ਆਪਣੀ ਮਰਜ਼ੀ ਮੁਤਾਬਕ ਡਾਕਟਰ ਅਸ਼ਵਨੀ ਮਿੱਤਲ ਤੋਂ ਸਮਾਨ ਪੈਕ ਕਰਵਾ ਲੈ ਆਈ

 ਲੈ ਨਰੈਂਣਿਆਂ ਮੈਂ ਏਥੇ ਰੁਕ ਜਾਨੀ ਐਂ ਤੂੰ ਵਿਚਾਰੇ ਮੁਨਸ਼ੀ ਨੂੰ ਫਟਾਫਟ ਫੜ੍ਹਾ ਕੇ ਮੁੜ ਆ

ਤਾਏ ਦੇ ਵਾਪਸ ਆਉਣ ਤੋਂ ਬਾਅਦ…

 ਮੁਨਸ਼ੀ ਨੇ ਤਾਈ ਦਾ ਪੈਕ ਕਰਵਾਇਆ ਗਿਫਟ ਫਟਾਫਟ ਖੋਲਿਆ ਤੇ ਵਿੱਚੋਂ ਤਿੰਨ-ਚਾਰ ਲਿਫਾਫੇ ਨਿਕਲੇ ਜਿੰਨ੍ਹਾਂ ਚੋਂ ਇੱਕ ਲਿਫਾਫੇ ਤੇ ਲਿਖਿਆ ਸੀ ਜੀਹਨੂੰ ਮਹੀਨਾ ਨਹੀਂ ਆਇਆ ਉਹ ਏਸ ਚੋਂ ਦੋ ਕੈਪਸੂਲ ਸਵੇਰੇ ਦੋ ਸ਼ਾਮ ਨੂੰ ਖਾਲੀ ਪੇਟ ਖਾਵੇ (ਇਸ ਵਿੱਚ ਅਰਗਾਕੈਪ ਦੇ ਕੈਪਸੂਲ ਹਨ)

  ਦੂਸਰੇ ਲਿਫਾਫੇ ਤੇ ਲਿਖਿਆ ਸੀ ਕਿ ਜਿਹੜੇ ਵਿਚਾਰਿਆਂ ਨੂੰ ਮਹੀਨਾ ਆਇਆ ਹੋਇਆ ਹੈ ਉਹ ੫-੪ ਦਿਨ ਇਹ ਗੋਲੀਆਂ ਖਾਣ ਕਿਉਂਕਿ ਇੰਨਾਂ ਦਿਨਾਂ ਚ ਕਮਜੋਰੀ ਬਹੁਤ ਹੋ ਜਾਂਦੀ ਹੈ ਤੇ ਇਹ ਬੀ ਕੰਮ ਲੈਕਸ ਦੀਆਂ ਗੋਲੀਆਂ ਹਨ

  ਤੀਸਰੇ ਲਿਫਾਫੇ ਤੇ ਲਿਖਿਆ ਸੀ ਕਿ ਭਾਈ ਮੈਂ ਪਹਿਲਾਂ ਕਦੇ ਥਾਣੇ ਨਹੀ ਸੀ ਆਈ ਤੇ ਨਾਂ ਹੀ ਕਦੇ ਪੁਲਿਸ ਵਾਲਿਆਂ ਨਾਲ ਵਾਹ ਪਿਆ ਸੀ ਤੇ ਅੱਜ ਪਤਾ ਲੱਗਾ ਬਈ ਤੁਸੀਂ ਤਾਂ ਵਿਚਾਰੇ ਔਰਤਾਂ ਵਾਂਗ ਹਰ ਮਹੀਨੇ ਜੱਬ ਨੂੰ ਈ ਫੜ੍ਹੇ ਰਹਿੰਦੇ ਓ ਰੱਬ ਨੇ ਵੀ ਥੋਡੇ ਨਾਲ ਇਨਸਾਫ ਨਹੀ ਕੀਤਾ ਇਸ ਲਿਫਾਫੇ ਵਿੱਚੋਂ ਉਹ ਪੀੜਤ ਪੁਲਸੀਏ ਦਵਾਈ ਖਾਣ ਜੋ ਅੱਗੇ ਪੈਦਾਵਾਰ ਦੀ ਨਫਰੀ ਨੂੰ ਵਧਾਉਣ ਤੇ ਪੂਰਨ ਕੰਟਰੋਲ ਹੋਵੇ, ਹੋਰ ਨਾਂ ਕਿਤੇ ਜੁਆਕ ਜੰਮ-ਜੰਮ ਢੇਰ… ਇਸ ਵਿੱਚ ਮਾਲਾ ਡੀ ਦੀਆਂ ਗੋਲੀਆਂ ਹਨ ਜੋ ਬਿਨ ਨਾਗਾ ੨੮ ਦਿਨ ਲਗਾਤਾਰ ਖਾਣੀਆਂ ਹੁੰਦੀਆਂ ਨੇ, ਤੇ ਨਾਲੇ ਨਿਕਲੀ ਹੋਈ ਦੂਜੀ ਪਰਚੀ ਤੇ ਲਿਖਿਆ ਸੀ ਕਿ... ਤੇ ਮੈਨੂੰ ਤਾਂ ਵਿਚਾਰੇ ਠਾਣੇਦਾਰ ਦਾ ਬਲਾਈਂ ਫਿਕਰ ਐ ਬਈ ੩-੪ ਮਹੀਨਿਆਂ ਤੋਂ ਮਹੀਨਾ ਨਹੀ ਆਇਆ, ਠੇਕੇਦਾਰਾਂ ਦੀ ਸ਼ਰਾਬ ਪੀਣ ਨਾਲ ਮਹੀਨਾ ਨਹੀ ਆਉਣਾ ਤੇ ਕਿਸੇ ਚੰਗੀ ਨਰਸ-ਨੁਰਸ ਨੂੰ ਦਿਖਾਵੇ ਨਾਲੇ ਹੁਣ ਤਾਂ ਐਨਾ ਟਾਈਮ ਹੋ ਗਿਆ ਐ ਲਗਦੈ ਜਿੰਦਰੇ ਜੜੇ ਗਏ ਨੇ

   ਹੈਰਾਨ ਪ੍ਰੇਸ਼ਾਨ ਹੋਇਆ ਮੁਨਸ਼ੀ ਲਿਫਾਫੇ ਖੋਲ-ਖੋਲ ਤਾਈ ਨਿਹਾਲੀ ਤੇ ਦੰਦ ਕਿਰਚਦਾ ਜ਼ੋਰ-ਜ਼ੋਰ ਦੀਆਂ ਕਚੀਚੀਆਂ ਵੱਟਦਾ ਹੋਇਆ ਆਖ ਰਿਹਾ ਸੀ ਕਿ ਚਲੋ ਕੋਈ ਗੱਲ ਨਹੀਂ ਆਉਣ ਦੇ ਸਾਲੇ ਪੇਂਡੂ ਅਨਪੜ੍ਹ ਬੂਝੜਾਂ ਨੂੰ ਕਦੇ ਫੇਰ ਥਾਣੇ, ਉਦੋਂ ਬਣਾਵਾਂਗੇ ਬੰਦੇ ਦੇ ਪੁੱਤ

ਏਨੇ ਨੂੰ ਉਸ ਨੇ ਆਖਰੀ ਲਿਫਾਫਾ ਚੁੱਕਿਆ ਤੇ ਮਨ ਵਿੱਚ ਸੋਚਿਆ ਬਈ ਪਹਿਲਾਂ ਤਾਂ ਪੇਂਡੂ ਬੂਝੜਾਂ ਨੇ ਕਮਲ ਈ ਕੁਦਾਇਆ ਏ ਇਸ ਵਿੱਚ ਤਾਂ ਜ਼ਰੂਰ ਜਾਂ ਤਾਂ ਮੱਛੀ, ਪਨੀਰ ਪਕੌੜੇ ਜਾਂ ਫਿਰ ਬਰਿੱਡ ਹੋਣਗੇ, ਬੜਾ ਪੋਲਾ-ਪੋਲਾ ਐ

 ਇਹ ਸੋਚਦਿਆਂ ਮੁਨਸ਼ੀ ਦੇ ਮੂੰਹ ਚੋਂ ਭਰੇ ਪਾਣੀ ਦੀਆਂ ਲੰਬੀਆਂ ਰੇਸ਼ੇਦਾਰ ਲਾਲਾਂ ਲਿਫਾਫੇ ਤੇ ਆ ਡਿੱਗੀਆਂ  ਜਦੋਂ ਲਿਫਾਫਾ ਖੋਲਿਆ ਤਾਂ ਉਸ ਚੋਂ ਇੱਕ ਦਰਜਨ ਵੈਸਪਰ (ਕੇਅਰਫਰੀ) ਨਿਕਲੇ ਤੇ ਇੱਕ ਪਰਚੀ ਤੇ ਲਿਖਿਆ ਹੋਇਆ ਸੀ ਕਿ ਭਾਈ ਸਾਡੀ ਗਰੀਬੋ-ਗਰੀਬ ਏਨੀ ਕੁ ਸੇਵਾ ਮਨਜ਼ੂਰ ਕਰਿਓ ਇਹ ਮੌਕੇ ਤੇ ਵਰਤਣ ਵਾਲਾ ਸਮਾਨ ਐ ਕਈ ਵਾਰੀ ਬਾਜ਼ਾਰ ਬੰਦ ਹੁੰਦੈ ਸੰਭਾਲ ਕੇ ਰੱਖਿਓ

  ਨਾਲੇ ਭਾਈ ਸਾਡਾ ਸੁਨੇਹਾ ਠਾਣੇਦਾਰ ਨੂੰ ਵੀ ਦੇ ਦੇਣਾ ਕਿ ਅਸੀਂ ਨਹੀ ਮੁੰਡਾ ਪੁਲਿਸ ਚ ਭਰਤੀ ਕਰਵਾਉਣਾ ਹੋਰ ਨਾਂ ਪੁੱਤ ਨੂੰ ਪੰਜੀਰੀ ਕਰ-ਕਰ ਕਿਤੇ ਖਵਾਉਣੀ ਪੈ ਜਾਇਆ ਕਰੇ         

Punjabi kahani- ਬਾਬੂ


ਬਾਬੂ

(ਦਰਸ਼ਨ ਦਰਸ਼ਕ) 
ਕਿਸੇ ਦਫਤਰ ਵਿਚ ਕਲਰਕ ਨਹੀਂ ਬਲਕਿ ਇੱਕ ਪ੍ਰਵਾਸੀ ਮਜ਼ਦੂਰ ਹੈ ਜੋਕਿ ਰਿਕਸ਼ਾ ਚਲਾਉਂਦਾ ਹੈ। ਹੋ ਸਕਦਾ ਹੈ ਕਿ ਮਾਪਿਆਂ ਨੇ ਉਸ ਦਾ ਨਾਮ ਬਾਬੂ ਇਸੇ ਲਈ ਰੱਖਿਆ ਹੋਵੇ ਕਿ ਵੱਡਾ ਹੋ ਕੇ ਉਹ ਕਿਸੇ ਦਫ਼ਤਰ ਵਿਚ ਕੰਮ ਕਰੇਗਾ ਅਤੇ ਪਰਿਵਾਰ ਦੀ ਜੂਨ ਸੁਧਰ ਜਾਵੇਗੀ, ਪਰ ਸਮੇਂ ਜਾਂ ਪ੍ਰਸਥਿਤੀਆਂ ਕਾਰਨ ਅਜਿਹਾ ਨਹੀਂ ਹੋ ਸਕਿਆ। ਸਾਰੀ ਉਮਰ ਹੋ ਗਈ ਹੈ ਗਰੀਬੀ ਦਾ ਬੋਝਾ ਢੋਹ ਰਿਹਾ ਹੈ ਅਤੇ ਹੁਣ ਉਹ ਸਕੂਲੀ ਬੱਚਿਆਂ ਨੂੰ ਰਿਕਸ਼ੇ ਵਿਚ ਬਿਠਾ ਕੇ ਸਕੂਲ ਤੱਕ ਪਹੁੰਚਾਉਂਦਾ ਹੈ। ਪਤਲਾ ਸਰੀਰ, ਹੱਡੀਆਂ ਨਜ਼ਰ ਆਉਂਦੀਆਂ ਹਨ। ਉਮਰ 65 ਤੋਂ 70 ਵਿਚਾਲੇ ਹੋਵੇਗੀ ਪਰ ਗਰੀਬੀ ਤੇ ਕਮਜ਼ੋਰੀ ਕਾਰਨ ਉਹ 80 ਸਾਲ ਦਾ ਦਿਸਣ ਲੱਗਾ ਹੈ। 
ਅੱਗੋਂ ਘਰ ਵੀ ਸੁੱਖ ਦੀ ਕਿਰਨ ਨਜ਼ਰ ਨਹੀਂ ਆਉਂਦੀ। ਬਾਕੀ ਪਰਿਵਾਰ ਬਾਰੇ ਤਾਂ ਪਤਾ ਨਹੀਂ ਪਰ ਇੱਕ ਲੜਕਾ ਜ਼ਰੂਰ ਹੈ। ਉਹ ਵੀ ਉਸੇ ਪ੍ਰਕਾਰ ਰਿਕਸ਼ਾ ਚਲਾਉਂਦਾ ਹੈ। ਉਸ ਦੀ ਆਪਣੀ ਪੱਤਨੀ ਨਾਲ ਬਣਦੀ ਨਹੀਂ। ਘਰ 'ਚ ਕਲੇਸ਼ ਰਹਿੰਦਾ ਹੈ। ਦੋ ਬੱਚੇ ਵੀ ਹਨ। ਉਸ ਦੀ ਘਰ ਵਾਲੀ ਘਰੋਂ ਵੀ ਚਲੀ ਗਈ। ਹੁਣ ਉਹ ਸ਼ਰਾਬ ਵਿਚ ਆਪਣੀ ਕਮਾਈ ਉਡਾਉਂਦਾ ਹੈ। ਇਸ ਕਾਰਨ ਬਾਬੂ ਨੂੰ ਘਰ ਦੀ ਰੋਜ਼ੀ ਰੋਟੀ ਚਲਾਉਣ ਦੀ ਫ਼ਿਕਰ ਰਹਿੰਦੀ ਹੈ। ਉਹ ਆਪਣੇ ਪੁੱਤ ਨੂੰ ਸਮਝਾਉਂਦਾ ਵੀ ਹੈ ਅਤੇ ਗਾਲ੍ਹਾਂ ਵੀ ਕੱਢਦਾ ਹੈ। ਲੇਕਿਨ ਪੁੱਤ ਕੁਝ ਨਹੀਂ ਸਮਝਦਾ। ਪੋਤੇ ਆਪਣੇ ਦਾਦੇ ਨੂੰ ਹਰ ਫ਼ਰਮਾਇਸ਼ ਕਰਦੇ ਹਨ। ਉਹ ਸਕੂਲੀ ਬੱਚਿਆਂ ਦੇ ਮਾਪਿਆਂ ਕੋਲ ਜਾਂਦਾ ਹੈ ਅਤੇ ਹਰ ਮਹੀਨੇ ਪਹਿਲਾਂ ਬਣਦੇ ਪੈਸੇ ਲੈਂਦਾ ਹੈ। ਥੋੜ੍ਹੇ ਦਿਨਾਂ ਬਾਅਦ ਫਿਰ ਘਰਾਂ ਦੇ ਦਰਵਾਜ਼ੇ ਖੜਕਾਉਂਦਾ ਹੈ ਤੇ ਕਹਿੰਦਾ ਹੈ ਕਿ ਰਿਕਸ਼ਾ ਠੀਕ ਕਰਵਾਉਣੀ ਹੈ, ਹੋਰ ਪੈਸੇ ਦਿਓ। ਉਹ ਮੇਰੇ ਪਿਤਾ ਜੀ ਕੋਲ ਆ ਕੇ ਦੁੱਖ-ਸੁੱਖ ਫਰੋਲਦਾ ਰਹਿੰਦਾ ਹੈ। ਇਸ ਲਈ ਉਹ ਉਸ ਨੂੰ ਪੇਸ਼ਗੀ ਦੇਣ ਤੋਂ ਬਾਅਦ ਵੀ ਹੋਰ ਪੈਸੇ ਦੇ ਦਿੰਦੇ ਹਨ। ਮੇਰੀਆਂ ਬੇਟੀਆਂ ਵੀ ਉਸੇ ਦੇ ਰਿਕਸ਼ੇ ਵਿਚ ਸਕੂਲ ਜਾਂਦੀਆਂ ਹਨ।
ਵੱਡੀ ਬੇਟੀ ਦਿਭਜੋਤ ਅਕਸਰ ਆ ਕੇ ਸ਼ਕਾਇਤ ਕਰਦੀ ਹੈ ਕਿ ਬਾਬੂ ਉਨ੍ਹਾਂ ਤੋਂ ਧੱਕਾ ਲਗਵਾਉਂਦਾ ਹੈ। ਕੋਈ ਚੜ੍ਹਾਈ ਆਵੇ ਜਾਂ ਫਾਟਕ ਦੀ ਉਚਾਈ ਆਵੇ ਬੱਚਿਆਂ ਨੂੰ ਝਿੜਕਦਾ ਵੀ ਹੈ ਅਤੇ ਧੱਕਾ ਲਾਉਣ ਲਈ ਵੀ ਕਹਿੰਦਾ ਹੈ। ਬੱਚੇ ਰੋਣ ਹਾਕੇ ਹੋ ਜਾਂਦੇ ਹਨ। ਹਰਸਿਮਰਨ ਜੋ ਕਿ ਹਾਲੇ ਧੱਕਾ ਲਗਾਉਣ ਦੇ ਕਾਬਲ ਨਹੀਂ ਹੈ, ਪਰ ਉਸ ਕੋਲੋਂ ਵੀ ਬਾਬੂ ਦੀਆਂ ਸ਼ਿਕਾਇਤਾਂ ਦੀ ਪੰਡ ਹੈ। ਬੱਚੇ ਪਸੀਨੋ-ਪਸੀਨਾ ਹੋਏ ਘਰ ਪੁੱਜਦੇ ਹਨ। ਸਰਦੀਆਂ ਵਿਚ ਠੰਡ ਦੇ ਦਿਨਾਂ ਵਿਚ ਬੱਚਿਆਂ ਨੂੰ ਰਿਕਸ਼ੇ ਦੇ ਅੰਦਰ ਬੈਠਣਾ ਪੈਂਦਾ ਹੈ ਪਰ ਉਹ ਰਿਕਸ਼ਾ ਖਿੱਚ ਨਹੀਂ ਪਾਉਂਦਾ, ਇਸ ਲਈ ਉਹ ਬੱਚਿਆਂ ਨੂੰ ਧੱਕੇ ਨਾਲ ਹੇਠਾਂ ਉਤਾਰ ਦਿੰਦਾ ਹੈ। ਬਰਸਾਤਾਂ ਵਿਚ ਵੀ ਇਹੀ ਹਾਲ ਹੁੰਦਾ ਹੈ। ਇਸ ਕਾਰਨ ਅਸੀਂ ਵੀ ਪ੍ਰੇਸ਼ਾਨ ਹੁੰਦੇ ਹਾਂ। ਕਈ ਵਾਰ ਗੁੱਸਾ ਵੀ ਆਉਂਦਾ ਪਰ ਪਿਤਾ ਜੀ ਕੁਝ ਕਹਿਣ ਨਹੀਂ ਦਿੰਦੇ। ਮੈਨੂੰ ਯਾਦ ਹੈ ਕਿ ਇੱਕ ਦਿਨ ਬਾਬੂ ਨੇ ਪੇਸ਼ਗੀ ਲਈ ਹੋਰ ਪੈਸੇ ਮੰਗੇ ਸਨ। ਘਰਦਿਆਂ ਨੇ ਉਸ ਨੂੰ ਦਿੱਤੇ ਨਹੀਂ ਸਨ। ਜਦੋਂ ਪਿਤਾ ਜੀ ਆਏ ਤਾਂ ਉਹ ਸਭ ਨੂੰ ਗੁੱਸੇ ਹੋਏ। ਉਹ ਫਿਰ ਬਾਬੂ ਦੇ ਘਰ ਗਏ ਤੇ ਉਸ ਦੇ ਘਰ ਜਾ ਕੇ ਪੈਸੇ ਦੇ ਕੇ ਆਏ । ਉਹ ਅਕਸਰ ਹੀ ਮਹੀਨੇ ਵਿਚ ਦੋ-ਤਿੰਨ ਵਾਰ ਰਿਕਸ਼ਾ ਖਰਾਬ ਹੋਣ ਕਰ ਕੇ ਬੱਚਿਆਂ ਨੂੰ ਲੈਣ ਵੀ ਨਾ ਆਉਂਦਾ। ਪਿਤਾ ਜੀ ਫਿਰ ਵੀ ਚੁੱਪ ਕਰ ਜਾਂਦੇ। 
ਹੁਣ ਸਕੂਲ ਵਾਲਿਆਂ ਨੇ ਬੱਸਾਂ ਦਾ ਇੰਤਜ਼ਾਮ ਕਰ ਦਿੱਤਾ ਹੈ। ਬੱਚੇ ਕਹਿੰਦੇ ਹਨ ਕਿ ਅਸੀਂ ਬਾਬੂ ਦੇ ਰਿਕਸ਼ੇ 'ਤੇ ਨਹੀਂ ਜਾਣਾ। ਸਕੂਲ ਵਾਲਿਆਂ ਨੇ ਬੱਚਿਆਂ ਦੇ ਮਾਪਿਆਂ ਤੋਂ ਪੁੱਛਿਆ ਕਿ ਉਹ ਆਪਣੇ ਬੱਚਆਂ ਨੂੰ ਬੱਸਾਂ ਰਾਹੀਂ ਭੇਜਣ ਲਈ ਸਹਿਮਤ ਹਨ। ਬੱਚਿਆਂ ਦੀ ਖੁਸ਼ੀ ਕਾਰਨ ਅਸੀਂ ਉਨ੍ਹਾਂ ਨੂੰ ਬੱਸਾਂ ਵਿਚ ਭੇਜਣ ਲਈ ਸਹਿਮਤੀ ਪ੍ਰਗਟ ਕਰ ਦਿੱਤੀ। 
ਬਾਬੂ ਇਸ ਗੱਲ ਤੋਂ ਅਣਜਾਣ ਸੀ। ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਉਹ ਐਡਵਾਂਸ ਪੈਸੇ ਲੈ ਗਿਆ ਸੀ। ਉਹ ਫਿਰ ਆਇਆ ਤੇ ਦਰਵਾਜ਼ਾ ਖੜਕਾਇਆ। ਮੈਂ ਤੇ ਮੇਰੇ ਪਿਤਾ ਜੀ ਦਰਵਾਜ਼ੇ 'ਤੇ ਪਹੁੰਚ ਗਏ। ਦਰਵਾਜ਼ਾ ਖੋਲ੍ਹਿਆ ਤੇ ਬਾਬੂ ਨੇ ਬਹੁਤ ਹੀ ਆਸ ਭਰੀਆਂ ਅੱਖਾਂ ਨਾਲ ਹੋਰ ਪੈਸਿਆਂ ਦੀ ਮੰਗ ਕੀਤੀ। ''ਰਿਕਸ਼ਾ ਠੀਕ ਕਰਵਾਉਣੀ ਹੈ,ਔਰ ਪੈਸੇ ਚਾਹੀਏਂ ਥੇ।'' ਮੇਰੇ ਪਿਤਾ ਜੀ ਉਸ ਨੂੰ ਕੋਈ ਜਵਾਬ ਨਹੀਂ ਦੇ ਸਕੇ। ਮੈਨੂੰ ਕਹਿਣ ਲੱਗੇ, ਇਸ ਨੂੰ ਦੱਸ ਦੇ। ਮੈਂ ਬਾਬੂ ਨੂੰ ਦੱਸਿਆ ਕਿ ਅਸੀਂ ਬੱਚਿਆਂ ਨੂੰ ਬੱਸ ਵਿਚ ਭੇਜਣ ਦਾ ਫ਼ੈਸਲਾ ਕੀਤਾ ਹੈ। ਬਾਬੂ ਨੂੰ ਸੁਣ ਕੇ ਜਿਵੇਂ ਕੰਬਣੀ ਛਿੜ ਗਈ ਸੀ। ਉਹ ਉੱਚੀ ਸਾਰੀ ਬੋਲਿਆ, ''ਨਹੀਂ ਚਲਨੇ ਦੂੰਗਾ ਗਾੜੀ ਕੋ।'' ਉਸ ਨੇ ਗੁੱਸੇ ਵਿਚ ਜਾਲੀ ਵਾਲੇ ਦਰਵਾਜ਼ੇ ਨੂੰ ਠਾਹ ਕਰ ਕੇ ਮਾਰਿਆ। 
ਉਸ ਦਾ ਸਰੀਰ ਜਵਾਬ ਦੇ ਰਿਹਾ ਹੈ ਪਰ ਫਿਰ ਵੀ ਉਹ ਸੰਘਰਸ਼ ਕਰ ਰਿਹਾ ਹੈ। ਉਸ ਨੂੰ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਹੈ, ਪਰ ਉਸ ਨੂੰ ਘਰ ਵਿਚ ਬੈਠੇ ਪੋਤਿਆਂ ਦੀ ਪ੍ਰਵਾਹ ਹੈ। ਇਹੀ ਕਾਰਨ ਹੈ ਕਿ ਉਹ ਰਿਕਸ਼ੇ 'ਤੇ ਬੋਝਾ ਢੋਹ ਰਿਹਾ ਹੈ। ਪਰ ਹੁਣ ਉਸ ਦੀ ਸਰੀਰਕ ਸਮਰਥਾ 'ਤੇ ਸਾਨੂੰ ਵੀ ਸ਼ੱਕ ਹੈ। ਪਿਤਾ ਜੀ ਨੂੰ ਵੀ ਆਪਣੀਆਂ ਪੋਤੀਆਂ ਦੀ ਪਰਵਾਹ ਹੈ। ਉਨ੍ਹਾਂ ਦੀ ਹਮਦਰਦੀ ਬਾਬੂ ਨਾਲ ਤਾਂ ਹੈ ਪਰ ਉਨ੍ਹਾਂ ਨੂੰ ਛੋਟੀਆਂ ਨਾਲ ਹੁੰਦੀ ਨਾਇਨਸਾਫ਼ੀ ਪਸੰਦ ਨਹੀਂ ਹੈ। 
ਅਜਿਹੇ ਬਹੁਤ ਸਾਰੇ ਬਾਬੂ ਹਨ ਜੋ ਜੰਮਦੇ ਵੀ ਗਰੀਬੀ ਵਿਚ ਹਨ, ਵਿਚਰਦੇ ਵੀ ਗਰੀਬੀ ਵਿਚ ਹਨ ਤੇ ਮਰਦੇ ਵੀ ਗਰੀਬੀ ਵਿਚ ਹਨ। ਉਹ ਜ਼ਿੰਦਗੀ ਨੂੰ ਸੇਧ ਤਾਂ ਦੇਣਾ ਚਾਹੁੰਦੇ ਹਨ, ਪਰ ਪਤਾ ਨਹੀਂ ਜ਼ਿੰਦਗੀ ਉਨ੍ਹਾਂ ਨੂੰ ਰਸਤਾ ਨਹੀਂ ਦਿਖਾਉਂਦੀ। ਸਾਰੀ ਉਮਰ ਘੋਲ ਹੀ ਕਰਦੇ ਰਹਿੰਦੇ ਹਨ। ਜਿਸ ਪ੍ਰਕਾਰ ਉਸ ਨੇ ਦਰਵਾਜ਼ੇ ਨੂੰ ਠਾਹ ਕਰ ਕੇ ਬੰਦ ਕੀਤਾ, ਉਸ ਪ੍ਰਕਾਰ ਹੁਣ ਉਸ ਦੀ ਜ਼ਿੰਦਗੀ ਦੇ ਰਸਤੇ ਦਾ ਦਰਵਾਜ਼ਾ ਬੰਦ ਹੁੰਦਾ ਜਾ ਰਿਹਾ ਹੈ। ਅੱਜ ਉਸ ਦੇ ਰਿਕਸ਼ੇ ਤੋਂ ਦੋ ਬੱਚੇ ਹਟੇ ਹਨ, ਕੁੱਝ ਕੁ ਹੋਰ ਹਟ ਜਾਣਗੇ। ਹੌਲੀ-ਹੌਲੀ ਰਿਕਸ਼ਾ ਖਾਲੀ ਹੋ ਜਾਵੇਗਾ, ਪਰ ਜ਼ਿੰਦਗੀ ਦਾ ਭਾਰ ਹੋਰ ਵੱਧ ਜਾਵੇਗਾ। ਹੁਣ ਉਸ ਲਈ ਖਾਲੀ ਰਿਕਸ਼ਾ ਖਿੱਚਣਾ ਹੋਰ ਔਖਾ ਹੋ ਜਾਵੇਗਾ। 

Punjabi kahani- ਡੂੰਘਾ ਪਾਣੀ


ਡੂੰਘਾ ਪਾਣੀ
(ਰੂਪ ਢਿੱਲੋਂ )
 
 
ਹੀਰ ਨੇ ਆਪਣੇ ਪੁੱਤ, ਜਿਸ ਦੀਆਂ ਅੱਖਾਂ ਬੰਦ ਹੋ ਚੁੱਕੀਆਂ ਸਨ, ਦੀ ਤਸਵੀਰ ਚੁੱਕੀ; ਤੇ ਸੋਚਾਂ ਵਿੱਚ ਲਹਿ ਗਈ। ਉਸਨੇ ਆਪਣੇ ਪੁੱਤਰ  ਚੁੂੱਚਕ ਦੀ ਤਸਵੀਰ ਦੇ ਮੁਖ ਉੱਤੇ ਪਿਆਰ ਨਾਲ ਉਂਗਲੀਆਂ ਫੇਰੀਆਂ।ਫਿਰ ਚਿਹਰੇ ਦੇ ਹਰੇਕ ਨੁਹਾਰ ਉੱਤੇ, ਮੁਸਕਾਨ ਉੱਤੇ, ਚਮਕਦੇ ਨੈਣਾਂ ਉੱਤੇ। ਫਿਰ ਉਸਨੇ ਚੂਚਕ ਦੀ ਤਸਵੀਰ ਘੁੱਟਕੇ ਅਪਣੇ ਸੀਨੇ ਨਾਲ ਲਾ ਲਈ। ਹੀਰ ਨੇ ਅਪਣੀਆਂ ਅੱਖਾਂ ਮੀਚੀਆਂ। ਬੰਦ ਲੋਇਣਾਂ ’ਚ ਯਾਦਾਂ ਨੂੰ ਕੈਦ  ਰੱਖਿਆ। ਡਰ ਸੀ, ਜੇ ਅੱਖਾਂ ਖੋਲ੍ਹੀਆਂ, ਚੁੱਚਕ ਦਾ ਕੀਮਤੀ ਚੇਤਾ ਬਾਹਰ ਆਕੇ ਗੁੰਮ ਜਾਵੇਗਾ। ਹੁਣ ਪਿਆਰਾ ਪੁੱਤ ਰਿਹਾ ਨਹੀਂ। ਉਸਦੇ ਪਿਤਾ ਵਾਂਗ, ਉਸਨੂੰ ਵੀ ਰੱਬ ਨੇ ਖੋਹਲਿਆ। ਹੀਰ ਨੂੰ ਫੈਸਲਾ ਲੈਣਾ ਪੈਣਾ ਸੀ। ਪਰ ਮੁੰਡੇ ਦੇ ਅਚਾਨਕ ਦਿਹਾਂਤ ਨੇ ਫੈੇਸਲਾ ਕਰਨਾ ਔਖਾ ਕਰ ਦਿੱਤਾ ਸੀ। 
ਹੀਰ ਰਣਜੀਪੁਰ ਵਿੱਚ ਰਹਿੰਦੀ ਸੀ।ਇਕ ਗੁਪਤਚਰ ਸੀ। ਉਸ ਨੂੰ ਕਿ ਇੱਕ ਮੌਤ ਦੀ ਤਫ਼ੀਤਸ਼ ਕਰਨ ਨੂੰ ਆਖਿਆ ਗਿਆ ਸੀ। ਸਮੁੰਦਰ ਦੇ ਹੇਠ ਇੱਕ ਬੇਸ ਸੀ, ਜਿਸ ਵਿੱਚ ਇੱਕ ਸਾਇੰਸਦਾਨ ਮਰ ਗਿਆ ਸੀ। ਸਾਇੰਸਦਾਨ ਦਾ ਨਾਂ ਕੈਦੋ ਸੀ। ਕੈਦੋ ਦਾ ਕੰਮ ਸੀ, ਭਾਰਤ ਲਈ ਨਵਾਂ ਬਾਲਣ ਟੋਲਣਾ। ਕਹਿਣ ਦਾ ਮਤਲਬ ਤੇਲ ਦੇ ਥਾਂ ਕੋਈ ਨਵਾਂ ਸਰੋਤ- ਸਾਧਨ ਲੱਭਣਾ। ਦੁਨੀਆ ਨੂੰ ਊਰਜਾ ਚਾਹੀਦੀ ਸੀ। ਕੈਦੋ ਦੀ ਮੌਤ ਨੇ ਸਰਕਾਰ ਦੇ ਪ੍ਰੋਗ੍ਰਾਮ ਉੱਤੇ ਪਾਣੀ ਫੇਰ ਦਿੱਤਾ ਸੀ। ਹੁਣ ਹੀਰ ਨੂੰ ਹੇਠਾਂ ਪਾਣੀ ਵਿੱਚ ਭੇਜਣ ਲੱਗੇ ਸਨ। 
 
ਹੀਰ ਜਲ ਵਿੱਚ ਜਾਣ ਤੋਂ ਡਰਦੀ ਸੀ। ਪਰ ਪੜਤਾਲ ਕਰਨੀ ਸੀ। ਭਾਵੇਂ ਮਨ ਨਹੀਂ ਕਰਦਾ, ਨੌਕਰੀ ਸੀ।ਹੀਰ ਕਿਉਂ ਪਾਣੀ ਤੋਂ ਡਰਦੀ ਸੀ? ਚੁੱਚਕ ਕਰਕੇ। ਚੁੱਚਕ ਸਤਲੁਜ ਵਿੱਚ ਤੈਰ ਰਿਹਾ ਸੀ। ਮਾਂ ਕਿਨਾਰੇ ਉੱਤੇ ਬੈਠ ਕੇ ਕਿਸੇ ਸਹੇਲੀ ਨਾਲ ਗੱਪਸ਼ੱਪ ਮਾਰ ਰਹੀ ਸੀ। ਬੱਸ, ਇੱਕ ਪਲ ਵਿੱਚ ਸਤਲੁਜ ਦੇ ਪਾਣੀ ਵਿੱਚ ਮੁੰਡਾ ਡੁੱਬ ਗਿਆ। ਮਾਂ ਕੁਝ ਵੀ ਨਹੀਂ ਕਰ ਸਕੀ ਸੀ। ਉਸ ਦਿਨ ਤੋਂ ਬਾਅਦ ਹੀਰ ਪਾਣੀ ਦੇ ਨੇੜੇ ਕਦੀ ਨਹੀਂ ਗਈ। ਇਸ ਕਰਕੇ ਹੈਰਾਨ ਸੀ, ਜਦ ਸਰਕਾਰ ਨੇ ਉਸਨੂੰ ਕੈਦੋ ਦੀ ਮੌਤ ਦੀ ਤਫਤੀਸ਼ ਕਰਨ ਲਈ ਚੁਣਿਆ ਸੀ। ਮਨ ਕਹਿੰਦਾ ਸੀ ਨਾ ਜਾ, ਕਿਉਂਕਿ ਚੁੱਚਕ ਡੁੱਬਕੇ ਮਰਿਆ ਸੀ। ਪਾਣੀ ਤੋਂ ਡਰਦੀ ਕਰਕੇ ਸੌਖੀ ਤਰ੍ਹਾਂ ਫੈਸਲਾ ਨਹੀਂ ਬਣਾ ਸਕਦੀ ਸੀ। ਇਸ ਕਰਕੇ, ਹੀਰ ਨੇ ਅਪਣੀ ਮਾਂ, ਮਲਖੀ ਤੋਂ ਸਲਾਹ ਲਈ, ਕੀ ਕਰਾਂ। ਮਲਖੀ ਦੀ ਸਲਾਹ ਸਿੱਧੀ ਸੀ। 
 
- ਪੁੱਤ ਕਿੰਨ੍ਹੀ ਦੇਰ ਪਾਣੀ ਤੋਂ ਡਰਦੀ ਰਹੇਂਗੀ? ਜਾਣਾ ਚਾਹੀਦਾ। ਕੀ ਪਤਾ ਉਸ ਬੇਸ ਜਾਕੇ  ਤੇਰੇ ਸਾਰੇ ਡਰ ਮੁੱਕ ਜਾਣ? ਚੁੱਚਕ ਨੂੰ ਤੂੰ  ਵਾਪਸ ਨਹੀਂ ਲਿਆ ਸਕਦੀ । ਇਸ ਲਈ ਕੈਦੋ ਬਾਰੇ ਪਤਾ ਕਰ। ਤੇਰਾ ਧਿਆਨ ਫਿਰ ਹੋਰ ਪਾਸੇ ਜਾਵੇਗਾ-।
 
- ਮੈਂ ਚੁੱਚਕ ਨੂੰ ਕਿਵੇਂ ਭੁਲ ਸੱਕਦੀ ਹਾਂ? ਕੁੱਖ ਵਿੱਚ ਨੌਂ ਮਹੀਨਿਆਂ ਲਈ ਰੱਖਿਆ। ਪਾਲਿਆ-।
 
- ਪੁੱਤ ਮੈਂ ਕਿੱਥੇ ਕਿਹਾ ਸਾਡੇ ਲਾਲ ਦਾ ਚੇਤਾ ਭੁਲਾ? ਇਸ ਜ਼ਿੰਮੇਵਾਰੀ’ ਚ ਆਪੇ ਨੂੰ  ਗੁਆ।ਪਾਣੀ ਤੋਂ ਡਰਣਾ ਹੱਟ। ਅਪਣਾ ਦਰਦ ਥੋੜੇ ਚਿਰ ਲਈ ਡੂੰਘੇ ਪਾਣੀ ਵਿੱਚ ਸੁੱਟ ਦੇ-। 
ਹੀਰ ਨੇ ਫਿਰ ਫੈਸਲਾ ਬਣਾ ਲਿਆ। ਕੈਦੋ ਦੇ ਕੇਸ ਵਿੱਚ ਅਪਣੇ ਆਪ ਨੂੰ ਜਿਵੇਂ ਦੱਬ ਲਿਆ। ਆਪਣੇ ਆਪ ਤੋਂ ਅਤੇ ਆਪਣੇ ਦੁੱਖਾਂ ਤੋਂ ਦੂਰ ਕਰਨ ਲਈ। 
 
ਫਿਰ ਓਹ ਦਿਨ ਆਗਿਆ, ਜਦ ਹੀਰ ਨੂੰ ਡੂੰਘੇ ਪਾਣੀ ਵਿੱਚ ਜਾਣਾ ਪਿਆ। ਬੇਸ ਬਹੁਤ ਡੂੰਘੇ ਥਾਂ ਵਿੱਚ ਸੀ। ਜਿੰਨ੍ਹਾ ਸਮੁੰਦਰ ਦੇ ਥੱਲੇ ਜਾਹੀਦਾ, ਓਨ੍ਹਾਂ ਠੰਢਾ ਠਾਰ ਹੁੰਦਾ ਹੈ। ਇਨਸਾਨਾਂ ਦਾ ਸਰੀਰ, ਇਸ ਦਸ਼ਾ ਨੂੰ, ਝੱਲ ਨਹੀਂ ਸੱਕਦਾ। ਇਸ ਕਰਕੇ ਡੂੰਘੇ  ਸਾਗਰ ਵਿੱਚ ਜਾਣ ਲਈ ਇਨਸਾਨਾਂ ਨੂੰ ਉਚੇਚਾ ਸੂਟ ਪਾਉਣਾ ਪੈਂਦਾ ਹੈ ਜੋ ਪਿੰਡੇ ਨੂੰ ਨਿੱਘਾ ਰੱਖਦਾ ਹੈ। ਬੇਸ ਤਾਂ ਬਹੁਤ ਹੀ ਡੂੰਘੇ ਥਾਂ ਸੀ। ਦੋ ਮੀਲ ਧਰਤੀ ਦੇ ਹੇਠਾਂ ਸੀ। ਇੱਕ ਲਿਫਟ ਥੱਲੇ ਤਕ ਲੈ ਕੇ ਜਾਂਦੀ ਸੀ। 
 
ਹੀਰ ਇਕੱਲੀ ਨਹੀਂ ਲਿਫਟ ਵਿੱਚ ਗਈ, ਬੇਸ ਵਿੱਚ, ਸਮੁੰਦਰ ਦੇ ਭਾਰ ਹੇਠ। ਨਾਲ ਤੰਦੂਆ ਗਿਆ। ਆਮ ਤੰਦੂਆ ਨਹੀ ਸੀ। ਸੀਸ ਉੱਤੇ ਇੱਕ ਖਾਸ ਖੋਦ ਰੱਖਿਆ ਸੀ; ਜਿਸ ਤੋਂ ਤਾਰਾਂ ਤੰਦੂਏ ਦੀ ਖੋਪਰੀ ਨਾਲ ਚੁੰਮ ਦੀਆਂ ਸਨ। ਇਸ ਤਰੀਕੇ ਨਾਲ ਤੰਦੂਏ ਦੀਆਂ ਸੋੱਚਾਂ, ਉਸਦੀ ਖੋਜ ਪੜ੍ਹ ਕੇ ਪੰਜਾਬੀ ਵਿੱਚ ਉਲਥਾ ਕੇ; ਛਾਤੀ ਉੱਤੇ ਬੰਨ੍ਹੀ ਹੋਈ ਸਕਰੀਨ ਉੱਤੇ ਅੱਖਰਾਂ ਨੂੰ ਪੈਦਾ ਕਰਦੀ ਸੀ। ਬੰਦਾ ਫਿਰ ਮੱਛ ਦੀਆਂ ਸੋੱਚਾਂ ਨੂੰ ਪੜ੍ਹ ਕੇ ਹਜ਼ਮ ਕਰ ਸੱਕਦਾ ਸੀ। ਇਨਸਾਨਾਂ ਦੀ ਆਵਾਜ਼ ਨੂੰ ਵੀ ਇਸ ਤਰ੍ਹਾਂ ਤੰਦੂਏ ਦੀ, ਪੱਲੇ ਪਾਉਣ ਵਾਲੀ ਬੋਲੀ ਵਿੱਚ, ਉਸਨੂੰ ਸਮਝਾ ਦੇਂਦੀ ਸੀ। ਇਸ ਕਰਕੇ ਤੰਦੂਆ ਅਤੇ ਇਨਸਾਨਾਂ ਦਡ ਆਦਾਨ ਪ੍ਰਦਾਨ  ਹੋ ਜਾਂਦਾ ਸੀ। ਤੰਦੂਏ ਕੋਲ ਸਮੁੰਦਰ ਦੀ ਜਾਣਕਾਰੀ ਸੀ। ਲਿਫਟ ਮੱਛ ਲਈ ਨੀਰ ਨਾਲ ਭਰਿਆ ਸੀ। ਹੀਰ ਨੂੰ ਸੂਟ ਰਾਹੀ ਸਾਹ ਲੈਣ ਲਈ ਗੈਸ ਮਿਲਦਾ ਸੀ। ਤੰਦੂਆ ਅਪਣੇ ਅੱਠ ਪਦੇ ਨਾਲ ਜਟਿਲ ਮਸ਼ੀਨਰੀ ਨੂੰ ਚੱਲਾ ਕੇ ਲਿਫਟ ਨੂੰ ਬੇਸ ਤਕ ਲੈ ਜਾਂਦਾ ਸੀ। ਤੰਦੂਆ ਦਾ ਨਾਂ ਜ਼ੀ-ਪੰਜ ਸੀ। ਇੱਦਾਂ ਹੀ ਹੁਣ  ਹੀਰ ਨੂੰ ਲੈ ਜਾ ਰਿਹਾ ਸੀ।ਕਿਉਂਕਿ ਹੀਰ ਨੂੰ ਜ਼ੀ-ਪੰਜ ਅਜੀਬ ਜਾਪਿਆ, ਬਹੁਤਾ ਉਸ ਨਾਲ ਬੋਲੀ ਨਹੀਂ। ਨਾਲੇ ਪੁੱਛਣਾ ਵੀ ਕੀ ਸੀ? ਫਾਇਲ ਤਾਂ ਸਾਰੀ ਪੜ੍ਹੀ ਸੀ। 
ਹੀਰ ਨੂੰ ਫਾਇਲ ਤੋਂ ਪਤਾ ਲੱਗਾ ਕਿ ਸੰਸਾਰ ਦਾ ਹਰ ਖਜਾਨਾ ਆਦਮੀ ਨੇ ਆਪਣੇ ਉੱਤੇ ਖਰਚ ਦਿੱਤਾ ਸੀ। ਦੁਨੀਆ’ਚੋਂ ਹਰੇਕ ਕਿਸਮ ਦਾ ਬਾਲਣ ਵਰਤ ਲਿਆ। ਜੱਗ ਦੇ ਰੁੱਖ, ਕੋਲੇ, ਤੇਲ, ਜਾਨਵਰ ਸਭ ਬੰਦੇ ਦੇ ਸ਼ਿਕਾਰ ਸਨ। ਜਿੱਦਾਂ ਮੱਛਰ ਇਨਸਾਨਾਂ ਦੀਆਂ ਨਾੜਾਂ’ਚੋਂ ਲਹੂ ਚੂਸ ਦਾ, ਉਸ ਤਰ੍ਹਾਂ ਧਰਤੀ’ਚੋਂ ਸਭ ਕੁੱਝ ਇਨਸਾਨਾਂ ਨੇ ਚੂਸ ਲਿਆ। ਬੰਦਾ ਤਾਂ ਜਗ ਲਈ ਇੱਕ ਕਿਸਮ ਦਾ ਪਰਜੀਵ ਸੀ। ਪਰ ਆਦਮੀ ਕੀ ਕਰੇ? ਜੀਉਣ ਦੀ ਲੋੜ ਸੀ। ਇਸ ਕਰਕੇ ਨਵੇਂ ਗੁਪਤ ਖਜਾਨਿਆਂ, ਕਹਿਣ ਦਾ ਮਤਲਬ ਸਾਧਨਾਂ ਦੇ ਭਾਲ ਵਿੱਚ, ਸਮੁੰਦਰ ਦੇ ਡੂੰਘੇ ਡੂੰਘੇ ਪਾਣੀ ਵਿੱਚ ਖੋਜ ਕੱਢਦਾ ਸੀ। ਇਸ ਲਈ ਭਾਰਤ ਨੇ ਪੰਜ ਸਾਇੰਸਦਾਨ ਪਾਣੀ ਦੇ ਹੇਠਾਂ ਭੇਜੇ ਸਨ। 
 
ਪੰਜ ਸਾਇੰਸਦਾਨ ਸਨ, ਪੰਜ ਹੀ ਅਪਣੇ ਥਾਂ ’ਚ ਵਿਸ਼ੇਸ਼ੱਗ। ਕੈਦੋ ਤੇਲ ਨੂੰ ਭਾਲਣ’ਚ ਮਾਹਰ ਸੀ। ਰਾਂਝਾ ਇੰਜੀਨੀਅਰ ਸੀ। ਧਰਤੀ ਦੇ ਔਖੇ ਔਖੇ ਥਾਵਾਂ, ਪਥਰਾਂ’ਚੋਂ ਤੇਲ ਦੀ ਖੁਦਾਈ ਕਰਨ ਜਾਣਦਾ ਸੀ। ਮਿਰਜ਼ਾ ਕੀਮੀਆ-ਰਸਾਇਣ ਪ੍ਰਬੀਨ ਸੀ। ਸਾਹਿਬਾਂ ਡਾਕਟਰ ਸੀ ਅਤੇ ਲੂਣਾ ਜੀਵ ਵਿਗਿਆਨੀ। ਬਹੁਤ ਦੇਰ ਦੀ ਮਿਹਨਤ ਬਾਅਦ ਕੈਦੋ ਨੋ ਨਵਾਂ ਰੀਜ਼ੋਰਸ ਲੱਭ ਗਿਆ ਸੀ, ਜਿਸ ਨੂੰ ਬੰਦਾ ਵਾਰਤ ਸੱਕਦਾ ਸੀ। ਇਸ ਨੋ ਕੈਦੋ ਨੇ ਕਾਲਾ ਪਾਣੀ ਨਾਂ ਦਿੱਤਾ ਸੀ। ਅਧਿਐਨ ਕਰਨਾ ਬਹੁਤ ਔਖਾ ਸੀ, ਪਰ ਕੈਦੋ ਨੇ ਕੋਈ ਰਾਹ ਲੱਭ ਲਿਆ। ਇਸ ਲਈ ਇਨਸਾਨਾਂ ਲਈ ਨਵਾਂ ਮੌਕਾ ਮਿਲਣ ਲੱਗਾ ਸੀ। ਭਾਰਤ ਦੀ ਸਰਕਾਰ ਨੂੰ ਦੁਨੀਆ ਵਿੱਚ ਤਾਕਤ ਮਿਲਣ ਲੱਗੀ ਸੀ। ਸੰਸਾਰ ਲਈ ਬੇ-ਵਸੀਲਾ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਫਾਰਮੂਲਾ ਹੱਥ ਵਿੱਚ ਆ ਗਿਆ ਸੀ। ਇਸ ਦਸ਼ਾ ਵਿੱਚ ਕੈਦੋ ਮਰ ਗਿਆ। ਸਰਕਾਰ ਸ਼ੱਕੀ ਹੋ ਗਈ। ਇਸ ਲਈ ਹੀਰ ਨੂੰ ਬੇਸ ਵਿੱਚ ਭੇਜਿਆ ਸੀ। 
 
