Sunday, March 17, 2013

Lekh-ਚੇਤਿਆਂ ਦੀ ਚਿਲਮਨ - ਕਿਸ਼ਤ 3


ਚੇਤਿਆਂ ਦੀ ਚਿਲਮਨ - ਕਿਸ਼ਤ 3 (ਸਵੈ ਜੀਵਨੀ )

ਜਰਨੈਲ ਸਿੰਘ ਸੇਖਾ    

Email: jsekha@hotmail.com
Phone: +1 604 543 8721
Address: 7004 131 ਸਟਰੀਟ V3W 6M9
ਸਰੀ British Columbia Canada



ਮੇਰੀ ਪਹਿਲੀ ਕਵਿਤਾ
ਸੰਨ 1939 ਤੋਂ 1945 ਤਕ ਚੱਲੀ ਦੂਸਰੀ ਸੰਸਾਰ ਜੰਗ ਨੇ ਸੰਸਾਰ ਦੀ ਆਰਥਿਕਤਾ ਨੂੰ ਤਬਾਹ ਕਰਕੇ ਰੱਖ ਦਿੱਤਾ ਸੀæ ਸਾਰੇ ਸੰਸਾਰ ਵਿਚ ਹੀ ਆਰਥਿਕ ਸੰਕਟ ਪੈਦਾ ਹੋ ਗਿਆ ਸੀæ ਭਾਰਤ ਅੰਗ੍ਰੇਜ਼ਾਂ ਦੇ ਅਧੀਨ ਹੋਣ ਕਾਰਨ ਇਸ ਦੀ ਆਰਥਿਕ ਹਾਲਤ ਤਾਂ ਬਹੁਤ ਹੀ ਨਿਘਰ ਗਈ ਸੀ ਕਿਉਂਕਿ ਲੋੜੀਂਦੀਆਂ ਬਹੁਤੀਆਂ ਵਸਤਾਂ ਤਾਂ ਬਾਹਰੋਂ ਹੀ ਬਣ ਕੇ ਆਉਂਦੀਆਂ ਸਨæ ਭਾਰਤ ਵਿਚੋਂ ਤਾਂ ਕੱਚਾ ਮਾਲ ਹੀ ਬਾਹਰ ਜਾਂਦਾ ਸੀæ ਕੱਚਾ ਮਾਲ ਵਿਕ ਨਹੀਂ ਸੀ ਰਿਹਾ ਤੇ ਬਾਹਰੋਂ ਮਾਲ ਆ ਨਹੀਂ ਸੀ ਰਿਹਾ ਜਿਸ ਕਾਰਨ ਜ਼ਖੀਰੇਬਾਜ਼ਾਂ ਨੇ ਵਸਤਾਂ ਨੂੰ ਕੁੰਦਗੋਸ਼ੇ ਕਰ ਦਿੱਤਾ ਸੀ ਤੇ ਸ਼ਹਿਰਾਂ ਵਿਚੋਂ ਲੋੜੀਂਦੀਆਂ ਵਸਤਾਂ ਕਿਤੇ ਖੰਭ ਲਾ ਕੇ ਉੱਡ ਗਈਆਂ ਸਨ æ ਪੰਜਾਬ ਦੀ ਹਾਲਤ ਹੋਰ ਵੀ ਮਾੜੀ ਸੀæ ਇਕ ਪਾਸੇ ਉਹਨਾਂ ਨੂੰ ਲੋੜੀਂਦੀਆਂ ਵਸਤਾਂ ਨਹੀਂ ਸੀ ਮਿਲ ਰਹੀਆਂ ਤੇ ਦੂਜੇ ਪਾਸੇ ਪੰਜਾਬ ਦੇ ਬਹੁਤੇ ਗਭਰੂ ਫੌਜ ਵਿਚ ਭਰਤੀ ਹੋਣ ਕਾਰਨ ਨਿੱਤ ਕਿਸੇ ਨਾ ਕਿਸੇ ਪਿੰਡ ਕਿਸੇ ਫੌਜੀ ਦੇ ਮਰਨ ਦੀ ਖਬਰ ਆ ਜਾਂਦੀ ਸੀ ਤੇ ਘਰ ਵਿਚ ਸੱਥਰ ਵਿਛ ਜਾਂਦਾ ਸੀæ ਹਰ ਪਾਸੇ ਲੋਕ ਤਰਾਹ ਤਰਾਹ ਕਰ ਰਹੇ ਸਨæ ਫਿਰ ਜ਼ਿੰਦਗੀ ਦੀ ਗੱਡੀ ਤੁਰੀ ਜਾ ਰਹੀ ਸੀæ ਖਾਣ ਪੀਣ ਦੀਆਂ ਵਸਤਾਂ ਪਿੰਡਾਂ ਦੇ ਖੇਤਾਂ ਵਿਚ ਉਗਾਈਆਂ ਜਾਣ ਕਰਕੇ ਲੋਕਾਂ ਦਾ ਗੁਜ਼ਾਰਾ ਚੱਲੀ ਜਾ ਰਿਹਾ ਸੀæ ਉਂਝ ਵੀ ਪੇਂਡੂ ਲੋਕਾਂ ਦੀਆਂ ਲੋੜਾਂ ਬਹੁਤ ਸੀਮਤ ਸਨæ ਉਹਨਾਂ ਨੂੰ ਬਹੁਤ ਹੀ ਲੋੜੀਦੀਆਂ ਵਸਤਾਂ, ਜਿਵੇਂ ਖੰਡ, ਮਿੱਟੀ ਦਾ ਤੇਲ, ਕਪੜਾ ਆਦਿ ਸ਼ਹਿਰਾਂ ਤੋਂ ਮੰਗਵਾਉਣੀਆਂ ਪੈਂਦੀਆਂ ਸਨæ 
   ਬਾਜ਼ਾਰ ਵਿਚ ਵਸਤਾਂ ਦੀ ਘਾਟ ਹੋਣ ਕਾਰਣ ਸਰਕਾਰ ਨੇ ਬਹੁਤ ਸਾਰੀਆਂ ਲੋੜੀਦੀਆਂ ਵਸਤਾਂ ਉਪਰ ਕੰਟਰੋਲ ਕਰ ਦਿੱਤਾ ਸੀæ ਜਿਵੇਂ ਖੰਡ, ਮਿੱਟੀ ਦਾ ਤੇਲ, ਕਪੜਾ ਅਤੇ ਪੱਥਰ ਦਾ ਕੋਲਾ ਆਦਿæ ਪਰ ਪਿੰਡਾਂ ਵਾਲਿਆਂ ਨੂੰ ਤਾਂ ਖੰਡ, ਮਿੱਟੀ ਦਾ ਤੇਲ ਅਤੇ ਕਪੜਾ ਹੀ ਕੰਟਰੋਲ 'ਤੇ ਮਿਲਦਾ ਸੀ ਤੇ ਕੰਟਰੋਲ ਵਾਲੀਆਂ ਵਸਤਾਂ ਦੇ ਡਿੱਪੂ ਵੀ ਹਰ ਪਿੰਡ ਵਿਚ ਨਹੀਂ ਸੀ ਖੁਲ੍ਹੇæ ਇਕ ਪਿੰਡ ਵਿਚ ਡਿੱਪੂ ਹੁੰਦਾ ਤੇ ਆਲੇ ਦੁਆਲੇ ਦੇ ਪੰਜ ਚਾਰ ਪਿੰਡਾਂ ਨੂੰ ਉੱਥੋਂ ਜਾ ਕੇ ਵਸਤਾਂ ਲਿਆਉਣੀਆਂ ਪੈਂਦੀਆਂæ ਵਸਤਾਂ ਵੀ ਕਿਤੇ ਕਿੰਨੀਆਂ ਕੁ ਮਿਲਦੀਆਂ ਸਨ, ਇਕ ਘਰ ਨੂੰ ਮਹੀਨੇ ਵਿਚ ਮਿੱਟੀ ਦੇ ਤੇਲ ਦੀ ਇਕ ਬੋਤਲ, ਕੁਝ ਗਜ਼ ਕੋਰਾ ਲੱਠਾ ਜਾਂ ਮਲੇਸੀਆ ਅਤੇ ਜੀਅ ਪ੍ਰਤੀ ਕੁਝ ਛਟਾਕਾਂ ਖੰਡæ ਡਿੱਪੂ ਵਾਲੇ ਹੋਰ ਵਸਤਾਂ ਬਹੁਤ ਘੱਟ ਲਿਆਉਂਦੇ ਕਿਉਂਕਿ ਪਿੰਡਾਂ ਵਿਚ ਉਹਨਾਂ ਦੀ ਲੋੜ ਹੀ ਨਹੀਂ ਸੀ ਪੈਂਦੀ ਅਤੇ ਉਹ ਵਸਤਾਂ ਜਿਵੇਂ ਪੱਥਰ ਦਾ ਕੋਲਾ, ਸ਼ਾਇਦ ਬਾਹਰ ਦੀ ਬਾਹਰ ਹੀ ਕਿਧਰੇ ਭੱਠੇ, ਭੱਠੀਆਂ ਵਾਲਿਆਂ ਕੋਲ ਚਲਾ ਜਾਂਦਾ ਹੋਵੇ   
  ਸਾਡਾ ਪਿੰਡ ਸੇਖਾ ਕਲਾਂ ਅਬਾਦੀ ਪੱਖੋਂ ਤਾਂ ਵੱਡਾ ਸੀ ਪਰ ਪੜ੍ਹਾਈ ਤੇ ਸਿਆਸੀ ਪੱਖੋਂ ਬਹੁਤ ਛੋਟਾ ਤੇ ਪਛੜਿਆ ਹੋਇਆ ਸੀæ ਜਿਸ ਕਾਰਣ ਕੰਟਰੋਲ ਵਸਤਾਂ ਦਾ ਡਿੱਪੂ ਏਥੇ ਨਹੀਂ ਸੀ ਆ ਸਕਿਆæ ਦੋਨੋ ਸੇਖੇ ਠੱਠੀ ਭਾਈ ਪਿੰਡ ਦੇ ਕੰਟਰੋਲ ਡਿੱਪੂ ਨਾਲ ਜੋੜੇ ਹੋਏ ਸਨæ ਕੰਟਰੋਲ ਦਾ ਸਾਮਾਨ ਲਿਆਉਣ ਲਈ ਸਾਡੇ ਪਿੰਡ ਵਾਸਤੇ ਦੋ ਜਾਂ ਤਿੰਨ ਦਿਨ ਬੰਨ੍ਹੇ ਹੋਏ ਸਨæ ਉਹਨਾਂ ਦਿਨਾਂ ਵਿਚ ਹੀ ਵਸਤਾਂ ਨੂੰ ਲਿਆਉਣਾ ਪੈਂਦਾ ਸੀæ ਇਨ੍ਹਾਂ ਦਿਨਾਂ ਵਿਚ ਕਦੀ ਇਕੱਲੀ ਖੰਡ ਮਿਲਦੀ ਕਦੀ ਕਪੜਾ ਤੇ ਕਦੀ ਮਿੱਟੀ ਦਾ ਤੇਲ਼ ਕਦੀ ਕਦਾਈਂ ਖੰਡ ਤੇ ਮਿੱਟੀ ਦਾ ਤੇਲ ਇਕੱਠੇ ਵੀ ਮਿਲ ਜਾਂਦੇæ ਕਦੀ ਕਿਸੇ ਨੇ ਡਿੱਪੂ ਮਾਲਕ ਦੀ ਸ਼ਕਾਇਤ ਨਹੀਂ ਸੀ ਕੀਤੀ ਕਿ ਉਹ ਸਭ ਨੂੰ ਪੂਰਾ ਸਮਾਨ ਕਿਉਂ ਨਹੀਂ ਦਿੰਦਾ! ਕਈ ਤਾਂ ਕੋਈ ਵੀ ਕਦੀ ਲੈਣ ਹੀ ਨਹੀਂ ਸੀ ਜਾਂਦੇæ ਜਿਵੇਂ ਸਾਡੇ ਘਰ ਵਾਲਿਆਂ ਕਦੀ ਕੋਈ ਚੀਜ਼ ਨਹੀਂ ਸੀ ਲਿਆਂਦੀæ ਕਿਉਂਕਿ ਇਨ੍ਹਾਂ ਚੀਜ਼ਾਂ ਦੀ ਘਰ ਵਿਚ ਲੋੜ ਹੀ ਮਹਿਸੂਸ ਨਹੀਂ ਸੀ ਕੀਤੀ ਗਈæ ਲਾਲਟੈਣ ਦੀ ਥਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਦਾ ਸੀæ ਲੱਠੇ ਦੀ ਥਾਂ ਘਰ ਦਾ ਬੁਣਿਆ ਖੱਦਰ ਅਤੇ ਉਹਨੀਂ ਦਿਨੀਂ ਘਰ ਵਿਚ ਖੰਡ ਤਾਂ ਕਿਤੇ ਦੇਖੀ ਹੀ ਨਹੀਂ ਸੀæ ਸਾਡਾ ਰਾਸ਼ਨ ਕਾਰਡ ਸਾਡੇ ਚਾਚਾ ਜੀ ਮਾਸਟਰ ਪਾਖਰ ਸਿੰਘ ਕੋਲ ਹੀ ਹੁੰਦਾ ਸੀæ ਜਿਹੜੀ ਚੀਜ਼ ਦੀ ਲੋੜ ਹੁੰਦੀ ਉਹੋ ਆਪਣੇ ਲਈ ਲੈ ਆਉਂਦਾæ 
   ਸੰਨ ਚੁਤਾਲੀ ਵਿਚ ਵੱਡੀ ਭੈਣ ਦਾ ਵਿਆਹ ਆ ਗਿਆæ ਦਾਜ ਵਰੀ ਲਈ ਕਪੜਾ ਬਹੁਤ ਸਮਾਂ ਪਹਿਲਾਂ ਹੀ ਮਾਂ ਨੇ ਬਣਾ ਰੱਖਿਆ ਸੀæ ਬਾਗ ਫੁਲਕਾਰੀਆਂ ਤੇ ਛਿੱਕੂ ਬੋਹਟੇ ਭੈਣ ਨੇ ਬਣਾ ਲਏ ਹੋਏ ਸਨæ ਦੇਸੀ ਘਿਉ ਘਰਦਾ ਜੋੜ ਕੇ ਰੱਖਿਆ ਹੋਇਆ ਸੀæ ਖੰਡ, ਮਿੱਟੀ ਦਾ ਤੇਲ ਅਤੇ ਕੁਝ ਕਪੜਾ ਚਾਹੀਦਾ ਸੀæ ਇਹ ਵਸਤਾਂ ਵਿਆਹ ਦੇ ਕੋਟੇ ਵਿਚ ਮਿਲ ਜਾਂਦੀਆਂ ਸਨæ ਇਹ ਵਸਤਾਂ ਮੋਗੇ ਰਹਿੰਦੇ ਮੇਰੇ ਸਕੇ ਮਾਸੜ ਮਾਸਟਰ ਈਸ਼ਰ ਸਿੰਘ ਰਾਹੀਂ ਕੰਟਰੋਲ ਰੇਟ 'ਤੇ ਖਰੀਦ ਲਈਆਂæ ਵਿਆਹ ਸਮੇਂ ਇਕ ਲਾਲਟੈਣ ਵੀ ਲੈ ਆਂਦੀ ਸੀæ ਲਾਲਟੈਣ ਆ ਗਈ ਤਾਂ ਮਿੱਟੀ ਦੇ ਤੇਲ ਦੀ ਵੀ ਲੋੜ ਪੈ ਗਈæ ਸੋ ਲਾਲਟੈਣ ਜਗਾਉਣ ਲਈ ਮਿੱਟੀ ਦੇ ਤੇਲ ਦੀ ਬੋਤਲ ਆਪਣੇ ਰਾਸ਼ਨ ਕਾਰਡ 'ਤੇ ਠੱਠੀ ਭਾਈ ਤੋਂ ਲੈ ਆਉਂਣੀ ਸਾਡੇ ਘਰ ਦੀ ਜ਼ਰੂਰਤ ਬਣ ਗਈ ਸੀæ 
   ਪੋਹ ਦੇ ਮਹੀਨੇ ਦਾ ਕੋਈ ਦਿਨ ਸੀæ ਉਸ ਦਿਨ ਠੱਠੀ ਭਾਈ ਤੋਂ ਮਿੱਟੀ ਦਾ ਤੇਲ ਮਿਲਣਾ ਸੀæ ਅਸੀਂ ਪੰਜ ਛੇ ਮੁੰਡੇ ਇਕੱਠੇ ਹੋ ਕੇ ਸਵੇਰੇ ਹੀ ਤੇਲ ਲੈਣ ਲਈ ਪਿੰਡ ਠੱਠੀ ਭਾਈ ਨੂੰ ਚਲੇ ਗਏ ਜਿਹੜਾ ਕਿ ਸਾਡੇ ਪਿੰਡੋਂ ਕੁ ਚਾਰ ਕਿਲੋ ਮੀਟਰ ਦੂਰ ਹੈ ਤੇ ਸਾਡੇ ਦੋਹਾਂ ਪਿੰਡਾਂ ਦੀਆਂ ਹੱਦਾਂ ਮਿਲਦੀਆਂ ਹਨæ ਅਸੀਂ ਦਸ ਕੁ ਵਜਦੇ ਨੂੰ ਤੇਲ ਡਿੱਪੂ 'ਤੇ ਪਹੁੰਚ ਗਏæ ਅੱਗੇ ਬਹੁਤ ਭੀੜ ਸੀæ ਉੱਥੇ ਕਤਾਰ ਵਿਚ ਖੜ੍ਹ ਕੇ ਵਾਰੀ ਦੀ ਉਡੀਕ ਕਰਨ ਦਾ ਤਾਂ ਰਵਾਜ ਹੀ ਹੈ ਨਹੀਂ ਸੀæ ਡਿੱਪੂ ਵਾਲੇ ਨੇ ਸਾਡੇ ਰਾਸ਼ਨ ਕਾਰਡ ਫੜ ਕੇ ਰੱਖ ਲਏ ਤੇ ਕਹਿ ਦਿੱਤਾ, "ਪਹਿਲਾਂ ਮੌੜ ਵਾਲਿਆਂ ਦੀ ਵਾਰੀ ਐ, ਸੇਖੇ ਵਾਲਿਆਂ ਦੀ ਵਾਰੀ ਦੁਪਹਿਰ ਮਗਰੋਂ ਆਊਗੀæ ਹੁਣ ਤੁਸੀਂ ਬਾਹਰ ਜਾਓ|"
   ਬਿਗਾਨੇ ਪਿੰਡ ਅਸੀਂ ਬਾਹਰ ਕਿਧਰ ਜਾਣਾ ਸੀæ ਕੁਝ ਚਿਰ ਗਲੀਆਂ ਵਿਚ ਘੁੰਮ ਫਿਰ ਕੇ ਮੁੜ ਡਿੱਪੂ 'ਤੇ ਆ ਗਏæ ਰਾਤੀਂ ਚੌਕੀਦਾਰ ਵੱਲੋਂ ਹੋਕਾ ਦੇਣ ਸਮੇਂ ਇਹ ਨਹੀਂ ਸੀ ਦੱਸਿਆ ਕਿ ਦੁਪਹਿਰ ਤੋਂ ਮਗਰੋਂ ਜਾਣਾ ਹੈæ ਇਸੇ ਕਰਕੇ ਅਸੀਂ ਸਦੇਹਾਂ ਆਏ ਸੀ ਕਿ ਤੇਲ ਲੈ ਕੇ ਛੇਤੀ ਮੁੜ ਆਵਾਂਗੇæ ਸਵੇਰ ਦੇ ਗਿਆਂ ਨੂੰ ਸਾਨੂੰ ਹਨੇਰ੍ਹੇ ਹੋਏ ਇਕ ਇਕ ਤੇਲ ਦੀ ਬੋਤਲ ਮਿਲੀ, ਉਹ ਵੀ ਗਾੜ੍ਹੇ ਭੂਸਲੇ ਜਿਹੇ ਰੰਗੀ ਦੀæ ਘਰ ਮੁੜਦਿਆਂ ਨੂੰ ਠੱਕਾ ਵਗਣ ਲੱਗਾ ਤੇ ਕੋਈ ਕੋਈ ਕਣੀ ਵੀ ਡਿੱਗਣ ਲੱਗ ਪਈ ਸੀæ ਅਸੀਂ ਸਾਰਿਆਂ ਨੇ ਖੱਦਰ ਦੀਆਂ ਚਾਦਰਾਂ ਦੀਆਂ ਬੱਕਲਾਂ ਮਾਰੀਆਂ ਹੋਈਆਂ ਸਨæ ਠੰਡ ਨਾਲ ਬੁਰਾ ਹਾਲ ਹੋ ਗਿਆæ ਅਸੀਂ ਕੋਈ ਕਿਲੋ ਮੀਟਰ ਦੀ ਵਾਟ ਛੂਟ ਵੱਟ ਕੇ ਦੌੜੇæ ਫਿਰ ਆਮ ਵਾਂਗ ਤੁਰਨ ਲੱਗੇæ ਮੇਰੇ ਨਾਲੋਂ ਚਾਰ ਕੁ ਸਾਲ ਵੱਡਾ, ਹੰਸਾ 'ਰੋੜਾ ਸਾਡੇ ਨਾਲ ਸੀæ ਉਹੋ ਹੀ ਸਾਡੇ ਨਾਲ ਉਮਰ ਵਿਚ ਵੱਡਾ ਸੀ, ਕੋਈ ਬਾਰਾਂ ਤੇਰਾਂ ਸਾਲ ਦਾ, ਅਸੀਂ ਬਾਕੀ ਤਿੰਨ ਜਣੇ ਤਾਂ ਅੱਠ ਨੌਂ ਸਾਲ ਦੀ ਉਮਰ ਦੇ ਹੀ ਸਾਂæ ਉਹ ਕਹਿਣ ਲੱਗਾ, "ਅੱਜ ਤਾਂ ਪਾਲ਼ੇ ਨਾਲ ਮਰ ਈ ਜਾਵਾਂਗੇæ ਗੁਰੂ ਬਚਾਵੇ ਤਾਂ ਬਚਾਵੇ|"
   ਪਤਾ ਨਹੀਂ ਮੇਰੇ ਮਨ ਵਿਚ ਇਹ ਬੋਲ ਕਿੱਥੋਂ ਤੇ ਕਿਵੇਂ ਆ ਗਏ, ਮੈਂ ਉੱਚੀ ਅਵਾਜ਼ ਵਿਚ ਗਾਉਣ ਲੱਗਾæ  
"ਮੈਨੂੰ ਲਗਦਾ ਪਾਲ਼ਾ ਜੀ, ਬਚਾਇਓ ਗੁਰੂ ਆਪ ਆਣਕੇæ
ਇਕ ਲੱਗੀ ਮੈਨੂੰ ਭੁੱਖ, ਦੂਜਾ ਪਾਲ਼ੇ ਦਾ ਐ ਦੁੱਖ,
ਤੀਜਾ ਮਿਲਿਆ ਤੇਲ ਹੈ ਕਾਲ਼ਾ ਜੀ, ਬਚਾਇਓ ਗੁਰੂ ਆਪ ਆਣਕੇæ
ਮੈਨੂੰ ਲਗਦਾ ਪਾਲ਼ਾ ਜੀ, ਬਚਾਇਓ ਗੁਰੂ ਆਪ ਆਣਕੇæ"
ਫਿਰ ਮੇਰੇ ਨਾਲ ਹੰਸਾ ਵੀ ਤੁਕਾਂ ਜੋੜ ਕੇ ਗਾਉਣ ਲੱਗ ਪਿਆæ ਇਸ ਤਰ੍ਹਾਂ ਦੀਆਂ ਕਈ ਹੋਰ ਤੁਕਾਂ ਜੋੜ ਕੇ ਵੀ ਗਾਈਆਂ ਸਨ, ਜਿਹੜੀਆਂ ਹੁਣ ਯਾਦ ਨਹੀæ ਇਸ ਤਰ੍ਹਾਂ ਅਸੀਂ ਗਾਉਂਦੇ ਹੋਏ ਪਿੰਡ ਪਹੁੰਚ ਗਏæ ਜੇ ਇਸ ਕਵਿਤਾ ਨੂੰ ਮੈਂ ਆਪਣੀ ਪਹਿਲੀ ਕਵਿਤਾ ਦਾ ਨਾਮ ਦੇ ਦਿਆਂ ਤਾਂ ਕੋਈ ਗਲਤ ਗੱਲ ਤਾਂ ਨਹੀਂ ਹੋਵੇਗੀæ  




