Saturday, July 28, 2012

Punjabi kahani- ਛਤਰੀ


ਛਤਰੀ


                            ਚਰਨਜੀਤ ਸਿੰਘ ਪੰਨੂ ਕੈਲੀਫੋਰਨੀ 
                                        ( 408 608 4961, pannucs@yahoo.com)


ਟੈਲੀਫੋਨ ਦੀ ਘੰਟੀ ਵੱਜੀ। ਮੇਰਾ ਦਿਲ ਕੰਬ ਉੱਠਿਆ। ਫੜਨ ਲਈ ਅੱਗੇ ਵਧੀ ਪਰ ਭੂਆ ਜੀ ਨੇ ਉਠ ਕੇ ਚੋਗਾ ਫੜ੍ਹ ਲਿਆ। ਦਿਲ ਦੀ ਧੜਕਣ ਤੇਜ ਹੋਣ ਲੱਗੀ। ਪਤਾ ਨਹੀਂ ਕੌਣ ਹੋਵੇ ਗਾ। ਸਵੇਰ ਦੇ ਕਈ ਫੋਨ ਆ ਚੁੱਕੇ ਨੇ। ਜਦ ਕੋਈ ਚੁੱਕਦਾ ਹੈ ਤਾਂ ਅੱਗੋਂ ਆਵਾਜ਼ ਸੁਣ ਕੇ ਬੰਦ ਹੋ ਜਾਦਾ ਹੈ। ਨੰਬਰ ਦੀ ਥਾਂ 'ਆਊਟ ਆਫ਼ ਏਰੀਆ' ਆ ਰਿਹਾ ਹੈ। ਸ਼ਨਾਖ਼ਤੀ ਨੰਬਰ ਵੀ ਕੋਈ ਨਹੀਂ ਆਉਂਦਾ। ਅਜੇਹੇ ਸ਼ੱਕੀ ਨੰਬਰ ਬੜੇ ਖਤਰਨਾਕ ਸਮਝੇ ਜਾਂਦੇ ਨੇ ਤੇ ਆਮ ਕਰਕੇ ਅਪਰਾਧੀ ਬਿਰਤੀ ਦੇ ਬੇਈਮਾਨ ਜਾਂ ਕੰਪਨੀਆਂ ਦੀ ਮਸ਼ਹੂਰੀ ਵਾਲੇ ਦਲਾਲ ਹੀ ਇਹ ਉਪਯੋਗ ਕਰਕੇ ਲੋਕਾਂ ਨੂੰ ਤੰਗ ਕਰਦੇ ਰਹਿੰਦੇ ਨੇ।

'ਕੁੜੇ ਵੇਖ! ਕਿਤੇ ਤੇਰਾ ਤਾਂ ਨਹੀਂ ਕੋਈ æææ ਕੋਈ ਰਾਤ ਵਾਲਾ ਛੂੰਅਅਅæææ।' ਭੂਆ ਜੀ ਭਾਖਿਆ ਕਰਦੇ ਫੁਸਫਸਾਉਂਦੇ ਬੁੱਲ੍ਹੀਆਂ 'ਚੋਂ ਅੱਧਾ ਕੁ ਹੱਸਦੇ ਨੇ। ਉਹ ਤੜਕੇ ਹੀ ਨਹਾ ਧੋ ਕੇ ਪਾਠ-ਪੂਜਾ ਤੋਂ ਵਿਹਲੀ ਹੋ ਤਰੋ ਤਾਜ਼ਾ ਹੋਏ ਟਹਿਕ ਰਹੇ ਨੇ।

ਮੰਮੀ ਪਾਪਾ ਦਾ ਵੀ ਫੋਨ ਨਿਸ਼ਚਿਤ ਹੈ। ਉਹ ਵੀ ਕਹਿੰਦੇ ਸਨ, 'ਤੂੰ ਜਾ ਕੇ ਪੈਰ ਜਮਾਅ ਲੈ ਤੇ ਫੇਰ ਦੂਸਰੀ ਭੈਣ ਤੇ ਭਰਾ ਦਾ ਵੀ ਇੰਤਜ਼ਾਮ ਕਰੀਂ, ਅਸੀਂ ਤੇਰੇ ਮਗਰ ਆਏ ਖੜੇ।' ਸੁੱਖ-ਸਾਂਦ ਪੁੱਛਣ ਵਿੱਚ ਉਹ ਕਦੇ ਮਹੀਨਾ ਨਹੀਂ ਲੰਘਣ ਦਿੰਦੇ। ਇਸ ਵਾਰੀਂ ਤਾਂ ਪੰਜ ਹਫਤੇ ਨਿਕਲ ਗਏ ਨੇ ਰੱਬ ਖੈਰ ਕਰੇ। ਟੀæ ਵੀæ ਦਾ ਬਟਨ ਨੱਪਦੀ ਹਾਂ। 'ਅੰਮ੍ਰਿਤਸਰ ਹਵਾਈ ਅੱਡੇ ਤੋਂ ਟੋਰਾਂਟੋ ਦੀ ਉਡਾਣ ਭਰਦੇ ਸਮੇਂ ਇੱਕ ਬਜ਼ੁਰਗ ਜੋੜੇ ਕੋਲੋਂ ਚਾਰ ਕਿਲੋ ਹੀਰੋਇਨ ਪਕੜੀ ਗਈ।' ਪੰਜਾਬੀ ਚੈਨਲ ਤੋਂ ਖ਼ਬਰਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਸੋਚਦੀ ਹਾਂ ਮੰਮੀ ਨੂੰ ਕਹਿ ਦਿਆਂ ਕਿ ਜੇ ਕਿਤੇ ਤੁਹਾਡਾ ਵੀਜ਼ਾ ਲੱਗ ਜਾਏ ਤਾਂ ਤੁਸੀਂ ਕਿਸੇ ਦੇ ਪੈਕਟ ਲਿਆਉਣ ਦੀ ਹਾਮੀ ਨਾ ਭਰਿਉ ਭਾਵੇਂ ਕਿੰਨਾ ਵੀ ਨੇੜਲਾ ਵਾਕਫ਼ਕਾਰ ਹੋਵੇ।

ਦਰਵਾਜੇ ਦੇ ਸ਼ੀਸ਼ੇ ਵਿੱਚਦੀ ਬਾਹਰ ਅੰਕਲ ਜੀ ਜੁੱਤੀ ਝਾੜਦੇ ਅੰਦਰ ਵੜਨ ਲੱਗੇ ਦਿੱਸਦੇ ਹਨ। ਉਹ ਸੈਰ ਕਰਕੇ ਬਾਹਰੋਂ ਵਾਪਿਸ ਆ ਗਏ ਨੇ। ਸਿਮਰਨਾ ਉਨ੍ਹਾਂ ਹੈਂਗਰ ਦੀ ਕੁੰਡੀ ਨਾਲ ਟੰਗ ਦਿੱਤਾ। ਉਨ੍ਹਾਂ ਦਾ ਚਿਹਰਾ ਕੁਝ ਘਬਰਾਇਆ ਹੋਇਆ ਤੇ ਅੱਖਾਂ ਡਰੀਆਂ ਡਰੀਆਂ ਨੀਵੀਂਆਂ ਪਈਆਂ ਹਨ।

ਘੰਟੀ ਵੱਜਣ ਤੇ ਅੰਕਲ ਜੀ ਨੇ ਰਸੀਵਰ ਚੁੱਕ ਲਿਆ।

'ਹੈਲੋ! ਯੈਸ਼æ ਯਾ? ææਹਾਂ ਬੇਟੇ!   ਹੈਲੋææ ਹੈਲੋææ।æææ ਪਤਾ ਨਹੀਂ ਕੌਣ ਹੈ, ਆਵਾਜ਼ ਕੁਝ ਜਾਣੀ ਪਛਾਣੀ ਹੈ ਪਰ ਬੰਦ ਕਰ ਗਿਆ।' ਅੰਕਲ ਜੀ ਚੋਗੇ ਨੂੰ ਵਿੰਗਾ ਟੇਢਾ ਕਰਦੇ ਜਾਚਦੇ ਹਨ ਜਿਵੇਂ ਇਸ ਵਿੱਚੋਂ ਫੋਨ ਵਾਲੇ ਦਾ ਮੜੰਗਾ ਲੱਭਣ ਦੀ ਕੋਸ਼ਿਸ਼ ਕਰਦੇ ਹੋਣ।

ਉਨ੍ਹਾਂ ਦੇ ਹੱਥ ਖੂਨ ਸਿੰਮਿਆ ਫੰਭਾ ਵੇਖ ਕੇ ਮਾਸੀ ਜੀ ਚਿੰਤਾਤੁਰ ਹੋ ਗਏ। 'ਕਿੰਨੀ ਵੇਰਾਂ ਕਿਹਾ, ਹਨੇਰੇ ਸਵੇਰੇ ਬਾਹਰ ਨਾ ਜਾਇਆ ਕਰੋ। ਪਾਰਕਾਂ ਵਿੱਚ ਵੀ ਇਹ ਗੋਰੀਆਂ ਪਾਲਤੂ ਬਿੱਲੀਆਂ ਕੁੱਤੇ ਨਾਲ ਲਈ ਫਿਰਦੀਆਂ ਨੇ ਜੋ ਆਏ ਗਏ ਨੂੰ ਸ਼ਹਿ ਮਾਰ ਕੇ ਚੂੰਡ ਲੈਂਦੇ ਨੇ ਤੇ ਦੰਦੀ ਵੱਢ ਕੇ ਉਨ੍ਹਾਂ ਦੀ ਕੰਧੇੜੀ ਜਾ ਚੜ੍ਹਦੇ ਨੇ। ਇਹ ਅਮਰੀਕੀ ਆਪ ਤਾਂ ਹਲਕੇ ਹੋਏ ਜਣੇ ਖਣੇ ਨੂੰ ਵੱਢਦੇ ਫਿਰਦੇ ਨੇ, ਹੋਰਾਂ ਨੂੰ ਵੀ ਹਲਕੇ ਕਰਨ ਗੇ।' ਮਾਸੀ ਜੀ ਦੇ ਫਿਕਰਾਂ ਭਿੱਜੇ ਬੋਲ ਟੈਲੀ ਤੇ ਚਲਦੇ ਗੁਰਬਾਣੀ ਪ੍ਰੋਗਰਾਮ ਵਿੱਚ ਗੁੰਮ ਹੋ ਗਏ।

'ਜਰੂਰ ਇਹਨਾਂ ਕੋਈ ਛੇੜਖ਼ਾਨੀ ਕੀਤੀ ਹੋਊ। ਇਹਨਾਂ ਦੀ ਸ਼ਰਾਰਤੀ ਕਰਤੂਤ ਦਾ ਪ੍ਰਤੀਕਰਮ ਹੈ ਇਹ, ਨਹੀਂ ਤੇ ਇਹ ਪਾਲਤੂ ਕਿਸੇ ਨੂੰ ਕੁਝ ਨਹੀਂ ਕਹਿੰਦੇ।' ਭੂਆ ਜੀ ਉਨ੍ਹਾਂ ਦਾ ਹੱਥ ਫੜ੍ਹ ਦੇਖਦੇ ਹਨ। 'ਨਹੁੰਦਰਾਂ ਨੇ ਕਿ ਚੱਕ-ਦੰਦੀ ਐ?' ਅੰਤਰਜਾਮੀਆਂ ਜਿਹੀਆਂ ਟਿੱਪਣੀਆਂ ਸੁਣ ਕੇ ਅੰਕਲ ਜੀ ਦੇ ਪੈਰ ਥਿੜਕਣ ਲੱਗੇ। ਭੂਆ ਜੀ ਦੀ ਚਕਚੂੰਧਰ ਮੇਰੇ ਸੰਘ ਵਿੱਚ ਅਟਕ ਗਈ। ਮੇਰੇ ਹੱਸਦੀ ਦੇ ਬੁੱਲ੍ਹ ਜੁੜਨ ਲੱਗੇ। ਮੇਰੀ ਸਹੇਲੀ ਬਣ ਗਈ ਹੈ 'ਦੋਸਤ ਭੂਆ'। ਕਈ ਵੇਰਾਂ ਆਪਣੇ ਗੁਪਤ ਪੋਤੜੇ ਫੋਲਦੀ ਕਵੱਲੇ ਰੋਮਾਂਟਿਕ ਵਹਿਣਾਂ ਵਿੱਚ ਹੜ੍ਹਦੀ ਬੜੇ ਠਰਕ ਭੋਰਨ ਲਗਦੀ ਹੈ। ਕਾਲਜ ਦੇ ਮੁੰਡਿਆਂ ਕੁੜੀਆਂ ਦੀਆਂ ਇਸ਼ਕ ਕਹਾਣੀਆਂ ਪੁੱਛਦੀ, ਸ਼ਰਾਰਤੀ ਭਵਾਂ ਫੈਲਾਉਂਦੀ, ਸ਼ਰਮਾਕਲ ਜਿਹੀਆਂ ਹਰਕਤਾਂ ਕਰਨ ਲਗਦੀ ਹੈæææ ਵਿਚਾਰੀ ਭੂਆ।

         'ਲਿਆਈਂ ਨੀਂ ਕੁੜੇ ਲਾਲ ਮਿਰਚਾਂ ਪੀਠੀਆਂ ਹੋਈਆਂ ਕਿਤੇ ਜੇ ਹੈਨਿ ਤਾਂ, ਧੂੜ ਉੱਤੇ। ਇਹ ਤਾਂ ਜ਼ਹਿਰ ਹੁੰਦਾ ਨਿਰਾ ਪੁਰਾ, ਜੇ ਚੜ੍ਹ ਗਿਆ ਤਾਂ ਕਿੰਨੇ ਸੂਏ ਲਵੌਣੇ ਪੈਣੇ ਨੇ ਢਿੱਡ ਵਿੱਚ।' ਮਾਸੀ ਜੀ ਦੀ ਚੁੜ ਚੁੜ ਮੇਰੇ ਸਿਰ ਹਥੌੜੇ ਵਾਂਗ ਵੱਜੀ। ਭੂਆ ਜੀ ਨੇ ਉੱਧਰ ਟੇਢੇ ਹੋ ਕੇ ਵੇਖਿਆ।

'ਮਾੜੇ ਮੋਟੇ ਜ਼ਖਮ ਆਪੇ ਹੀ ਅੰਗੂਰ ਭਰ ਜਾਂਦੇ ਨੇ। ਐਵੇਂ ਸਹੁਰੀ ਦੀ ਨੇ ਰਾਈ ਦਾ ਪਹਾੜ ਬਣਾ ਧਰਿਆ æææ ਇਹ ਅਨਪੜ੍ਹ ਖ਼ਾਤੂਨ ਐਵੇਂ ਸੁੱਕੇ ਸੰਘ ਅੜਾਈ ਜਾਦੀ ਐ ਵਿਹਲੀ ਬੈਠੀ। ਸੂਲ ਦੀ ਸੂਲੀ ਬਣਾ ਦਿੱਤੀ ਇਸ ਨੇ। ਮੈਨੂੰ ਕੋਈ ਫੱਟ ਨਹੀਂ ਵੱਜਾ। ਜਾਣਾ ਹੋਊ ਤੇ ਚਲੇ ਜਾਊਂ ਮੈਂ ਆਪੇ ਡਾਕਟਰ ਕੋਲ। ਜਾਓ ਆਪਣਾ ਆਪਣਾ ਕੰਮ ਕਰੋ।'

ਅੰਕਲ ਜੀ ਬੁੜ ਬੁੜ ਕਰਦੇ ਊਂਧੀ ਜਿਹੀ ਪਾ ਕੇ ਪਰੇ ਚਲੇ ਗਏ। ਮੈਨੂੰ ਉਨ੍ਹਾਂ ਦੀ ਹਾਲਤ ਤੇ ਹਾਸਾ ਆਇਆ। ਕਿੰਨੇ ਚੰਗੇ ਨੇ ਅੰਕਲ ਜੀ। ਅਜੇ ਕੱਲ੍ਹ ਹੀ ਕਹਿੰਦੇ ਸਨ 'ਤੂੰ ਪੁੱਤਰ ਜੀ, ਮੇਰੇ ਨਾਲ ਲਾ ਕੇ ਰੱਖ, ਮੈਂ ਤੇਰਾ ਪੜ੍ਹਾਈ ਦਾ ਸਾਰਾ ਖਰਚਾ ਚੁੱਕ ਲਊਂ।' ਜਿਵੇਂ ਉਨ੍ਹਾਂ ਦਾ ਮਤਲਬ 'ਮੇਰੇ ਨਾਲ ਰਹੇਂ ਗੀ ਤੇ ਐਸ਼ ਕਰੇਂ ਗੀ' ਵਰਗਾ ਕੁਝ ਹੋਵੇ।

ਉਹ ਪਿਛਲੇ ਪੰਦਰਾਂ ਸਾਲਾ ਤੋਂ ਅਮਰੀਕਾ ਵਿਖੇ ਰਹਿੰਦੇ ਹਨ। ਇਸ ਵੇਲੇ ਇਹਨਾਂ ਕੋਲ ਪੰਦਰਾਂ ਟਰੱਕਾਂ ਦੀ ਮਲਕੀਅਤ ਵਿੱਚੋਂ ਸਿਰਫ਼ ਇੱਕ ਬਾਕੀ ਸਾਲਮ ਬਚਿਆ ਹੈ। ਉਨ੍ਹਾਂ ਰਾਤ ਦਿਨ ਇੱਕ ਕਰਕੇ ਦੱਬ ਕੇ ਮਿਹਨਤ ਕੀਤੀ। ਕੈਨੇਡਾ ਤੇ ਮੈਕਸੀਕੋ ਦਾ ਬਾਡਰ ਵਾਹਿਆ। ਚੰਗੀ ਕਮਾਈ ਕੀਤੀ ਤੇ ਚੰਗਾ ਨਾਮਨਾ ਖੱਟਿਆ। ਆਮਦਨ ਵਿੱਚੋਂ ਕਈ ਸਾਲ ਪਿੱਛੇ ਪਿੰਡ ਦੇ ਸਕੂਲ ਤੇ ਧਾਰਮਿਕ ਸਥਾਨਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ ਰਹੇ ਤੇ ਕਈ ਗਰੀਬ ਲੜਕੀਆਂ ਦੀ ਸ਼ਾਦੀ ਮੌਕੇ ਖਰਚਾ ਦੇ ਕੇ ਲੋਕਾਂ ਦੀ ਬੱਲੇ ਬੱਲੇ ਖੱਟੀ। ਕੌਡੇ ਸ਼ਾਹ ਦੇ ਮੇਲੇ ਤੇ ਇਹਨਾਂ ਦੀ ਕਲਗੀ ਸਭ ਤੋਂ ਉੱਚੀ ਰਹਿੰਦੀ ਤੇ ਵਧ ਚੜ੍ਹ ਕੇ ਨੋਟਾਂ ਦਾ ਮੀਂਹ ਵਰ੍ਹਾਉਂਦੇ ਸੋਭਾ ਕਮਾਉਂਦੇ ਰਹੇ। ਸਵੇਰੇ ਸ਼ਾਮ ਪੰਜ ਬਾਣੀਆਂ ਦਾ ਪਾਠ ਕਰਦੇ ਅੰਕਲ ਜੀ ਅੰਤਰਰਾਸ਼ਟਰੀ ਪੱਧਰ ਦੇ ਦਾਨੀ ਅਤੇ ਨਿੱਤਨੇਮੀ ਵਿਅਕਤੀਆਂ ਦੀ ਸੂਚੀ ਵਿੱਚ ਸ਼ੁਮਾਰ ਹੁੰਦੇ ਹਨ।

'ਖੰਡਾ' ਉਨ੍ਹਾਂ ਦੇ ਟਰੱਕਾਂ ਦੇ ਅੱਗੇ ਤੇ ਪਿੱਛੇ ਉੱਕਰਿਆ ਉਨ੍ਹਾਂ ਦੀ ਕੰਪਨੀ ਦੀ ਨਿਵੇਕਲੀ ਪਹਿਚਾਣ ਸੀ ਪਰ ਜਦੋਂ ਦੀ ਇੱਕ ਟਰੱਕ ਵਿੱਚੋਂ ਅਫ਼ੀਮ ਡੋਡੇ ਤੇ ਛੇ ਕਿੱਲੋ ਹੈਰੋਇਨ ਪਕੜੀ ਗਈ, ਉਨ੍ਹਾਂ ਇਹ ਪਹਿਚਾਣ-ਪੱਟੀ ਹਟਵਾ ਦਿੱਤੀ ਹੈ। 'ਮੀਸਣਾ ਜਿਹਾ ਆਪਣਾ ਹੀ ਦੇਸੀ ਡਰਾਈਵਰ ਏਨਾ ਬੇਈਮਾਨ ਨਿਕਲਿਆ ਕਿ ਐਵੇਂ ਲੋਭ ਲਾਲਚ ਥੱਲੇ ਆ ਕੇ ਕਿਸੇ ਦਾ ਮਾਲ ਲੱਦ ਬੈਠਾ ਜੋ ਬਾਦ ਵਿੱਚ ਬੜੀ ਖਤਰਨਾਕ ਡਰੱਗ ਦੇ ਰੂਪ ਵਿੱਚ ਕੈਨੇਡਾ ਬਾਰਡਰ ਤੇ ਫੜਿਆ ਗਿਆ। ਡਰਾਈਵਰ ਨੇ ਸਾਰਾ ਜਿੰਮਾ ਡੇਵਿਡ ਤੇ ਥੋਪ ਦਿੱਤਾ। ਅਚਾਨਕ ਤਲਾਸ਼ੀ ਹੋ ਗਈ। ਡੈਵਿਡ ਦੇ ਕਬਜ਼ੇ ਵਿੱਚੋਂ ਵੀ ਡੇਢ ਮਿਲੀਅਨ ਨਕਦੀ ਰਾਸ਼ੀ ਤੇ ਨਸ਼ੀਲੇ ਕੈਪਸੂਲ ਮਿਲਨ ਤੇ ਨਸ਼ੀਲੇ ਪਦਾਰਥਕ ਧੰਦੇ ਦਾ ਪੁਲਸ ਮੁਕੱਦਮਾ ਪੱਕਾ ਹੋ ਗਿਆ। ਟਰੱਕ ਜ਼ਬਤ ਹੋਏ, ਕੰਪਨੀ ਬਲੈਕ-ਲਿਸਟ ਹੋ ਗਈ ਤੇ ਕਚਹਿਰੀਆਂ ਦੇ ਰਸਤੇ ਪੈ ਕੇ ਤੱਪੜ ਰੋਲ ਗਈ। ਬਿਗਾਨੇ ਦੇਸ਼ ਦੇ ਕਨੂੰਨ ਮੂਹਰੇ ਸਿਫਾਰਿਸ਼ ਤੇ ਧੌਂਸ ਨਹੀਂ ਚੱਲਦੀ। ਜੁਰਮ ਕਰੋ ਗੇ ਸਜ਼ਾ ਤਾਂ ਹੋਵੇ ਗੀ, ਜਰੂਰ ਹੋਵੇ ਗੀ ਭਾਵੇਂ ਕੋਈ ਕਿੰਨਾ ਵੀ ਵੱਡਾ ਅਸਰ ਰਸੂਖ ਵਾਲਾ ਵਿਅਕਤੀ ਕਿਉਂ ਨਾ ਹੋਵੇ। ਘਰ ਦਾ ਬੰਨ੍ਹ ਕਮਾਊ ਪੁੱਤਰ ਦਵਿੰਦਰ ਸਿੰਘ 'ਡੇਵਿਡ'ਅੰਦਰ ਹੋ ਗਿਆ ਜਿਸ ਨੂੰ ਦਸ ਸਾਲ ਕੈਦ ਤੇ ਦੋ ਲੱਖ ਜੁਰਮਾਨਾ ਹੋ ਗਿਆ। ਦੇਣਦਾਰੀਆਂ ਕਿਸ਼ਤਾਂ ਸੂੰਦੀਆਂ ਸੂੰਦੀਆਂ ਆਖਰ ਟੁੱਟ ਗਈਆਂ। ਬੈਂਕਾਂ ਦੇ ਕਰਜ਼ੇ ਦਾ ਖਾਤਾ ਆਫਰ ਗਿਆ। ਕੁਝ ਬੈਂਕ ਕੁਰਕੀ ਕਰ ਕੇ ਲੈ ਗਏ ਕੁਝ ਹੋਰ ਜਾਇਦਾਦ ਵੇਚ ਕੇ ਕਰਜ਼ੇ ਦਾ ਬੋਝਾ ਹਲਕਾ ਕੀਤਾ। 'ਮੰਦੇ ਕੰਮੀਂ ਨਾਨਕਾ ਜਦ ਕਦ ਮੰਦਾ ਹੋਇ।' ਸਮਾਜਿਕ ਨਮੋਸ਼ੀ ਤੇ ਆਰਥਿਕ ਸੱਟਾਂ ਨਾਲ ਡੇਵਿਡ ਦੇ 'ਅੰਕਲ ਜੀ' ਦਾ ਲੱਕ ਟੁੱਟ ਗਿਆ। ਮਾਈਗਰੇਨ ਦੇ ਮਰੀਜ਼ ਬਣ ਗਏ। ਜਿੰਨੀ ਛੇਤੀ ਅਸਮਾਨੀ ਚੜ੍ਹੇ ਉਸ ਤੋਂ ਜਿਆਦਾ ਰਫ਼ਤਾਰ ਨਾਲ ਮੂਧੇ ਮੂੰਹ ਧਰਤੀ ਤੇ ਆਣਿ ਡਿੱਗੇ। ਬੰਦਾ ਜੋੜੇ ਪਲੀ ਪਲੀ ਰੱਬ ਰੁੜ੍ਹਾਏ ਕੁੱਪਾ। ਖੂਹ ਦੀ ਮਿੱਟੀ ਖੂਹ ਨੂੰ ਲੱਗ ਗਈ।' ਜਿਵੇਂ ਭੂਆ ਜੀ ਦੱਸਿਆ ਕਰਦੇ ਹਨ।

ਅਜੇਹੀਆਂ ਸੋਚਾਂ ਦਿਲ ਦਿਮਾਗ ਤੇ ਬਰੂਦ ਵਾਂਗ ਮਾਰੂ ਅਸਰ ਕਰਦੀਆਂ ਹਨ, ਖਾਸ ਕਰਕੇ ਉਸ ਮਿਹਰਬਾਨ ਸੁਹਿਰਦ ਵਿਅਕਤੀ ਬਾਰੇ ਜਿਸ ਨੇ ਤੁਹਾਨੂੰ ਸਹਾਰਾ ਦਿੱਤਾ ਹੋਵੇ। ਦਿਮਾਗ਼ ਫਟਣ ਫਟਣ ਕਰਦਾ ਹੈ। ਮੇਰਾ ਸਿਰ ਟੱਸ ਟੱਸ ਕਰ ਰਿਹਾ ਹੈ ਜਿਵੇਂ ਕਿਸੇ ਅਮਲ ਦੀ ਟੋਟ ਆਈ ਹੋਵੇ। ਗੁਸਲਖ਼ਾਨੇ ਵਿੱਚ ਵੜਦੀ ਹਾਂ। ਪਰਸ ਵਿੱਚੋਂ ਸਿਗਰਟ ਦਾ ਟੋਟਾ ਹੱਥ ਆਉਂਦਾ ਹੈ। ਕੱਢ ਕੇ ਲਗਾਉਣ ਲਗਦੀ ਹਾਂ। ਇਹੀ ਇਲਾਜ ਹੈ ਇਸ ਮਰਜ਼ ਦਾ, ਨਕਾਰਾਤਮਿਕ ਮਾਰੂ ਸੋਚਾਂ ਦਾ, ਸਿਰ ਦਰਦ ਦਾæææ ਜਿਵੇਂ ਲੋਕ ਕਹਿੰਦੇ ਨੇ।

'ਸੂਟਾ ਲਾਓ ਸਵਰਗ ਨੂੰ ਜਾਓ। ਸ਼ਰੀਕ ਵੇਖਦੇ ਰਹਿਣ, ਸੜਦੇ ਰਹਿਣ, ਨਫ਼ਰਤ ਕਰਦੇ ਰਹਿਣæææ ਯਾਰਾਂ ਦੀ ਸਿਹਤ ਤੇ ਕੀ ਫਰਕ!' ਅੰਦਰਲੇ ਸ਼ੈਤਾਨ ਦੀ ਆਵਾਜ਼ ਹੈ।

'ਨਹੀਂ ਨਹੀਂ! ਕਦੇ ਨਹੀਂæææ ਬਿੱਲਕੁੱਲ ਨਹੀਂ। ਪਤਾ ਨਹੀਂ ਕਿਸ ਹਰਾਮ ਦੀ ਕਮਜਾਤ ਨੇ ਤੁੰਨ ਦਿੱਤੀ ਇਹ ਸਿਗਰਟ ਮੇਰੇ ਪਰਸ ਵਿੱਚ। ਮੈਂ ਇਹ ਔਖੀ ਘੜੀ ਨਹੀਂ ਛੂਹੀ ਤੇ ਹੁਣ ਕਿਉਂ ਡਿੱਗਾਂ ਇਸ ਗੰਦੀ ਛਪੜੀ ਵਿੱਚ। ਹੁਣ ਤਾਂ ਮੇਰੀ ਮੰਜ਼ਿਲ ਅੰਤਿਮ ਪੜਾਅ ਤੇ ਹੈ, ਮੈਂ ਉਸ ਨੂੰ ਵੀ ਇਹਨਾਂ ਅਲਾਮਤਾਂ ਤੋਂ ਦੂਰ ਹਟਾ ਦੇਣਾ।' ਤਰੋੜ ਮਰੋੜ ਕੇ ਟਾਇਲੈੱਟ ਸੀਟ ਵਿੱਚ ਸੁੱਟ ਕੇ ਝਰਲਾ ਛੱਡ ਦਿੰਦੀ ਹਾਂ।

ਮੈਂ ਸੋਚਾਂ ਦੇ ਕੰਧੇੜੀ ਚੜ੍ਹ ਕੇ ਪਿਛਲ-ਪੈਰੀਂ ਆਪਣੇ ਪੰਜਾਬ ਮੁੜ ਪੈਂਦੀ ਹਾਂ। ਪਾਪਾ ਜੀ ਏਜੰਟ ਨੂੰ ਪੰਜ ਲੱਖ ਦਾ ਲਿਫਾਫਾ ਫੜਾਉਂਦੇ ਉਸ ਦਾ ਧੰਨਵਾਦ ਕਰ ਰਹੇ ਹਨ, ਜਿਸ ਨੇ ਮੈਨੂੰ ਪੜ੍ਹਾਈ ਵਾਸਤੇ ਆਸਟਰੇਲੀਆ ਭੇਜਣ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਸਨ। ਅਗਲੇ ਹੀ ਦਿਨ ਏਜੰਟ ਭੱਜਾ ਭੱਜਾ ਆਇਆ ਸੀ ਕਿ ਜੇ ਪੰਜ ਲੱਖ ਹੋਰ ਦੇ ਦਿਓ ਤਾਂ ਅਮਰੀਕਾ ਦਾ ਦਾਅ ਲੱਗ ਸਕਦਾ ਹੈ। ਪਿਤਾ ਜੀ ਪਹਿਲਾਂ ਹੀ ਅਮਰੀਕਾ ਭੇਜਣ ਵਾਸਤੇ ਬਜ਼ਿਦ ਸਨ। ਬੜੀਆਂ ਸਿਫਾਰਸ਼ਾਂ ਤੇ ਅਹਿਸਾਨਾਂ ਦੇ ਦਬਦਬਾ ਥੱਲੇ ਦੋ ਲੱਖ ਹੋਰ ਵਿੱਚ ਸੌਦਾ ਤਹਿ ਹੋ ਗਿਆ। ਰੇਖ ਵਿੱਚ ਮੇਖ ਮਾਰ ਕੇ ਏਜੰਟ ਨੇ ਅਮਰੀਕਾ ਜਾਣ ਵਾਲੀ ਇਕ ਸੰਗੀਤ ਮੰਡਲੀ ਵਿੱਚ ਦਾਖਲਾ ਦੁਆ ਕੇ ਪਾਰ ਲੰਘਾ ਦਿੱਤਾ ਸੀ। ਡੈਡੀ ਹੋਰ ਵੀ ਖੁਸ਼ ਹੋਏ ਸਨ ਕਿ ਇੱਥੇ ਉਨ੍ਹਾਂ ਦੇ ਪੁਰਾਣੇ ਪੱਗ-ਵੱਟ ਭਰਾ ਮਹਿੰਗਾ ਸਿੰਘ ਜੋ ਮਿਲਟਰੀ ਵਿੱਚ ਉਨ੍ਹਾਂ ਦੇ ਨੇੜਲੇ ਸਾਥੀ ਸਨ ਤੇ ਉਨ੍ਹਾਂ ਦੀ ਸਾਡੇ ਕੁਨਬੇ ਨਾਲ ਦਾਲ-ਰੋਟੀ ਦੀ ਪੁਰਾਣੀ ਪਰਵਾਰਿਕ ਸਾਂਝ ਸੀ, ਇੱਕ ਦੂਜੇ ਤੋਂ ਜਾਨ ਦਿੰਦੇ ਸਨ, ਉਹ ਵੀ ਇੱਥੇ ਰਹਿੰਦੇ ਹਨ। ਉਨ੍ਹਾਂ ਨੇ ਅੱਗੋਂ ਝੱਲਣ ਤੇ ਸਾਂਭਣ ਸੰਭਾਲਣ ਵਾਸਤੇ ਬੜੀ ਖੁਸ਼ੀ ਖੁਸ਼ੀ ਖਿੜੇ ਮੱਥੇ ਹਾਂ ਕਰ ਦਿੱਤੀ ਸੀ।

'ਬੜਾ ਚੰਗਾ ਹੋਇਆ ਭਾਊ, ਇਸ ਨਾਲ ਤਾਂ ਪੁਰਾਣੀ ਸਾਂਝ ਮੁੜ ਜੀਊਂਦੀ ਹੋ ਜਾਊ। ਤੇਰੀ ਕੀ ਤੇ ਮੇਰੀ ਕੀ? ਇਹ ਵੀ ਤਾਂ ਮੇਰੀ ਹੀ ਧੀ ਹੈ। ਧੰਨ ਭਾਗ। ਛੇਤੀ ਭੇਜ ਦੇਹ। ਕੋਈ ਚੰਗਾ ਜਿਹਾ ਵਰ ਮਿਲ ਜਾਊ ਆਪੇ।' ਟੈਲੀਫੋਨ ਤੇ ਹੀ ਸਾਰੀ ਪੱਕ-ਥੱਥ ਹੋ ਗਈ ਸੀ। ਕਬੂਤਰ ਫੜਨ ਵਿੱਚ ਮਾਹਿਰ ਅੰਕਲ ਜੀ ਨੇ ਅਗਲੇ ਹੀ ਦਿਨ ਵਕੀਲ ਨੂੰ ਮਿਲ ਕੇ ਪਨਾਹ ਲਈ ਦਰਖਾਸਤ ਦੁਆ ਦਿੱਤੀ ਤੇ ਜਲਦੀ ਹੀ ਕਾਲਜ ਦਾਖਲਾ ਮਿਲ ਗਿਆ। ਭਜਨ ਮੰਡਲੀ ਵਾਲੇ ਭੇਟਾਂ ਗਾਉਣ ਲਈ ਮਨਪ੍ਰੀਤ ਨੂੰ ਟੋਲਦੇ ਰੌਲਾ ਪਾਉਂਦੇ ਰਹੇ ਪਰ ਉਨ੍ਹਾਂ ਦੇ ਮੱਥੇ ਫਿਰ ਮੈਂ ਨਹੀਂ ਲੱਗੀ, 'ਚਿੜੀ ਖੰਭ ਛੁਡਾ ਗਈ ਧੇਲੇ ਦਾ ਗੁੜ ਖਾ ਗਈ'।

ਥੋੜੇ ਦਿਨਾਂ ਵਿੱਚ ਅੰਕਲ ਜੀ ਆਪ ਜਾ ਕੇ ਮੈਨੂੰ ਹੋਸਟਲ ਵਿੱਚ ਪਹੁੰਚਾ ਆਏ। ਕਾਲਜ ਘਰੋਂ ਦੂਰ ਸੀ। 'ਬਾਹਰ ਰਹਿ ਕੇ ਪੰਜਾਬੀ ਕੁੜੀਆਂ ਕੀ ਕੀ ਨਰਕ ਭੋਗਦੀਆ ਨੇ।' ਕਹਿ ਕੇ ਉਨ੍ਹਾ ਬੁੱਲ੍ਹ ਝਪੀਟ ਲਏ। ਅੰਕਲ ਜੀ ਬੜੇ ਪਰਉਪਕਾਰੀ ਹਨ। ਜੋ ਵੀ ਗੋਲਾ ਬੀਬਾ ਕਬੂਤਰ ਭਾਰਤ ਤੋਂ ਖਾਸ ਕਰਕੇ ਪੰਜਾਬੋਂ ਉੱਡਦਾ ਹੈ, ਇਹਨਾਂ ਦੀ ਛਤਰੀ ਸੁਰਖਿਅਤ ਸਮਝ ਕੇ ਇਹਨਾਂ ਕੋਲ ਆਣ ਉੱਤਰਦਾ ਹੈ। ਇਹਨਾਂ ਦੇ ਖੇਤ, ਕਾਰਖਾਨੇ ਅਤੇ ਟਰੱਕ ਉਨ੍ਹਾਂ ਨੂੰ ਸਮਾਉਣ ਲਈ ਕਾਫੀ ਸਨ ਜਿੱਥੇ ਖਾਣਾ ਦਾਣਾ ਵੀ ਮਿਲਦਾ ਤੇ ਰੁਜ਼ਗਾਰ ਵੀ ਸੌਖਾ ਮਿਲ ਜਾਂਦਾ ਸੀ। ਇਹਨਾਂ ਨੂੰ ਸਸਤੇ ਤੇ ਲੋੜਵੰਦ ਕਾਮੇ ਮਿਲ ਜਾਂਦੇ ਸਨ। ਇਹਨਾਂ ਦੇ ਉਦਮ ਸਦਕਾ ਭਾਰਤ ਤੋਂ ਆਉਂਦੇ ਅਮੀਰ ਵਜੀਰ ਤੇ ਅਫਸਰ ਵੀ ਇੱਥੇ ਹੀ ਉਤਾਰਾ ਕਰਦੇ, ਇਹਨਾਂ ਕੋਲ ਹੀ ਤਫ਼ਰੀਹ ਕਰਦੇ ਸਨ। ਅੰਕਲ ਜੀ ਆਪਣੇ ਅਸਰ ਰਸੂਖ ਨਾਲ ਮਹਿਮਾਨ ਦੇ ਬਹਾਨੇ ਇਕੱਠ ਕਰਕੇ ਫੰਡ-ਰੇਜ਼ਿੰਗ ਦੇ ਚੋਖੇ ਡਾਲਰ ਇਕੱਠੇ ਕਰ ਲੈਂਦੇ। ਇਹਨਾਂ ਨੂੰ ਮਹਿਮਾਨ-ਨਿਵਾਜ਼ੀ ਦਾ ਚੋਖਾ ਠਰਕ ਹੈ। ਠਹਿਰਾਉ ਸਮੇਂ ਰੱਜ ਕੇ ਸੇਵਾ ਕਰਦੇ ਤੇ ਤੁਰਨ ਲੱਗੇ ਦੰਦ-ਘਸਾਈ ਅਤੇ ਰਸਤੇ ਦਾ ਭਾੜਾ ਕਿਰਾਇਆ ਵੀ ਮੁੱਠੀ ਵਿੱਚ ਦੇ ਦਿੰਦੇ। ਸ਼ਾਇਦ ਏਸੇ ਕਰਕੇ ਹੀ ਇਹਨਾਂ ਦਾ ਨਾਮ 'ਅੰਕਲ ਜੀ' ਪੈ ਗਿਆ।

ਕਾਲਜ ਦੇ ਪਹਿਲੇ ਦਿਨ ਨਵੇਂ ਮਹਿਮਾਨ ਵਿਦਿਆਰਥੀਆਂ ਦੀ ਪਹਿਲੀ ਮੁਲਾਕਾਤ ਮਿਲਨੀ ਹੋਈ। ਕਾਲਜ ਦੀ ਵਿਦੇਸ਼ੀ ਵਿਦਿਆਰਥੀ ਕਮੇਟੀ ਵੱਲੋਂ ਨਵੇਂ ਆਏ ਸਿਖਿਆਰਥੀਆਂ ਦੀ ਆਮਦ ਵਿੱਚ 'ਜੀ ਆਇਆਂ'  ਜਾਣਕਾਰੀ ਤੇ ਉਨ੍ਹਾਂ ਦੇ ਦੁਵੱਲੀ ਸਾਂਝ ਪਵਾਉਣ ਦਾ ਇਕ ਉਪਰਾਲਾ, ਸਮਾਰੋਹ ਆਯੋਜਨ ਕੀਤਾ ਗਿਆ। ਦੋ ਚਾਰ ਦਿਨ ਦੀ ਇੰਤਜ਼ਾਰ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਪੜ੍ਹਾਕੂ, ਸਾਰੇ ਸਹਿਪਾਠੀ ਪੂਰੇ ਇਕੱਠੇ ਹੋ ਗਏ। ਰੈਗਿੰਗ ਤੋਂ ਮੈਂ ਬਹੁਤ ਚਾਲੂ ਸਾਂ, ਤੇ ਇਸ ਬਿਗਾਨੇ ਦੇਸ਼ ਵਿੱਚ ਪਤਾ ਨਹੀਂ ਕਿਵੇਂ ਸਿੱਝਣਾ ਪਊ, ਮੇਰਾ ਮਨ ਕੁਤਰਾ ਕੁਤਰਾ ਹੋ ਰਿਹਾ ਸੀ। ਪਾਕ, ਚੀਨ, ਫਿਜ਼ੀ, ਮਲੇਸ਼ੀਆ, ਈਰਾਨ, ਇਰਾਕ, ਅਫ਼ਗਾਨ, ਵੀਤਨਾਮ ਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿਦਿਆਰਥੀ ਕਲਾਸ ਵਿੱਚ ਤਰ੍ਹਾਂ ਤਰ੍ਹਾਂ ਦੇ ਕੌਤਕ, ਨਿਵੇਕਲੀਆਂ ਅਦਾਵਾਂ, ਲਿਬਾਸ, ਨਵੇਂ ਨਵੇਂ ਫੈਸ਼ਨ, ਨਵੇਂ ਨਵੇਂ ਸੂਟ ਪਾਈ ਹੁਸਨਾਂ ਦੇ ਜਲੌ ਦਿਖਾਉਂਦੇ ਕੌਲ-ਇਕਰਾਰ ਕਰਦੇ ਇਕ ਦੂਸਰੇ ਦਾ ਘਰ ਟਿਕਾਣਾ ਫੋਨ ਨੰਬਰ, ਈ-ਮੇਲ ਪੁੱਛਦੇ ਡਾਇਰੀਆਂ ਨੂੰ ਸ਼ਿੰਗਾਰ ਰਹੇ ਸਨ।

ਹਰੇ ਹਰੇ ਪਹਾੜਾਂ ਦੀ ਢਲਾਣ ਵਿੱਚ ਵਾਕਿਆ ਇਕ ਵੱਡਾ ਸਾਰਾ ਛੰਭ ਪਿਕਨਿਕ ਮੁਕਾਮ ਸੀ।  ਪਹਾੜਾਂ ਤੋਂ ਡਿੱਗਦਾ ਸੰਗੀਤ ਉਪਜਾਉਂਦਾ ਚਾਂਦੀ ਰੰਗੇ ਪਾਣੀ ਦਾ ਝਰਨਾ, ਕਲੋਲਾਂ ਕਰਦੇ ਸਾਰਸ ਜੋੜੇ, ਕੂੰਜਾਂ ਮੁਰਗਾਬੀਆਂ ਦੀਆਂ ਡਾਰਾਂ, ਕੁਦਰਤੀ ਹੁਸਨਾਂ ਭਰਪੂਰ ਟਹਿਕਦੀ ਬਨਸਪਤੀ, ਛੋਟੇ ਵੱਡੇ ਪੰਛੀਆਂ ਦਾ ਸਹਿਗਾਣ, ਫੁੱਲਾਂ ਨਾਲ ਲੱਦੇ ਬਗੀਚਿਆਂ ਵਿੱਚ ਟਹਿਲਦੇ ਤਿਤਲੀਆਂ ਤੇ ਭੋਰਿਆਂ ਦੀ ਰੋਮਾਂਟਿਕ ਲੁਕਣ-ਮੀਟੀ ਠਰੀਆਂ ਹਵਾਵਾਂ ਨੂੰ ਕੋਸੇ ਮਸਤਾਨੇ ਰੰਗ ਚੜ੍ਹਾ ਰਹੀਆਂ ਸਨ। ਤ੍ਰੇਲ ਭਿੱਜੇ ਫੁੱਲਾਂ ਉੱਤੇ ਮੰਡਲਾਉਂਦੀਆਂ ਭਿੰਨ-ਭਿਣਾਉਂਦੀਆਂ ਸ਼ਹਿਦ ਮੱਖੀਆਂ, ਬੱਦਲਾਂ ਰੱਤੀ ਸੁਹਾਵਣੀ ਰੰਗੀਨੀ ਰੁੱਤ ਦਾ ਅਲੌਕਿਕ ਨਜ਼ਾਰਾ, ਸਾਰਾ ਚੌਗਿਰਦਾ ਹੀ ਸੈਕਸੀ ਰੰਗਾਂ ਵਿੱਚ ਰੰਗਿਆ ਜਾ ਰਿਹਾ ਸੀ। ਪਾਰਕ ਵਿੱਚ ਡੱਠੇ ਬੈਂਚਾਂ ਉੱਤੇ ਠੰਢਾ ਗਰਮ ਖਾਣ-ਪੀਣ ਦਾ ਸਮਾਨ ਤੇ ਨਾਸ਼ਤਾ ਤਿਆਰ ਸਜ ਗਿਆ ਸੀ। ਵੀਹ ਡਾਲਰ ਪ੍ਰਤੀ ਘੰਟੇ ਵਿੱਚ ਲਿਆਂਦਾ ਰਸੋਈਆ ਅੰਗੀਠੀ ਦੀਆਂ ਸਲਾਖਾਂ ਬਾਰ ਬੀ ਕਿਊ ਤੇ ਮਾਸ ਦੇ ਟੋਟੇ ਭੁੰਨੀਂ ਜਾ ਰਿਹਾ ਸੀ।

ਸਾਰਿਆਂ ਨੇ ਵਾਰੀ ਵਾਰੀ ਆਪਣੀ ਸ਼ਖਸੀਅਤ ਦਾ ਮੁਜ਼ਾਹਰਾ ਕੀਤਾ। ਹਰ ਕੋਈ ਮੋਢੇ ਉੱਚੇ ਕਰ ਹੁੱਬ ਹੁੱਬ ਆਪਣੀ ਪੈਂਠ ਬਣਾਉਣ ਦੀ ਤਾਕ ਵਿੱਚ ਵਧਾ ਚੜ੍ਹਾ ਕੇ ਸੁਣਾ ਰਿਹਾ ਸੀ। ਮੇਰਾ ਨੰਬਰ ਆਉਣ ਤੇ ਮੈਂ 'ਮਨਪ੍ਰੀਤ ਕੌਰ ਇੰਡੀਆ' ਕਹਿ ਕੇ ਬੈਠ ਗਈ। 'ਆਸਿਫ ਉਡਾਰੂ' ਨਾਮ ਦੇ ਇੱਕ ਮੁੰਡੇ ਨੇ ਉੱਠ ਕੇ ਹਵਾ ਵਿੱਚ ਬਾਂਹਾਂ ਉਲਾਰਦੇ 'ਚੱਕ ਲੈ ਇੰਡੀਆ' ਜੈਕਾਰਾ ਛੱਡ ਕੇ ਤਾੜੀਆਂ ਦਾ ਆਗਾਜ਼ ਕਰਾ ਦਿੱਤਾ। ਮੈਂ ਸੋਚ ਹੀ ਰਹੀ ਸੀ ਕਿ ਇਸ ਅਨਾੜੀ ਨੂੰ ਸਮਝਾਵਾਂ ਕਿ ਇਹ 'ਚੱਕ ਲੈ ਇੰਡੀਆ' ਨਹੀਂ ਸਗੋਂ 'ਚੱਕ ਦੇਹ ਇੰਡੀਆ' ਹੈ ਕਿ ਸਫ਼ੈਦ ਪੱਟੀਆਂ ਵਿੱਚ ਢੱਕੀਆਂ ਕਾਲੇ ਬੁਰਕੇ ਵਾਲੀਆ ਦੋ ਕੁੜੀਆਂ 'ਐਰਿਕਾ ਈਰਾਨੀ' ਤੇ 'ਨਦੀਮਾ ਅਫ਼ਗ਼ਾਨ' ਦੀਆਂ ਸੰਜੀਦਾ ਸ਼ਰਮਾਕਲ ਭੂਮਿਕਾਵਾਂ ਨੇ ਮੇਰਾ ਮਨੋਵੇਗ ਮੋੜ ਦਿੱਤਾ। ਉਨ੍ਹਾਂ ਨੂੰ ਵੇਖ ਸੁਣ ਕੇ ਸਾਰੀ ਸਭਾ ਵਿੱਚ ਅਚੰਭਾ ਜਿਹਾ ਛਾ ਗਿਆ।

'ਆਹਾ! ਕਹੇ ਸੁੰਦਰ ਪੰਛੀਆਂ ਦੀ ਆਵਾਜ਼ ਹੈ ਇਹ æææ ਇੱਕ ਘੁੱਗੀ ਤੇ ਇੱਕ ਬੁਲਬੁਲ।' ਟਿੱਪਣੀ ਨੇ ਹਾਸੇ ਤੇ ਤਾੜੀਆਂ ਦੀ ਫੁਹਾਰ ਖਿੰਡਾ ਦਿੱਤੀ। ਇਕ ਮਨਚਲਾ ਜਿਹਾ ਸ਼ਰਾਰਤੀ ਮਾਈਕ ਫੜ੍ਹ ਕੇ ਉੱਠ ਖਲੋਇਆ। ਉਸ ਦੀਆਂ ਅੱਖਾਂ 'ਚੋਂ ਸ਼ਰਾਰਤ ਟਪਕ ਰਹੀ ਸੀ। 'ਤੁਹਾਨੂੰ ਥੋੜੀ ਦੇਰ ਬਾਦ ਇਕ ਬਹੁਤ ਹੀ ਰੋਮਾਂਟਿਕ 'ਬੇਖ਼ਬਰੀ ਅਚੰਭਾ' ਦਿਖਾਇਆ ਜਾਏ ਗਾ।' ਸਾਰੇ ਉਤਸੁਕਤਾ ਨਾਲ ਬਿਟਰ ਬਿਟਰ ਝਾਕਣ ਲੱਗੇ। ਮੈਂ ਸੋਚਿਆ ਜਰੂਰ ਕੋਈ ਰੈਗਿੰਗ ਸ਼ੋਅ ਹੋਣ ਜਾ ਰਿਹਾ ਹੈ, ਪਤਾ ਨਹੀ ਕਿਸ ਤੇ ਨੌਂਗਾ ਡਿੱਗੇ ਗਾ। ਮੈਂ ਡਰਦੀ ਡਰਦੀ ਕਿਸੇ ਵੀ ਭਿਆਨਕ ਪਲ ਦੀ ਇੰਤਜ਼ਾਰ ਕਰਨ ਲੱਗੀ।

'ਸਾਡੇ ਦਰਮਿਆਨ ਦੋ ਨਵੀਆਂ ਬਹੂਆਂ ਆਈਆ ਨੇ, ਇਹਨਾਂ ਦੀ ਘੁੰਡ-ਚੁਕਾਈ ਦੀ ਰਸਮ ਵੀ ਹੁਣੇ ਕੀਤੀ ਜਾਏ ਗੀ।æææ ਤੇ ਫਿਰ ਉਸ ਤੋਂ ਬਾਦ ਉਹ ਇਸ ਨਵੇਂ ਪਹਿਰਾਵੇ, ਨਵੇਂ ਮਹੌਲ ਵਿੱਚ ਇਹਨਾਂ ਦੇ ਨਾਲ ਮੁਕਾਬਲਾ ਕਰਨ ਗੀਆਂ।' ਨੇੜੇ ਹੀ ਢਾਬ ਕੰਢੇ ਰੇਤ ਤੇ ਲੇਟਾਂ ਮਾਰਦੀਆਂ ਅਧਨੰਗੀਆਂ ਜੋੜੀਆਂ ਵੱਲ ਉਸ ਨੇ ਬਾਂਹ ਉਲਾਰੀ।

'ਲੈ ਲਾ ਪੈ ਗਿਆ ਸਿਆਪਾ, ਨਵੀਂ ਭਸੂੜੀ!' ਮੇਰੇ ਮੂੰਹੋਂ ਆਪ ਮੁਹਾਰੇ ਕਿਰ ਗਿਆ। ਹੁਣੇ ਇਹ ਜਸ਼ਨ ਮੁਤੱਸਬੀ ਦੰਗਿਆਂ ਦੀ ਸ਼ਕਲ ਅਖਤਿਆਰ ਕਰ ਲਏ ਗਾ। ਜਿੰਦਾਬਾਦ ਮੁਰਦਾਬਾਦ ਨਾਹਰੇ ਲੱਗਣ ਗੇ। ਕਿਸੇ ਦੇ ਧਰਮ ਸਭਿਅਤਾ ਨੂੰ ਖ਼ਤਰੇ ਦੀ ਘੰਟੀ ਵੱਜ ਜਾਏ ਗੀ। ਗੱਡੀਆਂ ਬੱਸਾਂ ਰੇਲਾਂ ਬਸਤੀਆਂ ਦੀ ਸਾੜ ਫੂਕ ਹੋਵੇ ਗੀ। ਧਮਾਕੇ ਹੋਣ ਗੇ। ਪੁਲਸ ਮੁਕਾਬਲੇ ਹੋਣ ਗੇ ਝੂਠੇ ਜਾਂ ਸੱਚੇ।' ਸਭਿਅਤਾ ਤੇ ਧਾਰਮਿਕ ਜਨੂਨ ਵਿੱਚ ਸੜਦੀ ਪਿਸਦੀ ਲੋਕਾਈ ਮੇਰੇ ਜਿਹਨ 'ਚੋਂ ਉੱਭਰ ਆਈ।

ਸੰਜੀਦਾ ਜਿਹੀ ਘੁਸਰ-ਮੁਸਰ ਵੇਖ ਕੇ ਪ੍ਰੋਫੈਸਰ ਇਨਚਾਰਜ ਵਿਚਕਾਰ ਆ ਖੜ੍ਹੀ ਹੋਈ। ਗੁੰਦੇ ਕੱਸੇ ਬਦਨ ਵਾਲੀ ਸਾਢੇ ਚਾਰ ਫੁੱਟੀ ਚੀਨਣ ਨੇ ਰਸ-ਭਿੰਨੀ ਬੋਲੀ ਵਿੱਚ ਇਸ ਵਿਸ਼ੇ ਦਾ ਵਿਰੋਧ ਪ੍ਰਗਟਾਉਂਦੇ ਸੰਗੀਨ ਹੋ ਰਹੇ ਮਹੌਲ ਵਿੱਚ ਨਰਮਾਈ ਵਰਤਾ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ।