ਬੇਸ ਪਾਣੀ ਦੇ ਥੱਲੇ ਕਰਕੇ, ਸਾਰੇ ਸਮੁੰਦਰ ਦਾ ਭਾਰ ਉੱਪਰ ਪੈਂਦਾ ਸੀ। ਇਸ ਕਰਕੇ ਸਮੁੰਦਰੀ ਸੂਟ ਬਣਾਇਆ ਸੀ ਪਾਣੀ ਦੀ ਦਾਬ ਨੂੰ  ਝੱਲਣ ਲਈ। ਹੀਰ ਲਈ ਇੱਕ ਹੋਰ ਜਬਰਦਸਤ ਤਕਲੀਫ ਸੀ। ਡੂੰਘਾ ਡੂੰਘਾ ਪਾਣੀ ਬਹੁਤ ਠੰਢਾ ਸੀ। ਜਿਸਮ ਜਮ ਕੇ ਸਖ਼ਤ ਹੋ ਸੱਕਦਾ ਸੀ। ਲਹੂ ਯਖ ਬਣ ਸੱਕਦਾ ਸੀ। ਇਨਸਾਨ ਡੁੱਬਣ ਤੋਂ ਪਹਿਲਾ ਹੀ ਕੰਬਕੇ ਮਰ ਜਾਂਦਾ। ਇਸ ਕਰਕੇ ਸੂਟ ਮੋਟੇ ਕੱਪੜੇ ਦਾ ਸਿਊਆ ਸੀ। ਬਦਨ ਨੂੰ ਨਿੱਘਾ ਰੱਖਦਾ ਸੀ। ਜ਼ੀ-ਪੰਜ ਨੂੰ ਤਾਂ ਫਰਕ ਨਹੀਂ ਸੀ। ਸਮੁੰਦਰ ਤਾਂ ਉਸਦਾ ਸੰਸਾਰ ਸੀ। 
 
ਜ਼ੀ-ਪੰਜ ਨੇ ਲਿਫਟ ਰੋਕ ਦਿੱਤੀ। ਹੀਰ ਇੱਕ ਤਲਾਊ ਵਿੱਚ ਲਹਿਰਾਉਂਦੀ ਸੀ। ਜਦ ਲਿਫਟ ਬੰਦ ਹੋ ਗਈ, ਤੰਦੂਆ ਗਾਇਬ ਹੋਗਿਆ। ਹੁਣ ਹੀਰ ਦੇ ਪਿੰਡੇ ਨੂੰ ਦਾਬ ਨਾਲ ਅਨੂਕੂਲ ਕਰਨ, ਤਲਾਅ ਖ਼ਾਲੀ ਹੋਦਗਿਆ। ਜਦ ਸਾਰਾ ਜਲ ਨਿਚੋੜ ਗਿਆ, ਹੀਰ ਨੇ ਅਪਣਾ ਖੋਦ ਲਾ ਲਿਆ। ਹੁਣ ਤਲਾਅ ਖ਼ਾਲੀ ਸੀ। ਦੂਜੇ ਪਾਸੇ ਕਿਸੇ ਨੇ ਭਾਰੀ ਦਰ ਨੂੰ ਖੋਲ੍ਹਿਆ।  
- ਹੇੱਲੋ-  
* * * * * * * *  
ਹੀਰ ਨੇ ਫਾਇਲ ਫਿਰ ਖੋਲ੍ਹ ਲਈ।  ਕੰਪੂਟਰ ਦੀ ਸਕਰੀਨ ਉੱਤੇ ਸਭ ਦੀਆਂ ਤਸਵੀਰਾਂ ਸਨ। ਕੈਦੋ ਦੀ ਮੌਤ ਵਾਰੇ ਤਫਤੀਸ਼ ਕੀਤੀ ਸੀ। ਹਰੇਕ ਬੇਸ ਦੇ ਮੇਂਬਰ ਨੂੰ  ਇੰਟਰਵਿਊ ਕੀਤਾ ਸੀ। ਹਰੇਕ ਇੰਟਰਵਿਊ ਦਾ ਵਿਡੀਓ ਭਰਿਆ। ਸਾਰਾ ਦਿਨ ਬੀਤ ਗਿਆ ਸੀ। ਹੁਣ ਬੇਸ ਵਿੱਚ ਆਪਣੇ ਸੋਣ ਵਾਲੇ ਕਮਰੇ ਵਿੱਚ ਬਹਿਕੇ  ਤਫਤੀਸ਼ ਨੂੰ ਰਿਵਿਊ ਕਰਦੀ ਸੀ। ਸਕਰੀਨ ਦੇ ਇੱਕ ਪਾਸੇ, ਚੁੱਚਕ ਮਾਂ ਵੱਲ ਵਾਪਸ ਮੁਸਕਾਣ ਦਿੰਦਾ ਸੀ। ਤਸਵੀਰ ਉੱਤੇ ਉਂਗਲੀ ਫੇਰਕੇ, ਉਂਗਲੀ ਨਾਲ ਸਕਰੀਨ ਉੱਤੇ ਸਾਹਿਬਾਂ ਦੀ ਤਸਵੀਰ ਚੁਣੀ। ਵਿਡਿਓ ਚਾਲੂ ਹੋਗਿਆ। ਸਾਹਿਬਾਂ ਬੋਲਣ ਲੱਗ ਪਈ। 
 
- ਦਸ ਮਹੀਨੇ ਪਹਿਲਾ ਕੈਦੋ ਨੂੰ ਕਾਲਾ ਪਾਣੀ ਲੱਭ ਗਿਆ ਸੀ। ਉਸ ਦੀਆਂ ਸੰਪਤੀਆਂ ਨੂੰ ਸਮਝਣ ਕਈ ਨਮੂਨੇ ਲੈਬ ਵਿੱਚ ਪਰਖ ਕੀਤੇ। ਤੇਲ ਵਰਗਾ ਨਹੀਂ ਸੀ। ਪਾਣੀ ਵਰਗਾ ਨਹੀਂ ਸੀ। ਗੂੜ੍ਹਾ ਤੱਤ ਸੀ। ਇੱਥੇ ਤਾਂ ਸਾਨੂੰ ਸੂਰਜ ਤਾਂ ਦਿਸਦਾ ਵੀ ਨਹੀਂ। ਇਸ ਕਰਕੇ ਅਸੀਂ ਕੰਮ’ਚ ਰੁੱਝੇ ਰੰਿਹਦੇ। ਸਮੇਂ ਦਾ ਪਤਾ ਵੀ ਨਈ ਲੱਗਦਾ। ਹਾਰਕੇ ਕੈਦੋ ਸਾਢੇ ਟੀਚਾ ਪੂਰਾ ਕਰਨ ਨੇੜੇ ਆਉਣ ਲੱਗਾ ਸੀ। ਕਹਿਣ ਦਾ ਮਤਲਬ ਕਿਵੇਂ ਕਾਲਾ ਪਾਣੀ ਨਾਲ ਲਾਹੇਵੰਦ ਬਾਲਣ ਬਣਾ ਸੱਕਦੇ। ਫਿਰ ਇੱਕ ਦਮ ਕੈਦੋ ਪਾਗਲ ਹੋਗਿਆ-। 
 
ਸਾਹਿਬਾਂ ਦਾ ਮੁਖੜਾ ਬਹੁਤ ਸੁੰਦਰ ਸੀ। ਬਿੱਲੀਆਂ ਨੈਣਾਂ ਵਾਲੀ ਸੀ ਠੋਡੀ ਤਿੱਖੀ ਸੀ ਰੰਬੀ ਵਾਂਗ। ਨੱਕ ਫੀਨਾ ਸੀ ਤੇ ਮੱਥਾ ਚੌੜਾ। 
 
ਹੀਰ ਨੇ ਵਿਡੀਓ ਬੰਦ ਕਰ ਦਿੱਤਾ। ਹੁਣ ਹੀਰ ਨੇ ਰਾਂਝੇ ਦਾ ਮੂੰਹ ਛੋਹਿਆ। ਰਾਂਝਾ ਬੋਲਣ ਲੱਗ ਗਿਆ।
 
- ਮੈਨੂੰ ਤਾਂ ਕੈਦੋ ਮਾੜਾ ਬੰਦਾ ਲੱਗਦਾ ਸੀ। ਹਮੇਸ਼ਾ ਬਿੰਨਾ ਮਤਲਬ ਤੋਂ ਸਾਨੂੰ ਟੋਕਦਾ ਸੀ। ਅਪਣੇ ਕੰਮ ਨਾਲ ਵਿਆਹਿਆ ਸੀ। ਸੱਚ ਮੁੱਚ ਤਾਂ ਕੁਆਰਾ ਸੀ। ਇਸ ਲਈ ਪ੍ਰੇਮ ਨੂੰ ਨਹੀਂ ਸਮਝਦਾ ਸੀ…-।
 
- ਰਾਂਝਾ ਜੀ ਮੈਂ ਕੈਦੋ ਦੇ ਪ੍ਰੇਮ ਦੇ ਖਿਆਲ ਵਾਰੇ ਨਹੀਂ ਪੁੱਛਿਆ। ਮਰਿਆ ਕਿਵੇਂ? ਮੈਂ ਸੁਣਿਆ ਤੁਸੀਂ ਉਸਦੀ ਲਾਸ਼ ਲੱਭੀ ਸੀ?- ਹੀਰ ਗੱਲ ਰੋਕਦੀ ਦੀ ਆਵਾਜ਼ ਵਿਡੀਓ’ਚੋਂ ਆਈ।
 
- ਸੋਰੀ ਜੀ। ਹਾਂ ਮੈਂ ਲੈਬ’ਚ ਰਾਤ ਦੇ ਗਿਆਰਾਂ ਵਜੇ ਕੁਝ ਲੈਣ ਗਿਆ। ਫ਼ਰਸ਼ ਉੱਤੇ ਪਿਆ ਸੀ। ਉਸਦੇ ਸਰੀਰ ਉੱਪਰ  ਕਾਲਾ ਪਾਣੀ ਚੁੰਬੜਿਆ ਸੀ-
 
- ਰਾਂਝਾ ਜੀ ਪਾਣੀ ਕਿਵੇਂ ਜਿਸਮ ਨੂੰ ਚੁੰਬੜ ਸਕਦਾ?-
 
- ਹੀਰ ਜੀ, ਕਾਲਾ ਪਾਣੀ ਆਮ ਜਲ ਨਹੀਂ ਹੈ। ਤੇਲ ਵਰਗਾ ਵੀ ਨਹੀਂ। ਜਦ ਖ਼ੁਰਦਬੀਨ ਹੇਠ ਦੇਖੀਏ, ਉਸਦੀ ਫਿਤਰਤ ਕੀੜਿਆਂ ਵਰਗੀ ਹੈ-।
 
- ਫਿਰ ਤੁਸੀਂ ਕਹਿੰਦੇ ਕਿ ਪਾਣੀ ਜੀਉਂਦਾ ਹੈ?-
 
- ਨਹੀਂ। ਸਿਰਫ ਵਿਸ਼ੇਸ਼ਤਾਈ ਪਾਣੀ ਤੋਂ ਵਖਰੀ ਹੈ-।
 
- ਜਦ ਲਭਿਆ, ਤੂੰ ਕੀ ਕੀਤਾ?-
 
- ਬੱਸ ਅਲਾਰਮ ਚੱਲਾ ਦਿੱਤਾ-। 
 
ਰਾਂਝੇ ਦਾ ਰੰਗ ਗੋਰਾ ਸੀ। ਨੱਕ ਤਿੱਖਾ ਸੀ। ਅੱਖਾਂ ਕਾਲੀਆਂ ਕਾਲੀਆਂ ਸਨ। ਕਾਂ ਵਾਂਗ। ਹੋਠ ਮੋਟੇ ਸੀ। ਹੀਰ ਨੂੰ ਬਹੁਤ ਸੋਹਣਾ ਲੱਗਦਾ ਸੀ, ਪਰ ਘਬਰਾਉਣ ਵਾਲਾ ਆਦਮੀ ਜਾਪਦਾ ਸੀ। ਹੁਣ ਹੀਰ ਨੇ ਲੂਣਾ ਦਾ ਚਿਹਰਾ ਦੱਬ ਦਿੱਤਾ। 
 
ਲੂਣਾ ਲੰਬੀ ਲੜਕੀ ਸੀ। ਮੂੰਹ ਗੋਲ ਗੋਲ ਸੀ। ਅੱਖਾਂ ਮੋਟੀਆਂ ਅਤੇ ਰੰਗ ਪੱਕਾ।
 
- ਜਦ ਮੈਂ ਲੈਬ ਵਿੱਚ ਆਈ, ਰਾਂਝਾ ਕਾਲੇ ਕਾਲੇ ਪਾਣੀ ਨਾਲ ਲਿਬੜਿਆ ਸੀ। ਭੂੰਝੇ ਕੈਦੋ ਪਿਆ ਸੀ; ਕਾਲੇ ਪਾਣੀ ਵਿੱਚ ਡੁੱਬਿਆ। ਮੈਂ’ਤੇ ਮਿਰਜ਼ਾ ਜੀ ਨਾਲੇ ਨਾਲ ਹੀ ਅੰਦਰ ਪਾਉਂਚੇ। ਪਤਾ ਨਹੀਂ ਕਿਵੇਂ, ਮੇਜ਼ ਤੋਂ ਬੰਸਣ ਬਰਨਰ ਡਿੱਗਿਆ ਸੀ, ਤੇ ਕੈਦੋ ਉੱਪਰ ਅੱਗ ਦੇ ਛਿੱਟੇ ਪਏ। ਬੱਸ ਸਾਰਾ ਸਰੀਰ ਮੱਚ ਗਿਆ ਸੀ। ਮਿਰਜ਼ਾ ਨੇ ਰਾਂਝੇ ਨੂੰ ਪਰੇ ਧੱਕ ਦਿੱਤਾ ਸੀ। ਮੈਂ ਕੈਦੋ ਉੱਪਰ ਅੱਗ ਨੂੰ ਬੁਝਾਉਣ ਵਾਲਾ ਸਪਰੇਅ ਛਿੜਕ ਦਿੱਤਾ। ਪਰ ਕੋਈ ਫੈਦਾ ਨਹੀਂ ਸੀ-। ਲੂਣਾ ਰੋਣ ਲੱਗ ਪਈ। ਜਦ ਅਪਣੇ ਆਪ ਨੂੰ ਸੰਭਾਲ ਲਿਆ, ਹੀਰ ਨੇ ਇੱਕ ਹੋਰ ਸੁਆਲ ਪੁੱਛਿਆ। 
- ਤੈਨੂੰ ਕਿਵੇਂ ਲੱਗਦਾ ਕਿਦਾਂ ਮਰਿਆ?-
 
- ਮੇਰਾ ਤਾਂ ਮਨ ਮੈਨੂੰ ਕਹਿੰਦਾ ਕਿ ਰਾਂਝੇ ਨੇ ਹੀ ਮਾਰਿਆ-
 
- ਕਿਉ?-
 
- ਕਿਉਂਕਿ ਰਾਂਝਾ ਈਰਖਾ ਨਾਲ ਭਰਿਆ ਸੀ। ਕਾਲੇ ਪਾਣੀ ਉੱਤੇ ਅਧਿਐਨ ਕਰਨਾ ਔਖਾ ਸੀ। ਕੈਦੋ   ਖੋਜ ਤੇ ਸਫਲਤਾ ਹਾਸਲ ਕਰਨ ਵਾਲਾ ਸੀ। ਇਨਾਮ ਤਾਂ ਫਿਰ ਕੈਦੋ ਨੂੰ ਮਿਲਣਾ ਸੀ, ਹੈ ਨਾ? ਆਪ ਮਸ਼ਹੂਰ ਹੋਣਾ ਚਾਹੁੰਦਾ ਹੈ-।
 
- ਪਰ ਇਸ ਗੱਲ ਦਾ ਮਤਲਬ ਨਹੀਂ ਬਣਦਾ। ਰਾਂਝਾਂ ਤਾਂ ਇੰਜੀਨੀਅਰ ਹੈ। ਸ਼ਾਇਦ ਪਹਿਲਾ ਪਹੁੰਂਚਿਆ ਕਰਕੇ ਤੈਨੂੰ ਸ਼ੱਕ ਹੈ?-
 
- ਤੁਹਾਡੀ ਮਰਜ਼ੀ ਹੈ ਹੀਰ ਜੀ। ਮੈਂ ਤਾਂ ਅਪਣੇ ਬਿਆਨ ਦੇ ਦਿੱਤਾ ਤੁਹਾਨੂੰ-। 
 
ਹਾਰ ਕੇ ਹੀਰ ਨੇ ਮਿਰਜ਼ੇ ਦੀ ਤਸਵੀਰ ਨੂੰ ਹੱਥ ਲਾਕੇ ਵਿਡੀਓ ਚਾਲੂ ਕੀਤਾ। ਮਿਰਜ਼ਾ ਇੱਕ ਨਿਕਾ ਜਾ ਬੰਦਾ ਸੀ। ਉਕਾਬੀ ਅੱਖਾਂ ਸਨ। ਗੰਜਾ ਸਿਰ। ਭਾਰਾ ਸੀਸ ਸੀ। ਦੇਖਣ’ਚੋਂ ਲੱਗਦਾ ਸੀ ਕਿ ਰੱਬ ਨੇ ਗਲਤੀ ਵਿੱਚ ਕੋਈ ਵੱਡੇ ਪਿੰਡੇ ਵਾਲੇ ਦਾ ਸਿਰ ਇਸ ਬਦਨ ਉੱਪਰ ਰੱਖ ਦਿੱਤਾ। ਜਦ ਮਿਰਜ਼ਾ ਬੋਲਦਾ ਸੀ, ਹੀਰ ਨੂੰ ਇੱਦਾਂ ਲੱਗੇ, ਜਿਵੇਂ ਕੋਈ ਲੱਕੜ ਨੂੰ ਆਰੀ ਨਾਲ ਕੱਟਦਾ ਸੀ। 
- ਭੈਣ ਜੀ, ਰਾਂਝੇ ਨੇ ਤਾਂ ਕੁਝ ਨਹੀਂ ਕੀਤਾ। ਓਹ ਵਿਚਾਰਾ ਤਾਂ ਹਮੇਸ਼ਾ ਅਪਣੀ ਜੁਦਾ ਹੋਈ ਵਹੁਟੀ ਵਾਰੇ ਸੋੱਚਦਾ ਹੈ। ਓਹਨੂੰ ਕੀ ਐ, ਕਿਸ ਦਾ ਨਾਂ ਨੋਬਲ ਪ੍ਰਾਇਜ਼ ਉੱਤੇ ਲਿੱਖਿਆ ਜਾਵੇਂ। ਲੂਣਾ ਐਮੀ ਅਪਣੀ ਮਾਰਦੀ ਰਹਿੰਦੀ ਹੈ-।
 
- ਫਿਰ ਤੇਰੇ ਖਿਆਲ ਵਿੱਚ ਕੀ ਹੋਇਆ?-
 
- ਮੈਂ ਤਾਂ ਹੁਣ ਕੋਈ ਮਹੀਨਿਆਂ ਲਈ ਕਾਲੇ ਪਾਣੀ ਨੂੰ ਮੁਤਾਲਿਆ। ਕੈਦੋ ਮੇਰੀ ਗੱਲ ਮਨਦਾ ਨਹੀਂ ਸੀ। ‘ਤੇ ਤੂੰ ਕਿੱਥੇ ਮੰਨਣਾ ਹੈ? ਤੈਨੂੰ ਤਾਂ ਸਰਕਾਰ ਨੇ ਭੇਜਿਆ। ਸਰਕਾਰ ਤਾਂ  ਆਵਦੇ ਬਾਲਣ ਮਗਰ ਹੈ। ਮੈਨੂੰ ਲੱਗਦਾ ਇਸ ਤਫੀਤਸ਼ ਦਾ ਕੰਮ ਹੈ ਸੱਚ ਨੂੰ ਲੁਕਾਉਣ-।
 
- ਮਿਰਜ਼ਾ ਜੀ, ਤੁਸੀਂ ਇਸ ਗੱਲ’ਚ ਗਲਤ ਹੋ। ਕੈਦੋ ਵਰਗੇ ਆਦਮੀ ਸੌਖੇ ਨਹੀਂ ਲਭਦੇ। ਉਸਦਾ ਥਾਂ ਮੱਲਣਾ ਔਖਾ ਹੈ। ਬੱਸ ਤੁਸੀਂ ਅਪਣੇ ਬਿਆਨ ਦਿਓ-।
 
- ਮੇਰੇ ਖਿਆਲ ਵਿੱਚ- ਮਿਰਜ਼ਾ ਨੇ ਨਾਟਕੀ ਅਸਰ ਲਈ ਗੱਲ ਰੋਕ ਦਿੱਤੀ, ਫਿਰ ਅੱਗੇ ਤੋਰੀ – ਕਾਲਾ ਪਾਣੀ ਨਾਕੇ ਪਾਣੀ ਹੈ, ਨਾਕੇ ਕੋਈ ਤੇਲ। ਕੋਈ ਕਿਸਮ ਦਾ ਜੀਵਨ ਹੈ। ਜੀਵ ਹੈ। ਮੈਂ ਤਾਂ ਸੋੱਚਦਾ ਲੋਕ-ਦੇਵ ਤੋਂ ਹੈ। ਅਸੀਂ ਹੱਥ ਲਾਇਆ ਕਰਕੇ ਗੁੱਸੇ ਵਿੱਚ ਆਪਨੂੰ ਬਚਾਉਣ ਕੈਦੋ ਨੂੰ ਕਤਲ ਕਰ ਦਿੱਤਾ। ਸਾਨੂੰ ਇੱਥੋਂ ਜਾਣਾ ਚਾਹੀਦਾ। ਮੈਂ ਕਹਿੰਦਾ ਕਿਸੇ ਹੋਰ ਨੂੰ ਮਾਰ ਦੇਣਾ, ਇਸ “ਕਾਲੇ ਪਾਣੀ” ਨੇ। ਮੈਂ ਪਾਗਲ ਨਹੀਂ ਹੈ, ਭੈਣ ਜੀ। ਆਪ ਖ਼ਰਦਬੀਨ ਦੇ ਥੱਲੇ ਰੱਖ ਕੇ ਦੇੱਖੋਂ। ਪਾਣੀ ਜੀਉਂਦਾ ਹੈ। ਅਸੀਂ ਇਸ ਜੀਵ ਨੂੰ ਟੇਸਟ ਟੇਸੇ ਕਰਕੇ ਪੀੜ ਦਿੱਤੀ। ਹੁਣ ਬਦਲਾ ਲੈਣ ਲੱਗਾ॥ ਆਪਾ ਨੂੰ ਬੇਸ’ਚੋਂ ਦੌੜਣਾ ਚਾਹੀਦਾ। ਪ੍ਰੋਜੇਕਟ ਬੰਦ ਕਰਨਾ ਚਾਹੀਦਾ ਭੈਣ ਜੀ-। 
 
ਹੀਰ ਨੇ ਵਿਡੀਓ ਬੰਦ ਕਰ ਦਿੱਤੇ। ਹੱਥ ਨਾਲ ਅੱਖਾਂ ਮਲੀਆਂ। ਕਿਸ ਥਾਂ’ਤੇ ਪਾਉਂਚ ਗਈ!! ਸਾਰੇ ਪਾਗਲ ਹੋ! ਮੈਂ ਸਵੇਰੇ ਫਿਰ ਇੱਕ ਬਾਰ ਇੰਨ੍ਹਾਂ ਨਾਲ ਗੱਲ ਕਰੂਗੀ। ਨਾਲੇ ਬੇਸ ਦੇ ਮੁਰਦਾਘਰ‘ਚ ਲਾਸ਼ ਦੀ ਜਾਂਚ ਕਰੂਗੀ। ਹੁਣ ਤਾਂ ਨੀਂਦ ਆਉਂਦੀ ਹੈ। 
 
* * * * * 
ਹੀਰ ਨੂੰ ਆਵਾਜ਼ ਸੁਣੀ। ਚੁੱਚਕ ਦੀ ਆਵਾਜ਼। ਸੁਪਣੇ ਲੈਂਦੀ ਹੋਵੇਗੀ। ਪਰ ਆਵਾਜ਼ ਬਹੁਤ ਸਾਫ਼ ਆਉਂਦੀ ਸੀ। ਹੀਰ ਨੇ ਅੱਖਾਂ ਖੋਲ੍ਹੀਆਂ। ਕਮਰੇ ਵਿੱਚ ਹਨੇਰਾ ਸੀ। ਆਵਾਜ਼ ਫਿਰ ਆਈ। ਹੀਰ ਨੇ ਇੱਕ ਬੱਤੀ ਜੱਗਾ ਦਿੱਤੀ। ਇੱਕ ਦਮ ਡਰ ਗਈ। ਡਰ ਗਈ, ਕਿਉਂਕਿ ਸਾਹਮਣੇ ਚੁੱਚਕ ਖੜ੍ਹਾ ਸੀ। ਸਪਣੇ ਵਿੱਚ ਨਹੀਂ। ਐਪਰ ਸਾਹਮਣੇ, ਜੀਉਂਦਾ, ਖਲੋਇਆ ਸੀ। ਇਹ ਤਾਂ ਅਣਹੋਣੀ ਗੱਲ ਹੈ। ਹੀਰ ਨੇ ਨੈਣ ਖੋਲ੍ਹ ਕੇ ਬੰਦ ਕੀਤੇ। ਫਿਰ ਖੋਲ੍ਹੇ। ਹਾਂ, ਚੁੱਚਕ ਅੱਗੇ ਖੜ੍ਹਾ ਸੀ। 
- ਮਾਂ- ਪੁੱਤ ਨੇ ਹੀਰ ਨੂੰ ਬਲਾਇਆ।
 
- ਚੁੱਚਕ ਤੂੰ? ਸੱਚਮੁੱਚ?- ਮਾਂ ਨੇ ਪੁੱਤ ਨੂੰ ਪੁੱਛਿਆ।
 
- ਹਾਂ ਮਾਂ। ਮੈਂ ਹੀ ਹਾਂ- ਚੁੱਚਕ ਨੇ ਉੱਤਰ ਦਿੱਤਾ।
 
- ਹੋ ਨਹੀਂ ਸੱਕਦਾ। ਮੈਨੂੰ ਸੁਪਣਾ ਆਉਂਦਾ ਹੋਵੇਗਾ-।
 
- ਮਾਂ ਤੁਸੀਂ ਤਾਂ ਬੇਡ ਵਿੱਚ ਪੈਏ ਹੋ; ਉੱਠੇ ਹੋ-
 
- ਪੁੱਤ ਆਪਾ ਕਿੱਥੇ ਹਾਂ?-
 
- ਤੁਹਾਡੇ ਬੇਡਰੂਮ ਵਿੱਚ ਮੰਮੀ ਜੀ-
 
- ਨਹੀਂ ਪੁੱਤ, ਹੋ ਨਹੀਂ ਸੱਕਦਾ। ਅਪਣਾ ਘਰ ਨਹੀਂ ਹੈ। ਆਪਾਂ ਤਾਂ ਸਮੁੰਦਰ ਦੇ ਹੇਠਾ ਇੱਕ ਬੇਸ ਵਿੱਚ ਹਾਂ-
 
- ਸੱਚੀ ਮਾਂ?-
 
- ਹਾਂ। ਤੈਨੂੰ ਪਤਾ ਆਪਾਂ ਕਿਵੇਂ ਇੱਥੇ ਪਾਉਂਚੇ?-
 
- ਨਹੀਂ ਮਾਂ-
 
- ਤੂੰ ਕਿਵੇਂ ਪਹੁੰਂਚਿਆ?-
 
- ਪਤਾ ਨਹੀਂ ਮਾਂ ਜੀ- 
ਹੀਰ ਦੀ ਨੀਂਦ ਉੱਡ ਗਈ ਸੀ। ਹੁਣ ਉੱਠ ਕੇ ਬਹਿ ਗਈ। ਚੂੱਚਕ ਸੱਚ ਮੁੱਚ ਅੱਗੇ ਖੜ੍ਹਾ ਸੀ। ਫਿਰ ਤਾਂ ਇਹ ਸੁਪਣਾ ਹੀ ਹੋ ਸੱਕਦਾ। ਸਚਾਈ ਕਿਵੇਂ ਹੋ ਸੱਕਦੀ? ਭਾਵੇਂ ਸੱਚ ਹੈ, ਜਾਂ ਮਨ ਦੀ ਇੱਛਾ ਹੈ, ਹੀਰ ਦਾ ਜੀ ਕਰਦਾ ਸੀ ਪੁੱਤਰ ਨੂੰ ਜੱਫੀ ਪਾਉਣ। ਜੱਫੀ ਪਾਈ। ਸੱਚ ਮੁੱਚ ਮੁੰਡਾ ਹੀ ਸੀ। ਹੀਰ ਦਾ ਮੁੰਡਾ, ਚੁੱਚਕ। ਹੀਰ ਨੂੰ ਰੋਣਾ ਆਗਿਆ। ਜੋਰ ਦੇਣੀ ਅਪਣੇ ਮੁੰਡੇ ਨੂੰ ਘੁੱਟਿਆ। ਰੱਜ ਰੱਜ ਕੇ ਰੋਈ। ਚੁੱਚਕ ਵੀ ਰੋਣ ਲੱਗ ਪਿਆ। 
- ਮੈਨੂੰ ਕਦੀ ਫੇਰ ਨਹੀਂ ਛੱਡਣਾ-। ਹੀਰ ਨੇ ਦੋ ਘੰਟਿਆਂ ਲਈ ਪੁੱਤਰ ਨਾਲ ਗੱਲਾਂ ਬਾਤਾਂ ਕੀਤੀਆਂ। ਫਿਰ ਪੁੱਤ ਮਾਂ ਨਾਲ ਬੇਡ’ਚ ਪੈ ਗਿਆ। ਦੋਨੋਂ ਸੋਣ ਗਏ। ਜਦ ਸਵੇਰਾ ਚੜਿਆ, ਹੀਰ ਨੇ ਨੈਣ ਖੋਲ੍ਹੇ। ਸੁਪਣਾ ਤਾਂ ਰਾਤ ਵਿੱਚ ਗੁੰਮ ਗਿਆ ਸੀ। ਹੀਰ ਨੇ ਆਸ ਪਾਸ ਤੱਕਿਆ। ਹੈਰਾਨ ਹੋ ਗਈ, ਹੀਰ। ਚੁੱਚਕ ਹਾਲੇ ਵੀ ਨਾਲ ਪਿਆ ਸੀ! ਐਪਰ ਇਹ ਤਾਂ ਅਣਹੋਣੀ ਗੱਲ ਹੈ। ਮੁੰਡੇ ਨੂੰ ਹਿੱਲਾਇਆ। ਹੌਲੀ ਹੌਲੀ ਉੱਠ ਗਿਆ।  
 
-ਹਾਂ ਮਾਂ?-। ਪੂਰੀ ਅਣਹੋਣੀ ਗੱਲ ਸੀ। ਹੀਰ ਦੀ ਸੋਚ ਲਈ ਅਸਾਧ ਸੀ; ਤਰਕਹੀਣ ਵੀ ਸੀ। ਜੇ ਸੁਪਣੇ ਵਿੱਚ ਨਹੀਂ ਸੀ, ਫਿਰ ਕੁਝ ਅਜੀਬ ਹੋ ਰਿਹਾ ਸੀ। ਦੂਜਿਆ ਨੂੰ  ਆਖਣਾ ਪਾਊਗਾ। ਹੀਰ ਤਿਆਰ ਹੋ ਗਈ। ਮੁੰਡਾ ਚੁੱਪ ਚਾਪ ਬੈਠਾ ਸੀ। ਹੀਰ ਨੇ ਉਹਨੂੰ ਇੱਕ ਗੁਟਕਾ ਫੜਾਇਆ।- ਐ ਪੜ੍ਹ। ਪੁੱਤ ਤੈਨੂੰ ਕੋਈ ਯਾਦ ਹੈ, ਤੂੰ ਪਹਿਲਾ ਕਿੱਥੇ ਸੀ?- ਮੁੰਡੇ ਨੂੰ ਪਤਾ ਨਹੀਂ ਸੀ। ਸਿਰਫ਼ ਇਨ੍ਹਾ ਪਤਾ ਸੀ, ਕਿ “ ਮੈਂ ਮਾਂ ਨੂੰ ਪਿਆਰ ਕਰਦਾ”।- ਅੱਛਾ ਪੁੱਤ, ਤੂੰ ਇੱਥੇ ਹੀ ਰਹਿ। ਮੈਂ ਮੁਰਦਾਘਰ ਜਾਣਾ ਕਿਸੇ ਦੀ ਲਾਸ਼ ਵੇੱਖਣ। ਤੂੰ ਇਸ ਕਮਰੇ’ਚੋਂ ਬਾਹਰ ਨਹੀਂ ਜਾਣਾ। ਅੱਛਾ?- 
 
- ਅੱਛਾ-। ਹੀਰ ਬੇਟੇ ਨੂੰ ਕਮਰੇ ਵਿੱਚ ਛੱਡਕੇ ਬਾਹਰ ਖਲੋਈ।ਉਸਨੂੰ ਹਾਲੇ ਵੀ ਲੱਗਦਾ ਸੀ ਕਿ ਸੁਪਣਾ ਸੀ। ਭਾਵਨਾ ਦਾ ਟੁਕੜਾ ਸੀ। ਕਲਪਨਾ ਦੀ ਚਾਲ। ਚੁੱਚਕ ਤਾਂ ਹੋ ਨਹੀਂ ਸੱਕਦਾ। 
ਹੀਰ ਨੇ ਸਾਹਿਬਾਂ ਨਾਲ ਗੱਲ ਕਰਨੀ ਸੀ ਪੜਤਾਲ ਦੇ ਬਾਰੇ। ਪਰ ਹੁਣ ਝਿਜਕ ਦੀ ਸੀ ਉਸਨੂੰ ਕੈਦੋ ਬਾਰੇ ਆਖਣ। ਹੀਰ ਨੇ ਸੋਚਿਆ ਮੈਨੂੰ ਆਉਣਾ ਨਹੀਂ ਸੀ ਚਾਹੀਦਾ। ਕੀ ਪਤਾ ਮਨ ਵਿੱਚ ਚੁੱਚਕ ਨੂੰ ਇੰਨ੍ਹਾਂ ਡੂੰਘੀ ਥਾਂ ਰੱਖਿਆ ਸੀ, ਕਿ ਹੋਰ ਕੁਝ ਬਾਰੇ ਸੋੱਚ ਨਹੀਂ ਸੱਕਦੀ। ਹੀਰ ਵਿਚਾਰਵਾਨ ਸੀ। ਚੁੱਚਕ ਉਸਦੇ ਕਮਰੇ ਵਿੱਚ ਨਹੀਂ ਹੋ ਸੱਕਦਾ ਹੈ। ਹੀਰ ਜਾਦੂ ਜੁੱਦੂ’ਚ ਵੀ ਨਹੀਂ ਮੰਨਦੀ ਸੀ। ਕੋਈ ਤਰਕ ਵਿਆਖਿਆ ਹੋਵੇਗੀ। ਹੀਰ ਨੇ ਕਮਰੇ ਦਾ ਤਾਲਾ ਲਾ ਦਿੱਤਾ। ਜੇ ਸੱਚ ਮੁੱਚ ਪੁੱਤਰ ਜੀਉਂਦਾ ਸੀ, ਜਾਂ ਉਸਦਾ ਦਿੱਟੋ ਕਾਪੀ ਸੀ, ਦੂਜਿਆਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਸੀ। ਹੀਰ ਨੇ ਆਪਣਾ ਪਾਗਲਪਣ ਕਮਰੇ ਵਿੱਚ ਛੱਪਾ ਕੇ ਰਹਿਣ ਦਿੱਤਾ। ਜੇ ਸੱਚ ਮੁੱਚ ਸੋਚ ਹੀ ਸੀ, ਕੀ ਪਤਾ ਹੁਣ ਵੀ ਰਸਤੇ ’ਚ ਮਿਲ ਜਾਣਾ ਸੀ? 
ਹੀਰ ਕੇਸ ਵਾਰੇ ਸੋੱਚਣ ਲੱਗ ਪਈ। ਆਹੋ! ਕੇਸ ਬਾਰੇ ਸੋੱਚ ਕੁੜੀਏ! ਤੂੰ ਆਈ ਹੀ ਇੱਥੇ ਤਫੀਤਸ਼ ਕਰਨ, ‘ਤੇ ਚੁੱਚਕ ਨੂੰ ਕੋਈ ਮਨ ਦੇ ਡੂੰਘੇ ਖੁੂੰਜੇ’ਚ ਲੁਕਾ।ਕੰਮ ਵਿੱਚ ਰੁੱਝ। ਅੱਛਾ ਹੁਣ ਤਕ ਕੀ ਪਤਾ ਕੀਤਾ? ਹਾਂ, ਰਾਂਝਾ ਅਪਣੇ ਵਹੁਟੀ ਨੂੰ ਬਹੁਤ ਮਿਸ ਕਰਦਾ ਹੈ। ਜਿੱਦਾਂ ਚੁੱਚਕ ਰੱਬ ਕੋਲ ਚੱਲੇ ਗਿਆ ( ਕਿਥੇ! ਓਹ ਤਾਂ ਮੇਰੇ ਕਮਰੇ’ਚ ਹੈ! ਬੱਸ ਹਟ ਜਾ ਇਸ ਬਾਰੇ ਸੋੱਚਣ!), ਇੱਦਾਂ ਹੀ ਵਿਚਾਰੇ ਦੀ ਪਤਨੀ ਨਾਲ ਕੁਝ ਹੋਇਆ ਹੋਵੇਗਾ। ਮਿਰਜ਼ੇ ਨੇ ਇਹ ਹੀ ਕਿਹਾ ਸੀ ਨਾ? “ਜੁਦਾ ਹੋਈ ਵਹੁਟੀ ਵਾਰੇ ਸੋੱਚਦਾ ਹੈ”। ਨਹੀਂ ਤਾਂ ਉਸਦੀ ਤੀਵੀ ਘਰ ਛੱਡ ਗਈ ਸੀ? ਮਿਰਜ਼ੇ ਨੂੰ ਲੱਗਦਾ ਕਿ ਕਾਲਾ ਪਾਣੀ ਸਜੀਵ ਹੋ ਸਕਦਾ। ਇਸਦਾ ਕੀ ਮਤਲਬ ਹੈ? ਕਿ ਬਦਲੇ ਵਿੱਚ ਪਾਣੀ ਨੇ ਕੈਦੋ ਨੂੰ ਮਾਰਿਆ? ਕਿ ਸਰਕਾਰ ਨੇ ਕਿਸੇ ਜੀਉਂਦੀ ਚੀਜ਼ ਨੂੰ ਬਾਲਣ ਬਣਾਉਣ ਦੀ ਕੋਸ਼ਸ਼ ਕੀਤੀ? ਸਭ ਤੋਂ ਤਰਕਸ਼ੀਲ ਬਿਆਨ ਲੂਣਾ ਦਾ ਸੀ। ਸਾਇੰਸਦਾਨ ਅਤੇ ਇੰਜੀਨੀਅਰ ਨੇ ਲਭਤ ਉੱਪਰ ਝਗੜਾ ਕੀਤਾ; ਕੈਦੋ ਮਰ ਗਿਆ। ਸਭ ਤੋਂ ਤਰਕ ਵਾਲਾ ਵਿਚਾਰ ਇਹ ਹੀ ਸੀ। ਪਰ ਸਬੂਤ ਚਾਹੀਦਾ ਸੀ। ਮੈਂ ਇਨ੍ਹਾਂ ਨੂੰ ਪਾਗਲ ਸਮਝ ਦੀ ਸੀ। ਪਰ ਮੈਨੂੰ ਹੁਣ ਚੁੱਚਕ ਜੀਉਂਦਾ ਦਿੱਸਦਾ! ਮੈਂ ਵੀ ਫਿਰ ਕਮਲੀ ਹੈ! ਕੇਸ’ਤੇ ਵਾਪਸ ਆ! ਰਾਂਝਾ ਘਟਨਾ ਸਥੱਲ ਤੇ ਸਭ ਤੋਂ ਪਹਿਲਾ ਪਹੁੰਚਿਆ ਸੀ। 
 
ਸਾਹਿਬਾਂ ਨੂੰ ਹੀਰ ਮੁਰਦਾਘਰ ਵਿੱਚ ਮਿੱਲੀ। ਕਮਰਾ ਲੋਹੇ ਦਾ ਬਣਾਇਆ ਸੀ। ਇੱਕ ਪਾਸੇ ਨਿਕੇ ਨਿਕੇ ਚੌਰਸ ਰੂਪ ਵਿੱਚ ਬੂਹੇ ਸਨ। ਇੱਕ ਨੂੰ ਸਾਹਿਬਾਂ ਨੇ ਖਿੱਚਿਆ। ਬੇਕਪੜੇ ਲਾਸ਼ ਨੀਲੀ ਹੋਈ ਸੀ।ਬੂਹਿਆਂ ਪਿੱਛੇ ਫਰਿਜ ਸੀ। ਠੰਢ ਨੇ ਕੈਦੋ ਨੂੰ ਖਰਾਬ ਹੋਣ ਤੋ ਬਚਾਕੇ ਰੁੱਖਆ ਸੀ। ਇਸ ਲਈ ਲੋਥ ਮੁਸ਼ਕ ਨਹੀਂ ਮਾਰਦੀ ਸੀ। ਜਿੱਥੇ ਕਾਲਾ ਪਾਣੀ ਲੱਗਿਆ ਸੀ, ਦਾਗ਼ ਸਨ। ਦੋਨਾਂ ਜਨਾਨੀਆਂ ਨੇ ਹਰੇਕ ਇੰਚ ਨੂੰ ਧਿਆਨ ਨਾਲ ਹੌਲੀ ਹੌਲੀ ਪੜਤਾਲਿਆ। 
 
- ਤੇਰਾ ਕੀ ਖਿਆਲ ਏ?- ਸਾਹਿਬਾਂ ਨੇ ਹੀਰ ਨੂੰ ਆਖਿਆ।
 
- ਮੈਂ ਚਮੜੀ ਦਾ ਇੱਕ ਟੁਕੜਾ ਛਿਲਣ ਲੱਗੀ ਹਾਂ। ਖ਼ਰਦਬੀਨ ਦੀ ਅੱਖ ਥੱਲੇ ਪੜਤਾਲ ਕਰੀਏ। ਕਤਲ ਦੀ ਹਾਲੇ ਸਬੂਤ ਨਹੀਂ। ਹਾਲੇ ਤਾਂ ਹਾਦਸਾ  ਹੀ ਲੱਗਦਾ। ਇਹ ਲੈ। ਨਾਲੇ ਤੁਹਾਡੇ ਸਲਾਮਤੀ ਕੈਮਰਿਆਂ ਨੇ ਜਰੂਰ ਲੈਬ ਦੀ ਰਿਕਾਰਡਿੰਗ ਕੀਤੀ ਹੋਵੇਗੀ? ਸਾਰੀਆਂ ਡਿਸਕਾਂ ਜਿਸ ਉਸ ਰਾਤ ਭਰੀਆਂ, ਮੈਂ ਵੇੱਖਣੀਆਂ- 
- ਅੱਛਾ-
 
- ਸਾਹਿਬਾਂ ਮੇਰੀ ਗੱਲ ਦਾ ਗਲਤ ਪਾਸੇ ਨਾ ਲਈ, ਪਰ ਇਸ ਥਾਂ’ਚ ਰਹਿਕੇ ਬੰਦਾ ਪਾਗਲ ਹੋ ਸੱਕਦਾ, ਹੈ ਨਾ?-
 
- ਹਾਂ। ਸਾਡੇ ਬਿਆਨ ਤੈਨੂੰ ਅਜੀਬ ਲੱਗਦੇ ਹੋਣਗੇ? ਮੇਰਾ ਖਿਆਲ ਹੈ ਕਿ ਜਦ ਇਨਸਾਨ ਇਸ ਤਰ੍ਹਾਂ ਸਮੁੰਦਰ ਦੇ ਥੱਲੇ ਬੇਸ’ਚ ਰਹਿੰਦਾ, (ਓਹ ਵੀ ਬਹੁਤ ਘੱਟ ਜਨਤਾ ਨਾਲ) ਬੰਦਾ ਉਈਂ ਪਾਗਲ ਹੋ ਜਾਂਦਾ। ਨਾਲੇ ਸਾਢੇ ਸੀਸਾਂ ਉੱਪਰ ਸਾਰਾ ਸਮੁੰਦਰ ਦਾ ਭਾਰ ਵੀ ਹੈ। ਲੋਕ ਨੂੰ ਛਾਇਆ ਪੈ ਜਾਂਦੀ ਹੈ। ਕਹਿਣ ਦਾ ਮਤਲਬ ਚਿੱਤ ਵਿੱਚ ਗਲਤ ਵਿਚਾਰ ਬਹਿ ਜਾਂਦਾ। ਕਈਆਂ ਨੂੰ ਇੱਕ ਦਮ। ਕਈਆਂ ਨੂੰ  ਚਿਰ ਬਾਅਦ-।
 
- ਅੱਖਾਂ ਦਾ ਧੋਖਾ, ਵਹਿਮ? ਇੱਕ ਦਮ?- ਹੀਰ ਨੋ ਚੈਨ ਆਗਿਆ, ਕਿ ਕੀ ਪਤਾ ਇਸ ਕਰਕੇ ਉਸਨੂੰ ਚੁੱਚਕ ਜੀਉਂਦਾ ਜਾਪਦਾ ਹੈ।
 
- ਆਹੋ। ਇੱਥੇ ਅਸੀਂ ਕੱਲੇ ਹਾਂ। ਤਾਂ ਹੀ ਰਾਂਝੇ ਨੂੰ ਉਸਦੀ ਵਹੁਟੀ ਚੇਤੇ ਆਈ ਜਾਂਦੀ ਹੈ। ਤਾਂ ਹੀ ਮਿਰਜ਼ਾ ਕਾਲੇ ਪਾਣੀ ਨੂੰ ਜੀਉਂਦਾ ਜੀਵ ਸਮਝਦਾ-।
 
-‘ਤੇ ਤਾਂ ਹੀ ਲੂਣਾ ਨੂੰ ਲੱਗਦਾ ਕਿ ਰਾਂਝੇ ਨੇ ਮਾਰਿਆ? ਡਿਸਕਾਂ ਨੇ ਸਭ ਦੇਖਾ ਦੇਣਾ। ਰਾਂਝਾ ਹਮੇਸ਼ਾ ਅਪਣੀ ਵਹੁਟੀ ਬਾਰੇ ਸੋੱਚਦਾ; ਕੀ ਤਲਾਕ ਹੋਗਿਆ? ਮਿਰਜ਼ਾ ਦੱਸਦਾ ਸੀ ਕਿ ਜੁਦਾ ਹੋ ਗਏ-।
 
-ਹਾਂ ਤਲਾਕ। ਰਾਂਝਾ ਦੇ ਦੋ ਮੁੰਡੇ ਹਨ। ਮਾਂ ਨਾਲ ਗਏ-।
 
- ਪਰ ਰਾਂਝਾ ਤਾਂ ਜਿੱਦਾਂ ਪਤਨੀ ਬਾਰੇ ਬੋਲਦਾ, ਮੈਂ ਸੋਚਿਆ ਬਹੁਤ ਪ੍ਰੇਮ ਕਰਦਾ?-
 
- ਆਹੋ। ਕਿਹਾ ਨਾ ਕਿ ਬੇਸ’ਚ ਆਦਮੀ ਇਕੱਲਾ ਹੋ ਜਾਂਦਾ? ਬੱਸ। ਪਰ ਸੱਚ ਹੈ ਕਿ ਘਰਵਾਲੀ ਦਾ ਹੋਰ ਕਿਸੇ ਨਾਲ ਸਿਲਸਲਾ ਹੋਇਆ-।
 