ਮੇਰਾ ਪ੍ਰਾਇਮਰੀ ਸਕੂਲ, ਕੁਝ ਯਾਦਾਂ

ਅੰਗ੍ਰੇਜ਼ਾਂ ਨੇ ਭਾਰਤ ਦੇ ਬਹੁਤ ਘਟ ਇਲਾਕਿਆਂ ਨੂੰ ਲੜ ਕੇ ਆਪਣੇ ਅਧੀਨ ਕੀਤਾ ਸੀ| ਬਹੁਤਾ ਹਿੱਸਾ ਉਸ ਆਪਣੀ ਪਾੜੋ ਤੇ ਰਾਜ ਕਰੋ ਦੀ ਪਾਲਿਸੀ ਨਾਲ ਹੀ ਹਾਸਲ ਕਰ ਲਿਆ ਸੀ| ਪੰਜਾਬ Ḕਤੇ ਵੀ ਉਸ ਨੇ ਇਹੋ ਪਾਲਿਸੀ ਵਰਤੀ ਪਰ ਫਿਰ ਵੀ ਉਸ ਨੂੰ ਇੱਥੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰ ਪਿਆ ਅਤੇ ਪੰਜਾਬ ਨੂੰ ਗ਼ੁਲਾਮ ਬਣਾਉਣ ਖਾਤਰ ਉਸ ਨੂੰ ਕਈ ਲੜਾਈਆਂ ਲੜਨੀਆਂ ਪਈਆਂ| ਜਾਨੀ ਤੇ ਮਾਲੀ ਨੁਕਸਾਨ ਵੀ ਬਹੁਤ ਉਠਾਉਣਾ ਪਿਆ ਸੀ| ਜਦੋਂ ਅੰਗ੍ਰੇਜ਼ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿਚ ਲੈ ਲਿਆ ਤਾਂ ਉਸ ਨੂੰ ਅਹਿਸਾਸ ਹੋ ਗਿਆ ਕਿ ਜੇ ਪੰਜਾਬ ਨੂੰ ਗ਼ੁਲਾਮ ਬਣਾਈ ਰਖਣਾ ਹੈ ਤਾਂ ਪੰਜਾਬੀਆਂ ਦੀ ਵਤਨ-ਪ੍ਰਸਤੀ ਨੂੰ ਖਤਮ ਕਰਨਾ ਜ਼ਰੂਰੀ ਹੈ, ਨਹੀਂ ਤਾਂ ਹਮੇਸ਼ਾ ਇੱਥੇ ਬਗ਼ਾਵਤ ਦਾ ਖਤਰਾ ਬਣਿਆ ਰਹੇਗਾ| ਉਸ ਨੇ ਪਹਿਲਾ ਹੱਲਾ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ Ḕਤੇ ਬੋਲਿਆ| ਇਸ ਦੇ ਨਾਲ ਹੀ ਲੋਕਾਂ ਵਿਚ ਧਾਰਮਿਕ ਵੰਡੀਆਂ ਪਾਉਣ ਦੀ ਚਾਲ ਵੀ ਚੱਲੀ| ਬੋਲੀ ਨੂੰ ਧਰਮ ਨਾਲ ਜੋੜਿਆ| ਮੁਗ਼ਲਾਂ ਦੇ ਸਮੇਂ ਤੋਂ ਪੜ੍ਹਾਈ ਜਾਂਦੀ ਪੰਜਾਬੀ ਨੂੰ ਹਟਾ ਕੇ ਉਰਦੂ ਤੇ ਅੰਗ੍ਰੇਜ਼ੀ ਨੂੰ ਪੜ੍ਹਾਈ ਦਾ ਮਾਧਿਅਮ ਬਣਾਇਆ| ਵਿਦਿਅਕ ਢਾਂਚੇ ਵਿਚ ਤਬਦੀਲੀ ਕਰਕੇ ਮਦਰਸਿਆਂ ਤੇ ਪਾਠਸ਼ਾਲਾਵਾਂ ਦੀ ਤਾਲੀਮ ਬੰਦ ਕਰਵਾ ਦਿੱਤੀ| ਅੰਗ੍ਰੇਜ਼ ਦੀ ਨਵੀਂ ਪਾਲਿਸੀ ਅਨੁਸਾਰ ਇਕ ਜ਼ਿਲੇ ਵਿਚ ਇਕ ਸਰਕਾਰੀ ਕਾਲਜ, ਤਹਿਸੀਲ ਪੱਧਰ Ḕਤੇ ਇਕ ਸਰਕਾਰੀ ਹਾਈ ਸਕੂਲ ਖੋਲ੍ਹੇ ਗਏ| ਮਿਡਲ ਤੱਕ ਦਾ ਵਿਦਿਅਕ ਢਾਂਚਾ ਡਸਿਟਰਿਕਟ ਬੋਰਡਾਂ ਦੇ ਹਵਾਲੇ ਕਰ ਦਿੱਤਾ| ਬੋਰਡਾਂ ਵੱਲੋਂ ਵੀ ਇਕ ਥਾਣੇ ਵਿਚ ਇਕ ਮਿਡਲ ਸਕੂਲ ਅਤੇ ਇਕ ਜ਼ੈਲ ਵਿਚ ਇਕ ਪ੍ਰਾਇਮਰੀ ਸਕੂਲ ਖੋਲ੍ਹਿਆ ਗਿਆ| ਇਸ ਤਰ੍ਹਾਂ ਕਰ ਕੇ ਆਮ ਲੋਕਾਂ ਲਈ ਪੜ੍ਹਾਈ ਨੂੰ ਸੀਮਤ ਕਰ ਦਿੱਤਾ| ਇਸ ਤੋਂ ਬਿਨਾਂ ਲੋਕਾਂ ਵਿਚ ਧਾਰਮਿਕ ਪਾੜਾ ਪਾਉਣ ਦੀ ਗੁੱਝੀ ਵਿਉਂਤ ਨੂੰ ਸਾਹਮਣੇ ਰੱਖ ਕੇ ਧਾਰਮਿਕ ਅਦਾਰਿਆਂ ਨੂੰ ਆਪਣੇ ਸਕੂਲ ਖੋਲ੍ਹਣ ਦੀ ਖੁੱਲ੍ਹ ਦੇ ਦਿੱਤੀ| ਇਸ ਢੰਗ ਨਾਲ ਪੰਜਾਬ ਨੂੰ ਅਣਪੜ੍ਹ ਰੱਖਣ ਦੀ ਅੰਗ੍ਰੇਜ਼ ਵੱਲੋਂ ਗੁੱਝੀ ਚਾਲ ਚੱਲੀ ਗਈ ਸੀ| ਅੰਗ੍ਰੇਜ਼ ਦੀ ਨਵੀਂ ਨੀਤੀ ਤਹਿਤ ਧਾਰਮਿਕ ਸੰਸਥਾਵਾਂ ਨੇ ਸ਼ਹਿਰਾਂ ਤੇ ਕਸਬਿਆਂ ਵਿਚ ਤਾਂ ਸਕੂਲ ਕਾਲਜ ਖੋਲ੍ਹ ਲਏ ਪਰ ਪੇਂਡੂ ਤਬਕਾ ਤਾਲੀਮ ਤੋਂ ਵਾਂਝਾ ਹੋ ਗਿਆ| (ਸਰੋਤ ਪੁਸਤਕ:History of Indigenous Education in Punjab by  G.W. Leitner)
     ਅੰਗ੍ਰੇਜ਼ ਦੀ ਇਸ ਵਿਦਿਅਕ ਨੀਤੀ ਕਾਰਨ ਟਾਵੇਂ ਟਾਵੇਂ ਪਿੰਡਾਂ ਵਿਚ ਹੀ ਪ੍ਰਾਇਮਰੀ ਸਕੂਲ ਬਣੇ ਸਨ ਪਰ ਮਿਡਲ ਸਕੂਲ ਤਾਂ ਇਕ ਤਹਿਸੀਲ ਵਿਚ ਤਿੰਨ ਚਾਰ ਤੋਂ ਵੱਧ ਨਹੀਂ ਸੀ ਬਣ ਸਕੇ ਕਿਉਂ ਕਿ ਇਕ ਤਹਿਸੀਲ ਵਿਚ ਤਿੰਨ ਜਾਂ ਚਾਰ ਹੀ ਥਾਣੇ ਹੁੰਦੇ ਸਨ| ਇਹ ਇਕ ਮਾਅਰਕੇ ਦੀ ਗੱਲ ਸੀ ਕਿ ਥਾਣਾ ਬਾਘਾ ਪੁਰਾਣਾ ਦਾ ਵਰਨੈਕੂਲਰ ਮਿਡਲ ਸਕੂਲ ਸੇਖੇ ਪਿੰਡ ਸਦੀ ਦੇ ਅਰੰਭ ਵਿਚ ਖੁੱਲ੍ਹ ਗਿਆ ਸੀ| (ਵਰਨੈਕੂਲਰ ਮਿਡਲ, ਉਹ ਸਕੂਲ ਸਨ, ਜਿੱਥੇ ਅੰਗ੍ਰੇਜ਼ੀ ਨਹੀਂ ਸੀ ਪੜ੍ਹਾਈ ਜਾਂਦੀ) ਇਸ ਦਾ ਸਿਹਰਾ ਪਿੰਡ ਦੇ ਇਕ ਸੁਹਿਰਦ ਸੱਜਣ, ਸਰਦਾਰ ਜਿਉਣ ਸਿੰਘ ਨੂੰ ਜਾਂਦਾ ਹੈ| ਉਹਨਾਂ ਮਿਡਲ ਸਕੂਲ ਲਈ ਜਿਹੜੀਆਂ ਸ਼ਰਤਾਂ ਜ਼ਿਲਾ ਬੋਰਡ ਵੱਲੋਂ ਲਾਈਆਂ ਗਈਆਂ ਸਨ, ਉਹ ਸਾਰੀਆਂ ਪੂਰੀਆਂ ਕੀਤੀਆਂ| ਸੂਏ ਨਾਲ ਲਗਦੀ ਆਪਣੀ ਨਿਆਈ ਵਾਲੀ ਜ਼ਮੀਨ ਸਕੂਲ ਬਣਾਉਣ ਲਈ ਦਿੱਤੀ| ਪਿੰਡ ਵਾਸੀਆਂ ਨੇ ਵੀ ਸਕੂਲ ਬਣਵਾਉਣ ਵਿਚ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ| ਨੇੜੇ ਤੇੜੇ ਕਿਤੇ ਇੱਟਾਂ ਦਾ ਭੱਠਾ ਨਹੀਂ ਸੀ, ਮੋਗੇ ਤੋਂ ਗੱਡਿਆਂ ਰਾਹੀਂ ਪੱਕੀਆਂ ਇੱਟਾਂ ਢੋ ਕੇ ਸਕੂਲ ਦੇ ਦੋ ਕਮਰੇ, ਇਕ ਦਫਤਰ ਅਤੇ ਮੂਹਰੇ ਬਰਾਂਡਾ ਬਣਵਾਇਆæ ਇਸ ਇਮਾਰਤ ਦੇ ਨਾਲ ਲਗਦੀ ਹੀ ਬੋਰਡਿੰਗ ਹਾਊਸ ਦੀ ਇਮਾਰਤ ਤਿਆਰ ਕਰਵਾਈ| ਖਾਣੇ ਲਈ ਲੋੜੀਂਦੇ ਬਰਤਨ ਮੰਗਵਾਏ| ਸਕੂਲ ਦੇ ਆਲੇ ਦੁਆਲੇ ਚਾਰਦੀਵਾਰੀ ਕਰਵਾਈ ਅਤੇ ਰਾਹ ਉੱਪਰ ਡਾਟਦਾਰ ਗੇਟ ਬਣਵਾਇਆ| ਇਸ ਸਕੂਲ ਵਿਚ ਦੂਰੋਂ ਦੂਰੋਂ ਇਲਾਕੇ ਦੇ ਮੁੰਡੇ ਪੜ੍ਹਨ ਆਉਣ ਲੱਗੇ| ਮੈਨੂੰ ਵੀ ਛੋਟੀ ਉਮਰੇ ਹੀ ਇਸੇ ਸਕੂਲ ਵਿਚ ਪੜ੍ਹਨੇ ਪਾ ਦਿੱਤਾ ਗਿਆ ਸੀ ਭਾਵੇਂ ਕਿ ਉਦੋਂ ਇਹ ਸਕੂਲ ਮਿਡਲ ਤੋਂ ਟੁੱਟ ਕੇ ਲੋਇਰ ਮਿਡਲ ਬਣ ਗਿਆ ਸੀ| ਜਦ ਪਿੱਛਲ ਝਾਤ ਮਾਰਦਾ ਹਾਂ ਤਾਂ ਬਹੁਤ ਛੋਟੀ ਉਮਰ ਵਿਚ ਸਕੂਲ ਵਿਚ ਦਾਖਲ ਕਰਵਾਏ ਜਾਣ ਦੇ ਕਾਰਨ ਦੀ ਸਮਝ ਆਉਂਦੀ ਹੈ| 
     ਉਸ ਸਮੇਂ ਮੇਰੀ ਉਮਰ ਕੋਈ ਤਿੰਨ ਕੁ ਸਾਲ ਦੀ ਹੋਵੇਗੀ ਜਦੋਂ ਮੇਰੇ ਦਾਦੇ ਦੇ ਇਕ ਪਰਵਾਰ ਤੋਂ ਉਸ ਦੇ ਪੁੱਤਰਾਂ ਦੇ ਵੱਖਰੇ ਚਾਰ ਪਰਵਾਰ ਬਣ ਗਏ ਸਨ| ਅੱਡ ਹੋਣ Ḕਤੇ ਮੇਰੇ ਬਾਪ ਦੇ ਹਿੱਸੇ ਬਾਹਰਲਾ ਘਰ ਆ ਗਿਆ ਸੀ, ਜਿਹੜਾ ਅੰਦਰਲੇ ਘਰ ਤੋਂ ਕਾਫੀ ਦੂਰ ਸੀ| ਅੰਦਰਲੇ ਘਰ ਮੇਰੇ ਨਾਲ ਖੇਡਣ ਵਾਲੇ ਮੇਰੇ ਦੋ ਚਚੇਰੇ ਭਰਾ ਅਤੇ ਕਈ ਹੋਰ ਗੁਆਂਢੀ ਮੁੰਡੇ ਵੀ ਸਨ| ਬਾਹਰਲੇ ਘਰ ਮੇਰੇ ਨਾਲ ਖੇਡਣ ਵਾਲਾ ਕੋਈ ਨਹੀਂ ਸੀ ਇਸ ਕਰਕੇ ਇੱਥੇ ਆ ਕੇ ਮੈਂ ਬਹੁਤ ਸਮੇਂ ਤੱਕ ਦਿਲ ਨਹੀਂ ਸੀ ਲਾਇਆ| ਮੈਂ ਕਿਸੇ ਨੂੰ ਦੱਸੇ ਬਿਨਾਂ ਘਰੋਂ ਨਿਕਲ ਜਾਂਦਾ ਅਤੇ ਐਵੇਂ ਹੀ ਬਾਹਰ ਗਲੀਆਂ ਵਿਚ ਤੁਰਿਆ ਫਿਰਦਾ ਰਹਿੰਦਾ| ਨੇੜੇ ਮਜ਼੍ਹਬੀਆਂ ਦਾ ਵਿਹੜਾ ਸੀ, ਉਹਨਾਂ ਦੇ ਮੁੰਡਿਆਂ ਨਾਲ ਖੇਡਣ ਲੱਗ ਜਾਂਦਾ| ਜੇ ਕੋਈ ਮੈਨੂੰ ਉਹਨਾਂ ਨਾਲ ਖੇਡਦਿਆਂ ਦੇਖ ਲੈਂਦਾ ਤਾਂ ਧੂਹ ਕੇ ਘਰ ਲੈ ਜਾਂਦਾ ਅਤੇ ਮੈਨੂੰ ਝਿੜਕਾਂ ਮਿਲਦੀਆਂ| ਮੈਨੂੰ ਆਪ ਉਸ ਸਮੇਂ ਦੀ ਕੋਈ ਗੱਲ ਯਾਦ ਨਹੀਂ ਪਰ ਬਚਪਨ ਸਮੇਂ ਦੀਆਂ ਬਹੁਤੀਆਂ ਗੱਲਾਂ ਮਾਂ ਕੋਲੋਂ ਸੁਣੀਆਂ  ਹਨ| 
     ਹਾਂ! ਧੁੰਦਲੀ ਜਿਹੀ ਯਾਦ ਸ਼ਕਤੀ ਵਿਚੋਂ ਬਚਪਨ ਵਿਚ ਪਿੰਡ ਦੀਆਂ ਗਲ਼ੀਆਂ ਕੱਛਣ ਦੀ ਸਭ ਤੋਂ ਪਹਿਲੀ ਘਟਨਾ ਇਹੋ ਯਾਦ ਆਉਂਦੀ ਹੈ ਕਿ ਮਾਂ ਨੇ ਮੈਨੂੰ ਸਿਰ ਨਵ੍ਹਾਉਣਾ ਹੈ ਤੇ ਮੈਂ ਨਹਾਉਣਾ ਨਹੀਂ ਚਾਹੁੰਦਾ| ਮਾਂ ਮੇਰੀਆਂ ਮੇਢੀਆਂ ਖੋਲ੍ਹ ਕੇ ਮੈਨੂੰ ਨਲਕੇ ਕੋਲ ਬਿਠਾਉਂਦੀ ਹੈ ਅਤੇ ਆਪ ਕੋਈ ਚੀਜ਼ ਲੈਣ ਲਈ ਕਮਰੇ ਅੰਦਰ ਜਾਂਦੀ ਹੈ| ਮੈਨੂੰ ਬਾਹਰ ਰੌਲ਼ਾ ਸੁਣਦਾ ਹੈ| ਮੈਂ ਭੱਜ ਕੇ ਬਾਹਰ ਨਿਕਲ ਜਾਂਦਾ ਹਾਂæ ਸੱਥ ਵਿਚ ਇਕ ਹਾਥੀ ਖੜ੍ਹਾ ਹੈ| ਉਸ ਨਾਲ ਭਗਵੇਂ ਜਿਹੇ ਕਪੜਿਆਂ ਵਾਲੇ ਬੰਦੇ ਹਨ| ਹਾਥੀ ਦੇ ਆਲੇ ਦੁਆਲੇ ਕਈ ਜੁਆਕ ਖੜ੍ਹੇ ਹਨ| ਉਹਨਾਂ ਵਿਚ ਮੈਂ ਵੀ ਰਲ਼ ਜਾਂਦਾ ਹਾਂ, ਨੰਗ ਧੜੰਗਾ, ਜਟੂਰੀਆ ਖੁੱਲ੍ਹੀਆਂ ਹੋਈਆਂ| ਉਸ ਸਮੇਂ ਮੇਰੀ ਉਮਰ ਚਾਰ ਕੁ ਸਾਲ ਦੀ ਹੋਵੇਗੀ| ਮੈਂ ਪਹਿਲੀ ਵਾਰ ਹਾਥੀ ਦੇਖਿਆ ਹੈ ਤੇ ਇਸ ਅਜੀਬ ਜਿਹੇ ਜਾਨਵਰ ਨੂੰ ਦੇਖ ਕੇ ਹੈਰਾਨ ਹੋ ਰਿਹਾ ਹਾਂ| ਹਾਥੀ ਤੁਰ ਪਿਆ ਹੈ ਤੇ ਮੁੰਡੀਰ ਵੀ ਮਗਰੇ ਹੀ ਤੁਰ ਪਈ ਹੈæ ਹਾਥੀ ਪਿੰਡ ਦੀਆਂ ਗਲ਼ੀਆਂ ਵਿਚ ਘੁੰਮ ਫਿਰ ਰਿਹਾ ਹੈ| ਸਿਖਰ ਦੁਪਹਿਰੇ, ਬਿਨਾਂ ਭੁੱਖ ਤਿਹ ਅਤੇ ਗਰਮੀ ਦੀ ਪਰਵਾਹ ਕੀਤੇ, ਹਾਥੀ ਦੇ ਮਗਰੇ ਮਗਰ ਜਾ ਰਿਹਾ ਹਾਂ| ਲੋਕ ਹਾਥੀ ਵਾਲਿਆਂ ਨੂੰ ਦਾਣੇ, ਕਪੜੇ ਦੇ ਰਹੇ ਹਨ| ਕਈ ਮਾਪੇ ਬਾਟੀ ਵੱਧ ਦਾਣੇ ਦੇ ਕੇ ਆਪਣੇ ਨਿਆਣਿਆਂ ਨੂੰ ਹਾਥੀ Ḕਤੇ ਇਕ ਦੋ ਮਿੰਟ ਲਈ ਝੂਟੇ ਵੀ ਦਿਵਾਉਂਦੇ ਹਨ| ਮੇਰਾ ਵੀ ਜੀਅ ਕਰਦਾ ਹੈ ਕਿ ਹਾਥੀ ਉੱਪਰ ਬੈਠ ਕੇ ਝੂਟੇ ਲਵਾਂ| ਹਾਥੀ ਸਾਰੇ ਪਿੰਡ ਦੀਆਂ ਗਲੀਆਂ ਵਿਚ ਦੀ ਗੇੜਾ ਕੱਢ ਕੇ ਮੁੜ ਉਸੇ ਸੱਥ ਵਿਚ ਆ ਜਾਂਦਾ ਹੈ| ਇੱਥੋਂ ਹਾਥੀ ਵਾਲਿਆਂ ਨੇ ਪਿੰਡ ਦੀ ਝਿੜੀ ਵੱਲ ਚਲੇ ਜਾਣਾ ਹੈ| ਮੇਰੇ ਮਨ ਵਿਚ ਹਾਥੀ Ḕਤੇ ਝੂਟਾ ਲੈਣ ਦੀ ਰੀਝ ਹੋਰ ਪ੍ਰਬਲ ਹੁੰਦੀ ਹੈ| ਮੈਂ ਭੱਜ ਕੇ ਘਰ ਨੂੰ ਜਾਂਦਾ ਹਾਂ ਤੇ ਮਾਂ ਨੂੰ ਕਹਿੰਦਾ ਹਾਂ, "ਬੇਬੇ, ਇਕ ਬਾਟੀ ਦਾਣੇ ਲੈ ਕੇ ਆ, ਮੈਂ ਵੀ ਹਾਥੀ Ḕਤੇ ਝੂਟਾ ਲੈਣੈ|"
    ਇਕ ਬਾਟੀ ਦਾਣਿਆਂ ਦੀ ਥਾਂ, ਸਿਰ ਵਿਚ ਇਕ ਧੱਫਾ ਤੇ ਇਹ ਝਿੜਕ ਮਿਲਦੀ ਹੈ, "ਟੁੱਟ ਪੈਣਿਆ, ਰਿੱਛਾ ਜਿਹਾ! ਸਵੇਰ ਦਾ ਕਿਧਰ ਉਜੜਿਆ ਹੋਇਆ ਸੀ, ਅਸੀਂ ਤੈਨੂੰ ਭਾਲ਼ ਭਾਲ਼ ਕੇ ਕਮਲੇ ਹੋ ਗਏ|"
     ਹਾਥੀ Ḕਤੇ ਝੂਟਾ ਲੈਣ ਦੀ ਰੀਝ ਵਿਚੇ ਰਹਿ ਜਾਂਦੀ ਹੈ| ਮਾਂ ਜਟੂਰੀਆਂ ਫੜ ਕੇ ਨਲਕੇ ਕੋਲ ਬਿਠਾਉਂਦੀ ਹੈ ਅਤੇ ਸਿਰ ਵਿਚ ਖੱਟੀ ਲੱਸੀ ਪਾਉਂਦੀ ਹੈ| ਮੈਂ ਉੱਚੀ ਉੱਚੀ ਚੀਕਾਂ ਮਾਰਦਾ ਹਾਂ| ਮਾਂ ਇਕ ਦੋ ਧੱਫੇ ਹੋਰ ਜੜਦੀ ਹੈ ਅਤੇ ਮੈਂ ਨਿਚੱਲਾ ਜਿਹਾ ਹੋ ਕੇ ਬੈਠ ਜਾਂਦਾ ਹਾਂ| ਫਿਰ ਸਿਰ ਵਾਹੁਣ ਵੇਲੇ ਦੀਆਂ ਚੀਕਾਂ ਵੀ ਯਾਦ ਆਉਂਦੀਆਂ ਹਨ| ਉਸ ਦਿਨ ਦੀ ਘਟਨਾ ਮਗਰੋਂ ਪਿੰਡ ਦੀਆਂ ਗਲੀਆਂ ਕੱਛਣ ਦੀਆਂ ਘਟਨਾਵਾਂ ਨੇ ਤਾਂ ਚੇਤੇ ਦੀ ਚੰਗੇਰ ਵਿਚ ਬੜੀ ਉਛਲ ਕੁੱਦ ਕਰਨੀ ਸ਼ੁਰੂ ਕਰ ਦਿੱਤੀ ਹੈ| ਜਦੋਂ ਵੀ ਕਿਤੇ ਪਿੰਡ ਵਿਚ ਬਾਂਦਰਾਂ ਤੇ ਰਿੱਛਾਂ ਦੇ ਤਮਾਸ਼ੇ ਦਿਖਾਉਣ ਵਾਲੇ ਮਦਾਰੀਆਂ ਨੇ ਆਉਣਾ, ਮਾਂ ਦੀਆਂ ਝਿੜਕਾਂ ਤੋਂ ਬੇ ਪਰਵਾਹ, ਉਹਨਾਂ ਦੇ ਮਗਰ ਲੱਗ, ਸਾਰੇ ਪਿੰਡ ਦੀਆਂ ਗਲੀਆਂ ਵਿਚ ਘੁੰਮਦੇ ਰਹਿਣਾ| ਪਿੰਡ ਦੀ ਕਿਸੇ ਸੱਥ ਵਿਚ ਨਕਲੀਆਂ, ਨਚਾਰਾਂ, ਰਾਸਧਾਰੀਆਂ ਜਾਂ ਕਵੀਸ਼ਰਾਂ ਦੇ ਅਖਾੜੇ ਲਗਣੇ ਤਾਂ ਉਹਨਾਂ ਨੂੰ ਹੀ ਗਈ ਰਾਤ ਤਾਈਂ ਦੇਖਦੇ ਸੁਣਦੇ ਰਹਿਣਾ| ਇਹ ਮਨ ਦੀ ਮੌਜ ਹੀ ਸੀ, ਜਿਹੜਾ ਕਦੀ ਮਹਿਸੂਸ ਨਹੀਂ ਸੀ ਹੋਇਆ ਕਿ ਗਰਮੀ ਦੇ ਮੌਸਮ ਵਿਚ ਤੇੜ ਇਕ ਨਿੱਕਰ ਤੋਂ ਬਿਨਾਂ ਤਨ Ḕਤੇ ਹੋਰ ਕੋਈ ਕਪੜਾ ਨਹੀਂ ਹੈ| ਜੇ ਸਿਆਲ ਹੈ ਤਾਂ ਇਕ ਖਦਰ ਦੇ ਟੋਟੇ ਜਿਹੇ ਦੀ ਮਾਰੀ ਹੋਈ ਬੁੱਕਲ਼ ਵਿਚ ਪਾਲ਼ਾ ਵੀ ਲੱਗ ਰਿਹਾ ਹੈ| ਮੈਂ ਹੀ ਨਹੀਂ, ਮੇਰੇ ਨਾਲ ਦੇ ਬਹੁਤੇ ਜੁਆਕ ਵੀ ਇਸੇ ਹਾਲਤ ਵਿਚ ਹੀ ਹੁੰਦੇ ਸਨ| ਮੇਰੀ ਏਸ ਅਵਾਰਗੀ ਨੂੰ ਦੇਖ ਕੇ ਘਰਦਿਆਂ ਨੇ ਸੋਚਿਆ ਹੋਵੇਗਾ ਕਿ Ḕਇਹ ਘਰ ਵਿਚ ਤਾਂ ਟਿਕ ਕੇ ਬੈਠਦਾ ਨਹੀਂ, ਇਸ ਨੂੰ ਸਕੂਲ ਵਿਚ ਦਾਖਲ ਕਰਵਾ ਦਿੱਤਾ ਜਾਵੇ|Ḕ ਬਹੁਤੀ ਛੋਟੀ ਉਮਰੇ ਦਾਖਲ ਹੋਣ ਕਾਰਨ ਹੀ ਸ਼ਾਇਦ ਵੱਧ ਉਮਰ ਲਿਖੀ ਗਈ ਹੋਵੇ|
     ਸਕੂਲ ਵਿਚ ਦਾਖਲ ਹੋਣ ਸਮੇਂ ਦਾ ਧੁੰਦਲਾ ਜਿਹਾ ਦ੍ਰਿਸ਼ ਵੀ ਅੱਖਾਂ ਸਾਹਮਣੇ ਨਹੀਂ ਆ ਰਿਹਾ ਹੈ| ਹਾਂ! ਪਹਿਲੀ ਜਮਾਤ ਦਾ ਇਹ ਦ੍ਰਿਸ਼ ਪਤਾ ਨਹੀਂ ਚੇਤਿਆਂ ਵਿਚ ਕਿਵੇਂ ਅੜ ਕੇ ਖੜ੍ਹ ਗਿਆ ਹੈ! ਸਕੂਲ ਦੇ ਵੱਡੇ ਸਾਰੇ ਸਿਹਨ ਦੇ ਇਕ ਪਾਸੇ ਕਤਾਰ ਵਿਚ ਕਈ ਟਾਹਲੀਆਂ ਹਨ| ਟਾਹਲੀਆਂ ਦੀ ਛਾਵੇਂ ਜਮਾਤਾਂ ਲੱਗੀਆਂ ਹੋਈਆਂ ਹਨ| ਇਕ ਟਾਹਲੀ ਦੀ ਛਾਵੇਂ ਅਸੀਂ ਬੈਠੇ ਹਾਂ| ਹੱਥਾਂ ਵਿਚ ਕਾਇਦੇ ਹਨ| ਇਕ ਮੁੰਡਾ ਸਾਨੂੰ ਸਬਕ ਯਾਦ ਕਰਵਾ ਰਿਹਾ ਹੈ| ਉਹ ਉੱਚੀ ਅਵਾਜ਼ ਵਿਚ ਕਹਿੰਦਾ ਹੈ, "ਅਲਫ ਮੱਦਾ ਆ, ਬੇ ਮਾਕੂਫ, ਆਬ|"
ਅਸੀਂ ਵੀ ਪਿੱਛੇ ਬੋਲਦੇ ਹਾਂ, "ਅਲਮੱਦ ਆ ਬੇਮਾਕੂਫ, ਆਬ|"
   ਉਹ ਮੁੰਡਾ ਸਾਨੂੰ ḔਬੇḔ ਅੱਖਰ ਨਾਲ ਬੋਲੇ ਜਾਣ ਵਾਲੇ ਦੋ ਅੱਖਰੇ, ਤਿੰਨ ਅੱਖਰੇ ਸ਼ਬਦ ਯਾਦ ਕਰਵਾਉਂਦਾ ਹੈæ ਮੈਂ ਰੱਟਾ ਲਾ ਰਿਹਾ ਹਾਂ, ਸ਼ਬਦਾਂ ਦੀ ਕੋਈ ਸਮਝ ਨਹੀਂ ਹੈ| ਉਹੋ ਮੁੰਡਾ ਫਿਰ ਸਾਰਿਆਂ ਕੋਲੋਂ ਸਬਕ ਸੁਣਦਾ ਹੈ| ਜਿੱਥੇ ਵੀ ḔਬੇḔ ਅੱਖਰ ਆਉਂਦਾ ਹੈ, ਮੈਂ ਉਸ ਨਾਲ ḔਬੇਮਾਕੂਫḔ ਜੋੜ ਦਿੰਦਾ ਹਾਂ| ਮੁਣਸ਼ੀ ਜੀ ਕੋਲ ਮੇਰੀ ਸ਼ਕਾਇਤ ਲੱਗ ਜਾਂਦੀ ਹੈ| ਅਧਿਆਪਕ, ਜਿਸ ਨੂੰ ਉਹਨਾਂ ਸਮਿਆਂ ਵਿਚ ਮੁਣਸ਼ੀ ਜੀ ਕਹਿੰਦੇ ਸੀ, ਮੈਨੂੰ ਮੁਰਗਾ ਬਣਨ ਲਈ ਕਹਿੰਦਾ ਹੈ| ਮੈਂ ਲੱਤਾਂ ਹੇਠ ਦੀ ਕੰਨ ਫੜ ਲੈਂਦਾ ਹਾਂ| ਮੁਣਸ਼ੀ ਜੀ ਮੈਨੂੰ ਢੂਈ ਉੱਚੀ ਕਰਨ ਨੂੰ ਕਹਿੰਦੇ ਹਨ| ਮੈਂ ਆਪਣੀਆਂ ਲੱਤਾਂ ਨੂੰ ਸਿੱਧੀਆਂ ਕਰਦਾ ਹਾਂ| ਸ਼ਕਾਇਤ ਲਾਉਣ ਵਾਲਾ ਮੁੰਡਾ ਹੱਸ ਕੇ ਕਹਿੰਦਾ ਹੈ, "ਮੁਣਸ਼ੀ ਜੀ, ਇਹਦੀ ਨੀਕਰ ਪਾਟੀ ਹੋਈ ਐ|" ਮੁਣਸ਼ੀ ਜੀ ਮੇਰੇ ਕੰਨ ਛੱਡਵਾ ਕੇ ਇਕ ਲਫੜ ਮਾਰ ਕੇ ਕਹਿੰਦੇ ਹਨ, "ਸੂਰ ਕਾ ਬੱਚਾ, ਜਾਹ! ਘਰ ਜਾ ਕਰ ਨਿੱਕਰ ਬਦਲ ਕਰ ਆ|" ਮੈਂ ਰੋਂਦਾ ਹੋਇਆ ਸਕੂਲੋਂ ਘਰ ਆ ਜਾਂਦਾ ਹਾਂ| 
 ਤੀਸਰੀ ਜਮਾਤ ਵਿਚ ਪੜ੍ਹਦੇ ਦੀ ਇਕ ਹੋਰ ਸਾਧਾਰਨ ਜਿਹੀ ਘਟਨਾ ਚੇਤਿਆਂ ਦੀ ਚੰਗੇਰ ਵਿਚੋਂ ਬੁੜ੍ਹਕ ਕੇ ਬਾਹਰ ਆ ਗਈ ਹੈ| ਉਸ ਸਮੇਂ ਪ੍ਰਾਇਮਰੀ ਸਕੂਲ ਵਿਚ ਗੈਰਕਾਸ਼ਤਕਾਰ ਪਾੜ੍ਹਿਆਂ ਨੂੰ ਫੀਸ ਦੇਣੀ ਪੈਂਦੀ ਸੀ| ਹੁੰਦੀ ਭਾਵੇਂ ਆਨਾ, ਦੋਆਨੀ ਹੀ ਸੀ| ਸਕੂਲ ਵਿਚ ਦੋ ਹੀ ਮਾਸਟਰ ਸਨ, ਮੁਣਸ਼ੀ ਇੰਦਰ ਸਿੰਘ ਅਤੇ ਮੁਣਸ਼ੀ ਲੇਖ ਰਾਜ| ਇੰਦਰ ਸਿੰਘ ਮੁਖ ਅਧਿਆਪਕ ਸੀ, ਉਸ ਸਮੇਂ ਮੁਖ ਅਧਿਆਪਕ ਨੂੰ Ḕਅੱਵਲ ਮਦਰਸḔ ਕਿਹਾ ਜਾਂਦਾ ਸੀ| ਸਾਨੂੰ ਮੁਣਸ਼ੀ ਲੇਖ ਰਾਜ ਪੜ੍ਹਾਉਂਦਾ ਸੀ| ਮੈਂ ਸਮੇਂ ਸਿਰ ਫੀਸ ਨਹੀਂ ਸੀ ਦੇ ਸਕਿਆ ਅਤੇ ਉਸ ਨੇ ਪਹਿਲਾਂ ਤਾਂ ਮੈਨੂੰ ਫੀਸ ਨਾ ਲੈ ਕੇ ਆਉਣ ਕਾਰਨ ਕੁਝ ਦੇਰ ਕੰਨ ਫੜਾਈ ਰੱਖੇ ਅਤੇ ਫੈਰ ਮੈਨੂੰ ਫੀਸ ਲੈਣ ਵਾਸਤੇ ਘਰ ਨੂੰ ਮੋੜ ਦਿੱਤਾ| ਮੈਂ ਸਵੇਰੇ ਸਕੂਲ ਜਾਣ ਲੱਗਾ ਮਾਂ ਨਾਲ ਕਲੇਸ਼ ਕਰ ਕੇ ਗਿਆ ਸੀ ਪਰ ਫੀਸ ਮਿਲੀ ਨਹੀਂ ਸੀ| ਮੈਂ ਜਕੋ ਤੱਕੋ ਕਰਦਾ ਘਰ ਨੂੰ ਮੁੜ ਆਇਆ| ਰਾਹ ਵਿਚ ਵੱਡਾ ਖੂਹ ਆਉਂਦਾ ਸੀ| ਇਹ ਖੂਹ ਬਖਤਾ ਪੱਤੀ ਅਤੇ ਖਿੱਦੂ ਪੱਤੀ ਦਾ ਸਾਂਝਾ ਸੀ| ਮੈਂ ਦੇਖਿਆ ਕਿ ਦੋਹਾਂ ਅਗਵਾੜਾਂ ਦੀਆਂ ਕਈ ਤੀਂਵੀਆਂ ਹੌਦ ਦੀਆਂ ਟੂਟੀਆਂ ਤੋਂ ਪਾਣੀ ਦੇ ਘੜੇ ਭਰ ਰਹੀਆਂ ਹਨ ਅਤੇ ਨਾਲ ਹੀ ਕਿਸੇ ਗੱਲ Ḕਤੇ ਹੱਸ ਵੀ ਰਹੀਆਂ ਹਨ| ਮੈਂ ਘਰ ਜਾਣ ਦੀ ਥਾਂ ਖਿੱਦੂ ਪੱਤੀ ਦੀ ਧਰਮਸ਼ਾਲਾ ਕੋਲ ਖੜ੍ਹ ਕੇ ਉਹਨਾਂ ਵੱਲ ਦੇਖਣ ਲੱਗ ਜਾਂਦਾ ਹਾਂ| ਸ਼ਾਮਾ ਮਾਛੀ ਖੂਹ ਦੀ ਮੌਣ Ḕਤੇ ਖੜ੍ਹਾ ਬੋਕੇ ਦੀ ਲਾਂਅ ਨੂੰ ਹੱਥ ਪਾਈ ਕੁਝ ਗਾ ਰਿਹਾ ਹੈ| ਇਕ ਔਸਰ ਝੋਟੀ ਬੋਕੇ ਦੀ ਲਾਂਅ ਨੂੰ ਖਿੱਚੀ ਲਈ ਜਾ ਰਹੀ ਹੈ| ਝੋਟੀ ਲਾਂਅ ਨੂੰ ਖਿੱਚਦੀ ਹੋਈ ਭਾਈ ਜੈਮਲ ਕੇ ਵਾੜੇ ਤੱਕ ਚਲੀ ਗਈ ਹੈ, ਕੋਈ ਤਿੰਨ ਸੌ ਫੁੱਟ ਦੂਰ| ਬੋਕਾ ਸ਼ਾਮੇ ਮਾਛੀ ਦੇ ਬਰਾਬਰ ਮੌਣ Ḕਤੇ ਆ ਗਿਆ ਹੈ| ਸ਼ਾਮੇ ਮਾਛੀ ਦੀ ਟੁਣਕਵੀਂ ਅਵਾਜ਼ ਗੂੰਜਦੀ ਹੈ, "ਛੋੜ ਦੇ ਕਿੱਲੀ ਨੂੰ ਬਈ ਓਏ!" ਝੋਟੀ ਨੂੰ ਹਿਕਦਾ ਮੇਰੇ ਹਾਣ ਦਾ ਮੁੰਡਾ, ਝੋਟੀ ਦੇ ਪਾਈ ਬੀਂਡੀ ਵਿਚੋਂ ਕਿੱਲੀ ਕੱਢ ਦਿੰਦਾ ਹੈ| ਸ਼ਾਮਾ ਮਾਛੀ ਹੌਦ ਵਿਚ ਬੋਕੇ ਦਾ ਪਾਣੀ ਉਲੱਦ ਕੇ ਬੋਕਾ ਫਿਰ ਖੂਹ ਵਿਚ ਵਗਾ ਦਿੰਦਾæ ਲਾਂਅ ਘਿਸੜਦੀ ਹੋਈ ਖੂਹ ਵੱਲ ਭੱਜੀ ਜਾਂਦੀ ਅਤੇ ਨਿੱਕਾ ਮੁੰਡਾ ਝੋਟੀ ਨੂੰ ਮੋੜ ਕੇ ਖੂਹ ਵੱਲ ਲੈ ਜਾਂਦਾ| ਫਿਰ ਖੂਹ ਵਿਚੋਂ ਬੋਕਾ ਪਾਣੀ ਨਾਲ ਭਰਦਾ| ਮੁੜ ਝੋਟੀ ਦੀ ਬੀਂਡੀ ਤੇ ਲਾਂਅ ਕੀਲੀ ਰਾਹੀਂ ਜੁੜਦੀਆਂ ਅਤੇ ਝੋਟੀ ਲਾਂਅ ਨੂੰ ਖਿਚਦੀ ਹੋਈ ਦੂਰ ਲੈ ਜਾਂਦੀ| ਮੁੜ ਸ਼ਾਮੇ ਦੀ ਟੁਣਕਵੀਂ ਅਵਾਜ਼ Ḕਕਿੱਲੀ ਨੂੰ ਛੋੜਦੇ ਬਈ ਓਏ!Ḕ ਗੂੰਜਦੀ| ਇਹ ਸਿਲਸਲਾ ਚੱਲੀ ਜਾ ਰਿਹਾ ਹੈ, ਮੈਨੂੰ ਇਹ ਦ੍ਰਿਸ਼ ਬੜਾ ਚੰਗਾ ਲੱਗ ਰਿਹਾ ਹੈ ਅਤੇ ਮੈਂ ਉੱਥੇ ਖੜ੍ਹਾ ਉਹਨਾਂ ਵੱਲ ਦੇਖੀ ਜਾ ਰਿਹਾ ਹਾਂ| ਜਦੋਂ ਵੀ ਸ਼ਾਮਾ ਮਾਛੀ ਬੋਕਾ ਹੌਦ ਵਿਚ ਉਲੱਦਦਾ ਹੈ ਤਾਂ ਉਸ ਦੀ ਨਿਗਾਹ ਮੇਰੇ ਵੱਲ ਵੀ ਹੋ ਜਾਂਦੀ ਹੈ| ਜਦੋਂ ਮੈਂ ਉੱਥੇ ਬਹੁਤ ਚਿਰ ਖੜ੍ਹਾ ਰਹਿੰਦਾ ਹਾਂ ਤਾਂ ਉਹ ਮੈਨੂੰ ਦਬਕਾ ਮਾਰ ਕੇ ਪੁੱਛਦਾ ਹੈ। "ਨਿੱਕਿਆ, ਤੂੰ ਏਥੇ ਖੜ੍ਹਾ ਕੀ ਕਰਦੈਂ? ਸਕੂਲੋਂ ਭੱਜ ਕੇ ਆਇਐਂ? ਦੌੜ ਏਥੋਂ|" ਮੈਂ ਉੱਥੋਂ ਭੱਜ ਕੇ ਘਰ ਆ ਜਾਂਦਾ ਹਾਂ ਪਰ ਘਰੋਂ ਪੈਸੇ ਨਹੀਂ ਮਿਲਦੇ ਅਤੇ ਮੈਂ ਉਸ ਦਿਨ ਸਕੂਲ ਵੀ ਨਹੀਂ ਜਾਂਦਾ| ਪਰ ਮੈਂ ਬਾਅਦ ਵਿਚ ਵੀ ਸਕੂਲ ਜਾਂਦਾ ਹੋਇਆ ਕੁਝ ਪਲ ਠਹਿਰ ਕੇ ਵੱਡੇ ਖੁਹ ਦੇ ਦ੍ਰਿਸ਼ ਨੂੰ ਮਾਨਣੋ ਨਹੀਂ ਸੀ ਰਹਿ ਸਕਦਾ|
    ਜਦੋਂ ਥੋੜਾ ਵੱਡਾ ਹੋਇਆ ਤਾਂ ਮੈਂ ਜਾਣ ਗਿਆ ਸੀ ਕਿ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੋਣ ਕਰਕੇ ਪਿੰਡ ਵਿਚ ਬਹੁਤ ਥੋੜੇ ਘਰਾਂ ਵਿਚ ਹੀ ਨਲਕੇ ਸਨ| ਪਾਣੀ ਦਾ ਵਸੀਲਾ ਖੂਹ ਹੀ ਸਨ| ਖੂਹਾਂ ਵਿਚੋਂ ਪਾਣੀ ਕੱਢਣ ਦਾ ਕੰਮ ਮਾਛੀ ਕਰਦੇ ਸਨ| ਇਸ ਦੇ ਬਦਲੇ ਵਿਚ ਉਹਨਾਂ ਨੂੰ ਹਾੜੀ ਸੌਣੀ ਬੱਝਵੇਂ ਦਾਣੇ ਮਿਲਦੇ ਸਨ| ਇਸ ਵੱਡੇ ਖੂਹ ਵਿਚੋਂ ਪਾਣੀ ਕੱਢਣ ਦੀ ਡਿਉਟੀ ਸ਼ਾਮੇ ਮਾਛੀ ਦੀ ਸੀ| ਉਹ ਸਵੇਰ ਵੇਲੇ ਖੂਹ ਵਿਚੋਂ ਬੋਕੇ ਰਾਹੀਂ ਪਾਣੀ ਕੱਢ ਕੇ ਹੌਦ ਭਰਦਾ ਰਹਿੰਦਾ| ਕੁਝ ਘਰਾਂ ਦੀਆਂ ਤੀਵੀਆਂ ਤਾਂ ਉੱਥੋਂ ਹੀ ਪਾਣੀ ਲੈ ਜਾਂਦੀਆਂ| ਪਹਿਰ ਦਿਨ ਗਏ ਸ਼ਾਮਾ ਮਾਛੀ ਖੂਹ ਵਿਚੋਂ ਪਾਣੀ ਕੱਢਣਾ ਬੰਦ ਕਰ ਦਿੰਦਾ ਅਤੇ ਮਛਕ ਲੈ ਕੇ ਕਈ ਘਰਾਂ ਵਿਚ ਪਾਣੀ ਪਾਉਣ ਤੁਰ ਜਾਂਦਾ| ਇਹ ਸਿਲਸਲਾ ਭਾਰਤ ਦੀ ਵੰਡ ਤੱਕ ਚਲਦਾ ਰਿਹਾ ਸੀ|
    ਗੱਲ ਤਾਂ ਸਕੂਲ ਦੀ ਚੱਲ ਰਹੀ ਸੀ ਤੇ ਮੈਂ ਉਸ ਨੂੰ ਖੂਹ ਦੁਆਲ਼ੇ ਘੁਮਾਉਣ ਲੱਗ ਪਿਆ| ਹਾਂ! ਛੇ ਜਮਾਤਾਂ ਵਾਲੇ ਸਕੂਲ ਵਿਚ ਪੜ੍ਹਾਉਣ ਵਾਲੇ ਧਿਆਪਕ ਦੋ| ਸਾਹੋ ਕੇ, ਠੱਠੀ ਭਾਈ, ਮੱਲਕੇ ਆਦਿ ਪਿੰਡਾਂ ਦੇ ਮੁੰਡੇ ਸਾਡੇ ਨਾਲ ਪੜ੍ਹਦੇ ਸਨ| ਉਸ ਸਮੇਂ ਪਹਿਲੀ ਜਮਾਤ ਵਿਚ ਵੀ ਅੱਠ ਦਸ ਸਾਲ ਦੇ ਮੁੰਡੇ ਆਮ ਦਾਖਲ ਹੁੰਦੇ ਸਨ| ਪੜ੍ਹਦਾ ਵੀ ਉਹੀ ਮੁੰਡਾ ਸੀ ਜਿਸ ਦੇ ਮਾਪਿਆਂ ਨੂੰ ਪੜ੍ਹਾਈ ਦੀ ਮਹੱਤਤਾ ਦਾ ਅਹਿਸਾਸ ਹੁੰਦਾ ਸੀ| ਪੜ੍ਹਾਈ ਦੀ ਮਹੱਤਤਾ ਦੇ ਅਹਿਸਾਸ ਦੀ ਗੱਲ ਤਾਂ ਇਹ ਸੀ ਕਿ ਸਕੂਲ ਵਿਚ ਕੋਈ ਇਕ ਵੀ ਕੁੜੀ ਨਹੀਂ ਸੀ ਪੜ੍ਹਦੀ ਅਤੇ ਨਾ ਹੀ ਪਿੰਡ ਵਿਚ ਕੋਈ ਕੁੜੀਆਂ ਦਾ ਸਕੂਲ ਹੀ ਸੀ| ਬਾਹਰਲੇ ਪਿੰਡਾਂ ਤੋਂ ਮੁੰਡੇ ਆਉਂਦੇ ਹੋਣ Ḕਤੇ ਵੀ ਸਕੂਲ ਵਿਚ ਪਾੜ੍ਹਿਆਂ ਦੀ ਗਿਣਤੀ ਸੌ ਤੋਂ ਨਹੀਂ ਸੀ ਟਪਦੀ| ਕੱਚੀ ਪਹਿਲੀ ਵਿਚ ਬਹੁਤ ਮੁੰਡੇ ਦਾਖਲ ਹੋ ਜਾਂਦੇ ਸਨ ਪਰ ਛੇਤੀ ਹੀ ਝੜ ਜਾਂਦੇ ਸਨ, ਸ਼ਾਇਦ ਉਹ Ḕਅਲ ਮੱਦਾ ਆ ਬੇਮਾਕੂਫḔ ḔਆਬḔ ਤੋਂ ਡਰ ਕੇ ਘਰ ਬੈਠ ਜਾਂਦੇ ਹੋਣ| ਅਧਿਆਪਕ ਸਜ਼ਾ ਵੀ ਤਾਂ ਮੁੰਡਿਆਂ ਨੂੰ ਸਧਾਰਨ ਜਿਹੀ ਗੱਲ Ḕਤੇ ਦੇ ਦਿਆ ਕਰਦੇ ਸਨ| ਗਾਲ੍ਹ, Ḕਸੂਰ ਕਾ ਬੱਚਾḔ ਅਤੇ Ḕਨਾਲਾਇਕ ਹਰਾਮੀḔ ਤਾਂ ਜਿਵੇਂ ਅਧਿਆਪਕਾਂ ਦਾ ਤਕੀਆ ਕਲਾਮ ਹੁੰਦਾ ਸੀ| ਮਾਸਟਰ ਇੰਦਰ ਸਿੰਘ ਦਾ ਪਿੰਡ ਮੋਗੇ ਕੋਲ ਬੁੱਕਣ ਵਾਲਾ ਸੀ| ਉਹਨਾਂ ਨੇ ਆਪਣੀ ਰਹਾਇਸ਼ ਸਕੂਲ ਵਿਚ ਹੀ ਰੱਖੀ ਹੋਈ ਸੀ| ਦੋ ਵੇਲ਼ੇ ਦੀ ਰੋਟੀ ਮੁੰਡਿਆਂ ਕੋਲੋਂ ਵਾਰੀ ਸਿਰ ਮਗਵਾਉਂਦੇ| ਉਹ ਪਿੰਡ ਵਿਚ ਵੀ ਘਟ ਹੀ ਜਾਂਦੇ ਸਨ| ਸਦਾ ਚੁੱਪ ਚੁੱਪ ਰਹਿੰਦੇ, ਕਦੀ ਮਤਲਬ ਦੀ ਗੱਲ ਹੀ ਕਰਦੇ ਪਰ ਪਾੜ੍ਹਿਆਂ ਨੂੰ ਬਲਾਉਣ ਵੇਲੇ ਉਹ ਵੀ Ḕਸੂਰ ਕੇ ਬੱਚੇḔ ਇਧਰ ਆ, ਨਾਲਾਇਕ ਹਰਾਮੀ ਕਿਆ ਕਰਤਾ ਹੈ?Ḕ ਜਿਹੇ ਵਿਸ਼ੇਸ਼ਣ ਜ਼ਰੂਰ ਨਾਲ ਲਾਉਂਦੇ ਸਨ| ਗੱਲ੍ਹ ਤੇ ਚੁਪੇੜ ਮਾਰਨੀ ਅਤੇ ਕੰਨ ਫੜਵਾਉਣੇ ਉਹਨਾਂ ਦੀ ਆਮ ਸਜ਼ਾ ਸੀ| ਡੰਡੇ ਦੀ ਵਰਤੋਂ ਉਹ ਕਦੀ ਕਦਾਈਂ ਹੀ ਕਰਦੇ ਸਨ| ਇਸੇ ਕਰਕੇ ਉਹਨਾਂ ਨੂੰ ਸਾਊ ਅਧਿਆਪਕ ਗਿਣਿਆ ਜਾਂਦਾ ਸੀ| ਮਾਸਟਰ ਲੇਖ ਰਾਜ ਦੇ ਪਿੰਡ ਬਾਰੇ ਤਾਂ ਪਤਾ ਨਹੀਂ, ਪਰ ਰਹਾਇਸ਼ ਉਹਨਾਂ ਪਿੰਡ ਵਿਚ ਰੱਖੀ ਹੋਈ ਸੀ| ਇੰਦਰ ਸਿੰਘ ਦੇ ਉਲਟ ਉਹ ਛੁੱਟੀ ਹੋਣ ਤੋਂ ਮਗਰੋਂ ਪਿੰਡ ਵਿਚ ਨਿਕਲ ਜਾਂਦੇ| ਜਿਨ੍ਹਾਂ ਦੇ ਮੁੰਡੇ ਪੜ੍ਹਦੇ ਹੁੰਦੇ ਉਹਨਾਂ ਦੇ ਘਰ ਜਾ ਵੜਦੇ ਅਤੇ ਉਹਨਾਂ ਨਾਲ ਗੱਲਾਂ ਮਾਰਨ ਲੱਗ ਜਾਂਦੇ| ਉਸ ਘਰੋਂ ਸੱਤੂ, ਸ਼ੱਕਰ ਦਾ ਸ਼ਰਬਤ ਜਾਂ ਲੱਸੀ ਪੀ ਕੇ ਸੱਥ ਵਿਚ ਜਾ ਬੈਠਦੇ ਅਤੇ ਵਿਹਲੜਾਂ ਨਾਲ ਗੱਲੀਂ ਜੁਟ ਜਾਂਦੇ| ਆਥਣ ਹੋਣ Ḕਤੇ ਕਿਸੇ ਹੋਰ ਘਰ ਚਲੇ ਜਾਂਦੇ ਅਤੇ ਉੱਥੋਂ ਰੋਟੀ ਖਾ ਕੇ ਆਪਣੇ ਕਮਰੇ ਵਿਚ ਜਾ ਸੌਂਦੇ| ਸ਼ਕਲ ਉਹਨਾਂ ਦੀ ਭੱਦੀ ਜਿਹੀ ਸੀ| ਲੱਤਾਂ ਛੋਟੀਆਂ ਤੇ ਉਪਰਲਾ ਧੜ ਵੱਡਾ| ਗੱਲਾਂ ਪਿਚਕਵੀਆਂ ਤੇ ਬਾਚੀ ਕੁਝ ਅਗਾਂਹ ਨੂੰ ਵਧੀ ਹੋਈ| ਮੂੰਹ ਸਿਰ ਮੁੰਨਿਆ ਹੋਇਆ ਪਰ ਸਿਰ ਉਪਰ ਕੁੱਲੇ ਵਾਲੀ ਪੱਗ ਹੁੰਦੀ| ਪਿੱਠ ਪਿੱਛੇ ਮੁੰਡੇ ਉਹਨਾਂ ਨੂੰ Ḕਬਾਂਦਰ ਮੂੰਹਾḔ ਆਖਦੇ| ਉਹਨਾਂ ਦੀ ਕੁੱਟ ਵੀ ਪੁਲਸੀਆਂ ਦੀ ਕੁੱਟ ਵਾਲੀ ਹੁੰਦੀ ਸੀ| ਹੱਥਾਂ, ਚਿੱਤੜਾਂ ਅਤੇ ਪਿੰਜਣੀਆਂ Ḕਤੇ ਡੰਡੇ ਮਾਰਨੇ| ਮੈਂ ਉਹਨਾਂ ਕੋਲੋਂ ਪੜ੍ਹਿਆ ਹਾਂ| ਪਹਿਲੀਆਂ ਦੋ ਜਮਾਤਾਂ ਤਕ ਦੀ ਕੁੱਟ ਤਾਂ ਯਾਦ ਨਹੀਂ ਪਰ ਤੀਜੀ ਜਮਾਤ ਦੀ ਕੁੱਟ ਅਜੇ ਵੀ ਯਾਦ ਹੈ| ਉਹਨਾਂ ਇਕ ਹਿਸਾਬ ਦਾ ਸਵਾਲ ਸਲੇਟਾਂ ਉਪਰ ਲਿਖਵਾ ਕੇ ਉਸ ਨੂੰ ਦੋ ਮਿੰਟ ਵਿਚ ਹੱਲ ਕਰਨ ਲਈ ਕਿਹਾ| ਮੈਨੂੰ ਸਵਾਲ ਨਹੀਂ ਸੀ ਆ ਰਿਹਾ ਤੇ ਮੈਂ ਉਂਝ ਹੀ ਸਲੇਟ ਉਪਰ ਘੋਲ-ਕੰਡੇ ਜਿਹੇ ਮਾਰੀ ਜਾ ਰਿਹਾ ਸੀ| ਦੋ ਮਿੰਟ ਬਾਅਦ ਉਹਨਾਂ ਇਕ ਦਮ ਸਲੇਟਾਂ ਮੂਧੀਆਂ ਮਾਰ ਕੇ ਰੱਖ ਦੇਣ ਲਈ ਹੁਕਮ ਸੁਣਾ ਦਿੱਤਾ| ਮੈਨੂੰ ਘੋਲ-ਕੰਡੇ ਢਾਉੇਣ ਦਾ ਮੌਕਾ ਹੀ ਨਾ ਮਿਲਿਆ ਅਤੇ ਮੈਂ ਆਪਣੀ ਸਲੇਟ ਉਵੇਂ ਹੀ ਰੱਖ ਦਿੱਤੀ| ਕਿਸੇ ਕੋਲੋਂ ਵੀ ਪੂਰਾ ਸਵਾਲ ਨਹੀਂ ਸੀ ਕੱਢਿਆ ਗਿਆ| ਹਰ ਇਕ ਨੂੰ ਇਕ, ਦੋ ਜਾਂ ਤਿੰਨ ਡੰਡੇ ਦਾ ਪ੍ਰਸ਼ਾਦ ਮਿਲਦਾ ਗਿਆ| ਜਦੋਂ ਮੇਰੀ ਵਾਰੀ ਆਈ ਤਾਂ ਸਲੇਟ ਉਪਰ ਘੋਲ-ਕੰਡੇ ਦੇਖ ਕੇ ਜਿਵੇਂ ਉਹਨਾਂ ਦਾ ਗੁੱਸਾ ਸੱਤ ਅਸਮਾਨੇ ਚੜ੍ਹ ਗਿਆ| ਉਹ ਮੇਰੇ ਸਰੀਰ Ḕਤੇ ਥਾਂ ਥਾਂ ਡੰਡੇ ਮਾਰਦੇ ਹੋਏ ਕਹਿ ਰਹੇ ਸਨ, "ਹਰਾਮਖੋਰ, ਸੂਰ ਕੇ ਬੱਚੇ, ਯੇਹ ਸਵਾਲ ਨਿਕਾਲਾ ਹੈ ਤੂ ਨੇ?" ਕਈ ਜੁਆਕ ਤਾਂ ਅਧਿਆਪਕ ਦੇ ਹੱਥ ਵਿਚ ਡੰਡਾ ਉੱਗਰਿਆ ਦੇਖ ਕੇ ਹੀ ਡਾਡਾਂ ਮਾਰਨ ਲੱਗ ਪੈਂਦੇ ਸਨ ਪਰ ਮੈਂ ਡੁੰਨ ਵੱਟਾ ਬਣਿਆ ਮਾਰ ਖਾਈ ਜਾ ਰਿਹਾ ਸਾਂ ਤੇ ਰੋ ਨਹੀਂ ਸੀ ਰਿਹਾ| ਇਕ ਡੰਡਾ ਮੇਰੀ ਲੱਤ Ḕਤੇ ਉਸ ਥਾਂ ਵੱਜਿਆ ਜਿੱਥੇ ਕੁਝ ਮਹੀਨੇ ਪਹਿਲਾਂ ਕੁੱਤੇ ਦੇ ਕੱਟਣ ਨਾਲ ਜ਼ਖਮ ਹੋ ਗਿਆ ਸੀ| ਉਸ ਜਖਮ ਉਪਰ ਭਾਵੇਂ ਖਰੀਂਡ ਆ ਗਿਆ ਸੀ ਪਰ ਅੰਦਰੋਂ ਅਜੇ ਅੱਲ੍ਹਾ ਸੀ| ਇਸ ਡੰਡੇ ਦੀ ਪੀੜ ਮੇਰੀ ਸਹਿਣ ਸ਼ਕਤੀ ਤੋਂ ਬਾਹਰ ਹੋ ਗਈ ਅਤੇ ਮੈਂ ḔਹਾਏḔ ਕਹਿ ਕੇ ਸੱਜੇ ਹੱਥ ਨਾਲ ਉਸ ਥਾਂ ਨੂੰ ਪਲੋਸਣਾ ਚਾਹਿਆ| ਇਕ ਹੋਰ ਡੰਡਾ ਉਸੇ ਥਾਂ Ḕਤੇ ਵੱਜਣ ਲਈ ਆ ਗਿਆ ਪਰ ਮੇਰਾ ਹੱਥ ਉੱਥੇ ਹੋਣ ਕਰਕੇ ਡੰਡਾ ਮੇਰੇ ਗੁੱਟ Ḕਤੇ ਵੱਜਿਆ| ਮੈਂ ਉੱਚੀ ਲੇਰ ਮਾਰੀ,"ਹਾਏ! ਨੀ ਬੇਬੇ, ਮੇਰੀ ਬਾਂਹ ਟੁੱਟ ਗੀ|"  
    ਸ਼ਾਇਦ ਉਹ ਮੈਨੂੰ ਰੁਆਉਣਾ ਹੀ ਚਾਹੁੰਦੇ ਸਨ| ਡੰਡਾ ਉਹਨਾਂ ਆਪਣੀ ਕੱਛ ਵਿਚ ਲੈ ਲਿਆ ਅਤੇ ਬੋਲੇ, "ਹਰਾਮਖੋਰ, ਕਿਆ ਖੇਖਣ ਕਰਤਾ ਹੈ| ਲਿਆ ਦੇਖੂੰ ਕਹਾਂ ਟੂਟੀ ਹੈ ਬਾਂਹ|"
     ਗੁੱਟ ਦੇ ਕੋਲ ਜਿੱਥੇ ਡੰਡਾ ਵੱਜਿਆ ਸੀ, ਉਹ ਥਾਂ ਲਾਲ ਹੋ ਗਿਆ ਸੀ| ਮੇਰਾ ਰੰਗ ਬਹੁਤਾ ਗੋਰਾ ਹੋਣ ਕਰਕੇ ਜਿੱਥੇ ਜਿੱਥੇ ਵੀ ਡੰਡੇ ਵੱਜੇ ਸਨ, ਉੱਥੇ ਹੀ ਲਾਸਾਂ ਉਭਰ ਆਈਆਂ ਸਨ| ਪਿੰਜਣੀ Ḕਤੇ ਜ਼ਖਮ ਵਾਲੇ ਥਾਂ ਡੰਡਾ ਵੱਜਣ ਕਾਰਨ, ਉੱਥੋਂ ਲਹੂ ਵੀ ਨਿਕਲ ਆਇਆ ਸੀ ਤੇ ਵਗ ਕੇ ਗਿੱਟਿਆਂ ਤੱਕ ਚਲਾ ਗਿਆ ਸੀ| ਸ਼ਾਇਦ ਉਹਨਾਂ ਦੀ ਨਜ਼ਰ ਮੇਰੀ ਲੱਤ ਉਪਰ ਪੈ ਗਈ, ਮੇਰੀ ਬਾਂਹ ਛੱਡ ਕੇ ਉਹਨਾਂ ਹੁਕਮ ਕੀਤਾ, "ਜਾਹ, ਪਹਿਲੇ ਸੂਏ ਪੇ ਟਾਂਗੇਂ ਧੋ ਕਰ ਆ|" 