'ਮੈਂ ਸਭ ਦੇਸੀ ਵਿਦੇਸ਼ੀ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੀ ਧੰਨਵਾਦ ਕਰਦੀ ਹਾਂ। ਨਾਲ ਹੀ ਇਕ ਪਹਿਲੀ ਗੁੜ੍ਹਤੀ ਦੇਣੀ ਚਾਹਾਂ ਗੀ ਕਿ ਅੱਜ ਤੋਂ ਬਾਦ ਕੋਈ ਵੀ ਵਿਅਕਤੀ ਆਪਣੇ ਨਾਮ ਦੇ ਪਿੱਛੇ ਦੇਸ਼ ਕੌਮ ਜਾਂ ਕੋਈ ਹੋਰ ਉਪਨਾਮ ਜਿਸ ਤੋਂ ਨਸਲ ਮਜ਼ਹਬ ਦੇਸ਼ ਦੀ ਪਹਿਚਾਣ ਹੋ ਸਕੇ ਲਗਾਉਣ ਤੋਂ ਸੰਕੋਚ ਕਰਨਾ ਹੈ। ਮੈਂ ਤੁਹਾਡੇ ਸਹਿਪਾਠੀਆਂ ਦੇ ਦਰਮਿਆਨ ਹੋਰ ਰੋੜਾ ਤਾਂ ਨਹੀਂ ਬਣਨਾ ਪਰ ਇੱਕ ਨੇਕ ਮਸ਼ਵਰਾ ਜਰੂਰ ਦੇਣਾ ਹੈæææ। ਦੋਸਤੋ! ਤੁਸੀਂ ਜਾਣਦੇ ਹੀ ਹੋ ਕਿ ਉਹਲੇ ਵਾਲੇ ਗੁਪਤ ਖਜਾਨੇ ਵੱਲ ਸਭ ਦਾ ਖਾਸ ਕਰਕੇ ਮਾੜੀ ਨੀਯਤ ਵਾਲੇ ਚੋਰਾਂ ਦਾ ਧਿਆਨ ਕੇਂਦਰਤ ਹੋਣਾ ਸੁਭਾਵਿਕ ਹੈ। ਮੈਂ ਕਿਸੇ ਦੇ ਜਾਤੀ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹਾਂ ਗੀ, ਪਰ ਕਿਸੇ ਹੁੱਲੜ ਹਜੂਮ ਨੂੰ ਬੇਲੋੜੀ ਗੁਸਤਾਖ਼ੀ ਦੀ ਜੁਰਅਤ ਨਾ ਕਰਨੀ ਪਵੇ, ਤੁਸੀਂ ਆਪ ਹੀ ਆਪਣਾ ਬੁਰਾ ਭਲਾ ਸੋਚਣਾ ਹੈ।'

'ਅਕਲਮੰਦ ਨੂੰ ਸੰਕੇਤਕ ਇਸ਼ਾਰੇ' ਸਮਝ ਕੇ ਦੋਵਾਂ ਮੁਟਿਆਰਾਂ ਨੇ ਝਬਦੇ ਹੀ ਬੁਰਕੇ ਲਾਹ ਮਾਰੇ। ਗੋਰੇ ਨਿਛੋਹ ਚੰਦ ਜਿਹੇ ਮੁਖੜੇ, ਹਿਰਨੀਆਂ ਜਿਹੇ ਮਿਰਗ ਨੈਣ, ਦਰਸ਼ਕਾਂ ਨੂੰ ਜਿਵੇਂ ਕਤਲ ਹੀ ਕਰ ਗਏ ਹੋਣ, ਹਨੇਰੇ ਵਿੱਚ ਜਿਵੇਂ ਬੱਤੀਆਂ ਜਗ ਪਈਆਂ, ਤਾੜੀਆਂ ਨਾਲ ਸਾਰਾ ਚੌਗਿਰਦਾ ਗੂੰਜ ਉੱਠਿਆ।

ਦੂਸਰੀ ਬਗੀਚੀ ਵਿੱਚ ਬਾਰਾਂ ਨੰਬਰ ਬੈਚ ਦੇ ਸੀਨੀਅਰ ਵਿਦਿਆਰਥੀ ਆਪਣੀ ਮਸਤੀ ਵਿੱਚ ਝੂਮ ਰਹੇ ਸਨ। ਕੋਈ ਕਿਸੇ ਦੇ ਕੇਸਾਂ ਵਿੱਚ ਫੁੱਲ ਟੰਗ ਰਿਹਾ ਸੀ, ਕੋਈ ਕਿਸੇ ਦੇ ਚੀਰ ਵਿੱਚ ਬੁੱਲ੍ਹੀਆਂ ਟਿਕਾਈ ਚੁੰਮੀਆਂ ਬੀਜ ਰਿਹਾ ਸੀ। ਉਨ੍ਹਾਂ ਨੂੰ ਵੇਖ ਕੇ ਮੈਂ ਹੋਰ ਵੀ ਦੰਗ ਰਹਿ ਗਈ। ਪਤਾ ਨਹੀਂ ਇਹ ਪੜ੍ਹਾਕੂ ਪੜ੍ਹਾਕੀਆਂ ਸਨ ਜਾਂ ਕਿਸੇ ਸਿਵੇ ਦੀਆਂ ਭੂਤਨੀਆਂ। ਅਧਨੰਗੀਆਂ, ਟਾਪਸ, ਜਾਂਘੀਏ, ਚੱਡੀਆਂ, ਬਨੈਣਾਂ ਵਿੱਚ ਆਪਣਾ ਪੂਰਾ ਜਲੂਸ ਕੱਢਦੀਆਂ ਵਿਓਂ ਦ੍ਰਿਸ਼ਟੀਮਾਨ ਕਰ ਰਹੀਆਂ ਸਨ। ਸਿਗਰਟਾਂ ਦੇ ਸੂਟ੍ਹੇ ਭਰਦੀਆਂ ਆਪਣੇ ਮਨਪਸੰਦ ਸਾਥੀਆਂ ਨਾਲ ਜੋੜੀਆਂ ਬਣਾਈ ਬਾਂਹਾਂ 'ਚ ਬਾਂਹਾਂ ਪਾਈ ਮਟਰ-ਗਸ਼ਤੀ ਕਰ ਰਹੀਆਂ ਸਨ। ਵਾਈਨ ਬੀਅਰ ਦੀਆਂ ਖਾਲੀ ਬੋਤਲਾਂ ਖਿੱਲਰੀਆਂ ਪਈਆ ਮੁਸ਼ਕ ਖਿਲਾਰ ਰਹੀਆਂ ਸਨ। ਮੁੰਡੇ ਕੁੜੀਆਂ ਦੇ ਪਹਿਰਾਵੇ ਤੇ ਚਾਲ ਢਾਲ ਵਿੱਚ ਕੋਈ ਫਰਕ ਨਹੀਂ। ਨਾਲ ਹੀ ਇਸ ਰੋਮਾਂਟਿਕ ਚੌਗਿਰਦੇ ਤੋਂ ਬੇਖ਼ਬਰ ਕੁਝ ਮੋਟੇ ਪਤਲੇ ਔਰਤਾਂ ਮਰਦ ਨੰਗੇ ਪੱਟ ਡੌਲ਼ੇ ਲਿਸ਼ਕਾਉਂਦੇ ਸਿਹਤ ਦੇ ਵਣਜਾਰੇ ਵੀ ਯੋਗਾ ਕਰਦੇ, ਡੰਡ ਬੈਠਕਾਂ ਮਾਰਦੇ, ਜੋਗਿੰਗ ਕਰਦੇ ਟਪੂਸੀਆਂ ਮਾਰ ਰਹੇ ਸਨ।
      ਕਿਸੇ ਗਰੀਬ ਦੇਸ਼ ਦੇ ਵਿਅਕਤੀ ਵਾਸਤੇ ਅਮਰੀਕਾ ਦੀ ਧਰਤੀ ਤੇ ਪੈਰ ਰੱਖਣਾ ਹੀ ਗਨੀਮਤ ਸਮਝੀ ਜਾਦੀ ਹੈ ਪਰ ਇਹ ਭਰਮਾਊ ਤੇ ਵਰਗਲਾਊ ਦ੍ਰਿਸ਼ ਵੇਖ ਕੇ ਤਾਂ ਕਿਸੇ ਵੱਡੇ ਤੋਂ ਵੱਡੇ  ਫੰਨੇ ਖ਼ਾਂ ਧਨਾਢ ਦਾ ਵੀ ਮਨ ਪਸੀਜ ਕੇ ਡੋਲ ਜਾਂਦਾ ਹੈ ਤੇ ਇੱਥੇ ਅਟਕਣ ਲਈ ਬੇਈਮਾਨ ਹੋ ਜਾਂਦਾ ਹੈ। ਕਹਿੰਦੇ ਕਹਾਉਂਦੇ ਅਮੀਰ ਵਜੀਰ ਮੁਰੱਬਿਆਂ ਵਾਲੇ ਇੱਥੇ ਆ ਕੇ ਕਿਉਂ ਮੰਜੀ ਡਾਹ ਬੈਠਦੇ ਹਨ, ਮੈਨੂੰ ਹੁਣੇ ਸੋਝੀ ਹੋਈ ਹੈ, ਭਾਵੇਂ ਮੈਨੂੰ ਇਹ ਵੀ ਪਤਾ ਹੈ ਕਿ 'ਸਭ ਜੋ ਚਮਕਦਾ ਹੈ ਉਹ ਸੋਨਾ ਨਹੀਂ ਹੁੰਦਾ'।

ਉਸ ਸਾਰੀ ਰਾਤ ਮੈਨੂੰ ਅਜੇਹੇ ਅਣਹੋਏ ਭਿਆਨਕ ਸੁਪਨੇ ਆਉਂਦੇ ਰਹੇ। ਇੱਕ ਵੱਡਾ ਸਾਰਾ ਫਰ੍ਹਾਂ ਦਾ ਦਰਖਤ, ਉਸ ਨੂੰ ਕਾਹਲੀ ਕਾਹਲੀ ਕੱਟਦੇ ਤੇ ਮੋਛੇ ਬਣਾਉਂਦੇ ਲੱਕੜਹਾਰੇ æææ ਬਚਿਆ ਰੁੰਡ-ਮਰੁੰਡ ਮੁੱਢ, ਪਾਸੇ ਖੜ੍ਹੇ ਸਾਰੇ ਵਿਦਿਆਰਥੀ ਹੱਥਾਂ ਵਿੱਚ ਆਪਣੇ ਆਪਣੇ ਫੁੱਲ ਗੁਲਦਸਤੇ ਲਈ ਖੜ੍ਹੇ ਹਨ। ਪ੍ਰੋਫੈਸਰ ਦਾ ਬਣਾਇਆ ਹਵਨ-ਕੁੰਡ, ਫੂਕਾਂ ਮਾਰਦਾ ਅਧਿਆਪਕ æææ ਚੁਫੇਰੇ 'ਸੰਗੀਤ ਦੌੜ੍ਹ' ਪਰਕਰਮਾ ਕਰਨ ਦੀ ਹਦਾਇਤ ਕਰਦਾ ਹੈ। ਚੱਲ ਰਹੇ ਸੰਗੀਤ ਦੀ ਧੁਨ ਬੰਦ ਹੋਣ ਤੇ ਉਥੇ ਹੀ ਖਲੋ ਜਾਣਾ ਹੈ ਤੇ ਆਪਣਾ ਪੌਦਾ ਜੜ ਦੇਣਾ ਹੈ। ਡਰਿਲ, ਚਾਕੂ, ਕਰਦ ਨਾਲ ਖੱਪਾ ਮਾਰ ਕੇ ਆਪਣੇ ਆਪਣੇ ਪੌਦੇ ਵਿੱਚ ਟਿਕਾ ਦਿੰਦੇ ਹਨ। ਕਚਨਾਰ ਦੀਆਂ ਕਲਮਾਂ, ਦਾਖਾਂ ਦੀਆਂ, ਚੰਬਾ, ਗੁਲਾਬ ਦੀਆਂ ਤੇ ਹੋਰ ਵੱਖੋ ਵੱਖ ਆਪਣੀ ਮਰਜ਼ੀ ਦੀਆ ਕਲਮਾਂ, ਨਰਸਰੀ ਵਿੱਚੋਂ ਲਿਆਂਦੀਆਂ ਹਨ। 'ਲੋੜੇ ਦਾਖ ਬਿਜਉਰੀਆਂ ਕਿੱਕਰ ਬੀਜੇ ਜੱਟ' ਆਪ ਮੁਹਾਰੇ ਮੇਰੇ ਮੂੰਹੋਂ ਨਿਕਲ ਜਾਂਦਾ ਹੈ। ਪ੍ਰੋਫੈਸਰ ਦੱਸਦਾ ਹੈ ਕਿ ਹੁਣ ਇਸ ਪਿਓਂਦ ਵਿੱਚੋਂ ਸਰਵ-ਸਾਂਝੀ ਪਨੀਰੀ ਤਿਆਰ ਹੋਣ ਜਾ ਰਹੀ ਹੈ ਜਿਸ ਵਿੱਚੋਂ ਤੁਹਾਡਾ ਆਪਣਾ-ਪਨ ਗਾਇਬ ਹੋ ਜਾਏ ਗਾ ਤੇ ਜਦ ਇਹ ਕਰੂੰਬਲਾਂ ਫੁੱਟੀਆਂ ਤੁਸੀਂ ਆਪਣਾ ਪੌਦਾ ਪਹਿਚਾਣ ਨਹੀਂ ਸਕੋ ਗੇ।

ਇਕ ਗਾੜਾ ਧੂੰਆਂ ਉੱਠਦਾ ਹੈ ਤੇ ਫਿਰ ਗਾਇਬ ਹੋ ਜਾਂਦਾ ਹੈ। ਸਾਰੇ ਪੌਦੇ ਕਲਮਾਂ ਗਾਇਬ ਹਨ ਤੇ ਇਕ ਨਵੀਂ ਸਵੇਰ ਜਿਹਾ ਛੋਟਾ ਜਿਹਾ ਬੂਟਾ ਪਿਆਰ ਦੀਆਂ ਮੁਸਕਾਨਾਂ ਵੰਡਦਾ ਖਿੜ ਰਿਹਾ ਹੈ। ਇੱਕੋ ਪੌਦੇ ਵਿੱਚੋਂ ਅੱਡੋ-ਅੱਡ ਟਾਹਣੀਆਂ ਤੇ ਭਿੰਨ ਭਿੰਨ ਰੰਗਾਂ ਕਿਸਮਾਂ ਦੇ ਫੁੱਲ ਨਿਕਲਦੇ ਹਨ। ਧੂੰਏਂ ਵਿੱਚੋਂ ਇੱਕ ਸ਼ਕਲ ਉੱਭਰਦੀ ਹੈæææ ਮੇਰੀ ਜਾਣੀ ਪਛਾਣੀ ਸੂਰਤ। ਉਸ ਦੇ ਨਾਲ ਕਾਲ-ਕਲੂਟਾ ਛੋਟਾ ਬਲੂੰਗਾ ਰੋਣ ਦੀ ਆਵਾਜ਼ ਕੱਢਦਾ ਉਜਾਗਰ ਹੁੰਦਾ ਹੈ। ਉਹ ਪੌਦੇ ਨੂੰ ਫੁਹਾਰੇ ਨਾਲ ਪਾਣੀ ਦੇਣ ਲਗਦੀ ਹੈ। ਇਕ ਟਾਹਣੀ ਵੱਡਾ ਸਾਰਾ ਬੋਹੜ ਬਣ ਉੱਭਰਦੀ ਹੈ। ਸਾਰੇ ਦਰਸ਼ਕ ਤਾੜੀਆਂ ਮਾਰਦੇ ਪਰਾਧਿਆਪਕ ਦੀ ਜਾਦੂਗਰੀ ਤੇ ਵਾਹ ਵਾਹ ਕਰ ਉੱਠਦੇ ਹਨ। ਮੀਂਹ ਵਰ੍ਹਨ ਲਗਦਾ ਹੈ। ਉਹ ਬੋਹੜ ਦੀ ਓਟ ਵੱਲ ਰੁਖ ਕਰਦੇ ਹਨ। ਪੱਤਿਆਂ ਵਿਚੋਂ ਖੂਨ ਰੰਗੇ ਬੁੱਲ੍ਹਾਂ ਵਾਲਾ ਬਣ-ਮਾਣਸ ਆਪਣੇ ਲੰਮੀਆਂ ਲੰਮੀਆਂ ਨਹੁੰਦਰਾਂ ਵਾਲੇ ਹੱਥ ਆਸਵੰਦਾਂ ਦੇ ਗਲੇ ਵੱਲ ਤਾਣਦਾ ਹੈ। ਸਾਰੇ ਡਰ ਕੇ ਛੂਟ ਵੱਟਦੇ ਖਿੱਲਰ ਪੁੱਲਰ ਜਾਂਦੇ ਨੇ। ਬਿੱਲੀ, ਉਸ ਦੇ ਬਲੂੰਗੇ ਦੀ ਨਹਿਸ਼ ਰੋਂਦੀ ਕੁਰਲਾਟ ਅਤੇ ਦਰਿੰਦੇ ਦੀ ਝਪਟ ਸਾਰੀ ਰਾਤ ਮੈਨੂੰ ਤਰ੍ਹਾਂ ਤਰ੍ਹਾਂ ਦੇ ਵਹਿਮ ਭਰਮਾਂ ਵਿੱਚ ਭਟਕਾਉਂਦੀ ਰਹੀ। ਬਿੱਲੀ ਕੁੱਤੇ ਦਾ ਰੋਣਾ ਭਿਆਨਕ ਬਦਸਗਨੀ ਸਮਝੀ ਜਾਦੀ ਹੈ ਤੇ ਨਾਲ ਇਹ ਜਾਨਵਰ ਦੇ ਪੰਜੇ! ਉਸ ਤੋਂ ਵੀ ਹੋਰ ਜਿਆਦਾ ਮਾਰੂ ਘਾਤਕ! ਕੇਹਾ ਭੈੜਾ ਸੁਪਨਾ ਹੈ ਇਹ! 'ਰੱਬ ਸੁੱਖ ਰੱਖੇ।' ਮੈਂ ਅੰਤਰ-ਧਿਆਨ ਹੋ ਕੇ ਅਰਦਾਸ ਕਰਦੀ ਰਹੀ।

ਅਗਲੇ ਹੀ ਦਿਨ ਹਸਪਤਾਲ ਛੂਛਕੜਾ ਲੈ ਕੇ ਗਈ ਟੋਲੀ ਦੇ ਨਾਲ ਮੈਂ ਵੀ ਜਾਣ ਬੁੱਝ ਕੇ ਹਾਂ ਕਰ ਦਿੱਤੀ। ਮੈਂ ਕਿਹਾ ਚਲੋ ਗਿਆਨ ਵਿੱਚ ਵਾਧਾ ਹੋਵੇਗਾ ਜਾਂ ਮੁਫ਼ਤ ਦੀ ਸੈਰ ਹੀ ਹੋ ਜਾਏ ਗੀ।  'ਇਹ ਜਨਣ-ਘਰ ਹਰੇਕ ਵਾਸਤੇ ਖੁੱਲ੍ਹਾ ਹੈ ਅਤੇ ਇੱਥੇ ਮਾਂ ਬਾਪ ਦੀ ਉਮਰ ਜਾਂ ਹੋਰ ਅਤਾ ਪਤਾ ਨਹੀਂ ਪੁੱਛਿਆ ਜਾਦਾ।' ਗੇਟ ਦੇ ਬਾਹਰ ਲਿਖੀ ਤਕਤੀ ਆਉਣ ਵਾਲਿਆਂ ਦਾ ਸਵਾਗਤ ਕਰ ਰਹੀ ਸੀ। ਜਣੇਪਾ-ਘਰ ਵਿੱਚ ਸੀਨੀਅਰ ਕਲਾਸ ਦੀ ਬੀਲੈਜ਼ੀ ਨੇ ਬੇਟੀ ਨੂੰ ਜਨਮ ਦਿੱਤਾ ਸੀ। ਉਸ ਦਾ ਪ੍ਰੇਮੀ ਸੋਮਾਲੀਆ ਦਾ ਦੁਧਾਮੀ, ਇਸ ਦੀ ਅਗਵਾਈ ਕਰ ਰਿਹਾ ਸੀ। ਸ਼ੀਸ਼ੇ ਦੇ ਵਲਗਣ ਅੰਦਰ ਪੰਘੂੜੇ ਵਿੱਚ ਪਿਆ ਇਕ ਗੂੜ੍ਹਾ ਸ਼ਾਮ ਰੰਗਾ ਬੱਚਾ ਅੰਗੂਠਾ ਚੁੰਘ ਰਿਹਾ ਸੀ। ਬੈੱਡ ਤੇ ਪਿਆ ਇਕ ਹੋਰ ਹੱਡੀਆਂ ਦਾ ਮੁੱਠੀ ਭਰ ਢਾਂਚਾ, ਅੱਖਾਂ ਅੰਦਰ ਧਸੀਆਂ ਹੋਈਆ ਬੇਪਛਾਣ ਚਿਹਰਾ, ਪੀਲਾ ਭੂਕ ਰੰਗ! ਜੀਊਂਦੀ ਜਾਗਦੀ ਇਕ ਲਾਸ਼ ਵੇਖ ਕੇ ਮੇਰੇ ਹੱਥੋਂ ਫੁੱਲ-ਗੁੱਛਾ ਮਸੀਂ ਡਿੱਗਦਾ ਡਿਗਦਾ ਬਚਿਆ।

'ਤੂੰ ਭੀਲਣੀ? æææ ਨੀਂ ਮਾਂ ਦੀਏ ਮੋਰਨੀਏ ਧੀਏ? ਤੇਰੀ ਇਹ ਹਾਲਤ?ææ।' ਸੱਚੀਂ ਮੁੱਚੀਂ ਮੇਰੀਆਂ ਚੀਕਾਂ ਨਿਕਲ ਗਈਆਂ। ਉਹ ਡਡਿਆ ਕੇ ਮੇਰੇ ਗਲ ਲੱਗ ਗਈ।

'ਦੱਸੀਂ ਨਾ ਕਿਸੇ ਨੂੰ ਮੇਰੀ ਬੀਬੀ ਭੈਣ। ਮੈਂ ਬੀਲੈਜ਼ੀ ਆਂ, ਭੀਲਣੀ ਨਹੀਂ। ਦੱਸੀਂ ਨਾ ਮੇਰੇ ਬਾਬਲ ਰਾਜੇ ਨੂੰ, ਰੋਊ ਗਾ ਦੁਹੱਥੜਾਂ ਮਾਰ ਕੇ। ਪੜਦਾ ਪਾਈ ਰੱਖੀਂ ਮੇਰੀਆਂ ਕਰੂਰ ਨੇਕ-ਨਾਮੀਆਂ ਤੇ।' ਆਪਣੇ ਵੈਣਾਂ ਵਰਗੇ ਬੋਲਾਂ ਨਾਲ ਉਹ ਪਾਣੀ ਪਾਣੀ ਹੋ ਗਈ।
'ਤੇਰੀਆਂ ਪਿੰਨੀਆਂ ਤੇ ਪੰਜੀਰੀ ਭੇਜੀ ਹੈ ਤੇਰੀ ਮੰਮੀ ਨੇ।' ਮੈਂ ਚੰਗੀ ਸ਼ੁੱਭ ਖ਼ਬਰ ਦੇ ਕੇ ਝੂਠਾ ਜਿਹਾ ਹੱਸੀ।
'ਮਰਗੀ ਹੈ ਪੰਜੀਰੀ ਖਾਣ ਵਾਲੀæææ ਕਹਿ  ਦੇਈਂ ਮੇਰੀ ਮਾਂ ਨੂੰ, ਜਿਹਨੂੰ ਡਉਂ ਚੜ੍ਹਿਆ ਰਹਿੰਦਾ ਸੀ ਹਰ ਵੇਲੇ ਮੈਨੂੰ ਬਾਹਰ ਬਿਦੇਸ਼ ਕੱਢਣ ਦਾ।' ਉਸ ਦੀਆਂ ਕਮਜ਼ੋਰ ਅੱਖਾਂ ਵਿੱਚ ਲਾਲੀ ਉੱਭਰ ਆਈ।
    ਦੁਧਾਮੀ ਨੇ ਭਰਵੱਟਿਆਂ ਵਿੱਚ ਲੁੱਚੀ ਸ਼ਰਾਰਤ ਭਰ ਕੇ ਵਰਾਛਾਂ ਵਿੰਗੀਆਂ ਜਿਹੀਆਂ ਮਰੋੜਦੇ ਮੈਨੂੰ ਅਕਾਂਖਿਆ ਤੇ ਭੀਲੋ ਨੂੰ ਫੜ੍ਹ ਕੇ ਪਿੱਛੇ ਲਿਟਾ ਦਿੱਤਾ। ਬਘਿਆੜ ਵਰਗੀਆਂ ਮਾਰੂ ਉਸ ਦੀਆਂ ਭੁੱਖੀਆਂ ਨਜ਼ਰਾਂ ਮੇਰੇ ਧੁਰ ਅੰਦਰ ਤੱਕ ਜ਼ਖਮ ਕਰ ਗਈਆਂ। ਮੇਰਾ ਜੀ ਕੀਤਾ ਇਸ ਵਹਿਸ਼ੀ ਦੀਆ ਅੱਖਾਂ ਨੋਚ ਦਿਆਂ ਜਿਸ ਨੇ ਉਸ ਵਿਚਾਰੀ ਗਊ ਦਾ ਖੂਨ ਚੂਸਿਆ ਹੈ, ਮਾਸ ਚੂੰਡਿਆ ਹੈ। ਉਸ ਦੀ ਅਜੀਬ ਸ਼ਰਾਰਤੀ ਜਿਹੀ ਵੱਢ-ਖਾਣੀ ਝਾਕਣੀ ਮੇਰੇ ਅੰਦਰ ਹਲਚਲ ਮਚਾ ਗਈ। ਮੈਂ ਸੁਪਨਿਆਂ ਵਿੱਚ ਯਕੀਨ ਨਹੀਂ ਰੱਖਦੀ, ਇਹ ਹਵਾਈ ਘੋੜੇ ਹੁੰਦੇ ਹਨ ਪਰ ਇਹਨਾਂ ਘਟਨਾਵਾਂ ਦੇ ਪਰਸਪਰ ਸੁਮੇਲ ਨੇ ਮੇਰੀ ਸੋਚ ਬਦਲ ਦਿੱਤੀ। ਇਹੀ ਤਾਂ ਹੈ। ਸੁਪਨੇ ਵੀ ਸੱਚ ਹੋ ਜਾਦੇ ਨੇ ਮੈਨੂੰ ਯਕੀਨ ਹੋ ਗਿਆ ਸੀ।
 ਕਾਲਜ ਦੀ ਮੇਰੀ ਆਦਰਸ਼, ਸੁਚੱਜੀ ਸਚਿਆਰੀ ਹੂੰਦਲਹੇੜ, ਰੱਜ ਕੇ ਹੁਸ਼ਿਆਰ ਤੇ ਹੋਣਹਾਰ, ਸੰਗ ਸ਼ਰਮ ਦੀ ਮੂਰਤ ਭੀਲੋ ਬਾਂਹਾਂ ਉੱਚੀਆਂ ਕਰ ਕਰ ਗੀਤ ਗਾਉਂਦੀ, ਲੜਕੀਆਂ ਦੇ ਵਿਦੇਸ਼ੀ ਰੁਝਾਨ ਦੇ ਖ਼ਿਲਾਫ਼ ਪਰਚਾਰ ਕਰਦੀ ਰਹਿੰਦੀ ਸੀ। ਪਿਛਲੇ ਸਾਲ ਉਹ ਆਪ ਅਚਾਨਕ ਉਡਾਰੀ ਮਾਰ ਗਈ। ਉਸ ਦੇ ਦਮਗਜੇ ਅਮਰੀਕਾ ਦੀ ਚਮਕ ਦਮਕ ਅੱਗੇ ਹੌਂਸਲਾ ਹਾਰ ਕੇ ਹਥਿਆਰ ਸੁੱਟ ਗਏ। ਉਸ ਦੇ ਗੀਤਾਂ ਦੇ ਬੋਲ ਬੜੀ ਦੇਰ ਤੱਕ ਗੂੰਜਦੇ ਕਾਲਜ ਦੀਆਂ ਫਿਜ਼ਾਵਾਂ ਦਾ ਸੀਨਾ ਵਿੰਨ੍ਹਦੇ ਰਹੇ।
                  ਬਾਦ ਵਿੱਚ ਉਸੇ ਦੀ ਪ੍ਰੇਰਨਾ ਸਦਕਾ ਹੀ ਮੇਰੇ ਪਾਪਾ ਨੇ ਮੈਨੂੰ ਅਮਰੀਕਾ ਭੇਜਣਾ ਮਨਜ਼ੂਰ ਕੀਤਾ ਸੀ। ਉਹ ਦੱਸੇ ਹੋਏ ਟੈਲੀਫੋਨ ਤੇ ਮੈਨੂੰ ਨਹੀਂ ਮਿਲ ਸਕੀ। ਉਸ ਦੀ ਮੰਮੀ ਬਦਾਮ ਕਾਜੂ ਤੇ ਨਿਕਸੁਕ ਦੀ ਪੰਜੀਰੀ ਅਤੇ ਸ਼ੱਕਰ ਦਾ ਇੱਕ ਡੱਬਾ  ਫੜਾ ਗਈ ਸੀ ਅਖੇ ਦੋਵੇਂ ਭੈਣਾਂ ਰਲ ਕੇ ਖਾ ਲਿਉ। ਮੇਰੇ ਮਨ ਵਿੱਚ ਉਸ ਨੂੰ ਮਿਲਨ ਦੀ ਅਭਿਲਾਖਾ ਪ੍ਰਚੰਡ ਹੁੰਦੀ ਰਹੀ। ਕਾਸ਼ ਮੈਨੂੰ ਉਹ ਹੀ ਮਿਲ ਜਾਏ ਤੇ ਮੇਰਾ ਮਾਰਗ ਦਰਸ਼ਨ ਕਰੇ। ਮੈਂ ਆਸੇ ਪਾਸੇ ਨਜ਼ਰਾਂ ਦੁੜਾਉਂਦੀ ਅਜਨਬੀਆਂ ਦੀ ਰੰਗ-ਬਰੰਗੀ ਭੀੜ ਵਿੱਚੋਂ ਉਸ ਨੂੰ ਤਲਾਸ਼ਦੀ ਰਹੀ ਤੇ ਅਖੀਰ ਆਪਣੇ ਉਸ ਚਿਤਵੇ ਹੋਏ ਖ਼ਾਕੇ ਦੀ ਵੀਰਾਨ ਦੁਰਦਸ਼ਾ ਵੇਖ ਕੇ ਮੇਰਾ ਅੰਦਰ ਵਲੂੰਧਰਿਆ ਗਿਆ। ਹੋਰ ਸਾਥੀ ਵੀ ਉਸ ਦੀ ਹਾਲਤ ਵੇਖ ਕੇ ਤਰਾਹ ਤਰਾਹ ਕਰ ਉੱਠੇ।
'ਅਪਰੈਲ ਦੋ ਹਜਾਰ ਸੱਤ ਦੀ ਬਲੈਕਬਰਗ ਵਰਜੀਨੀਆ ਯੂਨੀਵਰਸਿਟੀ ਦੀ ਖੂਨੀ ਘਟਨਾ ਸਮੇਂ ਜਦੋਂ ਆਪਣੀ ਪ੍ਰੇਮਕਾ ਦਾ ਠੁਕਰਾਇਆ ਅਸਫਲ ਪ੍ਰੇਮੀ 'ਚੋ ਸਿਊੰਗ ਹੂ' ਦਿਮਾਗ਼ੀ ਤਵਾਜ਼ਨ ਖੋਹ ਬੈਠਾ ਤੇ ਬੰਦੂਕ ਦਾ ਛਾਣਾ ਵਰ੍ਹਾ ਕੇ ਆਪਣੀ ਪ੍ਰੇਮਕਾ ਸਮੇਤ ਦੋ ਪ੍ਰੋਫੈਸਰਾਂ ਅਤੇ ਬੱਤੀ ਵਿਦਿਆਰਥੀਆਂ ਦਾ ਖੂਨ ਡੋਲ੍ਹ ਕੇ ਆਤਮਘਾਤ ਕਰ ਗਿਆ ਸੀ, ਇਹ ਉੱਥੇ ਪੜ੍ਹਦੇ ਸਨ। ਭਗਦੜ ਵਿੱਚ ਬੁਜ਼ੈਲੀ ਨੇ ਦੁਧਾਮੀ ਕੋਲੋਂ ਲਿਫਟ ਮੰਗੀ ਤੇ ਉਹ ਉਸ ਨੂੰ ਬਿਠਾ ਕੇ ਲੈ ਗਿਆ। ਪਸਤੌਲ ਦੀ ਨੋਕ ਤੇ ਉਧਾਲ਼ ਕੇ ਕਿਤੇ ਦੂਰ ਕਿੰਨਾ ਚਿਰ ਇਹ ਦੋਵੇਂ ਯੂਨੀਵਰਸਿਟੀ ਤੋਂ ਗਾਇਬ ਰਹੇ। ਕਾਨੂੰਨ ਵੀ ਨਕਾਰਾ ਹੋ ਗਿਆ ਕਿਉਂਕਿ ਵਾਪਸ ਮੁੜਨ ਤੇ ਲੜਕੀ ਨੇ ਬਿਆਨ ਦਿੱਤਾ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਗਈ ਸੀ।'

'ਹੋਰ ਕੀ ਕਰਦੀ ਵਿਚਾਰੀ ਸਭ ਕੁਝ ਲੁਟਾ ਕੇ!' ਰੌਂਗਟੇ ਖੜ੍ਹੇ ਕਰਨ ਵਾਲੀਆਂ ਗੱਲਾਂ ਸੁਣ ਕੇ ਨਾਲ ਬੈਠੀ ਮਿਸਟੀ ਨੇ ਵੀ ਕਰੁਨਮਈ ਹੁੰਗਾਰਾ ਭਰਿਆ।

ਚੌਕਾਂ ਚੌਰਾਹਿਆਂ ਵਿੱਚ ਕਈ ਜੋੜੀਆਂ ਬਣਾਈ ਕੁੜੀਆਂ ਮੁੰਡੇ ਸ਼ਰ੍ਹੇਆਮ ਕੀ ਕਰਦੇ, ਕਿਵੇਂ ਕਰਦੇ, ਮੈਂ ਵੇਖ ਵੇਖ ਕੇ ਸ਼ੀ ਸ਼ੀ ਕਰਦੀ ਮਰ ਮਰ ਡੁੱਬਦੀ ਜਾਂਦੀ। ਬੇ-ਬਹਾਰੀਆਂ ਬੱਗੀਆਂ, ਪੱਪੀਆਂ, ਗਲਵਕੜੀਆਂ ਬੜੇ ਵਾਧੂ ਜਿਹੇ ਹੋ ਗਏ ਜਾਪਦੇ ਸਨ। ਕੋਈ ਸਬਰ ਸੰਕੋਚ ਬਿਲਕੁਲ ਹੀ ਨਹੀਂ। ਜਦ ਕੋਈ ਕੁੜੀ ਸਿਗਰਟ ਪੀਂਦੀ, ਸਮੈਕ ਦੇ ਸੂਟ੍ਹੇ ਲਗਾਉਂਦੀ, ਸ਼ਰਾਬ ਪੀਂਦੀ, ਡਰਗਜ਼ ਦੇ ਅਸਰ ਥੱਲੇ ਅੱਖਾਂ ਚੜ੍ਹਾਈ ਮਸਤੀ ਫਿਰਦੀ, ਹਿੱਪੀ ਕਲਚਰ ਅੱਗੇ ਮੇਰਾ ਕੋਈ ਜੋਰ ਨਾ ਚਲਦਾ। ਆਪਣੇ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਹੋਣ ਦੇ ਨਾਤੇ ਮੈਂ ਵਿਦੇਸ਼ੀ ਹੋੜ, ਦਾਜ-ਦਹੇਜ, ਭਰੂਣ ਹੱਤਿਆ ਤੇ ਵਿਦਿਆਰਥੀਆਂ ਵਿੱਚ ਨਸ਼ਾ-ਬਿਰਤੀ ਦਾ ਡਟ ਕੇ ਵਿਰੋਧ ਕੀਤਾ ਸੀ। ਵਿਦਿਆਰਥੀਆਂ ਵਿੱਚ ਇਖਲਾਕ ਤੇ ਸੰਜਮ ਦੇ ਹੱਕ ਵਿੱਚ ਮੋਰਚਾ ਲਗਾ ਕੇ ਪੂਰਾ ਪਹਿਰਾ ਦਿੱਤਾ ਸੀ ਪਰ ਇੱਥੇ ਬਿੱਛੂਆਂ ਦੀ ਕਤਾਰ ਵਿੱਚ ਸੱਭੇ ਹੀ ਨੇਤਾ ਹਨ। ਬਘਿਆੜ ਦੇ ਮੂੰਹ ਆਈ ਭੇਡ ਮੈਂ ਨਿਆਸਰੀ ਜਿਹੀ ਬੇਵਸ ਹੋ ਗਈ ਸਾਂ ਇੱਥੇ ਇਸ ਭੀੜ ਵਿੱਚ। ਮੈਂ ਕਹਿੰਦੀ ਕਿੱਥੇ ਫਸਾ ਦਿੱਤਾ ਅੰਕਲ ਜੀ ਨੇ ਮੈਨੂੰ? ਹੇ ਰੱਬਾ! ਮੈਨੂੰ ਬਚਾਈਂ ਰੱਖੀਂ ਇਹਨਾਂ ਭੈੜੀਆਂ ਅਲਾਮਤਾਂ ਤੋਂ।

ਮੇਰਾ ਮਨ ਏਨਾ ਉਚਾਟ ਹੋ ਗਿਆ ਕਿ ਮੇਰਾ ਜੀ ਕੀਤਾ ਕਿ ਇਸ ਲੱਗ-ਲਿਬੇੜ ਨੂੰ ਲੱਤ ਮਾਰ ਕੇ ਆਪਣੇ ਸੋਨ-ਸੁਨਹਿਰੇ ਅਣਲੱਗ ਸਭਿਆਚਾਰ ਵਿੱਚ ਦੌੜ ਜਾਵਾਂ। ਆਪਣੇ ਮਿੱਠੇ ਕੌੜੇ ਤਜਰਬੇ ਸਾਂਝੇ ਕਰਨ ਲਈ ਘਰ ਵੀਡੀਓ ਕਾਨਫ੍ਰੰਸ ਮਿਲਾਉਂਦੀ ਹਾਂ। ਮੇਰੀ ਸ਼ਕਾਇਤ ਸੁਣ ਕੇ ਬੀ ਜੀ ਦੇ ਮੱਥੇ ਤੇ ਤੀਊੜੀਆਂ ਉੱਭਰ ਆਈਆਂ ਹਨ। ਉਹ ਤੈਸ਼ ਜਿਹੇ ਵਿੱਚ ਆ ਗਏ ਦਿੱਸਦੇ ਹਨ। ਭੋਲੀ, ਮੀਨਾ ਤੇ ਰਿੰਕੂ ਹੱਸ ਰਹੇ ਹਨ।

'ਸ਼ੁਕਰ ਕਰ ਬੇਟੀ ਤੂੰ ਟਿਕਾਣੇ ਪਹੁੰਚ ਗਈ। ਅਸੀਂ ਗੰਗਾ ਨਹਾਤਾ। ਔਹ ਵੇਖ ਤਿੱਮੋ-ਪੁਰੀਆਂ ਦੀ ਕੁੜੀ ਪਤਾ ਨਹੀਂ ਵਿਚਾਰੀ, ਕਿਹੜੇ ਖੂਹ-ਖਾਤੇ ਧੱਕਾ ਦੇ ਤਾ ਖੇਹ ਹੋਣਿਆਂ ਨੇ। ਪੰਦਰਾਂ ਲੱਖ ਵੀ ਦੇ ਗਵਾਇਆ। ਕੁੜੀ ਵਿਚਾਰੀ ਛੇ ਮਹੀਨੇ ਹੋਗੇ ਰਾਹਾਂ ਜੰਗਲਾਂ 'ਚ ਧੱਕੇ ਖਾਦੀ, ਕਿਸੇ ਸਿਰੇ ਬੰਨੇ ਨਹੀਂ ਲੱਗੀ। ਕਹਿੰਦੇ ਮਰੀਕਾ ਬਾਡਰ ਤੇ ਪਹੁੰਚੀ ਹੋਈ ਹੈ, ਜਦੋਂ ਕਿਤੇ ਦਾਅ ਲੱਗੂ ਰਾਤ ਬਰਾਤੇ ਪਾਰ ਕਰਾਉਣ ਗੇ। ਘਰੋਂ ਘਰ ਗਵਾਇਆ, ਬਾਹਰੋਂ ਭੜਵਾ ਅਖਵਾਇਆ। ਢੱਕੀ ਹੀ ਰਿੱਝਣ ਦੇæææ ਪੀ ਜਾ। ਕਿਤੇ ਧੂੰਆਂ ਨਾ ਕੱਢੀਂ ਮੇਰੀ ਰਾਣੀ ਧੀ। ਆਪਣੇ ਅੰਕਲ ਜੀ ਨੂੰ ਦੱਸ, ਜੇ ਕੋਈ ਦੁੱਖ ਤਕਲੀਫ਼ ਹੈ ਤਾਂ। ਉਹ ਦੇਵਤਾ ਹੈ ਤੇਰੇ ਸਾਰੇ ਦੁੱਖਾਂ ਦਾ ਅੰਮ੍ਰਿਤਧਾਰਾæææ ਛਤਰੀ ਹੈ ਤੇਰੀ, ਧੁੱਪ ਲੂ ਤੋਂ ਬਚਣ ਲਈ ਛਤਰੀ ਦੀ ਛਾਂ ਹੀ ਕੰਮ ਆਉਂਦੀ ਹੈ।' ਅੰਕਲ ਜੀ ਨਾਲ ਆਪਣਾ ਡਰ ਪ੍ਰਗਟਾਉਂਦੀ ਹਾਂ। ਉਨ੍ਹਾਂ 'ਹਿਨਾ ਰੰਗ ਦੇਤੀ ਹੈ ਪੱਥਰ ਪੇ ਘਿਸ ਜਾਣੇ ਕੇ ਬਾਦ, ਇਨਸਾਨ ਬਣਤਾ ਹੈ ਠੋਕਰਾਂ ਖਾਣੇ ਕੇ ਬਾਦ।æææ ਕਮਲ ਫੁੱਲ ਜਿਹਾ ਚਰਿੱਤਰ ਉਸਾਰੋ, ਜੋ ਚਿੱਕੜ ਵਿੱਚ ਉੱਗ ਕੇ ਵੀ ਆਪ ਹੱਸਦਾ ਲੋਕਾਂ ਨੂੰ ਹਸਾਉਂਦਾ ਹੈ।' ਪ੍ਰਵਚਨ ਸੁਣਾ ਕੇ ਮੇਰਾ ਮੂੰਹ ਬੰਦ ਕਰ ਦਿੱਤਾ ਸੀ।

ਕਲਾਸਾਂ ਪੂਰੇ ਜੋਰ ਸ਼ੋਰ ਨਾਲ ਸ਼ੁਰੂ ਹੋ ਗਈਆ। ਪ੍ਰਾਧਿਆਪਕ ਆਪਣਾ ਸਿਲੇਬਸ ਮੁਕੰਮਲ ਕਰਨ ਲਈ ਸ਼ਤਾਬਦੀ ਰੇਲ ਗੱਡੀ ਜਿਹੀ ਰਫ਼ਤਾਰ ਤੇ ਚੱਲ ਕੇ ਆਪਣੇ ਘੰਟੇ ਪੂਰੇ ਕਰਦੇ ਜਾ ਰਹੇ ਸਨ। ਨਿਯਮ ਏਨੇ ਸਖ਼ਤ ਕਿ ਕੋਈ ਉੱਠ ਕੇ ਸਵਾਲ ਪੁੱਛਣ ਦੀ ਜੁਰਅਤ ਵੀ ਨਹੀਂ ਸੀ ਕਰਦਾ ਕਿ ਕਿਤੇ ਜ਼ਾਬਤੇ ਦੀ ਉਲੰਘਣਾ ਸਮਝ ਕੇ ਕਾਲਜ ਤੋਂ ਹੀ ਨਾ ਛੁੱਟੀ ਹੋ ਜਾਏ ਜਿਸ ਦਾ ਮਤਲਬ ਦੇਸ਼-ਨਿਕਾਲਾ ਵੀ ਤਾਂ ਹੋ ਸਕਦਾ ਸੀ। ਕਈ ਵੇਰਾਂ ਵੇਰਾਂ ਮੇਰਾ ਧਿਆਨ 'ਆਸਿਫ ਵੱਲ ਚਲੇ ਜਾਦਾ। ਉਹ ਤਿਰਛੀ ਨਜ਼ਰੇ ਮੇਰੇ ਵੱਲ ਵੇਖ ਰਿਹਾ ਹੁੰਦਾ ਪਰ ਮੇਰੇ ਵੇਖਣ ਤੇ ਬੜੀ ਹੁਸ਼ਿਆਰੀ ਨਾਲ ਪ੍ਰੋਫੈਸਰ ਵੱਲ ਨੀਝ ਲਗਾਈ ਲੈਕਚਰ ਵਿੱਚ ਖੁਭਿਆ ਇਕਾਗਰਤਾ ਜ਼ਾਹਿਰ ਕਰਦਾ। ਚਲੋ ਇਸ ਕੋਲੋਂ ਸਮਝ ਲਵਾਂ ਗੇ, ਹੁਸ਼ਿਆਰ ਮੁੰਡਾ ਜਾਪਦਾ ਹੈ। ਮੈਂ ਅਵੇਸਲੀ ਜਿਹੀ ਹੋ ਜਾਂਦੀ।

ਭੀਲਣੀ ਕੋਲ ਜਾ ਕੇ ਦੁੱਖ ਸੁੱਖ ਫੋਲਣ ਦਾ ਵੀ ਮੇਰਾ ਮਨ ਡਾਢਾ ਵਿਆਕਲ ਹੋ ਰਿਹਾ ਸੀ। ਮੇਰੀ ਇਹ ਮੁਸ਼ਕਲ ਵੀ 'ਆਸਿਫ ਹੀ ਹੱਲ ਕਰ ਸਕਦਾ ਹੈ। ਮੇਰਾ ਮਨ ਉਸ ਦੀ ਤਲਬ ਲਈ ਕਾਹਲਾ ਪੈਣ ਲਗਦਾ। ਕੇਹਾ ਨੌਂ-ਜਵਾਨ ਛੋਕਰਾ ਹੈ ਇਹ! ਜੋ ਇਕ ਚਿਣਗ-ਚੁਆਤੀ ਜਿਹੀ ਲਗਾ ਕੇ ਫਿਰ ਜਿਵੇਂ ਸੱਪ ਹੀ ਸੁੰਘ ਗਿਆæææ ਅੱਖਾਂ ਹੀ ਨਹੀਂ ਮਿਲਾਉਂਦਾ ਮੇਰੇ ਨਾਲ।

ਕਾਲਜ ਵਿੱਚ ਅਕਾਦਮਿਕ ਪੜ੍ਹਾਈ ਤੋਂ ਬਿਨਾ ਹੋਰ ਵਧੇਰੇ ਅਨੋਖੀਆਂ ਕਲਾਕ੍ਰਿਤਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸੰਗੀਤ, ਡਾਂਸ, ਜੁੱਡੋ-ਕਰਾਟੇ, ਸੋਕਰ, ਤੰਬੋਲਾ, ਇਨ-ਡੋਰ ਖੇਡਾਂ ਸਾਰਾ ਸਮਾਂ ਕਿਧਰੇ ਨਾ ਕਿਧਰੇ ਉਲਝਾਈ ਰੱਖਦੀਆਂ ਹਨ। ਸ਼ਰਾਰਤਾਂ ਕਰਨ ਤਾਂ ਕੀ, ਇੱਥੇ ਸਿਰ ਖੁਰਕਣ ਨੂੰ ਵੀ ਵਿਹਲ ਨਹੀਂ ਪਰ ਉਸ ਵਾਸਤੇ ਜੋ ਇਹ ਸਿੱਖਣਾ ਚਾਹੁੰਦਾ ਹੈ। ਜੋ ਇਸ ਵਿੱਚ ਦਿਲਚਸਪੀ ਨਹੀਂ ਰੱਖਦੇ ਉਨ੍ਹਾਂ ਲਈ ਤਾਂ ਪੌਂ-ਬਾਰਾਂ ਹੀ ਹਨ, ਜਿੱਥੇ ਮਰਜ਼ੀ ਜਾਓ, ਆਵਾਰਾ-ਗਰਦੀ ਕਰੋ। ਕਾਲਜ ਪਹਿਰਾਵੇ ਵਾਸਤੇ ਵੀ ਡਰੈੱਸ ਦੀ ਇਕ ਮਾਣ ਮਰਯਾਦਾ ਹੈ ਜਿਸ ਰਾਹੀਂ ਭੜਕੀਲੇ ਲਿਬਾਸ ਵਿਵਰਜਿਤ ਹਨ। ਹਫਤੇ ਦੇ ਇੱਕ ਨਿਰਧਾਰਤ ਦਿਨ ਨੂੰ ਖੁੱਲ੍ਹ ਹੁੰਦੀ ਹੈ ਜੋ ਮਰਜ਼ੀ ਪਾਓ, ਅਪਣਾਓ ਜਾਂ ਨਾ ਪਾਓ, ਤੁਹਾਡੀ ਮਰਜ਼ੀ।

ਘਰੇਲੂ ਇਮਤਿਹਾਨ ਮੁਕੰਮਲ ਕਰਨ ਦਾ ਜਸ਼ਨ ਸਾਰੀ ਕਲਾਸ ਨੇ ਰਲ ਕੇ ਮਨਾਉਣ ਦਾ ਫੈਸਲਾ ਹੋ ਗਿਆ। ਟੈਸਟ ਵਿੱਚੋਂ ਪਾਸ ਹੋ ਕੇ ਸਾਰੇ ਸਿਖਿਆਰਥੀਆਂ ਨੇ ਯੂਥ ਫੈਸਟੀਵਲ ਮਨਾਇਆ। ਇਸ ਸਾਰੇ ਪ੍ਰੋਗਰਾਮ ਦਾ ਖਰਚਾ 'ਆਸਿਫ' ਵੱਲੋਂ ਸਪਾਂਸਰ ਸੀ ਤੇ ਉਸੇ ਨੇ ਹੀ ਸਾਰਿਆਂ ਨੂੰ ਦਾਅਵਤ ਦਿੱਤੀ ਸੀ।  

ਸਾਰੇ ਉਸ ਨੂੰ ਗਲੇ ਲੱਗਦੇ ਵਧਾਈ ਦਿੰਦੇ ਧੰਨਵਾਦ ਕਰ ਰਹੇ ਸਨ। ਹਾਲ ਵਿੱਚ ਭੜਕੀਲੀਆਂ ਰੌਸ਼ਨੀਆਂ ਦਾ ਸਮੁੰਦਰ ਡਲ੍ਹਕ ਰਿਹਾ ਸੀ। ਸਾਹਮਣੇ ਕੰਧ ਤੇ ਵੱਡੀ ਸਾਰੀ ਸਕਰੀਨ ਉੱਪਰ ਰੰਗਾ-ਰੰਗ ਪ੍ਰੋਗਰਾਮ ਚੱਲ ਰਹੇ ਸਨ। ਰੰਗ-ਬਰੰਗੀਆਂ ਚਾਨਣੀਆਂ ਵਿੱਚ ਲਬਰੇਜ਼ ਉਤਸੁਕ ਚਿਹਰੇ ਕੁਝ ਕਰ ਕਤਰਨ ਦੀ ਤਾਕ ਵਿੱਚ ਉਤਾਵਲੇ ਬਾਵਰੇ ਹੋ ਰਹੇ ਸਨ। ਵਾਈਨ ਵਿਸਕੀ ਦੀ ਰਲਵੀਂ ਗੰਧ ਮੇਰੇ ਨਾਸਾਂ ਨੂੰ ਚੜ੍ਹਦੀ ਜਾਦੂ ਕਰ ਰਹੀ ਸੀ। ਕੀ ਇਹ ਕੋਈ ਵਿਆਹ ਦਾ ਜਸ਼ਨ ਸੀ ਜਾਂ ਪੜ੍ਹਾਕੂਆਂ ਦੀ ਮਿਲਨੀ? ਮੈਂ ਚਕਾਚੌਂਧ ਹੋ ਰਹੀ ਸਾਂ।

ਰੌਸ਼ਨੀਆਂ ਦੇ ਉਹਲੇ ਹਨੇਰਾ ਸੀ ਤੇ ਹਨੇਰੇ ਵਿੱਚ ਮੈਂ ਖੜ੍ਹੀ ਸਾਂ ਇਕੱਲੀ ਆਪਣੇ ਆਪ ਨੂੰ ਝੂਰਦੀ ਪਛਤਾਉਂਦੀ। ਨਾਸ਼ਤਾ ਕਰਕੇ ਸਾਰੇ ਸਾਥੀ ਡਾਂਸਿੰਗ ਫਰਸ਼ ਵੱਲ ਜਾ ਚੁੱਕੇ ਸਨ। ਮੇਰੀਆਂ ਨਜ਼ਰਾਂ ਸਾਰੇ ਹਮਜੋਲੀਆਂ ਦੀਆਂ ਹਰਕਤਾਂ ਪੜ੍ਹ ਰਹੀਆਂ ਸਨ। ਕਾਰਲੀ, ਸੈਮ, ਪੈਨਵੀ ਆਦਿ ਸਾਰੇ ਕਲਬੂਤਾਂ ਤੋਂ ਤਿਲਕਦੀਆਂ ਮੇਰੀਆਂ ਨਜ਼ਰਾਂ ਐਰਿਕਾ ਤੇ ਨਦੀਮਾ ਤੇ ਜਾ ਅਟਕੀਆਂ। ਉਹ ਵੀ ਸਲਵਾਰ ਕਮੀਜ਼ ਬੁਰਕੇ ਦੀ ਬਿਜਾਏ ਸ਼ਾਰਟਸ ਵਿੱਚ ਖੜੀਆਂ ਜਿਵੇਂ ਵਾਰਮ ਅਪ ਹੋ ਰਹੀਆਂ ਸਨ। ਮੈਂ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ। ਡਾਂਸ ਖੂਬ ਮਘ ਚੁੱਕਿਆ ਸੀ। ਜੋਬਨ ਭਰਪੂਰ ਅੱਡੀਆਂ ਨਾਲ ਧਰਤੀ ਹਿੱਲਦੀ ਕੰਬਦੀ ਜਾ ਰਹੀ ਸੀ। ਮੈਂ ਇਕੱਲੀ ਦੁਚਿੱਤੀ ਘੜਮੱਸ 'ਚ ਪਾਸੇ ਖੜ੍ਹੀ ਇਹ ਸਭ ਕੁਝ ਵੇਖ ਕੇ ਆਪਣੇ ਆਪ ਵਿੱਚ ਗਰਕ ਹੁੰਦੀ ਜਾ ਰਹੀ ਸੀ।