- ਅੱਛਾ! ਫੜ ਹੋ ਗਈ-
 
- ਹੋਰ! ਤਾਂ ਤਾ ਤਲਾਕ ਹੋਇਆ। ਵਿਚਾਰਾ ਤਾਂ ਹਾਲੇ ਵੀ ਤੀਵੀ ਨੂੰ ਪਿਆਰ ਕਰਦਾ-।
 
- ਫਿਰ ਲੂਣਾ ਦੀ ਸ਼ੱਕ ਗਲਤ ਹੈ-।
 
- ਸ਼ਾਇਦ-।
 
- ਅੱਛਾ, ਤੂੰ ਹੁਣ ਕਾਲਾ ਪਾਣੀ ਦਾ ਪਤਾ ਕਰ। ਮੈਂ ਵਿਡੀਓ ਵੇੱਖ ਦੀ ਹੈ-
 
- ਤੇਰੇ ਕਮਰੇ ਭੇਜ ਦੇਵਾਗੀ-
 
- ਨਹੀਂ। ਮੈਨੂੰ ਕੋਂਟਰੋਲ-ਰੂਮ’ਚ ਭੇਜ ਦੀ। ੳੁੱਥੇ ਮੈਂ ਦੱੇਖ ਲਾਵਾਗੀ-।
 
- ਠੀਕ ਏ-।
 
* * * * *
ਹੀਰ ਦਾ ਚਿਤ ਨਹੀਂ ਕਰਦਾ ਸੀ ਅਪਣੇ ਕਮਰੇ ਵਾਪਸ ਜਾਣ ਨੂੰ। ਕੀ ਪਤਾ ਚੁੱਚਕ ਸਿਰਫ਼ ਮਨ ਵਿੱਚ ਹੀ ਸੀ? ਕੀ ਪਤਾ ਹੀਰ ਉਲਟੇ ਰਾਹ ਪੈ ਗਈ? ਕੀ ਪਤਾ। ਇਸ ਲਈ ਕੋਨਟਰੋਲ-ਰੂਮ’ਚ ਟੀ ਵੀ ਸਾਹਮਣੇ ਬਹਿ ਗਈ ਸੀ। ਡੂੰਘੇ ਸਮੁੰਦਰ ਦੇ ਹੇਠਾ ਕੋਈ ਸਿਗਨਲ ਨਹੀਂ ਸੀ ਸਾਫ਼ ਆ ਸੱਕਦਾ। ਉੱਪਰ ਵਾਪਸ ਜਾਕੇ ਸਰਕਾਰ ਨਾਲ ਗੱਲ ਕਰਨੀ ਪਵੇਗੀ। ਉੱਪਰ ਜਾਕੇ ਆਮ ਟੀ ਵੀ ਚਂੈਨਲ  ਦੇੱਖਣੇ ਪੈਣੇ ਸੀ। ਦਰ ਖੁਲ੍ਹਿਆ। 
 
ਇੱਕ ਕਲਦਾਰ ਅੰਦਰ ਆਇਆ। ਲੰਭਾ ਕੱਦ ਦਾ ਸੀ। ਚਾਂਦੀ ਰੰਗ ਦਾ ਸੀ। ਪਹਿਲਾ ਤਾਂ ਹੀਰ ਵੇੱਖ ਕੇ ਹੈਰਾਨ ਹੋ ਗਈ। ਫਿਰ ਸੋੱਚਿਆ – ਇਸ ਵਿੱਚ ਕੀ ਅਜੀਬ ਹੈ? ਰਣਜੀਤਪੁਰ ਤਾਂ ਕਲਦਾਰਾਂ ਨਾਲ ਭਰਿਆ ਪਿਆ ਸੀ-। ਕਲਦਾਰ ਨੇ ਹੀਰ ਨੂੰ ਡਿਸਕ ਦੇ ਦਿੱਤੇ। ਕਲਦਾਰ ਦੀ ਛਾਤੀ ਉੱਤੇ ਕੋਈ ਨੰਬਰ ਵਾਲਾ ਬਿੱਲਾ ਲਾਇਆ ਨਹੀਂ ਸੀ। ਇਸ ਤੋਂ ਹੀਰ ਨੇ ਸਿੱਟਾ ਕੱਢਿਆ, ਕਿ ਕਲਦਾਰ ਸਰਕਾਰ ਦਾ ਨਹੀਂ ਸੀ। 
 
- ਕਿਸ ਦਾ ਏ?- ਹੀਰ ਨੇ ਗਿੱਟਿਆਂ ਵਿੱਚ ਮਾਰਿਆ।
 
- ਜੀ, ਮੈਂ ਮਿਰਜ਼ਾ ਸਾਹਿਬ ਦਾ ਹਾਂ-।
 
- ਅੱਛਾ। ਤੂੰ ਜਾ ਸੱਕਦਾ-। ਮਸ਼ੀਨੀ ਮਾਨਵ ਚੱਲੇ ਗਿਆ।  
 
ਹੀਰ ਨੇ ਡਿਸਕ ਵਿਡੀਓ’ਚ ਪਾ ਦਿੱਤਾ। ਰਾਂਝਾ ਦੇ ਲੈਬ ਵਿੱਚ ਅੰਦਰ ਆਉਣ ਤੋਂ ਪਹਿਲੀ ਸੀਨ ਚੁਣੀ। ਫਿਰ ਚੱਲਾ ਦਿੱਤੀ। ਜੋ ਹੀਰ ਨੇ ਵੇੱਖਿਆ, ਦੇੱਖ ਕੇ ਹੈਰਾਨ ਹੋ ਗਈ। ਕਿਸੇ ਨੇ ਡਿਸਕ ਦੇੱਖਿਆ ਹੋਵੇਗਾ? ਲੱਗਦਾ ਕਿਸੇ ਨੇ ਡੈਟਾ ਨਾਲ ਛੇੜਖਾਨੀ ਕੀਤੀ  ਸੀ। ਕਿਉਂ? ਕਿਉਂਕਿ ਫਿਲਮ ਦੇ ਹਿਸਾਬ ਨਾਲ ਕੈਦੋ ਖ਼ੁਰਦਬੀਨ ਨਾਲ ਕਾਲਾ ਪਾਣੀ ਦਾ ਨਮੂਨਾ ਨੂੰ ਘੋਖ ਕਰ ਰਿਹਾ ਸੀ, ਜਦ ਇੱਕ ਹੋਰ ਕੈਦੋ ਅੰਦਰ ਆਗਿਆ। ਦੋਨੋਂ ਝਗੜਾ ਕਰਨ ਲੱਗ ਪਏ। ਫਿਰ ਇੱਕ ਨੇ ਖਿੱਝ ਵਿੱਚ ਦੂਜੇ ਦੇ ਸਿਰ’ਤੇ ਖ਼ੁਦਰਬੀਨ ਮਾਰਿਆ। ਓਹ ਉਸ ਹੀ ਵਕਤ ਭੂੰਝੇ ਡਿੱਗ ਪਿਆ। ਕਾਲਾ ਪਾਣੀ ਉਹਦੇ ਉੱਪਰ ਡੁਲ੍ਹ ਗਿਆ। ਫਿਰ ਖਲੋਇਆ ਹੋਇਆ ਕੈਦੋ ਬਾਹਰ ਤੁਰ ਪਿਆ। ਇਸ ਤੋਂ ਬਾਅਦ ਕਾਲਾ ਪਾਣੀ ਕੋਈ ਨਾਗ ਵਾਂਗ ਕੈਦੋ ਦੇ ਉੱਪਰ ਇਧਰ ਉਧਰ ਹਿੱਲੇ। ਹਾਰਕੇ ਲਾਸ਼ ਉੱਤੇ ਚੁੰਬੜ ਕੇ ਜੰਮ ਗਿਆ। ਫਿਰ ਰਾਂਝਾ ਅੰਦਰ ਆਇਆ। 
ਹੀਰ ਨੂੰ ਤਾਂ ਇਹ ਗੱਲ ਚੁੱਚਕ ਤੋਂ ਵੀ ਅਜੀਬ ਲੱਗੀ। ਫਿਲਮ ਨੂੰ ਮੁੜ ਲਪੇਟ ਕੇ ਬਾਰ ਬਾਰ ਦੇੱਖਿਆ। ਫਿਰ ਅੰਤ’ਤੇ ਜ਼ੰਜੀਰ, ਕਹਿਣ ਦਾ ਮਤਲਬ ਹੋਰਾਂ ਨਾਲ ਬੋਲਣ ਵਾਲੀ ਚੀਜ਼ ਨੂੰ ਦਬ ਕੇ ਸਾਹਿਬਾਂ ਨੂੰ ਬਲਾਇਆ। 
- ਹਾਂ। ਮੈਂ ਆਉਂਦੀ ਏ। ਹਾਲੇ ਮੈਨੂੰ ਕਾਲੇ ਪਾਣੀ ਵਾਰੇ ਪੂਰੀ ਗੱਲ ਨਹੀਂ ਸਮਝਦੀ। ਮੈਂ ਕੈਦੋ ਦੋ ਨੋਟਾਂ ਨੂੰ ਪੜ੍ਹ ਰਹੀ ਹੈ। ਨਾਲੇ ਮਿਰਜ਼ੇ ਦਾ ਸਿਧਾਂਤ-।
 
- ਅੱਛਾ। ਪਰ ਤੂੰ ਇੱਕ ਦਮ ਆ। ਸੱਚ ਕਿੰਨ੍ਹਾਂ ਨੇ ਇਸ ਡਿਸਕ ਨੂੰ ਦੇੱਖਿਆ?-
 
- ਸਿਰਫ਼ ਮਿਰਜਾ ਨੇ-
 
- ਮੈਨੂੰ ਤਾਂ ਇਸ ਵਾਰੇ ਉਨ੍ਹੇ ਕੁਝ ਨਹੀਂ ਕਿਹਾ। ਓਹਨੂੰ ਵੀ ਨਾਲ ਲੈ ਕੇ ਆਈ-
 
- ਠੀਕ ਏ-। 
* * * * * 
ਰਾਂਝੇ ਨੇ ਮੀਚੀਆਂ ਅੱਖਾਂ ਖੋਲੀਆਂ।ਧੜਕਣ ਨੇ ਛਾਲ ਮਾਰੀ। ਕਿਉਂ? ਕਿਉਂਕਿ ਉਸਦੇ ਸਾਹਮਣੇ ਅਣਹੋਣੀ ਗੱਲ ਸੀ। ਓਹ ਭੱਦਰ ਪੁਰਸ਼ ਜੋ ਬਾਥਰੂਮ’ਚ ਖੜ੍ਹਾ ਸੀ, ਸ਼ੀਸ਼ੇ ਦੇ ਅੱਗੇ। ਅਪਣੇ ਰੂਪ ਦਾ ਪਰਛਾਵਾਂ ਸ਼ੀਸ਼ਾ ਵਿੱਚ ਦੇਖਦਾ ਸੀ। ਇੱਕ ਹੋਰ ਰੂਪ ਸੀ, ਲੈਲਾ ਦਾ। ਹੁਣ ਤਾਂ ਜੁਦਾ ਹੋ ਗਏ; ਤਲਾਕ ਵੀ ਹੋਗਿਆ ਸੀ।ਘਰ ਵਾਲੀ ਨੇ ਤਾਂ ਰਾਂਝੇ ਨੂੰ ਛੱਡ ਦਿੱਤਾ ਸੀ। ਪਰ ਉਸਦੀ ਵਹੁਟੀ ਦਾ ਚਿਹਰਾ, ਓਹਦੇ ਵੱਲ ਸ਼ੀਸ਼ੇ’ਚੋਂ ਵਾਪਸ ਝਾਕਦਾ ਸੀ! ਹੋ ਨਹੀਂ ਸੱਕਦਾ! ਓਹ ਤਾਂ ਧਰਤੀ’ਤੇ ਹੈ, ਮੇਰੇ ਲਾਲਾਂ, ਮੇਰੇ ਮੁੰਡਿਆਂ ਨਾਲ! ਰਾਂਝੇ ਨੇ ਫਿਰ ਅੱਖਾਂ ਮੀਚ ਲੀਆਂ। ਹੁਣ ਜਦ ਖੋਲ੍ਹੇਗਾ, ਸਿਰਫ਼ ਰਾਂਝਾ ਹੀ ਵਾਪਸ ਝਾਕਦਾ ਹੋਵੇਗਾ। ਫਿਰ ਵੀ ਨੈਣ ਤਾਂ ਹੋਰ ਹੀ ਗੱਲ ਕਹਿੰਦੇ ਸਨ। ਲੈਲਾ ਹਾਲੇ ਵੀ ਸ਼ੀਸ਼ੇ ਵਿਚ ਖਲੋਤੀ ਸੀ! ਕੀ ਮੈਂ ਪਾਗਲ ਹੋ ਗਿਆ ਹਾਂ? 
* * * * * 
- ਸਾਨੂੰ ਕਿਉਂ ਨਹੀਂ ਦੱਸਿਆ?- ਸਾਹਿਬਾਂ ਨੇ ਮਿਰਜ਼ੇ ਨੂੰ ਆਖਿਆ। ਹੀਰ, ਮਿਰਜ਼ਾ ਅਤੇ ਸਾਹਿਬਾਂ ਕਲਦਾਰ ਨਾਲ ਕੋਂਟਰੋਲ-ਰੂਮ’ਚ ਖੜ੍ਹੇ ਸਨ। ਹੀਰ ਨੇ ਵਿਡੀਓ ਦੂਜਿਆਂ ਨੂੰ ਚੱਲਾ ਕੇ ਦਿੱਖਾ ਦਿੱਤਾ ਸੀ। ਸਾਹਿਬਾਂ ਤਾਂ ਹੈਰਾਨ ਹੋ ਗਈ ਸੀ। ਹੈਰਾਨ ਅਤੇ ਲਾਜੁਆਬ। ਪਰ ਮਿਰਜ਼ਾ ਨਹੀਂ, ਉਹ ਅਵਾਕ ਸੀ।
 
- ਕਿਉਂ ਕਿ ਤੁਸੀਂ ਸਭ ਨੇ ਇਸ ਤਰ੍ਹਾਂ ਹੀ ਕਰਨਾ ਸੀ।ਜਵਾਬੀ ਹਮਲਾ ਕਰਨਾ ਹੀ ਕਰਨਾ ਸੀ ਕਿਉਂਕਿ ਸਭ ਨੇ ਡਰ ਜਾਣਾ ਸੀ। ਇੱਕ ਪਾਸੇ ਜੇ ਮੈਂ ਦਿੱਖਾ ਵੀ ਦਿੱਤਾ ਸੀ, ਲੂਣਾ ਨੇ ਰਾਂਝੇ ਦਾ ਪਿੱਛਾ ਛੱਡ ਦੇਣਾ ਸੀ, ਦੂਜੇ ਪਾਸੇ ਇਸ ਓਪਰੀ ਗੱਲ ਕਿਸਦੇ ਪੱਲੇ ਪੈਣੀ ਸੀ?- ਮਿਰਜ਼ਾ ਨੇ ੳਤੱਰ ਦਿੱਤਾ।
 
- ਸਾਨੂੰ ਸਮਝਾ- ਹੀਰ ਨੇ ਤਲਬ ਕੀਤੀ।
 
- ਮੇਰਾ ਖਿਆਲ ਹਾਲੇ ਵੀ ਹੈ ਕਿ ਕਾਲਾ ਪਾਣੀ ਜੀਉਂਦਾ ਚੇਤਨ ਹੈ। ਤੂੰ ਆਪ ਹੀ ਦੇੱਖਿਆ ਕਿਵੇਂ ਕੈਦੋ ਦੇ ਉਪਰ ਹਿਲਦਾ ਸੀ-।
 
- ਮੈਂ ਦੋ ਕੈਦੋ ਵੇੱਖੇ। ਇਹ ਸਮਝਾ-
 
- ਕੈਦੋ ਦਾ ਇਕ ਭਰਾ ਹੈ। ਐਣ ਦਿੱਟੋ ਕੋਪੀ – ਮਿਰਜ਼ੇ ਨੇ ਦੋਨੋਂ ਨੂੰ ਖ਼ਬਰ ਦਿੱਤੀ।
 
- ਆਹੋ। ਪਰ ਓਹ ਤਾਂ ਉਪਰ ਭਾਰਤ’ਚ ਹੈ। ਸਾਢੇ ਬੇਸ ਨਹੀਂ। ਕੋਈ ਨਹੀਂ ਅੰਦਰ ਆ ਸੱਕਦਾ ਜ਼ੀ-ਪੰਜ ਤੋਂ ਬਿੰਨਾ। ਓਨ੍ਹੇ ਸਾਨੂੰ ਦੱਸ ਦੇਣਾ ਸੀ- ਸਾਹਿਬਾਂ ਨੇ ਖਿੱਝ ਕੇ ਕਿਹਾ।
 
- ਤੁਹਾਨੂੰ ਇੱਕ ਵੇਰਵਾ ਨਹੀਂ ਦਿੱਸਿਆ ਹੋਣਾ? ਜਿਹੜਾ ਕੈਦੋ ਖ਼ਰਦਬੀਨ’ਚ ਕਾਲੇ ਪਾਣੀ ਦੀ ਜਾਂਚ ਕਰ ਰਿਹਾ, ਉਸਨੇ ਚਿੱਟਾ ਲੈਬ ਕੌਟ ਨਹੀਂ ਪਾਇਆ ਹੈ। ਪਰ ਜਿਹੜਾ ਅੰਦਰ ਆਇਆ, ਉਸਨੇ ਚਿੱਟਾ ਲੈਬ ਕੌਟ ਪਾਇਆ – ਮਿਰਜ਼ੇ ਨੇ ਮੁਸਕਾਨ ਨਾਲ ਉਚਾਰਿਆ।
 
- ਹਾਂ! ਲਾਸ਼ ਵਾਲੇ ਕੈਦੋ ਕੋਲ ਲੈਬ ਕੌਟ ਨਹੀਂ ਹੈ!- ਹੀਰ ਨੇ ਜੋਸ਼ ਨਾਲ ਕਿਹਾ, - ਫਿਰ ਅਸਲੀ ਕੈਦੋ ਮਰਿਆ, ਕਿ ਨਕਲੀ? ਅਸਲੀ ਕੈਦੋ ਇਸ ਵੇਲੇ ਕਿੱਥੇ ਹੈ? ਦੋ ਕਿਵੇਂ ਹੋ ਸੱਕਦੇ? ਕੀ ਪਤਾ ਭਰਾ ਇੱਥੇ ਆਇਆ ਸੀ, ਜਾਂ ਇੱਥੇ ਹੋਵੇ?- ਹੀਰ ਨੂੰ ਪਤਾ ਸੀ ਕਿ ਚੁੱਚਕ ਦੀ ਦਿੱਟੋ ਕਾਪੀ ਉਸਦੇ ਕਮਰੇ’ਚ ਸੀ; ਜਿਸ ਕ੍ਰਿਸ਼ਮੇ ਨੇ ਚੁੱਚਕ ਦੀ ਹਕੀਕਤ ਬਣਾਈ, ਉਸ ਚੀਜ਼ ਨੇ ਕੈਦੋ ਦੀ ਵੀ ਕਾਪੀ ਬਣਾਈ ਹੋਵੇਗੀ? ਇਹ ਗੱਲ ਦੂਜਿਆਂ ਦੇ ਸਾਹਮਣੇ ਨਹੀਂ ਖੋਲ੍ਹਣੀ ਚਾਹੀਦੀ। ਹਾਲੇ ਨਹੀਂ, ਪਹਿਲਾ ਦੇੱਖੀਏ ਸਭ ਕਿਉਂ ਹੁੰਦਾ ਹੈ। 
 
- ਇਹ ਸਭ ਤਰਕਹੀਣ ਹੈ- ਸਾਹਿਬਾਂ ਤਾਂ ਅੱਕ ਗਈ ਸੀ, - ਮੈਂ ਪਾਣੀ ਦੀ ਪਰਖ ਕੀਤੀ ਸੀ। ਉਸਦਾ ਨਤੀਜਾ ਚੈੇਕ ਕਰਨ ਲੱਗੀ ਏ-। ਇਹ ਕਹਿ ਕੇ ਚੱਲੀ ਗਈ। ਮਿਰਜ਼ੇ ਨੇ ਅਪਣੇ ਕਲਦਾਰ ਤੋਂ ਸਾਰਾ ਬੇਸ ਸੱਕੈਨ ਕਰਾਇਆ। ਇਨਸਾਨਾਂ ਲਈ। ਹੀਰ ਸਣੇ ਪੰਜ ਹੀ ਹੋਣੇ ਚਾਹੀਦੇ ਸੀ। ਪਰ ਸੱਕੈਨ ਨੇ ਪਹਿਲਾ ਅੱਠਾਂ ਦੀ ਤਸਦੀਕ ਕੀਤੀ। ਫਿਰ ਦਸ ਹੋਰਾਂ ਦੀ । ਦੋਨੋਂ ਹੀਰ ਅਤੇ ਮਿਰਜ਼ਾ ਹੈਰਾਨ ਹੋ ਗਏ। 
 
 
* * * * * 
ਲੂਣਾ ਆਪਣੇ ਕਮਰੇ ਵਿੱਚ ਕੰਮ ਕਰ ਦੀ ਸੀ। ਓਹਦਾ ਚਿੱਤ ਨਹੀਂ ਕੀਤਾ ਬਾਹਰ ਜਾਣ ਨੂੰ, ਕਿਉਂਕਿ ਉਸਨੂੰ ਪਤਾ ਸੀ ਕਿ ਰਾਂਝੇ ਨੂੰ ਸੂਹ ਲਗ ਗਈ ਸੀ ਕਿ ਓਹਨੇ ਪੁਲੀਸ ਵਾਲੀ ਕੋਲ ਰਾਂਝੇ ਉੱਤੇ ਇਲਜ਼ਾਮ ਲਾਇਆ ਸੀ। ਇੰਨ੍ਹੀ ਪੱਕੀ ਸੀ ਕਿ ਰਾਂਝਾ ਹੀ ਦੋਸ਼ੀ ਹੈ, ਕਿ ਕਾਤਲ ਦੇ ਨਾਲ ਕੰਮ ਕਰਨ ਲਈ ਤਿਆਰ  ਨਹੀਂ ਸੀ। ਮਿਰਜ਼ੇ ਨੇ ਚੋਰੀ ਚੋਰੀ  ਲੂਣਾ ਨੂੰ ਦੱਸਿਆ ਸੀ, ਕਿ ਵਿਡੀਓ ਉੱਤੇ ਕੁਝ ਅਜੀਬ ਭਰਿਆ ਸੀ। ਮਿਰਜ਼ੇ ਨੇ ਲੂਣਾ ਨੂੰ ਫਿਲਮ ਨਹੀਂ ਦੇੱਖਾਈ। ਇਸ ਵਜ੍ਹਾ ਕਰਕੇ ਲੂਣਾ ਮੰਨ ਗਈ ਸੀ, ਕਿ ਮਿਰਜ਼ੇ ਦੇ ਦੋਸਤ, ਰਾਂਝੇ ਨੂੰ ਕੈਦੋ ਦਾ ਕਤਲ ਕਰਦਾ ਡਿਸਕ ਵੇੱਖਾਉਂਦਾ ਸੀ। 
 
ਹੀਰ ਨੂੰ ਕੈਦੋ ਦੀ ਲਾਸ਼ ਦੀ ਜਾਂਚ ਕਰਨ ਦੇ। ਵਿਡੀਓ ਦੇੱਖਣ ਦੇ। ਫਿਰ ਲੂਣਾ ਦੀ ਸ਼ੱਕ ਪੱਕੀ ਹੋਜੂਗੀ। ਹੀਰ ਨੇ ਰਾਂਝੇ ਨੂੰ ਗ੍ਰਿਫ਼ਤਾਰ ਕਰਕੇ ਧਰਤੀ’ਤੇ ਲੈ ਜਾਣਾ। ਫਿਰ ਲੂਣਾ ਦੂਜਿਆਂ ਨਾਲ ਸ਼ਾਮਲ ਹੋਜੂਗੀ। ਇਸ ਔਕੜ ਵਿੱਚ ਲੂਣਾ ਕਮਰੇ ਵਿੱਚ ਹੀ ਰਹੀ। 
 
- ਪੁੱਤਰ ਮੈਤੋਂ ਕਰਜ਼ਾ ਨਹੀਂ ਚੁੱਕ ਹੁੰਦਾ-। ਇਸ ਆਵਾਜ਼ ਨੂੰ ਸੁਣਕੇ, ਲੂਣਾ, ਜਿੱਥੇ ਖੜ੍ਹੀ ਖਲੋਈ, ਥਾਂ ਜੰਮ ਗਈ। ਹੋ ਨਹੀਂ ਸੱਕਦਾ! – ਪੁੱਤਰ ਗੱਲ ਤਾਂ ਕਰ-। 
 
ਲੂਣਾ ਹੌਲੀ ਹੌਲੀ ਘੁੰਮੀ। ਸਾਹਮਣੇ ਅਣਹੋਣੀ ਦਸ਼ਾ ਸੀ। ਹੋ ਨੱਹੀ ਸੱਕਦਾ! ਅੱਖਾਂ ਝੂੱਠ ਦੇਖਾਉਂਦੀਆਂ, ਅਤੇ ਕੰਨ ਝੂੱਠ ਬੋਲਦੇ ਸਨ। ਲੂਣਾ ਦੇ ਮੂਹਰੇ ਉਸਦਾ ਪਿਤਾ ਖੜੋਤਾ ਸੀ। ਸਿਰ ਉੱਤੇ ਪੱਗੜੀ ਲਪੇਟੀ ਸੀ। ਖੇਤ ਮਜਦੂਰ ਵਾਲੇ ਕਪੜੇ ਪਾਏ ਸੀ। 
 
- ਸਲਾਹ ਤਾਂ ਦੇ-
 
- ਨਈ! ਤੁਸੀਂ ਤਾਂ ਮਰ ਗਏ! ਹੋ ਨਹੀਂ ਸੱਕਦਾ। ਇੱਥੇ ਕਿਵੇਂ ਹੋ?-
 
- ਕਿੱਥੇ ਪੁੱਤ? ਮੈਂ ਤਾਂ ਹਾਲੇ ਜੀਉਂਦਾ ਹਾਂ। ਪਰ ਇਸ ਕਰਜ਼ੇ ਨੇ ਤਾਂ ਸਾਨੂੰ ਮਾਰ ਦੇਣਾ!-
 
- ਤੁਹਾਨੂੰ ਕੀ ਲਗਦਾ ਅਸੀਂ ਕਿੱਥੇ  ਹਾਂ?-
 
- ਘਰ ਪੁੱਤਰ। ਹੋਰ ਕਿੱਥੇ? ਉਂਝ ਮੈਨੂੰ ਇਸ ਕਮਰੇ ਦੀ ਪਛਾਣ ਨਹੀਂ ਹੈ-
 
- ਆਪਾਂ ਤਾਂ ਪੰਜਾਬ ਨਹੀਂ ਹਾਂ! ਅਸੀਂ ਤਾਂ ਸੁਮੰਦਰ ਦੇ ਹੇਠ ਇੱਕ ਸਰਕਾਰੀ ਬੇਸ’ਚ ਐ!- ਲੂਣਾ ਦੀਆਂ ਅੱਖਾਂ ਭਰ ਗੀਆਂ। ਪਿਤਾ ਜੀ ਹੋ ਨਹੀਂ ਸੱਕਦਾ। ਪਿਤਾ ਜੀ ਨੇ ਤਾਂ ਬਾਰਾਂ ਸਾਲ ਪਹਿਲਾ ਆਤਮ ਹੱਤਿਆ ਕਰ ਲਈ ਸੀ। ਆਪਣੇ ਆਪ ਝੋਨੇ ਦੇ ਗੁਦਾਮ ਵਿਚ ਸ਼ਤੀਰੀ ਨਾਲ ਰੱਸੀ ਬੰਨ ਕੇ ਫਾਹਾ ਲੈ ਲਿਆ  ਸੀ। ਬਾਲਵਾੜੀ ਚਲੀ ਨਹੀਂ। ਕਰਜ਼ਾ ਬਹੁਤ ਚੁੱਕ ਲਿਆ ਸੀ। ਸਿਰਫ਼ ਧੀ ਸੀ, ਓਹ ਵੀ ਵਿਆਹੁਣ ਵਾਲੀ। ਜਿੱਥੇ ਪਿਤਾ ਜੀ ਦਾ ਖੇਤ ਹੁੰਦਾ ਸੀ, ਹੁਣ ਤਾਂ ਮਾਲ ਬਣਾ ਦਿੱਤਾ ਸੀ। ਸਾਰੀ ਜਗ੍ਹਾ ਛੱਤ ਦਿੱਤੀ ਸੀ। ਜੋ ਹੁਣ ਲੂਣਾ ਦੀ ਨਜ਼ਰ ਸਾਹਮਣੇ ਸੀ, ਇਕ ਝੂਠ ਸੀ।ਨਜ਼ਰ ਦਾ ਧੋਖਾ ਸੀ। ਕਲਪਨਾ ਦਾ ਜਾਦੂ ਸੀ। ਲੂਣਾ ਨੇ ਇੱਕ ਦੰਮ ਆਵਾਜਾਈ-ਜੰਤਰ ਨੂੰ ਦਬ ਦਿੱਤਾ। ਦੂਜੇ ਪਾਸੋ ਸਾਹਿਬਾਂ ਦੀ ਆਵਾਜ਼ ਆਈ। 
 
- ਹਾਂ ਵੀ ਲੂਣਾ। ਅੱਜ ਤੂੰ ਕਮਰੇ’ਚੋਂ ਨਿਕਲ ਕੇ ਸਾਢੇ ਨਾਲ ਕੰਮ ਵੀ ਕਰਨਾ ਹੈ?-
 
- ਸਾਹਿਬਾਂ! ਜਲਦੀ ਆਓ! ਕਮਰੇ’ਚ ਭੂਤ ਹੈ! ਕੋਈ ਰਾਖਸ਼ ਹੈ!-
 
- ਸ਼ਾਂਤ ਹੋ! ਸੋਹਣੀਏ! ਭੂਤ ਤਾਂ ਹੁੰਦੇ ਨ੍ਹੀਂ-
 
- ਫਿਰ ਮੇਰੇ ਬਾਪੂ ਦਾ ਰੂਪ’ਚ ਕੋਣ ਮੇਰੇ ਅੱਗੇ ਖੜ੍ਹਾ?- ਆਵਾਜਾਈ-ਜੰਤਰ ਇੱਕ ਪਲ ਲਈ ਚੁੱਪ ਚਾਪ ਹੋਗਿਆ। ਫਿਰ ਸਾਹਿਬਾਂ ਨੇ ਕਿਹਾ – ਅੱਛਾ ਤੂੰ ਇੱਥੇ ਹੀ ਰਹਿ। ਅਸੀਂ ਆਉਂਦੇ ਹਾਂ-।
 
- ਤੂੰ ਕੀ ਕਰਦੀ ਏ ਧੀਏ?- ਘਬਰਾਉਂਦੇ ਬਾਪ ਨੇ ਸਭ ਸੁਣਕੇ ਆਖਿਆ।
 
- ਮੈਤੋਂ ਪਰੇ ਰਹਿ ਦੈਂਤ! ਤੂੰ ਮੇਰਾ ਪਿਉ ਨਹੀਂ ਹੋ ਸਕਦਾ ਹੈ!- ਮੈਂ ਆਪਣੇ ਬਾਬਲ ਨੂੰ ਬਹੁਤ ਪਿਆਰ ਕਰਦ ਿਹਾਂ। 
* * * * * 
ਮਿਰਜ਼ੇ ਦੇ ਕਲਦਾਰ ਕੋਲ ਛਾਤੀ’ਚ ਇੱਕ ਸੱਕੈਂਰ ਸੀ। ਉਸਦੀ ਮਦਦ ਨਾਲ ਅੱਠਾਰਾਂ ਜੀਉਂਦੇ ਜਿਸਮਾਂ ਨੂੰ ਟੋਲ ਸੱਕਦਾ ਸੀ। ਹੀਰ ਅਤੇ ਮਿਰਜ਼ੇ ਨੂੰ ਪਤਾ ਸੀ ਕਿ ਸਿਰਫ਼ ਪੰਜ ਹੋਣੇ ਚਾਹੀਦੇ ਸੀ। ਹੀਰ, ਰਾਂਝਾ, ਮਿਰਜ਼ਾ, ਸਾਹਿਬਾਂ ਅਤੇ ਲੂਣਾ। ਮਨ ਵਿੱਚ ਹੀਰ ਨੂੰ ਸ਼ੱਕ ਸੀ ਕਿ ਸੱਕੈਂਰ ਨੇ ਚੁੱਚਕ ਦਾ ਸਿਗਨਲ ਵੀ ਚੱਕ ਲਿਆ ਸੀ। ਹੋ ਸੱਕਦਾ ਇੱਕ ਦੂਜਾ ਕੈਦੋ ਸੀ। ਪਰ ਅਸੀਂ ਤਾਂ ਸੱਤ ਹੀ ਹਾਂ। ਹੋਰ ਸਾਰੇ ਕੌਣ ਹਨ? ਹੀਰ ਅਤੇ ਮਿਰਜ਼ਾ ਕਲਦਾਰ ਦੇ ਮਗਰ ਗਏ। 
ਕਲਦਾਰ ਨੂੰ ਮਿਰਜ਼ਾ “ ਬੁੱਲ੍ਹਾ” ਸਦੀ ਗਿਆ। ਇਨਸਾਨਾਂ ਵਾਂਗ ਨਾ ਦਿੱਤਾ ਸੀ। ਸਿਰ ਦਾ ਮੂਹਰਲਾ ਪਾਸਾ ਕੱਚ ਦਾ ਬਣਾਇਆ ਸੀ। ਇਸ ਲਈ ਅੰਦਰ ਦਿਮਾਗ਼ ਵਰਗਾ ਕੰਪਿਊਟਰ ਦਿੱਸਦਾ ਸੀ। ਮੁਖ ਦੇ ਗੱਭੇ ਇੱਕ ਕੈਮਰਾ ਲੇਂਜ਼ ਸੀ। ਇਹ ਬੁੱਲ੍ਹਾ ਦਾ ਨੈਣ ਸੀ। ਕੰਧਾਂ ਦੇ ਵਿੱਚੋਂ ਵੀ ਦੇੱਖ ਸੱਕਦਾ ਸੀ। ਇੱਦਾਂ ਲਾਂਘਾ’ਚੋਂ ਲੰਘਕੇ ਉਸ ਥਾਂ ਪਾਉਂਚੇ, ਜਿੱਥੇ ਦਸ ਗਰਮ ਬਦਨਾਂ ਦਾ ਸਿਗਨਲ ਆ ਰਿਹਾ ਸੀ। 
 
- ਇੱਕ ਹੋਰ ਜਿਸਮ ਹੁਣ ਹੈ!- ਮਿਰਜ਼ਾ ਨੇ ਸੱਕੈਂਰ’ਤੇ ਲੂਣਾ ਦੇ ਕਮਰੇ ਵਿੱਚ ਇੱਕ ਦਮ ਨਵਾਂ ਸਿਗਨਲ ਤਾੜ ਲਿਆ। 
ਬੁੱਲ੍ਹਾ ਰੁਕ ਗਿਆ। ਇੱਕ ਫੱਟੀ ਵੱਲ ਉਂਗਲੀ ਵੱਧਾਈ। ਮਿਰਜ਼ੇ ਨੇ ਫੱਟੀ ਪੈਰਾਂ ਨਾਲ ਮਾਰ ਮਾਰਕੇ ਤੋੜ ਦਿੱਤੀ। ਜਦ ਦੂਜਾ ਪਾਸਾ ਵੇੱਖਿਆ, ਹੀਰ ਦਾ ਸਾਹ ਸਾਹ ਵਿੱਚ ਆਗਿਆ। ਨਿੱਕੀ ਜੀ ਕੋਠੜੀ ਸੀ। ਵਿੱਚ ਦਸ ਜੀਉਂਦੇ ਬੰਦੇ ਸਨ। ਪਰ ਅਜੀਬ ਜਿਹੇ ਬੰਦੇ ਸਨ। ਬਹੁਤ ਅਜੀਬ। ਕਿਉਂਕਿ ਦਸ ਮਰਦ ਕੈਦੋ ਸਨ। ਐਣ ਦਿੱਟੋ ਕਾਪੀ! ਮਿਰਜ਼ਾ ਤਾਂ ਚੀਕਣ ਲੱਗ ਪਿਆ। ਸਪੀਕਰ’ਚੋਂ ਸਾਹਿਬਾਂ ਦੀ ਆਵਾਜ਼ ਆਈ। 
 
- ਲੂਣਾ ਨੂੰ ਸਾਡੀ ਲੋੜ ਹੈ ਲੋਕੋਂ!-। 
 
* * * * * 
ਰਾਂਝੇ ਨੇ ਲੈਲਾ ਦੀਆਂ ਗੱਲ੍ਹਾਂ ਛੋਹੀਆਂ। ਉਸਦਾ ਨੱਕ। ਅੱਖਾਂ, ਬੁੱਲ੍ਹਾਂ ਅਤੇ ਠੋਡੀ। ਸੱਚ ਮੁੱਚ ਉਸਦੀ ਪਿਆਰੀ ਸਜਣੀ ਸੀ। ਉਸਦੀ ਹੀਰ। ਇੱਸ ਆਖਰੀ ਸੋਚ ਨੇ ਉਸਦਾ ਧਿਆਨ ਗੁਪਤਚਰ ਹੀਰ ਵੱਲ ਲੈ ਗਈ। ਮਨ ਕਹਿੰਦਾ ਸੀ ਕਿ ਇਸ ਹੀਰ ਲਈ ਕੁਝ ਜਜ਼ਬਾਤ ਸਨ। ਕੁਝ ਹਮਦਰਦੀ ਵੀ। ਇਸ ਸੋਚ ਦਾ ਨਤੀਜੇ ਨੇ ਸੁਆਲ ਪੈਦਾ ਕੀਤਾ। ਹੀਰ ਤਾਂ ਬੇਸ’ਚ ਸੀਗੀ। ਪਰ ਲੈਲਾ ਹੋ ਨਹੀਂ ਸੱਕਦੀ। ਕਲਪਨਾ ਹੋਵੇਗੀ। ਪਰ ਲੈਲਾ ਨੂੰ ਬਹੁਤ ਚਾਹੁੰਦਾ ਸੀ। ਉਸ ਨੋ ਨਾਲ ਲਾ ਲਿਆ। ਘੁੱਟਕੇ ਫੜ ਲਿਆ। 
 
- ਤੁਸੀਂ ਗੁੱਸੇ ਤਾਂ ਨਹੀਂ ਹੋ?- ਲੈਲਾ ਨੇ ਸਵਾਲ ਆਖਿਆ।
 
- ਨਾ। ਕਿਉਂ? ਤੂੰ ਮਸਾ ਮੇਰੇ ਕੋਲ ਵਾਪਸ ਆਈ। ਹੁਣ ਨਹੀਂ ਤੈਨੂੰ ਛੱਡਣਾ। ਹੁਣ ਨਹੀਂ ਤੈਨੂੰ ਜਾਣ ਦੇਣਾ-
 
- ਕੀ ਮੈਂ ਕਿੱਥੇ ਗਈ ਸੀ?-
 
- ਆਹੋ। ਪਰ ਇਹ ਗੱਲਾਂ ਛੱਡ ਰਾਣੀਏ-। ਉੱਤਰ ਦੇਣ ਵਿੱਚ ਲੈਲਾ ਪਰੇ ਹੋ ਗਈ। ਉਸਨੂੰ ਕੁਝ ਯਾਦ ਆਗਿਆ ਸੀ। ਉਸ ਹੀ ਵਕਤ ਫਿਕਰ ਵਿੱਚ ਰਾਂਝਾ ਤਲਾਕ ਵਾਰੇ ਸੋੱਚਦਾ ਸੀ। ਕਿਉਂ ਸੰਬੰਧ ਖਤਮ ਕੀਤਾ? ਸਿਲਸਲਾ ਵਾਰੇ ਵੀ ਸੋੱਚਦਾ ਸੀ। ਲੈਲਾ ਨੇ ਅਰੁਚੀ ਲਾਈ; ਜਿੱਦਾਂ ਰਾਂਝੇ ਦੀਆਂ ਸੋਚਾਂ ਪੜ੍ਹ ਸੱਕਦੀ ਸੀ। ਜਿੱਦਾਂ ਰਾਂਝੇ ਦੀ ਯਾਦਾਸ਼ ਨੇ ਉਸਨੂੰ ਡਰਾ ਦਿੱਤਾ ਸੀ। ਨਹੀਂ, ਸਮਾ ਯਾਦਾਸ਼ ਨੇ ਪਹਿਲੀ ਵਾਰੀ ਲੈਲਾ ਨੂੰ ਦਿੱਖਾਇਆ ਕਿ ਕੀ ਹੋਇਆ ਸੀ। ਕਿ ਜਿੰਨ੍ਹਾ ਮਰਜ਼ੀ ਰਾਂਝਾ ਉਸਨੂੰ ਪਿਆਰ ਕਰਦਾ ਸੀ, ਦਿੱਲ ਵਿੱਚ ਕੋਈ ਡੂੰਘੇ ਥਾਂ ਸਿਲਸਲਾ ਕਰਕੇ ਨਫ਼ਰਤ ਵੀ ਕਰਦਾ ਸੀ। ਕਿ ਲੈਲਾ ਦੋਸ਼ੀ ਸੀ। ਇਹ ਸਭ ਰਾਂਝੇ ਨੂੰ ਵੀ ਮਹਿਸੂਸ  ਹੋਇਆ। ਪਰ ਅਸਲੀ ਪਤਨੀ ਨੂੰ ਤਾਂ ਸਭ ਪਤਾ ਸੀ। ਇਹ ਕੀ ਚੱਕਰ ਸੀ?
 