    ਸੂਆ ਸਕੂਲ ਦੇ ਨਾਲ ਦੀ ਵਗਦਾ ਸੀ| ਅਸੀਂ ਆਪਣੀਆਂ ਫੱਟੀਆਂ ਏਥੇ ਹੀ ਧੋਇਆ ਕਰਦੇ ਸੀ ਅਤੇ ਗਰਮੀਆਂ ਵਿਚ ਉੱਥੇ ਨਹਾਇਆ ਵੀ ਕਰਦੇ ਸਾਂ| ਮੈਂ ਕੁਝ ਦੇਰ ਲੱਤਾਂ ਲਮਕਾ ਕੇ ਸੂਏ ਦੀ ਪਟੜੀ Ḕਤੇ ਬੈਠਾ ਆਪਣੀ ਬਾਂਹ ਨੂੰ ਪਲੋਸਦਾ ਰਿਹਾ| ਗੁੱਟ ਦੇ ਨੇੜਿਉਂ ਬਾਂਹ ਉਪਰ ਸੋਜ਼ ਆ ਗਈ ਸੀ| ਲੱਤ ਵਿਚੋਂ ਲਹੂ ਸਿੰਮਣੋ ਹਟ ਗਿਆ ਸੀ ਪਰ ਬਾਂਹ ਵਿਚ ਦਰਦ ਉਵੇਂ ਹੋ ਰਿਹਾ ਸੀ| ਮੇਰਾ ਸਕੂਲ ਵੜਨ ਨੂੰ ਜੀਅ ਨਹੀਂ ਸੀ ਕਰਦਾ ਪਰ ਅਧਿਆਪਕ ਦੀ ਹੋਰ ਕੁੱਟ ਤੋਂ ਡਰਦਾ ਖੱਬੇ ਹੱਥ ਨਾਲ ਸੱਜਾ ਗੁੱਟ ਫੜ ਕੇ ਹੌਲ਼ੀ ਹੌਲ਼ੀ ਤੁਰਦਾ ਵਾਪਸ ਸਕੂਲ ਅੰਦਰ ਆ ਗਿਆ| ਮੈਨੂੰ ਹੌਲ਼ੀ ਤੁਰਦਾ ਦੇਖ ਮਾਸਟਰ ਜੀ ਕੜਕੇ, "ਐਸੇ ਕਿਉਂ ਚਲਤਾ ਹੈ, ਗੱਭਣ ਤੀਵੀਂ ਕੀ ਮਾਫਕ, ਦੌੜ ਕਰ ਆ|" ਪਰ ਮੈਂ ਆਪਣੀ ਚਾਲ ਬਦਲੀ ਨਾ, ਕਿਉਂਕਿ ਜੇ ਮੈਂ ਬਾਂਹ ਲਮਕਾ ਕੇ ਤੇਜ ਤੁਰਦਾ ਸੀ ਤਾਂ ਬਹੁਤੀ ਪੀੜ ਹੁੰਦੀ ਸੀ| ਮੈਂ ਅਜੇ ਵੀ ਡੁਸਕੀ ਜਾ ਰਿਹਾ ਸੀ| ਉਹਨਾਂ ਫਿਰ ਦਬਕਾ ਮਾਰਿਆ, "ਹਰਾਮਖੋਰ, ਕਿਉਂ ਰੋਤਾ ਹੈ, ਕਿਆ ਬਾਪ ਮਰ ਗਿਆ ਹੈ?"
"ਜੀ, ਬਾਂਹ Ḕਚ ਬਹੁਤੀ ਪੀੜ ਹੁੰਦੀ ਐ|" ਮੈਂ ਡੁਸਕਦੇ ਹੋਏ ਕਿਹਾ| 
    ਉਹਨਾਂ ਮੇਰਾ ਗੁੱਟ ਫੜ ਕੇ ਦੇਖਿਆ| ਬਾਂਹ Ḕਤੇ ਸੋਜ ਆਈ ਦੇਖ, ਮਾਸਟਰ ਜੀ ਨੂੰ ਦਬਕੇ ਭੁੱਲ ਗਏ| ਉਹਨਾਂ ਮੇਰੇ ਬਸਤੇ ਨਾਲੋਂ ਚੱਪ ਕੁ ਚੌੜੀ ਲੀਰ ਪਾੜ ਲਈ| (ਉਨ੍ਹੀ ਦਿਨੀਂ ਪਾੜ੍ਹੇ ਕਿਤਾਬਾਂ ਝੋਲਿਆਂ ਜਾਂ ਬੈਗਾਂ ਵਿਚ ਪਾ ਕੇ ਨਹੀਂ ਸੀ ਸਕੂਲ ਆਉਂਦੇ| ਖੱਦਰ ਦਾ ਇਕ ਚੌਰਸ ਟੁਕੜਾ ਰੰਗ ਕੇ ਉਸ ਵਿਚ ਸਲੇਟ, ਤਿੰਨ ਕਿਤਾਬਾਂ, (ਹਿਸਾਬ, ਉਰਦੂ, ਤਾਰੀਖ ਜੁਗਰਾਫੀਆ) ਅਤੇ ਕਲਮ ਦਵਾਤ ਬੰਨ੍ਹ ਕੇ ਲਿਜਾਂਦੇ ਸੀ| ਬਸਤਾ ਫੱਟੀ Ḕਤੇ ਰੱਖਿਆ ਹੁੰਦਾ ਸੀ| ਹਰ ਜਮਾਤ ਦੇ ਬਸਤੇ ਦਾ ਰੰਗ ਅੱਡ ਅੱਡ ਹੁੰਦਾ ਸੀ|) ਅਧਿਆਪਕ ਨੇ ਉਹ ਲੀਰ ਮੇਰੇ ਗੁੱਟ Ḕਤੇ ਬੰਨ੍ਹ ਕੇ ਮੈਨੂੰ ਘਰ ਤੋਰ ਦਿੱਤਾ ਅਤੇ ਨਾਲ ਹੀ ਪੁਚਕਾਰ ਕੇ ਕਿਹਾ, "ਪੁੱਤਰ, ਘਰ ਜਾ ਕੇ ਇਹ ਕਹਿਣਾ ਕਿ ਮੈਂ ਡਿੱਗ ਪਿਆ ਸੀ, ਬਾਂਹ Ḕਤੇ ਤਾਂ ਸੱਟ ਲੱਗੀ ਐ|" ਹੁਣ ਮਾਸਟਰ ਜੀ ਨੂੰ ਉਰਦੂ ਬੋਲਣਾ ਵੀ ਭੁੱਲ ਗਿਆ ਸੀ ਸ਼ਾਇਦ|
    ਮੈਂ ਘਰ ਜਾ ਕੇ ਸੱਚੀ ਗੱਲ ਦੱਸ ਦਿੱਤੀ| ਮਾਂ ਨੇ ਮੇਰਾ ਗੁੱਟ ਧਿਆਨ ਨਾਲ ਦੇਖਿਆ ਤੇ ਉਂਗਲਾਂ ਹਿਲਾਉਣ ਲਈ ਕਿਹਾ| ਉਂਗਲਾਂ ਹਿੱਲ ਰਹੀਆਂ ਸਨ| Ḕਟੁੱਟਣੋ ਬੱਚ ਗਈ, ਹੱਡੀ ਤਿੜਕੀ ਐḔ ਕਹਿ ਕੇ, ਮਾਂ ਨੇ ਪਹਿਲਾਂ ਪੋਣੇ ਵਿਚ ਗਰਮ ਸੁਆਹ ਪਾ ਕੇ ਬਾਂਹ ਉਪਰ ਸੇਕ ਦਿੱਤਾ ਅਤੇ ਫੇਰ ਹੋਰ ਮੋਟੇ ਲੀੜੇ ਦੀ ਪੱਟੀ ਬੰਨ੍ਹ ਕੇ ਬਾਂਹ ਬੰਗਣੇ ਪਾ ਦਿੱਤੀ| ਮੈਂ ਕਈ ਦਿਨ ਬਾਂਹ ਨੂੰ ਬੰਗਣਾ ਪਾਈ ਰੱਖਿਅ ਤੇ ਸਕੂਲ ਨਹੀਂ ਸੀ ਗਿਆ| ਮਾਂ ਨੇ ਸਕੂਲ ਜਾ ਕੇ ਮਾਸਟਰਾਂ ਨੂੰ ਕੋਈ ਉਲਾਹਮਾ ਨਹੀਂ ਸੀ ਦਿੱਤਾ ਅਤੇ ਨਾ ਹੀ ਉਹਨਾਂ ਲਈ ਕੋਈ ਮੰਦਾ ਸ਼ਬਦ ਬੋਲਿਆ, ਸਗੋਂ ਉਸ ਮੈਨੂੰ ਹੀ ਕਿਹਾ ਸੀ, Ḕਤੂੰ ਪੜ੍ਹਦਾ ਕਿਉਂ ਨਹੀਂ ਹੁੰਦਾ! ਜੇ ਪੜ੍ਹਿਆ ਕਰੇਂ ਤਾਂ ਕੁੱਟ ਤਾਂ ਨਾ ਖਾਇਆ ਕਰੇਂ|Ḕ
    ਆਥਣੇ ਘਰ ਆਏ ਮੇਰੇ ਬਾਪ ਨੂੰ ਮਾਂ ਨੇ ਦੱਸਿਆ, "ਜਰਨੈਲ ਮ੍ਹਾਟਰ ਕੋਲੋਂ ਗੁੱਟ ਤੁੜਵਾ ਲਿਆਇਐ ਅੱਜ|" ਮੇਰੇ ਬਾਪ ਨੇ ਬੱਸ ਇੰਨਾ ਹੀ ਕਿਹਾ, Ḕਇੱਲਤਾਂ ਕਰਦਾ ਹੋਊ|Ḕ ਉਹ ਹੋਰ ਕੁਝ ਨਹੀਂ ਸੀ ਬੋਲਿਆ| ਉਦੋਂ ਬਹੁਤ ਹੀ ਘੱਟ ਮਾਪੇ ਸਕੂਲਾਂ ਵਿਚ ਉਲਾਹਮੇ ਦੇਣ ਜਾਂਦੇ ਸਨ| ਮਾਪਿਆਂ ਦੀ ਧਾਰਨਾ ਤਾਂ ਇਹ ਹੁੰਦੀ ਸੀ ਕਿ Ḕਮੁੰਡਾ ਤੇ ਰੰਬਾ ਚੰਡਿਆ ਹੀ ਠੀਕ ਰਹਿੰਦਾ ਹੈ|Ḕ ਇਸ ਦੇ ਉਲਟ ਜਿਹੜਾ ਪਾੜ੍ਹਾ ਬਹੁਤੀਆਂ ਸ਼ਰਾਰਤਾਂ ਕਰਦਾ ਤੇ ਅਧਿਆਪਕਾਂ ਨੂੰ ਟਿੱਚ ਸਮਝਦਾ, ਮਾਸਟਰ ਉਸ ਦੀ ਸ਼ਕਾਇਤ ਜ਼ਰੂਰ ਮਾਪਿਆਂ ਕੋਲ ਕਰ ਦਿੰਦੇ ਸਨ| ਪਰ ਅਜੇਹਾ ਸਮਾਂ ਘੱਟ ਹੀ ਆਉਂਦਾ ਸੀ| ਉਂਜ ਇਕ ਵਾਰ ਮੇਰੀ ਵੀ ਸ਼ਕਾਇਤ ਹੋ ਗਈ ਸੀ|  
   ਮਾਸਟਰ ਲੇਖ ਰਾਜ ਕੋਲੋਂ ਮੈਂ ਪੜ੍ਹਦਾ ਤੇ ਡਰਦਾ ਜ਼ਰੂਰ ਸਾਂ ਪਰ ਮੇਰੇ ਦਿਲ ਵਿਚ ਉਹਨਾਂ ਲਈ ਕੋਈ ਸਤਿਕਾਰ ਪੈਦਾ ਨਾ ਹੋ ਸਕਿਆ| ਮੇਰੀ ਬਾਂਹ ਦੀ ਸੱਟ ਤੋਂ ਦੋ ਕੁ ਮਹੀਨੇ ਮਗਰੋਂ ਦੀ ਗੱਲ ਹੈ| ਛੁੱਟੀ ਵਾਲੇ ਦਿਨ ਅਸੀਂ ਪਿਪਲੀ ਹੇਠਾਂ ਬਾਂਦਰ ਕਿੱਲਾ ਖੇਡ ਰਹੇ ਸੀ| ਸਾਡੇ ਕੋਲ ਦੀ ਮਾਸਟਰ ਲੇਖ ਰਾਜ ਲੰਘ ਗਏ| ਮੈਂ ਆਪਣੇ ਨਾਲ ਦੇ ਮੁੰਡੇ, ਜਿਹੜਾ ਸਕੂਲ ਵਿਚ ਨਹੀਂ ਸੀ ਪੜ੍ਹਦਾ, ਨੂੰ ਕਿਹਾ, "ਅਹੁ ਜਾਂਦੈ ਭੈਣ ਦੇਣਾ ਬਾਂਦਰ ਮੂੰਹਾਂ, ਜੀਹਨੇ ਮੇਰੀ ਬਾਂਹ ਤੋੜੀ ਸੀ|" ਮੁੰਡਿਆਂ ਨੇ ਜਿਹੜੇ ਛਿੱਤਰ ਖੇਡਣ ਵਾਸਤੇ ਇਕੱਠੇ ਕੀਤੇ ਸੀ, ਐਵੇਂ ਹਵਾ ਵਿਚ ਹੀ ਚਲਾ ਦਿੱਤੇ ਕਿਉਂਕਿ ਉਹ ਤਾਂ ਦੂਰ ਨਿਕਲ ਗਏ ਸਨ| ਸ਼ਰਾਰਤੀ ਮੁੰਡੇ ਪਿੱਠ ਪਿੱਛੇ ਉਹਨਾਂ ਨੂੰ Ḕਬਾਂਦਰ ਮੂਹਾḔ ਕਹਿ ਕੇ ਲੁਕ ਜਾਂਦੇ ਸੀ| ਅਗਲੇ ਦਿਨ ਜਦੋਂ ਸਕੂਲ ਗਿਆ ਤਾਂ ਮਾਸਟਰ ਲੇਖ ਰਾਜ ਨੇ ਬਿਨਾਂ ਕਿਸੇ ਕਾਰਨ ਹੀ ਬੜੀ ਦੇਰ ਮੇਰੇ ਕੰਨ ਫੜਵਾਈ ਰੱਖੇ| ਮੇਰੇ ਵੱਲੋਂ ਕੱਢੀ ਗਾਲ੍ਹ ਤੇ ਛਿੱਤਰ ਚਲਾਉਣ ਬਾਰੇ ਸ਼ਾਇਦ ਸਾਡੇ ਵਿਚੋਂ ਹੀ ਕਿਸੇ ਮੁੰਡੇ ਨੇ ਸ਼ਕਾਇਤ ਲਾ ਦਿੱਤੀ ਹੋਵੇ| ਉਹਨਾਂ ਮੇਰੇ ਬਾਬੇ ਨੂੰ ਵੀ ਉਲਾਹਮਾ ਦਿੱਤਾ, "ਉਹ, ਜਿਹੜਾ ਥੋਡਾ ਰਿੱਛ ਐ। ਉਹ ਮੈਨੂੰ ਸਿੱਧੀਆਂ ਗਾਲ੍ਹਾਂ ਕੱਢਦਾ| ਉਹਨੇ ਪੜ੍ਹਨਾ ਤਾਂ ਹੈ ਨਹੀਂ, ਉਹਨੂੰ ਮੱਝਾਂ ਮਗਰ ਲਾਉ|" ਬਾਬੇ ਨੇ ਪਹਿਲਾਂ ਮੈਨੂੰ ਝਿੜਕਿਆ ਅਤੇ ਫਿਰ ਸਾਡੇ ਘਰਦਿਆਂ ਨੂੰ ਮੇਰੀ ਕਰਤੂਤ ਬਾਰੇ ਦੱਸਿਆ| ਮੇਰੇ ਬਾਪ ਨੇ ਮੈਨੂੰ ਕੁਝ ਨਹੀਂ ਕਿਹਾ ਪਰ ਮਾਂ ਕੋਲੋਂ ਜਰੂਰ ਝਿੜਕਾਂ ਮਿਲੀਆਂ| ਮੈਂ ਮੱਝਾਂ ਮਗਰ ਜਾਣ ਦੀ ਥਾਂ ਢੀਠ ਬਣ ਕੇ ਸਕੂਲ ਜਾਂਦਾ ਰਿਹਾ ਅਤੇ ਲੇਖ ਰਾਜ ਤੋਂ ਕੁੱਟ ਖਾਂਦਾ ਰਿਹਾ| ਮੈਂ ਸਕੂਲ ਨਾ ਛੱਡਿਆ ਪਰ ਕੁਝ ਸਮੇਂ ਬਾਅਦ ਉਹਨਾਂ ਦੀ ਬਦਲੀ ਹੋ ਗਈ ਅਤੇ ਉਹ ਸਕੂਲ ਛੱਡ ਕੇ ਚਲੇ ਗਏ| ਉਹਨਾਂ ਦੀ ਥਾਂ ਮੇਰੇ ਚਾਚਾ ਜੀ, ਮਾਸਟਰ ਪਾਖਰ ਸਿੰਘ ਆ ਗਏ ਅਤੇ ਸਾਡੀ ਜਮਾਤ ਮਾਸਟਰ ਇੰਦਰ ਸਿੰਘ ਕੋਲ ਚਲੀ ਗਈ|
     ਮਾਸਟਰਾਂ ਦੀ ਕੁੱਟ ਨੂੰ ਬਹੁਤਾ ਗੌਲ਼ਿਆ ਨਹੀਂ ਸੀ ਜਾਂਦਾ| Ḕਦੋ ਪਈਆਂ, ਵਿੱਸਰ ਗਈਆਂḔ ਵਾਲੀ ਗੱਲ ਹੁੰਦੀ ਸੀ ਪਰ ਜਦੋਂ ਕੋਈ ਮੁੰਡਾ ਮਾਸਟਰ ਦੇ ਕਹੇ ਕਿਸੇ ਦੂਜੇ ਮੁੰਡੇ ਨੂੰ ਚੁਪੇੜਾਂ ਮਾਰਦਾ ਸੀ ਤਾਂ ਉਸ ਨੂੰ ਸਹਿਣ ਨਹੀਂ ਸੀ ਕੀਤਾ ਜਾਂਦਾ| ਇਕ ਵਾਰ ਮਾਸਟਰ ਇੰਦਰ ਸਿੰਘ ਨੇ ਇਕ ਸਵਾਲ ਹੱਲ ਕਰਨ ਲਈ ਦਿੱਤਾ ਮੇਰੇ ਤੇ ਲਾਭੇ ਤੋਂ ਬਿਨਾਂ ਬਾਕੀ ਸਾਰੀ ਜਮਾਤ ਨੇ ਸਹੀ ਸਵਾਲ ਕੱਢਿਆ| ਮਾਸਟਰ ਨੇ ਸਾਨੂੰ ਇਹ ਸਜ਼ਾ ਦਿੱਤੀ ਕਿ ਅਸੀਂ ਇਕ ਦੂਜੇ ਦੇ ਦੋ ਦੋ ਚੁਪੇੜਾਂ ਮਾਰੀਏ| ਮੈਂ ਲਾਭੇ ਨੂੰ ਹੌਲ਼ੀ ਜਿਹੇ ਕਿਹਾ ਕਿ ਚੁਪੇੜਾਂ ਪੋਲੀਆਂ ਮਾਰਨੀਆਂ ਹਨ| ਪਹਿਲਾਂ ਮੈਂ ਉਸ ਦੇ ਪੋਲੇ ਜਿਹੇ ਦੋ ਚੁਪੇੜਾਂ ਮਾਰ ਦਿੱਤੀਆਂ ਪਰ ਲਾਭੇ ਨੇ ਮੇਰੇ ਪੂਰੇ ਜੋਰ ਨਾਲ ਚੁਪੇੜਾਂ ਮਾਰੀਆਂ| ਮੈਨੂੰ ਉਸ ਉਪਰ ਗੁੱਸਾ ਬਹੁਤ ਆਇਆ ਤੇ ਇਸ ਦਾ ਬਦਲਾ ਲੈਣ ਲਈ, ਸਾਰੀ ਛੁੱਟੀ ਮਗਰੋਂ, ਰਾਹ ਵਿਚ ਤੁਰੇ ਜਾਂਦੇ ਦੇ ਮੈਂ ਢੂਈ Ḕਚ ਫੱਟੀ ਮਾਰ ਕੇ ਭੱਜ ਗਿਆ ਪਰ ਘਰਾਂ Ḕਚੋਂ ਮੇਰੇ ਚਚੇਰੇ ਭਰਾ, ਪ੍ਰੀਤੂ ਨੇ ਮੈਨੂੰ ਫੜ ਲਿਆ| ਮੈਂ ਉਸ ਦੇ ਵੀ ਫੱਟੀ ਜੜ ਦਿੱਤੀ| ਜਦੋਂ ਨੂੰ ਲਾਭਾ ਮੇਰੇ ਨੇੜੇ ਆਇਆ ਤਾਂ ਮੇਰੇ ਆੜੀ ਲਾਲ ਦੀਨ ਨੇ ਉਸ ਦੇ ਚਿੱਤੜਾਂ Ḕਤੇ ਤਿੰਨ ਚਾਰ ਟੇਢੇ ਲੋਟ ਫੱਟੀਆਂ ਮਾਰੀਆਂ, ਜਿਸ ਕਾਰਨ ਲਾਭੇ ਦੀਆਂ ਲੇਰਾਂ ਨਿਕਲ ਗਈਆਂ| ਅਸੀਂ ਭੱਜ ਕੇ ਮੁੜ ਸਕੂæਲ ਚਲੇ ਗਏ| ਲਾਲ ਦੀਨ ਨੇ ਝੂਠੀ ਮੂਠੀ ਰੋਂਦੇ ਹੋਏ ਮਾਸਟਰ ਇੰਦਰ ਸਿੰਘ ਕੋਲ ਸ਼ਕਾਇਤ ਲਾ ਦਿੱਤੀ ਕਿ ਲਾਭੇ ਹੁਰਾਂ ਨੇ ਸਾਨੂੰ ਕੁੱਟਿਆ ਹੈ| ਇੰਨੇ ਨੂੰ ਲਾਭਾ ਵੀ ਲੇਰਾਂ ਮਾਰਦਾ ਆ ਗਿਆ ਤੇ ਉਸ ਦੇ ਨਾਲ ਪ੍ਰੀਤੂ ਵੀ ਸੀ| ਮਾਸਟਰ ਨੇ ਬਿਨਾਂ ਕੋਈ ਪੁੱਛ ਪੜਤਾਲ  ਕੀਤਿਆਂ, ਸਾਡੇ ਚਾਰਾਂ ਦੇ ਕੰਨ ਫੜਾ ਦਿੱਤੇ| ਲੱਤਾਂ ਹੇਠ ਦੀ ਮੈਂ ਤੇ ਲਾਲ ਦੀਨ ਇਕ ਦੂਜੇ ਨੂੰ ਦੇਖ ਦੇਖ ਮੁਸਕੜੀਏਂ ਹੱਸਦੇ ਰਹੇ|
    ਲਾਲ ਦੀਨ ਮੇਰਾ ਆੜੀ ਸੀ| ਆੜੀ ਮੇਰਾ ਬਸ਼ੀਰਾ ਵੀ ਸੀ, ਬੁਸ਼ੀਰ ਮੁਹੰਮਦ| ਲਾਲ ਦੀਨ ਜੁਲਾਹਿਆਂ ਦਾ ਮੁੰਡਾ ਸੀ, ਪੱਕੇ  ਰੰਗ ਦਾ ਗਿੱਠੂ ਜਿਹਾ, ਸਿਰ Ḕਤੇ ਪੱਗ ਬੰਨ੍ਹਦਾ| ਬਸ਼ੀਰਾ ਸ਼ੇਖ਼ਾਂ ਦਾ ਮੁੰਡਾ ਸੀ, ਗੋਰਾ ਰੰਗ, ਕੱਦ ਵਿਚ ਮੇਰੇ ਨਾਲੋਂ ਉੱਚਾ ਅਤੇ ਸਿਰ Ḕਤੇ ਗੋਲ ਟੋਪੀ ਲੈਂਦਾ| ਮੁਸਲਮਾਨਾਂ ਦੇ ਇਹੋ ਦੋ ਮੁੰਡੇ ਸਾਡੀ ਜਮਾਤ ਵਿਚ ਪੜ੍ਹਦੇ ਸਨ| ਇਹ ਤੱਪੜ ਦੇ ਅਖੀਰ Ḕਤੇ ਬੈਠਦੇ ਸਨ| ਦੂਜੀਆਂ ਜਮਾਤਾਂ ਵਿਚ ਵੀ ਮੁਸਲਮਾਨਾਂ ਦੇ ਮੁੰਡੇ ਤੱਪੜਾਂ Ḕਤੇ ਪਿੱਛੇ ਹੀ ਬੈਠਦੇ ਸਨ| ਸਾਡਾ ਖਾਣ ਪੀਣ ਭਾਵੇਂ ਮੁਸਮਾਨ ਮੁੰਡਿਆਂ ਤੋਂ ਵੱਖਰਾ ਸੀ ਪਰ ਅਸੀਂ ਪੜ੍ਹਦੇ, ਖੇਡਦੇ ਤੇ ਲੜਦੇ ਇਕੱਠੇ ਸਾਂ| ਅਸੀਂ ਤਾਂ ਮਾਸਟਰਾਂ ਕੋਲੋਂ ਕੁੱਟ ਵੀ ਇਕੱਠੇ ਖਾਂਦੇ ਸੀ| ਹਿਸਾਬ ਵਿਚ ਕਮਜ਼ੋਰ ਹੋਣ ਕਰਕੇ ਮੈਂ ਵੀ ਪਿੱਛੇ ਬੈਠਣ ਵਾਲਿਆਂ ਵਿਚ ਹੀ ਸੀ ਪਰ ਬਸ਼ੀਰੇ ਤੇ ਲਾਲ ਦੀਨ ਤੋਂ ਅੱਗੇ ਬੈਠਦਾ ਸਾਂ| ਇਸੇ ਕਰਕੇ ਮੇਰੀ ਉਹਨਾਂ ਨਾਲ ਆੜੀ ਪੈ ਗਈ ਸੀ| ਜਦੋਂ ਬਸ਼ੀਰੇ ਨੂੰ ਸੁੰਨਤ ਬਿਠਾਇਆ ਗਿਆ ਤਾਂ ਅਸੀਂ ਕਈ ਮੁੰਡੇ ਉਹਨਾਂ ਦੇ ਘਰ ਗਏ ਸੀ| ਉਹਨਾਂ ਸਾਨੂੰ ਖਾਣ ਲਈ ਕਾਗਜ਼ਾਂ Ḕਤੇ ਪਾ ਕੇ ਪੀਲ਼ੇ ਮਿੱਠੇ ਚੌਲ਼ ਦਿੱਤੇ| ਦੂਜੇ ਮੁੰਡਿਆਂ ਨੇ ਤਾਂ ਉਹ ਚੌਲ਼ ਰਾਹ ਵਿਚ ਹੀ ਸੁੱਟ ਦਿੱਤੇ ਸਨ ਪਰ ਮੈਂ ਉਹ ਚੌਲ਼ ਖਾ ਲਏ| ਬੜੇ ਹੀ ਸਵਾਦੀ ਚੌਲ਼ ਸਨ| ਘਰ ਵਿਚ ਅਜੇਹੇ ਸਵਾਦੀ ਚੌਲ਼ ਪਹਿਲਾਂ ਕਦੀ ਨਹੀਂ ਸੀ ਖਾਧੇ| ਮੇਰਾ ਤਾਂ ਹੋਰ ਚੌਲ਼ ਖਾਣ ਨੂੰ ਜੀਅ ਕਰਦਾ ਸੀ ਪਰ ਸੰਗਦਾ ਹੋਰ ਮੰਗ ਨਹੀਂ ਸੀ ਸਕਦਾ| ਮੇਰੇ ਨਾਲ ਦੇ ਮੁੰਡਿਆਂ ਨੇ ਸਾਡੇ ਘਰ ਦੱਸ ਦਿੱਤਾ ਕਿ ਮੈਂ ਮੁਸਲਮਾਨਾਂ ਦੇ ਘਰੋਂ ਚੌਲ਼ ਖਾ ਕੇ ਆਇਆਂ ਹਾਂ| ਮਾਂ ਨੇ ਗਾਲ੍ਹਾਂ ਨਾਲ ਮੈਨੂੰ ਚੰਗਾ ਵਰਸਾਜਿਆ ਪਰ ਹੁਣ ਚੌਲ਼ ਢਿੱਡ ਵਿਚੋਂ ਤਾਂ ਨਿਕਲ ਨਹੀਂ ਸੀ ਸਕਦੇ| ਹਾਂ! ਮਾਂ ਨੇ ਮੇਰੇ ਕੋਲੋਂ ਕੁਰਲੀਆਂ ਕਰਵਾ ਕੇ ਮੈਨੂੰ ਨਹਾਉਣ ਲਈ ਜ਼ਰੂਰ ਮਜਬੂਰ ਕੀਤਾ ਸੀ| ਮੈਨੂੰ ਅਜੇਹੇ ਵਿਤਕਰੇ ਦੀ ਉਸ ਸਮੇਂ ਕੋਈ ਸਮਝ ਨਹੀਂ ਸੀ ਆਈ ਕਿ ਅਸੀਂ ਮੁਸਲਮਾਨਾਂ ਜਾਂ ਮਜ਼੍ਹਬੀਆਂ ਦੇ ਘਰਾਂ ਦਾ ਖਾਣਾ ਕਿਉਂ ਨਹੀਂ ਸੀ ਖਾ ਸਕਦੇ, ਅਤੇ ਉਹ ਸਾਡੇ ਘਰਾਂ ਵਿਚੋਂ ਕਿਉਂ ਖਾ ਲੈਂਦੇ ਹਨ| ਬੱਸ ਵੱਡਿਆਂ ਦੀ ਰੀਸੇ ਲਕੀਰ ਦੇ ਫਕੀਰ ਬਣੇ ਉਹੋ ਕੁਝ ਹੀ ਕਰਦੇ ਕਰਾਉਂਦੇ ਸੀ, ਜਿਵੇਂ ਵੱਡਿਆਂ ਨੂੰ ਦੇਖਦੇ ਸੀ| ਜੇ ਕੋਈ ਲਕੀਰ ਤੋਂ ਪਾਸੇ ਹੋਣ ਦੀ ਦਲੇਰੀ ਕਰਦਾ ਸੀ ਤਾਂ ਉਸ ਨੂੰ ਸਜ਼ਾ ਮਿਲਦੀ ਸੀ| 
    ਸਜ਼ਾ ਤਾਂ ਸਕੂਲ ਵਿਚ ਹੋਰਨਾ ਕਾਰਨਾਂ ਕਰਕੇ ਵੀ ਮਿਲਦੀ ਸੀ| ਸਕੂਲ ਵਿਚ ਸਫਾਈ ਕਰਮਚਾਰੀ ਕੋਈ ਨਹੀਂ ਸੀ ਰੱਖਿਆ ਹੋਇਆ| ਪੰਜ ਸੱਤ ਮੁੰਡੇ ਵਾਰੀ ਸਿਰ ਸੁਬ੍ਹਾ ਸਵੇਰੇ ਸਾਰੇ ਸਕੂਲ ਨੂੰ ਸੰਬਰਦੇ ਸਨ| ਇਕ ਹਫਤਾ ਪਹਿਲਾਂ ਹੀ ਡਿਉਟੀਆਂ ਲੱਗ ਜਾਂਦੀਆਂ| ਜਿਹੜਾ ਮੁੰਡਾ ਸਫਾਈ ਕਰਨ ਤੋਂ ਟਾਲ਼ਾ ਵੱਟ ਜਾਂਦਾ, ਉਸ ਨੂੰ ਕੰਨ ਫੜਵਾ ਕੇ ਡੰਡਿਆਂ ਦੀ ਸਜ਼ਾ ਮਿਲਦੀ ਸੀ ਅਤੇ ਨਾਲ ਹੀ ਸੰਬਰੇ ਹੋਏ ਸਾਰੇ ਸਿਹਨ ਨੂੰ ਦੋਬਾਰਾ ਸੰਬਰਨਾ ਪੈਂਦਾ ਸੀ| ਜੇ ਉਹ ਉਸ ਦਿਨ ਸਕੂਲ ਨਹੀਂ ਸੀ ਆਉਂਦਾ ਜਾਂ ਅਗਲੇ ਤੋਂ ਅਗਲੇ ਦਿਨ ਵੀ ਨਹੀਂ ਸੀ ਆਉਂਦਾ ਤਾਂ ਵੀ ਸਫਾਈ ਵਾਲਾ ਕੰਮ ਉਸ ਨੂੰ ਕਰਨਾ ਹੀ ਪੈਂਦਾ ਸੀ, ਜਿਸ ਦਿਨ ਵੀ ਉਹ ਸਕੂਲ ਆਉਂਦਾ| ਇਸ ਕਰਕੇ ਮੁੰਡੇ ਘੱਟ ਹੀ ਟਾਲ਼ਾ ਵੱਟਦੇ ਸਨ| ਮੈਂ ਵੀ ਸਕੂਲ ਦੀ ਸਫਾਈ ਤੋਂ ਕਦੀ ਟਾਲ਼ਾ ਨਹੀਂ ਸੀ ਵੱਟਿਆ|
    ਜੇ ਅਧਿਆਪਕ ਪਾੜ੍ਹਿਆਂ ਨੂੰ ਸਜ਼ਾ ਦਿੰਦੇ ਸਨ ਤਾਂ ਆਪ ਵੀ ਸਜ਼ਾਵਾਂ ਤੋਂ ਬਹੁਤ ਡਰਦੇ ਸਨ| ਉਹਨਾਂ ਨੂੰ ਡਰ ਉਪਰਲੇ ਅਫਸਰਾਂ ਦਾ ਹੁੰਦਾ ਸੀ| ਤਹਿਸੀਲ ਦੇ ਸਕੂਲ ਇਨਸਪੈਕਟਰ ਨੂੰ Ḕਏæਡੀæ ਆਈæḔ ਕਿਹਾ ਜਾਂਦਾ ਸੀ ਅਤੇ ਜ਼ਿਲਾ ਇਨਸਪੈਕਟਰ ਨੂੰ ḔਡੀæਆਈæḔ ਪਰ ਪਾੜ੍ਹੇ ਤੇ ਆਮ ਪਿੰਡਾਂ ਵਾਲੇ ਉਹਨਾਂ ਨੂੰ ḔਬਾਬੂḔ ਕਹਿੰਦੇ ਸਨ| ਡੀæਆਈæ ਕਦੀ ਵੀ ਸਾਡੇ ਸਕੂਲ ਵਿਚ ਨਹੀਂ ਸੀ ਆਇਆ| ਪਰ ਏੇæਡੀæਆਈæ (ਬਾਬੂ) ਦੇ ਚੱਕਰ ਲੱਗਦੇ ਹੀ ਰਹਿੰਦੇ ਸਨ| ਇਨਸਪੈਕਟਰ ਦੇ ਸਕੂਲ ਨਰੀਖਣ ਨੂੰ Ḕਬਾਬੂ ਦਾ ਮੁਆਇਨਾ ਕਰਨ ਆਉਣਾḔ ਕਹਿੰਦੇ ਸਨ| ਜਦੋਂ ਉਹ ਪੱਕੀ ਤ੍ਰੀਕ ਦੱਸ ਕੇ ਨਰੀਖਣ ਕਰਨ ਆਉਂਦਾ ਸੀ, ਉਸ ਨੂੰ ਪੱਕਾ ਮਆਇਨਾḔ ਕਿਹਾ ਜਾਂਦਾ ਸੀ ਅਤੇ ਜਦੋਂ ਉਹ ਅਚਨਚੇਤ ਹੀ ਛਾਪਾ ਮਾਰਦਾ ਸੀ, ਉਸ ਨੂੰ Ḕਕੱਚਾ ਮੁਆਇਨਾḔ ਕਿਹਾ ਜਾਂਦਾ ਸੀ| ਸਕੂਲ ਵਿਚ ਅਚਨਚੇਤ ਪਏ ਛਾਪੇ ਵੇਲ਼ੇ ਤਾਂ ਅਧਿਆਪਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ| ਸਕੂਲ ਵਿਚ ਬਾਬੂ ਦੇ ਆਉਣ ਦੀਆਂ ਦੋ ਝਲਕੀਆਂ ਯਾਦ ਆ ਰਹੀਆਂ ਹਨ| ਮੈਂ ਉਦੋਂ ਤੀਸਰੀ ਜਮਾਤ ਵਿਚ ਪੜ੍ਹਦਾ ਸੀ| ਗਰਮੀ ਦੀਆਂ ਛੁੱਟੀਆਂ ਲੰਘੀਆਂ ਨੂੰ ਥੋੜੇ ਦਿਨ ਹੀ ਹੋਏ ਸਨ| ਅਸੀਂ ਸਾਰੀ ਜਮਾਤ ਸੂਏ ਤੋਂ ਫੱਟੀਆਂ ਪੋਚ ਕੇ, ਅੰਜੀਰ ਦੇ ਬੂਟੇ ਕੋਲ ਖੜ੍ਹੇ, ਫੱਟੀਆਂ ਘੁਮਾਉਂਦੇ ਹੋਏ Ḕਸੂਰਜਾ ਸੂਰਜਾ ਫੱਟੀ ਸੁਕਾ, ਨਹੀਂ ਸਕਾਉਣੀਂ ਘਰ ਨੂੰ ਜਾਹḔ ਦਾ ਰਾਗ ਅਲਾਪ ਰਹੇ ਸੀ| ਕਈ ਮੁੰਡੇ ਸਕੂਲ ਦੇ ਵਿਹੜੇ ਵਿਚ ਖੇਡ ਰਹੇ ਸਨ| ਘੋੜੇ Ḕਤੇ ਚੜ੍ਹਿਆ ਚੜ੍ਹਾਇਆ ਇਕ ਬੰਦਾ ਸਕੂਲ ਦਾ ਗੇਟ ਲੰਘ ਆਇਆ| ਉਸ ਦੇ ਕੁੱਲੇ ਵਾਲੀ ਪੱਗ ਬੱਧੀ ਹੋਈ ਸੀ ਅਤੇ ਸਫੇਦ ਕਮੀਜ਼ ਪਜਾਮਾ ਪਾਇਆ ਹੋਇਆ ਸੀ| ਘੋੜੇ ਦੇ ਮਗਰ ਇਕ ਹੋਰ ਬੰਦਾ ਵੀ ਤੁਰਿਆ ਆ ਰਿਹਾ ਸੀ| ਉਹਨਾਂ ਨੂੰ ਅੰਦਰ ਆਇਾਆ ਦੇਖ, ਸਿਹਨ ਵਿਚ ਖੇਡਦੇ ਮੁੰਡੇ ਦੌੜ ਕੇ ਆਪਣੀਆਂ ਜਮਾਤਾਂ ਵਿਚ ਜਾ ਬੈਠੇ| ਉਸ ਸਮੇਂ ਮਾਸਟਰ ਲੇਖ ਰਾਜ ਟਾਹਲੀ ਹੇਠ, ਮੰਜੇ Ḕਤੇ ਪਿਆ ਸੀ ਅਤੇ ਉਸ ਦੇ ਕੋਲ ਬੈਠੀ ਦੂਸਰੀ ਜਮਾਤ ਉੱਚੀ ਉੱਚੀ ਸਬਕ ਯਾਦ ਕਰ ਰਹੀ ਸੀ| ਉਹ ਭੁੜਕ ਕੇ ਮੰਜੇ ਉਠਿਆ ਤੇ ਭੱਜ ਕੇ ਘੋੜੇ ਦੀ ਵਾਗ ਜਾ ਫੜੀ| ਸਾਡੇ ਵਿਚੋਂ ਇਕ ਮੁੰਡਾ ਬੋਲਿਆ, Ḕਬਾਬੂ ਆ ਗਿਆ|Ḕ ਅਤੇ ਅਸੀਂ ਵੀ ਝਟ ਆਪਣੀ ਜਮਾਤ ਵਿਚ ਚੁੱਪ ਕਰ ਕੇ ਜਾ ਬੈਠੇ, ਜਿਹੜੀ ਦੂਸਰੀ ਜਮਾਤ ਤੋਂ ਥੋੜੀ ਦੂਰ ਇਕ ਹੋਰ ਟਾਹਲੀ ਹੇਠ ਲੱਗੀ ਹੋਈ ਸੀ| ਮਾਸਟਰ ਇੰਦਰ ਸਿੰਘ, ਜਿਹੜੇ ਕਮਰੇ ਅੰਦਰ ਪੜ੍ਹਾ ਰਹੇ ਸਨ, ਉਹਨਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਕਿ ਉਹ ਵੀ ਬਾਬੂ ਕੋਲ ਚਲੇ ਗਏ| ਘੋੜੇ ਤੋਂ ਉਤਰਦਿਆਂ ਹੀ ḔਬਾਬੂḔ ਨੇ ਗੁੱਸੇ ਵਿਚ ਕਿਹਾ, "ਯਿਹ ਸਕੂਲ ਹੈ ਯਾ ਭੇੜ ਬਕਰੀਓਂ ਕਾ ਬਾੜਾ!" ਮਾਸਟਰਾਂ ਨੇ ਪਤਾ ਨਹੀਂ ਕੀ ਕਿਹਾ ਪਰ ਦੋਹਾਂ ਦੇ ਹੱਥ ਜੁੜੇ ਹੋਏ ਸਨ ਅਤੇ ਕੁਝ ਕਹਿ ਰਹੇ ਸਨ| ਘੋੜੇ ਦੀ ਵਾਗ ਨਾਲ ਆਏ ਬੰਦੇ ਨੇ ਫੜ ਲਈ ਸੀ| ਸਕੂਲ ਵਿਚ ਬਾਬੂ ਆਏ ਦਾ ਪਤਾ ਲੱਗਣ Ḕਤੇ ਸਾਰਾ ਸਕੂਲ ਹੀ ਸੁਸਰੀ ਵਾਂਗ ਸੌਂ ਗਿਆ ਜਾਪਦਾ ਸੀ| ਬਾਬੂ ਪਹਿਲਾਂ ਕਮਰੇ ਅੰਦਰ ਪੰਜਵੀਂ ਅਤੇ ਚੌਥੀ ਜਮਾਤ ਦਾ ਮੁਆਇਨਾ ਕੀਤਾ ਅਤੇ ਫੇਰ ਸਾਡੀ ਜਮਾਤ ਵਿਚ ਆ ਗਿਆ| ਉਸ ਨੇ ਸਾਨੂੰ ਤਕਸੀਮ ਦਾ ਸਵਾਲ ਲਿਖਵਾਇਆ ਸੀ, ਜਿਸ ਰਕਮ ਯਾਦ ਨਹੀਂ| ਸਾਡੀ ਜਮਾਤ ਵਿਚ ਉਸ ਸਮੇਂ ਸਤਾਰਾਂ ਅਠਾਰਾਂ ਮੁੰਡੇ ਹੋਣਗੇ ਅਤੇ ਸਵਾਲ ਚਾਰ ਜਣਿਆਂ ਦਾ ਠੀਕ ਸੀ ਅਤੇ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਮੇਰਾ ਸਵਾਲ ਠੀਕ ਸੀ, ਜਿਸ ਨੂੰ ਹਿਸਾਬ ਤੋਂ ਸਦਾ ਹੀ ਡਰ ਲੱਗਿਆ ਰਹਿੰਦਾ ਸੀ| ਬਾਬੂ ਨੇ ਮੁੰਡਿਆਂ ਨੂੰ ਕੁਝ ਨਹੀਂ ਕਿਹਾ ਅਤੇ ਮਾਸਟਰ ਲੇਖ ਰਾਜ ਨੂੰ ਹੀ ਝਿੜਕਾਂ ਦਿੱਤੀਆਂ|
    ਦੂਸਰੀ ਵਾਰ ਜਦੋਂ ਪੱਕੇ ਮੁਆਇਨੇ Ḕਤੇ ਬਾਬੂ ਆਇਆ ਸੀ| ਉਹ ਫਰਵਰੀ ਦਾ ਕੋਈ ਦਿਨ ਸੀ| ਮਾਸਟਰ ਇੰਦਰ ਸਿੰਘ ਨੇ ਪੰਦਰਾਂ ਦਿਨ ਪਹਿਲਾਂ ਹੀ ਸਾਨੂੰ ਦੱਸ ਦਿੱਤਾ ਸੀ ਕਿ Ḕਏæਡੀæਆਈæ ਨੇ ਸਕੂਲ ਦਾ ਮੁਆਇਨਾ ਕਰਨ ਆਉਣਾ ਹੈ| ਉਸ ਦਿਨ ਸਾਰਿਆਂ ਦੇ ਕਪੜੇ ਸਾਫ ਪਾਏ ਹੋਣੇ ਚਾਹੀਦੇ ਹਨ| ਕੋਈ ਨੰਗੀਆਂ ਲੱਤਾਂ ਲੈ ਕੇ ਨਾ ਆਵੇ, ਸਭ ਦੇ ਸੁੱਥੂ ਪਾਏ ਹੋਣ|Ḕ 
    ਉਸੇ ਦਿਨ ਤੋਂ ਸਕੂਲ ਦੀ ਸਫਾਈ ਦਾ ਕੰਮ ਸ਼ੁਰੂ ਹੋ ਗਿਆ| ਕਿਸੇ ਪਾਸੇ ਘਾਹ ਨਹੀਂ ਸੀ ਰਹਿਣ ਦਿੱਤਾ| ਕਮਰਿਆਂ ਦੀਆਂ ਕੰਧਾਂ  ਥਾਂ ਥਾਂ ਉਪਰ ਨਕਸ਼ੇ ਅਤੇ ਚਾਰਟਰ ਟੰਗੇ ਗਏ| ਬਾਬੂ ਦੇ ਆਉਣ ਤੋਂ ਦੋ ਦਿਨ ਪਹਿਲਾਂ ਸਾਰੇ ਕਮਰਿਆਂ ਦੇ ਕੱਚੇ ਫਰਸ਼ਾਂ Ḕਤੇ ਗੋਹਾ ਮਿੱਟੀ ਦਾ ਲੇਪ ਕੀਤਾ ਗਿਆ ਅਤੇ ਇਕ ਦਿਨ ਪਹਿਲਾਂ ਸਕੂਲ ਦੇ ਵਿਹੜੇ ਵਿਚ ਛਿੜਕਾ ਕਰ ਕੇ ਸੰਬਰਿਆ ਗਿਆ| ਸਾਰੀਆਂ ਜਮਾਤਾਂ ਦੇ ਬਸਤੇ ਦੁਬਾਰਾ ਰੰਗਵਾਏ ਗਏ ਜਾਂ ਨਵੇਂ ਰੰਗਵਾਏ ਤਾਂ ਜੋ ਕਿਸੇ ਬਸਤੇ Ḕਤੇ ਡੁੱਲ੍ਹੀ ਸਿਆਹੀ ਦਾ ਦਾਗ਼ ਨਾ ਦਿਸੇ| ਉਂਜ ਤਾਂ ਗਰਮੀਆਂ ਸਰਦੀਆਂ ਵਿਚ ਮੇਰੀਆਂ ਲੱਤਾਂ ਨੰਗੀਆਂ ਹੀ ਰਹਿੰਦੀਆਂ ਸਨ ਪਰ ਇਸ ਮੌਕੇ Ḕਤੇ ਮਾਂ ਨੇ ਮੇਰੇ ਲਈ ਮਲੇਸ਼ੀਏ ਦਾ ਪਜਾਮਾ ਸਿਵਾ ਦਿੱਤਾ| ਉਸ ਦਿਨ ਮੈਂ ਪੂਰੀ ਤਿਆਰ ਨਾਲ ਸਕੂਲ ਗਿਆ| ਸਾਰੇ ਮੁੰਡਿਆਂ ਦੇ ਸਾਫ ਸੁਥਰੇ ਕਪੜੇ ਪਾਏ ਹੋਏ ਸਨ| ਮੁਨੀਟਰਾਂ ਦੀ ਡਿਉਟੀ ਲਾਈ ਹੋਈ ਸੀ ਕਿ ਕਿਸੇ ਮੁੰਡੇ ਨੂੰ ਜਮਾਤਾਂ ਵਿਚੋਂ ਬਾਹਰ ਨਹੀਂ ਜਾਣ ਦੇਣਾ| ਦੁਪਹਿਰ ਹੋਣ ਵਾਲੀ ਸੀ ਅਤੇ ਬਾਬੂ ਦੀ ਉਡੀਕ ਕੀਤੀ ਜਾ ਰਹੀ ਸੀ| ਮਾਸਟਰ ਇੰਦਰ ਸਿੰਘ ਦੀ ਨਿਗਾਹ ਸਾਡੀ ਜਮਾਤ ਦੀ ਕੁਰਸੀ Ḕਤੇ ਪਈ| ਉਹ ਅੱਧ ਟੁੱਟੀ ਕੁਰਸੀ ਪੱਤੀਆਂ ਲਾ ਕੇ ਖੜ੍ਹੀ ਕੀਤੀ ਹੋਈ ਸੀ ਤੇ ਬੈਠਣ Ḕਤੇ ਝੋਲੇ ਮਾਰਦੀ ਸੀ| ਮਾਸਟਰ ਜੀ ਨੇ ਮੈਨੂੰ ਹੁਕਮ ਸੁਣਾਇਆ, "ਇਹ ਕੁਰਸੀ ਏਥੋਂ ਚੱਕ ਕੇ ਕੋਈ ਹੋਰ ਕੁਰਸੀ ਲੈ ਕੇ ਆ|" ਮੈਂ ਕੁਰਸੀ ਚੁੱਕ ਕੇ ਸਿਰ ਉਪਰ ਰੱਖਣ ਲੱਗਾ ਤਾਂ ਮੇਰਾ ਝੱਗਾ ਪੱਤਰੀ ਵਿਚ ਫਸ ਗਿਆ ਅਤੇ ਚਰੜ ਕਰ ਕੇ ਮੂਹਰਿਉਂ ਭਰਾੜ ਹੋ ਗਿਆ| ਮੈਂ ਕੁਰਸੀ ਮੁੜ ਉੱਥੇ ਹੀ ਰੱਖ ਦਿੱਤੀ ਅਤੇ ਆਪਣਾ ਝੱਗਾ ਪੱਤਰੀ ਵਿਚੋਂ ਕੱਢ ਕੇ ਆਪਣੇ ਪਜਾਮੇ ਵਿਚ ਟੰਗ ਲਿਆ| ਮਾਸਟਰ ਜੀ ਨੇ ਮੈਨੂੰ ਝਿੜਕਿਆ, "ਉੱਲੂ ਦੇ ਪੱਠੇ! ਧਿਆਨ ਸੇ ਨਹੀਂ ਉਠਾਈ ਜਾਤੀ ਥੀ! ਅੱਬ ਘਰ ਜਾਹ ਔਰ ਕਮੀਜ਼ ਬਦਲ ਕਰ ਆ|" ਮੈਂ ਅਜੇ ਘਰ ਨੂੰ ਜਾਣ ਹੀ ਲੱਗਾ ਸੀ ਕਿ ਮਾਸਟਰ ਜੀ ਨੇ ਇਨਸਪੈਕਟਰ ਦੇ ਚਪੜਾਸੀ ਨੂੰ ਸਕੂਲ ਦੇ ਗੇਟ ਕੋਲ ਆਉਂਦਾ ਦੇਖ ਲਿਆ| ਹੁਣ ਉਹਨਾਂ ਨੇ ਮੈਨੂੰ ਸਕੂਲ ਦੇ ਪਿਛਲੇ ਪਾਸਿਉਂ, ਸੂਏ ਵਾਲੇ ਪਾਸੇ ਦੀ ਘਰ ਨੂੰ ਤੋਰ ਦਿੱਤਾ ਅਤੇ ਨਾਲ ਕਹਿ ਦਿੱਤਾ ਕਿ ਮੈਂ ਮੁੜ ਸਕੂਲ ਨਾ ਆਵਾਂ, ਉਹ ਮੇਰਾ ਬਸਤਾ ਅੰਦਰ ਰਖਵਾ ਦੇਣਗੇ| ਇਸ ਤਰ੍ਹਾਂ ਮੈਂ ਪੱਕੇ ਮੁਆਇਨੇ ਦੀ ਪੂਰੀ ਝਲਕੀ ਦੇਖਣ ਤੋਂ ਵਾਂਝਾ ਰਹਿ ਗਿਆ|
    ਉਂਜ ਸਕੂਲ ਸਮੇਂ ਦੀਆਂ ਦੋ ਹੋਰ ਝਲਕੀਆ ਵੀ ਨਹੀਂ ਭੁਲਦੀਆਂ| ਇਕ ਸਵੇਰ ਵੇਲੇ ਸਕੂਲ ਵਿਚ ਦੁਆ (ਪ੍ਰਾਰਥਨਾ) ਗਾਉਣੀ ਅਤੇ ਦੂਜੀ ਛੁੱਟੀ ਤੋਂ ਪਹਿਲਾਂ ਪਹਾੜੇ ਬੋਲਣੇ| 
    ਸਕੂਲਾਂ ਵਿਚ ਪ੍ਰੇਅਰਾਂ, ਪ੍ਰਾਰਥਨਾਵਾਂ ਪਹਿਲਾਂ ਵੀ ਹੁੰਦੀਆਂ ਸਨ ਅਤੇ ਹੁਣ ਵੀ ਹੁੰਦੀਆਂ ਹਨ| ਕਿਸੇ ਸਕੂਲ ਵਿਚ ਰਾਸ਼ਟਰ ਗੀਤ ਅਤੇ ਕਿਸੇ ਸਕੂਲ ਵਿਚ ਧਾਰਮਿਕ ਗੀਤ ਆਦਿ ਪਰ ਪ੍ਰਾਰਥਨਾ ਦੇ ਨਾਲ ਸਮੇਂ ਦੀ ਸਰਕਾਰ ਦੀ ਜਿੱਤ ਲਈ ਸਕੂਲਾਂ ਵਿਚ ਪ੍ਰਾਰਥਨਾ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕਿਸੇ ਸਰਕਾਰ ਦੀਆਂ ਪ੍ਰਾਪਤੀਆਂ ਦੇ ਗੁਣ ਗਾਏ ਜਾਂਦੇ ਹਨ| ਪਰ ਸੰਨ ਸੰਤਾਲੀ ਤੋਂ ਪਹਿਲਾਂ ਇਹ ਕੁਝ ਹੁੰਦਾ ਸੀ| ਸਕੂਲ ਲੱਗਣ ਤੋਂ ਪਹਿਲਾਂ ਪ੍ਰਾਰਥਨਾ ਵਿਚ ਖੁਦਾ ਦੀਆਂ ਰਹਿਮਤਾਂ ਲਈ ਦੁਆ ਮੰਗੀ ਜਾਂਦੀ ਸੀ| ਇਕ ਮੁੰਡਾ ਪਹਿਲਾਂ ਇਕ ਸਤਰ ਬੋਲਦਾ ਅਤੇ ਸਾਰੀਆਂ ਜਮਾਤਾਂ ਉਹਦੇ ਮਗਰ ਬੋਲਦੀਆਂ| ਉਸ ਸਮੇਂ ਗਾਈਆਂ ਜਾਣ ਵਾਲੀਆਂ ਦੁਆਵਾਂ ਦਾ ਪਹਿਲੇ ਮਿਸਰੇ ਇਹ ਸਨ, "ਲੱਬ ਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ| ਜ਼ਿੰਦਗੀ ਸ਼ਮ੍ਹਾ ਕੀ ਸੂਰਤ ਹੋ ਖੁਦਾਇਆ ਮੇਰੀ|", "ਤਾਰੀਫ ਉਸ ਖੁਦਾ ਕੀ, ਜਿਸ ਨੇ ਜਹਾਂ ਬਨਾਇਆ| ਕੈਸੀ ਜ਼ਮੀੰਂ ਬਨਾਈ, ਕਿਆ ਆਸਮਾਂ ਬਨਾਇਆ|" ਜਾਂ "Ḕਮੁਝ ਕੋ ਤੇਰੀ ਹੈ ਜੁਸਤਜੂ, ਮੁਝ ਕੋ ਤੇਰੀ ਤਲਾਸ਼ ਹੈ| ਜਾਨ-ਇ- ਜਹਾਨ ਕਹਾਂ ਹੈ ਤੂ, ਮੁਝ ਕੋ ਤੇਰੀ ਤਲਾਸ਼ ਹੈ|" ਦੂਸਰੀ ਸੰਸਾਰ ਜੰਗ ਦੇ ਖਾਤਮ ਹੋਣ ਤੱਕ ਦੁਆ ਗਾਉਣ ਤੋਂ ਬਾਅਦ ਇਹ ਦੁਆ ਵੀ ਮੰਗੀ ਜਾਂਦੀ ਸੀ, ਜਿਸ ਦੇ ਸਹੀ ਬੋਲ ਤਾਂ ਯਾਦ ਨਹੀਂ ਪਰ ਉਸ ਦਾ ਸਾਰ ਇਹ ਸੀ, "ਐ ਖੁਦਾ! ਅੰਗ੍ਰੇਜ਼ ਬਹਾਦਰ ਦਾ ਕਰਮ ਸਾਡੇ ਸਿਰ Ḕਤੇ ਬਣਿਆ ਰਹੇ| ਇਤਹਾਦੀ ਫੌਜਾਂ ਨੂੰ ਇੰਨਾ ਬਲ ਬਖਸ਼ ਕਿ ਉਹ ਦੁਸ਼ਮਣ ਦੀਆਂ ਫੌਜਾਂ ਨੂੰ ਲਤਾੜ ਕੇ ਅੱਗੇ ਲੰਘ ਜਾਣ ਅਤੇ ਉਹਨਾਂ ਨੂੰ ਜਲਦੀ ਜਿੱਤ ਨਸੀਬ ਹੋਵੇ|" ਫਿਰ ਅੰਗਰੇਜ਼ ਸਰਕਾਰ ਦੀਆਂ ਬਰਕਤਾਂ ਦੇ ਗੁਣ ਗਾਏ ਜਾਂਦੇ ਅਤੇ ਫੌਜ ਵਿਚ ਭਰਤੀ ਹੋਣ ਲਈ ਅਪੀਲਾਂ ਕੀਤੀਆਂ ਜਾਂਦੀਆਂ|
   ਉਸ ਸਮੇਂ ਦੂਜੀ ਸੰਸਾਰ ਜੰਗ ਲੱਗੀ ਹੋਈ ਸੀ| ਇੰਗਲੈਂਡ, ਫਰਾਂਸ, ਅਮਰੀਕਾ ਤੇ ਰੂਸ ਆਦਿ ਦੇਸ਼ ਇਕ ਪਾਸੇ ਸਨ ਅਤੇ ਇਹਨਾਂ ਦੀਆਂ ਫੌਜਾਂ ਨੂੰ ਹੀ ਇਤਹਾਦੀ ਫੌਜਾਂ ਕਿਹਾ ਜਾਂਦਾ ਸੀ| ਦੂਜੇ ਪਾਸੇ ਜਰਮਨੀ, ਜਪਾਨ ਅਤੇ ਇਟਲੀ ਆਦਿ ਦੇਸ਼ ਸਨ| ਜਿਨ੍ਹਾਂ ਦੀਆਂ ਫੌਜਾਂ ਨੂੰ ਦੁਸ਼ਮਣ ਦੀਆਂ ਫੌਜਾਂ ਕਿਹਾ ਜਾਂਦਾ ਸੀ| ਮੈਂ ਚੌਥੀ ਜਮਾਤ ਵਿਚ ਪੜ੍ਹਦਾ ਸੀ ਜਦੋਂ ਇਤਹਾਦੀ ਫੌਜਾਂ ਦੀ ਜਿੱਤ ਹੋਈ ਅਤੇ ਸਕੂਲਾਂ ਵਿਚ ਲੱਦੂ ਵੰਡੇ ਗਏ ਸਨ|
   ਦੂਜੀ ਝਲਕੀ ਪਹਾੜੇ ਬੋਲਣ ਵਾਲੀ ਹੈ| ਪਹਾੜੇ ਪਹਿਲੀ ਤੋਂ ਤੀਜੀ ਜਮਾਤ ਤੱਕ ਬੁਲਾਏ ਜਾਂਦੇ ਸਨ| ਤਿੰਨੇ ਜਮਾਤਾਂ, ਤਿੰਨੀਂ ਪਾਸੀਂ, ਸਕੂਲ ਦੀਆਂ ਕੰਧਾਂ ਨਾਲ ਕਤਾਰਾਂ ਬਣਾ ਕੇ ਖੜ੍ਹ ਜਾਂਦੀਆਂ| ਪਹਿਲੀ ਜਮਾਤ, ਦੋ ਤੋਂ ਦਸ ਤੱਕ ਪਹਾੜੇ ਬੋਲਦੀ, ਜਿਵੇਂ; ਇਕ ਦੂਣੀ ਦੂਣੀ, ਦੋ ਦੂਣੀ ਚਾਰ--ਦਸ ਦੂਣੀ ਵੀਹ ਐ ਤੋਂ ਇਕ ਦਾਹਿਆ ਦਸ, ਦੋ ਦਾਹੇ ਵੀਹ ਐ--- ਦਾਓ ਦਾਹਿਆ ਸੌ ਐ| ਇਸੇ ਤਰ੍ਹਾਂ ਦੂਸਰੀ ਜਮਾਤ ਇਕ ਦੂਣੀ ਦੇ ਪਹਾੜੇ ਤੋਂ ਸੋਲਾਂ ਦੇ ਪਹਾੜੇ ਤੱਕ ਅਤੇ ਤੀਸਰੀ ਜਮਾਤ ਅੱਧੇ, ਡੂਢੇ ਅਤੇ ਢਾਏ ਦੇ ਪਹਾੜੇ ਸੋਲਾਂ ਤੱਕ ਬੋਲਦੀ| ਇਕ ਮੁੰਡਾ ਮੂਹਰੇ ਬੋਲਦਾ ਅਤੇ ਸਾਰੀ ਜਮਾਤ ਉਸ ਦੇ ਮਗਰ ਉਹੋ ਪਹਾੜਾ ਦੁਹਰਾਉਂਦੀ| ਕਈ ਵਾਰ ਇਕ ਜਮਾਤ ਨੂੰ ਦੋ ਟੋਲੀਆਂ ਵਿਚ ਵੰਡ ਦਿੱਤਾ ਜਾਂਦਾ| ਇਕ ਟੋਲੀ ਪਹਾੜੇ ਦਾ ਪਹਿਲਾ ਮਿਸਰਾ ਬੋਲਦੀ ਅਤੇ ਦੂਸਰੀ ਟੋਲੀ ਉਸ ਤੋਂ ਅਗਲਾ| ਇਸ ਤਰ੍ਹਾਂ ਮੁਕਾਬਲਾ ਚਲਦਾ ਰਹਿੰਦਾ| ਇੰਨੀ ਉੱਚੀ ਅਵਾਜ਼ ਵਿਚ ਪਹਾੜੇ ਬੋਲੇ ਜਾਂਦੇ ਕਿ ਕੰਨ ਪਾਈ ਅਵਾਜ਼ ਵੀ ਨਹੀਂ ਸੀ ਸੁਣਦੀ| ਪਹਾੜੇ ਬੋਲਦੇ ਮੁੰਡੇ ਪਿੰਡ ਦੇ ਦੂਜੇ ਪਾਸੇ ਸੁਣੇ ਜਾਂਦੇ ਸਨ| ਬੇਸ਼ੱਕ ਪਹਾੜੇ ਬਲਾਉਣ ਦਾ ਇਹ ਢੰਗ ਕੋਈ ਵਧੀਆਂ ਤਾਂ ਨਹੀਂ ਸੀ ਪਰ ਪੜ੍ਹਿਆਰਾਂ ਨੂੰ ਸਵਾਲ ਕੱਢਣ ਵਿਚ ਬਹੁਤ ਸੌਖ ਹੁੰਦੀ ਸੀ| ਇਸੇ ਕਰਕੇ ਬੱਚੇ ਹਿਸਾਬ ਵਿਚ ਹੁਸ਼ਿਆਰ ਹੁੰਦੇ ਸਨ| ਸਾਲਾਨਾ ਇਮਤਿਹਾਨਾਂ ਵਿਚ ਪਾਸ ਹੋਣ ਲਈ ਪਹਾੜਿਆਂ ਦਾ ਯਾਦ ਹੋਣਾ ਜ਼ਰੂਰੀ ਹੁੰਦਾ ਸੀ| 
    ਪਹਿਲੀਆਂ ਤਿੰਨਾਂ ਜਮਾਤਾਂ ਦੇ ਸਾਲਾਨਾ ਇਮਤਿਹਾਨ, ਜਿਨ੍ਹਾਂ ਨੂੰ ਪੱਕੇ ਇਮਤਿਹਾਨ ਕਿਹਾ ਜਾਂਦਾ ਸੀ, ਸਕੂਲ ਵਿਚ ਮਾਸਟਰ ਹੀ ਲੈ ਲੈਂਦੇ ਸਨ ਪਰ ਚੌਥੀ ਜਮਾਤ ਦਾ ਪੱਕਾ ਇਮਤਿਹਾਨ ਕਿਸੇ ਇਕ ਸੈਂਟਰ ਦੇ ਸਕੂਲ ਵਿਚ ਏ ਡੀ ਆਈ ਲੈਣ ਆਉਂਦਾ ਸੀ| ਸਾਡਾ ਇਮਤਿਹਾਨ ਬੰਬੀਹਾ ਭਾਈ ਦੇ ਪਰਾਇਮਰੀ ਸਕੂਲ ਵਿਚ ਹੋਇਆ ਸੀ, ਜਿੱਥੇ ਦੋ ਤਿੰਨ ਸਕੂਲਾਂ ਦੇ ਹੋਰ ਮੁੰਡੇ ਵੀ ਇਮਤਿਹਾਨ ਦੇਣ ਆਏ ਸਨ| ਸਾਡੇ ਸਕੂਲ ਦੇ ਦੋ ਮੁੰਡੇ, ਨੌਹਰ ਚੰਦ ਅਤੇ ਗੁਰਦੇਵ ਸਿੰਘ ਫੇਅਲ ਹੋ ਗਏ ਸਨ, ਬਾਕੀ ਅਸੀਂ ਸਾਰੇ ਪਾਸ ਹੋ ਗਏ ਸਾਂ| ਪਰ ਸਾਡੇ ਵਿਚੋਂ ਅਗਾਂਹ ਵਜ਼ੀਫੇ ਵਾਸਤੇ ਇਮਤਿਹਾਨ ਦੇਣ ਲਈ ਕੋਈ ਨਹੀਂ ਸੀ ਚੁਣਿਆ ਗਿਆ| ਮੈਂ ਚੌਥੀ ਵਿਚੋਂ ਤਾਂ ਪਾਸ ਹੋ ਗਿਆ ਸੀ ਪਰ ਅਗਾਂਹ ਰੋਡਿਆਂ ਵਾਲੇ ਸਕੂਲ ਪੰਜਵੀਂ ਵਿਚ ਦਾਖਲ ਨਹੀਂ ਸੀ ਹੋ ਸਕਿਆ ਅਤੇ ਮੈਨੂੰ ਇਸੇ ਸਕੂਲੋਂ ਹੀ ਪੰਜਵੀਂ ਪਾਸ ਕਰਨੀ ਪਈ ਸੀ|  
-------------------ਬਾਕੀ ਅਗਲੇ ਅੰਕ ਵਿਚ  ---------