'ਹੈਲੋ! ਡਾਰਲ, ਹਾਊ ਡੂ ਯੂ ਡੂ?' ਆਸਿਫ ਹੱਥ ਵਿੱਚ ਕੜਾ ਉਭਾਰਦਾ ਮੇਰੇ ਸਾਹਮਣੇ ਖੜ੍ਹਾ ਮੈਨੂੰ ਝੰਜੋੜ ਰਿਹਾ ਸੀ।
'ਥੈਂਕ  ਯੂ, ਆææਈ  ਐੱਮ ਫਾਈਨ।' ਸਲੀਕੇ ਦੇ ਜੁਆਬ ਵਿੱਚ ਮੈਂ ਮੁਸਕਾਨ ਭਰੀ।
'ਏਹੋ ਜਿਹੇ ਕੁੰਭ ਵਿੱਚ ਨੱਚਣਾ ਪੁੰਨ ਹੋਤਾ ਹੈ। ਸੌ ਜਨਮਾਂ ਕੇ ਫਲ ਮਿਲਦੇ ਨੇ ਇੱਥੇ ਡੈਂਸ ਕਰਨ ਨਾਲ।' ਉਸ ਨੇ ਦ੍ਰਿੜ ਆਤਮਵਿਸ਼ਵਾਸ ਨਾਲ ਉਰਦੂ ਪੰਜਾਬੀ ਮਿਲਗੋਭਾ ਬੋਲਣ ਦਾ ਡਰਾਮਾ ਕਰਦੇ ਮੈਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਦੀਆਂ ਅੱਖਾਂ ਵਿੱਚੋਂ ਕਿਆਸੇ ਹੋਏ ਖਤਰਨਾਕ ਸੁਨੇਹੇ ਪੜ੍ਹੇ ਪਰ ਮੈਂ ਬੁੱਲ੍ਹਾਂ ਤੇ ਝੂਠੀ ਜਿਹੀ ਮੁਸਕਾਨ ਧਰਦੇ ਸਿਰ ਫੇਰ ਦਿੱਤਾ।
'ਮੈਂ ਸ਼ੇਰ ਬੱਚੀ ਆਂ ਮੈਂ ਸ਼ੇਰ, ਸੀਰਮੇ ਪੀ ਜਾਊਂ। ਇਹਨਾਂ ਰੂੜ੍ਹੀਆਂ ਵੱਲ ਮੈਂ ਨੀਂ ਝਾਕਦੀ। ਮੈਂ ਨਹੀਂ ਵੜਦੀ ਇਸ ਕੰਜਰਖ਼ਾਨੇ ਵਿੱਚ। ਮੈਂ ਨਹੀਂ ਇਸ ਬਜ਼ਾਰ ਦੀ ਮੂਲ਼ੀ। ਹੱਥ ਨਾ ਲਾਵੀਂ ਮੈਨੂੰ। ਇਹ ਕੋਈ ਚੰਗਾ ਚੱਜ-ਆਚਾਰ ਨਹੀਂ।' ਮੈਂ ਅੱਖਾਂ ਵਿੱਚ ਬਦਰੰਗਾ ਜਿਹਾ ਰੋਹ ਭਰ ਲਿਆ।

'ਵੇਖ ਲਈਆਂ ਨੇ ਮੈਂ ਤੇਰੀਆਂ ਸ਼ੇਰ ਬੱਚੀਆਂ ਕੱਲ੍ਹ ਸੜਕਾਂ ਤੇ ਲੇਟਦੀਆਂ ਨੰਗ-ਧੜੰਗੀਆਂ, ਝਾਟੇ ਖਿਲਾਰਦੀਆਂ। ਕੁੱਲ ਦੁਨੀਆ ਉਨ੍ਹਾਂ ਦਾ ਤਮਾਸ਼ਾ ਵੇਖਦੀ ਸੜਕਾਂ ਤੇ ਖਲੋ ਕੇ।' ਉਹ ਮੱਥੇ ਤੀਊੜੀਆਂ ਭਰਦਾ ਠਹਾਕਾ ਮਾਰਦਾ ਹੱਸਿਆ।

æਲੈਹਣੇ ਦੇ ਦੇਣੇ ਪੈ ਗਏ। ਮਾਰਫ਼ੀਏ ਦੇ ਟੀਕੇ ਜਿਹੀ ਉਸ ਦੀ ਚੋਭ ਮੈਨੂੰ ਪੈਰ ਦੀ ਚੀਚੀ ਤੱਕ ਝਰਨਾਹਟ ਫੇਰ ਗਈ। ਉਸ ਦਾ ਤਕੜੀ ਗਾਲ ਜਿੱਡਾ ਮਿਹਣਾ ਮੇਰੀਆਂ ਅੱਖਾਂ ਦੀ ਰੜਕ ਬਣ ਗਿਆ। ਮੇਰੇ ਆਤਮਕ ਬਲ ਤੇ ਮਾਣ ਮਰਯਾਦਾ ਰੇਤ ਦੀਆਂ ਕੰਧਾਂ ਵਾਂਗ ਥਿੜਕ ਗਈ।

ਮੈਂ ਪਲ ਦੀ ਪਲ ਸੋਚੀਂ ਪੈ ਗਈ। ਪਿਛਲੇ ਹਫਤੇ ਟੀæ ਵੀæ ਤੇ ਖ਼ਬਰਾਂ ਵਿੱਚ ਪਟਿਆਲੇ ਹੋਟਲ ਦਾ ਸੀਨ ਜਿਸ ਵਿੱਚ ਕਾਲਜ ਦੇ ਨੌਜਵਾਨ ਕੁੜੀਆਂ ਮੁੰਡਿਆਂ ਦਾ ਇਕ ਟੋਲਾ ਸ਼ਰਾਬ ਦੇ ਨਸ਼ੇ ਵਿੱਚ ਮਦਹੋਸ਼ ਖਰਮਸਤੀ ਕਰ ਰਿਹਾ ਸੀ। ਅਧ-ਨੰਗੀਆਂ ਅਮੀਰਜ਼ਾਦੀਆਂ ਆਪਣੇ ਕੱਪੜੇ ਪਾੜਦੀਆਂ, ਹਾਕਰਾਂ ਮਾਰਦੀਆਂ, ਬੱਕਰੇ ਬੁਲਾਉਂਦੀਆਂ, ਪੁਲਸੀਆਂ ਨੂੰ ਵੰਗਾਰਦੀਆਂ ਉਨ੍ਹਾਂ ਦੇ ਗਲ ਪੈ ਰਹੀਆਂ ਸਨ। ਇਹ ਸਥਾਨੀਕਰਨ ਦਾ ਵਿਸ਼ਵੀਕਰਨ ਹੋ ਚੁੱਕਾ ਹੈ ਅਤੇ ਵਿਸ਼ਵੀਕਰਨ ਦਾ ਸਥਾਨੀਕਰਨ। ਕੋਈ ਫਰਕ ਨਹੀਂ, ਕੋਈ ਪਾੜਾ ਹੀ ਨਹੀਂ ਰਿਹਾ, ਤਾਂ ਫਿਰ ਮੈਨੂੰ ਕੋਈ ਕੀ ਕਹੂ? ਮੇਰੀ ਹਉਮੈ ਨੇ ਕਰਵਟ ਲਈ।

'ਕਮ ਆਨ, ਮੈਨੂੰ ਪਤੈ ਤੇਰਾ ਭਾਰਤੀ ਕਲਚਰ ਇਹ ਇਜਾਜ਼ਤ ਨਹੀਂ ਦਿੰਦਾ ਪਰ ਤੂੰ ਹੁਣ ਅਮਰੀਕਾ ਵਿੱਚ ਹੈਂ ਤੇ ਜਿੱਥੇ ਜਾਈਏ ਉੱਥੇ ਦਾ ਵੇਸ, ਭਾਸ਼ਾ ਤੇ ਬੋਲੀ ਜਾਨਣੀ ਬੋਲਣੀ ਜਰੂਰੀ ਹੁੰਦੀ ਹੈ, ਨਹੀਂ ਤੇ ਇਹ ਲੋਕ ਤੁਹਾਨੂੰ ਅਨਾੜੀ ਜਾਂਗਲੀ ਕਹਿਣ ਗੇ। ਜਾਂ ਇਹ ਕਹਿਣ ਗੇ ਕਿ ਤੇਰੇ ਵਿੱਚ ਕੋਈ ਕਮੀ ਹੈ ਜੋ ਤੇਰਾ ਕੋਈ ਬੁਆਏ ਫ੍ਰੈਂਡ ਨਹੀਂ। ਕੀ ਤੂੰ ਏਨੀ ਆਕਰਸ਼ਿਕ ਜਾਂ ਸਮਰੱਥ ਨਹੀਂ ਕਿ ਕਿਸੇ ਨਾਲ ਦੋਸਤੀ ਪਾ ਸਕੇਂ? ਜਾਂ ਤੂੰ ਏਨੀ ਹੀ ਗਈ ਗੁਜਰੀ ਹੈਂ ਕਿ ਕੋਈ ਤੇਰੇ ਨਾਲ ਦੋਸਤੀ ਕਰਨਾ ਪਸੰਦ ਨਹੀਂ ਕਰਦਾ? ਵੇਖ! ਲੋਕ ਕਿੱਦਾਂ ਫਨ ਕਰ ਰਹੇ ਹਨ ਤੇ ਤੂੰ ਇਕੱਲੀ! ਛੱਡ ਦੇਹ ਇਹ ਸਨਾਤਨ ਕੱਟੜਤਾ ਤੇ ਕਠੋਰਤਾ ਵਾਲਾ ਪੁਰਾਣਾ ਦ੍ਰਿਸ਼ਟੀਕੋਣ। ਲੱਚਕਤਾ ਤੇ ਨਰਮਾਈ ਅਜ ਕਲ ਸਮੇਂ ਦੀ ਲੋੜ ਹਨ।'

ਮੈਂ ਹਾਰ ਚੁੱਕੀ ਸਾਂ। ਮੈਂ ਆਪਣਾ ਆਪ ਕਿਸਮਤ ਦੇ ਅਰਪਣ ਕਰ ਦਿੱਤਾ। ਉਸ ਨੇ ਮੇਰੀ ਬਾਂਹ ਫੜ ਕੇ ਨਾਲ ਲਾ ਲਈ ਤੇ ਡਾਂਸਿੰਗ ਫਰਸ਼ ਉੱਪਰ ਹਜੂਮ ਵਿੱਚ ਸ਼ਾਮਲ ਹੋ ਗਏ। 'ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨਹੀਂ ਮਾਰਿਆ।' ਸੰਗੀਤ ਨਾਲ ਪੈਰ ਆਪੇ ਟਪਕਣ ਲੱਗ ਗਏ। ਉਹ ਮੇਰੀਆਂ ਅੱਖਾਂ ਵਿੱਚ ਉੱਤਰ ਗਿਆ।
ਮੈਂ ਨੱਚਦੀ ਨੱਚਦੀ ਪਸੀਨੋਂ-ਪਸੀਨੀ ਹੋਈ ਹਫ ਗਈ। ਏਨੀ ਨੱਚੀ ਕਿ ਮਾਣੋ-ਚਾਹਲ ਦੇ ਮੇਲੇ ਵਾਲੇ ਤੀਆਂ ਸਾਵੇਂ ਵੀ ਪਿੱਛੇ ਰਹਿ ਗਏ। ਨਾਲ ਦੇ ਸਾਥੀ ਥੱਕ ਟੁੱਟ ਕੇ ਹਟਦੇ ਰਹੇ ਪਰ ਮੈਂ ਨਹੀਂ ਹਟੀ। ਉੱਖਲੀ 'ਚ ਸਿਰ ਦਿੱਤਾ ਤਾਂ ਦੋ ਸੱਟਾਂ ਵੱਧ ਕੀ ਤੇ ਘੱਟ ਕੀ। 'ਆਸਿਫ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਮੈਂ ਉਸ ਨੂੰ ਵੀ ਨਜ਼ਰ-ਅੰਦਾਜ਼ ਕਰ ਦਿੱਤਾ। 'ਲਾਹ ਲੈਣ ਦੇਹ ਅੱਜ ਮੈਨੂੰ ਡੰਝਾਂ, ਅਮਰੀਕਾ ਵਾਲੀਆਂ ਤੇ ਪੰਜਾਬ ਵਾਲੀਆਂ ਸਾਰੀਆਂ।'

ਉਹ ਮੈਨੂੰ ਕਲਾਵੇ ਵਿੱਚ ਲੈ ਕੇ ਕਾਊਂਟਰ ਵੱਲ ਹੋ ਤੁਰਿਆ। ਉਸ ਦੀ ਬਗਲ ਵਿੱਚੋਂ ਤਿੱਖੀ ਨੋਕ ਮੇਰੀ ਵੱਖੀ ਚੋਭ ਗਈ ਤੇ ਮੇਰੀ ਚੀਕ ਨਿਕਲ ਗਈ। ਮੈਂ ਪਲ ਦੀ ਪਲ ਸਮਝੀ ਕਿ ਇਹ ਗਾਤਰਾ ਹੈ। ਮਨ ਵਿੱਚ ਕੁਝ ਕੁਝ ਧਰਵਾਸ ਬੰਨ੍ਹਿਆ ਕਿ ਸ਼ੁਕਰ ਹੈ ਗੁਰੂ ਦਾ ਪਿਆਰਾ ਸਿੱਖ ਮਿਲਿਆ ਹੈ, ਮੇਰੀ ਇੱਜ਼ਤ ਪਤ ਲਾਜ ਰੱਖੇ ਗਾ। ਅਗਲੇ ਹੀ ਪਲ ਮੇਰੀਆਂ ਧਾਰਨਾਵਾਂ ਨੇ ਦਮ ਤੋੜ ਦਿੱਤਾ ਜਦ ਉਸ ਨੇ ਸਿਗਰਟ ਸੁਲਗਾਈ ਤੇ ਧੂੰਏਂ ਦਾ ਫੁਰਕੜਾ ਮੇਰੇ ਮੂੰਹ ਤੇ ਦੇ ਮਾਰਿਆ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਪੀ।

'ਗਲ ਗਾਤਰਾ, ਹੱਥ ਕੜਾ ਤੇ ਇਹ ਸਿਗਰਟ! ਇਹ ਕੀ ਮੇਲ? ਇਹ ਕੀ ਛਲਾਵਾ?' ਮੈਂ ਮੱਥੇ ਤੀਊੜੀਆਂ ਪਾ ਕੇ ਉਸ ਨੂੰ ਪਿੱਛੇ ਝਟਕ ਦਿੱਤਾ।

'ਆਹ ਵੇਖ ਲੈ ਇੱਧਰ! ਮੋਟੀ ਭਾਰੀ ਅਫ਼ਰੀਕਣ ਸਮੈਕ ਦੇ ਸੂਟ੍ਹੇ ਭਰਦੀ, ਔਹ ਗਿਲਾਸ ਉਲਾਰਦਾ ਗੋਰਾ ਉਸ ਦਾ ਪਹਿਲਾ ਖ਼ਸਮ, ਨਾਲ ਖੜਾ ਕਾਲਾ ਹਬਸ਼ੀ ਗੁੰਦੀਆਂ ਮੀਂਡੀਆਂ ਵਾਲਾ ਉਸ ਦਾ ਅਣਵਿਆਹਿਆ ਜਵਾਈ, ਲਾਗੇ ਖੜੀ ਸੁੰਦਰ ਚਿੱਟੀ ਗੋਰੀ ਡੋਨਟ ਚੂੰਡਦੀ ਉਸ ਦੀ ਲੜਕੀ ਤੇ ਇਹ ਜਪਾਨੀ ਫੀਨ੍ਹਾ ਉਸ ਦਾ ਦੂਜਾ ਖਸਮ! ਸਾਰੇ ਮਿਲਗੋਭਾ ਨਸਲ ਜਾਤੀ ਦਾ ਵੰਸ਼! ਇਹ ਸਾਰਾ ਉਸੇ ਦਾ ਹੀ ਕੋੜਮਾ ਹੈ ਤੇ ਵੇਖ ਜੇ ਏਸੇ ਰਫ਼ਤਾਰ ਨਾਲ ਇਹ ਸਬੰਧ ਮਿਲਦੇ ਰਹੇ ਤਾਂ ਸਾਰੀ ਦੁਨੀਆ ਇਕਸਾਰ ਹੋ ਜਾਣੀ ਤੇ ਤੇਰੇ ਵਰਗੀਆਂ ਪਿਛਲੱਗ ਵੇਖਦੀਆਂ ਝੂਰਦੀਆਂ ਰਹਿ ਜਾਣੀਆਂ ਨੇ।' ਉਸ ਨੇ ਖਿੱਚ ਕੇ ਮੇਰੇ ਹੱਥ ਗਿਲਾਸੀ ਫੜਾ ਕੇ ਮਜ਼ਮੂਨ ਨੂੰ ਉਲਟਾ-ਪੁਲਟਾ ਕਰ ਦਿੱਤਾ।
'ਗੁਰਬਖਸ ਸਿੰਘ ਪ੍ਰੀਤ ਲੜੀ ਦਾ ਸਿਧਾਂਤ ਇਹ ਲੋਕ ਅਪਨਾ ਰਹੇ ਨੇ ਜਾਂ ਉਸ ਨੇ ਹੀ ਇਹਨਾਂ ਲੋਕਾਂ ਵੱਲ ਵੇਖ ਕੇ ਆਪਣਾ ਸਿਧਾਂਤਿਕ ਸੁਪਨਾ ਸਿਰਜਿਆ ਸੀ ਕਿ ਸੈਕਸ ਵੀ ਰੋਟੀ ਪਾਣੀ ਦੀ ਤਲਬ ਵਾਂਗ ਇਕ ਭੁੱਖ ਹੈ ਤੇ ਆਪਣੀ ਧੀ/ਪਿਓ, ਭੈਣ/ਭਰਾ ਨੂੰ ਛੱਡ ਕੇ ਇਹ ਮਿਟਾਉਣ ਦੀ ਖੁੱਲ ਹੋਣੀ ਚਾਹੀਦੀ ਹੈ। ਪਰ ਹੁਣ ਤਾਂ ਲੋਕ ਧੀ ਭੈਣ ਦੀ ਹੱਦ ਗੁਰਬਖਸ-ਕਾਰ ਤੋਂ ਵੀ ਅੱਗੇ ਲੰਘ ਗਏ ਨੇ। ਧੀਆਂ ਭੈਣਾਂ ਨਾਲ ਵੀ ਬਲਾਤਕਾਰ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ।' ਪ੍ਰੀਤ ਨਗਰ ਵੱਲ ਦੀ ਮੇਰੀ ਸੋਚ-ਉਡਾਰੀ ਸੰਗੀਤ ਦੇ ਸ਼ੋਰ-ਸ਼ਰਾਬੇ ਵਿੱਚ ਓਝਲ ਹੋ ਗਈ। ਹੁਣ ਤੱਕ ਮੇਰੀਆਂ ਅੱਖਾਂ ਦੀਆਂ ਪੁਤਲੀਆਂ ਤੇ ਦਿਮਾਗ਼ ਦੇ ਖਾਨੇ ਇਸ ਨਜ਼ਰੀਏ ਤੱਕ ਢਲ ਗਏ ਕਿ ਮੈਨੂੰ ਬੀਚ ਤੇ ਲੇਟਦੀ ਨਗਨਤਾ ਤੇ ਇਸ ਹਾਲ ਦਾ ਸਚਿੱਤਰ ਪ੍ਰਦਰਸ਼ਨ ਅਸ਼ਲੀਲ ਨਹੀਂ ਜਾਪਦਾ ਸਗੋਂ ਸੁੰਦਰਤਾ ਦੀ ਵਿਸ਼ਾਲ ਨੁਮਾਇਸ਼ ਦਿਸ ਰਹੀ ਸੀ। ਦੁਧਾਮੀ ਨਾਲ ਤਾਂ ਮੈਨੂੰ ਖੁੰਧਕ ਹੈ ਭੀਲੋ ਕਰਕੇ, ਪਰ ਕਾਲੇ ਕਾਲੇ ਸਡੌਲ ਕੱਸੇ ਤੇ ਮੋਟੇ ਮੋਟੇ ਨੈਣ-ਨਕਸ਼ਾ ਵਾਲੇ ਕਾਲੇ ਜਿਸਮ ਵੀ ਹੁਣ ਮੈਨੂੰ ਸੁੰਦਰ ਦਿਸਣ ਲੱਗੇ ਹਨ।
         'ਫੜ੍ਹ! ਸੰਜੀਵਨੀ ਬੂਟੀ ਹੈ ਇਹæææ ਕਈ ਬਿਮਾਰੀਆਂ ਦਾ ਇਲਾਜ। ਲੱਕੜ ਪੱਥਰ ਹਜ਼ਮ ਕਰਨ ਲਈ ਵਡਮੁੱਲਾ ਚੂਰਨ। ਇਸ ਤੋਂ ਬਗੈਰ ਅਮਰੀਕਾ ਦੀ ਰੋਟੀ ਹਜ਼ਮ ਨਹੀਂ ਹੁੰਦੀ।' ਉਸ ਦੀ ਚਟਪਟੀ ਉਤੇਜਨਾ ਨਾਲ ਬੁੱਲ੍ਹਾਂ ਨੂੰ ਲੱਗੀ ਗਲਾਸੀ ਮੈਂ ਥੂ ਥੂ ਕਰਦੀ ਇਕੇ ਸਾਹੇ ਖਾਲੀ ਕਰ ਦਿੱਤੀ।

'ਲੈ ਫੜ੍ਹ! ਤੇ ਭਰ ਦੇਹ ਇਕ ਪੈੱਗ ਹੋਰ।æææ ਯਾਰਾਂ ਦੀ ਜ਼ਹਿਰ ਪੀਵਾਂ ਗੀ ਮੈਂ ਅੰਮ੍ਰਿਤ ਜਾਣ ਕੇ ਮੇਰੇ ਹਿੱਸੇ ਪਿਆਲਾ ਇਹ ਆਣਿ ਦਿਓ ਦੋਸਤੋ।' ਕੌੜਾ ਘੁੱਟ ਕਰ ਕੇ ਮੈਂ ਖਿੜਖਿੜਾ ਕੇ ਹੱਸੀ।
       ਭੀਲੋ ਜਿਸ ਦੀ ਮੈਂ ਅੰਦਰੇ ਹੀ ਦੋਬਾਰਾ ਮਿਲਨ ਦੀ ਤਾਂਘ ਕਰ ਰਹੀ ਸੀ, ਦੀ ਖ਼ਬਰ ਵੀ ਆਸਿਫ ਨੇ ਮੈਨੂੰ ਸੁਣਾ ਦਿੱਤੀ। 'ਬੁਲੈਜ਼ੀ ਜਿਸ ਨੇ ਅੱਜ ਦੀ ਪਾਰਟੀ ਵਿੱਚ ਆਉਣ ਦਾ ਮੇਜ਼ਬਾਨ ਨਾਲ ਇਕਰਾਰ ਕੀਤਾ ਸੀ, ਨੇ ਆਪਣੇ ਪ੍ਰੇਮੀ ਨੂੰ ਗੋਲੀ ਮਾਰ ਕੇ ਬੱਚੀ ਨੂੰ ਬੁੱਕਲ ਵਿੱਚ ਲੈ ਕੇ ਗੋਲਡਨ ਗੇਟ ਬਰਿੱਜ ਤੋਂ ਛਾਲ ਮਾਰ ਕੇ ਸਮੁੰਦਰ ਦੀਆ ਲਹਿਰਾਂ ਨਾਲ ਸਦੀਵੀ ਦੋਸਤੀ ਪਾ ਲਈ ਹੈ।'
'ਚੰਗਾ ਕੀਤਾ! ਤੂੰ ਆਪਣਾ ਧਰਮ ਕਮਾ ਗਈ।' ਮੈਂ ਖੜ੍ਹੀ ਹਟਕੋਰੇ ਭਰਨ ਲੱਗੀ।

'ਫਾਰਗੈੱਟ! ਮਰਨ ਵਾਲੇ ਦੇ ਨਾਲ ਨਹੀਂ ਮਰਿਆ ਜਾਂਦਾ। ਕਿਸੇ ਦੇ ਮਰਨ ਨਾਲ ਧਰਤੀ ਉੱਤੋਂ ਕੁਝ ਨਹੀਂ ਘਟਦਾ। ਵੇਖ ਇਹ ਸਭ ਉਤਸਵ! ਇਵੇਂ ਹੀ ਚਲਦੇ ਰਹਿਣੇ ਨੇ। ਉਹ ਬੜੀ ਮਾਰ-ਖੰਡੀ ਕੁੜੀ ਸੀ ਪਰ ਪਤਾ ਨਹੀਂ ਹਰਾਮੀ ਨੇ ਉਸ ਦੇ ਸਿਰ ਕੀ ਧੂੜ ਦਿੱਤਾ। ਸ਼ਰੀਫ਼ ਲੜਕੀ ਗਲਤ ਅਪਰਾਧੀ ਗੈਂਗ ਦੇ ਟੇਟੇ ਚੜ੍ਹ ਗਈ ਤੇ ਆਪਣੀ ਸੁੰਦਰ ਕਾਇਆਂ ਦਾ ਅੰਤ ਕਰ ਗਈ। ਵੇਖ ਇਹ 'ਕੜਾ'! ਉਸੇ ਨੇ ਹੀ ਪ੍ਰੇਮ ਨਿਸ਼ਾਨੀ ਦਿੱਤੀ ਸੀ ਮੈਨੂੰ। ਮੈਂ ਸੁੱਟ ਦੇਣਾ ਹੁਣ ਇਹ ਕੜਾ।' ਉਸ ਨੇ ਕੜੇ ਨੂੰ ਹੱਥ ਪਾਇਆ।

'ਇਹ ਕੜਾ ਮੈਂ ਤੈਨੂੰ ਸੁੱਟਣ ਨਹੀਂ ਦੇਣਾ, ਇਸ ਤੋਂ ਅੱਗੇ ਵੀ ਵਧਾਉਣਾ ਹੈ। ਮੈਂ ਇਸ ਦੀ ਬੇਹੁਰਮਤੀ ਨਹੀਂ ਵੇਖ ਸਕਦੀ।' ਮਨ ਹੀ ਮਨ ਵਿੱਚ ਵੜੇ ਪਕਾਉਂਦੀ, ਉਸ ਦਾ ਮਸੂਮ ਚਿਹਰਾ ਨਿਹਾਰਦੀ, ਮੈਂ ਉਸ ਦਾ ਹੱਥ ਫੜ੍ਹ ਲਿਆ।

'ਮੈਨੂੰ ਪਗੜੀ ਵੀ ਬਨ੍ਹਾਈ ਸੀ ਉਸ ਨੇ। ਆਪਣਾ ਬਣਾਉਣ ਲਈ ਪਰੇਰਨਾ ਕਰਦੀ ਰਹੀ ਪਰ ਆਪ ਝੱਲੀ ਜਿਹੀ ਕਾਲਿਆਂ ਦੇ ਚੁੰਗਲ ਵਿੱਚ ਫਸ ਕੇ ਬੁਜ਼ਦਿਲਾਂ ਦੇ ਰਸਤੇ ਪੈ ਗਈ। ਮੈਨੂੰ ਉਸ ਦੇ ਮਰਨ ਦਾ ਬਹੁਤ ਦੁੱਖ ਹੈ ਤੇ ਨਾਲ ਹੋਰ ਵੱਡਾ ਅਫਸੋਸ ਕਿ ਮੇਰਾ ਇੱਕ ਪਸਤੌਲ ਵੀ ਨਾਲ ਹੀ ਲੈ ਗਈ।' ਉਸ ਨੇ ਹਉਕੇ ਭਰਦੇ ਇਕ ਡਬਲ ਹਾੜਾ ਆਪਣੇ ਅੰਦਰ ਸੁੱਟਿਆ ਤੇ ਮੈਨੂੰ ਧੀਰਜ ਬਨ੍ਹਾਉਂਦੇ ਹੋਰ ਗਿਲਾਸੀ ਮੇਰੇ ਮੂੰਹ ਨੂੰ ਛੁਹਾ ਦਿੱਤੀ।

'ਚੰਗਾ ਕੀਤਾ ਉਸ ਸ਼ੀਹਣੀ ਨੇ, ਜਿਸ ਨੇ ਇਕ ਧੱਕੜ-ਸ਼ਾਹ ਰਾਖਸ਼ ਨੂੰ ਜੋ ਹਰ ਵੇਲੇ ਆਦਮ ਬੋ ਆਦਮ ਬੋ ਕਰਦਾ ਮੌਤ ਦੇ ਪੈਗ਼ਾਮ ਵੰਡਦਾ ਫਿਰਦਾ ਸੀ, ਖਤਮ ਕਰ ਦਿੱਤਾ। ਨਹੀਂ ਤੇ ਪਤਾ ਨਹੀਂ ਉਹ ਕਿੰਨਾ ਕੁ ਆਤੰਕ ਫੈਲਾ ਕੇ ਕਿੰਨੀਆਂ ਜਾਨਾਂ ਦਾ ਖੌ ਬਣਦਾ।' ਉਸ ਨੇ ਮਸ੍ਹੋਸਿਆ ਜਜ਼ਬਾਤੀ ਜਿਹਾ ਚਿਹਰਾ ਬਣਾ ਲਿਆ।

'ਧੰਨਵਾਦ ਤੇਰਾ, ਤੂੰ ਆਪਣਾ ਕੰਮ ਆਪ ਕਰ ਗਈ, ਨਹੀਂ ਤੇ ਇਹ ਕੰਮ ਮੈਨੂੰ ਕਰਨਾ ਪੈਣਾ ਸੀ।' ਮੈਂ ਕਚੀਚੀ ਵੱਟੀ। ਅੰਦਰੋਂ ਮੈਂ ਵੀ ਅਜੇਹੇ ਜੰਗਲੀ ਨਿਜ਼ਾਮ ਤੋਂ ਪੂਰੀ ਤਰ੍ਹਾਂ ਡਹਿਲ ਗਈ ਸੀ ਜਿੱਥੇ ਕਿਸੇ ਨੂੰ ਹਥਿਆਰ ਲੈਣ ਦੀ ਕੋਈ ਬੰਦਿਸ਼ ਨਹੀਂ ਤੇ ਜਿਸ ਵੱਲ ਜਿਹੜਾ ਮਰਜ਼ੀ ਜਦ ਮਰਜ਼ੀ ਬੰਦੂਕ ਦੀ ਨਾਲੀ ਸਿੱਧੀ ਕਰ ਦੇਵੇ। ਮੇਰੇ ਸਾਹਮਣੇ ਦੁਧਾਮੀ ਦਾ ਲੰਬੇ ਲੰਬੇ ਦੰਦ ਕੱਢਦਾ ਜਿੰਨ ਦਣਦਣਾਉਂਦਾ ਮੇਰੀਆਂ ਸੋਚਾਂ 'ਚ ਖੱਲੜ ਮਚਾਉਣ ਲੱਗਾ।

'ਤੂੰ ਵੀ ਤਿਆਰ ਰਹਿ, ਤੇਰੇ ਨਾਲ ਪਤਾ ਨਹੀਂ ਕੀ ਬੀਤਣੀ ਹੈ ਤੇ ਤੈਨੂੰ ਕਿਸ ਰਸਤੇ ਤੁਰਨਾ ਪੈਣਾ ਹੈ। ਹੁਣ ਤੱਕ ਪੰਜ ਭਾਰਤੀ ਵਿਦਿਆਰਥਣਾਂ ਗੋਲੀ ਦਾ ਸ਼ਿਕਾਰ ਹੋ ਚੁੱਕੀਆਂ ਨੇ ਤੇ ਛੇਵਾਂ ਨੰਬਰ  ਸ਼ਾਇਦ ਤੇਰਾ ਹੋਵੇ।' ਆਕਾਸ਼ਵਾਣੀ ਦੇ ਬੋਲ ਮੇਰੇ ਜ਼ਿਹਨ ਵਿੱਚ ਧਮਾਲਾਂ ਖੜਕਾਉਂਦੇ ਰਿੱਝਣ ਲੱਗੇ।

ਟੈਲੀਫੋਨ ਦੀ ਫਿਰ ਘੰਟੀ ਵੱਜੀ ਹੈ। ਮੈਂ ਝਕਦੀ ਹਾਂ। ਟੈਲੀਫੋਨ ਵਿੱਚੋਂ ਮੈਨੂੰ ਉਸੇ ਕਾਲੇ ਜਮਦੂਤ ਦਾ ਚਿਹਰਾ ਸਾਹਮਣੇ ਦਿਸਣ ਲਗਦਾ ਹੈ। ਮਾਸੀ ਜੀ ਦੀ ਬਿੜਕ ਆਈ ਹੈ, 'ਵੇਖ ਨੀ ਕੌਣ ਹੈ ਵਿਚਾਰਾ ਜੋ ਬਾਰ ਬਾਰ ਟਰਾਈ ਕਰ ਰਿਹਾ ਹੈ।' ਟੈਲੀਫੋਨ ਫਿਰ ਬੰਦ ਹੋ ਗਿਆ ਹੈ, ਕਿਸੇ ਚੁੱਕਿਆ ਹੀ ਨਹੀਂ।

'ਆਸਿਫ ਦੇ ਗਲ ਦਾ ਪਟਾ ਹਰ ਰੋਜ਼ ਆਪਣਾ ਡੀਲ-ਡੌਲ ਤੇ ਮੂੰਹ-ਮੁਹਾਂਦਰਾ ਬਦਲਦਾ ਰਹਿੰਦਾ। ਕਦੇ ਇਹ ਗਾਤਰਾ ਬਣ ਜਾਂਦਾ, ਕਦੇ ਗੱਨ, ਕਦੇ ਸਲੀਬ ਤੇ ਕਦੇ ਇਹ ਸੱਪ ਬਣ ਫੂੰਕਾਰਾਂ ਮਾਰਦਾ ਛਲੇਡੇ ਵਾਂਗ ਮੈਨੂੰ ਉਲਝਾਉਣ ਲਗਦਾ। ਮੈਂ ਬੜੀ ਸ਼ਸ਼ੋਪੰਜ ਵਿੱਚ ਪੈ ਗਈ। ਮੈਨੂੰ ਉਸ ਦੀ ਤਲਬ ਭਾਰੂ ਹੋ ਗਈ। ਸੁੱਤੇ ਜਾਗਦੇ ਉਸ ਨੂੰ ਉਡੀਕਦੀ ਰਹਿੰਦੀ। ਉਸ ਦੀ ਖਾਲੀ ਕੁਰਸੀ ਮੈਨੂੰ ਤੀਰਾਂ ਵਾਂਗ ਚੁਭਦੀ ਮਹਿਸੂਸ ਹੋਣ ਲਗਦੀ। ਉਹ ਕਈ ਕਈ ਦਿਨ ਕਾਲਜ ਤੋਂ ਗਾਇਬ ਰਹਿੰਦਾ। ਅਚਨਚੇਤ ਉੱਡਦੀ ਫੇਰੀ ਉਹ ਕਲਾਸ ਵਿੱਚ ਆਉਂਦਾ, ਦਾਦਾ ਗਿਰੀ ਜਿਹਾ ਵਿਵਹਾਰ ਕਰਦਾ ਤੇ ਹਾਜਰੀ ਲਗਾ ਕੇ ਮੁਸ਼ਟੰਡਿਆਂ ਵਾਂਗ ਚਲਦਾ ਬਣਦਾ। ਜਦ ਉਹ ਆਉਂਦਾ ਸ਼ਹਿਦ ਉੱਤੇ ਮੱਖੀਆਂ ਵਾਂਗ ਉਸ ਦੁਆਲੇ ਝੁਰਮਟ ਲੱਗ ਜਾਦਾ। ਅਛੋਪਲ਼ੇ ਜਿਹੇ ਉਸ ਦੇ ਪਿੱਛੇ ਇਕ ਦੋ ਹੋਰ ਕੁੜੀਆਂ ਜੂਲੀਅਨ, ਐਰਿਕਾ ਤੇ ਮੁੰਡੇ ਬਾਹਰ ਖਿਸਕ ਗਏ। ਨਫ਼ਰਤ ਤੇ ਸਾੜੇ ਨਾਲ ਮੇਰਾ ਵਜੂਦ ਮੱਚ ਉੱਠਿਆ।

ਪ੍ਰੋਫੈਸਰ ਉਸ ਦਾ ਪਿੱਛਾ ਵੇਖਦਾ, ਮੂੰਹ ਵਿੱਚ ਬੁੜਬੁੜ ਕਰਨ ਲੱਗਾ। 'ਅੱਛਾ ਕੰਮ ਕਰਦਾ ਹੈ ਇਹ ਦੋ-ਸਾਲਾ। ਆਪਣੇ ਆਪ ਨੂੰ ਉਡਾਰੂ ਲਿਖਦਾ ਹੈæææ ਅਸਮਾਨਾਂ ਵਿੱਚ ਉੱਡਣ ਵਾਲਾ। ਤਕੜਾ ਧੰਧਾ ਕਰਦਾ ਡਾਲਰ ਕਮਾਉਂਦਾ ਹੈ, ਇਹਨੂੰ ਪੜ੍ਹਾਈ ਦਾ ਕੀ?' ਛਿਲਤਰ ਜਿਹੀ ਮਾਰ ਗਿਆ।

ਉਸ ਦੇ ਬਦਲਦੇ ਲੱਛਣ ਅਤੇ ਪ੍ਰੋਫੈਸਰ ਦੀ ਕਾਟਵੀਂ ਨਸ਼ਤਰ ਕੁਤਰੂੰ ਕੁਤਰੂੰ ਕਰਦੀ ਮੇਰਾ ਸੀਨਾ ਛਲਨੀ ਕਰ ਗਈ। ਮੈਂ ਉਸ ਦੇ ਪਿੱਛੇ ਬਾਹਰ ਨਿਕਲ ਤੁਰੀ। ਉਸ ਦਿਨ ਹੋਰਾਂ ਨੂੰ ਪੁੜੀਆਂ ਕੈਪਸੂਲ ਵੰਡਦਾ ਮੈਨੂੰ ਵੇਖ ਕੇ ਉਹ ਬਹੁਤ ਘਬਰਾਇਆ ਤੇ ਬੌਂਦਲਿਆ ਜਿਹਾ ਮੈਥੋਂ ਪਾਸਾ ਵੱਟਣ ਲੱਗਾ।

'ਮੈਨੂੰ ਦੱਸੋ ਪਲੀਜ਼! ਤੁਹਾਡਾ ਕਿਹੜਾ ਠਿਕਾਣਾ ਹੈ? ਤੁਸੀਂ ਕਿਹੜੀ ਨੌਕਰੀ ਕਰ ਲਈ ਹੈ? ਤੁਹਾਡੇ ਤੇ ਕੀ ਮੁਸੀਬਤ ਆਣਿ ਪਈ ਹੈ? ਮੈਂ ਤੁਹਾਡੀ ਕੀ ਤੇ ਕਿਵੇਂ ਮਦਦ ਕਰ ਸਕਦੀ ਹਾਂ?' ਮੇਰੀ ਪੁਕਾਰ ਤੇ ਉਹ ਪਲ ਦੀ ਪਲ ਰੁਕਿਆ।

'ਗੋ ਗੋæææ ਜਾਓ। ਮਿਹਰਬਾਨੀ ਕਰਕੇ ਵਾਪਿਸ ਜਾਉ ਕਲਾਸ ਵਿੱਚ।' ਕੰਨ ਵਿੱਚੋਂ ਆਈ-ਪੌਡ ਬੁੱਜੇ ਕੱਢ ਕੇ ਉਹ ਮੈਨੂੰ ਘੁਰਕੀਆਂ ਦੇਣ ਲੱਗਾ। ਜਿਵੇਂ ਚੋਰ ਸੰਨ੍ਹ ਤੋਂ ਫੜ੍ਹਿਆ ਗਿਆ ਹੋਵੇ, ਉਹ ਝੂਠੇ ਜਿਹੇ ਡਰਾਮੇ ਕਰਦਾ ਮੈਥੋਂ ਕੰਨੀਂ ਕਤਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

'ਮੈਨੂੰ ਛੱਡ ਦਿਓ ਮੇਰੇ ਹਾਲ ਤੇ ਰਹਿਮ ਕਰੋ। ਮੇਰੀ ਸੀæ ਆਈæ ਡੀæ ਕਰਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਬਚੇ ਰਹੋæææ ਜੇææ ਜੇæææ ਜਿੰਨਾਂ ਚਿਰ ਬਚੇ ਰਹਿ ਸਕਦੇ ਹੋ। ਇਹ ਰਸਤਾ ਬੜਾ ਕਸੂਤਾ ਹੈ ਜਿਸ ਰਸਤੇ ਤੇ ਪਿਆ ਕਦੇ ਕੋਈ ਘੱਟ ਹੀ ਪਿੱਛੇ ਮੁੜਿਆ ਹੈæææ ਮੇਰੇ ਪਿੱਛੇ ਨਾ ਆਉ।' ਢਾਕਾਂ ਤੇ ਹੱਥ ਰੱਖੀ ਖੜ੍ਹ ਗਿਆ।

'ਸੈਕਸ ਬੜੀ ਕੁੱਤੀ ਬਲਾ ਹੈ ਬਾਬਿਓ, ਜੇ ਅੰਦਰ ਸੁੱਤੀ ਰਹੇ ਤਾਂ ਮੀਸਣੀ, ਜੇ ਜਾਗ ਪਵੇ ਤਾਂ ਫਿਰ ਨਟ-ਖਟ, ਕੁਪੱਤੀ, ਹਰਾਂਬੜ, ਜੋ ਮਰਜ਼ੀ ਨਾਮ ਦੇ ਲਓ। ਫਿਰ ਇਹ ਕੋਈ ਵੀ ਕਾਰਾ ਕਰ ਸਕਦੀ ਹੈ। ਕੋਈ ਮੇਚ ਬੰਨਾਂ ਨਹੀਂ ਇਸ ਕਾਮ ਬਿਰਤੀ ਦਾ। ਜਵਾਨੀ ਤੇ ਇਸ਼ਕ ਦਾ ਕੋਈ ਸਾਨੀ ਨਹੀਂ। ਹੁਸਨ ਅੱਗ ਹੈ ਜਦ ਇਸ਼ਕ ਦੀ ਫੂਕ ਵੱਜ ਜਾਏ ਇਹ ਭੜਾਕਾ ਬਣ ਉੱਠਦੀ ਹੈ।'

ਤੁਹਾਨੂੰ ਯਾਦ ਹੈ ਤੁਸੀਂ ਆਪ ਹੀ ਪ੍ਰਵਚਨ ਕੀਤਾ ਸੀ ਇਕ ਦਿਨ! ਤੇ ਹੁਣ ਇਸ਼ਕ ਜਗਾ ਕੇ ਚੋਰੀਆਂ ਕਮਾ ਰਹੇ ਹੋ। ਮੈਂ ਇੱਕ ਮਿੰਟ ਵੀ ਨਹੀਂ ਬਚ ਸਕਦੀ ਹੁਣ। ਦੌੜਨਾ ਚਾਹੁੰਦੇ ਹੋ! ਯਾਦ ਰੱਖੋ ਮੈਂ ਤੁਹਾਨੂੰ ਦੌੜਨ ਨਹੀਂ ਦੇਣਾ। ਤੁਹਾਡੇ ਨਾਲ ਚੱਲੂੰ ਗੀ। ਜਿੱਥੇ ਚੱਲੇਂ ਗਾ ਜਾਊਂ ਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈਂ।

ਮੇਰੇ ਰਿਹਾੜ ਕਰਨ ਤੇ ਉਹ ਨਕਲੀ ਜਿਹਾ ਮੁਸਕਰਾਇਆ। ਉਸ ਦੀਆਂ ਅੱਖਾਂ ਤਰਲ ਹੋ ਗਈਆਂ।

'ਤੇ ਚਲ ਫਿਰ! ਕਰ ਹਿੰਮਤ।' ਉਸ ਨੇ ਬੇਧਿਆਨੇ ਅੱਖੜ-ਪੁਣੇ ਵਿੱਚ ਮੈਨੂੰ ਹੁੰਗਾਰਾ ਭਰਿਆ। ਮੈਂ ਅੰਨ੍ਹੇ-ਵਾਹ ਉਸ ਦੇ ਪਿੱਛੇ ਹੋ ਤੁਰੀ।

ਦੱਬ੍ਹ ਕਾਹੀ ਸਰਕੜੇ ਦੀ ਦਲਦਲ ਵਿੱਚੋਂ ਗੁਜ਼ਰਦਾ ਉਸ ਦਾ ਕਾਲਾ ਹਮਰ ਹਰਿਆਉਲੀ ਪਹਾੜੀ ਦੇ ਪੈਰਾਂ ਵਿੱਚ ਖਿੱਲਰੀ ਇੱਕ ਕੋਠੀ ਸਾਹਮਣੇ ਜਾ ਰੁਕਿਆ। ਪਹਾੜੀ ਵੱਲ ਜੁੜਵੇਂ ਵਲਗਣ ਵਿੱਚ ਘੋੜਿਆਂ ਦਾ ਅਸਤਬਲ! ਲਿੱਦ ਦੀ ਗੋਡੇ ਗੋਡੇ ਬਦਬੂ ਮੇਰੇ ਸਿਰ ਨੂੰ ਚੜ੍ਹਨ ਲੱਗੀ। ਗੇਟ ਤੇ ਖੜੇ ਮੜਾਸੇ ਬੰਨ੍ਹੀਂ ਦੋ ਵਿਅਕਤੀ ਬਾਹਰ ਝਾਕੇ ਤੇ ਮੁੜ ਅੰਦਰ  ਵੜ ਗਏ। ਪੂਰੀ ਰੀਝ ਲਾ ਕੇ ਸਜਾਏ ਇਸ ਮਕਾਨ ਵਿੱਚ ਰੇਸ਼ਮੀ ਤੇ ਸ਼ਨੀਲ ਦੇ ਵਿਛਾਏ ਵਿਛਾਉਣੇ ਤੇ ਉਹ ਪਸੱਕਾ ਮਾਰ ਕੇ ਵਿਛ ਗਿਆ ਤੇ ਮੈਨੂੰ ਵੀ ਹੱਮੇ ਜਿਹੇ ਅਦਬ ਨਾਲ ਸੋਫੇ ਵੱਲ ਇਸ਼ਾਰਾ ਕੀਤਾ। ਪਗੜੀ, ਪਸਤੌਲ, ਗੱਨ ਤੇ ਕਿੰਨੇ ਸਾਰੇ ਕਾਰਤੂਸ! ਵੇਖ ਕੇ ਖਾੜਕੂਵਾਦ ਸਮੇਂ ਹਰੀ-ਕੇ-ਮੰਡ ਦੀਆਂ ਸੁਣੀਆਂ ਕਹਾਣੀਆਂ ਦੇ ਸੀਨ ਮੇਰੇ ਸਾਹਮਣੇ ਸਪਸ਼ਟ ਉਜਾਗਰ ਹੋ ਗਏ।

'ਅੱਛਾ! ਤੇ ਇਹ ਹੈ ਤੇਰੀ ਉਕਾਤ, ਤੇਰੀ ਕਰਤੂਤ, ਤੇਰਾ ਅਸਲੀ ਰੂਪ!'