- ਤੂੰ ਭੂਤ ਹੈ। ਸੱਚ ਨਹੀਂ ਹੈ। ਪਰ ਮੈਂ ਬਹੁਤ ਚਾਹੁੰਦਾ ਹੈ ਤੂੰ ਸੱਚ ਹੋਵੇ। ਮੇਰੇ ਮਨ ਦੇ ਕੋਈ ਖੂੰਜੇ ਤੋਂ ਤੂੰ ਆਈ ਹੈ। ਚਾਹਤ ਦਾ ਪ੍ਰਛਾਵਾਂ ਹੋ-। 
 
ਪਿਆਰ ਦੇ ਥਾਂ ਲੈਲਾ ਹੋਰ ਹੀ ਪਾਸੇ ਚੱਲੀ ਗਈ। ਇੱਕ ਦਮ ਰਾਂਝੇ ਦੇ ਮਨ ਵਿੱਚ ਉਸਦੇ ਵੱਡੇ ਤੋਂ ਵੱਡੇ ਫਿਕਰ ਖੋਹ ਲੈ। ਹੁਣ ਜਹਿਰ ਨਾਲ ਵਾਪਸ ਮਾਰਦੀ ਸੀ। ਰਾਂਝੇ ਦੀ ਜਾਣ ਨਹੀਂ ਸੀ, ਪਰ ਕੋਈ ਨਾਗਣ। 
- ਤੂੰ ਕਿੱਥੇ ਸੱਚਾ ਪਿਆਰ ਮੈਨੂੰ ਕਰਦਾ ਸ? ਕਿੱਥੋਂ? ਆਪਣਾ ਹੀ ਸੋੱਚਿਆ ਹੈ। ਮੇਰ ਲੋੜਾਂ ਦਾ ਸੋੱਚਾਂ? ਨਹੀਂ! ਕਦੇ ਵੀ ਨਹੀਂ! ਸਭ ਕੁਝ ਮੈਂ ਹੀ ਕਰਦੀ ਸੀ! ਮੈਨੂੰ ਤਾਂ ਘਰ ਦਾ ਘੋਰਾ ਬਣਾਕੇ ਰੱਖਿਆ ਸੀ! ਨਿਕੰਮਾ ਵਰ ਹੈ! ਤਾਈ ਨਿਆਣਿਆਂ ਨੂੰ ਲੈ ਗਈ ਸੀ। ਹਾਂ, ਮੈਂ ਹੋਰ ਕਿਸੇ ਨਾਲ ਹਮਬਿਸਤਰਾ ਕੀਤਾ। ਕਿਉਂ ਨਹੀਂ? ਤੂੰ ਤਾਂ ਹਮੇਸ਼ਾ ਆਪਣੇ ਕੰਮ’ਚ ਬਿੱਜ਼ੀ ਸੀ। ਤੇਰਾ ਤਾਂ ਪਿਆਰ ਬੇਕਾਰ ਹੈ। ਤੂੰ ਕਿੱਥੇ ਸੱਚਾ ਸੂਚਾ ਹੈ! ਸਾਫ਼ ਮੈਨੂੰ ਪਤਾ ਤੇਰੀ ਅੱਖ ਤਾਂ ਉਸ ਹੀਰ ਉੱਤੇ ਹੈ। ਮੈਂ ਤਾਂ ਕਦੀ ਨਹੀਂ ਵਾਪਸ ਤੇਰੇ ਕੋਲੇ ਆਉਣਾ!-। 
ਰਾਂਝੇ ਨੂੰ ਇਨ੍ਹਾਂ ਗੁੱਸਾ ਚੜ ਗਿਆ ਕਿ ਬਿਨਾ ਸੋੱਚੇ ਉਨ੍ਹੇ ਲੈਲਾ ਦੇ ਚਪੇੜ ਮਾਰ ਦਿੱਤੀ। ਕੰਧ’ਚੋਂ ਸਾਹਿਬਾਂ ਦੀ ਆਵਾਜ਼ ਆਈ। ਕਹਿਣ ਦਾ ਮਤਲਬ ਸਪੀਕਰ ਵਿੱਚੋਂ। - ਲੂਣਾ ਨੂੰ ਸਾਡੀ ਲੋੜ ਹੈ ਲੋਕੋਂ!-। ਲੈਲਾ ਬਾਥਰੂਮ’ਚੋਂ ਬਾਹਰ ਨੱਸ ਪਈ। ਰਾਂਝਾ ਸੋੱਚਣ ਲੱਗ ਪਿਆ। ਕੀ ਮੈਂ ਐਮੀ ਲੈਲਾ ਦੀਆਂ ਸੋੱਚਾਂ’ਚ ਗੁਮਿਆ ਫਿਰਦਾ? ਓਹ ਤਾਂ ਮੈਨੂੰ ਛੱਡ ਗਈ। ਹੁਣ ਪਿਆਰ ਕਿੱਥੇ ਰਿਹਾ। ਇੱਕ ਪਹੀਆ ਨਾਲ ਗੱਡੀ ਨਹੀਂ ਚੱਲਦੀ। ਨਾਲੇ ਮੇਰੀ ਅੱਖ ਸੱਚ ਮੁੱਚ ਹੀਰ’ਤੇ ਹੁਣ ਲੜ ਗਈ? ਸਾਹਿਬਾਂ ਨੇ ਇੱਕ ਹੋਰ ਵਾਰੀ ਮਦਦ ਲਈ ਆਖਿਆ। ਰਾਂਝਾ ਨੂੰ ਪਤਾ ਸੀ ਕਿ ਲੂਣਾ ਉਸਨੂੰ ਦੋਸ਼ੀ ਸਮਝ ਦੀ ਸੀ। ਫਿਰ ਵੀ ਉਸਦਾ ਕੰਮ ਸੀ ਮਦਦ ਕਰਨ। ਲੂਣਾ ਦੇ ਕਮਰੇ ਜਾਣ ਵਾਲਾ ਰਾਹ ਫੜ ਲਿਆ।
 
* * * * *  
 
ਹੀਰ ਅਤੇ ਮਿਰਜ਼ੇ ਨੂੰ ਪਤਾ ਨਹੀਂ ਲੱਗਿਆ ਕੀ ਕਰਨ। ਦਸ ਕੈਦੋ ਸਨ। ਇਸ ਦਾ ਕੀ ਕਰਨ? ਮਿਰਜ਼ਾ ਗੋਡੇ ਭਾਰ ਡਿੱਗ ਕੇ ਬਾਰ ਬਾਰ ਕਹਿ ਰਿਹਾ ਸੀ – ਰੱਬਾ ਕੀ ਹੋ ਰਿਹਾ? ਖੁਦਾਇਆ ਇਹ ਕੀ ਹੋ ਰਿਹਾ?-। ਹੀਰ ਕੱਟੜ ਨਹੀਂ ਸੀ, ਪਰ ਵਿਵੇਕੀ ਸੀ। 
 
- ਕਿਹੜਾ ਅਸਲੀ ਕੈਦੋ ਹੈ?- ਹੱਥ ਕਿਸੇ ਨੇ ਉਪਰ ਨਹੀਂ ਕੀਤਾ। ਹੀਰ ਨੇ ਹੋਰ ਚਾਲ ਵਰਤੀ – ਕੌਣ ਕੈਦੋ ਦਾ ਵੀਰ ਹੈ?- ਸਾਰਿਆਂ ਨੇ ਹੱਥ ਉਪਰ ਕਰ ਲਏ । - ਅੱਛਾ, ਕੈਦੋ ਨੂੰ ਕਿਹਨੇ ਮਾਰਿਆ? ਤੇ ਕਿਉਂ?- ਕੋਈ ਹੱਥ ਉਪਰ ਨਹੀਂ ਗਿਆ। - ਕਿਹਨ੍ਹੇ ਕੈਦੋ ਦੇ ਭਰਾ ਨੂੰ ਮਾਰਿਆ?- ਸਾਰੇ ਹੱਥ ਉਪਰ ਗਏ। ਫਿਰ ਹੀਰ ਨੂੰ ਚੁੱਚਕ ਦਾ ਦਿੱਟੋ ਯਾਦ ਆਇਆ। ਓਹ ਕਿੱਥੇ ਮੇਰਾ ਸੱਚ ਮੁੱਚ ਦਾ ਪੁੱਤਰ ਹੈ। ਮੈਂ ਤਾਂ ਰਾਤੀ ਕਿਸੇ ਭੂਤ ਨਾਲ ਗੱਲ ਕਰਦੀ ਸੀ। ਇਹ ਵੀ ਇੱਦਾਂ ਦੇ ਹਨ। ਕੀ ਪਤਾ ਕਾਲੇ ਪਾਣੀ ਵਾਰੇ ਮਿਰਜ਼ਾ ਸਹੀ ਹੈ? ਕੀ ਪਤਾ ਹੋਰ ਕੁਝ ਇਸ ਡੂੰਘੇ ਥਾਂ ਵਿੱਚ ਸਾਡੇ ਖਿਆਲਾਂ’ਚੋਂ, ਸਾਡੇ ਪਿਆਰਿਆਂ ਦੇ ਸਾਰ ਨੂੰ ਕਢਕੇ ਅਸਲੀਅਤ ਬਣਾਉਂਦਾ ਹੈ? ਇਹ ਸੰਭਵ ਹੋ ਸੱਕਦਾ?- ਕਿਉਂ ਭਰਾ ਮਾਰਿਆ?-। 
 
ਦਸ ਆਵਾਜ਼ਾਂ ਇੱਕ ਹੀ ਵਾਰੀ, ਇੱਕ ਹੀ ਸੁਰ ਵਿੱਚ, ਬੋਲੀਆਂ। ਦਸਾਂ ਨੇ ਇੱਕ ਹੀ ਗੱਲ ਕਹੀ ਸੀ। 
- ਕਿਉਂਕਿ ਉਸਨੂੰ ਨਸੀਹਤ ਦਿੱਤੀ ਸੀ ਕਿ ਡੁਪਲੀਕੇਟ ਬਣਕੇ ਰੋਜ ਨਾ ਆ। ਆਈ ਗਿਆ-।
 
- ਕਿਉਂ ਆਈ ਗਿਆ?-
 
- ਸਨੇਹਾ ਦੇਣ। ਸਮਝਣ। ਕਿਉਂ ਸਾਡੇ ਬਦਨ ਉੱਤੇ ਡੱਬ ਪਾਉਂਦੇ ਹੋ? ਕਿਉਂ ਸਾਡੇ ਸਰੀਰ’ਤੇ ਤਜਰਬਾ ਕਰਦੇ ਹੋ?-। 
 
ਮਿਰਜ਼ੇ ਤੋਂ ਤਾਂ ਜੋ ਸਾਹਮਣੇ ਸੀਗਾ, ਝੱਲ ਨਹੀਂ ਹੋਇਆ। ਅਪਣੇ ਮਨ ਵਿੱਚ ਕਹਿਣ ਲੱਗ ਗਿਆ – ਸਭ ਗਾਇਬ ਹੋ ਜੋ!- ਫਿਰ ਉੱਚੀ ਦੇਣੇ ਇਸ ਇੱਛਾ ਨੂੰ ਆਵਾਜ਼ ਦੇ ਦਿੱਤੀ। ਹੀਰ ਇੱਕ ਹੋਰ ਸਵਾਲ ਆਖਣ ਹੀ ਲੱਗੀ ਸੀ, ਜਦ ਸੱਚ ਮੁੱਚ ਸਭ ਗਾਇਬ ਹੀ ਹੋ ਗਏ। ਹੀਰ ਨੇ ਇਸ ਜਾਦੂ ਨੂੰ ਵੇੱਖਕੇ ਸੋਚਿਆ – ਸਾਡੀਆਂ ਸੋੱਚਾਂ ਨੂੰ ਕੁਝ ਚੀਜ਼ ਸਚਾਈ ਬਣਾਉਂਦੀ ਹੈ-। ਹੀਰ ਨੰ ਭਾਵ ਆਗਿਆ, ਬਸ ਆ ਹੀ ਗੱਲ ਕੈਦੋ ਨੂੰ ਵੀ ਹੋਈ ਹੋਵੇਗੀ। ਹੁਣ ਦੂਜਿਆਂ ਨਾਲ ਗੱਲ ਕਰਨੀ ਚਾਹੀਦੀ ਹੈ। ਮਿਰਜ਼ੇ ਵੱਲ ਤੱਕਿਆ। ਓਹ ਤਾਂ ਥੱਲੇ ਫਰਸ਼ ਉੱਤੇ ਕੰਬ ਕੇ ਲਗਾਤਾਰ ਅੱਲ੍ਹਾ ਦਾ ਨਾ ਲੈਂਦਾ ਸੀ। ਅੱਖਾਂ ਮੀਚੀਆਂ ਸਨ। ਬੁੱਲ੍ਹੇ ਨੂੰ ਹੀਰ ਨੇ ਹੁਕਮ ਦਿੱਤਾ ਮਿਰਜ਼ੇ ਦੀ ਰਾਖੀ ਕਰੇ। ਆਪ ਲੂਣਾ ਦੇ ਕਮਰੇ ਵੱਲ ਤੁਰ ਪਈ। 
 
ਬੁੱਲ੍ਹਾ ਚੁੱਪ ਚਾਪ ਹੋਕੇ ਅਪਣੇ ਮਾਲਿਕ ਵੱਲ ਦੇੱਖੀ ਗਿਆ।  ਕੋਰਾਨ ਦੇ ਲਫਜ਼ ਹੁਣ ਮਿਰਜ਼ਾ ਬੋਲਦਾ ਸੀ। ਅਪਣੇ ਗੋਡੇ ਛਾਤੀ ਨਾਲ ਲਿਆ ਕੇ ਅੰਗੂਠਾ ਮੂੰਹ ਵਿੱਚ ਪਾ ਲਿਆ। ਇਹ ਸਭ ਬੁੱਲ੍ਹੇ ਨੂੰ ਦੀਂਦਾ ਸੀ। ਪਰ ਜੋ ਸੋਚਾਂ ਮਿਰਜ਼ਾ ਦੇ ਦਿਮਾਗ ਦੇ ਅੰਦਰ ਚੱਲ ਦੀਆਂ ਸਨ, ਬੁੱਲ੍ਹਾ ਨਹੀਂ ਦੇੱਖ ਸੱਕਦਾ ਸੀ। ਕਲਦਾਰ ਲਈ ਮਿਰਜ਼ੇ ਦਾ ਸੀਸ ਬੰਦ ਕਮਰਾ ਸੀ। ਮਿਰਜ਼ੇ ਦੀ ਰੂਹ’ਚ ਕਿਸ ਚੀਜ਼ ਨੇ ਹਮਲਾ ਕੀਤਾ ਸੀ? ਕਿਸ ਚੀਜ਼ ਨੇ ਸੋਚਾਂ ਵਿੱਚ ਚੜ੍ਹਾਈ ਕਰ ਲਈ ਸੀ? 
ਮਿਰਜ਼ੇ ਦੇ ਮਨ ਦੀਆਂ ਅੱਖਾਂ ਨੂੰ ਸਿਰਫ਼ ਸਾਗਰ ਨਜ਼ਰ ਆਉਂਦਾ ਸੀ। ਕੇਵਲ ਸਮੁੰਦਰ। ਪਰ ਡੂੰਘਾ ਸਮੁੰਦਰ ਨਹੀਂ ਸੀ, ਕਿਉਂਕਿ ਪਾਣੀ  ਫਿਕਾ ਸੀ। ਜੇ ਡੂੰਘਾ ਸਮੁੰਦਰ ਸੀ ਫਿਰ ਇਸ ਫਿਕਾ ਰੰਗ ਕੋਈ ਰੋਸਨੀ ਦੇ ਵਜ੍ਹਾ ਹੋ ਸੱਕਦਾ ਹੈ। ਪਰ ਚਾਨਣ ਕਿਥੌਂ ਆਉਂਦਾ ਸੀ? ਫਿਰ ਮਿਰਜ਼ੇ ਨੂੰ ਦੋ ਲੰਮੀਆਂ ਸਫ਼ੈਦ ਲਾਠਾਂ ਦਿੱਸੀਆਂ। ਉਨ੍ਹਾਂ ਦੇ ਉਪਰ ਚਾਰ ਬੁੱਤ ਸਨ  ਉੱਤਰ ਵੱਲ, ਪੂਰਬ ਵੱਲ, ਪੱਛਮ ਵੱਲ, ਦੱਖਣ ਵੱਲ। ਬੁੱਤਾਂ ਗਡਾਲਫਿਨਾਂ ਦੇ ਸਨ। ਕੋਈ ਸ਼ਹਿਰ ਦਾ; ਸੁਮੰਦਰੀ ਸ਼ਹਿਰ ਦਾ ਦਰ ਸੀ। ਪਿੱਛੇ ਮੱਛੀਆਂ ਦਾ ਝੁੰਡ ਤਰੇ। ਪਰ ਥੰਮ੍ਹ ਦੇ ਸਾਹਮਣਾ ਬਹੁਤ ਦੇੱਖਣ ’ਚ ਡਰਾਉਣੀ ਚੀਜ਼ ਸੀ। ਹਰੇ ਰੰਗ ਦਾ ਬੰਦਾ ਸੀ। ਪਰ ਆਦਮੀ ਨਹੀਂ ਸੀ। ਸਿਰ ਉੱਤੇ ਲੋਹੇ ਦਾ ਟੋਪ ਪਾਇਆ ਸੀ, ਜਿਸ ਦੇ ਪਾਸੇ ਖੰਭਾਂ ਵਾਂਗ ਕੰਨ ਸਨ। ਖੰਭਾ ਵਾਂਗ ਨਹੀਂ ਪਰ ਮੱਛੀ ਦੀ ਖੰਭੜੀ ਵਰਗੇ। ਅੱਖਾਂ ਵਿੱਚ ਪੁਤਲੀਆਂ ਨਹੀਂ ਸਨ। ਸਿਰਫ਼ ਪੀਲੇ ਪੀਲੇ ਲੋਇਣ। ਮੁਖ ਇਨਸਾਨਾਂ ਦੇ ਰੂਪ ਵਰਗਾ ਸੀ। ਸੂਰਮੇ ਵਾਂਗ ਤਕੜਾ ਸੀ। ਛਾਤੀ ਚੌੜੀ, ਢਿੱਡ ਦੇ ਪੱਠੇ ਇੱਟਾਂ ਵਾਂਗ। ਪਰ ਲਕ ਦੇ ਹੇਠ ਇਨਸਾਨਾਂ ਵਰਗਾ ਨਹੀਂ ਸੀ। ਲੱਤਾਂ ਦੇ ਥਾਂ ਚਾਰ ਟੋਹ ਸਿੰਗੀਆਂ ਸਨ। ਐਣ ਤੰਦੂਆ ਵਾਂਗ। ਪਰ ਦੇੱਖਣ’ਚ ਤਾਂ ਕੋਈ ਨਾਗ ਦੀਆਂ ਪੂਛਾਂ ਸਨ। ਸੱਜੇ ਹੱਥ ਵਿੱਚ ਤ੍ਰਿਸ਼ੂਲ ਸੀ। ਮਿਰਜ਼ੇ ਨਾਲ ਬੋਲਿਆ ਨਹੀਂ। ਪੀਲ਼ੇ ਨੈਣ ਮਿਰਜ਼ੇ ਦੀ ਜਾਨ ਵਿੱਚ ਗਡ ਕੇ ਤੱਕ ਦੇ ਸਨ। ਫਿਰ ਸਮੁੰਦਰੀ-ਮਾਨਵ ਦਾ ਮੂੰਹ ਖੁਲ੍ਹਾ। ਆਵਾਜ਼ ਨਹੀਂ ਬਾਹਰ ਆਈ। ਸਿਰਫ਼ ਲੰਭੀ ਲਕੀਰ- ਕਾਲੇ ਪਾਣੀ ਦੀ। ਮਿਰਜ਼ੇ ਦੇ ਮੂੰਹ’ਚੋਂ ਲੰਭੀ ਚੀਕ ਨਿਕਲੀ, ਜੋ ਸਾਰੇ ਬੇਸ ਵਿਾਚ  ਗੂੰਜੀ। ਮਿਰਜ਼ੇ ਨੂੰ ਲੱਗੇ ਕਿ ਰੱਬ ਤੋਂ ਇਸ਼ਾਰਾ ਸੀ। ਬੇਸ ਛੱਡਣ ਦਾ।  
 
* * * * * 
ਲੂਣਾ ਨੇ ਬੂਹਾ ਖੋਲ੍ਹ ਦਿੱਤਾ। ਪਹਿਲਾ ਰਾਂਝਾ ਪਾਉਂਚਿਆ, ਫਿਰ ਹੀਰ। ਹਾਰਕੇ ਸਾਹਿਬਾਂ ਅੰਦਰ ਆ ਗਈ ਸੀ। ਤਿੰਨੋਂ ਹੀ ਖਾਮੋਸ਼ੀ’ਚ ਖਲੋਏ। ਓਨ੍ਹਾਂ ਦਆਂਿ ਅੱਖਾਂ ਅੱਗੇ ਜ਼ੰਜੀਰ ਤੋਂ ਲਟਕਦਾ, ਲੂਣਾ ਦਾ ਬਾਪ। ਅਲੋਪ ਹੋਗਿਆ ਸੀ। 
 
- ਤਾਂ ਹੀ ਸੱਕੈਂਰ’ਤੇ 18 ਜਿਸਮ ਸਨ-। ਹੀਰ ਨੇ ਖਾਮੋਸ਼ੀ ਤੋੜੀ।
 
- ਕੀ? ਮੈਂ ਸਮਝੀ ਨਹੀਂ?- ਸਾਹਿਬਾਂ ਨੇ ਉਲਝੀ ਆਵਾਜ਼ ਵਿੱਚ ਕਿਹਾ।
 
- ਦਸ ਕੈਦਂੋ, ਜਾਂ ਉਸਦੇ ਭਰਾ ਲੱਭੇ ਕੰਧ ਪਿੱਛੇ। ਹੁਣ ਏ ਕੌਣ ਹੈ?- ਹੀਰ ਨੇ ਉੱਤਰ ਵਿੱਚ ਪੁੱਛਿਆ।
 
- ਮੇਰਾ ਪਿਤਾ ਜੀ- ਕੰਬਦੀ, ਲੂਣਾ ਨੇ ਹੀਰ ਨੁੰ ਉੱਤਰ ਦਿੱਤਾ।
 
- ਮੇਰੀ ਵਹੁਟੀ ਹੁਣੀ ਮੇਰੇ ਕੋਲ ਸੀ- ਰਾਂਝਾ ਨੇ ਪ੍ਰਗਟ ਕੀਤਾ।
 
- ਇਹ ਸਭ ਤਰਕਹੀਣ ਹੈ। ਹੋ ਨਹੀਂ ਸੱਕਦਾ- ਸਾਹਿਬਾਂ ਅੱਕ ਗਈ ਸੀ
 
- ਸੱਚ ਹੈ ਸਾਹਿਬਾਂ! ਸੱਚ!- ਗੁਸੇ’ਚ ਰਾਂਝਾ ਬੋਲਿਆ। 
 
ਪਹਿਲਾ ਤਾਂ ਹੀਰ ਚੁੱਪ ਰਹੀ। ਲੂਣਾ ਨੂੰ ਸਹਾਰਾ ਦੇਣ ਲਈ ਜੱਫੀ ਪਾਈ ਸੀ। ਫਿਰ ਫੈਸਲਾ ਕਰ ਲਿਆ ਅਪਣੇ ਰਾਜ਼ ਨੂੰ ਸਭ ਦੇ ਸਾਹਮਣੇ ਖੌਲਣ ਦਾ। - ਮੇਰੇ ਕਮਰੇ ਵਿੱਚ ਵੀ ਇੱਕ ਅਣਹੋਣੀ ਹੈ। ਮੇਰਾ ਪੁੱਤ। ਓਹ ਪੁੱਤ, ਜਿਸਨੂੰ ਰੱਬ ਨੇ ਮੈਤੋਂ ਖੋਹ ਲਿਆ ਸੀ-।
 
- ਸਾਨੁੰ ਕਿਉਂ ਨਹੀਂ ਦੱਸਿਆ? – ਸਾਹਿਬਾਂ ਨੇ ਆਖਿਆ।
 
- ਕਿਉਂ ਤਰਕਸ਼ੀਲ ਚੀਜ਼ ਨਈ ਹੇ। ਤੂੰ ਤਾਂ ਮੈਨੂੰ ਪਾਗਲ ਆਖਣਾ ਸੀ। ਪਾਣੀ ਦੇ ਥੱਲੇ ਦਾਬ ਨਹੀਂ ਸਹਾਰ ਸੱਕਦੀ। ਇਹ ਗੱਲ ਹੋਣੀ ਸੀ ਨਾ? ਤੂੰ ਕਾਲੇ ਪਾਣੀ ਨਾਲ ਕਿੱਥੇ ਪਾਉਂਚੀ ਹੈ, ਪੁੱਛਣਾ ਸੀ-।
 
- ਆਹੋ-।
 
- ਮੇਰੇ ਸਾਹਮਣੇ ਮਿਰਜ਼ੇ ਨੇ ਕੈਦੋ ਦੇ ਦੂਪਲੀਕੈਟਾਂ ਨੂੰ ਸੋਚ ਨਾਲ ਮਿਟਾ ਦਿੱਤੇ। ਲੂਣਾ, ਤੇਰਾ ਡੈਡ ਨਹੀਂ ਹੈ। ਜੇ ਆਪਾਂ ਸੋਚੀਏ ਗਾਇਬ ਹੋ, ਮੈਨੂੰ ਲੱਗਦਾ ਸੱਚ ਮੁੱਚ ਗਾਇਬ ਹੋ ਜਾਵੇਗੇ-। ਸਾਰਿਆਂ ਨੇ ਇੱਦਾਂ ਹੀ ਸੋਚਿਆ। ਇੱਕ ਪਲ ਵਿੱਚ ਲੂਣਾ ਦਾ ਪਿਤਾ ਗਾਇਬ ਹੋਗਿਆ। ਜਿੱਥੇ ਲਮਕਦਾ ਸੀ, ਉਸ ਥਾਂ ਹੇਠ ਥੋੜ੍ਹਾ ਜਾ ਕਾਲਾ ਪਾਣੀ ਡੁਲ੍ਹਿਆ ਸੀ। ਹੀਰ ਨੇ ਲੂਣਾ ਨੂੰ ਕਿਹਾ – ਭੈਣੇ, ਰਾਂਝਾ ਬੇਕਸੂਰ ਹੈ। ਲੱਗਦਾ ਮਿਰਜ਼ਾ ਦਾ ਸਿਧਾਂਤ ਸੱਚ ਹੀ ਸੀ। ਹੈ ਨਾ ਸਾਹਿਬਾਂ?-
 
- ਹਾਂਜੀ-।
 
- ਅੱਛਾ, ਤੇਰੀ ਤਫੀਤਸ਼ ਨੇ ਕੀ ਫਰੋਲਿਆ? ਸਾਨੂੰ ਕੀ ਦੱਸ ਸੱਕਦੀ ਹੈ?-
 
- ਪਹਿਲਾ ਤਾਂ ਮੈਂ ਵੀ ਨਹੀਂ ਮੰਨਦੀ ਸੀ, ਪਰ ਸਾਬੂਤ ਦੱਸਦਾ ਕਿ ਕਾਲਾ ਪਾਣੀ, ਪਾਣੀ ਨਹੀਂ ਹੈ। ਜੀਉਂਦਾ ਹੈ। ਕੋਈ ਸਜੀਵ ਹੈ। ਪਰ ਮੈਨੂੰ ਸਮਝ ਨਹੀਂ ਲੱਗਦਾ ਕੈਦੋ ਨੂੰ ਇਹ ਗੱਲ ਸਪਸ਼ਟ ਕਿਉਂ ਨਹੀਂ ਸੀ-।
 
- ਕਿਉਂਕਿ ਮੇਰਾ ਖਿਆਲ ਹੈ, ਕਿ ਅਸਲੀ ਕੈਦੋ ਨੇ ਅਪਣੇ ਭਰਾ ਦੇ ਦਿੱਟੋ ਨੂੰ ਮਾਰਿਆ। ਪਰ ਫਿਰ ਹਰੇਕ ਰਾਤ ਹੋਰ ਆਇਆ। ਹਾਰਕੇ ਦਿੱਟੋ ਨੇ ਕੈਦੋ ਮਾਰ ਦਿੱਤਾ। ਪਰ ਕੀ ਪਤਾ ਦੋਨੋਂ ਜੌੜੇ ਕਰਕੇ, ਕਾਲਾ ਪਾਣੀ ਖੁਦ ਗੱਡ ਮੱਡ ਹੋਗਿਆ? ਇਸ ਲਈ ਰੋਜ ਦਿੱਟੋ ਬਣਾਇਆ ਗਿਆ। ਕਿਸੇ ਹੋਰ ਦਿੱਟੋਆਂ ਨੇ ਮਾਰ ਦਿੱਤੇ, ਕਿਸੇ ਨੂੰ ਉਸ ਫੱਟੀ ਪਿੱਛੇ ਲੁਕੋ ਦਿੱਤਾ। ਤੁਹਾਨੂੰ ਧੋਖਾ ਦੇਣ ਲਈ, ਇੱਕ ਦੋਆਂ ਨੇ  ਦਿਖਾਵਾ ਕੀਤਾ ਕਿ ਓਹ ਕੈਦੋ ਹਨ, ਤਾਕਿ ਹਰੇਕ ਰਾਤ ਤਜਰਬਾ ਕਰਦੇ ਗਏ। ਪਰ ਸੱਚ ਮੁੱਚ ਪਾਣੀ ਨੂੰ ਕੁੱਝ ਨਹੀਂ ਸੀ ਕਰਦੇ-।
 
- ਬਿਲਕੁਲ ਬਕਵਾਸ। ਪੂਰੀ ਮੂਰਖਤਾਈ - ਲੂਣਾ ਨੇ ਕਿਹਾ।
 
- ਭਾਵੇਂ।ਪਰ ਮੈਨੂੰ ਹੋਰ ਕੋਈ  ਵਿਆਖਿਆ ਨਹੀਂ ਸੁੱਝਦੀ-
 
- ਜੇ ਤੇਰਾ ਸਿਧਾਂਤ ਸਹੀ ਹੈ, ਫਿਰ ਤਾਂ ਹਰੇਕ ਰਾਤ ਵਿਡੀਓ ਵਿੱਚ ਕੁਝ ਨਾ ਕੁਝ ਭਰਿਆ ਹੋਵੇਗਾ। ਸਿਰਫ਼ ਉਸ ਰਾਤ ਰਾਂਝਾ ਪਾਉਂਚ ਗਿਆ ਕਰਕੇ ਸਭ ਨੂੰ ਪਤਾ ਲੱਗ ਗਿਆ – ਸਾਹਿਬਾਂ ਨੇ ਆਪਣਾ ਖਿਆਲ ਦੱਸਿਆ।
 
- ਸਭ ਬਕਵਾਸ ਹੈ। ਹੋਰ ਕੋਈ ਭਾਵਨੀ ਨਹੀਂ ਹੈ?- ਲੂਣਾ ਨੂੰ ਹਾਲੇ ਵੀ ਪਿਤਾ ਜੀ ਦੇੱਖਣ ਬਾਅਦ ਘਰਬਾਹਟ ਆਉਂਦੀ ਸੀ।
 
- ਇੱਕ ਹੋਰ ਸਿਧਾਂਤ ਹੈ। ਹੋ ਸੱਕਦਾ ਕਿ ਕਾਲਾ ਪਾਣੀ ਸਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਗਲਤੀ ਨਾਲ ਜੀਉਂਦੀ ਚੀਜ਼ ਨੂੰ ਖਰਾਬ ਕਰ ਰਹੇ ਹਾਂ। ਸਾਡੇ ਨਾਲ ਬੋਲ ਨਹੀਂ ਸੱਕਦਾ। ਖ਼ਬਰ ਦੇਣ ਲਈ ਹੋਰ ਰਾਹ ਲੱਭਿਆ। ਸਾਡੇ ਸੋਚਾਂ’ਚ ਵੜ ਕੇ ਸਾਨੂੰ ਸਮਝਾਉਣਾ ਚਾਹੁੰਦਾ ਹੈ। ਇਸ ਰਾਹ ਨਾਲ ਸਾਡੀਆਂ ਚਾਹਤਾਂ ਫਰੋਲ਼ਕੇ ਦਿੱਟੋ ਕਾਪੀਆਂ ਬਣਾਈਆਂ ਜਾਂਦੀਆਂ। ਹੁਣ ਤੱਕ ਸਿਰਫ ਕੈਦੋ ਨਾਲ ਕੀਤਾ। ਹੁਣ ਸਾਰਿਆਂ’ਤੇ ਸ਼ੁਰੂ ਹੋਗਿਆ। ਪਰ ਗ਼ਲਤ ਹੋ ਗਿਆ। ਤਾਂ ਹੀ ਜਦ ਅੱਸੀਂ ਸੋਚਾਂ’ਚੋਂ ਮਿਟਾ ਦੇਂਦੇ ਐ, ਇਹ ਸਭ ਗਾਇਬ ਹੋਈ ਜਾਂਦੇ ਹਨ?-।
 
- ਜੇ ਇਹ ਸੱਚ ਹੈ, ਫਿਰ ਮਿਰਜ਼ਾ ਸ਼ੁਰੂ ਤੋਂ ਸਾਨੂੰ ਸੂਚਨਾ ਦੇਂਦਾ ਸੀ,’ਤੇ ਅਸੀਂ ਸੁਣੀ ਨਹੀਂ। ਫਿਰ ਐ ਯੋਜਨਾ ਇੱਕ ਦੰਮ ਬੰਦ ਕਰਨੀ ਪਵੇਗੀ- ਸਾਹਿਬਾਂ ਬੋਲੀ।
 
- ਹਾਂ। ਪਰ ਦੂਜੇ ਪਾਸੇ ਅਸੀਂ ਕੋਈ ਨਵੇਂ ਸਜੀਵ ਨਾਲ ਮੁਲਾਕਾਤ ਕੀਤੀ ਹੈ। ਸਰਕਾਰ ਨੂੰ ਦੱਸਣਾ ਪੈਣਾ ਹੈ। ਮੈਂ ਕਹਿੰਦੀ ਹੁਣ ਲਈ ਅਸੀਂ ਸਭ ਬੇਸ’ਚੋਂ ਨਿਕਲ ਚੱਲੀਏ। ਸਰਕਾਰ ਆਪੇ ਸੋਚ ਕੇ ਹੋਰ ਲੋਕ ਭੇਜ ਦੇਵੇਗੀ। ਸਾਰਿਆਂ ਨੂੰ ਅਪਣੇ ਦਿੱਟੋ ਕਾਪੀਆਂ ਨੂੰ ਟੋਲਕੇ  ਸੋਚ ਨਾਲ ਮਿਟਾਉਣਾ ਪਵੇਗੇ-। ਹੀਰ ਨੇ ਆਦੇਸ਼ ੱਿਦਤਾ।
 
- ਪਰ ਲੈਲਾ ਤਾਂ- ਰਾਂਝਾ ਨੇ ਕਹਿਣਾ ਸ਼ੁਰੂ ਕੀਤਾ। ਫਿਰ ਚੁੱਪ ਹੋਗਿਆ। ਮਨ ਵਿੱਚ ਪਤਾ ਸੀ ਕਿ ਅਸਲੀ ਲੈਲਾ ਨਹੀਂ ਸੀ।
 
- ਸਾਹਿਬਾਂ ਤੂੰ ਮਿਰਜ਼ੇ ਨੂੰ ਦੱਸ। ਮੈਂ ਅਪਣੇ ਕਮਰੇ ਚੁੱਚਕ ਨੂੰ ਮਿਲਣ ਚੱਲੀ ਹੈ। ਰਾਂਝਿਆ ਲੈਲਾ ਨੋ ਲੱਭ-। ਇੱਦਾਂ ਕਹਿਕੇ ਹੀਰ ਅਪਣੇ ਕਮਰੇ ਵੱਲ ਤੁਰ ਪਈ। 
 
ਜਦ ਦਰਵਾਜ਼ਾ ਖੋਲ੍ਹਿਆ, ਚੁੱਚਕ ਸੁੱਤਾ ਪਿਆ ਸੀ। ਹੀਰ ਨੇ ਉਸਦੇ ਮਾਸੂਮ ਚਿਹਰੇ ਵੱਲ ਤੱਕਿਆ। ਬੱਚਾ ਸੁੰਦਰ ਸੀ। ਇੱਕ ਦੰਮ ਓਹ ਦਿਨ ਫਿਰ ਯਾਦ ਆਗਿਆ, ਜਦ ਪਰਾਣੇ ਲਧਿਆਣੇ ਦੀ ਨਹਿਰ ਵਿੱਚ ਚੁੱਚਕ ਡੁੱਬ ਗਿਆ ਸੀ। ਆਪਣੇ ਨਿਆਣੇ ਦਾ ਮੌਤ ਕਿਹੜੀ ਮਾਂ ਝੱਲ ਸੱਕਦੀ ਹੈ? ਕੋਈ ਮਾਂ ਝੱਲ ਨਹੀਂ ਸੱਕਦੀ। ਚੁੱਚਕ ਨੂੰ ਦੇੱਖਕੇ ਮਮਤਾ ਹੀਰ ਨੂੰ ਕਹਿੰਦੀ ਸੀ ਕਿ – ਜਾ ਅਪਣੇ ਪੁੱਤਰ ਨੂੰ ਜੱਫੀ ਪਾ। ਕਦੀ ਨਾ ਛੱਡੀ। ਭਾਵੇ ਹੀਰ ਨੂੰ ਹੁਣ ਪੂਰਾ ਪਤਾ ਸੀ ਕਿ ਇਹ ਤਾਂ ਆਭਾਸ ਸੀ, ਨਾ ਕੇ ਉਸਦਾ ਅਸਲੀ ਮੁੰਡਾ; ਚਿੱਤ ਤਾਂ ਫਿਰ ਵੀ ਕਰਦਾ ਸੀ, ਇਸ ਨੋ ਘਰ ਵਾਪਸ ਲੈਕੇ ਜਾਣ। ਮੇਰਾ ਪੁੱਤਰ ਵਾਪਸ ਆਗਿਆ। ਪਰ ਹੀਰ ਨੂੰ ਸਚਾਈ ਪਤਾ ਸੀ। ਹੰਝੂ ਚੋਣ ਲੱਗ ਪਏ। ਹੀਰ ਨੇ ਅੱਖਾਂ ਸਾਫ਼ ਕਰਕੇ ਆਪਣੇ ਪਿੱਛੇ ਦਰ ਬੰਦ ਕਰ ਲਿਆ ਅਤੇ ਬੱਤੀ ਜੱਗਾ ਦਿੱਤੀ। ਚੁੱਚਕ ਦੀ ਨੀਂਦ ਖੁੱਲ ਗਈ। ਉਬਾਸੀ ਲੈ ਕੇ ਉੱਠ ਗਿਆ – ਮਾਂ?-। 
- ਹਾਂਜੀ ਪੁੱਤ?-। ਹੀਰ ਚੁੱਚਕ ਨਾਲ ਮੰਜੇ ਉੱਤੇ ਬਹਿ ਗਈ।
 
- ਤੁਸੀਂ ਤਾਂ ਬਹੁਤ ਦੇਰ ਦੇ ਗਏ ਸੀ?-।
 
- ਹੁਣ ਤਾਂ ਮੈਂ ਵਾਪਸ ਆ ਗਈ ਨਾ? ਆਪਾ ਘਰ ਨਹੀਂ ਹੈ, ਤੈਨੂੰ ਪਤਾ ਨਾ?- ਚੁੱਚਕ ਨੇ ਜੁਆਬ ਵਿਚ ਸਿਰ ਹੇਠਾ ਉਪਰ ਕੀਤਾ। ਹੀਰ ਮੁਸਕਰਾਉਂਦੀ ਨੇ ਮੁੰਡੇ ਦੇ ਵਾਲਾ’ਚ ਉਂਗਲੀਆਂ ਫੇਰਿਆ।- ਤੈਨੂੰ ਪਤਾ ਅਸੀਂ ਕਿੱਥੇ ਹਾਂ? ਕਿਉਂ ਹਾਂ?-।
 
- ਤੁਸੀਂ ਮੈਨੂੰ ਦੱਸਿਆ ਸੀ ਕਿ ਅਸੀਂ ਸਮੁੰਦਰ ਦੇ ਥੱਲੇ ਹਾਂ। ਇਹ ਨਹੀਂ ਦੱਸਿਆ ਕਿਉਂ, ਜਾਂ ਕਿਵੇਂ-।
 
- ਆਹੋ। ਸਮੁੰਦਰ ਦੇ ਹੇਠਾ ਹੈ। ਇੱਕ ਸਰਕਾਰ ਦੇ ਸਮੁੰਦਰੀ ਬੇਸ ਵਿੱਚ। ਸਾਨੂੰ ਕੋਈ ਬਾਲਣ ਦਾ ਨਵਾਂ ਸਰੋਤ, ਉਪਾੳ ਟੋਲਣ ਭੇਜਿਆ। ਅਸੀਂ ਸਭ ਵਰਤ ਲਏ। ਇਸ ਕਰਕੇ ਸਾਡੇ ਕੌਮ ਲਈ ਕੋਈ ਬਾਲਣ ਨਹੀਂ ਰਿਹਾ। ਮਜਬੂਰੀ ਵਿੱਚ ਸਾਨੂੰ ਇੱਥੇ ਆਉਣਾ ਪਿਆ, ਨਵੇਂ ਬਾਲਣ ਲੱਭਣ। ਤੂੰ ਮੇਰੀ ਗੱਲ ਸਮਝਦਾ?-। ਚੁੱਚਕ ਦੇ ਚਿਹਰੇ ਤੋਂ ਸਾਫ਼ ਜਾਪਦਾ ਸੀ ਕਿ ਗੱਲ ਪੱਲੇ ਨਹੀਂ ਪਈ। ਹੀਰ ਨੇ ਸੋਚਿਆ ਕਿ ਜੋ ਚੁੱਚਕ ਦੇ ਡੁਪਲੀਕੇਟ ਨੂੰ ਦੱਸਦੀ ਸੀ, ਕੋਈ ਰਾਹ ਨਾਲ ਕਾਲੇ ਪਾਣੀ ਨੂੰ  ਵੀ ਸੁਣਦਾ। - ਚੁੱਚਕ ਬੇਟੇ, ਓਨ੍ਹਾਂ ਨੂੰ ਦੱਸ, ਸਾਨੂੰ ਗਲਤੀ ‘ਚ ਲੱਗਿਆ ਕਿ ਤੁਸੀਂ ਤੇਲ ਜਾਂ ਪਾਣੀ ਸੀ, ਨਾਕੇ ਕੋਈ ਜੀਉਂਦੀ ਸਜੀਵ-ਬੁੱਧੀ। ਅਸੀਂ ਹੁਣ ਤੁਹਾਨੂੰ ਛੱਡਕੇ ਵਾਪਸ ਉਪਰ ਚੱਲੇ-।
 
- ਮਾਂ ਤੁਸੀਂ ਕੀ ਕਹਿੰਦੇ ਹੋ? ਮੈਨੂੰ ਸਮਝ ਨਹੀਂ ਲੱਗੀ – ਮੁਖ ਤੋਂ ਸਾਫ਼ ਦਿੱਸਦਾ ਦੀ ਕਿ ਚੁੱਚਕ ਡਰਦਾ ਸੀ, ਰਲ ਗੱਡ ਹੋਗਿਆ ਸੀ। ਹੀਰ ਨੂੰ ਤਰਸ ਆਗਿਆ। ਪਰ ਫਿਰ ਅਪਣੇ ਆਪ ਨੂੰ ਯਾਦ ਕੀਤਾ ਇਹ ਮੇਰਾ ਨਿਆਣਾ ਨਹੀਂ ਹੈ।
 
- ਚੁੱਚਕ ਉਨ੍ਹਾਂ ਨੂੰ ਦੱਸ ਅਸੀਂ ਹੁਣ ਚੱਲੇ ਹਾਂ। ਜੇ ਅਸੀਂ ਓਨ੍ਹਾਂ ਨੂੰ ਦੁੱਖ ਦਿੱਤਾ, ਓਨ੍ਹਾਂ ਨੇ ਵੀ ਸਾਡਾ ਬੰਦਾ, ਕੈਦੋ ਮਾਰਿਆ-। ਪਰ ਚੁੱਚਕ ਦੇ ਮੁਖ ਤੋਂ ਸਾਫ਼ ਪਤਾ ਲੱਗਦਾ ਸੀ ਕਿ ਂਉਸਨੂੰ ਸੱਚ ਮੁੱਚ ਹੀਰ ਦੀਆਂ ਗੱਲਾਂ ਨਹੀਂ ਸਮਝ ਲੱਗੀਆਂ। ਹੀਰ ਨੇ ਹੌਕਾ ਭਰਿਆ। ਸੋਚ ਨਾਲ ਚੁੱਚਕ ਨੂੰ ਮਿਟਾ ਸੱਕਦੀ ਸੀ। ਪਰ ਮਮਤਾ ਨੇ ਕਿਹਾ -ਨਹੀਂ। ਇੱਕ ਹੋਰ ਵਾਰੀ ਅਪਣੇ ਪੁੱਤਰ ਨੂੰ ਜੱਫੀ ਪਾਉਣੀ ਚਾਹੁੰਦੀ ਸੀ। ਜੋਰ ਦੇਣੀ ਮੁੰਡੇ ਨੂੰ ਬਾਹਾਂ’ਚ ਘੁੱਟਿਆ। ਫਿਰ ਸਾਹ ਭਰਕੇ, ਥੋੜ੍ਹਾ ਜਾ ਪਰੇ ਹੋ ਗਈ। 
 
- ਤੂੰ ਚੁੱਚਕ ਨਹੀਂ ਹੈ। ਤਾਂ ਹੀ ਤੈਨੂੰ ਕੁਝ ਯਾਦ ਨਈ। ਤੂੰ ਕਾਲੇ ਪਾਣੀ ਦਾ ਸੋਚ-ਨਿਰੂਪਣ ਹੈ। ਮੇਰਾ ਅਸਲੀ ਪੁੱਤ ਨਹੀਂ ਹੈ-। ਇਸ ਗੱਲ ਨੂੰ ਸੁਣਕੇ ਚੁੱਚਕ ਰੋਣ ਲੱਗ ਪਿਆ। ਹੀਰ ਨੂੰ ਵੀ ਰੋਣਾ ਆਗਿਆ। ਪਰ ਹਿਮੱਤ ਨਾਲ ਗੱਲ ਫਿਰ ਤੋਰ ਲਈ। - ਜਿੰਨ੍ਹਾ ਮੈਂ ਚਾਹੁੰਦੀ ਹੈ, ਤੂੰ ਮੇਰਾ ਬੇਟਾ ਹੋ ਨਈ ਸੱਕਦਾ। ਮੈਂ ਏਥੇ ਇਕੱਲੀ ਆਈ ਸੀ। ਮੇਰਾ ਪੁੱਤ ਤਾਂ ਕਈ ਦੇਰ ਪਹਿਲਾ ਲਧਿਆਣੇ ਦੇ ਨਦੀ ਵਿੱਚ ਡੁਬ ਗਿਆ ਸੀ। ਤੂੰ ਕਲਪਨਾ ਹੈ। ਕਲਪਨਾ ਨੂੰ ਸਚਾਈ ਬਣਾਈ, ਪਤਾ ਨ੍ਹੀਂ ਕਿਵੇਂ। ਪਹਿਲੇ ਯਾਦਾਂ ਤੋਂ ਭਾਵੇਂ। ਸੋਰੀ। ਤੂੰ ਅਸਲੀ ਨਹੀਂ ਹੈ-। ਹੀਰ ਨੂੰ ਦਰਦ ਲੱਗਾ ਚੁੱਚਕ ਨੂੰ ਇਵੇਂ ਕਹਿਣ ਤੇ । ਐਪਰ ਕਹਿਣਾ ਪਿਆ। ਜਿੰਨ੍ਹਾ ਮਰਜ਼ੀ ਚੁਭਦਾ, ਹੁਣ ਟਾਇਮ ਆਗਿਆ ਸੀ, ਉਸਨੂੰ ਸੋਚ ਨਾਲ ਗਾਇਬ ਕਰਨ ਦਾ। ਆਪਣੇ ਆਪ ਨੂੰ ਹਾਲੇ ਤਕੜੀ ਕਰਨ ਲੱਗੀ ਸੀ, ਜਦ ਰੋਂਦੇ ਚੁੱਚਕ ਨੇ ਛਾਲ ਮਾਰ ਕੇ – ਨਹੀਂ!- ਕਹਿਕੇ ਕਮਰ’ਚੋਂ ਬਾਹਰ ਦੌੜ ਗਿਆ।ਹੀਰ ਉੱਠਕੇ ਮਗਰ ਨੱਠ ਗਈ। 
 
ਲਾਂਘਾ’ਚ ਮੋੜ ਆਇਆ। ਜਦ ਮੋੜ ਨੂੰ ਲੰਘੀ, ਹੀਰ ਨੇ ਦੇੱਖਿਆ ਕਿ ਚੁੱਚਕ ਫੜਿਆ ਸੀ, ਮਿਰਜ਼ੇ ਦੇ ਹੱਥਾਂ’ਚ। ਹੀਰ ਡਰ ਗਈ। ਚੁੱਚਕ ਵੀ ਡਰਦਾ ਸੀ। ਅਪਣੇ ਆਪ ਵਿੱਚ ਨਹੀਂ ਸੀ, ਮਿਰਜ਼ਾ। ਅਪਣੇ ਆਪ ਤੋਂ ਦੂਰ ਚੱਲੇ ਗਿਆ ਸੀ। ਬਹੁਤ ਦੂਰ। ਹੁਣ ਹੀਰ ਦੇ ਅੱਗੇ ਖੜ੍ਹਾ ਖਲੋਇਆ ਸੀ, ਕੇਸਰੀ ਰੰਗ ਸਾਰੇ ਨੰਗੇ ਪਿੰਡੇ ਉੱਤੇ ਲਾਕੇ। ਡੇਲੇ ਚੌੜੇ ਸਨ, ਲੱਗਦਾ ਸੀ ਕਿ ਅੱਖਾਂ ਨਿਕਲ ਜਾਣੀਆਂ। ਸਿਰਫ਼ ਕੱਛਹਿਰਾ ਪਾਇਆ ਸੀ, ਮਿਰਜ਼ੇ ਨੇ। ਹੀਰ ਨਾਲ ਉੱਚੀ ਉੱਚੀ ਬੋਲਦਾ ਸੀ। - ਮੈਂ ਪਹਿਲਾ ਹੀ ਤੈਨੂੰ ਕਿਹਾ ਸੀ! ਹੁਣ ਸਾਹਿਬਾਂ ਨੇ ਮੈਨੂੰ ਦੱਸ ਦਿੱਤਾ ਕੀ ਹੁੰਦਾ ਹੈ। ਇਹ ਬੱਚਾ ਨਹੀਂ। ਜੇ ਤੂੰ ਅਪਣੀ ਸੋਚਾਂ ਨਾਲ ਨਹੀਂ ਮਾਰਨਾ, ਮੈਂ ਮਾਰ ਦੇਣਾ! ਦੈਂਤ ਹੈ! ਖੁਦਾ ਚਾਹੁੰਦਾ ਅਸਾਂ ਇੱਥੋ ਜਾਈਏ! ਕਾਲਾ ਪਾਣੀ ਸਾਡਾ ਦੁਸ਼ਮਨ ਹੈ! ਰੱਬ ਚਾਹੁੰਦਾ ਆਦਮੀ ਜਾਵੇ ਹੀਰੇ! ਇਸ ਮੁੰਡੇ ਨੂੰ ਮਾਰਕੇ ਤੇਰੀ ਵਾਰੀ ਹੈ, ਡੈਣ। ਫਿਰ ਸਭ ਦੀ। ਫਿਰ ਮੈਂ ਉੱਪਰ ਵਾਪਸ ਜਾਕੇ ਸਭ ਪਾਪੀਆਂ ਨੂੰ ਵਾਰ ਦੇਣਾ!-।
 
-ਰੁਕ ਜਾ ਮਿਰਜ਼ੇ! ਤੂੰ ਆਪ ਹੀ ਹੁਣੇ ਕਿਹਾ ਮੁੰਡਾ ਏ, ਹੈਨਾ?- ਹੀਰ ਨੇ ਹੱਥ ਡਰਦੀ ਨੇ ਵੱਧਾਇਆ।
 
- ਕਿਉਂ? ਭੂਤ ਹੈ। ਦੈਂਤ ਹੈ! ਇਸ ਹੀ ਵਕਤ ਸੋਚਕੇ ਮਾਰ ਦੇਣਾ! ਇਹਨ੍ਹਾਂ ਨੇ ਕੈਦੋ ਮਾਰਿਆ!-। ਮਿਰਜ਼ੇ ਨੇ ਅਪਣੀਆਂ ਅੱਖਾਂ ਮੀਚੀਆਂ। ਹਾਲੇ ਮੁੰਡੇ ਨੂੰ ਮਿਟਾਉਣ ਹੀ ਲੱਗਾ ਸੀ, ਜਦ ਹੀਰ ਨੇ ਚੁੱਚਕ ਨੂੰ ਖੋਹਣ ਦੀ ਕੋਸ਼ਸ਼ ਕੀਤੀ। ਮਿਰਜ਼ੇ ਨੇ ਨਹੀਂ ਛੱਡਿਆ। ਗੁੱਸੇ ਵਿੱਚ ਹੀਰ ਦੇ ਲੱਤ ਮਾਰੀ। ਬੁੱਲ੍ਹਾ ਨੇੜੇ ਖੜ੍ਹਾ ਸੀ, ਪਰ ਕੁਝ ਨਹੀਂ ਕਰ ਸੱਕਦਾ ਸੀ। ਉਸਦੇ ਪ੍ਰੋਗਰਾਮ ਨੇ ਕਿਹਾ ਇਨਸਾਨਾਂ ਦੀ ਮਦਦ ਕਰਨ। ਪਰ ਉਸਦਾ ਮਾਲਿਕ ਤਾਂ ਮਿਰਜ਼ਾ ਹੀ ਸੀ। ਉਸਦੇ ਖਿਲਾਫ਼ ਜਾ ਨਹੀਂ ਸੱਕਦਾ ਸੀ। ਮੋੜ ਦੇ ਦੂਜੇ ਪਾਸਿਓ ਸਾਹਿਬਾਂ ਅਤੇ ਰਾਂਝਾ ਪਾਉਂਚ ਗਏ। 
- ਹਟ ਜਾ ਮਿਰਜ਼ੇਆ!- ਰਾਂਝੇ ਨੇ ਕਿਹਾ। ਪਤਾ ਨਹੀਂ ਕਿਉਂ, ਪਰ ਜਦ ਹੀਰ ਭੂੰਜੇ ਢਿਡ ਫੜਦੀ ਦਿੱਸੀ, ਰਾਂਝੇ ਨੂੰ ਗੁੱਸਾ ਚੜ੍ਹ ਗਿਆ। ਲੈਲਾ ਨੂੰ ਔਖੀ ਤਰ੍ਹਾਂ ਸੋਚ ਨਾਲ ਵਾਰ ਕੀਤਾ। ਇਸ ਕਰਕੇ ਵੀ ਗੁੱਸੇ ਨਾਲ ਭਰਿਆ ਵੀ ਸੀ। 
 
- ਆਓ! ਦੇੱਖਦੇ ਹਾਂ ਤੂੰ ਕਿਸ ਕਿਸਮ ਦਾ ਮਰਦ ਹੈ ਯੋਗੀ ਜੀ!- ਮਿਰਜ਼ੇ ਨੇ ਮੁੰਡਾ ਛੱਡ ਦਿੱਤਾ। ਦੌੜ ਗਿਆ, ਚੁੱਚਕ, ਆਪਣੀ ਮਾਂ ਵੱਲ। ਇੱਕ ਪਲ ਲਈ ਹੀਰ ਨੇ ਚੁੱਚਕ ਨੂੰ ਘੁੱਟਕੇ ਫੜਿਆ। ਫਿਰ ਰੋਂਦੀ ਰੋਂਦੀ ਨੇ ਸੋਚ ਨਾਲ ਵਾਸ਼ਪ ਕਰ ਦਿੱਤਾ। ਜਿੱਥੇ ਇੱਕ ਪਲ ਪਹਿਲਾ ਚੁੱਚਕ ਸੀ, ਹੁਣ ਹਵਾ ਸੀ, ਅਤੇ ਫਰਸ਼ ਉੱਤੇ ਥੋੜ੍ਹਾ ਜਾ ਕਾਲਾ ਪਾਣੀ। ਪਰ ਮਿਰਜ਼ਾ ਤਾਂ ਪਾਗਲ ਹੋਗਿਆ ਸੀ। ਰਾਂਝੇ ਦਾ ਗਲਾ ਫੜ ਲਿਆ। ਬੁੱਲ੍ਹਾ ਨਾਲ ਉਲਝਿਆ ਹੋਇਆ ਦੇੱਖੀ ਗਿਆ। ਮਨ ਵਿੱਚ ਫੈਸਲਾ ਬਣਾ ਨਹੀਂ ਸੱਕਦਾ ਸੀ, ਮੈਂ ਰਾਂਝੇ ਦੀ ਮਦਦ ਕਰਾਂ ਜਾ ਮਾਲਿਕ ਦੀ? 
 