Lekh-ਚੇਤਿਆਂ ਦੀ ਚਿਲਮਨ - ਕਿਸ਼ਤ 2


ਚੇਤਿਆਂ ਦੀ ਚਿਲਮਨ - ਕਿਸ਼ਤ 2 (ਸਵੈ ਜੀਵਨੀ )

ਜਰਨੈਲ ਸਿੰਘ ਸੇਖਾ    

Email: jsekha@hotmail.com
Phone: +1 604 543 8721
Address: 7004 131 ਸਟਰੀਟ V3W 6M9
ਸਰੀ British Columbia Canada



ਜਰਨੈਲ ਸਿੰਘ ਸੇਖਾ ਇਕ ਪ੍ਰੌੜ, ਸੰਜੀਦਾ ਅਤੇ ਬਹੁ-ਵਿਧਾਵੀ ਲੇਖਕ ਹਨ। ਉਨ੍ਹਾਂ ਨੇ ਆਪਣੀ ਜੀਵਨੀ ਬਹੁਤ ਹੀ ਰੌਚਕ ਢੰਗ ਨਾਲ ਲਿਖੀ ਹੈ ਜਿਸਦੀ ਪਹਿਲੀ ਕਿਸ਼ਤ ਪਾਠਕ ਪੜ੍ਹ ਚੁੱਕੇ ਹਨ। ਉਨ੍ਹਾਂ ਦੀ ਇਹ ਜੀਵਨੀ ਪੁਸਤਕ ਰੂਪ ਵਿਚ ਛਪ ਕੇ ਮਾਰਕਿਟ ਵਿਚ ਆ ਗਈ ਹੈ ਜਿਸਦਾ ਟਾਈਟਲ ਅਸੀਂ ਲਾਇਬਰੇਰੀ ਸੈਕਸ਼ਨ ਵਿਚ ਲਾਇਆ ਹੈ। ਉਮੀਦ ਹੈ ਪਾਠਕਾਂ ਨੂੰ ਇਹ ਜੀਵਨੀ ਬਹੁਤ ਪਸੰਦ ਆਵੇਗੀ।- ਸੰਪਾਦਕ

ਜਦੋਂ ਮੈਂ ਤੁਰਨਾ ਭੁੱਲਿਆ

ਮੇਰਾ ਚਚੇਰਾ ਭਰਾ ਦਰਸ਼ਨ ਸਿੰਘ ਟੁਰਾਂਟੋ ਰਹਿੰਦਿਆਂ ਨਵੰਬਰ ਵਿਚ ਅਕਾਲ ਚਲਾਣਾ ਕਰ ਗਿਆ ਸੀ ਅਤੇ ਉਸ ਦੀ ਪਤਨੀ 16 ਜਨਵਰੀ, 2010 ਨੂੰ ਉਸ ਦੇ ਫੁੱਲ ਲੈ ਕੇ ਇੰਡੀਆ ਆ ਰਹੀ ਸੀæ ਉਸ ਨੂੰ ਲੈਣ ਵਾਸਤੇ ਦਰਸ਼ਨ ਦਾ ਭਤੀਜਾ, ਵੈਨ ਲੈ ਕੇ ਅਮ੍ਰਿਤਸਰ ਹਵਾਈ ਅੱਡੇ 'ਤੇ ਗਿਆ ਹੋਇਅ ਸੀæ ਕਿਉਂਕਿ ਅਮ੍ਰਿਤਸਰ ਤੋਂ ਆਉਂਦਿਆਂ ਰਾਹ ਵਿਚ ਹੀ ਫੁੱਲ ਹਰੀ ਕੇ ਪੱਤਨ, ਦਰਿਆ ਸਤਲੁਜ ਤੇ ਬਿਆਸ ਦੇ ਸੰਗਮ 'ਚ ਜਲ-ਪਰਵਾਹ ਕਰਨੇ ਸਨ, ਇਸ ਲਈ ਅਸੀਂ, ਨਿਜਦੇ ਸਾਕ ਸਬੰਧੀ, ਅਗਾਊਂ, ਹਰੀ ਕੇ ਪੱਤਨ ਪਹੁੰਚ ਗਏ ਸੀæ ਫੁੱਲਾਂ ਦੀ ਉਡੀਕ ਵਿਚ ਮੈਂ ਚੈਲ-ਕਦਮੀ ਕਰਦਾ ਹੋਇਆ, ਪਾਰਕਿੰਗ ਲਾਟ ਵਿਚ ਆ ਕੇ ਜੁੜਵੀਆਂ ਨਹਿਰਾਂ ਵਿਚੋਂ ਡਿੱਗ ਰਹੇ ਪਾਣੀ ਦਾ ਨਜ਼ਾਰਾ ਦੇਖ ਰਿਹਾ ਸੀ ਕਿ ਮੇਰੇ ਕੋਲ ਆ ਕੇ ਇਕ ਵੈਨ ਠਹਿਰ ਗਈæ ਵੈਨ ਵਿਚੋਂ ਇਕ ਆਦਮੀ ਉਤਰਿਆ ਅਤੇ ਉਸ ਨੇ ਕਾਨੇ ਵਾਂਗ ਸੁੱਕੇ ਹੋਏ ਇਕ ਅੱਠ ਨੌ ਸਾਲ ਦੇ ਬੱਚੇ ਨੂੰ ਚੁੱਕ ਕੇ ਮੋਢੇ ਲਾ ਲਿਆæ ਖੱਦਰ ਦਾ ਝੋਲ਼ਾ ਲੈ ਕੇ ਨਾਲ ਹੀ ਇਕ ਔਰਤ ਵੈਨ ਵਿਚੋਂ ਬਾਹਰ ਆ ਗਈæ ਬੱਚੇ ਦੀ ਬਹੁਤ ਹੀ ਕਮਜ਼ੋਰ ਹਾਲਤ ਦੇਖ ਕੇ ਮੇਰੇ ਦਿਲ ਵਿਚ ਉਸ ਲਈ ਤਰਸ ਦੀ ਭਾਵਨਾ ਪੈਦਾ ਹੋਈ ਅਤੇ ਮੈਂ ਉਤਸਕਤਾ ਵੱਸ ਉਹਨਾਂ ਕੋਲੋਂ ਪੁੱਛ ਲਿਆ, "ਬੱਚੇ ਨੂੰ ਕੀ ਤਕਲੀਫ ਹੈ?"
"ਇਹਦੇ 'ਤੇ ਮਾਤਾ ਰਾਣੀ ਦੀ ਕ੍ਰਿਪਾ ਹੋ ਗਈ ਸੀ|" ਬੰਦੇ ਦੇ ਬੋਲਣ ਤੋਂ ਪਹਿਲਾਂ ਹੀ ਬੱਚੇ ਦੀ ਮਾਂ ਨੇ ਜਵਾਬ ਦਿੱਤਾæ
"ਮੈਂ ਸਮਝਿਆ ਨਹੀਂ?" ਮੈਂ ਫਿਰ ਮੁੰਡੇ ਦੇ ਬਾਪ ਨੂੰ ਮੁਖਾਤਬ ਹੋਇਆæ
"ਇਸ ਨੂੰ ਮਾਤਾ ਨਿਕਲ ਆਈ ਸੀæ ਦੋ ਢਾਈ ਮਹੀਨੇ ਰੁਝਿਆ ਰਿਹਾæ ਹੁਣ ਠੀਕ ਐ|" ਉਸ ਬੰਦੇ ਨੇ ਕਿਹਾæ
"ਹੁਣ ਇੱਥੇ ਇਸ ਨੂੰ ਇਸ਼ਨਾਨ ਕਰਵਾਉਣ ਲਿਆਏ ਹੋਵੋਗੇ?" ਮੈਂ ਉਤਸੁਕਤਾ ਵੱਸ ਪੁੱਛਿਆæ
"ਅਸੀਂ ਮਾਤਾ ਦੇ ਦਰਬਾਰ ਸੁੱਖ ਲਾਹੁਣ ਚੱਲੇ ਆਂ, ਸੋਚਿਆ ਏਥੇ ਵੀ ਮੱਥਾ ਟਿਕਵਾ ਲੈ ਜਾਈਏ|" ਮੁੰਡੇ ਦੀ ਮਾਂ ਨੇ ਕਿਹਾæ
   ਉਹ ਦਰਿਆ ਕੰਢੇ ਬਣੇ ਗੁਰਦਵਾਰੇ ਵੱਲ ਤੁਰ ਗਏæ ਉਹਨਾਂ ਦੀ ਆਸਥਾ ਨੂੰ ਦੇਖ, ਮੈਂ ਸੋਚਿਆ, 'ਸਮਾਂ ਗੱਡੇ ਤੋਂ ਤੁਰ ਕੇ ਰਾਕਟ ਤਕ ਚਲਾ ਗਿਆ ਪਰ ਸਾਡੀ ਅੰਧਵਿਸ਼ਵਾਸੀ ਮਾਨਸਿਕਤਾ ਅਜੇ ਵੀ ਉੱਥੇ ਦੀ ਉੱਥੇ ਹੀ ਖੜ੍ਹੀ ਹੈ|' ਫਿਰ ਮੈਨੂੰ ਖਿਆਲ ਆਇਆ ਕਿ 'ਅੱਜ ਮੈਂ ਇਸ ਥਾਂ 'ਤੇ ਕਿਉਂ ਆਇਆ ਹਾਂ ਤੇ ਇੱਥੇ ਖੜ੍ਹਾ ਕੀ ਕਰ ਰਿਹਾ ਹਾਂ? ਮੈਂ ਆਪ ਕਿੰਨਾ ਕੁ ਆਪਣੇ ਸੰਸਕਾਰਾਂ ਤੋਂ ਖਹਿੜਾ ਛੁਡਾ ਸਕਿਆ ਹਾਂ|' ਫਿਰ ਮੈਂ ਆਪਣੇ ਆਪ ਨੂੰ ਉਚਿੱਤ ਠਹਿਰਾਉਣ ਲਈ ਆਪ ਹੀ ਦਲੀਲਾਂ ਘੜਨ ਲੱਗਾ, 'ਸੰਸਕਾਰ, ਵਿਸ਼ਵਾਸ ਤੇ ਅੰਧਵਿਸ਼ਵਾਸ ਇਕ ਨਹੀਂ ਹੁੰਦੇ ਤੇ ਮੈਂ ਅੰਧਵਿਸ਼ਵਾਸਾਂ ਤੋਂ ਬਹੁਤ ਪਹਿਲਾਂ ਦਾ ਖਹਿੜਾ ਛੁਡਾ ਚੁੱਕਿਆ ਹਾਂ|' 'ਕੇ ਥੋਥੀਆਂ ਰੀਤਾਂ, ਰਸਮਾਂ ਤੇ ਰਿਵਾਜ਼ਾਂ ਤੋਂ ਵੀ ਖਹਿੜਾ ਛੁੱਟਿਆ ਹੈ?' ਮੇਰੇ ਅੰਦਰੋਂ ਹੀ ਅਵਾਜ਼ ਆਈæ ਮੈਂ ਸੋਚਿਆ ਕਿ 'ਇਸ ਮਸਾਜ ਵਿਚ ਰਹਿੰਦਿਆਂ ਪਤਾ ਨਹੀਂ ਮੈਂ ਇਨ੍ਹਾਂ ਤੋਂ ਖਹਿੜਾ ਛਡਾਉਣ ਦੀ ਹਿੰਮਤ ਜੁਟਾ ਵੀ ਸਕਾਂਗਾ ਕਿ ਨਹੀਂ|' ਕਿਹੜੇ ਰਸਮ ਰਿਵਾਜ਼ ਚੰਗੇ ਤੇ ਕਿਹੜੇ ਮਾੜੇ ਹਨ, ਬਾਰੇ ਮੈਂ ਸੋਚਾਂ ਰਿਹਾ ਸੀ ਕਿ ਦਰਸ਼ਨ ਦੇ ਫੁੱਲਾਂ ਵਾਲੀ ਵੈਨ ਉੱਥੇ ਪਹੁੰਚ ਗਈ ਤੇ ਮੇਰਾ ਇਨ੍ਹਾਂ ਸੋਚਾਂ ਤੋਂ ਖਹਿੜਾ ਛੁੱਟ ਗਿਆæ ਪਰ ਉਸ ਬਿਮਾਰ ਮੁੰਡੇ ਦੀ ਸ਼ਕਲ ਮੇਰੀਆਂ ਅੱਖਾਂ ਅੱਗੇ ਹੀ ਘੁੰਮ ਰਹੀ ਸੀæ ਕਿਉਂਕਿ ਅੱਜ ਤੋਂ 65 ਸਾਲ ਪਹਿਲਾਂ, ਜਦੋਂ ਮੈਂ ਇਸ ਮੁੰਡੇ ਦੀ ਉਮਰ ਵਿਚ ਸੀ ਤਾਂ ਮੇਰੇ ਨਾਲ ਵੀ ਇਹੋ ਕੁਝ ਵਾਪਰਿਆਂ ਸੀæ
ਪਹਿਲੀ ਦੂਜੀ ਵਿਚ ਪੜ੍ਹਦੇ ਸਮੇਂ ਦੀ ਮੈਨੂੰ ਕੋਈ ਵੀ ਘਟਨਾ ਯਾਦ ਨਹੀਂ ਪਰ ਉਹ ਸਮਾਂ ਜਰੂਰ ਯਾਦ ਹੈ ਜਦੋਂ ਮੈਂ ਤੀਸਰੀ ਜਮਾਤ ਵਿਚ ਪੜ੍ਹਦਾ ਸੀ ਅਤੇ ਮੈਨੂੰ ਟਾਈਫਾਈਡ ਬੁਖਾਰ ਨੇ ਦਬੋਚ ਲਿਆ ਸੀæ
   ਮੇਰੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਅੱਜ ਵੀ ਸਾਕਾਰ ਹੋ ਜਾਂਦਾ ਹੈæ ਉਸ ਸਮੇਂ ਮੇਰੀ ਉਮਰ ਅੱਠ ਸਾਲ ਦੀ ਸੀæ ਇਕ ਦਿਨ ਮੈਂ ਸਕੂਲ ਵਿਚੋਂ ਹੌਲ਼ੀ ਹੌਲ਼ੀ ਤੁਰ ਕੇ ਆਇਆ, ਜਿਵੇਂ ਬਹੁਤ ਹੀ ਥੱਕਿਆ ਹੋਇਆ ਹੋਵਾਂæ ਮੇਰੀਆਂ ਅੱਖਾਂ ਵਿਚੋਂ ਸੇਕ ਜਿਹਾ ਨਿਕਲ ਰਿਹਾ ਸੀæ ਮੈਂ ਘਰ ਆਉਂਦਾ ਹੀ ਫੱਟੀ ਬਸਤਾ ਇਕ ਪਾਸੇ ਸੁੱਟਿਆ ਅਤੇ ਇਕ ਟੁੱਟੀ ਜਿਹੀ ਮੰਜੀ ਉਪਰ ਲੇਟ ਗਿਆæ ਮੇਰੀ ਵੱਡੀ ਭੈਣ ਪੀੜ੍ਹੀ 'ਤੇ ਬੈਠੀ ਚਾਦਰ ਉਪਰ ਕਢਾਈ ਕਰ ਰਹੀ ਸੀæ ਉਹ ਭੱਜ ਕੇ ਮੇਰੇ ਕੋਲ ਆਈæ ਮੇਰਾ ਲਾਲ ਸੂਹਾ ਚਿਹਰਾ ਦੇਖ ਕੇ ਉਸ ਮੇਰੇ ਮੱਥੇ ਨੂੰ ਹੱਥ ਲਾਇਆ ਤੇ ਘਬਰਾਹਟ ਵਿਚ ਬੋਲੀ, "ਤੈਨੂੰ ਤਾਂ ਤਾਪ ਚੜ੍ਹਿਆ ਹੋਇਐ|"
   ਫਿਰ ਉਸ ਨੇ ਮੇਰੀ ਮਾਂ ਨੂੰ ਅਵਾਜ਼ ਮਾਰੀ, "ਬੇਬੇ, ਆਈਂ ਦੇਖੀਂ, ਜਰਨੈਲ ਨੂੰ ਤਾਂ ਬਲਾਈ ਬਹੁਤਾ ਤਾਪ ਚੜ੍ਹਿਆ ਹੋਇਐ|" ਇਹ ਕਹਿ ਕੇ ਉਹ ਮੇਰੇ ਲਈ ਪਾਣੀ ਲੈਣ ਚਲੀ ਗਈæ
   ਮਾਂ ਮੱਝ ਨੂੰ ਗੁਤਾਵਾ ਰਲ਼ਾ ਰਹੀ ਸੀæ ਉਹ ਕੁਝ ਚਿਰ ਠਹਿਰ ਕੇ ਆਈæ ਉਸ ਨੇ ਵੀ ਮੇਰੇ ਮੱਥੇ ਨੂੰ ਛੁਹ ਕੇ ਦੇਖਿਆ ਅਤੇ ਖਿਝਦੀ ਹੋਈ ਬੋਲੀ, "ਹੋਰ ਸਿਆਪੇ ਮੁਕਦੇ ਨਹੀਂ, ਉੱਤੋਂ ਇਹ ਤਾਪ ਚੜ੍ਹਾ ਕੇ ਆ ਗਿਐ|"
   ਅਸੀਂ ਉਸ ਸਮੇਂ ਅੱਠ ਭੈਣ ਭਰਾ ਸੀ ਅਤੇ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਚੂਲ਼ ਵਿੰਗੀ ਹੋਈ ਹੀ ਰਹਿੰਦੀ ਸੀæ ਮਾਂ ਨੂੰ ਸਾਡੀ ਸਾਂਭ ਸੰਭਾਲ ਦੇ ਨਾਲ ਘਰ ਦਾ ਸਾਰਾ ਕੰਮ ਧੰਦਾ ਵੀ ਕਰਨਾ ਪੈਂਦਾ ਸੀæ ਉਸ ਨੂੰ ਕਦੀ ਵੀ ਅਰਾਮ ਕਰਨ ਦਾ ਸਮਾਂ ਨਹੀਂ ਸੀ ਮਿਲਿਆæ ਉਹ ਸਦਾ ਖਿਝੀ ਖਿਝੀ ਰਹਿੰਦੀæ ਮਾਂ ਮੇਰੇ ਕੋਲੋਂ ਉਠ ਕੇ ਕਮਰੇ ਅੰਦਰ ਗਈ ਅਤੇ ਆਪਣੀ ਚੁੰਨੀ ਦੇ ਲੜ ਵਿਚ ਕੁਝ ਦਾਣੇ ਲੈ ਕੇ ਹੱਟੀ ਤੋਂ ਕੋਈ ਦੁਸ਼ਾਂਦਾ ਜਿਹਾ ਲੈ ਆਈ ਅਤੇ ਉਸ ਨੂੰ ਉਬਾਲ ਕੇ ਕਾਲੇ ਜਿਹੇ ਕਾਹੜੇ ਦੀ ਬਾਟੀ ਭਰ ਕੇ ਮੈਨੂੰ ਪੀਣ ਲਈ ਦੇ ਦਿੱਤਾæ ਉਸ ਦਾ ਸਵਾਦ ਕੁਝ ਕੌੜਾ ਅਤੇ ਬਕਬਕਾ ਜਿਹਾ ਸੀ ਪਰ ਮੈਂ ਮਾਂ ਦੀ ਘੂਰ ਤੋਂ ਡਰਦਿਆਂ ਅੱਖਾਂ ਮੀਚ ਕੇ ਪੀ ਲਿਆæ ਮਾਂ ਦੇ ਦਸਣ ਅਨੁਸਾਰ ਉਸ ਸਮੇਂ ਕਿਸੇ ਕਿਸੇ ਪਿੰਡ ਵਿਚ ਹੀ ਕੋਈ ਵੈਦ ਹਕੀਮ ਹੁੰਦਾ ਸੀæ ਆਮ ਪਰਚੂਨ ਦੀ ਵਿਕਰੀ ਵਾਲੇ ਦੁਕਾਨਦਾਰ ਹੀ ਕੋਈ ਨਿੱਕੀ ਮੋਟੀ ਦੇਸੀ ਦਵਾਈ ਜਾਂ ਕਾੜ੍ਹੇ, ਜੁਸ਼ਾਂਦੇ ਰੱਖਦੇ ਸਨæ ਜਿਸ ਨੂੰ ਲਿਆਂ ਆਮ ਬੁਖਾਰ ਉਤਰ ਜਾਂਦਾ ਸੀæ ਮੈਂ ਦੋ ਦਿਨ ਉਸੇ ਹਾਲਤ ਵਿਚ ਮੰਜੀ ਉਪਰ ਪਿਆ, ਆਥਣ ਸਵੇਰ ਕਾਹੜੇ ਪੀਂਦਾ ਰਿਹਾ ਪਰ ਮੇਰਾ ਬੁਖਾਰ ਨਹੀਂ ਸੀ ਉਤਰਿਆæ ਤੀਸਰੇ ਦਿਨ ਮਾਂ ਨੇ ਖੇਤ ਨੂੰ ਜਾ ਰਹੇ ਮੇਰੇ ਬਾਪ ਨੂੰ ਸਾਹੋ ਵਾਲੇ ਹਕੀਮ, ਤਿਲਕ ਰਾਮ ਤੋਂ ਦੁਆਈ ਲਿਆਉਣ ਦੀ ਤਾਕੀਦ ਕੀਤੀæ ਮੇਰੇ ਬਾਪ ਨੇ ਆਪਣਾ ਕੰਮ ਧੰਦਾ ਨਬੇੜ ਕੇ ਦੁਪਹਿਰ ਤੋਂ ਬਾਅਦ ਦਵਾਈ ਲੈਣ ਜਾਣਾ ਸੀæ ਮੇਰਾ ਬਾਪ ਅਜੇ ਖੇਤੋਂ ਵਾਪਸ ਨਹੀਂ ਮੁੜਿਆ ਸੀ ਕਿ ਸਾਡੇ ਘਰਾਂ 'ਚੋਂ ਮੇਰੀ ਦਾਦੀ ਦੇ ਥਾਂ ਲਗਦੀ ਇਕ ਬੁੜ੍ਹੀ ਕਿਸੇ ਕੰਮ ਮੇਰੀ ਮਾਂ ਕੋਲ ਆਈæ ਮੈਨੂੰ ਮੰਜੀ 'ਤੇ ਪਿਆ ਦੇਖ ਕੇ ਉਸ ਮਾਂ ਕੋਲੋਂ ਪੁੱਛਿਆ, "ਕੁੜੇ ਪਰਤਾਪੀ, ਇਹ ਮੁੰਡਾ ਕਿਉਂ ਗੁੱਛਾ ਮੁੱਛਾ ਜਿਹਾ ਹੋਇਆ ਪਿਐ, ਮੰਜੀ 'ਤੇ?"
"ਬੇਬੇ ਜੀ, ਇਸ ਨੂੰ ਪਰਸੋਂ ਦਾ ਤਾਪ ਚੜ੍ਹਿਆ ਹੋਇਐ, ਉਤਰਨ ਦਾ ਨਾਂ ਈ ਨਈਂ ਲੈਂਦਾ| ਮੈਂ ਤਾਂ ਧੂਤੇ ਮ੍ਹਾਜਨ ਤੋਂ ਲਿਆਂਦੀ ਦੁਆਈ ਦੇਈ ਜਾਨੀ ਆਂ ਏਸ ਨੂੰ|" ਮਾਂ ਨੇ ਉਸ ਦੇ ਪੈਰੀਂ ਹੱਥ ਲਾਉਂਦਿਆਂ ਕਿਹਾæ
"ਬੁੱਢ ਸੁਹਗਾਣ ਹੋਵੇਂ, ਤੇਰੇ ਬੱਚੇ ਜਿਉਣ, ਦੁਧੀਂ ਪੁੱਤੀ ਨਾਹਵੇਂ|" ਉਹ ਮਾਂ ਨੂੰ ਅਸੀਸਾਂ ਦਿੰਦੀ ਹੋਈ ਮੇਰੇ ਕੋਲ ਆਈæ ਪਹਿਲਾਂ ਉਸ ਮੇਰੇ ਮੱਥੇ ਨੂੰ ਹੱਥ ਲਾ ਕੇ ਮੇਰੇ ਚਿਹਰੇ ਨੂੰ ਧਿਆਨ ਨਾਲ ਦੇਖਿਆ ਤੇ ਫਿਰ ਮੇਰੇ ਉਪਰੋਂ ਮੈਲ਼ੀ ਜਿਹੀ ਚਾਦਰ ਪਾਸੇ ਹਟਾ, ਢਿੱਡ ਤੋਂ ਝੱਗਾ ਚੁੱਕ ਕੇ ਦੇਖਿਆ ਤੇ ਮੇਰੀ ਮਾਂ ਨੂੰ ਕਿਹਾ, "ਕੁੜੇ, ਤੂੰ ਸਿਆਣੀ ਬਿਆਣੀ ਐਂ, ਦੇਖ ਤਾਂ ਸਹੀ, ਮੁੰਡੇ 'ਤੇ ਤਾਂ ਮਾਤਾ ਰਾਣੀ ਨੇ ਛਾਂ ਕੀਤੀ ਹੋਈ ਐ|"
ਮੇਰੀ ਮਾਂ ਨੇ ਧਿਆਨ ਨਾਲ ਦੇਖਿਆ ਤਾਂ ਉਸ ਨੂੰ ਵੀ ਮੇਰੇ ਪਿੰਡੇ ਉਪਰ ਬਹੁਤ ਹੀ ਮਹੀਨ ਜਿਹੇ ਦਾਣੇ ਦਿਸ ਆਏæ ਦਾਦੀ ਨੇ ਮਾਂ ਨੂੰ ਤਾਕੀਦ ਕੀਤੀ, "ਆਹ ਦੇਖ, ਫੁੱਲ ਮਾਤਾ ਦਿਸ ਆਈ ਐæ ਹੁਣ ਮੁੰਡੇ ਨੂੰ ਕੋਈ ਦਵਾਈ ਨਾਂ ਦੇਈਂæ ਕਿਸੇ ਦੁਆਈ ਨੇ ਕਾਟ ਨਈਂ ਕਰਨੀæ ਜੇ ਦੁਆਈ ਦਿੱਤੀ ਵੀ ਤਾਂ ਮਾਤਾ ਰਾਣੀ ਕ੍ਰੋਪ ਹੋ ਕੇ ਮੁੰਡੇ ਦਾ ਕੋਈ ਅੰਗ ਭੰਗ ਕਰ ਸਕਦੀ ਐ|"
  ਫਿਰ ਮਾਂ ਨੇ ਉਹੋ ਮੰਜੀ ਚੁੱਕ ਕੇ ਕੋਠੇ ਅੰਦਰ ਇਕ ਨਿੱਕੇ ਜਿਹੇ ਕਾਲ਼ੇ ਸੰਦੂਕ ਕੋਲ ਡਾਹ ਦਿੱਤੀæ ਹੇਠ ਇਕ ਘਸਮੈਲੀ ਜਿਹੀ ਜੁੱਲੀ ਵਛਾ ਕੇ ਉਪਰ ਮੈਨੂੰ ਪਾ ਦਿੱਤਾæ ਸਰਹਾਣੇ ਕੋਲ ਮੰਜੀ ਦੇ ਸੰਘੇ ਨਾਲ ਸਤਨਾਜਾ ਬੱਨ੍ਹ ਦਿੱਤਾ ਤੇ ਕੋਲ ਹੀ ਲੋਹੇ ਦਾ ਇਕ ਟੁਕੜਾ ਰੱਖ ਦਿੱਤਾæ ਕੋਲ ਹੀ ਪਾਵੇ ਨਾਲ ਇਕ ਪਾਣੀ ਦੀ ਘੜਵੀ ਰੱਖ ਦਿੱਤੀæ ਬਾਹਰੋਂ ਨਿੰਮ ਤੋਂ ਇਕ ਹਰੀ ਟਾਹਣੀ ਲਿਆ ਕੇ ਮੰਜੀ ਉਪਰ ਬਾਹੀ ਨਾਲ ਪਾ ਦਿੱਤੀæ ਇਹ ਸਭ ਮਾਤਾ ਰਾਣੀ ਦੀ ਰੱਖ ਲਈ ਕੀਤਾ ਗਿਆ ਸੀæ ਬਾਹਰ, ਬੂਹੇ ਉਪਰ ਨਿੰਮ ਦੀਆਂ ਟਾਹਣੀਆਂ ਦਾ ਇਕ ਗੁੱਛਾ ਲਟਕਾ ਦਿੱਤਾ ਗਿਆæ ਇਹ ਇਕ ਕਿਸਮ ਦਾ ਸੰਕੇਤ ਸੀ ਕਿ ਇਸ ਘਰ ਵਿਚ ਕਿਸੇ ਮੁੰਡੇ ਦੇ ਮਾਤਾ ਨਿਕਲ ਆਈ ਹੈæ ਹੁਣ ਇਸ ਘਰ ਵਿਚ ਕੋਈ ਬਿਗਾਨੀ ਔਰਤ ਨਹੀਂ ਸੀ ਆ ਸਕਦੀ ਅਤੇ ਨਾ ਹੀ ਕੋਈ ਔਰਤ ਬਾਹਰ ਉੱਚੀ ਅਵਾਜ਼ ਵਿਚ ਬੋਲ ਸਕਦੀ ਸੀæ ਪਿੰਡਾਂ ਵਿਚ ਇਸ ਤਰ੍ਹਾਂ ਦੇ ਕਈ ਅਣਐਲਾਨੇ ਕਾਨੂੰਨ ਬਣੇ ਹੋਏ ਹੁੰਦੇ, ਜਿਨ੍ਹਾਂ ਉਪਰ ਪਿੰਡ ਦੀਆਂ ਔਰਤਾਂ ਅਮਲ ਕਰਦੀਆਂæ
   ਇਹ ਟਾਈਫਾਈਡ (ਮਿਆਦੀ) ਬੁਖਾਰ ਸੀ ਜਿਸ ਨੂੰ ਫੁੱਲ ਮਾਤਾ ਦਾ ਨਾਮ ਦੇ ਦਿੱਤਾ ਗਿਆ ਸੀæ ਹੁਣ ਮੈਂ ਇਸ ਕੱਚੇ ਕੋਠੇ ਦਾ ਪੱਕਾ ਹੀ ਵਸਨੀਕ ਬਣ ਗਿਆ ਸੀæ ਕੋਠੇ ਅੰਦਰ ਨਿੱਕੇ ਜਿਹੇ ਕਾਲੇ ਸੰਦੂਕ ਤੋਂ ਬਿਨਾਂ ਉੱਥੇ ਦੋ ਕੱਚੇ ਭੜੋਲੇ ਵੀ ਬਣੇ ਹੋਏ ਸੀ, ਜਿਨ੍ਹਾਂ ਵਿਚ ਦਾਣੇ ਪਾਏ ਜਾਂਦੇ ਸਨæ ਭੜੋਲਿਆਂ ਕੋਲ ਕਦੀ ਕਦੀ ਇਕ ਕਪਾਹ ਦੀ ਛੋਟੀ ਜਿਹੀ ਢੇਰੀ ਬਣ ਜਾਂਦੀæ ਕੁਝ ਸਮਾਂ ਉਹ ਉੱਥੇ ਪਈ ਰਹਿੰਦੀ ਤੇ ਫਿਰ ਪਤਾ ਨਹੀਂ ਕਿਧਰ ਗਾਇਬ ਹੋ ਜਾਂਦੀæ ਇਕ ਖੂੰਜੇ ਵਿਚ ਕਹੀਆਂ, ਰੰਬੇ, ਸੰਲ੍ਹਘਾਂ, ਤੰਗਲੀਆਂ ਤੇ ਹੋਰ ਖੇਤੀ ਦੇ ਕੰਮ ਆਉਣ ਵਾਲਾ ਨਿਕ ਸੁਕ ਪਿਆ ਰਹਿੰਦਾæ ਮੇਰੇ ਨੇੜ ਹੀ ਇਕ ਹੋਰ ਮੰਜਾ ਡੱਠਾ ਹੋਇਆ ਸੀ ਜਿਸ ਉਪਰ ਦਰੀਆਂ ਵਛਾਉਣੇ ਪਏ ਰਹਿੰਦੇæ ਜਦੋਂ ਮੈਂ ਅੰਦਰ ਪਿਆ ਇਨ੍ਹਾਂ ਚੀਜ਼ਾਂ ਨੂੰ ਦੇਖਣੋ ਅੱਕ ਜਾਂਦਾ ਤਾਂ ਛੱਤ ਉਪਰਲੇ ਇੱਟਾਂ ਬਾਲਿਆਂ ਨੂੰ ਗਿਣਨ ਲੱਗ ਜਾਂਦਾæ
   ਇਹ ਕੋਠਾ ਪਹਿਲਾਂ ਸਾਂਝੇ ਘਰ ਵੇਲ਼ੇ ਤੂੜੀ ਪਾਉਣ ਵਾਸਤੇ ਛੱਤਿਆ ਗਿਆ ਸੀæ ਇਕ ਪੱਕਾ ਥਮਲਾ ਵਿਚਕਾਰ ਤੇ ਦੋ ਪਾਸੀਂ ਪੱਕੇ ਥਮਲੇ ਕੱਢ ਕੇ ਥਮਲਿਆਂ ਉਪਰ ਅਠਾਰਾਂ ਫੁੱਟੀਆਂ ਦੋ ਗਾਰਡਰਾਂ ਰੱਖੀਆਂ ਗਈ ਸਨæ ਦੋ ਥਮਲੇ ਤਾਂ ਕੱਚੀਆਂ ਕੰਧਾਂ ਵਿਚਕਾਰ ਹੀ ਆ ਗਏ ਸਨ ਅਤੇ ਅਗਲੀਆਂ ਪਿਛਲੀਆਂ ਕੰਧਾਂ ਵੀ ਕੱਚੀਆਂ ਹੀ ਸਨæ ਗਾਰਡਰਾਂ ਉਪਰ ਆਹਮੋ ਸਾਹਮਣੇ ਅੱਠ ਅੱਠ ਫੁੱਟੀਆਂ ਸ਼ਤੀਰੀਆਂ ਪਾ ਕੇ ਬਾਲੇ ਟੈਲਾਂ ਦੀ ਛੱਤ ਪਾਈ ਹੋਈ ਸੀæ ਕੋਠੇ ਦੇ ਦੋ ਬੂਹੇ ਤਾਂ ਰੱਖੇ ਗਏ ਸਨ ਪਰ ਉਸ ਵਿਚ ਬਾਰੀ ਝਰੋਖਾ ਕੋਈ ਨਹੀਂ ਸੀæ ਪਹਿਲਾਂ ਇਸ ਕੋਠੇ ਨੂੰ ਦਲਾਣ ਕਿਹਾ ਜਾਂਦਾ ਸੀæ ਜਦੋਂ ਮੇਰਾ ਬਾਪ ਭਰਾਵਾਂ ਨਾਲੋਂ ਅੱਡ ਹੋਇਆ ਤਾਂ ਇਹੋ ਦਲਾਣ ਸਾਡੇ ਹਿੱਸੇ ਆਇਆ ਸੀæ ਮੇਰੇ ਬਾਪ ਨੇ ਇਸ ਤੂੜੀ ਵਾਲ਼ੇ ਦਲਾਣ ਵਿਚਕਾਰ ਇਕ ਕੱਚੀ ਕੰਧ ਕੱਢ ਦਿੱਤੀ ਅਤੇ ਇਸ ਦੇ, 16ਣ18 ਦੇ ਦੋ ਕਮਰੇ ਬਣ ਗਏæ ਇਕ ਕਮਰੇ ਵਿਚ ਤੂੜੀ ਤੇ ਪਸ਼ੂ ਹੁੰਦੇ ਅਤੇ ਇਕ ਕਮਰੇ ਵਿਚ ਪਰਵਾਰ ਦੀ ਰਹਾਇਸ਼æ ਇਸ ਰਹਾਇਸ਼ ਵਾਲੇ ਕਮਰੇ ਵਿਚ ਮੇਰੀ ਮੰਜੀ ਡੱਠੀ ਹੋਈ ਸੀæ ਉਂਜ ਅੱਡ ਹੋਣ 'ਤੇ, ਵੱਡੇ ਪਰਵਾਰ ਦੇ ਜੂਨ ਗੁਜ਼ਾਰੇ ਲਈ, ਮੇਰੇ ਬਾਪ ਨੇ ਦੋ ਮੰਜਿਆ ਦੇ ਡਹਿਣ ਜੋਗੀ ਇਕ ਹੋਰ ਕੋਠੜੀ ਵੀ ਛੱਤ ਲਈ ਸੀ ਅਤੇ ਨਾਲ ਲਗਦਾ ਇਕ ਵਰਾਂਡਾ ਵੀ ਬਣਾ ਲਿਆ ਜਿਹੜਾ ਰਸੋਈ ਦੇ ਕੰਮ ਆਉਂਦਾ ਸੀæ
   ਇਸ ਕਮਰੇ ਵਿਚ ਕੋਈ ਬਾਰੀ ਝਰੋਖਾ ਤਾਂ ਹੈ ਨਹੀਂ ਸੀæ ਜਦੋਂ ਹਨੇਰੇ ਵਿਚ ਪਿਆ ਪਿਆ ਬਾਲੇ ਗਿਣਨੋ ਵੀ ਅੱਕ ਥੱਕ ਜਾਂਦਾ ਤਾਂ ਮੈਂ ਚੀਕ ਜਿਹੀ ਮਾਰਦਾæ ਮੇਰੀ ਅਵਾਜ਼ ਸੁਣ ਕੇ ਮੇਰੀ ਛੋਟੀ ਜਾਂ ਵੱਡੀ ਭੈਣ ਮੇਰੇ ਕੋਲ ਆ ਜਾਂਦੀæ ਮੈਂ ਬਾਹਰ ਜਾਣ ਦੀ ਜਿੱਦ ਕਰਦਾ ਪਰ ਉਹ ਮੈਨੂੰ ਕਮਰੇ ਤੋਂ ਬਾਹਰ ਨਹੀਂ ਸੀ ਲੈ ਜਾ ਸਕਦੀਆਂæ ਇਹ ਮੇਰੀ ਮਾਂ ਦੀ ਸਖਤ ਹਦਾਇਤ ਸੀ, 'ਮੁੰਡੇ ਨੂੰ ਬਾਹਰ ਨਹੀਂ ਕੱਢਣਾæ ਮਾਤਾ ਰਾਣੀ ਕ੍ਰੋਪ ਹੋਜੂਗੀ|"
   ਮਾਤਾ ਰਾਣੀ ਦੀ ਕ੍ਰੋਪੀ ਤੋਂ ਉਹ ਵੀ ਡਰਦੀਆਂ ਸਨæ ਇਸ ਲਈ ਉਹ ਮੈਨੂੰ ਕਮਰੇ ਤੋਂ ਬਾਹਰ ਨਹੀਂ ਸੀ ਲੈ ਕੇ ਜਾਂਦੀਆਂæ ਦੋਹਾਂ ਭੈਣਾਂ ਵਿਚੋਂ ਕੋਈ ਇਕ ਮੇਰੇ ਕੋਲ ਆ ਕੈ ਬੈਠ ਜਾਂਦੀæ ਜਾਂ ਵੱਡੀ ਭੈਣ ਜਿਹੜੀ ਕਿ ਉਸ ਸਮੇਂ ਸੋਲਾਂ ਸਾਲਾ ਦੀ ਸੀ, ਮੈਨੂੰ ਚੁੱਕ ਕੇ ਕਮਰੇ ਅੰਦਰ ਹੀ ਗੇੜਾ ਜਿਹਾ ਕਢਵਾ ਦਿੰਦੀæ ਮੇਰੀ ਮਾਂ ਨੇ ਕੁੜੀਆਂ ਨੂੰ ਇਕ ਹੋਰ ਵੀ ਹਦਾਇਤ ਕੀਤੀ ਹੋਈ ਸੀ ਕਿ ਮੇਰੇ ਭਰਾਵਾਂ ਨੂੰ ਮੇਰੇ ਕੋਲ ਨਹੀਂ ਆਉਣ ਦੇਣਾæ ਮੇਰੇ ਦੋ ਭਰਾ ਮੈਥੋਂ ਵੱਡੇ ਸਨ ਅਤੇ ਦੋ ਛੋਟੇæ ਉਹਨਾਂ ਉਪਰ ਮਾਤਾ ਦਾ ਪ੍ਰਛਾਵਾਂ ਪੈ ਜਾਣ ਦਾ ਡਰ ਸੀæ ਪਰ ਮੈਨੂੰ ਇਹ ਸਮਝ ਨਹੀਂ ਸੀ ਆਈ ਕਿ ਮਾਂ ਨੇ ਮੇਰੀਆਂ ਇਨ੍ਹਾਂ ਭੈਣਾਂ ਉਪਰ ਮਾਤਾ ਦੇ ਪਰਛਾਵੇਂ ਦਾ ਡਰ ਕਿਉਂ ਨਹੀਂ ਸੀ ਦਰਸਾਇਆæ ਮੈਨੂੰ ਯਾਦ ਹੈ ਕਿ ਕੁਝ ਸਮੇਂ ਬਾਅਦ ਮੇਰੇ ਛੋਟੇ ਭਰਾ, ਹਰਚੰਦ ਸਿੰਘ ਨੂੰ ਵੀ ਇਸੇ ਤਰ੍ਹਾਂ ਹੀ ਟਾਈਫਾਈਡ ਹੋ ਗਿਆ ਸੀ ਤੇ ਉਸ ਨਾਲ ਵੀ ਉਹੋ ਕਰਮ ਦੁਹਰਾਇਆ ਗਿਆ ਸੀæ
   ਹੁਣ ਇਹ ਗੱਲ ਯਾਦ ਨਹੀਂ ਕਿ ਮੈਨੂੰ ਖਾਣ ਪੀਣ ਲਈ ਕੀ ਦਿੱਤਾ ਜਾਂਦਾ ਸੀ ਪਰ ਇਹ ਜਰੂਰ ਯਾਦ ਹੈ ਕਿ ਜਦੋਂ ਮੈਨੂੰ ਦਾਲ ਵਿਚ ਚੂਰ ਕੇ ਰੋਟੀ ਖਾਣ ਲਈ ਦਿੰਦੇ ਤਾਂ ਮੈਨੂੰ ਉਲਟੀ ਆ ਜਾਂਦੀ ਜਾਂ ਮੇਰੇ ਪੇਟ ਵਿਚ ਦਰਦ ਹੋਣ ਲਗਦਾ ਅਤੇ ਮੈਂ ਬਹੁਤ ਚੀਕਾਂ ਮਾਰਦਾæ ਜਦੋਂ ਮੈਨੂੰ ਬਹੁਤੀ ਤਕਲੀਫ ਹੁੰਦੀ ਤਾਂ ਮੇਰੀਆਂ ਭੈਣਾਂ ਹੀ ਮੈਨੂੰ ਵਰਾਉਂਦੀਆਂæ ਕਈ ਵਾਰ ਤਾਂ ਮੇਰੀ ਹਾਲਤ ਦੇਖ ਕੇ ਉਹਨਾਂ ਦਾ ਵੀ ਰੋਣ ਨਿਕਲ ਜਾਂਦਾæ ਮੇਰੀ ਮਾਂ ਜਾਂ ਮੇਰੇ ਬਾਪ ਕੋਲ ਵਿਹਲ ਹੀ ਕਿੱਥੇ ਸੀ ਕਿ ਉਹ ਮੇਰੀ ਬਿਮਾਰੀ ਵੱਲ ਧਿਆਨ ਦਿੰਦੇæ ਹੁਣ ਮੈਨੂੰ ਕਪਾਹ ਦੀ ਢੇਰੀ ਨੂੰ ਯਾਦ ਕਰਕੇ ਖਿਆਲ ਆਉਂਦਾ ਹੈ ਕਿ ਉਹ ਅਕਤੂਬਰ ਦਾ ਮਹੀਨਾ ਹੋਵੇਗਾæ ਹਾੜੀ ਦੀ ਬਿਜਾਈ ਤੇ ਕਪਾਹ ਚੁਗਣ ਦਾ ਜੋਰ ਹੋਣ ਕਰਕੇ ਮਾਂ ਬਾਪ ਨੂੰ ਕੰਮਾਂ ਤੋਂ ਹੀ ਵਿਹਲ ਨਹੀਂ ਮਿਲਦੀ ਹੋਵੇਗੀæ ਇਹ ਵੀ ਗੱਲ ਨਹੀਂ ਸੀ ਮੇਰੇ ਮਾਂ ਬਾਪ ਨੂੰ ਬੱਚਿਆਂ ਨਾਲ ਪਿਆਰ ਨਹੀਂ ਸੀæ ਦਿਹਾੜੀ ਵਿਚ ਇਕ ਅੱਧੀ ਵਾਰ ਮੇਰਾ ਬਾਪ ਮੇਰੇ ਕੋਲ ਆ ਕੇ ਮੇਰਾ ਹਾਲ ਦੇਖਣ ਆ ਜਾਂਦਾ ਸੀ ਤੇ ਫਿਰ ਮਾਂ ਨੂੰ ਕੁਝ ਕਹਿ ਕੇ ਚਲਿਆ ਜਾਂਦਾ ਸੀæ ਮਾਂ ਆਪਣੇ ਵਿਸ਼ਵਾਸ ਅਨੁਸਾਰ ਹੀ ਮੇਰਾ ਇਲਾਜ ਕਰਵਾ ਰਹੀ ਸੀæ ਕਦੀ ਉਹ ਪੰਡਤ ਕੋਲੋਂ ਹੱਥ ਹੌਲਾ ਕਰਵਾਉਂਦੀ, ਕਦੀ ਕਿਸੇ ਸਿਆਣੇ ਤੋਂ ਮਾਤਾ ਝੜਵਾਉਂਦੀ ਅਤੇ ਧੂਫ ਧੁਖਾਉਂਦੀæ ਕਦੇ ਉਹ ਮੇਰੇ ਕੋਲ ਬੈਠ ਕੇ ਮਾਤਾ ਦੀਆਂ ਭੇਟਾਂ ਗਾਉਣ ਲੱਗ ਜਾਂਦੀ ਅਤੇ ਮਾਤਾ ਰਾਣੀ ਕੋਲ ਵਾਸਤੇ ਪਾਉਂਦੀ ਕਿ 'ਉਹ ਮੇਰੇ ਲਾਲ ਨੂੰ ਬਖਸ਼ ਦੇਵੇ|' ਉਸ ਨੇ ਮੇਰੇ ਤੰਦਰੁਸਤ ਹੋ ਜਾਣ ਲਈ ਕਈ ਸੁੱਖਾਂ ਵੀ ਸੁੱਖ ਛੱਡੀਆਂ ਸਨæ ਕਈ ਵਾਰ ਉਹ ਮੈਨੂੰ ਲਾਡ ਨਾਲ 'ਮਾਤਾ ਰਾਣੀ ਦਾ ਖੋਤੜਾ' ਕਹਿ ਕੇ ਬਲਾਉਂਦੀæ
   ਅੱਜ ਮੈਂ ਸੋਚਦਾ ਹਾਂ ਕਿ ਅਨਪੜ੍ਹਤਾ ਤੇ ਜਹਾਲਤ ਕਾਰਨ, ਫਜ਼ੂਲ ਦੀਆਂ ਰੱਖਾਂ ਤਾਂ ਰੱਖੀਆਂ ਗਈਆਂ ਸਨ ਪਰ ਜਿਹੜੀ 'ਪਰਹੇਜ਼ ਤੇ ਦਵਾਈ' ਵਾਲੀ ਅਸਲ ਰੱਖ ਤਾਂ ਰੱਖੀ ਹੀ ਨਹੀਂ ਸੀ ਗਈæ ਰੋਟੀ ਖੁਆਉਣ ਨਾਲ, ਭਾਵੇਂ ਚੂਰ ਕੇ ਹੀ ਸਹੀ, ਮੇਰੇ ਮਿਹਦੇ ਵਿਚ ਜ਼ਖਮ ਹੋ ਗਏ ਅਤੇ ਟਾਈਫਾਈਡ ਵਿਗੜ ਗਿਆæ ਜਿਸ ਕਾਰਨ ਮੇਰੀ ਸਿਹਤ ਘਟਦੀ ਘਟਦੀ ਬਹੁਤ ਘਟ ਗਈ ਅਤੇ ਮੈਂ ਤੁਰਨੋ ਵੀ ਰਹਿ ਗਿਆæ ਹੁਣ ਮੇਰੇ ਕੋਲੋਂ ਤਾਂ ਹੁਣ ਸੁਆਰ ਕੇ ਚੀਕ ਵੀ ਨਹੀਂ ਸੀ ਮਾਰੀ ਜਾਂਦੀæ
   ਫਿਰ ਪਤਾ ਨਹੀਂ ਕਿਸੇ ਦੇ ਕਹਿਣ 'ਤੇ ਜਾਂ ਮੇਰੇ ਬਾਪ ਦੇ ਮਨ ਵਿਚ ਆਪ ਹੀ ਸੋਚ ਆਈ ਕਿ ਮੁੰਡੇ ਨੇ ਮਰ ਤਾਂ ਜਾਣਾ ਹੀ ਹੈ ਕਿਉਂ ਨਾ ਹਕੀਮ ਦੀ ਦੁਆਈ ਹੀ ਦੇ ਕੇ ਦੇਖ ਲਈ ਜਾਵੇæ ਉਸ ਸਮੇਂ ਸਾਡੇ ਇਲਾਕੇ ਵਿਚ ਪਿੰਡ ਸਾਹੋ ਕੇ ਵਿਚ ਤਿਲਕ ਰਾਮ ਬੜਾ ਮਸ਼ਹੂਰ ਹਕੀਮ ਸੀæ ਇਹ ਪਿੰਡ ਸਾਡੇ ਪਿੰਡ ਤੋਂ ਪੰਜ ਕਿਲੋਮੀਟਰ ਦੂਰ ਹੈæ ਮੇਰਾ ਬਾਪ ਤਿਲਕ ਰਾਮ ਤੋਂ ਇਕ ਅਰਕ ਦੀ ਬੋਤਲ ਅਤੇ ਨਾਲ ਸੁਆਹ ਵਰਗੀ ਦਵਾਈ ਦੀਆਂ ਪੁੜੀਆਂ ਲੈ ਆਇਆæ ਮੇਰੀ ਮਾਂ ਦੇ ਨਾਂਹ ਨਾਂਹ ਕਰਦਿਆਂ ਵੀ ਉਸ ਨੇ ਮੈਨੂੰ ਕੌਲੀ ਵਿਚ ਥੋੜਾ ਜਿਹੇ ਅਰਕ ਨਾਲ ਇਕ ਪੁੜੀ ਖੁਆ ਦਿੱਤੀæ ਉਹ ਅਰਕ ਬਹੁਤ ਹੀ ਕੌੜਾ ਸੀ ਪਰ ਮੈਂ ਅੱਖਾਂ ਮੀਟ ਕੇ ਪੀ ਗਿਆæ ਫਿਰ ਮੇਰੇ ਬਾਪ ਨੇ ਮੇਰੀ ਵੱਡੀ ਭੈਣ ਦੀ ਡਿਉਟੀ ਲਾ ਦਿੱਤੀ ਕਿ ਉਹ ਮੈਨੂੰ ਹਰ ਰੋਜ,æ ਦਿਹਾੜੀ ਵਿਚ ਤਿੰਨ ਵਾਰ ਅਰਕ ਨਾਲ ਦੁਆਈ ਖੁਆਏਗੀæ ਕੋਈ ਵੀ ਠੋਸ ਖੁਰਾਕ ਦੇਣ ਤੋਂ ਵਰਜ ਦਿੱਤਾ ਗਿਆ ਸੀæ ਕੋਈ ਤਰਲ ਪੀਣ ਲਈ ਦੇਣਾ ਸੀæ
   ਇਹ ਕੋਈ ਉਸ ਦੁਆਈ ਅਤੇ ਅਰਕ ਦੀ ਕਰਾਮਾਤ ਸੀ ਜਾਂ ਮਿਆਦੀ ਬੁਖਾਰ ਨੇ ਆਪਣਾ ਸਮਾਂ ਪੂਰਾ ਕਰ ਲਿਆ ਸੀ ਕਿ ਮੈਂ ਹੌਲ਼ੀ ਹੌਲ਼ੀ ਠੀਕ ਹੋਣ ਲੱਗ ਪਿਆæ ਕੁਝ ਦਿਨਾਂ ਵਿਚ ਮੇਰਾ ਬੁਖਾਰ ਵੀ ਉਤਰ ਗਿਆ ਅਤੇ ਮੈਂ ਕਿਸੇ ਸਹਾਰੇ ਨਾਲ ਤੁਰਨ ਵੀ ਲੱਗ ਪਿਆæ ਕੋਈ ਚਾਰ ਮਹੀਨਿਆਂ ਮਗਰੋਂ ਮੈਂ ਪੂਰਾ ਤੰਦਰੁਸਤ ਹੋ ਕੇ ਸਕੂਲ ਜਾਣ ਲੱਗ ਪਿਆ ਸੀæ ਪਰ ਉਸ ਸਾਲ ਮੈਂ ਤੀਸਰੀ ਜਮਾਤ ਵਿਚੋਂ ਪਾਸ ਨਹੀਂ ਸੀ ਹੋ ਸਕਿਆæ
   ਭਾਵੇਂ ਮੈਨੂੰ ਹਕੀਮ ਤਿਲਕ ਰਾਮ ਦੀ ਦੁਆਈ ਨਾਲ ਅਰਾਮ ਆਇਆ ਸੀ ਫਿਰ ਵੀ ਮੇਰੀ ਮਾਂ, ਸੁੱਖ ਲਾਹੁਣ ਲਈ, ਮੈਨੂੰ ਮਾਈਸਰਖਾਨੇ, ਮਾਤਾ ਦੇ ਦਰਬਾਰ ਲੈ ਕੇ ਗਈ ਸੀæ
   ਉਸ ਸਮੇਂ ਤਾਂ ਵਿਦਿਆ ਦੀ ਸਹੂਲਤ ਨਾ ਹੋਣਾ ਅਤੇ ਡਾਕਟਰੀ ਸਹਾਇਤਾ ਨਾ ਮਿਲਣ ਦੇ ਬਰਾਬਰ ਹੋਣ ਕਾਰਨ ਪਿੰਡਾਂ ਦੇ ਪਛੜੇਪਨ ਨੂੰ ਦੋਸ਼ੀ ਮੰਨਿਆ ਜਾ ਸਕਦਾ ਸੀæ ਪਰ, ਹੁਣ ਜਦੋਂ ਪਿੰਡ ਪਿੰਡ ਸਕੂਲ ਖੁਲ੍ਹ ਗਏ ਹਨæ ਡਾਕਟਰੀ ਸਹੂਲਤਾਂ ਵੀ ਮਿਲਨ ਲੱਗ ਪਈਆਂ ਹਨ ਤਾਂ ਅਜੇ ਵੀ ਬੱਚੇ ਬਿਮਾਰੀਆਂ ਨਾਲ ਸੁੱਕ ਕੇ ਤੀਲਾ ਕਿਉਂ ਬਣ ਰਹੇ ਹਨ ਅਤੇ ਡਾਕਟਰੀ ਇਲਾਜ ਦੀ ਥਾਂ ਮੰਨਤਾਂ ਮੰਨਣ ਵਿਚ ਵਿਸ਼ਵਾਸ ਕਰਦੇ ਹਾਂæ ਅਸੀਂ ਅੰਧਵਿਸ਼ਵਾਸਾਂ ਤੋਂ ਨਿਜਾਤ ਪਾਉਣ ਵਿਚ ਕਾਮਯਾਬ ਕਿਉਂ ਨਹੀਂ ਹੋ ਰਹੇ? ਅਜੇ ਵੀ ਟੂਣੇ ਟਾਮਣ, ਝਾੜ ਫੂਕ ਕਰਨ ਅਤੇ ਪੁੱਛਾਂ ਦੇਣ ਵਾਲਿਆਂ ਦਾ ਬੋਲ ਬਾਲਾ ਵਧਦਾ ਹੀ ਜਾ ਰਿਹਾ ਹੈæ ਵਿਗਿਆਨ ਦੀ ਤਰੱਕੀ ਨਾਲ ਪਰਿੰਟ ਮੀਡੀਏ ਅਤੇ ਇਲੈਟਰਾਂਨਿਕਸ ਮੀਡੀਏ ਨੇ ਵੀ ਤਰੱਕੀ ਕੀਤੀ ਹੈæ ਹੋਣਾ ਤਾਂ ਇਹ ਚਾਹੀਦਾ ਸੀ ਕਿ ਮੀਡੀਆ ਸਾਡੇ ਪੱਛੜੇਪਨ ਅਤੇ ਅੰਧਵਿਸ਼ਵਾਸਾਂ ਨੂੰ ਘਟ ਕਰਨ ਅਤੇ ਤਰਕਵਾਦੀ ਸੋਚ ਨੂੰ ਉਤਸਾਹਤ ਕਰਨ ਵਿਚ ਸਹਾਈ ਹੁੰਦਾæ ਪਰ ਇਸ ਦੇ ਉਲਟ ਅੱਜ ਮੀਡੀਆ ਅੰਧਵਿਸ਼ਵਾਸਾਂ ਨੂੰ ਵਧਾਉਣ ਵਿਚ ਸਹਾਈ ਹੋ ਰਿਹਾ ਹੈæ ਆਖਿਰ ਇਹ ਕਿਉਂ ਹੋ ਰਿਹਾ ਹੈ? ਅਤੇ ਇਸ ਦੇ ਪਿੱਛੇ ਕਿਹੜੀ ਸੋਚ ਭਾਰੂ ਹੈ? ਇਹ ਸਿਲਸਲਾ ਹੋਰ ਕਿੰਨਾ ਕੁ ਚਿਰ ਚਲਦਾ ਰਹੇਗਾ ਅਤੇ ਕਿਉਂ? ਇਹ ਸਵਾਲ ਅਜੇ ਵੀ ਮੂੰਹ ਅੱਡੀ ਖੜ੍ਹਾ ਹੈæ