'ਮੈਂ ਇੱਥੇ ਪਾਰਟ-ਟਾਈਮ ਕੰਮ ਕਰਦਾ ਹਾਂ, ਇਸ ਕੋਠੀ ਦੀ ਸਾਂਭ ਸੰਭਾਲ ਤੇ ਸਫਾਈ ਕਰਨਾ ਮੇਰਾ ਜੁੰਮਾਂ ਹੈ।' ਉਸ ਨੇ ਆਪਣੇ ਆਪ ਹੀ ਮੇਰੇ ਅਣਪੁੱਛੇ ਸਵਾਲਾਂ ਦਾ ਜਵਾਬ ਦੇ ਦਿੱਤਾ ਭਾਵੇਂ ਤਬੇਲੇ ਦੀ ਸਫਾਈ ਵਾਲਾ ਉਹ ਉਹਲਾ ਰੱਖ ਗਿਆ। ਮੈਨੂੰ ਦਾਲ ਵਿੱਚ ਕੁਝ ਕਾਲਾ ਕਾਲਾ ਹੀ ਨਹੀਂ ਕੋੜਕੂ ਵੀ ਸਾਫ ਦੰਦਾਂ ਥੱਲੇ ਆਉਂਦਾ ਪ੍ਰਤੱਖ ਜ਼ਾਹਿਰ ਹੋ ਗਿਆ ਪਰ ਮੈਂ ਜਰਾ ਜਿੰਨਾ ਵੀ ਡਰ ਘਬਰਾਹਟ ਦਾ ਅਹਿਸਾਸ ਮੱਥੇ ਤੇ ਨਹੀਂ ਆਉਣ ਦਿੱਤਾ। ਫਸੀ ਨੂੰ ਫੁੜਕਣ ਕੀ? ਵੇਖੀ ਜਾਏ ਗੀ।

'ਅੱਜ ਤੈਨੂੰ ਅਜ਼ਮਾਉਣ ਲਈ ਤੇਰੇ ਜਿੰਮੇ ਇਕ ਛੋਟਾ ਜਿਹਾ ਮਮੂਲੀ ਕੰਮ ਲਗਾਉਣਾ ਹੈ। ਮੈਨੂੰ ਪਤੈ ਤੂੰ ਬਹੁਤ ਬਹਾਦਰ ਕੁੜੀ ਹੈਂ। ਜੇ ਪਾਸ ਹੋ ਗਈ ਤਾਂ ਵਿਆਹ ਕਰਾ ਲੈਣਾ ਮੈਂ ਤੇਰੇ ਨਾਲ ਫਿਰ।' ਪਸਤੌਲ ਦੀ ਚੱਕ ਥਲ ਕਰਦੇ ਉਸ ਨੇ ਮੇਰੀ ਬਹਾਦਰੀ ਨੂੰ ਵੰਗਾਰ ਪਾਈ, ਜਿਵੇਂ ਕੋਈ ਸਵੰਬਰ ਰਚਣ ਲੱਗਾ ਹੋਵੇ।

'ਦੱਸੋ! ਮੈਨੂੰ ਸੇਵਾ ਦੱਸੋ। ਮੈਂ ਜਰੂਰ ਕਰਾਂ ਗੀ ਜੇ ਠੀਕ ਲੱਗਾ ਤਾਂ,ææ ਪਰ ਵਿਆਹ ਦੀ ਲੋਰੀ ਜਰੂਰੀ ਨਹੀਂ।' ਮੇਰੀ ਰੁੱਖੀ ਜਿਹੀ ਰਜ਼ਾਮੰਦੀ ਤੇ ਉਹ ਉਤਸ਼ਾਹਿਤ ਹੋ ਗਿਆ।

'ਇਹ ਇਕ ਪੈਕਟ ਮੇਰੀ ਭੈਣ ਦਾ ਹੈ ਜੋ ਪਿਛਲੇ ਹਫਤੇ ਆਈ ਸੀ ਤੇ ਇੱਥੇ ਭੁੱਲ ਗਈ, ਉਸ ਨੂੰ ਪਹੁੰਚਾਉਣਾ ਹੈ। ਇਸ ਵਾਸਤੇ ਤੈਨੂੰ ਇਕ ਦਿਨ ਟਰਾਲੇ ਵਿੱਚ ਸਫ਼ਰ ਕਰਨਾ ਪਊ।'

'ਚਲੋ ਕੋਸ਼ਿਸ਼ ਕਰਦੇ ਹਾਂ। ਜੇ ਅੰਕਲ ਜੀ ਦਾ ਕੋਈ ਟਰੱਕ ਜਾਂ ਦੋਸਤ ਮਿੱਤਰ ਜਾਣ ਵਾਲਾ ਹੋਊ ਤਾਂ ਉਨ੍ਹਾਂ ਨੂੰ ਸਿਫਾਰਿਸ਼ ਪਾ ਦਿਆਂ ਗੀ।' ਮੈਂ ਚਾਰ ਪੰਜ ਕਿੱਲੋ ਭਾਰਾ ਪੈਕਟ ਹੱਥਾਂ ਤੇ ਧਰ ਕੇ ਤੋਲਿਆ।

'ਨਹੀਂ ਕਿਸੇ ਵਿਚੋਲੇ ਰਾਹੀਂ ਨਹੀਂ, ਇਹ ਐਮਰਜੈਂਸੀ ਹੰਗਾਮੀ ਗੁਪਤ ਮਾਮਲਾ ਹੈ। ਆਪਣੇ ਹੱਥੀਂ ਆਪਣਾ, ਆਪੇ ਹੀ ਕਾਜ ਸਵਾਰੀਏ।'

'ਟਰੱਕ ਵਿੱਚ ਚੜ੍ਹਨ ਸੜਨ ਤੋਂ ਬਿਨਾ ਕੋਈ ਹੋਰ ਉਪਰਾਲਾ ਕਰ ਵੇਖਦੇ ਹਾਂ। ਵੇਖੀਏ! ਹੁਣੇ ਹੀ ਹਵਾਈ ਅੱਡੇ ਤੇ ਕੋਈ ਵਾਕਫ਼ ਸਵਾਰੀ ਮਿਲ ਗਈ ਤੇ ਤਰਲਾ ਮਾਰ ਵੇਖਾਂ ਗੇ। ਇਹ ਕੀ ਔਖਾ ਕੰਮ ਹੈ।' ਮੈਂ ਸੁਤੇ-ਸਿੱਧ ਹਾਂ ਕਰ ਦਿੱਤੀ।

ਹਵਾਈ ਅੱਡੇ ਤੇ ਇੱਕ ਬਾਬਾ ਜੀ ਨਾਲ ਜਾ ਫਤਿਹ ਬੁਲਾਈ। ਦੋ ਚਾਰ ਅਗਲੀਆਂ ਪਿਛਲੀਆਂ ਮਾਰੀਆਂ। ਉਹ ਬੜੇ ਮਿਲਾਪੜੇ ਅਹਿਸਾਨ-ਮੰਦ ਸੀਰਤ ਦੇ ਮਾਲਕ ਜਾਪਦੇ ਵਿਕਟੋਰੀਆ ਜਾ ਰਹੇ ਸਨ। ਮੇਰੇ ਨਾਨਕਿਆਂ ਦੀ ਸਾਂਝ ਨਿਕਲ ਆਈ। ਉਹ ਜਲਦੀ ਹੀ ਪਸੀਜ ਗਏ। ਮੇਰੀ ਬੇਨਤੀ ਸਹਿਜ-ਸੁਭਾ ਹੀ ਮੰਨ ਗਏ। ਵਾਪਿਸ ਮੁੜ ਕੇ ਆਪਣੇ ਕੰਪਿਊਟਰ ਤੇ ਬੈਠਾ ਆਸਿਫ ਬੜੀ ਬੇਸਬਰੀ ਉਤਸੁਕਤਾ ਨਾਲ ਉੱਡਦੇ ਜਹਾਜ਼ ਦੀ ਨਿਸ਼ਾਨਦੇਹੀ ਕਰਦਾ ਰਿਹਾ। ਪੰਜ ਘੰਟਿਆਂ ਵਿੱਚ ਉਹ ਸਮਾਨ  ਉਸ ਦੀ 'ਭੈਣ' ਦੇ ਹੱਥ ਪਹੁੰਚ ਗਿਆ। ਤਸਦੀਕ ਕਰ ਕੇ ਉਹ ਬਹੁਤ ਸਰਸ਼ਾਰ ਹੋਇਆ ਖੁਸ਼ੀ ਨਾਲ ਟੱਪ ਉੱਠਿਆ।

ਅਲਮਾਰੀ ਵਿੱਚੋਂ ਕੱਢ ਕੇ ਇੱਕ ਪਰਸ ਹੋਰ ਮੇਰੇ ਹਵਾਲੇ ਕਰ ਦਿੱਤਾ। 'ਲੈ ਇਹ ਤੇਰਾ ਇਨਾਮ। ਪਤਾ ਨਹੀਂ ਇਸ ਭੁਗਤਾਨ ਵਾਸਤੇ ਸਾਨੂੰ ਕਿੰਨੀਆਂ ਰਾਤਾਂ ਝਾਕ ਕੇ ਟਰੱਕਾਂ ਟਰਾਲਿਆਂ ਦੇ ਡਾਲਿਆਂ ਵਿੱਚ ਸੜਨਾ ਪੈਣਾ ਸੀ ਜਾਂ ਕਿੰਨੀਆਂ ਬੇੜੀਆਂ ਪਾਰ ਕਰਨੀਆਂ ਪੈਣੀਆਂ ਸਨ। ਬੜੀ ਕੰਮ ਦੀ ਚੀਜ਼ ਹੈਂ ਤੂੰ।' ਉਸ ਨੇ ਮੇਰੇ ਮੱਥੇ ਤੇ ਹਲਕਾ ਜਿਹਾ ਚੁੰਮਣ ਦੇ ਦਿੱਤਾ। 'ਕਿੱਥੋਂ ਚੋਰੀ ਡਾਕੇ ਮਾਰ ਕੇ ਮੈਨੂੰ ਇਸ ਦਾ ਭਾਈਵਾਲ ਬਣਾ ਧਰਿਆ ਇਸ ਨੇ?æææ ਚਲ ਹੋਊ! ਤੇਰਾ ਅੰਬ ਖਾਣ ਦਾ ਮਤਲਬ ਹੈ ਨਾ ਕਿ ਪੱਤੇ ਗਿਣਨ ਦਾ?' ਅਣ-ਕਹੇ ਸੁਆਲ ਜੁਆਬ ਮੇਰੇ ਅੰਦਰ ਹੀ ਘਾਂਊਂ-ਮਾਂਊਂ ਹੋ ਗਏ।

      'ਦਿਨ ਹੋਣ ਪੱਧਰੇ ਤਾਂ ਭੁੱਜੇ ਉੱਗਣ ਮੋਠ।' ਇਹ ਸੋਭਾ ਤਾ ਮੱਲੋ-ਮੱਲੀ ਹੀ ਮੇਰੀ ਝੋਲੀ ਆਣ ਪਈ। ਵੈਸੇ ਇਸ ਵੱਡੀ ਜੂਏ ਵਾਲੀ ਖੇਡ ਵਿੱਚ ਮੇਰਾ ਯੋਗਦਾਨ ਤਾਂ ਕੁਝ ਵੀ ਨਹੀਂ ਸੀ। ਚੂੜੀਆਂ ਤੇ ਨੈਕਲਸ ਪਰਸ ਵਿੱਚ ਫਨੀਅਰ ਵਾਂਗੂ  ਫੁੰਕਾਰ ਰਹੇ ਸਨ। ਪਹਿਲੀ ਫੇਰੀ ਵਿੱਚ ਏਨਾ ਕੁਛ! ਨਾਲੇ ਇੱਕੋ ਮੁੱਠੇ ਨਕਦ ਇੱਕ ਹਜਾਰ ਡਾਲਰ! ਯਾਨੀ ਕਿ ਪੰਜਾਹ ਹਜਾਰ ਰੁਪੈ!  ਮੈਂ ਫੁੱਲ ਫੁੱਲ ਪਹਾੜ ਹੁੰਦੀ ਜਾ ਰਹੀ ਸਾਂ।

ਮੈਂ ਆਪਣੇ ਆਪ ਧਰਤੀ ਤੋਂ ਪੰਜ ਫੁੱਟ ਉੱਪਰ ਵਧੀ ਵਧੀ ਮਹਿਸੂਸ ਕਰਦੀ ਹਾਂ। 'ਚੋਖੀ ਕਮਾਈ ਦਾ ਸਾਧਨ ਹੈ ਇੱਥੇ ਇਹਦੇ ਕੋਲ।' ਏਨੀ ਥੋੜੀ ਦੇਰ ਤੇ ਛੋਟੀ ਉਮਰੇ ਹੀ ਮੈਂ ਅਮੀਰੀ ਦੀਆਂ ਕਿੰਨੀਆਂ ਪੌੜੀਆਂ ਚੜ੍ਹ ਗਈ ਹਾਂ। ਆਪਣੇ ਘਰ ਪੈਸੇ ਭੇਜਾਂ ਗੀ ਢੇਰ ਸਾਰੇ। ਘਰਦਿਆਂ ਨੂੰ ਦੱਸਾਂ ਗੀ? ਮੈਂ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰਦੀ ਹਾਂ। ਗੁੱਡ ਗੁੱਡ! ਮੈਂ ਇਸ ਤਰਾਂ ਪਿੱਛੇ ਡਾਲਰ ਭੇਜਾਂ ਗੀ। ਮੈਂ ਕਿਹੜੀ ਮੁੰਡਿਆਂ ਨਾਲੋਂ ਘੱਟ ਹਾਂ! ਕਹਾਂ ਗੀ ਮੈਂ ਕਾਲਜ ਵਿੱਚ ਬਹੁਤ ਮਹਾਨ ਕਾਰਨਾਮਾ ਕੀਤਾ ਹੈ ਜਿਸ ਦੇ ਇਵਜ਼ ਵਜੋਂ ਮੈਨੂੰ ਢੇਰ ਸਾਰੇ ਇਨਾਮ ਤੇ ਮਾਨਤਾ ਮਿਲੀ ਹੈ। ਮੰਮੀ ਡੈਡੀ ਆਪਣੀ ਕਮਾਊ ਬੇਟੀ ਤੇ ਬਹੁਤ ਖੁਸ਼ ਹੋਣਗੇ।' ਮੈਂ ਇੱਥੇ ਹੀ ਭਵਿੱਖਤ ਸੁਪਨੇ ਸਿਰਜ ਲਏ, ਭਾਵੇਂ ਮੈਨੂੰ ਪਤਾ ਸੀ ਕਿ ਇਹ 'ਚਾਰ ਦਿਨਾਂ ਦੀ ਚਾਂਦਨੀ ਫਿਰ ਅੰਧੇਰੀ ਰਾਤ' ਹੀ ਤਾਂ ਹੁੰਦੀ ਹੈ ਅਜੇਹੀ ਹਰਾਮ ਦੀ ਕਾਲੀ ਕਮਾਈ।

ਇਕ ਹਫਤੇ ਦੀਆਂ ਛੁੱਟੀਆਂ ਹਨ। ਅੰਕਲ ਜੀ ਵੀ ਮੇਰੀ ਇਸ ਫੇਰੀ ਸਮੇਂ ਬਹੁਤ ਦਿਆਲੂ ਹੋ ਗਏ ਜਾਪਦੇ ਨੇ ਜਿਵੇਂ ਉਨ੍ਹਾਂ ਨੂੰ ਕੋਈ ਗਿੱਦੜ-ਸਿੰਗੀ ਮਿਲ ਗਈ ਹੋਵੇ। 'ਇਹ ਨਕਲੀ ਗਹਿਣੇ ਤੇਰੀ ਸੁਹਣੀ ਮਨਮੋਹਣੀ ਸੂਰਤ ਨਾਲ ਮੇਲ ਨਹੀਂ ਖਾਦੇ। ਮੈਂ ਤੈਨੂੰ ਸੋਨੇ ਬਰਾਬਰ ਤੋਲ ਦੇਊਂ, ਸਾਡੇ ਦਿਨ ਫਿਰਨ ਵਾਲੇ ਨੇ। ਬੱਸ ਕੁਝ ਦਿਨਾਂ ਦੀ ਹੀ ਸਾੜ੍ਹਸਤੀ ਦਾ ਪਹਿਰਾ ਬਾਕੀ ਹੈ। ਪੰਡਿਤ ਨੇ ਇੱਕ ਹਫਤੇ ਦੀ ਮੁਹਲਤ ਦਿੱਤੀ ਹੈ ਕਿ ਇਸ ਹਫਤੇ ਸਾਰੇ ਕਾਰਜ ਸਿੱਧ ਹੋ ਜਾਣੇ ਨੇ। ਮੈਂ ਤੇਰੇ ਮੰਮੀ ਪਾਪਾ ਨੂੰ ਵੀ ਬੁਲਾ ਲੈਣਾ ਹੈ। ਉਹ ਵੀ ਜਲਦੀ ਤੇਰੇ ਕੋਲ ਪਹੁੰਚ ਜਾਣੇ ਨੇ। ਤੂੰ ਮੇਰਾ ਖਿਆਲ ਰੱਖਿਆ ਕਰ।' ਉਹ ਫਲਾਉਣੀਆਂ ਦਿੰਦੇ ਨੇ।

'ਚੰਗਾ ਹੋਊ, ਤੁਹਾਡੇ ਪੈਕਟ ਵੀ ਲੈ ਆਉਣ ਗੇ!' ਅਛੋਪਲ਼ੇ ਹੀ ਮੇਰੇ ਮੂੰਹੋਂ ਨਿਕਲ ਜਾਦਾ ਹੈ। 'ਨਾਲੇ ਇਹ ਗਹਿਣੇ ਨਕਲੀ ਨਹੀਂ ਅੰਕਲ ਜੀ, ਇਹ ਅਸਲੀ ਹੈ ਸ਼ੁੱਧ ਸੋਨਾ! ਮੇਰੀ ਆਪਣੀ ਕੀਤੀ ਹੋਈ ਨੇਕ ਮਿਹਨਤੀ ਕਮਾਈ।' ਮੋਢੇ ਉੱਚੇ ਕਰਕੇ ਕਹਿੰਦੀ ਕਹਿੰਦੀ ਮੇਰੇ ਬੁੱਲ੍ਹਾਂ ਅੰਦਰ ਹੀ ਜਜ਼ਬ ਹੋ ਗਿਆ।

'ਹਾਂ ਪੁੱਤ ਮੇਰੀ ਦਵਾਈ ਮੁੱਕੀ ਹੋਈ ਹੈ। ਮੈਂ ਸੋਚਦਾ ਹਾਂ ਕਿਸੇ ਨਜ਼ਦੀਕੀ ਭੈਣ ਭਾਈ ਦੇ ਹੱਥ ਹੀ ਮੰਗਵਾਵਾਂ ਗਾ।' ਅੰਕਲ ਜੀ ਬੁੜਬੁੜਾਉਂਦੇ ਸਿਰ ਹਿਲਾਉਂਦੇ ਹਨ, ਜਿਵੇਂ ਕਹਿ ਰਹੇ ਹੋਣ, 'ਡੁੱਬਦੇ ਨੂੰ ਤਿਣਕੇ ਦਾ ਸਹਾਰਾ।'

         ਅੱਜ ਕਲ੍ਹ ਗੇਰੂਏ ਰੰਗ ਦੇ ਹਲਵਾ ਕੱਦੂ ਦੀ ਤਾਂ ਜਿਵੇਂ ਸ਼ਾਮਤ ਹੀ ਆ ਗਈ। ਹਰ ਚੌਂਕ, ਹਰ ਬਜ਼ਾਰ ਵਿੱਚ ਢੇਰਾਂ ਦੇ ਢੇਰ ਪਏ ਗਰਮ ਪਕੌੜਿਆਂ ਵਾਂਗ ਵਿਕ ਰਹੇ ਸਨ। ਕੋਈ ਵੀ ਅਜੇਹਾ ਘਰ ਨਹੀਂ ਜਿਸ ਨੇ ਇਹ ਨਾ ਖ਼ਰੀਦਿਆ ਹੋਵੇ। ਪਿਛਲੀ ਸ਼ਾਮ ਭਾਬੀ ਜੀ ਇੱਕ ਵੱਡਾ ਸਾਰਾ ਹਲਵਾ ਘਰ ਲੈ ਆਈ। ਭੂਆ ਜੀ ਨੇ ਅੰਦਰੋਂ ਇਸ ਦਾ ਸਾਰਾ ਗੁੱਦਾ ਕੱਢ ਕੇ ਸਬਜ਼ੀ ਬਣਾ ਕੇ ਫਰਿੱਜ ਵਿੱਚ ਟਿਕਾ ਦਿੱਤੀ ਤੇ ਇਸ ਦੇ ਖੋਲ ਦੀਆਂ ਅੱਖਾਂ ਨੱਕ ਬੁੱਲ੍ਹ ਕੰਨ ਬਣਾਏ ਤੇ ਡਰਾਉਣਾ ਬਣਾ ਕੇ ਘਰ ਮੂਹਰੇ ਨਜ਼ਰਵੱਟੂ ਲਟਕਾ ਦਿੱਤਾ।

ਇਕੱਤੀ ਅਕਤੂਬਰ ਸ਼ਾਮ ਦਾ ਸਮਾ ਹੋਲੋਵੀਨ ਦਾ ਦਿਨ ਸੀ। ਘਰ ਦੇ ਚਾਰ-ਚੁਫੇਰੇ ਰੰਗ-ਬਰੰਗੀਆਂ ਬਲਬਾਂ ਬੱਤੀਆਂ ਦੀਆਂ ਲੜੀਆਂ ਰੋਸ਼ਨੀ ਖਿੰਡਾ ਰਹੀਆਂ ਸਨ। ਇਹ ਭੂਤਾਂ, ਪ੍ਰੇਤਾਂ, ਦੁਸ਼ਟ ਗਰੈਹਾਂ ਜਾਂ ਭੈੜੀਆਂ ਰੂਹਾਂ ਨੂੰ ਤ੍ਰਿਪਤ ਕਰਨ ਦਾ ਇੱਕ ਸਬੱਬ ਮੰਨਿਆਂ ਜਾਦਾ ਹੈ ਜੋ ਸਾਲ ਭਰ ਵਿੱਚ ਇੱਕ ਦਿਨ ਹੀ ਆਉਂਦਾ ਹੈ। ਸਾਰੇ ਘਰਾਂ ਦੇ ਬਾਹਰ ਲੋਕਾਂ ਨੇ ਨਵੀਂ ਨਵੀਂ ਕਿਸਮ ਦੇ ਕਾਰਟੂਨ, ਡਰਾਉਣੇ ਬਣਾ ਕੇ ਟੰਗੇ ਹੋਏ ਸਨ। ਭੂਆ ਜੀ ਇਸ ਸਭ ਪ੍ਰੋਗਰਾਮ ਦੀ 'ਬੇਬੇ' ਬਣੀ ਫਿਰਦੀ ਸੀ। ਇਸ ਸਾਲ ਕਾਰੋਬਾਰ ਤੇ ਪਏ ਡਾਕਿਆਂ, ਛਾਪਿਆਂ, ਚੱਟੀਆਂ ਤੇ ਘਾਟਿਆਂ ਕਰਕੇ ਅਜੇਹੇ ਟੂਣੇ-ਟਪਾਣੇ ਤੇ ਉਪਾਅ ਜਰਾ ਜਿਆਦਾ ਹੀ ਉੱਘੜ ਆਏ। ਕਾਲੇ ਗਾਊਨ ਵਾਲਾ ਆਦਮ-ਕੱਦ 'ਡਰਾਉਣਾ' ਗੇਟ ਤੇ ਗੱਡਿਆ ਦੰਦ ਕੱਢੀ ਖੜ੍ਹਾ ਹੱਸ ਰਿਹਾ ਸੀ। ਉਸ ਦੇ ਅੰਦਰ ਜਗਦੀਆਂ ਬੁਝਦੀਆਂ ਸਵੈ -ਚਲਤ ਬੱਤੀਆਂ ਉਸ ਦੇ ਲੰਬੇ ਦੰਦ ਚਮਕਾ ਰਹੀਆਂ ਸਨ। ਭੂਆ ਜੀ ਨੇ ਹੀ ਸਟੀਲ ਦੇ ਢਾਂਚੇ ਉੱਤੇ ਕਾਲਾ ਗਾਊਨ ਪਾ ਕੇ ਹਬਸ਼ੀ ਰੋਬਟ ਬਣਾ ਧਰਿਆ ਜਿਸ ਤੋਂ ਮੈਂ ਪਹਿਲਾਂ ਹੀ ਕੋਹਾਂ ਦੂਰ ਡਰਦੀ ਸਾਂ।

ਭਾਲੂ, ਲੂੰਬੜੀ, ਪਾਈਲਟ, ਅੱਗ-ਬੁਝਾਊ ਅਫਸਰ ਆਦਿ ਵੰਨ-ਸੁਵੰਨੇ ਭਿਆਨਕ, ਡਰਾਉਣੇ, ਹਸਾਉਣੇ ਨਕਲਚੀ ਮਖੌਟੇ ਪਹਿਨੀ ਮੁੰਡੇ, ਕੁੜੀਆਂ, ਬੱਚੇ, ਬੁੱਢੇ ਬੂਹੇ ਤੇ ਦਸਤਕ ਦੇ ਰਹੇ ਸਨ।

' ਹੈਪੀ ਹੋਲੋਵੀਨ! ææææ। ਟਰਿੱਕ ਆਰ ਟਰੀਟ?' ਗਾਜ਼ਾ ਕਰਨ ਵਰਗੇ ਝਲੂੰਗੇ ਵਿੱਚੋਂ ਰੀਕਾਰਡ ਕੀਤਾ ਹੋਇਆ ਅਲਖ ਜਗਾਉਂਦਾ ਸਵਾਲ ਸੁਣਦਾ ਹੈ।

'ਟਰੀਟ!' ਲੀਜ਼ਾ ਤੇ ਮਾਰਟਿਨ ਇਕੱਠੇ ਬੋਲ ਪਏ।

ਭਾਬੀ ਅਤੇ ਭੂਆ ਜੀ ਦੇ ਪੜ੍ਹਾਏ ਸਿਖਾਏ ਹੱਸਦੇ ਹੱਸਦੇ ਫੌਜੀ ਦੀ ਵਰਦੀ ਵਿੱਚ ਮਾਰਟਿਨ ਤੇ ਨਰਸ ਦੇ ਪਹਿਰਾਵੇ ਵਿੱਚ ਲੀਜ਼ਾ ਟਾਫੀਆਂ ਦੀਆਂ ਟੋਕਰੀਆਂ ਫੜ੍ਹੀ ਉਨ੍ਹਾਂ ਨੂੰ ਅੱਗੇ ਹੋ ਹੋ ਵੰਡ ਰਹੇ ਹਨ। ਮੰਗਣ ਵਾਲੇ ਟਾਫੀਆਂ ਦੇ ਇੱਕ ਗੁੱਡੀ-ਬੈਗ ਨਾਲ ਹੀ ਸੰਤੁਸ਼ਟ ਅਸੀਸਾਂ ਦਿੰਦੇ ਜਾ ਰਹੇ ਹਨ। ਭੂਤ! ਦੀ ਅਗਵਾਈ ਵਾਲਾ ਵੱਡਾ ਟੋਲਾ ਬੈਗ ਲੈ ਕੇ ਵੀ ਅੜ ਗਿਆ। ਬੱਚੇ ਛਿੱਥੇ ਜਿਹੇ ਪਿੱਛੇ ਮੁੜ ਸ਼ਕਾਇਤ ਕਰਦੇ ਹਨ। ਮੈਂ ਅੱਗੇ ਜਾਂਦੀ ਹਾਂ। ਉਹ ਸਾਰੇ ਚਾਮ੍ਹਲੇ ਫਿਰਦੇ ਹਨ।

'ਟਰਿੱਕ ਆਰ ਟਰੀਟ?' ਕਾਲੇ ਚੋਲੇ ਦੇ ਯੰਤਰ ਵਿੱਚੋਂ ਭੂਤਰਿਆ ਹੋਇਆ ਸਵਾਲੀਆ ਇਸ਼ਾਰਾ ਉੱਭਰਦਾ ਹੈ।

'ਟਰਿੱਕ!' ਮੈਥੋਂ ਕਹਿ ਹੋ ਜਾਂਦਾ ਹੈ ਭਾਵੇਂ ਮੈਨੂੰ ਇਸ ਦਾ ਕੋਈ ਮਤਲਬ ਪਤਾ ਨਹੀਂæææ ਸ਼ਾਇਦ 'ਕਰਾਮਾਤ ਦਿਖਾਓ ਜਾਂ ਸਿਰ ਨਿਵਾਓ' ਜਿਹਾ ਕੁਝ ਹੋਵੇ। ਉਹ ਮਦਾਰੀ ਦੀ ਪਟਾਰੀ ਵਾਂਗ ਭੁੰਜੇ ਵਿਸ਼ ਜਾਦੇ ਹਨ। ਸਾਰੇ ਬਾਣਿਆਂ ਵਿੱਚੋਂ ਪਹਿਲਾਂ ਹੀ ਭਰੀਆਂ ਵਚਿੱਤਰ ਸੰਗੀਤਕ ਆਵਾਜ਼ਾਂ ਨਿਕਲਦੀਆਂ ਹਨ।

   ਇਕ ਵਿਅਕਤੀ ਥੱਲੇ ਲਿਟ ਕੇ ਚੁਪਾਇਆ ਬਣ ਕੇ ਟਪੂਸੀਆਂ ਮਾਰਨ ਲੱਗ ਜਾਂਦਾ ਹੈ। 'ਪੂਚæææਪੂਛ  ਕੂਰææਕੂਰæææ ਡੈਂਸ ।' ਦੀ ਆਵਾਜ਼ ਨਾਲ ਕਾਲਾ ਨਕਲਚੀ ਡਾਂਸ ਕਰਦਾ ਹੈ। ਸਾਰੇ ਹੋ ਹੱਲਾ ਕਰਦੇ ਹੱਸਦੇ ਹਨ। ਭੂਤ ਦੇ ਮਾਸਕ ਵਾਲਾ ਆਕਾਰ ਉੱਚੇ ਉੱਚੇ ਦੰਦ ਦਿਖਾਉਂਦਾ ਸਲੂਟ ਮਾਰਦਾ, ਹੱਥਾਂ ਪੈਰਾਂ ਦੇ ਘੁੰਗਰੂ ਛਣਕਾਉਂਦਾ ਮੇਰੇ ਮੂਹਰੇ ਠੂਠਾ ਕਰਦਾ ਹੈ। ਮੈਂ ਮੁੱਠ ਭਰ ਕੈਂਡੀਆਂ ਕਾਸੇ 'ਚ ਪਾ ਦਿੰਦੀ ਹਾਂ। ਰਾਵਣ ਵਾਂਗ ਅੱਗੇ ਹੋ ਕੇ ਮੈਨੂੰ ਹਰਨ ਕਰਨ ਦਾ ਡਰਾਮਾ ਕਰਦਾ ਗਲਵਕੜੀ ਪਾਉਂਦਾ ਕੰਨ ਵਿੱਚ 'ਕੱਲ੍ਹ ਤਿਆਰ ਰਹਿਣਾ, ਕਿਸੇ ਮੁਹਿੰਮ ਤੇ ਜਾਣਾ ਹੈ' ਹੁਕਮ ਚਾੜ੍ਹ ਦਿੰਦਾ ਹੈ। ਦੂਸਰੇ ਹੀ ਪਲ ਉਹ ਭੂਤ ਦਾ ਮਖੌਟਾ ਲਾਹ ਕੇ ਥੱਲਿਓਂ ਪਾਈਲਟ ਬਣ 'ਛੂੰਅਅਅ ਅਅ' ਮਿੱਗ ਜਹਾਜ਼ ਦੀ ਆਵਾਜ਼ ਮਚਾਉਂਦਾ ਦੋਹੇਂ ਹੱਥ ਬਾਂਹਾਂ ਜੋੜ ਕੇ ਚੜ੍ਹਦੇ ਜਹਾਜ਼ ਵਾਂਗ ਉੱਪਰ ਨੂੰ ਉੱਛਲਦਾ ਹੈ। ਸਾਥੀ ਤਾੜੀਆਂ ਮਾਰ ਚੜਗਿੱਲ੍ਹੀ ਮਚਾਉਂਦੇ ਜੋਰ ਜੋਰ ਦੀ ਹੱਸਦੇ ਹਨ। 'ਚੰਗਾ ਟਰਿੱਕ ਹੈ ਇਹ!' ਮੈਂ ਅੰਦਰੇ ਹੀ ਅੰਦਰ ਖੁਸ਼ੀ ਨਾਲ ਪਗਲੀ ਖੀਵੀ ਹੋ ਰਹੀ ਸਾਂ। ਉਸ ਦੇ ਅੰਦਾਜ਼ ਅਤੇ ਟਰਿੱਕ ਵੇਖ ਸੁਣ ਕੇ ਭੂਆ ਜੀ ਡੌਰ-ਭੌਰੀ ਜਿਹੀ ਹੋਈ ਉਸ ਵਿੱਚ ਹੀ ਖੁਭ ਜਾਂਦੀ ਹੈ। ਉਸ ਦੇ ਜਾਂਦੇ ਦਾ ਪਿੱਛਾ ਨਾਪਦੀ ਰਹੀ। ਮੈਂ ਡਰਦੀ ਸਾਂ, ਮੇਰੇ ਸੁਪਨਿਆਂ ਦਾ ਸੌਦਾਗਰ ਆਏ ਗਾæææ ਜਰੂਰ ਆਏ ਗਾ। ਮੈਨੂੰ ਛੇੜੇ ਗਾ ਝੱਲਾ ਜਿਹਾ, ਕੋਈ ਅੱਗਾ ਪਿੱਛਾ ਨਹੀਂ ਵੇਖਦਾ। ਅੰਕਲ ਜੀ ਉਹਨਾਂ ਨੂੰ ਵੇਖ ਕੇ ਖਪੇ ਹੋਣ ਗੇ।

'ਥੈਂਕ ਗੋਡ! ਨੇੜੇ ਹੀ ਛੁਟਕਾਰਾ ਹੋ ਗਿਆ। ਅੰਕਲ ਜੀ ਦੀ ਨਜ਼ਰੀਂ ਨਹੀਂ ਚੜ੍ਹਿਆ।' ਮੈਂ ਖੁਸ਼ ਹਾਂ ਪਰ ਅੰਦਰ ਹੀ ਅੰਦਰ ਮੱਚ ਉੱਠਦੀ ਹਾਂ। ਮੈਨੂੰ ਯਕੀਨ ਹੈ ਉਹ ਫੇਰ ਗੇੜਾ ਮਾਰੇ ਗਾ। ਹਾਏ! ਜੇ ਉਹ ਕਾਲਾ ਵੀ ਨਾਲ ਆ ਗਿਆ ਤਾਂ? ਉਸ ਦੀ ਬਦ-ਰੂਹ ਵੀ ਤਾਂ ਇਧਰ ਹੀ ਉਡਦੀ ਫਿਰਦੀ ਹੈ ਦੁਧਾਮੀ ਦੀæææ ਹਰਾਮੀ ਦੀ, ਇਹਨਾਂ ਦੇ ਪਿੱਛੇ ਨਾਲ ਨਾਲ।

ਪਿੱਛੇ ਮੁੜਦੀ ਹਾਂ। ਅੰਕਲ ਜੀ ਖੜ੍ਹੇ ਮੁੱਛਾਂ ਨੂੰ ਮਰੋੜਾ ਦੇ ਰਹੇ ਹਨ ਜਿਵੇਂ ਸਾਰਾ ਮਜਮਾ ਵੇਖ ਰਹੇ ਹੋਣ। ਵਿਸਕੀ ਬੋਤਲ, ਸਲਾਦ, ਗਿਲਾਸ ਤੇ ਸੋਢਾ ਦਿਖਾ ਕੇ ਅੰਕਲ ਜੀ ਨੂੰ ਪਿਛਲੀ ਬੈਕ-ਯਾਰਡ ਬਗੀਚੀ ਵੱਲ ਇਸ਼ਾਰਾ ਕਰਦੀ ਹਾਂ। ਪਹਿਲਾਂ ਇਹ ਡਿਊਟੀ ਭੂਆ ਜੀ ਕਰਿਆ ਕਰਦੇ ਸਨ। ਮੇਰੇ ਮੇਜ਼ ਕੁਰਸੀ ਟਿਕਾਉਣ ਤੱਕ ਉਨ੍ਹਾਂ ਦੀਆਂ ਨਜ਼ਰਾਂ ਮੈਨੂੰ ਨਿਹਾਰ ਰਹੀਆਂ ਹਨ। ਅੰਕਲ ਜੀ ਬੁੱਲ੍ਹਾਂ ਤੇ ਜ਼ਬਾਨ ਫੇਰਦੇ 'ਥੈਂਕ ਜੂ' ਕਹਿੰਦੇ ਮੇਰਾ ਸਿਰ ਬਗਲ 'ਚ ਲੈ ਲੈਂਦੇ ਹਨ। ਉਨ੍ਹਾਂ ਦੀਆਂ ਕੱਛਾਂ ਦੀ ਬਦਬੂ ਮੇਰੀਆਂ ਨਾਸਾਂ ਨੂੰ ਚੜ੍ਹਦੀ ਹੈ।

'ਆਸਿਫ ਦੇ ਇਸ ਤਰ੍ਹਾਂ ਘਰ ਆ ਕੇ ਮੁੜ ਜਾਣ ਤੇ ਮੈਨੂੰ ਚਿਤਮਣੀ ਜਿਹੀ ਲੱਗ ਗਈ। ਆਪਣੇ ਆਪ ਨੂੰ ਕੋਸਦੀ ਹਾਂ। ਕਿੰਨਾ ਚੰਗਾ ਹੁੰਦਾ ਜੇ ਮੈਂ ਉਹਨੂੰ ਅੰਕਲ ਜੀ ਨਾਲ ਮੁਲਾਕਾਤ ਕਰਾ ਦਿੰਦੀ ਜਾਂ ਭੂਆ ਜੀ ਨਾਲ਼æ ਖੌਰੇ ਇਹੀ ਇਸ ਦਾ ਗਵਾਚਾ 'ਚੰਦ' ਹੋਵੇ। ਆਸਿਫ ਦਾ ਭੋਲਾ ਅੱਥਰਾ ਚਿਹਰਾ ਦੇਰ ਰਾਤ ਤੱਕ ਮੇਰੇ ਸਾਹਮਣੇ ਮੇਰੀ ਮਾਨਸਿਕਤਾ ਨੂੰ ਟੁੰਬਦਾ ਘੂਰਦਾ ਛੇਦ ਕਰਦਾ ਰਿਹਾ। ਪਲ ਭਰ ਵੀ ਮੈਨੂੰ ਨੀਂਦ ਚੈਨ ਨਾ ਆਇਆ। ਬੇਚੈਨੀ ਨਾਲ ਮੇਰਾ ਬਦਨ ਤਪਣ ਲਗਦਾ ਹੈ। ਉਠ ਕੇ ਬਾਹਰ ਦੀ ਤਾਕੀ ਖੋਲ੍ਹਦੀ ਹਾਂ। ਬਾਹਰ ਕਿਣ-ਮਿਣ ਹੋ ਰਹੀ ਸੀ। ਨਹਾਉਣ ਵਾਲੇ ਪੂਲ ਵਿੱਚ ਛਾਲ ਮਾਰਨ ਨੂੰ ਦਿਲ ਕਰਦਾ ਸੀ। ਠੰਢੀ ਹਵਾ ਦਾ ਬੁੱਲਾ ਕੁਝ ਰਾਹਤ ਪ੍ਰਦਾਨ ਕਰਦਾ ਹੈ। ਕਿੱਲੀ ਤੇ ਟੰਗੀ ਛਤਰੀ ਫੜ੍ਹ ਕੇ ਵਰ੍ਹਦੇ ਮੀਂਹ ਵਿੱਚ ਸੈਰ ਨੂੰ ਮਨ ਲਲਚਾ ਜਾਂਦਾ ਹੈ। ਹਾਏ! ਔਹ ਦੁਧਾਮੀ ਵੀ ਨਾਲ ਹੀ ਫਿਰਦਾ ਹੈ। ਮੈਨੂੰ ਖਿਝ ਚੜ੍ਹ ਜਾਦੀ ਹੈ। ਜੀ ਕਰਦਾ ਹੈ ਕੱਚਾ ਹੀ ਖਾ ਜਾਵਾਂ ਅਜੇਹੇ ਦੁਸ਼ਟ ਨੂੰ। ਆ ਤੇਰੇ ਡੇਲੇ ਕੱਢਾਂæææ।

ਮੇਰੇ ਮੋਢੇ ਸਿਰ ਮੂੰਹ ਤੇ ਕਿਸੇ ਦਾ ਪੋਲਾ ਜਿਹਾ ਹੱਥ ਫਿਰਨ ਲੱਗਾ ਮੈਂ ਇਕ ਦਮ ਝਟਕ ਦਿੱਤਾ। ਪਲ-ਝਪਟ ਵਿੱਚ ਮੈਂ ਆਪਣਾ ਬਦਨ ਸ਼ੈਤਾਨ ਦੁਧਾਮੀ ਦੇ ਪੰਜਿਆਂ ਜਿਹੀ ਪੀਡੀ ਜਕੜ ਵਿੱਚ ਮਹਿਸੂਸ ਕੀਤਾ। ਮੇਰੀ ਅੱਧੀ ਕੁ ਚੀਖ਼ ਕਿਸੇ ਮਜ਼ਬੂਤ ਪੰਜੇ ਨੇ ਘੁੱਟ ਲਈ। ਆਪਣੇ ਆਪ ਨੂੰ ਛੁਡਾਉਣ ਦੀ ਵਾਹ ਲਾਈ ਪਰ ਨਿਸਫਲ ਹੋ ਕੇ ਅਖੀਰਲਾ ਵਿਕਲਪ 'ਦੰਦਾਂ ਵਾਲਾ ਹਥਿਆਰ' ਜੋ ਸਕੂਲ ਦੀ ਕਰਾਟੇ ਵਾਲੀ ਟੀਚਰ ਨੇ ਸਿਖਾਇਆ ਸੀ ਵਰਤ ਲਿਆ।

ਟੈਲੀਫੋਨ ਦੀ ਘੰਟੀ ਫੇਰ ਖੜਕੀ ਹੈ। 'ਹੈਲੋ ਹੈਲੋææææਕੌਣ ਐਂ ਤੂੰ? ਬੋਲਦਾ ਕਿਉਂ ਨਹੀਂ? ਰੈਸਕਲ਼æ ਨਾਨਸੈਂਸ।' ਭੂਆ ਜੀ ਦੇ ਤਲਖ਼ ਦਬਕੇ ਨਾਲ ਮੇਰੇ ਲੂੰਕੰਡੇ ਖੜੇ ਹੋ ਜਾਂਦੇ ਨੇ।

'ਸਬਰ ਕਰ ਧੀਏ! æææ  ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣ ਗੇ।' ਮੇਰੀਆਂ ਪ੍ਰਤੱਖ ਪਰੇਸ਼ਾਨੀਆਂ ਤੇ ਗਮਗੀਨੀਆਂ ਦੀ ਜਾਣੀ-ਜਾਣ ਭੂਆ ਟੈਲੀਫੋਨ ਛੱਡ ਕੇ ਮੈਨੂੰ ਗਲਵੱਕੜੀ ਭਰ ਲੈਂਦੀ ਹੈ। ਪਿੱਠ ਤੇ ਫਿਰਦੇ ਭੂਆ ਜੀ ਦੇ ਹੱਥ ਮੈਨੂੰ ਰੁਮਾਂਚਕਾਰੀ ਹੁਲਾਰਾ ਦਿੰਦੇ ਹਨ। ਮੇਰੀ ਮਨੋਬਿਰਤੀ ਬਾਹਰ ਗੇਟ ਵੱਲੋਂ ਆਸਿਫ ਦੀ ਵੌੜ ਅਤੇ ਉਸ ਦੀ ਵਿਸਮਾਦੀ ਸਪਰਸ਼ ਦਾ ਅਹਿਸਾਸ ਮਾਨਣ ਲਗਦੀ ਹੈ æææ ਦਰਵਾਜੇ ਦੀ ਘੰਟੀ ਵੱਜਦੀ ਹੈ। ਭੂਆ ਜੀ ਦੁਪੱਟਾ ਕਲੁੰਜਦੇ ਦਰਵਾਜ਼ਾ ਖੋਲ੍ਹਦੇ ਹਨ।

'ਆਓ ਬੇਟੇ! ਆਓ। ਧੰਨਭਾਗ ਮੇਰੇ! ææਵੇ ਪੁੱਤ! ਤੂੰ ਪਹਿਲਾਂ ਆਪਣਾ ਨਾਮ ਪਤਾ ਟਿਕਾਣਾ ਦੱਸ। ਮੈਨੂੰ ਤਾਂ ਸਾਰੀ ਰਾਤ ਤੇਰੀ ਸੂਰਤ ਸੀਰਤ, ਤੇਰੇ ਝੁੰਗਲਮਾਟੇ, ਤੇਰੀ ਛੂੰਅਅਅ æææ ਨੇ ਸੌਣ ਨਹੀ ਦਿੱਤਾ। ਤੇਰੀ ਆਵਾਜ਼, ਤੇਰਾ ਅੰਦਾਜ਼, ਤੇਰੀ ਕਿਲਕਾਰੀ ਨਿਰੀ ਪੁਰੀ ਮੇਰੇ 'ਚੰਦ' ਨਾਲ ਮੇਲ ਖਾਂਦੀ ਹੈ।' ਉਹ ਉੱਠ ਕੇ ਭੂਆ ਦੇ ਗਲ ਚੰਬੜ ਜਾਂਦਾ ਹੈ। ਪਲ ਦੀ ਪਲ ਮੈਨੂੰ ਸਾੜਾ ਹੋਣ ਲਗਦਾ ਹੈ ਕਿ ਇਸ ਭੂਆ-ਸੜੂਆ ਦੀ ਬੰਦੀ ਬਣਾ ਦਿਆਂ ਪਰ ਭੂਆ ਉਸ ਨੂੰ ਬਾਂਹਾਂ 'ਚ ਘੁੱਟਦੀ ਚਿਲਾਉਣ ਲੱਗੀ ਹੈ 'ਆਓ ਨੀ ਵੇਖੋ ਮੇਰਾ ਪਾਈਲਟ ਆ ਗਿਆ। ਮੇਰਾ ਚੰਦ ਮੈਨੂੰ ਮਿਲ ਗਿਆ।' ਹੰਝੂਆਂ ਦੀਆਂ ਦੋ ਨਦੀਆਂ ਇਕੱਠੀਆਂ ਵਹਿ ਤੁਰਦੀਆਂ ਹਨ। ਮੈਂ ਵੇਖ ਰਹੀ ਹਾਂ ਅਨੂਠਾ ਅਲੌਕਿਕ ਨਜ਼ਾਰਾ ਜਿਵੇਂ ਇੱਛਰਾਂ ਨੂੰ ਪੂਰਨ ਮਿਲ ਗਿਆ ਹੋਵੇ।
'ਕੁੜੇ ਕੀ ਹੋ ਗਿਆ ਤੁਹਾਨੂੰ? ਗੁੰਮ-ਸੜੁੰਮ ਬੂਥੇ ਲਟਕਾਈ ਫਿਰਦੀਆਂ ਨੇ, ਮੇਰੀ ਕੋਈ ਸੁਣਦਾ ਹੀ ਨਹੀਂ।' ਮਾਸੀ ਜੀ ਨੇ ਅਡੋਲ ਪਾਣੀਆਂ ਵਿੱਚ ਢੀਮ ਮਾਰ ਕੇ ਮੇਰਾ ਸਵਾਦੀ ਇਲਹਾਮ ਥੰਮ੍ਹ ਦਿੱਤਾ। ਅੰਕਲ ਜੀ ਆਪਣੀ ਬਹੁਤੀ ਪ੍ਰਵਾਹ ਨਹੀਂ ਕਰਦੇ ਪਰ ਮਾਸੀ ਜੀ ਦੇ ਬਾਰ ਬਾਰ ਪੁੱਛੋ-ੜਿੱਕੇ ਨੇ ਇਹ ਬਾਤ ਦਾ ਬਤੰਗੜ ਬਣਾ ਧਰਿਆ। ਡਾਕਟਰਾਂ ਕੋਲ ਜਾਣ ਦੀ ਲੋੜ ਵੀ ਨਹੀਂ ਤੇ ਉਨ੍ਹਾਂ ਦਾ ਬੀਮਾ ਵੀ ਹੈ ਨਹੀਂ ਸੀ। ਪਿਛਲੇ ਮਹੀਨੇ ਦੀ ਬੰਦ ਕਰਵਾ ਦਿੱਤਾ ਸੀ ਅਖੇ ਹੁਣ ਪੈਂਠ ਸਾਲ ਦੇ ਹੋ ਗਏ ਨੇ ਸਰਕਾਰ ਤੋਂ ਮੁਫ਼ਤ ਇਲਾਜ ਹੋਊ।

ਮਾਸੀ ਜੀ ਹੋਰ ਉਦਾਸ ਹੋ ਗਏ ਨੇ। ਉਨ੍ਹਾਂ ਨੂੰ ਆਪਣਾ ਦੁੱਖ ਭੁੱਲ ਚੁੱਕਾ ਹੈ। 'ਡੇਬੀ ਦੇ ਬਾਪੂ ਜੀ! ਵੇਖੀਂ ਉਹ ਕੁੱਤਾ ਕਿਤੇ ਮਰ ਤੇ ਨਹੀਂ ਗਿਆ æææ? ਜਾਹ ਕੁੜੇ ਇਹਨਾਂ ਦੇ ਨਾਲ, ਉਸ ਦੀ ਖੋਜ ਕੱਢੋ। ਕਹਿੰਦੇ ਨੇ æææ ਜੇ ਚਾਰੇ ਬੰਨੇ ਹੋਰ ਇਲਾਜ ਨਿਹਫਲ ਹੋ ਜਾਏ ਤਾਂ ਉਸੇ ਕੁੱਤੇ ਦੇ ਚੱਟਣ ਨਾਲ ਅਜੇਹੇ ਜ਼ਖਮ ਠੀਕ ਹੋ ਜਾਦੇ ਨੇ।' ਮਾਸੀ ਜੀ ਦੇ ਚਿੰਤਾ ਭਰੇ ਬੋਲ ਸੁਣ ਕੇ ਭੂਆ ਜੀ ਗੁੱਝਾ ਕਿਹਾ ਮੁਸਕਰਾਉਂਦੀ ਹੈ ਤੇ ਨਾਲ ਮੇਰਾ ਵੀ ਹਾਸਾ ਨਿਕਲ ਗਿਆ।

'ਜਾਓ ਉਸ ਪਾਲਤੂ ਅੱਗੇ ਦੋਬਾਰਾ ਹੱਥ ਕਰੋ ਤੇ ਕਹੋ, ਆ ਜਾ ਕੂਰ ਕੂਰ! ਆ ਜਾਹ। ਮੇਰੇ ਜ਼ਖਮ ਨੂੰ ਆਪਣੀਆਂ ਕੋਮਲ ਜਿਹੀਆਂ ਬੁੱਲ੍ਹੀਆਂ ਛੁਹਾ ਜਾਹ æææ ਜ਼ਬਾਨ ਲਗਾ ਜਾਹ, ਪੋਲੀ ਜਿਹੀ ਦੰਦੀ ਵੱਢ ਜਾਹ, ਨਹੁੰਦਰਾਂ ਨਾਲ ਜਲੂਣ ਕਰ ਜਾਹ।' ਭੂਆ ਜੀ ਹੱਥ ਤੇ ਹੱਥ ਮਾਰਦੀ ਮੁਸ਼ਕੜੀਆਂ ਵਿੱਚ ਹੱਸਦੀ ਲੋਟ-ਪੋਟ ਹੋ ਰਹੀ ਹੈ।

ਅੰਕਲ ਜੀ ਮੇਰੇ ਵੱਲ ਤੱਕਦੇ ਹਨ। ਉਨ੍ਹਾਂ ਦੀ ਗੁੰਗੀ ਗੁਣਗੁਣਾਉਂਦੀ ਰਮਜ਼ 'ਤੁਮ ਹੀ ਨੇ ਦਰਦ ਦੀਆ ਹੈ, ਤੂੰ ਹੀ ਦਵਾ ਦੇਣਾ।' ਮੇਰੇ ਕੰਨਾਂ ਤੱਕ ਸੰਚਾਰ ਕਰਦੀ ਖਰਖਰੀ ਮਚਾਉਂਦੀ ਹੈ।

'ਉਹ ਦੇਵਤਾ ਹੈ ਤੇਰੇ ਸਾਰੇ ਦੁੱਖਾਂ ਦਾ ਅੰਮ੍ਰਿਤਧਾਰਾæææ ਛਤਰੀ ਹੈ ਤੇਰੀ, ਧੁੱਪ ਲੂ ਤੋਂ ਬਚਣ ਲਈ ਛਤਰੀ ਹੀ ਕੰਮ ਆਉਂਦੀ ਹੈ।' ਮੰਮੀ ਜੀ ਮੇਰੇ ਸਾਹਮਣੇ ਆ ਖੜ੍ਹਦੀ ਹੈ।
ਮੈਂ ਦਵਾਈਆਂ ਵਾਲਾ ਡੱਬਾ ਖੋਲ੍ਹਦੀ ਅੰਕਲ ਜੀ ਦਾ ਹੱਥ ਫੜ੍ਹ ਬੈਠਦੀ ਹਾਂ।

Punjabi kahani- ਚੰਗੇ ਸੰਸਕਾਰ


ਚੰਗੇ ਸੰਸਕਾਰ 


ਦਲਵੀਰ ਸਿੰਘ ਲੁਧਿਆਣਵੀ, (ਮੋ) 94170 01983
402-ਈ, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ-141 013
                       ਚੰਗੇ ਸੰਸਕਾਰ 
ਗ਼ਰੀਬ ਘਰ ਦੀ ਲੜਕੀ ਜਸਮੀਨ ਜੋ ਕਾਲਜ ਵਿੱਚ ਪੜ੍ਹਦੀ ਸੀ, ਉਹ ਹੱਦੋਂ ਵੱਧ ਸੋਹਣੀ ਸੀ । ਇੰਜ ਲੱਗਦਾ ਸੀ ਕਿ ਰੱਬ ਨੇ ਵਿਹਲੇ ਬੈਠ ਕੇ ਉਸ ਦਾ ਅੰਗ-ਅੰਗ ਆਪ ਘੜਿਆ ਹੋਵੇ । ਮਾਨੋ ਕਿ ਇੱਕ ਪਰੀ ਜੋ ਗ਼ਲਤੀ ਨਾਲ ਧਰਤੀ ‘ਤੇ ਆ ਗਈ ਹੋਵੇ।  ਉਸ ਦਾ ਹੁਸਨ ਚੜ੍ਹਦੇ ਸੂਰਜ ਵਾਂਗ ਪੂਰੇ ਕਾਲਜ ‘ਚ ਲਿਸ਼ਕਾਰੇ ਮਾਰਦਾ ਸੀ ।  ਗੱਲ ਕੀ, ਜਿੱਥੋਂ ਇੱਕ ਵਾਰ ਲੰਘ ਜਾਂਦੀ, ਮੁੰਡੇ ਤਾਂ ਹੱਕੇ-ਬੱਕੇ ਹੀ ਰਹਿ ਜਾਂਦੇ, ਅਰਥਾਤ ਉਸ ਦਾ ਜਾਦੂਮਈ ਚਿਹਰਾ ਸੀ ।
ਜਸਮੀਨ ਬਹੁਤ ਚੁਸਤ-ਚਲਾਕ ਤੇ ਅੱਖਾਂ ਨਾਲ ਗੱਲਾਂ ਕਰਦੀ ਸੀ । ਉਸ ਦਾ ਪਹਿਰਾਵਾ ਵੀ ਬਹੁਤ ਆਕਰਸ਼ਿਤ ਹੁੰਦਾ ਸੀ। ਇਉਂ ਲੱਗਦੀ ਸੀ ਜਿਉਂ ਕਿਸੇ ਅਮੀਰ ਘਰ ਦੀ ਲਾਡਲੀ ਬੇਟੀ ਹੋਵੇ । ਜਦੋਂ ਉਹ ਗੱਲ ਕਰਦੀ ਤਾਂ ਮੁੱਖੋਂ ਫੁੱਲ ਕਿਰਦੇ ਸਨ ਅਤੇ ਤੋਰ ਹਿਰਨੀ ਜੈਸੀ ਸੀ ।  ਜਸਮੀਨ ਦੇ ਚਿੱਟੇ ਦੰਦ ਜਿਉਂ ਚੰਬੇ ਦੀਆਂ ਕਲੀਆਂ, ਲੱਕ ਪਤਲਾ ਤੇ ਧੌਣ ਸੁਰਾਹੀ ਹੀ ਸੀ ।
ਜਸਮੀਨ ਦਾ ਇੱਕ ਉਚ ਘਰਾਣੇ ਦੇ ਮੁੰਡੇ ਨਾਲ ਅੱਖ-ਮਟਿੱਕਾ ਹੋ ਗਿਆ, ਜੋ ਉਸੇ ਕਾਲਜ ਵਿੱਚ ਉਸ ਦੇ ਨਾਲ ਹੀ ਪੜ੍ਹਦਾ ਸੀ । ਉਸ ਮੁੰਡੇ ਦਾ ਨਾਂ ਜਸਪ੍ਰੀਤ ਸੀ ।  ਉਹ ਬਹੁਤ ਸੋਹਣਾ-ਸੁਨੱਖਾ, 6 ਫੁੱਟਾ ਜਵਾਨ ਗੱਭਰੂ ਜੋ ਇਕੱਲਾ ਹੀ ਦਸਾਂ ‘ਤੇ ਭਾਰੂ ਸੀ ਅਤੇ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ । ਜਦੋਂ ਉਹ ਇਨਫੀਲਡ ਮੋਟਰਸਾਈਕਲ ‘ਤੇ ਆਉਂਦਾ ਤਾਂ ਉਸ ਦੀ ਟੌਹਰ ਨੂੰ ਚਾਰ ਚੰਨ ਲੱਗ ਜਾਂਦੇ ਸਨ ।
ਜਸਮੀਨ ਤੇ ਜਸਪ੍ਰੀਤ ਦੀ ਦੋਸਤੀ ਡੂੰਘੇ ਸਬੰਧਾਂ ਵਿੱਚ ਬਦਲ ਗਈ । ਜਸਮੀਨ ਲਾਲਚੀ ਸੀ ਤੇ ਉਸ ਨੂੰ ਪੈਸੇ ਦੀ ਪੂਰੀ ਭੁੱਖ ਸੀ । ਹੌਲੀ-ਹੌਲੀ ਇਸ ਗੱਲ ਦਾ ਪਤਾ ਜਸਪ੍ਰੀਤ ਨੂੰ ਵੀ ਲੱਗ ਗਿਆ ਤੇ ਉਸ ਨੇ ਪਿੱਛੇ ਹਟਣਾ ਚਾਹਿਆ, ਪਰ ਇਸ ਤਰ੍ਹਾਂ ਨਹੀਂ ਹੋ ਸਕਿਆ, ਕਿਉਂਕਿ ਜਸਮੀਨ ਨੇ ਪਹਿਲਾ ਹੀ ਇਹ ਕਹਿ ਦਿੱਤਾ ਕਿ ਉਹ ਗਰਭਵਤੀ ਹੈ ਤੇ ਉਸ ਦਾ ਬੱਚਾ ਮੇਰੀ ਕੁੱਖ ਵਿੱਚ ਪਲ ਰਿਹਾ ਹੈ ।  ਇਹ ਸੁਣ ਕਿ ਜਸਪ੍ਰੀਤ ਨੂੰ ਇਉਂ ਲੱਗਿਆ ਜਿਉਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ ।  ਜਸਮੀਨ ਨੇ ਇਸ ਗੱਲ ਦਾ ਪੂਰਾ ਫਾਇਦਾ ਉਠਾਇਆ ਤੇ ਜਸਪ੍ਰੀਤ ਕੋਲੋਂ ਮੋਟੀ ਰਕਮ ਵਸੂਲ ਲਈ।
ਜਸਮੀਨ ਦੀ ਦੋਸਤੀ ਦੂਸਰੇ ਮੁੰਡੇ, ਜਸਵੀਰ ਨਾਲ ਹੋ ਗਈ, ਜੋ ਉਸ ਤੋਂ ਅਗਲੀ ਜਮਾਤ ਵਿੱਚ ਪੜ੍ਹਦਾ ਸੀ  । ਉਹ ਵੀ ਅਮੀਰ ਘਰਾਣੇ ਨਾਲ ਸਬੰਧ ਰੱਖਦਾ ਸੀ ।  ਦੋਸਤੀ ਕੁਝ ਮਹੀਨੇ ਹੀ ਚੱਲੀ ਕਿ ਟੁੱਟ ਗਈ ਤੜੱਕ ਕਰ ਕੇ ।  ਜਸਵੀਰ ਵੀ ਇਹ ਜਾਣ ਗਿਆ ਸੀ ਕਿ ਜਸਮੀਨ ਪੈਸੇ ਦੀ ਭੁੱਖੀ ਹੈ ।  
ਹੁਣ ਜਸਮੀਨ ਦੀ ਦੋਸਤੀ ਹੋਰ ਕਿਧਰੇ ਜਸਕਿਰਨ ਨਾਂ ਦੇ ਮੁੰਡੇ ਨਾਲ ਹੋ ਗਈ, ਉਹ ਕਾਲਜ ਤੋਂ ਬਾਹਰ ਦਾ ਮੁੰਡਾ ਸੀ । ਉਹ ਵੀ ਅਮੀਰ ਘਰਾਣੇ ਨਾਲ ਸਬੰਧ ਰੱਖਦਾ ਸੀ । ਇਹ ਪਿਆਰ-ਮੁਹੱਬਤ ਦਾ ਸਿਲਸਿਲਾ ਕੁਝ ਮਹੀਨੇ ਚਲਦਾ ਰਿਹਾ ।  ਇੱਕ ਦਿਨ ਜਸਕਿਰਨ ਨੇ ਆਪਣੇ ਦੋਸਤ ਵੀ ਬੁਲਾਏ ਲਏ ।  ਜਸਮੀਨ ਨੇ ਬੁਰਾ ਤਾਂ ਜ਼ਰੂਰ ਮਨਾਇਆ, ਪਰ ਇਸ ਦੇ ਬਦਲੇ ਮੋਟੀ ਰਕਮ ਵਸੂਲ ਲਈ ।
ਹੁਣ ਜਸਮੀਨ ਦੇ ਚਰਿੱਤਰ ‘ਤੇ ਨਾ ਮਿਟਣ ਵਾਲਾ ਧੱਬਾ ਲੱਗ ਚੁੱਕਾ ਸੀ । ਜਸਕਿਰਨ ਤਾਂ ਦੁਬਾਰਾ ਨਾ ਮਿਲਿਆ, ਪਰ ਜਸਮੀਨ ਦਾ ਆਪਣੇ ਵੱਸ ਵਿੱਚ ਰਹਿਣਾ ਔਖਾ ਸੀ ।  ਜਸਮੀਨ ਦੀ ਦੋਸਤੀ ਹੋਰ ਕਿਸੇ ਮੁੰਡੇ ਨਾਲ ਹੋ ਗਈ । ਇਸ ਤਰ੍ਹਾਂ ਉਹ ਜਵਾਨੀ ਦੇ ਗੁਲਛਣੇ ਉਡਾਉਂਦੀ ਤੇ ਨਵੀਂ ਤੋਂ ਨਵੀਂ ਸੇਜ ਹੰਢਾਉਂਦੀ ਰਹੀ ।
ਇੱਕ ਦਿਨ ਜਸਮੀਨ ਬੀਮਾਰ ਹੋ ਗਈ । ਬੁਖ਼ਾਰ ਤਾਂ ਉਤਰਨ ਦਾ ਨਾਂ ਨਾ ਲਵੇ ।  ਕਈ ਦਿਨ ਬੀਤ ਗਏ ।  ਹਾਰਕਿ ਘਰਦਿਆਂ ਨੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤੀ ।  ਰਿਪੋਰਟਾਂ ਤੋਂ ਪਤਾ ਲੱਗਿਆ ਕਿ ਜਸਮੀਨ ਏਡਜ਼ ਦੀ ਸ਼ਿਕਾਰ ਹੈ ।  ਡਾਕਟਰਾਂ ਨੇ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ  ‘ਇਲਾਜ ਨਾਲੋਂ ਪਰਹੇਜ਼ ਚੰਗਾ’ । ਬੱਸ ਪਰਹੇਜ਼ ਰੱਖਿਆ ਹੀ ਇਸ ਫੁੱਲਾਂ ਜਿਹੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ।
ਇੱਕ ਦਿਨ ਜਸਪ੍ਰੀਤ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜਸਮੀਨ ਏਡਜ਼ ਦਾ ਸ਼ਿਕਾਰ ਹੋ ਗਈ ਹੈ ਤਾਂ ਉਹ ਜਸਮੀਨ ਨੂੰ ਮਿਲਣ ਲਈ ਉਸਦੇ ਘਰ ਆ ਗਿਆ । ਹੁਣ ਜਸਮੀਨ ਦਾ ਮੁੱਖੜਾ ਫੁੱਲਾਂ ਵਾਂਗੂੰ ਮਹਿਕਦਾ ਨਹੀਂ,  ਸਗੋਂ ਮੁਰਝਾਇਆ ਹੋਇਆਂ ਸੀ । ਗੱਲਾਬਾਤਾਂ ਕਰਦੇ ਰਹੇ ਤੇ ਜਸਪ੍ਰੀਤ ਨੇ ਆਪਣਾ ਦੁੱਖ ਵੀ ਦੱਸ ਦਿੱਤਾ ਕਿ ਉਹ ਵੀ ਇਸ ਲਾਇਲਾਜ ਬੀਮਾਰੀ ਦਾ ਸ਼ਿਕਾਰ ਹੈ । ਗੱਲ ਕੀ,  ਉਹਨਾਂ ਦੀ ਦੋਸਤੀ ਸੁਰਜੀਤ ਹੋ ਗਈ ਅਤੇ ਉਹ ਵਿਆਹ ਦੇ ਬੰਧਨ ਵਿੱਚ ਬੱਝ ਗਏ ।  ਡਾਕਟਰ ਨੇ ਜੋ ਪਰਹੇਜ਼ ਦੱਸਿਆ ਸੀ ਉਸ ‘ਤੇ ਫੁੱਲ ਚੜ੍ਹਾਉਂਦੇ ਰਹੇ ।  ਜਸਮੀਨ ਗਰਭਵਤੀ ਹੋ ਗਈ । ਦੋਵੇਂ ਜੀਅ ਬਹੁਤ ਖੁਸ਼ ਸਨ ਤੇ ਡਰੇ ਹੋਏ ਵੀ ਸਨ ਕਿ ਆਉਣ ਵਾਲਾ ਬੱਚਾ ਕਿਧਰੇ ਇਸ ਬੀਮਾਰੀ ਦਾ ਸ਼ਿਕਾਰ ਨਾ ਹੋ ਜਾਵੇ ?   
ਡਾਕਟਰ ਸਾਹਿਬ ਤੋਂ ਸਮੇਂ-ਸਮੇਂ ਤੇ ਚੈੱਕ ਕਰਵਾਉਂਦੇ ਰਹੇ ਤੇ ਆਖਿਰ ਜਸਮੀਨ ਨੇ ਇੱਕ ਸੁੰਦਰ ਬੱਚੀ ਨੂੰ ਹਸਪਤਾਲ ਵਿੱਚ ਜਨਮ ਦਿੱਤਾ । ਡਾਕਟਰ ਸਾਹਿਬ ਨੇ ਜਿਵੇਂ ਸਲਾਹ ਦਿੱਤੀ ਸੀ, ਬਿਲਕੁਲ ਉਸੇ ਤਰ੍ਹਾਂ ਹੀ ਕੀਤਾ । ਇੱਥੋਂ ਤੱਕ ਕਿ ਉਸ ਨਵ-ਜਨਮੀ ਬੱਚੀ ਨੂੰ ਮਾਂ ਦਾ ਦੁੱਧ ਵੀ ਨਾ ਪਿਲਾਇਆ ਗਿਆ । ਪਰ, ਉਹ ਬੱਚੀ ਬਿਲਕੁਲ ਤੰਦਰੁਸਤ ਪਾਈ ਗਈ, ਭਾਵ ਏਡਜ਼ ਦਾ ਸ਼ਿਕਾਰ ਨਹੀਂ ਸੀ ।  ਜਸਮੀਨ ਤੇ ਜਸਪ੍ਰੀਤ ਨੂੰ ਨਸੀਹਤ ਮਿਲ ਗਈ ਸੀ ਕਿ ਉਹ ਆਪਣੀ ਬੱਚੀ ਨੂੰ ਚੰਗੇ ਸੰਸਕਾਰ ਸਿਖਾਉਣਗੇ ਤਾਂ ਜੋ ਉਹ ਵੀ ਇਸ ਲਾਇਲਾਜ ਬੀਮਾਰੀ ਦੀ ਲਪੇਟ ਵਿੱਚ ਨਾ ਜਾਵੇ ।   