-ਕੁਝ ਕਰ!- ਸਾਹਿਬਾਂ ਨੇ ਚੰਗਾੜਿਆ। 
 
ਬੁੱਲ੍ਹਾ ਨੇ ਮਿਰਜ਼ੇ ਨੂੰ ਚੱਕ ਕਿ ਬਾਹਾਂ ਨਾਲ ਉਪਰ ਕਰ ਲਿਆ। ਰਾਂਝਾ ਗੋਡੇ ਭਾਰ ਡਿੱਗ ਗਿਆ। ਮਿਰਜ਼ਾ ਨੇ ਬੁੱਲ੍ਹੇ ਨੂੰ ਝਿੜਕ ਮਾਰਕੇ ਆਦੇਸ਼ ਦਿੱਤਾ – ਥੱਲੇ ਰੱਖ ਬੇਵਕੂਫ!-। ਬੁੱਲ੍ਹੇ ਨੇ ਸੋਚਿਆ ਕਿ ਮੈਂ ਹੁਣ ਤਾਂ ਰਾਂਝੇ ਦੀ ਜਾਨ ਬੱਚਾ ਦਿੱਤੀ ਸੀ। ਇਸ ਲਈ ਹੁਕਮ ਮੰਨ ਲਿਆ। ਜਦ ਮਿਰਜ਼ਾ ਧਰਤੀ ਆ ਖੜ੍ਹਾ, ਉਸਨੇ ਕਲਦਾਰ ਨੂੰ ਬੰਦ ਕਰ ਦਿੱਤਾ, ‘ਤੇ ਸਾਰਿਆਂ ਵੱਲ ਘੁੰਮਕੇ ਪਾਗਲ ਵਾਂਗ ਚੀਕ ਕੇ ਹੀਰ ਨਾਲ ਹੱਥਾਂ ਪਾਈ ਕਰਨ ਲੱਗ ਪਿਆ। 
 
- ਹਟ ਜਾ ਮਿਰਜ਼ੇ! ਮੈਂ ਕਹਿੰਦੀ ਏ ਹਟ ਜਾ!- ਸਾਹਿਬਾਂ ਨੇ ਕਿਹਾ।
 
- ਤੂੰ ਕੀ ਕਰਲੂਗੀ? ਇਹ ਤੋਂ ਬਾਅਦ ਰਾਂਝੇ ਅਤੇ ਤੇਰੇ ਟੁਕੜੇ ਟੁਕੜੇ ਕਰ ਦੇਣੇ ਹੈ! ਖੁਦਾ ਦੀ ਮਰਜ਼ੀ ਹੈ!- 
ਸਾਹਿਬਾਂ ਨੇ ਗਨ-ਹੌਲਸਟਰ ਵਿੱਚੋਂ ਪਸਤੌਲ ਕਢਕੇ ਆਖਰੀ ਵਾਰੀ ਚੇਤਾਵਨੀ ਦਿੱਤੀ। ਮਿਰਜ਼ੇ ਨੂੰ ਮਾਰਨਾ ਚਾਹੁੰਦੀ ਨਹੀਂ ਸੀ। ਪਰ ਮਿਰਜ਼ਾ ਨਾ ਹੱਟਿਆ। ਮਜਬੂਰੀ ਵਿੱਚ ਗੋਲੀ ਦਾਗ ਦਿੱਤੀ। ਮਿਰਜ਼ਾ ਭੂੰਜੇ ਡਿੱਗ ਗਿਆ। ਫਿਰ ਰਾਂਝੇ ਹੀਰ ਅਤੇ ਸਾਹਿਬਾਂ ਦੇ ਸਾਹਮਣੇ, ਧੂੰਏੰ ਵਾਂਗ ਕੋਈ ਕਾਲੀ ਚੀਜ਼, ਮਿਰਜ਼ੇ ਦੇ ਮੂੰਹ ਵਿੱਚੋਂ ਨਿਕਲ ਕੇ  ਖਿੱਲਰ ਗਈ; ਆਲੇ ਦੁਆਲੇ ਫੈਲ ਗਈ। ਤਿੰਨਾਂ ਨੇ ਆਪਸ ਵਿੱਚ ਦੇਖਿਆ। ਸਾਹਿਬਾਂ ਨੂੰ ਦੁੱਖ ਲੱਗਾ ਕਿ ਦੋਸਤ ਨੂੰ ਮਾਰਨਾ ਪਿਆ। 
- ਸਾਨੂੰ ਤਾਂ ਆਪਸ ਵਿੱਚ ਲੜਾ ਦੇਣਾ- ਰਾਂਝੇ ਨੇ ਕਿਹਾ।
 
- ਆਪਾਂ ਇੱਕ ਦੰਮ ਸਭ ਕੁਝ ਛੱਡਕੇ ਇੱਥੋਂ ਨਿਕਲੀਏ- ਹੀਰ ਨੇ ਉਤਰ ਦਿੱਤਾ।
 
- ਅੱਛਾ। ਮੈਂ ਜ਼ੀ-ਪੰਜ ਨੂੰ ਸੁਨੇਹਾ ਭੇਜਦੀ ਹੈ-।ਸਾਹਿਬਾਂ ਨੇ ਟਿੱਪਣੀ ਦਿੱਤੀ। ਉਸਦੇ ਮੁਖ ਤੋਂ ਦਿੱਸਦਾ ਸੀ ਕਿ ਮਿਰਜ਼ੇ ਨੂੰ ਮਾਰ ਕੇ ਬਹੁਤ ਦੁੱਖ ਵਿੱਚ ਸੀ।
 
- ਬੁੱਲ੍ਹੇ ਨੂੰ ਚਾਲੂ ਕਰ ਰਾਂਝਿਆ। ਉਸ ਤੋਂ ਮਿਰਜ਼ੇ ਅਤੇ ਕੈਦੋ ਦੀਆਂ ਲਾਸ਼ਾਂ ਚੁੱਕਾ ਕੇ ਵਾਪਸ ਲੈ ਕੇ ਜਾਈਏ- ਹੀਰ ਨੇ ਕਹਿਕੇ ਸਾਹਬਿਾਂ ਨੂੰ ਜੱਫੀ ਪਾਈ। 
 
ਸਾਹਿਬਾਂ ਨੂੰ ਮਿਰਜ਼ੇ ਨੂੰ ਗੋਲੀ ਮਾਰਨ ਨਾਲ ਬਹੁਤ ਦੁੱਖ ਲੱਗਿਆ।
 
ਰਾਂਝਾ ਨੂੰ ਅਪਣੀ ਲੈਲਾ ਨੂੰ ਗਾਇਬ ਕਰਕੇ ਬਹੁਤ ਪੀੜ ਹੋਈ।
 
ਹੀਰ ਨੂੰ ਚੁੱਚਕ ਨੂੰ ਇੱਦਾਂ ਜਿੱਥੇ ਖੜ੍ਹਾ, ਸੋਚ ਨਾਲ ਸੁੰਨ’ਚ ਭੇਜਣ ਦਾ ਬਹੁਤ ਬਹੁਤ ਦਰਦ ਹੋਇਆ। 
* * * * * 
 
ਬਹੁਤ ਮਹੀਨੇ ਬੀਤ ਗਏ, ਸਭ ਕੁਝ ਪਿੱਛੇ ਛੱਡ ਦਿੱਤਾ ਸੀ। ਹੀਰ ਅਤੇ ਰਾਂਝਾ ਆਪਸ ਵਿੱਚ ਦਿਲਾਸਾ ਲੱਭ ੇ  ਗਿਆ ਸੀ। ਹਾਰ ਕੇ ਪਿਆਰ ਪੱਕਾ ਹੋਗਿਆ, ਅਤੇ ਵਿਆਹ ਕਰ ਲਿਆ। ਸੱਚ ਸੀ, ਜਦ ਪਹਿਲੀ ਵਾਰੀ ਮਿਲੇ ਸੀ, ਪਿਆਰ ਦਾ ਰੋਗ ਲੱਗ ਗਿਆ ਸੀ। ਕੁੱਝ ਟਾਇਮ ਲਈ ਜੋ ਬੇਸ ਵਿੱਚ ਹੋਇਆ ਸੀ, ਉਸਦੇ ਡੂੰਘੇ ਅਸਰ ਨੇ ਭਿਆਨਕ  ਸੁਪਨੇ ਦਿੱਤੇ। ਚੁੱਚਕ ਨੂੰ ਭੁੱਲਣ ਦੇ ਥਾਂ ਵੱਧ ਯਾਦ ਆਈ। ਲੈਲਾ ਦਾ ਚੇਤਾ ਚਿੰਤਾ ਕਰਾਉਂਦਾ ਸੀ। ਪਰ ਹੌਲੀ ਹੌਲੀ ਇੱਕ ਦੂਜੇ ਦੇ ਸਹਾਰੇ ਨਾਲ ਮਨ ਨੂੰ ਸ਼ਾਂਤੀ ਆ ਗਈ ਸੀ। ਸਰਕਾਰ ਨੇ ਯੋਜਨਾ ਬੰਦ ਕਰ ਦਿੱਤੀ ਸੀ। 
ਵਿਆਹ ਵਾਲੀ ਰਾਤ, ਹੀਰ ਨੂੰ ਇੱਕ ਖੜਕਾ ਸੁਣਿਆ ਸੀ। ਰਾਂਝਾ ਡੂੰਘੀ ਨੀਂਦ ਵਿੱਚ ਸੀ। ਇਸ ਕਰਕੇ ਖੁਦ ਕਮਰੇ ਤੋਂ ਬਾਹਰ ਗਈ, ਦੇੱਖਣ ਕਿ ਕੀ ਹੋ ਸੱਕਦਾ ਹੈ। ਖੜਕਾ ਹੀਰ ਨੂੰ ਬੈਠਕ ਵੱਲ ਲੈ ਗਿਆ। ਉੱਤੇ, ਬੈਠਾ ਸੀ, ਇਕੱਲਾ, ਪਰ ਖ਼ੁਸ਼, ਸੋਫੇ ਉੱਤੇ, ਹੀਰ ਦਾ ਪਿਆਰਾ ਪੁੱਤਰ, ਚੁੱਚਕ। ਮੁਸਕਰਾਕੇ, ਮਾਂ ਅਪਣੇ ਨਿਆਣੇ ਕੋਲ ਬਹਿ ਗਈ। ਮੁੰਡੇ ਨੇ ਮਾਂ ਵੱਲ ਵਾਪਸ ਮੁਸਕਰਾਇਆ। ਮਾਂ ਨੇ ਪੁੱਤ ਨੂੰ ਅਪਣੀਆਂ ਬਾਹਾਂ ਵਿੱਚ ਲੈ ਲਿਆ। 

Punjabi Kahani-ਪਰਾਂ ਵਾਲਾ ਬੂਟ


 ਪਰਾਂ ਵਾਲਾ ਬੂਟ 
(ਮੁਹਿੰਦਰ ਸਿੰਘ ਘੱਗ )
 
 
ਮਨੁੱਖ ਦੀ ਖੋਪੜੀ ਥੱਲੇ ਪਿਲ ਪਿਲੇ ਜਿਹੇ ਮਾਦੇ ਵਿਚ ਜਿਊਂ ਹੀ ਸੂਝ ਨੇ ਜਨਮ ਲਿਆ ਉਸ ਨੇ ਆਪਣਾ ਰਹਿਣ ਸਹਿਣ ਜਾਨਵਰਾਂ ਤੋਂ ਵਖਰਾ ਲਿਆ।ਉਸਨੇ ਆਪਣੇ ਸੁਖ ਆਰਾਮ ਲਈ ਸਾਧਨ ਜੁਟਾਉਣੇ ਸ਼ੁਰੂ ਕਰ ਦਿਤੇ। ਮਨੁੱਖ ਦੀ ਸੂਝ ਕਾਰਨ ਹੀ ਮੇਰਾ ਗਠਨ ਹੋਇਆ। ਕਦ ਹੋਇਆ, ਇਸ ਬਾਰੇ ਨਿਸਚਤ ਰੂਪ ਵਿਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਪਰਪਕ ਹੈ ਕਿ ਮੈਂ ਅਤੇ ਮਨੁੱਖ ਹਜ਼ਾਰਾਂ ਸਾਲ ਤੋਂ ਇਕਠੇ ਤੁਰੇ ਆ ਰਹੇ ਹਾਂ।  ਮਨੁੱਖ ਦੀ ਸੋਚ ਵਿਚ ਵਾਧਾ ਹੋਣ ਦੇ ਨਾਲ ਨਾਲ ਮੇਰੀ ਰੂਪ ਰੇਖਾ ਵੀ ਬਦਲਦੀ ਗਈ।
 
ਘਾ ਫੂਸ ਅਤੇ ਰੁਖਾਂ ਦੇ ਪੱਤਿਆਂ ਨਾਲ ਤੰਨ ਢਕਣ ਵਾਲੇ ਮਨੁੱਖ ਨੂੰ ਜਦ ਚਮੜੇ ਦੀ ਸੋਝੀ ਆਈ ਤਾਂ ਤੰਨ ਦੇ ਨਾਲ ਨਾਲ ਪੈਰਾਂ ਤੇ ਵੀ ਚਮੜੇ ਦੇ ਢਿਲੇ ਢਿਲੇ ਥੈਲੇ ਜਿਹੇ ਬੰਨ ਲਏ। ਛੇਤੀ ਹੀ ਢਿਲੇ ਢਿਲੇ ਬਸਤ੍ਰ ਅਤੇ ਪੈਰੀਂ ਪਾਏ ਥੈਲੇ ਤਸਮੇਂ ਤਣੀਆਂ ਪਾ ਕੇ ਕਸ ਲਏ। 
ਮਨੁੱਖ ਨੇ ਆਪਣੇ ਵਿਕਾਸ ਦੇ ਨਾਲ ਨਾਲ ਮੇਰਾ ਵੀ ਪੂਰਾ ਧਿਆਨ ਰਖਿਆ। ਸੂਈ ਦੀ ਕਾਢ੍ਹ  ਨੇ ਤਾਂ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਪੈਰ ਦੇ ਥੱਲੇ ਅਤੇ ਪੈਰ ਦੇ ਉਪਰ ਵਾਲੇ ਹਿਸੇ ਨੂੰ ਢਕਣ ਲਈ ਚਮੜੇ ਦੇ ਦੋ ਟੁਕੜਿਆਂ ਨੂੰ  ਸੀਣ ਮਾਰ ਕੇ ਮੈਨੂੰ ਇੱਕ ਨਵੀਂ ਸ਼ਕਲ ਦੇ ਦਿਤੀ।  ਹੁਣ ਤਕ ਮਨੁੱਖ ਨੂੰ ਵਸਤੂਆਂ ਨੂੰ ਨਾਂ ਵੀ ਦੇਣੇ ਆ ਗਏ ਸਨ ਇਸ ਲਈ ਪੰਜਾਬੀਆਂ ਨੇ ਮੈਨੂੰ ਜੁੱਤੀ ਜਾਂ ਜੁਤਾ ਕਹਿਣਾ ਸ਼ੁਰੂ ਕਰ ਦਿਤਾ ਭਾਵ ਜੁੜਿਆ ਹੋਇਆ। ਇਸ ਸਮੇਂ ਤਕ ਮਰਦ ਅਤੇ ਔਰਤ ਦੇ ਬਸਤ੍ਰਾਂ ਦੀ ਬਣਤਰ ਵਖਰੀ ਹੋ ਚੁਕੀ ਸੀ ਪਰ ਪੈਰ ਢਕਣ ਵਾਲੀ ਭਾਵ  ਮੇਰੀ ਹਾਲੇ ਵਖਰੀ ਪਛਾਣ ਨਹੀਂ ਸੀ ਬਣੀ। ਮਰਦ ਅਤੇ ਔਰਤ ਦੀ ਜੁੱਤੀ ਵਿਚ ਕੋਈ ਵਖਰੇਵਾਂ ਨਹੀਂ ਸੀ।
 
ਜੇ ਮਨੁੱਖ ਨੇ ਵਾਧੇ ਲਈ ਨਰ ਅਤੇ ਮਾਦਾ ਦੀ ਜ਼ਰੂਰਤ ਸਮਝਦਿਆਂ ਹੋਇਆਂ ਮੈਨੂੰ ਵੀ ਨਰ ਅਤੇ ਮਾਦਾ ਵਿਚ ਬਦਲ ਕੇ ਮੇਰਾ ਨਾਮ ਵੀ ਜੈਕ ਤੇ ਜੂਲੀ ਵਾਂਗ ਬੂਟ ਤੇ ਸੈੰਡਲ ਰਖਿਆ ਹੋਵੇ ਤਾਂ ਉਸ ਦੀ ਸੋਚ ਸਹੀ ਸੀ।  ਉਸ ਤੋਂ ਉਪਰੰਤ ਤਾਂ ਸਾਡੇ ਪ੍ਰਿਵਾਰ ਵਿਚ ਵੀ ਅੰਤਾਂ ਦਾ ਵਾਧਾ ਹੋਇਆ। ਸੈਡੰਲ ,ਬੂਟ,ਗੁਰਕਾਬੀ,ਚਪਲ,ਲੋਫਰ,ਹਾਈ ਹੀਲ……..ਬਸ ਪੁਛੋ ਨਾ।  ਕੁਝ ਮਰਦ ਨਾਮ ਅਤੇ ਕੁਝ ਜਨਾਨੇ ਅਤੇ ਇਸੇ ਤਰਾਂ ਉਹਨਾਂ ਦੀ ਵਰਤੋਂ ਅਤੇ ਕੁਝ ਨਾਮ ਨਾ ਜਨਾਨੇ ਅਤੇ ਨਾ ਮਰਦ ਬਸ ਸਾਂਝੇ ਜਹੇ ਜੇਹੜਾ ਮਰਜ਼ੀ ਪੈਰੀਂ ਅੜਾ ਲਵੇ। ਸਾਡੀ ਕੀ ਮਜਾਲ ਕਿ ਹੀਲ ਹੁੱਜਤ ਕਰ ਸਕੀਏ।
 
 ਨਾ ਸਮਾ ਖਲੋਇਆ ਅਤੇ ਨਾ ਮਨੁੱਖ।  ਖਿਲਰੇ ਕੇਸ ਲੈ ਕੇ ਫਿਰਨ ਵਾਲਾ ਮਨੁੱਖ ਜਦ ਫੈਸ਼ਨ ਵਿਚ ਆ ਗਿਆ ਤਾਂ ਢਿਲਾ ਜਿਹਾ ਚਾਦਰਾ ਪੈਂਟ ਪਜਾਮਿਆਂ ਵਿਚ ਬਦਲ ਗਿਆ।  ਖੇਸੀ ਕੋਟ ਵਿਚ ਬਦਲ ਗਈ  ਕੁੜਤੇ ਦੀ ਥ੍ਹਾਂ ਕਾਲਰਾਂ ਵਾਲੀ ਕਮੀਜ਼ ਨੇ ਲੈ ਲਈ। ਮੈਨੂੰ ਵੀ ਪਿਛੇ ਨਹੀਂ ਛਡਿਆ ਚਮੜੇ ਦੇ ਨਾਲ ਨਾਲ ਮੇਰੀ ਬਣਤਰ ਲਈ ਵੀ ਕਪੜਾ, ਪਲਾਸਟਕ, ਲੋਹਾ,ਲੱਕੜੀ ਰਬੜ,ਮਖਮਲ……ਪਤਾ ਨਹੀਂ ਹੋਰ ਕੀ ਕੀ ਵਰਤਿਆ ਜਾਣ ਲੱਗਾ। ਹੁਣ ਤਾਂ ਸੀਣ ਪਾਉਣ ਦਾ ਝੰਜਟ ਵੀ ਨਹੀਂ ਰਿਹਾ ਬਸ ਗੂੰਦ ਜਿਹਾ ਲਾ ਕੇ ਹੀ ਜੋੜ ਧਰਦਾ। ਅੰਤਾਂ ਦਾ ਜੋਬਨ ਆਇਆ ਮੇਰੇ ਤੇ ਵੀ। 
 
ਮਾਇਆ ਦਾ ਪਸਾਰ ਹੋਣ ਨਾਲ ਮਨੱਖ ਵਿਚ ਦਰਜਾ ਬੰਦੀ ਹੋਈ ਮੀਰ ਗਰੀਬ ਦਾ ਪਾੜਾ ਵਧਿਆ, ਕਿਤੇ ਕਿਤੇ ਕਿਰਤ ਦੇ ਆਧਾਰ ਤੇ ਜ਼ਾਤਾਂ ਵਿਚ ਵੀ ਲਕੀਰਾਂ ਖਿਚੀਆਂ ਗਈਆਂ। ਆਪਣੇ ਨਾਲ ਨਾਲ ਮਨੁੱਖ ਨੇ ਮੇਰੀ ਵੀ ਦਰਜਾ ਬੰਦੀ ਕਰ ਦਿਤੀ। ਘਰ ਅੰਦਰ ਪਹਿਨਣ ਲਈ ਹੋਰ ਅਤੇ ਬਾਹਰ ਜਾਣ ਲਈ ਹੋਰ, ਕੰਮ ਲਈ ਅਤੇ ਸੈਰ ਸਪਾਟੇ ਲਈ ਵੀ ਵਖਰੇ ਵਖਰੇ ਰੂਪ ਹੋ ਗਏ , ਕੋਈ ਪਹਾੜੀਂ ਚੜ੍ਹਨ ਲਈ ਕੋਈ ਦੌੜਨ ਲਈ ਕੋਈ ਨਚਣ ਲਈ ਕੋਈ ਖੇਡਣ ਲਈ ਇਕ ਹੋਵੇ ਤਾਂ ਦਸਾਂ ਹਰ ਖੇਡ ਲਈ ਵਖਰਾ ਹਰ ਨਾਚ ਲਈ ਵਖਰਾ ਰੂਪ ਹੈ ਮੇਰਾ।
 
ਮੇਰੇ ਰੂਪ  ਰੰਗ ਦਾ ਗਰੀਬ ਨੂੰ ਕੀ ਭਾਅ  ਉਸ ਦੇ ਪੈਰ ਤਾਂ ਹਾਲੇ ਵੀ ਨੰਗੇ ਹਨ।  ਉਹ ਵਿਚਾਰਾ ਤਾਂ ਇਸ ਮਹਿੰਗਾਈ ਦੇ ਯੁਗ ਵਿਚ ਬਚਿਆਂ ਦੇ ਤਨ ਢਕਣ ਅਤੇ ਢਿਡ ਭਰਨ ਵਿਚ ਹੀ ਬੁਢਾ ਹੁੰਦਾ ਜਾ ਰਿਹਾ ਹੈ। ਪਰ ਧੰਨਵਾਨਾਂ ਦੇ ਚੋਜ ਨਿਆਰੇ ਹਨ । ਇਕ ਦੇਸ ਦੀ ਕੱਲੀ  ਮਲਿਕਾ ਪਾਸ 1060 ਜੋੜੇ ( ਫਿਲਪਾਈਨ ਦੀ ਮਲਕਾ  ਅਮਿਲਡਾ ਮਾਰਕੋਸ } ਜਦ ਕਿ ਉਸ ਦੀ ਪਰਜਾ ਦੀ ਵਡੀ ਗਿਣਤੀ ਇਕ ਜੋੜਾ ਖਰੀਦਣ ਤੋਂ ਵੀ ਅਸਮਰਥ ਸੀ। ਦੇਸ਼ ਦੀ ਲੇਬਰ ਪਾਰਟੀ ਦਾ ਨੁਮਾਇੰਦਾ ( ਟੋਨੀ ਬਲੇਅਰ } ਦਸ ਸਾਲ ਤਕ ਹੱਥ ਦੇ ਬਣੇ ਹੋਏ ਵਡਮੁਲੇ ਬੂਟ (ਚਰਚ’ਸ } ਪਹਿਨ ਕੇ ਹਰ ਹਫਤੇ ਹਾਊਸ ਆਫ ਕਾਮਨਜ਼ ਵਿਚ ਟੋਹਰ ਨਾਲ ਆਪਣੀ ਮੁਖਾਲਫ ਪਾਰਟੀ ਦੇ ਰੂ ਬਰੂ ਹੁੰਦਾ ਰਿਹਾ। ਇਸ ਕੀਮਤੀ ਬੂਟ ਨੂੰ ਉਹ ਭਾਗਾਂ ਵਾਲਾ ਆਖਿਆ ਕਰਦਾ ਸੀ। ਕਹੇ ਵੀ ਕਿਊਂ ਨਾ ਟੋਰੀ ਪਾਰਟੀ ਜੋ ਅਮੀਰਾਂ ਦੀ ਪਾਰਟੀ  ਗਿਣੀ ਜਾਂਦੀ ਹੈ ਉਸਦੇ ਮੈਂਬਰਾਂ ਦੇ ਬੂਟ ਇਨੇ ਕੀਮਤੀ ਨਹੀਂ ਸਨ ਹੁੰਦੇ। 2008 ਦੀ ਚੋਣ ਸਮੇ ਅਮਰੀਕਾ ਦੀ ਰੀਪਬਲਿਕਨ ਪਾਰਟੀ ਦੀ ਵਾਈਸ ਪ੍ਰਧਾਨ ਦੀ ਉਮੀਦਵਾਰ ਸਾਇਰਾ ਪਾਇਲਨ ਨੂੰ ਸ਼ੰਗਾਰ ਕੇ ਜੰਤਾ ਦੀਆਂ ਵੋਟਾਂ ਬਟੋਰਨ ਲਈ ਕਪੜਿਆਂ ਅਤੇ ਕੀਮਤੀ ਬੂਟਾਂ ਤੇ ਡੇਡ੍ਹ ਲਖ ਡਾਲਰ ਖਰਚ ਦਿਤਾ ਪਰ ਲੋਕਾਈ ਝਾਸੇ ਵਿਚ ਨਾ ਆਈ। ਉਸ ਵਿਚਾਰੀ ਨਾਲ ਤਾਂ ਉਹ ਹੋਈ ਕਿ ਗੁੰਦੀ ਚੁੰਡੀ ਰਹਿ ਗਈ ਸਿਰ ਤੇ ਮੱਖੀ ਬਹਿ ਗਈ ।
 
 ਸਮੇਂ ਨਾਲ ਬੇਹੱਦ ਅਦਲਾ ਬਦਲੀਆਂ ਆਈਆਂ ਰਾਜ ਪਲਟੇ ਹੋਏ ਜੋ ਕਦੇ ਗੁਲਾਮ ਸਨ ਉਹਨਾਂ ਰਾਜ ਭਾਗ ਸੰਭਾਲੇ ਪਰ ਸਾਡਾ ਰਿਸ਼ਤਾ ਮਾਲਕ ਅਤੇ ਸੇਵਾਦਾਰ ਦਾ ਹੀ ਰਿਹਾ। ਮੇਰਾ ਰੂਪ ਨਿਖਰਿਆ ਮੇਰੀ ਕੀਮਤ ਵੀ ਵਧੀ ਪਰ ਮਨੁਖ ਨੇ ਮੇਰੀ ਕਦਰ ਨਹੀਂ ਪਾਈ। ਰਹੀ ਮੈਂ ਪੈਰ ਦੀ ਜੁਤੀ ਹੀ। ਮੈਂ ਤਾਂ ਅੰਨ੍ਹੇ ਘੋੜੇ ਵਾਂਗ ਮਨੁਖ ਨੂੰ ਚੁਕੀ ਫਿਰਦੀ ਹਾਂ। ਕੰਕਰ, ਰੋੜ ਕੰਡੇ ਗਰਮੀ , ਸਰਦੀ ,ਜਲ ਅਤੇ ਥਲ ਆਪਣੇ ਪਿੰਡੇ ਤੇ ਹੰਢਾਂਦੀ ਹਾਂ ਪਰ ਲਗਦਾ ਮਨੁਖ ਨੇ ਕਦੇ ਸੇਵਾ ਕਰਨ ਵਾਲਿਆਂ ਨੂੰ ਮਾਣ ਸਨਮਾਨ ਦੇਣਾ ਸਿਖਆ ਹੀ ਨਹੀਂ। ਕੁਰਸੀਆਂ ਤੇ ਬੈਠਣ ਵਾਲੇ ਮੈਨੇਜਰ ਲਖਾਂ ਵਿਚ ਖੇਲਦੇ ਹਨ , ਸਿਆਸੀ ਆਗੂ ਚੰਗਾ ਖਾਦੇ ਅਤੇ ਮੰਦਾ ਬੋਲਦੇ ਹਨ   ਸਾਧਾ ਦੇ ਡੇਰਿਆਂ ਤੇ ਬੈਠੇ ਬੇਹਲੜਾਂ ਦੇ ਪਿੰਡੇ ਤੇ ਦਿਨੋ ਦਿਨ ਚਰਬੀ ਦੀ ਤੈਹ ਚੜ੍ਹ ਰਹੀ ਹੈ ਅੰਨਦਾਤਾ ਕਹਾਉਣ ਵਾਲਾ ਕਿਸਾਨ ਅਤੇ ਮਸ਼ੀਨਾਂ ਨਾਲ ਜੂਝਣ ਵਾਲਾ ਮਜ਼ਦੂਰ ਤਾਂ ਆਰਥਕ ਪਖੋਂ ਤੰਗ ਆ ਕੇ ਆਤਮਹਤਿਆ ਦੇ ਰਾਹੇ ਪਿਆ ਹੋਇਆ ਹੈ ਬਸ ਸੇਵਾ ਕੋਈ ਕਰਦਾ ਹੈ ਅਤੇ ਫਲ ਕੋਈ ਹੋਰ ਖਾ ਰਿਹਾ ਹੈ। ਇਸੇ ਤਰਾਂ ਸੇਵਾ ਮੈਂ ਕਰਾਂ ਇਜ਼ਤ ਮਾਣ ਪੱਗ ਨੂੰ ਮਿਲੇ ਇਹ ਕਿਥੇ ਦਾ ਇਨਸਾਫ ਹੋਇਆ। ਮਨੁਖ ਪੱਗ ਦੀ ਸ਼ਾਂਭ ਸੰਭਾਲ ਕਰਦਾ ਨਹੀਂ ਥੱਕਦਾ। ਪਗ ਭਾਵੇਂ ਮੈਲੀ ਹੋਵੇ ਪਾਟੀ ਹੋਈ ਹੋਵੇ ਮੱਨੁਖ ਹਰ ਥ੍ਹਾਂ ਆਪਣੇ ਨਾਲ ਰਖਦਾ ਅਤੇ ਸਾਡੇ ਪ੍ਰਿਵਾਰ ਦੇ ਜੀਆਂ ਨੂੰ ਕਈ ਦਫਾ ਤਾਂ ਬਾਹਰ ਧੁਪ ਵਿਚ ਹੀ ਛਡ ਜਾਂਦਾ ਹੈ। ਲੰਘਦਾ ਵੜਦਾ ਸਾਨੂੰ ਮਿੱਧਦਾ ਜਾਂਦਾ ਹੈ। ਕਈ ਦਫਾ ਮਾਲਕ ਸਾਡਾ ਕੋਈ ਹੋਰ ਹੁੰਦਾ ਹੈ ਅਤੇ ਪੈਰੀਂ ਕੋਈ ਹੋਰ ਹੀ ਅੜਾਈ ਫਿਰਦਾ ਹੈ । ਬੇਜ਼ਬਾਨ ਜੂ ਹੋਏ।
 
ਮਨੁਖ ਦੀ ਬੁੱਧੀ  ਦੀ ਵੀ ਦਾਦ ਦੇਣੀ ਪਵੇਗੀ ਧਰਮ  ਸ਼ਥਾਨੀ ਜਾਣ ਲਗਾ ਸਾਨੂੰ  ਸੇਵਾ ਕਰਨ ਵਾਲਿਆਂ ਨੂੰ ਤਾਂ  ਬਾਹਰ ਛਡ ਜਾਦਾ ਪਰ ਹਉਮੇਂ, ਈਰਖਾ,ਕਰੋਧ ੳਤੇ ਲਾਲਚ ਨੂੰ ਬੜੇ ਮਾਣ ਨਾਲ ਮੋਢਿਆਂ ਤੇ ਚੁਕੀ ਫਿਰਦਾ । ਕੁਕਰਮਾਂ ਨਾਲ ਦਾਗੀ ਹੋਈ ਪੱਗ ਨੂੰ ਵੀ ਸਿਰ ਤੇ ਸਜਾਈ ਫਿਰਦੇ ਨੂੰ ਹਿਆ ਨਹੀਂ ਆਉਂਦੀ ।ਮੇਰੀ ਕੋਈ ਜ਼ਿਦ ਥੌੜੀ ਆ ਕਿ ਧਾਰਮਕ ਅਸਥਾਨਾਂ ਤੇ ਵੀ ਮੈਨੂੰ ਨਾਲ ਲੈ ਕੇ ਜਾਵੇ ਮੇਰੀ ਤਾਂ ਬੇਨਤੀ ਆ ਕਿ ਜੋ ਕੁਝ ਗੰਧਲਾ ਸਭ ਬਾਹਰ ਛਡ ਕੇ ਜਾਵੇ ।
 
ਕੋਈ ਇਸ ਭਲੇ  ਮਾਣਸ ਮਨੁਖ ਨੂੰ ਪੁਛੇ ਬਈ ਜਦ ਆਪਣੇ ਤੋਂ ਕਮਜ਼ੋਰਾਂ ਤੇ ਰ੍ਹੋਬ ਜਮਾਉਣਾ ਹੋਵੇ ਤਾਂ ਆਖੇ ਗਾ। ਆਹ ਜੁਤੀ ਦ੍ਹੀਦੀ ਆ। ਮਾੜੇ ਕੰਮਾਂ ਲਈ ਦਸ ਮੈਂ ਹੀ ਰਹਿ ਗਈ। ਉਦੋਂ ਕਹੇ ਤਾਂ ਆਹ ਪਗ ਦ੍ਹੀਦੀ ਆ। ਮਾੜੇ ਨੂਂ ਜੁਤੀ ਦਖਾਲੂ ਅਤੇ ਤਕੜੇ ਦੇ ਪੈਰਾਂ ਤੇ ਪੱਗ ਰਖੂ ਮਾਣ ਸਨਮਾਨ ਫੇਰ ਵੀ ਪੱਗ ਨੂੰ ਹੀ ਇਹ ਕਿਥੇ ਦਾ ਇਨਸਾਫ ਹੋਇਆ।
 
 ਕਿਸੇ ਛੋਟੀ  ਉਮਰ ਵਿਚ ਵਿਧਵਾ ਹੋਈ ਜਨਾਨੀ  ਨੂੰ ਬੜੀ ਉਮਰ ਦੀਆਂ ਜਨਾਨੀਆਂ  ਸਲਾਹ ਦੇਣਗੀਆਂ  ਕੁੜੇ  ਜੇ ਕਿਸੇ ਨੂੰ ਸਿਰ ਧਰ  ਲਵੇਂ ਤਾਂ ਤੇਰੇ ਘਰ ਵੀ  ਜੁੱਤੀ  ਖੁਲਦੀ ਹੋ ਜਊ । ਪਤਾ ਨਹੀਂ  ਸਹਾਰੇ ਲਈ ਕਿ ਖੜਕਣ ਲਈ । ਇਹ ਪਾਜੀ ਮਨੁਖ ਤਾਂ ਮੇਰੀ ਦੁਰਵਰਤੌਂ ਕਰਨ ਲਗਾ ਆਪਣਾ ਰੁਤਬਾ ਵੀ ਨਹੀਂ ਦੇਖਦਾ। ਸਮਾਂ ਸਥਾਨ ਨਹੀਂ ਦੇਖਦਾ। ਤੈਨੂੰ ਯਾਦ ਹੋਣਾ ਇਕ ਵੇਰ ਯੂ. ਐਨ.ਓ ਵਿਚ ਇਕ ਬੜੇ ਮੁਲਕ ਦੇ ਆਗੂ ਨੇ (ਕਰੂਸਚੇਫ ਨੇ 1960 ਵਿਚ ਫਿਲੇਪਾਈਨ ਦੇ ਡੇਲੀ ਗੇਟ ਨੂੰ ਪੋਡੀਅਮ ਤੋਂ ਹੀ ਬੂਟ ਦਿਖਾਇਆ ਸੀ ) ਨੇ ਇਕ ਕਮਜ਼ੋਰ ਦੇਸ਼ ਵਾਲਿਆਂ ਨੂੰ ਬੂਟ ਦਿਖਾ ਕੇ ਬੇਇਜ਼ਤ ਕੀਤਾ ਸੀ। ਵੀਰਾ ਤੱਕੜੇ ਦਾ ਸੱਤੀ ਵੀਹੀਂ ਸੋ ਸਾਰੀ ਦੁਨੀਆਂ ਦੇ ਨੁਮਾਇਂਦੇ ਬੈਠੇ ਸਨ ਕਿਸੇ ਨੇ ਚੂਂ ਤਕ ਨਾਂ ਕੀਤੀ । ਮਾੜੇ ਨੂੰ ਤਾਂ ਹਰ ਕੋਈ ਜੁਤੀ ਦਾ ਰ੍ਹੋਬ ਦੇ ਲੈਂਦਾ ਪਤਾ ਉਦੋਂ ਲਗਦਾ ਜਦ ਬਰਾਬਰ ਦੇ ਨਾਲ ਮੱਥਾ ਲਗੇ।
 
ਤੈਨੂੰ ਪਤਾ ਫੌਜ  ਦੀ ਗਿਣਤੀ ਵੀ ਬੂਟਾਂ ਨਾਲ ਹੂੰਦੀ ਹੈ। ਆਹ ਬੁਸ਼ ਅਮਰੀਕਾ ਦਾ ਪਰਧਾਨ ਕਈ ਸਾਲਾਂ ਤੋਂ ਕੋਈ ਡ੍ਹੇਡ ਲਖ ਭਾਰੇ ਭਾਰੇ ਬੂਟ ਭੇਜ ਕੇ ਇਰਾਕ ਵਾਲਿਆਂ ਦੀ ਨਸਲ ਕੁਸ਼ੀ ਕਰੀ ਜਾਂਦਾ।  ਸਦਾਮ ਦੀ ਬੇਇਜ਼ਤੀ ਕਰਨ ਲਈ ਉਸਦੇ ਧਰਤੀ ਤੇ ਪਏ ਬੇਜਾਨ ਬੁਤ ਦੇ ਬਚਿਆਂ ਤੋਂ ਜੁਤੀਆਂ ਲੁਆਈਆ। ਟੈਲੀਵੀਜ਼ਨ ਤੇ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰੀਆਂ। ਪਰ ਪਤਾ ਉਦਣ ਲਗਾ ਜਦ ਇਕ ਸਤੇ ਹੋਏ ਇਰਾਕੀ ਦੇ ਬੂਟ ਨੂੰ ਪਰ ਲੱਗ ਗਏ। ਪਹਿਲਾ ਬੂਟ ਸਨੇਹਾ ਲੈ ਕੇ ਗਿਆ “ ਕੁਤਿਆ ਆਹ ਲੈ ਸਾਂਭ ਆਖਰੀ ਵਿਦਾਇਗੀ ।“ ਸਾਰੇ ਸੰਸਾਰ ਨੂੰ ਵਖਤ ਪਾਉਣ ਵਾਲੇ ਬੁਸ਼ ਨੂੰ ਉਸ ਉਡਦੇ ਬੂਟ ਅਗੇ ਝੁਕਣਾ ਪਿਆ ਫੇਰ ਦੂਜੇ ਬੂਟ ਨੇ ਉਡਾਰੀ ਭਰੀ “ ਇਹ ਸੁਗਾਤ ਤੈਨੂੰ ਇਰਾਕ ਦੇ ਯਤੀਮ ਬਚਿਆਂ ਵਲੋਂ ਵਿਧਵਾ ਔਰਤਾਂ ਵਲੋਂ ਤੇਰੇ ਬੰਬਾਂ ਨਾਲ ਮਰਨ ਵਾਲਿਆਂ ਵਲੋਂ ਅਤੇ ਉਹਨਾਂ ਲੋਕਾਂ ਵਲੋ ਜੇਹੜੇ ਤੇਰੇ ਜ਼ੁਲਮ ਦਾ ਸ਼ਿਕਾਰ ਹੋਏ।“ ਲਖਾਂ ਬੂਟਾਂ ਦੀ ਧੋਂਸ ਦੇਣ ਵਾਲਾ ਬੁਸ਼ ਫੇਰ ਝੁਕਿਆ। ਮੁਨਤਾਥਰ ਜ਼ੇਦੀ ( ਇਰਾਕੀ ਜਰਨਲਿਸਟ) ਨੇ ਇਹ ਸਾਬਤ ਕਰ ਦਿਤਾ ਕਿ ਇਨੇ ਜ਼ੁਲਮ ਦੇ ਬਾਵਜੂਦ ਵੀ ਹਾਲੇ ਅੱਣਖ ਦੀ ਕਣੀ ਬਾਕੀ ਹੈ।ਸਚੀ ਦਸਾਂ ਮੇਰਾ ਹਿਰਖ ਵੀ ਕੁਝ ਮੱਠਾ ਹੋ ਗਿਆ ਆਖਰ ਕਿਸੇ ਨੇ ਤਾਂ ਤਕੜੇ ਦੇ ਜਵਾਬ ਵਿਚ ਮੇਰੀ ਵਰਤੋਂ ਕੀਤੀ। ਮੌਕਾ ਪੱਰਸਤ ਖੁਸ਼ਾਮਦਾਂ ਕਰਨ ਵਾਲੇ ਦੇਸ਼ ਦਾ ਕਦੇ ਕੁਝ ਨਹੀਂ ਸੰਵਾਰਦੇ ਸਿਰਫ ਆਪਣਾ ਮਤਲਬ ਪੂਰਾ ਕਰਦੇ ਹਨ ਇਹ ਤਾਂ ਅਣਖੀ ਯੋਦਿਆਂ ਦੀ ਹੀ ਕਰਾਮਾਤ ਹੈ ਜੋ ਮੇਰੇ ਵਰਗੇ ਨਾਚੀਜ਼ ਨੂੰ ਵੀ ਵੀ ਉਡਣ ਜਾਚ ਸਿਖਾ ਦਿੰਦੇ ਹਨ। ਦੇਖ ਫੇਰ ਕਿਦਾਂ ਇਕ ਸ਼ਕਤੀ ਸ਼ਾਲੀ ਦੇਸ ਦੇ ਪਰਧਾਨ ਜਿਸ ਦੇ ਇਸ਼ਾਰੇ ਤੇ ਲਖਾਂ ਬੂਟ ਤਬਾਹੀ ਮਚਾ ਸਕਦੇ ਹਨ ਨੂੰ ਵੀ ਮੇਰੀ ਉਡਾਨ ਅਗੇ ਸਿਰ ਝੁਕਾਉਣਾ ਪਿਆ। ਹੁਣ ਸੰਸਾਰ ਦੇ ਇਤਹਾਸਕਾਰ ਆਪਣੀ ਕੱਲਮ ਨੂੰ ਮਰੋੜੀਆਂ ਦੇਣ ਲਗੇ ਮੈਨੂੰ ਅਨਗੋਲਿਆ ਨਹੀਂ ਕਰ ਸਕਣਗੇ ਬੁਸ਼ ਦੇ ਨਾਲ ਮੇਰਾ ਨਾਉਂ ਵੀ ਇਤਹਾਸ ਵਿਚ ਲਿਖਿਆ ਜਾਵੇਗਾ। ਜ਼ੈਦੀ ਨੇ ਇਹ ਵੀ ਦਸ ਦਿਤਾ ਕਿ ਜਦ ਜ਼ੁਲਮ ਦੀ ਅੱਤ ਹੋ ਜਾਏ ਤਾਂ ਮਜ਼ਲੂਮ ਦੇ ਬੂਟ ਨੂੰ ਵੀ ਪਰ ਲਗ ਸਕਦੇ ਹਨ। 
 

Punjabi kahani-ਅੱਧ ਅਸਮਾਨੀਂ ਆਇਆ ਤੂਫਾਨ


ਅੱਧ ਅਸਮਾਨੀਂ ਆਇਆ ਤੂਫਾਨ
ਦਵਿੰਦਰ ਸਿੰਘ ਸੇਖਾ 

 
      ਨਿਊਯਾਰਕ ਤੋਂ ਟਰਾਂਟੋ ਦਾ ਸਫ਼ਰ ਤਾਂ ਸਿਰਫ਼ ਇਕ ਘੰਟੇ ਦਾ ਹੀ ਸੀ।ਜਹਾਜ਼ ਨੇ ਉਡਾਨ ਭਰੀ ਤਾਂ ਮੇਰੀਆਂ ਨਜ਼ਰਾਂ ਟੀ ਵੀ ਸਕਰੀਨ ਤੇ ਚੱਲ ਰਹੇ ਨੈਵੀਗੇਸ਼ਨ ਤੇ ਜਾ ਟਿਕੀਆਂ।ਜਹਾਜ਼ ਦੀ ਸਥਿਤੀ ਨਾਲੋ ਨਾਲ ਦਿਖਾਈ ਦੇ ਰਹੀ ਸੀ।ਨਿਊਯਾਰਕ ਤੋਂ ਟਰਾਂਟੋ ਜਹਾਜ਼ ਨੇ ਬਿਲਕੁਲ ਨੱਕ ਦੀ ਸੇਧ ਵਿਚ ਜਾਣਾ ਸੀ।ਜਹਾਜ਼ ਸਥਿਰ ਹੋਇਆ ਤਾਂ ਉਡਨ ਪਰੀਆਂ ਨੇ ਦੁਪਹਿਰ ਦਾ ਖਾਣਾ ਵਰਤਾਉਣਾ ਸ਼ੁਰੂ ਕਰ ਦਿੱਤਾ।ਖਾਣਾ ਅਜੇ ਖ਼ਤਮ ਹੀ ਹੋਇਆ ਸੀ ਕਿ ਪੇਟੀ ਬੰਨ੍ਹਣ ਦਾ ਨਿਸ਼ਾਨ ਆ ਗਿਆ ਤੇ ਨਾਲ ਹੀ ਲੈਂਡਿੰਗ ਦੀ ਘੋਸ਼ਣਾ ਵੀ ਹੋ ਗਈ।ਮੇਰੀ ਨਜ਼ਰ ਬਾਹਰ ਗਈ ਤਾਂ ਮੌਸਮ ਖਰਾਬ ਨਜ਼ਰ ਆਇਆ।ਜਹਾਜ਼ ਦੀ ਗਤੀ ਘੱਟ ਹੋ ਗਈ ਸੀ ਪਰ ਬਾਹਰ ਬਰਫੀਲੀ ਹਵਾ ਦੀ ਗਤੀ ਵਧ ਗਈ ਸੀ।ਜਹਾਜ਼ ਨੂੰ ਬੱਦਲਾਂ ਨੇ ਘੇਰ ਲਿਆ।ਅੰਦਰ ਦੀਆਂ ਬੱਤੀਆਂ ਬੰਦ ਹੋ ਗਈਆਂ ਸਨ।ਨੈਵੀਗੇਟਰ ਤੇ ਜਹਾਜ਼ ਨੇ ਵਾਪਸੀ ਦਾ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ।ਇਕ ਦਮ ਸੰਨਾਟਾ ਛਾ ਗਿਆ।
 