ਸੰਨ ਸੰਤਾਲੀ ਤੋਂ ਪਹਿਲਾਂ ਦੇ ਪਿੰਡ ਨੂੰ ਯਾਦ ਕਰਦਿਆਂ

ਸੰਨ 1955 ਦੀ ਗੱਲ ਹੈ, ਉਦੋਂ ਮੈਂ ਮੋਗਾ ਮਿਸ਼ਨ ਸਕੂਲ ਵਿਚ ਜੇ।ਬੀ।ਟੀ। ਕਰ ਰਿਹਾ ਸੀæ ਸਾਰੇ ਸਿਖਿਅਕ ਅਧਿਆਪਕਾਂ ਨੂੰ ਹੋਸਟਲ ਵਿਚ ਰਹਿਣਾ ਲਾਜ਼ਮੀ ਸੀæ ਇਕ ਇਕ ਕਮਰੇ ਵਿਚ ਅਸੀਂ ਛੇ ਛੇ ਸਿਖਿਆਰਥੀ ਰਹਿੰਦੇ ਸਾਂæ ਇਕ ਐਤਵਾਰ, ਸਿਆਲ ਦੀ ਝੜੀ ਲੱਗੀ ਹੋਣ ਕਾਰਨ ਕੋਈ ਵੀ ਸਿਖਿਆਰਥੀ ਹੋਸਟਲ ਤੋਂ ਬਾਹਰ ਨਹੀਂ ਸੀ ਗਿਆ, ਸਭ ਆਪੋ ਆਪਣੇ ਕਮਰਿਆਂ ਵਿਚ ਬੈਠੇ ਗੱਪਾਂ ਮਾਰ ਦੇ ਰਹੇæ ਦੁਪਹਿਰ ਦੇ ਖਾਣੇ ਮਗਰੋਂ ਮੈਂ ਅਤੇ ਪ੍ਰੀਤਮ ਬਰਾੜ ਘਾਲੀ ਹੁਰਾਂ ਦੇ ਕਮਰੇ ਵਿਚ ਚਲੇ ਗਏæ ਉੱਥੇ ਪਹਿਲਾਂ ਹੀ ਅੱਠ ਦਸ ਜਣੇ ਬੈਠੇ ਮੂੰਗਫਲੀ ਖਾਂਦੇ ਹੋਏ ਗੱਪਾਂ ਮਾਰ ਰਹੇ ਸੀæ ਸ਼ਾਇਦ ਪਿੰਡਾਂ ਬਾਰੇ ਕੋਈ ਗੱਲ ਚਲ ਰਹੀ ਹੋਵੇ, ਸਾਨੂੰ ਕਮਰੇ ਵਿਚ ਆਇਆਂ ਦੇਖ ਕੇ ਘਾਲੀ ਬੋਲਿਆ, "ਲੈ ਬਈ, ਆਹ ਪੱਤੋ ਦੇ ਸ਼ੁਕੀਨ ਵੀ ਆ ਗਏæ ਬਰਾੜਾ, ਇਹ ਦੱਸ ਬਈ, ਥੋਡੇ ਪਿੰਡ ਵਾਲਿਆਂ ਨੂੰ ਪੱਤੋ ਦੇ ਸ਼ੁਕੀਨ ਕਿਉਂ ਕਹਿੰਦੇ ਐ? ਕੀ ਥੋਡਾ ਪਿੰਡ ਪੱਤੋ ਦੇ ਸ਼ੁਕੀਨਾ ਕਰਕੇ ਈ ਮਸ਼ਹੂਰ ਐ, ਹੋਰ ਕਿਸੇ ਗੱਲ ਕਰਕੇ ਨਹੀਂ?" ਪ੍ਰੀਤਮ ਨੇ ਝੱਟ ਕਹਿ ਦਿੱਤਾ, "ਮੈਨੂੰ ਬਹੁਤਾ ਤਾਂ ਨਹੀਂ ਪਤਾ ਕਿ Ḕਪੱਤੋ ਦੇ  ਸ਼ੁਕੀਨḔ ਵਾਲੀ ਅੱਲ ਪਿੰਡ ਨਾਲ ਕਿਵੇਂ ਜੁੜ ਗਈ! ਹੋ ਸਕਦੈ ਜਦੋਂ ਕਦੀ ਸਾਡੇ ਪਿੰਡ ਦੇ ਗਭਰੂ ਮੇਲੇ ਮਸਾ੍ਹਬੇ ਜਾਂ ਜੰਝਾਂ ਛਿੰਝਾਂ Ḕਤੇ ਜਾਂਦੇ ਹੋਣ ਤਾਂ ਇਕੋ ਜਿਹੇ ਕਪੜੇ ਪਾ ਕੇ ਜਾਂਦੇ ਹੋਣ ਤੇ ਲੋਕ ਕਹਿ ਦਿੰਦੇ ਹੋਣ Ḕਆ ਗਏ ਬਈ ਪੱਤੋ ਦੇ ਸ਼ੁਕੀਨḔ ਪਰ ਸਾਡਾ ਪਿੰਡ ਇਸ ਕਰਕੇ ਮਸ਼ਹੂਰ ਐ ਕਿਉਂਕਿ ਜ਼ਿਲਾ ਫਰੋਜ਼ਪੁਰ ਵਿਚ ਸਭ ਤੋਂ ਪਹਿਲਾ ਪੇਂਡੂ ਸਰਕਾਰੀ ਹਾਈ ਸਕੂਲ ਪੱਤੋ ਹੀਰਾ ਸਿੰਘ ਵਿਚ ਖੁੱਲ੍ਹਿਆ ਸੀ| ਇਕ ਹੋਰ ਗੱਲ! ਸਾਡੇ ਪਿੰਡ ਦੇ ਸਰਦਾਰ ਹੀਰਾ ਸਿੰਘ ਦਾ ਸਾਰੇ ਇਲਾਕੇ ਵਿਚ ਇੰਨਾ ਨਾਂ ਸੀ ਕਿ ਉਸ ਦੇ ਨਾਮ Ḕਤੇ ਹੀ ਪਿੰਡ ਦਾ ਨਾਮ ਪੱਤੋ ਹੀਰਾ ਸਿੰਘ ਪੈ ਗਿਆ|" ਪ੍ਰੀਤਮ ਬਰਾੜ ਦੇ ਬੋਲਣ ਮਗਰੋਂ ਵਾਰੀ ਵਾਰੀ ਸਾਰਿਆਂ ਨੇ ਆਪਣੇ ਪਿੰਡ ਦੀ ਸਿਫਤ ਬਾਰੇ ਕੁਝ ਨਾ ਕੁਝ ਦੱਸਿਆæ ਰਾਮ ਸਰੂਪ ਨੇ ਕਹਿ ਦਿੱਤਾ, Ḕਸਾਡਾ ਪਿੰਡ ਗੁੱਗਾ ਮਾੜੀ ਤੇ ਪਸ਼ੂਆਂ ਦੀ ਮੰਡੀ ਕਰਕੇ ਮਸ਼ਹੂਰ ਹੈ|Ḕ ਵਿਚੋਂ ਹੀ ਸਰਵਣ ਬੋਲ ਪਿਆ, Ḕਸਾਡਾ ਪਿੰਡ ਮੋਹਣ ਸਿੰਘ ਦੇ ਕਵੀਸ਼ਰੀ ਜੱਥੇ ਕਾਰਨ ਮਸ਼ਹੂਰ ਹੋਇਐ|Ḕ ਜਗਦੀਸ਼ ਨੇ ਕਹਿ ਦਿੱਤਾ ਸਾਡੇ ਪਿੰਡ ਦਾ ਚੇਤ ਚੌਦੇਂ ਦਾ ਮੇਲਾ ਮਸ਼ਹੂਰ ਹੈæ ਇਸੇ ਤਰ੍ਹਾਂ ਕਿਸੇ ਪਿੰਡ ਦੀਆਂ ਕਹੀਆਂ ਮਸ਼ਹੂਰ ਸਨ ਤੇ ਕਿਸੇ ਪਿੰਡ ਦੇ ਕੂੰਡੇæ ਕਿਸੇ ਦਾ ਪਿੰਡ ਗਦਰੀ ਬਾਬਿਆਂ ਕਰਕੇ ਮਸ਼ਹੂਰ ਸੀ ਤੇ ਕਿਸੇ ਦਾ ਜੈਤੋ ਦੇ ਮੋਰਚੇ ਵਿਚ ਬਹੁਤੇ ਬੰਦੇ ਗਏ ਜੇਲ੍ਹੀਂ ਹੋਣ ਕਰਕੇæ ਹਰ ਕੋਈ ਆਪਣੇ ਪਿੰਡ ਦੀ ਸਿਫਤ ਸੁਣਾ ਕੇ ਆਪਣੇ ਪਿੰਡ ਉਪਰ ਮਾਣ ਮਹਿਸੂਸ ਕਰ ਰਿਹਾ ਸੀæ ਮੈਂ ਸੋਚ ਰਿਹਾ ਸੀ ਕਿ ਮੈਂ ਆਪਣੇ ਪਿੰਡ ਦੀ ਕਿਹੜੀ ਗੱਲ ਦੱਸਾਂæ ਮੈਨੂੰ ਕੁਝ ਚੇਤੇ ਨਹੀਂ ਸੀ ਆ ਰਿਹਾæ ਮੇਰੀ ਵਾਰੀ ਆਈ ਤੋਂ ਮੈਨੂੰ ਹੋਰ ਤਾਂ ਕੋਈ ਗੱਲ ਨਾ ਸੁੱਝੀ, ਬੱਸ ਇਹੀ ਕਹਿ ਦਿੱਤਾ, "ਸਾਡਾ ਪਿੰਡ ਪੀਰੇ ਡਾਕੂ ਕਰਕੇ ਮਸ਼ਹੂਰ ਰਿਹੈ|" Ḕਵਿਚੋਂ ਹੀ ਘਾਲੀ ਬੋਲ ਪਿਆ, Ḕਮਸ਼ਹੂਰ ਨਹੀਂ ਬਦਨਾਮ ਕਹਿ|Ḕ ਇਹ ਸੁਣਦਿਆਂ ਹੀ ਸਾਰੇ ਹੱਸ ਪਏ ਅਤੇ ਮੈਂ ਸ਼ਰਮਿੰਦਾ ਜਿਹਾ ਹੋ ਕੇ ਚੁੱਪ ਹੋ ਗਿਆæ ਫਿਰ ਘਾਲੀ ਨੇ ਪ੍ਰਕਾਸ਼ ਨੂੰ ਕਿਹਾ, "ਤੂੰ ਵੀ ਆਪਣੇ ਪਿੰਡ ਬਾਰੇ ਕੁਝ ਦੱਸ। ਤੂੰ ਕਿਉਂ ਮੋਨ ਧਾਰਿਐ?" ਪ੍ਰਕਾਸ਼ ਬੜੀ ਗੰਭੀਰ ਅਵਾਜ਼ ਵਿਚ ਬੋਲਿਆ, "ਭਰਾਵੋ, ਮੈਂ ਆਪਣੇ ਪਿੰਡ ਦੀ ਕਿਹੜੀ ਸਿਫਤ ਸੁਣਾਵਾਂ! ਸਾਡਾ ਪਿੰਡ ਤਾਂ ਜੱਦੀ ਦੁਸ਼ਮਣੀਆਂ ਨੇ ਹੀ ਬਰਬਾਦ ਕਰ ਦਿੱਤੈæ ਤੇ ਸਾਡਾ ਪ੍ਰਵਾਰ ਵੀ ਉਸ ਦੀ ਮਾਰ ਹੇਠ ਆਇਆ ਹੋਇਆ ਹੈæ ਚਾਰ ਸਾਲ ਹੋਏ, ਮੇਰੇ ਪਿਉ ਦਾ ਕਤਲ ਹੋ ਗਿਆæ ਹੁਣ ਮੈਂ ਨਾਨਕੀਂ ਰਹਿੰਦਾਂ|" ਪ੍ਰਕਾਸ਼ ਨੇ ਆਪਣੀ ਕਹਾਣੀ ਸੁਣਾ ਕੇ ਮਾਹੌਲ ਨੂੰ ਗਮਗੀਨ ਬਣਾ ਦਿੱਤਾæ ਕਿਸੇ ਵਿਚ ਇਹ ਪੁੱਛਣ ਦੀ ਵੀ ਹਿੰਮਤ ਨਾ ਹੋਈ ਕਿ ਉਹ ਆਪਣੇ ਨਾਨਕਿਆਂ ਦੇ ਪਿੰਡ ਦੀ ਹੀ ਕੋਈ ਗੱਲ ਦੱਸ ਦੇਵੇæ ਫਿਰ ਹੌਲ਼ੀ ਹੌਲ਼ੀ ਸਾਰੇ ਆਪੋ ਆਪਣੇ ਕਮਰਿਆਂ ਵਿਚ ਚਲੇ ਗਏæ ਮੈਂ ਵੀ ਆਪਣੇ ਕਮਰੇ ਵਿਚ ਆ ਕੇ ਪੈ ਗਿਆæ ਮੈਂ ਬਿਸਤਰੇ ਵਿਚ ਪਿਆ ਪਲਸੇਟੇ ਮਾਰਦਾ ਆਪਣੇ ਪਿੰਡ ਬਾਰੇ ਹੀ ਸੋਚ ਰਿਹਾ ਸੀ ਅਤੇ ਮੈਨੂੰ ਆਪਣੇ ਪਿੰਡ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਆ ਰਹੀਆਂ ਸਨ ਪਰ ਪਤਾ ਨਹੀਂ ਮੇਰੇ ਵਿਚ ਇਹ ਕੀ ਕਮਜ਼ੋਰੀ ਹੈ ਕਿ ਮੈਨੂੰ ਮੌਕੇ ਸਿਰ ਗੱਲ ਨਹੀਂ ਔੜਦੀæ
   ਹਰ ਪ੍ਰਾਣੀ ਨੂੰ ਆਪਣੇ ਪਿੰਡ, ਨਗਰ ਖੇੜੇ, ਆਪਣੀ ਜਨਮ ਭੂਮੀ, ਜਿੱਥੇ ਉਸ ਨੇ ਜ਼ਿੰਦਗੀ ਦਾ ਬਹੁਤਾ ਸਮਾਂ ਗੁਜ਼ਾਰਿਆ ਹੋਵੇ, ਨਾਲ ਮੋਹ ਵੀ ਹੁੰਦਾ ਹੈ ਅਤੇ ਉਸ Ḕਤੇ ਮਾਣ ਵੀæ ਪਰ ਕਈ ਪ੍ਰਕਾਸ਼ ਵਰਗੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਪਿੰਡ ਨਾਲ ਨਫਰਤ ਹੋ ਜਾਂਦੀ ਹੈæ ਪਰ ਮੈਨੂੰ ਤਾਂ ਆਪਣੇ ਪਿੰਡ ਨਾਲ ਬੜਾ ਮੋਹ ਰਿਹਾ ਹੈ ਅਤੇ ਹੁਣ ਵੀ ਹੈæ ਉਸ ਸਮੇਂ ਭਾਵੇਂ ਮੈਨੂੰ ਆਪਣੇ ਪਿੰਡ Ḕਤੇ ਮਾਣ ਕਰਨ ਵਾਲੀ ਹੋਰ ਕਿਸੇ ਗੱਲ ਦਾ ਚੇਤਾ ਨਹੀਂ ਸੀ ਆਇਆæ ਪਰ ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਸੰਨ 1947 ਤੋਂ ਪਹਿਲਾਂ ਵੀ ਮੇਰਾ ਪਿੰਡ ਮਾਣ ਕਰਨਯੋਗ ਪਿੰਡਾਂ ਵਿਚੋਂ ਇਕ ਸੀæ
    ਮੇਰਾ ਪਿੰਡ ਸੇਖਾ ਕਲਾਂ ਹੈæ ਇਹ ਪਿੰਡ ਮੋਗਾ ਕੋਟ ਕਪੂਰਾ ਪੱਕੀ ਸੜਕ Ḕਤੇ, ਮੋਗਾ ਤੋਂ 35 ਕਿਲੋਮੀਟਰ ਦੂਰ ਵਸੇ ਪਿੰਡ ਸਮਾਲਸਰ ਤੋਂ ਦੱਖਣ ਵਾਲੇ ਪਾਸੇ, ਨਹਿਰ ਸਰਹੰਦ ਬਰਾਂਚ ਟੱਪ ਕੇ, ਸੱਤ ਕੁ ਕਿਲੋਮੀਟਰ ਵਾਟ Ḕਤੇ ਵਸਿਆ ਹੋਇਆ ਹੈæ ਕਿਸੇ ਸਮੇਂ ਇਹ ਪਿੰਡ ਜ਼ਿਲਾ ਫੀਰੋਜ਼ ਪੁਰ ਵਿਚ ਹੁੰਦਾ ਸੀ, ਫਿਰ ਜ਼ਿਲਾ ਫਰੀਦ ਕੋਟ ਵਿਚ ਆ ਗਿਆæ ਨਵੰਬਰ, 1995 ਵਿਚ ਇਸ ਪਿੰਡ ਦੀ ਤਹਿਸੀਲ ਮੋਗਾ ਨੂੰ ਹੀ ਜ਼ਿਲਾ ਬਣਾ ਦਿੱਤਾ ਗਿਆæ ਬਾਘਾ ਪੁਰਾਣਾ ਜਿਹੜਾ ਕਿ ਇਸ ਪਿੰਡ ਦਾ ਠਾਣਾ ਹੁੰਦਾ ਸੀ, ਉਹ ਇਸ ਪਿੰਡ ਦੀ ਤਹਿਸੀਲ ਬਣ ਗਿਆ ਤੇ ਪਿੰਡ ਲਈ ਇਕ ਹੋਰ ਨਵਾਂ ਠਾਣਾ ਹੋਂਦ ਵਿਚ ਆ ਗਿਆ ḔਸਮਾਲਸਰḔæ ਪਹਿਲਾਂ ਤਾਂ ਪਿੰਡ ਦੇ ਨੇੜ ਤੇੜ ਦੀ ਵੀ ਕੋਈ ਸੜਕ ਨਹੀਂ ਸੀ ਲੰਘਦੀæ ਸਾਰਾ ਪਿੰਡ ਟਿਬਿਆਂ, ਧੋੜਿਆਂ ਤੇ ਜੰਗਲ ਵਿਚ ਘਿਰਿਆ ਹੋਇਆ ਸੀæ ਸੰਨ ਸੰਤਾਲੀ ਤੋੰ ਮਗਰੋਂ ਪਿੰਡਾਂ ਦੀ ਨੁਹਾਰ ਬਦਲਦੀ ਗਈæ ਸੜਕਾਂ ਬਣਨ ਲੱਗ ਪਈਆਂ ਅਤੇ ਆਵਾਜਾਈ ਦੇ ਸਾਧਨ ਆਮ ਹੋ ਜਾਣ ਕਾਰਨ ਨਵੀਂ ਪ੍ਰਸਾਸ਼ਨਿਕ ਅਦਲਾ ਬਦਲੀ ਦਾ ਪਿੰਡ ਦੇ ਲੋਕਾਂ ਉਪਰ ਕੋਈ ਖਾਸ ਫਰਕ ਨਹੀਂ ਪਿਆæ ਪਿੰਡ ਵੀ ਸੰਤਾਲੀ ਤੋਂ ਪਹਿਲਾਂ ਵਾਲਾ ਨਹੀਂ ਰਹਿ ਗਿਆæ ਪਰ ਬਹੁਤ ਛੋਟੀ ਉਮਰ ਵਿਚ ਪਿੰਡ ਦੀਆਂ ਗਲੀਆਂ ਕੱਛਦਿਆਂ ਦੇਖੀ ਪਿੰਡ ਦੀ ਨੁਹਾਰ ਭੁੱਲੀ ਨਹੀਂæ ਵੱਡੇ ਛੱਪੜ ਦੇ ਕੋਨੇ Ḕਤੇ ਨਿਰਮਲਿਆਂ ਦਾ ਡੇਰਾ ਸੁਰਗ ਪੁਰੀ, ਲੱਖੂ ਕੇ ਅਗਵਾੜ ਵਿਚ ਬਾਬਾ ਬੀਲ੍ਹਾ ਸਿੰਘ ਦੀ ਸਮਾਧ ਅਤੇ ਲੱਖੂ ਪੱਤੀ ਦਾ ਬੋੜਾ ਖੂਹ, ਬਿੰਡੇ ਪੱਤੀ ਵਿਚਲੀ ਧੂਤੇ ਮ੍ਹਾਜਨ ਦੀ ਹੱਟੀ ਵਿਚ ਲਮਕਦੇ ਹੋਏ ਪੱਟ ਦੇ ਲੱਛੇ, ਬਖਤਾ ਪੱਤੀ ਦੀ ਕੱਚੀ ਧਰਮਸ਼ਾਲਾ ਅਤੇ ਉਸ ਦੇ ਸਾਹਮਣੇ ਤੇਲੀਆਂ ਦਾ ਕੋਹਲੂ , ਖਿਦੂ ਪੱਤੀ ਦੀ ਕੱਚੀ ਧਰਮਸ਼ਾਲਾ ਦੇ ਇਕ ਕਮਰੇ ਵਿਚ ਰਹਿੰਦਾ ਅੰਨ੍ਹਾ ਸਾਧ, ਹਰੀ ਦਾਸ ਅਤੇ ਧਰਮਸ਼ਾਲਾ ਦੇ ਸਾਹਮਣੇ ਵੱਡਾ ਖੂਹ ਆਦਿਕ ਪਿੰਡ ਦੀ ਹਰ ਗਲ਼ੀ ਤੇ ਗਲ਼ੀ ਦਾ ਹਰ ਮੋੜ ਮੇਰੇ ਚੇਤਿਆਂ ਵਿਚ ਵਸਿਆ ਹੋਇਆ ਹੈæ
    ਅੱਜ ਜਦੋਂ ਉਸ ਸਮੇਂ ਵੱਲ ਝਾਤ ਮਾਰਦਾ ਹੋਇਆ ਆਪਣੇ ਪਿੰਡ ਦੀ ਆਰਥਿਕ ਹਾਲਤ ਨੂੰ ਚਿਤਵਦਾ ਹਾਂ ਤਾਂ ਓਪਰੀ ਨਜ਼ਰੇ ਦੇਖਿਆਂ ਸਾਰਾ ਪਿੰਡ ਹੀ ਗਰੀਬੀ ਦੀ ਦਲ ਦਲ ਵਿਚ ਗਲ਼ ਗਲ਼ ਤਕ ਧਸਿਆ ਹੋਇਆ ਨਜ਼ਰ ਆਉਂਦਾ ਹੈæ ਆਮ ਲੋਕਾਂ ਦਾ ਨੰਗੇ ਪੈਰੀਂ ਤੁਰੇ ਫਿਰਨਾ, ਜੇ ਕਿਸੇ ਦੇ ਪੈਰੀਂ ਜੁੱਤੀ ਪਾਈ ਹੋਣੀ ਤਾਂ ਉਹ ਵੀ ਧੌੜੀ ਦੀæ ਤੇੜ ਜਾਂਘੀਆ, ਗਲ਼ ਖੱਦਰ ਦਾ ਕੁਰਤਾ ਤੇ ਸਿਰ ਉਪਰ ਵੀ ਖੱਦਰ ਦਾ ਸਾਫਾ ਵਲ੍ਹੇਟਿਆ ਹੋਣਾæ ਘਰ ਵਿਚ ਖੱਦਰ ਰੰਗ ਕੇ ਸੀਤੀ ਹੋਈ ਕੁੜਤੀ ਸਲਵਾਰ ਤੇ ਸਲਾਰੀ ਤੀਵੀਆਂ ਦਾ ਪਹਿਰਾਵਾæ ਜੇ ਘਰਾਂ ਵਿਚ ਕਿਸੇ ਚੀਜ਼ ਦੀ ਲੋੜ ਪੈਣੀ ਤਾਂ ਦਾਣਿਆਂ ਵੱਟੇ ਹੱਟੀ ਤੋਂ ਲੈ ਆਉਣੀæ ਉਸ ਸਮੇਂ ਪਿੰਡ ਛੇ ਹੱਟੀਆਂ ਮਸ਼ਹੂਰ ਸਨæ ਉਹਨਾਂ ਨੂੰ ਮਾ੍ਹਜਨਾਂ ਦੀਆਂ ਹੱਟੀਆਂ ਕਿਹਾ ਜਾਂਦਾ ਸੀæ ਤੋਤੇ ਮਾ੍ਹਜਨ ਦੀ ਹੱਟੀ, ਸੁਰਤੂ ਮਾ੍ਹਜਨ ਦੀ ਹੱਟੀ, ਨੱਥੂ ਮਾ੍ਹਜਨ ਦੀ ਹੱਟੀ ਅਤੇ ਧੂਤੇ ਮਾ੍ਹਜਨ ਦਾ ਹੱਟæ ਧੂਤੇ ਮਾ੍ਹਜਨ ਕੋਲੋਂ ਹਰ ਕਿਸਮ ਦਾ ਸੌਦਾ ਮਿਲ ਜਾਂਦਾ ਸੀæ ਵਿਸਾਖੀ ਰਾਮ ਅਤੇ ਸੋਹਣ ਸਿੰਘ ਅਰੋੜੇ ਸਨ ਪਰ ਕਿਹਾ ਉਹਨਾਂ ਵੀ ਮ੍ਹਾਜਨ ਹੀ ਜਾਂਦਾ ਸੀæ
    ਕੁਝ ਇਕ ਘਰਾਂ ਦੇ ਪੱਕੀ ਇੱਟ ਦੇ ਬਣੇ ਹੋਏ ਦਰਵਾਜ਼ਿਆਂ ਨੂੰ ਛੱਡ ਕੇ ਬਾਕੀ ਸਾਰੇ ਪਿੰਡ ਦੇ ਘਰਾਂ ਦੀਆਂ ਕੰਧਾਂ ਕੱਚੀਆਂ ਇੱਟਾਂ ਜਾਂ ਗੁੰਮਿਆਂ ਦੀਆਂ ਕੱਢੀਆਂ ਹੋਈਆਂæ (ਸਖਤ ਚੀਕਣੀ ਮਿੱਟੀ ਵਾਲੀ ਜ਼ਮੀਨ ਜਾਂ ਸੁੱਕੇ ਛੱਪੜ ਵਿਚੋਂ ਚੀਕਣੀ ਮਿੱਟੀ ਦੇ ਵੱਡੇ ਵੱਡੇ ਢੇਲੇ, ਗੁੰਮੇ, ਕਹੀਆਂ ਨਾਲ ਪੁੱਟ ਲਏ ਜਾਂਦੇ ਅਤੇ ਉਹਨਾਂ ਦੀਆਂ ਕੰਧਾਂ ਕੱਢ ਲਈਆਂ ਜਾਂਦੀਆਂ ਸਨæ) ਪਿੰਡ ਦੇ ਸਫੈਦਪੋਸ਼ ਲੰਬੜਦਾਰ ਦਾ ਵੀ ਦਰਵਾਜ਼ਾ ਤੇ ਦਾਲਾਨ ਹੀ ਪੱਕੀ ਇੱਟ ਦਾ ਸੀ ਤੇ ਬਾਕੀ ਸਾਰਾ ਘਰ ਕੱਚੀ ਪੱਕੀ ਇੱਟ ਦਾ ਬਣਿਆ ਹੋਇਆ ਸੀæ ਕਈ ਪੱਕੇ ਦਿਸਦੇ ਘਰਾਂ ਦੇ ਦਰਵਾਜ਼ੇ ਵੀ ਗਲੇਫੀ ਇੱਟ ਦੇ ਹੀ ਬਣੇ ਹੋਏ ਸਨæ (ਕੰਧਾਂ ਦੇ ਅਗਲੇ ਪਾਸੇ ਪੱਕੀ ਇੱਟ ਤੇ ਪਿੱਛੇ ਕੱਚੀ ਇੱਟ ਨਾਲ ਕੀਤੀ ਚਿਣਾਈ ਨੂੰ ਗਲੇਫੀ ਦੀ ਚਿਣਾਈ ਕਿਹਾ ਜਾਂਦਾ ਸੀ) ਪਿੰਡ ਦੇ ਸਕੂਲ ਦੀ ਇਮਾਰਤ ਵੀ ਗਲੇਫੀ ਦੀ ਹੀ ਸੀæ ਆਲੇ ਦੁਆਲੇ ਕਿਤੇ ਪੱਕੀਆਂ ਇੱਟਾਂ ਦਾ ਭੱਠਾ ਨਹੀਂ ਸੀ, ਭਾਵੇਂ ਕਿ ਪਿੰਡ ਕਈ ਸਦੀਆਂ ਪੁਰਾਣਾ ਵਸਿਆ ਹੋਇਆ ਹੈ ਪਰ ਨਾਨਕ ਸ਼ਾਹੀ ਨਿੱਕੀ ਇੱਟ ਬਹੁਤ ਹੀ ਘੱਟ ਵਰਤੋਂ ਵਿਚ ਲਿਆਂਦੀ ਗਈ ਸੀæ ਪਿੰਡ ਦੇ ਚਾਰ ਅਗਵਾੜ ਸਨ, ਪੰਜਵਾਂ, ਫੱਤੂ ਕਾ ਅਗਵਾੜ, ਪਿੰਡ ਤੋਂ ਕੋਹ ਕੁ ਵਾਟ Ḕਤੇ ਅੱਡ ਵੱਸ ਗਿਆ ਜਿਸ ਨੂੰ Ḕਛੋਟਾ ਸੇਖਾḔ ਕਹਿਣ ਲੱਗ ਪਏ ਸਨæ ਚਾਰ ਅਗਵਾੜਾਂ ਵਾਲੇ ਪਿੰਡ ਵਿਚ ਤਿੰਨ ਖੂਹ ਸਨ ਜਿਨ੍ਹਾਂ ਨੂੰ ਨਾਨਕ ਸ਼ਾਹੀ ਇੱਟਾਂ ਲੱਗੀਆਂ ਹੋਈਆਂ ਸਨæ (ਹੁਣ ਤਾਂ ਉਹਨਾਂ ਤਿੰਨਾਂ ਖੂਹਾਂ ਦੀ ਕੋਈ ਨਿਸ਼ਾਨੀ ਵੀ ਨਹੀਂ ਦਿਸਦੀ, ਮਿੱਟੀ ਨਾਲ ਪੂਰ ਦਿੱਤੇ ਗਏ ਹਨæ)
   ਜੇ ਘੋਖਵੀਂ ਨਜ਼ਰ ਨਾਲ ਦੇਖਿਆ ਜਾਵੇ ਤਾਂ ਇਹ ਪਿੰਡ ਜੇ ਅਮੀਰ ਨਹੀਂ ਸੀ ਤਾਂ ਗਰੀਬ ਵੀ ਨਹੀਂ ਗਿਣਿਆ ਜਾ ਸਕਦਾæ ਇਹ ਵੀ ਆਮ ਮਾਲਵੇ ਦੇ ਪਿੰਡਾਂ ਵਰਗਾ ਹੀ ਪਿੰਡ ਸੀæ ਪਿੰਡ ਵਿਚ ਬਹੁਗਿਣਤੀ ਸਿੱਧੂ ਜੱਟਾਂ ਦੀ ਸੀæ ਕੁਝ ਘਰ ਧਾਲੀਵਾਲਾਂ ਦੇ ਵੀ ਸਨæ ਪੰਦਰਾਂ ਵੀਹ ਘਰ ਸਈਅਦ ਜਾਂ ਸ਼ੇਖ, ਮੁਸਲਮਾਨਾ ਦੇ ਅਤੇ ਕੁਝ ਘਰ ਕੰਮੀ ਮੁਸਲਮਾਨਾਂ ਦੇ ਸਨæ ਇਸ ਤੋਂ ਬਿਨਾਂ ਪਿੰਡ ਵਿਚ ਗੁੱਜਰ, ਮਰਾਸੀ, ਜੁਲਾਹੇ, ਤੇਲੀ, ਲੁਹਾਰ, ਤਖਾਣ, ਨਾਈ, ਝਿਉਰ, ਘੁਮਿਆਰ, ਦਰਜ਼ੀ, ਮਜ਼੍ਹਬੀ ਆਦਿ ਕਈ ਜਾਤੀਆਂ ਦੇ ਲੋਕ ਕਾਫੀ ਗਿਣਤੀ ਵਿਚ ਰਹਿੰਦੇ ਸਨæ ਮਾਲਵੇ ਦੇ ਦੂਸਰੇ ਪਿੰਡਾਂ ਵਾਂਗ ਮਜ਼੍ਹਬੀਆਂ ਦਾ ਵਿਹੜਾ ਪਿੰਡ ਦੇ ਇਕ ਪਾਸੇ ਵੱਖਰਾ ਸੀ ਪਰ ਬਾਕੀ ਕੰਮੀਆਂ ਦੇ ਘਰ ਪਿੰਡ ਵਿਚ ਹੀ ਸਨæ ਜਿਸ ਹਾਲਤ ਵਿਚ ਮੇਰੇ ਪਿੰਡ ਦੇ ਲੋਕ ਰਹਿ ਰਹੇ ਸਨ, ਇਹ ਆਮ ਪਿੰਡਾਂ ਦੀ ਰਹਿਤਲ ਸੀæ ਪਿੰਡ ਦੇ ਨੇੜੇ ਨਾ ਕੋਈ ਸ਼ਹਿਰ ਸੀ, ਨਾ ਕੋਈ ਕਸਬਾ ਅਤੇ ਨਾ ਹੀ ਪਿੰਡ ਕੋਲ ਦੀ ਕੋਈ ਪੱਕੀ ਸੜਕ ਲੰਘਦੀ ਸੀæ ਉਹ ਆਪਣੀਆਂ ਲੋੜਾਂ ਪਿੰਡ ਵਿਚੋਂ ਹੀ ਪੂਰੀਆਂ ਕਰਦੇ ਸਨæ ਉਹਨਾਂ ਆਪਣੀਆਂ ਲੋੜਾਂ ਨੂੰ ਵੀ ਸੀਮਤ ਰੱਖਿਅ ਹੋਇਆ ਸੀæ ਮੰਡੀ ਮਾਨਿਸਕਤਾ ਅਜੇ ਪਿੰਡਾਂ ਤੋਂ ਬਹੁਤ ਦੂਰ ਸੀæ
    ਜੇ ਮੇਰੇ ਪਿੰਡ ਵਿਚ ਗਰੀਬੀ ਦਿਸਦੀ ਵੀ ਸੀ ਤਾਂ ਇਸਦਾ ਕਾਰਨ ਇਹ ਨਹੀਂ ਸੀ ਕਿ ਪਿੰਡ ਦੇ ਕੋਲ ਜ਼ਮੀਨ ਥੋੜੀ ਸੀ ਜਾਂ ਲੋਕ ਮਿਹਨਤੀ ਨਹੀਂ ਸਨæ ਸਾਢੇ ਕੁ ਤਿੰਨ ਹਜ਼ਾਰ ਵਸੋਂ ਵਾਲੇ ਪਿੰਡ ਕੋਲ ਛੇ ਹਜ਼ਾਰ ਘੁਮਾਂ ਜ਼ਮੀਨ ਸੀ| ਪਿੰਡ ਦੇ ਸਫੈਦਪੋਸ਼ ਲੰਬਰਦਾਰ ਕੋਲ ਪੰਜ ਸੌ ਘੁਮਾਂ ਜ਼ਮੀਨ ਸੀæ ਕਈ ਪਰਵਾਰ ਸੌ ਘੁਮਾਂ ਅਤੇ ਕਈ ਸੱਠ ਘੁਮਾਂ ਜ਼ਮੀਨ ਤੋਂ ਉੱਤੇ ਦੇ ਮਾਲਕ ਸਨæ ਕੋਈ ਕਿਸਾਨ ਹੀ ਦਸ ਘੁਮਾਂ ਜ਼ਮੀਨ ਤੋਂ ਘੱਟ ਦਾ ਮਾਲਕ ਹੋਵੇਗਾæ ਮੇਰੇ ਪਿੰਡ ਵਿਚ ਤਾਂ ਮਜ਼ਬੀਆਂ, ਦਰਜ਼ੀਆਂ, ਤਖਾਣਾਂ ਤੇ ਘੁੰਮਿਆਰਾਂ ਆਦਿ ਕੋਲ ਵੀ ਜ਼ਮੀਨ ਸੀ ਅਤੇ ਉਹਨਾਂ ਵਿਚੋਂ ਬਹੁਤੇ ਖੇਤੀ ਦੇ ਧੰਦੇ ਵਿਚ ਪਏ ਹੋਏ ਸਨæ ਭਾਵੇਂ ਕਿ ਸਰਹੰਦ ਨਹਿਰ ਬਣਨ ਅਤੇ ਪਿੰਡ ਦੇ ਕੋਲ ਦੀ ਸੂਆ ਨਿਕਲ ਜਾਣ ਕਾਰਨ ਕੁਝ ਕੁ ਜ਼ਮੀਨ ਨੂੰ ਨਹਿਰੀ ਪਾਣੀ ਲੱਗਣ ਲੱਗ ਪਿਆ ਸੀ ਪਰ ਫੇਰ ਵੀ ਬਹੁਤੀ ਜ਼ਮੀਨ ਵਿਚ ਪਹਾੜੀਆਂ ਜਿਹੇ ਰੇਤਲੇ ਟਿੱਬੇ ਅਤੇ ਧੋੜੇ ਸਨæ ਪਿੰਡ ਦੀ ਹਜ਼ਾਰ ਘੁਮਾਂ ਤੋਂ ਉੱਤੇ ਜ਼ਮੀਨ ਤਾਂ ਜੰਗਲ ਬੇਲੇ ਵਿਚ ਹੀ ਘਿਰੀ ਹੋਈ ਹੋਵੇਗੀ, ਜਿੱਥੇ ਕੋਈ ਉਪਜ ਨਹੀਂ ਸੀ ਹੁੰਦੀæ ਜਿਹੜੀ ਜ਼ਮੀਨ ਪੱਧਰੀ ਸੀ, ਉਹ ਵੀ ਬਰਾਨੀ ਜਾਂ ਮਾਰੂ ਸੀæ ਧਰਤੀ ਹੇਠਲਾ ਪਾਣੀ ਬਹੁਤ ਹੀ ਡੂੰਘਾ ਹੋਣ ਕਾਰਨ ਖੂਹਾਂ ਨਾਲ ਸਿੰਚਾਈ ਨਹੀਂ ਸੀ ਹੋ ਸਕਦੀæ ਇਸ ਲਈ ਜੇ ਸਮੇਂ ਸਿਰ ਮੀਂਹ ਪੈ ਜਾਂਦਾ ਤਾਂ ਜ਼ਮੀਨ ਵਿਚੋਂ ਕੁਝ ਦਾਣੇ ਹੋ ਜਾਂਦੇ, ਨਹੀਂ ਤਾਂ ਖਾਲੀ ਪਈ ਰਹਿੰਦੀæ ਕਦੀ ਸਮਾਂ ਅਜੇਹਾ ਵੀ ਆਉਂਦਾ ਕਿ ਕਈ ਸਾਲ ਮੀਂਹ ਨਾ ਪੈਂਦਾ ਤੇ ਲੋਕਾਂ ਨੂੰ ਤਾਂਦਲਾ ਤੇ ਭੱਖੜਾ ਖਾਣ ਲਈ ਮਜਬੂਰ ਹੋਣਾ ਪੈਂਦਾæ ਮਾਲਵੇ ਵਿਚ ਪਿਆ ਲੰਮਾ ਸੋਕਾ, ਜਿਸ ਨੂੰ ਸਤਵੰਜੇ ਦਾ Ḕਕਾਲ਼ ਕਹਿੰਦੇ ਹਨ, (ਉਸ ਸਮੇਂ ਅਜੇ ਨਹਿਰਾਂ ਨਹੀਂ ਸੀ ਨਿਕਲੀਆਂ) ਉਦੋਂ ਲੋਕਾਂ ਦੇ ਖਾਣ ਲਈ ਭੱਖੜਾ ਤੇ ਤਾਂਦਲਾ ਵੀ ਨਹੀਂ ਸੀ ਬਚਿਆæ ਬਹੁਤੇ ਲੋਕ ਭੁੱਖ ਦੋਖੜੇ ਹੀ ਮਰ ਗਏ ਸਨæ ਜਦੋਂ ਲੰਮਾ ਸਮਾਂ ਮੀਂਹ ਨਹੀਂ ਸੀ ਪੈਂਦੇ ਤਾਂ ਲੋਕਾਂ ਦਾ ਇਹੋ ਹਾਲ ਹੁੰਦਾ ਸੀ, ਫਿਰ ਵੀ ਲੋਕ ਜੀਅ ਰਹੇ ਸਨæ
    ਉਨੀਂਵੀਂ ਸਦੀ ਦੇ ਅਖੀਰ ਅਤੇ ਵੀਹਵੀਂ ਸਦੀ ਦੇ ਆਰੰਭ ਵਿਚ ਜਦੋਂ ਲੰਮੇ ਸੋਕੇ ਕਾਰਨ ਪੰਜਾਬ ਵਿਚ ਅਕਾਲ ਵਰਗੀ ਸਥਿਤੀ ਬਣ ਗਈ ਤਾਂ ਬਹੁਤ ਸਾਰੇ ਪੰਜਾਬੀ ਬਦੇਸ਼ਾਂ ਨੂੰ ਨਿਕਲ ਗਏæ ਮੇਰੇ ਪਿੰਡ ਦੇ ਵੀ ਕਈ ਬੰਦੇ ਚੀਨ, ਸਿੰਘਾ ਪੁਰ, ਹਾਂਗ ਕਾਂਗ, ਮਲਾਇਆ, ਬਰਮਾ ਆਦਿਕ ਦੇਸ਼ਾਂ ਵਿਚ ਖੱਟੀ ਕਮਾਈ ਕਰਨ ਚਲੇ ਗਏæ ਉਹਨਾਂ ਵਿਚੋਂ ਬਹੁਤੇ ਛੇਤੀ ਹੀ ਖਾਲੀ ਹੱਥੀਂ ਵਾਪਸ ਮੁੜ ਆਏæ ਪਹਿਲੀ ਸੰਸਾਰ ਜੰਗ ਲੱਗਣ ਸਮੇਂ ਪਿੰਡ ਦੇ ਕੁਝ ਆਦਮੀ ਫੌਜ ਵਿਚ ਤਾਂ ਭਰਤੀ ਹੋ ਗਏ ਪਰ ਜੰਗ ਖਤਮ ਹੋਣ ਮਗਰੋਂ ਉਹਨਾਂ ਨੂੰ ਵੀ ਘਰਾਂ ਨੂੰ ਮੋੜ ਦਿੱਤਾ ਗਿਆæ ਇਸ ਤਰ੍ਹਾਂ ਪਿੰਡ ਨੂੰ ਬਾਹਰੋਂ ਆਮਦਨ ਆਉਣ ਦਾ ਵਸੀਲਾ ਨਾ ਬਣਿਆæ ਪਿੰਡ ਵਿਚ ਸਕੂਲ ਜ਼ਰੂਰ ਸੀ ਪਰ ਪੜ੍ਹਨ ਵਿਚ ਰੁਚੀ ਕੋਈ ਨਹੀਂ ਸੀ ਲੈਂਦਾæ ਸੰਨ ਸੰਤਾਲੀ ਤੋਂ ਪਹਿਲਾਂ ਪਿੰਡ ਵਿਚ ਕੋਈ ਇਕ ਵੀ ਬੰਦਾ ਨਹੀਂ ਸੀ ਜਿਸ ਨੇ ਮੈਟਰਿਕ ਪਾਸ ਕੀਤੀ ਹੋਵੇæ ਸਭ ਸਹੂਲਤਾਂ ਤੋਂ ਸੱਖਣਾ ਪਿੰਡ ਹਨੇਰੇ ਵਿਚ ਜੀਅ ਰਿਹਾ ਸੀæ ਕਈ ਭੁੱਖੇ ਮਰਦੇ ਚੋਰਾਂ ਡਾਕੂਆਂ ਨਾਲ ਰਲ਼ ਗਏ ਸਨæ ਸਾਡੇ ਪਿੰਡ ਦਾ ਪੀਰਾ ਮਜ਼੍ਹਬੀ ਨਾਮੀ ਡਾਕੂ ਬਣ ਗਿਆ ਸੀæ
    ਮੰਜੇ ਉਪਰ ਪਲਸੇਟੇ ਮਾਰਦਿਆਂ ਮੈਂ ਸੋਚ ਰਿਹਾ ਸੀ ਕਿ ਮੈਨੂੰ ਪੀਰੇ ਡਾਕੂ ਵਾਲੀ ਗੱਲ ਨਹੀਂ ਸੀ ਕਰਨੀ ਚਾਹੀਦੀæ ਘਾਲੀ ਨੇ ਠੀਕ ਕਿਹਾ ਸੀ ਕਿ ਡਾਕੂ, ਚੋਰਾਂ ਤੇ ਵੈਲੀਆਂ ਦਾ ਪਿੰਡ ਵਿਚ ਹੋਣਾ ਪਿੰਡ ਦੀ ਮਸ਼ਹੂਰੀ ਦਾ ਨਹੀਂ ਸਗੋਂ ਬਦਨਾਮੀ ਦਾ ਕਾਰਨ ਬਣਦਾ ਹੈæ ਪੀਰੇ ਡਾਕੂ ਦੀ ਥਾਂ ਮੈਨੂੰ ਇਹ ਦੱਸਣਾ ਚਾਹੀਦਾ ਸੀ ਕਿ ਸਾਡੇ ਪਿੰਡ ਗੂਰੂ ਹਰਗੋਬਿੰਦ ਸਾਹਿਬ ਆਏ ਸਨ ਅਤੇ ਉਹਨਾਂ ਓਥੇ ਵਿਸਰਾਮ ਕੀਤਾ ਸੀ ਅਤੇ ਆਪਣੇ ਘੋੜਿਆਂ ਨੂੰ ਦਾਣਾ ਵੀ ਚਾਰਿਆ ਸੀæ ਉਸ ਥਾਂ ਦਾ ਨਾਮ ਗੁਰਦਾਣਾ ਡਾਬ ਹੈ ਜਿਹੜੀ ਕਿ ਮਾੜੀ, ਮੌੜ, ਠੱਠੀ ਭਾਈ ਤੇ ਸੇਖੇ ਦੀ ਜੂਹ ਵਿਚਕਾਰ ਹੈæ