Punjabi kahani- ਜਹਾਜ਼ ਵਾਲੀ ਟੈਂਕੀ (ਕਹਾਣੀ)




ਅਜਮੇਰ ਸਿੱਧੂ
ਜਹਾਜ਼ ਵਾਲੀ ਟੈਂਕੀ (ਕਹਾਣੀ) 
 ਰਾਤ ਪੀਤੀ ਵੀ ਨਈਂ। ਫ਼ਿਰ ਵੀ ਤੜਕੇ ਅੱਖ ਖੁੱਲ੍ਹ ਗਈ। ਤੌਬਾ! ਤੌਬਾ!! ਮੈਂ ਪਾਪੀ ਬੰਦਾ। ਕਿਸ ਬਲਾਅ ਦਾ ਨਾਂ ਲੈ ਬੈਠਾ। ਸੰਤਾਂ ਦਾ ਪਤਾ? ਉਨ੍ਹਾਂ ਨੂੰ ਤਾਂ ਜੋ ਬੰਦਾ ਸੋਚੇ ਉਹਦੀ ਵੀ ਖ਼ਬਰ ਹੋ ਜਾਂਦੀ ਆ। ਮੈਂ ਤਾਂ ਨਾ ਪੀਣ ਦੀ ਕਸਮ ਖਾਧੀ ਹੋਈ ਆ ਸੰਤਾਂ ਕੋਲ । ਨਾਲੇ ਮੈਂ ਕਿਹੜਾ ਕਸਮ ਨਿਭਾਈ ਨਈਂ। ਮੇਰੇ ‘ਤੇ ਸੰਤਾਂ ਦੀ ਮਿਹਰ ਹੋ ਗਈ ਸੀ। ਅੱਜ ਹੋਰ  ਹੋਣ ਵਾਲੀ ਆ।
 ਠੰਡ ਤਾਂ ਰਜਾਈ ‘ਚ ਪਏ ਦੇ ਵੀ ਹੱਢ ਚੀਰੀ ਜਾਂਦੀ ਆ। ਮੈਂ ਰਜਾਈ ਨੂੰ  ਪੈਰਾਂ ਥੱਲੇ ਨੱਪਿਆ ਏ। ਰਾਤ ਸੁਪਨੇ ‘ਚ ਮੇਰੀ ਧੀ ਪੁਨੀਤ ਜਹਾਜ਼ ਉਡਾਉਂਦੀ ਫ਼ਿਰਦੀ ਸੀ। ਸੁਪਨਾ ਤਾਂ ਮੈਨੂੰ ਏਅਰ ਫਰਾਂਸ ਵਾਲੇ ਜਹਾਜ਼ ਦਾ ਆਇਆ ਸੀ। ਸ਼ਰਾਬ ਦਾ ਤਾਂ ਆਇਆ ਨਈਂ। ਇਹ ਪਤਾ ਨਈਂ---।
 ਮੈਂ ਚਾਰ-ਪੰਜ ਸਾਲ ਪੀਤੀ ਵੀ ਬੜੀ। ਠੇਕੇ ‘ਤੇ ਲੱਗਾ ਹੁੰਦਾ ਸੀ। ਹਰ ਟੈਮ ਟੱਲੀ ਹੋਇਆ ਰਹਿੰਦਾ। ਅੱਧੀ ਰਾਤ ਨੂੰ ਅੱਖ ਖੁੱਲ੍ਹ ਜਾਣੀ। ਸਰੀਰ ਟੁੱਟਣ ਲੱਗ ਪੈਣਾ। ਲੱਸੀ ਲੱਭਦੇ ਫ਼ਿਰਨਾ।  ਲੱਸੀ ਇਸ ਘਰ ‘ਚ ਕਿਥੋਂ? ਬੱਸ ਫ਼ਿਰ ਮੈਂ ਸਵੇਰੇ ਪੀਣੀ ਸ਼ੁਰੂ ਕਰ ਦੇਣੀ। ਮੇਰੀ ਸ਼੍ਰੀ ਮਤੀ ਬਖਸ਼ਿੰਦਰ ਕੌਰ ਦੀ ਔਖਾ ਆ ਜਾਣੀ। ਇਹਦੇ ਮੌਰ ਭੰਨ ਸੁੱਟਣੇ। ਇਹਨੇ ਅੱਕੀਓ ਨੇ ਮੇਰੀ ਠੇਕੇ ਤੋਂ ਛੁੱਟੀ ਕਰਵਾ ਦਿੱਤੀ। ਇਹਦੇ ਭਰਾਵਾਂ ਦਾ ਜ਼ੋਰ ਚੱਲ ਗਿਆ। ਫ਼ੇਰ ਕੀ ਸੀ। ਸ਼ਰਾਬ ਨਾ ਮਿਲਦੀ ਤਾਂ ਮੈਂ ਸਪਿਰਿਟ ਪੀ ਲੈਂਦਾ। ਭਲਾ ਹੋਵੇ ਚਾਚੇ ਹੁਣਾਂ ਦਾ ਜਿਹੜੇ ਮੈਨੂੰ ਸੰਤਾਂ ਕੋਲ ਲੈ ਗਏ।
 ਰਾਤ ਤਾਕੀ ਖੁੱਲ੍ਹੀ ਰਹਿ ਗਈ ਸੀ। ਉਥੋਂ ਹਵਾ ਆਉਂਦੀ ਹੋਣੀ ਆ। ਆਹ ਕਮਲੀਆਂ ਰਜਾਈ ਵੀ ਨਈਂ ਲੈਂਦੀਆਂ। ਛੋਟੀ ਤਾਂ ਵਗਾਹ-ਵਗਾਹ ਕੇ ਮਾਰਦੀ ਆ।---ਇਨ੍ਹਾਂ ‘ਤੇ ਰਜਾਈ ਦੇ ਦੇਵਾਂ। ਗੁਰਦੁਆਰਾ ਸਾਹਿਬ ਇਨ੍ਹਾਂ ਨੂੰ ਅੱਜ ਨਈਂ ਲੈ ਕੇ ਜਾਣਾ। ਜਿੱਦਣ ਜਹਾਜ਼ ਚੜ੍ਹਣਾ ਹੋਇਆ, ਉਹ ਤੋਂ ਪਹਿਲਾਂ ਇਨ੍ਹਾਂ ਦਾ ਮੱਥਾ ਟਿਕਾ ਕੇ ਲਿਆਊਗਾ। ਜਾ ਕੇ ਪਹਿਲੀ ਤਨਖ਼ਾਹ ਭੇਜੂੰਗਾ। ਉਹਦੇ ਵਿੱਚੋਂ ਅਖੰਡ ਪਾਠ ਰੱਖਵਾ ਲਊਂਗੀਆਂ।
 ਰਾਤੀਂ ਸੁੱਤੇ ਪਏ ਨੂੰ ਕਦੇ ਜਹਾਜ਼ ਦਾ ਸੁਪਨਾ ਆ ਜਾਂਦਾ, ਕਦੇ ਸੰਤਾਂ ਦੇ ਦਰਸ਼ਨ ਹੋ ਜਾਂਦੇ। ਦੁੱਧ ਚਿੱਟੇ ਵਸਤਰ, ਦੁੱਧ ਚਿੱਟੀ ਦਾੜ੍ਹੀ। ਅੱਖਾਂ ‘ਚ ਨਾਮ ਦੀ ਖੁਮਾਰੀ। ਮਾਅਰ ਕਿਤੇ ਦੱਗ-ਦੱਗ ਕਰਦਾ ਨੂਰਾਨੀ ਚਿਹਰਾ। ਬੰਦਾ ਤਾਂ ਉਨ੍ਹਾਂ ਦੇ ਚਰਨਾਂ ‘ਚ ਈ ਜਾ ਡਿੱਗਦਾ ਆ। ਮੇਰੇ ਵਰਗਾ ਬੰਦਾ, ਰਾਤ ਦਿਨ ਪੀਣ ਵਾਲਾ, ਕਿਤੇ ਦਾਰੂ ਛੱਡ ਸਕਦਾ ਸੀ? ਇਹ ਤਾਂ ਉਨ੍ਹਾਂ ਦਾ ਆਸ਼ੀਰਵਾਦ ਆ ਕਿ ਮੈਂ ਮੁੜ ਕੇ ਨਈਂ ਮੂੰਹ ਨੂੰ ਲਾਈ। ਹਰ ਸੰਗਰਾਂਦ ‘ਤੇ ਮੱਥਾ ਟੇਕਣ ਜਾਂਦਾ । ਉੱਥੇ ਕਿਤੇ ਸੰਗਤ ਜੁੜੀ ਹੁੰਦੀ ਆ! ਤਿਲ ਸੁੱਟਣ ਨੂੰ ਜਗ੍ਹਾ ਨਈਂ ਹੁੰਦੀ। ਪੰਜ ਕਿੱਲਿਆਂ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਸਰੀ ਹੋਈ ਆ। ਇਲਾਕੇ ਦੇ ਜਿੰਨੇ ਕਨੈਡਾ ਅਮਰੀਕਾ ਇੰਗਲੈਂਡ ਗਏ ਹੋਏ ਆ। ਸੱਭ ਲੱਖਾਂ ਰੁਪਈਆਂ ਦਾ ਦਾਨ ਪੁੰਨ  ਕਰਦੇ ਆ। ਬਖਸ਼ਿੰਦਰ ਵੀ ਰਾਤੀਂ ਇਹੀ ਕਹਿੰਦੀ ਪਈ ਸੀ।
 “ ਕਰਨ ਵੀ ਕਿਉਂ ਨਾ। ਉਨ੍ਹਾਂ ਦੇ ਆਸ਼ੀਰਵਾਦ ਨਾਲ ਬਿਗਾਨੇ ਮੁਲਕਾਂ ‘ਚ ਖੱਟੀ ਕਮਾਈ ਕਰਦੇ ਆ।”
 ਬਖਸ਼ਿੰਦਰ ਹਾਲੇ ਤੱਕ ਘਰਾੜੇ ਮਾਰੀ ਜਾਂਦੀ ਆ। ਇਹਨੂੰ ਉੱਥੇ ਦੀ ਦੁੱਧ ਵਾਲੀ ਖੀਰ ਬੜੀ ਪਸੰਦ ਆ। ਜਿਸ ਦਿਨ ਪਾਸਪੋਰਟ ਤੇ ਪੈਸੇ ਦੇਣ ਗਏ ਸੀ। ਇਹ ਅਖੰਡ ਪਾਠ ਕਰਵਾਉਣ ਦੀ ਸੁੱਖ ਸੁਖ ਆਈ ਸੀ। ਉਥੇ ਪਤਾ ਨਈਂ  ਕਿੰਨੇ ਪਾਠ ਰਖਵਾਏ ਹੁੰਦੇ ਆ। ਲੜੀ ਨਈਂ ਟੁੱਟਦੀ। ਆ ਪਿੱਛਲੇ  ਜੋੜ ਮੇਲੇ ‘ਤੇ ਕੋਤਰ ਸੌ ਪਾਠਾਂ ਦੇ ਭੋਗ ਪਏ । ਉਨ੍ਹਾਂ ਵਿੱਚੋਂ ਇੱਕੀ ਅਖੰਡ ਪਾਠ ਤਾਂ ਇਕੱਲੇ  ਜੌਹਨ ਸਿੰਘ ਸ਼ੇਰਗਿੱਲ ਦੇ ਸੀ।
 ਉਹ ਵੀ ਸੱਚੀਂ ਸ਼ੇਰ ਆ। ਮੈਂ ਉਹਨੂੰ ਦੋ ਸਾਲ ਤੋਂ ਦੇਖਦਾ ਪਿਆਂ। ਤੁਰਿਆ-ਤੁਰਿਆ ਜਾਂਦਾ ਚਾਲੀ-ਪੰਜਾਹ ਹਜ਼ਾਰ ਦਾ ਮੱਥਾ ਟੇਕ ਜਾਊ। ਛੇ ਮਹੀਨੇ ਪਹਿਲਾਂ ਸਾਢੇ ਪੰਜ ਲੱਖ ਦੀ ਸਕਾਰਪਿਓ ਗੱਡੀ ਦੀਆਂ ਚਾਬੀਆਂ ਸੰਤਾਂ ਦੇ ਚਰਨਾਂ ‘ਚ ਰੱਖ ਗਿਆ। ਨਵੇਂ ਲੰਗਰ ਹਾਲ ਦੀ ਸਾਰੀ ਉਸਾਰੀ ਉਹਨੀਂ ਕਰਵਾਈ ਆ। ਪਹਿਲਾਂ-ਪਹਿਲਾਂ ਸੋਚਿਆ, ਸਾਲੇ ਚੋਰ ਠੱਗ ਹੋਣੇ ਆ। ਇੱਥੇ ਰੋਟੀ ਦੇ ਲਾਅਲੇ ਪਏ ਹੋਏ ਆ। ਇੰਨਾ ਪੈਸਾ ਦਸਾਂ ਨੰਹੁਾਂ ਦੀ ਕਿਰਤ-ਕਮਾਈ ਚੋਂ ਕਿੱਥੇ ਦਾਨ ਹੁੰਦਾ। ਫਿਰ ਛੋਟੇ ਸੰਤਾਂ ਨੇ ਮੈਨੂੰ ਸ਼ੰਕਾ ਨਿਵਰਤ ਕੀਤਾ ਸੀ।
 “ ਇਹ ਕਨੈਡਾ ਅਮਰੀਕਾ ਤੇ ਇੰਗਲੈਂਡ ਬੰਦੇ ਭੇਜਦੇ ਆ। ਗੁਰੁ ਮਾਰ੍ਹਾਜ ਦੀ ਕਿਰਪਾ ਨਾਲ ਬੰਦੇ ਚੜ੍ਹੀ ਜਾਂਦੇ ਆ। ਇਹ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਗੁਰਦੁਆਰਾ ਸਾਹਿਬ ਭੇਟਾ ਕਰ ਜਾਂਦੇ ਆ। ਵਾਹੇਗੁਰੂ ਇਨ੍ਹਾਂ ਤੇ ਮਿਹਰ ਰੱਖੇ।”
 ਮੈਂ ਕਿਤੇ ਬਖਸ਼ਿੰਦਰ ਨਾਲ ਗੱਲ ਕਰ ਬੈਠਾ। ਇਹ ਤੇ ਮਾਰ੍ਹ ਕਿਤੇ ਗੁਰਦੁਆਰਾ ਸਾਹਿਬ ਗੇੜੇ ‘ਤੇ ਗੇੜਾ ਕੱਢਣ ਲੱਗ ਪਈ। ਹੁਣ ਇਹਦੇ ਘਰਾੜੇ ਨਈਂ ਬੰਦ ਹੁੰਦੇ। ਸਾਲੀ ਨੇ ਰਾਤ ਸਿਰ ਖਾਈ ਰੱਖਿਆ। ਇਹਦੀਆਂ ਡਿਮਾਂਡਾਂ ਨਈਂ ਸੀ ਮੁਕਦੀਆਂ। ‘ ਮੈਨੂੰ ਆਹ ਭੇਜੀਂ---ਉਹ ਭੇਜੀਂ। ਕੁੜੀਆਂ ਨੂੰ---।’ ਹੁਣ ਤੇ ਉੱਠ ਪਾ। ਘੰਟਾ ਤਾਂ ਪਾਠੀ ਨੂੰ ਹੋ ਗਿਆ, ਪਾਠ ਕਰਦੇ ਨੂੰ। ਨਾ ਇਹਨੂੰ ਚਿੜੀਆਂ ਕਾਵਾਂ ਦੀ ਚੀਂ-ਚੀਂ--ਕਾਂ--ਕਾਂ ਸੁਣਦੀ ਆ। ਚਲੋ ਸੌਂ ਲਏ ‘ਰਾਮ ਨਾਲ। ਇਹਨੇ ਕਿਹੜਾ ਮੇਰੇ ਨਾਲ ਗੁਰਦੁਆਰੇ ਜਾਣਾ।
ਭਾਵੇਂ ਸਰਦਾਰ ਜੌਹਨ ਸਿੰਘ ਸ਼ੇਰਗਿੱਲ ਨੇ ਪਾਸਪੋਰਟ ਤੇ ਟਿਕਟ ਭੋਗ ਪੈਣ ਤੋਂ ਬਾਅਦ ਦੇਣੇ ਆ। ਪਰ ਮੈਂ ਪਹਿਲਾਂ ਜਾਣਾ ਚਾਹੁੰਦਾ। ਮਹਾਂਪੁਰਖਾਂ ਦੇ ਪ੍ਰਵਚਨ ਵੀ ਸੁਣ ਲਈਏ। ਫੇਰ ਪਤਾ ਨਈਂ ਕਦੋਂ ਮੌਕਾ ਮਿਲਣੈ। ਨਾਲੇ  ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹਾਜ਼ਰੀ ਵੀ ਤਾਂ ਭਰਨੀ ਆ। ਉਹਨਾਂ ਦੀ ਹਾਜ਼ਰੀ ਵਿੱਚ ਈ ਤਾਂ ਗੱਲ ਨੇਪਰੇ ਚੜ੍ਹੀ ਸੀ। ਬਈ ਬਖਸ਼ਿੰਦਰ ਦੀ ਕੀਤੀ ਨੱਠ ਭੱਜ ਕੰਮ ਆ ਗਈ। ਸੰਤਾਂ ਨੇ ਏਜੰਟ ਸ਼ੇਰਗਿੱਲ ਨਾਲ ਸ਼ਰਧਾਲੂਆਂ ਦੀ ਗੱਲ ਕਰਵਾ ਦਿੱਤੀ ਸੀ।
ਉਹ ਪੁੰਨਿਆਂ ਦਾ ਪਵਿੱਤਰ ਦਿਹਾੜਾ ਸੀ।
 “ ਸਾਧ ਸੰਗਤ ਜੀਓ, ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਜੋ ਬੋਲਣਾ ਸੱਚ ਬੋਲਣਾ ਏ। ਭਾਈ, ਅਸੀਂ ਅਮਰੀਕਾ ਚੜ੍ਹਾਉਣ ਦਾ ਦਸ ਲੱਖ ਲੈਂਦੇ ਆਂ। ਅੱਠ ਲੱਖ ਤਾਂ ਸਾਡੀ ਲਾਗਤ ਆਉਂਦੀ ਆ। ਗੁਰੁ ਜੀ ਦੀ ਸੰਗਤ ਕੋਲੋਂ ਬੱਸ ਲਾਗਤ ਈ ਲੈ ਲਵਾਂਗੇ। ਬਾਕੀ ਦੋ ਲੱਖ ਗੁਰੂ ਚਰਨਾਂ ਵਿੱਚ ਚੜ੍ਹਾ ਦਿਓ-।”
 ਅੱਠ ਲੱਖ ਰੁਪਈਆ ਸੁਣਕੇ ਮੇਰਾ ਸਾਹ ਸੂਤਿਆ ਗਿਆ ਸੀ। ਐਨੀ ਰਕਮ ਕਿਥੋਂ ਇਕੱਠੀ ਕਰਾਂਗੇ। ਬਖਸ਼ਿੰਦਰ ਦੇ ਮਾਪਿਆਂ ਵੱਲ ਹੱਥ ਅੱਡਣੇ ਪੈਣੇ ਸੀ। ਇਸ ਤੀਵੀਂ ਦਾ ਕੀ ਪਤਾ। ਇਹਦੇ ਵੀ ਕਈ ਰੂਪ ਆ। ਮੈਨੂੰ ਇਹਤੋਂ ਸੁੱਤੀ ਪਈ ਤੋਂ ਵੀ ਭੈਅ ਆਉਂਦਾ। ਇਹ---। ਪਰ ਇਹਨੇ ਪੈਸੇ ਇਕੱਠੇ ਕਰਨ ਲਈ ਬੜੀ ਨੱਠ ਭੱਜ ਕੀਤੀ। ਮੈਨੂੰ ਤਾਂ ਕਿਸੇ ਨੇ ਕੀ ਦੇਣੇ ਸੀ। ਨਾ ਚਾਹੁੰਦਿਆਂ ਹੋਇਆਂ ਵੀ, ਮੈਂ ਛੋਟੀ ਭੈਣ ਹਰਕੰਵਲ ਨੂੰ ਫ਼ੋਨ ਕਰ ਦਿੱਤਾ ਸੀ। ਤਿੰਨ ਲੱਖ ਉਹਨੇ ਭੇਜ ਦਿੱਤੇ। ਫ਼ੇਰ ਮੰੈਂ ਹੌਂਸਲਾ ਫੜ੍ਹ ਲਿਆ। ਮੈਂ ਅਮਰੀਕਾ ਜਾਣ ਦਾ ਪੱਕਾ ਮਨ ਬਣਾਈ ਬੈਠਾ। ਆਖ਼ਰੀ ਵਾਰ ਟਰਾਈ ਮਾਰ ਕੇ ਦੇਖ ਲੈਂਦੇ ਆ। ਇੱਕ ਮਹੀਨਾ ਮੇਰੀ, ਚਾਚੇ ਦੀ ਤੇ ਬਖਸ਼ਿੰਦਰ ਦੀ ਭੂਤਨੀ ਘੁੰਮੀਂ ਰਹੀ। ਸੰਤਾਂ ਦੇ ਭਰੋਸੇ ‘ਤੇ ਪਾਸਪੋਰਟ ਤੇ ਅੱਠ ਲੱਖ ਏਜੰਟ ਨੂੰ ਫੜਾ ਆਏ ਸੀ। ਬਈ ਐਨੀ ਰਕਮ ਦਾ ਨਾਂ ਲੈਂਦਿਆਂ ਈ ਕਾਂਬਾ ਛਿੜਦਾ। ਉੱਦਾਂ ਮੈਂ ਕਿਹੜਾ ਇਕੱਲਾ। ਉੱਦਣ ਦੀ ਦੋ ਸੌ ਬੰਦੇ ਨੇ ਰਕਮ ਫੜਾਈ ਹੋਈ ਆ।
 ਇਹ ਸੋਚਦਿਆਂ ਰਜਾਈ ਵਿੱਚ ਵੀ ‘ਸੁੰਨ’ ਚੜ੍ਹੀ ਜਾਂਦੀ ਆ। ਦੋ ਘੰਟੇ ਹੋ ਗਏ ਆ ਉੱਸਲਵੱਟੇ ਲੈਂਦੇ ਨੂੰ। ਮੈਨੂੰ ਹੁਣ ਉੱਠਣਾ ਚਾਹੀਦਾ। ਠੰਢ ਤਾਂ ਇੱਦ੍ਹਾ ਈ ਰਹਿਣੀ ਆ। ਸੰਤਾਂ ਦੇ ਵਚਨ ਸੁਣਨ ਤੋਂ ਨਾ ਰਹਿ ਜਾਵਾਂ। ਉਨ੍ਹਾਂ ਕਰਕੇ ਤਾਂ---। ਬਖਸ਼ਿੰਦਰ ਨੂੰ ਵੀ ਉਠਾਏ ਦੇਵਾਂ। ਕੁੜੀਆਂ ਨੂੰ ਵੀ ਟੈਮ ਸਿਰ ਸਕੂਲ ਭੇਜਣਾ ਆ।
 ਮੈਂ ਪਸ਼ੂਆਂ ਵੱਲ ਦੇ ਪਾਸੇ ਆਇਆ ਹਾਂ। ਸ਼ੁਕਰ ਆ ਕਿ ਅੱਜ ਕੋਰਾ ਨਈਂ ਪਿਆ।--- ਮੈਂ ਟਾਹਲੀ ਨਾਲੋਂ ਦਾਤਣ ਤੋੜਦਾ ਆਂ। ਬਰਾਂਡੇ ਕੋਲ ਬਹਿ ਕੇ ਕਰਨ ਲੱਗ ਪਿਆ ਹਾਂ। ਬਰਾਂਡਾ ਵੀ ਬੱਸ---। ਟਰੈਕਟਰ ਤਾਂ ਕੀ ਲੈਣਾ ਸੀ। ਇੱਕ ਵਾਰ ਵੇਚੇ ਬਲਦ ਮੁੜ ਨਈਂ ਲੈ ਹੋਏ। ਲੈ ਕੇ ਵੀ ਕੀ ਕਰਾਂਗੇ? ਖੇਤੀ---? ਬਲਦਾਂ ਦੀਆਂ ਢੁੱਠਾਂ ‘ਤੇ ਹੱਥ ਫੇਰਨ ਵਾਲਾ ਤਾਂ ਦੌਣ ਵਿੱਚ ਫ਼ਸ ਕੇ ਪਿਆ।
 “ਵਾਹ! ਬਈ ਚਾਚਾ ਸ਼ਿੰਗਾਰਾ ਸਿਆਂ। ਕਿਸਮਤ ਦਾ ਮਾਰਿਆ---।”
ਇਹ ਵਿਚਾਰਾ ਭੱਜ-ਭੱਜ ਕੇ ਖੱਲ ਵੜੇਵੇਂ ਪਾਉਂਦਾ ਹੁੰਦਾ ਸੀ। ਵਾਹੀ ਦਾ ਜੋਤਾ ਜੂੰ ਲਾਉਣਾ ਹੁੰਦਾ ਸੀ। ਮਾਰ ਕਿਤੇ ਚਾਚੀ ਨੇ ਮੱਝਾਂ ਨੂੰ ਗੁਤਾਵਾ ਕਰਦੀ ਨੇ ਫਿਰਨਾ। ਕਦੇ ਘਰ ਦੁੱਧ ਨਈਂ ਸੀ ਮੁੱਕਾ। ਹੁਣ ਤਿੰਨ-ਚਾਰ ਖੁਰਲੀਆਂ ਚੋ ਕੋਈ ਸਾਬਤੀ ਨਈਂ ਹੋਣੀ। ਆਹ ਇੱਕ ਦੋ ਖੁੰਢੇ ਮੀਣੀ ਮੱਝ ਕਰਕੇ ਖੜ੍ਹ੍ਹੇ ਆ। ਇਹ ਮੱਝ ਵੀ ਬਖਸ਼ਿੰਦਰ ਦੇ ਭਰਾ ਛੱਡ ਗਏ ਸੀ। ਐਦਾਂ ਦੀਆਂ ‘ਬਖ਼ਸ਼ਿਸ਼ਾਂ’ ਕਰਕੇ ਤਾਂ ਇਹ ਤੀਵੀਂ ਤੀਂਗੜ੍ਹਦੀ ਰਹਿੰਦੀ ਆ। ਅੱਜ ਇਹਦਾ ਮੂਡ ਕੁੱਸ਼ ਠੀਕ ਆ। ਤਦੇ ਤਾਂ ਰਸੋਈ ‘ਚ ਭਾਂਡੇ ਭੰਨਣ ਦੀ ਆਵਾਜ਼ ਨਈਂ ਆ ਰਹੀ। ਨਈਂ ਤਾਂ ਇਹਦੀ ਗੰਦੀ ਜ਼ੁਬਾਨ ਸਵੇਰੇ-ਸਵੇਰੇ----। ਹੁਣ ਤਾਂ ਪਾਠ ਕਰਦੀ ਲਗਦੀ ਆ।
 ਲੈ ਹੁਣ ਚਾਚੇ ਨੂੰ ਖੰਘ ਛਿੜ ਪਈ ਆ। ਇੱਕ ਵਾਰ ਛਿੜ ਪਈ, ਫ਼ੇਰ ਇ੍ਹਦਾ ਹੁੱਥੂ ਨਈਂ ਬੰਦ ਹੁੰਦਾ। ਏਹੀ ਹਾਲ ਵਿਚਾਰੀ ਚਾਚੀ ਦਾ ਆ। ਇੱਕ ਹੱਥ ਗੋਡੇ ‘ਤੇ ਰੱਖ ਲੈਂਦੀ ਆ ਤੇ ਦੂਜਾ ਲੱਕ ਤੇ। ਵਿਚਾਰੀ ਸਾਡੀ ਮਾਂ ਕੁੱਬੀ ਹੋ ਗਈ! ਚੱਲੋ, ਕੋਈ ਗੱਲ ਨਈਂ। ਹੁਣ ਮੈਂ ਅਮਰੀਕਾ ਚਲੇ ਜਾਣਾ । ਸੱਭ ਦੁੱਖ ਦੂਰ ਕਰ ਦੇਣੇ ਆ। ਹੁਣ ਚਾਹ ਪੀਵਾਂ ਤੇ ਬਾਹਰ-ਅੰਦਰ ਜਾ ਆਵਾਂ।
 “ ਸਾਡੇ ਤੋਂ ਨਈਂ ਹੁਣ ਖੇਤਾਂ ‘ਚ ਹੱਗ ਹੁੰਦਾ।”
 ਬਖਸ਼ਿੰਦਰ ਦੀ ਇਹ ਗੱਲ ਠੀਕ ਈ ਆ। ਅੱਜ ਕਿਤੇ ਘਰ ਟੋਲਟ ਹੁੰਦੀ ਤਾਂ ਐਨੀ ਠੰਢ ‘ਚ ਬਾਹਰ ਨਾ ਆਉਣਾ ਪੈਂਦਾ। ਨਾਲੇ ਹੁਣ ਇਹ ਖੇਤ ਕਿਹੜਾ ਸਾਡੇ ਰਹੇ ਆ। ਮੈਂ ਵੱਟ ਤੇ ਬੈਠਾ ਜ਼ਰੂਰ ਆਂ। ਭਾਵੇਂ ਅਗਲੇ ਆ ਕੇ ਮਾਂ ਭੈਣ ਇੱਕ ਕਰ ਦੇਣ। ਹਰਦੇਵ ਸੁੰਹ ਕਿਆਂ ਨੂੰ ਤਾਂ ਭੈਣ ਦੇਣਿਆਂ ਨੂੰ ਬੋਲਣਾ ਵੀ ਨਈਂ ਆਉਂਦਾ। ਪਿੰਡ ਵਿੱਚ ਸੱਭ ਤੋਂ ਵੱਡੀ ਧਿਰ ਆ। ਪਹਿਲਾਂ ਤਾਂ ਇਹ ਸਾਲੇ ਜ਼ੈਲਦਾਰ ਕਹਾਂਦੇ ਸੀ, ਹੁਣ ਬਾਜ਼ ਵਾਲੇ ਬਣ ਗਏ ਆ। ਇਨ੍ਹਾਂ ਦੀ ਕੋਠੀ ਤੇ ਬਾਜ਼ ਵਾਲੀ ਟੈਂਕੀ ਜੂੰ ਬਣੀ ਹੋਈ ਆ। ਇਹ ਲੋਕਾਂ ਨੂੰ ਕਰਜ਼ਾ ਦਿੰਦੇ ਆ। ਫੇਰ ਉਹਦੀ ਜ਼ਮੀਨ ਦੱਬ ਲੈਂਦੇ ਆ। ਚਾਚੇ ਨੇ ਵੀ ਇਨ੍ਹਾਂ ਕੋਲ ਈ ਜ਼ਮੀਨ ਗਹਿਣੇ ਰੱਖੀ ਸੀ। ਬੱਸ ਛੁਡਾ ਨਈਂ ਹੋਈ । ਇਹ ਮਾਲਕ ਬਣ ਕੇ ਬਹਿ ਗਏ। ਇਨ੍ਹਾਂ ਨੂੰ ਕਾਹਦਾ ਦੋਸ਼ ਦੇਣਾ। ਜਦੋਂ ਆਪਣੇ ਈ----!
 ਤਾਏ ਚਰਨ ਸੁੰਹ ਨੇ ਚਾਚੇ ਨੂੰ ਤਿੰਨ ਖੇਤ ਦਿੱਤੇ ਸੀ। ਆਪ ਛੇ ਖੇਤ ਮੱਲ ਲਏ ਸੀ। ਸਾਲੇ ਨੇ ਬੁੜਾ ਆਪਣੇ ਕੋਲ ਰੱਖ ਲਿਆ। ਤਾਈ ਵੀ ਸਿਰੇ ਦੀ ਕੰਜ਼ਰੀ ਆ। ਉਹਨੇ ਈ ਬਾਬਾ ਹਿੱਲਣ ਨਈਂ ਦਿੱਤਾ। ਉਹਦੇ ਹਿੱਸੇ ਦੇ ਤਿੰਨ ਕਿਲ੍ਹੇ ਵੀ ਢੂਹੇ ‘ਚ ਲੈ ਲਏ। ਉਹਨਾਂ ਜੋ ਕੀਤੀ, ਉਹ ਤਾਂ ਚਾਚੇ ਨੇ ਜ਼ਰ ਲਈ। ਪਰ ਕੁਦਰਤ ਅੱਗੇ ਕਿਹਦਾ ਜ਼ੋਰ। ਉਸ ਸਾਲ ਆਲੂਆਂ ਦੀ ਫ਼ਸਲ ਵੀ ਬੜੀ ਹੋਈ। ਢੇਰਾਂ ਦੇ ਢੇਰ ਸੜ ਕੇ ਸੁਆਹ ਹੋ ਗਏ ਸਨ। ਸੜੇ ਢੇਰ ਦੇਖ ਕੇ ਅੰਦਰੋਂ ਲਾਟ ਨਿਕਲਦੀ ਸੀ। ਚਾਚੇ ਨੇ ਉਦੋਂ, ਪਹਿਲੀ ਵਾਰ ਮੰਜਾ ਮੱਲਿਆ ਸੀ।
 “ ਚਾਚਾ ਹੁਣ ਮਰ ਤਾਂ ਨਈਂ ਜਾਣਾ।---- ਚੱਲ ਉੱਠ। ਕੋਈ ਚਾਰਾ ਕਰੀਏ।”  ਮੈਂ ਇਹਨੂੰ ਹੌਸਲਾ ਦਿੱਤਾ ਸੀ। ਮੈਂ ਉਦੋਂ ਵੀ ਅੱਜ ਵਾਂਗ ਪੂਰੀ ਚੜ੍ਹਦੀ ਕਲਾ ਵਿੱਚ ਸੀ।
 ਮੈਂ ਜੇਠਾ ਆਂ। ਅਸੀਂ ਤਾਏ ਦੇ ਨਿਆਣਿਆਂ ਦੀ ਰੀਸੇ ਪਿਓ ਨੂੰ ਚਾਚਾ ਤੇ ਮਾਂ ਨੂੰ ਚਾਚੀ ਸੱਦਦੇ ਆਂ। ਪਹਿਲਾਂ ਸਾਡਾ ਇੱਕ ਟੱਬਰ ਹੁੰਦਾ ਸੀ। ਬੜਾ ਮੋਹ ਤੇਹ ਸੀ।
 ਫ਼ੇਰ ਪਤਾ ਨਈਂ ਇਨ੍ਹਾਂ ਦੋਨਾਂ ਭਰਾਵਾਂ ਨੂੰ ਕੀ ਸੱਪ ਸੁੰਘ ਗਿਆ। ਤਾਏ ਨੇ ਜ਼ਮੀਨ ਵੰਡਾ ਲਈ ਸੀ ਤੇ ਮੈਨੂੰ ਵੀ ਘਰੋਂ ਕੱਢ ਦਿੱਤਾ ਸੀ। -----ਉਹ ਜਲਦੀ ਪਰਿਵਾਰ ਸਣੇ ਇੰਗਲੈਂਡ ਜਾ ਵਸਿਆ। ਸ਼ਾਇਦ ਆਪਸੀ ਕੁੜੱਤਣ ਘੱਟ ਜਾਂਦੀ। ਪਰ ਉਹ ਜਦੋਂ ਪੰਜ ਕੁ ਵਰ੍ਹਿਆਂ ਬਾਅਦ ਆਇਆ ਤਾਂ ਉਹਨੇ ਹੋਰ ਭਾਣਾ ਵਰਤਾਤਾ। ਹਵੇਲੀ ਵਾਲੀ ਜਗ੍ਹਾ ਵੀ ਹਥਿਆ ਲਈ । ਸਾਨੂੰ ਆਪਣੇ ਪਸ਼ੂ ਘਰ ਵਿੱਚ ਹੀ ਬੰਨ੍ਹਣੇ ਪੈ ਗਏ । ਅਸੀਂ ਇੱਕ ਪਾਸੇ ਨੂੰ ਬਰਾਂਡਾ ਪਾ ਲਿਆ ਸੀ। ਤਾਇਆ ਹਵੇਲੀ ਵਾਲੀ ਜਗ੍ਹਾ ਤੇ ਦੋ ਸਾਲ ਕੋਠੀ ਪਾਉਂਦਾ ਰਿਹਾ। ਕੋਠੀ ਉੱਤੇ ਜਹਾਜ਼ ਵਾਲੀ ਟੈਂਕੀ ਬਣਾਈ।  ਪਿੰਡ ਵਿੱਚ ਬਾਜ਼ ਵਾਲੀ ਤੋਂ ਬਾਅਦ ਇਹ ਦੂਜੇ ਨੰਬਰ ਦੀ ਕੋਠੀ ਆ। ਇਸ ਕੋਠੀ ਨੂੰ ਦੇਖ ਕੇ ਮੈਂ ਆਪੇ ਤੋਂ ਬਾਹਰ ਹੋ ਜਾਂਦਾ ਹਾਂ। ---ਹੁਣ ਵੀ ਮੈਂ ਢੀਮ ਕੋਠੀ ਵੱਲ ਮਾਰੀ ਆ। ਮੋਟਰ ਤੇ ਹੱਥ ਧੋ ਕੇ ਤੁਰ ਪਿਆ ਹਾਂ।
 ਹੁਣ ਆਹ ਪੈਲੀ ਧੁਰ ਘਰਾਂ ਤੱਕ ਬਾਜ਼ ਵਾਲਿਆਂ ਦੀ ਆ। ਉਦੋਂ ਸਾਡੇ ਕੰਮ ਵੀ ਇਹੀ ਆਏ ਸੀ। ਚਾਚੇ ਨੇ ਤਾਂ ਉਦੋਂ ਤਬਾਹ ਹੋਈ ਫ਼ਸਲ ਦੇਖ ਹੌਂਸਲਾ ਢਾਹਿਆ ਹੋਇਆ ਸੀ। ਮੈਂ ਉਹਨੂੰ ਬੈਠਦਾ ਕੀਤਾ ਸੀ। ਮੈਂ ਮੁੜ ਇਹਨੁੰ ਢੇਰੀ ਢਾਹੁੰਦਿਆਂ ਨਈਂ ਦੇਖਿਆ । ਹੁਣ ਬਿਮਾਰ-ਬਿਮਾਰ ਵੀ ਮੇਰੇ ਲਈ ਪੈਸੇ ਇਕੱਠੇ ਕਰਨ ਲਈ ਦੌੜ ਭੱਜ ਕਰਦਾ ਰਿਹਾ ਆ। ਉਦਾਂ ਪਿੰਡ ਵਾਲੇ ਸਾਡੀ ਮਸੰਦਾਂ ਪੱਟੀ ਵਾਲਿਆਂ ਨੂੰ ਵਿਹਲੀਆਂ ਖਾਣ ਵਾਲੇ ਗਿਣਦੇ ਆ। ਪਰ ਸਾਡਾ ਟੱਬਰ ਕਿਰਸੀ ਵੀ ਬੜਾ ਸੀ ਤੇ ਮਿਹਨਤੀ ਵੀ। ਆਹ ਮੇਰੇ ਘਰੋਂ ਬਖਸ਼ਿੰਦਰ ਸਾਨੂੰ ਕੰਜੂਸਾਂ ਦਾ ਟੱਬਰ ਸੱਦਦੀ ਆ ਤੇ ਕਦੇ ਭੁੱਖਿਆਂ ਨੰਗਿਆਂ ਦਾ। ਇਹਨੂੰ ਸਾਲੀ ਨੂੰ ਕੀ ਪਤਾ ਕਿ ਸਾਡੇ ਟੱਬਰ ਨੇ ਕਿੰਨੀ ਮੇਹਨਤ ਕੀਤੀ ਆ। ਚਾਚੀ ਚਾਚੇ ਨੂੰ ਜਦੋਂ ਦੇਖਿਆ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਏ ਦੇਖਿਆ। ਸਾਨੂੰ ਤਿੰਨਾਂ ਭੈਣ ਭਰਾਵਾਂ ਨੂੰ ਵੀ ਕੰਮ ਦਾ ਚੂੰਡ ਬੜਾ ਸੀ। ਪਰ ਨਸੀਬਾਂ ਦੀ ਮਾਰ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਸੀ। ਚਾਚੇ ਨੂੰ ਤਾਂ ਮੈਂ ਹੌਂਸਲਾ ਦੇਈ ਜਾਂਦਾ ਸੀ। ਪਰ ਸੁੱਝ ਕੁੱਝ ਨਈਂ ਰਿਹਾ ਸੀ।
ਉਦੋਂ ਸ਼ਾਇਦ ਕਿਸੇ ਨੇ ਤਾਏ ਚਰਨ ਸੁੰਹ ਨੂੰ ਇੰਗਲੈਂਡ ਖਬਰ ਕਰ ਦਿੱਤੀ ਹੋਵੇ। ਉਹਦੀ ਚਿੱਠੀ ਆ ਗਈ। ਉਹਨੇ ਮੈਨੂੰ ਵਲੈਤ ਲਈ ਟਰਾਈ ਮਾਰਨ ਨੂੰ ਲਿਖਿਆ ਸੀ।  ਏਜੰਟ ਨਾਲ ਗੱਲ ਕਰ ਕੇ ਚਿੱਠੀ ਲਿਖਣ ਨੂੰ ਕਿਹਾ ਸੀ। ਜਿੱਦਣ ਚਿੱਠੀ ਆਈ। ਚਾਚਾ ਘਰ ਨਈਂ ਸੀ। ਮੁਆਵਜ਼ਾ ਲੈਣ ਦੇ ਚੱਕਰ ‘ਚ ਤਹਿਸੀਲ ਗਿਆ ਹੋਇਆ ਸੀ। ਮੈਂ ਉਹਦੀ ਉਡੀਕ ਨਈਂ ਸੀ ਕੀਤੀ। ਛੋਕਰ ਟਰੈਵਲ ਵਾਲੇ ਏਜੰਟ ਗੁਰਜੰਟ ਸੁੰਹ ਨਾਲ ਮੁਕੰਦਪੁਰ ਗੱਲ ਵੀ ਕਰ ਆਇਆ ਸੀ। ਸ਼ਾਮ ਨੂੰ ਚਾਚੇ ਨੂੰ ਪਤਾ ਲੱਗਿਆ ਤਾਂ ਉਹ ਭੜਕ ਪਿਆ ਸੀ।
 “ ਓਏ ਦਲਜਿੰਦਰਾ, ਢੱਕਿਆ ਰਹਿ। ਕਾਹਨੂੰ ਮੂਤ ‘ਚ ਮੱਛੀਆਂ ਭਾਲਦਾ। ਚਰਨ ਸੁੰਹ ਦੇ ਤਾਂ ਮੈਂ ਹੱਗਿਓ ‘ਤੇ ਨਈਂ ਯਕੀਨ ਕਰਦਾ। ਐਨੇ ਸਾਲ ਹੋ ਗਏ ਵਲੈਤ ਗਏ ਨੂੰ ਕਦੇ ਬਾਤ ਪੁੱਛੀ ਆ?”
 ਮੈਂ ਚਾਚੇ ਨੂੰ ਮੁਕੰਦਪੁਰੀਏ ਏਜੰਟ ਨਾਲ ਗੱਲ ਕਰਕੇ ਔਣ ਵਾਰੇ ਦੱਸਦਾ ਰਿਹਾ। ਪਰ ਉਹਦਾ ਸਿਰ ਨਾਂਹ ਵਿੱਚ ਵੱਜਦਾ ਰਿਹਾ ਸੀ। ਫ਼ਸਲ ਦੀ ਤਬਾਹੀ ਹੋਈ ਪਈ ਸੀ। ਚਾਚਾ ਇਹ ਜੂਆ ਖੇਡਣ ਲਈ ਤਿਆਰ ਨਈਂ ਸੀ ਹੋ ਰਿਹਾ। ਉਹ ਕਿਹੜਾ ਨਿਆਣਾ ਸੀ। ਸਾਡੇ ਪਿੰਡਾਂ ਦਾ ਜੰਮਦਾ ਜੁਆਕ ਤਾਂ ਬਾਹਰ ਜਾਣ ਲਈ ਪਾਸਪੋਰਟ ਬਣਾਈ ਬੈਠਾ। ਜਿਹੜੇ ਸ਼ਰੀਕ ਕਦੇ ਸਾਡੇ ਘਰ ਤੋਂ ਮੰਗ ਕੇ ਖਾਂਦੇ ਰਹੇ, ਉਹ ਵੀ ਵਿਦੇਸ਼ ਚਲੇ ਗਏ। ਅਗਲਿਆਂ ਨੇ ਜ਼ਮੀਨਾਂ ਗਹਿਣੇ ਧਰੀਆਂ, ਏਜੰਟਾਂ ਰਾਹੀਂ ਬਾਹਰ ਸੈਟਲ ਹੋ ਗਏ। ਪਿੰਡਾਂ ਵਿੱਚ ਮਹਿਲਾਂ ਦੇ ਮਹਿਲ ਖੜ੍ਹੇ ਕਰ ਗਏ। ਪਰ ਚਾਚੇ ਨੂੰ ਕਿਹੜਾ ਸਮਝਾਉਂਦਾ। ਫੇਰ ਪਤਾ ਨਈਂ ਇਹਦੇ ਕਿਥੋਂ ਮਨ ਸੁਮੱਤਿਆ ਪੈ ਗਈ। ਪਤਾ ਨਈਂ  ਕਿਹੜਾ ਸਲਾਹੂ ਟੱਕਰਿਆ। ਜ਼ਮੀਨ ਬਾਜ਼ ਵਾਲਿਆਂ ਦੇ ਗਹਿਣੇ ਧਰੀ। ਰਕਮ ਏਜੰਟ ਨੂੰ ਜਾ ਫੜਾਈ।
 ਛੋਕਰ ਏਜੰਟ ਨੇ ਸਾਡੀ ਤੇਰਾਂ ਜਣਿਆਂ ਦੀ ਇੰਗਲੈਂਡ ਵਿੱਚ ਐਂਟਰੀ ਕਰਵਾਈ ਸੀ। ਸਿੱਖਾਂ ਦੀ ਪੱਟੀ ਵਿੱਚੋਂ ਵੀ ਦੋ ਮੁੰਡੇ ਸਨ। ਉਹ ਤਾਂ ਇੰਗਲੈਂਡ ਪੁੱਜਦਿਆਂ ਈ ਛੂ-ਮੰਤਰ ਹੋ ਗਏ। ਅਸੀਂ ਛੇ ਜਣੇ ਪੁਲਿਸ ਦੇ ਕਾਬੂ ਆ ਗਏ। ਚਾਰ ਮਹੀਨੇ ਜੇਲ੍ਹ ਵਿੱਚ ਰਹੇ। ਬਾਅਦ ਵਿੱਚ ਉਨ੍ਹਾਂ ਨੇ ਡੀਪੋਰਟ ਕਰ ਦਿੱਤੇ। ਤਾਇਆ ਜੇਲ੍ਹ ਵਿੱਚ ਮੁਲਾਕਾਤ ਕਰਨ ਵੀ ਨਈਂ ਸੀ ਆਇਆ।
 ਆਹ ਜਹਾਜ਼ ਵਾਲੀ ਕੋਠੀ ਨੂੰ ਦੇਖ ਕੇ ਮੇਰੇ ਅੱਗ ਲੱਗ ਗਈ ਆ। ਮੈਂ ਮਿੱਟੀ ਨਾਲ ਲਿਬੜੀ ਜੁੱਤੀ ਕੋਠੀ ਦੀ ਥੜ੍ਹੀ ਨਾਲ ਝਾੜੀ ਆ। ਇੱਥੇ ਕੋਠੀ ਵਿੱਚ ਭਈਏ ਰਹਿੰਦੇ ਆ। ਥਾਂ ਸਾਡਾ----। ਸਾਲੇ ਮੌਜਾਂ ਮਾਣਦੇ ਆ।
 ਉਹ ਤਾਇਆ ਸਦਾ ਰਾਮ ਆਉਂਦਾ ਪਿਆ। ਮੇਰੇ ਯਾਰ ਭੱਜੀ ਦਾ ਪਿਓ। ਹੁਣ ਇਹਦੀ ਨਿਗ੍ਹਾ ਘੱਟ ਗਈ ਆ। ਫੇਰ ਵੀ ਮੈਨੂੰ ਪਛਾਣ ਲਿਆ। ਮੈਂ ਤਾਏ ਦਾ ਹਾਲ ਚਾਲ ਪੁੱਛਿਆ ਹੈ। ਹੁਣ ਵਿਚਾਰੇ ਦਾ ਹਾਲ ਕਾਹਦਾ। ‘ਹੂੰ-ਹਾਂ’ ਜਿਹਾ ਕਰਕੇ ਮੇਰੀ ਪਿੱਠ ਥਾਪੜ ਕੇ ਤੁਰ ਪਿਆ ਏ।
 ਉਦੋਂ ਵੀ ਅੱਜ ਕੱਲ੍ਹ ਵਰਗੀ ਹਾਲਤ ਸੀ। ਕੁੜੀ ਦੇਣੇ---ਗੁਰਜੰਟ ਸੁੰਹ ਨੇ ਸਾਨੂੰ ਵਿਕਣ ਲਾ ਦਿੱਤਾ ਸੀ। ਸਾਨੂੰ ਕਦੇ ਦਿੱਲੀ ਲੈ ਜਾਂਦਾ, ਕਦੇ ਬੰਬੇ। ਮੈਂ ਦੋ-ਤਿੰਨ ਸਾਲ ਦਿੱਲੀ-ਬੰਬੇ ਦੇ ਚੱਕਰ ਕੱਟਦਾ ਰਿਹਾ। ਉਸ ਖੁੱਸੜ ਜੱਟ ਦਾ ਕੀ ਜਾਂਦਾ ਸੀ। ਪੈਸੇ ਅਸੀਂ ਖਰਚਦੇ ਸੀ। ਮਹੀਨਿਆਂ ਬੱਧੀ ਬੇਗਾਨਿਆਂ ਸ਼ਹਿਰਾਂ ਵਿੱਚ ਅਸੀਂ ਭੁੱਖਾਂ ਕੱਟਦੇ ਰਹੇ, ਤਿਰਹਾਏ ਰਹੇ, ਉਹਨੂੰ ਕੀ ਸੀ? ਉਹ ਤਾਂ ਟਰਾਈਆਂ ਮਰਵਾਉਂਦਾ ਰਿਹਾ। ਚਾਚੇ ਦਾ ਵਾਲ-ਵਾਲ ਕਰਜ਼ੇ ਵਿੱਚ ਵਿਨ੍ਹਿਆਂ ਗਿਆ ਸੀ। ਬਾਜ਼ ਵਾਲਿਆਂ ਨੂੰ ਦੋ ਚਾਰ ਕਨਾਲ ਜ਼ਮੀਨ ਗਹਿਣੇ ਧਰ ਦਿੱਤੀ ਜਾਂਦੀ।ਆੜ੍ਹਤੀਏ ਦਾ--- ਬੈਂਕ ਦਾ ਵਿਆਜ਼ ਮੋੜ ਦਿੱਤਾ ਜਾਂਦਾ। ਐਨੇ ਯਤਨਾਂ ਦੇ ਬਾਵਜੂਦ ਵੀ ਮੈਂ ਇੰਗਲੈਂਡ ਨਾ ਜਾ ਸਕਿਆ।
 ਇਹ ਤੇ ਭਲਾ ਹੋਵੇ ਭੱਜੀ ਦਾ। ਚਲੋ ਇੱਕ ਵਾਰ ਤਾਂ ਉਹਨੇ ਜਿੱਲਣ੍ਹ ‘ਚੋਂ ਕੱਢਤਾ ਸੀ।। ਮੈਨੂੰ ਡੁਬਈ ਲੈ ਗਿਆ। ਆਪਣਿਆਂ ਨਾਲੋਂ ਤਾਂ ਇਹ ਸੱਤ ਪਰਾਇਆ ਚੰਗਾ ਨਿਕਲਿਆ। ਆਹ ਤਾਇਆ ਸਦਾ ਰਾਮ ਦਾਤਣ ਕਰਦਾ ਤੁਰਿਆ ਜਾਂਦਾ। ਇਹਦੇ ਕੋਲੋਂ ਵੀ ਹੁਣ ਤੁਰ ਨਈਂ ਹੁੰਦਾ। ਇਹਦਾ ਹਾਲ ਵੀ ਮੇਰੇ ਪਿਓ ਸ਼ਿੰਗਾਰੇ ਵਾਲਾ ਆ।
 ਉਹ ਵੀ ਕਿਹਾ ਮਨਹੂਸ ਦਿਨ ਸੀ।
 ਸਾਰਾ ਪਿੰਡ ਭੱਜੀ ਦੀ ਟਾਹਲੀ ਨਾਲ ਲਟਕਦੀ ਲਾਸ਼ ਦੇਖ ਕੇ ਦੰਗ ਰਹਿ ਗਿਆ ਸੀ। ਉਹਦੀ ਅਰਥੀ ਚੁੱਕਣ ਵਾਲਿਆਂ ਵਿੱਚ ਮੈਂ ਵੀ ਸ਼ਾਮਿਲ ਸੀ। ਪਰ ਉਹਦੇ ਮਰਨ ਦਾ ਯਕੀਨ ਮੈਨੂੰ ਹੁਣ ਤੱਕ ਵੀ ਨਈਂ ਆਉਂਦਾ। ਉਹਨੇ ਦਸ-ਬਾਰ੍ਹਾਂ ਸਾਲ ਡੁਬਈ ਲਾਏ। ਉਹ ਆਪਣੇ ਵਿਹੜੇ ਦੇ ਅੱਧੇ ਮੁੰਡੇ ਤਾਂ ਡੁਬਈ ਲੈ ਗਿਆ ਹੋਣਾ। ਉਹ ਕਿਸੇ ਨਾ ਕਿਸੇ ਸ਼ੇਖ ਕੋਲੋਂ ਵੀਜ਼ਾ ਲੈ ਆਉਂਦਾ। ਪਿੰਡ ਦਾ ਕੋਈ ਨਾ ਕੋਈ ਮੁੰਡਾ ਦੁਬਈ ਲੈ ਜਾਂਦਾ। ਉਹਦੇ ਕੋਲੋਂ ਕੰਪਨੀ ਛੁਡਾ ਲੈਂਦਾ। ਆਪ ਸ਼ਰਾਬ ਕੱਢਦਾ। ਅਗਲੇ ਨੂੰ ਵੇਚਣ ਲਾ ਲੈਂਦਾ। ਖਜ਼ੂਰਾਂ ਦੀ ਸ਼ਰਾਬ ਕੱਢਣ ਦਾ ਬੜਾ ਮਾਹਿਰ ਸੀ ਉਹ। ਮੈਨੂੰ ਕਹਿਣਾ---
 “ ਪਹਿਲੇ ਤੋੜ ਦੀ ਦਾ ਲਾ ਪੈੱਗ। ਤੇ ਫੇਰ ਧੰਦੇ ਲਈ ਸ਼ੂਟ ਵੱਟ ਲੈ।”
 ਆਪ ਤਾਂ ਉਹ ਪੁਲਿਸ ਦੇ ਹੱਥ ਨਈਂ ਸੀ ਆਇਆ। ਮੈਨੂੰ ਪੰਜ ਮਹੀਨੇ ਦੀ ਕੈਦ ਹੋ ਗਈ ਸੀ।
 ਪਿੰਡ ਵਿੱਚ ਉਹਨੂੰ ਸਾਰੇ ‘ਖੜੱਪਾ ਸੱਪ’ ਸੱਦਦੇ ਹੁੰਦੇ ਸੀ। ਉਹਦਾ ਇਉਂ ਆਤਮ-ਹੱਤਿਆ ਕਰਨਾ ਹੈਰਾਨੀ ਵਾਲੀ ਗੱਲ ਸੀ। ਤਾਏ ਸਦਾ ਰਾਮ ਤੇ ਤਾਈ ਦਾ ਹਾਲ ਨਈਂ ਸੀ ਦੇਖਿਆ ਜਾਂਦਾ। ਜੋ ਹਾਲ ਇਨ੍ਹਾਂ ਦਾ ਉਦੋਂ ਹੋਇਆ ਸੀ। ਮੇਰੇ ਘਰ ਚਾਚੇ ਚਾਚੀ ਦਾ ਹੁਣ ਹੋਇਆ ਪਿਆ। ਜੀਉਂਦੇ ਵੀ ਮਰਿਆ ਵਰਗੇ। ਪੁੱਠੀ ਮੱਤ ਵਾਲੀ ਬਖਸ਼ਿੰਦਰ ਰਾਤ ਕਹਿਣ ਲੱਗੀ।
 “ਆਪਣੇ ਜੱਟਾਂ ਜ਼ਿਮੀਦਾਰਾਂ ਨੂੰ ਬਚਾਅ ਲਿਆ ਕਨੈਡਾ, ਅਮਰੀਕਾ, ਵਲੈਤ ਨੇ। ਛੋਟੀਆਂ ਬਰਾਦਰੀਆਂ ਨੂੰ ਅਰਬ ਨੇ। --- ਸਾਹਿਬ ਜੀ, ਹੁਣ ਚੰਗੀ ਨੀਅਤ ਨਾਲ ਜਾਇਓ ।”
 ਰਾਤ ਫਿਰ ਭੱਜੀ ਦੀ ਗੱਲ ਚੱਲੀ ਸੀ। ਪਤਾ ਨਈਂ ਮੈਤੋਂ ਕਾਹਤੋਂ ਬਾਹਰ ਜਾਣ ਖਿਲਾਫ਼ ਬੋਲ ਹੋ ਗਿਆ ਸੀ। ਇਹ ਆਪਣਾ ਭਾਸ਼ਣ ਲੈ ਕੇ ਬਹਿ ਗਈ। ਦੱਸ ਭਲਾ ਮੈਂ ਕਿੱਦਾਂ ਭੱਜੀ ਨੂੰ ਭੁੱਲ ਜਾਵਾਂ। ਆਹ ਉਹ ਟਾਹਲੀ ਆ, ਜਿਹਦੇ ਨਾਲ ਉਹਨੇ ਫਾਹਾ ਲਿਆ ਸੀ।
ਭੈਣ ਮਰਾਵੇ ਭੱਜੀ। ਭੱਜ ਉਏ ਇੱਥੋਂ ਹੋਰ ਕਿਤੇ---। ਬਖਸ਼ਿੰਦਰ ਦੀ ਗੱਲ ਵੀ ਠੀਕ ਆ। ਮੈਂ ਤਾਂ ਐਵੇਂ ਭੱਜੀ ਨੂੰ ਲੈ ਕੇ ਬਹਿ ਜਾਂਦੈ। ਆਪਣੇ ਕੰਮ ਵਿੱਚ ਖਰੋੜ ਪਾਉਣ ਲੱਗਿਆ ਆਂ। ਸੰਤਾਂ ਨੇ ਕੀ ਕਿਹਾ ਸੀ? ਭੁੱਲ ਗਿਆ? ਅਰਾਮ ਨਾਲ ਬੰਦਾ ਬਣ ਕੇ ਤੁਰ ਪਾ। ਮੈਂ ਤਾਂ ਅਮਰੀਕਾ ਜਾਣਾ ਆ। ਮੈਂ ਉਹਤੋਂ ਕੀ ਲੈਣਾ?
 ਮੈਂ ਤੇਜ਼ ਕਦਮੀਂ ਘਰ ਵੱਲ ਨੂੰ ਤੁਰ ਪਿਆ ਹਾਂ।
ਇੱਕ ਆਹ ਕਲਮੂਹਾਂ ਹਰ ਥਾਂ ਟੱਕਰ ਪੈਂਦਾ। ਹੁਣ ਇਹ ਮੇਰਾ ਫਿਰ ਲਹੂ ਪੀਊ। ਬਣੀ ਫਿਰਦਾ ਕਿਸਾਨ ਯੂਨੀਅਨ ਦਾ ਪ੍ਰਧਾਨ। ਇਹਨੂੰ ਪਿੰਡ ਵਿੱਚ ਕੋਈ ਨਈਂ ਪੁੱਛਦਾ। ਅਖੇ ਮੈਂ ਪ੍ਰਧਾਨ, ਜੀਤਾ ਭਲਵਾਨ। ਸਾਰੇ ਇਹਨੂੰ ਬਾਜਾ ਭਲਵਾਨ ਸੱਦਦੇ ਆ। ਕੰਨ ਇਹਦੇ ਸੂਰ ਦੇ ਬੁਲ੍ਹਾਂ ਵਰਗੇ ਸੁੱਜਿਉ ਆ। ਸਿਰ ਵੀ ਵਿੰਗਾ। ਇਹ ਹਰ ਥਾਂ ਲੱਤ ਅੜਾਉਂਦਾ। ਭੱਜੀ ਦੇ ਦਾਗਾਂ ਤੋਂ ਬਾਅਦ ਆਪਣਾ ‘ਅਖਾੜਾ’ ਲਾ ਕੇ ਬਹਿ ਗਿਆ।
 “ਜਿਸ ਜਮਾਤ ਵਿੱਚ ਆਤਮ ਹੱਤਿਆਵਾਂ ਹੋ ਰਹੀਆਂ ਹੋਣ। ਉਹਦਾ ਸੰਕਟ ਕਿੰਨਾ ਗਹਿਰਾ ਹੋਏਗਾ। ਮਨੁੱਖ ਵੀ ਮੰਡੀ ਦਾ ਮਾਲ ਬਣ ਗਿਆ। ਉਹਦੀ ਕਿਰਤ ਵੀ।”
 ਬਈ ਦੱਸ ਤੂੰ ਜਲਸਾ ਕਰਦਾ ਪਿਆਂ। ਅਗਲਿਆਂ ਦਾ ਮੁੰਡਾ ਮੁੱਕ ਗਿਆ। ਇਹ ਹੋਰੇ ਗੱਲਾਂ ਲੈ ਕੇ ਬਹਿ ਗਿਆ।
 “ਵਿਆਹ ਕਰਵਾ ਕੇ ਝੱਟ ਜੁਦੇ ਹੋ ਜਾਂਦੇ ਆ। ਮੁਸ਼ਕਲਾਂ ਦੇ ਪਹਾੜ ਡਿੱਗਦੇ ਆ। ਦੁੱਖ ਸੁਣਨ ਵਾਲਾ ਕੋਲ ਕੋਈ ਹੁੰਦਾ ਨਈਂ। ਤਣਾਅ ਵੱਧਦਾ ਜਾਂਦਾ ਆ। ਨਸ਼ੇ ਦਾ ਸਹਾਰਾ ਲੈਂਦੇ ਆ ਤੇ ਫੇਰ---।”
 ਮੈਂ ਤਾਂ ਸ਼ੁਕਰ ਕਰਦਾਂ ਭਰਾਵੋ ਸੰਤਾਂ ਦਾ। ਲੰਘ ਗਈ ਜਲੇਦ। ਜੇ ਦੇਖ ਲੈਂਦਾ ਤਾਂ ਇਹਨੇ ਇੱਥੇ ਪ੍ਹੀਣ ਪਾ ਕੇ ਬਹਿ ਜਾਣਾ ਸੀ। ਅਜੇ ਇਹਨੂੰ ਇਹ ਨਈਂ ਪਤਾ ਹੋਣਾ ਕਿ ਮੈਂ ਅਮਰੀਕਾ ਚੱਲਿਆਂ ਨਈਂ ਤਾਂ ਇਹਨੇ ਝੱਟ ਰਸਤਾ ਰੋਕ ਲੈਣਾ ਸੀ ਤੇ ਆਖਣਾ ਸੀ -
 “ਦਲਜਿੰਦਰ ਸਿਆਂ, ਆਪਾਂ ਆਪਣੇ ਦੇਸ਼ ਨੂੰ ਸਵਰਗ ਬਣਾਉਣ ਲਈ ਕਿਉਂ ਨਾ ਲੜੀਏ?” 
       ਇਹ ਸਾਨੂੰ ਲੜਾਈ ਲੜਨ ਲਈ ਕਹਿੰਦਾ ਰਹਿੰਦਾ। ਆਪਣੇ ਦੋਨੋਂ ਨਿਆਣੇ ਕਨੈਡਾ ਭੇਜ ਦਿੱਤੇ ਆ। ਕੁੜੀ ਦਾ ਰਿਸ਼ਤਾ ਕਰਨ ਲੱਗੇ ਨੇ ਕੁਸ਼ ਸੋਚਿਆ ਵੀ ਨਈਂ ਕਿ ਕੁੜੀ ਮੁੰਡੇ ਦਾ ਹਾਣ ਮੰਗਲ ਹੈ ਵੀ ਜਾਂ ਨਈਂ। ਇਹਨਾਂ ਦਾ ਵੱਡਾ ਲੀਡਰ ਸਰਕਾਰ ਕੋਲੋਂ ਚੇਅਰਮੈਨੀ ਲੈ ਕੇ ਬਹਿ ਗਿਆ।--- ਵਧੀਆ ਹੋਇਆ, ਦਫ਼ਾ ਹੋ ਗਿਆ। ਐਵੇਂ ਸੰਤਾਂ ਕੋਲ ਜਾਣ ਤੋਂ ਲੇਟ ਕਰ ਦਿੰਦਾ। ਕੰਮ ‘ਚ ਘੜੰਮ ਪੌਂਦਾ।