      ਮੇਰੀ ਨਜ਼ਰ ਕਦੇ ਟੀ ਵੀ ਵੱਲ ਅਤੇ ਕਦੇ ਬਾਹਰ ਘੁੰਮ ਰਹੀ ਸੀ।ਅਜ ਤਾਂ ਮੈਂ ਕਨੇਡਾ ਪਹੁੰਚਣਾ ਸੀ।ਫਿਰ ਜਹਾਜ਼ ਵਾਪਸ ਕਿਉਂ ਹੋ ਗਿਆ? ਕੀ ਕੋਈ ਮੈਨੂੰ ਕੈਨੇਡਾ ਵੜਨ ਤੋਂ ਰੋਕ ਰਿਹਾ ਸੀ? ਕਿਸੇ ਨੂੰ ਕੀ ਲੋੜ ਸੀ ਮੈਨੂੰ ਰੋਕਣ ਦੀ? ਮੇਰੀ ਧੜਕਨ ਵਧ ਰਹੀ ਸੀ।ਮੇਰੀ ਸੋਚ ਪਿਛੇ ਵੱਲ ਖਿਸਕ ਰਹੀ ਸੀ।ਦਿਲ ਕਰਦਾ ਸੀ ਜਹਾਜ਼ ਵਿਚੋਂ ਬਾਹਰ ਨਿਕਲ ਜਾਵਾਂ।ਮੇਰੇ ਦਿਮਾਗ ਵਿਚ ਸੋਚਾਂ ਦਾ ਤੂਫਾਨ ਉਠ ਖੜ੍ਹਾ ਹੋਇਆ।ਇਸ ਤੂਫਾਨ ਅੱਗੇ ਬਾਹਰ ਦਾ ਤੂਫਾਨ ਹਲਕਾ ਜਾਪਣ ਲਗ ਪਿਆ।ਪਹਿਲਾਂ ਵੀ ਮੇਰੇ ਨਾਲ ਇਸੇ ਤਰ੍ਹਾਂ ਵਾਪਰਦਾ ਹੈ।ਕਦੇ ਚਾਹ ਪੀਂਦਿਆਂ, ਕਦੇ ਗੱਲਾਂ ਕਰਦਿਆਂ, ਨਹਾਉਂਦਿਆਂ ਅਤੇ ਕਦੇ ਰਾਤੀਂ ਸੁਪਨੇ ਵੇਖਦਿਆਂ।ਮੇਰੀਆਂ ਕਈ ਰਚਨਾਵਾਂ ਵੀ ਇਸੇ ਤਰ੍ਹਾਂ ਜਨਮ ਲੈਂਦੀਆਂ ਹਨ।ਰਾਤ ਨੂੰ ਸੁਪਨਾ ਆਉਂਦਾ ਹੈ। ਲਗਦਾ ਹੈ ਸੱਚੀਂ ਘਟਨਾ ਵਾਪਰ ਰਹੀ ਹੈ।ਮਨ ਉਡਣਾ ਲੋਚਦਾ ਹੈ। ਕਿਤੇ ਭੱਜ ਜਾਣ ਨੂੰ ਕਰਦਾ ਹੈ। ਧੜਕਨ ਕਾਬੂ ਵਿਚ ਨਹੀਂ ਰਹਿੰਦੀ, ਪਸੀਨਾ ਆਉਂਦਾ ਹੈ।ਜਦ ਜਾਗ ਖੁਲ੍ਹਦੀ ਹੈ ਤਾਂ ਰਾਤ ਦੇ ਦੋ ਜਾਂ ਤਿੰਨ ਦਾ ਸਮਾਂ ਹੁੰਦਾ ਹੈ।ਦੇਖੀ ਹੋਈ ਘਟਨਾ ਨੂੰ ਆਪਣੇ ਜੀਵਨ ਨਾਲ ਮਿਲਾ ਕੇ ਦੇਖਦਾ ਹਾਂ ਤਾਂ ਕੋਈ ਕਹਾਣੀ ਜਨਮ ਲੈਂਦੀ ਹੈ।
 
      ਮੇਰੀਆਂ ਨਜ਼ਰਾਂ ਟੀ ਵੀ ਸਕਰੀਨ ਤੇ ਜੰਮ ਗਈਆਂ। ਦਿਮਾਗ ਤੀਹ ਸਾਲ ਪਿਛੇ ਜਾ ਪੁਜਿਆ।ਗੱਲ 1979 ਦੀ ਹੈ ਜਦੋਂ ਮੈਂ ਐਮ.ਏ. ਵਿਚ ਪੜ੍ਹਦਾ ਸੀ।ਘਰ ਦੇ ਆਰਥਕ ਹਾਲਾਤ ਬਹੁਤ ਮਾੜੇ ਸਨ। ਕੰਮ ਉਦੋਂ ਵੀ ਹੌਜ਼ਰੀ ਦਾ ਸੀ ਪਰ ਬਾਈ ਜੀ (ਪਿਤਾ ਜੀ) ਕਰਜ਼ੇ ਦੀ ਜਕੜ ਵਿਚ ਆ ਗਏ ਸਨ ਜੋ ਦਿਨੋ ਦਿਨ ਵਧੀ ਜਾ ਰਿਹਾ ਸੀ। ਉਹ ਮੇਰੇ ਪੜ੍ਹਾਈ ਕਰਨ ਦੇ ਹੱਕ ਵਿਚ ਨਹੀਂ ਸਨ।ਪਰ ਮੇਰੀ ਖਾਹਸ਼ ਪ੍ਰੋਫੈਸਰ ਬਣਨ ਦੀ ਸੀ ਜਿਸ ਦੇ ਮੈਂ ਹੁਣ ਨੇੜੇ ਪਹੁੰਚ ਚੁਕਿਆ ਸੀ।ਦਸਵੀਂ ਤੋਂ ਬਾਅਦ ਮੈਂ ਇਸੇ ਤਰ੍ਹਾਂ ਪੜ੍ਹਾਈ ਕੀਤੀ।ਬਾਈ ਜੀ ਦੀ ਸ਼ਰਤ ਸੀ ਕਿ ਕਾਲਜ ਤੋਂ ਘਰ ਆ ਕੇ ਕੰਮ ਕਰਨਾ ਹੈ, ਜੇ ਫੇਲ੍ਹ ਹੋ ਗਿਆ ਤਾਂ ਪੜ੍ਹਾਈ ਬੰਦ।ਮੈਨੂੰ ਇਹ ਮਨਜ਼ੂਰ ਸੀ ਕਿਉਂਕਿ ਹੌਜ਼ਰੀ ਦਾ ਸੀਜ਼ਨ ਦਸੰਬਰ ਤੋਂ ਅਪ੍ਰੈਲ ਤਕ ਬੰਦ ਹੁੰਦਾ ਹੈ ਜਿਸ ਕਾਰਣ ਪੜ੍ਹਾਈ ਲਈ ਕਾਫੀ ਸਮਾਂ ਮਿਲ ਜਾਂਦਾ। ਆਖਰਕਾਰ ਆਰਥਿਕ ਹਾਲਤ ਐਨੀ ਪਤਲੀ ਹੋ ਗਈ ਕਿ ਬਾਈ ਜੀ ਨੇ ਜਾਇਦਾਦ ਵੇਚਣ ਦੀ ਠਾਣ ਲਈ। ਪਰ ਮੈਂ ਇਸ ਦੇ ਹੱਕ ਵਿਚ ਨਹੀਂ ਸੀ।ਆਖਰ ਫੈਸਲਾ ਹੋਇਆ ਕਿ ਅਸੀਂ ਦੋਵੇਂ ਹੀ ਜਿਹੜੇ ਪੰਜ ਛੇ ਮਹੀਨੇ ਕੰਮ ਬੰਦ ਰਹਿੰਦਾ ਹੈ ਕਿਤੇ ਬਾਹਰ ਕੰਮ ਕਰ ਕੇ ਘਰ ਦੀ ਹਾਲਤ ਸੁਧਾਰੀਏ।ਮੇਰਾ ਖਿਆਲ ਸੀ ਕਿ ਜੇ ਜ਼ਿਆਦਾ ਨਹੀਂ ਤਾਂ ਰਾਤ ਨੂੰ ਦੋ ਘੰਟੇ ਪੜ੍ਹ ਕੇ ਪਾਸ ਤਾਂ ਹੋ ਈ ਜਾਵਾਂਗਾ।ਆਖਰ ਮੈਂ ਇਕ ਮਿਲ ਵਿਚ ਕੰਮ ਤੇ ਜਾ ਲਗਿਆ।ਮੈਨੂੰ ਅਜ ਵੀ ਯਾਦ ਹੈ ਕਿ ਉਹ 25 ਦਸੰਬਰ ਦਾ ਦਿਨ ਸੀ ਕਿਉਂਕਿ ਉਸ ਦਿਨ ਮੇਰਾ ਜਨਮ ਦਿਨ ਵੀ ਸੀ।ਸਵੇਰ ਦੇ ਅੱਠ ਵਜੇ ਤੋਂ ਰਾਤ ਦੇ ਨੌਂ ਵਜੇ ਤਕ ਕੰਮ ਕਰਨ ਨਾਲ ਸਰੀਰ ਬਿਲਕੁਲ ਜਵਾਬ ਦੇ ਜਾਂਦਾ।ਜਿਸ ਕਰਕੇ ਪੜ੍ਹਾਈ ਮੁਸ਼ਕਲ ਹੋ ਗਈ।
 
      ਜਨਵਰੀ ਦੇ ਪਹਿਲੇ ਹਫ਼ਤੇ ਸਵੇਰੇ ਸੱਤ ਵਜੇ ਮੇਰੇ ਮਾਸੜ ਜੀ (ਭੈਣ ਦਾ ਸਹੁਰਾ) ਆਪਣੇ ਕਿਸੇ ਰਿਸ਼ਤੇਦਾਰ ਨਾਲ ਸਾਡੇ ਘਰ ਆਏ।ਉਹ ਸੱਜਣ ਕਨੇਡਾ ਤੋਂ ਆਏ ਸਨ।ਮਾਸੜ ਜੀ ਕਹਿ ਰਹੇ ਸਨ, ‘ਦੇਖ ਬੇਟਾ! ਅਸੀਂ ਕੋਈ ਧੱਕਾ ਤਾਂ ਕਰਨਾ ਨੀਂ, ਜੋ ਕੁਝ ਹੋਊ ਤੇਰੀ ਸਹਿਮਤੀ ਨਾਲ ਹੀ ਹੋਊ। ਮੈਨੂੰ ਪਤੈ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਪਰ ਫੇਰ ਵੀ ਕੁਛ ਪੱਲੇ ਨੀਂ ਪੈਂਦਾ।ਕਨੇਡਾ ਚਲਾ ਗਿਆ ਤਾਂ ਸਾਲ ਦੇ ਵਿਚ ਹੀ ਲਹਿਰਾਂ ਬਹਿਰਾਂ ਹੋ ਜਾਣਗੀਆਂ।ਇਹ ਆਪਣੀ ਰਿਸ਼ਤੇਦਾਰੀ ਵਿਚੋਂ ਹਨ।ਕਈ ਸਾਲਾਂ ਤੋਂ ਤੇਰੇ ਤੇ ਅੱਖ ਸੀ। ਤੂੰ ਸਾਰਾ ਕੁਛ ਸੋਚ ਵਿਚਾਰ ਕੇ ਜਵਾਬ ਦੇਵੀਂ। ਆਹ ਲੈ ਫੋਟੋ ਦੇਖ ਲਾ। ਮੈਂ ਤਿੰਨ ਚਾਰ ਦਿਨਾਂ ਨੂੰ ਫੇਰ ਆਉਣਾ ਏਥੇ ਉਦੋਂ ਦੱਸ ਦਿਉ’। ਮਾਸੜ ਜੀ ਨੇ ਇਕ ਫੋਟੋ ਦਿੰਦਿਆਂ ਬਿਨਾਂ ਕਿਸੇ ਭੂਮਿਕਾ ਦੇ ਸਪਸ਼ਟ ਗੱਲ ਕਹੀ।ਉਹ ਮੇਰੇ ਰਿਸ਼ਤੇ ਦੀ ਗੱਲ ਕਰ ਰਹੇ ਸਨ।ਜਦ ਉਹ ਚਲੇ ਗਏ ਤਾਂ ਬਾਈ ਜੀ ਦੀ ਵੀ ਇਹੋ ਇਛਾ ਸੀ ਕਿ ਮੈਂ ਹਾਂ ਹੀ ਆਖਾਂ।ਇਹੋ ਜਿਹੇ ਮੌਕੇ ਕਿਥੇ ਮਿਲਦੇ ਹਨ। ਮਾਸੜ ਜੀ ਦੀ ਗੱਲ ਵਿਚ ਪੂਰਾ ਦਮ ਸੀ।
 
      ਮੈਂ ਫੋਟੋ ਨੂੰ ਦੁਬਾਰਾ ਗਹੁ ਨਾਲ ਦੇਖਿਆ।ਕੁੜੀ ਬਹੁਤੀ ਸੁਹਣੀ ਤਾਂ ਨਹੀਂ ਪਰ ਮਾੜੀ ਵੀ ਨਹੀਂ ਸੀ।ਮੈਂ ਹਾਂ ਕਰ ਦਿੱਤੀ ਤੇ ਫੋਟੋ ਜੇਬ ਵਿਚ ਪਾ ਲਈ ਤਾਂ ਜੋ ਦੋਸਤਾਂ ਨੂੰ ਦਿਖਾ ਸਕਾਂ।ਉਦੋਂ ਮੇਰਾ ਪਹਿਲਾ ਨਾਵਲ ‘ਵਧਾਈਆਂ’ ਛਪਿਆ ਸੀ। ਛੋਟੀ ਉਮਰ ‘ਚ ਲਿਖਿਆ ਹੋਣ ਕਰ ਕੇ ਕਾਫੀ ਚਰਚਾ ਹੋਈ ਸੀ।ਉਦੋਂ ਚਿਠੀਆਂ ਲਿਖਣ ਦਾ ਰਿਵਾਜ਼ ਸੀ।ਰੋਜ਼ ਕਾਫੀ ਡਾਕ ਆਉਂਦੀ ਸੀ ਜਿਸ ਵਿਚ ਕੋਈ ਨਾ ਕੋਈ ਪ੍ਰੇਮ ਪੱਤਰ ਵੀ ਆ ਜਾਂਦਾ।ਮੈਂ ਸ਼ੁਰੂ ਤੋਂ ਸ਼ਰਮਾਕਲ ਤਾਂ ਸੀ ਹੀ ਨਾਲ ਆਦਰਸ਼ਵਾਦੀ ਵੀ ਸੀ। ਮੇਰੀ ਸੋਚ ਸੀ ਕਿ ਕਿਸੇ ਇਕ ਦਾ ਹੋਣਾ ਹੈ ਤੇ ਕਿਸੇ ਇਕ ਨੂੰ ਆਪਣਾ ਬਣਾਉਣਾ ਹੈ।ਇਸ ਆਦਰਸ਼ ਨੂੰ ਮੈਂ ਅਜ ਤਕ ਨਿਭਾ ਰਿਹਾ ਹਾਂ।ਸੋ ਕਦੇ ਕਿਸੇ ਨੂੰ ਵਾਪਸੀ ਪੱਤਰ ਨਹੀਂ ਸੀ ਲਿਖਿਆ ਸਿਵਾਏ ਧੰਨਵਾਦ ਦੇ ਸ਼ਬਦਾਂ ਦੇ।ਦੋ ਤਿੰਨ ਕੁੜੀਆਂ ਤਾਂ ਅਜਿਹੀਆਂ ਨਿਡਰ ਸਨ ਜੋ ਮੇਰੇ ਘਰ ਤਕ ਵੀ ਆ ਗਈਆਂ।ਦਿਨੋਂ ਦਿਨ ਅਜਿਹੇ ਪੱਤਰ ਵਧ ਰਹੇ ਸਨ ਪਰ ਮੈਂ ਤਾਂ ਕਿਸੇ ਦੀ ਫੋਟੋ ਜੇਬ ਵਿਚ ਪਾ ਲਈ ਸੀ।ਮੈਂ ਜਦੋਂ ਵੀ ਫੋਟੋ ਦੇਖਦਾ ਤਾਂ ਉਹ ਮੈਨੂੰ ਪਹਿਲਾਂ ਨਾਲੋਂ ਹੁਸੀਨ ਜਾਪਦੀ।ਹਰ ਸਵੇਰ ਮੇਰੇ ਦਿਲ ਦੇ ਹੋਰ ਨੇੜੇ ਹੁੰਦੀ। ਉਧਰੋਂ ਵੀ ਸੁਨੇਹਾ ਮਿਲ ਗਿਆ ਕਿ ਕੁੜੀ ਮਾਰਚ ਦੇ ਅਖੀਰ ਵਿਚ ਆ ਰਹੀ ਹੈ, ਉਦੋਂ ਸਾਦਾ ਜਿਹਾ ਵਿਆਹ ਹੋ ਜਾਵੇਗਾ।ਪਹਿਲਾਂ ਮੇਰਾ ਕਦੇ ਵੀ ਬਾਹਰ ਜਾਣ ਦਾ ਰੁਝਾਨ ਨਹੀਂ ਸੀ ਰਿਹਾ ਪਰ ਹੁਣ ਕਨੇਡਾ ਬਾਰੇ ਜ਼ਿਆਦਾ ਸੋਚਦਾ।ਕਾਲਜ ਜਾਣਾ ਤਾਂ ਛਡਿਆ ਹੀ ਹੋਇਆ ਸੀ। ਪ੍ਰੋਫੈਸਰਾਂ ਨਾਲ ਸਨੇਹ ਸੀ ਜਿਸ ਕਾਰਣ ਹਾਜ਼ਰੀ ਦੀ ਸਮੱਸਿਆ ਨਹੀਂ ਸੀ।ਪਰ ਹੁਣ ਪੇਪਰਾਂ ਵੱਲੋਂ ਵੀ ਬੇਧਿਆਨੀ ਹੋ ਗਈ।ਜਦ ਚਾਰ ਮਹੀਨਿਆਂ ਨੂੰ ਕਨੇਡਾ ਹੀ ਜਾਣਾ ਹੈ ਤਾਂ ਪੇਪਰ ਦੇ ਕੇ ਕੀ ਕਰਨੇ ਐਂ।ਦਿਨ ਛਾਲਾਂ ਮਾਰਦੇ ਜਾ ਰਹੇ ਸਨ।ਮਾਰਚ ਚੜ੍ਹ ਚੁਕਿਆ ਸੀ। ਹਰ ਰੋਜ਼ ਕਿਸੇ ਸੁਨੇਹੇ ਦੀ ਉਡੀਕ ਰਹਿੰਦੀ। ਦੋ ਹਫਤੇ ਬੀਤ ਗਏ ਪਰ ਕੋਈ ਸੁਨੇਹਾ ਨਾ ਆਇਆ। ਨਾ ਹੀ ਪਤਾ ਲੱਗ ਰਿਹਾ ਸੀ ਕਿ ਉਹ ਕਿਹੜੇ ਦਿਨ ਆ ਰਹੇ ਹਨ।ਕੋਈ ਟੈਲੀਫੋਨ ਵੀ ਨਹੀਂ ਸੀ ਹੁੰਦਾ ਉਦੋਂ।ਮਾਰਚ ਦੇ ਤਿੰਨ ਹਫਤੇ ਲੰਘ ਗਏ।
 
      ਬਾਈ ਜੀ ਦਾ ਸਬਰ ਜਵਾਬ ਦੇ ਗਿਆ ਤਾਂ ਉਹ ਆਪ ਪਤਾ ਕਰਨ ਗਏ।ਵਾਪਸ ਆਏ ਤਾਂ ਉਨ੍ਹਾਂ ਦਾ ਮੂੰਹ ਲਟਕਿਆ ਹੋਇਆ ਸੀ।ਕੁੜੀ ਤਾਂ ਵਿਆਹੀ ਵੀ ਗਈ।ਇਹ ਕਿਵੇਂ ਹੋ ਗਿਆ? ਇਥੇ ਤਾਂ ਉਹ ਸਖਸ਼ ਕਹਿ ਰਿਹਾ ਸੀ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਮੈਨੂੰ ਚਾਹੁੰਦਾ ਹੈ। ਬਾਈ ਜੀ ਦੱਸ ਰਹੇ ਸਨ ਕਿ ਉਹ ਬਹੁਤ ਸ਼ਰਮਿੰਦਾ ਹਨ ਇਸੇ ਲਈ ਕੋਈ ਗੱਲ ਕਰਨ ਵੀ ਨਹੀਂ ਆਇਆ। ਉਨ੍ਹਾਂ ਦੇ ਵਡੇ ਜਵਾਈ ਨੇ ਪੰਗਾ ਖੜ੍ਹਾ ਕਰ ਦਿੱਤਾ ਕਿ ਜੇ ਇਸਦਾ ਵਿਆਹ ਮੇਰੇ ਛੋਟੇ ਭਰਾ ਨਾਲ ਨਾ ਕੀਤਾ ਤਾਂ ਮੈਂ ਵਿਆਹ ਵਾਲੇ ਦਿਨ ਕੁਛ ਖਾ ਕੇ ਮਰ ਜਾਊਂ।
 
      ਮਨ ਬੜਾ ਭਾਰਾ ਹੋ ਰਿਹਾ ਸੀ। ਸਾਰੇ ਸੁਪਨੇ ਚਕਨਾਚੂਰ ਹੋ ਗਏ।ਦੋਸਤ ਕੀ ਕਹਿਣਗੇ? ਦਿਲ ਕਰਦਾ ਸੀ ਕਿ ਉਸਦੀ ਫੋਟੋ ਪਾੜ ਦੇਵਾਂ।ਪਰ ਮੈਂ ਆਪਣੇ ਦਿਮਾਗ ਨੂੰ ਹਮੇਸ਼ਾ ਹੀ ਦਿਲ ਤੋਂ ਉਪਰ ਰਖਣ ਦੀ ਕੋਸ਼ਿਸ਼ ਕੀਤੀ ਹੈ।ਇਸ ਵਿਚ ਉਸਦਾ ਤਾਂ ਕੋਈ ਦੋਸ਼ ਨਹੀਂ ਸੀ।ਇਸ ਤਰ੍ਹਾਂ ਦੀਆਂ ਗੱਲਾਂ ਤਾਂ ਆਮ ਹੀ ਵਾਪਰਦੀਆਂ ਹਨ।ਮੈਂ ਫੋਟੋ ਨੂੰ ਪਾੜਿਆ ਨਹੀਂ ਸਗੋਂ ਸੰਭਾਲ ਕੇ ਇਕ ਪਾਸੇ ਰਖ ਦਿੱਤੀ।ਤੇ ਬੱਸ---- ਫਿਰ ਮੈਂ ਕਦੇ ਉਸ ਬਾਰੇ ਨਹੀਂ ਸੋਚਿਆ।ਕਦੇ ਉਸਦੀ ਫੋਟੋ ਨਹੀਂ ਦੇਖੀ। ਮੇਰਾ ਉਸ ਨਾਲ ਸੰਬੰਧ ਵੀ ਕੀ ਸੀ? ਕਦੇ ਉਸਨੂੰ ਦੇਖਿਆ ਵੀ ਨਹੀਂ ਤੇ ਨਾ ਹੀ ਦੋ ਬੋਲ ਸਾਂਝੇ ਕੀਤੇ। ਭਾਵੇਂ ਇਹ ਸੰਬੰਧ ਬਣਨ ਤੋਂ ਪਹਿਲਾਂ ਹੀ ਖਤਮ ਹੋ ਗਿਆ ਸੀ ਪਰ ਸ਼ਾਇਦ ਮਨ ਦੇ ਕਿਸੇ ਕੋਨੇ ਵਿਚ ਇਸਦੀ ਕੰਕਰ ਬਾਕੀ ਰਹਿ ਗਈ ਹੋਵੇ।ਜ਼ਿੰਦਗੀ ਵਿਚ ਬਹੁਤ ਸਾਰੀਆ ਘਟਨਾਵਾਂ ਵਾਪਰਦੀਆਂ ਹਨ। ਕਈ ਦੋਸਤ ਬਣਦੇ ਹਨ ਕਈ ਵਿਛੜਦੇ ਹਨ।ਸਾਹਿਰ ਲੁਧਿਆਣਵੀ ਦੇ ਲਿਖੇ ਗੀਤ ਵਾਲੀ ਭਾਵਨਾ ਨੂੰ ਹੀ ਅਪਣਾਇਆ ਹੈ ਕਿ-
 
ਵੋ ਅਫ਼ਸਾਨਾ ਜਿਸੇ ਅੰਜਾਮ ਤਕ ਲਾਨਾ ਨਾ ਹੋ ਮੁਮਕਿਨ
 
ਉਸੇ ਇਕ ਖੂਬਸੂਰਤ ਮੋੜ ਦੇ ਕਰ ਛੋੜਨਾ ਅਛਾ।
 
ਕਦੇ ਵੀ ਇਹ ਸੋਚ ਭਾਰੂ ਨਹੀਂ ਸੀ ਹੋਈ ਕਿ ਮੈਂ ਹੁਣ ਕਨੇਡਾ ਜਾ ਕੇ ਹੀ ਦਿਖਾਵਾਂਗਾ।ਕੁਝ ਚਿਰ ਮਗਰੋਂ ਮੇਰਾ ਵਿਆਹ ਹੋ ਗਿਆ।ਸੁਘੜ ਸਿਆਣੀ ਪਤਨੀ ਮਿਲੀ।ਜਿਸ ਦਿਨ ਸਾਡੀ ਪਹਿਲੀ ਬੇਟੀ ਨੇ ਜਨਮ ਲਿਆ ਉਸੇ ਦਿਨ ਸਾਨੂੰ ਕਾਫੀ ਵਡਾ ਆਰਡਰ ਮਿਲਿਆ।ਅਡਵਾਂਸ ਚੰਗੀ ਰਕਮ ਮਿਲ ਗਈ।ਬਾਈ ਜੀ ਖੁਸ਼ ਹੋ ਕੇ ਕਹਿ ਰਹੇ ਸਨ, ਸਾਡੇ ਘਰ ਧੀ ਨਹੀਂ ਰੋਜ਼ੀ ਆਈ ਹੈ।ਉਸਦਾ ਨਾਂ ਹੀ ਰੋਜ਼ੀ ਪੱਕ ਗਿਆ ਜਿਸ ਨੂੰ ਮਿਲਣ ਅਸੀਂ ਅਜ ਜਾ ਰਹੇ ਸੀ।ਉਸ ਤੋਂ ਮਗਰੋਂ ਅਜਿਹੇ ਦਿਨ ਫਿਰੇ ਕਿ ਪੈਸੇ ਦੀ ਕੋਈ ਕਮੀ ਨਾ ਰਹੀ।ਜੇ ਮੈਂ ਚਾਹੁੰਦਾ ਤਾਂ ਬਹੁਤ ਪਹਿਲਾਂ ਕਨੇਡਾ ਘੁੰਮ ਸਕਦਾ ਸਾਂ।ਪਰ ਕਦੇ ਕੋਸ਼ਿਸ਼ ਹੀ ਨਹੀਂ ਕੀਤੀ।ਮਨ ਤਕਰੀਬਨ ਸ਼ਾਂਤ ਹੀ ਰਹਿੰਦਾ ਹੈ।ਪਰ ਜਦੋਂ ਵੀ ਕਦੇ ਗੁਲਜ਼ਾਰ ਦਾ ਲਿਖਿਆ ਗੀਤ ਸੁਣਦਾ ਹਾਂ ਤਾਂ ਮੇਰਾ ਚੈਨ ਗੁਆਚ ਜਾਂਦਾ ਹੈ।ਇਸਦੀ ਵਜ੍ਹਾ ਪਤਾ ਨਹੀਂ ਕੀ ਹੈ ਕਿ- 
ਕੋਈ ਵਾਦਾ ਨਹੀਂ ਕੀਆ ਲੇਕਿਨ ਕਿਉਂ ਤੇਰਾ ਇੰਤਜ਼ਾਰ ਰਹਿਤਾ ਹੈ
 
 ਬੇਵਜਹਾ ਜਬ ਕਰਾਰ ਮਿਲ ਜਾਏ ਦਿਲ ਬੜਾ ਬੇਕਰਾਰ ਰਹਿਤਾ ਹੈ।
 
      ਅਚਾਨਕ ਮੇਰੇ ਸਰੀਰ ਵਿਚ ਹਰਕਤ ਹੁੰਦੀ ਹੈ। ਟੀ ਵੀ ਸਕਰੀਨ ਦਰਸਾ ਰਹੀ ਹੈ ਕਿ ਜਹਾਜ਼ ਇਕ ਗੋਲ ਦਾਇਰਾ ਬਣਾ ਕੇ ਆਪਣੀ ਮੰਜ਼ਿਲ ਤੇ ਪਹੁੰਚ ਚੁਕਿਆ ਹੈ।ਬਾਹਰ ਮੌਸਮ ਸਾਫ ਦਿਸ ਰਿਹਾ ਹੈ।ਜਹਾਜ਼ ਦੇ ਉਤਰਨ ਦੀ ਘੋਸ਼ਣਾ ਹੋ ਗਈ। ਖਰਾਬ ਮੌਸਮ ਕਾਰਣ ਹੋਈ ਅੱਧਾ ਘੰਟਾ ਦੇਰੀ ਦੀ ਮੁਆਫੀ ਮੰਗੀ ਜਾ ਰਹੀ ਹੈ।ਮੈਂ ਆਸ ਪਾਸ ਦੇਖਦਾ ਹਾਂ ਤਾਂ ਮੇਰੀ ਪਤਨੀ ਮੇਰੇ ਅੰਦਰਲੇ ਤੂਫਾਨ ਤੋਂ ਬੇਖਬਰ ਬਾਹਰਲੇ ਤੂਫਾਨ ਤੋਂ ਡਰੀ ਚੁੱਪ ਬੈਠੀ ਹੈ।ਜਹਾਜ਼ ਨੇ ਧਰਤੀ ਨੂੰ ਛੂਹ ਲਿਆ। ਲੋਕਾਂ ਨੇ ਤਾੜੀਆਂ ਮਾਰੀਆਂ। ਮੇਰੀ ਪਤਨੀ ਬਾਹਰ ਜਾਣ ਲਈ ਕਾਹਲੀ ਹੈ ਪਰ ਮੈਂ ਅਜੇ ਵੀ ਸੀਟ ਤੇ ਬੈਠਾ ਹਾਂ। 

Punjabi Kahani-'ਛਤਰੀ'


'ਛਤਰੀ'
(ਮੇਜਰ ਮਾਂਗਟ)


'ਬਾਹਰ ਜੋਰਦਾਰ ਮੀਂਹ ਪੈ ਰਿਹਾ ਸੀ।ਸਭਦੇ ਰੋਕਦਿਆਂ ਰੋਕਦਿਆਂ ਵੀ ਰਮਨ ਮੀਂਹ ਵਿੱਚ ਹੀ ਦੌੜ ਪਈ।ਮੈਂ ਬਥੇਰਾ ਕਿਹਾ ਕਿ ਸਿਰ ਢਕਣ ਨੂੰ ਛਤਰੀ ਜਾਂ ਕੁਝ ਹੋਰ ਤਾਂ ਲੈ ਜਾ,ਪਰ ਉਸ ਨੇ ਮੇਰੀ ਇੱਕ ਨਾ ਸੁਣੀ'

ਹਰਦਿਆਲ ਸਿੰਘ ਸੋਚ ਰਿਹਾ ਸੀ।ਰਮਨ ਉਸ ਦੀ ਦੋਹਤੀ ਹੈ।ਜਿਸ ਨੂੰ ਮੀਂਹ ਵਿੱਚ ਦੌੜੀ ਜਾਂਦੀ ਨੂੰ ਉਹ ਕਿੰਨੀ ਦੇਰ ਹੀ ਲਿਵਿੰਗ ਰੂਮ ਦੇ ਸ਼ੀਸ਼ਿਆਂ ਵਿੱਚੋਂ ਦੇਖਦਾ ਰਿਹਾ ਸੀ।ਜਿਸ ਦਿਨ ਦਾ ਉਹ ਹਸਪਤਾਲੋਂ ਮੁੜਿਆਂ ਸੀ ਉਸ ਦਾ ਚਿੱਤ ਠਿਕਾਣੇ ਨਹੀਂ ਸੀ ਰਹਿੰਦਾ।ਇਨ੍ਹਾਂ ਸੋਚਾਂ ਕਾਰਨ ਹੀ ਉਸ ਨੇ ਅਨੇਕਾਂ ਬਿਮਾਰੀਆਂ ਸਹੇੜ ਲਈਆਂ ਸਨ।ਬਲੱਡ ਪ੍ਰੈਸ਼ਰ,ਸ਼ੂਗਰ,ਕਲੈਸਟਰੋਲ ਸਭ ਲੱਗ ਗਏ ਸਨ।ਉਮਰ ਵੀ ਤਾਂ ਸੱਤਰਾਂ ਦੀ ਹੋ ਗਈ ਸੀ।ਉਹ ਬੈਠਾ ਪਤਾ ਨਹੀਂ ਕਿਹੜੀਆਂ ਭੰਨਾਂ ਘੜਤਾਂ ਵਿੱਚ ਪਿਆ ਹੋਇਆ ਸੀ।

"ਹੁਣ ਤਾਂ ਨਦੀਂ ਕਿਨਾਰੇ ਰੁੱਖੜੇ ਵਾਲੀ ਹੀ ਗੱਲ ਹੈ।ਡਾਕਟਰ ਕਹਿੰਦਾ ਸੀ ਮੇਰੀ ਇੱਕ ਕਿਡਨੀ ਤਾਂ ਪੂਰੀ ਹੀ ਖਤਮ ਹੈ।ਦੂਸਰੀ ਜੋ ਸੱਠ ਪ੍ਰਸੈਂਟ ਕੰਮ ਕਰਦੀ ਹੈ ਉਸ ਨੂੰ ਵੀ ਇਨਫੈਕਸ਼ਨ ਹੈ।ਏਸੇ ਲਈ ਤਾਂ ਪਿਸ਼ਾਬ ਬੰਦ ਹੋ ਗਿਆ ਸੀ।ਪਿਛਲੇ ਸਾਲ ਅਜੇ ਅਧਰੰਗ ਦਾ ਦੌਰਾ ਪੈ ਕੇ ਹਟਿਆ ਏ।ਬੱਸ ਜਦੋਂ ਦੀ ਏਨਾਂ ਦੀ ਬੇਬੇ ਛੱਡ ਕੇ ਤੁਰ ਗਈ ਬਿਮਾਰੀਆਂ ਇੱਕੋ ਸਾਹੇ ਆ ਚੁੰਬੜੀਆ।ਉਹ ਵੀ ਤਾਂ ਵਿਚਾਰੀ ਏਸੇ ਤਰ੍ਹਾਂ ਤੜਫਦੀ ਗਈ ਆ।ਕਦੇ ਗੋਡੇ ਖੜ ਗਏ ਅਤੇ ਕਦੇ ਫੇਫਰਿਆਂ ਵਿੱਚ ਪਾਣੀ ਭਰ ਗਿਆ।ਇਲਾਜ ਖੁਣੋ ਵੀ ਕੋਈ ਕਸਰ ਨਹੀਂ ਸੀ ਛੱਡੀ।ਕਦੇ ਗੋਡੇ ਨਵੇਂ ਪੁਆ,ਕਦੇ ਹਸਪਤਾਲ ਦਾਖਲ ਕਰਾ।ਕੁਲਵਿੰਦਰ ਤਾਂ ਵਿਚਾਰੀ ਵਾਹ ਜਹਾਨ ਦੀ ਲਾ ਬੈਠੀ।ਪਰ ਜੋ ਦਾਤੇ ਨੂੰ ਮਨਜੂਰ ਏ ਉਹ ਹੀ ਹੋਣਾ ਏ"

ਸੋਚੀਂ ਡੁੱਬਿਆ ਹੁਣ ਉਹ ਕੁਲਵਿੰਦਰ ਨੂੰ ਚਿਤਾਰਨ ਲੱਗਿਆ।ਜੋ ਉਸ ਦੀ ਧੀ ਸੀ ਜਿਸ ਨਾਲ ਹੁਣ ਉਹ ਰਹਿੰਦਾ ਸੀ।ਏਸੇ ਕੁੜੀ ਦੇ ਫਿਕਰ ਵਿੱਚ ਤਾਂ ਉਨ੍ਹਾਂ ਸਾਰੀ ਉਮਰ ਲੰਘਾ ਦਿੱਤੀ ਸੀ।ਉਸ ਦੀ ਸੋਚ ਪਿਛੇ ਪਰਤਣ ਲੱਗੀ।

"ਮੈਂ ਕੋਈ ਤੀਂਹਾ ਕੁ ਵਰਿਆਂ ਦਾ ਹੋਵਾਂਗਾ ਜਦੋਂ ਘਰੋਂ ਨਿੱਕਲਿਆ ਸੀ।ਆਬੂ ਧਾਬੀ,ਦੋਹਾ ਕਤਰ,ਬਹਿਰੀਨ,ਲਿਬਨਾਨ ਕਿੱਥੇ ਕਿੱਥੇ ਨਹੀਂ ਧੱਕੇ ਖਾਧੇ।ਤਾਂ ਕਿਤੇ ਜਾ ਕੇ ਇੰਗਲੈਂਡ ਨਿੱਕਲਿਆ।ਹੁਣ ਤਾਂ ਅਠਾਈ ਸਾਲ ਕਨੇਡਾ ਆਏ ਨੂੰ ਵੀ ਹੋ ਗਏ।ਪਤਾ ਹੀ ਨਹੀਂ ਲੱਗਿਆ ਸਮਾਂ ਕਿਵੇਂ ਨਿੱਕਲ ਗਿਆ।ਪਿੰਡੋਂ ਨਿੱਕਲੇ ਨੂੰ ਤਾਂ ਚਾਲੀ ਵਰੇ ਬੀਤ ਗਏ ਨੇ।ਉਦੋਂ ਸਮੇਂ ਚੰਗੇ ਸੀ।ਕਨੇਡਾ ਆਉਣ ਲਈ ਵੀ ਐਨਾ ਨਹੀਂ ਸੀ ਪੁੱਛਦੇ ਤੇ ਵਰਕ ਪਰਮਟ ਵੀ ਸੁਖਾਲਾ ਹੀ ਮਿਲ ਜਾਂਦਾ ਸੀ।ਬੱਸ ਇੱਕ ਵਾਰ ਫੈਕਟਰੀ ਜਾਣ ਲੱਗ ਪਏ ਫੇਰ ਚੱਲ ਸੋ ਚੱਲ।ਇਮੀਗਰੇਸ਼ਨ ਵੀ ਮਿਲ ਗਈ।ਟੱਬਰ ਵੀ ਮੰਗਵਾ ਲਿਆ।ਕੁਲਵਿੰਦਰ ਆਪਣੀ ਬੇਬੇ ਨਾਲ ਜਦੋਂ ਕਨੇਡਾ ਆਈ ਸੀ ਮਸਾਂ ਸਤਾਰਾਂ ਕੁ ਸਾਲਾਂ ਦੀ ਹੋਵੇਗੀ।ਇਸ ਦਾ ਤਾਂ ਜੀ ਲੱਗ ਗਿਆ ਸੀ ਪਰ ਮੁਖਤਿਆਰੋ ਦਾ ਏਥੇ ਸਾਰੀ ਉਮਰ ਜੀ ਨਾ ਲੱਗਿਆ।ਉਹ ਮਨ ਵਲੋਂ ਵੀ ਅਤੇ ਤਨ ਵਲੋਂ ਵੀ ਦੁਖੀ ਹੀ ਰਹੀ"

ਯਾਦ ਕਰਕੇ ਹਰਦਿਆਲ ਦਾ ਮਨ ਭਰ ਆਇਆ।

ਸੋਚ ਫੇਰ ਪਿੱਛੇ ਪਰਤੀ।

'ਇੰਡੀਆ ਜ਼ਮੀਨ ਥੋੜੀ ਸੀ।ਘੱਟ ਪੜ੍ਹੇ ਲਿਖੇ ਸੀ।ਗੁਜਾਰਾ ਮੁਸ਼ਕਿਲ ਸੀ।ਤਾਂ ਹੀ ਤਾਂ ਕਨੇਡਾ ਆਏ ਸੀ ਕਿ ਚਲੋ ਬੱਚਿਆਂ ਦਾ ਕੁਛ ਬਣ ਜਾਊ।ਪਰ ਮੁੜਕੇ ਬੱਚਿਆਂ ਖਾਤਰ ਹੀ ਸਾਰੀ ਉਮਰ ਸੂਲ਼ੀ ਤੇ ਟੰਗੇ ਰਹੇ।ਹੁਣ ਭਲਾ ਇਹ ਕੁਲਵਿੰਦਰ ਦਾ ਵੀ ਕੋਈ ਜੀਣ ਆ।ਜਵਾਨੀ ਤੋਂ ਲੈ ਕੇ ਹੁਣ ਤੱਕ ਇਕਲਾਪਾ ਕੱਟਿਆ।ਉਹ ਹਰਾਮੀ ਕਨੇਡਾ ਦੇ ਲਾਲਚ ਨੂੰ ਆਇਆ ਸੀ ਤੇ ਮੁੜ ਲੱਤ ਮਾਰ ਦੌੜ ਗਿਆ।ਸਾਨੂੰ ਸਾਰਿਆਂ ਨੂੰ ਸੁੱਟ ਗਿਆ ਤੜਫਣ ਲਈ ਸੂਰ ਕਿਸੇ ਥਾਂ ਦਾ'

ਉਸਦਾ ਸਿਰ ਤਪਣ ਲੱਗਿਆ।

'ਅਜੇ ਤੱਕ ਕੋਰਟਾਂ ਕਚਿਹਰੀਆਂ ਵਿੱਚ ਰੁਲਦੇ ਹਾਂ।ਵਕੀਲਾਂ ਕੋਲ ਧੱਕੇ ਖਾਂਦੇ ਆਂ ਤੇ ਉਨਾਂ ਦੇ ਘਰ ਭਰਦੇ ਹਾਂ।ਜ਼ਿੰਦਗੀ ਐਹੋ ਜੀ ਹੋਵੇਗੀ ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ'

ਹਰਦਿਆਲ ਨੂੰ ਆਪਣੀ ਧੀ ਨਾਲ ਹਮਦਰਦੀ ਜਾਗੀ।ਉਸ ਨੂੰ ਉਹ ਦਿਨ ਯਾਦ ਆਇਆ ਜਦੋਂ ਕੁਲਵਿੰਦਰ ਨੇ ਉਸ ਦੇ ਸਾਹਮਣੇ ਹੀ ਆਪਣੇ ਜੀਵਨ ਦੀ ਸਾਰੀ ਕਹਾਣੀ ਵਕੀਲ ਨੂੰ ਸੁਣਾਈ ਸੀ।ਉਹ ਘਟਨਾਵਾਂ ਜਿਵੇਂ ਗੰਦੇ ਕੀੜੇ ਬਣ ਕੇ ਉਸਦੇ ਦਿਮਾਗ ਵਿੱਚ ਰੀਂਗ ਰਹੀਆਂ ਹੋਣ।

'ਪਰਿਵਾਰ ਦੇ ਕਨੇਡਾ ਆਉਣ ਤੋਂ ਤਿੰਨ ਸਾਲ ਬਾਅਦ ਹੀ ਉਹ ਬੱਚਿਆਂ ਦੇ ਵਿਆਹ ਕਰਨ ਭਾਰਤ ਚਲੇ ਗਏ ਸਨ।ਪਹਿਲਾਂ ਕੁਲਵਿੰਦਰ ਦਾ ਵਿਆਹ ਸੀ ਤੇ ਉਸੇ ਹਫਤੇ ਜਸਵਿੰਦਰ ਦਾ,ਜੋ ਕੁਲਵਿੰਦਰ ਤੋਂ ਦੋ ਸਾਲ ਛੋਟਾ ਸੀ।ਉਦੋਂ ਕੁਲਵਿੰਦਰ ਨਾਲ ਹਰਮੀਤ ਦਾ ਰਿਸ਼ਤਾ ਦਲਜੀਤ ਸਰਾਂ ਨੇ ਕਰਵਾਇਆ ਸੀ ਜੋ ਰਿਸ਼ਤੇ ਵਿੱਚ ਹਰਦਿਆਲ ਦਾ ਭਣੋਈਆ ਲੱਗਦਾ ਸੀ।ਨਾ ਹਰਦਿਆਲ ਉਦੋਂ ਪ੍ਰਾਹੁਣੇ ਦੀ ਗੱਲ ਮੋੜ ਸਕਿਆ ਤੇ ਨਾ ਕੁਲਵਿੰਦਰ ਆਪਣੀ ਚਰਨ ਭੂਆ ਦੀ।ਦਰਅਸਲ ਕਨੇਡਾ ਆਏ ਹਰਦਿਆਲ ਨੂੰ ਉਦੋਂ ਭਣੋਈਏ ਦੇ ਕਿਸੇ ਦੋਸਤ ਨੇ ਹੀ ਸਾਂਭਿਆ ਸੀ ਇਸ ਕਰਕੇ ਉਹ ਜਵਾਬ ਨਾ ਦੇ ਸਕਿਆ।ਦਲਜੀਤ ਨੇ ਉਦੋਂ ਆਪਣਾ ਭਾਣਜਾ ਕਨੇਡਾ ਕੱਢਣਾ ਸੀ ਜੋ ਉਸ ਵਕਤ ਪਨਸਪ ਮਹਿਕਮੇ ਵਿੱਚ ਮਾਮੂਲੀ ਕਲਰਕ ਸੀ'

ਹਰਦਿਆਲ ਯਾਦਾਂ ਦੀ ਪਟਾਰੀ ਖੋਹਲ ਬੈਠਾ

'ਦਲਜੀਤ ਸਰਾਂ ਵੀ ਕਿਸੇ ਤੀਰ ਤੁੱਕੇ ਨਾਲ ਹੀ ਕਨੇਡਾ ਆ ਗਿਆ ਸੀ।ਪੱਕਾ ਹੋਣ ਤੋਂ ਪਹਿਲਾਂ ਹੀ ਉਹ ਉਹ ਚਰਨ ਨੂੰ ਵਿਆਹਿਆ ਹੋਇਆ ਸੀ।ਦਲਜੀਤ ਦੇ ਖੰਭ ਕਨੇਡਾ ਆਕੇ ਕੁੱਝ ਜਿਆਦਾ ਹੀ ਨਿੱਕਲ ਆਏ ਸਨ।ਪੱਕਾ ਹੋਣ ਤੋਂ ਬਾਅਦ ਤਿੰਨ ਸਾਲ ਤਾਂ ਉਸ ਨੇ ਭੈਣ ਨੂੰ ਸਪਂੌਸਰ ਹੀ ਨਾ ਕੀਤਾ।ਦੋ ਗੇੜੇ ਇੰਡੀਆ ਵੀ ਮਾਰ ਆਇਆ ਤੇ ਲਾਰੇ ਲਾਂਉਂਦਾ ਰਿਹਾ।ਉਸ ਦਾ ਮੂੰਹ ਕਦੇ ਸਿੱਧਾ ਨਹੀਂ ਸੀ ਰਹਿੰਦਾ।ਉਸੇ ਨੂੰ ਖੁਸ਼ ਕਰਨ ਲਈ ਕੁਲਵਿੰਦਰ ਦੇ ਰਿਸ਼ਤੇ ਲਈ ਜਵਾਬ ਨਹੀਂ ਸੀ ਦਿੱਤਾ ਗਿਆ।ਹਰਾਮਜਾਦੇ ਨੇ ਭੈਣ ਨੂੰ ਜੋ ਵਿੱਚ ਪਾ ਲਿਆ ਸੀ।ਉਦੋਂ ਉਹ ਵੀ ਵਿਚਾਰੀ ਇਸ ਦੀਆਂ ਗੱਲਾਂ ਵਿੱਚ ਆ ਗਈ।ਪਰ ਖੁਸ਼ ਉਹ ਫੇਰ ਵੀ ਨਾ ਹੋਇਆ।ਸਪੌਂਸਰ ਤਾਂ ਕੀ ਕਰਨਾ ਸੀ ਸਗੋਂ ਬਾਹਰਲੇ ਪੇਪਰ ਕਹਿ ਕੇ ਤਲਾਕ ਵਾਲੇ ਪੇਪਰ ਸਾਈਨ ਕਰਵਾ ਲਏ।ਉਨੇ ਤਾਂ ਵਿਚਾਰੀ ਨੇ ਯਕੀਨ ਕੀਤਾ,ਪੇਪਰ ਪੜ੍ਹੇ ਵੀ ਨਹੀਂ।ਤੇ ਹੁਣ ਤੱਕ ਪੇਕੇ ਘਰ ਬੇ 'ਲਾਦ ਹੀ ਰੁਲਦੀ ਆ।ਏਧਰ ਵਿਚਾਰੀ ਕੁਲਵਿੰਦਰ ਰੁਲਦੀ ਆ।ਭੂਆ ਭਤੀਜੀ ਦੀ ਇੱਕੋ ਹੋਣੀ।ਕੁਲਵਿੰਦਰ ਦੇ ਵਿਆਹ ਵੇਲੇ ਮੈਨੂੰ ਰਤਾ ਵੀ ਭਿਣਕ ਪੈ ਜਾਂਦੀ ਤਾਂ ਇਹ ਰਿਸ਼ਤਾ ਮੈਂ ਕਦੇ ਨਾ ਕਰਦਾ।ਕੁਲਵਿੰਦਰ ਕੋਲ ਤਾਂ ਰਮਨ ਦਾ ਸਹਾਰਾ ਹੈ ਚਰਨ ਭੈਣ ਕੋਲ ਤਾਂ ਉਹ ਵੀ ਨੀ'