    ਉਦੋਂ ਹੀ ਮੈਨੂੰ ਯਾਦ ਆਇਆ ਕਿ ਜੇ ਪੱਤੋ ਹੀਰਾ ਸਿੰਘ ਵਿਚ ਸਭ ਤੋਂ ਪਹਿਲਾ ਪੇਂਡੂ ਹਾਈ ਸਕੂਲ ਬਣਿਆ ਸੀ ਤਾਂ ਸਾਡੇ ਪਿੰਡ ਵਿਚ ਵੀ ਸਭ ਤੋਂ ਪਹਿਲਾਂ ਡਿਸਟਰਿਕਟ ਬੋਰਡ ਦਾ ਮਿਡਲ ਸਕੂਲ ਬਣਿਆ ਸੀæ ਜੇ ਪੱਤੋ ਵਿਚ ਸਰਕਾਰੀ ਹਾਈ ਸਕੂਲ ਬਣਵਾਉਣ ਵਾਲਾ ਸਰਦਾਰ ਹੀਰਾ ਸਿੰਘ ਸੀ ਤਾਂ ਸੇਖੇ ਵਿਚ ਡੀ।ਬੀ। ਮਿਡਲ ਸਕੂਲ ਬਣਵਾਉਣ ਵਾਲਾ ਸਰਦਾਰ ਜਿਉਣ ਸਿੰਘ ਸੀæ ਜੇ ਪੱਤੋ ਸਕੂਲ ਵਿਚ ਬੋਰਡਿੰਗ ਹਾਊਸ ਸੀ ਤਾਂ ਸੇਖੇ ਵਿਚ ਵੀ ਦੂਰੋਂ ਦੂਰੋਂ ਪੜ੍ਹਨ ਆਉਂਦੇ ਪਾੜ੍ਹਿਆਂ ਦੀ ਰਹਾਇਸ਼ ਲਈ ਸਕੂਲ ਦੇ ਨਾਲ ਬੋਰਡਿੰਗ ਹਾਊਸ ਬਣਿਆ ਹੋਇਆ ਸੀæ ਫਿਰ ਝਟ ਹੀ ਖਿਆਲ ਆ ਗਿਆ ਕਿ ਦੋਹਾਂ ਦਾ ਮੁਕਾਬਲਾ ਕਰਨਾ ਠੀਕ ਨਹੀਂæ ਪੱਤੋ ਦਾ ਸਕੂਲ ਸ਼ਾਨ ਨਾਲ ਚੱਲਦਾ ਰਿਹਾ ਅਤੇ ਉੱਥੋਂ ਦੇ ਮੁੰਡੇ ਪੜ੍ਹ ਕੇ ਬਹੁਤ ਉੱਚੀਆਂ ਪਦਵੀਆਂ Ḕਤੇ ਪਹੁੰਚ ਗਏæ ਪਰ ਇਸ ਦੇ ਉਲਟ ਮੇਰੇ ਪਿੰਡ ਦਾ ਸਕੂਲ ਮਿਡਲ ਤੋਂ ਟੁੱਟ ਕੇ ਲੋਇਰ ਮਿਡਲ ਬਣ ਗਿਆ ਸੀæ ਭਾਵੇਂ ਕਿ ਬਾਹਰਲੇ ਪਿੰਡਾਂ ਤੋਂ ਬਹੁਤ ਮੁੰਡੇ ਸਾਡੇ ਪਿੰਡ ਪੜ੍ਹਨ ਆਉਂਦੇ ਸੀ ਪਰ ਜਿੱਥੇ ਕਿ ਮਿਡਲ ਸਕੂਲ ਸੀ, ਉੱਥੋਂ ਦੇ ਮੁੰਡੇ ਤਾਂ ਸਕੂਲ ਵਿਚ ਪੜ੍ਹਨ ਹੀ ਬਹੁਤ ਘੱਟ ਜਾਂਦੇ ਸਨæ ਮਿਡਲ ਸਕੂਲ ਬਣੇ ਰਹਿਣ ਤੱਕ ਸਾਰੇ ਪਿੰਡ ਵਿਚੋਂ ਮਸਾਂ ਦਸ ਬਾਰਾਂ ਮੁੰਡੇ ਮਿਡਲ ਪਾਸ ਕਰ ਸਕੇ ਹੋਣਗੇæ ਉਹਨਾ ਵਿਚੋਂ ਵੀ ਸਿਰਫ ਚਾਰ ਪੰਜ ਮਿਡਲ ਪਾਸ ਮੁੰਡੇ ਹੀ ਨੌਕਰੀ ਲੱਗੇ ਸਨ ਭਾਵੇਂ ਕਿ ਉਸ ਸਮੇਂ ਪ੍ਰਾਇਮਰੀ ਪਾਸ ਪਟਵਾਰੀ ਲੱਗ ਜਾਂਦਾ ਸੀæ ਪਿੰਡ ਦੇ ਮੁੰਡਿਆ ਦੀ ਪੜ੍ਹਨ ਵੱਲ ਰੁਚੀ ਨਾ ਹੋਣ ਦੇ ਕਾਰਨ ਹੀ ਸਕੂਲ ਅੱਠਾਂ ਤੋਂ ਛੇ ਜਮਾਤਾਂ ਦਾ ਰਹਿ ਗਿਆæ
    ਘਾਲੀ ਨੇ ਪੱਤੋਂ ਦੇ ਸ਼ੌਕੀਨਾਂ ਬਾਰੇ ਵੀ ਗੱਲ ਕੀਤੀ ਸੀæ ਉਸ ਸਮੇਂ ਮੈਂ ਆਪਣੇ ਪਿੰਡ ਦੇ ਈਸ਼ਰ ਸਿੰਘ ਬਾਰੇ ਵੀ ਗੱਲ ਕਰ ਸਕਦਾ ਸੀæ ਮੈਂ ਸੁਣਿਆ ਹੋਇਆ ਸੀ ਕਿ ਸਾਡੇ ਪਿੰਡ ਵਿਚ ਈਸ਼ਰ ਟੁੱਲੂ ਕਾ ਬੜਾ ਸ਼ੌਕੀਨ ਬੰਦਾ ਹੁੰਦਾ ਸੀæ ਪਿਉ ਦਾ ਇਕਲੋਤਾ ਲਾਡਲਾ ਪੁੱਤਰ, ਪਿਉ ਦੀ ਮੌਤ ਮਗਰੋਂ ਉਹ ਸਵਾ ਸੌ ਘੁਮਾਂ ਭੁਏਂ ਦਾ ਮਾਲਕ ਬਣ ਗਿਆ ਸੀæ ਉਸ ਦੀ ਜ਼ਮੀਨ ਦਾ ਇਕ ਟੱਕ ਨਹਿਰੀ ਪਾਣੀ ਹੇਠ ਆ ਜਾਣ ਕਰਕੇ ਜ਼ਮੀਨ ਦੀ ਕੀਮਤ ਵੀ ਵੱਧ ਗਈ ਸੀ ਅਤੇ ਉਹ ਪਿੰਡ ਦੇ ਰਈਸਾਂ ਵਿਚ ਗਿਣਿਆ ਜਾਣ ਲੱਗ ਪਿਆ ਸੀæ ਰਈਸੀ ਠਾਠ ਵਿਚ ਜਦੋਂ ਵੀ ਉਹ ਘਰੋਂ ਬਾਹਰ ਨਿਕਲਦਾ, ਰੇਸ਼ਮੀ ਕੁਰਤਾ ਚਾਦਰਾ ਪਹਿਨਦਾ ਅਤੇ ਸਿਰ ਉਪਰ ਟਸਰੀ ਪੱਗ ਹੁੰਦੀ ਜਾਂ ਫਿਰ ਦੋ ਘੋੜੇ ਦੀ ਬੋਸਕੀ ਦਾ ਚਾਦਰਾ, ਕਲੀਆਂ ਵਾਲਾ ਕੁਰਤਾ ਅਤੇ ਢਾਕੇ ਦੀ ਮਲਮਲ ਦੀ ਟੌਰੇ ਵਾਲੀ ਪੱਗ਼ ਉਸ ਦੇ ਪੈਰੀਂ ਹਮੇਸ਼ਾ ਸੁੱਚੇ ਤਿੱਲੇ ਦੀ ਕਢਾਈ ਵਾਲੀ ਨੋਕਦਾਰ ਜੁੱਤੀ ਹੁੰਦੀ æ ਸਵਾਰੀ ਲਈ ਦੋ ਘੋੜੀਆਂ ਰੱਖੀਆਂ ਹੁੰਦੀਆਂæ ਸ਼ਾਹ ਖਰਚ ਸੀ ਉਹæ ਕਹਿੰਦੇ ਨੇ ਕਿ ਉਹ ਆਪਣੇ ਕਪੜਿਆਂ ਨੂੰ ਧੋਅ ਨਹੀਂ ਸੀ ਪਾਉਂਦਾæ ਜਦੋਂ ਕਪੜੇ ਧੋਣ ਵਾਲੇ ਹੋ ਜਾਂਦੇ ਤਾਂ ਉਹ ਆਪਣੇ ਯਾਰਾਂ ਬੇਲੀਆਂ ਵਿਚ ਵੰਡ ਦਿੰਦਾæ ਜਦੋਂ ਕਿਤੇ ਬਾਹਰ ਜਾਣਾ ਹੁੰਦਾ ਤਾਂ ਇਕ ਘੋੜੀ Ḕਤੇ ਆਪ ਅਤੇ ਇਕ ਘੋੜੀ Ḕਤੇ ਉਸ ਦਾ ਕੋਈ ਪਾਸ਼ੂ ਹੁੰਦਾæ ਬਾਹਰ ਗਿਆ ਉਹ ਕਈ ਕਈ ਦਿਨ ਪਿੰਡ ਨਾ ਮੁੜਦਾæ ਉਹ ਕਬੂਤਰਬਾਜ਼ ਵੀ ਸੀæ ਜਦੋਂ ਪਿੰਡ ਵਿਚ ਬਾਜ਼ੀ ਪੈਣੀ ਹੁੰਦੀ ਤਾਂ ਸ਼ਾਮ ਨੂੰ ਉਸ ਦੇ ਘਰ ਵਿਚ ਮਹਿਫਲਾਂ ਜੁੜਦੀਆਂ ਅਤੇ ਮੁਰਗੇ ਸ਼ਰਾਬਾਂ ਉਡਦੀਆਂæ ਚਾਪਲੂਸ ਉਸ ਦੇ ਅੱਗੇ ਪਿੱਛੇ ਫਿਰਦੇ ਰਹਿੰਦੇæ ਅਫੀਮ ਵੀ ਉਹ ਦਿਹਾੜੀ ਵਿਚ ਦੋ ਵਾਰ ਰੀਠੇ ਜਿੰਨੀ ਖਾਂਦਾ ਸੀæ ਉਸ ਨੇ ਨਾ ਆਪ ਹੱਥੀਂ ਕੰਮ ਕੀਤਾ ਅਤੇ ਨਾ ਹੀ ਸੀਰੀ ਸਾਂਝੀਆਂ ਕੋਲੋਂ ਧੜੱਲੇ ਨਾਲ ਕੰਮ ਕਰਵਾਇਆ, ਬੱਸ ਫੈਲਸੂਫੀਆਂ ਵਿਚ ਹੀ ਗੁਲਤਾਨ ਰਿਹਾæ ਵਿਆਹ ਭਾਵੇਂ ਉਸ ਨੇ ਦੋ ਕਰਵਾਏ ਸਨ ਪਰ ਉਲਾਦੋਂ ਸੱਖਣਾ ਹੀ ਰਿਹਾæ ਹਰ ਸਾਲ ਦੋ ਚਾਰ ਘੁਮਾਂ ਪੈਲ਼ੀ ਬੈਅ ਕਰ ਦਿੰਦਾæ ਹੌਲ਼ੀ ਹੌਲ਼ੀ ਸਾਰੀ ਜ਼ਮੀਨ ਖੁਰਦੀ ਗਈæ ਅਖੀਰ ਉਸ ਦੇ ਪੱਲੇ ਕੱਖ ਨਾ ਰਿਹਾ ਅਤੇ ਉਹ ਨੰਗ ਹੋ ਗਿਆæ ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ, ਉਸ ਸਮੇਂ ਮੇਰੀ ਉਮਰ ਸੱਤ ਅੱਠ ਸਾਲ ਹੋਵੇਗੀ ਅਤੇ ਉਸ ਦੀ ਸੱਠ ਸਾਲ ਦੇ ਕਰੀਬæ ਉਸ ਦੇ ਸਿਰ ਉਪਰ ਮੈਲ਼ੀ ਜਿਹੀ ਪੱਗ ਲਪੇਟੀ ਹੋਈ, ਗਲ਼ ਖੱਦਰ ਦਾ ਪੁਰਾਣਾ ਜਿਹਾ ਕੁਰਤਾ, ਗੰਦਾ ਇੰਨਾ ਕਿ ਉਸ ਦੇ ਰੰਗ ਦੀ ਪਛਾਣ ਕਰਨੀ ਔਖੀæ ਭੂਸਲੇ ਜਿਹੇ ਰੰਗ ਦੀ ਖਿੱਲਰੀ ਦਾਹੜੀ ਕੰਡੇਰਨੇ ਵਾਂਗ ਜਾਪਦੀ ਸੀæ ਚਿਹਰੇ ਨੂੰ ਦੇਖ ਕੇ ਅਨੁਮਾਨ ਨਹੀਂ ਸੀ ਲਾਇਆ ਜਾ ਸਕਦਾ ਕਿ ਉਸ ਦਾ ਰੰਗ ਗੋਰਾ ਹੋਵੇਗਾ ਕਿ ਕਣਕਵੰਨਾæ ਉਹ, ਹੱਡੀਆਂ ਦੀ ਮੁੱਠ, ਅਗਾਂਹ ਨੂੰ ਲੱਤਾਂ ਕਰ ਕੇ ਹੱਥਾਂ ਦੇ ਸਹਾਰੇ ਘਿਸੜਦਾ ਹੋਇਆ ਬਖਤਾ ਪੱਤੀ ਦੀ ਧਰਮਸ਼ਾਲਾ ਕੋਲ ਜਾ ਰਿਹਾ ਸੀæ ਉਸ ਸਮੇਂ ਉਸ ਦਾ ਚੂਕਣਾ ਟੁੱਟੇ ਨੂੰ ਦੋ ਸਾਲ ਤੋਂ ਉੱਪਰ ਹੋ ਗਏ ਹੋਣਗੇæ ਹੁਣ ਉਸ ਦਾ ਕੋਈ ਘਰ ਬਾਰ ਨਹੀਂ ਰਹਿ ਗਿਆ ਸੀ ਅਤੇ ਉਹ ਮੰਗਤਿਆਂ ਵਾਂਗ ਸ਼ਰੀਕਾਂ ਦੇ ਘਰਾਂ ਵਿਚੋਂ ਰੋਟੀਆਂ ਮੰਗ ਕੇ ਖਾਂਦਾ ਸੀæ ਫਿਰ ਉਹ ਗਲੀਆਂ ਵਿਚ ਘਿਸੜਨ ਜੋਗਾ ਵੀ ਨਾ ਰਿਹਾ ਅਤੇ ਇਕ ਦਿਨ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈæ ਉਹਦੇ ਮਰਨ ਤੋਂ ਲੋਕ ਉਸ ਦੀ ਰੰਗੀਨ ਮਜਾਜੀ ਦੀਆਂ ਗੱਲਾਂ ਵੀ ਕਰਦੇ ਅਤੇ ਲਾਹਣਤਾਂ ਵੀ ਪਾਉਂਦੇæ ਸਵਾ ਸੌ ਘੁਮਾਂ ਜ਼ਮੀਨ ਦੇ ਮਾਲਕ ਨੂੰ ਗਲ਼ੀਆਂ ਵਿਚ ਰੁਲ਼ ਕੇ ਮਰਦੇ ਨੂੰ ਮੈਂ ਅੱਖੀਂ ਦੇਖਿਆæ ਅਜੇਹਾ ਲਾਹਣਤੀ ਬੰਦਾ ਭਲਾ ਸਾਡੇ ਪਿੰਡ ਦਾ ਮਾਣ ਕਿਵੇਂ ਬਣ ਸਕਦਾ ਸੀæ
    ਸਧਾਰਨ ਜਿਹੀ ਗੱਲ Ḕਤੇ ਆਪਣੀ ਹਉਂਮੈਂ ਨੂੰ ਪੱਠੇ ਪਾਉਣ ਲਈ ਹੀ ਦੁਸ਼ਮਣੀਆਂ ਸਹੇੜ ਲੈਣੀਆਂ ਤਾਂ ਸਾਡੇ ਪਿੰਡਾਂ ਦਾ ਆਮ ਵਰਤਾਰਾ ਰਿਹਾ ਹੈæ ਮੇਲੇ ਮਸਾਬ੍ਹਿਆਂ Ḕਤੇ ਮਿੱਥ ਕੇ ਲੜਾਈਆਂ ਹੁੰਦੀਆਂæ ਇਕੋ ਪਿੰਡ ਦੀਆਂ ਦੋ ਟੋਲੀਆਂ ਵਿਚਕਾਰ ਵੀ ਅਤੇ ਇਕ ਪਿੰਡ ਦੇ ਬੰਦਿਆਂ ਦੀ ਦੂਜੇ ਪਿੰਡ ਦੇ ਬੰਦਿਆਂ ਨਾਲ ਵੀæ ਕਈ ਵਾਰ ਤਾਂ ਇਹ ਦੁਸ਼ਮਣੀਆਂ ਕਈ ਕਈ ਪੀੜ੍ਹੀਆਂ ਤੱਕ ਚਲਦੀਆ ਰਹਿੰਦੀਆਂæ ਫੋਕੀ ਟੈਂਅ ਤੇ ਹਉਂ ਕਾਰਨ ਹੋਈਆਂ ਲੜਾਈਆਂ ਨੇ ਪਿੰਡਾਂ ਦੇ ਬਹੁਤ ਘਰ ਬਰਬਾਦ ਕੀਤੇ ਅਤੇ ਇਹ ਟੈਂਅ ਪਿੰਡਾਂ ਦੀ ਗਰੀਬੀ ਦਾ ਕਾਰਨ ਵੀ ਬਣੀæ ਇਹ ਕੋਈ ਮਾਣ ਕਰਨ ਵਾਲੀ ਗੱਲ ਨਹੀਂæ ਇਹੋ ਗੱਲ ਪ੍ਰਕਾਸ਼ ਨੇ ਕਹੀ ਸੀæ ਮੇਰੇ ਪਿੰਡ ਦਾ ਇਕ ਪਰਵਾਰ ਵੀ ਇਸ ਟੈਂਅ ਦਾ ਸ਼ਿਕਾਰ ਰਿਹਾ ਹੈæ ਉਸ ਪਰਵਾਰ ਦੀ ਦੁਸ਼ਮਣੀ ਦੇ ਅੰਤ ਵਿਚ ਜਿਹੜੇ ਦੋ ਬੰਦਿਆਂ ਦੇ ਕਤਲ ਹੋਏ ਸਨ, ਉਹਨਾਂ ਦੀ ਧੁੰਧਲੀ ਜਿਹੀ ਯਾਦ ਅਜੇ ਵੀ ਮੇਰੇ ਚੇਤੇ ਵਿਚ ਸਮਾਈ ਹੋਈ ਹੈæ ਸਾਡੇ ਪਿੰਡ ਦੀ ਇਕ ਪੱਤੀ ਵਿਚ ਦੋ ਸਕੇ ਭਰਾ ਰਹਿੰਦੇ ਸਨæ ਦੋ ਸੌ ਘੁਮਾਂ ਦੇ ਮਾਲਕæ ਦੋਹਾਂ ਭਰਾਵਾਂ ਦਾ ਪਰਵਾਰ ਵੱਡਾ ਵੀ ਸੀ ਅਤੇ ਮਿਹਨਤੀ ਵੀæ ਲੋਕ ਉਸ ਘਰ ਦੀ ਮਿਸਾਲ ਦਿਆ ਕਰਦੇ ਸਨæ ਇਕ ਦਿਨ ਦੋਹਾਂ ਭਰਾਵਾਂ ਦੇ ਮੁੰਡੇ ਕਿਸੇ ਗੱਲੋਂ ਖਹਿਬੜ ਪਏæ ਦੋਹਾਂ ਦੀ ਟੈਂਅ ਵਿਚਕਾਰ ਆ ਗਈæ ਕੋਈ ਵੀ ਥਿਬਣ ਲਈ ਤਿਆਰ ਨਹੀਂ ਸੀ ਅਤੇ ਇਕ ਦਾ ਦੂਜੇ ਹੱਥੋਂ ਕਤਲ ਹੋ ਗਿਆæ ਘਰ ਨਾਲੋ ਨਾਲ ਸਨæ ਝਟ ਕੰਧਾਂ ਉੱਚੀਆਂ ਹੋ ਗਈਆਂæ ਮੁਕੱਦਮਾ ਚੱਲਿਆæ ਦੋਹਾਂ ਘਰਾਂ ਦੀਆਂ ਰਿਸ਼ਤੇਦਾਰੀਆਂ ਸਾਂਝੀਆਂæ ਕਿਹੜਾ ਕੀਹਦੀ ਮਦਦ Ḕਤੇ ਜਾਵੇæ ਮੁਕੱਦਮੇ ਦਾ ਅਜੇ ਕੋਈ ਫੈਸਲਾ ਨਹੀਂ ਸੀ ਹੋਇਆ ਕਿ ਜਿਨ੍ਹਾਂ ਦਾ ਕਤਲ ਹੋਇਆ ਸੀ, ਉਹਨਾਂ ਨੇ ਦੂਜਿਆਂ ਦਾ ਇਕ  ਬੰਦਾ ਕਤਲ ਕਰ ਦਿੱਤਾæ ਦੁਸ਼ਮਣੀ ਹੋਰ ਪੱਕੀ ਹੋ ਗਈæ ਜਦੋਂ ਮੌਕਾ ਲਗਦਾ ਇਕ ਧਿਰ ਦੂਜੀ ਧਿਰ ਦਾ ਬੰਦਾ ਮਾਰ ਦਿੰਦੀæ ਦੋਹਾਂ ਘਰਾਂ ਦੀ ਜ਼ਮੀਨ ਇਕੋ ਪਾਸੇ ਸੀæ ਇਕੱਲਾ Ḕਕਹਿਰਾ ਕੋਈ ਖੇਤ ਨਹੀਂ ਸੀ ਜਾਂਦਾæ ਨਾ ਸਮੇਂ ਸਿਰ ਫਸਲ ਬੀਜੀ ਜਾਂਦੇ ਅਤੇ ਨਾ ਘਰ ਦਾਣੇ ਆਉਂਦੇæ ਮੁਕੱਦਮਿਆ Ḕਤੇ ਖਰਚਾ ਲੋਹੜੇ ਦਾæ ਜ਼ਮੀਨ ਗਹਿਣੇ ਬੈਅ ਹੋਣ ਲੱਗੀ ਅਤੇ ਕੁਝ ਸਾਲਾਂ ਵਿਚ ਹੀ ਦੋਵੇਂ ਘਰ ਬਰਬਾਦ ਹੋ ਗਏæ ਫਿਰ ਉਹਨਾਂ ਵਿਚ ਦੁਸ਼ਮਣੀ ਨੂੰ ਚਾਲੂ ਰੱਖਣ ਦੀ ਸੱਤਿਆ ਹੀ ਨਹੀਂ ਸੀ ਰਹਿ ਗਈ ਜਾਂ ਕਿਸੇ ਜਬ੍ਹੇ ਵਾਲੇ ਰਿਸ਼ਤਦਾਰ ਰਾਹੀਂ ਸਮਝੌਤਾ ਹੋ ਗਿਆ ਸੀ, ਦੋਹਾਂ ਪਰਵਾਰਾਂ ਵਿਚ ਪਿੱਛੇ ਜਿਹੜੇ ਦੋ ਚਾਰ ਜੀਅ ਰਹਿ ਗਏ ਸਨ ਉਹਨਾਂ ਵਿਚ ਮੁੜ ਕੋਈ ਝਗੜਾ ਨਹੀਂ ਸੀ ਹੋਇਆæ ਸਮਾਂ ਦੇ ਬੀਤਣ ਨਾਲ ਉਹ ਮੁੜ ਪੈਰਾਂ ਸਿਰ ਹੋ ਗਏæ  
    ਘਾਲੀ ਦੇ ਕਮਰੇ ਵਿਚ ਸਰਵਣ ਨੇ ਕਿਹਾ ਸੀ, Ḕਸਾਡਾ ਪਿੰਡ ਮੋਹਣ ਸਿੰਘ ਦੇ ਕਵੀਸ਼ਰੀ ਜੱਥੇ ਕਾਰਨ ਮਸ਼ਹੂਰ ਹੈ|Ḕ ਮੰਜੇ  Ḕਤੇ ਪਲਸੇਟੇ ਮਾਰਦਿਆਂ ਮੈਨੂੰ ਖਿਆਲ ਆਇਆ ਕਿ ਕਦੇ ਸਾਡੇ ਪਿੰਡ ਦਾ ਵੀ ਇਕ ਕਵੀਸ਼ਰੀ ਜੱਥਾ ਹੁੰਦਾ ਸੀæ ਜੱਥੇ ਦਾ ਅਗਵਾਨੂੰ ਸਾਡੇ ਪਿੰਡ ਦਾ ਜਵਾਈ ਵਸਾਖਾ ਸਿੰਘ ਕਵੀਸ਼ਰ ਹੁੰਦਾ ਸੀ ਅਤੇ ਉਸ ਦੇ ਜੋਟੀਦਾਰ ਹੁੰਦੇ ਸੀ, ਮੇਰਾ ਸਕਾ ਚਾਚਾ ਮਿਹਰ ਸਿੰਘ, ਹਰੀ ਸਿੰਘ ਅਤੇ ਖੜਕ ਸਿੰਘæ ਉਹ ਪਿੰਡ ਵਿਚ ਕਿਸੇ ਤਿਥਿ ਤਿਉਹਾਰ Ḕਤੇ ਕਵੀਸ਼ਰੀ ਕਰ ਛੱਡਦੇæ ਕਦੀ ਕਦਾਈ ਵਸਾਖਾ ਸਿੰਘ ਨਾਲ ਪਿੰਡੋਂ ਬਾਹਰ ਵੀ ਕਵੀਸ਼ਰੀ ਕਰਨ ਚਲੇ ਜਾਂਦੇ ਸਨ ਪਰ ਛੇਤੀ ਹੀ ਇਹ ਕਵੀਸ਼ਰੀ ਜੱਥਾ ਬਿਖਰ ਗਿਆ ਕਿਉਂਕਿ ਹਰੀ ਸਿੰਘ ਦੀ ਭਰ ਜਵਾਨੀ ਵਿਚ ਮੌਤ ਹੋ ਗਈ ਅਤੇ ਖੜਕ ਸਿੰਘ ਪਿੰਡ ਛੱਡ ਕੇ ਕਲਕੱਤੇ ਚਲਾ ਗਿਆæ ਚਾਚੇ ਨੂੰ ਆਪਣੇ ਖੇਤੀ ਦੇ ਧੰਦਿਆਂ Ḕਚੋਂ ਹੀ ਵਿਹਲ ਨਹੀਂ ਸੀ ਮਿਲਦੀæ ਫਿਰ ਵੀ ਜਦੋਂ ਕਦੀ ਵਸਾਖਾ ਸਿੰਘ ਨੇ ਸਾਡੇ ਪਿੰਡ ਆਉਂਣਾ ਤਾਂ ਚਾਚਾ ਮਿਹਰ ਸਿੰਘ ਨੇ ਉਸ ਨਾਲ ਮਿਲ ਕੇ ਕਿਸੇ ਧਰਮਸ਼ਾਲਾ ਜਾਂ ਗੁਰਦਵਾਰੇ ਵਿਚ ਪਿੰਡ ਵਾਸੀਆਂ ਨੂੰ ਕੁਝ ਛੰਦ ਸੁਣਾ ਕਵੀਸ਼ਰੀ ਗਾਉਣ ਦਾ ਝੱਸ ਪੂਰਾ ਕਰ ਲੈਣਾæ ਇਸ ਤਰ੍ਹਾਂ ਚਾਚੇ ਦੇ ਨਾਮ ਨਾਲ ਕਵੀਸ਼ਰ ਦਾ ਲਕਬ ਲੱਗ ਗਿਆ ਸੀæ
    ਸਾਡੇ ਵਿਚੋਂ ਇਕ ਨੇ ਇਹ ਵੀ ਕਿਹਾ ਸੀ, Ḕਸਾਡੇ ਪਿੰਡ ਚੇਤ ਚੌਦੇ ਦਾ ਮੇਲਾ ਲਗਦਾ ਹੈ|Ḕ ਮੈਂ ਸੋਚਿਆ ਕਿ ਉਸ ਸਮੇਂ ਮੈਨੂੰ ਸਾਡੇ ਪਿੰਡ ਦਾ ਨਗਰ ਕੀਰਤਨ ਕਿਉਂ ਨਾ ਯਾਦ ਆਇਆ! ਨਗਰ ਕੀਰਤਨ ਕੱਢਣ ਦੀ ਪ੍ਰਥਾ ਤਾਂ ਮੇਰੇ ਪਿੰਡ ਮੇਰੀ ਸੁਰਤ ਤੋਂ ਵੀ ਪਹਿਲਾਂ ਦੀ ਚਲੀ ਆ ਰਹੀ ਸੀæ ਸਾਡੇ ਪਿੰਡ ਮੇਲਾ ਤਾਂ ਨਹੀਂ ਸੀ ਕੋਈ ਲਗਦਾ ਪਰ ਸਾਲ ਵਿਚ ਇਕ ਵਾਰ ਮੇਲੇ ਵਰਗਾ ਮਾਹੌਲ ਜ਼ਰੂਰ ਬਣ ਜਾਂਦਾæ ਪਹਿਲਾਂ ਪਿੰਡ ਵਿਚ ਇਕੋ ਗੁਰਦਵਾਰਾ ਹਰਿਗੋਬਿੰਦ ਸਾਹਿਬ ਹੀ ਹੁੰਦਾ ਸੀ ਜਿੱਥੇ ਹਰ ਸਾਲ ਪੋਹ ਸੁਦੀ ਸਤਮੀਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ, ਉਤਸਾਹ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾæ ਅਖੰਡ ਪਾਠ ਦੇ ਭੋਗ ਤੋਂ ਚਾਰ ਦਿਨ ਪਹਿਲਾਂ, ਪੋਹ ਸੁਦੀ ਚਾਰ ਨੂੰ ਨਗਰ ਕੀਰਤਨ ਕੱਢਿਆ ਜਾਂਦਾ, ਜਿਸ ਨੂੰ ਪਹਿਲੀਆਂ ਵਿਚ ਜਲੂਸ ਕਿਹਾ ਜਾਂਦਾ ਸੀæ ਉਸ ਵਿਚ ਆਲ਼ੇ ਦੁਆਲ਼ੇ ਦੇ ਪਿੰਡਾਂ ਤੋਂ ਸੰਗਤਾਂ ਵੀ ਸ਼ਾਮਲ ਹੁੰਦੀਆਂæ ਇਕ ਮਹੀਨਾ ਪਹਿਲਾਂ ਹੀ ਪਿੰਡ ਵਿਚ ਜਲੂਸ ਲਈ ਤਿਆਰੀਆਂ ਅਰੰਭ ਹੋ ਜਾਂਦੀਆਂæ ਇਸ ਜਲੂਸ ਦੀ ਨਿਰਾਲੀ ਹੀ ਸ਼ਾਨ ਹੁੰਦੀ ਸੀæ ਦਿਨ ਦੇ ਗਿਆਰਾਂ ਵਜੇ ਗੁਰਦਵਾਰੇ ਵਿਚੋਂ ਇਕ ਨੀਲੇ ਬਾਣੇ ਵਿਚ ਸਜਿਆ ਸਿੰਘ ਨਿਸ਼ਾਨ ਸਾਹਿਬ ਲੈ ਕੇ ਅੱਗੇ ਤੁਰਦਾæ ਉਸ ਦੇ ਮਗਰ ਪੰਜ ਪਿਆਰੇ ਨੀਲੇ ਚੋਲਿਆਂ ਵਿਚ ਹੱਥਾਂ ਵਿਚ ਨੰਗੇ ਸਿਰੀ ਸਾਹਿਬ ਫੜੀ, ਨੰਗੇ ਪੈਰੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਚਲਦੇæ ਉਸ ਦੇ ਮਗਰ ਪਾਲਕੀ ਸਾਹਿਬ ਵਿਚ ਸ਼ਸ਼ੋਭਤ ਗੂਰ ਗਰੰਥ ਸਾਹਿਬ ਚਾਰ ਸੇਵਾਦਾਰਾਂ ਦੇ ਮੋਢਿਆਂ ਉਪਰ ਹੁੰਦਾæ ਉਸ ਦੇ ਮਗਰ ਸ਼ਬਦ ਕੀਰਤਨ ਕਰਦੇ ਰਾਗੀ ਚਲਦੇæ ਭਰ ਸਿਆਲ ਦੀ ਰੁੱਤ ਵਿਚ ਸਭ ਸੇਵਾਦਾਰ ਨੰਗੇ ਪੈਰੀ ਹੁੰਦੇæ ਪਿੱਛੇ ਨਾਮ ਜਪਦੀ ਸੰਗਤ ਹੁੰਦੀæ ਚਾਰਾਂ ਅਗਵਾੜਾ ਦੀਆਂ ਧਰਮਸ਼ਾਲਾਵਾਂ ਵਿਚ ਚਾਰ ਪੜਾਅ ਹੁੰਦੇ, ਜਿੱਥੇ ਸੰਗਤਾਂ ਨੂੰ ਚਾਹ ਪਾਣੀ ਅਤੇ ਲੰਗਰ ਛਕਾਇਆ ਜਾਂਦਾæ ਧਰਮਸ਼ਾਲਾ ਵਿਚ ਸਟੇਜ ਲਾਈ ਜਾਂਦੀ, ਜਿੱਥੇ ਬਾਹਰੋਂ ਮੰਗਵਏ ਕਵੀਸ਼ਰਾਂ ਜਾਂ ਢਾਡੀ ਜੱਥਿਆਂ ਵੱਲੋਂ ਧਾਰਮਿਕ ਪ੍ਰਸੰਗ ਸੁਣਾਏ ਜਾਂਦੇæ ਕਿਸੇ ਸਮੇਂ ਇਨ੍ਹਾਂ ਸਟੇਜਾਂ Ḕਤੇ ਸਿਵੀਆਂ ਵਾਲੇ ਕਰਮ ਸਿ|ੰਘ ਜੋਗੀ ਨਾਲ ਗਿਆਨੀ ਜ਼ੈਲ ਸਿੰਘ ਵੀ ਕੀਰਤਨ ਕਰਕੇ ਗਏ ਸਨæ ਫਿਰ ਕਰਮ ਸਿੰਘ ਜੋਗੀ ਦੇ ਲੜਕੇ ਗੁਰਦੇਵ ਸਿੰਘ ਜੋਗੀ ਦਾ ਢਾਡੀ ਜੱਥਾ, ਰੋਡਿਆਂ ਵਾਲੇ ਮੋਹਣ ਸਿੰਘ ਦਾ ਕਵੀਸ਼ਰੀ ਜੱਥਾ ਅਤੇ ਕਰਨੈਲ ਸਿੰਘ ਪਾਰਸ ਦਾ ਕਵੀਸ਼ਰੀ ਜੱਥਾ ਆਦਿਕ ਨਗਰ ਕੀਰਤਨ Ḕਤੇ ਬੋਲਣ ਲਈ ਆਉਂਦੇ ਰਹੇ ਸਨæ ਵਿਸਾਖਾ ਸਿੰਘ ਦਾ ਕਵੀਸ਼ਰੀ ਜੱਥਾ ਲੋਕਲ ਹੋਣ ਕਰਕੇ ਹਰ ਸਾਲ ਹੀ ਸ਼ਾਮਲ ਹੁੰਦਾæ ਖੜਕ ਸਿੰਘ ਅਤੇ ਹਰੀ ਸਿੰਘ ਦੇ ਸਾਥ ਛੱਡ ਜਾਣ ਮਗਰੋਂ ਵਿਸਾਖਾ ਸਿੰਘ ਅਤੇ ਚਾਚਾ ਮਿਹਰ ਸਿੰਘ ਹੀ ਰਹਿ ਗਏ, ਉਹੀ ਕਵੀਸ਼ਰੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇæ ਬਾਹਰੋਂ ਆਈ ਸੰਗਤ ਤਾਂ ਅਖੀਰਲੇ ਪੜਾਅ, ਲੱਖੂ ਪੱਤੀ ਦੀ ਸਟੇਜ ਤੋਂ ਕਵੀਸ਼ਰਾਂ, ਢਾਡੀਆਂ ਦੇ ਪ੍ਰਸੰਗ ਸੁਣ ਕੇ ਆਪਣੇ ਪਿੰਡਾਂ ਨੂੰ ਵਾਪਸ ਮੁੜ ਜਾਂਦੀæ ਪਿੰਡ ਦੀ ਸੰਗਤ ਵੀ ਹੋਲ਼ੀ ਹੌਲ਼ੀ ਘਰਾਂ ਨੂੰ ਜਾਣ ਲਗਦੀæ ਜਦੋਂ ਸਾਰੇ ਪਿੰਡ ਦੀ ਪ੍ਰਕਰਮਾ ਕਰਕੇ ਸ਼ਾਮ ਨੂੰ ਨਗਰ ਕੀਤਨ ਗੁਰਦਵਾਰੇ ਮੁੜਦਾ ਤਾਂ ਸੇਵਾਦਾਰਾਂ ਤੋਂ ਬਿਨਾਂ ਕੁਝ ਸ਼ਰਧਾਲੂ ਹੀ ਨਾਲ ਹੁੰਦੇ ਜਾਂ ਫਿਰ ਦੂਰੋਂ ਆਈ ਸੰਗਤ ਵਿਚੋਂ ਜਿਨ੍ਹਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਵਿਚ ਠਹਿਰਨਾ ਹੁੰਦਾ, ਉਹ ਗੁਰਦਵਾਰੇ ਤੱਕ ਜਾਂਦੇæ ਜਿਸ ਸਮੇਂ ਨੇੜੇ ਤੇੜੇ ਦੇ ਪਿੰਡਾਂ ਵਿਚ ਕੋਈ ਅਜੇਹੀ ਪ੍ਰਥਾ ਨਹੀਂ ਸੀæ ਸਾਡੇ ਪਿੰਡ ਵਿਚ ਨਗਰ ਕੀਰਤਨ ਦਾ ਨਿਕਲਣਾ ਮਾਣ ਵਾਲੀ ਗੱਲ ਸੀæ ਇਹ ਪ੍ਰਥਾ ਅੱਜ ਤੱਕ ਵੀ ਚਲੀ ਆ ਰਹੀ ਹੈ ਪਰ ਪਹਿਲਾਂ ਵਾਲੀ ਸ਼ਰਧਾ ਤੇ ਉਤਸਾਹ ਨਹੀਂ ਰਹਿ ਗਿਆæ
   ਘਾਲੀ ਦੇ ਕਮਰੇ ਵਿਚ ਬੈਠਿਆਂ ਅਜ਼ਾਦੀ ਘੁਲਾਟੀਆਂ ਦੀ ਗੱਲ ਵੀ ਚੱਲੀ ਸੀæ ਸਾਡੇ ਪਿੰਡੋਂ ਵੀ ਕੁਝ ਬੰਦੇ ਜੈਤੋ ਦੇ ਮੋਰਚੇ ਵਿਚ ਕੈਦ ਕੱਟ ਕੇ ਆਏ ਸੀæ ਮੇਰੇ ਬਾਪ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਜੈਤੋ ਦੇ ਮੋਰਚੇ ਵਿਚ ਜਾਣ ਵਾਲੇ ਜੱਥੇ ਪਿੰਡਾਂ ਵਿਚਦੀ ਲੰਘਦੇ ਸਨ ਤਾਂ ਪਿੰਡਾਂ ਦੇ ਲੋਕ ਉਹਨਾਂ ਦੀ ਸੇਵਾ ਵੀ ਬਹੁਤ ਕਰਦੇ ਅਤੇ ਪਿੰਡ ਦੇ ਕੁਝ ਬੰਦੇ ਜੱਥੇ ਨਾਲ ਜੈਤੋਂ ਨੂੰ ਚਲੇ ਜਾਂਦੇ ਸਨæ ਸੇਖੇ ਵਿਚਦੀ ਜਿਹੜਾ ਜੱਥਾ ਲੰਘਿਆ ਸੀ ਉਸ ਨਾਲ ਸਾਡੇ ਪਿੰਡ ਦੇ ਕੋਈ ਚਾਲੀ ਪੰਜਾਹ ਬੰਦੇ ਚਲੇ ਗਏ ਸਨæ ਉਹਨਾਂ ਵਿਚ ਮੇਰਾ ਬਾਪ ਵੀ ਸੀæ ਜਦੋਂ ਇਹ ਜੱਥਾ ਬਰਗਾੜੀ ਪਿੰਡ ਵਿਚ ਪਹੁੰਚਿਆ ਤਾਂ ਜੱਥੇ ਵਿਚ ਆਦਮੀਆਂ ਦੀ ਗਿਣਤੀ ਡੇਢ ਹਜ਼ਾਰ ਤੋਂ ਉੱਤੇ ਸੀæ 500 ਤੋਂ ਵੱਧ ਦਾ ਜੱਥਾ ਅੱਗੇ ਨਹੀਂ ਸੀ ਜਾਣਾ, ਇਸ ਕਰਕੇ ਰਾਸਤੇ ਵਿਚ ਰਲ਼ੇ ਬਹੁਤੇ ਬੰਦਿਆਂ ਨੂੰ ਵਾਪਸ ਮੋੜ ਦਿੱਤਾ ਗਿਆæ ਉਹਨਾਂ ਵਾਪਸ ਮੁੜਨ ਵਾਲਿਆਂ ਵਿਚ ਮੇਰਾ ਬਾਪ ਵੀ ਸੀ ਪਰ ਸਾਡੇ ਪਿੰਡ ਦੇ ਗਿਆਨ ਸਿੰਘ ਅਕਾਲੀ, ਗਿੰਦਰ ਸਿੰਘ ਅਕਾਲੀ ਅਤੇ ਅਕਾਲੀ ਠਾਕਰ ਸਿੰਘ ਮੋਰਚੇ ਵਿਚ ਜੇਲ੍ਹ ਕੱਟ ਕੇ ਆਏ ਸਨæ ਜੇਲ੍ਹ ਵਿਚ ਜਾਣ ਕਰਕੇ ਹੀ ਉਹਨਾਂ ਦੇ ਨਾਮ ਨਾਲ ḔਅਕਾਲੀḔ ਸ਼ਬਦ ਲੱਗ ਗਿਆ ਸੀæ ਉਦੋਂ ਜਿਹੜੀਆਂ ਧਾਰਮਿਕ ਲਹਿਰਾਂ ਚੱਲੀਆਂ, ਭਾਵੇਂ ਉਹ ਬੱਬਰ ਅਕਾਲੀ ਲਹਿਰ ਸੀ, ਗੁਰਦਵਾਰੇ ਅਜ਼ਾਦ ਕਰਾਉਣ ਦੀ ਲਹਿਰ ਸੀ ਜਾਂ ਕੁੰਜੀਆਂ ਦਾ ਮੋਰਚਾ, ਸਭ ਪਿੱਛੇ ਦੇਸ਼ ਦੀ ਗੁਲਾਮੀ ਵਿਰੁੱਧ ਲੋਕ ਮਨਾਂ ਵਿਚ ਨਫਰਤ ਦੀ ਭਾਵਨਾ ਅਤੇ ਅਜ਼ਾਦੀ ਲਈ ਤੜਪ ਕੰਮ ਕਰਦੀ ਸੀæ ਪਰ ਅਧਿਆਪਕ ਸਿਖਲਾਈ ਲੈਂਦਿਆਂ ਅਠਾਰਾਂ ਸਾਲ ਦੀ ਉਮਰ ਵਿਚ ਜਸਵੰਤ ਸਿੰਘ ਕੰਵਲ ਨਾਲ ਸੱਜਰਾ ਸੱਜਰਾ ਮੇਲ ਹੋਇਆ ਹੋਣ ਕਾਰਨ ਮੇਰੀ ਸੋਚ ਖੱਬੀ ਵਿਚਾਰਧਾਰਾ ਵੱਲ ਝੁਕ ਰਹੀ ਸੀ, ਭਾਵੇਂ ਅਜੇ ਪਰਪੱਕ ਨਹੀਂ ਸੀ ਹੋਈæ ਮੈਂ ਇਨ੍ਹਾਂ ਲਹਿਰਾਂ ਨੂੰ ਇਕ ਧਾਰਮਿਕ ਲਹਿਰਾਂ ਹੀ ਸਮਝਦਾ ਸੀæ ਜਿਸ ਕਾਰਨ ਮੈਂ ਘਾਲੀ ਹੁਰਾਂ ਨੂੰ ਪਿੰਡ ਵੱਲੋਂ ਜੈਤੋ ਦੇ ਮੋਰਚੇ ਵਿਚ ਪਾਏ ਯੋਗਦਾਨ ਬਾਰੇ ਕੁਝ ਨਾ ਦੱਸ ਸਕਿਆæ