 ਮੇਰੀ ਵੀ ਆਦਤ ਠੀਕ ਨਈਂ। ਪਤਾ ਨਈਂ ਕਿਹੜੇ ਵਹਿਣ ਵਿੱਚ ਪੈ ਜਾਂਦਾ ਆ। ਗੱਲ ਤਾਂ ਮੈਂ ਜਹਾਜ਼ ਵਾਲੀ ਕੋਠੀ ਦੀ ਕਰਦਾ ਪਿਆ ਸੀ। ਮੇਰੀ ਗੁਰਦੁਆਰਾ ਸਾਹਿਬ ਜਾਣ ਦੀ ਦੇਰ ਆ। ਅੱਜ ਉਥੋਂ  ਪਾਸਪੋਰਟ ਤੇ ਟਿਕਟ ਲੈ ਆਉਣੇ ਆ।  ਤੇ ਫਿਰ ਫੁਅ-----ਫੁਅਰ। ਆਹ ਕੋਈ ਜਹਾਜ਼ ਆ, ਜਿਹੜਾ ਤਾਏ ਨੇ ਕੋਠੀ ‘ਤੇ ਬਣਾਇਆ। ਨਹਿਰੂ ਦੇ ਵੇਲਿਆਂ ਦਾ। ਮੈਨੂੰ ਸਰਦਾਰ ਜੌਹਨ ਸਿੰਘ ਸ਼ੇਰਗਿੱਲ ਕਹਿੰਦਾ ਸੀ।
 “ ਸਿੰਘ ਸਾਹਿਬ, ਏਅਰ ਫਰਾਂਸ ਦੇ ਜਹਾਜ਼ ਦੇਖਣ ਵਾਲੇ ਦਿਓ। ਉਨ੍ਹਾਂ ਵਿੱਚ ਸਫ਼ਰ ਕਰਨ ਦਾ ਮਜ਼ਾ ਈ ਵੱਖਰਾ। ਆਪਣੇ ਖਾਸ-ਖਾਸ ਬੰਦੇ ਅਸੀਂ ਉਦੇ ‘ਚ ਭੇਜਦੇ ਆ।”
 ਮੈਨੂੰ ਅਮਰੀਕਾ ਪੁੱਜ ਲੈਣ ਦੇ। ਉਧਾਰ ਮੋੜਨ ਨੂੰ ਬੜੀ ਹੱਦ ਦੋ ਸਾਲ ਲੱਗ ਜਾਣਗੇ। ਪੰਜਾਂ ਸਾਲਾਂ ਬਾਅਦ ਤਾਏ ਦੇ ਬਰਾਬਰ ਕੋਠੀ ਪਾ ਦੇਣੀ ਆ।ਪਹਿਲਾਂ ਬਾਜ਼ ਵਾਲਿਆਂ ਤੋਂ ਜ਼ਮੀਨ ਛੁਡਾੳੇਣੀ ਆ। ਬੱਸ ਫ਼ੇਰ ਕੋਠੀ ਪਾਉਣ ਦਾ ਕੰਮ ਕਰਨਾ। ਤਾਏ ਦੀ ਹਿੱਕ ‘ਤੇ ਸੱਪ ਲਿਟੌਣਾ। ਏਅਰ ਫਰਾਂਸ ਵਾਲਾ ਜਹਾਜ਼ ਕੋਠੀ ‘ਤੇ ਬਣੌਣਾ। ਇਲਾਕੇ ਵਿੱਚ ਨਮੂਨੇ ਦੀ ਟੈਂਕੀ ਬਣੂ। ਜਦੋਂ ਟੈਂਕੀ ਪਾਣੀ ਨਾਲ ਫੁੱਲ ਹੋ ਜਾਇਆ ਕਰੂ। ਜਿੱਦਾਂ ਜਹਾਜ਼ ਦੀ ਪੂੰਛ ਧੂੰਆਂ ਛੱਡਦੀ ਆ। ਸਾਡੇ ਵਾਲੇ ਜਹਾਜ਼ ਦੀ ਪੂੰਛ ਪਾਣੀ ਦੀ ਬੁਛਾੜ ਕਰਿਆ ਕਰੂ। ਜਦੋਂ ਟੈਂਕੀ ਪਾਣੀ ਤੋਂ ਖਾਲੀ ਹੋ ਜਿਆ ਕਰੂ। ਉਹਦੇ ਫਰ ਉੱਪਰ ਥੱਲੇ ਹੋਇਆ ਕਰਨਗੇ।
 ਮੇਰੇ ਜਹਾਜ਼ ਦਾ ਦੂਜਾ ਹਮਲਾ ਬਾਜ਼ ਵਾਲੀ ਟੈਂਕੀ ‘ਤੇ ਹੋਣਾ ਆ। ਜਿੱਦਾਂ ‘ਜਹਾਦੀਆਂ’ ਨੇ  ਬਿੱਲੀਆਂ ਅੱਖਾਂ ਵਾਲੇ ਦੇਸ਼ ਦੇ ਟਾਵਰ ਤਬਾਹ ਕਰ ਦਿੱਤੇ। ਉਹ ਵੱਡਾ ‘ਬਾਜ਼’ ਬਣੀ ਫਿਰਦਾ ਸੀ। ਅਗਲਿਆਂ ਨੇ ਮਿੰਟ ਨਈਂ ਲਾਇਆ। ਮੈਂ ਵੀ ਸੱਭ ਕੁੱਸ਼ ਉਡਾ ਦੇਣਾ ਆ। ਹਰਦੇਵ ਸੁੰਹ ਕਿਆਂ ਦੇ ਹੱਥ ਲਾ-ਲਾ ਕੇ ਦੇਖਣਗੇ। ਬਾਜ਼ ਵਾਲੀ ਟੈਂਕੀ ਤਾਂ ਮੂਧੇ ਮੂੰਹ ਹਊ। ਸਾਲੇ ਚੜਿਓ ਵੀ ਬਹੁਤ ਆ।
 ਜਦੋਂ ਬਾਹਰੋਂ ਇਨ੍ਹਾਂ ਦੇ ਭਰਾ ਆਉਂਦੇ ਆ। ਲੋਕਾਂ ਨੂੰ ਡਾਲਰ ਦਿਖੌਂਦੇ ਫ਼ਿਰਨਗੇ। ਡਾਲਰ ਮੈਂ ਨਾ ਲਿਆਉਂਗਾ? ਕਾਰ ਵਿੱਚ ਧੂੜਾਂ ਪੁੱਟੀ ਫਿਰਨਗੇ। ਦੱਸ ਮੈਤੋਂ ਨਾ ਕਾਰ ਲੈ ਹਊ। ਨਵਾਂ ਮਾਡਲ ਲਊਂ। ਇੱਕ ਵਾਰ ਤਾਂ ਇਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਜਾਊਗੀਆਂ। ਮਾਰ੍ਹ ਕਿਤੇ ਗਲੇ ਵਿੱਚ ਸੋਨੇ ਦੀਆਂ ਚੈਨੀਆਂ, ਬਾਹਾਂ ਵਿੱਚ ਕੜੇ ਤੇ ਉਂਗਲੀਆਂ ਵਿੱਚ ਮੁੰਦੀਆਂ ਪਾਈ ਫਿਰਨਗੇ। ਸਾਲੇ ਖੁਸਰੇ ਜਿਹੇ।---ਮੈਂ ਇਹਤੋਂ ਵੱਧ ਸੋਨਾ ਆਪਣੀ ਜੱਟੀ ਨੂੰ ਲੈ ਕੇ ਦਊਂ। ਉਹਦੇ ਸਾਰੇ ਉਲਾਂਭੇ ਲਾਹ ਦੇਣੇ ਆ। ਉਹ ਵੀ ਕੀ ਯਾਦ ਕਰੂਗੀ। ਨਾਲੇ ਸਹੁਰਿਆਂ ਨੂੰ ਪਤਾ ਲੱਗ ਜਾਊ। ਐਵੇਂ ਕਿੜ-ਕਿੜ ਕਰਦੇ ਰਹਿੰਦੇ ਆ। ਉਨ੍ਹਾਂ ਨਾਲ ਵੀ ਅਗਲਾ ਪਿਛਲਾ ਹਿਸਾਬ ਕਰਨਾ। ਚਾਰ ਛਿੱਲੜ ਦੇ ਕੇ ਧੌਂਸ ਦਿਖੌਂਦੇ ਆ।
 ਉੱਦਾਂ ਕਦੇ-ਕਦੇ ਮੈਂ ਬਖਸ਼ਿੰਦਰ ਨਾਲ ਵਿਆਹ ਕਰਵਾ ਕੇ ਪਛਤੋਂਦਾ ਵੀ ਆਂ। ਇਸ ਮਾਂ ਜਾਆਬ੍ਹੀ ਨੇ ਸਾਡਾ ਜਲੂਸ ਕੱਢਿਆ ਪਿਆ ਆ। ਜੇ ਸੁਖਮਣੀ ਤੇ ਪੁਨੀਤ ਨਾ ਹੁੰਦੀਆਂ। ਮੈਂ ਕਦੋਂ ਦਾ ਛੱਡ ਛੁਡਈਆ ਕਰ ਲੈਂਦਾ। ਚਾਚੀ ਨੇ ਤਾਂ ਕਈ ਵਾਰ ਛੱਡਣ ਲਈ ਕਿਹਾ ਆ। ਪਰ ਵਿਆਹ ਕਰਾਉੇਣੇ ਕਿਹੜਾ ਸੌਖੇ ਆ। ਇਸ ਦੇਸ਼ ਵਿੱਚ ਮਾਤ੍ਹੜ ਦਾ ਤਾਂ ਇੱਕ ਵਿਆਹ ਮਸੀਂ ਹੁੰਦਾ ਆ। ਛੱਡ ਕੇ----। ਖ਼ੈਰ---! ਦੋਸ਼ ਸਾਡਾ ਵੀ ਆ। ਅਸੀਂ ਵੀ ਤਾਂ ਝੂਠ ਈ ਬੋਲਿਆ ਸੀ।
 “ ਦਲਜਿੰਦਰ ਦਾ ਇੰਗਲੈਂਡ ਕੇਸ ਚਲਦਾ ਸੀ। ਉਦੋਂ ਮੁੜਨਾ ਪੈ ਗਿਆ ਸੀ। ਅਸੀਂ ਸੋਚਿਆ, ਜਿੰਨਾ ਚਿਰ ਕੇਸ ਚਲਦਾ ਦੁਬਈ ਜਾ ਆਵੇ। ਇਹਨੇ ਇੱਕ ਦਿਨ ਤਾਂ ਵਲੈਤ ਚਲੇ ਈ ਜਾਣਾ ਆ।”
 ਜਦੋਂ ਮੈਨੂੰ ਦੁਬਈ ਤੋਂ ਡਿਪੋਰਟ ਕੀਤਾ ਸੀ। ਹਾਅ ਗੱਲਾਂ ਚਾਚੀ ਤਾਂ ਕੀ ਸਾਰਾ ਟੱਬਰ ਕਰਦਾ ਰਿਹਾ ਸੀ। ਬੀਬੀ ਬਖਸ਼ਿੰਦਰ ਕੌਰ ਦੇ ਘਰ ਦਿਆਂ ਨੇ ਇੰਗਲੈਂਡ ਲਈ ਇਹਨੂੰ ਮੇਰੇ ਨਾਲ ਨੂੜ ਦਿੱਤਾ। ਦੋ-ਚਾਰ ਸਾਲ ਤਾਂ ਮੈਂ ਗੱਲਾਂ ਵਿੱਚ ਟਪਾ ਦਿੱਤੇ। ਜਦੋਂ ਦੀ ਇਨ੍ਹਾਂ ਨੂੰ ਅਸਲੀਅਤ ਪਤਾ ਲੱਗੀ ਆ। ਇਨ੍ਹਾਂ ਦਾ  ਟੱਬਰ ਖੁੰਢੀ ਗੰਡਾਸੀ ਕੱਢੀ ਫਿਰਦਾ। ਇਹ ਮੈਨੂੰ ਗੱਲ-ਗੱਲ ‘ਤੇ ਠਿੱਠ ਕਰਦੀ ਰਹਿੰਦੀ ਆ। ਇਹ ਕਿਸੇ ਨਾ ਕਿਸੇ ਤਰੀਕੇ ਮੈਨੂੰ ਬਾਹਰ ਭੇਜਣਾ ਚਾਹੁੰਦੀ ਰਹੀ ਆ। ਛੇ ਕੁ ਸਾਲ ਪਹਿਲਾਂ ਸਿੱਖਾਂ ਦੀ ਪੱਟੀ ਵਾਲਾ ਉਹ ਮੁੰਡਾ ਪਿੰਡ ਆਇਆ ਹੋਇਆ ਸੀ, ਜਿਹੜਾ ਇੰਗਲੈਂਡ ਪੁੱਜਣ ਵਿੱਚ ਸਫ਼ਲ ਹੋ ਗਿਆ ਸੀ। ਉਹਦੀਆਂ ਗੱਲਾਂ ਸੁਣ ਕੇ, ਇਹ ਮੇਰੇ ਉਂਗਲੀ ਦੇਣ ਲੱਗ ਪਈ। ਮੈਂ ਕਿੱਦਾਂ ਟਰਾਈ ਮਾਰ ਲੈਂਦਾ। ਕਰਜ਼ਾ ਤਾਂ ਪਹਿਲਾਂ ਵੀ ਨਈਂ ਸੀ ਉਤਰਿਆ ਨਾਲੇ ਮੈਂ ਇਹਦੇ ਕੋਲ ਰਹਿਣਾ ਚਾਹੁੰਦਾ ਸੀ। ਇਹਦੇ ਗੋਡੇ ਨਾਲ ਗੋਡਾ ਜੋੜ ਕੇ ਬੈਠਣਾ ਚਾਹੁੰਦਾ ਸੀ।
 ਇਹਦੀਆਂ ਕੁੱਸ਼ ਸਹੇਲੀਆਂ ਬਾਹਰ ਨੇ ਤੇ ਜਾਂ ਉਨ੍ਹਾਂ ਦੇ ਘਰ ਵਾਲੇ ਬਾਹਰ ਗਏ ਹੋਏ ਨੇ। ਉਹ ਪਿੱਛੇ ਮੌਜਾਂ ਕਰਦੀਆਂ ਨੇ। ਮੈਨੂੰ ਲੱਗਦਾ ਸੀ ਇਹ ਵੀ ‘ਉਹ’ ਮੌਜਾਂ ਕਰਨੀਆਂ ਚਾਹੁੰਦੀ ਸੀ। ਸਾਰਾ ਦਿਨ ਕੰਨਾਂ ਨੂੰ ਮੋਬਾਇਲ ਲਾਈ ਰੱਖਦੀਆਂ ਨੇ। ਸ਼ਹਿਰ ਸ਼ਾਪਿੰਗ ਕਰਨ ਤੁਰੀਆਂ ਰਹਿੰਦੀਆਂ ਆ। ਕੋਈ ਕਾਰ ਲਈ ਫਿਰਦੀ ਆ ਤੇ ਕੋਈ ਸਕੂਟਰੀ। ਮੈਨੂੰ ਇਹਦੀਆਂ ਗੱਲਾਂ ‘ਤੇ ਸ਼ੱਕ ਹੋਣ ਲੱਗ ਪਈ ਸੀ। ਤਦੇ ਤਾਂ ਮੈਂ ਬਾਹਰ ਜਾਣ ਲਈ ਮੰਨਿਆ ਨਈਂ ਸੀ। ਇਹਨੇ ਚੱਕ ਚੁਕਾ ਕੇ ਮੇਰੇ ਤੋਂ ਛੋਟੇ ਕੇਸਰ ਨੂੰ ਗਰੀਸ ਭੇਜ ਦਿੱਤਾ। ਰਹਿੰਦਾ ਕਿੱਲਾ ਵੀ ਬਾਜ਼ ਵਾਲਿਆਂ ਨੂੰ ਬੈਅ ਕਰ ਦਿੱਤਾ ਸੀ। ਇਹ ਮੈਨੂੰ ਝਈਆਂ ਲੈ-ਲੈ ਪੈਂਦੀ ਸੀ।
  “ ਇੱਕ ਵਾਰ ਬੰਦਾ ਬਾਹਰ ਸੈੱਟ ਹੋ ਜਾਵੇ। ਕੁੱਲਾਂ ਤਰ ਜਾਂਦੀਆਂ। ਇੱਥੇ ਭਾਵੇਂ ਸਾਰੀ ਉਮਰ ਭੱਠ ਝੋਕੀ ਜਾਓ, ਚਾਰ ਛਿੱਲੜ੍ਹ ਨਈਂ ਜੁੜਦੇ।”
ਇਹ ਮੈਨੂੰ ਬਾਰ ਬਾਰ ਉਨ੍ਹਾਂ ਲੋਕਾਂ ਦੇ ਕਿੱਸੇ ਸੁਣੌਂਦੀ ਰਹਿੰਦੀ, ਜਿਹੜੇ ਇੱਥੇ ਭੁੱਖੇ ਮਰਦੇ ਸੀ। ਵਿਦੇਸ਼ ਜਾ ਕੇ ਲੱਖਾਂਪਤੀ ਬਣ ਗਏ। ਉਨ੍ਹਾਂ ਦੀਆਂ ਕਾਰਾਂ ਕੋਠੀਆਂ ਦੇ ਮਿਹਣੇ ਦਿੰਦੀ ਰੰਿਹੰਦੀ। ਇਹਨੂੰ ਗਹਿਣਿਆਂ ਨਾਲ ਲੱਦੀਆਂ, ਕਾਰਾਂ ਵਿੱਚ ਘੁੰਮਦੀਆਂ ਤੇ ਮੋਬਾਇਲਾਂ ਤੇ ਪਟਾਕ ਪਟਾਕ ਗੱਲਾਂ ਕਰਦੀਆਂ ਜ਼ਨਾਨੀਆਂ ਦਿੱਸਦੀਆਂ ਆ। ਹੋਰ ਕੁੱਸ਼ ਨਈਂ। ਮੈਥੋਂ ਛੋਟਾ ਕੇਸਰ ਦੋ ਤਿੰਨ ਸਾਲ ਤਾਂ ਬੜੇ ਸੋਹਣੇ ਪੈਸੇ ਭੇਜਦਾ ਰਿਹਾ। ਇਹ ਉਹਦੀਆਂ ਸਿਫਤਾਂ ਕਰਦੀ ਨਈਂ ਸੀ ਥੱਕਦੀ ਹੁੰਦੀ। ਦੋਨਾਂ ਕੁੜੀਆਂ ਨੂੰ ਅੰਗਰੇਜ਼ੀ ਸਕੂਲ ਪੜ੍ਹਨ ਲਾਇਆ। ਫ਼ੇਰ ਉਹ ਇੰਡੀਆਂ ਆਇਆ, ਭੁਲੱਥ ਵੱਲ ਵਿਆਹ ਕਰਵਾ ਗਿਆ। ਕੇਸਰ ਦੇ ਸਹੁਰਿਆਂ ਨੇ ਉਨ੍ਹਾਂ ਲਈ ਭੁਲੱਥ ਵੱਲ ਹੀ ਮਕਾਨ ਬਣਾ ਦਿੱਤਾ। ਕਿਥੇ ਤਾਂ ਉਹ ਮੈਨੂੰ ਗਰੀਸ ਲਿਜਾਣ ਨੂੰ ਫਿਰਦਾ ਸੀ। ਬਾਅਦ ‘ਚ ਮੈਂ ਵੀ ਗਰੀਸ ਜਾਣ ਦਾ ਮਨ ਬਣਾ ਲਿਆ ਸੀ। ਕਿੱਥੇ ਮੁੜ ਕੇ ਉਹਦਾ ਕੋਈ ਚਿੱਠੀ ਪੱਤਰ ਵੀ ਨਾ ਆਇਆ। ਅਸੀਂ ਤਾਂ ਉਹਦੀ ਘਰ ਵਾਲੀ ਤੇਜੀ ਦੀ ਕਈ ਸਾਲਾਂ ਤੋਂ ਸ਼ਕਲ ਨਈਂ ਦੇਖੀ। ਆਹ ਜਿਹੜੀ ਮੇਰੇ ਵਾਲੀ ਸਵੇਰੇ ਸ਼ਾਮ ਟੌਂਕਦੀ ਸੀ, ਮੂਤ ਦੀ ਝੱਗ ਵਾਂਗੂੰ ਬਹਿ ਗਈ। ਰਾਤ ਕਹਿਣ ਲੱਗੀ।
 “ ਗੱਲ ਸੁਣਿਓ ਜੀ, ਅਸੀਂ ਬਥੇਰਾ ਨਰਕ ਭੋਗ ਲਿਆ। ਹੁਣ ਅਮਰੀਕਾ ਜਾ ਕੇ ਖਿਆਲ ਰੱਖਿਓ। ਮੇਰਾ ਨਾ ਸਹੀ। ਮੇਰੀਆਂ ਧੀਆਂ ਨਈਂ ਤਰਸਣੀਆਂ ਚਾਹੀਦੀਆਂ ਕਿਸੇ ਚੀਜ਼ ਨੂੰ।”
 ਇਹ ਚੀਜ਼ਾਂ ਦੇ ਨਾਂ ਗਿਣਾਉਣ ਲੱਗ ਪਈ। ਮੈਨੂੰ ਤਾਂ ਕਈ ਨਾਂ ਵੀ ਨਈਂ ਲੈਣੇ ਆਉਂਦੇ। ਸੁਖਮਣੀ ਤੇ ਪੁਨੀਤ ਦੀ ਲਿਸਟ ਇਹਦੇ ਨਾਲੋਂ ਵੀ ਲੰਬੀ ਆ। ਪੁਨੀਤ ਪੁੱਤ ਕਹੀ ਜਾਵੇ।
 “ ਪਾਪਾ, ਮੇਰੇ ਲਈ ਜਹਾਜ਼ ਭੇਜਿਓ। ਉਡਣ ਵਾਲਾ। ਜਿਹਦੀਆਂ ਲਾਈਟਾਂ ਜਗਣ।”
 ਘਰ ਆ ਗਿਆ ਹਾਂ। ਮੈਂ ਸੋਚਦਾਂ ਔਖਾ ਸੌਖਾ ਨਹਾਏ ਲਵਾਂ। ਗੁਰਦੁਆਰਾ ਸਾਹਿਬ ਜਾਣਾ ਕਿਹੜਾ ਖਾਲਾ ਜੀ ਦਾ ਵਾੜਾ। ਸੰਤ ਕਹਿੰਦੇ ਸੀ ਸੁੱਚੇ ਹੋ ਕੇ ਆਇਆ ਕਰੋ। ਜਦੋਂ ਗੁਰੂ ਦੇ ਲੜ੍ਹ ਲੱਗ ਈ ਗਏ। ਅੱਜ ਕੱਲ ਪਾਣੀ ਕਿਹੜਾ ਪਿੰਡੇ ਤੇ ਪੈਂਦਾ। ਜਾਨ ਕੱਢੀ ਜਾਂਦਾ। ਸਤਿਨਾਮ..ਵਾਖਰੂ।… ਲੈ ਨਿਬੜ ਗਿਆ ਕੰਮ। ਮੈਂ ਗੁਸਲ ਖਾਨੇ ‘ਚੋਂ ਬਾਹਰ ਆਇਆ ਹਾਂ। ਤਿਆਰ ਹੋਣ ਲੱਗਦਾ ਹਾਂ। ਸੁਖਮਣੀ ਤੇ ਪੁਨੀਤ ਮੇਰੇ ਗਲ ਨੂੰ ਚੁੰਬੜ ਗਈਆਂ ਨੇ। ਰਾਤ ਵਾਲੀਆਂ ਚੀਜ਼ਾਂ ਗਿਣਾਉਣ ਲੱਗ ਪਈਆਂ ਆ।
ਮੈਂ ਸੰਤਾਂ ਦੀ ਫੋਟੋ ਅੱਗੇ ਮੱਥਾ ਟੇਕਿਆ ਹੈ। ਧੂਫ ਦੀ ਸੁਗੰਧ ਕਮਰੇ ਅੰਦਰ ਫੈਲੀ ਹੋਈ ਆ। ਚਾਚੀ ਸਵੇਰੇ ਉੱਠ ਕੇ ਧੂਫ ਬੱਤੀ ਕਰਨ ਦਾ ਹੀ ਕੰਮ ਕਰਦੀ ਹੈ। ਅੱਜ ਤਾਂ ਮੈਂ ਚਾਚੀ ਚਾਚੇ ਦੇ ਵੀ ਪੈਰੀਂ ਹੱਥ ਲਾ ਆਇਆਂ ਹਾਂ।
 “ ਠਹਿਰੋ ਜੀ, ਦਹੀਂ ਖਾ ਕੇ ਜਾਇਓ।”
 ਮੈਂ ਬਖਸ਼ਿੰਦਰ ਦੀ ਆਵਾਜ਼ ਸੁਣ ਕੇ ਰੁਕ ਗਿਆ ਹਾਂ। ਉਹ ਦਹੀਂ ਦੀ ਕੌਲੀ ਲੈ ਆਈ ਹੈ। ਮੈਂ ਚਾਰ ਚਮਚੇ ਮੂੰਹ ‘ਚ ਪਾਏ ਨੇ। ਇਹ ਕਿੰਨੇ ਲਾਡ ਨਾਲ ਬੋਲੀ ਹੈ ।
 “ ਸਿੱਧੇ ਘਰ ਆ ਜਾਣਾ, ਨ੍ਹੇਰਾ ਨਈਂ ਕਰਨਾ। ਅਸੀਂ ਮੂੰਹ ਚੁੱਕ-ਚੁੱਕ ਦੇਖਦੇ ਨਾ ਰਹੀਏ। ਇੱਕ ਗੱਲ ਹੋਰ…। ਖਾਲੀ ਹੱਥ ਨਈਂ ਆਉਣਾ। ਇੱਕ ਹੱਥ ਵਿੱਚ ਪਾਸਪੋਰਟ ਤੇ ਟਿਕਟ ਹੋਵੇ। ਦੂਜੇ ਹੱਥ ਵਿੱਚ ਮਠਿਆਈ ਦਾ ਡੱਬਾ ਤੇ ਫਰੂਟ ਹੋਵੇ।”
 ਬਾਜ਼ ਤੇ ਜਹਾਜ਼ ਵਾਲੀ ਕੋਠੀ ਦੇ ਸਾਹਮਣੇ ਬੱਸਾਂ ਰੁਕਦੀਆਂ ਨੇ। ਮੈਂ ਥੜ੍ਹੇ ਕੋਲ ਖੜ੍ਹ ਗਿਆ ਹਾਂ। ਬੱਸ ਦੀ ਉਡੀਕ ਵਿੱਚ। ਮੈਂ ਵਾਹਿਗੁਰੂ-ਵਾਹਿਗੁਰੂ ਜੱਪੀ ਜਾ ਰਿਹਾ ਹਾਂ। ਪਰ ਮੇਰਾ ਮਨ ਨਈਂ ਟਿਕ ਰਿਹਾ। ਮੇਰੀ ਅੱਖ ਕਦੇ ਜਹਾਜ਼ ਵਾਲੀ ਟੈਂਕੀ ਵੱਲ ਜਾਂਦੀ ਆ ਤੇ ਕਦੇ ਬਾਜ਼ ਵਾਲੀ ਟੈਂਕੀ ਵੱਲ। ਕੇਸਰ ਧੋਖਾ ਦੇ ਗਿਆ ਸਾਲਾ। ਪਾਪੀ ਬੰਦਾ ਜ਼ਨਾਨੀ ਜੋਗਾ ਹੋ ਕੇ ਰਹਿ ਗਿਆ। ਬਈ ਜੇ ਤੂੰ ਟੱਬਰ ਨੂੰ ਠੁਮਣਾ ਦੇ ਦਿੰਦਾ ਤਾਂ ਤੇਰਾ ਕੀ ਘੱਸ ਜਾਣਾ ਸੀ। ਆਹ ਸ਼ਰੀਕਾਂ ਦੇ ਕਰਜ਼ਾਈ ਤਾਂ ਨਾ ਹੁੰਦੇ।
 ਉਸ ਨੂੰ ਤਾਂ ਪਿਓ ਤੇ ਵੀ ਤਰਸ ਨਾ ਆਇਆ। ਜ਼ਮੀਨ ਬਾਜ਼ ਵਾਲਿਆਂ ਕੋਲ ਆਪਣੇ ਹੱਥੀਂ ਗਹਿਣੇ ਰੱਖਕੇ ਗਿਆ ਸੀ। ਕਈ ਸਾਲ ਚਾਚਾ ਜ਼ਮੀਨ ਵਾਹੁੰਦਾ ਰਿਹਾ। ਅਗਲਿਆਂ ਨੇ ਸਾਨੂੰ ਹੀ ਹਾਲੇ ਤੇ ਦੇ ਛੱਡੀ ਸੀ। ਉਨਈਂ ਤਾਂ ਫਿਰ ਵੀ ਕਈ ਸਾਲ ਇੱਜ਼ਤ ਰੱਖੀ ਛੱਡੀ। ਉਨ੍ਹਾਂ ਖੇਤਾਂ ਚੋਂ ਰੋਟੀ ਖਾਂਦੇ ਰਹੇ। ਦਰਬਾਰਾ ਸੁੰਹ ਸਮਰੇ ਆੜ੍ਹਤੀ ਤੋਂ ਕਰਜ਼ਾ ਲੈਂਦੇ ਰਹੇ। ਬੈਂਕ ਵਾਲਿਆਂ ਦੇ ਜੂੰ ਉੱਪਰ ਥੱਲੇ ਕਰਨੇ ਹੁੰਦੇ ਸੀ। ਨਾ ਆੜ੍ਹਤੀ ਦਾ ਕਰਜ਼ਾ ਲੱਥਾ ਤੇ ਨਾ ਬੈਂਕ ਦਾ। ਇਨਈਂ ਬਾਜ਼ ਵਾਲਿਆਂ ਨੇ ਵੀ ਜ਼ਮੀਨ ਛੁਡਾ ਲਈ ਸੀ। ਇਹ ਸਾਰੇ ਇਕੋ ਥਾਲੀ ਦੇ ਚੱਟੇ-ਵੱਟੇ ਆ। ਹੁਣ ਉਹ ਆੜ੍ਹਤੀ ਸਮਰਾ ਚਾਰ ਛਲਾਰੂ ਲੈ ਕੇ ਘਰ ਆ ਧਮਕਦਾ ਹੈ। ਬੈਂਕ ਵਾਲਿਆਂ ਦੇ ਛਾਪੇ ਵੱਖਰੇ। ਇਕ ਉਹ ਬਾਜੇ ਭਲਵਾਨ ਨੇ ਲਹੂ ਪੀਤਾ ਹੋਇਆ ਆ।
 “ ਤੁਸੀਂ ਕਿਹੜਾ ਸੰਘਰਸ਼ਾਂ ਵਿੱਚ ਕੁੱਦਦੇ ਆ। ਤੁਹਾਨੂੰ ਨਈਂ ਪਤਾ ਕਿ ਲਹਿਰਾਂ ਬੰਦੇ ਨੂੰ ਮਰਨ ਨਈਂ ਦਿੰਦੀਆਂ ਹੁੰਦੀਆਂ। ਹਾਰੇ ਮਨੁੱਖ ਨੇ ਤਾਂ ਮਰਨਾ ਈ ਹੋਇਆ।”
 ਦੱਸ ਬਈ ਅਸੀਂ ਕਾਹਨੂੰ ਮਰੀਏ, ਮਰਨ ਸਾਡੇ ਦੁਸ਼ਮਣ। ਮੇਰਾ ਅੱਜ ਕੰਮ ਹੋ ਜਾਏ। ਇਹ ਆੜ੍ਹਤੀਏ, ਇਹ ਬੈਂਕ ਵਾਲੇ….ਸੱਭ ਸਿੱਧੇ ਕਰਨੇ ਆ। ਲਉ ਬੱਸ ਆ ਗਈ।
 ਬੱਸ ਤੁਰ ਪਈ ਆ। ਮੈਂ ਸੋਚਿਆ ਸੀ-ਬੱਸ ਵਿੱਚ ਆਰਾਮ ਕਰੂੰਗਾ। ਇਹ ਸਮਰਾ ਐਕਸਪ੍ਰੈੱਸ ਦਰਬਾਰਾ ਸੁੰਹ ਦੀ ਆ। ਕਿਤੇ ਸਾਲ ਬੱਸ ਚੈੱਕ ਕਰਦਾ ਕਰਦਾ ਆਈ ਨਾ ਜਾਵੇ। ਐਵੇਂ….। ਚਲੋ ਸੰਤ ਮੇਹਰ ਕਰਨ। ਪਤਾ ਨਈਂ ਮੈਨੂੰ ਅਚੋਆਈ ਜਿਹੀ ਕਿਉਂ ਲੱਗੀ ਹੋਈ ਆ। ਨਾਲੇ ਇਹ ਕਿਹੜਾ ਹੁੰਮਸ ਦੀ ਰੁੱਤ ਆ? ਮੈਂ ਥੋੜਾ ਜਿਹਾ ਸ਼ੀਸ਼ਾ ਖੋਲ੍ਹਦਾ ਹਾਂ। ਠੰਡੀ ਹਵਾ ਅੰਦਰ ਆ ਵੜੀ ਹੈ। ਸਵਾਰੀਆਂ ਮੇਰੇ ਵੱਲ ਔਖਾ-ਔਖਾ ਦੇਖਣ ਲੱਗ ਪਈਆਂ ਨੇ। ਮੈਂ ਸ਼ੀਸ਼ਾ ਬੰਦ ਕਰ ਦਿੱਤਾ ਏ।
 ਬੱਸ ਹੌਲੀ ਹੋਈ ਆ। ਸੜਕ ਤੇ ਸਕੂਲੀ ਬੱਚਿਆਂ ਦੀਆਂ ਵੈਨਾਂ ਰਸ਼ ਪਿਆ ਹੋਇਆ। ਹਾਅ ਵੈਨ ਤਾਂ ਸੈਂਟ ਸੋਲਜ਼ੀਅਰ ਪਬਲਿਕ ਸਕੂਲ ਵਾਲਿਆਂ ਦੀ ਆ। ਸੁਖਮਣੀ ਤੇ ਪੁਨੀਤ ਦੀ ਵੀ ਤਾਂ ਇਹੀ ਬੱਸ ਸੀ। ਪੰਜ ਸਾਲ ਇਸ ਬੱਸ ਵਿੱਚ ਸਕੂਲ ਜਾਂਦੀਆਂ ਰਹੀਆਂ। …. ਕਾਹਨੂੰ ਮਨਾਂ ਦਿਲ ਥੋੜ੍ਹਾ ਕਰਦਾਂ।ਹਟੌਂਦਾ ਨਾ ਤਾਂ ਕੀ ਕਰਦਾ? ਪਿੰਡ ਦੇ ਸਰਕਾਰੀ ਸਕੂਲ ‘ਚ ਪੜ੍ਹਨ ਲਾ ਦਿੱਤੀਆਂ। ਕੇਸਰ ਦਾ ਬੇੜਾ ਬਹਿ ਗਿਆ। ਖੈਰ …। ਕੋਈ ਨਈਂ ਪੁੱਤ, ਮੈਨੂੰ ਜਾ ਲੈਣ ਦਿਓ। ਮੈਂ ਸੱਭ ਧੋਣੇ ਧੋ ਦਿਆਂਗਾ। ਆਪਣੀਆਂ ਧੀਆਂ ਨੂੰ ਸ਼ਹਿਰ ਵਾਲੇ ਸਕੂਲਾਂ ਵਿੱਚ ਪੜ੍ਹਾਊਂਗਾ। ਨਾਲੇ ਜਿਹੜੀ ਇਨ੍ਹਾਂ ਦੀ ਮਾਂ ਮਿਹਣੇ ਮਾਰਦੀ ਰਹਿੰਦੀ ਆ, ਉਹ ਵੀ ….। ਇੱਕ ਤੇ ਇਸ ਗਰੀਬੀ ਨੇ ਮਾਰ ਲਏ। ਫਿਰ ਇਹ ਹਰਕੰਵਲ ਦੀਆਂ ਗੱਲਾਂ ਲਾ-ਲਾ ਕੇ ਕਰੂ ਗੀ। …ਡੈਣ ਜ਼ਨਾਨੀ।
 ਸ਼ਹਿਰ ਆ ਗਿਆ। ਬੱਸ ਤੋਂ ਉਤਰਿਆ ਹਾਂ। ਇਥੋਂ ਗੁਰਦੁਆਰਾ ਸਾਹਿਬ ਲਈ ਹੋਰ ਬੱਸ ਲੈਣੀ ਪੈਣੀ ਆ। ਉਥੇ ਲਈ ਬੱਸਾਂ ਗੜ੍ਹਸ਼ੰਕਰ ਰੋਡ ਤੋਂ ਚਲਦੀਆਂ ਨੇ। ਮੈਂ ੳੁੱਧਰ ਨੂੰ ਪੈਦਲ ਚੱਲ ਪਿਆ ਹਾਂ।---ਨਾ ਚਾਹੁੰਦਿਆਂ ਹੋਇਆਂ ਵੀ ਬਣਵੈਤ ਪ੍ਰਿੰਟਿੰਗ ਪ੍ਰੈੱਸ ਕੋਲ ਮੇਰੇ ਪੈਰ ਰੁਕ ਗਏ ਨੇ। ਸ਼ਾਇਦ ਅੰਦਰੋਂ ਕੋਈ ਝਾਕਦਾ ਪਿਆ। ਮੈਂ ਦੁਕਾਨ ਵੱਲੋਂ ਮੂੰਹ ਘੁਮਾ ਲਿਆ ਏ। --- ਤੇ ਤੇਜ਼ ਕਦਮੀਂ ਤੁਰ ਪਿਆ ਆਂ।
 ਉਦੋਂ ਇਸ ਪ੍ਰਿੰਟਿੰਗ ਪ੍ਰੈਸ ਦੇ ਨਾਲ ਕੰਪਿਊਟਰ ਇੰਸਟੀਚਿਊਟ ਹੁੰਦਾ ਸੀ। ਹਰਕੰਵਲ ਉਸੇ ਇੰਸਟੀਚਿਊਟ ਪੜ੍ਹਨ ਆਉਂਦੀ ਹੁੰਦੀ ਸੀ। ਉਹ ਇੱਥੇ ਦੋ ਸਾਲ ਕੀ ਗੁੱਲ ਖੁਲਾਂਦੀ ਰਹੀ। ਇਹਦਾ ਸਾਨੂੰ ਪਤਾ ਈ ਨਈਂ ਲੱਗਾ। ਉਹ ਬਣਵੈਤਾਂ ਦੇ ਮੁੰਡੇ ਦੇ ਕਿਵੇਂ ਨੇੜੇ ਹੋਈ। ਉਹ ਮੁੰਡਾ ਕਦੋਂ ਕਨੈਡਾ ਗਿਆ। ਕਦੋਂ ਵਾਪਸ ਆਇਆ। ਕਿੱਥੇ ਉਹਨਾਂ ਨੇ ਵਿਆਹ ਕਰਵਾਇਆ। ਬਈ ਸਾਨੂੰ ਤਾਂ ਉਹਦਾ ਕਨੈਡਾ ਗਈ ਦਾ ਈ ਪਤਾ ਲੱਗਾ। ਲੋਕਾਂ ਨੇ ਬਥੇਰੀਆਂ ਗੱਲਾਂ ਕੀਤੀਆਂ ਸੀ। ਮੂੰਹ ਦਿਖਾਉਣ ਜੋਗੇ ਨਈਂ ਸੀ ਰਹੇ।
 “ਉਹ ਛੱਡੋ ਜੀ ਜਾਤਾਂ ਜੂਤਾਂ ਨੂੰ। ਹੁਣ ਕੌਣ ਪੁੱਛਦਾ? ਕੁੜੀ ਕਨੈਡਾ ਸੈਟਲ ਹੋ ਗਈ। ਹੈਥੇ ਸਾਰੀ ਉਮਰ ਘਰ ਬੈਠੀ ਰਹਿਣੀ ਸੀ।”
 ਬਖਸ਼ਿੰਦਰ ਪਰਦਾ ਪਾ ਰਹੀ ਸੀ ਜਾਂ ਆਰੀ ਲਾ ਰਹੀ ਸੀ। ਉਦੋਂ ਸਮਝ ਨਈਂ ਸੀ ਲੱਗੀ। ਅਸੀਂ ਸਾਰੇ ਟੱਬਰ ਨੇ ਹਰਕੰਵਲ ਦਾ ਬਾਈਕਾਟ ਕਰੀ ਰੱਖਿਆ। ਉੱਦਾਂ ਸਾਰੇ ਅੰਦਰੋਂ ਖੁਸ਼ ਸਨ। ਚਲੋ, ਹੁਣ ਤਾਂ ਗੱਲ ਆਈ ਗਈ ਹੋ ਗਈ। ਪਰ ਆਹ ਮੇਰੇ ਵਾਲੀ ਜ਼ਨਾਨੀ ਚੋਭ ਲਾਉਣ ਤੋਂ ਨਈਂ ਟੱਲਦੀ। ਜਿੱਦਣ ਇਹਦੀ ਆਪਣੀ ਮਾਸੀ ਦੀ ਕੁੜੀ ਦੌੜੀ ਸੀ, ਚੀਕਾਂ ਮਾਰਦੀ ਫਿਰਦੀ ਸੀ।
 ਚਲੋ ਆਹ ਬੱਸ ਸੋਹਣੀ ਮਿਲ ਗਈ। ਇਹਨੇ ਅੱਧੇ ਘੰਟੇ ‘ਚ ਪਹੁੰਚਾ ਦੇਣਾ। ਹੁਣ ਮੈਂ ਕੋਈ ਗੱਲ ਨਈਂ ਸੋਚਣੀ। ਸਿਰਫ਼ ਨਾਮ ਸਿਮਰਨ ਕਰਨਾਂ ਆ। ਵਾਹਿਗੁਰੂ---ਵਾਹਿਗੁਰੂ।
ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਆਣ ਵੜਿਆ ਹਾਂ। ਇੱਥੇ ਆ ਕੇ ਚਿੱਤ ਸ਼ਾਂਤ ਹੋ ਜਾਂਦੈ। ਸਾਰੇ ਦੁੱਖ ਦਲਿੱਦਰ ਪਿੱਛੇ ਛੁੱਟ ਜਾਂਦੇ ਆ। ਵਾਖਰੂ… ਇਦੈਂ ਚੜਦੀਆਂ ਕਲਾਂ ‘ਚ ਰੱਖੇ। ਹੁਣ ਮੈਂ ਮੱਥਾ ਟੇਕਿਆ ਤੇ ਪੰਡਾਲ ‘ਚ ਜੁੜੀ ਸੰਗਤ ਵਿੱਚ ਬੈਠ ਗਿਆ ਹਾਂ। ਅੱਜ ਤਾਂ ਸੰਗਤ ਵਾਲੀ ਕਮਾਲ ਈ ਹੋ ਗਈ ਆ।ਰਸ ਭਿੰਨਾ ਕੀਰਤਨ ਹੋਈ ਜਾ ਰਿਹਾ ਏ।
 ਮੈਨੂੰ ਘੰਟਾ ਹੋ ਗਿਆ ਆਏ ਨੂੰ। ਕੋਈ ਦਿਖ ਨਈਂ ਰਿਹਾ। ਸਰਦਾਰ ਜੌਹਨ ਸਿੰਘ ਸ਼ੇਰਗਿੱਲ ਤਾਂ ਸਾਹਮਣੇ ਬਹਿੰਦੇ ਹੁੰਦੇ ਸੀ। ਦਿੱਲੀਉਂ ਆਉਂਦੇ ਲੇਟ ਨਾ ਹੋ ਗਏ ਹੋਣ। ਸੰਤ ਜੀ ਵੀ ਨਈਂ ਦਿਖਦੇ।
 ਛੋਟੇ ਸੰਤ ਪਾਠ ਵਿੱਚ ਮਗਨ ਨੇ।ਮੈਂ ਸਿਰ ਝੁਕਾ ਕੇ ਲੰਗਰ ਹਾਲ ਵੱਲ ਤੁਰ ਆਇਆ ਹਾਂ। ਸੇਵਾਦਾਰ ਮੇਰੇ ਮੋਹਰੇ ਵੀ ਥਾਲ ਰੱਖ ਗਿਆ ਹੈ। ਵਰਤਾਵੇ ਨੇ ਦਾਲ ਪਾਈ ਹੈ। ਦੂਜੇ ਤੋਂ ਫੁਲਕਾ ਲੈ ਆਏ। ਮੈਂ ਬੁਰਕੀ ਮੂੰਹ ਵਿੱਚ ਪਾਈ ਹੈ।  ਅੰਦਰ ਨਈਂ ਲੰਘ ਰਹੀ। ਫੁੱਲੀ ਜਾ ਰਹੀ ਹੈ। ਮੈਂ ਲੰਗਰ ਵਿਚੇ ਛੱਡ ਕੇ ਛੋਟੇ ਸੰਤਾਂ ਕੋਲ ਆ ਗਿਆ ਹਾਂ। ਇਹਨੀਂ ਮੇਰੇ ਕੰਨ  ਵਿੱਚ ਘੁਸਰ ਮੁਸਰ ਕੀਤੀ ਏ।
 ਮੈਂ ਕਮਰਾ ਨੰਬਰ ਅਠਾਰਾਂ ਵਿੱਚ ਪੁੱਜਾ ਹਾਂ। ਸੰਤ ਜੀ ਲੰਮੇ ਪਏ ਨੇ। ਮੈਂ ਪੈਰੀਂ ਹੱਥ ਲਾ ਕੇ ਕੋਲ ਬੈਠ ਗਿਆ ਹਾਂ।
 “ ਦਲਜਿੰਦਰ ਸਿਆਂ, ਜੌਹਨ ਸਿੰਘ ਅਜੇ ਤੱਕ ਪੁੱਜਾ ਨਈਂ । ਪਿਛਲੇ ਹਫ਼ਤੇ ਆਇਆ ਸੀ। ਸੱਤ-ਸੱਤ ਲੱਖ ਹੋਰ ਮੰਗਦਾ ਸੀ। ਕਹਿੰਦਾ ਹੁਣ ਪੰਦਰ੍ਹਾਂ ਲੱਖ ਰੇਟ ਹੋ ਗਿਆ। ਮੈਂ ਤਾਂ ਭਾਈ ਸਿਰ ਫੇਰ ਦਿੱਤਾ ਸੀ। ਉਹਨੂੰ ਅੱਜ ਸੱਦਿਆ ਸੀ, ਬਈ ਸੰਗਤ ਨਾਲ ਆਪੇ ਗੱਲ ਕਰ ਲਈਂ। ਅਜੇ ਤੱਕ ਨਈਂ ਬਹੁੜਿਆ। ਦੇਖੋ ਕਦੋਂ ਆਉਂਦਾ? ਆਉਂਦਾ ਵੀ ਆ ਕਿ….।”
 ਮੈਂ ਉੱਠ ਕੇ ਖੜ੍ਹਾ ਹੋ ਗਿਆ ਹਾਂ। ਮੇਰੀਆਂ ਲੱਤਾਂ ਵਿੱਚ ਜਾਨ ਨਈਂ ਰਹੀ। ਮਸੀਂ ਪੰਡਾਲ ਤੱਕ ਆਇਆ ਹਾਂ। ਕੰਧ ਨਾਲ ਢੋਅ ਲਾ ਕੇ ਬਹਿ ਗਿਆ ਹਾਂ। ਰਾਗੀ ਜਥਾ ਹਾਲੇ ਵੀ ਕੀਰਤਨ ਕਰੀ ਜਾ ਰਿਹਾ ਹੈ। ਮੇਰੇ ਕੰਨ ਸੁੰਨ ਹੋਏ ਪਏ ਆ। ਮੈਨੂੰ ਕੁਸ਼ ਨਈਂ ਸੁਣਾਈ ਦੇ ਰਿਹਾ।
 ਮੈਂ ਹੋਸ਼ ਵਿੱਚ ਆਇਆ ਹਾਂ। ਦਿਨ ਢੱਲ ਚੱਲਿਆ ਏ। ਹੁਣ ਤਾਂ ਸੰਗਤ ਟਾਂਵੀਂ-ਟਾਂਵੀਂ ਰਹਿ ਗਈ ਆ। ਜੌਹਨ ਸਿੰਘ ਕਿਤੇ ਨਜ਼ਰ ਨਈਂ ਆ ਰਿਹਾ। ਮੇਰੇ ਵਰਗੇ ਕਈ ਓਦਰੇ ਚਿਹਰੇ ਬੈਠੇ ਨੇ। ਛੋਟੇ ਸੰਤਾਂ ਨੇ ਮੈਨੂੰ ਉਠਾਇਆ ਹੈ।
 “ ਕਾਕਾ ਤੁਹਾਡੀ ਕਿਸਮਤ ਮਾੜੀ। ਉਹਨੂੰ ਪ੍ਰਮਾਤਮਾ ਸਜ਼ਾ ਜ਼ਰੂਰ ਦਊ। ਗੁਰੁ ਘਰ ਨਾਲ ਧੋਖਾ। ਨਰਕਾਂ ਵਿੱਚ ਵੀ ਢੋਈ ਨਈਂ ਮਿਲਣੀ।”
 ਮੈਂ ਲੱਤਾਂ ਘੜੀਸਦਾ ਬੱਸ ‘ਚ ਆ ਬੈਠਾ ਆਂ। ਮੈਨੂੰ ਹਰਕੰਵਲ, ਬਖਸ਼ਿੰਦਰ, ਚਾਚਾ ਹੀ ਨਈਂ ਦਿਸ ਰਹੇ ਸਗੋਂ ਉਨ੍ਹਾਂ ਨਾਲ ਤਰ੍ਹਾਂ ਤਰ੍ਹਾਂ ਦੇ ਹੋਰ ਵੀ ਬੰਦੇ ਆ। ਮੈਂ ਉਨ੍ਹਾਂ ਦੇ ਚਿਹਰੇ ਨਈਂ ਪਛਾਣਦਾ। ਮੂੰਹ ਤਾਂ ਦੋਫ਼ਾੜ ਹੋਏ ਪਏ ਆ। ਕਿੱਦਾਂ ਪਛਾਣਾਂ? …. ਹਾਂ, ਇਨ੍ਹਾਂ ਦੇ ਸਿਰਾਂ ‘ਤੇ ਰੁਪਈਆਂ ਦੀਆਂ ਪੰਡਾਂ ਨੇ। ਲੱਗਦਾ ਚਾਚੇ ਨੇ ਪੰਡ ਦੇ ਭਾਰ ਨਾਲ ਮਰ ਜਾਣਾ ਤੇ ਬਖਸ਼ਿੰਦਰ ਨੇ----। ਘੱਟੋ ਘੱਟ ਹਰਕੰਵਲ ਨੂੰ ਨਈਂ ਛੱਡਣ ਲੱਗੇ ਬਣਵੈਤ। ਮੇਰੀ ਮਾਂ ਮਿੰਦੋ ਦਾ ਕੀ ਬਣੇਗਾ? ਉਹ ਵੀ ਮੂਰਤਾ ਸੁੰਹ ਦੀ ਮਾਂ ਵਾਂਗ ਇੱਟਾਂ ਰੋੜੇ ਮਾਰੂ।
 ਕਹਿੰਦੇ ਮੂਰਤਾ ਸੁੰਹ ਨੂੰ ਵੀ ਮੇਰੇ ਵਾਂਗ ਇੱਕ-ਇੱਕ ਬੰਦੇ ਦੇ ਕਈ-ਕਈ ਦਿਸਣ ਲੱਗ ਪਏ ਸੀ। ਉਨ੍ਹਾਂ ਦੇ ਵੀ ਪੰਜੇ ਜੀਅ ਨੋਟਾਂ ਦੀਆਂ ਪੰਡਾਂ ਲਈ ਜਾਂਦੇ ਸੀ। ਜਦੋਂ ਪੰਡਾਂ ਭਾਰੀਆਂ ਹੋਣ ਫ਼ੇਰ ਬੰਦਾ ਉਨ੍ਹਾਂ ਦੇ ਭਾਰ ਨਾਲ ਹੀ ਮਰ ਜਾਂਦਾ। ਮੇਰੀਆਂ ਫੁੱਲ ਭਰ ਬੱਚੀਆਂ ਦਾ ਕੀ ਕਸੂਰ ਆ। ਹਾਏ ਓ ਰੱਬਾ! ਅੱਜ ਤਾਂ ਉਹ ਵੀ ਪੰਡਾਂ ਥੱਲੇ ਦੱਬੀਆਂ ਹੋਈਆਂ ਆ। ਉਨ੍ਹਾਂ ਮਾਸੂਮਾਂ ਨੂੰ ਤਾਂ ਕੋਈ ਬਚਾਓ।
 ਮੂਰਤਾ ਸੁੰਹ ਤਾਂ ਪਿੰਡ ਵਿੱਚ ਪੜ੍ਹਿਆ ਲਿਖਿਆ ਵੀ ਸਾਰਿਆਂ ਤੋਂ ਜ਼ਿਆਦਾ ਸੀ। ਖੇਤੀ ਮਾਹਿਰ ਸੀ----ਸਫ਼ਲ ਕਿਸਾਨ। ਚਾਹੇ ਖੇਤੀ  ਦੇ ਸੰਦ ਲੈਣੇ ਹੋਣ, ਚਾਹੇ ਕੋਠੀ ਬਣੌਣੀ ਹੋਵੇ ਤੇ ਚਾਹੇ ਬੱਚਿਆਂ ਨੂੰ ਕਾਨਵੈਂਟ ਸਕੂਲ ਵਿੱਚ ਪੜੌਣਾ ਹੋਵੇ, ਇਲਾਕੇ ਵਿੱਚ ਉਹ ਮੋਹਰੀ ਬਣਿਆ। ਪਤਾ ਨਈਂ ਕਿਹੜੀ ਕਿਹੜੀ ਬੈਂਕ ਤੋਂ ਲੋਨ ਲਿਆ ਹੋਣਾ। ਸਰਕਾਰੇ ਦਰਬਾਰੇ-ਬੀਜਾਂ ਦੀਆਂ ਕੰਪਨੀਆਂ----- ਸੱਭ ਨਾਲ ਉਹਦਾ ਮੇਲ-ਜੋਲ ਸੀ। ਬੱਸ ਕੁਰਕੀ ਦੇ ਵਾਰੰਟ ਆਏ ਸੀ। ਸਾਰੇ ਟੱਬਰ ਨੂੰ ਸਲਫ਼ਾਸ ਦੇ ਦਿੱਤੀ। ਇੱਕ ਉਹਦੀ ਮਾਂ ਬਚੀ ਸੀਾ। ਗਲੀਆਂ ਵਿੱਚ ਤੁਰੀ ਫਿਰਦੀ ਆ। ਇੱਟਾਂ ਰੋੜੇ ਉਹਦੇ ਹੱਥ ਵਿੱਚ ਹੁੰਦੇ ਆ। ਮੇਰੀ ਮਾਂ ਦੇ ਹੱਥ ਵਿੱਚ ਵੀ….।
 “ਆਹ ਜਿਹੜੇ ਟੀ ਵੀ ਘਰਾਂ ‘ਚ ਰੱਖਿਓ ਆ, ਨਵੀਆਂ-ਨਵੀਆਂ ਚੀਜਾਂ ਖ੍ਰੀਦਣ ਲਈ ਇਹ ਉਕਸਾਉਂਦੇ ਆ।--- ਖੇਤੀ ਦੇ ਸਾਮਰਾਜੀ ਮਾਡਲ ਨੇ ਕਈ ‘ਮੂਰਤਾ ਸੁੰਹ’ ਖਾ ਲਏ।”
 ਸਮਝ ਨਈਂ ਲੱਗੀ, ਇਹ ਮੈਂ ਬੋਲਿਆ ਹਾਂ ਜੀਤਾ ਭਲਵਾਨ। ਉਹ ਬਾਜਾ ਭਲਵਾਨ ਇੱਦਾਂ ਦੇ ਭਾਸ਼ਣ ਈ ਕਰ ਸਕਦਾ ਆ। ਪਰ ਧੁਰ ਅੰਦਰੋਂ ਮੈਂ ਈ ਬੋਲ ਸਕਦਾ।--- ਹੁਣ ਮੈਨੂੰ ਬੱਸ ਉਤਰਨ ਤੋਂ ਵੀ ਡਰ ਲਗਦਾ ਏ। ਮੋਹਰੇ ਬਣਵੈਤ ਪ੍ਰਿੰਟਿੰਗ ਪ੍ਰੈੱਸ----। ਭੱਜੀ ਤੇ ਮੂਰਤਾ ਸੁੰਹ---। ਮੈਨੂੰ ਹੁਣ ਧੁੰਦਲਾ-ਧੁੰਦਲਾ ਯਾਦ ਔਂਦਾ ਕਿ ਜਦੋਂ ਮੈਂ ਸਵੇਰੇ ਥੜ੍ਹੇ ਕੋਲੋਂ ਬੱਸ ਫੜੀ ਸੀ। ਬਾਜ਼ ਵਾਲੀ ਟੈਂਕੀ ‘ਤੇ ਮਰੀਓ ਘੁੱਗੀ ਟੰਗੀ ਹੋਈਓ ਸੀ। ਭੱਜੀ ਤੇ ਮੂਰਤਾ ਸੁੰਹ ਵੀ----। ਡਰੇਵਰ ਨੇ ਹਾਰਨ ਮਾਰਿਆ ਹੈ। ਮੈਂ ਡਰਦਾ-ਡਰਦਾ ਬੱਸ ਚੋਂ ਛਾਲ ਮਾਰੀ ਏ।
 ਮੈਂ ਬਣਵੈਤ ਪ੍ਰਿੰਟਿੰਗ ਪ੍ਰੈੱਸ ਕੋਲੋਂ ਭੱਜ ਕੇ ਲੰਘਿਆ ਹਾਂ। ਹੁਣ ਤਾਂ ਅੱਡੇ ਦੇ ਕੋਲ ਚਾਰ ਠੇਕੇ ਨੇ। ਮੈਂ ਬੋਤਲ ਲਈ ਆ। --- ਅਹਾਤੇ ਵਿੱਚ ਆ ਗਿਆ ਹਾਂ। ਅੱਧੀ ਨਿਬੇੜ ਦਿੱਤਾ ਆ। ਹੁਣ ਸਾਰਾ ਆਹਾਤਾ ਉਨ੍ਹਾਂ ਦੁਖਿਆਰਿਆਂ ਨਾਲ ਭੱਰਿਆ ਲੱਗਦੈ, ਜਿਨ੍ਹਾਂ ਨੂੰ ਭੈਣ ਚੋ ਸ਼ੇਰਗਿੱਲ ਰੱਗੜ ਗਿਆ ਏ। ਨਾਲੇ ਉਹ ਝੂਠੇ ਬਾਬੇ। ਮੈਨੂੰ ਤਾਂ ਲਗਦੈ ਸਾਰਿਆਂ ਦੀ ਮਿਲੀ ਭੁਗਤ ਆ। ਲੈ ਹੁਣ ਬਖਸ਼ਿੰਦਰ ਦੀ ਫਰਮਾਇਸ਼ ਚੇਤੇ ਆ ਗਈ। ਉਹ ਕਹਿੰਦੀ ਸੀ ਖਾਲੀ ਹੱਥ ਨਾ ਆਈਂ।---ਮੈਂ ਨਾਮਧਾਰੀ ਸੀਡ ਸਟੋਰ ਤੇ ਪੁੱਜਾ ਹਾਂ।
 ਹੁਣ ਮੈਂ ਬੱਸ ਅੱਡੇ ਵੱਲ ਤੁਰ ਪਿਆ ਹਾਂ। ਉਹ ਕਿਸ਼ਨ ਸੁੰਹ ਦਾ ਆਰਾ ਚੱਲੀ ਜਾਂਦਾ। ਐਂ ਲੱਗਦਾ ਜਿਉਂ ਮੇਰੇ ਸਿਰ ਨੂੰ ਚੀਰੀ ਜਾਂਦਾ ਹੋਵੇ। ਜਦੋਂ ਬਖਸ਼ਿੰਦਰ ਨੇ ਮੇਰੀ ਠੇਕੇ ਤੋਂ ਛੁੱਟੀ ਕਰਵਾਈ ਸੀ ਤਾਂ ਮੈਂ ਇੱਕ ਦੋ ਵਾਰ ਇਨ੍ਹਾਂ ਕੋਲ ਕੰਮ ਕਰਨ ਦੀ ਗੱਲ ਕਰ ਕੇ ਗਿਆ ਸੀ। ਪਰ ਸਾਲਾ ਫੱਟੇ ਖਿੱਚਣ ਦਾ ਕੰਮ ਜੱਟ….। ਪਰ ਭੁੱਖੇ ਮਰਨ ਨਾਲੋਂ ਤਾਂ ਚੰਗਾ। ਚਲੋ ਸਵੇਰੇ ਇਹਦੇ ਨਾਲ ਗੱਲ ਕਰੂੰਗਾ।
 ਸ਼ੁਕਰ ਆ, ਪਿੰਡ ਜਾਣ ਵਾਲੀ ਆਖਰੀ ਬੱਸ ਮਿਲ ਗਈ। ਜੇ ਨਾ ਮਿਲਦੀ, ਬਖਸ਼ਿੰਦਰ ਨੇ ਉਡੀਕਦੀ ਨੇ ਰਹਿ ਜਾਣਾ ਸੀ। ਸੁਖਮਣੀ ਤੇ ਪੁਨੀਤ ਕਹਿੰਦੀਆਂ ਸੀ-ਜਦੋਂ ਤੱਕ ਮੈਂ ਘਰ ਨਾ ਗਿਆ, ਉਹ ਸੌਣਗੀਆਂ ਨਈਂ। ਹੁਣ ਜਾ ਕੇ ਸੁਲਾ ਦੇਣੀਆਂ ਆ। ਸਾਲੀ ਬੱਸ ਵੀ ਅੱਜ ਵਾਹਲੇ ਹਿਚਕੋਲੇ ਖਾਂਦੀ ਆ। ਹੁਣ ਠੰਢ ਵੀ ਸਾਲੀ ਕਿਤੇ ਉੱਡ ਗਈ ਆ। ਮੈਂ ਤਾਂ ਆਪਣੇ ਯਾਰ ਭੱਜੀ---। ਮੈਂ ਨਈਂ ਬਣਨਾ ਮੂਰਤਾ ਸਿੰਘ। ਮੈਂ ਕੋਈ ਬੁਜ਼ਦਿਲ ਆਂ? ਸ਼ੁਕਰ ਆ ਬੱਸ ਨੇ ਘਰ ਪਹੁੰਚਾ ਦਿੱਤਾ।ਬਈ ਅੱਜ ਘਰ ਰੌਸ਼ਨੀ ਵੀ ਬੜੀ ਹੋਈ ਪਈ ਆ। ਲਗਦੈ ਬਖਸ਼ਿੰਦਰ ਨੇ ਸਾਰੀਆਂ ਬੱਤੀਆਂ ਜਗਾਈਆਂ ਹੋਈਆਂ ਆਂ। ਪਤਾ ਨਈਂ ਦਿਲ ਤੇ ਪੱਥਰ ਧਰ ਕੇ, ਮੈਂ ਗੇਟ ਖੜਕਾਇਆ ਏ। ਕੋਈ ਭੱਜ ਕੇ ਆਇਆ ਹੈ। ਗੇਟ ਖੁਲ੍ਹਿਆ ਆ।
 ਮੇਰੇ ਸਾਹਮਣੇ ਸਰਦਾਰਨੀ ਬਖਸ਼ਿੰਦਰ ਕੌਰ ਖੜ੍ਹੀ ਆ। ਇਹਦੇ ਇੱਕ ਪਾਸੇ ਸੁਖਮਣੀ ਆ ਤੇ ਦੂਜੇ ਪਾਸੇ ਪੁਨੀਤ। ਤੇ ਮੇਰੇ ਇੱਕ ਹੱਥ ਵਿੱਚ ਬੋਤਲ ਏ ਤੇ ਦੂਜੇ ਹੱਥ ਵਿੱਚ ਸ--ਲ--! ਇਹ ਤਿੰਨੋਂ ਘਬਰਾ ਗਈਆਂ ਨੇ।
ਦੂਜੇ ਕਮਰੇ ‘ਚ ਚਾਚੀ ਦੇ ਖੰਘਣ ਦੀ ਆਵਾਜ਼ ਆਈ ਏ। ਲਗਦੈ ਚਾਚਾ ਵੀ ਕੁਸ਼ ਪੁੱਛ ਰਿਹਾ ਏ। ਹੁਣ ਕੀ ਕਰਨਗੇ ਇਹ ਘਰ ਦੇ ਜੀਅ? ਨੋਟਾਂ ਦੀਆਂ ਭਾਰੀਆਂ ਪੰਡਾਂ ਤਾਂ ਇਨ੍ਹਾਂ ਦੇ ਸਿਰਾਂ ਤੇ ਨੇ।
 ਮੈਂ ਡੋਲਦੇ ਕਦਮਾਂ ਨਾਲ ਲੇਰ ਮਾਰ ਕੇ ਅੰਦਰ ਕਾ ਵੜਿਆ ਹਾਂ। ਫੜਾਕ ਦੇਣੀ ਦਰਵਾਜ਼ਾ ਬੰਦ ਕਰਕੇ। ਅੰਦਰੋਂ ਕੁੰਡੀ ਮਾਰ ਲਈ ਆ।
 ਬਾਹਰ ਚੀਕ ਚਿਹਾੜਾ