ਉਸਦੀਆਂ ਅੱਖਾਂ ਸੇਜਲ ਹੋ ਗਈਆਂ

ਬਾਹਰ ਵਰਗੀ ਬਰਸਾਤ ਕਈ ਵਾਰੀ ਉਸ ਦੀਆਂ ਅੱਖਾਂ ਵਿੱਚ ਵੀ ਉਤਾਰੂ ਹੋ ਜਾਂਦੀ ਹੈ।ਭਾਵੇਂ ਅਪਰੈਲ ਦਾ ਮਹੀਨਾ ਸੀ ਪਰ ਮੀਂਹ ਪੈਣ ਨਾਲ ਮੌਸਮ ਕਾਫੀ ਸਰਦ ਹੋ ਗਿਆ ਸੀ।

ਉਹ ਸੋਚਦਾ,ਜੇ ਮੁਖਤਿਆਰੋ ਜਿਊਂਦੀ ਹੁੰਦੀ ਤਾਂ ਕਹਿੰਦੀ, 'ਦੇਖ ਲੈ ਜੈ ਖਾਣੇ ਦੀ ਕਿਵੇਂ ਇੰਡੀਆਂ ਮੰਗੂ ਝੜੀ ਲੱਗੀ ਹੈ।ਕਿਵੇਂ ਮੀਂਹ ਝਈਆਂ ਲੈ ਲੈ ਆਂਉਦੈਂ।ਕੁਲਵਿੰਦਰ ਦੇ ਬਾਪੂ ਮਸਾਲੇ ਵਾਲੀ ਚਾਹ ਬਣਾ ਕੇ ਦਵਾਂ…'ਹਰਦਿਆਲ ਬੁੜਬੜਾਇਆ 'ਬਣਾਦੇ ਫੇਰ ਪੁੱਛਣ ਵਾਲੀ ਕੀ ਗੱਲ ਆ'

ਪਰ ਉੱਥੇ ਤਾਂ ਕੋਈ ਵੀ ਨਹੀਂ ਸੀ।ਲਿਵਿੰਗ ਰੂਮ ਦੇ ਪਾਰਦਰਸ਼ੀ ਸ਼ੀਸੇ ਤੇ ਜੋਰਦਾਰ ਵਾਛੜ ਪੈ ਰਹੀ ਸੀ।

'ਅਸਲ ਵਿੱਚ ਕੁਲਵਿੰਦਰ ਦੀ ਜ਼ਿੰਦਗੀ ਲੂਹੀ ਹੀ ਉਹਦੇ ਫੁੱਫੜ ਨੇ ਆ।ਕੁੱਤਾ ਬੰਦਾ ਹੈ।ਇਸੇ ਨੇ ਤਾਂ ਕਿਹਾ ਸੀ ਮੈਂ ਹਰਮੀਤ ਦੀ ਗਰੰਟੀ ਲੈਂਦਾ ਹਾਂ ਜੇ ਕੱਲ ਕਲਾ ਨੂੰ ਉੱਨੀ ਇੱਕੀ ਕਰੇ।ਕੁਲਵਿੰਦਰ ਤਾਂ ਕਨੇਡਿਉ ਗਈ ਸੀ ਜ਼ਮੀਨਾਂ ਜਾਇਦਾਦਾਂ ਵਾਲੇ,ਕੋਠੀਆਂ ਕਾਰਾਂ ਵਾਲੇ,ਡਾਕਟਰ ਇੰਜਨੀਅਰ ਉਸਦੇ ਰਿਸ਼ਤੇ ਲਈ ਮਗਰ ਮਗਰ ਫਿਰਦੇ ਸਨ।ਹਰਮੀਤ ਕੋਲ ਕੀ ਸੀ ਨਾ ਚੱਜਦਾ ਘਰ ਨਾ ਜ਼ਮੀਨ…।ਖਾਲੀ ਬੀ ਏ ਕੀਤੀ ਹੋਈ ਨੂੰ ਕੌਣ ਪੁੱਛਦੈ ਭਲਾਂ?ਜੇ ਨਰਕ ਹੀ ਭੋਗਣਾ ਸੀ ਤਾਂ ਪੜ੍ਹਾਈ ਵੀ ਕੀ ਚੱਟਣੀ ਆ'

ਹਰਦਿਆਲ ਦੇ ਮੂੰਹੋਂ ਆਪ ਮੁਹਾਰੇ ਹੀ ਜਵਾਈ ਨੂੰ ਗੰਦੀ ਗਾਲ ਨਿੱਕਲ ਗਈ।

ਬਾਹਰ ਬੱਦਲ ਜੋਰ ਨਾਲ ਗੜਕਿਆ।ਸ਼ਾਇਦ ਕਿਤੇ ਬਿਜਲੀ ਡਿੱਗੀ ਹੋਵੇ।

'ਜਿਨਾਂ ਤੇ ਡਿੱਗਣੀ ਚਾਹੀਦੀ ਹੈ ਪਤਾ ਨਹੀਂ ਉਨ੍ਹਾਂ ਤੇ ਕਿਉਂ ਨਹੀਂ ਡਿੱਗਦੀ।ਰੱਬ ਵੀ ਮਾੜੇ ਬੰਦੇ ਦੀ ਨੀ ਸੁਣਦਾ'

ਏਹੋ ਜਿਹੀ ਬਿਜਲੀ ਤਾਂ ਹਰਦਿਆਲ ਦੇ ਦਿਲ ਤੇ ਅਨੇਕਾਂ ਵਾਰ ਡਿੱਗੀ ਸੀ।

'ਕੁਲਵਿੰਦਰ ਦਾ ਤਾਂ ਕਹਿਣਾ ਕੀ ਹੈ।ਰਮਨ ਨੂੰ ਵੀ ਹੁਣ ਤਾ ਅਸਮਾਨੀ ਬਿਜਲੀ ਵਰਗੀਆਂ ਸ਼ੈਆਂ ਤੋਂ ਡਰ ਨੀ ਲੱਗਦਾ।ਦੁਨੀਆਂ ਵਿੱਚ ਹੀ ਦੁੱਖ ਪਰੇ ਤੋਂ ਪਰੇ ਪਿਆ ਹੈ'

ਬਿਜਲੀ ਫੇਰ ਗੜਕੀ।

'ਕੁਲਵਿੰਦਰ ਦੇ ਵਿਆਹ ਤੇ ਹੀ ਪਹਿਲੀ ਵਾਰੀ ਦੇਖੀ ਸੀ,ਜੋ ਹੁਣ ਉਸ ਦੀ ਘਰ ਵਾਲੀ ਬਣੀ ਬੈਠੀ ਹੈ।ਸੁਣਿਆ ਹੀ ਹੈ ਕਿ ਇਸ ਨਾਲ ਬਿਜਲੀ ਬੋਰਡ ਵਿੱਚ ਕੰਮ ਕਰਦੀ ਸੀ ਪਹਿਲਾ…।ਉਦੋ ਦੀ ਹੀ ਗੱਲ ਬਾਤ ਸੀ।ਉਹਨੇ ਵੀ ਨਹੀਂ ਸੋਚਿਆ ਕਿ ਕਾਹਨੂ ਮੈਂ ਕਿਸੇ ਦਾ ਘਰ ਉਜਾੜਾਂ।ਬੱਸ ਕਨੇਡਾ ਨਿੱਕਲਣ ਦੀ ਲਾਲਸਾ।ਕੁਲਵਿੰਦਰ ਦੇ ਵਿਆਹ ਨੂੰ ਕਿਵੇਂ ਭਾਅ ਜੀ ਭਾਅ ਜੀ ਕਰਦੀ ਇਸ ਕਮੀਨੇ ਦੇ ਅੱਗੇ ਪਿੱਛੇ ਘੁੰਮਦੀ ਸੀ।ਮਾਪਿਆਂ ਨੇ ਵੀ ਕੁੜੀ ਨੂੰ ਕਨੇਡਾ ਕੱਢਣ ਲਈ ਜਿਵੇਂ ਉਸੇ ਨੂੰ ਸਪਰਪਣ ਹੀ ਕਰ ਦਿੱਤਾ ਸੀ।ਉਦੋਂ ਉਨਾਂ ਨੂੰ ਕਿਤੇ ਨਹੀਂ ਪਤਾ ਸੀ ਕਿ ਇਹ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਹੈ।ਉਨ੍ਹਾਂ ਤਾਂ ਅੱਖਾਂ ਤੇ ਜਿਵੇਂ ਪੱਟੀ ਹੀ ਬੰਨ ਲਈ ਸੀ।ਤੇ ਇਹ ਕੁੜੀ ਨੂੰ ਕਦੇ ਜਲੰਧਰ,ਕਦੇ ਚੰਡੀਗੜ ਕਦੇ ਦਿੱਲੀ ਲੈ ਕੇ ਘੁੰਮਦਾ ਰਿਹਾ।ਅਖੇ ਮੇਰੀ ਕੁਲੀਗ ਸੀ,ਵਿਚਾਰੇ ਗਰੀਬ ਨੇ।ਮੈਂ ਕੰਮ ਕਰਵਾਉਨਾ ਆਂ ਕਿਸੇ ਦਾ ਫਾਇਦਾ ਹੋ ਜੂ।ਸਾਲਾ ਵੱਡਾ ਸਮਾਜ ਸੇਵਕ…'।

ਹਰਦਿਆਲ ਨੇ ਦੰਦ ਕਰੀਚੇ।

'ਏਥੇ ਆਕੇ ਵੀ ਗੁਰਜੋਤ ਨੂੰ ਫੋਨ ਕਰਦਾ ਰਿਹਾ।ਅਖੇ ਝੂਠੇ ਪੇਪਰ ਭਰ ਕੇ ਕੱਢ ਦਿੰਦਾ ਹਾਂ ਫੇਰ ਇਸ ਨਾਲ ਕੋਈ ਹੋਰ ਰਿਸਤੇਦਾਰ ਕੱਢ ਲਾਂਗੇ।ਕਿਸੇ ਹੋਰ ਦਾ ਫਾਇਦਾ ਹੋ ਜੂ।ਅਸੀਂ ਵੀ ਏਸ ਕਮੀਨੇ ਦੀਆਂ ਗੱਲਾਂ 'ਚ ਆ ਗਏ।ਉਸ ਕੁੜੀ ਦੇ ਕੰਮ ਕਰਵਾਉਣ ਲਈ ਸਾਰੇ ਪੈਸੇ ਵੀ ਏਧਰੋਂ ਭੇਜਦਾ ਰਿਹਾ।ਜਿੰਨੀ ਦੇਰ ਕੁਲਵਿੰਦਰ ਦਾ ਹਸਬੈਂਡ ਕਨੇਡਾ ਨਹੀਂ ਆ ਗਿਆ ਇਸ ਨੇ ਖੂਬ ਡਰਾਮਾ ਕੀਤਾ।ਪਹਿਲਾਂ ਗੁਰਜੋਤ ਨੂੰ ਮੰਗਵਾ ਲਿਆ ਚਰਨ ਭੈਣ ਨੂੰ ਛੱਡ ਕੇ।ਫੇਰ ਇਸ ਦੀ ਭਾਣਜਾ ਆਇਆ।ਉਦੋਂ ਤੱਕ ਇਸ ਨੇ ਗੁਰਜੋਤ ਨੂੰ ਕਿਸੇ ਹੋਰ ਅਪਾਰਟਮੈਂਟ ਵਿੱਚ ਰੱਖਿਆ,ਭਾਫ ਤੱਕ ਨਾ ਨਿੱਕਲਣ ਦਿੱਤੀ।ਫੇਰ ਹਰਮੀਤ ਅਤੇ ਕੁਲਵਿੰਦਰ ਤੋਂ ਜੋਰ ਪੁਆ ਕੇ ਘਰਦੇ ਸਪੌਂਸਰ ਕਰਵਾ ਦਿੱਤੇ।ਇਸਦੀ ਭੈਣ ਤੇ ਭਣੋਈਆ ਉਨ੍ਹਾਂ ਨਾਲ ਇਸਦਾ ਇੱਕ ਹੋਰ ਭਾਣਜਾ ਵੀ ਆ ਗਿਆ।ਪਰ ਚਰਨ ਦਾ ਨੰਬਰ ਫੇਰ ਵੀ ਨਾ ਲੱਗਿਆ।ਉਸੇ ਸਾਲ ਗੁਰਜੋਤ ਦੇ ਇਸਦਾ ਮੁੰਡਾ ਜੰਮਿਆ।ਤਾਂ ਉਦੋਂ ਹੀ ਇਸਨੇ ਕੋਰਟ ਮੈਰਿਜ ਦਾ ਭੂਤ ਥੈਲਿਉ ਬਾਹਰ ਕੱਢਿਆ।ਸਾਰੇ ਹੱਕੇ ਬੱਕੇ ਰਹਿ ਗਏ।ਇਹ ਮੁੰਡੇ ਦੇ ਲੱਡੂ ਵੰਡਦਾ ਫਿਰੇ।ਤੇ ਉਧਰ ਭੈਣ ਵਿਚਾਰੀ ਡੁੱਬ ਮਰਨ ਨੂੰ ਫਿਰੇ।ਇਹਨੂੰ ਉਦੋਂ ਪੰਜਤਾਲੀ ਸਾਲ ਦੇ ਨੂੰ ਸ਼ਰਮ ਨਾ ਆਈ…।ਜੀ ਤਾਂ ਕਰਦਾ ਸੀ ਸਾਲੇ ਦਾ ਗਾਟਾ ਲਾਹ ਕੇ ਜੇਲ 'ਚ ਜਾ ਬੈਠਾਂ।ਪਰ ਏਨਾਂ ਦੀ ਬੇਬੇ ਰੋਕਦੀ ਰਹੀ।ਕਦੇ ਕਦੇ ਉਹ ਕਹਿੰਦੀ ਸੀ 'ਦੇਖੀਂ ਕਿਸੇ ਦਿਨ ਐਸ ਬੰਦੇ ਨੇ ਕੀੜੇ ਪੈ ਕੇ ਮਰਨਾ ਹੈ'ਮੁਖਤਿਆਰੋਂ ਤਾਂ ਮਰ ਗਈ,ਪਰ ਉਹ ਬੰਦਾ ਅਜੇ ਵੀ ਤੁਰਿਆ ਫਿਰਦੈ।ਮੇਰੇ ਤੋਂ ਪੰਜ ਸੱਤ ਸਾਲ ਹੀ ਛੋਟਾ ਹੋਊ।ਹੁਣ ਵੀ ਜਦੋਂ ਕਦੇ ਦਿਖ ਜਾਵੇ ਮੇਰੇ ਕਾਲਜੇ ਤੇ ਸੱਪ ਲਿੱਟਦੇ ਨੇ'

ਹਰਦਿਆਲ ਦਾ ਜਿਸਮ ਕੰਬ ਰਿਹਾ ਸੀ।

'ਦਲਜੀਤ ਸਰਾਂ ਅਜੇ ਵੀ ਕਈ ਸੰਸਥਾਵਾਂ ਨੂੰ ਕੀੜਾ ਬਣ ਕੇ ਲੱਗਿਆ ਹੋਇਆ ਸੀ।ਹੁਣ ਤਾਂ ਉਸ ਨੇ ਆਪਣੇ ਨਾਲ ਹਰਮੀਤ ਨੂੰ ਵੀ ਰਲਾ ਲਿਆ ਸੀ।ਉਹ ਵੀ ਬਥੇਰਾ ਸਾਊ ਸੀ ਜਦੋਂ ਕਨੇਡਾ ਆਇਆ ਸੀ।ਉਦੋਂ ਉਸਦੇ ਮੂੰਹ ਵਿੱਚ ਵੀ ਜ਼ੁਬਾਨ ਨਹੀਂ ਸੀ।ਫਿਰ ਪਤਾ ਨਹੀਂ ਕਿੱਥੋਂ ਗਿੱਠ ਦੀ ਜੁਬਾਨ ਨਿੱਕਲ ਆਈ।ਪਹਿਲਾ ਪਹਿਲ ਉਹ ਕੁਲਵਿੰਦਰ ਦਾ ਬਥੇਰਾ ਕਰਦਾ ਸੀ।ਬਾਅਦ ਵਿੱਚ ਆ ਕੇ ਪਤਾ ਨਹੀਂ ਉਸ ਨੂੰ ਵੀ ਕੀ ਸੁੰਘਾ ਦਿੱਤਾ।ਜਰੂਰ ਸ਼ਕੁਨੀ ਮਾਮੇ ਹੀ ਨੇ ਪੱਟੀਆਂ ਪੜ੍ਹਾਈਆਂ ਹੋਣਗੀਆਂ।ਉਸੇ ਲਾਈਨ ਤੇ ਭਾਣਜਾ ਪੈ ਗਿਆ।ਕਮੀਨਾ ਕਿਸੇ ਥਾਂ ਦਾ।ਮੇਰੀ ਸੋਨੇ ਵਰਗੀ ਧੀ ਰੋਲ਼ ਦਿੱਤੀ'।

ਹਰਦਿਆਲ ਦੀ ਧੌਂਕਣੀ ਤੇਜ ਹੋ ਗਈ

'ਕੀ ਸੀ ਹਰਮੀਤ ਕੋਲ ਜਦੋਂ ਕਨੇਡਾ ਆਇਆ ਸੀ।ਜੇਬ ਵਿੱਚ ਮਸਾਂ ਵੀਹ ਡਾਲਰ,ਹੁਣ ਸਮਝਦਾ ਹੈ ਕਿ ਜੱਗ ਤੇ ਉਹਦੇ ਵਰਗਾ ਕੋਈ ਹੈ ਈ ਨਹੀਂ।ਮੇਰੀ ਧੀ ਦੀ ਕਮਾਈ ਨਾਲ ਹੀ ਉਸਦੇ ਪੈਰ ਲੱਗੇ ਨੇ।ਜਿਸ ਨੂੰ ਉਸ ਨੇ ਪੈਰਾਂ ਹੇਠ ਰੋਲਿਆ ਏ।ਉਹ ਤਾਂ ਵਿਚਾਰੀ ਪੱਟੀ ਗਈ।ਕਦੇ ਉਸ ਨੇ ਇੱਸ ਤੋਂ ਇੱਕ ਸੈਂਟ ਨਹੀਂ ਸੀ ਮੰਗਿਆ।ਸਾਰਾ ਪੇਅ ਚੈੱਕ ਲਿਆ ਕੇ ਫੜਾ ਦਿੰਦੀ ਸੀ।ਕਦੇ ਉਸਦਾ ਕਹਿਣਾ ਨਹੀਂ ਸੀ ਮੋੜਿਆ।ਸੋਚਦੀ ਸੀ ਕਿ ਚਲੋ ਮੇਰਾ ਹਸਬੈਂਡ ਆ,ਮੇਰਾ ਹੀ ਘਰ ਆ।ਸਾਰੇ ਘਰ ਦਾ ਸਮਾਨ ਉਸੇ ਦੀ ਕਮਾਈ ਨਾਲ ਬਣਿਆ।ਦੋ ਦੋ ਜੌਬਾਂ ਕਰਦੀ ਰਹੀ।ਸਹੁਰਿਆਂ ਨੂੰ ਸਪੌਂਸਰ ਕੀਤਾ।ਘਰ ਲਿਆ ਤਾਂ ਡਾਊਨ ਪੇਮੈਂਟ ਦੇਣ ਲਈ ਮੈਂ ਮੱਦਦ ਕੀਤੀ।ਧੰਨਵਾਦ ਤਾਂ ਕੀ ਕਰਨਾ ਸੀ ਸਗੋਂ ਆ ਇਨਾਮ ਦੇ ਦਿੱਤਾ।ਜਿਸ ਦਿਨ ਦੇ ਮਾਂ ਪਿਉ ਤੇ ਭਰਾ ਆ ਗਏ ਬੱਸ ਹਵਾ ਹੀ ਬਦਲ ਗਈ।ਆਪ ਹੋ ਗਏ ਨਾਢੂ ਖਾਂ ਤੇ ਸਾਨੂੰ ਸਮਝ ਲਿਆਂ ਗਲੀਆਂ ਦਾ ਕੂੜਾ'

ਹਰਦਿਆਂਲ ਨੂੰ ਉੱਥੂ ਛਿੜ ਪਿਆ ਸੀ।

'ਕਨੇਡਾ ਆਕੇ ਛੋਟੇ ਨੂੰ ਹੀ ਫੰਗ ਲੱਗ ਗਏ ਅਖੇ ਕੰਡੋ ਤਾਂ ਸਾਨੂੰ ਕੈਦਖਾਨਾ ਲੱਗਦਾ ਐ।ਉਹਦੀ ਮਾਂ ਕਹਿੰਦੀ ਇਸ ਘਰ ਤੇ ਤਾਂ ਬਹੂ ਮੇਰ ਕਰਦੀ ਆ ਮੈਂ ਨਹੀਂ ਰਹਿਣਾ।ਦੁਬਾਰਾ ਦੋਨੋ ਭਰਾ ਰਲ਼ ਕੇ ਘਰ ਲਉ,ਅਤੇ ਆਪਣੇ ਭਾਪੇ ਦਾ ਨਾਂ ਵਿੱਚ ਲਖਾਉ।ਮੈਂ ਜੋ ਡਾਊਨ ਦਿੱਤਾ ਸੀ ਉਸਦਾ ਤਾਂ ਨਾਂ ਹੀ ਨਾਂ ਲੈਣ।ਫੇਰ ਅਖੇ ਕੁਲਵਿੰਦਰ ਟੀ ਵੀ ਕਿਉਂ ਦੇਖਦੀ ਆ।ਬੀਬੀ ਦੀ ਸੇਵਾ ਕਿਉਂ ਨੀ ਕਰਦੀ ਲੱਤਾਂ ਕਿਉਂ ਨੀ ਘੁੱਟਦੀ।ਅਖੇ ਗੁਰਮੀਤ ਨੂੰ ਤਾਂ ਤਾਜੀ ਰੋਟੀ ਚਾਹੀਦੀ ਆਂ।ਇੱਕ ਉਸ ਦੀ ਪਲੇਟ 'ਚ ਹੋਵੇ ਤੇ ਦੂਸਰੀ ਤਵੇ ਤੇ ਹੋਵੇ,ਉਹ ਤਾਂ ਹੀ ਖਾਂਦੈ।ਕੀ ਕੀ ਨਖਰੇ ਨਹੀਂ ਕੀਤੇ ਇਹ ਕੁੱਤੇ ਬੰਦਿਆਂ ਨੇ।ਊਂਅ ਅਖੇ ਤੂੰ ਸਾਡੀ ਨਹੀਂ,ਪਰ ਤੇਰੀ ਕਮਾਈ ਸਾਡੀ ਆ।ਕਦੇ ਕਿਹਾ ਕਰਨ ਤੇਰਾ ਬੈਂਕ ਜਾਣ ਦਾ ਕੀ ਕੰਮ ਜਦ ਹਰਮੀਤ ਹੈਗਾ।ਕਦੇ ਕਹਿਣ ਤੂੰ ਆਪਣੇ ਮਾਂ ਪਿਉ ਨੂੰ ਫੋਨ ਨਹੀਂ ਕਰਨਾ।ਵਿਚਾਰੀ ਦੇ ਨਾਸੀਂ ਧੂੰਆਂ ਲਿਆ ਕੇ ਰੱਖਿਆ।ਜਿਵੇਂ ਇਸ ਨੂੰ ਘਰੋਂ ਕਢਵਾਉਣ ਲਈ ਮਥ ਕੇ ਹੀ ਆਏ ਹੋਣ।ਤਲਾਕ ਹੋਏ ਤੋਂ ਪੁੱਤ ਦਾ ਘਰ ਉਜਾੜ ਕੇ ਕਾਲਜੇ ਠੰਢ ਜੁ ਪੈ ਗੀ ਹੋਊ'

ਹਰਦਿਆਲ ਸੋਚ ਸੋਚ ਤਪਿਆ ਪਿਆ ਸੀ।

'ਅਸਲ ਵਿੱਚ ਹਰਮੀਤ ਹੀ ਦੋਗਲਾ ਨਿੱਕਲਿਆ।ਮੂੰਹ ਦਾ ਮਿੱਠਾ ਤੇ ਅੰਦਰੋਂ ਛੁਰੀ।ਮਾਪਿਆ ਨੂੰ ਕੁੱਝ ਹੋਰ ਕਹਿੰਦਾ ਰਿਹਾ ਤੇ ਕੁਲਵਿੰਦਰ ਨੂੰ ਕੁੱਝ ਹੋਰ।ਨਹੀਂ ਤਾਂ ਉਹ ਬੱਚੀ ਦਾ ਬੋਝ ਕਿਉਂ ਸਹੇੜਦੀ,ਜੇ ਪਹਿਲਾਂ ਫੁੱਟ ਪੈਂਦਾ ਕਿ ਮੈਂ ਨੀ ਤੇਰੇ ਨਾਲ ਰਹਿਣਾ।ਬੱਚੀ ਕਾਹਦੀ ਜੰਮੀ ਜਿਵੇਂ ਸੋਗ ਪੈ ਗਿਆ।ਅਖੇ ਤੂੰ ਪੱਥਰ ਜੰਮ ਕੇ ਧਰ ਤਾ।ਇਹ ਤਾਂ ਤੇਰੇ ਤੇ ਹੀ ਜਾਊ।ਅਗਲੀ ਵਾਰੀ ਇੰਡੀਆ ਜਾ ਕੇ ਜੰਮਣ ਤੋਂ ਪਹਿਲਾਂ ਟੈਸਟ ਕਰਵਾਂਵਾਂਗੇ।ਜੇ ਅਗਲੀ ਵੀ ਕੁੜੀ ਹੋਈ ਤਾਂ ਉਥੇ ਹੀ ਲੈ ਦੇ ਕੇ ਭੋਗ ਪੁਆ ਆਂਵਾਗੇ।ਕੁਲਵਿੰਦਰ ਤੋਂ ਚੋਰੀ ਛੋਟੇ ਦੇ ਵਿਆਹ ਦੀਆਂ ਸੌਦੇ ਬਾਜੀਆਂ ਕਰਦੇ ਰਹੇ।ਅਖੇ ਅਸੀਂ ਦਿਖਾਵਾਂਗੇ ਲੱਭ ਕੇ ਕਿ ਬਹੂ ਕੀ ਹੁੰਦੀ ਆ।ਜੇ ਅੱਖ 'ਚ ਪਾਈ ਵੀ ਰੜਕ ਜੇ।ਨਾਲੇ ਅੱਗਲੇ ਤੀਹ ਲੱਖ ਕੈਸ਼ ਦੇਣਗੇ।ਇਹਦੇ ਪਿਉ ਵਾਂਗ ਕਿਸੇ ਨੰਗ ਦੇ ਘਰ ਦਾ ਰਿਸ਼ਤਾ ਨੀ ਲੈਣਾ।ਮੈਂ ਨੰਗ ਹੋ ਗਿਆ ਇਹਨਾਂ ਨੂੰ ਕਨੇਡਾ ਵਾੜਨ ਵਾਲਾ।ਮੈਂ ਤਾਂ ਖਾਅ ਲਿਆ ਬਿਮਾਰੀ ਨੇ।ਨਹੀਂ ਤਾਂ ਬੰਦੇ ਦੇ ਪੁੱਤ ਬਣਾ ਕੇ ਰੱਖ ਦਿੰਦਾ।ਮੈਂ ਉਨ੍ਹਾਂ ਦੇ ਪਿਉ ਵਾਂਗ ਗੂੰਗਾ ਮੁੱਖ ਨਹੀਂ ਸੀ ਕਿ ਸੋਫੇ ਤੇ ਬੈਠ ਕੇ ਤਮਾਸ਼ਾ ਦੇਖਦਾ ਰਹਿੰਦਾ।ਬੰਦਾ ਤਾਂ ਉਹ ਹੁੰਦਾ ਹੈ ਜੋ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿ ਸਕੇ।ਪਰ ਉਹ ਤਾਂ ਮਿੱਟੀ ਦਾ ਮਾਧੋ ਆ'

ਸੋਚ ਦੀਆਂ ਸੈਕੜੇ ਕੀੜੀਆਂ ਉਸ ਦੇ ਦਿਮਾਗ ਵਿੱਚ ਰੀਂਗ ਰਹੀਆਂ ਸਨ।

"ਕੁਲਵਿੰਦਰ ਦੀ ਕੁਰਬਾਨੀ ਕੋਈ ਘੱਟ ਤਾਂ ਨਹੀਂ ਸੀ।ਜਦੋਂ ਇਹਨਾਂ ਦਾ ਟੱਬਰ ਇੰਡੀਆ ਤੋਂ ਆਇਆ ਤਾਂ ਜਹਾਜ਼ ਦੀਆਂ ਟਿਕਟਾਂ ਭੇਜੀਆਂ।ਜਦੋਂ ਛੋਟੇ ਦਾ ਵਿਆਹ ਕਰਨ ਗਏ ਤਾਂ ਟਿਕਟਾਂ ਤੇ ਪੈਸਾ ਖਰਚ ਕੇ ਤੋਰੇ।ਨਹੀਂ ਤਾਂ ਕਿਹੜਾ ਮਾਈ ਦਾ ਲਾਲ ਓਵਰ ਟਾਈਮ ਲਾ ਲਾ ਕਿਸੇ ਨੂੰ ਆਪਣੀ ਕਮਾਈ ਲੁਟਾਉਂਦਾ ਹੈ।ਅਗਲਿਆਂ ਆਪ ਤਾਂ ਕੁੜੀ ਵਾਲਿਆਂ ਤੋਂ ਪੱਚੀ ਲੱਖ ਕੈਸ਼ ਝੋਲੀ ਪੁਵਾ ਲਿਆ,ਉਹ ਨੂੰ  ਵਿਚਾਰੀ ਨੂੰ ਚੱਜ ਦਾ ਸੂਟ ਵੀ ਨਹੀਂ ਸੀ ਸਰਿਆ।ਲਾਲਚ ਐਨਾ ਕਿ ਕੁੜੀ ਦੇਖਣ ਗਏ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਕੱਲੀ ਹੋਵੇ ਤੇ ਉਸਦੀ ਜਾਇਦਾਦ ਵੀ ਮਿਲ ਜਾਵੇ ਤੇ ਹੋਰ ਲੱਲੀ ਛੱਲੀ ਨੂੰ ਸਪੌਂਸਰ ਵੀ ਨਾ ਕਰਨਾ ਪਵੇ।ਜਦੋਂ ਆਪ ਦੀ ਵਾਰੀ ਸੀ ਤਾਂ ਕਿਵੇਂ ਸਪੌਂਸਰਸ਼ਿੱਪ ਭੇਜਣ ਲਈ ਖੁਰ ਵੱਢਦੇ ਸਨ।ਏਥੇ ਆਕੇ ਰੱਬ ਨੂੰ ਟੱਬ ਦੱਸਣ ਲੱਗ ਪਏ।ਅਖੇ ਕੁੜੀ ਅਠਾਰਾਂ ਵਰਿਆਂ ਤੋਂ ਵੱਡੀ ਨਾ ਹੋਵੇ।ਪੜ੍ਹੀ ਲਿਖੀ ਹੋਵੇ।ਲੰਬੀ ਤੇ ਗੋਰੀ ਚਿੱਟੀ ਹੋਵੇ।ਅਗਲੇ ਨੂੰ ਐਂ ਸੂਈ ਦੇ ਨੱਕੇ 'ਚੋਂ ਲੰਘਾਉਣ ਜਾਣ ਜਿਵੇਂ ਆਪ ਦਾ ਮੁੰਡਾ ਇੰਗਲੈਂਡ ਵਾਲੀ ਮਹਾਰਾਣੀ ਦਾ ਪੁੱਤ ਹੁੰਦੈ।ਇਹ ਸਾਰੀਆਂ ਸਕੀਮਾਂ ਦੱਸਣ ਵਾਲਾ ਕੌਣ ਸੀ?ਉਹੀ ਕੁੱਤਾ ਦਲਜੀਤ ਸਿੰਘ ਸਰਾਂ'।

ਹਰਦਿਆਲ ਨੇ ਖੁਦ ਨੂੰ ਹੀ ਜਵਾਬ ਦਿੱਤਾ।

'ਜਦੋਂ ਛੋਟਾ ਵਿਆਹ ਕਰਵਾ ਕੇ ਆ ਗਿਆ ਫੇਰ ਤਾਂ ਹਵਾ ਹੀ ਬਦਲ ਗਈ।ਅਖੇ ਹੁਣ ਤਾਂ ਏਥੇ ਸਾਡਾ ਦਮ ਘੁੱਟਦਾ ਹੈ।ਨਵੀਂ ਬਹੂ ਦੀਆਂ ਸਿਫਤਾਂ ਇਉਂ ਕਰਿਆ ਕਰਨ ਜਿਵੇਂ ਪੁਰਾਣੀ ਬਹੂ ਕਿਸੇ ਕੰਮ ਦੀ ਨਾ ਹੋਵੇ।ਅਖੇ ਨਵੀਂ ਦੇ ਆਉਣ ਤੋਂ ਪਹਿਲਾਂ ਨਵਾਂ ਘਰ ਵੀ ਚਾਹੀਦਾ ਹੈ।ਇਹ ਵੀ ਡਰ ਹੋਊ ਕਿ ਨਵੀਂ ਆਈ ਦੀ ਕੁਲਵਿੰਦਰ ਨਾਲ ਨਾ ਬਣਨ ਲੱਗ ਪਏ।ਹੋਰ ਪਤਾ ਨਹੀਂ ਕੀ ਕੀ ਸੋਚਦੇ ਹੋਣੇ ਨੇ।ਸਭ ਤੋਂ ਵੱਡਾ ਦੁੱਖ ਤਾਂ ਉਨ੍ਹਾਂ ਨੂੰ ਇਹ ਸੀ ਕਿ ਘਰ ਵਿੱਚ ਕੁਲਵਿੰਦਰ ਦੇ ਨਾਂ ਤੇ ਕਿਉਂ ਬੋਲਦਾ ਹੈ।ਦੋਨਾਂ ਭਰਾਵਾਂ ਦੇ ਨਾਂ ਤੇ ਕਿਉਂ ਨਹੀਂ।ਤਾਂ ਹੀ ਤਾਂ ਉਨ੍ਹਾਂ ਨੂੰੰ  ਉਹ ਘਰ ਆਪਣਾ ਨਹੀਂ ਸੀ ਲੱਗਦਾ।ਜਿਸ ਨੂੰ ਉਹ ਵਿਕਵਾ ਕੇ ਉਹ ਨਵਾਂ ਲੈਣਾ ਚਾਹੁੰਦੇ ਸਨ।ਕਲੇਸ਼ ਏਥੋਂ ਹੀ ਤਾਂ ਸ਼ੁਰੂ ਹੋਇਆ ਸੀ।ਮੈਂ ਹੀ ਕੁਲਿਵਿੰਦਰ ਨੂੰ ਕਿਹਾ ਸੀ ਕਿ ਨਿੱਤ ਦੀ ਕਿਚ ਕਿਚ ਨਾਲੋਂ ਵੱਢ ਫਾਹਾ।ਕਰਦੇ ਸਾਈਨ ਜਿੱਥੇ ਕਹਿੰਦੇ ਨੇ।ਵਿਚਾਰੀ ਨੇ ਤੀਲਾ ਤੀਲਾ ਜੋੜ ਕੇ ਜੋ ਆਲਣਾ ਬਣਾਇਆਂ ਸੀ ਉਹ ਵੀ ਏਨਾਂ ਢੋਡਰ ਕਾਵਾਂ ਨੂੰ ਸੌਂਪ ਦਿੱਤਾ।ਉਸਦੇ ਤਾਂ ਵਿਚਾਰੀ ਦੇ ਕਰੈਡਿਟ ਕਾਰਡ ਵੀ ਖਾਲੀ ਕਰ ਦਿੱਤੇ ਸੀ।ਜਿਨਾਂ ਦੀਆਂ ਕਿਸ਼ਤਾਂ ਉਹ ਹੁਣ ਤੱਕ ਭਰਦੀ ਰਹੀ ਹੈ।ਕਿੱਥੇ ਭਰਨਗੇ ਇਹ ਦੁਸ਼ਟ…'

'ਜੋ ਘਰ ਵਿੱਚ ਪੱਚਵੰਜਾ ਹਜ਼ਾਰ ਡਾਊਨ ਦਿੱਤਾ ਸੀ ਉਹਦੇ 'ਚ ਵੀਹ ਕੁਲਵਿੰਦਰ ਦੇ ਕਾਰਡਾਂ ਦਾ ਅਤੇ ਪੰਦਰਾਂ ਹਜ਼ਾਰ ਮੇਰਾ ਸੀ।ਉਹ ਗਰੀਬਣੀ ਪਿਛਲੇ ਉਨੀਆਂ ਸਾਲਾਂ ਤੋਂ ਮਰਦੀ ਆ।ਇਨ੍ਹਾਂ ਦੀਆਂ ਗੱਲਾਂ 'ਚ ਆ ਕੇ ਹੱਥ ਵਢਵਾ ਕੇ ਬੈਠ ਗਈ।ਉਹ ਛੜਾਂ ਮਾਰਦੇ ਰਹੇ।ਏਧਰੋ ਸਾਡੇ ਪੈਸੇ ਮਾਰ ਕੇ ਅਤੇ ਉਧਰੋਂ ਦਾਜ ਦਾ ਪੱਚੀ ਲੱਖ ਲੈ ਕੇ ਅਪਣੇ ਆਪ ਆਪ ਨੂੰ ਫੰਨੇ ਖਾਂ ਸਮਝਦੇ ਰਹੇ।ਕਿਵੇਂ ਥਾਂ ਥਾਂ ਫੁਕਰ ਪਣਾ ਕਰਦੇ ਫਿਰਦੇ ਸੀ।ਉਹ ਤਾਂ ਅਪਣੇ ਪਿਉ ਨੂੰ ਵੀ ਦੁਆਨੀ ਵੱਟੇ ਨਹੀਂ ਸੌ ਸਿਆਣਦੇ ਮੈਂ ਤਾਂ ਕਿਹੜੇ ਬਾਗ ਦੀ ਮੂਲੀ ਸੀ।ਅਸਲੇ ਦੇ ਕਿਤੇ ਏਹੋ ਜਿਹੇ ਹੁੰਦੇ ਨੇ।ਜੇ ਹੁੰਦੇ ਤਾਂ ਆਹ ਲੱਛਣ ਨਾ ਕਰਦੇ।ਉਹਨੂੰ ਵਿਚਾਰੀ ਨੂੰ ਨਵੇਂ ਘਰੋਂ ਮਖਣੀ 'ਚੋਂ ਵਾਲ ਵਾਂਗਰਾਂ ਕੱਢ ਕੇ ਵਗਾਹ ਮਾਰਿਆ।ਹਰਮੀਤ ਦੀ ਕੁੱਟ ਮਾਰ ਕਦੋਂ ਕੁ ਤੱਕ ਸਹਿੰਦੀ?ਸੱਸ ਨੇ ਜੀਣਾ ਹਰਾਮ ਕੀਤਾ ਪਿਆ ਸੀ।ਉਦੋਂ ਦਲਜੀਤ ਸਰਾਂ ਦੀ ਗਿੱਟ ਮਿੱਟ ਹੀ ਗੋਲਾ ਬਰੂਦ ਬਣੀ ਸੀ।ਜੋ ਹਰ ਗੱਲ ਵਿੱਚ ਹੀ ਮੋਹਰੀ ਹੁੰਦਾ ਸੀ।ਚਾਹੇ ਘਰ ਕੋਈ ਆਵੇ'ਬਾਰ ਬੀ ਕਿਊ ਹੋਵੇ,ਦਾਰੂ ਝੁਲਸਣੀ ਹੋਵੇ ਸ਼ਕੁਨੀ ਮਾਮਾ ਮੂਹਰੇ।ਜਿੱਦਣ ਲੜ੍ਹਾਈ ਵਧਣ ਤੇ ਮੈਨੂੰ ਸੱਦਿਆ ਸੀ,ਉਦਣ ਵੀ ਗੋਡਿਆਂ ਤੱਕ ਕੱਛਾ ਜਿਹਾ ਪਾ ਬੀਅਰ ਫੜੀ ਬੈਠਾ ਸੀ,ਜਿਵੇਂ ਕੋਈ ਤਮਾਸ਼ਾ ਦੇਖ ਰਿਹਾ ਹੋਵੇ।ਜੀ ਕਰਦਾ ਸੀ ਫੜਕੇ ਗੋਡਿਆਂ ਥੱਲੇ ਲੈ ਲਵਾਂ'

ਹਰਦਿਆਂਲ ਨੇ ਕਚੀਚੀ ਵੱਟੀ।

'ਮਾੜੀ ਕਿਸਮਤ ਵਿਚਾਰੀ ਰਮਨ ਦੀ।ਜਿਸ ਨੂੰ ਦਾਦੇ ਦਾਦੀ ਦਾ ਪਿਆਰ ਮਿਲਿਆ ਹੀ ਨਹੀਂ।ਅਖੇ ਸਾਡੇ ਤੋਂ ਨੀ ਤੇਰੇ ਕੁੜੇ ਨੂੰ ਸੰਭਾਲ ਹੁੰਦਾ,ਅਸੀਂ ਤੇਰੇ ਜੁਆਕ ਪਾਲਣ ਨਹੀਂ ਆਏ।ਜੇ ਕੁਲਵਿੰਦਰ ਕਹਿੰਦੀ ਮੈਂ ਕੰਮ ਤੇ ਜਾਣਾ ਹੈ ਤਾਂ ਸੱਸ ਨੱਕ ਚੜ੍ਹਾਉਂਦੀ ਆਖਦੀ ਫੇਰ ਮੈਂ ਕੀ ਕਰਾਂ।ਕਦੇ ਛੋਟਾ ਆਖਿਆ ਕਰੇ ਵੀਰ ਨੇ ਸਿਰ ਚੜ੍ਹਾਈ ਹੋਈ ਆ।ਚੰਡ ਕੇ ਨੀ ਰੱਖਦਾ।ਇੱਕ ਦਿਨ ਚੁੱਕੇ ਚਕਾਏ ਹਰਮੀਤ ਨੇ ਨਾਲੇ ਕੁਲਵਿੰਦਰ ਕੁੱਟ ਸੁੱਟੀ ਨਾਲੇ ਭੋਰਾ ਭਰ ਕੁੜੀ ਪਟਕਾ ਕੇ ਫਰਸ਼ ਤੇ ਮਾਰੀ।ਉਦੋਂ ਹੀ ਉਸਦਾ ਲਹੂ ਖੌਲ ਉੱਠਿਆ।ਉਦੋਂ ਹੀ ਉਸ ਨੇ ੯੧੧ ਘੁਮਾਇਆ।ਪੁਲੀਸ ਦੋਨਾਂ ਭਰਾਵਾਂ ਨੂੰ ਫੜ ਕੇ ਲੈ ਗਈ।ਮੁੜਕੇ ਇਹ ਹੀ ਦਲਜੀਤ ਜਮਾਨਤ ਤੇ ਛੁਡਾ ਕੇ ਲਿਆਇਆ ਸੀ।ਫੇਰ ਕਹਿੰਦੇ ਹੁਣ ਕੁਲਵਿੰਦਰ ਸਾਡੀ ਦੇਹਲੀ ਨਾ ਚੜੇ।ਉਸ ਨੇ ਸਾਡੇ ਤੇ ਪੁਲੀਸ ਬੁਲਾਈ ਆ,ਸਾਡੀ ਉਹ ਕੀ ਲੱਗਦੀ ਆ।ਬੱਸ ਉਸਦਾ ਘਰ ਟੁੱਟ ਗਿਆ…'

'ਏਹੋ ਤਾਂ ਉਹ ਚਾਹੁੰਦੇ ਸਨ।ਹਰਮੀਤ ਨੂੰ ਪੁਲੀਸ ਨੇ ਵਾਈਫ ਅਸਾਲਟ ਕੇਸ ਵਿੱਚ ਚਾਰਜ ਕਰ ਲਿਆ।ਮਿਲਣ ਤੇ ਪਾਬੰਦੀ ਲਾ ਦਿੱਤੀ।ਸੱਸ ਨੂੰ ਮੂੰਹ ਆਈਆਂ ਗੱਲਾਂ ਕਹਿਣ ਦਾ ਮੌਕਾ ਮਿਲ ਗਿਆ।ਅਖੇ ਹੁਣ ਵੜੇ ਕਿਹੜੇ ਮੂੰਹ ਨਾਲ ਏਥੇ ਆ ਕੇ ਵੜ੍ਹਦੀ ਆ ਜੇ ਦੂਜੀ ਦੁਨੀਆਂ ਨਾ ਦਿਖਾ ਤੀ।ਆਹ ਦੇਖ ਰਹੀਆਂ ਨੇ ਵਿਚਾਰੀਆਂ ਮਾਵਾਂ ਧੀਆਂ ਸੱਸ ਦੀ ਦਿਖਾਈ ਦੂਜੀ ਦੁਨੀਆਂ।ਕੀ ਸੋਚਦੀ ਹੋਵੇਗੀ ਰਮਨ ਦਾਦੀ ਪੋਤੀ ਦੇ ਰਿਸ਼ਤੇ ਬਾਰੇ…।ਜਿਨੇ ਕੁੜੀ ਦੇ ਸਿਰ ਤੋਂ ਪਿਉ ਦਾ ਸਾਇਆ ਖੋਹ ਕੇ ਦਮ ਲਿਆ।ਜਿਨਾ ਚਿਰ ਤਲਾਕ ਨਹੀਂ ਹੋਇਆ ਉਹਦੇ ਕਾਲਜੇ ਠੰਡ ਹੀ ਨਹੀਂ ਪਈ।ਚਾਰ ਘਰ ਤਾਂ ਡੈਣ ਵੀ ਛੱਡ ਦਿੰਦੀ  ਆ ਹੁਣ ਉਸ ਨੂੰ ਕੀ ਕਹੀਏ…?'