   ਜੈਤੋ ਦੇ ਮੋਰਚੇ ਤੋਂ ਬਿਨਾਂ ਵੀ ਸਾਡੇ ਪਿੰਡ ਦੇ ਕਈ ਹੋਰ ਯੋਧੇ ਹੋਏ ਹਨ ਜਿਨ੍ਹਾਂ ਦੇਸ਼ ਦੀ ਅਜ਼ਾਦੀ ਵਿਚ ਹਿੱਸਾ ਪਾਇਆæ ਪਰ ਉਹਨਾਂ ਬਾਰੇ ਕਦੀ ਪਿੰਡ ਵਿਚ ਚਰਚਾ ਨਹੀਂ ਸੀ ਹੋਈ æ ਸੰਨ 1914 ਵਿਚ ਪਹਿਲੀ ਸੰਸਾਰ ਜੰਗ ਲੱਗ ਗਈ ਸੀæ ਉਹਨਾਂ ਦਿਨਾਂ ਵਿਚ ਆਪਣੇ ਦਿਲਾਂ ਵਿਚ ਦੇਸ਼ ਨੂੰ ਅਜ਼ਾਦ ਕਰਾਉਣ ਦਾ ਸੰਕਲਪ ਲੈ ਕੇ ਗਦਰ ਪਾਰਟੀ ਦੇ ਬਹੁਤ ਸਾਰੇ ਮੈਂਬਰ ਲੁਕ ਛਿਪ ਕੇ ਭਾਰਤ ਪਹੁੰਚ ਗਏ ਸਨ ਅਤੇ ਕਈ ਪਹੁੰਚ ਰਹੇ ਸਨæ ਕਈਆਂ ਨੂੰ ਭਾਰਤ ਪਹੁੰਦਿਆਂ ਹੀ ਗ੍ਰਿਫਤਾਰ ਵੀ ਕਰ ਲਿਆ ਗਿਆ ਸੀæ ਉਹਨਾਂ ਦਿਨਾਂ ਵਿਚ ਹੀ ਕੈਨੇਡਾ ਤੋਂ ਮੋੜੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਉਪਰ ਕਲਕੱਤੇ ਦੇ ਬਜ ਬਜ ਘਾਟ Ḕਤੇ ਗੋਲੀ ਚਲਾ ਕੇ ਉਹਨਾਂ ਵਿਚੋਂ ਬਹੁਤ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਬਾਕੀਆਂ ਨੂੰ ਕੈਦ ਕਰ ਲਿਆ ਗਿਆ ਸੀæ ਉਹਨਾਂ ਦਿਨਾਂ ਵਿਚ ਬਦੇਸ਼ਾਂ ਤੋਂ ਵਾਪਸ ਮੁੜਿਆ ਕੋਈ ਭਾਗਾਂ ਵਾਲਾ ਹੀ ਭਾਰਤੀ ਹੋਵੇਗਾ ਜਿਹੜਾ ਪੁਲੀਸ ਦੇ ਕਹਿਰ ਦਾ ਸ਼ਿਕਾਰ ਨਾ ਹੋਇਆ ਹੋਵੇæ 1914 ਵਿਚ ਸਾਡੇ ਪਿੰਡ ਦੇ ਬਾਬਾ ਹਰਨਾਮ ਸਿੰਘ ਨੂੰ ਹਾਂਗਕਾਂਗ ਤੋਂ ਭਾਰਤ ਮੁੜਦੇ ਹੋਏ ਨੂੰ ਕਲਕੱਤੇ ਦੀ ਬੰਦਰਗਾਹ Ḕਤੇ ਸਮੁੰਦਰੀ ਜਹਾਜ਼ ਤੋਂ ਉਤਰਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੱਥਕੜੀਆਂ ਵਿਚ ਜਕੜ ਕੇ ਲੁਧਿਆਣੇ ਲੈ ਆਂਦਾæ ਦੋ ਦਿਨ ਉੱਥੇ ਪੁੱਛ ਪੜਤਾਲ ਹੁੰਦੀ ਰਹੀ, ਫਿਰ ਮੀਆਂ ਵਾਲੀ ਜੇਲ੍ਹ ਵਿਚ ਬੰਦ ਕਰ ਦਿੱਤਾæ ਕੁਝ ਚਿਰ ਮਗਰੋਂ ਰਾਵਲਪਿੰਡੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆæ ਦੋ ਸਾਲ ਜੇਲ੍ਹ ਦੇ ਤਸੀਹੇ ਝੱਲਣ ਮਗਰੋਂ ਉਸ ਨੂੰ ਰਿਹਾਅ ਤਾਂ ਕਰ ਦਿੱਤਾ ਗਿਆ ਪਰ ਨਾਲ ਹੀ ਜੂਹ-ਬੰਦੀ ਦਾ ਹੁਕਮ ਮਿਲ ਗਿਆæ ਉਹ ਪਿੰਡੋਂ ਬਾਹਰ ਨਹੀ ਸੀ ਜਾ ਸਕਦਾæ ਸੰਨ 25-26 ਵਿਚ ਜਦੋਂ ਉਸ ਨੂੰ ਜੂਹ-ਬੰਦੀ ਤੋਂ ਰਿਹਾਈ ਮਿਲੀ ਤਾਂ ਉਸ ਨੂੰ ਸੁਖ ਦਾ ਸਾਹ ਆਇਆæ ਅਜ਼ਾਦੀ ਤੋਂ ਮਗਰੋਂ ਜਦੋਂ ਅਜ਼ਾਦੀ ਘੁਲਾਟੀਆਂ ਨੂੰ ਪੈਨਸ਼ਨ ਮਿਲਣ ਲੱਗੀ ਤਾਂ ਉਸ ਨੂੰ ਵੀ ਤਾਮਰ ਪੱਤਰ ਮਿਲਣ ਦੇ ਨਾਲ ਅਜ਼ਾਦੀ ਘੁਲਾਟੀਆਂ ਵਾਲੀ ਪੈਨਸ਼ਨ ਮਿਲਣ ਲੱਗ ਪਈ ਸੀæ ਉਸ ਤੋਂ ਮਗਰੋਂ ਪਿੰਡ ਦੇ ਕਈ ਲੋਕ, ਸ਼ਾਇਦ ਈਰਖਾਵਸ ਹੀ, ਕਹਿਣ ਲੱਗ ਪਏ, Ḕਉਸ ਨੇ ਅੰਗ੍ਰੇਜ ਸਰਕਾਰ ਤੋਂ ਮੁਆਫੀ ਮੰਗ ਲਈ ਸੀ ਅਤੇ ਉਹ ਦੂਜੀ ਸੰਸਾਰ ਜੰਗ ਸਮੇਂ ਲੋਕਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਕਹਿਣ ਲੱਗ ਪਿਆ ਸੀæ ਉਸ ਨੇ ਆਪਣਾ ਇਕਲੋਤਾ ਲੜਕਾ ਫੌਜ ਵਿਚ ਭਰਤੀ ਕਰਵਾ ਦਿੱਤਾ ਸੀ|Ḕ ਪਰ ਉਹਨਾਂ ਨੂੰ ਇਹ ਖਿਆਲ ਹੀ ਨਹੀਂ ਆਇਆ ਹੋਣਾ ਕਿ ਉਸ ਦਾ ਲੜਕਾ 1948 ਵਿਚ ਭਰਤੀ ਹੋਇਆ ਸੀ ਅਤੇ ਉਸ ਸਮੇਂ ਦੇਸ਼ ਅਜ਼ਾਦ ਹੋ ਚੁੱਕਿਆ ਸੀæ ਲੋਕ ਭਾਵੇਂ ਕੁਝ ਵੀ ਕਹੀ ਜਾਣ ਉਸ ਨੇ ਬੜਾ ਚਿਰ ਜੇਲ੍ਹ ਤੇ ਜੂਹ-ਬੰਦੀ ਦਾ ਕਸ਼ਟ ਝੱਲਿਆ ਪਰ ਲੋਕਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਨਾਲ ਕਦੀ ਵੀ ਲੜਿਆ ਝਗੜਿਆæ ਉਹ ਹਮੇਸ਼ ਖੁਸ਼ ਰਿਹਾæ æ ਉਸ ਨੇ ਸੌ ਸਾਲ ਤੋਂ ਉੱਤੇ ਉਮਰ ਭੋਗੀ ਅਤੇ 1990 ਵਿਚ ਲੁਧਿਆਣੇ ਆਪਣੇ ਲੜਕੇ ਕੋਲ ਪ੍ਰਾਣ ਤਿਆਗੇæ ਹਰਨਾਮ ਸਿੰਘ ਮੇਰੇ ਪੜਦਾਦੇ ਦਾ ਸਕਾ ਭਤੀਜਾ ਹੋਣ ਕਰਕੇ ਮੇਰਾ ਬਾਬਾ ਲਗਦਾ ਸੀæ ਉਹ ਮੇਰੇ ਵਿਆਹ ਦਾ ਵਿਚੋਲਾ ਵੀ ਬਣਿਆæ ਉਸ ਦੀ ਪਤਨੀ ਦੀ ਸਕੀ ਭਤੀਜੀ ਮੇਰੇ ਬੱਚਿਆਂ ਦੀ ਮਾਂ ਹੈæ ਹਰਨਾਮ ਸਿੰਘ ਤਾਂ ਕਾਮਾਗਾਟਾ ਮਾਰੂ ਜਹਾਜ਼ ਦੇ ਸਾਕੇ ਤੋਂ ਮਗਰੋਂ ਕਲਕੱਤੇ ਦੀ ਬੰਦਰਗਾਹ Ḕਤੇ ਉਤਰਿਆ ਸੀ ਪਰ ਸਾਡੇ ਪਿੰਡ ਦੇ ਹੋਰ ਚਾਰ ਬੰਦੇ ਕਾਮਾਗਾਟਾ ਮਾਰੂ ਦੇ ਮੁਸਾਫਰ ਸਨæ
   ਸਾਡੇ ਅਗਵਾੜ ਵਿਚੋਂ ਹੀ ਇਕ ਭਾਈ ਜੈਮਲ ਸਿੰਘ ਹੁੰਦਾ ਸੀæ ਉਸ ਦਾ ਵਿਆਹ ਨਹੀਂ ਸੀ ਹੋ ਸਕਿਆ ਅਤੇ Aਹ ਆਪਣੇ ਭਰਾ ਜਿਉਣ ਸਿੰਘ ਦੇ ਪਰਵਾਰ ਨਾਲ ਰਹਿੰਦਾ ਸੀæ ਜਿਉਣ ਸਿੰਘ ਦਾ ਮੁੰਡਾ ਗੁਰਦਿਆਲ ਮੇਰਾ ਹਾਣੀ ਸੀ ਅਤੇ ਮੇਰੇ ਨਾਲ ਚੌਥੀ ਜਮਾਤ ਤੱਕ ਪੜ੍ਹਦਾ ਰਿਹਾ ਸੀæ ਮੈਂ ਕਈ ਵਾਰ ਗੁਰਦਿਆਲ ਨਾਲ ਉੇਹਨਾਂ ਦੇ ਘਰ ਚਲਿਆ ਜਾਂਦਾæ ਭਰਵੀਂ ਚਿੱਟੀ ਦਾਹੜੀ ਵਾਲੇ ਭਾਈ ਜੈਮਲ ਸਿੰਘ ਨੂੰ ਮੈਂ ਸਦਾ ਨੀਲੀ ਪਗੜੀ ਅਤੇ ਗੋਡਿਆਂ ਤੋਂ ਹੇਠਾਂ ਤੱਕ ਕੁਰਤਾ, ਤੇੜ ਗੋਡਿਆਂ ਤੱਕ ਪਾਏ ਕਛਹਿਰੇ ਵਿਚ ਦੇਖਦਾæ ਸੱਤਰ ਬਹੱਤਰ ਸਾਲ ਉਮਰ ਹੋਵੇਗੀ ਉਸ ਸਮੇਂ ਉਸ ਦੀæ ਉਹ ਚੁੱਪ ਕੀਤਾ ਕਿਸੇ ਨਾ ਕਿਸੇ ਕੰਮ ਵਿਚ ਜੁਟਿਆ ਹੁੰਦਾæ ਕਦੇ ਸਣ ਦਾ ਪਿੰਨਾ ਵੱਟ ਰਿਹਾ ਹੈ ਅਤੇ ਕਦੇ ਕੋਈ ਮੰਜਾ ਬੁਣ ਰਿਹਾæ ਸਿਆਲ ਵਿਚ ਧੁੱਪੇ ਬੈਠਾ ਗ੍ਹਰਨੇ ਕੱਢ ਰਿਹਾ ਹੁੰਦਾ (ਸਣ ਦੀਆਂ ਤੀਲਾਂ ਤੋਂ ਸਣ ਵੱਖ ਕਰਨੀ)æ ਮੈਂ ਹਮੇਸ਼ਾ ਉਸ ਨੂੰ ਚੁੱਪ ਚੁੱਪ ਹੀ ਦੇਖਿਆæ ਉਹ ਆਥਣ ਸਵੇਰ ਗੁਰਦਵਾਰੇ ਜ਼ਰੂਰ ਜਾਂਦਾ ਸੀæ ਸੰਗਰਾਂਦ ਵਾਲੇ ਦਿਨ ਜਾਂ ਜਦੋਂ ਕਿਸੇ ਦੇ ਘਰ ਪਾਠ ਦਾ ਭੋਗ ਪੈਣਾ ਹੁੰਦਾ ਤਾਂ ਦੇਗ ਵੰਡਣ ਦੀ ਡਿਉਟੀ ਉਸੇ ਦੀ ਹੁੰਦੀæ ਉਹ ਬਹੁਤ ਹੱਥ ਘੁੱਟ ਕੇ ਦੇਗ ਵਰਤਾਉਂਦਾ ਸੀæ ਜੇ ਦੋ ਜਣੇ ਦੇਗ ਵੰਡ ਰਹੇ ਹੁੰਦੇ ਤਾਂ ਅਸੀਂ ਬੱਚਿਆਂ ਨੇ ਉਸ ਕੋਲੋਂ ਪਾਸਾ ਵੱਟ ਕੇ ਦੂਜੇ ਭਾਈ ਕੋਲੋਂ ਦੇਗ ਲੈਣੀæ ਮੈਂ ਬੱਸ ਉਸ ਬਾਰੇ ਇੰਨਾ ਹੀ ਜਾਣਦਾ ਸੀ ਕਿ ਉਹ ਗੁਰਦਿਆਲ ਦਾ ਤਾਇਆ ਹੈæ ਆਪਣੇ ਤਾਏ ਦੀ ਜ਼ਿੰਦਗੀ ਬਾਰੇ ਗੁਰਦਿਆਲ ਨੂੰ ਵੀ ਕੋਈ ਬਹੁਤਾ ਪਤਾ ਨਹੀਂ ਸੀæ ਬੱਸ ਉਸ ਨੂੰ ਇੰਨਾ ਹੀ ਪਤਾ ਸੀ ਕਿ ਉਹ ਮਿਰਕਣ ਤੋਂ ਮੁੜ ਕੇ ਆਉਂਦਾ ਪੁਲਿਸ ਨੇ ਫੜ ਲਿਆ ਸੀ ਅਤੇ ਬਾਪੂ ਉਸ ਨੂੰ ਛੁਡਾ ਕੇ ਲਿਆਇਆ ਸੀæ ਉਧਰੋਂ ਦੇਸ਼ ਅਜ਼ਾਦ ਹੋਇਆ ਅਤੇ ਇਧਰ ਉਸ ਦੇ ਸਵਾਸ ਅਜ਼ਾਦੀ ਪ੍ਰਾਪਤ ਕਰ ਗਏæ ਉਸ ਨੂੰ ਆਮ ਇਨਸਾਨਾਂ ਵਾਂਗ ਸਿਵਿਆਂ ਵਿਚ ਫੂਕ ਦਿੱਤਾ ਗਿਆæ ਸ਼ਾਇਦ ਪਿੰਡ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਕਿ ਭਾਈ ਜੈਮਲ ਸਿੰਘ ਕਾਮਾਗਾਟਾ ਮਾਰੂ ਦਾ ਮੁਸਾਫਰ ਸੀ ਜਿਹੜਾ ਬਜ ਬਜ ਘਾਟ Ḕਤੇ ਹੋਈ ਗੋਲਾਬਾਰੀ ਵਿਚੋਂ ਤਾਂ ਬਚ ਗਿਆ ਸੀ ਪਰ ਕਈ ਸਾਲ ਉਸ ਨੂੰ ਜੇਲ੍ਹਾਂ ਵਿਚ ਹੀ ਗੁਜ਼ਾਰਨੀ ਪਈ ਸੀ ਅਤੇ ਬੁੱਢਾ ਹੋ ਕੇ ਜੇਲ੍ਹ ਵਿਚੋਂ ਬਾਹਰ ਆਇਆ ਸੀæ ਸ਼ਾਇਦ ਪਿੰਡ ਵਾਸੀਆਂ ਨੂੰ ਕਾਮਾਗਾਟਾ ਮਾਰੂ ਦੀ ਹੋਣੀ ਬਾਰੇ ਪਤਾ ਹੀ ਨਾ ਹੋਵੇæ ਮੈਨੂੰ ਵੀ ਕਾਮਾਗਾਟਾ ਮਾਰੂ ਅਤੇ ਅਜ਼ਾਦੀ ਲਈ ਚੱਲੀਆਂ ਹੋਰ ਲਹਿਰਾਂ ਬਾਰੇ ਹਾਈ ਸਕੂਲ ਵਿਚ ਜਾ ਕੇ ਪਤਾ ਲੱਗਾ ਸੀæ ਮੈਂ ਜਨਰਲ ਮੋਹਨ ਸਿੰਘ ਦੀ ਪੁਸਤਕ Ḕਕਾਂਗਰਸ ਨਾਲ ਖਰੀਆਂ ਖਰੀਆਂḔ ਸੱਤਵੀਂ ਅੱਠਵੀਂ ਵਿਚ ਹੀ ਪੜ੍ਹ ਲਈ ਸੀ ਜਿਸ ਵਿਚ ਦੇਸ਼ ਦੀ ਅਜ਼ਾਦੀ ਬਾਰੇ ਬਹੁਤ ਜਾਣਕਾਰੀ ਸੀæ ਸਾਨੂੰ ਮਾਸਟਰ ਨਿਰੰਜਣ ਸਿੰਘ, ਜਿਨ੍ਹਾਂ ਨੂੰ ਜ਼ਿੰਦਾ ਸ਼ਹੀਦ ਵੀ ਕਹਿੰਦੇ ਸਨ, ਅਜ਼ਾਦੀ ਦੀਆਂ ਲਹਿਰਾਂ ਬਾਰੇ ਕੁਝ ਨਾ ਕੁਝ ਦਸਦੇ ਰਹਿੰਦੇ ਸਨæ ਉਨ੍ਹਾਂ ਦਿਨਾਂ ਵਿਚ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਹੋਣੀ ਬਾਰੇ ਤਾਂ ਪਤਾ ਲੱਗ  ਗਿਆ ਸੀ ਪਰ ਉਹਨਾਂ ਦੇ ਪਿਛੋਕੜ ਬਾਰੇ ਕੋਈ ਪਤਾ ਨਹੀਂ ਸੀ ਲੱਗ ਸਕਿਆæ ਮੈਂ ਆਪਣੀ ਜ਼ਿੰਦਗੀ ਦੇ ਸੱਠ ਸਾਲ ਇਸੇ ਪਿੰਡ ਵਿਚ ਬਤੀਤ ਕੀਤੇ ਸਨ ਫਿਰ ਵੀ ਮੈਨੂੰ ਪਤਾ ਨਹੀਂ ਸੀ ਲੱਗ ਸਕਿਆ ਕਿ ਭਾਈ ਜੈਮਲ ਸਿੰਘ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਵਿਚੋਂ ਇਕ ਸੀæ
   ਜਦੋਂ ਮੈਂ ਸੰਨ 1994 ਵਿਚ ਕੈਨੇਡਾ ਪ੍ਰਵਾਸ ਕੀਤਾ ਅਤੇ ਮੈਨੂੰ ਵੈਨਕੂਵਰ ਰਹਿੰਦਿਆਂ ਆਪਣਾ ਨਾਵਲ ḔਵਿਗੋਚਾḔ ਲਿਖਣ ਲਈ ਕੈਨੇਡਾ ਵਿਚ ਪੰਜਾਬੀਆਂ ਦੀ ਆਮਦ ਅਤੇ ਉਹਨਾਂ ਦੀ ਜਦੋ ਜਹਿਦ ਦੇ ਇਤਿਹਾਸ ਦਾ ਅਧਿਅਨ ਕਰਨਾ ਪਿਆ ਤਾਂ ਮੈਨੂੰ ਪਤਾ ਲੱਗਾ ਕਿ ਸੇਖਾ ਪਿੰਡ ਦੇ ਕੁਝ ਬੰਦੇ ਸੰਨ 1908 ਤੋਂ ਵੀ ਪਹਿਲਾਂ ਦੇ ਕੈਨੇਡਾ ਦੇ ਸੂਬੇ ਬ੍ਰਿਟਸ਼ ਕੁਲੰਬੀਆ ਵਿਚ ਆਏ ਹੋਣਗੇæ ਕਿਉਂਕਿ ਜਦੋਂ ਕੈਨੇਡਾ ਸਰਕਾਰ ਕੈਨੇਡਾ ਵਿਚ ਰਹਿੰਦੇ ਭਾਰਤੀਆਂ ਤੋਂ ਖਹਿੜਾ ਛਡਵਾਉਣ ਲਈ ਹੰਡੂਰਸ ਭੇਜਣ ਦਾ ਜੁਗਾੜ ਕਰ ਰਹੀ ਸੀ ਤਾਂ ਭਾਰਤੀ, ਜਿਨ੍ਹਾਂ ਵਿਚ ਬਹੁਤੇ ਪੰਜਾਬੀ ਹੀ ਸਨ, ਆਰਥਿਕ ਪੱਖੋਂ ਖੁਸ਼ਹਾਲ ਹੋਣ ਦਾ ਹੀਲਾ ਕਰ ਰਹੇ ਸਨæ ਬੀ ਸੀ ਸੂਬੇ ਦੇ ਪੰਜਾਬੀਆਂ ਨੇ ਪ੍ਰੋ। ਤੇਜਾ ਸਿੰਘ ਦੀ ਅਗਵਾਈ ਹੇਠ, 29 ਨਵੰਬਰ 1908 ਨੂੰ Ḕਦ ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਣੀ ਲਿਮਟਡḔ ਬਣਾ ਲਈ, ਜਿਸ ਦਾ ਅਸਾਸਾ ਡੇਢ ਲੱਖ ਮਿਥਿਆ ਗਿਆ ਸੀ ਜਿਹੜਾ ਛੇਤੀ ਹੀ ਵਧਾ ਕੇ ਦੁਗਣਾ ਕਰ ਦਿੱਤਾ ਗਿਆ ਸੀæ ਇਸ ਕੰਪਨੀ ਦੇ 251 ਹਿੱਸੇਦਾਰ ਸਨæ ਇਨ੍ਹਾਂ 251 ਹਿੱਸੇਦਾਰਾਂ ਵਿਚ ਸਾਡੇ ਪਿੰਡ ਦਾ ਸਾਵ ਸਿੰਘ ਵੀ ਸੀæ ਇੰਝ ਜਾਪਦਾ ਹੈ ਕਿ ਉਸ ਦੇ ਨਾਲ ਪਿੰਡ ਦੇ ਕੁਝ ਹੋਰ ਬੰਦੇ ਵੀ ਹੋਣਗੇæ ਕਿਉਂਕਿ ਇਕ ਹਿੱਸੇਦਾਰ ਨੂੰ ਘੱਟ ਤੋਂ ਘੱਟ ਇਕ ਹਜ਼ਾਰ ਡਾਲਰ ਦਾ ਹਿੱਸਾ ਪਾਉਣਾ ਪੈਂਦਾ ਸੀæ ਇਕੱਲੇ ਅਕਹਿਰੇ ਬੰਦੇ ਲਈ ਇਹ ਬਹੁਤ ਮੁਸ਼ਕਲ ਹੋਵੇਗਾæ ਇਸ ਤੋਂ ਬਿਨਾਂ ਸਾਡੇ ਪਿੰਡ ਦੇ ਚਾਰ ਬੰਦੇ ਕਾਮਾਗਾਟਾ ਮਾਰੂ ਜਹਾਜ਼ ਵਿਚ ਹਾਂਗਕਾਂਗ ਤੋਂ ਚੜ੍ਹੇ ਸਨ, ਜਿਹੜਾ ਦੋ ਮਹੀਨੇ ਵੈਨਕੂਵਰ ਦੇ ਪਾਣੀਆਂ ਵਿਚ ਖੜਾ ਰਹਿਣ ਮਗਰੋਂ ਧੱਕੇ ਨਾਲ ਹੀ ਵਾਪਸ ਮੋੜ ਦਿੱਤਾ ਗਿਆ ਸੀæ ਹੋ ਸਕਦਾ ਹੈ ਕਿ ਕਾਮਾਗਾਟਾ ਮਾਰੂ ਵਿਚ ਆਉਣ ਵਾਲੇ ਸਾਡੇ ਪਿੰਡ ਦੇ ਬੰਦਿਆਂ ਨੂੰ ਕੈਨੇਡਾ ਵਿਚ ਰਹਿੰਦੇ ਸਾਡੇ ਪਿੰਡ ਦੇ ਬੰਦਿਆਂ ਨੇ ਹੀ ਸੱਦਿਆ ਹੋਵੇ ਜਾਂ ਉਹਨਾਂ ਦੇ ਇੱਥੇ ਰਹਿਣ ਕਰਕੇ ਉਹ ਆਏ ਹੋਣææ ਹਾਂਗ ਕਾਂਗ ਤੋਂ ਕਾਮਾਗਾਟਾ ਮਾਰੂ ਵਿਚ ਸਵਾਰ ਹੋਣ ਵਾਲੇ ਸਾਡੇ ਪੇਂਡੂ ਸਨ, ਕੇਹਰ ਸਿੰਘ, ਮੱਲਾ ਸਿੰਘ ਅਤੇ ਦੋ ਜੈਮਲ ਸਿੰਘæ ਮੇਰੀ ਸੁਰਤ ਸੰਭਲਣ ਸਮੇਂ ਇਹੋ ਇਕ ਜੈਮਲ ਸਿੰਘ, ਗੁਦਿਆਲ ਦਾ ਤਾਇਆ ਜਿਉਂਦਾ ਸੀæ ਮੱਲਾ ਸਿੰਘ ਤੇ ਜੈਮਲ ਸਿੰਘ ਤਾਂ ਪੁਲੀਸ ਦੀ ਨਿਗਰਾਨੀ ਹੇਠ ਸਪੈਸ਼ਲ ਰੇਲ ਗੱਡੀ ਵਿਚ ਬੰਦ ਕਰ ਕੇ ਕਲਕੱਤੇ ਤੋਂ ਪੰਜਾਬ ਭੇਜ ਦਿੱਤੇ ਗਏ ਸਨæ ਮੱਲਾ ਸਿੰਘ ਨੂੰ ਮੈਂ ਨਹੀਂ ਦੇਖ ਸਕਿਆ ਸ਼ਾਇਦ ਉਹ ਮੇਰੀ ਸੁਰਤ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਤਿਆਗ ਗਿਆ ਹੋਵੇæ ਕੇਹਰ ਸਿੰਘ ਅਤੇ ਦੂਜੇ ਜੈਮਲ ਸਿੰਘ ਨਾਲ ਕੀ ਵਾਪਰੀ, ਇਸ ਬਾਰੇ ਕਾਮਾਗਾਟਾ ਮਾਰੂ ਦੇ ਰਿਕਾਰਡ ਵਿਚੋਂ ਮੈਂ ਬਹੁਤੀ ਜਾਣਕਾਰੀ ਹਾਸਲ ਨਹੀਂ ਕਰ ਸਕਿਆæ ਵੈਨਕੂਵਰ ਦੇ ਪਾਣੀਆਂ ਵਿਚ ਖੜੇ ਜਹਾਜ਼ ਵਿਚ ਜਿਹੜੇ ਮੁਸਾਫਰ ਸਨ, ਉਹਨਾਂ ਮੁਸਾਫਰਾਂ ਦੀ ਹੱਥ ਨਾਲ ਲਿਖੀ ਹੋਈ ਲਿਸਟ ਮੈਂ ਦੇਖੀ ਹੈ ਅਤੇ ਟਾਈਪ ਕੀਤੀ ਹੋਈ ਵੀæ ਦੋਵਾਂ ਲਿਸਟਾਂ ਵਿਚ ਚਾਰੇ ਨਾਮ ਹਨ ਪਰ ਬਜ ਬਜ ਘਾਟ ਤੇ ਗੋਲੀ ਚੱਲਣ ਤੋਂ ਬਾਅਦ ਗ੍ਰਿਫਤਾਰ ਕੀਤੇ, ਜ਼ਖਮੀ ਹੋਏ ਅਤੇ ਸ਼ਹੀਦ ਹੋਏ ਮੁਸਾਫਰਾਂ ਦੀਆਂ ਬਣੀਆਂ ਲਿਸਟਾਂ ਵਿਚ ਕੇਹਰ ਸਿੰਘ ਤੇ ਜੈਮਲ ਸਿੰਘ ਦੇ ਨਾਮ ਨਹੀਂ ਲੱਭ ਸਕਿਆæ ਹੋ ਸਕਦਾ ਹੈ ਕਿ ਭਗੌੜੇ ਕਰਾਰ ਦਿੱਤੇ ਗਏ ਮੁਸਾਫਰਾਂ ਵਿਚ ਉਹ ਹੋਣæ ਬਜ ਬਜ ਘਾਟ Ḕਤੇ ਸ਼ਹੀਦ ਹੋਏ ਦੋ ਮੁਸਾਫਰਾਂ ਦੀ ਸ਼ਨਾਖਤ ਨਹੀਂ ਸੀ ਹੋ ਸਕੀ, ਹੋ ਸਕਦਾ ਹੈ ਕਿ ਉਹ ਕੇਹਰ ਸਿੰਘ ਅਤੇ ਜੈਮਲ ਸਿੰਘ ਹੀ ਹੋਣæ ਇਹ ਵੀ ਹੋ ਸਕਦਾ ਹੈ ਕਿ ਤਿੰਨਾਂ ਲਿਸਟਾਂ ਵਿਚੋਂ ਕਿਸੇ ਲਿਸਟ ਵਿਚ ਉਹਨਾਂ ਦਾ ਨਾਂ ਜਾਂ ਪਿੰਡ ਦਾ ਨਾਂ ਗਲਤ ਲਿਖਿਆ ਗਿਆ ਹੋਵੇæ ਕੁਝ ਵੀ ਹੋਵੇ ਸਾਨੂੰ ਆਪਣੇ ਪਿੰਡ ਦੇ ਇਨ੍ਹਾਂ ਅਜ਼ਾਦੀ ਘੁਲਾਟੀਆਂ ਉੱਪਰ ਮਾਣ ਕਰਨਾ ਬਣਦਾ ਹੈæ
     ਉਂਜ ਮੈਨੂੰ ਆਪਣੇ ਪਿੰਡ ਵਾਸੀਆਂ Ḕਤੇ ਇਹ ਗਿਲਾ ਰਿਹਾ ਕਿ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਉਹਨਾਂ ਨੇ ਇਹਨਾਂ ਅਜ਼ਾਦੀ ਘੁਲਾਟੀਆਂ ਦੀ ਕਦਰ ਨਹੀਂ ਪਾਈ? ਕੀ ਸਾਰਾ ਪਿੰਡ ਹੀ ਅੰਗ੍ਰੇਜ ਸਰਕਾਰ ਦਾ ਖੈਰ-ਖਾਹ ਬਣ ਗਿਆ ਸੀ? ਮੈਨੂੰ ਇਹ ਵੀ ਰੰਜ ਸੀ ਕਿ ਉਹ ਅਜ਼ਾਦੀ ਘੁਲਾਟੀਏ ਅੰਗ੍ਰੇਜ਼ ਸਰਕਾਰ ਦੇ ਤਾਂ ਬਾਗ਼ੀ ਸਨ ਹੀ ਪਰ ਸਾਡੀ ਆਪਣੀ ਸਰਕਾਰ ਨੇ ਵੀ ਬਹੁਤ ਚਿਰ ਇਨ੍ਹਾਂ ਨੂੰ ਕੋਈ ਮਾਨਤਾ ਨਹੀਂ ਸੀ ਦਿੱਤੀ ਕਿਉਂਕਿ ਜਿਹੜੀਆਂ ਲਹਿਰਾਂ ਵਿਚ ਉਹਨਾਂ ਭਾਗ ਲਿਆ ਸੀ, ਕੇਂਦਰ ਸਰਕਾਰ ਉਹਨਾਂ ਲਹਿਰਾਂ ਨੂੰ ਅਜ਼ਾਦੀ ਲਹਿਰਾਂ ਮੰਨਣ ਲਈ ਹੀ ਪਹਿਲਾਂ ਤਿਆਰ ਨਹੀਂ ਸੀ ਹੋਈæ ਇਹ ਤਾਂ ਲੋਕ ਦਬਾ ਦਾ ਕਾਰਨ ਹੀ ਸੀ, ਜਿਸ ਕਾਰਨ ਸਰਕਾਰ ਨੂੰ ਇਨ੍ਹਾਂ ਲਹਿਰਾਂ ਨੂੰ ਦੇਸ਼ ਦੀ ਗੁਲਾਮੀ ਵਿਰੁਧ ਚੱਲੀਆਂ ਲਹਿਰਾਂ ਵਜੋਂ ਮਾਨਤਾ ਦੇਣ ਲਈ ਮਜਬੂਰ ਹੋਣਾ ਪਿਆæ ਕੁਝ ਵੀ ਹੋਵੇ, ਪਿੰਡ ਵਾਸੀਆਂ ਨੂੰ ਫਖਰ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਪਿੰਡ ਵਿਚੋਂ ਕੁਝ ਅਜ਼ਾਦੀ ਘੁਲਾਟੀਆਂ ਨੇ ਕਾਮਗਾਟਾ ਮਾਰੂ, ਗਦਰ ਲਹਿਰ ਅਤੇ ਜੈਤੋ ਦੇ ਮੋਰਚੇ ਵਿਚ ਭਾਗ ਲੈ ਕੇ ਪਿੰਡ ਦਾ ਮਾਣ ਵਧਾਇਆ ਹੈæ
    47 ਤੋਂ ਮਗਰੋਂ ਪਿੰਡਾਂ ਦੀ ਨੁਹਾਰ ਬਦਲਣੀ ਅਰੰਭ ਹੋ ਗਈ ਸੀæ ਹੁਣ ਮੇਰਾ ਪਿੰਡ ਸੰਨ ਸੰਤਾਲੀ ਤੋਂ ਪਹਿਲਾਂ ਵਾਲਾ ਪਿੰਡ ਨਹੀਂ ਰਹਿ ਗਿਆæ ਇਹ ਪਿੰਡ ਹੁਣ ਚਾਰੇ ਪਾਸੇ ਤੋਂ ਸੜਕਾਂ ਨਾਲ ਘਿਰਿਆ ਹੋਇਆ ਹੈæ ਪਿੰਡ ਦੀ ਫਿਰਨੀ Ḕਤੇ ਵੀ ਲੁੱਕ ਬਜਰੀ ਵਾਲੀ ਪੱਕੀ ਸੜਕ ਬਣੀ ਹੋਈ ਹੈæ ਛੇ ਹੱਟੀਆਂ ਦੀ ਥਾਂ ਪਿੰਡ ਦੇ ਬਾਹਰਵਾਰ ਸੜਕ ਉੱਪਰ ਬਾਜ਼ਾਰ ਬਣ ਗਿਆ ਹੈæ ਟਿੱਬੇ, ਧੋੜੇ, ਜੰਗਲ ਸਭ ਅਲੋਪ ਹੋ ਗਏ ਹਨæ ਕਿਸੇ ਸਮੇਂ ਇੱਥੇ ਮਾਰੂ ਜ਼ਮੀਨਾਂ ਵਿਚ ਤਾਰਾਮੀਰਾ, ਜੌਂ, ਛੌਲੇ, ਗਵਾਰਾ ਆਦਿ ਫਸਲਾਂ ਹੁੰਦੀਆਂ ਸਨæ ਪਰ ਹੁਣ ਪਿੰਡ ਦੀ ਸਾਰੀ ਜ਼ਮੀਨ ਹੀ ਵਾਹੀ ਯੋਗ ਬਣ ਗਈ ਹੈ, ਜਿੱਥੇ ਹਰ ਕਿਸਮ ਦੀ ਫਸਲ ਪੈਦਾ ਕੀਤੀ ਜਾ ਸਕਦੀ ਹੈæ ਪਹਿਲਾਂ ਕੋਈ ਟਾਵਾਂ ਘਰ ਹੀ ਪੱਕਾ ਦਿਸਦਾ ਸੀ, ਸਭ ਪਾਸੇ ਕੱਚੇ ਘਰ ਹੀ ਸਨ ਪਰ ਹੁਣ ਪੱਕੀਆਂ ਹਵੇਲੀਆਂ ਉਸਰੀਆਂ ਹੋਈਆਂ ਹਨ, ਕੋਈ ਕੱਚਾ ਘਰ ਦੇਖਣ ਨੂੰ ਵੀ ਨਹੀਂ ਮਿਲਦਾæ ਕਿਸੇ ਸਮੇਂ ਪਿੰਡ ਦਾ ਸਕੂਲ ਮਿਡਲ ਤੋਂ ਟੁੱਟ ਕੇ ਲੋਇਰ ਮਿਡਲ ਬਣ ਗਿਆ ਸੀæ ਪਰ ਸੰਨ ਸੰਤਾਲੀ ਮਗਰੋਂ, 55 ਵਿਚ ਇਹ ਸਕੂਲ ਮੁੜ ਮਿਡਲ  ਬਣਿਆ ਤੇ ਉਸ ਤੋਂ ਦਸ ਸਾਲ ਬਾਅਦ ਹਾਈ ਸਕੂਲ ਬਣ ਗਿਆæ ਕਿਸੇ ਸਮੇਂ ਪਿੰਡ ਵਿਚ ਮੁਸ਼ਕਲ ਨਾਲ ਦਸ ਬਾਰਾਂ ਮੁੰਡੇ ਮਿਡਲ ਪਾਸ ਸਨæ ਅੱਜ ਬੀ।ਏ। ਐਮ।ਏ। ਪੀ।ਐਚ।ਡੀ। ਐਮ।ਬੀ।ਬੀ।ਐਸ। ਅਤੇ ਬੀ।ਵੀ।ਐਸ।ਸੀ। ਡਾਕਟਰ ਹਨæ ਸੰਤਾਲੀ ਤੋਂ ਪਹਿਲਾਂ ਇਸ ਪਿੰਡ ਦੇ ਮੁਸ਼ਕਲ ਨਾਲ ਤਿੰਨ ਮਿਡਲ ਪਾਸ ਅਧਿਆਪਕ ਸਨ ਪਰ ਇਹੋ ਪਿੰਡ ਸੱਠਵਿਆਂ ਵਿਚ ਮਾਸਟਰਾਂ ਦਾ ਪਿੰਡ ਕਰਕੇ ਜਾਣਿਆ ਜਾਣ ਲੱਗਾ ਪਿਆ ਸੀæ ਹੁਣ ਇਸ ਪਿੰਡ ਦੇ ਪ੍ਰਿੰਸੀਪਲ, ਪ੍ਰੋਫੈਸਰ, ਹੈਡ ਮਾਸਟਰ  ਅਤੇ ਮਾਸਟਰ ਬਹੁਗਿਣਤੀ ਵਿਚ ਹਨæ ਇਸਤੋਂ ਬਿਨਾਂ ਹੋਰ ਮਹਿਕਮਿਆਂ ਵਿਚ ਵੀ ਜਿਵੇਂ, ਬੈਂਕ, ਬਿਜਲੀ ਬੋਰਡ, ਟੈਲੀ ਫੋਨ ਨਿਗਮ, ਸਿਹਤ, ਸੁਰੱਖਿਆ, ਰੈਵਨਿਊ, ਕਚਹਿਰੀਆਂ, ਨਹਿਰੀ, ਪੁਲੀਸ ਆਦਿ ਕਿਹੜਾ ਮਹਿਕਮਾ ਹੋਵੇਗਾ, ਜਿੱਥੇ ਸਾਡੇ ਪਿੰਡ ਦਾ ਬੰਦਾ ਨਾ ਤਾਇਨਾਤ ਹੋਵੇæ ਖੇਡਾਂ ਵਿਚ ਵੀ ਇਹ ਪਿੰਡ ਪਿੱਛੇ ਨਹੀਂ ਰਿਹਾæ ਇੱਥੋਂ ਦੀ ਵਾਲੀਬਾਲ ਦੀ ਪੇਂਡੂ ਕਲੱਬ ਬੜੀ ਮਸ਼ਹੂਰ ਰਹੀ ਹੈæ ਸੀਤਾ ਤੇ ਕੇਵਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇਸੇ ਪਿੰਡ ਦੇ ਹੋਏ ਹਨæ ਕੇਵਲ ਸੇਖਾ ਦੀ ਹਰਜੀਤ ਬਾਜਾ ਦੇ ਨਾਲ, ਐਕਸੀਡੈਂਟ ਵਿਚ ਮੌਤ ਹੋ ਜਾਣ ਤੋਂ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਿੰਡ ਦੇ ਸਕੂਲ ਦਾ ਨਾਮ ਕੇਵਲ ਸਿੰਘ ਸਰਕਾਰੀ ਹਾਇਰ ਸੈਕੰਡਰੀ ਸਕੂਲ ਸੇਖਾ ਕਲਾਂ ਰੱਖਿਆ ਗਿਆæ ਕਈ ਪਿੰਡ ਵਾਸੀ ਪਿੰਡੋਂ ਬਾਹਰ ਨਿਕਲ ਸ਼ਹਿਰਾਂ ਵਿਚ ਜਾ ਕੇ ਆਪਣੇ ਸਫਲ ਵਿਉਪਾਰਕ ਧੰਦੇ ਸਥਾਪਤ ਕਰਕੇ ਫੈਕਟਰੀਆਂ ਦੇ ਮਾਲਕ ਬਣ ਗਏ ਹਨæ ਜਿੱਥੇ ਪਿੰਡ ਨੇ ਗਵੀਏ ਤੇ ਹਾਸਰਸ ਕਲਾਕਾਰ ਪੈਦਾ ਕੀਤੇ, ਓਥੇ ਪਿੰਡ ਦੇ ਕਈ ਲੇਖਕਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਵੀ ਚੰਗਾ ਯੋਗਦਾਨ ਪਾਇਆ ਹੈæ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਬਦੇਸ਼ਾਂ Ḕਚ ਗਏ ਸਾਡੇ ਪੇਂਡੂਆਂ Ḕਚੋਂ ਬਹੁਤੇ ਵਾਪਸ ਪਿੰਡ ਮੁੜ ਆਏ ਸਨ, ਜਿਹੜੇ ਬਦੇਸ਼ਾਂ ਵਿਚ ਰਹਿ ਗਏ ਸਨ, ਉਹ ਪਿੰਡ ਵਾਸੀਆਂ ਦੇ ਚੇਤਿਆਂ ਵਿਚੋਂ ਵਿਸਰ ਗਏ ਸਨæ ਅੱਜ ਕੈਨੇਡਾ, ਇੰਗਲੈਂਡ, ਸਿੰਘਾਪੁਰ, ਮਲਾਇਆ, ਹਾਂਗਕਾਂਗ ਅਤੇ ਕਈ ਹੋਰ ਦੇਸ਼ਾਂ ਵਿਚ ਸਾਡੇ ਪੇਂਡੂ ਚੰਗੇ ਕੰਮ ਕਾਰ ਕਰ ਰਹੇ ਹਨæ
    ਭਾਵੇਂ ਅੱਜ ਮੇਰਾ ਪਿੰਡ ਚੰਗੀ ਤਰੱਕੀ ਕਰ ਗਿਆ ਹੈ ਅਤੇ 1993 ਦੀਆਂ ਪੰਚਾਇਤ ਚੋਣਾਂ ਵਿਚ ਪੰਚਾਇਤ ਮੈਂਬਰ ਚੁਣਿਆ ਜਾਣ Ḕਤੇ ਪਿੰਡ ਦੀ ਬੜੌਤਰੀ ਵਿਚ ਰੀਣ ਮਾਤਰ ਮੇਰਾ ਵੀ ਯੋਗਦਾਨ ਹੈæ ਪਰ ਫਿਰ ਵੀ ਤਰੱਕੀ ਯਾਫਤਾ ਪਿੰਡ ਦੀ ਨੁਹਾਰ ਦਾ ਦ੍ਰਿਸ਼ ਕਦੀ ਚੇਤਿਆਂ ਵਿਚ ਨਹੀਂ ਉਭਰਿਆæ ਜਦੋਂ ਕਦੀ ਸੁਪਨੇ ਵੀ ਆਉਂਦੇ ਹਨ ਤਾਂ ਕੱਚੇ ਕੋਠਿਆਂ ਵਾਲੇ ਪਿੰਡ ਦੇ ਹੀ ਆਉਂਦੇ ਹਨæ ਮੈਨੂੰ ਮੇਰੇ ਉਸ ਘਰ ਦਾ ਸੁਪਨਾ ਵੀ ਕਦੀ ਨਹੀਂ ਆਇਆ, ਜਿਹੜਾ ਮੈਂ ਅੱਡ ਹੋਣ ਮਗਰੋਂ ਬਦੇਸ਼ੀ ਕਰੰਸੀ ਦਾ ਸੀਮਿੰਟ ਮੰਗਵਾ ਕੇ ਅਤੇ ਸਰਕਾਰੀ ਪ੍ਰਮਟ Ḕਤੇ ਇੱਟਾਂ, ਟੈਲਾਂ ਲੈ ਕੇ ਆਪਣੇ ਹੱਥੀਂ ਕਿਸ਼ਤਾਂ ਵਿਚ ਤਿਆਰ ਕਰਵਾਇਆ ਸੀæ ਸੱਤ ਸਮੁੰਦਰ ਪਾਰ ਕੈਨੇਡਾ ਰਹਿੰਦਿਆਂ ਮੈਨੂੰ ਅਠਾਰਾਂ ਸਾਲ ਹੋ ਗੇਏ ਹਨ, ਸੁਪਨੇ ਤਾਂ ਮੈਨੂੰ ਅਜੇ ਵੀ ਇੱਥੋਂ ਦੇ ਨਹੀਂ ਆਉਂਣ ਲੱਗੇæ ਦਰ ਅਸਲ ਸੁਪਨੇ ਤਾਂ ਉਸ ਥਾਂ ਦੇ ਆਉਂਦੇ ਹਨ ਜਿਸ ਥਾਂ ਨਾਲ ਤੁਹਾਡੀ ਰੂਹ ਜੁੜੀ ਹੋਈ ਹੋਵੇæ ਦਸਵੀਂ ਪੜ੍ਹਦਿਆਂ ਤੱਕ ਮੈਨੂੰ ਪਿੰਡੋਂ ਬਾਹਰ ਜਾਣ ਦਾ ਮੌਕਾ ਹੀ ਨਹੀਂ ਮਿਲਿਆ, ਇਸ ਲਈ ਪੁਰਾਣਾ ਪਿੰਡ ਮੇਰੀ ਰੂਹ ਵਿਚ ਵਸਿਆ ਹੋਇਆ ਹੈæ ਮੈਟਰਿਕ ਕਰਨ ਮਗਰੋਂ ਤਾਂ ਪਿੰਡ ਵਿਚ ਬਹੁਤਾ ਟਿਕ ਕੇ ਰਿਹਾ ਹੀ ਨਹੀਂ, ਰੁਜ਼ਗਾਰ ਦੇ ਚੱਕਰਾਂ ਵਿਚ ਕਦੀ ਕਿਤੇ ਕਦੀ ਕਿਤੇ ਭਟਕਦਾ ਰਿਹਾ ਹਾਂ, ਬੇਸ਼ੱਕ ਬਹੁਤਾ ਸਮਾਂ ਰਹਾਇਸ਼ ਪਿੰਡ ਵਿਚ ਹੀ ਰਹੀæ ਭਾਵੇਂ ਬਚਪਨ ਵਾਲਾ ਮੇਰੇ ਸੁਪਨਿਆਂ ਦਾ ਉਹ ਪਿੰਡ ਸੀ ਤੇ ਭਾਵੇਂ ਅਜੋਕਾ ਸਭ ਸਹੂਲਤਾਂ ਨਾਲ ਲੈਸ ਇਹ ਪਿੰਡ ਹੈ, ਮੈਨੂੰ ਆਪਣੇ ਪਿੰਡ ਨਾਲ ਅਥਾਹ ਮੋਹ ਹੈ, ਪਿਆਰ ਹੈæ ਇਸੇ ਪਿਆਰ ਕਰਕੇ ਹੀ ਮੈਂ ਆਪਣਾ ਗੋਤ ਸਰਾ ਛੱਡ ਕੇ ਪਿੰਡ ਦਾ ਨਾਮ ਆਪਣੇ ਨਾਮ ਨਾਲ ਸੇਖਾ ਲਾਇਆ ਹੈ