Punjabi kahani- ਮਾਸਟਰ ਰਪਦੁਮਣ ਦਾ ਭਾਸ਼ਨ




ਮੁਹਿੰਦਰ ਸਿੰਘ ਘੱਗ
ਮਾਸਟਰ ਰਪਦੁਮਣ ਦਾ ਭਾਸ਼ਨ
ਮਾਸਟਰ ਰਪਦੁਮਣ ਜੀ ਅੱਜ ਕਲ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਉਹ ਦ੍ਹਾਵਾ ਕਰਦੇ ਕਿ ਉਹਨਾਂ ਵਲੋਂ  ਸੰਸਾਰ ਦੀ ਰਚਨਾ ਬਾਰੇ ਕੀਤੀ ਖੋਜ ਅੰਤਮ ਹੋਵੇਗੀ। ਉਹਨਾਂ ਦੇ ਭਾਸ਼ਨਾਂ ਨੂੰ ਸਚਾਈ ਤੋਂ ਕੋਹਾਂ ਦੂਰ ਸਮਝਦੇ ਹੋਏ ਵੀ ਦੂ੍ਰੋਂ ਦੂਰੋਂ ਸਰੋਤੇ ਆ ਕੇ ਭਾਸ਼ਨ ਦਾ ਅਨੰਦ ਮਾਣਦੇ ਸਨ।
ਉਹ ਆਖਦੇ ਸਨ ਕਿ ਪੁਰਾਤਨ ਮਨੁਖ ਵਲੋਂ ਕੀਤੀਆਂ ਦੋ ਕਾਢਾਂ ਬੀਅਰ ਅਤੇ ਪਹੀਆ ਸਮਾਜਕ ਬਣਤਰ ਦੀ ਰੀੜ੍ਹ ਦੀ ਹੱਡੀ ਹਨ। ਅਜ ਦਾ ਭਾਸ਼ਨ ਇਹਨਾਂ ਦੋ ਕਾਢਾਂ ਬਾਰੇ ਹੀ ਹੋਣਾ ਸੀ।
ਮੰਚ ਸੰਚਾਲਕ ਨੇ ਮਾਸਟਰ ਰਪਦੁਮਨ ਜੀ ਨੂੰ ਮੰਚ ਤੇ ਸਦਾ ਦਿੰਦਆਂ ਹੋਇਆਂ ਸਰੋਤਿਆਂ ਨੂੰ ਤਾਲੀਆਂ ਨਾਲ ਮਾਸਟਰ ਜੀ ਦਾ ਸਵਾਗਤ ਕਰਨ ਲਈ ਪ੍ਰੇਰਿਆ। ਤਾਲੀਆਂ ਦੀ  ਗੂੰਜ ਨਾਲ ਮਾਸਟਰ ਰਪਦੁਮਣ ਨੇ ਮੰਚ ਤੇ ਆਉਂਦਿਆਂ ਦੋਵੇਂ  ਬਾਹਵਾਂ ਉਪਰ ਨੂੰ ਸਿਧੀਆਂ ਕਰਕੇ ਤਾਲੀਆਂ ਦਾ ਸਵਾਗਤ ਕੀਤਾ। ਅਗਲੀ ਕਤਾਰ ਵਿਚੋਂ  ਇਕ ਆਵਾਜ਼ “ਸਾਹ ਹੀ ਨਹੀਂ ਖਾਂਦਾ ਕਿਡਾ ਅਮਰੀਕਾ ਦਾ ਪ੍ਰਧਾਨ ਆ “ ਤਾਲੀਆ ਦੀ ਗੂੰਜ ਵਿਚ ਹੀ ਗੁਆਚ ਗਈ।
  ਸਰੋਤਾ ਜਨੋਂ ਜਿਵੇਂ ਪਿਛਲੇ ਭਾਸਨ ਵਿਚ ਮੈਂ ਦਸ ਚੁਕਿਆ ਹਾਂ ਕਿ ਸਾਡੇ ਪੂਰਬਲੇ ਮੱਧਰੇ ਕੱਦ ਦੇ ਛੋਟੇ ਛੋਟੇ ਟੋਲਿਆਂ ਵਿਚ ਰਹਿੰਦੇ ਸਨ। ਗਰਮੀਆਂ ਤੋਂ ਬਚਣ ਲਈ ਉਹ ਪਹਾੜਾਂ ਦੀਆਂ ਵਾਦੀਆਂ ਜਾਂ ਘੰਣੇ ਜੰਗਲਾਂ ਵਿਚ ਰਹਾਇਸ਼ ਕਰਦੇ ਸਨ। ਸਹੇ, ਚੂਹੇ ਜਾਂ ਹਰਨ ਜਿਹੜਾ ਉਹਨਾ ਤੇ ਉਲਟ ਵਾਰ ਨਾ ਕਰਦਾ ਹੋਵੇ ਉਸ ਦਾ ਸ਼ਿਕਾਰ ਕਰਦੇ ਸਨ।  ਸਰਦੀਆਂ ਨੂੰ ਉਹ ਸਮੁੰਦਰ ਜਾਂ ਦਰਿਆਵਾਂ ਚੋਂ ਮਛੀਆਂ , ਕੇਕੜੇ ,ਡੱਡੂ ਫੜਕੇ ਆਪਣਾ ਨਿਰਬਾਹ ਕਰ ਲੈਂਦੇ ਸਨ। ਭਾਵੇਂ ਮਨੁਖ ਨੇ ਜੰਗਲੀ ਘਾਹ ਦਾ ਬੀਜ ਅਤੇ ਛੋਟੇ ਛੋਟੇ ਪੌਦਿਆਂ ਦੀਆਂ ਜੜ੍ਹਾਂ ਅਤੇ ਫਲਾਂ ਨੂੰ  ਵੀ ਖੌਰਾਕ ਦਾ ਹਿੱਸਾ ਬਣਾ ਲਿਆ ਸੀ ਪਰ ਫੇਰ ਵੀ  ਜੰਗਲੀ ਜਾਨਵਰਾਂ ਦਾ ਮਾਸ ਹੀ ਉਸ ਦੀ ਖੋਰਾਕ ਦਾ ਵੱਡਾ ਹਿੱਸਾ ਸੀ। ਜਿਵੇਂ ਜਿਵੇਂ ਜੰਗਲੀ ਜਾਨਵਰ ਖੋਰਾਕ ਦੇ ਪਿਛੇ ਤੁਰੇ ਰਹਿੰਦੇ ਮਨੁਖ ਵੀ ਉਹਨਾਂ ਦੇ ਨਾਲ ਹੀ ਤੁਰਿਆ ਰਹਿੰਦਾ। ਚੀਜਾ ਦੀ ਸੰਭਾਲ ਲਈ ਉਹਨਾਂ ਨੇ ਕੁਝ ਭਾਂਡੇ ਜਰੂਰ ਬਣਾ ਲਏ ਸਨ ਪਰ ਇਕ ਥ੍ਹਾਂ ਤੋਂ ਦੂਸਰੇ ਥ੍ਹਾਂ ਜਾਣ ਲਗੇ ਉਹ ਸਾਰਾ ਸਾਮਾਨ ਨਹੀਂ ਸੀ ਚੁੱਕਦੇ। ਇਕ ਵੇਰ ਕੀ ਹੋਇਆ ਇਕ ਭਾਂਡੇ ਵਿਚ ਕੁਝ ਜੰਗਲੀ ਘਾਹ ਦਾ ਬੀਜ ਪਿਆ ਰਹਿ ਗਿਆ। ਬਰਸਾਤ ਨੇ ਉਸ ਬਰਤਨ ਵਿਚ ਪਾਣੀ ਭਰ ਦਿਤਾ ਸੂਰਜ ਦੀਆਂ ਕਿਰਨਾਂ ਦੇ ਨਿੱਘ ਨੇ ਉਸ ਨੂੰ ਕੁਝ ਹੋਰ ਹੀ ਬਣਾ ਧਰਿਆ। ਅਨਾਜ ਸੜ ਚੁਕਾ ਸੀ ਪਾਣੀ  ਵਿਚੋਂ ਬੁੜਬੁੜੇ ਉਠ ਰਹੇ ਸਨ।  ਵਾਪਸ ਆਏ ਪ੍ਰਿਵਾਰ  ਨੂੰ ਅੰਤਾਂ ਦੀ ਪਿਆਸ ਲਗੀ ਹੋਈ ਸੀ “ ਮਰਦਾ ਕੀ ਨਾ ਕਰਦਾ” ਦੇ ਅਖਾਣ ਮੁਤਾਬਕ ਬਰਤਣ ਚੋਂ ਪਾਣੀ ਪੀ ਲਿਆ। ਅੱਜ ਦਾ ਮਨੁਖ ਵੀ ਛਪੜਾਂ ਟੋਭਿਆਂ ਚੋਂ ਬੂਰ ਹਟਾ ਕੇ ਪਾਣੀ ਪੀ ਲੈਂਦਾ ਹੈ। ਕੁਝ ਬੇ ਸੁਆਦਾ ਜਿਹਾ ਲਗਾ ਪਰ ਕੁਝ ਹੀ ਸਮੇਂ ਬਾਅਦ ਸਰੂਰ ਆਇਆ ਸਾਰੀ ਥਕਾਵਟ ਦੂਰ ਹੋ ਗਈ ਤਾਂ ਹੋਰ ਬਣਾਉਣ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ  ਬੱਚਦਾ ਖੁੱਚਦਾ ਅਨਾਜ ਬਰਤਨ ਵਿਚ ਪਾ ਕੇ ਉਹੋ ਜਿਹਾ ਪਾਣੀ ਬਣਾਉਣਾ ਸ਼ੁਰੂ ਕਰ ਲਿਆ। ਬਾਅਦ ਵਿਚ ਉਸ ਕੁਸੈਲੇ ਜਹੇ ਪਾਣੀ ਨੂੰ ਬੀਅਰ ਆਖਿਆ ਗਿਆ । ਜੋ ਇਕ ਵੇਰ ਦੋ ਘੁਟ ਪੀ ਲੈਂਦਾ ਉਹ ਤਾਂ ਉਸ ਪਾਣੀ ਦਾ ਸ਼ੈਦਾਈ ਹੀ ਹੋ ਜਾਂਦਾ। ਹੌਲੀ ਹੌਲੀ ਬੀਅਰ  ਖੌਰਾਕ ਦਾ ਇਕ ਹਿਸਾ ਬਣ ਗਈ । ਬਸ ਉਸ ਦੇ ਹਥ ਤਾਂ ਜਿਵੇਂ ਮwਮੀਰੇ ਦੀ ਗੱਠੀ ਆ ਗਈ ਹੋਵੇ । ਉਸਦੀ ਬੱਲੇ ਬੱਲੇ ਹੋ ਗਈ ਉਹ ਤਾਂ ਈਜਾਦ ਕਰਤਾ ਹੋ ਗਿਆ। ਹੋਰ ਬੀਅਰ ਹੋਰ ਬੀਅਰ ਦੀ ਵੱਧਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਨਾਜ ਦੀ ਬਿਜਾਈ ਨਾਲ ਖੇਤੀ ਬਾੜੀ ਹੋਂਦ ਵਿਚ ਆ ਗਈ , ਨਾਲ ਹੀ ਬੀਅਰ ਬਣਾਉਣ ਦਾ ਕਾਰਖਾਨਾ । ਬਸ ਬੀਅਰ ਨਾਲ ਤਾਂ ਮਨੁwਖ ਦਾ ਰਹਿਣ ਸਹਿਣ ਵੀ ਬੱਦਲਣ ਲੱਗਾ ।
ਮਾਸਟਰ ਜੀ ਨੇ ਸਾਹਪਣੇ ਪਿਆ ਪਾਣੀ ਦਾ ਗਲਾਸ ਚੁਕੱਣ ਲਈ ਹੱਥ ਅਗੇ ਵਧਾਇਆ ਤਾਂ  ਸਾਹਮਣੇ ਬੈਠੇ ਇਕ ਸਰੋਤੇ ਨੇ ਬੀਅਰ ਦੀ ਡੱਬੀ ਮਾਸਟਰ ਜੀ ਵਲ ਨੂੰ ਵਧਾਉਂਦਿਆਂ ਉਚੀ ਆਵਾਜ਼ ਵਿਚ ਆਖਿਆ ਮਾਸਟਰ ਜੀ, ਪਾਣੀ ਨਹੀਂ, ਬੀਅਰ। ਬਸ ਤਾਲੀਆਂ ਨਾਲ ਵਾਤਾ ਵਰਣ ਗੂੰਜ ਉਠਿਆ।
ਮਾਸਟਰ ਜੀ ਨੇ ਡੱਬੀ ਹੱਥ ਵਿਚ ਲੈਂਦਿਆਂ ਆਖਿਆ। ਜਿਸ ਸਮੇਂ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵਕਤ ਨਾ ਹੀ ਬੋਤਲ ਬਣੀ ਸੀ ਅਤੇ ਨਾ ਹੀ ਇਸ ਕਿਸਮ ਦੀ ਡੱਬੀ ਜੋ ਮਨੁੱਖ ਬੀਅਰ ਨੂੰ ਕੋਲ ਲਈ ਫਿਰਦਾ।   ਇਸ ਲਈ  ਮਨੁੱਖ ਨੂੰ ਬੀਅਰ ਦੇ ਸਰੋਤ ਦੇ ਇਰਦ ਗਿਰਦ ਜੁੜ ਬੈਠਣਾ ਪਿਆ। ਉਹਨਾਂ ਬੀਅਰ ਦੇ ਸਰੋਤਾਂ ਦੇ ਲਾਗੇ ਰਹਾਇਸ਼ ਪੱਕੀ ਕਰਨ ਨਾਲ  ਤੁਰਦੀ ਫਿਰਦੀ ਵਹੀਰ ਨੱਗਰ ਵਸਾ ਕੇ ਬੈਠ ਗਈ। ਪਹਿਲੇ ਬੀਅਰ ਸਰੋਤ ਅਤੇ ਗਰਦਰਿਆਵਾਂ ਦੇ ਕੰਢਿਆ ਤੇ ਹੀ ਵੱਸੇ।
ਕੁਝ ਹੀ ਸਥਾਨ ਸਨ ਜਿਥੇ ਬੀਅਰ ਬਣਦੀ ਸੀ, ਸੋ ਬੀਅਰ ਕੋਲ ਪੁਜਣ ਲਈ ਜਾਂ ਲੋੜ ਵੰਦਾ ਤਕ ਬੀਅਰ ਲੈਜਾਣ ਲਈ ਮੱਨੁਖ ਦੇ ਖੋਜੀ ਦਿਮਾਗ ਨੇ ਪਹੀਆ ਬਣਾ ਧਰਿਆ। ਬਸ ਪਹੀਏ ਦੇ ਹੋਂਦ ਵਿਚ ਆਉਂਦਿਆ ਹੀ  ਇਹ ਸੰਸਾਰ ਤਾਂ ਬਸ ਦੌੜਨ ਹੀ ਲੱਗ ਪਿਆ। ਅੱਜ ਮੇਰੇ ਟਰੱਕਾਂ ਵਾਲੇ ਵੀਰ ਬਾਕੀ ਸਾਮਾਨ ਦੀ ਢੋਆ ਢੁਆਈ ਦੇ ਨਾਲ ਨਾਲ  ਲੋੜਵੰਦਾਂ ਤਕ ਬੀਅਰ ਵੀ ਪੁਜਦੀ ਕਰਦੇ ਹਨ। ਇਹਨਾਂ ਵੀਰਾਂ ਦੀ ਹਿੰਮਤ ਨਾਲ ਦੂਰ ਦੁਰਾਡੇ ਬੈਠੇ ਲੋਕ ਵੀ ਬੀਅਰ ਨਾਲ ਸਰੂਰ ਵਿਚ ਆ ਸਕਦੇ ਹਨ। ਟਰੱਕ ਡਰਾਈਵਰ ਤਾਲੀਆਂ ਮਾਰਦੇ ਹੋਏ ਖੜੇ ਹੋ ਗਏ। ਮਾਸਟਰ ਜੀ ਦੇ ਚੇਹਰੇ ਤੇ ਵੀ ਨੂਰਾਨਗੀ ਦੇਖੀ ਜਾ ਸਕਦੀ ਸੀ।
ਹੱਥ ਦੇ ਇਸ਼ਾਰੇ ਨਾਲ ਸਰੋਤਿਆਂ ਨੂੰ ਚੁੱਪ ਕਰਾਉਂਦੇ ਹੋਇਆਂ ਭਾਸ਼ਨ ਅਗੇ ਤੋਰਦਿਆਂ ਆਖਿਆ , ਬਸ ਬੀਅਰ ਅਤੇ ਪਹੀਆ ਹੋਂਦ  ਵਿਚ ਆਉਣ ਨਾਲ  ਸਾਡੇ ਰਹਿਣ ਸਹਿਣ ਵਿਚ ਵੀ ਫਰਕ ਆ ਗਿਆ। ਸਮਾਜ ਦੋ ਧੜਿਆਂ ਵਿਚ ਵੰਡਿਆ ਗਿਆ।
 ਸਰੀਰਕ ਪਖੌਂ ਨਰੋਏ  ਸਾਰਾ ਦਿਨ ਸ਼ਿਕਾਰ ਦੀ ਭਾਲ ਵਿਚ ਘੁੰਮਦੇ ਬੌਰੇ ਹੋ ਜਾਂਦੇ ਤਰਕਾਲਾਂ ਨੂੰ ਜੋ ਮਿਲਦਾ ਲੈ ਕੇ ਘਰ ਪੁਜਦੇ ਤਾਂ ਥਕਾਵਟ ਨਾਲ ਸਰੀਰ ਚੂਰ ਚੂਰ ਹੋਇਆ ਹੋਇਆ ਹੁੰਦਾ। ਹੱਡਭਨਣੀ ਨੂੰ ਦੂਰ ਕਰਨ ਲਈ ਬੀਅਰ ਪੀਣ ਬੈਠ ਜਾਂਦੇ। ਕਮਜ਼ੋਰ ਸਰੀਰ ਵਾਲੇ ਜੋ ਸ਼ਿਕਾਰ ਖੇਲਣ ਵਰਗਾ ਜੋਖਮ ਨਹੀਂ ਸੀ ਉਠਾ ਸਕਦੇ ਜਿਹਨਾਂ ਵਿਚ ਇਸਤ੍ਰੀਆਂ ਵੀ ਆ ਜਾਂਦੀਆਂ ਹਨ ਘਰ ਦੀ ਸਾਂਭ ਸੰਭਾਲ ਪਾਲਤੂ ਜਾਨਵਰਾ ਦੀ ਸੰਭਾਲ ਕੁਝ ਸੀਣਾ ਪਰੋਣਾ ਅਤੇ ਮਾਸ ਨੂੰ ਅੱਗ ਤੇ ਭੁਨ ਕੇ ਸਭ ਲਈ ਭੋਜਨ ਤਿਆਰ ਕਰਨਾ ਉਹਨਾਂ ਦਾ ਹੀ ਜਿਮਾ ਸੀ । ਸਰੀਰਕ ਪਖੋਂ ਤਕੜਾ ਹੋਣ ਵਾਲਿਆਂ ਨੂੰ ਘਰ ਦਾ ਮਾਲਕ ਕਿਹਾ ਜਾਣ ਲਗਾ ਅਤੇ ਇਸਤ੍ਰੀ ਨੂੰ ਦਾਸੀ। ਤਕੜੇ ਭੋਜਨ ਪਹਿਲਾਂ ਕਰਦੇ ਬਚਦਾ ਖੁਚਦਾ ਕਮਜ਼ੋਰਾਂ ਦੇ ਹਿਸੇ ਆਉਂਦਾ। ਅਗੇ ਚਲ ਕੇ  ਇਹ ਇਕ ਪਰਮਪਰਾ ਹੀ ਬਣ ਗਈ ਕਿ ਮਾਲਕ ਮਰਦ ਦੇ ਭੌਜਨ ਸੇਵਨ ਕਰਨ ਤੋਂ  ਬਾਅਦ ਹੀ ਦਾਸੀ ਇਸਤ੍ਰੀ ਅਤੇ ਕਾਮੇ ਭੋਜਨ ਕਰਨਗੇ । ਅੱਜ  ਇਕੀਵੀ ਸਦੀ ਵਿਚ ਵੀ ਇਹ ਪਰਮਪਰਾ ਭਾਰਤੀ ਪ੍ਰਿਵਾਰਾਂ ਵਿਚ ਦੇਖੀ ਜਾ ਸਕਦੀ ਹੈ।
 ਇਕੀਵੀਂ ਸਦੀ ਵਿਚ ਘਰ ਦੇ ਗੁਜ਼ਾਰੇ ਲਈ ਦੋਵੇਂ ਜੀ ਕੰਮ ਤੇ ਜਾਂਦੇ ਹਨ ਪਰ ਮਰਦ ਉਸ ਪੁਰਾਣੀ ਪਰਮਪਰਾ ਤੇ ਪਹਿਰਾ ਦਿੰਦਾ ਹੋਇਆ  ਘਰ ਆ ਕੇ ਸਿੰਕ ਥਲਿਓਂ ਰਖੀ ਬੋਤਲ ਕੱਢ ਕੇ ਆਪ ਤਾਂ ਸਰੂਰ ਵਿਚ ਆ ਜਾਂਦਾ ਹੈ ਅਤੇ ਇਸਤ੍ਰੀ ਸਭ ਨੂੰ ਖੁਆ ਪਿਆ ਕੇ ਖਾਂਦੀ ਹੈ। ਅਗੋਂ ਭਾਂਡਾ ਟੀਂਡਾ ਸੰਭਾਲ ਕੇ ਜਦ ਉਹ ਬਿਸਤਰ ਤੇ ਜਾਂਦੀ ਹੈ ਉਦ ਤਕ ਘਰ ਦਾ ਮਰਦ ਘੁਰਾੜੈ  ਮਾਰਦਾ ਹੋਇਆ ਅੱਧੀ ਨੀਦ ਲਾਹ ਚੁਕਾ ਹੁੰਦਾ ਹੈ।
ਕਈ ਦਫਾ ਜਦ ਕੋਈ ਵਡਾ ਸ਼ਿਕਾਰ ਨਾਂ ਮਿਲਦਾ ਤਾਂ ਮਰਦਾਂ ਦੇ ਪਹਿਲਾਂ ਭੋਜਨ ਕਰਨ ਕਾਰਨ ਘਰ ਦੀਆਂ  ਇਸਤ੍ਰੀਆਂ ਦੇ ਹਿਸੇ ਬਚਦਾ ਖੁਚਦਾ ਹੀ ਆਉਂਦਾ ਜਿਸ ਕਾਰਨ ਉਹ ਸਰੀਰਕ ਪਖੋਂ ਕਮਜ਼ੋਰ ਹੋਣ ਲਗੀਆਂ। ਹੌਲੀ ਹੌਲੀ  ਇਹ ਵੀ ਇਕ ਪਰਮਪਰਾ ਬਣ ਗਈ ਕਿ ਲੜਕੀਆਂ ਦੀ ਖੌਰਾਕ ਤੇ ਕੁਝ ਬੰਦਸ਼ ਲੱਗ ਗਈ ਕੱਪੜਾ ਪਹਿਨਣ ਤੇ ਕੁਝ ਪਾਬੰਦੀਆਂ ਲੱਗ ਗਈਆਂ। ਸਮਾਜ ਵਿਚ ਕੁੜੱਤਣ ਨਾ ਆਵੇ ਕੁਝ ਸੂਝਵਾਨਾਂ ਨੇ ਕੁਝ ਨਿਯਮ ਬਣਾਉਣ ਦੀ ਗੱਲ ਕੀਤੀ
 ਇਸ ਤਰਾਂ ਉਦਾਰ ਵਾਦੀ ਧੜਾ ਹੋਂਦ ਵਿਚ ਆਇਆ ।
ਪਰਮਪਰਾਵਾਦੀ ਅਤੇ ਉਦਾਰਵਾਦੀ ਧੜਿਆਂ ਵਿਚ ਵੰਡਿਆ ਹੋਇਆ ਹੋਣ ਦੇ ਬਾਵਜੂਦ ਸਮਾਜ ਅਮਨ ਸ਼ਾਂਤੀ ਨਾਲ ਰਹਿ ਰਿਹਾ ਸੀ। ਪਰਮਪਰਾ ਵਾਦੀ ਦੀ ਮਿਹਨਤ ਸਖਤ ਸੀ ਇਸ ਲਈ ਉਸ ਦੀ ਮੁਖਤਾਰੀ ਮੱਨੀ ਜਾਂਦੀ ਸੀ ਨਾਲ ਹੀ ਪਰਮਪਰਾਵਾਦੀ  ਉਦਾਰ ਵਾਦੀ ਨੂੰ ਸਮਾਜ ਦਾ ਇਕ ਲੋੜੀਂਦਾ ਅੰਗ ਸਮਝਕੇ ਉਸ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਆਪਣਾ ਫਰਜ਼ ਸਮਝਦਾ ਸੀ। ਕਿਡਾ ਸੁਹਾਵਾਂ ਸਮਾ ਸੀ ਹਰ ਕੋਈ ਆਪਣੀ ਜ਼ਿਮੇਵਾਰੀ ਨਿਭਾਉਂਣ ਵਿਚ ਖੁਸ਼ੀ
ਮਹਿਸੂਸ ਕਰਦਾ ਸੀ। ਸਮਾਂ ਕਦੇ ਖਲੋਤਾ ਹੈ। ਨਹੀਂ ਨਾਂ ! ਫੇਰ ਸਮਾਜ ਕਿਦਾਂ ਖਲੋ ਜਾਂਦਾ।
ਵਧਦੀ ਆਬਾਦੀ ਅਤੇ ਨੱਗਰ ਬਣਨ ਨਾਲ ਕੰਮ ਕਾਰ ਦੇ ਤਰੀਕੇ ਬਦਲ ਗਏ। ਮਾਇਆ ਦੇ ਪਸਾਰ ਨੇ ਲਾਲਚ ਨੂੰ ਜਨਮ ਦਿਤਾ। ਅਮੀਰ ਗਰੀਬ ਦਾ ਪਾੜਾ ਵੱਧਣ ਲਗਾ, ਵਿਤਕਰੇ ਵੱਧੇ ਨਫਰਤ ਦਾ ਬੀਜ ਪੁੰਗਰਨ ਲੱਗਾ । ਨਫਰਤ ਊਂਚ ਨੀਚ ਹੀ ਤਾਂ  ਬ੍ਰਾਹਮਣ ਵਾਦ ਹੈ। ਭੁਲੇਖੇ ਵਿਚ ਨਾਂ ਰਿਹੋ ਕਿ ਬ੍ਰਾਹਮਣ ਵਾਦ ਦਾ ਫੈਲਾ ਸਿਰਫ ਬ੍ਰਾਹਮਣ ਕਰ ਰਿਹਾ ਹੈ। ਨਹੀਂ। ਅਜ ਤਾਂ ਹਰ ਧਰਮ ਵਿਚ ਹਰ ਫਿਰਕੇ ਵਿਚ ਹਰ ਪ੍ਰਿਵਾਰ ਵਿਚ ਹਰ ਦੇਸ਼ ਵਿਚ ਇਕ ਦੂਸਰੇ ਦੇ ਖਿਲਾਫ ਹਕਾਰਤ ਨਫਰਤ ਭਰੀ ਪਈ ਹੈ। ਹਰ ਕੋਈ ਦੂਸਰੇ ਨੂੰ ਆਪਣੇ ਨਾਲੋਂ ਘਟੀਆ ਸਮਝਦਾ ਹੈ ਨਸਲਵਾਦ ਬ੍ਰਾਹਮਣਵਾਦ ਦਾ ਹੀ ਦੂਸਰਾ ਰੂਪ ਹੈ।
ਬਸ ਸਮਾਜ ਵਿਚ ਬ੍ਰਾਹਮਣਵਾਦ ਦਾ ਬੀਜ ਐਸਾ ਪੁੰਗਰਿਆ ਕਿ ਕੁਝ ਸਮੇਂ ਅੰਦਰ ਹੀ  ਸਮਾਜ ਵਿਚ ਨਫਰਤ ਹੇਰਾ ਫੇਰੀ  ਆਪਣੇ ਫਰਜ਼ਾ ਤੋਂ ਕੋਤਾਹੀ ਇਕ ਦੂਸਰੇ ਤੇ ਇਲਜ਼ਾਮ ਬਾਜ਼ੀ ਦਾ ਯੁਗ ਸ਼ੁਰੂ ਹੋ ਗਿਆ।ਬ੍ਰਾਹਮਣ ਵਾਦ ਦਾ ਪਰਭਾਵ ਕਬੂਲਦਿਆਂ ਪਰਮਪਰਾ ਵਾਦੀ ਆਪਣੇ ਆਪ ਨੂੰ ਰੱਬ ਸਮਝ ਬੈਠਾ। ਆਪਣੀ ਪਹਿਚਾਣ ਲਈ  ਉਸ ਨੇ ਸੰਸਾਰ ਦੇ ਸਭ ਤੋਂ ਤਕੜੇ ਜਾਨਵਰ ਹਾਥੀ ਦੀ ਚੋਣ ਕੀਤੀ ( ਅਮਰੀਕਾ ਦੀ ਰੀਪਬਲਕਨ ਪਾਰਟੀ ਦਾ ਨਿਸ਼ਾਨ ) ਅਤੇ ਉਦਾਰਵਾਦੀਆਂ ਦਾ ਚਿੰਨ ਹੈ ਗੱਧਾ ( ਅਮਰੀਕਾ ਦੀ ਡੈਮੋਕਰੈਟ ਪਾਰਟੀ ਦਾ ਚਿੰਨ)।
ਪਰਮਪਰਾ ਵਾਦੀ ਸਮਝਣ ਲੱਗਾ ਕਿ ਉਸ ਤੋਂ ਬਗੈਰ ਦੁਨੀਆਂ ਖੜੋ ਜਾਵੇਗੀ। ਉਹ ਸੋਚਣ ਲਗਾ ਕਿ ਉਦਾਰਵਾਦੀ ਤਾਂ ਨਿਕੱਮਾ ਹੈ ਉਸ ਦੇ ਸਹਾਰੇ ਤੇ ਪੱਲਦਾ ਹੈ। ਪਤਾ ਨਹੀਂ ਉਹ ਕਿਊਂ ਭੁੱਲ ਜਾਂਦਾ ਹੈ ਕਿ ਗੱਧੇ ਵਾਂਗ ਭਾਰ ਚੁਕੀ ਫਿਰਦਾ ਉਦਾਰਵਾਦੀ ਆਪਣੀ ਮਿਹਨਤ ਦਾ ਹਿਸਾ ਲੈਣ ਲਈ ਵੀ ਪਰਮਪਰਾ ਵਾਦੀ ਦੇ ਰਹਿਮੋ ਕਰਮ ਤੇ ਹੈ। ਪਰਮਪਰਾ ਵਾਦੀ ਕਾਮੇ ਨੂੰ ਬਣਦੀ ਮਜ਼ਦੂਰੀ ਦੇਣ ਤੋਂ ਹਮੇਸ਼ਾ ਹਿੱਚਕਚਾਉਂਦਾ ਹੈ। ਨਤੀਜੇ ਵਜੋਂ ਪਰਮਪਰਾਵਾਦੀ ਦਿਨੋਂ ਦਿਨ ਧੰਨ ਕੁਬੇਰ ਬਣ ਰਿਹਾ ਹੈ ਅਤੇ ਉਦਾਰ ਵਾਦੀ ਗਰੀਬ। ਅੱਜ ਤੱਕ ਕੋਈ ਵੀ ਨਜ਼ਾਮ ਐਸਾ ਨਹੀਂ ਆਇਆ ਜੋ ਇਸ ਵੱਧ ਰਹੇ ਪਾੜੇ ਨੂੰ ਮੇਟ ਸਕੇ।ਦੋ ਵੱਡੈ ਦੈਂਤਾ ਵਿਚਕਾਰ ਦੁਨੀਆਂ ਪੀੜੀ ਜਾ ਰਹੀ ਹੈ । ਸਮਾਜਵਾਦ ਡੰਡੇ ਨਾਲ ਆਪਣੀ ਈਨ ਮਨਾਊਂਦਾ ਹੈ ਅਤੇ ਸਾਮਰਾਜਵਾਦ ਪੈਸੇ ਦੇ ਜੋਰ ਪਰਚਾਰਕ GutI dy ਕੇ ਲੋਕਾਈ ਨੂੰ ਕਾਬੂ kr lYNdf hY.
ਕੱਟੜ ਧਰਮੀ ,  ਤਾਕਤ ਵਿਚ ਬੈਠਾ ਸਿਆਸੀ ਆਗੂ,  ਸ਼ਿਕਾਰੀ , ਇਮਾਰਤਾਂ ਬਣਾਉਣ ਵਾਲੇ, ਅੱਗ ਬੁਝਾਉਣ ਦਾ ਕੰਮ ਕਰਨ ਵਾਲੇ, ਡਾਕਟਰ, ਪੁਲੀਸ ਅਫਸਰ, ਕਾਰਪੋਰੇਸ਼ਨ ਵਿਚ ਲਗੇ ਉਚ ਅਧਕਾਰੀ, ਫੌਜੀ ਅਫਸਰ ਅਤੇ ਹਵਾਈ ਜਹਾਜ਼ਾਂ ਦੇ ਚਾਲਕ ਅਮੂਮਨ ਪਰਮਪਰਾ ਵਾਦੀ ਹੁੰਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਪਰਮਪਰਾ ਵਾਦੀ ਧੰਨੀ ਹੁੰਦੇ ਹਨ। ਕਈ ਤਾਂ ਮਜ਼ਦੂਰੀ ਕਰਕੇ ਮਸਾਂ ਹੀ ਆਪਣੇ ਪ੍ਰਿਵਾਰਾਂ ਦਾ ਪਾਲਣ ਪੋਸਣ ਕਰਦੇ ਹਨ ਪਰ ਪਰਮਪਰਾਵਾਦੀ ਬਣਕੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਉਚਾ ਸਮਝਣ ਵਿਚ ਫੱਖਰ ਮਹਿਸੂਸ ਕਰਦੇ ਹਨ। ਪਰਮਪਰਾਵਾਦੀਆਂ ਦੀ ਬੋਲ ਚਾਲ ਵਿਚ ਹੁਕਮੀਆਂ ਲਹਿਜਾ ਹੁੰਦਾ ਹੈ। ਸਰੀਰੋ ਤਕੜੇ ਹੁੰਦੇ ਹਨ। ਲਾਲ ਮਾਸ ( ਬਕਰਾ , ਬੀਫ) ਖਾਣਾ ਪਸੰਦ ਕਰਦੇ ਹਨ ਉਹ ਵੀ ਪੂਰੀ ਤਰਾਂ ਭੁਨਿਆ ਹੋਇਆ। ਮਹਿੰਗੀ ਵਿਸਕੀ  ਪੀ ਕੇ ਖੇੜਨ ਲਈ ਨਾਚ ਗਾਣੇ ਦੀਆਂ ਪਾਰਟੀਆਂ ਵਿਚ ਖੁਸ਼ ਰਹਿੰਦੇ ਹਨ।
ਇਸੇ ਤਰਾਂ ਸਾਰੇ ਉਦਾਰ ਵਾਦੀ ਵੀ ਗਰੀਬ ਨਹੀਂ ਹੁੰਦੇ ਇਹਨਾਂ ਵਿਚ ਵੀ ਧੰਨ ਕੁਬੇਰ ਹਨ  ਉਦਾਰਵਾਦ ਦੇ ਪਰਦੇ ਥਲੇ ਪਰਮਰਾਵਾਦ ਨੂੰ ਛੁਪਾ ਕੇ ਰਖਣ ਵਾਲੇ ਆਸਤੀਨ ਦੇ ਸਪ । ਸਟ ਚੋਟ ਦੇ ਮੁਆਵਜ਼ੇ ਲਈ ਲੜਨ ਵਾਲੇ ਵਕੀਲ,ਪਤਰਕਾਰ, ਫਿਲਮ ਅਭਿਨੇਤਾ, ਸੋਸ਼ਲ ਵਰਕਰ ਯੂਨੀਅਨ ਮੈੰਬਰ ਅਤੇ ਪਾਖੰਡੀ ਸਾਧ ਉਦਾਰਵਾਦੀ ਹਨ। ਉਦਾਰਵਾਦੀ , ਗਲਾਂ ਬਾਤਾਂ ਦੇ ਧੰਨੀ , ਸਰੀਰੋਂ ਪਤਲੇ ਦਰਾਮਦ ਕੀਤੀ ਹੋਈ ਬੀਅਰ ਵਿਚ ਨਿੰਬੋ ਨਚੋੜ ਕੇ ਜਾਂ ਫੇਰ ਦਰਾਮਦ ਕੀਤਾ ਹੋਇਆ ਬੋਤਲਾਂ ਵਿਚ ਭਰਿਆ ਹੋਇਆ ਪਾਣੀ, ਸ਼ੂਸ਼ੀ ਮਛੀ ( ਅਧਕਚੀ) ਪਨੀਰ ਪਕੌੜੇ ਟੋਫੂ ਅਤੇ ਫਰੈਂਚ ਫਰਾਈਜ਼ eihnf df mn cfhMdf Bojn hY  ਕੁਝ ਇਕ ਦਾ ਰੁਝਾਨ ਵਾਈਟ ਵਾਈਨ ਵਲ ਨੂੰ ਵੀ ਹੁੰਦਾ ਜਾ ਰਿਹਾ ਹੈ। ਇਸ ਵਿਚਲਾ ਸਮਾਜਵਾਦੀ ਧੱੜਾ ਅਮਰੀਕਾ ਨਾਲ ਕੋਈ ਸਭੰਧ ਨਹੀਂ ਰਖਣਾ ਮੰਗਦਾ। ਰੂਸ ਪਖੀ ਅਤੇ ਅਮ੍ਰੀਕਾ ਦੀ ਹਦੋਂ ਵੱਧ  ਖਿਲਾਫਤ ਵਾਲੀ ਪਾਲਸੀ ਦੇਖਦਿਆਂ ਇਦਾਂ ਲਗਦਾ ਹੈ ਕਿ ਲੋਕ ਬੋਲੀ ( ਛੱੜੇ ਜੇਠ ਨੂੰ ਲਸੀ ਨਹੀਂ ਦੇਣੀ ਦੇਰ ਭਾਮੇਂ ਮੱਝ ਚੁੰਘ ਲਏ ) ਇਹਨਾਂ ਤੇ ਹੀ ਢੁਕਦੀ ਹੈ।
ਉਦਾਰ ਵਾਦ ਵੀ  ਅਗੋਂ ਕਈ ਸ਼ਾਖਾਂ ਵਿਚ ਬਦਲ ਗਿਆ ਹੈ ਜਿਵੇਂ ਉਦਾਰ ਵਾਦ, ਸੁਧਾਰ ਵਾਦ, ਸਮਾਜਵਾਦ…. ਨਫਰਤ ਇਸ ਵਿਚ ਵੀ ਭਾਰੂ ਹੈ ਅਸਲ ਵਿਚ  ਸਮਾਜਵਾਦ ਉਦਾਰਵਾਦ ਦੇ ਪਰਦੇ ਪਿਛੇ ਲੁਕਿਆ ਪਰਮਪਰਾਵਾਦ ਹੈ ਜੋ ਜ਼ਿਦੀਆ ਹੋ ਚੁਕਾ ਹੈ। ਆਪਣੀ ਨਾਕਾਮੀ ਨੂੰ ਵੀ ਵੱਡੀ ਸੰਸਾਰ ਜੰਗ  ਵਿਚ ਸਰ ਵਿਨਸਟਨ ਚਰਚਲ ਵਾਗੂੰ ਕਾਮਯਾਬੀ ਦਰਸਾਉਂਦਾ ਹੋਇਆ ( ਹਮਾਰੀ ਫੌਜੇਂ ਬੜੀ ਕਾਮਯਬੀ ਸੇ ਪੀਛੇ ਹਟ ਰਹੀ ਹੈਂ) ਡਿਗਦੇ ਸਮਾਜਵਾਦ ਨੂੰ ਹੀ ਜਗਤ ਕਲਿਆਣ ਦੀ ਕੁੰਜੀ ਦਸਦਾ ਹੈ। ਜੇ ਸਮਾਜਵਾਦੀ ਸੋਚ ਰਖਣ ਵਾਲੇ ਦੇ ਕਾਰਖਾਨੇ ਦੇ ਮਜ਼ਦੂਰ ਹੜਤਾਲ ਤੇ ਬੈਠ ਜਾਣ ਤਾਂ ਇਸ ਵਿਚ ਵੀ ਪਰਮਪਰਾਵਾਦ ਜਾਗ ਉਠਦਾ ਹੈ। ਮਜ਼ਦੂਰ ਨੂੰ ਕੁਚਲਣ ਦਾ ਹਰ ਹੀਲਾ ਵਰਤਦਾ ਹੈ। ਕਈ ਦਫਾ ਯੂਨੀਅਨ ਲੀਡਰ nUM vI afpxy mPfd leI KrId ilaf jFdf hY. ਉਦਾਰ ਵਾਦੀ ਕੰਮ ਘੱਟ ਅਤੇ ਪਗਾਰ ਜ਼ਿਆਦਾ ਚਾਹੂੰਦਾ ਹੈ। ਕੰਮ ਰੋਕੂ ਹੜਤਾਲਾਂ ਮੁਜ਼ਾਹਰੇ ਰੋਜ ਦਾ ਵਰਤਾਰਾ ਬਣ ਗਿਆ ਹੈ। ਜਿਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ ।ਉਪਜ ਘਟਦੀ ਹੈ। ਮਜ਼ਦੂਰ ਜ਼ਿਆਦਾ ਪਗਾਰ ਮੰਗਦਾ ਹੈ ਅਤੇ ਮਾਲਕ ਜ਼ਿਆਦਾ ਮੁਨਾਫਾ ਬਸ ਦੋਵਾਂ ਦਾ ਤਾਲ ਮੇਲ ਖਤਮ ਹੋਣ ਨਾਲ ਦਿਨੋ ਦਿਨ ਮਹਿੰਗਾਈ ਪੈਰ ਪਸਾਰ ਰਹੀ ਹੈ।
ਤੁਸੀਂ ਸੋਚੋਗੇ ਮੈਂ ਇਸਤ੍ਰੀ ਬਾਰੇ ਕੁਝ ਨਹੀਂ ਕਿਹਾ ਉਹ ਪਰਮਪਰਾ ਵਾਦੀ ਹੈ ਜਾਂ ਉਦਾਰ ਵਾਦੀ। ਉਸ ਬਾਰੇ ਕੋਈ ਵੀ ਨਿਰਣਾ ਲੈਣਾ ਇੱਡਾ ਆਸਾਨ ਨਹੀਂ।ਨੂੰਹ ਤੇ ਜ਼ਿਆਦਤੀ ਕਰਨ ਵਾਲੇ ਸਸ ਸੋਹਰਾਂ ਦੋਵਾਂ ਨੂੰ ਮੈਂ ਇਸਤ੍ਰੀ ਹੀ ਗਿਣਦਾ ਹਾਂ। ਉਹ ਤਾਂ ਪਲ ਵਿਚ ਗਿਰਗਟ ਵਾਂਗ ਰੰਗ ਬਦਲਦੇ ਹਨ। ਨੂੰਹ ਦੇ ਮਸਲੇ ਤੇ ਉਹ ਪਰਮਪਰਾ ਵਾਦੀ ਹਨ ਅਤੇ ਧੀ ਦੀ ਵਾਰੀ ਉਹ ਉਦਾਰ ਵਾਦੀ ਬਣ ਜਾਂਦੇ ਹਨ।
ਬੀਹਵੀਂ ਸਦੀ ਤਕ ਪੁੱਜਦਿਆਂ ਪੁੱਜਦਿਆਂ ਬਸ ਵਾਦਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਸਾਮਰਾਜਵਾਦ, ਪਰਗਤੀ ਵਾਦ , ਗਾਂਧੀ ਵਾਦ , ਧਾਰਮਕ ਕੱਟੜ ਵਾਦ, ਵੱਖਵਾਦ, ਮਾਓਵਾਦ, ਸਭ ਬਰਾਹਮਣ ਵਾਦ ਦੀ ਹੀ ਉਪਜ ਹਨ। ਸਾਮਰਾਜਵਾਦ ਮੁਨਾਫੇ ਦੀ ਹੋੜ ਵਿਚ ਲੱਗਾ ਹੋਇਆ ਸਭ ਧਰਮ ਕਰਮ ਭੁਲ ਚੁਕਾ ਹੈ। ਪਰਗਤੀਵਾਦੀਆਂ ਨੇ ਉਦਾਰਵਾਦੀਆਂ ਅਤੇ ਧਾਰਮਕ ਵਿਚਾਰ ਰਖਣ ਵਾਲਿਆਂ ਨੂੰ ਰੂੜੀ ਵਾਦੀ ਆਖਣ ਨਾਲ ਹੀ ਕੰਮ ਟਪਾ ਲਿਆ। ਪਰਗਤੀ ਘਟ ਅਤੇ ਵਾਦ ਵਿਵਾਦ ਜ਼ਿਆਦਾ ਛਿੜਨ ਕਾਰਨ ਲੋਕਾਈ ਦਾ ਕੁਝ ਨਹੀਂ ਸੁਆਰ ਹੋਇਆ । ਗਾਂਧੀ ਜੀ ਨੇ ਮੈਂ ਮੈਂ ਕਰਦਿਆਂ ਬਾਕੀ ਸਾਰਿਆਂ ਨੂੰ ਖੁਡੇ ਲਾਉਣ ਦਾ ਯਤਨ ਕੀਤਾ। ਧਾਰਮਕ ਕੱਟੜ ਵਾਦ ਦਇਆ ਧਰਮ ਨੂੰ ਛਡ ਛਡਾ ਕੇ ਖੂਨ ਦੀ ਹੋਲੀ ਖੇਲਣ ਵਿਚ ਰੁਝਾ ਹੋਇਆ ਹੈ। ਮਾਓਵਾਦ ਅਤੇ ਵਖਵਾਦ ਦਾ ਧਰਮ ਕਰਮ ਸਿਰਫ ਏ ਕੇ ਫੋਰਟੀ ਸੈਵਨ ਦੁਆਲੇ ਘੁੰਮਦਾ ਹੈ।
ਸਭ ਤੋਂ ਖਤਰਨਾਕ ਵੇਹਲੜਾਂ ਦਾ ਟੋਲਾ ਸਾਧਵਾਦ ਹੈ।  ਗਿਆਨਵਾਨ ਅਤੇ ਅਗ਼ਿਆਨੀ ਸੱਭ ਇਸ ਦੀ ਕੰਮਡਲੀ ਦੇ ਅਮ੍ਰਿਤ ਦੇ ਅਭਲਾਸ਼ੀ ਹਨ ਖਾਸ ਕਰ ਭਾਰਤ ਦੇ ਲੋਕਤੰਤਰ ਵਿਚ ਤਾਂ ਸਾਧਵਾਦ ਦਾ ਹੀ ਬੋਲ ਬਾਲਾ ਹੈ।
ਧwੜੇ ਤਾਂ ਕੰਮ ਦੀ ਵੰਡ ਕਾਰਨ ਬਣੇ ਸਨ ਅਗੋਂ ਬ੍ਰਾਹਮਣ ਵਾਦ ਨੇ ਇਸ ਵਿਚ ਪਕੀਆਂ ਲਕੀਰਾਂ ਖਿਚ ਦਿਤੀਆਂ ,ਬਸ ਕੰਮ ਦੀ ਵੰਡ ਬਿਗੜਦੀ ਬਿਗੜਦੀ  ਜ਼ਾਤ ਪਾਤ ਤੇ ਆ ਕੇ ਐਸੀ ਰੁਕੀ ਕਿ ਸਾਡਾ ਪਿਛਾ ਹੀ ਨਹੀਂ ਛੱਡਦੀ। ਜ਼ਾਤ ਪਾਤ ਨੇ ਸਾਨੂੰ ਖੇਰੂੰ ਖੇਰੂੰ ਕਰ ਛੱਡਿਆ ਹੈ ਲੋੜ ਹੈ ਇਕ ਸਾਝਾਂ ਮੋਰਚਾ ਬਣਾਉਣ ਦੀ । ਨਫਰਤ ਦੀ ਬਜਾਏ ਅਗਰ ਪਰਮਪਰਾਵਾਦ ਅਤੇ ਉਦਾਰਵਾਦ ਦੀ ਸੋਚ ਦੇ ਧਾਰਨੀ ਆਪਣੇ ਵਿਚੋਂ ਬ੍ਰਾਹਮਣਵਾਦ ਨੂੰ ਕੱਢ ਦੇਣ ਤਾਂ ਉਸਾਰੂ ਕੰਮ ਹੋ ਸਕਦਾ ਹੈ । ਵੀਰੋ ਤਕੜੇ ਹੋ ਕੇ ਇਹ ਬ੍ਰਾਹਮਣੀ ਜੂਲਾ ਵਗਾਹ ਮਾਰਨ ਵਿਚ ਹੀ ਸਭ ਦੀ ਭਲਾਈ ਹੈ। ਕੁਝ ਇਕ ਨੂੰ ਛਡ ਕੇ ਸਭ ਨੇ ਖੜੇ ਹੋ ਕੇ ਤਾਲੀਆਂ ਦੀ ਗੂੰਜ ਨਾਲ ਮਾਸਟਰ ਜੀ ਦੀ ਗੱਲ ਨੂੰ ਹਾਂ ਪਖੀ ਹੁੰਘਾਰਾ ਦਿਤਾ। ਇਕ ਪਾਸਿਓਂ ਜੈ ਕਾਰੇ ਦੀ ਗੂੰਜ ਆਈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਫੇਰ ਇਕ ਹੋਰ ।
ਮਾਸਟਰ ਜੀ ਨੇ ਹਥ ਉਚਾ ਚੁਕਦਿਆਂ ਸਰੋਤਿਆ ਦਾ ਧੰਨਵਾਦ ਕਰਦਿਆ ਹੋਇਆ ਆਖਿਆ ਮੇਰੇ ਵੀਰੋ ਕੱਲੇ ਜੈਕਾਰਿਆਂ ਨਾਲ ਵੀ ਕਦੇ ਕੰਮ ਸੌਰੇ ਹਨ, ਨਾਂ ਹੀ ਭੜਕਾਊ ਭਾਸ਼ਨ ਕੁਝ ਸੁਆਰ ਸਕਦੇ ਹਨ। ਇਹ ਤਾਂ ਬ੍ਰਾਹਮਣ ਵਾਦ ਨੂੰ ਹੋਰ ਬਲ ਦਿੰਦੇ ਹਨ। ਦੋਸਤੋ ਇਹ ਬ੍ਰਾਹਮਣੀ ਜੂਲਾ ਲਾਹੁਣਾ ਹੈ ਤਾਂ ਜੋਸ਼ ਅਤੇ ਹੋਸ਼ ਨੂੰ ਠਿਕਾਣੇ ਰਖਦੇ ਹੋਏ ਸਭ ਉਦਾਰਵਾਦੀਆਂ ਅਤੇ ਪਰਮਪਰਾਵਾਦੀਆਂ ਨੂੰ ਅਧਿਆਤਮਕਵਾਦ ਦੀ ਸਾਂਝੀ ਛੱਤਰੀ ਥਲੇ ਇਕਠੇ ਹੋਣਾ ਪੈਣਾ ਹੈ। ਇਹ ਵਿਚਾਰ ਦਾ ਯੁਗ ਹੈ ਜੈਕਾਰਿਆਂ ਜਾਂ ਏ ਕੇ ਫੋਰਟੀ  ਸੈਵਨ ਦਾ ਯੁਗ ਨਹੀਂ। ਜਦ ਹਰ ਕੋਈ ਹਕ ਹਲਾਲ ਤੇ ਆ ਜਾਵੇਗਾ ਤਾਂ ਇਹ ਸੰਸਾਰ ਸਵਰਗ ਬਣ ਜਾਵਿਗਾ। ਧੰਨਵਾਦ।
 ਤਾਲੀਆਂ ਦੀ ਗੂੰਜ ਵਿਚ ਮਾਸਟਰ ਰਪਦੁਮਣ ਮੰਚ ਤੋਂ ਕਦ ਉਤਰ ਕੇ ਚਲਾ ਗਿਆ ਕਿਸੇ ਨੁੰ ਪਤਾ ਵੀ ਨਹੀਂ ਲੱਗਾ