ਹਰਦਿਆਲ ਉਖੜਿਆ ਪਿਆ ਸੀ।

ਸੋਚ ਦੀ ਦਲਦਲ ਪਤਾ ਨਹੀਂ ਕਿੰਨੀ ਕੁ ਡੂੰਘੀ ਸੀ,ਉਹ ਧਸਦਾ ਹੀ ਜਾ ਰਿਹਾ ਸੀ।

'ਬੱਸ ਮਾਵਾਂ ਧੀਆਂ ਦੇ ਸਿਰ ਤੋਂ ਛੱਤ ਉਡ ਗਈ।ਦਿਨ ਲੰਘਦਿਆਂ ਦਾ ਕਿਹੜਾ ਪਤਾ ਲੱਗਦਾ ਹੈ ਪੰਦਰਾਂ ਸਾਲ ਬੀਤ ਗਏ।ਉਦੋ ਰਮਨ ਮਸਾਂ ਦੋ ਕੁ ਸਾਲ ਦੀ ਸੀ ਜਦੋਂ ਤਲਾਕ ਹੋਇਆ ਹੈ।ਹੁਣ ਸਤਾਰਾਂ ਸਾਲਾ ਦੀ ਹੋ ਗਈ ਆ,ਪਿਛਲੇ ਹਫਤੇ ਡਰਾਈਵਿੰਗ ਦਾ ਲਿਖਤੀ ਟੈਸਟ ਵੀ ਪਾਸ ਕਰ ਆਈ ਹੈ।ਹੁਣ ਤਾਂ ਮਾਵਾਂ ਧੀਆਂ ਦੋਨੋ ਤੂਫਾਨ ਝੱਲਣ ਦੀਆਂ ਆਦੀ ਹੋ ਚੁੱਕੀਆਂ ਨੇ।ਅਜਿਹੀ ਮੀਂਹ ਕਣੀ ਨੂੰ ਕਿੱਥੇ ਸਿਆਣਦੀਆਂ ਨੇ'

'ਦਲਜੀਤ ਸਰਾਂ ਨੇ ਪਤਾ ਨਹੀਂ ਕਿਹੜੀ ਗੱਲ ਦਾ ਬਦਲਾ ਲਿਆ ਸੀ ਸਾਡੇ ਤੋਂ'।

ਹਰਦਿਆਲ ਉਸ ਦੀ ਦੁਸ਼ਮਣੀ ਬਾਰੇ ਸੋਚਣ ਲੱਗਾ।ਹਰਦਿਆਲ ਦੀ ਭੈਣ ਵੀ ਆਮ ਪੇਂਡੂ ਕੁੜੀਆਂ ਵਰਗੀ ਕੁੜੀ ਸੀ।ਤੇ ਦਸਵੀਂ ਪਾਸ।ਜੇ ਬਹੁਤੀ ਸੋਹਣੀ ਨਹੀਂ ਸੀ ਤਾਂ ਮਾੜੀ ਵੀ ਨਹੀਂ ਸੀ।ਘਰ ਦਾ ਸਾਰਾ ਕੰਮ ਕਰਦੀ।ਪਤੀ ਦੀ ਇੱਜਤ ਕਰਦੀ।ਉਦੋਂ ਦਲਜੀਤ ਦੇ ਮਾਪਿਆਂ ਨੇ ਮੰਗ ਮੰਗ ਕੇ ਇਹ ਸਾਕ ਲਿਆ ਸੀ ਕਿ 'ਜ਼ਮੀਨ ਸਾਨੂੰ ਘੱਟ ਹੈ ਪਰ ਸਾਡਾ ਦਲਜੀਤ ਬਿਜਲੀ ਬੋਰਡ ਵਿੱਚ ਪੱਕੀ ਨੌਕਰੀ ਕਰਦਾ ਹੈ'।ਜਿਨਾ ਚਿਰ ਦਲਜੀਤ ਵਿਆਹ ਤੋਂ ਬਾਅਦ ਉੱਥੇ ਰਿਹਾ ਸਭ ਕੁੱਝ ਠੀਕ ਸੀ।ਫੇਰ ਪੰਜਾਬ ਦੇ ਵਿਗੜੇ ਹਾਲਾਤਾਂ ਦਾ ਲਾਹਾ ਲੈ ਕਿਸੇ ਏਜੰਟ ਰਾਹੀਂ ਉਹ ਕਨੇਡਾ ਆ ਵੜਿਆ ਤੇ ਰਿਫਿਊਜੀ ਅਪਲਾਈ ਕਰ ਦਿੱਤਾ।ਪੰਜਾਬ ਵਿੱਚ ਲੋਕ ਮਰ ਰਹੇ ਸਨ ਤੇ ਅਜਿਹੇ ਪਾਖੰਡੀਆਂ ਦਾ ਸੂਤ ਆ ਗਿਆ।ਇਹ ਉਨਾਂ ਵਿੱਚੋਂ ਹੀ ਇੱਕ ਹੈ।ਜਿਨਾਂ ਦੇ ਕਦੇ ਝਰੀਟ ਨਹੀਂ ਸੀ ਵੱਜੀ,ਪਰ ਆਹ ਬੈਠੇ ਸਨ ਕਨੇਡੀਅਨ ਇਮੀਗਰੇਸ਼ਨ ਲਈਂ,ਕਿ ਉੱਥੇ ਸਾਡੀ ਜਾਨ ਨੂੰ ਖਤਰੈ।ਅਨੇਕਾਂ ਹੋਰਾਂ ਦੀ ਤਰ੍ਹਾਂ ਉਦੋਂ ਇਸਦੇ ਪੈਰ ਹੇਠਾਂ ਵੀ ਬਟੇਰਾ ਆ ਗਿਆ'।

'ਚਰਨ ਉਧਰ ਕਨੇਡਾ ਜਾਣ ਦੇ ਪੇਪਰ ਉਡੀਕਦੀ ਰਹੀ ਤੇ ਇਹ ਗੁਰਜੋਤ ਨੂੰ ਕਨੇਡਾ ਲੈ ਆਇਆ।ਬੱਸ ਉਸੇ ਦਿਨ ਤੋਂ ਅਸੀਂ ਉਹਦੇ ਦੁਸ਼ਮਣ ਹੋ ਗਏ।ਹਰਮੀਤ ਉਸ ਦਾ ਭਾਣਜਾ ਵੱਧ ਸੀ ਤੇ ਸਾਡਾ ਜਵਾਈ ਘੱਟ।ਸਾਨੂੰ ਤਾਂ ਉਹ ਗਲੇ ਦੀ ਹੱਡੀ ਸਮਝਣ ਲੱਗ ਪਿਆ ਸੀ।ਰਮਨ ਵਰਗੀ ਮਸੂਮ ਬਾਲੜੀ ਦਾ ਵੀ ਉਸ ਨੂੰ ਖਿਆਲ ਨਾ ਆਇਆ।ਉਹਦੀ ਹਾਅ ਨਾਲ ਹੀ ਮਰੇਗਾ ਇਹ ਕੁੱਤਾ।ਚੱਲੋ ਇੱਕ ਗੱਲ ਤਾਂ ਚੰਗੀ ਹੋਈ ਕਿ ਉਸ ਗੰਦ ਚੋਂ ਨਿੱਕਲ ਆਈਆਂ।ਮੈਂ ਪਿਉ ਹਾਂ ਕੁਲਵਿੰਦਰ ਦਾ ਅਜੇ ਆਪਣੀ ਧੀ ਨੂੰ ਰੋਟੀ ਦੇ ਸਕਦਾ ਹਾਂ।ਮੈਂ ਅਜੇ ਮਰਿਆ ਨਹੀਂ…।ਨਾਲੇ ਜਿਨਾਂ ਦੇ ਮਰ ਜਾਂਦੇ ਨੇ ਉਹ ਕਿਤੇ ਦਿਨ ਕਟੀ ਨਹੀਂ ਕਰਦੀਆਂ।ਰਮਨ ਦੇ ਭਾਂਵੇ ਤਾਂ ਉਸ ਦਾ ਪਿਉ ਮਰ ਹੀ ਗਿਆ ਹੈ'

'ਹੁਣ ਤਾਂ ਕੁਲਵਿੰਦਰ ਨੇ ਵੀ ਮਨ ਸਮਝਾ ਲਿਆ ਹੈ ਕਿ ਜਿੱਧਰ ਗਏ ਬਾਣੀਏ ਉਧਰ ਗਏ ਬਜ਼ਾਰ।ਆਪਣਾ ਸਾਰਾ ਕੁਝ ਛੱਡ ਛਡਾ ਕੇ ਆ ਗਈ ਸੀ।ਪਰ ਕਈ ਵਾਰੀ ਦਿਲ 'ਚੋਂ ਇਹ ਗੱਲ ਨਹੀਂ ਸੀ ਕੱਢਦੀ ਕਿ ਇਹ ਉਸਦਾ ਆਪਣਾ ਘਰ ਨਹੀਂ ਹੈ।ਦਰਅਸਲ ਪਹਿਲਾਂ ਤਾਂ ਏਨਾਂ ਮਹਿਸੂਸ ਨਹੀਂ ਸੀ ਕਰਦੀ।ਪਰ ਜਦ ਤੋਂ ਉਸ ਦੀ ਭਰਜਾਈ ਸੂਜ਼ਨ ਆ ਗਈ ਫੇਰ ਕਰਨ ਲੱਗ ਪਈ।ਉਹ ਵੀ ਗੱਲੀਂ ਬਾਤੀ ਅਹਿਸਾਸ ਕਰਵਾਈਂ ਹੀ ਰੱਖਦੀ ਸੀ।ਉਸ ਨੂੰ ਕੁਲਵਿੰਦਰ ਦਾ ਤੇ ਰਮਨ ਦਾ ਸਾਡੇ ਨਾਲ ਰਹਿਣਾ ਪਸੰਦ ਨਹੀਂ ਸੀ।ਹਾਲਾਂਕਿ ਉਹ ਘਰ ਮੇਰੀ ਹੀ ਕਮਾਈ ਨਾਲ ਲਿਆ ਹੋਇਆ ਸੀ।ਮੈਨੂੰ ਤਾਂ ਆਪਣੇ ਦੋਨੋ ਬੱਚੇ ਬਰਾਬਰ ਸਨ।ਜੇ ਮੈਂ ਚਾਹੁੰਦਾ ਤਾਂ ਸਾਰਾ ਘਰ ਹੀ ਕੁਲਵਿੰਦਰ ਨੂੰ ਦੇ ਸਕਦਾ ਸੀ।ਪਰ ਮੈਂ ਭੈਣ ਭਰਾ ਦੇ ਰਿਸ਼ਤੇ ਦੇ ਜੜੀਂ ਤੇਲ ਨਹੀਂ ਸੀ ਦੇਣਾ ਚਾਹੁੰਦਾ।ਪਰ ਸੂਜਨ ਨੇ ਕੋਈ ਕਸਰ ਨਹੀਂ ਛੱਡੀ।ਹਰ ਗੱਲ ਵਿੱਚ ਉਹ ਦੋਹਾਂ ਨੂੰ ਨੀਵਾਂ ਦਿਖਾਂਉਦੀ ਰਹਿੰਦੀ ਤੇ ਬੇਇੱਜਤੀ ਵੀ ਕਰਦੀ।ਕਈ ਵਾਰ ਤਾਂ ਬਿਨਾਂ ਗੱਲੋਂ ਹੀ ਭਾਂਡੇ ਭੰਨਣੇ ਸ਼ੁਰੂ ਕਰ ਦਿੰਦੀ ਸੀ'।

ਜਸਵਿੰਦਰ ਕੁਲਵਿੰਦਰ ਤੋਂ ਦੋ ਵਰੇ ਛੋਟਾ ਹੈ।ਇਕੱਠੇ ਹੀ ਕਨੇਡਾ ਆਏ ਸਨ।ਕੁਲਵਿੰਦਰ ਨੇ ਅੋਵਰ ਟਾਈਮ ਲਾ ਲਾ ਉਸ ਨੂੰ ਪੜ੍ਹਾਇਆ ਹੈ।ਪਰ ਸੂਜਨ ਨੂੰ ਇਹ ਗੱਲਾਂ ਕੌਣ ਸਮਝਾਵੇਂ।ਉਦੋਂ ਇਹ ਜਸਵਿੰਦਰ ਨਾਲ ਕਾਲਜ ਪੜ੍ਹਦੀ ਸੀ ਤੇ ਇੱਕ ਦੂਜੇ ਨੂੰ ਚਾਹੁਣ ਲੱਗ ਪਏ।ਜਸਵਿੰਦਰ ਦੇ ਕਹਿਣ ਤੇ ਕੁਲਵਿੰਦਰ ਨੇ ਉਦੋਂ ਖੁਦ ਜਾ ਕੇ ਪਸੰਦ ਕੀਤੀ ਸੀ,ਜਦੋਂ ਉਸ ਨੇ ਸੂਜਨ ਨਾਲ ਹੀ ਵਿਆਹ ਕਰਵਾਉਣ ਦੀ ਜਿੱਦ ਫੜ ਲਈ ਸੀ।ਅਸੀਂ ਤਾਂ ਉਦੋਂ ਇੰਡੀਆਂ ਜਾ ਕੇ ਦੋਨੋ ਬੱਚਿਆਂ ਦੀ ਤਿਆਰੀ ਕਰੀਂ ਬੈਠੇ ਸੀ।ਫੇਰ ਕੁਲਵਿੰਦਰ ਨੇ ਹੀ ਮਸਾਂ ਹੀ ਉਸਦੇ ਪਿਉ ਨੂੰ ਇੰਡੀਆ ਜਾ ਕੇ ਵਿਆਹ ਕਰਨ ਲਈ ਮੰਨਾਇਆ ਸੀ।ਤੇ ਸੂਜਨ ਨੂੰ ਵੀ ਪੱਲਿਉਂ ਪੈਸੇ ਖਰਚ ਕੇ ਲੈ ਕੇ ਗਏ ਸਾਂ।ਕਿਹੜੀ ਸੱਧਰ ਸੀ ਜੋ ਅਸਾਂ ਇਨ੍ਹਾਂ ਦੀ ਅਸਾਂ ਪੂਰੀ ਨਹੀਂ ਕੀਤੀ।ਵਿਆਹ ਤੇ ਐਨਾ ਖਰਚ ਕੀਤਾ।ਕੁਲਵਿੰਦਰ ਦਾ ਤਾਂ ਉਨ੍ਹਾਂ ਨੂੰ ਅਹਿਸਾਨ ਹੀ ਨਹੀਂ ਸੀ ਭਲਾਉਣਾ ਚਾਹੀਦਾ।ਠੀਕ ਹੈ ਸੂਜਨ ਕਨੇਡਾ ਦੀ ਜੰਮੀ ਪਲੀ ਹੈ ਪਰ ਜਸਵਿੰਦਰ ਨੂੰ ਤਾਂ ਪਤਾ ਹੈ ਭੈਣ ਦੇ ਰਿਸ਼ਤੇ ਦਾ।ਉਹ ਕਿਉਂ ਨਹੀਂ ਸੀ ਆਪਣੀ ਜ਼ੁਬਾਨ ਖੋਹਲਦਾ।ਸੂਜਨ ਤਾਂ ਸਾਨੂੰ ਆਪਣੇ ਪਰਿਵਾਰ ਦਾ ਹਿੱਸਾ ਹੀ ਨਹੀਂ ਸੀ ਗਿਣਦੀ'।

ਹਰਦਿਆਲ ਉਦਾਸੀ ਵਿੱਚ ਡੁੱਬ ਗਿਆ।

'ਆਖਰ ਮੈਂ ਵੀ ਆਪਣੀ ਆਈ ਤੇ ਆ ਗਿਆ।ਆਪਣਾ ਇੱਕ ਹੋਰ ਘਰ ਲੈ ਲਿਆ ਤੇ ਕੁਲਵਿੰਦਰ ਨੂੰ ਨਾਲ ਲੈ ਆਇਆ।ਨਿੱਤ ਦੇ ਕੁੱਤ ਕਲੇਸ਼ ਤੋਂ ਤਾਂ ਚੰਗਾ ਸੀ।ਪਹਿਲੇ ਘਰੋਂ ਨਿੱਕਲ ਕੇ ਦੁੱਖ ਤਾਂ ਬਹੁਤ ਹੋਇਆ ਸੀ ਕਿ ਇਕੱਲੇ ਪੁੱਤ ਨੂੰ ਵੀ ਛੱਡ ਚੱਲਿਆ ਹਾਂ,ਪਰ ਏਥੇ ਕੋਈ ਕਿਸੇ ਦਾ ਨਹੀਂ।ਇਨਾਂ ਦੀ ਬੇਬੇ ਨੂੰ ਵੀ ਸ਼ਾਇਦ ਏਸੇ ਗੱਲ ਦਾ ਵਿਗੋਚਾ ਲੈ ਬੈਠਾ ਹੋਵੇ।ਮੈਂ ਤੀਹ ਸਾਲ ਤੋਂ,ਦੇਸੋਂ ਬਾਹਰ, ਪੁੱਤ ਦੇ ਚੰਗੇ ਭਵਿੱਖ ਲਈ ਧੱਕੇ ਖਾਂਦਾ ਰਿਹਾ ਸੀ।ਪਰ ਮੁੜਕੇ ਪੁੱਤ ਸਿਰਫ ਘਰ ਵਾਲੀ ਦਾ ਹੋ ਕੇ ਰਹਿ ਗਿਆ।ਮੈਂ ਹੁਣ ਰਿਟਾਇਰ ਹਾਂ ਪਹਿਲਾਂ ਪਹਿਲ ਤਾਂ ਪੁੱਤ ਬਿਨਾਂ ਮੈਂ ਹੈਂਡੀਕੈਪਡ ਮਹਿਸੂਸ ਕਰਦਾ ਸੀ।ਪਰ ਫੇਰ ਮੈਂ ਕੁਲਵਿੰਦਰ ਨੂੰ ਹੀ ਆਪਣਾ ਪੁੱਤ ਸਮਝ ਲਿਆ'।

ਹਰਦਿਆਲ ਨੂੰ ਜਾਪਿਆ ਜਿਵੇਂ ਉਸਦਾ ਦਿਲ ਧੜਕਣਾ ਰੁਕ ਰਿਹਾ ਹੋਵੇ।

ਉਹ ਫੇਰ ਸੋਚਣ ਲੱਗਿਆ।

'ਕੀ ਖੱਟਿਆ ਮੈਂ ਕਨੇਡਾ ਆ ਕੇ?ਔਲਾਦ ਲਈ ਹੀ ਬੰਦਾ ਪਾਪੜ ਵੇਲਦਾ ਏ।ਹੁਣ ਧੀ ਵੀ ਰੁਲਦੀ ਆ ਤੇ ਪੁੱਤ ਵੀ ਗੁਆ ਲਿਆ।ਏਹੇ ਸੰਸਾ ਹੀ ਏਨਾਂ ਦੀ ਬੇਬੇ ਨੂੰ ਲੈ ਬੈਠਾ।ਜੇ ਰੋਟੀ ਹੀ ਖਾਣੀ ਸੀ,ਉਹ ਤਾਂ ਇੰਡੀਆ ਵਿੱਚ ਵੀ ਖਾਈ ਹੀ ਜਾਂਦੇ ਸੀ।ਕੁਲਵਿੰਦਰ ਦੀ ਉਦਾਸੀ ਮੇਰੇ ਤੋਂ ਝੱਲੀ ਨਹੀਂ ਜਾਂਦੀ।ਉਹ ਵਿਚਾਰੀ ਸਾਰੀ ਉਮਰ ਕਿਸੇ ਨ ਕਿਸੇ ਦੀ ਅਧੀਨਗੀ ਵਿੱਚ ਹੀ ਰਹੀ।ਮੈਂ ਬਥੇਰਾ ਕਹਿੰਦਾ ਹਾਂ ਕਿ ਸਭ ਕਾਸੇ ਨੂੰ ਭੁੱਲ ਕੇ ਨਵਾ ਜੀਵਨ ਸ਼ੁਰੂ ਕਰ।ਕੋਈ ਜੀਵਨ ਦਾ ਸਾਥ ਲੱਭ ਲੈ।ਪਰ ਕਹਿੰਦੀ ਲੋਕ ਕੀ ਕਹਿਣਗੇ।ਮੈਂ ਕਿਹਾ ਜੋ ਕੋਈ ਮਰਜੀ ਕਰ ਲਏ,ਲੋਕਾਂ ਨੇ ਤਾਂ ਕਿਸੇ ਦੇ ਵੀ ਗਲ ਫੁੱਲਾਂ ਦੇ ਹਾਰ ਨਹੀਂ ਪਾਉਣੇ,ਉਹ ਤਾਂ ਸਗੋਂ ਗੱਲਾਂ ਹੀ ਬਣਾਉਣਗੇ।ਪਰ ਇਸ ਲਈ ਉਹ ਕਦੇ ਵੀ ਨਾ ਮੰਨੀ।ਸ਼ਾਇਦ ਉਸ ਦੇ ਮਨ ਵਿੱਚ ਡਰ ਹੋਵੇ ਕਿ ਉਸਦੀ ਧੀ,ਦੂਜਾ ਵਿਆਹ ਕਰਵਾਉਣ ਨਾਲ ਕਿਤੇ ਰੁਲ ਨਾ ਜਾਵੇ'।

'ਹਾਂ ਫੇਰ ਇੱਕ ਦਿਨ ਉਹ ਅਪਣਾ ਘਰ ਲੈਣ ਨੂੰ ਮੰਨ ਗਈ।ਤਾਂ ਮੈਂ ਵੀ ਆਪਣੇ ਵਾਲਾ ਘਰ ਵੇਚ ਕੇ ਉਸ ਨਾਲ ਹਿੱਸਾ ਪਾ ਲਿਆ।ਹੁਣ ਇਹ ਘਰ ਉਸ ਨੂੰ ਆਪਣਾ ਆਪਣਾ ਜਾਪਦਾ ਹੈ।ਅਸੀਂ ਹੁਣ ਤਿੰਨੋਂ ਏਸੇ ਘਰ ਵਿੱਚ ਰਹਿੰਦੇ ਹਾਂ।ਜਿਸ ਨੂੰ ਚੱਲਦਾ ਰੱਖਣ ਲਈ ਉਹ ਦਿਨ ਰਾਤ ਜੂਝਦੀ ਹੈ।ਅੋਵਰ ਟਾਈਮ ਤੇ ਅੋਵਰ ਟਾਈਮ ਲਾਂਉਦੀ ਹੈ।ਮੈਂ ਆਪਣੀ ਪੈਨਸ਼ਨ ਵੀ ਪੂਰੀ ਇਸੇ ਘਰ ਵਿੱਚ ਪਾ ਦਿੰਦਾ ਹਾਂ।ਪਰ ਸਰਦਾ ਫੇਰ ਵੀ ਬੜੀ ਮੁਸ਼ਕਲ ਨਾਲ ਹੈ।ਰਮਨ ਇਸ ਵਾਰ ਟਵੈਲਵ ਗਰੇਡ ਵਿੱਚ ਹੈ,ਅਗਲੇ ਸਾਲ ਉਹ ਯੂਨੀਵਰਸਿਟੀ ਜਾ ਰਹੀ ਹੈ।ਉਸ ਨੂੰ ਪੜ੍ਹਾਉਣ ਦਾ ਐਨਾ ਖਰਚਾ ਕਿੱਥੋਂ ਆਵੇਗਾ?ਪਰ ਮੈਨੂੰ ਪਤਾ ਹੈ ਕੁਲਵਿੰਦਰ ਹਾਰ ਮੰਨਣ ਵਾਲੀ ਨਹੀਂ ਹੈ।ਵਕਤ ਨੇ ਉਸ ਨੂੰ ਚਟਾਨ ਦੀ ਤਰਾਂ ਕਠੋਰ ਬਣਾ ਦਿੱਤਾ ਹੈ।ਜਿਵੇਂ ਇੱਟ ਆਵੇ ਵਿੱਚ ਪੈ ਕੇ ਪੱਕਦੀ ਹੈ,ਪੱਕ ਗਈ ਹੈ ਉਹ ਵੀ…'

ਸੋਚਾਂ ਦੀ ਲੜੀ ਟੁੱਟਣ ਦਾ ਨਾਮ ਹੀ ਨਹੀਂ ਸੀ ਲੈ ਰਹੀ।

'ਕੁਲਵਿੰਦਰ ਦਾ ਸੰਘਰਸ਼ ਅਜੇ ਵੀ ਮੁੱਕਣ ਵਿੱਚ ਨਹੀਂ ਆ ਰਿਹਾ।ਕਈ ਵਾਰ ਬੈਠੀ ਬੈਠੀ ਵਿਚਾਰੀ ਆਪ ਮੁਹਾਰੇ ਹੀ ਰੋਣ ਲੱਗ ਜਾਂਦੀ ਹੈ।ਖੁਦਕਸ਼ੀ ਕਰਨ ਦੀਆਂ ਗੱਲਾਂ ਕਰਦੀ ਹੈ।ਫੇਰ ਡੀਪਰੈਸ਼ਨ ਦੀਆਂ ਗੋਲੀਆਂ ਖਾਂਦੀ ਹੈ।ਪਰ ਉਹਦੇ ਸਾਹਾਂ ਦੀ ਡੋਰ ਤਾਂ ਰਮਨ ਨਾਲ ਬੰਨੀ ਹੋਈ ਹੈ।ਰਮਨ ਉਸ ਨੂੰ ਰੁਕਣ ਨਹੀਂ ਦਿੰਦੀ।ਉਹ ਉਸਦੇ ਖੰਭ ਵੀ ਹੈ ਤੇ ਖੰਭਾਂ ਨਾਲ ਬੰਨੀ ਹੋਈ ਡੋਰ ਵੀ।ਜਿਸ ਨੂੰ ਉਸ ਨੇ ਇਸ ਤਰ੍ਹਾਂ ਪਾਲਿਆ ਹੈ ਜਿਵੇਂ ਕੁੱਕੜੀ ਆਪਣੇ ਬੋਟਾਂ ਨੂੰ ਖੰਭਾ ਹੇਠ ਲੁਕਾ ਕੇ ਰੱਖਦੀ ਹੈ'।

'ਨੰਨੀ ਜਾਨ ਰੋ ਰੋ ਪੁੱਛਿਆ ਕਰਦੀ ਸੀ'ਮੰਮੀ ਡੈਡੀ ਕਦੋਂ ਆਂਉਣਗੇ ਸਾਨੂੰ ਲੈਣ।ਮੰਮੀ ਆਪਾਂ ਆਪਣੇ ਘਰ ਕਿਉਂ ਨਹੀਂ ਜਾਂਦੇ।ਆਖਰ ਇਹ ਸਵਾਲ ਉਸਦੇ ਅੰਦਰ ਹੀ ਦਮ ਤੋੜ ਗਏ।ਜਿਵੇਂ ਖਿੜਨ ਤੋਂ ਪਹਿਲਾ ਹੀ ਕੋਈ ਫੁੱਲ ਮੁਰਝਾ ਜਾਂਦਾ ਹੈ।ਬੱਸ ਫੇਰ ਉਦਾਸੀ ਰੋਗ ਨੇ ਉਸ ਨੂੰ ਵੀ ਘੇਰ ਲਿਆ।ਹਮੇਸ਼ਾਂ ਚੁੱਪ ਚੁੱਪ ਰਹਿਣ ਲੱਗੀ'।

ਹਰਦਿਆਲ ਰੋਅ ਰਿਹਾ ਸੀ।

'ਕੁਲਵਿੰਦਰ ਨੇ ਉਸ ਨੂੰ  ਪ੍ਰਚਾਉਣ ਦੇ ਬਥੇਰੇ ਯਤਨ ਕੀਤੇ।ਗੇਮਾਂ ਵਿੱਚ ਪਾਈ ਤਾਂ ਕਿ ਮਨ ਹੋਰ ਪਾਸੇ ਲੱਗਿਆ ਰਹੇ।ਕਦੀ ਉਸ ਨੂੰ ਸਵਿਮਿੰਗ ਤੇ ਲੈ ਕੇ ਜਾਂਦੀ ਅਤੇ ਕਦੀ ਸੌਕਰ ਤੇ।ਪਰ ਜਦੋਂ ਉੱਥੇ ਵੀ ਲੋਕ ਪੁੱਛ ਲੈਂਦੇ ਕਿ ਤੇਰਾ ਡੈਡੀ ਕਦੇ ਕਿਉਂ ਨਹੀਂ ਆਂਉਦਾ?ਜਾਂ ਤੇਰੀ ਮੌਮ ਸਿੰਗਲ ਮਦਰ ਹੈ?ਤਾਂ ਉਹ ਫੇਰ ਉਦਾਸ ਹੋ ਜਾਂਦੀ।ਤਲਾਕ ਤਾਂ ਦੂਜੀਆਂ ਕਮਿਉਨਿਟੀਆਂ ਵਿੱਚ ਵੀ ਹੁੰਦੇ ਨੇ,ਪਰ ਮਾਪੇ ਬੱਚਿਆਂ ਨਾਲੋਂ ਰਿਸ਼ਤਾ ਨਹੀਂ ਤੋੜਦੇ।ਉਸਦੇ ਪਿਉ ਨੇ ਤਾਂ ਮੁੜਕੇ ਧੀ ਦੀ ਸ਼ਕਲ ਹੀ ਨਹੀਂ ਸੀ ਵੇਖੀ।ਦਾਦੇ ਦਾਦੀ ਅਤੇ ਚਾਚੇ ਚਾਚੀ ਲਈ ਵੀ ਉਹ ਜਿਵੇ ਮਰ ਗਈ ਸੀ।ਦੂਜੇ ਬੱਚਿਆਂ ਦੇ ਦਾਦਾ ਦਾਦੀ ਗੇਮ ਦੇਖਣ ਆਂਉਦੇ।ਬੱਚਿਆਂ ਨੂੰ ਪਿਆਰਦੇ ਦੁਲਾਰਦੇ।ਪਰ ਰਮਨ ਨੂੰ ਤਾਂ ਕਿਸੇ ਦੀ ਸ਼ਕਲ ਹੀ ਯਾਦ ਨਹੀਂ ਸੀ।ਕੁਲਵਿੰਦਰ ਨੂੰ ਵਰਿਆਂ ਬੱਧੀ ਆਸ ਰਹੀ ਕਿ ਕਿਸੇ ਦਿਨ ਉਹ ਆਉਣਗੇ ਤੇ ਉਨ੍ਹਾਂ ਨੂੰ ਲੈ ਜਾਣਗੇ।ਉਹ ਵੀ ਸਭ ਕੁੱਝ ਮੁਆਫ ਕਰ ਦੇਵੇਗੀ।ਪਰ ਅਜਿਹਾ ਕਦੇ ਨਾ ਹੋਇਆ'।

'ਸਗੋਂ ਤਲਾਕ ਤੋਂ ਬਾਅਦ ਹਰਮੀਤ ਭਾਰਤ ਜਾ ਕੇ ਹੋਰ ਵਿਆਹ ਕਰਵਾ ਆਇਆ।ਕਨੇਡਾ ਦੇ ਲਾਲਚ ਨੂੰ ਆਈ ਉਹ ਕੁੜੀ ਵੀ ਸੁਣਿਆ ਹੈ ਉਡਾਰੀ ਮਾਰ ਗਈ।ਦੋਹਾਂ ਦੇ ਰਿਸ਼ਤੇ ਲਾਲਚ ਤੇ ਟਿਕੇ ਹੋਣ ਕਾਰਨ ਜਿਆਦਾ ਦੇਰ ਨਹੀਂ ਨਿਭੇ।ਕਹਿੰਦੇ ਇੱਕ ਦਿਨ ਸ਼ਰਾਬੀ ਹੋਏ ਹਰਮੀਤ ਨੇ ਉਸ ਤੇ ਵੀ ਹੱਥ ਚੁੱਕ ਲਿਆ ਸੀ।ਤੇ ਫੇਰ ਇਹ ਕੁੱਟ ਮਾਰ ਵਧਦੀ ਹੀ ਗਈ।ਉਸ ਦੇ ਗਹਿਣੇ ਵੀ ਖੋਹ ਲਏ ਸਨ ਤੇ ਪਾਸਪੋਰਟ ਵੀ।ਉਸ ਨੇ ਸਾਰਾ ਕੁੱਝ ਪੁਲੀਸ ਰਾਹੀਂ ਲਿਆ।ਹੋਰ ਫੇਰ ਅਗਲੀ ਕਰਦੀ ਵੀ ਕੀ…।

'ਪੁਆੜੇ ਦੀ ਜੜ ਦਲਜੀਤ ਸਰਾਂ ਅੱਜ ਕੱਲ ਆਪਣੇ ਆਪ ਨੂੰ ਕਮਿਊਨਟੀ ਲੀਡਰ ਸਦਵਾਉਂਦਾ ਹੈ।ਕਈ ਕਲਚਰਲ ਤੇ ਸਪੋਰਟਸ ਕਲੱਬਾਂ ਦਾ ਪ੍ਰਧਾਨ ਬਣਿਆ ਫਿਰਦਾ ਹੈ।ਕਿਉਂਕਿ ਉਥੇ ਕਬੂਤਰ ਬਾਜੀ 'ਚੋਂ ਚੰਗਾ ਪੈਸਾ ਜੁ ਬਣਦਾ ਹੈ।ਉਧਰੋਂ ਝੂਠੇ ਮੂਠੇ ਕਬੱਡੀ ਦੇ ਖਿਡਾਰੀ ਕੱਢਣ ਦੇ ਤੀਹ ਤੀਹ ਲੱਖ ਜੋ ਮਿਲਦੇ ਨੇ।ਕਦੇ ਭੰਗੜੇ ਦੀ ਟੀਮ ਵਿੱਚ ਅਤੇ ਕਦੇ ਕਬੱਡੀ ਦੀ ਟੀਮ ਵਿੱਚ ਜਿੱਥੇ ਵੀ ਦਾਅ ਲੱਗੇ ਲਾਉਂਦਾ ਹੈ।ਲੋਕਾਂ ਦੀਆਂ ਕੁੜੀਆਂ ਨੂੰ ਕਨੇਡਾ ਕੱਢਣ ਬਹਾਨੇ ਕਦੇ ਚੰਡੀਗੜ ਕਦੇ ਦਿੱਲੀ ਲਈ ਫਿਰਦਾ ਰਹਿੰਦਾ ਏ।ਪੈਂਹਟ ਸਾਲਾ ਦਾ ਹੋ ਕੇ ਵੀ ਇਹ ਚਸਕਾ ਨਹੀਂ ਗਿਆ।ਲਾਲਚ ਵਿੱਚ ਅੰਨੇ ਹੋਏ ਮਾਪਿਆਂ ਨੂੰ ਅੱਜ ਕੱਲ ਧੀਆਂ ਦੀ ਇੱਜਤ ਨਾਲੋਂ ਕਨੇਡਾ ਵੱਧ ਪਿਆਰਾ ਹੈ।ਅਜਿਹੇ ਬਘਿਆੜਾਂ ਦਾ ਸੂਤ ਆਇਆ ਰਹਿੰਦਾ ਹੈ।ਸੁਣਿਆ ਤਾਂ ਇਹ ਵੀ ਹੈ ਕਿ ਕੁੜੀਆਂ ਦੀ ਦਲਾਲੀ ਕਰਦਾ ਰਿਹਾ ਹੈ।ਉਸ ਦੀ ਦੂਜੀ ਘਰ ਵਾਲੀ ਵੀ ਇਸ ਧੰਦੇ ਵਿੱਚ ਨਾਲ ਸੀ।ਪੈਸਾ ਜੋ ਆਂਉਦਾ ਹੈ।ਉਹ ਤਾਂ ਇਸ ਨੂੰ ਬਿਜਨਸ ਦੱਸਦੇ ਨੇ।ਐਵੇਂ ਤਾਂ ਨੀ ਪਾਲੇਟੀਸ਼ਨ,ਲੀਡਰ ਅਤੇ ਬਿਜਨਸਮੈਨ ਇਨਾਂ ਦੇ ਅੱਗੇ ਪਿੱਛੇ ਤੁਰੇ ਫਿਰਦੇ।ਅਜਿਹੇ ਬੰਦੇ ਦਾ ਪੈਸੇ ਹੇਠ ਸਾਰਾ ਕੁੱਝ ਹੀ ਲੁਕ ਜਾਂਦਾ ਹੈ।ਪਰ ਵਕਤ ਆਵੇਗਾ ਜਦੋਂ ਭੁਗਤਣਾ ਪਊ।ਉੱਤੇ ਰੱਬ ਤਾਂ ਦੇਖਦਾ ਹੈ…'

ਬੇਵਸ ਹੋਏ ਹਰਦਿਆਲ ਨੇ ਆਖਰੀ ਤੋੜਾ ਝਾੜਿਆ।

'ਅੱਜ ਕੱਲ ਤਕੜੇ ਬੰਦਿਆਂ ਦਾ ਜ਼ਮਾਨਾ ਹੈ।ਸਾਲੇ ਉਹ ਹੀ ਫਲਦੇ ਨੇ।ਸਰਾਂ ਅੱਜ ਕੱਲ ਸੱਤਾਧਾਰੀ ਪਾਰਟੀ ਦਾ ਸਰਗਰਮ ਵਰਕਰ ਬਣਿਆ ਫਿਰਦਾ ਹੈ।ਆਪਣੇ ਲਾਮ ਲਸ਼ਕਰ ਨਾਲ ਲੀਡਰਾਂ ਦੀ ਮੱਦਦ ਕਰਦਾ ਹੈ।ਉਸ ਨੇ ਹੁਣ ਤਾਂ ਕਈ ਰੈਸਟੋਰੈਂਟ ਤੇ ਪੀਜ਼ਾ ਸਟੋਰ ਵੀ ਖੋਹਲ ਲਏ ਨੇ।ਇਮੀਗਰੇਸ਼ਨ ਮਨਿਸਟਰ ਤੱਕ ਉਸਦੀ ਪਹੁੰਚ ਹੈ।ਵਰਕ ਪਰਮਿਟ ਲੈਣ ਲੱਗਿਆ ਵੀ ਮਿੰਟ ਲਾਉਂਦਾ ਹੈ।ਹੁਣ ਤਾਂ ਕੁੱਕ,ਤੰਦੂਰਈਏ ਕਹਿ ਕਹਿ ਅਤੇ ਹੋਰ ਪ੍ਰੋਫੈਸ਼ਨਾ ਦੀ ਆੜ ਹੇਠ ਵੀ ਬੰਦੇ ਮੰਗਵਾ ਰਿਹਾ ਹੈ।ਮਨੁੱਖੀ ਸਮਗਲਿੰਗ ਕਿਹੜਾ ਡਰੱਗ ਸਮਗਲਿੰਗ ਤੋਂ ਘੱਟ ਹੈ।ਇਸਦੇ ਪੀਜਾ ਸਟੋਰਾਂ ਤੇ ਡਰਾਈ ਫਲਾਵਰ ਕਹਿ ਕੇ ਸ਼ਰੇਆਮ ਡੋਡੇ ਵੇਚੇ ਜਾਂਦੇ ਹਨ।ਧਾਰਮਿਕ ਅਦਾਰੇ ਵੀ ਇਸਦੀ ਚਾਪਲੂਸੀ ਕਰਦੇ ਹਨ।ਸਾਲੀ ਦੁਨੀਆਂ ਹੈ ਈ ਪੈਸੇ ਦੀ।ਪੈਸਾ ਹੀ ਅੱਜ ਕੱਲ ਲੋਕਾਂ ਦਾ ਧਰਮ ਹੈ'

ਉਹ ਨਿਰਾਸ਼ਤਾ ਵਿੱਚ ਆ ਗਿਆ

'ਮੇਰੇ ਬਿਨਾ ਉਹਦੇ ਬਾਰੇ ਕਿਸੇ ਨੇ ਨਹੀਂ ਬੋਲਣਾ।ਮੀਡੀਅ ਵੀ ਪੈਸੇ ਵਾਲਿਆਂ ਦਾ ਹੀ ਹੈ ਉਨ੍ਹਾਂ ਇਸ ਬਾਰੇ ਕੀ ਲਿਖਣੈ।ਉਨ੍ਹਾਂ ਨੇ ਤਾਂ ਆਪ ਤਕਰੀਬਨ ਸਾਰਿਆਂ ਨੇ ਦੂਸਰੀਆਂ ਤੀਵੀਆਂ ਰੱਖੀਆਂ ਹੋਈਆਂ ਨੇ।ਪਹਿਲੀਆਂ ਘਰਵਾਲੀਆਂ ਤੇ ਬੱਚੇ ਰਮਨ ਵਾਂਗੂੰ ਹੀ ਰੁਲ਼ਦੇ ਨੇ।ਏਹੋ ਜਿਹਿਆਂ ਦੀ ਜੂਠ ਤੇ ਹੀ ਤਾਂ ਚੱਲਦਾ ਹੈ ਮੀਡੀਆ।ਦਲਜੀਤ ਸਰਾਂ ਵਰਗੇ ਲੋਕ ਸ਼ਰੇਆਮ ਮੀਡੀਏ ਵਾਲਿਆਂ ਨੂੰ ਕੁੱਤੇ ਦੱਸਦੇ ਨੇ,ਕਿ ਜਦੋਂ ਭੌਂਕਣ ਲੱਗਣ ਤਾਂ ਐਡ ਦੀ ਹੱਡੀ ਉਹਨਾਂ ਦੇ ਮੂੰਹ 'ਚ ਤੁੰਨ ਦਿਉ।ਕਈ ਰੇਡੀਉ ਤੇ ਅਖਬਾਰਾਂ ਵਾਲੇ ਕਰਜਾ ਦੇ ਕੇ ਇਸ ਨੇ ਹੀ ਖੜੇ ਕੀਤੇ ਹੋਏ ਨੇ।ਉਨ੍ਹਾਂ ਸਾਰਿਆਂ ਲਈ ਇਹ ਦੁੱਧ ਧੋਤਾ ਹੈ।ਇਹ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਆ।ਸਾਰਾ ਆਵਾ ਹੀ ਊਤਿਆ ਹੋਇਆ ਹੈ।ਕੋਈ ਭੰਗ ਬੀਜ ਰਿਹਾ ਹੈ।ਕੋਈ ਡਰੱਗ ਵੇਚ ਰਿਹਾ ਹੈ।ਕੁਲਵਿੰਦਰ ਵਰਗੀਆਂ ਤੇ ਰਮਨ ਵਰਗੀਆਂ ਅਨੇਕਾਂ ਕੁੜੀਆਂ ਅਜਿਹਿਆਂ ਦੀ ਬਦੌਲਤ ਰੁਲ ਰਹੀਆਂ ਨੇ,ਕਤਲ ਹੋ ਰਹੀਆਂ ਨੇ।ਕੋਈ ਨੀ ਪੁੱਛਦਾ…'।

ਹਰਦਿਆਲ ਨੇ ਸ਼ੀਸੇ ਵਿੱਚੋਂ ਬਾਹਰ ਦੇਖਿਆ।ਪਰ ਰਮਨ ਦਿਖਾਈ ਨਾ ਦਿੱਤੀ।

'ਰਮਨ ਤਾਂ ਇੱਕ ਯੁੱਧ ਲੜ ਰਹੀ ਹੈ।ਉਹ ਤੈਰਾਕੀ,ਸੌਕਰ,ਬੇਸਵਾਲ ਅਤੇ ਪੜ੍ਹਾਈ ਵਿੱਚ ਵੀ ਕਾਫੀ ਅੱਗੇ ਚੱਲ ਰਹੀ ਹੈ।ਪੁਲੀਸ ਵਿੱਚ ਜਾਣਾ ਚਾਹੁੰਦੀ ਹੈ।ਉਸ ਦੇ ਚੰਗੇ ਨੰਬਰਾਂ ਕਰਕੇ ਉਸ ਨੂੰ ਯੂਨੀਵਰਸਿਟੀ ਦਾਖਲਾ ਵੀ ਸੌਖਾ ਹੀ ਮਿਲ ਜਾਵੇਗਾ,ਬਲਕਿ ਕੁਲਵਿੰਦਰ ਦੱਸਦੀ ਸੀ ਕਿ ਥੋੜੀ ਬਹੁਤ ਸਕਾਲਰਸ਼ਿੱਪ ਮਿਲਣ ਦੀ ਵੀ ਸੰਭਾਵਨਾ ਹੈ।ਉਸ ਦੀਆਂ ਵੀ ਆਸਾਂ ਨੂੰ ਬੂਰ ਪੈਣ ਵਾਲਾ ਹੈ।ਜਿਸ ਬੂਟੇ ਨੂੰ ਉਸ ਨੇ ਹੱਥੀਂ ਛਾਵਾਂ ਕਰਕੇ ਪਾਲਿਆ ਹੈ ਉਹ ਹੁਣ ਛਾਂ ਦੇਣ ਵਾਲਾ ਹੈ।ਆਪਣੇ ਲਹੂ ਦੀ ਆਹੂਤੀ ਪਾ ਪਾ ਜੋ ਉਸ ਨੇ ਮਸ਼ਾਲ ਜਗਾਈ ਹੈ ਉਹ ਕਈਆਂ ਦੇ ਘਰ ਰੁਸ਼ਨਾਵੇਗੀ।ਇਸ ਨੂੰ ਬੁਝਾਉਣਾ ਕਿਸੇ ਲਈ ਐਨਾ ਅਸਾਨ ਨਹੀਂ ਹੋਵੇਗਾ'।

ਹਰਦਿਆਲ ਅੱਜ ਹੋਰ ਪਤਾ ਨਹੀਂ ਕੀ ਕੀ ਸੋਚੀਂ ਜਾ ਰਿਹਾ ਸੀ।

'ਜਿਸ ਪੁੱਤ ਦੇ ਚੰਗੇ ਭਵਿੱਖ ਲਈ ਮੈਂ ਧੱਕੇ ਖਾਂਦਾ ਰਿਹਾ,ਉਹ ਇਸੇ ਮਹਾਂ ਨਗਰੀ ਵਿੱਚ ਕਿਧਰੇ ਗੁਆਚ ਗਿਆ ਹੈ।ਉਸ ਨੂੰ ਤੇ ਉਸ ਦੀ ਘਰ ਵਾਲੀ ਨੂੰ ਮੇਰੇ ਨਾਲ ਰਹਿਣਾ ਚੰਗਾ ਨਹੀਂ ਸੀ ਲੱਗਦਾ।ਉਹ ਤਾਂ ਆਜ਼ਾਦੀ ਚਾਹੁੰਦੇ ਸਨ।ਜੇ ਚਾਹੁੰਦੀ ਤਾਂ ਕੁਲਵਿੰਦਰ ਵੀ ਤਾਂ ਆਜ਼ਾਦ ਹੋ ਸਕਦੀ ਸੀ।ਪਰ ਉਹ ਵਿਚਾਰੀ ਸਾਡਾ ਖਿਆਲ ਰੱਖਦੀ ਰਹੀ।ਪੁੱਤ ਨਾਲੋਂ ਤਾਂ ਧੀ ਹੀ ਚੰਗੀ ਨਿੱਕਲੀ।ਹਰਦਿਆਲ ਦੇ ਮਨ ਦੇ ਅੰਦਰ ਅਤੇ ਬਾਹਰ ਤੂਫਾਨ ਸ਼ੂਕ ਰਿਹਾ ਸੀ।

ਮੀਂਹ ਬਹੁਤ ਜੋਰ ਨਾਲ ਪੈਣ ਲੱਗਿਆ।ਤੇਜ ਹਵਾ ਨਾਲ ਦਰਖਤ ਝੂਲ ਰਹੇ ਸਨ।ਪੈਦਲ ਚੱਲਣ ਵਾਲੇ ਲੋਕਾਂ ਦੀਆਂ ਛਤਰੀਆਂ ਉਡਦੀਆਂ ਜਾ ਰਹੀਆਂ ਸਨ।ਰਮਨ ਤੂਫਾਨ ਨੂੰ ਚੀਰਦੀ ਬੱਸ ਜਾ ਚੜੀ ਸੀ।ਉਸੇ ਵਕਤ ਫੋਨ ਦੀ ਘੰਟੀ ਵੱਜੀ,ਸੋਚਾਂ ਦੀ ਲੜੀ ਵੀ ਟੁੱਟ ਗਈ।ਕੁਲਵਿੰਦਰ ਕੰਮ ਤੋਂ ਬੋਲ ਰਹੀ ਸੀ ਤੇ ਬਾਹਰ ਝੁੱਲਦੇ ਝੱਖੜ ਕਾਰਨ ਬੇਹੱਦ ਫਿਕਰਮੰਦ ਹੁੰਦੀ ਹੋਈ ਉਹ ਪੁੱਛ ਰਹੀ ਸੀ, "ਰਮਨ ਸਕੂਲ ਚਲੀ ਗਈ?ਛਤਰੀ ਤਾਂ ਲੈ ਗਈ ਸੀ ਕਿ ਨਹੀਂ?"

ਅੱਗੋਂ ਹਰਦਿਆਲ ਬੋਲਿਆ "ਝੱਲੀਏ ਹੁਣ ਮੇਰੀ ਦੋਹਤੀ ਦਾ ਮਾੜੇ ਮੋਟੇ ਤੂਫਾਨ ਕੁੱਝ ਨਹੀ ਵਿਗਾੜ ਸਕਦੇ।ਉਹਨੂੰ ਹੁਣ ਕਿਸੇ ਛਤਰੀ ਛੁਤਰੀ ਦੀ ਲੋੜ ਨਹੀਂ।ਐਹੋ ਜਿਹੇ ਮੌਸਮਾਂ ਨੂੰ ਉਹ ਕੀ ਸਿਆਣਦੀ ਆ"

ਫੇਰ ਹਰਦਿਆਲ ਨੂੰ ਲੱਗਿਆ ਜਿਵੇਂ ਉਸਦੇ ਬੁੱਢੇ ਅਤੇ ਬਿਮਾਰ ਸ਼ਰੀਰ ਵਿੱਚ ਤਾਕਤ ਭਰ ਰਹੀ ਹੋਵੇ।

ਉਹ ਮਨ ਹੀ ਮਨ ਮੁਸਕਰਾਇਆ ਅਤੇ ਮੌਸਮ ਦਾ ਆਨੰਦ ਮਾਨਣ ਲੱਗਿਆ।