--------------------------------  ਬਾਕੀ ਅਗਲੇ ਅੰਕ ਵਿਚ  -----------

Lekh-ਚੇਤਿਆਂ ਦੀ ਚਿਲਮਨ - ਕਿਸ਼ਤ 1


ਚੇਤਿਆਂ ਦੀ ਚਿਲਮਨ - ਕਿਸ਼ਤ 1 (ਸਵੈ ਜੀਵਨੀ )

ਜਰਨੈਲ ਸਿੰਘ ਸੇਖਾ    

Email: jsekha@hotmail.com
Phone: +1 604 543 8721
Address: 7004 131 ਸਟਰੀਟ V3W 6M9
ਸਰੀ British Columbia Canada

ਮੇਰਾ ਜਨਮ ਤੇ ਜਨਮ ਤ੍ਰੀਕ ਦਾ ਭੰਬਲਭੂਸਾ
 ਜਦੋਂ ਮੈਨੂੰ ਆਪਣੀ ਅਸਲੀ ਜਨਮ ਤ੍ਰੀਕ ਦੀ ਲੋੜ ਪਈ ਤਾਂ ਮੈਂ ਨਵੇਂ ਬਣੇ ਜ਼ਿਲੇ ਫਰੀਦਕੋਟ ਦੇ ਸੀਐਮਓ ਦੇ ਜਨਮ ਮਰਨ ਦਾ ਰਿਕਾਰਡ ਰੱਖਣ ਵਾਲੇ ਦਫਤਰ ਵਿਚ ਜਾ ਕੇ ਆਪਣੀ ਜਨਮ ਮਿਤੀ ਦਾ ਸਰਟੀਫੀਕੇਟ ਲੈਣ ਲਈ ਦਰਖਾਸਤ ਦਿੱਤੀ। ਕਲਰਕ ਨੇ ਮੇਰੀ ਦਰਖਾਸਤ ਆਪਣੇ ਕੋਲ ਰੱਖ ਲਈ ਅਤੇ ਇਹ ਕਹਿ ਕੇ ਟਾਲ਼ ਦਿੱਤਾ, 'ਹਫਤੇ ਬਾਅਦ ਆਉਣਾ।' ਮੈਂ ਉਥੋਂ ਬਾਹਰ ਨਿਕਲਿਆ ਹੀ ਸੀ ਕਿ ਮੇਰਾ ਇਕ ਸ਼ਾਗ੍ਰਿਦ ਮਿਲ ਪਿਆ, ਉਹ ਸੀਐਮਓ ਦੇ ਮਾਸ ਮੀਡੀਆ ਦਫਤਰ ਵਿਚ ਆਰਟਿਸਟ ਦੀ ਪੋਸਟ 'ਤੇ ਕੰਮ ਕਰਦਾ ਸੀ। ਮੈਂ ਉਸ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਸ ਮੈਨੂੰ ਕਿਹਾ, "ਕੱਲ੍ਹ ਨੂੰ ਆ ਕੇ ਆਪਣਾ ਸਰਟੀਫੀਕੇਟ ਲੈ ਜਾਣਾ, ਮੇਰੇ ਕੋਲ ਬਣਿਆ ਪਿਆ ਹੋਵੇਗਾ"
   ਅਗਲੇ ਦਿਨ ਜਦੋਂ ਮੈਂ ਉਸ ਕੋਲ ਗਿਆ ਤਾਂ ਉਸ ਮੈਨੂੰ ਰਿਕਾਰਡ ਵਿਚ ਨਾਮ ਨਹੀਂ ਮਿਲਿਆ ਦਾ ਸਰਟੀਫੀਕੇਟ ਦੇ ਦਿੱਤਾ। ਉਸ ਦੱਸਿਆ, "ਮੈਂ ਕੋਲ ਖੜ੍ਹ ਕੇ ਰਜਿਸਟਰਾਂ ਦੀ ਪੜਤਾਲ ਕਰਵਾਈ ਸੀ ਪਰ ਤੁਹਾਡੀ ਜਨਮ ਤ੍ਰੀਕ ਦਾ ਇੰਦਰਾਜ ਨਹੀਂ ਮਿਲਿਆ। ਕੁਝ ਰਿਕਾਰਡ ਬਾਰਸ਼ਾਂ ਦੀ ਭੇਟ ਚੜ੍ਹ ਗਿਆ ਸੀ। ਹੋ ਸਕਦਾ ਹੈ ਕਿ ਉਹਨਾਂ ਰਜਿਸਟਰਾਂ ਵਿਚ ਤੁਹਾਡੀ ਜਨਮ ਮਿਤੀ ਵਾਲਾ ਰਿਕਾਰਡ ਹੋਵੇ ਤੇ ਕਿਉਂਕਿ ਇਹ ਜ਼ਿਲਾ ਅਜੇ ਨਵਾਂ ਹੀ ਹੋਂਦ ਵਿਚ ਆਇਆ ਤੇ ਇਹ ਵੀ ਹੋ ਸਕਦਾ ਹੈ ਕਿ ਕੁਝ ਰਜਿਸਟਰ ਫੀਰੋਜ਼ ਪੁਰ ਦੇ ਆਫਿਸ ਵਿਚੋਂ ਹੀ ਨਾ ਆਏ ਹੋਣ।"
   'ਪਰਾਪਤ ਨਹੀਂ' (not available) ਦਾ ਸਰਟੀਫੀਕੇਟ ਲੈ ਕੇ ਮੇਰਾ ਕੰਮ ਤਾਂ ਸਰ ਗਿਆ ਸੀ ਪਰ ਮੈਂ ਉਤਸਕਤਾ ਵੱਸ ਫੀਰੋਜ਼ਪੁਰ ਸੀਐੰਮਓ ਦੇ ਦਫਤਰ ਚਲਾ ਗਿਆ ਕਿ ਮੈਨੂੰ ਆਪਣੀ ਅਸਲੀ ਜਨਮ ਤ੍ਰੀਕ ਦਾ ਪਤਾ ਤਾਂ ਲੱਗ ਹੀ ਜਾਵੇਗਾ। ਕਿਉਂਕਿ ਮੇਰੀ ਮਾਂ ਤਾਂ ਕਹਿੰਦੀ ਹੁੰਦੀ ਸੀ, "ਜਦੋਂ ਨੱਬੇ (ਸੰਮਤ ਬਿਕਰਮੀ1990) ਦੇ ਹੜ੍ਹ ਆਏ ਸੀ ਤਾਂ ਉਸ ਵੇਲੇ ਮਲਕੀਤ ਮੇਰੀ ਗੋਦੀ ਸੀ ਤੇ ਤੇਰਾ ਜਨਮ ਉਸ ਤੋਂ ਦੋ ਸਾਲ ਮਗਰੋਂ ੨੨ ਪੋਹ ਦਾ ਐ" ਪਰ ਮੇਰੇ ਦਸਵੀਂ ਦੇ ਸਰਟੀਫੀਕੇਟ ਉਪਰ ਜਨਮ ਮਿਤੀ ਪਹਿਲੀ ਅਗਸਤ 1934 ਦੀ ਲਿਖੀ ਹੋਈ ਹੈ ਅਤੇ ਮਾਂ ਦੇ ਦੱਸਣ ਅਨੁਸਾਰ ਜਨਮ ਮਿਤੀ ਛੇ ਜਨਵਰੀ 1936 ਬਣਦੀ ਹੈ। ਮੇਰਾ ਚਚੇਰਾ ਭਰਾ ਜਿਹੜਾ ਕਿ ਮੈਥੋਂ ਬਾਈ ਦਿਨ ਵੱਡਾ ਹੈ ਉਸ ਦੀ ਜਨਮ ਮਿਤੀ ਦਸੰਬਰ 1934 ਹੈ। ਇਸ ਭੁਲੇਖੇ ਨੂੰ ਦੂਰ ਕਰਨ ਲਈ ਹੀ ਮੈਂ ਸੀਐਮਓ ਦਫਤਰ ਫੀਰੋਜ਼ਪੁਰ ਵੀ ਗਿਆ ਸੀ ਪਰ ਉਥੋਂ ਵੀ ਜਨਮ ਤ੍ਰੀਕ ਨਾ ਲੱਭ ਸਕੀ।
   ਹੁਣ ਮੈਂ ਅਨੁਮਾਨ ਲਾ ਲਿਆ ਕਿ ਹੋ ਸਕਦਾ ਹੈ ਕਿ ਮੇਰੇ ਜਨਮ ਦਾ ਕਿਤੇ ਇੰਦਰਾਜ ਹੀ ਨਾ ਹੋਇਆ ਹੋਵੇ। ਇਸ ਦੇ ਪਿੱਛੇ ਵੀ ਇਕ ਕਹਾਣੀ ਹੈ ਜਿਹੜੀ ਮਾਂ ਨੇ ਕਈ ਵਾਰ ਸੁਣਾਈ ਸੀ। ਇਹ ਮੇਰੇ ਜਨਮ ਦੀ ਕਹਾਣੀ ਵੀ ਹੈ ਤੇ ਸਾਡੇ ਪਰਵਾਰ ਦੀ ਕਹਾਣੀ ਵੀ।
   ਮੇਰਾ ਪੜਦਾਦਾ ਬੜਾ ਕਾਨੂੰਨੀ ਸੀ। ਉਹ ਜ਼ਮੀਨਾਂ ਦੇ ਝਗੜੇ ਮੁੱਲ ਲੈ ਲੈਂਦਾ ਸੀ ਤੇ ਲਾਹੌਰ ਤਾਈਂ ਤੁਰ ਕੇ ਤਰੀਕਾਂ ਭੁਗਤਣ ਜਾਂਦਾ ਸੀ। ਘਰ ਦੀ ਜ਼ਮੀਨ ਤਾਂ ਭਾਵੇਂ ਦਸ ਘੁਮਾਂ ਹੀ ਸੀ ਪਰ ਉਸ ਨੇ ਕਈ ਘੁਮਾਂ ਜ਼ਮੀਨ ਗਹਿਣੇ ਤੇ ਬੈਅ ਲੈ ਕੇ ਦੋ ਹਲ਼ ਦੀ ਵਾਹੀ ਕੀਤੀ ਹੋਈ ਸੀ। ਜਦੋਂ ਪੰਜਾਬ ਵਿਚ ਸਰ ਛੋਟੂ ਰਾਮ ਵੱਲੋਂ ਪਾਸ ਕਰਵਾਇਆ ਇਹ ਕਾਨੂੰਨ ਲਾਗੂ ਹੋ ਗਿਆ ਕਿ 'ਕੋਈ ਵੀ ਗ਼ੈਰ ਕਾਸਤਕਾਰ ਕਿਸੇ ਕਾਸ਼ਤਕਾਰ ਦੀ ਜ਼ਮੀਨ ਬੈਅ ਨਹੀਂ ਲੈ ਸਕੇਗਾ।' ਕਾਸ਼ਤਕਾਰ ਤੇ ਗ਼ੈਰਕਾਸ਼ਕਾਰ ਵੀ ਜਾਤ ਅਧਾਰਤ ਬਣਾ ਦਿੱਤੇ ਗਏ। ਜੱਟ ਤੋਂ ਬਿਨਾਂ ਦੂਜੀਆਂ ਜਾਤਾਂ ਵਾਲੇ ਭਾਵੇਂ ਕਿ ਉਹ ਖੇਤੀ ਕਰਦੇ ਹੋਣ ਉਹ ਜੱਟ ਦੀ ਜ਼ਮੀਨ ਨਹੀਂ ਸੀ ਖਰੀਦ ਸਕਦੇ। ਇਹ ਕਾਨੂੰਨ ਬਣਨ ਕਾਰਨ ਜੱਟਾਂ ਦੀ ਜ਼ਮੀਨ ਉਸ ਕੋਲ਼ ਨਾ ਰਹੀ। ਕਿਉਂਕਿ ਉਹ ਜੱਟ ਨਹੀਂ ਸੀ। ਸਾਡੇ ਪਿੰਡ ਦੇ ਗੈਰ ਜੱਟਾਂ ਕੋਲ ਵੀ ਜ਼ਮੀਨਾਂ ਸਨ। ਫਿਰ ਮੇਰੇ ਪੜਦਾਦੇ ਨੇ ਉਹਨਾਂ ਦੀਆਂ ਜ਼ਮੀਨਾਂ 'ਤੇ ਅੱਖ ਟਿਕਾ ਲਈ ਤੇ ਉਹਨਾਂ ਕੋਲੋਂ ਬਹੁਤ ਸਾਰੀ ਜ਼ਮੀਨ ਗਹਿਣੇ ਲੈ ਕੇ ਆਪਣੀ ਦੋ ਹਲ਼ ਦੀ ਵਾਹੀ ਚਾਲੂ ਰੱਖੀ। ਮੇਰੇ ਪੜਦਾਦੇ ਦੇ ਵੱਡੇ ਪੁੱਤਰ ਦੀ ਬਾਰਾਂ ਤੇਰਾਂ ਸਾਲ ਦੀ ਉਮਰ ਵਿਚ ਹੀ ਮੌਤ ਹੋ ਗਈ ਸੀ ਅਤੇ ਮੇਰਾ ਦਾਦਾ ਇਕੱਲਾ ਰਹਿ ਗਿਆ ਸੀ। ਇਕ ਤਾਂ ਉਹ ਛੋਟਾ ਹੋਣ ਕਰਕੇ ਪਹਿਲਾਂ ਹੀ ਲਾਡਲਾ ਰੱਖਿਆ ਹੋਇਆ ਸੀ। ਹੁਣ ਉਸ ਵੱਲ ਹੋਰ ਵੀ ਬਹੁਤਾ ਹੀ ਧਿਆਨ ਦਿੱਤਾ ਜਾਣ ਲੱਗਾ। ਉਸ ਨੂੰ ਕਦੀ ਵੀ  ਕੰਮ ਕਰਨ ਲਈ ਨਹੀਂ ਸੀ ਆਖਿਆ ਜਾਂਦਾ। ਕਈ ਬੱਚੇ ਤਾਂ ਇੰਨੇ ਲਾਡ ਨਾਲ ਵਿਗੜ ਜਾਂਦੇ ਹਨ ਪਰ ਉਹ ਸਾਧੂ ਸੁਭਾ ਦਾ ਬੰਦਾ ਸੀ। ਖੇਤਾਂ ਵੱਲ ਜਾਂਦਾ ਤਾਂ ਤੋਰੀਆਂ, ਕੱਦੂਆਂ ਦੇ ਬੀਜ ਦਰਖਤਾਂ ਦੀਆਂ ਜੜਾਂ ,ਚ ਲਾ ਜਾਂਦਾ। ਟਿੰਡੋਆਂ ਦੇ ਬੀਜ ਦੂਸਰਿਆਂ ਦੀਆਂ ਕਪਾਹਾਂ ਵਿਚ ਵੀ ਬੀਜ ਦਿੰਦਾ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਕਰ ਦਿੱਤਾ। ਉਸ ਦੇ ਅਗਾਂਹ ਚਾਰ ਪੁੱਤਰ ਅਤੇ ਇਕ ਧੀ ਹੋਏ। ਮੇਰਾ ਬਾਪ ਸਾਰਿਆਂ ਨਾਲੋਂ ਵੱਡਾ ਸੀ। ਉਸ ਨੂੰ 12 ਸਾਲ ਦੀ ਛੋਟੀ ਜਿਹੀ ਉਮਰ ਵਿਚ ਹੀ ਹੱਲ਼ ਦੀ ਹੱਥੀ ਫੜਾ ਦਿੱਤੀ ਗਈ ਜਦੋਂ ਕਿ ਅਜੇ ਉਸ ਦਾ ਹੱਥ ਹਲ਼ ਦੀ ਹੱਥੀ ਦੇ ਬਰਾਬਰ ਵੀ ਨਹੀਂ ਸੀ ਜਾਂਦਾ। ਉਸ ਤੋਂ ਛੋਟਾ ਪੜ੍ਹਨ ਲੱਗ ਪਿਆ ਤੇ ਫਿਰ ਉਹ ਐਸਵੀਕੋਰਸ ਕਰਕੇ ਟੀਚਰ ਲੱਗ ਗਿਆ। ਦੂਜੇ ਦੋਵੇਂ ਭਰਾ ਜਿਵੇਂ ਹੀ ਕੁਝ ਵੱਡੇ ਹੋਏ ਉਹ ਵੀ ਪੜਦਾਦੇ ਨਾਲ ਖੇਤੀ ਬਾੜੀ ਦੇ ਕੰਮ ਵਿਚ ਹੱਥ ਵਟਾਉਣ ਲੱਗ ਪਏ।
   ਉਹਨਾਂ ਸਮਿਆਂ ਵਿਚ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਵਿਆਹ ਦਿੰਦੇ ਸਨ। ਫਿਰ ਪੜਦਾਦੇ ਨੇ ਆਪਣੇ ਚਾਰੇ ਪੋਤਰੇ ਵਿਆਹ ਲਏ। ਜਦੋਂ ਉਸ ਨੇ ਆਪਣਾ ਅਖੀਰਲਾ ਸਵਾਸ ਛੱਡਿਆ ਤਾਂ ਉਸ ਦੇ ਵੱਡੇ ਪੋਤਰੇ ਦਾ ਲੜਕਾ (ਮੇਰਾ ਵੱਡਾ ਭਰਾ ਮੱਲ ਸਿੰਘ) ਉਸ ਦੀ ਹਿੱਕ ਉਪਰ ਪਿਆ ਉਸ ਨਾਲ ਲਾਡ ਪਾਡੀਆਂ ਕਰ ਰਿਹਾ ਸੀ। ਉਸ ਤੋਂ ਕੁਝ ਸਾਲ ਬਾਅਦ ਪੜਦਾਦੀ ਵੀ ਇਸ ਸੰਸਾਰ ਤੋਂ ਵਿਦਾ ਹੋ ਗਈ।
   ਘਰ ਵਿਚ ਪੜਦਾਦੇ ਹੀ ਸਰਦਾਰੀ ਸੀ। ਉਸ ਦੇ ਅੱਗੇ ਕੋਈ ਵੀ ਘਰ ਦਾ ਜੀਅ ਕੁਸਕਦਾ ਨਹੀਂ ਸੀ, ਹਰ ਕੋਈ ਆਪਣੀ ਜ਼ਿੰਮੇਦਾਰੀ ਨੂੰ ਸਮਝਦਾ ਹੋਇਆ ਆਪਣਾ ਕੰਮ ਕਰਦਾ ਸੀ। ਪੜਦਾਦੇ ਦੇ ਅਕਾਲ ਚਲਾਣਾ ਕਰ ਜਾਣ ਨਾਲ ਉਸ ਘਰ ਦੀ ਪਹਿਲਾਂ ਵਾਲੀ ਚੜ੍ਹਤ ਨਾ ਰਹੀ। ਮੇਰਾ ਦਾਦਾ ਕਬੀਲਦਾਰ ਹੋ ਕੇ ਵੀ ਆਪਣੀ ਕਬੀਲਦਾਰੀ ਵੱਲ ਧਿਆਨ ਨਹੀਂ ਸੀ ਦਿੰਦਾ। ਉਹ ਆਪਣੇ ਪੁੱਤਰਾਂ ਨੂੰ ਕੁਝ ਨਹੀਂ ਸੀ ਕਹਿੰਦਾ। ਹਰ ਕੋਈ ਆਪਣੀ ਮਰਜ਼ੀ ਕਰਨ ਲੱਗ ਪਿਆ ਸੀ। ਮੇਰਾ ਇਕ ਚਾਚਾ ਕਵੀਸ਼ਰੀ ਜੱਥੇ ਨਾਲ ਤੁਰਿਆ ਰਹਿੰਦਾ। ਉਸ ਨੂੰ ਪਿੱਛੇ ਕੰਮ ਦੀ ਕੋਈ ਪਰਵਾਹ ਨਾ ਹੁੰਦੀ। ਮੇਰਾ ਬਾਪ ਤੇ ਛੋਟਾ ਚਾਚਾ ਖੇਤੀ ਬਾੜੀ ਦਾ ਕੰਮ ਸੰਭਾਲਦੇ। ਕਈ ਵਾਰ ਛੋਟਾ ਚਾਚਾ ਵੀ ਕੀਰਤਨੀ ਜੱਥੇ ਨਾਲ ਤੁਰ ਜਾਂਦਾ ਤੇ ਸਾਰਾ ਕੰਮ ਮੇਰੇ ਬਾਪ ਨੂੰ ਸੰਭਾਲਣਾ ਪੈਂਦਾ। ਪਰ ਫਿਰ ਵੀ ਪਰਵਾਰ ਸਾਂਝਾ ਰਿਹਾ।
   ਘਰ ਵਿਚ ਚਾਰਾਂ ਦਰਾਣੀਆਂ ਜਿਠਾਣੀਆਂ ਨੇ ਆਪਣੇ ਕੰਮ ਵੰਡੇ ਹੋਏ ਸਨ। ਜੇ ਇਕ ਸਵੇਰੇ ਉਠ ਕੇ ਚੱਕੀ ਪੀਂਹਦੀ ਤਾਂ ਦੂਜੀ ਦੁੱਧ ਰਿੜਕਦੀ ਤੇ ਤੀਸਰੀ ਰੋਟੀਆਂ ਪਕਾ ਕੇ ਖੇਤ ਲੈ ਕੇ ਜਾਂਦੀ, ਚੌਥੀ ਪਸ਼ੂਆਂ ਦੇ ਵਾੜੇ ਵਿਚ ਗੋਹਾ ਕੂੜਾ ਕਰਵਾਉਂਦੀ। ਅਗਲੇ ਦਿਨ ਦੂਸਰੀ ਦੀ ਚੱਕੀ ਪੀਂਹਣ ਦੀ ਵਾਰੀ ਆ ਜਾਦੀ। ਸਭ ਤੋਂ ਔਖਾ ਕੰਮ ਚੱਕੀ ਪੀਹਣਾ ਸੀ। ਸਾਰੇ ਟੱਬਰ ਲਈ ਧੜੀ ਆਟਾ ਪੀਂਹਣਾ ਪੈਂਦਾ ਸੀ। ਹਰ ਰੋਜ਼ ਪੀਹ ਕੇ ਪਕਾਉਣਾ। ਮੇਰੀ ਮਾਂ ਕੋਲ ਚਾਰ ਨਿਆਣੇ ਹੋਣ ਕਾਰਨ ਦੂਸਰੀਆਂ ਦਰਾਣੀਆਂ ਉਸ ਨਾਲ ਈਰਖਾ ਕਰਦੀਆਂ ਕਿ ਇਸ ਦੇ ਜੁਆਕਾਂ ਕਰਕੇ ਸਾਨੂੰ ਕੰਮ ਬਹੁਤਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਉਹ ਏਕਾ ਕਰਕੇ ਮੇਰੀ ਮਾਂ ਨੂੰ ਵਾਰੀ ਤੋਂ ਬਾਹਰੀ ਚੱਕੀ ਪੀਂਹਣ ਲਈ ਮਜਬੂਰ ਕਰਦੀਆਂ। ਦਾਦੀ ਮੇਰੀ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ ਤੇ ਫਿਰ ਮੇਰੇ ਦਾਦੇ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ। ਉਹਨਾਂ ਉਪਰ ਸੱਸ ਦਾ ਕੁੰਡਾ ਨਾ ਹੋਣ ਕਾਰਨ ਹਮੇਸ਼ਾ ਲੜਾਈ ਝਗੜਾ ਪਿਆ ਰਹਿੰਦਾ। ਕਈ ਵਾਰ ਇਸ ਲੜਾਈ ਝਗੜੇ ਤੋਂ ਤੰਗ ਆਏ ਉਹਨਾਂ ਦੇ ਪਤੀ ਉਹਨਾਂ ਦਾ ਕੁਟਾਪਾ ਵੀ ਕਰ ਦਿੰਦੇ। ਪਰ ਫਿਰ ਵੀ ਲੜਾਈ ਝਗੜਾ ਨਾ ਮੁਕਦਾ। ਮਾਂ ਜਦੋਂ ਇਹ ਗੱਲਾਂ ਦਸਦੀ ਤਾਂ ਉਸ ਦੇ ਮੱਥੇ ਵਿਚ ਤਿਉੜੀਆਂ ਉਭਰ ਆਉਂਦੀਆਂ। ਲੜਨ ਝਗੜਨ ਤੇ ਮਿਹਣੋ ਮਿਹਣੀ ਹੋਣ ਵਿਚ ਕੋਈ ਵੀ ਕਿਸੇ ਤੋਂ ਘੱਟ ਨਹੀਂ ਸੀ।
   ਘਰ ਦੇ ਇਹੋ ਜਿਹੇ ਮਾਹੌਲ ਵਿਚ ਮੇਰਾ ਜਨਮ ਹੋਇਆ ਸੀ। ਮਾਂ ਦੇ ਦੱਸਣ ਅਨੁਸਾਰ। ਮੇਰੀ ਛੋਟੀ ਚਾਚੀ ਦਾ ਪਹਿਲਾ ਜੁਆਕ ਹੋਣ ਕਰਕੇ ਉਹ ਵਿਅੰਮ ਕੱਟਣ ਲਈ ਆਪਣੇ ਪੇਕੇ ਪਿੰਡ, ਬੱਧਨੀ ਕਲਾਂ ਗਈ ਹੋਈ ਸੀ। ਉਸ ਸਮੇਂ ਮੈਂ ਵੀ ਆਪਣੀ ਮਾਂ ਦੇ ਪੇਟ ਵਿਚ ਸਾਂ। ਕੁਝ ਦਿਨਾਂ ਮਗਰੋਂ ਹੀ ਉਧਰੋਂ ਮੁੰਡਾ ਹੋਣ ਦੀ ਵਧਾਈ ਆ ਗਈ। ਨੈਣ ਨੂੰ ਲੈ ਕੇ ਛੋਟੀ ਤੋਂ ਵੱਡੀ ਚਾਚੀ ਘਰਾਂ ਵਿਚ ਵਧਾਈ ਦਾ ਗੁੜ ਵੰਡਣ ਗਈਆਂ ਹੋਈਆਂ ਸਨ ਕਿ ਪਿੱਛੋਂ ਚਾਚੀ ਦਾ ਭਰਾ ਉਸ ਨੂੰ ਲੈਣ ਆ ਗਿਆ। ਉਸ ਦੇ ਭਰਾ ਦਾ ਵਿਆਹ ਤਾਂ ਭਾਵੇਂ ਅਜੇ ਮਾਘ ਵਿਚ ਹੋਣਾ ਸੀ ਪਰ ਉਹ ਪੰਦਰਾਂ ਵੀਹ ਦਿਨ ਪਹਿਲਾਂ ਹੀ ਉਸ ਨੂੰ ਲੈਣ ਵਾਸਤੇ ਆ ਗਿਆ ਸੀ। ਮੇਰੀ ਮਾਂ ਨੇ ਕਲੇਸ਼ ਪਾ ਲਿਆ ਕਿ 'ਇਸ ਨੇ ਘਰ ਦੇ ਕੰਮ ਤੋਂ ਟਲਣ ਦੀ ਮਾਰੀ ਨੇ ਸੁਨੇਹਾ ਦੇ ਕੇ ਭਰਾ ਨੂੰ ਮੰਗਵਾਇਐ। ਇਹ ਵਿਆਹ ਤੋਂ ਇਕ ਮਹੀਨਾ ਪਹਿਲਾਂ ਕਿਉਂ ਜਾਂਦੀ ਐ, ਦਿਨ ਦੇ ਦਿਨ ਜਾਵੇ, ਮੈਥੋਂ ਕੱਲੀ ਤੋਂ ਏਸ ਹਾਲਤ ਵਿਚ ਘਰ ਦਾ ਸਾਰਾ ਕੰਮ ਨਹੀਂ ਹੋਣਾ।' ਪਰ ਉਸ ਦੀ ਕਿਸੇ ਨਾ ਸੁਣੀ ਤੇ ਅਗਲੇ ਦਿਨ ਉਹ ਆਪਣੇ ਭਰਾ ਦੇ ਨਾਲ ਪੇਕੀਂ ਚਲੀ ਗਈ। ਪਿੱਛੇ ਦੋਵੇਂ ਵਡੀਆਂ ਦਰਾਣੀ ਜਿਠਾਣੀ ਰਹਿ ਗਈਆਂ।
     ਮੇਰੇ ਬਾਪ ਨੇ ਮਾਂ ਨੂੰ ਸਮਝਾਇਆ, "ਕੁਝ ਚਿਰ ਲਈ ਭੂਆ ਨੂੰ ਮੰਗਵਾ ਲਵਾਂਗੇ ਤੇ ਆਟਾ ਖਰਾਸ ਤੋਂ ਪਿਸਵਾ ਲਿਆ ਕਰਾਂਗੇ ਫਿਰ ਪਿੱਛੇ ਕਿਹੜਾ ਕੰਮ ਰਹਿ ਜਾਊਗਾ"
    ਮੇਰੀ ਮਾਂ ਨੂੰ ਇਹ ਦਲੀਲ ਕੁਝ ਠੀਕ ਲੱਗੀ ਤੇ ਉਹ ਚੁੱਪ ਕਰ ਗਈ। ਮੇਰਾ ਦਾਦਾ ਭੂਆ ਨੂੰ ਲੈਣ ਵਾਸਤੇ ਉਸ ਦੇ ਸਹੁਰੀਂ ਚਲਾ ਗਿਆ ਪਰ ਦੋ ਦਿਨ ਵਾਪਸ ਨਾ ਮੁੜਿਆ। ਮੇਰੀ ਵੱਡੀ ਚਾਚੀ ਆਪਣੇ ਹਿੱਸੇ ਦਾ ਕੰਮ ਕਰਦੀ ਤੇ ਹੋਰ ਕਿਸੇ ਕੰਮ ਨੂੰ ਹੱਥ ਨਾ ਲਾਉਂਦੀ। ਮੇਰੀ ਮਾਂ ਨੂੰ ਚੱਕੀ ਪੀਹ ਕੇ ਰੋਟੀਆਂ ਵੀ ਪਕਾਉਣੀਆਂ ਪੈਂਦੀਆਂ ਅਤੇ ਖੇਤ ਰੋਟੀ ਵੀ ਲੈ ਕੇ ਜਾਣੀ ਪੈਂਦੀ। ਜਿਸ ਕਾਰਨ ਦੋਹਾ ਵਿਚ ਕਲੇਸ਼ ਰਹਿਣ ਲੱਗਾ। ਇਕ ਦਿਨ ਲੜਦੀਆਂ ਝਗੜਦੀਆਂ ਹੱਥੋ ਪਾਈ ਵੀ ਹੋ ਗਈਆਂ। ਉਸ ਸਮੇਂ ਮੇਰਾ ਬਾਪ ਵੀ ਖੇਤੋਂ ਆ ਗਿਆ। ਉਸ ਚਾਚੀ ਨੂੰ ਤਾਂ ਕੁਝ ਨਾ ਕਿਹਾ ਪਰ ਗੁੱਸੇ ਵਿਚ ਮੇਰੀ ਮਾਂ ਨੂੰ ਕੁੱਟ ਕੱਢਿਆ।
    ਉਸ ਰਾਤ ਮਾਂ ਆਪਣੇ ਦੋ ਬੱਚਿਆਂ ਨੂੰ ਆਪਣੇ ਨਾਲ ਸੁਆਈ, ਸਾਰੀ ਰਾਤ ਪਾਸੇ ਮਾਰਦੀ ਤੇ ਸੋਚਾਂ ਸੋਚਦੀ ਰਹੀ ਕਿ ਇਹ ਜੂੰਨ ਹੰਢਾਉਣ ਨਾਲੋਂ ਤਾਂ ਮਰ ਜਾਣਾ ਬਿਹਤਰ। ਮਰਨ ਦਾ ਸੋਚ ਕੇ ਉਸ ਨੂੰ ਆਪਣੇ ਜੁਆਕਾਂ ਦਾ ਧਿਆਨ ਆ ਜਾਂਦਾ ਕਿ ਮੇਰੇ ਮਗਰੋਂ ਇਹ ਰੁਲ਼ ਜਾਣਗੇ। ਪਰ ਫਿਰ ਜਦੋਂ ਉਸ ਨੂੰ ਆਪਣੀ ਨਿੱਤ ਦੀ ਦੁਰਦਸ਼ਾ ਅਤੇ ਅੱਜ ਜਿਹੜੀ ਦੁਰਗਤੀ ਹੋਈ ਸੀ ਦਾ ਧਿਆਨ ਆਉਂਦਾ ਤਾਂ ਉਹ ਸੋਚਦੀ ਕਿ ਮਰੇ ਬਿਨਾਂ ਇਸ ਜੂੰਨ ਤੋਂ ਛੁਟਕਾਰਾ ਨਹੀਂ ਹੋਣਾ। 'ਆਪ ਮਰੇ ਜਗ ਪਰਲੋ' ਅਤੇ ਉਸ ਨੇ ਆਪਣੇ ਮਨ ਨਾਲ ਮਰਨ ਦਾ ਪੱਕਾ ਫੈਸਲਾ ਕਰ ਲਿਆ।
    ਉਸ ਸਵੇਰੇ ਸਾਝਰੇ ਉਠ ਕੇ ਚੱਕੀ ਝੋ ਲਈ। ਫਿਰ ਸਦੇਹਾਂ ਹੀ ਆਟਾ ਗੁੰਨ੍ਹ ਕੇ ਰੋਟੀਆਂ ਪਕਾਈਆਂ। ਖੇਤ ਰੋਟੀਆਂ ਲੈ ਜਾਣ ਲਈ ਛੋਟਾ ਚਾਚਾ ਘਰ ਰਹਿ ਪਿਆ ਸੀ। ਖੇਤ ਨੂੰ ਰੋਟੀਆਂ ਤੋਰ ਕੇ ਆਪ ਵੀ ਖਾਧੀਆਂ ਤੇ ਚਾਰਾਂ ਬੱਚਿਆਂ ਨੂੰ ਦਹੀਂ ਨਾਲ ਖੁਆ ਦਿੱਤੀਆਂ। ਫਿਰ ਬਿਨਾਂ ਕਿਸੇ ਨੂੰ ਕੁਝ ਦੱਸਿਆਂ ਸਲਾਰੀ ਦੀ ਬੁੱਕਲ਼ ਮਾਰ ਕੇ ਘਰੋਂ ਨਿਕਲ ਗਈ।
   ਉਹ ਘਰੋਂ ਇਹ ਸੋਚ ਕੇ ਨਿਕਲੀ ਸੀ ਕਿ ਸਿੱਧੀ ਜਾ ਕੇ ਨਹਿਰ ਦੇ ਉੁਚੇ ਪੁਲ਼ ਤੋਂ ਛਾਲ ਮਾਰ ਦਿਆਂਗੀ ਤੇ ਸਭ ਸਿਆਪੇ ਮੁੱਕ ਜਾਣਗੇ। ਪਰ ਜਦੋਂ ਉਹ ਸਮਾਲਸਰ ਦੇ ਰਾਹ ਪਈ ਤਾਂ ਪਿੰਡੋਂ ਨਿਕਲਦਿਆਂ ਹੀ ਉਸ ਨੂੰ ਕੁਝ ਬੰਦੇ ਬੁੜ੍ਹੀਆਂ ਮਿਲ ਗਏ ਜਿਹੜੇ ਡਗਰੂ ਕਿਸੇ ਮਰਗ ਦੀ ਮਕਾਣ ਜਾ ਰਹੇ ਸਨ। ਉਥੋਂ ਮੇਰਾ ਨਾਨਕਾ ਪਿੰਡ ਸੱਦਾ ਸਿੰਘ ਵਾਲਾ ਇਕ ਕੋਹ ਦੂਰ ਸੀ। ਨਹਿਰ ਵਿਚ ਡੁੱਬ ਮਰਨ ਦੀ ਥਾਂ ਮਾਂ ਉਨ੍ਹਾਂ ਦੇ ਸਾਥ ਨਾਲ ਆਪਣੇ ਪੇਕੇ ਪਿੰਡ ਪਹੁੰਚ ਗਈ। ਜਦੋਂ ਮੇਰੀ ਮਾਂ ਇਹ ਗੱਲਾਂ ਦੱਸ ਰਹੀ ਸੀ ਤਾਂ ਮੈਂ ਪੁੱਛ ਲਿਆ, "ਬੇਬੇ, ਫੇਰ ਤੂੰ ਉੱਚੇ ਪੁਲ਼ ਤੋਂ ਨਹਿਰ ਵਿਚ ਛਾਲ ਕਿਉਂ ਨਾ ਮਾਰੀ?" ਤਾਂ ਉਹ ਹੱਸ ਕੇ ਕਹਿੰਦੀ, "ਵੇਅਖਾਂ! 'ਅੰਨ੍ਹਾ ਜਲਾਹਾ ਮਾਂ ਨਾਲ ਮਸ਼ਕਰੀਆਂ' ਜੇ ਮੈਂ ਛਾਲ ਮਾਰ ਦਿੰਦੀ ਤਾਂ ਤੂੰ ਇਹ ਜਗ ਕਿਵੇਂ ਦੇਖਦਾ"
   ਮਾਂ ਦੇ ਦੱਸਣ ਅਨੁਸਾਰ, ਜਦੋਂ ਉਹ ਹਨੇਰੇ ਹੋਏ ਆਪਣੇ ਪੇਕੇ ਘਰ ਪਹੁੰਚੀ ਤਾਂ ਅੱਗੋਂ ਮੇਰੀ ਨਾਨੀ ਉਸ ਨੂੰ ਝਈ ਲੈ ਕੇ ਪਈ, "ਤੂੰ ਏਸ ਹਾਲਤ ਵਿਚ ਘਰੋਂ ਪੈਰ ਕਿਉਂ ਪੱਟਿਆ? ਤੇਰੇ ਵਰਗੀਆਂ ਪੰਜ ਹੋਰ ਐ, ਜੇ ਉਹ ਸਾਰੀਆਂ ਤੇਰੇ ਵਾਂਗ ਲੜ ਕੇ ਇੱਥੇ ਆ ਬੈਠਣ ਤਾਂ ਮੈਂ ਸਿਰੋਂ ਨੰਗੀ ਤੀਵੀਂ ਕਿਵੇਂ ਥੋਨੂੰ ਸੰਭਾਲੂੰਗੀ? ਥੋਡਾ 'ਕੱਲਾ ਭਰਾ ਅਜੇ ਕਬੀਲਦਾਰੀ ਸਾਂਭਣ ਜੋਗਾ ਨਈਂ ਹੋਇਆ।" ਮਾਂ ਅੱਗੋਂ ਕੁਝ ਨਾ ਬੋਲੀ ਤੇ ਬੈਠੀ ਰੋਂਦੀ ਰਹੀ।
   ਉਧਰ ਆਥਣ ਨੂੰ ਜਦੋਂ ਮੇਰਾ ਬਾਪ ਖੇਤੋਂ ਘਰ ਆਇਆ ਤਾਂ ਉਸ ਦੇਖਿਆ ਕਿ ਮੇਰੀ ਚਾਚੀ ਰੋਟੀਆਂ ਪਕਾ ਰਹੀ ਸੀ ਤੇ ਮੇਰੀ ਭੈਣ ਤਿੰਨਾਂ ਬੱਚਿਆਂ ਨੂੰ ਰੋਟੀ ਖੁਆ ਰਹੀ ਸੀ। ਮੇਰਾ ਦਾਦਾ ਭੂਆ ਨੂੰ ਲੈ ਕੇ ਅਜੇ ਤਾਈਂ ਨਹੀਂ ਸੀ ਮੁੜਿਆ। ਮੇਰੇ ਬਾਪ ਨੇ ਚੁਰ੍ਹ ਉਤੇ ਰੱਖੀ ਬਲਟੋਹੀ ਵਿਚੋਂ ਗਰਮ ਪਾਣੀ ਲੈ ਕੇ ਮੂੰਹ ਹੱਥ ਧੋਤਾ ਤੇ ਇਧਰ ਉਧਰ ਨਜ਼ਰ ਘਮਾਉਂਦੇ ਨੇ ਮੇਰੀ ਭੈਣ ਕੋਲੋਂ ਪੁੱਛਿਆ, "ਕੁੜੀਏ, ਤੇਰੀ ਬੇਬੇ ਨਈ ਦਿਸਦੀ, ਉਹ ਉਧਰ ਪਸ਼ੂਆਂ ਵਾਲੇ ਘਰ ਵੀ ਨਹੀਂ ਸੀ?"
"ਉਹ ਤਾਂ ਸਵੇਰ ਦੀ ਕਿਤੇ ਗਈ ਅਜੇ ਤਾਈਂ ਨਈ ਮੁੜੀ।" ਤੇ ਮੇਰੀ ਭੈਣ ਦਾ ਨਾਲ ਹੀ ਰੋਣ ਨਿਕਲ ਗਿਆ।
"ਉਹ ਸੱਦੇ ਆਲੇ ਚਲੀ ਗਈ ਹੋਊਗੀ, ਹੋਰ ਓਸ ਨੇ ਕਿੱਥੇ ਜਾਣੈ। ਆਪੇ ਧੱਕੇ ਖਾ ਕੇ ਚਹੁੰ ਦਿਨਾਂ ਨੂੰ ਮੁੜ ਆਊਗੀ" ਮੇਰੇ ਬਾਪ ਨੇ ਲਾਪਰਵਾਹੀ ਨਾਲ ਕਿਹਾ।
"ਉਹ ਤਾਂ ਕੱਲ੍ਹ ਚਾਚੀ ਨਾਲ ਲੜਦੀ ਕਹਿੰਦੀ ਸੀ 'ਮੈਂ ਖੂਹ 'ਚ ਛਾਲ ਮਾਰ ਕੇ ਮਰ ਜਾਣੈ ਜਾਂ ਨਹਿਰ ਵਿਚ ਡੁੱਬ ਮਰਨੈ। ਬਸ ਮੈਂ ਤੇਰੇ ਸਿਰ ਚੜ੍ਹ ਕੇ ਮਰਨੈ' ਭੈਣ ਨੇ ਰੋਂਦਿਆਂ ਕਿਹਾ।
"ਕੋਈ ਨ੍ਹੀ ਉਹ ਮਰਨ ਲੱਗੀ। ਤੂੰ ਲਿਆ ਮੈਨੂੰ ਰੋਟੀ ਫੜਾ"
   ਇੰਨੇ ਨੂੰ ਮੇਰੇ ਦੂਜੇ ਚਾਚੇ ਵੀ ਘਰ ਆ ਗਏ ਤੇ ਮੇਰੀ ਅੱਠ ਕੁ ਸਾਲ ਦੀ ਭੈਣ ਨੇ ਵਾਰੀ ਵਾਰੀ ਸਾਰਿਆਂ ਨੂੰ ਰੋਟੀ ਖਵਾ ਦਿੱਤੀ।
   ਅਗਲੇ ਦਿਨ ਦਾਦਾ ਭੂਆ ਨੂੰ ਲੈ ਕੇ ਆ ਗਿਆ। ਭੂਆ ਨੇ ਘਰ ਦੀ ਹਾਲਤ ਦੇਖੀ ਤਾਂ ਮੱਥੇ 'ਤੇ ਹੱਥ ਮਾਰ ਕੇ ਬੈਠ ਗਈ। ਜਦੋਂ ਉਸ ਨੇ ਸੁਣਿਆ ਕਿ ਮਾਂ ਰੁੱਸ ਕੇ ਘਰੋਂ ਚਲੀ ਗਈ ਹੈ ਤਾਂ ਉਹ ਮੇਰੇ ਬਾਪ ਨਾਲ ਬਹੁਤ ਗੁੱਸੇ ਹੋਈ ਕਿ ਉਹ ਉਸ ਨੂੰ ਕੱਲ੍ਹ ਹੀ ਲੈਣ ਕਿਉਂ ਨਹੀਂ ਚਲਿਆ ਗਿਆ। ਉਹ ਤਾਂ ਉਸ ਨੂੰ ਉਸੇ ਵੇਲ਼ੇ ਸੱਦਾ ਸਿੰਘ ਵਾਲੇ ਜਾਣ ਲਈ ਕਹਿ ਰਹੀ ਸੀ ਪਰ ਸਰਦੀ ਦਾ ਮੌਸਮ ਹੋਣ ਕਰਕੇ ਮੇਰਾ ਬਾਪ ਅਗਲੇ ਦਿਨ ਜਾਣ ਲਈ ਤਿਆਰ ਹੋ ਗਿਆ।
   ਸਵੇਰੇ ਉਠਣ ਸਾਰ ਉਸ ਰੋਟੀ ਖਾ ਕੇ ਬੋਤੀ ਉਪਰ ਕਾਠੀ ਪਾਈ ਤੇ ਮੇਰੀ ਮਾਂ ਨੂੰ ਲੈਣ ਤੁਰ ਗਿਆ। ਤੁਰੇ ਜਾਂਦੇ ਨੂੰ ਭੂਆ ਨੇ ਤਾਕੀਦ ਕੀਤੀ, "ਮੁੰਡਿਆ, ਵਹੁਟੀ ਨੂੰ ਲੈ ਕੇ ਮੁੜੀਂ ਐਵੇਂ ਨਾ ਉਥੋਂ ਗੇੜਾ ਕੱਢ ਕੇ ਆ ਜਾਈਂ"
   ਜਦੋਂ ਉਹ ਆਪਣੇ ਸਹੁਰੇ ਘਰ ਅੱਗੇ ਜਾ ਕੇ ਬੋਤੀ ਤੋਂ ਉਤਰਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਬੂਹੇ ਅੱਗੇ ਸਰੀਂਹ ਬੱਝਾ ਹੋਇਆ ਸੀ।
   ਹੋਇਆ ਇਹ ਸੀ ਕਿ ਜਦੋਂ ਮੇਰੀ ਮਾਂ ਥੱਕੀ ਟੁੱਟੀ ਆਪਣੇ ਪੇਕੇ ਘਰ ਪਹੁੰਚੀ ਤਾਂ ਉਸ ਦਾ ਉਸ ਸਮੇਂ ਹੀ ਬੁਰਾ ਹਾਲ ਸੀ। ਅੱਗੋਂ ਉਸ ਦੀ ਮਾਂ ਵੀ ਉਸ ਨੂੰ ਖਿੜੇ ਮੱਥੇ ਨਹੀਂ ਸੀ ਮਿਲੀ। ਹੁਣ ਪਿੱਛੇ ਬੱਚਿਆਂ ਦਾ ਫਿਕਰ ਵੀ ਉਸ ਨੂੰ ਵੱਢ ਵੱਢ ਖਾਣ ਲੱਗਾ ਸੀ। ਅਜੇਹੀ ਹਾਲਤ ਵਿਚ ਅੱਧੀ ਰਾਤੀਂ ਹੀ ਉਸ ਦੇ ਪੀੜਾਂ ਉਠ ਪਈਆਂ ਤੇ ਸਵੇਰ ਨੂੰ ਸਿਆਣੀ ਦਾਈ ਦੀਆਂ ਕੋਸ਼ਸ਼ਾਂ ਨੇ ਸੱਤ ਮਹੀਨਿਆਂ ਮਗਰੋਂ ਹੀ ਮੈਨੂੰ ਇਹ ਸੰਸਾਰ ਦਿਖਾ ਦਿੱਤਾ। ਮੇਰੀ ਨਾਨੀ ਨੇ ਮੇਰੇ ਜਨਮ ਦਾ ਸੁਨੇਹਾ ਨਾਈ ਹੱਥ ਪਿੰਡ ਘੱਲ ਦਿੱਤਾ ਸੀ ਪਰ ਉਹ ਅਜੇ ਪਿੰਡ ਨਹੀਂ ਸੀ ਪਹੁੰਚਿਆ ਕਿ ਮੇਰਾ ਬਾਪ ਇਧਰ ਨੂੰ ਆ ਗਿਆ ਸੀ।
   ਮੇਰੇ ਬਾਪ ਦੇ ਉਥੇ ਬੈਠਿਆਂ ਹੀ ਚੌਕੀਦਾਰ ਆਪਣੇ ਕਾਗਜ਼ਾਂ ਵਿਚ ਮੇਰਾ ਨਾਮ ਦਰਜ ਕਰਵਾਉਣ ਤੇ ਵਧਾਈ ਦੇਣ ਆ ਗਿਆ। ਉਸ ਨੇ ਮੇਰੇ ਬਾਪ ਬੈਠਿਆਂ ਦੇਖ ਕੇ ਪੁੱਛ ਲਿਆ, "ਰਤਨ ਕੁਰੇ, ਸੁੱਖ ਨਾਲ  ਪਰਾਹੁਣੇ ਨੂੰ ਸੁਨੇਹਾ ਘਲ ਕੇ ਮੰਗਵਾਇਐ?"
"ਕਾਹਨੂੰ ਭਾਈ, ਇਹ ਤਾਂ ਪਰਤਾਪੀ ਨੂੰ ਲੈਣ ਵਾਸਤੇ ਆਇਆ ਸੀ। ਇਹਨੂੰ ਨਹੀਂ ਸੀ ਪਤਾ ਜੁਆਕ ਹੋਣ ਦਾ" ਮੇਰੀ ਨਾਨੀ ਨੇ ਦੱਸਿਆ ਪਰ ਚੌਕੀਦਾਰ ਨੇ ਸਮਝਿਆ ਕਿ ਕਿਤੇ ਉਹ ਸਾਨੂੰ ਲੈ ਜਾਣ ਵਾਸਤੇ ਆਇਆ ਹੈ। ਉਸ ਨੇ ਮੱਤ ਦੇਣ ਵਾਲਿਆਂ ਵਾਂਗ ਕਿਹਾ, "ਨਾ ਭਾਈ ਗਭਰੂਆ, ਵੇਖੀਂ ਕਿਤੇ ਇਹ ਕਮਅਕਲੀ ਨਾ ਕਰ ਬੈਠੀਂ। ਏਹੋ ਜੇਹੀ ਠੰਢ ਵਿਚ ਸਾਏ ਬੱਚੇ ਨੂੰ ਲੈ ਕੇ ਤੁਰਨਾ ਠੀਕ ਨਹੀਂ।" ਪਰ ਮੇਰੇ ਬਾਪ ਨੇ ਉਸ ਦੀ ਗੱਲ ਦਾ ਕੋਈ ਹੁੰਗਾਰਾ ਨਾ ਭਰਿਆ ਤੇ ਚੁੱਪ ਕਰਕੇ ਬੈਠਾ ਰਿਹਾ। ਮੇਰੀ ਨਾਨੀ ਨੇ ਛੱਜ ਭਰ ਕੇ ਚੌਕੀਦਾਰ ਦੀ ਝੋਲੀ ਵਿਚ ਕਣਕ ਪਾ ਦਿੱਤੀ ਤੇ ਉਹ ਨਾਨੀ ਨੂੰ ਅਸੀਸਾਂ ਦਿੰਦਾ ਹੋਇਆ ਵਾਪਸ ਮੁੜ ਗਿਆ। ਉਸ ਨੇ ਮੇਰੇ ਜਨਮ ਦੇ ਬਾਰੇ ਕੋਈ ਵੇਰਵਾ ਨਾ ਪੁੱਛਿਆ।
  ਮੇਰਾ ਬਾਪ ਇਸ ਹਾਲਤ ਵਿਚ ਤਾਂ ਸਾਨੂੰ ਪਿੰਡ ਲਿਜਾ ਨਹੀਂ ਸੀ ਸਕਦਾ ਤੇ ਉਹ ਬਿਨਾਂ ਕੁਝ ਕਹੇ ਵਾਪਸ ਮੁੜ ਗਿਆ ਪਰ ਤਿੰਨ ਕੁ ਹਫਤੇ ਮਗਰੋਂ ਮੈਂ ਆਪਣੀ ਮਾਂ ਦੇ ਪੱਟਾਂ ਵਿਚ ਪਿਆ, ਬੋਤੀ ਦੀ ਸਵਾਰੀ ਕਰਕੇ ਆਪਣੇ ਪਿੰਡ ਆ ਗਿਆ।
   ਹੁਣ ਮੈਂ ਸੋਚਦਾ ਹਾਂ ਕਿ ਮੇਰੇ ਜਨਮ ਦਾ ਇੰਦਰਾਜ ਸੱਦਾ ਸਿੰਘ ਵਾਲੇ ਚੌਕੀਦਾਰ ਨੇ ਕਰਵਾਇਆ ਹੀ ਨਹੀਂ ਹੋਣਾ। ਤੇ ਸੇਖਾ ਕਲਾਂ ਦੇ ਚੌਕੀਦਾਰ ਨੇ ਇਸ ਕਰਕੇ ਇੰਦਰਾਜ ਨਹੀਂ ਕੀਤਾ ਹੋਣਾ ਕਿ ਇਸ ਮੁੰਡੇ ਦਾ ਜਨਮ ਤਾਂ ਸੱਦਾ ਸਿੰਘ ਵਾਲੇ ਹੋਇਆ ਹੈ ਫਿਰ ਇਸ ਦੇ ਜਨਮ ਦਾ ਇੰਰਾਜ ਇੱਥੇ ਕਿਉਂ ਕੀਤਾ ਜਾਵੇ! ਇਹ ਵੀ ਹੋ ਸਕਦਾ ਹੈ ਕਿ ਜਨਮ ਮਰਨ ਦਾ ਲੇਖਾ ਰੱਖਣ ਵਾਲੇ ਕਲਰਕਾਂ ਨੇ ਰਜਿਸਟਰ ਹੀ ਨਾ ਫਰੋਲ਼ੇ ਹੋਣ ਤੇ ਸਫਾਰਸ਼ ਹੋਣ ਕਰਕੇ 'ਜਨਮ ਤ੍ਰੀਕ ਨਹੀਂ ਮਿਲੀ' ਦਾ ਸਰਟੀਫੀਕੇਟ ਉਂਝ ਹੀ ਦੇ ਦਿੱਤਾ ਹੋਵੇ। ਕੁਝ ਹੀ ਹੋਵੇ ਹੁਣ ਤਾਂ ਮੇਰਾ ਜਨਮ ਸਥਾਨ ਸੇਖਾ ਕਲਾਂ ਅਤੇ ਦਸਵੀਂ ਦੇ ਸਰਟੀਫੀਕੇਟ ਅਨੁਸਾਰ ਜਨਮ ਤ੍ਰੀਕ ਪਹਿਲੀ ਅਗਸਤ 1934 ਪੱਕੀ ਹੋ ਗਈ ਹੈ।
------------------------------------------------