Punjabi kahani-ਈੜੀ ਇੱਟ ਤੇ ਊੜਾ ਬੋਤਾ


ਈੜੀ ਇੱਟ ਤੇ ਊੜਾ ਬੋਤਾ (ਕਹਾਣੀਂ)/ ਡਾ.ਸਾਧੂ ਰਾਮ ਲੰਗੇਆਣਾ
Minimize
ਈੜੀ ਇੱਟ ਤੇ ਊੜਾ ਬੋਤਾ  
(ਡਾ.ਸਾਧੂ ਰਾਮ ਲੰਗੇਆਣਾ, ਪਿੰਡ:- ਲੰਗੇਆਣਾ ਕਲਾਂ (ਮੋਗਾ), 98781-17285 )

ਤਾਏ ਨਰੈਣੇ ਨੇ ਆਪਣੀ ਜ਼ਮੀਨ ਦਾ ਇੰਤਕਾਲ ਕਰਵਾਉਣਾ ਸੀ ਉਹ ਦੋ-ਤਿੰਨ ਵਾਰ ਸਾਡੇ ਨੇੜਲੇ ਸ਼ਹਿਰ ਬਾਘਾ-ਪੁਰਾਣਾ ਵਿਖੇ ਤਹਿਸੀਲਦਾਰ ਦੇ ਦਫਤਰ ਗਿਆ ਪਰ ਤਹਿਸੀਲਦਾਰ ਨਾਂ ਮਿਲਿਆ ਅਖ਼ੀਰ ਤਾਏ ਨੇ ਇਕ ਦਿਨ ਉਸ ਦੇ ਮੋਬਾਇਲ ਫੋਨ ਦਾ ਨੰਬਰ ਸਬੰਧਤ ਕਲਰਕ ਤੋਂ ਲੈ ਲਿਆ ਸੀ ਉਸ ਦਿਨ ਨਿਹਾਲੀ ਵੀ ਤਾਏ ਦੇ ਨਾਲ ਹੀ ਸੀ ਕਿਉਂਕਿ ਤਾਈ ਦੀ ਜਾੜ੍ਹ ਬੜੀ ਦਰਦ ਕਰਦੀ ਸੀ ਤੇ ਉਹ ਦੋਵੇਂ ਡਾਕਟਰ ਤੋਂ ਜਾੜ੍ਹ ਦੀ ਦਵਾਈ ਲੈਣ ਉਪਰੰਤ ਇਕ ਐੱਸ.ਟੀ.ਡੀ. ਉਪਰ ਤਹਿਸੀਲਦਾਰ ਨੂੰ ਫੋਨ ਕਰਨ ਲਈ ਪਹੁੰਚ ਗਏ ਤਾਇਆ, ਤਾਈ ਦੋਵੇਂ ਹੀ ਫੋਨ ਕਰਨ, ਸੁਣਨ ਤੋਂ ਅਣਜਾਨ ਸਨ ਪਰ ਜਕਦੇ ਜਕਾਉਂਦਿਆਂ ਮਜ਼ਬੂਰੀ ਹੋਣ ਕਾਰਨ ਤਾਏ ਨੇ ਸਬੰਧਤ ਐੱਸ.ਟੀ.ਡੀ. ਦੁਕਾਨਦਾਰ ਤੋਂ ਤਹਿਸੀਲਦਾਰ ਦੇ ਮੋਬਾਇਲ ਫੋਨ ਤੇ ਨੰਬਰ ਲਗਵਾਇਆ

         ਅੱਗੋਂ ਤਹਿਸੀਲਦਾਰ ਦਾ ਫੋਨ ਆਨ ਹੋਇਆ ਤਾਂ ਆਵਾਜ਼ ਸਾਹਿਬ ਦੀ ਘਰਵਾਲੀ ਦੀ ਸੀ ਤਾਂ ਤਾਏ ਨੇ ਬੜੇ ਆਦਰ ਸਤਿਕਾਰ ਨਾਲ ਤਹਿਸੀਲਦਾਰ ਸਬੰਧੀ ਫੋਨ ਤੇ ਬੋਲਦਿਆਂ ਕਿਹਾ ਕਿ ਭਾਈ ਬੀਬਿਆ ਮੈਨੂੰ ਫਲਾਣਾ ਕੰਮ ਐ, ਮੈਂ ਤਾਂ ਸਾਹਿਬ ਨਾਲ ਗੱਲ ਕਰਨੀ ਸੀ ਤਾਂ ਅੱਗੋਂ ਜਵਾਬ ਮਿਲਿਆ, ਐਕਚੁਲੀ ਸਾਹਿਬ ਫੋਨ ਘਰੇ ਭੁੱਲ ਗਏ ਹਨ ਬਾਬਾ ਜੀ ਤੁਸੀਂ ਜ਼ਰਾ ਠਹਿਰ ਕੇ ਫੋਨ ਕਰਿਓ, ਕਹਿ ਕੇ ਫੋਨ ਕੱਟ ਦਿੱਤਾ

      ਲੈ ਨਿਹਾਲੀਏ ਮੈਂ ਤਾਂ ਤਹਿਸੀਲਦਾਰ ਦਾ ਨਾਂ ਵੀ ਨਹੀਂ ਸੀ ਜਾਣਦੈ, ਹੁਣ ਪਤਾ ਲੱਗਿਆ ਅਪਸਰ (ਅਫਸਰ) ਨਾਂ ਵੀ ਬਾਹਰਲੇ ਦੇਸ਼ਾਂ ਵਾਲੇ ਰੱਖਦੇ ਨੇ ਨਾਲੇ ਵੇਖਿਆ ਨਿਹਾਲੀਏ ਸਾਡੇ ਲੇਖਕਾਂ ਵਿਚਾਰਿਆਂ ਵੱਲੋਂ ਤਾਂ ਰੋਜ਼ ਪੰਜਾਬੀ ਬਾਰੇ ਥਾਂ-ਥਾਂ ਧਰਨੇ ਮਾਰੇ ਜਾਂਦੇ ਨੇ ਬਈ ਇਕ ਤਾਂ ਸਾਡੀ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਦਿਨੋ ਦਿਨ ਊਈਂ ਘਟੀ ਜਾਂਦੈ, ਉਤੋਂ ਇਹੋ ਜਿਹੇ ਲੋਕਾਂ ਨੇ ਆਪਣੇ ਨਾਂ ਵੀ ਅੰਗਰੇਜ਼ੀ 'ਚ ਰੱਖਣੇ ਸ਼ੁਰੂ ਕਰ ਦਿੱਤੇ ਨੇ, ਅਖੇ ਐਕਚੁਲੀ ਸਾਹਿਬ।

     ੧੦-੧੫ ਮਿੰਟਾਂ ਬਾਅਦ ਫੋਨ ਮਿਲਵਾਇਆ ਤਾਂ ਫਿਰ ਉਹੀ ਔਰਤ ਦੀ ਆਵਾਜ਼ ਆਈ ਤਾਂ ਤਾਏ ਨੇ ਕਿਹਾ ਬੀਬਿਆ ਐਕਚੁਲੀ ਸਾਹਿਬ ਅਜੇ ਆਏ ਨਹੀਂ ? ਅੱਗੋਂ ਆਵਾਜ਼ ਆਈ ਬਾਬਾ ਜੀ ਐਕਚੁਲੀ ਸਾਹਿਬ ਨਹੀ, ਦਰਅਸਲ ਸਾਹਿਬ ਫੋਨ ਘਰੇ ਭੁੱਲ ਗਏ ਹਨ, ਤੁਸੀਂ ਜ਼ਰਾ ਰੁਕ ਕੇ ਫੋਨ…। ਤਾਏ ਨੇ ਫਿਰ ੧੦-੧੫ ਮਿੰਟਾਂ ਬਾਅਦ ਫੋਨ ਮਿਲਵਾਇਆ ਤਾਂ ਫਿਰ ਉਹੀ ਆਵਾਜ਼ ਤਾਂ ਤਾਏ ਨੇ ਕਿਹਾ ਬੀਬਿਆ ਦਰਅਸਲ ਸਾਹਿਬ ਅਜੇ ਆਏ ਨਹੀਂ, ਤਾਂ ਅੱਗੋਂ ਫਿਰ ਸਾਹਿਬ ਦੀ ਪਤਨੀ ਨੇ ਰਾਖੀ, ਮੀਕੇ ਦੇ ਚਪੇੜ ਕਾਂਡ ਵਾਂਗ ਉਹੀ ਘੜਿਆ ਘੜਾਇਆ ਜਵਾਬ ਗਰਮ ਜੋਸ਼ੀ ਨਾਲ ਤਾਏ ਦੇ ਮੱਥੇ ਮਾਰਿਆ, ਅਖੇ ਜ਼ਰਾ ਠਹਿਰ ਕੇ ਫੋਨ ਮਿਲਾਇਓ ਬੱਤਮੀਜ਼…, ਸਾਹਿਬ ਅਜੇ ਨਹੀਂ ਆਏ

        ਤਾਇਆ - ਤਾਈ ਫਿਰ ਆਪਸੀ ਘਰੇਲੂ ਗੱਲਾਂ ਵਿੱਚ ਰੁੱਝ ਗਏ ਤੇ ਏਨੇ ਨੂੰ ਐੱਸ.ਟੀ.ਡੀ. ਵਾਲਾ ਦੁਕਾਨਦਾਰ ਵੀ ਬਾਕੀ ਹੋਰਨਾਂ ਸੌਦਿਆਂ ਵਾਲੇ ਗਾਹਕਾਂ ਨਾਲ ਰੁੱਝ ਗਿਆ ਤੇ ਤਾਏ ਨੂੰ ਦੱਸ ਗਿਆ ਬਈ ਹੁਣ ਜਦੋਂ ਫੋਨ ਮਿਲਾਉਣਾ ਹੋਵੇ ਤਾਂ ਫਿਰ ਸਿਰਫ ਇਹ ਇਕੱਲਾ ਹੀ ਬਟਨ ਦੱਬ ਦੇਣਾ ਹੈ ਤਾਂ ਫੋਨ ਆਪਣੇ ਆਪ ਹੀ ਅਗਾਂਹ ਮਿਲ ਜਾਵੇਗਾ, ਤਾਏ ਨੇ ਫਿਰ ਜਦੋਂ ੨੦-੨੫ ਮਿੰਟਾਂ ਬਾਅਦ ਫੋਨ ਮਿਲਾਇਆ ਤੇ ਕਿਹਾ ਕਿ ਬੀਬਿਆ ਬੱਤਮੀਜ਼ ਸਾਹਿਬ ਅਜੇ ਕਦੋਂ ਕੁ ਆਉਣਗੇ ? ਤਾਂ ਅੱਗੋਂ ਹੋਰ ਵੀ ਗਰਮ ਤੇ ਤਲਖੀ ਲਹਿਜ਼ੇ ਵਿਚ ਕਰਾਰਾ ਜਵਾਬ ਆਇਆ, ਇਹ ਸਾਹਿਬ ਦਾ ਕੋਈ ਨਾਂ ਐ, ਕਿਉਂ ਤੂੰ ਵਾਰ-ਵਾਰ ਕੰਨ ਖਾਈ ਜਾਨੈਂ, ਇਡੀਅਟ… ਸਾਹਿਬ ਅਜੇ ਨਹੀਂ ਆਏ ਤੇ ਫੋਨ ਪਟੱਕ ਦੇਣੇ ਕੱਟ ਦਿੱਤਾ, ਇਡੀਅਟ ਸੁਣਦਿਆਂ ਹੀ ਤਾਇਆ ਕਹਿਣ ਲੱਗਾ ਭਾਵੇਂ ਹੋਏ ਈੜੀ ਇੱਟ ਤੇ ਚਾਹੇ ਹੋਵੇ ਊੜਾ ਬੋਤਾ… ਐਵੇਂ ਅਨਪੜ੍ਹ ਬੁੱਢੇ ਨਾਲ ਵਾਰ-ਵਾਰ ਮਚਕਾਟਾਂ ਜਿਹੀਆਂ ਨਾ ਕਰ... ਫੋਨ ਬੰਦ ਹੋਣ ਤੇ ਤਾਇਆ ਤਾਈ ਫਿਰ ਮੱਥੇ ਤੇ ਹੱਥ ਰੱਖ ਉਡੀਕ ਕਰਦੇ ਹੋਏ ਹੋਰਨਾਂ ਗੱਲਾਂ ਚ ਰੁੱਝ ਗਏ

      ਉਧਰੋਂ ਤਹਿਸੀਲਦਾਰ ਸਾਹਿਬ ਦੀ ਪਤਨੀ ਵੀ ਪ੍ਰੇਸ਼ਾਨ ਸੀ ਕਿਉਂਕਿ ਇਕ ਤਾਂ ਉਸ ਦਾ ਵਾਹ ਅਨਪੜ੍ਹ ਆਦਮੀ ਨਾਲ ਪੈ ਰਿਹਾ ਸੀ, ਦੂਜਾ ਸਾਹਿਬ ਏ.ਸੀ. ਚ ਘੂਕ ਸੁੱਤੇ ਪਏ ਸਨ ਤੇ ਤੀਸਰਾ ਇਹ ਸੀ ਕਿ ਹਿੰਦੂ ਮੱਤ ਚ ਜ਼ਿਆਦਾਤਰ ਔਰਤਾਂ ਇਹ ਵੀ ਵਹਿਮ ਕਰਦੀਆਂ ਹਨ ਕਿ ਜੇਕਰ ਅੋਰਤ ਆਪਣੇ ਮੂੰਹੋਂ ਆਪਣੇ ਪਤੀ ਦਾ ਨਾਮ ਲਵੇ ਤਾਂ ਉਸਦੀ ਉਮਰ ਘੱਟਦੀ ਹੈ

ਪਰ ਵਿਦਵਾਨਾਂ ਦਾ ਸੁਝਾਅ ਹੈ ਕਿ ਇਹ ਗੱਲ ਸਿਰਫ ਵਹਿਮ ਹੀ ਹੈ ਕਿਉਂਕਿ ਔਰਤ ਨੂੰ ਸਿਰਫ ਆਪਣੇ ਪਤੀ ਦੇ ਨਾਮ ਲੈਣ ਦੀ ਬਜਾਏ ਪਤੀ ਜੀ ਜਾਂ ਪਤੀ ਪ੍ਰਮੇਸ਼ਵਰ ਜੀ ਹੀ ਕਹਿ ਕੇ ਪੁਕਾਰਨਾ ਚਾਹੀਦਾ ਹੈ ਕਿਉਂਕਿ ਔਰਤ ਵੱਲੋਂ ਆਪਣੇ ਪਤੀ ਦਾ ਕਿਸੇ ਮੂਹਰੇ ਨਾਂਅ ਲੈਣ ਨਾਲ ਸ਼ਾਨ ਘਟਦੀ ਹੈ

     ਤਾਏ ਨੇ ਫਿਰ ਕੁਝ ਟਾਈਮ ਰੁਕ ਕੇ ਫੋਨ ਮਿਲਵਾਇਆ

 ਅੱਗੋਂ ਫਿਰ ਉਹੀ ਅਵਾਜ਼

  ਭਾਈ ਬੀਬਿਆ ਅਸੀਂ ਤਾਂ ਉਡੀਕ ਚ ਫੋਨ ਕਰ-ਕਰ  ਥੱਕ ਗਏ ਹਾਂ ਅਜੇ ਇੜੀਇੱਟ(ਇਡੀਅਟ)  ਸਾਹਿਬ ਆਏ ਕਿ ਨਹੀ

   ਤਾਂ ਹੁਣ ਸਾਹਿਬ ਦੀ ਪਤਨੀ ਨੇ ਬਿਨਾਂ ਕੁਝ ਜਵਾਬ  ਦੇਣ ਦੀ ਬਿਜਾਏ ਤਲਖੀ ਚ ਅੱਗੋਂ ਫੋਨ ਹੀ ਕੱਟ ਦਿੱਤਾ

ਤਾਏ ਨੇ ਸਮਝਿਆ ਬਈ ਸਾਹਿਬ ਅਜੇ ਆਏ ਨਹੀਂ ਹੋਣੇ

ਜਦ ਫਿਰ ਉਸਨੇ ਕੁਝ ਸਮੇਂ ਬਾਅਦ ਤਹਿਸੀਲਦਾਰ ਸਾਹਿਬ ਨੂੰ ਫੋਨ ਮਿਲਾਇਆ ਤਾਂ ਅੱਗੋਂ ਸਰਵਿਸ ਲਾਇਨ ਬਿਜ਼ੀ ਸੀ ਤੇ ਟੈਲੀਫੋਨ ਮਹਿਕਮੇ ਦਾ ਫੋਨ ਕੰਪਿਊਟਰ ਲਗਾਤਾਰ ਹੀ ਬੋਲਿਆ

   ਕ੍ਰਿਪਾ ਥੋੜ੍ਹੀ ਦੇਰ ਬਾਅਦ ਫੋਨ ਕਰੇਂ

ਤਾਂ ਏਨਾ ਸੁਣ ਤਾਇਆ ਨਰੈਣਾ ਕਹਿਣ ਲੱਗਾ

 ਕਿ ਭਾਈ ਬੀਬਿਆ ਮੈਂ ਕ੍ਰਿਪਾ ਨਹੀਂ ਨਰੈਣਾ ਬੋਲਦੈਂ ਨਰੈਣਾਂ

ਭਾਈ ਕ੍ਰਿਪਾ ਰਾਮ ਤਾਂ ਸਾਡੇ ਭਈਏ ਦਾ ਨਾਂ ਏਂ ਨਾਲੇ ਤੂੰ ਭਈਏ ਨੂੰ ਕਿਵੇਂ ਜਾਣਦੀ ਐਂ

ਤਾਂ ਕੰਪਿਊਟਰ ਫਿਰ ਬੋਲਿਆ

ਇਸ ਰੂਟ ਕੀ ਸਭੀ ਲਾਇਨੇਂ ਖਰਾਬ ਹੈਂ  

ਤਾਂ ਤਾਇਆ ਫਿਰ ਕਹਿਣ ਲੱਗਾ ਕਿ ਸੌਹਰੀਏ ਕਿਉਂ ਬੁੱਢੇ ਬਾਰੇ ਖੱਜਲ ਕਰਦੀ ਐਂ ਪਹਿਲਾਂ ਤਾਂ ਤੂੰ ਗਰੇਜ਼ੀ(ਅੰਗਰੇਜ਼ੀ) ਬੋਲੀ ਗਈ ਹੁਣ ਆਹ ਕੀ ਭਈਆ ਰਾਣੀ ਵਾਂਗੂੰ ਬੋਲੀ ਜਾਨੀ ਐਂ, ਨਾਲੇ ਮੈਂ ਕਿਹੜਾ ਕਿਸੇ ਭਿਟ-ਭਿਟੀਏ ਤੇ ਚੜ ਕੇ ਥੋਡੇ ਕੋਲ ਆਉਣ ਲੱਗੈਂ ਵਈ ਜਿਹੜਾ ਰੂਟ-ਰਾੜ ਖਰਾਬ ਹੋਣ ਕਾਰਨ ਮੈਥੋਂ ਲੰਘਿਆ ਨਈਂ ਜਾਣਾਂ

ਦਿਸ ਰੂਟ ਇਜ਼ ਬਿਜ਼ੀ ,ਕ੍ਰਿਪਾ ਥੋੜੀ………

ਤਾਂ ਤਾਇਆ ਵਿਚਾਰਾ ਫਿਰ ਕਹਿਣ ਲੱਗਾ :_

     ਹਾਂ ਭਾਈ ਥੋਡੀ ਬੀਜ਼ੀ ਵੀ ਮੇਰੇ ਕੋਲ ਹੀ ਬੈਠੀ ਐ ਉਹਦੀ ਜਾੜ ਦੁੱਖਦੀ ਐ ਨਹੀ ਤਾਂ ਉਹਨੇ ਥੋਡੇ ਨਾਲ ਗੱਲ ਕਰ ਹੀ ਲੈਣੀ ਸੀ

  ਪਰ ਹੁਣ ਤੁਸੀ ਫਟਾਫਟ ਸਾਹਿਬ ਨਾਲ ਮੇਰੀ ਗੱਲ ਕਰਵਾਉ ਸਾਨੂੰ ਕੁਵੇਲਾ ਹੋਈ ਜਾਂਦੈ ਉਤੋਂ ਚਾਹਾਂ ਵੇਲਾ ਹੋਇਐ ਪਿਐ

   ੨-੩ ਵਾਰ ਇਹੀ ਆਪਸੀ ਬੋਲੀ ਬੋਲਦੇ ਰਹੇ  ਜਦ ੫-੪ ਮਿੰਟ ਇਹ ਸਿਲਸਿਲਾ ਚੱਲਦਾ ਰਿਹਾ ਤੇ ਨਾਲੇ ਤਾਇਆ ਆਖੀ ਵਈ ਇਹ ਤਾਂ ਸਹੁਰੇ ਦੀ ਹੈ ਈ ਪੱਕੀ ਭਈਆ ਰਾਣੀ ਜਿਹੜੀ ਹਿੰਦੀ ਬੋਲੀ ਜਾਂਦੀ ਐ ਗੱਲ ਈ ਨਹੀਂ ਸੁਣਦੀ ਨਾਲੇ ਯਾਦ ਵੀ ਭਈਆ ਨੂੰ ਹੀ ਕਰਦੀ ਐ, ਕੁਝ ਪੱਲੇ ਨਾ ਪੈਂਦਾ ਦੇਖ ਤਾਏ ਨੇ ਹਾਰ ਕੇ ਫੋਨ ਹੀ ਕੱਟ ਦਿੱਤਾ

 ੧੦ ਕੁ ਮਿੰਟਾਂ ਬਾਅਦ ਫਿਰ ਤਾਏ ਨੇ ਜਦੋਂ ਫੋਨ ਮਿਲਾਇਆ ਤਾਂ ਅੱਗੇ ਘੰਟੀ ਵੱਜੀ ਤੇ ਫੋਨ ਸਹੀ ਮਿਲ ਗਿਆ ਤਾਂ ਤਾਈ ਨਿਹਾਲੀ ਕਹਿਣ ਲੱਗੀ ਕਿ ਨਰੈਂਣਿਆਂ ਜੇ ਹੁਣ ਫੋਨ ਤੇ ਉਹ ਚੰਡਾਲਣ ਬੋਲਣ ਲੱਗੀ ਤਾਂ ਮੈਨੂੰ ਫੋਨ ਫੜਾ ਦੇਵੀਂ ਮੈਂ ਕਰਦੀ ਐਂ ਏਸ ਕੰਮਜਾਤ ਨਾਲ ਗੱਲ ਜਿਹੜੀ ਕਹਿੰਦੀ ਸੀ ਬੀਜ਼ੀ ਨਾਲ ਗੱਲ ਕਰਨੀ ਐਂ ਵਈ ਬੁੱਢਿਆ ਨਾਲ ਐਂ ਝੇਡਾਂ ਕਰੀਦੀਆਂ ਹੁੰਦੀਆਂ ਨੇ ਤਾਈ ਨੇ ਦੁਖਦੀ ਜਾੜ ਤੋਂ ਜਰਾ ਹੱਥ ਚੁੱਕ ਨਰੈਣੇ ਨੂੰ ਕਿਹਾ ਲੈ ਫੜੀਂ-ਫੜੀਂ ਕੇਰਾਂ ਨਿਹਾਲੀਏ …ਤਾਏ ਨੇ ਤਾਈ ਨੂੰ ਫੋਨ ਦਾ ਰਿਸੀਵਰ ਫੜਾਉਂਦਿਆਂ ਕਿਹਾ

ਨਿਹਾਲੀ:- ਹਾਂ ਭਾਈ ਕੌਣ ਬੋਲਦੀ ਐਂ ਤੂੰ ਸਾਨੂੰ ਦੋ ਘੰਟਿਆਂ ਤੋਂ ਕੋਈ ਜਵਾਬ ਹੀ ਨਹੀ ਦਿੰਦੀ ਸਾਨੂੰ ਫਲਾਣਾ ਕੰਮ ਐਂ ਤੇ ਤੂੰ aੁੱਤੋਂ ਸਾਹਿਬ ਦੇ ਨਵੇਂ ਹੀ ਨਾਂਅ ਕਨਾਂਅ ਜਿਹੇ ਲੈ ਕੇ ਸਾਨੂੰ ਚੱਕਰਾਂ ਚ ਪਾ ਰੱਖਿਐ ਕਦੇ ਤੂੰ ਗਰੇਜ਼ੀ ਤੇ ਕਦੇ ਹਿੰਦੀ ਬੋਲ-ਬੋਲ ਕੇ ਸਾਨੂੰ ਠਿੱਠ ਕਰ ਰੱਖਿਆ ਏ

ਲੈ ਜਰਾ ਤੂੰ ਗੱਲ ਕਰ ਮੇਰੇ ਘਰਵਾਲੇ ਨਰੈਂਣੇ ਨਾਲ ,  ਨਿਹਾਲੀ ਨੇ ਨਰੈਣੇ ਨੂੰ ਫੋਨ ਫੜਾਉਂਦਿਆਂ ਕਿਹਾ

ਨਰੈਂਣਾ:_ ਹਾਂ ਭਾਈ ਬੀਬਿਆ

ਅੱਗੋਂ ਸਾਹਿਬ ਦੀ ਪਤਨੀ:_ ਬੱਸ-ਬੱਸ ਬਾਬਾ ਜੀ ਜ਼ਰਾ ਹੁਣ ਤੁਸੀਂ ਸਿਰਫ ਅੱਧਾ ਕੁ ਘੰਟਾ ਹੋਰ ਇੰਤਜ਼ਾਰ ਕਰੋ ਜਾਂ ਫਿਰ ਤੁਸੀਂ ਫਲਾਣੇ ਦਫਤਰ ਚਲੇ ਜਾਉ ਉਥੇ ਪੀ.ਕੇ. ਸਾਹਿਬ ਠੀਕ ਚਾਰ ਵਜੇ ਪਹੁੰਚ ਜਾਣਗੇ

  ਤਹਿਸੀਲਦਾਰ ਦੀ ਪਤਨੀ ਨੇ ਵੀ ਤਹਿਸੀਲਦਾਰ ਦਾ ਅਸਲੀ ਤੇ ਪੂਰਾ ਨਾਂ ਪਵਨ ਕੁਮਾਰ ਦੀ ਬਿਜਾਏ ਅਧੂਰਾ ਨਾਂਮ ਲੈ ਕੇ ਹੀ ਤਾਏ ਨਰੈਣੇ ਤੋਂ ਖਹਿੜਾ ਛੁਡਾਉਂਦਿਆਂ ਕਿਹਾ ਤੇ ਫਟਾਫਟ ਫੋਨ ਕੱਟ ਦਿੱਤਾ

     ਨਰੈਣੇ ਨੇ ਜਿਉਂ ਹੀ ਪੀ.ਕੇ. ਸ਼ਬਦ ਸਾਹਿਬ ਦੀ ਘਰਵਾਲੀ ਦੇ ਮੂੰਹੋਂ ਸੁਣੇਂ ਤਾਂ ਉਸਨੇ ਪਟੱਕ ਦੇਣੇ ਫੋਨ ਦਾ ਰਿਸੀਵਰ ਫੋਨ ਤੇ ਜ਼ੋਰ ਦੀ ਇਓਂਂ ਮਾਰਿਆ ਜਿਵੇਂ ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਨੇ ਗੇਂਦ ਉਪਰ ਬੈਟ ਦਾ ਛੱਕਾ ਲਾਇਆ ਹੋਵੇ ਤੇ ਨਾਲੋ-ਨਾਲ ਹੀ ਲੱਗ ਪਿਆ ਤਾਈ ਨਿਹਾਲੀ ਨੂੰ ਭਾਸ਼ਨ ਸੁਣਾਉਣ ਲੈ ਸੁਣ ਲੈ ਨਿਹਾਲੀਏ ਤਹਿਸੀਲਦਾਰ ਅਤੇ ਉਸਦੇ ਘਰਵਾਲੀ ਦੀ ਅੱਜ ਦੀ ਕਰਤੂਤ ਪਹਿਲਾਂ ਤਾਂ ਆਪਣੇ ਘਰਵਾਲੇ ਦੇ ਰੰਗ-ਬਿਰੰਗੇ ਨਾਂਅ ਲੈ-ਲੈ ਕੇ ਮੈਨੂੰ ਭਕਾਉਂਦੀ ਰਹੀ ਬਈ ਅਜੇ ਐਕਚੁਲੀ, ਦਰਅਸਲ,ਕਦੇ ਬੱਤਮੀਜ਼,ਤੇ ਨਾਲੇ ਮੇਰੇ ਨਾਂਅ ਕੁਨਾਂਅ ਧਰੀ ਗਈ ਆਖੇ ਕ੍ਰਿਪਿਆ ਬਾਅਦ ਚ ਗੱਲ ਕਰੀਂ ਅਖੇ ਮੈਂ ਬੀਜ਼ੀ ਨਾਲ ਗੱਲ ਕਰਨੀ ਐਂ ਕਦੇ ਇਹਦਾ ਕੋਈ ਰੋਡ-ਰੂਟ ਖਰਾਬ ਐ ਵਾਰੇ-ਵਾਰੇ ਜਾਈਏ ਇਹੋ ਜਿਹੀਆਂ ਚਲਾਕ ਨਾਰਾਂ ਦੇ… ਤੇ ਹੁਣ ਕਹਿੰਦੀ ਐ ਪੀ.ਕੇ ਸਾਹਿਬ ਚਾਰ ਵਜੇ ਦਪਤਰ(ਦਫਤਰ) ਆਉਣਗੇ ਬਈ ਇਹ ਮਾਲ ਮਹਿਕਮਾ ਤਾਂ ਪਟਵਾਰੀ ਤੋਂ ਲੈ ਕੇ ਪਹਿਲਾਂ ਈ ਬਥੇਰਾ ਛਟਿਆ ਹੋਇਆ ਐ ਤੇ ਹੁਣ ਵੱਡੇ ਅਪਸਰ ਨੇ ਵੀ ਸ਼ਰਮ ਲਾਹ ਕੇ ਗਿੱਟੇ ਨਾਲ ਬੰਨ੍ਹ ਲਈ ਐ ਇਹਨਾਂ ਨੂੰ ਨਾਂ ਕੋਈ ਫੜਨ ਵਾਲਾ ਐ ਨਾਂ ਕੋਈ ਟੈਸਟ (ਚੈੱਕ) ਕਰਨ ਵਾਲਾ ਜੰਮਿਆ ਐ ਮੈਨੂੰ ਪਹਿਲਾਂ ਈ ਸ਼ੱਕ ਪਈ ਜਾਂਦੀ ਸੀ ਬਈ ਜਿਹੜਾ ਇਹ ਲਾਰਾ ਲਾ-ਲਾ ਕੇ ਸ਼ਾਮ ਕਰੀ ਜਾਂਦੇ ਨੇ ਜ਼ਰੂਰ ਦਾਲ ਚ ਕੁਝ ਕਾਲਾ ਹੋਊ ਇਓਂ ਨਈਂ ਪਤਾ ਵਈ ਸਾਰੀ ਦਾਲ ਈ ਕਾਲੀ ਐ,ਅਖੇ ਹੁਣ ਤਹਿਸੀਦਾਰ ਪੀ.ਕੇ. ਆਊਗਾ ਤੇ ਪੀ.ਕੇ. ਕੀ ਇਹ ਕੰਮ ਸਵਾਹ ਸਹੀ ਕਰੂ ਪੀਤੀ ਬਿਨਾਂ ਰਿਹਾ ਨਹੀ ਜਾਂਦਾ ਜੇ ਪੀਣੀ ਹੀ ਐ ਤਾਂ ਘਰੇ ਬਹਿ ਕੇ ਹੀ ਡੱਫੀ ਜਾਵੇ ਫਿਰ ਦਪਤਰ ਜ਼ਰੂਰ ਆਉਣੈਂ ਅੇਵੇਂ ਕਿਸੇ ਦੇ ਕੰਮ ਗਲਤ-ਫਲਤ ਕਰਕੇ ਰੱਖ ਦਿਊਗਾ

   ਚੱਲ ਚੱਲੀਏ ਆਪਾਂ ਘਰ ਨੂੰ

ਆਪਾਂ ਜਿੱਦੇ ਸਾਹਿਬ ਸੋਫੀ ਹੋਇਆ ਉਹਤੋਂ ਉਦਣ ਕੰਮ ਕਰਵਾਵਾਂਗੇ…